Skip to content

Skip to table of contents

ਮਸੀਹੀ ਏਕਤਾ ਪਰਮੇਸ਼ੁਰ ਨੂੰ ਵਡਿਆਉਂਦੀ ਹੈ

ਮਸੀਹੀ ਏਕਤਾ ਪਰਮੇਸ਼ੁਰ ਨੂੰ ਵਡਿਆਉਂਦੀ ਹੈ

ਮਸੀਹੀ ਏਕਤਾ ਪਰਮੇਸ਼ੁਰ ਨੂੰ ਵਡਿਆਉਂਦੀ ਹੈ

‘ਪਵਿੱਤਰ ਸ਼ਕਤੀ ਦੀ ਏਕਤਾ ਦੀ ਪਾਲਨਾ ਕਰਨ ਦਾ ਜਤਨ ਕਰੋ।’—ਅਫ਼. 4:3.

1. ਪਹਿਲੀ ਸਦੀ ਵਿਚ ਅਫ਼ਸੁਸ ਦੀ ਕਲੀਸਿਯਾ ਦੇ ਮਸੀਹੀਆਂ ਨੇ ਪਰਮੇਸ਼ੁਰ ਦੀ ਵਡਿਆਈ ਕਿਵੇਂ ਕੀਤੀ?

ਪ੍ਰਾਚੀਨ ਅਫ਼ਸੁਸ ਦੀ ਮਸੀਹੀ ਕਲੀਸਿਯਾ ਦੀ ਏਕਤਾ ਕਾਰਨ ਸੱਚੇ ਪਰਮੇਸ਼ੁਰ ਯਹੋਵਾਹ ਦੀ ਵਡਿਆਈ ਹੋਈ ਸੀ। ਉਸ ਖ਼ੁਸ਼ਹਾਲ ਵਪਾਰਕ ਕੇਂਦਰ ਵਿਚ ਕੁਝ ਅਮੀਰ ਭਰਾ ਸਨ ਜਿਨ੍ਹਾਂ ਦੇ ਆਪਣੇ ਨੌਕਰ-ਚਾਕਰ ਸਨ। ਦੂਸਰੇ ਭਰਾ ਸ਼ਾਇਦ ਬਹੁਤ ਗ਼ਰੀਬ ਹੋਣ ਕਰਕੇ ਗ਼ੁਲਾਮ ਸਨ। (ਅਫ਼. 6:5, 9) ਕੁਝ ਯਹੂਦੀ ਸਨ ਜਿਨ੍ਹਾਂ ਨੇ ਉਨ੍ਹਾਂ ਤਿੰਨ ਮਹੀਨਿਆਂ ਦੌਰਾਨ ਸੱਚਾਈ ਸਿੱਖੀ ਸੀ ਜਦੋਂ ਪੌਲੁਸ ਰਸੂਲ ਨੇ ਸਭਾ ਘਰ ਵਿਚ ਬਚਨ ਸੁਣਾਇਆ ਸੀ। ਕੁਝ ਹੋਰ ਪਹਿਲਾਂ ਅਰਤਿਮਿਸ ਦੇਵੀ ਦੀ ਪੂਜਾ ਕਰਦੇ ਸਨ ਅਤੇ ਜਾਦੂ ਕਰਦੇ ਸਨ। (ਰਸੂ. 19:8, 19, 26) ਸਪੱਸ਼ਟ ਹੈ ਕਿ ਸੱਚੀ ਮਸੀਹੀਅਤ ਨੇ ਕਈ ਪਿਛੋਕੜਾਂ ਦੇ ਲੋਕਾਂ ਨੂੰ ਏਕਤਾ ਦੇ ਬੰਧਨ ਵਿਚ ਬੰਨ੍ਹਿਆ। ਪੌਲੁਸ ਨੂੰ ਪਤਾ ਸੀ ਕਿ ਕਲੀਸਿਯਾ ਦੀ ਏਕਤਾ ਕਾਰਨ ਯਹੋਵਾਹ ਦੀ ਵਡਿਆਈ ਹੁੰਦੀ ਸੀ। ਇਸ ਲਈ ਰਸੂਲ ਨੇ ਲਿਖਿਆ: ‘ਕਲੀਸਿਯਾ ਵਿੱਚ ਉਸ ਦੀ ਵਡਿਆਈ ਹੋਵੇ।’—ਅਫ਼. 3:21.

2. ਅਫ਼ਸੁਸ ਦੇ ਮਸੀਹੀਆਂ ਦੀ ਏਕਤਾ ਨੂੰ ਕਿਹੜਾ ਖ਼ਤਰਾ ਸੀ?

2 ਪਰ ਅਫ਼ਸੁਸ ਦੀ ਕਲੀਸਿਯਾ ਦੀ ਏਕਤਾ ਖ਼ਤਰੇ ਵਿਚ ਸੀ। ਪੌਲੁਸ ਨੇ ਉਸ ਕਲੀਸਿਯਾ ਦੇ ਬਜ਼ੁਰਗਾਂ ਨੂੰ ਚੇਤਾਵਨੀ ਦਿੱਤੀ: “ਤੁਹਾਡੇ ਆਪਣੇ ਹੀ ਵਿੱਚੋਂ ਕਈ ਪੁਰਸ਼ ਖੜੇ ਹੋਣਗੇ ਜਿਹੜੇ ਉਲਟੀਆਂ ਗੱਲਾਂ ਕਰਨਗੇ ਭਈ ਚੇਲਿਆਂ ਨੂੰ ਆਪਣੀ ਵੱਲ ਖਿੱਚ ਲੈ ਜਾਣ।” (ਰਸੂ. 20:30) ਨਾਲੇ ਕੁਝ ਭਰਾ ਫੁੱਟ ਪਾ ਰਹੇ ਸਨ ਕਿਉਂਕਿ ਉਨ੍ਹਾਂ ਨੇ ਪੂਰੀ ਤਰ੍ਹਾਂ ਆਪਣੇ ਆਪ ਨੂੰ ਬਦਲਿਆ ਨਹੀਂ ਸੀ। ਪੌਲੁਸ ਨੇ ਚੇਤਾਵਨੀ ਦਿੱਤੀ ਕਿ ਇਹੋ ਜਿਹਾ ਰਵੱਈਆ ‘ਅਣਆਗਿਆਕਾਰੀ ਦੇ ਪੁੱਤ੍ਰਾਂ ਵਿੱਚ ਅਸਰ ਕਰਦਾ ਹੈ।’—ਅਫ਼. 2:2; 4:22.

ਏਕਤਾ ਉੱਤੇ ਜ਼ੋਰ ਦੇਣ ਵਾਲੀ ਚਿੱਠੀ

3, 4. ਅਫ਼ਸੀਆਂ ਨੂੰ ਲਿਖੀ ਪੌਲੁਸ ਦੀ ਚਿੱਠੀ ਕਿਵੇਂ ਏਕਤਾ ਉੱਤੇ ਜ਼ੋਰ ਦਿੰਦੀ ਹੈ?

3 ਪੌਲੁਸ ਨੂੰ ਪਤਾ ਸੀ ਕਿ ਜੇ ਮਸੀਹੀਆਂ ਨੇ ਇਕ-ਦੂਜੇ ਦਾ ਸਾਥ ਦਿੰਦੇ ਰਹਿਣਾ ਹੈ, ਤਾਂ ਹਰ ਮਸੀਹੀ ਨੂੰ ਏਕਤਾ ਵਧਾਉਣ ਦਾ ਸਖ਼ਤ ਜਤਨ ਕਰਨਾ ਚਾਹੀਦਾ ਹੈ। ਪਰਮੇਸ਼ੁਰ ਨੇ ਪੌਲੁਸ ਨੂੰ ਪ੍ਰੇਰਿਆ ਕਿ ਉਹ ਅਫ਼ਸੁਸ ਦੇ ਮਸੀਹੀਆਂ ਨੂੰ ਚਿੱਠੀ ਲਿਖੇ ਜਿਸ ਵਿਚ ਏਕਤਾ ਮੁੱਖ ਵਿਸ਼ਾ ਸੀ। ਮਿਸਾਲ ਲਈ, ਪੌਲੁਸ ਨੇ ਲਿਖਿਆ ਸੀ ਕਿ ਪਰਮੇਸ਼ੁਰ ਦਾ ਮਕਸਦ ‘ਸਭਨਾਂ ਨੂੰ ਜੋ ਸੁਰਗ ਵਿੱਚ ਅਤੇ ਜੋ ਧਰਤੀ ਉੱਤੇ ਹਨ ਮਸੀਹ ਵਿੱਚ ਇਕੱਠਾ ਕਰਨਾ ਹੈ।’ (ਅਫ਼. 1:10) ਉਸ ਨੇ ਮਸਹ ਕੀਤੇ ਹੋਏ ਮਸੀਹੀਆਂ ਦੀ ਤੁਲਨਾ ਇਕ ਇਮਾਰਤ ਦੇ ਵੱਖੋ-ਵੱਖਰੇ ਪੱਥਰਾਂ ਨਾਲ ਕੀਤੀ ਸੀ। “ਸਾਰੀ ਇਮਾਰਤ ਇੱਕ ਸੰਗ ਜੁੜ ਕੇ ਪ੍ਰਭੁ ਵਿੱਚ ਪਵਿੱਤਰ ਹੈਕਲ ਬਣਦੀ ਜਾਂਦੀ ਹੈ।” (ਅਫ਼. 2:20, 21) ਇਸ ਤੋਂ ਇਲਾਵਾ, ਪੌਲੁਸ ਨੇ ਯਹੂਦੀਆਂ ਅਤੇ ਹੋਰਨਾਂ ਕੌਮਾਂ ਵਿੱਚੋਂ ਆਏ ਮਸੀਹੀਆਂ ਦੀ ਏਕਤਾ ਬਾਰੇ ਗੱਲ ਕੀਤੀ ਅਤੇ ਭਰਾਵਾਂ ਨੂੰ ਇਹ ਵੀ ਯਾਦ ਦਿਲਾਇਆ ਕਿ ਉਨ੍ਹਾਂ ਸਾਰਿਆਂ ਨੂੰ ਇੱਕੋ ਪਰਮੇਸ਼ੁਰ ਨੇ ਰਚਿਆ ਸੀ। ਉਸ ਨੇ ਯਹੋਵਾਹ ਨੂੰ “ਪਿਤਾ” ਕਿਹਾ “ਜਿਸ ਤੋਂ ਅਕਾਸ਼ ਅਤੇ ਧਰਤੀ ਉਤਲੇ ਹਰੇਕ ਘਰਾਣੇ ਦਾ ਨਾਉਂ ਆਖੀਦਾ ਹੈ।”—ਅਫ਼. 3:5, 6, 14, 15.

4 ਜਿਉਂ-ਜਿਉਂ ਅਸੀਂ ਅਫ਼ਸੀਆਂ ਦੇ ਚੌਥੇ ਅਧਿਆਇ ਦੀ ਜਾਂਚ ਕਰਾਂਗੇ, ਤਿਉਂ-ਤਿਉਂ ਅਸੀਂ ਦੇਖਾਂਗੇ ਕਿ ਏਕਤਾ ਰੱਖਣ ਲਈ ਜਤਨ ਕਰਨ ਦੀ ਕਿਉਂ ਲੋੜ ਹੈ, ਯਹੋਵਾਹ ਏਕਤਾ ਰੱਖਣ ਵਿਚ ਸਾਡੀ ਕਿਵੇਂ ਮਦਦ ਕਰਦਾ ਹੈ ਅਤੇ ਕਿਹੜੇ ਗੁਣ ਏਕਤਾ ਬਣਾਈ ਰੱਖਣ ਵਿਚ ਸਾਡੀ ਮਦਦ ਕਰਨਗੇ। ਤੁਸੀਂ ਕਿਉਂ ਨਾ ਇਸ ਅਧਿਆਇ ਨੂੰ ਪੜ੍ਹੋ ਤਾਂਕਿ ਇਸ ਤੋਂ ਤੁਹਾਨੂੰ ਹੋਰ ਜ਼ਿਆਦਾ ਫ਼ਾਇਦਾ ਹੋਵੇ?

ਏਕਤਾ ਰੱਖਣ ਲਈ ਸਖ਼ਤ ਜਤਨ ਕਰਨ ਦੀ ਕਿਉਂ ਲੋੜ ਹੈ

5. ਪਰਮੇਸ਼ੁਰ ਦੇ ਦੂਤ ਏਕਤਾ ਨਾਲ ਉਸ ਦੀ ਸੇਵਾ ਕਿਉਂ ਕਰ ਸਕਦੇ ਹਨ, ਪਰ ਸਾਡੇ ਲਈ ਏਕਤਾ ਰੱਖਣੀ ਕਿਉਂ ਔਖੀ ਹੋ ਸਕਦੀ ਹੈ?

5 ਪੌਲੁਸ ਨੇ ਅਫ਼ਸੁਸ ਦੇ ਭਰਾਵਾਂ ਨੂੰ ਤਾਕੀਦ ਕੀਤੀ ਕਿ ਉਹ ‘ਪਵਿੱਤਰ ਸ਼ਕਤੀ ਦੀ ਏਕਤਾ ਦੀ ਪਾਲਨਾ ਕਰਨ ਦਾ ਜਤਨ ਕਰਨ।’ (ਅਫ਼. 4:3) ਜਤਨ ਕਰਨ ਦੀ ਲੋੜ ਨੂੰ ਸਮਝਣ ਵਾਸਤੇ ਜ਼ਰਾ ਪਰਮੇਸ਼ੁਰ ਦੇ ਦੂਤਾਂ ਬਾਰੇ ਸੋਚੋ। ਧਰਤੀ ਉੱਤੇ ਕੋਈ ਵੀ ਦੋ ਜਿਉਂਦੀਆਂ ਚੀਜ਼ਾਂ ਪੂਰੀ ਤਰ੍ਹਾਂ ਇੱਕੋ ਜਿਹੀਆਂ ਨਹੀਂ ਹਨ, ਇਸ ਲਈ ਅਸੀਂ ਕਹਿ ਸਕਦੇ ਹਾਂ ਕਿ ਯਹੋਵਾਹ ਨੇ ਆਪਣੇ ਕਰੋੜਾਂ ਦੂਤਾਂ ਨੂੰ ਵੱਖੋ-ਵੱਖਰੀਆਂ ਕਾਬਲੀਅਤਾਂ ਦਿੱਤੀਆਂ ਹਨ। (ਦਾਨੀ. 7:10) ਫਿਰ ਵੀ ਉਹ ਏਕਤਾ ਨਾਲ ਯਹੋਵਾਹ ਦੀ ਸੇਵਾ ਕਰਦੇ ਹਨ ਕਿਉਂਕਿ ਉਹ ਸਾਰੇ ਉਸ ਦੀ ਸੁਣਦੇ ਅਤੇ ਇੱਛਾ ਪੂਰੀ ਕਰਦੇ ਹਨ। (ਜ਼ਬੂਰਾਂ ਦੀ ਪੋਥੀ 103:20, 21 ਪੜ੍ਹੋ।) ਵਫ਼ਾਦਾਰ ਦੂਤਾਂ ਵਿਚ ਵੱਖੋ-ਵੱਖਰੇ ਗੁਣ ਹਨ, ਜਦ ਕਿ ਮਸੀਹੀਆਂ ਵਿਚ ਵੱਖੋ-ਵੱਖਰੇ ਨੁਕਸ ਹਨ। ਇਸ ਕਾਰਨ ਸਾਡੇ ਲਈ ਏਕਤਾ ਨਾਲ ਰਹਿਣਾ ਹੋਰ ਵੀ ਔਖਾ ਹੋ ਸਕਦਾ ਹੈ।

6. ਕਿਹੜੇ ਗੁਣਾਂ ਦੀ ਮਦਦ ਨਾਲ ਅਸੀਂ ਆਪਣੇ ਭਰਾਵਾਂ ਨਾਲ ਮਿਲ ਕੇ ਕੰਮ ਕਰ ਸਕਾਂਗੇ ਜਿਨ੍ਹਾਂ ਵਿਚ ਸਾਡੇ ਤੋਂ ਵੱਖਰੇ ਨੁਕਸ ਹਨ?

6 ਜਦੋਂ ਨਾਮੁਕੰਮਲ ਲੋਕ ਮਿਲ ਕੇ ਕੰਮ ਕਰਨ ਦੀ ਕੋਸ਼ਿਸ਼ ਕਰਦੇ ਹਨ, ਤਾਂ ਆਸਾਨੀ ਨਾਲ ਮੁਸ਼ਕਲਾਂ ਖੜ੍ਹੀਆਂ ਹੋ ਸਕਦੀਆਂ ਹਨ। ਮਿਸਾਲ ਲਈ, ਉਦੋਂ ਕੀ ਜੇ ਇਕ ਨਰਮ ਸੁਭਾਅ ਵਾਲਾ ਭਰਾ ਅਕਸਰ ਮੀਟਿੰਗਾਂ ’ਤੇ ਦੇਰ ਨਾਲ ਪਹੁੰਚਦਾ ਹੈ ਅਤੇ ਉਸ ਭਰਾ ਨਾਲ ਮਿਲ ਕੇ ਪਰਮੇਸ਼ੁਰ ਦੀ ਸੇਵਾ ਕਰਦਾ ਹੈ ਜੋ ਸਮੇਂ ਦਾ ਪਾਬੰਦ ਹੈ ਪਰ ਜਲਦੀ ਗੁੱਸੇ ਹੋ ਜਾਂਦਾ ਹੈ? ਇਨ੍ਹਾਂ ਦੋਵਾਂ ਵਿੱਚੋਂ ਹਰੇਕ ਸੋਚਦਾ ਹੋਣਾ ਕਿ ਦੂਜੇ ਵਿਚ ਕਮੀ ਹੈ, ਪਰ ਸ਼ਾਇਦ ਭੁੱਲ ਜਾਵੇ ਕਿ ਉਸ ਵਿਚ ਵੀ ਕੁਝ ਕਮੀਆਂ ਹਨ। ਇਹ ਦੋਵੇਂ ਭਰਾ ਕਿਵੇਂ ਮਿਲ ਕੇ ਸੇਵਾ ਕਰ ਸਕਦੇ ਹਨ? ਧਿਆਨ ਦਿਓ ਕਿ ਪੌਲੁਸ ਦੇ ਅਗਲੇ ਸ਼ਬਦਾਂ ਵਿਚ ਦੱਸੇ ਕਿਹੜੇ ਗੁਣ ਉਨ੍ਹਾਂ ਦੀ ਮਦਦ ਕਰਨਗੇ। ਫਿਰ ਸੋਚੋ ਕਿ ਅਸੀਂ ਕਿਵੇਂ ਉਨ੍ਹਾਂ ਗੁਣਾਂ ਨੂੰ ਪੈਦਾ ਕਰ ਕੇ ਏਕਤਾ ਵਧਾ ਸਕਦੇ ਹਾਂ। ਪੌਲੁਸ ਨੇ ਲਿਖਿਆ: ‘ਮੈਂ ਤੁਹਾਡੇ ਅੱਗੇ ਇਹ ਬੇਨਤੀ ਕਰਦਾ ਹਾਂ ਜੋ ਤੁਸੀਂ ਜੋਗ ਚਾਲ ਚੱਲੋ। ਅਰਥਾਤ ਪੂਰਨ ਅਧੀਨਗੀ, ਨਰਮਾਈ, ਅਤੇ ਧੀਰਜ ਸਹਿਤ ਪ੍ਰੇਮ ਨਾਲ ਇੱਕ ਦੂਜੇ ਦੀ ਸਹਿ ਲਵੋ। ਅਤੇ ਮਿਲਾਪ ਦੇ ਬੰਧ ਵਿੱਚ ਸ਼ਕਤੀ ਦੀ ਏਕਤਾ ਦੀ ਪਾਲਨਾ ਕਰਨ ਦਾ ਜਤਨ ਕਰੋ।’—ਅਫ਼. 4:1-3.

7. ਇਹ ਕਿਉਂ ਜ਼ਰੂਰੀ ਹੈ ਕਿ ਅਸੀਂ ਹੋਰਨਾਂ ਨਾਮੁਕੰਮਲ ਮਸੀਹੀਆਂ ਨਾਲ ਏਕਤਾ ਨਾਲ ਰਹਿਣਾ ਸਿੱਖੀਏ?

7 ਹੋਰਨਾਂ ਨਾਮੁਕੰਮਲ ਲੋਕਾਂ ਨਾਲ ਮਿਲ ਕੇ ਪਰਮੇਸ਼ੁਰ ਦੀ ਸੇਵਾ ਕਰਨੀ ਸਿੱਖਣੀ ਬਹੁਤ ਜ਼ਰੂਰੀ ਹੈ ਕਿਉਂਕਿ ਸੱਚੇ ਭਗਤ ਇੱਕੋ ਦੇਹੀ ਹਨ। ਬਾਈਬਲ ਕਹਿੰਦੀ ਹੈ ਕਿ ‘ਇੱਕੋ ਦੇਹੀ ਅਤੇ ਇੱਕੋ ਸ਼ਕਤੀ ਹੈ ਜਿਵੇਂ ਤੁਸੀਂ ਵੀ ਆਪਣੇ ਸੱਦੇ ਦੀ ਇੱਕੋ ਆਸ ਵਿੱਚ ਸੱਦੇ ਗਏ। ਇੱਕੋ ਪ੍ਰਭੁ, ਇੱਕੋ ਨਿਹਚਾ, ਇੱਕੋ ਬਪਤਿਸਮਾ ਹੈ। ਇੱਕੋ ਪਰਮੇਸ਼ੁਰ ਅਤੇ ਪਿਤਾ ਸਭਨਾਂ ਦਾ ਹੈ।’ (ਅਫ਼. 4:4-6) ਯਹੋਵਾਹ ਦੀ ਸ਼ਕਤੀ ਅਤੇ ਬਰਕਤਾਂ ਭਰਾਵਾਂ ਦੀ ਇੱਕੋ ਸੰਸਥਾ ਉੱਤੇ ਹਨ ਜਿਸ ਨੂੰ ਉਹ ਵਰਤ ਰਿਹਾ ਹੈ। ਜੇ ਕਲੀਸਿਯਾ ਵਿਚ ਸਾਨੂੰ ਕੋਈ ਨਾਰਾਜ਼ ਕਰਦਾ ਵੀ ਹੈ, ਤਾਂ ਅਸੀਂ ਕਿੱਥੇ ਜਾ ਸਕਦੇ ਹਾਂ? ਹੋਰ ਕਿਤੇ ਵੀ ਜਾ ਕੇ ਅਸੀਂ ਸਦਾ ਦੀ ਜ਼ਿੰਦਗੀ ਦੇਣ ਵਾਲੀਆਂ ਗੱਲਾਂ ਨਹੀਂ ਸੁਣ ਸਕਦੇ।—ਯੂਹੰ. 6:68.

ਮਨੁੱਖਾਂ ਦੇ ਰੂਪ ਵਿਚ ਦਾਨ ਏਕਤਾ ਵਧਾਉਂਦੇ ਹਨ

8. ਫੁੱਟ ਪਾਉਣ ਵਾਲੇ ਰਵੱਈਏ ਤੋਂ ਬਚਣ ਵਿਚ ਸਾਡੀ ਮਦਦ ਕਰਨ ਲਈ ਮਸੀਹ ਕਿਨ੍ਹਾਂ ਨੂੰ ਵਰਤਦਾ ਹੈ?

8 ਯਿਸੂ ਨੇ ਕਲੀਸਿਯਾ ਦੀ ਏਕਤਾ ਵਧਾਉਣ ਵਿਚ ਮਦਦ ਕਰਨ ਲਈ ਮਨੁੱਖਾਂ ਦੇ ਰੂਪ ਵਿਚ ਦਾਨ ਦਿੱਤੇ। ਇਹ ਗੱਲ ਸਮਝਾਉਣ ਲਈ ਪੌਲੁਸ ਨੇ ਪੁਰਾਣੇ ਜ਼ਮਾਨੇ ਦੇ ਸਿਪਾਹੀਆਂ ਦੇ ਇਕ ਆਮ ਦਸਤੂਰ ਬਾਰੇ ਗੱਲ ਕੀਤੀ। ਜਦੋਂ ਇਕ ਸਿਪਾਹੀ ਜਿੱਤ ਕੇ ਆਉਂਦਾ ਸੀ, ਤਾਂ ਉਹ ਸ਼ਾਇਦ ਕਿਸੇ ਵਿਦੇਸ਼ੀ ਗ਼ੁਲਾਮ ਨੂੰ ਘਰ ਲੈ ਆਉਂਦਾ ਸੀ ਤਾਂਕਿ ਉਹ ਨੌਕਰ ਵਜੋਂ ਘਰ ਦੇ ਕੰਮਾਂ ਵਿਚ ਉਸ ਦੀ ਪਤਨੀ ਦਾ ਹੱਥ ਵਟਾ ਸਕੇ। (ਜ਼ਬੂ. 68:1, 12, 18) ਇਸੇ ਤਰ੍ਹਾਂ, ਦੁਨੀਆਂ ਉੱਤੇ ਯਿਸੂ ਦੀ ਜਿੱਤ ਕਾਰਨ ਬਹੁਤ ਸਾਰੇ ਲੋਕ ਆਪਣੀ ਇੱਛਾ ਨਾਲ ਉਸ ਦੇ ਗ਼ੁਲਾਮ ਬਣੇ ਹਨ। (ਅਫ਼ਸੀਆਂ 4:7, 8 ਪੜ੍ਹੋ।) ਯਿਸੂ ਨੇ ਇਨ੍ਹਾਂ “ਗ਼ੁਲਾਮਾਂ” ਨੂੰ ਕਿਵੇਂ ਵਰਤਿਆ? “ਉਹ ਨੇ ਕਈਆਂ ਨੂੰ ਰਸੂਲ, ਕਈਆਂ ਨੂੰ ਨਬੀ, ਕਈਆਂ ਨੂੰ ਪਰਚਾਰਕ, ਕਈਆਂ ਨੂੰ [ਚਰਵਾਹੇ] ਅਤੇ ਉਸਤਾਦ ਕਰਕੇ ਦੇ ਦਿੱਤਾ। ਤਾਂ ਜੋ ਸੇਵਕਾਈ ਦੇ ਕੰਮ ਲਈ ਸੰਤ ਸਿੱਧ ਹੋਣ ਅਤੇ ਮਸੀਹ ਦੀ ਦੇਹੀ ਉਸਰਦੀ ਜਾਵੇ। ਜਦੋਂ ਤੀਕ ਅਸੀਂ ਸੱਭੋ ਨਿਹਚਾ” ਵਿਚ ਇਕ ਨਹੀਂ ਹੋ ਜਾਂਦੇ।—ਅਫ਼. 4:11-13.

9. (ੳ) ਮਨੁੱਖਾਂ ਦੇ ਰੂਪ ਵਿਚ ਦਾਨ ਏਕਤਾ ਬਣਾਈ ਰੱਖਣ ਵਿਚ ਸਾਡੀ ਕਿਵੇਂ ਮਦਦ ਕਰਦੇ ਹਨ? (ਅ) ਕਲੀਸਿਯਾ ਦੇ ਹਰ ਮੈਂਬਰ ਨੂੰ ਇਸ ਦੀ ਏਕਤਾ ਵਧਾਉਣ ਵਿਚ ਯੋਗਦਾਨ ਕਿਉਂ ਪਾਉਣਾ ਚਾਹੀਦਾ ਹੈ?

9 ਮਨੁੱਖਾਂ ਦੇ ਰੂਪ ਵਿਚ ਦਾਨ ਯਾਨੀ ਪਿਆਰ ਕਰਨ ਵਾਲੇ ਚਰਵਾਹੇ ਏਕਤਾ ਬਣਾਈ ਰੱਖਣ ਵਿਚ ਸਾਡੀ ਮਦਦ ਕਰਦੇ ਹਨ। ਮਿਸਾਲ ਲਈ, ਜੇ ਕਲੀਸਿਯਾ ਦਾ ਬਜ਼ੁਰਗ ਦੇਖਦਾ ਹੈ ਕਿ ਦੋ ਭਰਾ ਮੁਕਾਬਲੇਬਾਜ਼ੀ ਕਰ ਕੇ ‘ਇੱਕ ਦੂਏ ਨੂੰ ਖਿਝਾਉਂਦੇਂ’ ਹਨ, ਤਾਂ ਉਹ ਉਨ੍ਹਾਂ ਨੂੰ ‘ਨਰਮਾਈ ਦੇ ਸੁਭਾਉ ਨਾਲ ਸੁਧਾਰਨ’ ਲਈ ਇਕੱਲਿਆਂ ਵਿਚ ਸਲਾਹ ਦੇ ਸਕਦਾ ਹੈ। ਇੱਦਾਂ ਕਰ ਕੇ ਉਹ ਕਲੀਸਿਯਾ ਦੀ ਏਕਤਾ ਵਧਾਉਣ ਵਿਚ ਕਾਫ਼ੀ ਯੋਗਦਾਨ ਪਾ ਸਕਦਾ ਹੈ। (ਗਲਾ. 5:26–6:1) ਸਿੱਖਿਅਕਾਂ ਵਜੋਂ, ਮਨੁੱਖਾਂ ਦੇ ਰੂਪ ਵਿਚ ਇਹ ਦਾਨ ਬਾਈਬਲ ਦੀਆਂ ਸਿੱਖਿਆਵਾਂ ਉੱਤੇ ਆਧਾਰਿਤ ਨਿਹਚਾ ਪੱਕੀ ਕਰਨ ਵਿਚ ਸਾਡੀ ਮਦਦ ਕਰਦੇ ਹਨ। ਇਸ ਤਰ੍ਹਾਂ ਉਹ ਏਕਤਾ ਵਧਾਉਂਦੇ ਹਨ ਅਤੇ ਸਿਆਣੇ ਮਸੀਹੀ ਬਣਨ ਵਿਚ ਸਾਡੀ ਮਦਦ ਕਰਦੇ ਹਨ। ਪੌਲੁਸ ਨੇ ਲਿਖਿਆ ਕਿ ਉਹ ਇਸ ਲਈ ਇੱਦਾਂ ਕਰਦੇ ਹਨ ਤਾਂਕਿ “ਅਸੀਂ ਅਗਾਹਾਂ ਨੂੰ ਇਞਾਣੇ ਨਾ ਰਹੀਏ ਜਿਹੜੇ ਮਨੁੱਖਾਂ ਦੀ ਠੱਗ ਵਿੱਦਿਆ ਅਤੇ ਭੁਲਾਉਣ ਵਾਲੀ ਛਲ ਛਿੱਦ੍ਰ ਰੂਪੀ ਚਤਰਾਈ ਨਾਲ ਸਿੱਖਿਆ ਦੇ ਹਰੇਕ ਬੁੱਲੇ ਨਾਲ ਐਧਰ ਉੱਧਰ ਡੋਲਦੇ ਫਿਰਦੇ ਹਨ।” (ਅਫ਼. 4:13, 14) ਜਿਵੇਂ ਸਾਡੇ ਸਰੀਰ ਦਾ ਹਰ ਅੰਗ ਦੂਸਰੇ ਅੰਗਾਂ ਦੇ ਵਧਣ-ਫੁੱਲਣ ਲਈ ਉਨ੍ਹਾਂ ਨੂੰ ਲੋੜੀਂਦੀ ਸਪਲਾਈ ਪਹੁੰਚਾਉਂਦਾ ਹੈ, ਉਸੇ ਤਰ੍ਹਾਂ ਹਰ ਮਸੀਹੀ ਨੂੰ ਭਾਈਚਾਰੇ ਦੀ ਏਕਤਾ ਵਧਾਉਣੀ ਚਾਹੀਦੀ ਹੈ।—ਅਫ਼ਸੀਆਂ 4:15, 16 ਪੜ੍ਹੋ।

ਨਵੇਂ ਸੁਭਾਅ ਦੇ ਬਣੋ

10. ਅਨੈਤਿਕ ਚਾਲ-ਚਲਣ ਸਾਡੀ ਏਕਤਾ ਨੂੰ ਖ਼ਤਰੇ ਵਿਚ ਕਿਵੇਂ ਪਾ ਸਕਦਾ ਹੈ?

10 ਕੀ ਤੁਸੀਂ ਅਫ਼ਸੀਆਂ ਨੂੰ ਲਿਖੀ ਪੌਲੁਸ ਦੀ ਚਿੱਠੀ ਦੇ ਚੌਥੇ ਅਧਿਆਇ ਤੋਂ ਦੇਖਿਆ ਕਿ ਪਿਆਰ ਦਿਖਾ ਕੇ ਅਸੀਂ ਸਿਆਣੇ ਮਸੀਹੀਆਂ ਵਜੋਂ ਏਕਤਾ ਰੱਖ ਸਕਦੇ ਹਾਂ? ਅੱਗੋਂ ਅਸੀਂ ਦੇਖਾਂਗੇ ਕਿ ਪਿਆਰ ਦਿਖਾਉਣ ਵਿਚ ਕੀ ਕੁਝ ਸ਼ਾਮਲ ਹੈ। ਇਕ ਗੱਲ ਤਾਂ ਇਹ ਹੈ ਕਿ ਪਿਆਰ ਦੇ ਰਾਹ ਉੱਤੇ ਚੱਲ ਕੇ ਅਸੀਂ ਹਰਾਮਕਾਰੀ ਅਤੇ ਭੈੜੇ ਚਾਲ-ਚਲਣ ਤੋਂ ਦੂਰ ਰਹਾਂਗੇ। ਪੌਲੁਸ ਨੇ ਆਪਣੇ ਭਰਾਵਾਂ ਨੂੰ ਤਾਕੀਦ ਕੀਤੀ ਕਿ ਉਹ ‘ਅਗਾਹਾਂ ਨੂੰ ਅਜਿਹੀ ਚਾਲ ਨਾ ਚੱਲਣ ਜਿਵੇਂ ਪਰਾਈਆਂ ਕੌਮਾਂ ਚੱਲਦੀਆਂ ਹਨ।’ ਇਨ੍ਹਾਂ ਲੋਕਾਂ ਨੇ “ਸੁੰਨ ਹੋ ਕੇ ਆਪਣੇ ਆਪ ਨੂੰ ਲੁੱਚਪੁਣੇ ਦੇ ਹੱਥ ਸੌਂਪ ਦਿੱਤਾ।” (ਅਫ਼. 4:17-19) ਇਹ ਗੰਦੀ ਦੁਨੀਆਂ ਸਾਡੀ ਏਕਤਾ ਲਈ ਖ਼ਤਰਾ ਹੈ। ਲੋਕੀ ਹਰਾਮਕਾਰੀ ਬਾਰੇ ਚੁਟਕਲੇ ਸੁਣਾਉਂਦੇ ਹਨ, ਇਸ ਬਾਰੇ ਗਾਣੇ ਗਾਉਂਦੇ ਹਨ, ਮਨੋਰੰਜਨ ਲਈ ਇਸ ਨੂੰ ਦੇਖਦੇ ਹਨ ਅਤੇ ਲੁਕ ਕੇ ਜਾਂ ਖੁੱਲ੍ਹੇ-ਆਮ ਹਰਾਮਕਾਰੀ ਕਰਦੇ ਹਨ। ਫਲਰਟ ਵੀ ਇਕ ਫੰਦਾ ਹੈ ਜਿਸ ਕਾਰਨ ਤੁਸੀਂ ਸ਼ਾਇਦ ਕਿਸੇ ਦੀ ਸ਼ਕਲ-ਸੂਰਤ ਦੇਖ ਕੇ ਉਸ ਵੱਲ ਖਿੱਚੇ ਜਾਓ ਜਿਸ ਨਾਲ ਤੁਹਾਡਾ ਵਿਆਹ ਕਰਨ ਦਾ ਇਰਾਦਾ ਨਹੀਂ ਹੈ। ਇਸ ਕਾਰਨ ਤੁਸੀਂ ਯਹੋਵਾਹ ਅਤੇ ਕਲੀਸਿਯਾ ਤੋਂ ਦੂਰ ਹੋ ਸਕਦੇ ਹੋ। ਕਿਉਂ? ਕਿਉਂਕਿ ਫਲਰਟ ਕਾਰਨ ਅਸੀਂ ਸੌਖਿਆਂ ਹੀ ਹਰਾਮਕਾਰੀ ਦੇ ਫੰਦੇ ਵਿਚ ਫਸ ਸਕਦੇ ਹਾਂ। ਇਸ ਦੇ ਨਾਲ-ਨਾਲ ਫਲਰਟ ਕਰਨ ਨਾਲ ਵਿਆਹਿਆ ਵਿਅਕਤੀ ਜ਼ਨਾਹ ਕਰ ਸਕਦਾ ਹੈ ਜਿਸ ਕਾਰਨ ਬੱਚੇ ਮਾਪਿਆਂ ਤੋਂ ਅਤੇ ਬੇਕਸੂਰ ਪਤੀ ਜਾਂ ਪਤਨੀ ਆਪਣੇ ਜੀਵਨ-ਸਾਥੀ ਤੋਂ ਅੱਡ ਹੋ ਸਕਦੇ ਹਨ। ਇਸ ਨਾਲ ਵੀ ਵੰਡੀਆਂ ਪੈਂਦੀਆਂ ਹਨ! ਇਸੇ ਕਰਕੇ ਪੌਲੁਸ ਨੇ ਲਿਖਿਆ: “ਤੁਸਾਂ ਮਸੀਹ ਦੀ ਅਜਿਹੀ ਸਿੱਖਿਆ ਨਾ ਪਾਈ!”—ਅਫ਼. 4:20, 21.

11. ਬਾਈਬਲ ਮਸੀਹੀਆਂ ਨੂੰ ਕਿਹੜੀ ਤਬਦੀਲੀ ਕਰਨ ਦਾ ਉਤਸ਼ਾਹ ਦਿੰਦੀ ਹੈ?

11 ਪੌਲੁਸ ਨੇ ਜ਼ੋਰ ਦਿੱਤਾ ਕਿ ਸਾਨੂੰ ਫੁੱਟ ਪਾਉਣ ਵਾਲੇ ਖ਼ਿਆਲਾਂ ਨੂੰ ਛੱਡ ਕੇ ਆਪਣੇ ਵਿਚ ਅਜਿਹੇ ਗੁਣ ਪੈਦਾ ਕਰਨੇ ਚਾਹੀਦੇ ਹਨ ਜਿਨ੍ਹਾਂ ਸਦਕਾ ਅਸੀਂ ਹੋਰਨਾਂ ਨਾਲ ਮਿਲ ਕੇ ਰਹਿ ਸਕਾਂਗੇ। ਉਸ ਨੇ ਕਿਹਾ: “ਤੁਸੀਂ ਅਗਲੇ ਚਲਣ ਦੀ ਉਸ ਪੁਰਾਣੀ ਇਨਸਾਨੀਅਤ ਨੂੰ ਲਾਹ ਸੁੱਟੋ ਜੋ [ਇਸ ਦੀਆਂ] ਧੋਖਾ ਦੇਣ ਵਾਲੀਆਂ ਕਾਮਨਾਂ ਦੇ ਅਨੁਸਾਰ ਵਿਗੜਦੀ ਜਾਂਦੀ ਹੈ। ਅਤੇ ਆਪਣੇ ਮਨ ਦੇ ਸੁਭਾਉ ਵਿੱਚ ਨਵੇਂ ਬਣੋ। ਅਤੇ ਨਵੀਂ ਇਨਸਾਨੀਅਤ ਨੂੰ ਪਹਿਨ ਲਓ ਜਿਹੜੀ ਪਰਮੇਸ਼ੁਰ ਦੇ ਅਨੁਸਾਰ ਸਚਿਆਈ ਦੇ ਧਰਮ ਅਤੇ ਪਵਿੱਤਰਤਾਈ ਵਿੱਚ ਉਤਪਤ ਹੋਈ।” (ਅਫ਼. 4:22-24) ਅਸੀਂ ਕਿਵੇਂ ‘ਮਨ ਦੇ ਸੁਭਾਉ ਵਿੱਚ ਨਵੇਂ ਬਣ’ ਸਕਦੇ ਹਾਂ? ਜੇ ਅਸੀਂ ਸ਼ੁਕਰਗੁਜ਼ਾਰੀ ਨਾਲ ਪਰਮੇਸ਼ੁਰ ਦੇ ਬਚਨ ਤੋਂ ਸਿੱਖੀਆਂ ਗੱਲਾਂ ਅਤੇ ਨਿਹਚਾ ਵਿਚ ਤਕੜੇ ਮਸੀਹੀਆਂ ਦੀ ਮਿਸਾਲ ਉੱਤੇ ਸੋਚ-ਵਿਚਾਰ ਕਰਾਂਗੇ, ਤਾਂ ਅਸੀਂ ‘ਪਰਮੇਸ਼ੁਰ ਦੇ ਅਨੁਸਾਰ ਉਤਪਤ ਹੋਈ’ ਨਵੀਂ ਇਨਸਾਨੀਅਤ ਨੂੰ ਪਹਿਨਣ ਦਾ ਪੂਰਾ ਜਤਨ ਕਰ ਸਕਾਂਗੇ।

ਬੋਲਣ ਦੇ ਨਵੇਂ ਤਰੀਕੇ ਅਪਣਾਓ

12. ਸੱਚ ਬੋਲਣ ਨਾਲ ਏਕਤਾ ਕਿਵੇਂ ਵਧਦੀ ਹੈ ਅਤੇ ਕੁਝ ਜਣਿਆਂ ਨੂੰ ਸੱਚ ਬੋਲਣਾ ਔਖਾ ਕਿਉਂ ਲੱਗਦਾ ਹੈ?

12 ਪਰਿਵਾਰ ਜਾਂ ਕਲੀਸਿਯਾ ਦੇ ਮੈਂਬਰਾਂ ਲਈ ਸੱਚ ਬੋਲਣਾ ਜ਼ਰੂਰੀ ਹੈ। ਪਿਆਰ ਨਾਲ ਸਿੱਧੀ-ਪੱਧਰੀ ਗੱਲ ਕਰਨ ਨਾਲ ਲੋਕ ਇਕ-ਦੂਜੇ ਦੇ ਨੇੜੇ ਆ ਸਕਦੇ ਹਨ। (ਯੂਹੰ. 15:15) ਪਰ ਫਿਰ ਕੀ ਜੇ ਕੋਈ ਆਪਣੇ ਭਰਾ ਨਾਲ ਝੂਠ ਬੋਲਦਾ ਹੈ? ਜਦੋਂ ਇਸ ਭਰਾ ਨੂੰ ਅਹਿਸਾਸ ਹੋ ਜਾਂਦਾ ਹੈ ਕਿ ਤੁਸੀਂ ਉਸ ਨਾਲ ਝੂਠ ਬੋਲ ਰਹੇ ਹੋ, ਤਾਂ ਉਸ ਦਾ ਤੁਹਾਡੇ ਤੋਂ ਭਰੋਸਾ ਉੱਠ ਜਾਵੇਗਾ। ਇਸ ਲਈ ਤੁਸੀਂ ਸਮਝ ਸਕਦੇ ਹੋ ਕਿ ਪੌਲੁਸ ਨੇ ਕਿਉਂ ਲਿਖਿਆ ਸੀ: “ਤੁਸੀਂ ਝੂਠ ਨੂੰ ਤਿਆਗ ਕੇ ਹਰੇਕ ਆਪਣੇ ਗੁਆਂਢੀ ਨਾਲ ਸੱਚ ਬੋਲੋ ਕਿਉਂ ਜੋ ਅਸੀਂ ਇੱਕ ਦੂਏ ਦੇ ਅੰਗ ਹਾਂ।” (ਅਫ਼. 4:25) ਜਿਸ ਬੰਦੇ ਨੂੰ ਸ਼ਾਇਦ ਬਚਪਨ ਤੋਂ ਹੀ ਝੂਠ ਬੋਲਣ ਦੀ ਆਦਤ ਹੈ, ਉਸ ਨੂੰ ਸ਼ਾਇਦ ਸੱਚ ਬੋਲਣ ਦੀ ਸ਼ੁਰੂਆਤ ਕਰਨੀ ਔਖੀ ਲੱਗੇ। ਪਰ ਜੇ ਉਹ ਸੱਚ ਬੋਲਣ ਦਾ ਜਤਨ ਕਰਦਾ ਹੈ, ਤਾਂ ਯਹੋਵਾਹ ਇਸ ਗੱਲ ਦੀ ਕਦਰ ਕਰੇਗਾ ਅਤੇ ਉਸ ਦੀ ਮਦਦ ਵੀ ਕਰੇਗਾ।

13. ਠੇਸ ਪਹੁੰਚਾਉਣ ਵਾਲੀ ਬੋਲੀ ਤੋਂ ਪਰਹੇਜ਼ ਕਰਨ ਵਿਚ ਕੀ ਕੁਝ ਸ਼ਾਮਲ ਹੈ?

13 ਯਹੋਵਾਹ ਸਾਨੂੰ ਕਲੀਸਿਯਾ ਅਤੇ ਪਰਿਵਾਰ ਵਿਚ ਆਦਰ ਕਰਨਾ ਅਤੇ ਏਕਤਾ ਰੱਖਣੀ ਸਿਖਾਉਂਦਾ ਹੈ। ਇਸ ਦੇ ਲਈ ਉਹ ਦੱਸਦਾ ਹੈ ਕਿ ਸਾਨੂੰ ਕਿਵੇਂ ਨਹੀਂ ਬੋਲਣਾ ਚਾਹੀਦਾ। “ਕੋਈ ਗੰਦੀ ਗੱਲ ਤੁਹਾਡੇ ਮੂੰਹੋਂ ਨਾ ਨਿੱਕਲੇ . . . ਸਭ ਕੁੜੱਤਣ, ਕ੍ਰੋਧ, ਕੋਪ, ਰੌਲਾ, ਅਤੇ ਦੁਰਬਚਨ ਸਾਰੀ ਬੁਰਿਆਈ ਸਣੇ ਤੁਹਾਥੋਂ ਦੂਰ ਹੋਵੇ।” (ਅਫ਼. 4:29, 31) ਠੇਸ ਪਹੁੰਚਾਉਣ ਵਾਲੀ ਬੋਲੀ ਤੋਂ ਪਰਹੇਜ਼ ਕਰਨ ਲਈ ਜ਼ਰੂਰੀ ਹੈ ਕਿ ਅਸੀਂ ਦੂਜਿਆਂ ਪ੍ਰਤਿ ਹੋਰ ਵੀ ਆਦਰ ਭਰਿਆ ਰਵੱਈਆ ਰੱਖੀਏ। ਮਿਸਾਲ ਲਈ, ਜਿਹੜਾ ਆਦਮੀ ਆਪਣੀ ਘਰਵਾਲੀ ਨੂੰ ਗਾਲ਼ਾਂ ਕੱਢਦਾ ਹੈ, ਉਸ ਨੂੰ ਆਪਣਾ ਰਵੱਈਆ ਬਦਲਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ, ਖ਼ਾਸਕਰ ਜਦੋਂ ਉਹ ਸਿੱਖਦਾ ਹੈ ਕਿ ਯਹੋਵਾਹ ਔਰਤਾਂ ਦਾ ਕਿਵੇਂ ਆਦਰ ਕਰਦਾ ਹੈ। ਪਰਮੇਸ਼ੁਰ ਕੁਝ ਤੀਵੀਆਂ ਨੂੰ ਆਪਣੀ ਪਵਿੱਤਰ ਸ਼ਕਤੀ ਨਾਲ ਮਸਹ ਕਰਦਾ ਹੈ ਤੇ ਉਨ੍ਹਾਂ ਨੂੰ ਮਸੀਹ ਨਾਲ ਰਾਜਿਆਂ ਵਜੋਂ ਰਾਜ ਕਰਨ ਦਾ ਸਨਮਾਨ ਦਿੰਦਾ ਹੈ। (ਗਲਾ. 3:28; 1 ਪਤ. 3:7) ਇਸੇ ਤਰ੍ਹਾਂ, ਜਿਹੜੀ ਔਰਤ ਆਦਤ ਅਨੁਸਾਰ ਆਪਣੇ ਪਤੀ ਉੱਤੇ ਚਿਲਾਉਂਦੀ ਹੈ, ਉਸ ਨੂੰ ਵੀ ਆਪਣੇ ਆਪ ਨੂੰ ਬਦਲਣਾ ਚਾਹੀਦਾ ਹੈ ਜਦੋਂ ਉਹ ਸਿੱਖਦੀ ਹੈ ਕਿ ਯਿਸੂ ਕਿਵੇਂ ਆਪਣੇ ’ਤੇ ਕਾਬੂ ਰੱਖਦਾ ਸੀ ਜਦੋਂ ਉਸ ਨੂੰ ਗੁੱਸਾ ਆਉਂਦਾ ਸੀ।—1 ਪਤ. 2:21-23.

14. ਗੁੱਸਾ ਪ੍ਰਗਟਾਉਣਾ ਖ਼ਤਰਨਾਕ ਕਿਉਂ ਹੈ?

14 ਠੇਸ ਪਹੁੰਚਾਉਣ ਵਾਲੀਆਂ ਗੱਲਾਂ ਤਾਹੀਓਂ ਸਾਡੇ ਮੂੰਹੋਂ ਨਿਕਲਦੀਆਂ ਹਨ ਜਦੋਂ ਅਸੀਂ ਗੁੱਸੇ ਨੂੰ ਕੰਟ੍ਰੋਲ ਨਹੀਂ ਕਰਦੇ। ਇਸ ਕਾਰਨ ਵੀ ਲੋਕ ਇਕ-ਦੂਜੇ ਤੋਂ ਅੱਡ ਹੋ ਸਕਦੇ ਹਨ। ਗੁੱਸਾ ਅੱਗ ਵਾਂਗ ਹੈ। ਇਹ ਸੌਖਿਆਂ ਹੀ ਭੜਕ ਸਕਦਾ ਹੈ ਅਤੇ ਤਬਾਹੀ ਮਚਾ ਸਕਦਾ ਹੈ। (ਕਹਾ. 29:22) ਜੇ ਤੁਹਾਡਾ ਗੁੱਸਾ ਪ੍ਰਗਟਾਉਣਾ ਜਾਇਜ਼ ਵੀ ਹੈ, ਤਾਂ ਵੀ ਸਾਵਧਾਨੀ ਵਰਤ ਕੇ ਗੁੱਸੇ ਨੂੰ ਕਾਬੂ ਵਿਚ ਕਰ ਲੈਣਾ ਚਾਹੀਦਾ ਹੈ ਤਾਂਕਿ ਕਿਸੇ ਵੀ ਨਾਲ ਤੁਹਾਡੇ ਅਨਮੋਲ ਰਿਸ਼ਤੇ ਨਾ ਵਿਗੜਨ। ਮਸੀਹੀਆਂ ਨੂੰ ਮਾਫ਼ ਕਰਨ ਲਈ ਜਤਨ ਕਰਨਾ ਚਾਹੀਦਾ ਹੈ, ਦਿਲ ਵਿਚ ਗੁੱਸਾ ਨਹੀਂ ਰੱਖਣਾ ਚਾਹੀਦਾ ਅਤੇ ਵਾਰ-ਵਾਰ ਉਹੀ ਗੱਲ ਨਹੀਂ ਛੇੜਨੀ ਚਾਹੀਦੀ। (ਜ਼ਬੂ. 37:8; 103:8, 9; ਕਹਾ. 17:9) ਪੌਲੁਸ ਨੇ ਅਫ਼ਸੀਆਂ ਨੂੰ ਸਲਾਹ ਦਿੱਤੀ: “ਤੁਸੀਂ ਗੁੱਸੇ ਤਾਂ ਹੋਵੋ ਪਰ ਪਾਪ ਨਾ ਕਰੋ, ਸੂਰਜ ਤੁਹਾਡੇ ਕ੍ਰੋਧ ਉੱਤੇ ਨਾ ਡੁੱਬ ਜਾਵੇ। ਅਤੇ ਨਾ ਸ਼ਤਾਨ ਨੂੰ ਥਾਂ ਦਿਓ!” (ਅਫ਼. 4:26, 27) ਗੁੱਸੇ ’ਤੇ ਕਾਬੂ ਨਾ ਪਾਉਣ ਨਾਲ ਅਸੀਂ ਸ਼ਤਾਨ ਨੂੰ ਕਲੀਸਿਯਾ ਵਿਚ ਫੁੱਟ ਪਾਉਣ ਅਤੇ ਮਤਭੇਦ ਪੈਦਾ ਕਰਨ ਦਾ ਮੌਕਾ ਦੇ ਰਹੇ ਹੋਵਾਂਗੇ।

15. ਜੇ ਅਸੀਂ ਕਿਸੇ ਦੀ ਚੀਜ਼ ਚੁਰਾ ਲੈਂਦੇ ਹਾਂ, ਤਾਂ ਇਸ ਦਾ ਕੀ ਅਸਰ ਪੈ ਸਕਦਾ ਹੈ?

15 ਦੂਜਿਆਂ ਦੀਆਂ ਚੀਜ਼ਾਂ ਦਾ ਖ਼ਿਆਲ ਰੱਖਣ ਨਾਲ ਵੀ ਅਸੀਂ ਕਲੀਸਿਯਾ ਦੀ ਏਕਤਾ ਵਿਚ ਯੋਗਦਾਨ ਪਾਉਂਦੇ ਹਾਂ। ਅਸੀਂ ਪੜ੍ਹਦੇ ਹਾਂ: “ਚੋਰੀ ਕਰਨ ਵਾਲਾ ਅਗਾਹਾਂ ਨੂੰ ਚੋਰੀ ਨਾ ਕਰੇ।” (ਅਫ਼. 4:28) ਯਹੋਵਾਹ ਦੇ ਲੋਕ ਇਕ-ਦੂਜੇ ਉੱਤੇ ਭਰੋਸਾ ਰੱਖਦੇ ਹਨ। ਜੇ ਕੋਈ ਮਸੀਹੀ ਇਸ ਭਰੋਸੇ ਦਾ ਨਾਜਾਇਜ਼ ਫ਼ਾਇਦਾ ਉਠਾ ਕੇ ਕਿਸੇ ਦੀ ਚੀਜ਼ ਚੁਰਾ ਲੈਂਦਾ ਹੈ, ਤਾਂ ਉਹ ਏਕਤਾ ਨੂੰ ਭੰਗ ਕਰਦਾ ਹੈ।

ਪਰਮੇਸ਼ੁਰ ਲਈ ਪਿਆਰ ਸਾਨੂੰ ਇਕ ਕਰਦਾ ਹੈ

16. ਏਕਤਾ ਵਧਾਉਣ ਲਈ ਅਸੀਂ ਕਿਹੜੀਆਂ ਹੌਸਲਾ ਦੇਣ ਵਾਲੀਆਂ ਗੱਲਾਂ ਕਰ ਸਕਦੇ ਹਾਂ?

16 ਮਸੀਹੀ ਕਲੀਸਿਯਾ ਵਿਚ ਤਾਹੀਓਂ ਏਕਤਾ ਹੋ ਸਕਦੀ ਹੈ ਜੇ ਸਾਰੇ ਪਰਮੇਸ਼ੁਰ ਨੂੰ ਪਿਆਰ ਕਰਨ ਦੀ ਬਦੌਲਤ ਦੂਜਿਆਂ ਨਾਲ ਪਿਆਰ ਭਰਿਆ ਸਲੂਕ ਕਰਨ। ਯਹੋਵਾਹ ਦੀ ਦਇਆ ਲਈ ਕਦਰ ਸਾਨੂੰ ਇਸ ਸਲਾਹ ਉੱਤੇ ਚਲਣ ਦਾ ਜਤਨ ਕਰਨ ਲਈ ਉਕਸਾਉਂਦੀ ਹੈ: “ਉਹ ਗੱਲ ਨਿੱਕਲੇ ਜਿਹੜੀ ਹੋਰਨਾਂ ਦੀ ਉੱਨਤੀ ਲਈ ਚੰਗੀ ਹੋਵੇ ਭਈ ਸੁਣਨ ਵਾਲਿਆਂ ਉੱਤੇ ਕਿਰਪਾ ਹੋਵੇ। . . . ਤੁਸੀਂ ਇੱਕ ਦੂਏ ਉੱਤੇ ਕਿਰਪਾਵਾਨ ਅਤੇ ਤਰਸਵਾਨ ਹੋਵੋ ਅਤੇ ਇੱਕ ਦੂਏ ਨੂੰ ਮਾਫ਼ ਕਰੋ ਜਿਵੇਂ ਪਰਮੇਸ਼ੁਰ ਨੇ ਵੀ ਮਸੀਹ ਵਿੱਚ ਤੁਹਾਨੂੰ ਮਾਫ਼ ਕੀਤਾ।” (ਅਫ਼. 4:29, 32) ਯਹੋਵਾਹ ਦਇਆ ਨਾਲ ਸਾਡੇ ਵਰਗੇ ਪਾਪੀ ਲੋਕਾਂ ਨੂੰ ਮਾਫ਼ ਕਰਦਾ ਹੈ। ਕੀ ਸਾਨੂੰ ਵੀ ਦੂਜਿਆਂ ਨੂੰ ਮਾਫ਼ ਨਹੀਂ ਕਰਨਾ ਚਾਹੀਦਾ ਜਦੋਂ ਅਸੀਂ ਉਨ੍ਹਾਂ ਦੀਆਂ ਕਮੀਆਂ ਦੇਖਦੇ ਹਾਂ?

17. ਸਾਨੂੰ ਏਕਤਾ ਵਧਾਉਣ ਦਾ ਸਖ਼ਤ ਜਤਨ ਕਿਉਂ ਕਰਨਾ ਚਾਹੀਦਾ ਹੈ?

17 ਪਰਮੇਸ਼ੁਰ ਦੇ ਲੋਕਾਂ ਦੀ ਏਕਤਾ ਕਾਰਨ ਯਹੋਵਾਹ ਦੀ ਵਡਿਆਈ ਹੁੰਦੀ ਹੈ। ਉਸ ਦੀ ਪਵਿੱਤਰ ਸ਼ਕਤੀ ਵੱਖੋ-ਵੱਖਰੇ ਤਰੀਕਿਆਂ ਨਾਲ ਏਕਤਾ ਵਧਾਉਣ ਲਈ ਸਾਨੂੰ ਪ੍ਰੇਰਦੀ ਹੈ। ਅਸੀਂ ਪਵਿੱਤਰ ਸ਼ਕਤੀ ਦੀ ਸੇਧ ਦੇ ਖ਼ਿਲਾਫ਼ ਨਹੀਂ ਜਾਣਾ ਚਾਹਾਂਗੇ। ਪੌਲੁਸ ਨੇ ਲਿਖਿਆ: ‘ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਨੂੰ ਉਦਾਸ ਨਾ ਕਰੋ।’ (ਅਫ਼. 4:30) ਏਕਤਾ ਖ਼ਜ਼ਾਨੇ ਦੀ ਤਰ੍ਹਾਂ ਹੈ ਜਿਸ ਨੂੰ ਸੰਭਾਲ ਕੇ ਰੱਖਿਆ ਜਾਣਾ ਚਾਹੀਦਾ ਹੈ। ਇਸ ਤਰ੍ਹਾਂ ਉਨ੍ਹਾਂ ਸਾਰਿਆਂ ਨੂੰ ਖ਼ੁਸ਼ੀ ਮਿਲਦੀ ਹੈ ਜੋ ਏਕਤਾ ਨਾਲ ਰਹਿੰਦੇ ਹਨ ਅਤੇ ਯਹੋਵਾਹ ਦੀ ਵਡਿਆਈ ਕਰਦੇ ਹਨ। “ਸੋ ਤੁਸੀਂ ਪਿਆਰਿਆਂ ਪੁੱਤ੍ਰਾਂ ਵਾਂਙੁ ਪਰਮੇਸ਼ੁਰ ਦੀ ਰੀਸ ਕਰੋ। ਅਤੇ ਪ੍ਰੇਮ ਨਾਲ ਚੱਲੋ।”—ਅਫ਼. 5:1, 2.

ਤੁਸੀਂ ਕਿਵੇਂ ਜਵਾਬ ਦਿਓਗੇ?

• ਕਿਹੜੇ ਗੁਣ ਮਸੀਹੀਆਂ ਵਿਚ ਏਕਤਾ ਪੈਦਾ ਕਰਦੇ ਹਨ?

• ਸਾਡੇ ਚਾਲ-ਚਲਣ ਕਾਰਨ ਕਲੀਸਿਯਾ ਵਿਚ ਏਕਤਾ ਕਿਵੇਂ ਵਧਦੀ ਹੈ?

• ਦੂਜਿਆਂ ਨਾਲ ਮਿਲ ਕੇ ਕੰਮ ਕਰਨ ਵਿਚ ਸਾਡੀ ਬੋਲੀ ਕਿਵੇਂ ਮਦਦ ਕਰ ਸਕਦੀ ਹੈ?

[ਸਵਾਲ]

[ਸਫ਼ਾ 17 ਉੱਤੇ ਤਸਵੀਰ]

ਕਈ ਪਿਛੋਕੜਾਂ ਦੇ ਲੋਕਾਂ ਵਿਚ ਏਕਤਾ ਹੈ

[ਸਫ਼ਾ 18 ਉੱਤੇ ਤਸਵੀਰ]

ਕੀ ਤੁਹਾਨੂੰ ਪਤਾ ਹੈ ਕਿ ਫਲਰਟ ਕਰਨ ਦੇ ਕਿਹੜੇ ਖ਼ਤਰੇ ਹਨ?