Skip to content

Skip to table of contents

ਬਹਾਨੇ—ਯਹੋਵਾਹ ਇਨ੍ਹਾਂ ਨੂੰ ਕਿਵੇਂ ਵਿਚਾਰਦਾ ਹੈ?

ਬਹਾਨੇ—ਯਹੋਵਾਹ ਇਨ੍ਹਾਂ ਨੂੰ ਕਿਵੇਂ ਵਿਚਾਰਦਾ ਹੈ?

ਬਹਾਨੇ​—ਯਹੋਵਾਹ ਇਨ੍ਹਾਂ ਨੂੰ ਕਿਵੇਂ ਵਿਚਾਰਦਾ ਹੈ?

ਪਹਿਲੇ ਇਨਸਾਨ ਆਦਮ ਨੇ ਕਿਹਾ: “ਜਿਸ ਤੀਵੀਂ ਨੂੰ ਤੂੰ ਮੈਨੂੰ ਦਿੱਤਾ ਸੀ ਉਸ ਨੇ ਉਸ ਬਿਰਛ ਤੋਂ ਮੈਨੂੰ [ਫਲ] ਦਿੱਤਾ ਤੇ ਮੈਂ ਖਾਧਾ।” ਫਿਰ ਤੀਵੀਂ ਨੇ ਜਵਾਬ ਦਿੱਤਾ: “ਸੱਪ ਨੇ ਮੈਨੂੰ ਭਰਮਾਇਆ ਤਾਂ ਮੈਂ ਖਾਧਾ।” ਇਹ ਲਫ਼ਜ਼ ਸਾਡੇ ਮੁਢਲੇ ਮਾਪਿਆਂ ਆਦਮ ਤੇ ਹੱਵਾਹ ਨੇ ਪਰਮੇਸ਼ੁਰ ਨੂੰ ਕਹੇ ਸਨ। ਇੱਥੋਂ ਬਹਾਨੇ ਬਣਾਉਣ ਦੀ ਸ਼ੁਰੂਆਤ ਹੋਈ।—ਉਤ. 3:12, 13.

ਆਦਮ ਤੇ ਹੱਵਾਹ ਨੇ ਜਾਣ-ਬੁੱਝ ਕੇ ਯਹੋਵਾਹ ਦੇ ਖ਼ਿਲਾਫ਼ ਪਾਪ ਕੀਤਾ ਸੀ। ਇਸ ਲਈ ਯਹੋਵਾਹ ਨੇ ਉਨ੍ਹਾਂ ਨੂੰ ਸਜ਼ਾ ਦਿੱਤੀ ਕਿਉਂਕਿ ਉਸ ਨੂੰ ਉਨ੍ਹਾਂ ਦੇ ਬਹਾਨੇ ਮਨਜ਼ੂਰ ਨਹੀਂ ਸਨ। (ਉਤ. 3:16-19) ਇਸ ਬਿਰਤਾਂਤ ਤੋਂ ਕੀ ਸਾਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਜਦੋਂ ਵੀ ਅਸੀਂ ਯਹੋਵਾਹ ਨੂੰ ਕੋਈ ਕਾਰਨ ਦਿੰਦੇ ਹਾਂ, ਤਾਂ ਉਹ ਇਹੀ ਸੋਚਦਾ ਹੈ ਕਿ ਅਸੀਂ ਬਹਾਨੇ ਬਣਾ ਰਹੇ ਹਾਂ? ਜਾਂ ਕੀ ਉਹ ਕੁਝ ਬਹਾਨਿਆਂ ਨੂੰ ਜਾਇਜ਼ ਵੀ ਮੰਨਦਾ ਹੈ? ਇਨ੍ਹਾਂ ਸਵਾਲਾਂ ਦੇ ਜਵਾਬ ਦੇਣ ਤੋਂ ਪਹਿਲਾਂ, ਆਓ ਆਪਾਂ ਦੇਖੀਏ ਕਿ ਬਹਾਨੇ ਕਿਉਂ ਬਣਾਏ ਜਾਂਦੇ ਹਨ।

ਬਹਾਨਾ ਕਿਸੇ ਕਾਰਨ ਨੂੰ ਸਮਝਾਉਣ ਲਈ ਬਣਾਇਆ ਜਾਂਦਾ ਹੈ ਕਿ ਕੋਈ ਕੰਮ ਕਿਉਂ ਕੀਤਾ ਗਿਆ ਹੈ, ਕਿਉਂ ਨਹੀਂ ਕੀਤਾ ਗਿਆ ਜਾਂ ਕਿਉਂ ਨਹੀਂ ਕੀਤਾ ਜਾਵੇਗਾ। ਬਹਾਨਾ ਜਾਇਜ਼ ਵੀ ਹੋ ਸਕਦਾ ਹੈ ਜਦ ਕੋਈ ਸਮਝਾਉਂਦਾ ਹੈ ਕਿ ਉਹ ਕਿਉਂ ਕਿਸੇ ਕੰਮ ਵਿਚ ਸਫ਼ਲ ਨਹੀਂ ਹੋਇਆ ਅਤੇ ਉਹ ਦਿਲੋਂ ਮਾਫ਼ੀ ਮੰਗਦਾ ਹੈ ਜਿਸ ਕਾਰਨ ਦੂਜਾ ਬੰਦਾ ਉਸ ਨੂੰ ਮਾਫ਼ ਕਰਨਾ ਜਾਇਜ਼ ਸਮਝਦਾ ਹੈ। ਪਰ ਜਿਸ ਤਰ੍ਹਾਂ ਆਦਮ ਅਤੇ ਹੱਵਾਹ ਨੇ ਕੀਤਾ, ਉਸੇ ਤਰ੍ਹਾਂ ਕੁਝ ਲੋਕ ਅਸਲੀਅਤਾਂ ਲੁਕਾਉਣ ਲਈ ਝੂਠਾ ਕਾਰਨ ਦੱਸ ਕੇ ਬਹਾਨੇ ਬਣਾਉਂਦੇ ਹਨ। ਜ਼ਿਆਦਾਤਰ ਬਹਾਨੇ ਇਸ ਤਰ੍ਹਾਂ ਦੇ ਹੁੰਦੇ ਹਨ ਜਿਨ੍ਹਾਂ ਨੂੰ ਆਮ ਤੌਰ ਤੇ ਸ਼ੱਕੀ ਨਜ਼ਰੀਏ ਤੋਂ ਵਿਚਾਰਿਆ ਜਾਂਦਾ ਹੈ।

ਬਹਾਨੇ ਬਣਾਉਂਦੇ ਸਮੇਂ ਗ਼ਲਤ ਕਾਰਨ ਦੱਸ ਕੇ ਸਾਨੂੰ “ਆਪਣੇ ਆਪ ਨੂੰ ਧੋਖਾ” ਦੇਣ ਤੋਂ ਬਚਣਾ ਚਾਹੀਦਾ ਹੈ, ਖ਼ਾਸ ਕਰਕੇ ਜੇ ਇਹ ਬਹਾਨੇ ਪਰਮੇਸ਼ੁਰੀ ਸੇਵਾ ਨਾਲ ਸੰਬੰਧਿਤ ਹੋਣ। (ਯਾਕੂ. 1:22) ਇਸ ਲਈ ਆਓ ਆਪਾਂ ਬਾਈਬਲ ਵਿੱਚੋਂ ਕੁਝ ਮਿਸਾਲਾਂ ਅਤੇ ਅਸੂਲਾਂ ਉੱਤੇ ਗੌਰ ਕਰੀਏ ਜੋ ਸਾਡੀ ਇਹ ਦੇਖਣ ਵਿਚ ਮਦਦ ਕਰਨਗੇ ਕਿ “ਪਰਮੇਸ਼ੁਰ ਨੂੰ ਕੀ ਭਾਉਂਦਾ ਹੈ।”—ਅਫ਼. 5:10.

ਪਰਮੇਸ਼ੁਰ ਸਾਡੇ ਤੋਂ ਕੀ ਕਰਨ ਦੀ ਉਮੀਦ ਰੱਖਦਾ ਹੈ

ਬਾਈਬਲ ਵਿਚ ਖ਼ਾਸ ਹੁਕਮ ਦਿੱਤੇ ਗਏ ਹਨ ਜੋ ਸਾਨੂੰ ਯਹੋਵਾਹ ਦੇ ਲੋਕਾਂ ਵਜੋਂ ਮੰਨਣ ਦੀ ਲੋੜ ਹੈ। ਮਿਸਾਲ ਲਈ ਮਸੀਹ ਨੇ ਕੰਮ ਦਿੱਤਾ ਸੀ ਕਿ “ਜਾ ਕੇ ਸਾਰੀਆਂ ਕੌਮਾਂ ਨੂੰ ਚੇਲੇ ਬਣਾਓ।” ਇਹ ਇਕ ਹੁਕਮ ਹੈ ਜੋ ਹਾਲੇ ਵੀ ਮਸੀਹ ਦੇ ਸਾਰੇ ਸੱਚੇ ਚੇਲਿਆਂ ’ਤੇ ਲਾਗੂ ਹੁੰਦਾ ਹੈ। (ਮੱਤੀ 28:19, 20) ਅਸਲ ਵਿਚ ਇਹ ਹੁਕਮ ਪੂਰਾ ਕਰਨਾ ਇੰਨਾ ਜ਼ਰੂਰੀ ਹੈ ਕਿ ਰਸੂਲ ਪੌਲੁਸ ਨੇ ਕਿਹਾ: “ਹਮਸੋਸ ਹੈ ਮੇਰੇ ਉੱਤੇ ਜੇ ਮੈਂ ਖੁਸ਼ ਖਬਰੀ ਨਾ ਸੁਣਾਵਾਂ!”—1 ਕੁਰਿੰ. 9:16.

ਪਰ ਫਿਰ ਵੀ ਸਾਡੇ ਨਾਲ ਕਾਫ਼ੀ ਸਮੇਂ ਤੋਂ ਸਟੱਡੀ ਕਰ ਰਹੇ ਕਈ ਲੋਕ ਪਰਮੇਸ਼ੁਰ ਦੇ ਰਾਜ ਬਾਰੇ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਤੋਂ ਝਿਜਕਦੇ ਹਨ। (ਮੱਤੀ 24:14) ਕਈ ਭੈਣ-ਭਰਾ ਪਹਿਲਾਂ ਪ੍ਰਚਾਰ ਕਰਦੇ ਹੁੰਦੇ ਸਨ, ਪਰ ਹੁਣ ਨਹੀਂ ਕਰਦੇ। ਪ੍ਰਚਾਰ ਵਿਚ ਹਿੱਸਾ ਨਾ ਲੈਣ ਵਾਲੇ ਅਜਿਹੇ ਲੋਕ ਕਿਹੋ ਜਿਹੇ ਕਾਰਨ ਦਿੰਦੇ ਹਨ? ਪੁਰਾਣੇ ਜ਼ਮਾਨੇ ਵਿਚ ਯਹੋਵਾਹ ਉਨ੍ਹਾਂ ਲੋਕਾਂ ਨਾਲ ਕਿੱਦਾਂ ਪੇਸ਼ ਆਇਆ ਜੋ ਉਸ ਦੇ ਖ਼ਾਸ ਹੁਕਮਾਂ ਨੂੰ ਪੂਰਾ ਕਰਨ ਤੋਂ ਝਿਜਕਦੇ ਸਨ?

ਬਹਾਨੇ ਜੋ ਪਰਮੇਸ਼ੁਰ ਨੂੰ ਮਨਜ਼ੂਰ ਨਹੀਂ

“ਪ੍ਰਚਾਰ ਕਰਨਾ ਬਹੁਤ ਔਖਾ ਲੱਗਦਾ ਹੈ।” ਖ਼ਾਸ ਤੌਰ ਤੇ ਸ਼ਰਮੀਲੇ ਸੁਭਾਅ ਵਾਲਿਆਂ ਨੂੰ ਸ਼ਾਇਦ ਲੱਗੇ ਕਿ ਪ੍ਰਚਾਰ ਕਰਨਾ ਬਹੁਤ ਮੁਸ਼ਕਲ ਹੈ। ਪਰ ਜ਼ਰਾ ਗੌਰ ਕਰੋ ਕਿ ਯੂਨਾਹ ਦੀ ਮਿਸਾਲ ਤੋਂ ਅਸੀਂ ਕੀ ਸਿੱਖ ਸਕਦੇ ਹਾਂ। ਉਸ ਨੂੰ ਅਜਿਹਾ ਕੰਮ ਮਿਲਿਆ ਜੋ ਉਸ ਨੂੰ ਬਹੁਤ ਔਖਾ ਲੱਗਾ। ਯਹੋਵਾਹ ਨੇ ਉਸ ਨੂੰ ਕਿਹਾ ਸੀ ਕਿ ਉਹ ਨੀਨਵਾਹ ਦੇ ਲੋਕਾਂ ਕੋਲ ਜਾ ਕੇ ਐਲਾਨ ਕਰੇ ਕਿ ਰੱਬ ਉਨ੍ਹਾਂ ਦੇ ਸ਼ਹਿਰ ਨੂੰ ਤਬਾਹ ਕਰਨ ਵਾਲਾ ਸੀ। ਅਸੀਂ ਸਮਝ ਸਕਦੇ ਹਾਂ ਕਿ ਯੂਨਾਹ ਨੂੰ ਇਹ ਕੰਮ ਕਿਉਂ ਇੰਨਾ ਔਖਾ ਲੱਗਾ। ਨੀਨਵਾਹ ਸ਼ਹਿਰ ਅੱਸ਼ੂਰ ਦੀ ਰਾਜਧਾਨੀ ਸੀ ਤੇ ਉੱਥੇ ਦੇ ਲੋਕ ਡਾਢੇ ਜ਼ਾਲਮ ਸਨ। ਇਸ ਲਈ ਯੂਨਾਹ ਨੇ ਸੋਚਿਆ ਹੋਣਾ: ‘ਮੈਂ ਉਨ੍ਹਾਂ ਲੋਕਾਂ ਵਿਚ ਇਹ ਕੰਮ ਕਿਵੇਂ ਕਰ ਪਾਵਾਂਗਾ? ਇਨ੍ਹਾਂ ਲੋਕਾਂ ਨੇ ਪਤਾ ਨਹੀਂ ਮੇਰਾ ਕੀ ਹਾਲ ਕਰ ਦੇਣਾ?’ ਇਵੇਂ ਸੋਚਦੇ-ਸੋਚਦੇ ਉਹ ਉੱਥੋਂ ਭੱਜ ਗਿਆ। ਪਰ ਯਹੋਵਾਹ ਨੂੰ ਉਸ ਦਾ ਇਹ ਬਹਾਨਾ ਮਨਜ਼ੂਰ ਨਹੀਂ ਸੀ। ਇਸ ਲਈ, ਉਸ ਨੇ ਫਿਰ ਤੋਂ ਯੂਨਾਹ ਨੂੰ ਨੀਨਵਾਹ ਪ੍ਰਚਾਰ ਕਰਨ ਲਈ ਘੱਲਿਆ। ਇਸ ਵਾਰ ਉਸ ਨੇ ਦਲੇਰੀ ਨਾਲ ਆਪਣੀ ਜ਼ਿੰਮੇਵਾਰੀ ਨਿਭਾਈ। ਨਤੀਜਾ ਇਹ ਹੋਇਆ ਕਿ ਯਹੋਵਾਹ ਨੇ ਉਸ ਦੀ ਮਿਹਨਤ ਦਾ ਫਲ ਦਿੱਤਾ ਜਿਸ ਕਰਕੇ ਲੋਕਾਂ ਦੀ ਜਾਨ ਬਚ ਗਈ।—ਯੂਨਾ. 1:1-3; 3:3, 4, 10.

ਜੇ ਤੁਸੀਂ ਸੋਚਦੇ ਹੋ ਕਿ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨਾ ਔਖਾ ਹੈ, ਤਾਂ ਯਾਦ ਰੱਖੋ ਕਿ “ਪਰਮੇਸ਼ੁਰ ਕੋਲੋਂ ਸਭ ਕੁਝ ਹੋ ਸੱਕਦਾ ਹੈ।” (ਮਰ. 10:27) ਤੁਸੀਂ ਨਿਸ਼ਚਿਤ ਹੋ ਸਕਦੇ ਹੋ ਕਿ ਯਹੋਵਾਹ ਤੁਹਾਨੂੰ ਤਾਕਤ ਦੇਵੇਗਾ ਜੇ ਤੁਸੀਂ ਉਸ ਤੋਂ ਮਦਦ ਮੰਗਦੇ ਰਹੋਗੇ। ਉਹ ਤੁਹਾਡੀ ਮਿਹਨਤ ਦਾ ਫਲ ਦੇਵੇਗਾ ਜਦੋਂ ਤੁਸੀਂ ਹਿੰਮਤ ਕਰ ਕੇ ਪ੍ਰਚਾਰ ਕਰੋਗੇ।—ਲੂਕਾ 11:9-13.

“ਮੈਂ ਪ੍ਰਚਾਰ ਨਹੀਂ ਕਰਨਾ ਚਾਹੁੰਦਾ।” ਤੁਸੀਂ ਕੀ ਕਰ ਸਕਦੇ ਹੋ ਜੇ ਪ੍ਰਚਾਰ ਕਰਨ ਦੀ ਤੁਹਾਡੀ ਦਿਲੀ ਇੱਛਾ ਨਹੀਂ ਹੈ? ਇਹ ਗੱਲ ਨਾ ਭੁੱਲੋ ਕਿ ਯਹੋਵਾਹ ਤੁਹਾਡੇ ਵਿਚ ਸਹੀ ਇੱਛਾ ਪੈਦਾ ਕਰ ਕੇ ਤੁਹਾਡਾ ਨਜ਼ਰੀਆ ਬਦਲ ਸਕਦਾ ਹੈ। ਪੌਲੁਸ ਨੇ ਕਿਹਾ ਸੀ: “ਪਰਮੇਸ਼ੁਰ ਹੀ ਹੈ ਜਿਹੜਾ ਤੁਹਾਡੇ ਵਿੱਚ ਮਨਸ਼ਾ ਤੇ ਅਮਲ ਦੋਹਾਂ ਨੂੰ ਆਪਣੇ ਨੇਕ ਇਰਾਦੇ ਨੂੰ ਪੂਰਾ ਕਰਨ ਲਈ ਪੈਦਾ ਕਰਦਾ ਹੈ।” (ਫ਼ਿਲਿ. 2:13) ਇਸ ਕਰਕੇ ਤੁਸੀਂ ਯਹੋਵਾਹ ਤੋਂ ਪੁੱਛ ਸਕਦੇ ਹੋ ਕਿ ਉਹ ਤੁਹਾਡੇ ਵਿਚ ਉਸ ਦੀ ਮਰਜ਼ੀ ਪੂਰੀ ਕਰਨ ਦੀ ਇੱਛਾ ਪੈਦਾ ਕਰੇ। ਰਾਜਾ ਦਾਊਦ ਨੇ ਇਹੀ ਕੀਤਾ ਸੀ। ਉਸ ਨੇ ਯਹੋਵਾਹ ਮੋਹਰੇ ਬੇਨਤੀ ਕੀਤੀ: ‘ਆਪਣੀ ਸਚਿਆਈ ਵਿੱਚ ਮੇਰੀ ਅਗਵਾਈ ਕਰ।’ (ਜ਼ਬੂ. 25:4, 5) ਤੁਸੀਂ ਵੀ ਇਸੇ ਤਰ੍ਹਾਂ ਯਹੋਵਾਹ ਨੂੰ ਦਿਲੋਂ ਪ੍ਰਾਰਥਨਾ ਕਰ ਸਕਦੇ ਹੋ ਕਿ ਉਹ ਤੁਹਾਨੂੰ ਉਹੀ ਕੰਮ ਕਰਨ ਲਈ ਪ੍ਰੇਰੇ ਜਿਹੜੇ ਉਸ ਨੂੰ ਭਾਉਂਦੇ ਹਨ।

ਮੰਨ ਲਿਆ ਕਿ ਜਦੋਂ ਅਸੀਂ ਥੱਕੇ-ਟੁੱਟੇ ਜਾਂ ਨਿਰਾਸ਼ ਹੁੰਦੇ ਹਾਂ, ਤਾਂ ਅਸੀਂ ਸ਼ਾਇਦ ਕਿੰਗਡਮ ਹਾਲ ਵਿਚ ਸਭਾਵਾਂ ਵਿਚ ਜਾਣ ਜਾਂ ਪ੍ਰਚਾਰ ਕਰਨ ਵਾਸਤੇ ਜਾਣ ਲਈ ਆਪਣੇ ਆਪ ਨੂੰ ਮਜਬੂਰ ਕਰਦੇ ਹਾਂ। ਜੇ ਇਸ ਤਰ੍ਹਾਂ ਹੈ, ਤਾਂ ਕੀ ਸਾਨੂੰ ਇਹ ਸੋਚ ਲੈਣਾ ਚਾਹੀਦਾ ਹੈ ਕਿ ਅਸੀਂ ਯਹੋਵਾਹ ਨੂੰ ਦਿਲੋਂ ਪਿਆਰ ਨਹੀਂ ਕਰਦੇ? ਬਿਲਕੁਲ ਨਹੀਂ! ਪੁਰਾਣੇ ਜ਼ਮਾਨੇ ਵਿਚ ਵੀ ਪਰਮੇਸ਼ੁਰ ਦੇ ਵਫ਼ਾਦਾਰ ਸੇਵਕਾਂ ਨੂੰ ਉਸ ਦੀ ਮਰਜ਼ੀ ਪੂਰੀ ਕਰਨ ਲਈ ਸਖ਼ਤ ਜਤਨ ਕਰਨੇ ਪੈਂਦੇ ਸਨ। ਮਿਸਾਲ ਲਈ ਪੌਲੁਸ ਨੇ ਕਿਹਾ ਕਿ ਉਹ “ਆਪਣੇ ਸਰੀਰ ਨੂੰ ਮਾਰਦਾ ਕੁੱਟਦਾ” ਯਾਨੀ ਆਪਣੀ ਪੂਰੀ ਵਾਹ ਲਾਉਂਦਾ ਸੀ ਤਾਂਕਿ ਉਹ ਪਰਮੇਸ਼ੁਰ ਦੇ ਹੁਕਮ ਮੰਨ ਸਕੇ। (1 ਕੁਰਿੰ. 9:26, 27) ਸੋ ਜਦੋਂ ਸਾਨੂੰ ਪ੍ਰਚਾਰ ਤੇ ਜਾਣ ਲਈ ਆਪਣੇ ਆਪ ਨੂੰ ਮਜਬੂਰ ਕਰਨਾ ਵੀ ਪਵੇ, ਤਾਂ ਅਸੀਂ ਯਕੀਨੀ ਹੋ ਸਕਦੇ ਹਾਂ ਕਿ ਯਹੋਵਾਹ ਸਾਨੂੰ ਬਰਕਤਾਂ ਦੇਵੇਗਾ। ਕਿਉਂ? ਕਿਉਂਕਿ ਅਸੀਂ ਸਹੀ ਕਾਰਨ ਕਰਕੇ ਆਪਣੇ ਆਪ ਨੂੰ ਪਰਮੇਸ਼ੁਰ ਦੀ ਇੱਛਾ ਪੂਰੀ ਕਰਨ ਲਈ ਮਜਬੂਰ ਕਰਦੇ ਹਾਂ ਯਾਨੀ ਅਸੀਂ ਯਹੋਵਾਹ ਨੂੰ ਪਿਆਰ ਕਰਦੇ ਹਾਂ। ਇਵੇਂ ਕਰ ਕੇ ਅਸੀਂ ਸ਼ਤਾਨ ਦੇ ਇਸ ਝੂਠੇ ਦਾਅਵੇ ਦਾ ਜਵਾਬ ਦਿੰਦੇ ਹਾਂ ਕਿ ਅਜ਼ਮਾਇਸ਼ਾਂ ਅਧੀਨ ਅਸੀਂ ਪਰਮੇਸ਼ੁਰ ਤੋਂ ਮੂੰਹ ਫੇਰ ਲਵਾਂਗੇ।—ਅੱਯੂ. 2:4.

“ਮੈਂ ਬਹੁਤ ਬਿਜ਼ੀ ਹਾਂ।” ਜੇ ਤੁਸੀਂ ਮਹਿਸੂਸ ਕਰਦੇ ਹੋ ਕਿ ਤੁਸੀਂ ਇਸ ਲਈ ਪ੍ਰਚਾਰ ਕਰਨ ਨਹੀਂ ਜਾਂਦੇ ਕਿਉਂਕਿ ਤੁਸੀਂ ਬਹੁਤ ਬਿਜ਼ੀ ਹੋ, ਤਾਂ ਤੁਸੀਂ ਇਸ ਬਾਰੇ ਬੈਠ ਕੇ ਚੰਗੀ ਤਰ੍ਹਾਂ ਸੋਚੋ ਕਿ ਤੁਸੀਂ ਕਿਹੜੀਆਂ ਗੱਲਾਂ ਨੂੰ ਅਹਿਮੀਅਤ ਦਿੰਦੇ ਹੋ। ਯਿਸੂ ਨੇ ਕਿਹਾ ਸੀ ਕਿ ‘ਤੁਸੀਂ ਪਹਿਲਾਂ ਰਾਜ ਨੂੰ ਭਾਲੋ।’ (ਮੱਤੀ 6:33) ਇਸ ਅਸੂਲ ’ਤੇ ਚੱਲਣ ਲਈ ਤੁਹਾਨੂੰ ਸ਼ਾਇਦ ਆਪਣੀ ਜ਼ਿੰਦਗੀ ਸਾਦੀ ਕਰਨੀ ਪਵੇ ਜਾਂ ਮਨੋਰੰਜਨ ਕਰਨ ਦੇ ਸਮੇਂ ਵਿਚ ਕਟੌਤੀ ਕਰਨੀ ਪਵੇ ਤਾਂਕਿ ਤੁਸੀਂ ਇਹ ਸਮਾਂ ਪ੍ਰਚਾਰ ਦੇ ਕੰਮ ਵਿਚ ਲਾ ਸਕੋ। ਇਸ ਦਾ ਇਹ ਮਤਲਬ ਨਹੀਂ ਕਿ ਮਨੋਰੰਜਨ ਤੇ ਹੋਰ ਨਿੱਜੀ ਕੰਮਾਂ ਲਈ ਸਮਾਂ ਕੱਢਣਾ ਗ਼ਲਤ ਹੈ, ਇਨ੍ਹਾਂ ਨੂੰ ਇਨ੍ਹਾਂ ਦੀ ਆਪਣੀ ਜਗ੍ਹਾ ਤੇ ਰੱਖਣਾ ਚਾਹੀਦਾ ਹੈ। ਪਰ ਇਹ ਗੱਲਾਂ ਪ੍ਰਚਾਰ ਨੂੰ ਨਜ਼ਰਅੰਦਾਜ਼ ਕਰਨ ਦਾ ਜਾਇਜ਼ ਬਹਾਨਾ ਨਹੀਂ ਹਨ। ਪਰਮੇਸ਼ੁਰ ਦਾ ਭਗਤ ਉਸ ਦੇ ਰਾਜ ਸੰਬੰਧੀ ਕੰਮਾਂ-ਕਾਰਾਂ ਨੂੰ ਆਪਣੀ ਜ਼ਿੰਦਗੀ ਵਿਚ ਪਹਿਲੀ ਥਾਂ ਦੇਵੇਗਾ।

“ਮੈਂ ਪ੍ਰਚਾਰ ਕਰਨ ਦੇ ਕਾਬਲ ਨਹੀਂ ਹਾਂ।” ਤੁਸੀਂ ਸ਼ਾਇਦ ਮਹਿਸੂਸ ਕਰਦੇ ਹੋ ਕਿ ਤੁਸੀਂ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਦੇ ਕਾਬਲ ਨਹੀਂ ਹੋ। ਪੁਰਾਣੇ ਜ਼ਮਾਨੇ ਵਿਚ ਵੀ ਯਹੋਵਾਹ ਦੇ ਕੁਝ ਵਫ਼ਾਦਾਰ ਸੇਵਕ ਉਸ ਵੱਲੋਂ ਸੌਂਪੀਆਂ ਜ਼ਿੰਮੇਵਾਰੀਆਂ ਨਿਭਾਉਣ ਦੇ ਕਾਬਲ ਨਹੀਂ ਸਮਝਦੇ ਸਨ। ਮੂਸਾ ਦੀ ਮਿਸਾਲ ਲੈ ਲਓ। ਜਦੋਂ ਉਸ ਨੂੰ ਯਹੋਵਾਹ ਤੋਂ ਇਕ ਖ਼ਾਸ ਕੰਮ ਮਿਲਿਆ ਸੀ, ਤਾਂ ਮੂਸਾ ਨੇ ਕਿਹਾ: “ਹੇ ਪ੍ਰਭੁ ਮੈਂ ਧੜੱਲੇ ਦਾਰ ਗੱਲਾਂ ਕਰਨ ਵਾਲਾ ਮਨੁੱਖ ਨਹੀਂ ਹਾਂ ਨਾ ਅੱਗੇ ਸਾਂ ਨਾ ਜਦ ਤੋਂ ਤੂੰ ਆਪਣੇ ਦਾਸ ਨਾਲ ਬੋਲਿਆ ਕਿਉਂ ਜੋ ਮੇਰੀ ਬੋਲੀ ਢਿੱਲੀ ਹੈ ਅਤੇ ਮੇਰੀ ਜੀਭ ਮੋਟੀ ਹੈ।” ਭਾਵੇਂ ਕਿ ਯਹੋਵਾਹ ਨੇ ਉਸ ਨੂੰ ਭਰੋਸਾ ਦਿਲਾਇਆ ਸੀ, ਫਿਰ ਵੀ ਮੂਸਾ ਨੇ ਜਵਾਬ ਦਿੱਤਾ: “ਹੇ ਪ੍ਰਭੁ ਜਿਸ ਦੇ ਹੱਥ ਤੂੰ ਘੱਲਣਾ ਚਾਹੇਂ ਘੱਲ ਦੇਹ।” (ਕੂਚ 4:10-13) ਯਹੋਵਾਹ ਨੇ ਕੀ ਕੀਤਾ?

ਯਹੋਵਾਹ ਨੇ ਮੂਸਾ ਨੂੰ ਸੌਂਪੇ ਗਏ ਕੰਮ ਤੋਂ ਮੁਕਤ ਨਹੀਂ ਕੀਤਾ। ਪਰ ਯਹੋਵਾਹ ਨੇ ਉਹ ਕੰਮ ਪੂਰਾ ਕਰਨ ਵਿਚ ਮੂਸਾ ਦੀ ਮਦਦ ਲਈ ਹਾਰੂਨ ਨੂੰ ਘੱਲਿਆ। (ਕੂਚ 4:14-17) ਇਸ ਤੋਂ ਇਲਾਵਾ, ਅਗਲੇ ਸਾਲਾਂ ਦੌਰਾਨ ਵੀ ਯਹੋਵਾਹ ਨੇ ਮੂਸਾ ਦਾ ਸਾਥ ਦਿੱਤਾ ਅਤੇ ਸਾਰੇ ਪਰਮੇਸ਼ੁਰੀ ਕੰਮਾਂ ਵਿਚ ਸਫ਼ਲ ਹੋਣ ਲਈ ਉਸ ਦੀ ਹਰ ਤਰ੍ਹਾਂ ਮਦਦ ਕੀਤੀ। ਤੁਸੀਂ ਵੀ ਅੱਜ ਨਿਸ਼ਚਿਤ ਹੋ ਸਕਦੇ ਹੋ ਕਿ ਯਹੋਵਾਹ ਤਜਰਬੇਕਾਰ ਭੈਣਾਂ-ਭਰਾਵਾਂ ਨੂੰ ਪ੍ਰਚਾਰ ਵਿਚ ਤੁਹਾਡੀ ਮਦਦ ਕਰਨ ਲਈ ਪ੍ਰੇਰੇਗਾ। ਸਭ ਤੋਂ ਜ਼ਰੂਰੀ ਗੱਲ ਇਹ ਹੈ ਕਿ ਬਾਈਬਲ ਸਾਨੂੰ ਭਰੋਸਾ ਦਿਲਾਉਂਦੀ ਹੈ ਕਿ ਯਹੋਵਾਹ ਸਾਨੂੰ ਉਸ ਤੋਂ ਮਿਲੇ ਕੰਮ ਨੂੰ ਪੂਰਾ ਕਰਨ ਦੇ ਯੋਗ ਬਣਾਵੇਗਾ।—2 ਕੁਰਿੰ. 3:5;  “ਮੇਰੀ ਜ਼ਿੰਦਗੀ ਦੇ ਸਭ ਤੋਂ ਹਸੀਨ ਸਾਲ” ਨਾਂ ਦੀ ਡੱਬੀ ਦੇਖੋ।

“ਕਿਸੇ ਨੇ ਮੈਨੂੰ ਠੇਸ ਪਹੁੰਚਾਈ।” ਕੁਝ ਇਸ ਕਰਕੇ ਪ੍ਰਚਾਰ ਕਰਨੋਂ ਜਾਂ ਸਭਾਵਾਂ ਵਿਚ ਜਾਣਾ ਛੱਡ ਦਿੰਦੇ ਹਨ ਕਿਉਂਕਿ ਉਨ੍ਹਾਂ ਨੂੰ ਕਿਸੇ ਨੇ ਠੇਸ ਪਹੁੰਚਾਈ ਹੈ। ਉਹ ਸੋਚਦੇ ਹਨ ਕਿ ਯਹੋਵਾਹ ਉਨ੍ਹਾਂ ਦੇ ਬਹਾਨੇ ਨੂੰ ਸਮਝ ਲਵੇਗਾ ਕਿ ਉਨ੍ਹਾਂ ਨੇ ਉਸ ਦੀ ਸੇਵਾ ਕਰਨੀ ਕਿਉਂ ਛੱਡ ਦਿੱਤੀ ਹੈ। ਇਹ ਸਮਝਣਯੋਗ ਹੈ ਕਿ ਜਦ ਕੋਈ ਸਾਡੇ ਦਿਲ ਨੂੰ ਠੇਸ ਪਹੁੰਚਾਉਂਦਾ ਹੈ, ਤਾਂ ਅਸੀਂ ਪਰੇਸ਼ਾਨ ਹੋ ਜਾਂਦੇ ਹਾਂ, ਪਰ ਕੀ ਇਹ ਮਸੀਹੀ ਕੰਮਾਂ ਨੂੰ ਛੱਡ ਦੇਣ ਦਾ ਜਾਇਜ਼ ਕਾਰਨ ਹੈ? ਪੌਲੁਸ ਅਤੇ ਉਸ ਦੇ ਸਾਥੀ ਬਰਨਬਾਸ ਦੇ ਦਿਲ ਨੂੰ ਵੀ ਸੱਟ ਲੱਗੀ ਹੋਵੇਗੀ ਜਦ ਉਨ੍ਹਾਂ ਦੀ ਆਪਸ ਵਿਚ ਅਣਬਣ ਹੋਣ ਕਰਕੇ “ਐੱਨਾ ਵਿਗਾੜ ਹੋਇਆ” ਸੀ। (ਰਸੂ. 15:39) ਪਰ ਕੀ ਉਨ੍ਹਾਂ ਨੇ ਇਸ ਕਰਕੇ ਪ੍ਰਚਾਰ ਕਰਨਾ ਛੱਡ ਦਿੱਤਾ ਸੀ? ਬਿਲਕੁਲ ਨਹੀਂ!

ਇਸੇ ਤਰ੍ਹਾਂ ਜੇ ਤੁਹਾਨੂੰ ਕਿਸੇ ਭੈਣ-ਭਰਾ ਨੇ ਠੇਸ ਪਹੁੰਚਾਈ ਹੈ, ਤਾਂ ਯਾਦ ਰੱਖੋ ਕਿ ਤੁਹਾਡਾ ਦੁਸ਼ਮਣ ਉਹ ਮਸੀਹੀ ਭੈਣ-ਭਰਾ ਨਹੀਂ ਸਗੋਂ ਸ਼ਤਾਨ ਹੈ ਜੋ ਤੁਹਾਨੂੰ ਪਾੜ ਖਾਣਾ ਚਾਹੁੰਦਾ ਹੈ। ਪਰ ਸ਼ਤਾਨ ਸਫ਼ਲ ਨਹੀਂ ਹੋਵੇਗਾ ਜੇ ਤੁਸੀਂ “ਆਪਣੀ ਨਿਹਚਾ ਵਿੱਚ ਤਕੜੇ ਹੋ ਕੇ ਉਹ ਦਾ ਸਾਹਮਣਾ ਕਰੋ।” (1 ਪਤ. 5:8, 9; ਗਲਾ. 5:15) ਜੇ ਤੁਹਾਡੀ ਨਿਹਚਾ ਤਕੜੀ ਹੈ, ਤਾਂ ਤੁਸੀਂ ਕਦੇ ਵੀ “ਨਿਰਾਸ਼” ਨਹੀਂ ਹੋਵੋਗੇ।—ਰੋਮੀ. 9:33, ERV.

ਜੇ ਅਸੀਂ ਬਹੁਤਾ ਨਹੀਂ ਕਰ ਪਾਉਂਦੇ

ਉੱਪਰ ਜ਼ਿਕਰ ਕੀਤੇ ਬਹਾਨਿਆਂ ਤੋਂ ਦੇਖਿਆ ਜਾ ਸਕਦਾ ਹੈ ਕਿ ਬਾਈਬਲ ਮੁਤਾਬਕ ਇਹ ਜਾਇਜ਼ ਬਹਾਨੇ ਨਹੀਂ ਹਨ ਜਿਨ੍ਹਾਂ ਕਾਰਨ ਤੁਸੀਂ ਯਹੋਵਾਹ ਦੇ ਖ਼ਾਸ ਹੁਕਮ ਨਹੀਂ ਮੰਨਣੇ ਚਾਹੁੰਦੇ ਜਿਨ੍ਹਾਂ ਵਿਚ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨਾ ਸ਼ਾਮਲ ਹੈ। ਪਰ ਸਾਡੇ ਕੋਲ ਜਾਇਜ਼ ਕਾਰਨ ਵੀ ਹੋ ਸਕਦੇ ਹਨ ਜਿਨ੍ਹਾਂ ਕਰਕੇ ਅਸੀਂ ਯਹੋਵਾਹ ਦੀ ਬਹੁਤੀ ਸੇਵਾ ਨਹੀਂ ਕਰ ਪਾਉਂਦੇ। ਹੋਰ ਜ਼ਿੰਮੇਵਾਰੀਆਂ ਨਿਭਾਉਣ ਵਿਚ ਸਾਡਾ ਜ਼ਿਆਦਾ ਸਮਾਂ ਲੱਗ ਜਾਂਦਾ ਹੈ ਜਿਸ ਕਰਕੇ ਪ੍ਰਚਾਰ ਕਰਨ ਲਈ ਸਾਡੇ ਕੋਲ ਸ਼ਾਇਦ ਘੱਟ ਸਮਾਂ ਬਚੇ। ਇਹ ਵੀ ਹੋ ਸਕਦਾ ਹੈ ਕਿ ਕਦੇ-ਕਦੇ ਬਹੁਤ ਹੀ ਥੱਕੇ ਹੋਣ ਜਾਂ ਬੀਮਾਰ ਹੋਣ ਕਰਕੇ ਅਸੀਂ ਯਹੋਵਾਹ ਦੀ ਸੇਵਾ ਉੱਨੀ ਨਹੀਂ ਕਰ ਪਾਉਂਦੇ ਜਿੰਨੀ ਅਸੀਂ ਕਰਨੀ ਚਾਹੁੰਦੇ ਹਾਂ। ਪਰ ਬਾਈਬਲ ਸਾਨੂੰ ਭਰੋਸਾ ਦਿਲਾਉਂਦੀ ਹੈ ਕਿ ਯਹੋਵਾਹ ਸਾਡੀ ਦਿਲੀ ਇੱਛਾ ਜਾਣਦਾ ਹੈ ਤੇ ਸਾਡੀਆਂ ਕਮੀਆਂ-ਕਮਜ਼ੋਰੀਆਂ ਵੀ ਧਿਆਨ ਵਿਚ ਰੱਖਦਾ ਹੈ।—ਜ਼ਬੂ. 103:14; 2 ਕੁਰਿੰ. 8:12.

ਇਸ ਕਰਕੇ ਸਾਨੂੰ ਇਨ੍ਹਾਂ ਗੱਲਾਂ ਕਾਰਨ ਨਾ ਆਪਣੇ ਆਪ ਨੂੰ ਨਾ ਹੀ ਦੂਸਰਿਆਂ ਨੂੰ ਬੁਰਾ ਕਹਿਣਾ ਚਾਹੀਦਾ ਹੈ। ਪੌਲੁਸ ਰਸੂਲ ਨੇ ਲਿਖਿਆ ਸੀ: “ਦੂਜੇ ਵਿਅਕਤੀ ਦੇ ਨੌਕਰ ਦਾ ਨਿਰਣਾ ਕਰਨ ਵਾਲਾ ਤੂੰ ਕੌਣ ਹੈ? ਸਿਰਫ਼ ਉਸ ਦੇ ਮਾਲਕ ਨੂੰ ਇਹੀ ਫੈਸਲਾ ਕਰਨਾ ਚਾਹੀਦਾ ਹੈ ਕਿ ਉਹ ਗਲਤ ਹੈ ਜਾਂ ਸਹੀ।” (ਰੋਮੀ. 14:4, ERV.) ਆਪਣੇ ਹਾਲਾਤਾਂ ਦੀ ਤੁਲਨਾ ਦੂਸਰਿਆਂ ਦੇ ਹਾਲਾਤਾਂ ਨਾਲ ਕਰਨ ਦੀ ਬਜਾਇ, ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ “ਸਾਡੇ ਵਿੱਚੋਂ ਹਰੇਕ ਨੇ ਪਰਮੇਸ਼ੁਰ ਨੂੰ ਆਪੋ ਆਪਣਾ ਲੇਖਾ ਦੇਣਾ ਹੈ।” (ਰੋਮੀ. 14:12; ਗਲਾ. 6:4, 5) ਜਦੋਂ ਅਸੀਂ ਪ੍ਰਾਰਥਨਾ ਕਰਦਿਆਂ ਯਹੋਵਾਹ ਨੂੰ ਕਾਰਨ ਦੱਸਦੇ ਹਾਂ ਕਿ ਅਸੀਂ ਕਿਉਂ ਉਸ ਦਾ ਕੋਈ ਕੰਮ ਪੂਰਾ ਨਹੀਂ ਕਰ ਪਾਏ, ਤਾਂ ਆਓ ਆਪਾਂ ‘ਸ਼ੁੱਧ ਅੰਤਹਕਰਨ’ ਨਾਲ ਦੱਸੀਏ।—ਇਬ. 13:18.

ਯਹੋਵਾਹ ਦੀ ਸੇਵਾ ਕਰ ਕੇ ਸਾਨੂੰ ਖ਼ੁਸ਼ੀ ਕਿਉਂ ਮਿਲਦੀ ਹੈ

ਸਾਡੇ ਹਾਲਾਤ ਜੋ ਮਰਜ਼ੀ ਹੋਣ, ਫਿਰ ਵੀ ਅਸੀਂ ਸਾਰੇ ਜਣੇ ਦਿਲੋਂ ਖ਼ੁਸ਼ੀ ਨਾਲ ਯਹੋਵਾਹ ਦੀ ਸੇਵਾ ਕਰ ਸਕਦੇ ਹਾਂ ਕਿਉਂਕਿ ਉਹ ਸਾਡੇ ਤੋਂ ਉੱਨਾ ਹੀ ਕਰਨ ਦੀ ਮੰਗ ਕਰਦਾ ਹੈ ਜਿੰਨਾ ਅਸੀਂ ਕਰ ਸਕਦੇ ਹਾਂ। ਅਸੀਂ ਇਹ ਕਿਉਂ ਕਹਿ ਸਕਦੇ ਹਾਂ?

ਬਾਈਬਲ ਕਹਿੰਦੀ ਹੈ: “ਜੇ ਤੇਰੇ ਹੱਥ ਵੱਸ ਹੋਵੇ, ਤਾਂ ਜਿਨ੍ਹਾਂ ਦਾ ਹੱਕ ਹੈ ਉਨ੍ਹਾਂ ਦਾ ਭਲਾ ਕਰਨੋਂ ਨਾ ਰੁਕੀਂ।” (ਕਹਾ. 3:27) ਇਸ ਕਹਾਵਤ ਵਿਚ ਪਰਮੇਸ਼ੁਰ ਦੀਆਂ ਮੰਗਾਂ ਬਾਰੇ ਤੁਸੀਂ ਕਿਹੜੀ ਗੱਲ ਨੋਟ ਕੀਤੀ? ਯਹੋਵਾਹ ਇਹ ਹੁਕਮ ਨਹੀਂ ਦਿੰਦਾ ਕਿ ਤੁਹਾਨੂੰ ਉੱਨੀ ਸੇਵਾ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਜਿੰਨੀ ਤੁਹਾਡੇ ਭਰਾ ਦੇ ਹੱਥ ਵੱਸ ਹੈ, ਪਰ ਇਹ ਕਹਿੰਦਾ ਹੈ ਕਿ ਜੋ ‘ਤੇਰੇ ਹੱਥ ਵੱਸ’ ਹੈ। ਹਾਂ, ਅਸੀਂ ਸਾਰੇ ਤਨ-ਮਨ ਨਾਲ ਯਹੋਵਾਹ ਦੀ ਸੇਵਾ ਕਰ ਸਕਦੇ ਹਾਂ ਜੋ ਸਾਡੇ ਹੱਥ ਵੱਸ ਹੈ, ਥੋੜ੍ਹੀ ਜਾਂ ਜ਼ਿਆਦਾ।—ਲੂਕਾ 10:27; ਕੁਲੁ. 3:23.

[ਸਫ਼ਾ 14 ਉੱਤੇ ਡੱਬੀ/ਤਸਵੀਰ]

 “ਮੇਰੀ ਜ਼ਿੰਦਗੀ ਦੇ ਸਭ ਤੋਂ ਹਸੀਨ ਸਾਲ”

ਭਾਵੇਂ ਅਸੀਂ ਸਰੀਰਕ ਜਾਂ ਭਾਵਾਤਮਕ ਤੌਰ ਤੇ ਬਹੁਤ ਕਮਜ਼ੋਰ ਹੋਈਏ, ਫਿਰ ਵੀ ਸਾਨੂੰ ਝੱਟ ਇਹ ਨਹੀਂ ਸੋਚ ਲੈਣਾ ਚਾਹੀਦਾ ਕਿ ਇਨ੍ਹਾਂ ਕਰਕੇ ਅਸੀਂ ਪ੍ਰਚਾਰ ਵਿਚ ਪੂਰਾ ਹਿੱਸਾ ਨਹੀਂ ਲੈ ਸਕਾਂਗੇ। ਮਿਸਾਲ ਲਈ ਕੈਨੇਡਾ ਵਿਚ ਅਰਨੈਸਟ ਨਾਂ ਦੇ ਮਸੀਹੀ ਭਰਾ ਬਾਰੇ ਸੋਚੋ ਕਿ ਉਸ ਨਾਲ ਕੀ ਹੋਇਆ ਸੀ।

ਅਰਨੈਸਟ ਥਥਲਾਉਂਦਾ ਸੀ ਤੇ ਬੜਾ ਸ਼ਰਮਾਕਲ ਸੀ। ਉਸ ਦੀ ਪਿੱਠ ਨੂੰ ਕਾਫ਼ੀ ਸੱਟ ਲੱਗੀ ਜਿਸ ਕਰਕੇ ਉਸ ਨੂੰ ਕਨਸਟ੍ਰਕਸ਼ਨ ਵਰਕਰ ਵਜੋਂ ਆਪਣੀ ਨੌਕਰੀ ਛੱਡਣੀ ਪਈ। ਭਾਵੇਂ ਕਿ ਉਹ ਅਪਾਹਜ ਹੋ ਚੁੱਕਾ ਸੀ, ਉਸ ਦੇ ਨਵੇਂ ਹਾਲਾਤਾਂ ਨੇ ਉਸ ਨੂੰ ਪ੍ਰਚਾਰ ਕਰਨ ਵਿਚ ਹੋਰ ਸਮਾਂ ਬਤੀਤ ਕਰਨ ਦਾ ਮੌਕਾ ਦਿੱਤਾ। ਕਲੀਸਿਯਾ ਦੀਆਂ ਸਭਾਵਾਂ ਵਿਚ ਔਗਜ਼ੀਲਰੀ ਪਾਇਨੀਅਰਿੰਗ ਕਰਨ ਦੀ ਹੱਲਾਸ਼ੇਰੀ ਦਿੱਤੀ ਜਾਂਦੀ ਸੀ ਅਤੇ ਇਸ ਨਾਲ ਉਸ ਵਿਚ ਦਿਲੋਂ ਇੱਛਾ ਪੈਦਾ ਹੋਈ। ਪਰ ਉਹ ਆਪਣੇ ਆਪ ਨੂੰ ਪਾਇਨੀਅਰਿੰਗ ਕਰਨ ਦੇ ਯੋਗ ਨਹੀਂ ਸਮਝਦਾ ਸੀ।

ਆਪਣੇ ਆਪ ਨੂੰ ਇਹ ਸਾਬਤ ਕਰਨ ਲਈ ਕਿ ਔਗਜ਼ੀਲਰੀ ਪਾਇਨੀਅਰਿੰਗ ਕਰਨੀ ਉਸ ਦੇ ਵੱਸ ਵਿਚ ਨਹੀਂ ਸੀ, ਉਸ ਨੇ ਇਕ ਮਹੀਨੇ ਵਾਸਤੇ ਇਹ ਸੇਵਾ ਕਰਨ ਲਈ ਅਰਜ਼ੀ ਭਰੀ। ਉਸ ਨੂੰ ਹੈਰਾਨੀ ਹੋਈ ਕਿ ਉਹ ਇਕ ਮਹੀਨੇ ਵਾਸਤੇ ਔਗਜ਼ੀਲਰੀ ਪਾਇਨੀਅਰਿੰਗ ਕਰਨ ਵਿਚ ਸਫ਼ਲ ਹੋ ਗਿਆ। ਫਿਰ ਉਸ ਨੇ ਸੋਚਿਆ ‘ਮੈਨੂੰ ਪਤਾ ਹੈ ਕਿ ਮੈਂ ਇਹ ਫਿਰ ਤੋਂ ਕਦੇ ਨਹੀਂ ਕਰ ਸਕਾਂਗਾ।’ ਇਹ ਸਾਬਤ ਕਰਨ ਲਈ ਉਸ ਨੇ ਦੂਜੇ ਮਹੀਨੇ ਫਿਰ ਅਰਜ਼ੀ ਭਰੀ ਤੇ ਉਹ ਫਿਰ ਇਸ ਜ਼ਿੰਮੇਵਾਰੀ ਨੂੰ ਨਿਭਾ ਸਕਿਆ!

ਅਰਨੈਸਟ ਨੇ ਇਕ ਸਾਲ ਲਈ ਔਗਜ਼ੀਲਰੀ ਪਾਇਨੀਅਰਿੰਗ ਕੀਤੀ। ਪਰ ਉਸ ਨੇ ਕਿਹਾ, “ਮੈਨੂੰ ਯਕੀਨ ਹੈ ਕਿ ਮੈਂ ਰੈਗੂਲਰ ਪਾਇਨੀਅਰਿੰਗ ਕਦੇ ਨਹੀਂ ਕਰ ਸਕਦਾ।” ਇਸ ਗੱਲ ਨੂੰ ਦੁਬਾਰਾ ਸਾਬਤ ਕਰਨ ਲਈ ਉਸ ਨੇ ਰੈਗੂਲਰ ਪਾਇਨੀਅਰਿੰਗ ਕਰਨ ਲਈ ਅਰਜ਼ੀ ਭਰੀ। ਉਹ ਹੈਰਾਨ ਰਹਿ ਗਿਆ ਕਿ ਉਸ ਨੇ ਇਕ ਸਾਲ ਰੈਗੂਲਰ ਪਾਇਨੀਅਰਿੰਗ ਪੂਰੀ ਕਰ ਲਈ। ਉਸ ਨੇ ਪਾਇਨੀਅਰਿੰਗ ਜਾਰੀ ਰੱਖਣ ਦਾ ਫ਼ੈਸਲਾ ਕੀਤਾ ਤੇ ਉਸ ਨੂੰ ਦੋ ਸਾਲ ਹੋਰ ਇਹ ਸੇਵਾ ਕਰਨ ਦੀ ਬਰਕਤ ਮਿਲੀ। ਉਹ ਇੱਦਾਂ ਕਰਦਾ ਰਿਹਾ ਜਦ ਤਾਈਂ ਉਸ ਦੀ ਪਿੱਠ ਦੀ ਸੱਟ ਨੇ ਉਸ ਦੀ ਜਾਨ ਲੈ ਲਈ। ਪਰ ਆਪਣੀ ਮੌਤ ਤੋਂ ਪਹਿਲਾਂ, ਅਕਸਰ ਉਸ ਦੀਆਂ ਅੱਖਾਂ ਭਰ ਆਉਂਦੀਆਂ ਸਨ ਜਦੋਂ ਉਹ ਉਸ ਨੂੰ ਮਿਲਣ ਆਏ ਲੋਕਾਂ ਨੂੰ ਦੱਸਦਾ ਹੁੰਦਾ ਸੀ: “ਉਹ ਸਾਲ ਮੇਰੀ ਜ਼ਿੰਦਗੀ ਦੇ ਸਭ ਤੋਂ ਹਸੀਨ ਸਾਲ ਸਨ ਜਦੋਂ ਮੈਂ ਪਾਇਨੀਅਰ ਵਜੋਂ ਯਹੋਵਾਹ ਦੀ ਸੇਵਾ ਕੀਤੀ।”

[ਸਫ਼ਾ 13 ਉੱਤੇ ਤਸਵੀਰ]

ਅਸੀਂ ਪ੍ਰਚਾਰ ਕਰਨ ਵਿਚ ਆਉਂਦੀ ਕੋਈ ਵੀ ਮੁਸ਼ਕਲ ਪਾਰ ਕਰ ਸਕਦੇ ਹਾਂ

[ਸਫ਼ਾ 15 ਉੱਤੇ ਤਸਵੀਰ]

ਯਹੋਵਾਹ ਖ਼ੁਸ਼ ਹੁੰਦਾ ਹੈ ਜਦੋਂ ਅਸੀਂ ਆਪਣੇ ਹਾਲਾਤਾਂ ਅਨੁਸਾਰ ਪੂਰਾ ਤਨ-ਮਨ ਲਾ ਕੇ ਉਸ ਦੀ ਸੇਵਾ ਕਰਦੇ ਹਾਂ