Skip to content

Skip to table of contents

ਮਸੀਹ ਤੁਹਾਡਾ ਇੱਕੋ ਆਗੂ ਹੈ

ਮਸੀਹ ਤੁਹਾਡਾ ਇੱਕੋ ਆਗੂ ਹੈ

ਮਸੀਹ ਤੁਹਾਡਾ ਇੱਕੋ ਆਗੂ ਹੈ

‘ਤੁਸੀਂ ਮਾਲਕ ਨਾ ਕਹਾਓ ਕਿਉਂ ਜੋ ਤੁਹਾਡਾ ਮਾਲਕ ਇੱਕੋ ਹੈ ਅਰਥਾਤ ਮਸੀਹ।’—ਮੱਤੀ 23:10.

1. ਯਹੋਵਾਹ ਦੇ ਗਵਾਹ ਕਿਸ ਨੂੰ ਆਪਣਾ ਆਗੂ ਮੰਨਦੇ ਹਨ ਅਤੇ ਕਿਉਂ?

ਈਸਾਈ-ਜਗਤ ਦੇ ਚਰਚਾਂ ਦੇ ਆਗੂ ਮਨੁੱਖ ਹਨ ਜਿਵੇਂ ਰੋਮ ਦਾ ਪੋਪ, ਪੂਰਬੀ ਆਰਥੋਡਾਕਸ ਚਰਚਾਂ ਦੇ ਮੁੱਖ ਪਾਦਰੀ, ਬਿਸ਼ਪ ਅਤੇ ਹੋਰ ਧਰਮਾਂ ਦੇ ਮੋਹਰੀ ਆਦਿ। ਪਰ ਯਹੋਵਾਹ ਦੇ ਗਵਾਹ ਕਿਸੇ ਇਨਸਾਨ ਨੂੰ ਆਪਣਾ ਆਗੂ ਨਹੀਂ ਮੰਨਦੇ। ਉਹ ਕਿਸੇ ਇਨਸਾਨ ਦੇ ਚੇਲੇ ਜਾਂ ਪੈਰੋਕਾਰ ਨਹੀਂ ਹਨ। ਇਹ ਗੱਲ ਉਸ ਭਵਿੱਖਬਾਣੀ ਅਨੁਸਾਰ ਹੈ ਜੋ ਯਹੋਵਾਹ ਨੇ ਆਪਣੇ ਪੁੱਤਰ ਬਾਰੇ ਕੀਤੀ ਸੀ: “ਵੇਖ, ਮੈਂ ਉਹ ਨੂੰ ਉੱਮਤਾਂ ਲਈ ਗਵਾਹ ਠਹਿਰਾਇਆ ਹੈ, ਉੱਮਤਾਂ ਲਈ ਪਰਧਾਨ [ਆਗੂ] ਅਤੇ ਹਾਕਮ।” (ਯਸਾ. 55:4) ਮਸਹ ਕੀਤੇ ਹੋਏ ਮਸੀਹੀਆਂ ਅਤੇ ‘ਹੋਰ ਭੇਡਾਂ’ ਦੀ ਅੰਤਰਰਾਸ਼ਟਰੀ ਕਲੀਸਿਯਾ ਸਿਰਫ਼ ਉਹੀ ਆਗੂ ਚਾਹੁੰਦੀ ਹੈ ਜੋ ਯਹੋਵਾਹ ਨੇ ਉਨ੍ਹਾਂ ਨੂੰ ਦਿੱਤਾ ਹੈ। (ਯੂਹੰ. 10:16) ਉਹ ਯਿਸੂ ਦੀ ਇਸ ਗੱਲ ਨਾਲ ਸਹਿਮਤ ਹੁੰਦੇ ਹਨ: “ਤੁਹਾਡਾ ਮਾਲਕ [ਆਗੂ] ਇੱਕੋ ਹੈ ਅਰਥਾਤ ਮਸੀਹ।”—ਮੱਤੀ 23:10.

ਇਸਰਾਏਲ ਦਾ ਪ੍ਰਧਾਨ

2, 3. ਪਰਮੇਸ਼ੁਰ ਦੇ ਪੁੱਤਰ ਨੇ ਇਸਰਾਏਲ ਵਾਸਤੇ ਕੀ ਕੁਝ ਕੀਤਾ ਸੀ?

2 ਮਸੀਹੀ ਕਲੀਸਿਯਾ ਬਣਨ ਤੋਂ ਸਦੀਆਂ ਪਹਿਲਾਂ ਯਹੋਵਾਹ ਨੇ ਇਸਰਾਏਲੀਆਂ ਉੱਤੇ ਇਕ ਦੂਤ ਨੂੰ ਆਗੂ ਠਹਿਰਾਇਆ ਸੀ। ਇਸਰਾਏਲੀਆਂ ਨੂੰ ਮਿਸਰ ਵਿੱਚੋਂ ਲਿਆਉਣ ਤੋਂ ਬਾਅਦ ਯਹੋਵਾਹ ਨੇ ਉਨ੍ਹਾਂ ਨੂੰ ਕਿਹਾ: “ਵੇਖੋ ਮੈਂ ਇੱਕ ਦੂਤ ਤੁਹਾਡੇ ਅੱਗੇ ਘੱਲਦਾ ਹਾਂ ਕਿ ਉਹ ਤੁਹਾਡੇ ਰਾਹ ਵਿੱਚ ਤੁਹਾਡੀ ਰਾਖੀ ਕਰੇ ਅਤੇ ਤੁਹਾਨੂੰ ਉਸ ਅਸਥਾਨ ਨੂੰ ਜਿਹੜਾ ਮੈਂ ਤਿਆਰ ਕੀਤਾ ਹੈ ਲੈ ਜਾਵੇ। ਉਸ ਦੇ ਅੱਗੇ ਚੌਕਸ ਰਹੋ ਅਤੇ ਉਸ ਦੀ ਅਵਾਜ਼ ਨੂੰ ਸੁਣੋ ਅਤੇ ਉਹ ਨੂੰ ਨਾ ਛੇੜੋ ਕਿਉਂ ਜੋ ਉਹ ਤੁਹਾਡੇ ਅਪਰਾਧ ਨੂੰ ਨਹੀਂ ਬਖ਼ਸ਼ੇਗਾ ਏਸ ਲਈ ਭਈ ਮੇਰਾ ਨਾਮ ਉਸ ਵਿੱਚ ਹੈ।” (ਕੂਚ 23:20, 21) ਇਸ ਲਈ ਇਹ ਮੰਨਣਾ ਸਹੀ ਹੈ ਕਿ ਇਹ ਦੂਤ, ਜਿਸ ਵਿਚ ‘ਯਹੋਵਾਹ ਦਾ ਨਾਮ’ ਸੀ, ਪਰਮੇਸ਼ੁਰ ਦਾ ਜੇਠਾ ਪੁੱਤਰ ਸੀ।

3 ਜ਼ਾਹਰ ਹੈ ਕਿ ਮਨੁੱਖ ਦੇ ਰੂਪ ਵਿਚ ਜਨਮ ਲੈਣ ਤੋਂ ਪਹਿਲਾਂ ਪਰਮੇਸ਼ੁਰ ਦੇ ਇਸ ਪੁੱਤਰ ਦਾ ਨਾਂ ਮੀਕਾਏਲ ਸੀ। ਦਾਨੀਏਲ ਦੀ ਕਿਤਾਬ ਵਿਚ ਮੀਕਾਏਲ ਨੂੰ ਦਾਨੀਏਲ ਦੇ ਲੋਕਾਂ ਦਾ “ਪ੍ਰਧਾਨ” ਕਿਹਾ ਗਿਆ ਹੈ। (ਦਾਨੀ. 10:21) ਯਹੂਦਾਹ ਚੇਲੇ ਨੇ ਸੰਕੇਤ ਕੀਤਾ ਕਿ ਦਾਨੀਏਲ ਦੇ ਜ਼ਮਾਨੇ ਤੋਂ ਕਾਫ਼ੀ ਸਮਾਂ ਪਹਿਲਾਂ ਮੀਕਾਏਲ ਇਸਰਾਏਲ ਦੇ ਮਾਮਲਿਆਂ ਵਿਚ ਸ਼ਾਮਲ ਸੀ। ਲੱਗਦਾ ਹੈ ਕਿ ਮੂਸਾ ਦੀ ਮੌਤ ਤੋਂ ਬਾਅਦ ਸ਼ਤਾਨ ਉਸ ਦੀ ਲਾਸ਼ ਨੂੰ ਵਰਤ ਕੇ ਆਪਣਾ ਇਰਾਦਾ ਪੂਰਾ ਕਰਨਾ ਚਾਹੁੰਦਾ ਸੀ। ਉਹ ਸ਼ਾਇਦ ਇਸਰਾਏਲੀਆਂ ਨੂੰ ਲਾਸ਼ ਦੀ ਪੂਜਾ ਕਰਨ ਲਈ ਉਕਸਾਉਣਾ ਚਾਹੁੰਦਾ ਸੀ। ਮੀਕਾਏਲ ਨੇ ਸ਼ਤਾਨ ਨੂੰ ਇਸ ਤਰ੍ਹਾਂ ਕਰਨ ਤੋਂ ਰੋਕਿਆ। ਯਹੂਦਾਹ ਲਿਖਦਾ ਹੈ: “ਮਹਾਂ ਦੂਤ ਮੀਕਾਏਲ ਜਾਂ ਸ਼ਤਾਨ ਨਾਲ ਝਗੜਾ ਕਰ ਕੇ ਮੂਸਾ ਦੀ ਲੋਥ ਦੇ ਵਿਖੇ ਵਿਵਾਦ ਕਰਦਾ ਸੀ ਤਾਂ ਉਹ ਦਾ ਹਿਆਉਂ ਨਾ ਪਿਆ ਭਈ ਮਿਹਣਾ ਮਾਰ ਕੇ ਓਸ ਉੱਤੇ ਦੋਸ਼ ਲਾਵੇ ਸਗੋਂ ਇਹ ਆਖਿਆ ਭਈ ਪ੍ਰਭੁ ਤੈਨੂੰ ਸਮਝੇ!” (ਯਹੂ. 9) ਥੋੜ੍ਹੇ ਚਿਰ ਬਾਅਦ ਯਰੀਹੋ ਨੂੰ ਘੇਰੇ ਜਾਣ ਤੋਂ ਪਹਿਲਾਂ ਇਹ ਮੀਕਾਏਲ ਹੀ ਸੀ ਜਿਸ ਨੇ “ਯਹੋਵਾਹ ਦੇ ਸੈਨਾ ਪਤੀ” ਵਜੋਂ ਯਹੋਸ਼ੁਆ ਨੂੰ ਦਰਸ਼ਣ ਦਿੱਤਾ ਅਤੇ ਭਰੋਸਾ ਦਿਵਾਇਆ ਕਿ ਯਹੋਵਾਹ ਉਸ ਦੇ ਨਾਲ ਸੀ। (ਯਹੋਸ਼ੁਆ 5:13-15 ਪੜ੍ਹੋ।) ਜਦ ਇਕ ਵਫ਼ਾਦਾਰ ਦੂਤ ਨਬੀ ਦਾਨੀਏਲ ਨੂੰ ਜ਼ਰੂਰੀ ਸੰਦੇਸ਼ ਦੇਣ ਆਇਆ, ਤਾਂ ਇਕ ਬੁਰੇ ਤਾਕਤਵਰ ਦੂਤ ਨੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਉਸ ਸਮੇਂ ਮਹਾਂ ਦੂਤ ਮੀਕਾਏਲ ਵਫ਼ਾਦਾਰ ਦੂਤ ਦੀ ਮਦਦ ਕਰਨ ਆਇਆ ਸੀ।—ਦਾਨੀ. 10:5-7, 12-14.

ਭਵਿੱਖਬਾਣੀ ਵਿਚ ਦੱਸਿਆ ਆਗੂ ਆਉਂਦਾ ਹੈ

4. ਮਸੀਹਾ ਦੇ ਆਉਣ ਸੰਬੰਧੀ ਕਿਹੜੀ ਭਵਿੱਖਬਾਣੀ ਕੀਤੀ ਗਈ ਸੀ?

4 ਇਸ ਘਟਨਾ ਤੋਂ ਪਹਿਲਾਂ ਯਹੋਵਾਹ ਨੇ ਜਬਰਾਏਲ ਦੂਤ ਨੂੰ ਦਾਨੀਏਲ ਨਬੀ ਕੋਲ ਘੱਲਿਆ ਸੀ ਤਾਂਕਿ ਉਹ ਚੁਣੇ ਹੋਏ ਆਗੂ “ਮਸੀਹ” ਦੇ ਆਉਣ ਬਾਰੇ ਭਵਿੱਖਬਾਣੀ ਦੱਸੇ। (ਦਾਨੀ. 9:21-25) * ਭਵਿੱਖਬਾਣੀ ਮੁਤਾਬਕ ਐਨ ਸਹੀ ਸਮੇਂ ਤੇ 29 ਈ. ਪੂ. ਦੀ ਪਤਝੜ ਨੂੰ ਯਿਸੂ ਨੇ ਯੂਹੰਨਾ ਤੋਂ ਬਪਤਿਸਮਾ ਲਿਆ। ਪਰਮੇਸ਼ੁਰ ਨੇ ਯਿਸੂ ਉੱਤੇ ਪਵਿੱਤਰ ਸ਼ਕਤੀ ਪਾਈ ਜਿਸ ਨਾਲ ਉਹ ਚੁਣਿਆ ਹੋਇਆ ਮਸੀਹਾ ਬਣਿਆ। (ਮੱਤੀ 3:13-17; ਯੂਹੰ. 1:29-34; ਗਲਾ. 4:4) ਇਸ ਕਰਕੇ ਉਸ ਨੇ ਅਜਿਹਾ ਆਗੂ ਬਣਨਾ ਸੀ ਜਿਸ ਦਾ ਕੋਈ ਮੁਕਾਬਲਾ ਨਹੀਂ ਕਰ ਸਕਦਾ।

5. ਧਰਤੀ ਉੱਤੇ ਸੇਵਕਾਈ ਦੌਰਾਨ ਮਸੀਹ ਨੇ ਕਿਵੇਂ ਆਗੂ ਦੀ ਭੂਮਿਕਾ ਨਿਭਾਈ?

5 ਧਰਤੀ ਉੱਤੇ ਸੇਵਕਾਈ ਸ਼ੁਰੂ ਕਰਦਿਆਂ ਹੀ ਯਿਸੂ ਨੇ ਸਾਬਤ ਕੀਤਾ ਕਿ ਉਹ “ਮਸੀਹ” ਯਾਨੀ ਚੁਣਿਆ ਹੋਇਆ ਆਗੂ ਹੈ। ਕੁਝ ਹੀ ਦਿਨਾਂ ਅੰਦਰ ਉਸ ਨੇ ਚੇਲੇ ਇਕੱਠੇ ਕਰਨੇ ਸ਼ੁਰੂ ਕਰ ਦਿੱਤੇ ਅਤੇ ਆਪਣਾ ਪਹਿਲਾਂ ਚਮਤਕਾਰ ਕੀਤਾ। (ਯੂਹੰ. 1:35–2:11) ਉਸ ਦੇ ਚੇਲੇ ਉਸ ਦੇ ਨਾਲ-ਨਾਲ ਗਏ ਜਦੋਂ ਉਸ ਨੇ ਦੇਸ਼ ਦੇ ਕੋਨੇ-ਕੋਨੇ ਵਿਚ ਜਾ ਕੇ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕੀਤਾ। (ਲੂਕਾ 8:1) ਉਸ ਨੇ ਉਨ੍ਹਾਂ ਨੂੰ ਪ੍ਰਚਾਰ ਕਰਨ ਦੀ ਸਿਖਲਾਈ ਦਿੱਤੀ ਅਤੇ ਪ੍ਰਚਾਰ ਤੇ ਸਿਖਾਉਣ ਦੇ ਕੰਮ ਦੀ ਅਗਵਾਈ ਕਰ ਕੇ ਵਧੀਆ ਮਿਸਾਲ ਕਾਇਮ ਕੀਤੀ। (ਲੂਕਾ 9:1-6) ਅੱਜ ਮਸੀਹੀ ਬਜ਼ੁਰਗਾਂ ਨੂੰ ਉਸ ਦੀ ਰੀਸ ਕਰਨੀ ਚਾਹੀਦੀ ਹੈ।

6. ਮਸੀਹ ਨੇ ਕਿਸ ਤਰੀਕੇ ਨਾਲ ਸਾਬਤ ਕੀਤਾ ਕਿ ਉਹ ਚਰਵਾਹਾ ਤੇ ਆਗੂ ਹੈ?

6 ਯਿਸੂ ਨੇ ਆਗੂ ਵਜੋਂ ਕੰਮ ਕਰਨ ਦਾ ਇਕ ਹੋਰ ਪਹਿਲੂ ਦੱਸਿਆ। ਉਸ ਨੇ ਆਪਣੀ ਤੁਲਨਾ ਇਕ ਪਿਆਰ ਕਰਨ ਵਾਲੇ ਚਰਵਾਹੇ ਨਾਲ ਕੀਤੀ। ਪੂਰਬੀ ਚਰਵਾਹੇ ਸੱਚ-ਮੁੱਚ ਆਪਣੇ ਇੱਜੜਾਂ ਦੇ ਅੱਗੇ-ਅੱਗੇ ਚੱਲਦੇ ਹਨ। ਡਬਲਯੂ. ਐੱਮ. ਟੌਮਸਨ ਨੇ ਆਪਣੀ ਕਿਤਾਬ (The Land and the Book) ਵਿਚ ਲਿਖਿਆ: “ਚਰਵਾਹਾ ਅੱਗੇ-ਅੱਗੇ ਜਾਂਦਾ ਹੈ, ਭੇਡਾਂ ਨੂੰ ਸਿਰਫ਼ ਰਾਹ ਦਿਖਾਉਣ ਲਈ ਨਹੀਂ, ਸਗੋਂ ਇਹ ਵੀ ਦੇਖਣ ਲਈ ਕਿ ਭੇਡਾਂ ਇਸ ਰਾਹ ਥਾਣੀਂ ਸਹੀ-ਸਲਾਮਤ ਲੰਘ ਸਕਦੀਆਂ ਹਨ ਕਿ ਨਹੀਂ। . . . [ਆਪਣੀ] ਲਾਠੀ ਨਾਲ ਉਹ ਉਨ੍ਹਾਂ ਨੂੰ ਕਾਬੂ ਵਿਚ ਰੱਖਦਾ ਹੈ ਅਤੇ ਹਰੀਆਂ ਚਰਾਂਦਾਂ ਵੱਲ ਆਪਣੇ ਇੱਜੜ ਨੂੰ ਲੈ ਜਾਂਦਾ ਹੈ ਤੇ ਉਨ੍ਹਾਂ ਨੂੰ ਉਨ੍ਹਾਂ ਦੇ ਦੁਸ਼ਮਣਾਂ ਤੋਂ ਬਚਾਉਂਦਾ ਹੈ।” ਯਿਸੂ ਨੇ ਇਹ ਦਿਖਾਉਣ ਲਈ ਕਿ ਉਹ ਸੱਚਾ ਚਰਵਾਹਾ ਤੇ ਆਗੂ ਹੈ, ਉਸ ਨੇ ਕਿਹਾ: “ਅੱਛਾ ਅਯਾਲੀ ਮੈਂ ਹਾਂ। ਅੱਛਾ ਅਯਾਲੀ ਭੇਡਾਂ ਲਈ ਆਪਣੀ ਜਾਨ ਦਿੰਦਾ ਹੈ। ਮੇਰੀਆਂ ਭੇਡਾਂ ਮੇਰੀ ਅਵਾਜ਼ ਸੁਣਦੀਆਂ ਹਨ ਅਰ ਮੈਂ ਉਨ੍ਹਾਂ ਨੂੰ ਸਿਆਣਦਾ ਹਾਂ ਅਤੇ ਓਹ ਮੇਰੇ ਮਗਰ ਲੱਗੀਆਂ ਆਉਂਦੀਆਂ ਹਨ।” (ਯੂਹੰ. 10:11, 27) ਆਪਣੇ ਵਚਨ ਦਾ ਪੱਕਾ ਹੋਣ ਕਰਕੇ ਯਿਸੂ ਨੇ ਆਪਣੀਆਂ ਭੇਡਾਂ ਦੇ ਬਦਲੇ ਆਪਣੀ ਜਾਨ ਕੁਰਬਾਨ ਕਰ ਦਿੱਤੀ, ਪਰ ਯਹੋਵਾਹ ਨੇ ਉਸ ਨੂੰ “ਅੱਤ ਉੱਚਾ ਕਰ ਕੇ ਹਾਕਮ ਅਤੇ ਮੁਕਤੀਦਾਤਾ ਠਹਿਰਾਇਆ।”—ਰਸੂ. 5:31; ਇਬ. 13:20.

ਮਸੀਹੀ ਕਲੀਸਿਯਾ ਦਾ ਨਿਗਾਹਬਾਨ

7. ਯਿਸੂ ਕਿਸ ਦੇ ਜ਼ਰੀਏ ਮਸੀਹੀ ਕਲੀਸਿਯਾ ਦੀ ਨਿਗਰਾਨੀ ਕਰਦਾ ਹੈ?

7 ਮੁੜ ਜ਼ਿੰਦਾ ਹੋਏ ਯਿਸੂ ਨੇ ਸਵਰਗ ਜਾਣ ਤੋਂ ਥੋੜ੍ਹੀ ਦੇਰ ਪਹਿਲਾਂ ਆਪਣੇ ਚੇਲਿਆਂ ਨੂੰ ਕਿਹਾ: “ਅਕਾਸ਼ ਅਤੇ ਧਰਤੀ ਦਾ ਸਾਰਾ ਇਖ਼ਤਿਆਰ ਮੈਨੂੰ ਦਿੱਤਾ ਗਿਆ ਹੈ।” (ਮੱਤੀ 28:18) ਯਹੋਵਾਹ ਨੇ ਯਿਸੂ ਨੂੰ ਪਵਿੱਤਰ ਸ਼ਕਤੀ ਦਿੱਤੀ ਤਾਂਕਿ ਉਹ ਆਪਣੇ ਚੇਲਿਆਂ ਨੂੰ ਸੱਚਾਈ ਵਿਚ ਮਜ਼ਬੂਤ ਕਰ ਸਕੇ। (ਯੂਹੰ. 15:26) ਯਿਸੂ ਨੇ ਇਹ ਸ਼ਕਤੀ ਪੰਤੇਕੁਸਤ 33 ਈਸਵੀ ਨੂੰ ਆਪਣੇ ਮੁਢਲੇ ਮਸੀਹੀਆਂ ਉੱਤੇ ਪਾਈ। (ਰਸੂ. 2:33) ਪਵਿੱਤਰ ਸ਼ਕਤੀ ਪਾਏ ਜਾਣ ਨਾਲ ਮਸੀਹੀ ਕਲੀਸਿਯਾ ਸ਼ੁਰੂ ਹੋਈ। ਯਹੋਵਾਹ ਨੇ ਸਵਰਗ ਵਿਚ ਆਪਣੇ ਪੁੱਤਰ ਨੂੰ ਸਾਰੀ ਵਿਸ਼ਵ-ਵਿਆਪੀ ਕਲੀਸਿਯਾ ਦਾ ਆਗੂ ਬਣਾ ਦਿੱਤਾ। (ਅਫ਼ਸੀਆਂ 1:22; ਕੁਲੁੱਸੀਆਂ 1:13, 18 ਪੜ੍ਹੋ।) ਯਿਸੂ ਯਹੋਵਾਹ ਦੀ ਪਵਿੱਤਰ ਸ਼ਕਤੀ ਦੇ ਜ਼ਰੀਏ ਮਸੀਹੀ ਕਲੀਸਿਯਾ ਦੀ ਅਗਵਾਈ ਕਰਦਾ ਹੈ ਅਤੇ “ਉਹ ਦੇ ਅਧੀਨ ਕੀਤੇ ਹੋਏ” ਦੂਤ ਉਸ ਦੀ ਖਿਦਮਤ ਕਰਦੇ ਹਨ।—1 ਪਤ. 3:22.

8. ਪਹਿਲੀ ਸਦੀ ਵਿਚ ਮਸੀਹ ਨੇ ਆਪਣੇ ਚੇਲਿਆਂ ਦੀ ਅਗਵਾਈ ਕਰਨ ਲਈ ਕਿਸ ਨੂੰ ਵਰਤਿਆ ਅਤੇ ਅੱਜ ਕਿਸ ਨੂੰ ਵਰਤ ਰਿਹਾ ਹੈ?

8 ਮਸੀਹ ਨੇ ਪਵਿੱਤਰ ਸ਼ਕਤੀ ਦੇ ਜ਼ਰੀਏ ਕਲੀਸਿਯਾ ਨੂੰ ਮਨੁੱਖਾਂ ਦੇ ਰੂਪ ਵਿਚ ਦਾਨ ਵੀ ਦਿੱਤੇ ਹਨ। ਕੁਝ ਨੂੰ ਉਸ ਨੇ ‘ਚਰਵਾਹੇ ਅਤੇ ਕੁਝ ਨੂੰ ਸਿਖਿਅਕ’ ਠਹਿਰਾਇਆ। (ਅਫ਼. 4:8, 11, CL) ਪੌਲੁਸ ਰਸੂਲ ਨੇ ਮਸੀਹੀ ਨਿਗਾਹਬਾਨਾਂ ਨੂੰ ਤਾਕੀਦ ਕੀਤੀ: ‘ਤੁਸੀਂ ਆਪਣੀ, ਨਾਲੇ ਉਸ ਸਾਰੇ ਇੱਜੜ ਦੀ ਖਬਰਦਾਰੀ ਕਰੋ ਜਿਹ ਦੇ ਉੱਤੇ ਪਵਿੱਤ੍ਰ ਸ਼ਕਤੀ ਨੇ ਤੁਹਾਨੂੰ ਨਿਗਾਹਬਾਨ ਠਹਿਰਾਇਆ ਹੈ ਜੋ ਪਰਮੇਸ਼ੁਰ ਦੀ ਕਲੀਸਿਯਾ ਦੀ ਚਰਵਾਹੀ ਕਰੋ।’ (ਰਸੂ. 20:28) ਜਦੋਂ ਮਸੀਹੀ ਕਲੀਸਿਯਾ ਸ਼ੁਰੂ ਹੋਈ ਸੀ, ਉਦੋਂ ਇਹ ਸਾਰੇ ਨਿਗਾਹਬਾਨ ਪਵਿੱਤਰ ਸ਼ਕਤੀ ਨਾਲ ਮਸਹ ਕੀਤੇ ਹੋਏ ਸਨ। ਯਰੂਸ਼ਲਮ ਕਲੀਸਿਯਾ ਦੇ ਰਸੂਲ ਅਤੇ ਬਜ਼ੁਰਗ ਪ੍ਰਬੰਧਕ ਸਭਾ ਵਜੋਂ ਕੰਮ ਕਰਦੇ ਸਨ। ਮਸੀਹ ਨੇ ਇਸ ਪ੍ਰਬੰਧਕ ਸਭਾ ਨੂੰ ਧਰਤੀ ਉੱਤੇ ਆਪਣੇ ਸਾਰੇ ਮਸਹ ਕੀਤੇ ਹੋਏ ‘ਭਰਾਵਾਂ’ ਦੀ ਅਗਵਾਈ ਕਰਨ ਲਈ ਵਰਤਿਆ ਸੀ। (ਇਬ. 2:11; ਰਸੂ. 16:4, 5) ਮਸੀਹ ਨੇ ਇਸ ਅੰਤਿਮ ਸਮੇਂ ਵਿਚ ਮਸਹ ਕੀਤੇ ਹੋਏ ਮਸੀਹੀਆਂ ਨਾਲ ਬਣੇ “ਮਾਤਬਰ ਅਤੇ ਬੁੱਧਵਾਨ ਨੌਕਰ” ਅਤੇ ਇਸ ਦੀ ਪ੍ਰਤਿਨਿਧ ਪ੍ਰਬੰਧਕ ਸਭਾ ਨੂੰ ‘ਆਪਣੇ ਸਾਰੇ ਮਾਲ ਮਤੇ’ ਯਾਨੀ ਰਾਜ ਨਾਲ ਸੰਬੰਧਿਤ ਸਾਰੇ ਕੰਮਾਂ ਦੀ ਜ਼ਿੰਮੇਵਾਰੀ ਸੌਂਪੀ ਹੈ। (ਮੱਤੀ 24:45-47) ਮਸਹ ਕੀਤੇ ਹੋਏ ਮਸੀਹੀਆਂ ਅਤੇ ਉਨ੍ਹਾਂ ਦੇ ਸਾਥੀਆਂ ਹੋਰ ਭੇਡਾਂ ਨੂੰ ਪਤਾ ਹੈ ਕਿ ਮੌਜੂਦਾ ਪ੍ਰਬੰਧਕ ਸਭਾ ਦੀ ਅਗਵਾਈ ਵਿਚ ਚੱਲ ਕੇ ਅਸਲ ਵਿਚ ਉਹ ਆਪਣੇ ਆਗੂ ਮਸੀਹ ਦੀ ਅਗਵਾਈ ਵਿਚ ਚੱਲ ਰਹੇ ਹਨ।

ਪ੍ਰਚਾਰ ਦੇ ਕੰਮ ਦਾ ਮੋਢੀ ਮਸੀਹ

9, 10. ਮਸੀਹ ਨੇ ਕਿਵੇਂ ਰਾਜ ਦੀ ਖ਼ੁਸ਼ ਖ਼ਬਰੀ ਫੈਲਾਉਣ ਦੇ ਕੰਮ ਦੀ ਨਿਗਰਾਨੀ ਕੀਤੀ?

9 ਸ਼ੁਰੂ ਤੋਂ ਹੀ ਯਿਸੂ ਨੇ ਦੁਨੀਆਂ ਭਰ ਵਿਚ ਹੋ ਰਹੇ ਪ੍ਰਚਾਰ ਅਤੇ ਸਿਖਾਉਣ ਦੇ ਕੰਮ ਦੀ ਨਿਗਰਾਨੀ ਕੀਤੀ ਹੈ। ਉਸ ਨੇ ਹਿਦਾਇਤ ਦਿੱਤੀ ਸੀ ਕਿ ਰਾਜ ਦੀ ਖ਼ੁਸ਼ ਖ਼ਬਰੀ ਧਰਤੀ ਉੱਤੇ ਪਹਿਲਾਂ ਕਿਨ੍ਹਾਂ ਲੋਕਾਂ ਨੂੰ ਸੁਣਾਈ ਜਾਣੀ ਸੀ। ਆਪਣੀ ਸੇਵਕਾਈ ਦੌਰਾਨ ਉਸ ਨੇ ਆਪਣੇ ਰਸੂਲਾਂ ਨੂੰ ਹਿਦਾਇਤਾਂ ਦਿੱਤੀਆਂ: “ਤੁਸੀਂ ਪਰਾਈਆਂ ਕੌਮਾਂ ਦੇ ਰਾਹ ਨਾ ਜਾਣਾ ਅਤੇ ਸਾਮਰੀਆਂ ਦੇ ਕਿਸੇ ਨਗਰ ਵਿੱਚ ਨਾ ਵੜਨਾ। ਸਗੋਂ ਇਸਰਾਏਲ ਦੇ ਘਰਾਣੇ ਦੀਆਂ ਗੁਆਚੀਆਂ ਹੋਈਆਂ ਭੇਡਾਂ ਕੋਲ ਜਾਓ। ਅਤੇ ਤੁਰਦੇ ਤੁਰਦੇ ਪਰਚਾਰ ਕਰ ਕੇ ਆਖੋ ਭਈ ਸੁਰਗ ਦਾ ਰਾਜ ਨੇੜੇ ਆਇਆ ਹੈ।” (ਮੱਤੀ 10:5-7) ਉਨ੍ਹਾਂ ਨੇ ਖ਼ਾਸਕਰ 33 ਈਸਵੀ ਤੋਂ ਬਾਅਦ ਜੋਸ਼ ਨਾਲ ਇਹ ਖ਼ੁਸ਼ ਖ਼ਬਰੀ ਯਹੂਦੀਆਂ ਅਤੇ ਯਹੂਦੀ ਧਰਮ ਅਪਣਾਉਣ ਵਾਲਿਆਂ ਨੂੰ ਸੁਣਾਈ।—ਰਸੂ. 2:4, 5, 10, 11; 5:42; 6:7.

10 ਬਾਅਦ ਵਿਚ ਯਿਸੂ ਨੇ ਪਵਿੱਤਰ ਸ਼ਕਤੀ ਦੇ ਜ਼ਰੀਏ ਰਾਜ ਦੀ ਖ਼ੁਸ਼ ਖ਼ਬਰੀ ਸਾਮਰੀਆਂ ਅਤੇ ਫਿਰ ਹੋਰਨਾਂ ਕੌਮਾਂ ਦੇ ਲੋਕਾਂ ਤਾਈਂ ਪਹੁੰਚਾਈ। (ਰਸੂ. 8:5, 6, 14-17; 10:19-22, 44, 45) ਹੋਰਨਾਂ ਕੌਮਾਂ ਵਿਚ ਖ਼ੁਸ਼ ਖ਼ਬਰੀ ਫੈਲਾਉਣ ਦੇ ਇਰਾਦੇ ਨਾਲ ਯਿਸੂ ਨੇ ਖ਼ੁਦ ਤਰਸੁਸ ਦੇ ਸੌਲੁਸ ਨੂੰ ਮਸੀਹ ਬਣਨ ਲਈ ਪ੍ਰੇਰਿਆ। ਯਿਸੂ ਨੇ ਆਪਣੇ ਚੇਲੇ ਹਨਾਨਿਯਾਹ ਨੂੰ ਹਿਦਾਇਤ ਕੀਤੀ: “ਉੱਠ ਅਤੇ ਉਸ ਗਲੀ ਵਿੱਚ ਜੋ ਸਿੱਧੀ ਕਹਾਉਂਦੀ ਹੈ ਜਾਹ ਅਤੇ ਯਹੂਦਾ ਦੇ ਘਰ ਵਿੱਚ ਸੌਲੁਸ ਨਾਮੇ ਤਰਸੁਸ ਦੇ ਰਹਿਣ ਵਾਲੇ ਦੇ ਲਈ ਪੁੱਛ . . . ਤੂੰ ਚੱਲਿਆ ਜਾਹ ਕਿਉਂ ਜੋ ਉਹ ਮੇਰੇ ਲਈ ਇੱਕ ਚੁਣਿਆ ਹੋਇਆ ਵਸੀਲਾ ਹੈ ਭਈ ਪਰਾਈਆਂ ਕੌਮਾਂ ਅਤੇ ਰਾਜਿਆਂ ਅਤੇ ਇਸਰਾਏਲ ਦੀ ਅੰਸ ਅੱਗੇ ਮੇਰਾ ਨਾਮ ਪੁਚਾਵੇ।” (ਰਸੂ. 9:3-6, 10, 11, 15) “ਉਹ” ਆਦਮੀ ਪੌਲੁਸ ਰਸੂਲ ਬਣਿਆ।—1 ਤਿਮੋ. 2:7.

11. ਮਸੀਹ ਨੇ ਪਵਿੱਤਰ ਸ਼ਕਤੀ ਦੇ ਜ਼ਰੀਏ ਕਿਵੇਂ ਖ਼ੁਸ਼ ਖ਼ਬਰੀ ਫੈਲਾਈ?

11 ਯਿਸੂ ਗ਼ੈਰ-ਯਹੂਦੀ ਕੌਮਾਂ ਨੂੰ ਵੀ ਰਾਜ ਦੀ ਖ਼ੁਸ਼ ਖ਼ਬਰੀ ਸੁਣਾਉਣੀ ਚਾਹੁੰਦਾ ਸੀ, ਇਸ ਲਈ ਉਸ ਨੇ ਪਵਿੱਤਰ ਸ਼ਕਤੀ ਦੇ ਜ਼ਰੀਏ ਪੌਲੁਸ ਨੂੰ ਹਿਦਾਇਤਾਂ ਦਿੱਤੀਆਂ ਕਿ ਉਹ ਏਸ਼ੀਆ ਮਾਈਨਰ ਅਤੇ ਯੂਰਪ ਵਿਚ ਕਿੱਥੇ-ਕਿੱਥੇ ਮਿਸ਼ਨਰੀ ਦੌਰਾ ਕਰੇ। ਰਸੂਲਾਂ ਦੇ ਕਰਤੱਬ ਵਿਚ ਲੂਕਾ ਦਾ ਬਿਰਤਾਂਤ ਦੱਸਦਾ ਹੈ: “ਜਾਂ ਇਹ [ਸੀਰੀਆ ਦੇ ਅੰਤਾਕਿਯਾ ਸ਼ਹਿਰ ਦੀ ਕਲੀਸਿਯਾ ਦੇ ਮਸੀਹੀ ਨਬੀ ਅਤੇ ਸਿੱਖਿਅਕ] ਪ੍ਰਭੁ ਦੀ ਉਪਾਸਨਾ ਕਰਦੇ ਅਤੇ ਵਰਤ ਰੱਖਦੇ ਸਨ ਤਾਂ ਪਵਿੱਤ੍ਰ [ਸ਼ਕਤੀ] ਨੇ ਕਿਹਾ ਕਿ ਮੇਰੇ ਲਈ ਬਰਨਬਾਸ ਅਤੇ ਸੌਲੁਸ ਨੂੰ ਉਸ ਕੰਮ ਦੇ ਲਈ ਵੱਖਰਾ ਕਰੋ ਜਿਹ ਦੇ ਲਈ ਮੈਂ ਉਨ੍ਹਾਂ ਨੂੰ ਬੁਲਾਇਆ ਹੈ। ਤਦ ਉਨ੍ਹਾਂ ਵਰਤ ਰੱਖ ਕੇ ਅਤੇ ਪ੍ਰਾਰਥਨਾ ਕਰ ਕੇ ਉਨ੍ਹਾਂ ਉੱਤੇ ਹੱਥ ਧਰੇ ਅਤੇ ਉਨ੍ਹਾਂ ਨੂੰ ਵਿਦਿਆ ਕੀਤਾ।” (ਰਸੂ. 13:2, 3) ਯਿਸੂ ਨੇ ਆਪ ਤਰਸੁਸ ਦੇ ਸੌਲੁਸ ਨੂੰ ਆਪਣਾ “ਚੁਣਿਆ ਹੋਇਆ ਵਸੀਲਾ” ਬਣਨ ਲਈ ਕਿਹਾ ਸੀ ਤਾਂਕਿ ਉਹ ਕੌਮਾਂ ਵਿਚ ਉਸ ਦੇ ਨਾਂ ਦਾ ਪ੍ਰਚਾਰ ਕਰੇ। ਪ੍ਰਚਾਰ ਦੇ ਕੰਮ ਵਿਚ ਇਹ ਨਵੀਂ ਤਬਦੀਲੀ ਕਲੀਸਿਯਾ ਦੇ ਆਗੂ ਮਸੀਹ ਨੇ ਲਿਆਂਦੀ ਸੀ। ਪੌਲੁਸ ਦੇ ਦੂਸਰੇ ਮਿਸ਼ਨਰੀ ਦੌਰੇ ਦੌਰਾਨ ਇਹ ਗੱਲ ਸਾਫ਼ ਹੋ ਗਈ ਕਿ ਯਿਸੂ ਪਵਿੱਤਰ ਸ਼ਕਤੀ ਦੇ ਜ਼ਰੀਏ ਪ੍ਰਚਾਰ ਦੇ ਕੰਮ ਦੀ ਨਿਗਰਾਨੀ ਕਰਦਾ ਸੀ। ਬਿਰਤਾਂਤ ਦੱਸਦਾ ਹੈ ਕਿ ‘ਯਿਸੂ ਦੀ ਸ਼ਕਤੀ’ ਯਾਨੀ ਯਿਸੂ ਨੇ ਪਵਿੱਤਰ ਸ਼ਕਤੀ ਦੇ ਜ਼ਰੀਏ ਪੌਲੁਸ ਅਤੇ ਉਸ ਨਾਲ ਸਫ਼ਰ ਕਰ ਰਹੇ ਸਾਥੀਆਂ ਨੂੰ ਨਿਰਦੇਸ਼ਨ ਦਿੱਤਾ ਕਿ ਉਨ੍ਹਾਂ ਨੇ ਕਦੋਂ ਅਤੇ ਕਿੱਥੇ-ਕਿੱਥੇ ਸਫ਼ਰ ਕਰਨਾ ਸੀ। ਫਿਰ ਪੌਲੁਸ ਨੇ ਇਕ ਦਰਸ਼ਣ ਦੇਖਿਆ ਜਿਸ ਕਾਰਨ ਉਹ ਯੂਰਪ ਚਲੇ ਗਏ।—ਰਸੂਲਾਂ ਦੇ ਕਰਤੱਬ 16:6-10 ਪੜ੍ਹੋ।

ਯਿਸੂ ਕਲੀਸਿਯਾ ਉੱਤੇ ਨਿਗਰਾਨੀ ਰੱਖਦਾ ਹੈ

12, 13. ਪਰਕਾਸ਼ ਦੀ ਪੋਥੀ ਕਿਵੇਂ ਦਿਖਾਉਂਦੀ ਹੈ ਕਿ ਮਸੀਹ ਜਾਣਦਾ ਹੈ ਕਿ ਹਰ ਕਲੀਸਿਯਾ ਵਿਚ ਕੀ ਕੁਝ ਹੋ ਰਿਹਾ ਹੈ?

12 ਪਹਿਲੀ ਸਦੀ ਵਿਚ ਯਿਸੂ ਨਿਗਾਹ ਰੱਖਦਾ ਸੀ ਕਿ ਮਸਹ ਕੀਤੇ ਹੋਏ ਮਸੀਹੀਆਂ ਦੀਆਂ ਕਲੀਸਿਯਾਵਾਂ ਵਿਚ ਕੀ ਕੁਝ ਹੋ ਰਿਹਾ ਸੀ। ਉਹ ਹਰ ਕਲੀਸਿਯਾ ਦੀ ਹਾਲਤ ਚੰਗੀ ਤਰ੍ਹਾਂ ਜਾਣਦਾ ਸੀ। ਇਹ ਗੱਲ ਸਾਫ਼ ਨਜ਼ਰ ਆਉਂਦੀ ਹੈ ਜਦੋਂ ਅਸੀਂ ਪਰਕਾਸ਼ ਦੀ ਪੋਥੀ ਦਾ ਦੂਜਾ ਤੇ ਤੀਜਾ ਅਧਿਆਇ ਪੜ੍ਹਦੇ ਹਾਂ। ਉਸ ਨੇ ਏਸ਼ੀਆ ਮਾਈਨਰ ਦੀਆਂ ਸਾਰੀਆਂ ਸੱਤ ਕਲੀਸਿਯਾਵਾਂ ਦੇ ਨਾਂ ਲਏ। (ਪਰ. 1:11) ਅਸੀਂ ਯਕੀਨ ਕਰ ਸਕਦੇ ਹਾਂ ਕਿ ਉਹ ਉਸ ਵੇਲੇ ਧਰਤੀ ਉੱਤੇ ਆਪਣੇ ਚੇਲਿਆਂ ਦੀਆਂ ਹੋਰਨਾਂ ਕਲੀਸਿਯਾਵਾਂ ਦੀ ਹਾਲਤ ਵੀ ਚੰਗੀ ਤਰ੍ਹਾਂ ਜਾਣਦਾ ਸੀ।—ਪਰਕਾਸ਼ ਦੀ ਪੋਥੀ 2:23 ਪੜ੍ਹੋ।

13 ਯਿਸੂ ਨੇ ਕੁਝ ਕਲੀਸਿਯਾਵਾਂ ਦੀ ਤਾਰੀਫ਼ ਕੀਤੀ ਕਿ ਉਨ੍ਹਾਂ ਨੇ ਧੀਰਜ ਰੱਖਿਆ, ਅਜ਼ਮਾਇਸ਼ਾਂ ਵੇਲੇ ਵਫ਼ਾਦਾਰ ਰਹੀਆਂ, ਬਚਨ ਦੀ ਪਾਲਣਾ ਕੀਤੀ ਅਤੇ ਧਰਮ-ਤਿਆਗੀਆਂ ਨੂੰ ਬਰਦਾਸ਼ਤ ਨਹੀਂ ਕੀਤਾ। (ਪਰ. 2:2, 9, 13, 19; 3:8) ਦੂਜੇ ਪਾਸੇ, ਉਸ ਨੇ ਕਈ ਕਲੀਸਿਯਾਵਾਂ ਨੂੰ ਸਖ਼ਤ ਤਾੜਨਾ ਦਿੱਤੀ ਕਿਉਂਕਿ ਉਨ੍ਹਾਂ ਦਾ ਉਸ ਲਈ ਪਿਆਰ ਘੱਟ ਗਿਆ ਸੀ, ਉਹ ਮੂਰਤੀ-ਪੂਜਾ, ਹਰਾਮਕਾਰੀ ਅਤੇ ਧੜੇਬਾਜ਼ੀਆਂ ਬਰਦਾਸ਼ਤ ਕਰ ਰਹੀਆਂ ਸਨ। (ਪਰ. 2:4, 14, 15, 20; 3:15, 16) ਇਕ ਪਿਆਰ ਕਰਨ ਵਾਲੇ ਨਿਗਾਹਬਾਨ ਵਜੋਂ ਯਿਸੂ ਨੇ ਕਿਹਾ: “ਮੈਂ ਜਿੰਨਿਆਂ ਨਾਲ ਪਿਆਰ ਕਰਦਾ ਹਾਂ ਉੱਨਿਆਂ ਨੂੰ ਝਿੜਕਦਾ ਅਤੇ ਤਾੜਦਾ ਹਾਂ ਇਸ ਕਾਰਨ ਤੂੰ ਉੱਦਮੀ ਬਣ ਅਤੇ ਤੋਬਾ ਕਰ।” (ਪਰ. 3:19) ਇਹ ਗੱਲ ਉਸ ਨੇ ਉਨ੍ਹਾਂ ਨੂੰ ਵੀ ਕਹੀ ਜਿਨ੍ਹਾਂ ਨੂੰ ਉਸ ਨੇ ਸਖ਼ਤ ਤਾੜਨਾ ਦਿੱਤੀ ਸੀ। ਭਾਵੇਂ ਯਿਸੂ ਸਵਰਗ ਵਿਚ ਸੀ, ਫਿਰ ਵੀ ਉਹ ਪਵਿੱਤਰ ਸ਼ਕਤੀ ਦੇ ਜ਼ਰੀਏ ਧਰਤੀ ਉੱਤੇ ਆਪਣੇ ਚੇਲਿਆਂ ਦੀਆਂ ਕਲੀਸਿਯਾਵਾਂ ਦੀ ਅਗਵਾਈ ਕਰ ਰਿਹਾ ਸੀ। ਉਨ੍ਹਾਂ ਕਲੀਸਿਯਾਵਾਂ ਨੂੰ ਦਿੱਤੇ ਸੰਦੇਸ਼ਾਂ ਦੇ ਆਖ਼ਰ ਵਿਚ ਉਸ ਨੇ ਕਿਹਾ: ‘ਜਿਹ ਦੇ ਕੰਨ ਹਨ ਸੋ ਸੁਣੇ ਭਈ ਸ਼ਕਤੀ ਕਲੀਸਿਯਾਂ ਨੂੰ ਕੀ ਆਖਦੀ ਹੈ।’—ਪਰ. 3:22.

14-16. (ੳ) ਯਿਸੂ ਧਰਤੀ ਉੱਤੇ ਯਹੋਵਾਹ ਦੇ ਲੋਕਾਂ ਦਾ ਦਲੇਰ ਆਗੂ ਕਿਵੇਂ ਸਾਬਤ ਹੋਇਆ? (ਅ) “ਜੁਗ ਦੇ ਅੰਤ ਤੀਕਰ ਹਰ ਵੇਲੇ” ਯਿਸੂ ਦੇ ਆਪਣੇ ਚੇਲਿਆਂ “ਨਾਲ” ਹੋਣ ਕਰਕੇ ਕੀ ਨਤੀਜਾ ਨਿਕਲਿਆ ਹੈ? (ੲ) ਅਗਲੇ ਲੇਖ ਵਿਚ ਅਸੀਂ ਕੀ ਦੇਖਾਂਗੇ?

14 ਅਸੀਂ ਦੇਖਿਆ ਹੈ ਕਿ ਮੀਕਾਏਲ ਦੂਤ (ਯਿਸੂ) ਇਸਰਾਏਲ ਦਾ ਸ਼ਕਤੀਸ਼ਾਲੀ ਆਗੂ ਸੀ। ਬਾਅਦ ਵਿਚ ਯਿਸੂ ਆਪਣੇ ਮੁਢਲੇ ਚੇਲਿਆਂ ਦਾ ਦਲੇਰ ਆਗੂ ਅਤੇ ਪਿਆਰ ਕਰਨ ਵਾਲਾ ਚਰਵਾਹਾ ਸਾਬਤ ਹੋਇਆ। ਧਰਤੀ ਉੱਤੇ ਆਪਣੀ ਸੇਵਕਾਈ ਦੌਰਾਨ ਉਸ ਨੇ ਪ੍ਰਚਾਰ ਦੇ ਕੰਮ ਦੀ ਅਗਵਾਈ ਕੀਤੀ। ਫਿਰ ਜ਼ਿੰਦਾ ਹੋਣ ਤੋਂ ਬਾਅਦ ਉਸ ਨੇ ਪੱਕਾ ਕੀਤਾ ਕਿ ਰਾਜ ਦੀ ਖ਼ੁਸ਼ ਖ਼ਬਰੀ ਹਰ ਪਾਸੇ ਫੈਲੇ।

15 ਅਖ਼ੀਰ ਵਿਚ ਯਿਸੂ ਨੇ ਪਵਿੱਤਰ ਸ਼ਕਤੀ ਦੇ ਜ਼ਰੀਏ ਗਵਾਹੀ ਦੇਣ ਦਾ ਕੰਮ ਧਰਤੀ ਦੇ ਕੋਨੇ-ਕੋਨੇ ਵਿਚ ਕਰਾਉਣਾ ਸੀ। ਸਵਰਗ ਜਾਣ ਤੋਂ ਪਹਿਲਾਂ ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹਾ: ‘ਜਾਂ ਪਵਿੱਤ੍ਰ ਸ਼ਕਤੀ ਤੁਹਾਡੇ ਉੱਤੇ ਆਵੇਗੀ ਤਾਂ ਤੁਸੀਂ ਤਾਕਤ ਪਾਓਗੇ ਅਤੇ ਯਰੂਸ਼ਲਮ ਅਰ ਸਾਰੇ ਯਹੂਦਿਯਾ ਅਤੇ ਸਾਮਰਿਯਾ ਵਿੱਚ ਸਗੋਂ ਧਰਤੀ ਦੇ ਬੰਨੇ ਤੀਕੁਰ ਮੇਰੇ ਗਵਾਹ ਹੋਵੋਗੇ।’ (ਰਸੂ. 1:8; 1 ਪਤਰਸ 1:12 ਪੜ੍ਹੋ।) ਮਸੀਹ ਦੀ ਨਿਗਰਾਨੀ ਹੇਠ ਪਹਿਲੀ ਸਦੀ ਵਿਚ ਵੱਡੇ ਪੈਮਾਨੇ ਤੇ ਗਵਾਹੀ ਦਿੱਤੀ ਗਈ ਸੀ।—ਕੁਲੁ. 1:23.

16 ਪਰ ਯਿਸੂ ਨੇ ਆਪ ਕਿਹਾ ਸੀ ਕਿ ਇਹ ਕੰਮ ਅੰਤ ਦੇ ਸਮੇਂ ਦੌਰਾਨ ਵੀ ਚੱਲਦਾ ਰਹੇਗਾ। ਸਾਰੀਆਂ ਕੌਮਾਂ ਦੇ ਲੋਕਾਂ ਨੂੰ ਪ੍ਰਚਾਰ ਕਰਨ ਅਤੇ ਚੇਲੇ ਬਣਾਉਣ ਦਾ ਕੰਮ ਸੌਂਪਣ ਤੋਂ ਬਾਅਦ ਯਿਸੂ ਨੇ ਆਪਣੇ ਚੇਲਿਆਂ ਨਾਲ ਵਾਅਦਾ ਕੀਤਾ: “ਵੇਖੋ ਮੈਂ ਜੁਗ ਦੇ ਅੰਤ ਤੀਕਰ ਹਰ ਵੇਲੇ ਤੁਹਾਡੇ ਨਾਲ ਹਾਂ।” (ਮੱਤੀ 28:19, 20) ਮਸੀਹ 1914 ਵਿਚ ਰਾਜਾ ਬਣਿਆ ਅਤੇ ਉਦੋਂ ਤੋਂ ਹੀ ਆਪਣੇ ਚੇਲਿਆਂ “ਨਾਲ” ਹੈ ਤੇ ਉਨ੍ਹਾਂ ਦੀ ਅਗਵਾਈ ਕਰ ਰਿਹਾ ਹੈ। ਅਗਲੇ ਲੇਖ ਵਿਚ ਅਸੀਂ ਦੇਖਾਂਗੇ ਕਿ ਯਿਸੂ 1914 ਤੋਂ ਕੀ ਕੁਝ ਕਰ ਰਿਹਾ ਹੈ।

[ਫੁਟਨੋਟ]

ਦੱਸੋ ਕਿ

• ਪਰਮੇਸ਼ੁਰ ਦਾ ਪੁੱਤਰ ਇਸਰਾਏਲ ਦਾ ਆਗੂ ਕਿਵੇਂ ਸਾਬਤ ਹੋਇਆ?

• ਮਸੀਹ ਕਿਸ ਦੇ ਜ਼ਰੀਏ ਧਰਤੀ ਉੱਤੇ ਆਪਣੀ ਕਲੀਸਿਯਾ ਦੀ ਅਗਵਾਈ ਕਰਦਾ ਹੈ?

• ਖ਼ੁਸ਼ ਖ਼ਬਰੀ ਫੈਲਾਉਣ ਲਈ ਮਸੀਹ ਨੇ ਕਿਵੇਂ ਨਿਗਰਾਨ ਵਜੋਂ ਕੰਮ ਕੀਤਾ?

• ਕਿਹੜੀ ਗੱਲ ਤੋਂ ਪਤਾ ਲੱਗਦਾ ਹੈ ਕਿ ਮਸੀਹ ਹਰ ਕਲੀਸਿਯਾ ਦੀ ਹਾਲਤ ਜਾਣਦਾ ਹੈ?

[ਸਵਾਲ]

[ਸਫ਼ਾ 21 ਉੱਤੇ ਤਸਵੀਰ]

“ਵੇਖੋ ਮੈਂ ਇੱਕ ਦੂਤ ਤੁਹਾਡੇ ਅੱਗੇ ਘੱਲਦਾ ਹਾਂ”

[ਸਫ਼ਾ 23 ਉੱਤੇ ਤਸਵੀਰ]

ਪੁਰਾਣੇ ਜ਼ਮਾਨੇ ਦੀ ਤਰ੍ਹਾਂ ਮਸੀਹ ਯਿਸੂ ਮਨੁੱਖਾਂ ਦੇ ਰੂਪ ਵਿਚ ਦਿੱਤੇ ਦਾਨ ਵਰਤ ਕੇ ਆਪਣੇ ਇੱਜੜ ਦੀ ਚਰਵਾਹੀ ਕਰਦਾ ਹੈ