Skip to content

Skip to table of contents

ਸਮੇਂ ਦੇ ਪਾਬੰਦ ਕਿਉਂ ਹੋਈਏ?

ਸਮੇਂ ਦੇ ਪਾਬੰਦ ਕਿਉਂ ਹੋਈਏ?

ਸਮੇਂ ਦੇ ਪਾਬੰਦ ਕਿਉਂ ਹੋਈਏ?

ਸਮੇਂ ਦੇ ਪਾਬੰਦ ਹੋਣਾ ਹਮੇਸ਼ਾ ਸੌਖਾ ਨਹੀਂ ਹੁੰਦਾ। ਸਾਨੂੰ ਕਈ ਚੁਣੌਤੀਆਂ ਆਉਂਦੀਆਂ ਹਨ ਜਿਵੇਂ ਕਿ ਦੂਰ ਦਾ ਸਫ਼ਰ ਕਰਨਾ, ਜ਼ਿਆਦਾ ਟ੍ਰੈਫਿਕ ਹੋਣਾ ਜਾਂ ਸਾਡੇ ਕੋਲ ਕਈ ਕੰਮ ਕਰਨ ਵਾਲੇ ਹੁੰਦੇ ਹਨ। ਪਰ ਫਿਰ ਵੀ ਸਮੇਂ ਦੇ ਪਾਬੰਦ ਹੋਣਾ ਜ਼ਰੂਰੀ ਹੈ। ਮਿਸਾਲ ਲਈ, ਸਮੇਂ ਦੇ ਪਾਬੰਦ ਬੰਦੇ ਨੂੰ ਕੰਮ ਦੀ ਥਾਂ ਤੇ ਭਰੋਸੇਯੋਗ ਅਤੇ ਮਿਹਨਤੀ ਮੰਨਿਆ ਜਾਂਦਾ ਹੈ। ਦੂਜੇ ਪਾਸੇ, ਦੇਰ ਨਾਲ ਆਉਣ ਵਾਲੇ ਵਿਅਕਤੀ ਦਾ ਦੂਸਰਿਆਂ ਦੇ ਕੰਮ, ਚੀਜ਼ਾਂ ਦੀ ਕੁਆਲਿਟੀ ਅਤੇ ਸੇਵਾਵਾਂ ਉੱਤੇ ਮਾੜਾ ਅਸਰ ਪੈਂਦਾ ਹੈ। ਲੇਟ ਆਉਣ ਵਾਲਾ ਵਿਦਿਆਰਥੀ ਆਪਣੀਆਂ ਕੁਝ ਕਲਾਸਾਂ ਤੋਂ ਖੁੰਝ ਸਕਦਾ ਹੈ ਤੇ ਪੜ੍ਹਾਈ ਵਿਚ ਕਮਜ਼ੋਰ ਹੋ ਸਕਦਾ ਹੈ। ਜੇ ਅਸੀਂ ਹਸਪਤਾਲ ਜਾਂ ਦੰਦਾਂ ਦੇ ਡਾਕਟਰ ਕੋਲ ਉਸ ਸਮੇਂ ਨਹੀਂ ਜਾਂਦੇ ਜਿਸ ਸਮੇਂ ਸਾਨੂੰ ਬੁਲਾਇਆ ਗਿਆ ਹੈ, ਤਾਂ ਸ਼ਾਇਦ ਸਾਡਾ ਇਲਾਜ ਚੰਗੀ ਤਰ੍ਹਾਂ ਨਾ ਕੀਤਾ ਜਾਵੇ।

ਪਰ ਕੁਝ ਦੇਸ਼ਾਂ ਵਿਚ ਸਮੇਂ ਦੇ ਪਾਬੰਦ ਹੋਣਾ ਜ਼ਰੂਰੀ ਨਹੀਂ ਸਮਝਿਆ ਜਾਂਦਾ। ਅਜਿਹੇ ਮਾਹੌਲ ਵਿਚ ਲੇਟ ਹੋਣਾ ਸਾਡੀ ਆਦਤ ਬਣ ਸਕਦੀ ਹੈ। ਜੇ ਸਾਡੀ ਇਹ ਆਦਤ ਬਣ ਚੁੱਕੀ ਹੈ, ਤਾਂ ਬਹੁਤ ਜ਼ਰੂਰੀ ਹੈ ਕਿ ਅਸੀਂ ਸਮੇਂ ਦੇ ਪਾਬੰਦ ਹੋਣ ਦੀ ਇੱਛਾ ਪੈਦਾ ਕਰੀਏ। ਅਸੀਂ ਤਾਂ ਹੀ ਸਮੇਂ ਦੇ ਪਾਬੰਦ ਹੋਵਾਂਗੇ ਜੇ ਅਸੀਂ ਇਸ ਦੀ ਅਹਿਮੀਅਤ ਨੂੰ ਸਮਝਾਂਗੇ। ਸਮੇਂ ਦੇ ਪਾਬੰਦ ਹੋਣ ਦੇ ਕਿਹੜੇ ਕੁਝ ਕਾਰਨ ਹਨ? ਅਸੀਂ ਕਿੱਦਾਂ ਸਮੇਂ ਦੇ ਪਾਬੰਦ ਬਣ ਸਕਦੇ ਹਾਂ? ਇਸ ਤੋਂ ਇਲਾਵਾ, ਸਮੇਂ ਸਿਰ ਪਹੁੰਚਣ ਦੇ ਕੀ ਲਾਭ ਹੋ ਸਕਦੇ ਹਨ?

ਯਹੋਵਾਹ ਪਰਮੇਸ਼ੁਰ ਸਮੇਂ ਦਾ ਪਾਬੰਦ ਹੈ

ਸਮੇਂ ਦੇ ਪਾਬੰਦ ਹੋਣ ਦਾ ਮੁੱਖ ਕਾਰਨ ਹੈ ਕਿ ਅਸੀਂ ਆਪਣੇ ਪਰਮੇਸ਼ੁਰ ਦੀ ਰੀਸ ਕਰਨੀ ਚਾਹੁੰਦੇ ਹਾਂ। (ਅਫ਼. 5:1) ਇਸ ਮਾਮਲੇ ਵਿਚ ਯਹੋਵਾਹ ਸਭ ਤੋਂ ਵਧੀਆ ਮਿਸਾਲ ਹੈ। ਉਹ ਕਦੇ ਵੀ ਕਿਸੇ ਕੰਮ ਵਿਚ ਦੇਰੀ ਨਹੀਂ ਕਰਦਾ। ਉਹ ਆਪਣੇ ਨਿਸ਼ਚਿਤ ਕੀਤੇ ਸਮੇਂ ਉੱਤੇ ਆਪਣੇ ਮਕਸਦ ਪੂਰੇ ਕਰਦਾ ਹੈ। ਮਿਸਾਲ ਲਈ, ਜਦੋਂ ਯਹੋਵਾਹ ਨੇ ਦੁਸ਼ਟ ਸੰਸਾਰ ਨੂੰ ਜਲ-ਪਰਲੋ ਨਾਲ ਤਬਾਹ ਕਰਨ ਦਾ ਫ਼ੈਸਲਾ ਕੀਤਾ, ਤਾਂ ਉਸ ਨੇ ਨੂਹ ਨੂੰ ਕਿਹਾ: “ਤੂੰ ਆਪਣੇ ਲਈ ਇੱਕ ਕਿਸ਼ਤੀ ਗੋਫਰ ਦੀ ਲੱਕੜੀ ਤੋਂ ਬਣਾ।” ਜਿਉਂ ਹੀ ਤਬਾਹੀ ਦਾ ਸਮਾਂ ਨੇੜੇ ਆਇਆ, ਯਹੋਵਾਹ ਨੇ ਨੂਹ ਨੂੰ ਕਿਸ਼ਤੀ ਵਿਚ ਜਾਣ ਲਈ ਕਿਹਾ ਅਤੇ ਉਸ ਨੂੰ ਦੱਸਿਆ: “ਸੱਤ ਦਿਨ ਅਜੇ ਬਾਕੀ ਹਨ ਤਾਂ ਮੈਂ ਧਰਤੀ ਉੱਤੇ ਚਾਲੀ ਦਿਨ ਅਰ ਚਾਲੀ ਰਾਤ ਮੀਂਹ ਵਰ੍ਹਾਉਣ ਵਾਲਾ ਹਾਂ ਅਤੇ ਮੈਂ ਸਰਬੱਤ ਜਾਨਾਂ ਨੂੰ ਜੋ ਮੈਂ ਬਣਾਈਆਂ ਹਨ ਜ਼ਮੀਨ ਦੇ ਉੱਤੋਂ ਮੇਟ ਦਿਆਂਗਾ।” ਫਿਰ ਐਨ ਸਹੀ ਸਮੇਂ ਤੇ ਯਾਨੀ “ਸੱਤਾਂ ਦਿਨਾਂ ਦੇ ਪਿੱਛੋਂ ਪਰਲੋ ਦੇ ਪਾਣੀ ਧਰਤੀ ਉੱਤੇ ਆਏ।” (ਉਤ. 6:14; 7:4, 10) ਜ਼ਰਾ ਕਲਪਨਾ ਕਰੋ ਕਿ ਨੂਹ ਤੇ ਉਸ ਦੇ ਪਰਿਵਾਰ ਨਾਲ ਕੀ ਹੁੰਦਾ ਜੇ ਉਹ ਸਮੇਂ ਸਿਰ ਕਿਸ਼ਤੀ ਦੇ ਅੰਦਰ ਨਾ ਜਾਂਦੇ। ਆਪਣੇ ਪਰਮੇਸ਼ੁਰ ਦੀ ਤਰ੍ਹਾਂ ਉਨ੍ਹਾਂ ਨੂੰ ਵੀ ਸਮੇਂ ਦੇ ਪਾਬੰਦ ਹੋਣ ਦੀ ਲੋੜ ਸੀ।

ਜਲ-ਪਰਲੋ ਤੋਂ ਕੁਝ 450 ਸਾਲਾਂ ਬਾਅਦ, ਯਹੋਵਾਹ ਨੇ ਕੁੱਲ-ਪਿਤਾ ਅਬਰਾਹਾਮ ਨੂੰ ਦੱਸਿਆ ਕਿ ਉਸ ਦੀ ਪਤਨੀ ਇਕ ਪੁੱਤਰ ਜਣੇਗੀ ਜਿਸ ਦੇ ਰਾਹੀਂ ਵਾਅਦਾ ਕੀਤੀ ਹੋਈ ਸੰਤਾਨ ਪੈਦਾ ਹੋਵੇਗੀ। (ਉਤ. 17:15-17) ਪਰਮੇਸ਼ੁਰ ਨੇ ਕਿਹਾ ਕਿ ਇਸਹਾਕ “ਏਸੇ ਰੁੱਤੇ ਆਉਂਦੇ ਵਰਹੇ” ਪੈਦਾ ਹੋਵੇਗਾ। ਕੀ ਇਵੇਂ ਹੋਇਆ? ਬਾਈਬਲ ਸਾਨੂੰ ਦੱਸਦੀ ਹੈ: “ਸਾਰਾਹ ਗਰਭਵੰਤੀ ਹੋਈ ਅਰ ਅਬਰਾਹਾਮ ਲਈ ਉਹ ਦੇ ਬੁਢੇਪੇ ਵਿੱਚ ਉਸੇ ਰੁਤੇ ਜੋ ਪਰਮੇਸ਼ੁਰ ਨੇ ਉਹ ਨੂੰ ਦੱਸੀ ਸੀ ਪੁੱਤ੍ਰ ਜਣੀ।”—ਉਤ. 17:21; 21:2.

ਬਾਈਬਲ ਵਿਚ ਕਈ ਮਿਸਾਲਾਂ ਦਿਖਾਉਂਦੀਆਂ ਹਨ ਕਿ ਪਰਮੇਸ਼ੁਰ ਸਮੇਂ ਦਾ ਕਿੰਨਾ ਪਾਬੰਦ ਹੈ। (ਯਿਰ. 25:11-13; ਦਾਨੀ. 4:20-25; 9:25) ਬਾਈਬਲ ਸਾਨੂੰ ਤਾਕੀਦ ਕਰਦੀ ਹੈ ਕਿ ਅਸੀਂ ਯਹੋਵਾਹ ਦੇ ਆਉਣ ਵਾਲੇ ਨਿਆਂ ਦੇ ਦਿਨ ਦੀ ਉਡੀਕ ਕਰਦੇ ਰਹੀਏ। ਸ਼ਾਇਦ ਸਾਨੂੰ ਲੱਗੇ ਕਿ ਉਹ ਦਿਨ “ਠਹਿਰਿਆ” ਹੋਇਆ ਯਾਨੀ ਦੂਰ ਹੈ, ਪਰ ਸਾਨੂੰ ਭਰੋਸਾ ਦਿਵਾਇਆ ਜਾਂਦਾ ਹੈ ਕਿ ਉਹ “ਚਿਰ ਨਾ ਲਾਵੇਗਾ।”—ਹਬ. 2:3.

ਭਗਤੀ ਵਿਚ ਸਮੇਂ ਦੇ ਪਾਬੰਦ ਹੋਣਾ ਲਾਜ਼ਮੀ ਹੈ

ਇਸਰਾਏਲ ਦੇ ਸਾਰੇ ਮਨੁੱਖਾਂ ਨੂੰ ਹੁਕਮ ਸੀ ਕਿ ਉਹ “ਯਹੋਵਾਹ ਦੇ ਪਰਬ” ਮਨਾਉਣ ਵਾਲੀ ਥਾਂ ’ਤੇ ਸਮੇਂ ਸਿਰ ਹਾਜ਼ਰ ਹੋਣ। (ਲੇਵੀ. 23:2, 4) ਪਰਮੇਸ਼ੁਰ ਨੇ ਕੁਝ ਚੜ੍ਹਾਵੇ ਚੜ੍ਹਾਏ ਜਾਣ ਦਾ ਸਮਾਂ ਵੀ ਨਿਸ਼ਚਿਤ ਕੀਤਾ ਹੋਇਆ ਸੀ। (ਕੂਚ 29:38, 39; ਲੇਵੀ. 23:37, 38) ਕੀ ਇਸ ਤੋਂ ਇਹ ਨਹੀਂ ਪਤਾ ਲੱਗਦਾ ਕਿ ਪਰਮੇਸ਼ੁਰ ਚਾਹੁੰਦਾ ਹੈ ਕਿ ਉਸ ਦੇ ਸੇਵਕ ਭਗਤੀ ਦੇ ਮਾਮਲੇ ਵਿਚ ਸਮੇਂ ਦੇ ਪਾਬੰਦ ਹੋਣ?

ਪਹਿਲੀ ਸਦੀ ਵਿਚ ਜਦੋਂ ਪੌਲੁਸ ਨੇ ਕੁਰਿੰਥੁਸ ਦੇ ਭਰਾਵਾਂ ਨੂੰ ਹਿਦਾਇਤਾਂ ਦਿੱਤੀਆਂ ਸਨ ਕਿ ਮਸੀਹੀ ਸਭਾਵਾਂ ਕਿਵੇਂ ਚਲਾਈਆਂ ਜਾਣੀਆਂ ਚਾਹੀਦੀਆਂ ਸਨ, ਤਾਂ ਉਸ ਨੇ ਉਨ੍ਹਾਂ ਨੂੰ ਕਿਹਾ ਸੀ ਕਿ “ਸਾਰੀਆਂ ਗੱਲਾਂ ਢਬ ਸਿਰ ਅਤੇ ਜੁਗਤੀ ਨਾਲ ਹੋਣ।” (1 ਕੁਰਿੰ. 14:40) ਇਸ ਦੇ ਅਨੁਸਾਰ ਮਸੀਹੀ ਸਭਾਵਾਂ ਨਿਸ਼ਚਿਤ ਸਮੇਂ ਤੇ ਸ਼ੁਰੂ ਹੋਣੀਆਂ ਸਨ। ਸਮੇਂ ਦੀ ਪਾਬੰਦੀ ਬਾਰੇ ਯਹੋਵਾਹ ਦਾ ਨਜ਼ਰੀਆ ਬਦਲਿਆ ਨਹੀਂ ਹੈ। (ਮਲਾ. 3:6) ਤਾਂ ਫਿਰ ਅਸੀਂ ਆਪਣੀਆਂ ਮਸੀਹੀ ਸਭਾਵਾਂ ਸੰਬੰਧੀ ਸਮੇਂ ਦੇ ਪਾਬੰਦ ਹੋਣ ਲਈ ਕੀ ਕਰ ਸਕਦੇ ਹਾਂ?

ਸਮੇਂ ਦੇ ਪਾਬੰਦ ਕਿੱਦਾਂ ਬਣੀਏ?

ਕਈਆਂ ਨੇ ਦੇਖਿਆ ਹੈ ਕਿ ਪਹਿਲਾਂ ਹੀ ਯੋਜਨਾ ਬਣਾਉਣੀ ਕਿੰਨੀ ਲਾਭਦਾਇਕ ਸਾਬਤ ਹੁੰਦੀ ਹੈ। (ਕਹਾ. 21:5) ਮਿਸਾਲ ਲਈ, ਜੇ ਅਸੀਂ ਕਿਸੇ ਨਿਸ਼ਚਿਤ ਸਮੇਂ ਤੇ ਦੂਰ ਕਿਸੇ ਥਾਂ ਪਹੁੰਚਣਾ ਹੈ, ਤਾਂ ਕੀ ਇਹ ਅਕਲਮੰਦੀ ਦੀ ਗੱਲ ਹੋਵੇਗੀ ਕਿ ਅਸੀਂ ਉੱਨਾ ਕੁ ਸਮਾਂ ਪਹਿਲਾਂ ਘਰੋਂ ਤੁਰੀਏ ਜਿੰਨਾ ਕੁ ਸਮਾਂ ਉੱਥੇ ਪਹੁੰਚਣ ਵਿਚ ਲੱਗੇਗਾ? ਕੀ ਕੁਝ ਹੋਰ ਮਿੰਟ ਪਹਿਲਾਂ ਘਰੋਂ ਨਿਕਲਣਾ ਚੰਗਾ ਨਹੀਂ ਹੋਵੇਗਾ ਤਾਂਕਿ ਅਸੀਂ ਲੇਟ ਨਾ ਹੋਈਏ ਕਿਉਂਕਿ ਰਾਹ ਵਿਚ ਕੁਝ ਵੀ ਹੋ ਸਕਦਾ ਹੈ? ਬਾਈਬਲ ਕਹਿੰਦੀ ਹੈ ਕਿ “ਹਰ ਕਿਸੇ ਉੱਤੇ ਬੁਰਾ ਸਮਾਂ ਆਉਂਦਾ ਹੈ।” (ਉਪ. 9:11, CL) ਸਮੇਂ ਦਾ ਪਾਬੰਦ ਹੋਜ਼ੇ ਨਾਂ ਦਾ ਇਕ ਨੌਜਵਾਨ ਕਹਿੰਦਾ ਹੈ ਕਿ “ਸਾਨੂੰ ਪੂਰਾ ਅੰਦਾਜ਼ਾ ਹੋਣਾ ਚਾਹੀਦਾ ਹੈ ਕਿ ਸਮੇਂ ਸਿਰ ਕਿਤੇ ਪਹੁੰਚਣ ਲਈ ਕਿੰਨਾ ਸਮਾਂ ਲੱਗੇਗਾ।” *

ਕਈ ਭੈਣਾਂ-ਭਰਾਵਾਂ ਨੂੰ ਸ਼ਾਇਦ ਕੰਮ ਤੋਂ ਜਲਦੀ ਛੁੱਟੀ ਕਰਨੀ ਪਵੇ ਤਾਂਕਿ ਉਹ ਮਸੀਹੀ ਸਭਾਵਾਂ ਤੇ ਸਮੇਂ ਸਿਰ ਪਹੁੰਚ ਸਕਣ। ਇਥੋਪੀਆ ਵਿਚ ਇਕ ਭਰਾ ਨੂੰ ਜਦੋਂ ਅਹਿਸਾਸ ਹੋਇਆ ਕਿ ਸ਼ਿਫ਼ਟ ਬਦਲਣ ਕਰਕੇ ਉਹ ਸਭਾਵਾਂ ਤੇ 45 ਮਿੰਟ ਲੇਟ ਪਹੁੰਚੇਗਾ, ਤਾਂ ਉਸ ਨੇ ਇਸ ਬਾਰੇ ਕੁਝ ਕੀਤਾ। ਉਸ ਨੇ ਆਪਣੇ ਨਾਲ ਕੰਮ ਕਰਨ ਵਾਲੇ ਨੂੰ ਕਿਹਾ ਕਿ ਮੀਟਿੰਗ ਵਾਲੇ ਦਿਨ ਉਹ ਆਦਮੀ ਕੁਝ ਸਮਾਂ ਪਹਿਲਾਂ ਕੰਮ ਤੇ ਆ ਜਾਇਆ ਕਰੇ ਤਾਂਕਿ ਭਰਾ ਸਮੇਂ ਸਿਰ ਮੀਟਿੰਗਾਂ ਤੇ ਪਹੁੰਚ ਸਕੇ। ਇਸ ਦੇ ਬਦਲੇ, ਭਰਾ ਉਸ ਬੰਦੇ ਲਈ ਸੱਤ ਘੰਟੇ ਦੀ ਵਾਧੂ ਸ਼ਿਫ਼ਟ ਕਰਨ ਲਈ ਮੰਨ ਗਿਆ।

ਜੇ ਸਾਡੇ ਛੋਟੇ ਬੱਚੇ ਹਨ, ਤਾਂ ਸਭਾਵਾਂ ਤੇ ਸਮੇਂ ਸਿਰ ਪਹੁੰਚਣਾ ਮੁਸ਼ਕਲ ਹੋ ਸਕਦਾ ਹੈ। ਆਮ ਤੌਰ ਤੇ ਨਿਆਣਿਆਂ ਨੂੰ ਤਿਆਰ ਕਰਨ ਦੀ ਜ਼ਿੰਮੇਵਾਰੀ ਮਾਂ ਦੇ ਸਿਰ ’ਤੇ ਹੁੰਦੀ ਹੈ, ਪਰ ਪਰਿਵਾਰ ਦੇ ਦੂਜੇ ਜੀਅ ਵੀ ਮਦਦ ਕਰ ਸਕਦੇ ਹਨ ਤੇ ਉਨ੍ਹਾਂ ਨੂੰ ਕਰਨੀ ਵੀ ਚਾਹੀਦੀ ਹੈ। ਐਸਪਰੈਂਜ਼ਾ ਨਾਂ ਦੀ ਇਕ ਮੈਕਸੀਕਨ ਭੈਣ ਦੇ ਅੱਠ ਬੱਚੇ ਹਨ ਤੇ ਉਸ ਨੇ ਇਕੱਲੀ ਨੇ ਉਨ੍ਹਾਂ ਦੀ ਪਰਵਰਿਸ਼ ਕੀਤੀ ਹੈ। ਉਨ੍ਹਾਂ ਦੀ ਉਮਰ 5 ਤੋਂ ਲੈ ਕੇ 23 ਸਾਲ ਹੈ। ਉਸ ਭੈਣ ਨੇ ਦੱਸਿਆ ਕਿ ਉਹ ਸਾਰੇ ਜਣੇ ਕਿੱਦਾਂ ਸਮੇਂ ਸਿਰ ਸਭਾਵਾਂ ਤੇ ਪਹੁੰਚਦੇ ਹਨ: “ਵੱਡੀਆਂ ਕੁੜੀਆਂ ਛੋਟਿਆਂ ਬੱਚਿਆਂ ਦੀ ਤਿਆਰ ਹੋਣ ਵਿਚ ਮਦਦ ਕਰਦੀਆਂ ਹਨ। ਇਸ ਕਾਰਨ ਮੈਂ ਘਰ ਦਾ ਕੰਮ ਪੂਰਾ ਕਰ ਲੈਂਦੀ ਹਾਂ ਅਤੇ ਤਿਆਰ ਹੋ ਜਾਂਦੀ ਹਾਂ ਤਾਂਕਿ ਸਮੇਂ ਸਿਰ ਘਰੋਂ ਨਿਕਲ ਕੇ ਸਭਾਵਾਂ ਤੇ ਪਹੁੰਚਿਆ ਜਾ ਸਕੇ।” ਇਸ ਪਰਿਵਾਰ ਨੇ ਘਰੋਂ ਨਿਕਲਣ ਦਾ ਪੱਕਾ ਸਮਾਂ ਰੱਖਿਆ ਹੈ ਤੇ ਸਾਰੇ ਜਣੇ ਇਕ-ਦੂਜੇ ਦਾ ਸਾਥ ਦਿੰਦੇ ਹਨ।

ਸਭਾਵਾਂ ਤੇ ਸਮੇਂ ਸਿਰ ਪਹੁੰਚਣ ਦੇ ਲਾਭ

ਜਦੋਂ ਅਸੀਂ ਮਸੀਹੀ ਸਭਾਵਾਂ ਤੇ ਸਮੇਂ ਸਿਰ ਪਹੁੰਚਣ ਨਾਲ ਮਿਲਦੀਆਂ ਬਰਕਤਾਂ ਉੱਤੇ ਗੌਰ ਕਰਾਂਗੇ, ਤਾਂ ਸਾਡਾ ਇਰਾਦਾ ਹੋਰ ਵੀ ਪੱਕਾ ਹੋਵੇਗਾ ਕਿ ਅਸੀਂ ਸਮੇਂ ਦੇ ਪਾਬੰਦ ਹੋਣ ਦੀ ਹਰ ਸੰਭਵ ਕੋਸ਼ਿਸ਼ ਕਰੀਏ। ਸਾਂਡਰਾ ਨਾਂ ਦੀ ਇਕ ਭੈਣ ਨੇ ਸਭਾਵਾਂ ਤੇ ਸਮੇਂ ਸਿਰ ਪਹੁੰਚਣ ਦੀ ਆਦਤ ਪਾਈ ਹੈ। ਉਸ ਨੇ ਕਿਹਾ: “ਜਲਦੀ ਆਉਣ ਨਾਲ ਮੈਨੂੰ ਭੈਣਾਂ-ਭਰਾਵਾਂ ਦਾ ਹਾਲ-ਚਾਲ ਪੁੱਛਣ ਅਤੇ ਉਨ੍ਹਾਂ ਨਾਲ ਗੱਲਾਂ ਕਰ ਕੇ ਉਨ੍ਹਾਂ ਨੂੰ ਹੋਰ ਵੀ ਚੰਗੀ ਤਰ੍ਹਾਂ ਜਾਣਨ ਦਾ ਮੌਕਾ ਮਿਲਦਾ ਹੈ।” ਜਦੋਂ ਅਸੀਂ ਕਿੰਗਡਮ ਹਾਲ ਜਲਦੀ ਆਉਂਦੇ ਹਾਂ, ਤਾਂ ਸਾਨੂੰ ਫ਼ਾਇਦਾ ਹੋਵੇਗਾ ਜਦੋਂ ਭੈਣ-ਭਰਾ ਧੀਰਜ ਅਤੇ ਵਫ਼ਾਦਾਰੀ ਨਾਲ ਕੀਤੀ ਸੇਵਾ ਬਾਰੇ ਦੱਸਦੇ ਹਨ। ਹਾਜ਼ਰ ਹੋਣ ਅਤੇ ਹੌਸਲਾ ਦੇਣ ਵਾਲੀਆਂ ਗੱਲਾਂ ਕਰਨ ਨਾਲ ਸਾਡੇ ਭੈਣਾਂ-ਭਰਾਵਾਂ ਉੱਤੇ ਚੰਗਾ ਅਸਰ ਪੈ ਸਕਦਾ ਹੈ ਅਤੇ ਅਸੀਂ ਉਨ੍ਹਾਂ ਨੂੰ ‘ਪ੍ਰੇਮ ਅਰ ਸ਼ੁਭ ਕਰਮਾਂ ਲਈ ਉਭਾਰ’ ਸਕਦੇ ਹਾਂ।—ਇਬ. 10:24, 25.

ਸਾਡੀਆਂ ਮਸੀਹੀ ਸਭਾਵਾਂ ਗੀਤ ਤੇ ਪ੍ਰਾਰਥਨਾ ਨਾਲ ਸ਼ੁਰੂ ਹੁੰਦੀਆਂ ਹਨ ਜੋ ਭਗਤੀ ਦਾ ਅਹਿਮ ਹਿੱਸਾ ਹਨ। (ਜ਼ਬੂ. 149:1) ਸਾਡੇ ਗੀਤ ਯਹੋਵਾਹ ਦੀ ਉਸਤਤ ਕਰਦੇ ਹਨ, ਸਾਨੂੰ ਚੰਗੇ ਗੁਣ ਅਪਣਾਉਣ ਲਈ ਉਕਸਾਉਂਦੇ ਹਨ ਅਤੇ ਪ੍ਰਚਾਰ ਦੇ ਕੰਮ ਵਿਚ ਖ਼ੁਸ਼ੀ-ਖ਼ੁਸ਼ੀ ਹਿੱਸਾ ਲੈਣ ਦੀ ਹੱਲਾਸ਼ੇਰੀ ਦਿੰਦੇ ਹਨ। ਸਭਾ ਦੇ ਸ਼ੁਰੂ ਵਿਚ ਕੀਤੀ ਜਾਂਦੀ ਪ੍ਰਾਰਥਨਾ ਬਾਰੇ ਕੀ ਕਿਹਾ ਜਾ ਸਕਦਾ ਹੈ? ਪ੍ਰਾਚੀਨ ਸਮਿਆਂ ਵਿਚ ਯਹੋਵਾਹ ਦੇ ਭਵਨ ਨੂੰ “ਪ੍ਰਾਰਥਨਾ ਦਾ ਘਰ” ਕਿਹਾ ਜਾਂਦਾ ਸੀ। (ਯਸਾ. 56:7) ਅੱਜ ਅਸੀਂ ਆਪਣੀਆਂ ਸਭਾਵਾਂ ਵਿਚ ਇਕੱਠੇ ਹੋ ਕੇ ਪਰਮੇਸ਼ੁਰ ਨੂੰ ਪ੍ਰਾਰਥਨਾਵਾਂ ਕਰਦੇ ਹਾਂ। ਆਰੰਭਕ ਪ੍ਰਾਰਥਨਾ ਵਿਚ ਨਾ ਸਿਰਫ਼ ਯਹੋਵਾਹ ਦੀ ਅਗਵਾਈ ਤੇ ਪਵਿੱਤਰ ਸ਼ਕਤੀ ਦੀ ਮੰਗ ਕੀਤੀ ਜਾਂਦੀ ਹੈ, ਸਗੋਂ ਇਹ ਪ੍ਰਾਰਥਨਾ ਸਾਡੇ ਦਿਲਾਂ-ਦਿਮਾਗ਼ਾਂ ਨੂੰ ਵੀ ਤਿਆਰ ਕਰਦੀ ਹੈ ਤਾਂਕਿ ਅਸੀਂ ਪੇਸ਼ ਕੀਤੀ ਜਾਣ ਵਾਲੀ ਜਾਣਕਾਰੀ ਨੂੰ ਧਿਆਨ ਨਾਲ ਸੁਣੀਏ। ਸਾਨੂੰ ਆਰੰਭਕ ਗੀਤ ਤੇ ਪ੍ਰਾਰਥਨਾ ਲਈ ਸਮੇਂ ਸਿਰ ਸਭਾ ਵਿਚ ਪਹੁੰਚਣ ਦਾ ਪੂਰਾ ਜਤਨ ਕਰਨਾ ਚਾਹੀਦਾ ਹੈ।

23 ਸਾਲ ਦੀ ਹੈਲਨ ਨੇ ਸਭਾਵਾਂ ਤੇ ਸਮੇਂ ਸਿਰ ਪਹੁੰਚਣ ਦਾ ਆਪਣਾ ਕਾਰਨ ਦੱਸਿਆ: “ਮੈਂ ਇਸ ਤਰ੍ਹਾਂ ਕਰ ਕੇ ਯਹੋਵਾਹ ਨੂੰ ਆਪਣਾ ਪਿਆਰ ਦਿਖਾਉਂਦੀ ਹਾਂ ਕਿਉਂਕਿ ਸਭਾਵਾਂ ਵਿਚ ਪੇਸ਼ ਕੀਤੀ ਜਾਂਦੀ ਜਾਣਕਾਰੀ ਸਾਨੂੰ ਉਸ ਤੋਂ ਹੀ ਮਿਲਦੀ ਹੈ ਜਿਸ ਵਿਚ ਸ਼ੁਰੂ ਦਾ ਗੀਤ ਅਤੇ ਪ੍ਰਾਰਥਨਾ ਵੀ ਸ਼ਾਮਲ ਹਨ।” ਕੀ ਸਾਡਾ ਵੀ ਇਹੀ ਰਵੱਈਆ ਨਹੀਂ ਹੋਣਾ ਚਾਹੀਦਾ? ਵਾਕਈ, ਹੋਣਾ ਚਾਹੀਦਾ ਹੈ! ਇਸ ਲਈ ਆਓ ਆਪਾਂ ਸਮੇਂ ਦੇ ਪਾਬੰਦ ਹੋ ਕੇ ਸਾਰੇ ਕੰਮ ਕਰੀਏ, ਖ਼ਾਸ ਕਰਕੇ ਜਿਹੜੇ ਸੱਚੇ ਪਰਮੇਸ਼ੁਰ ਦੀ ਭਗਤੀ ਨਾਲ ਸੰਬੰਧਿਤ ਹਨ।

[ਫੁਟਨੋਟ]

^ ਪੈਰਾ 12 ਨਾਂ ਬਦਲ ਦਿੱਤਾ ਗਿਆ ਹੈ।

[ਸਫ਼ਾ 26 ਉੱਤੇ ਤਸਵੀਰ]

ਪਹਿਲਾਂ ਤਿਆਰੀ ਕਰੋ

[ਸਫ਼ਾ 26 ਉੱਤੇ ਤਸਵੀਰ]

ਕਦੇ ਵੀ ਕੁਝ ਹੋ ਸਕਦਾ ਹੈ, ਉਸ ਦੇ ਲਈ ਵੀ ਵਾਧੂ ਸਮਾਂ ਰੱਖੋ

[ਸਫ਼ਾ 26 ਉੱਤੇ ਤਸਵੀਰਾਂ]

ਸਭਾਵਾਂ ਵਿਚ ਜਲਦੀ ਆ ਕੇ ਲਾਭ ਉਠਾਓ