Skip to content

Skip to table of contents

ਮੈਂ ਯਹੋਵਾਹ ਦੀ ਸੰਸਥਾ ਵਿਚ ਰੁੱਝਿਆ ਰਿਹਾ

ਮੈਂ ਯਹੋਵਾਹ ਦੀ ਸੰਸਥਾ ਵਿਚ ਰੁੱਝਿਆ ਰਿਹਾ

ਮੈਂ ਯਹੋਵਾਹ ਦੀ ਸੰਸਥਾ ਵਿਚ ਰੁੱਝਿਆ ਰਿਹਾ

ਵਰਨਨ ਜ਼ੁਬਕੋ ਦੀ ਜ਼ਬਾਨੀ

ਮੇਰੀ ਪਰਵਰਿਸ਼ ਕੈਨੇਡਾ ਦੇ ਸਸਕੈਚਵਾਨ ਸੂਬੇ ਦੇ ਸਟੈਨਨ ਨਾਂ ਦੇ ਪਿੰਡ ਵਿਚ ਇਕ ਫਾਰਮ ਤੇ ਹੋਈ ਸੀ। ਮੇਰੇ ਮਾਪੇ ਫਰੈਡ ਅਤੇ ਅਡੈਲਾ ਨੇ ਬੜੀ ਮਿਹਨਤ ਨਾਲ ਸਾਨੂੰ ਯਹੋਵਾਹ ਬਾਰੇ ਸਿੱਖਿਆ ਦਿੱਤੀ ਅਤੇ ਸਾਡੀਆਂ ਭੌਤਿਕ ਲੋੜਾਂ ਨੂੰ ਪੂਰਾ ਕੀਤਾ। ਮੇਰੀ ਵੱਡੀ ਭੈਣ ਦਾ ਨਾਂ ਸੀ ਔਰਿਲੀਆ, ਉਸ ਤੋਂ ਬਾਅਦ ਮੈਂ ਤੇ ਮੇਰੇ ਛੋਟੇ ਭੈਣ-ਭਰਾ ਸਨ ਜਿਨ੍ਹਾਂ ਦੇ ਨਾਂ ਐਲਵਿਨ, ਅਲੈੱਗਰਾ ਅਤੇ ਡੈਰਿਲ ਸਨ। ਅਸੀਂ ਸਾਰੇ ਜਣੇ ਅੱਜ ਤਕ ਆਪਣੇ ਮਾਪਿਆਂ ਦੇ ਸ਼ੁਕਰਗੁਜ਼ਾਰ ਹਾਂ ਕਿ ਉਨ੍ਹਾਂ ਨੇ ਸਾਨੂੰ ਸੱਚਾਈ ਬਾਰੇ ਸਿੱਖਿਆ ਦਿੱਤੀ।

ਪਿਤਾ ਜੀ ਮਸਹ ਕੀਤੇ ਹੋਏ ਮਸੀਹੀ ਅਤੇ ਨਿਡਰ ਪ੍ਰਚਾਰਕ ਸਨ। ਉਹ ਗੁਜ਼ਾਰਾ ਤੋਰਨ ਲਈ ਬੜੀ ਮਿਹਨਤ ਕਰਦੇ ਸਨ, ਪਰ ਇਸ ਦੇ ਨਾਲ-ਨਾਲ ਉਹ ਇਹ ਵੀ ਜ਼ਰੂਰੀ ਸਮਝਦੇ ਸਨ ਕਿ ਸਾਰਿਆਂ ਨੂੰ ਪਤਾ ਲੱਗੇ ਕਿ ਉਹ ਇਕ ਗਵਾਹ ਸਨ। ਉਹ ਹਮੇਸ਼ਾ ਸੱਚਾਈ ਬਾਰੇ ਗੱਲਾਂ ਕਰਦੇ ਸੀ। ਉਨ੍ਹਾਂ ਦੇ ਜੋਸ਼ ਤੇ ਦਲੇਰੀ ਦਾ ਮੇਰੇ ਉੱਤੇ ਬਹੁਤ ਪ੍ਰਭਾਵ ਪਿਆ। ਉਹ ਮੈਨੂੰ ਅਕਸਰ ਕਹਿੰਦੇ ਸਨ: “ਪੁੱਤ, ਯਹੋਵਾਹ ਦੀ ਸੰਸਥਾ ਦੇ ਕੰਮਾਂ ਵਿਚ ਰੁੱਝਿਆ ਰਹਿ ਤੇ ਤੂੰ ਬਹੁਤ ਸਾਰੀਆਂ ਮੁਸ਼ਕਲਾਂ ਤੋਂ ਬਚਿਆ ਰਹੇਂਗਾ।”

ਅਸੀਂ ਅਕਸਰ ਸਟੈਨਨ ਅਤੇ ਲਾਗਲਿਆਂ ਪਿੰਡਾਂ ਵਿਚ ਸੜਕਾਂ ’ਤੇ ਖੜ੍ਹ ਕੇ ਗਵਾਹੀ ਦਿੰਦੇ ਸੀ। ਮੇਰੇ ਵਾਸਤੇ ਇਹ ਕਰਨਾ ਸੌਖਾ ਨਹੀਂ ਸੀ। ਹਰ ਕਸਬੇ ਦੇ ਆਪੋ-ਆਪਣੇ ਗੁੰਡੇ ਸਨ ਜੋ ਨਿਆਣਿਆਂ ਦਾ ਮਖੌਲ ਉਡਾਉਣ ਲਈ ਆ ਜਾਂਦੇ ਸਨ। ਇਕ ਵਾਰ ਜਦੋਂ ਮੈਂ ਅੱਠ ਸਾਲਾਂ ਦਾ ਸੀ, ਮੈਂ ਪਹਿਰਾਬੁਰਜ ਅਤੇ ਜਾਗਰੂਕ ਬਣੋ! ਰਸਾਲੇ ਲੈ ਕੇ ਸੜਕ ਦੇ ਕੋਨੇ ’ਤੇ ਖੜ੍ਹਾ ਸੀ ਜਦੋਂ ਮੁੰਡਿਆਂ ਦੀ ਟੋਲੀ ਨੇ ਮੈਨੂੰ ਆ ਕੇ ਘੇਰ ਲਿਆ। ਉਨ੍ਹਾਂ ਨੇ ਮੇਰੇ ਸਿਰ ਤੋਂ ਨਵੀਂ ਟੋਪੀ ਖੋਹ ਕੇ ਮੇਰੇ ਲਾਗੇ ਇਕ ਖੰਭੇ ਉੱਤੇ ਟਿਕਾ ਦਿੱਤੀ। ਸ਼ੁਕਰ ਨਾਲ ਇਕ ਸਿਆਣਾ ਭਰਾ ਮੇਰਾ ਖ਼ਿਆਲ ਰੱਖ ਰਿਹਾ ਸੀ ਤੇ ਉਸ ਨੇ ਦੇਖਿਆ ਮੇਰੇ ਨਾਲ ਕੀ ਹੋ ਰਿਹਾ ਸੀ। ਉਸ ਨੇ ਆਣ ਕੇ ਪੁੱਛਿਆ, “ਵਰਨ, ਕੀ ਗੱਲ ਐ?” ਮੁੰਡੇ ਝੱਟ ਭੱਜ ਗਏ। ਭਾਵੇਂ ਕਿ ਮੈਂ ਜ਼ਰਾ ਘਬਰਾ ਗਿਆ, ਪਰ ਮੈਂ ਇਸ ਤੋਂ ਸਿੱਖਿਆ ਕਿ ਸੜਕਾਂ ’ਤੇ ਗਵਾਹੀ ਦਿੰਦੇ ਸਮੇਂ ਇਕ ਥਾਂ ਤੇ ਹੀ ਨਹੀਂ ਰਹਿਣਾ ਚਾਹੀਦਾ, ਪਰ ਇੱਧਰ-ਉੱਧਰ ਤੁਰਨਾ-ਫਿਰਨਾ ਚਾਹੀਦਾ ਹੈ। ਛੋਟੇ ਹੁੰਦਿਆਂ ਅਜਿਹੀ ਸਿਖਲਾਈ ਨੇ ਮੈਨੂੰ ਘਰ-ਘਰ ਜਾ ਕੇ ਪ੍ਰਚਾਰ ਕਰਨ ਲਈ ਲੋੜੀਂਦਾ ਹੌਸਲਾ ਵੀ ਦਿੱਤਾ।

ਔਲਵਿਨ ਤੇ ਮੈਂ ਦੋਹਾਂ ਨੇ ਮਈ 1951 ਵਿਚ ਬਪਤਿਸਮਾ ਲਿਆ। ਮੈਂ ਉਦੋਂ 13 ਸਾਲਾਂ ਦਾ ਸੀ। ਮੈਨੂੰ ਅਜੇ ਵੀ ਯਾਦ ਹੈ ਕਿ ਭਰਾ ਜੈਕ ਨੇਥਨ ਨੇ ਸਾਡੇ ਬਪਤਿਸਮੇ ਦਾ ਭਾਸ਼ਣ ਦਿੱਤਾ ਸੀ। ਉਸ ਨੇ ਇਸ ਗੱਲ ’ਤੇ ਜ਼ੋਰ ਦਿੰਦਿਆਂ ਕਿਹਾ ਸੀ ਕਿ ਸਾਨੂੰ ਯਹੋਵਾਹ ਬਾਰੇ ਦੂਸਰਿਆਂ ਨੂੰ ਦੱਸਣ ਤੋਂ ਬਗੈਰ ਇਕ ਮਹੀਨਾ ਵੀ ਨਹੀਂ ਲੰਘਣ ਦੇਣਾ ਚਾਹੀਦਾ। * ਸਾਡੇ ਪਰਿਵਾਰ ਵਿਚ ਪਾਇਨੀਅਰਿੰਗ ਨੂੰ ਹਮੇਸ਼ਾ ਸਭ ਤੋਂ ਵਧੀਆ ਕੈਰੀਅਰ ਸਮਝਿਆ ਜਾਂਦਾ ਸੀ। ਸੋ 1958 ਵਿਚ ਸਕੂਲ ਦੀ ਪੜ੍ਹਾਈ ਖ਼ਤਮ ਹੋਣ ਤੋਂ ਬਾਅਦ ਮੈਂ ਮੈਨੀਟੋਬਾ ਪ੍ਰਾਂਤ ਦੇ ਵਿਨੀਪੈੱਗ ਸ਼ਹਿਰ ਵਿਚ ਪਾਇਨੀਅਰਿੰਗ ਕਰਨ ਚਲਾ ਗਿਆ। ਭਾਵੇਂ ਮੇਰੇ ਪਿਤਾ ਜੀ ਖੁਸ਼ ਸਨ ਕਿ ਮੈਂ ਉਨ੍ਹਾਂ ਦੇ ਪਰਿਵਾਰਕ ਕਾਰੋਬਾਰ ਵਿਚ ਲੱਕੜੀ ਦਾ ਕੰਮ ਕਰਾਂ, ਫਿਰ ਵੀ ਮੇਰੇ ਮਾਪਿਆਂ ਨੇ ਮੈਨੂੰ ਫੁੱਲ-ਟਾਈਮ ਸੇਵਾ ਕਰਨ ਦੀ ਹੱਲਾਸ਼ੇਰੀ ਦਿੱਤੀ ਅਤੇ ਉਨ੍ਹਾਂ ਨੇ ਖ਼ੁਸ਼ੀ ਨਾਲ ਮੈਨੂੰ ਵਿਨੀਪੈੱਗ ਜਾਣ ਦੀ ਇਜਾਜ਼ਤ ਦੇ ਦਿੱਤੀ।

ਨਵਾਂ ਘਰ ਅਤੇ ਨਵਾਂ ਸਾਥੀ

1959 ਵਿਚ ਬ੍ਰਾਂਚ ਆਫ਼ਿਸ ਨੇ ਉਨ੍ਹਾਂ ਸਾਰਿਆਂ ਨੂੰ ਕਿਊਬੈੱਕ ਜਾਣ ਦਾ ਸੱਦਾ ਦਿੱਤਾ ਜੋ ਉੱਥੇ ਜਾ ਸਕਦੇ ਸਨ ਕਿਉਂਕਿ ਉੱਥੇ ਪ੍ਰਚਾਰਕਾਂ ਦੀ ਬਹੁਤ ਲੋੜ ਸੀ। ਮੈਂ ਮਾਂਟ੍ਰੀਆਲ ਵਿਚ ਪਾਇਨੀਅਰਿੰਗ ਕਰਨ ਗਿਆ। ਮੇਰੇ ਲਈ ਕਿੰਨੀ ਵੱਡੀ ਤਬਦੀਲੀ! ਇਹ ਮੇਰੀ ਜ਼ਿੰਦਗੀ ਵਿਚ ਇਕ ਨਵਾਂ ਮੋੜ ਸੀ ਕਿਉਂਕਿ ਮੈਂ ਫਰਾਂਸੀਸੀ ਭਾਸ਼ਾ ਬੋਲਣੀ ਸਿੱਖ ਰਿਹਾ ਸੀ ਅਤੇ ਮੈਂ ਉੱਥੇ ਦੇ ਸਭਿਆਚਾਰ ਨੂੰ ਸਵੀਕਾਰ ਕਰ ਰਿਹਾ ਸੀ। ਇਕ ਸਫ਼ਰੀ ਨਿਗਾਹਬਾਨ ਨੇ ਮੈਨੂੰ ਸਲਾਹ ਦਿੱਤੀ: “ਇਹ ਕਦੇ ਨਾ ਕਹੀਂ ਕਿ ‘ਸਾਡੇ ਸ਼ਹਿਰ ਵਿਚ ਅਸੀਂ ਤਾਂ ਇਹ ਕੰਮ ਇਵੇਂ ਕਰਦੇ ਹਾਂ।’” ਇਹ ਬਹੁਤ ਚੰਗੀ ਸਲਾਹ ਸੀ।—1 ਕੁਰਿੰ. 9:22, 23.

ਜਦੋਂ ਮੈਂ ਕਿਊਬੈੱਕ ਗਿਆ, ਤਾਂ ਉੱਥੇ ਮੇਰਾ ਕੋਈ ਪਾਇਨੀਅਰ ਸਾਥੀ ਨਹੀਂ ਸੀ। ਸ਼ਰਲੀ ਟਰਕੌਟ ਨਾਂ ਦੀ ਇਕ ਨੌਜਵਾਨ ਭੈਣ, ਜਿਸ ਨੂੰ ਮੈਂ ਵਿਨੀਪੈੱਗ ਵਿਚ ਪਹਿਲਾਂ ਮਿਲਿਆ ਸੀ, ਉਹ ਮੇਰੀ ਜੀਵਨ-ਸਾਥੀ ਬਣੀ ਜਦ ਅਸੀਂ ਫਰਵਰੀ 1961 ਵਿਚ ਵਿਆਹ ਕਰਵਾ ਲਿਆ। ਉਹ ਵੀ ਯਹੋਵਾਹ ਨੂੰ ਪਿਆਰ ਕਰਨ ਵਾਲੇ ਪਰਿਵਾਰ ਵਿਚ ਪੈਦਾ ਹੋਈ ਸੀ। ਮੈਂ ਉਸ ਸਮੇਂ ਇਸ ਗੱਲ ਦੀ ਕਦਰ ਨਹੀਂ ਕੀਤੀ ਕਿ ਆਉਣ ਵਾਲੇ ਸਾਲਾਂ ਵਿਚ ਉਹ ਹਰ ਕਦਮ ਤੇ ਮੇਰਾ ਸਾਥ ਦੇ ਕੇ ਮੈਨੂੰ ਹੌਸਲਾ ਦੇਵੇਗੀ।

ਗੇਸਪੇ ਇਲਾਕੇ ਦਾ ਦੌਰਾ

ਸਾਡੇ ਵਿਆਹ ਤੋਂ ਦੋ ਸਾਲਾਂ ਬਾਅਦ ਸਾਨੂੰ ਕਿਊਬੈੱਕ ਦੇ ਰਿਮੁਸਕੀ ਇਲਾਕੇ ਵਿਚ ਸਪੈਸ਼ਲ ਪਾਇਨੀਅਰਾਂ ਵਜੋਂ ਭੇਜਿਆ ਗਿਆ। ਅਗਲੀ ਬਸੰਤ ਵਿਚ ਬ੍ਰਾਂਚ ਆਫ਼ਿਸ ਨੇ ਸਾਨੂੰ ਕੈਨੇਡਾ ਦੇ ਪੂਰਬੀ ਕਿਨਾਰੇ ਨਾਲ ਲੱਗਦੇ ਸਾਰੇ ਗੇਸਪੇ ਪ੍ਰਾਇਦੀਪ ਵਿਚ ਪ੍ਰਚਾਰ ਕਰਨ ਲਈ ਕਿਹਾ। ਸਾਡਾ ਕੰਮ ਸੀ ਕਿ ਜਿੰਨਾ ਹੋ ਸਕੇ ਸੱਚਾਈ ਦੇ ਬੀ ਬੀਜੀਏ। (ਉਪ. 11:6) ਅਸੀਂ ਆਪਣੀ ਗੱਡੀ ਵਿਚ 1,000 ਤੋਂ ਜ਼ਿਆਦਾ ਰਸਾਲੇ, ਤਕਰੀਬਨ 400 ਕਿਤਾਬਾਂ ਅਤੇ ਖਾਣਾ-ਪੀਣਾ ਤੇ ਕੱਪੜੇ ਲੱਦ ਕੇ ਇਕ ਮਹੀਨੇ ਲਈ ਪ੍ਰਚਾਰ ਕਰਨ ਚਲੇ ਗਏ। ਅਸੀਂ ਗੇਸਪੇ ਇਲਾਕੇ ਦੇ ਇਕ ਤੋਂ ਬਾਅਦ ਇਕ, ਸਾਰੇ ਛੋਟੇ-ਛੋਟੇ ਪਿੰਡਾਂ ਵਿਚ ਪ੍ਰਚਾਰ ਕੀਤਾ। ਸਥਾਨਕ ਰੇਡੀਓ ਸਟੇਸ਼ਨ ਉੱਤੇ ਲੋਕਾਂ ਨੂੰ ਚੇਤਾਵਨੀ ਦਿੱਤੀ ਗਈ ਕਿ ਗਵਾਹ ਆ ਰਹੇ ਸਨ ਅਤੇ ਕਿਹਾ ਕਿ ਉਹ ਸਾਡੇ ਤੋਂ ਪ੍ਰਕਾਸ਼ਨ ਨਾ ਲੈਣ। ਪਰ ਜ਼ਿਆਦਾਤਰ ਲੋਕਾਂ ਨੇ ਘੋਸ਼ਣਾ ਨੂੰ ਉਲਟ ਸਮਝ ਲਿਆ ਤੇ ਮੰਨਿਆ ਕਿ ਰੇਡੀਓ ਉੱਤੇ ਸਾਡੇ ਪ੍ਰਕਾਸ਼ਨਾਂ ਦੀ ਮਸ਼ਹੂਰੀ ਹੋ ਰਹੀ ਸੀ, ਇਸ ਲਈ ਉਨ੍ਹਾਂ ਨੇ ਸਾਡੇ ਤੋਂ ਪ੍ਰਕਾਸ਼ਨ ਲੈ ਲਏ।

ਉਨ੍ਹਾਂ ਸਾਲਾਂ ਵਿਚ ਕਿਊਬੈੱਕ ਦੇ ਕੁਝ ਇਲਾਕਿਆਂ ਵਿਚ ਲੋਕਾਂ ਵਾਸਤੇ ਪ੍ਰਚਾਰ ਦਾ ਕੰਮ ਨਵੀਂ ਗੱਲ ਸੀ ਅਤੇ ਪੁਲਸ ਸਾਨੂੰ ਆਮ ਤੌਰ ਤੇ ਰੋਕ ਕੇ ਪੁੱਛ-ਗਿੱਛ ਵੀ ਕਰਦੀ ਸੀ। ਇਕ ਸ਼ਹਿਰ ਵਿਚ ਇਵੇਂ ਹੀ ਹੋਇਆ ਜਿੱਥੇ ਅਸੀਂ ਤਕਰੀਬਨ ਹਰ ਘਰ ਵਿਚ ਸਾਹਿੱਤ ਦੇ ਰਹੇ ਸੀ। ਇਕ ਪੁਲਸ ਅਫ਼ਸਰ ਨੇ ਸਾਨੂੰ ਉਸ ਦੇ ਨਾਲ ਥਾਣੇ ਜਾਣ ਲਈ ਕਿਹਾ ਤੇ ਅਸੀਂ ਚਲੇ ਗਏ। ਮੈਨੂੰ ਪਤਾ ਚੱਲਿਆ ਕਿ ਉਸ ਸ਼ਹਿਰ ਦੇ ਵਕੀਲ ਨੇ ਹੁਕਮ ਜਾਰੀ ਕੀਤਾ ਸੀ ਕਿ ਅਸੀਂ ਪ੍ਰਚਾਰ ਕਰਨਾ ਬੰਦ ਕਰ ਦੇਈਏ। ਵੱਡਾ ਪੁਲਸ ਅਫ਼ਸਰ ਉਸ ਦਿਨ ਉੱਥੇ ਨਹੀਂ ਸੀ, ਇਸ ਲਈ ਮੈਂ ਉਸ ਵਕੀਲ ਨੂੰ ਟੋਰੌਂਟੋ ਬ੍ਰਾਂਚ ਆਫ਼ਿਸ ਦੁਆਰਾ ਲਿਖੀ ਇਕ ਚਿੱਠੀ ਦਿਖਾਈ ਜਿਸ ਵਿਚ ਸਾਡੇ ਪ੍ਰਚਾਰ ਕਰਨ ਦੇ ਹੱਕ ਬਾਰੇ ਚੰਗੀ ਤਰ੍ਹਾਂ ਸਮਝਾਇਆ ਗਿਆ ਸੀ। ਚਿੱਠੀ ਪੜ੍ਹਨ ਤੋਂ ਬਾਅਦ ਵਕੀਲ ਨੇ ਜਲਦੀ-ਜਲਦੀ ਕਿਹਾ: “ਦੇਖੋ, ਮੈਂ ਕੋਈ ਸਮੱਸਿਆ ਖੜ੍ਹੀ ਨਹੀਂ ਕਰਨੀ ਚਾਹੁੰਦਾ। ਮੈਨੂੰ ਸ਼ਹਿਰ ਦੇ ਪਾਦਰੀ ਨੇ ਤੁਹਾਨੂੰ ਰੋਕਣ ਲਈ ਕਿਹਾ ਸੀ।” ਅਸੀਂ ਚਾਹੁੰਦੇ ਸਾਂ ਕਿ ਉਸ ਇਲਾਕੇ ਦੇ ਲੋਕਾਂ ਨੂੰ ਇਵੇਂ ਨਾ ਲੱਗੇ ਕਿ ਸਾਡਾ ਕੰਮ ਗ਼ੈਰ-ਕਾਨੂੰਨੀ ਸੀ, ਇਸ ਕਰਕੇ ਅਸੀਂ ਫਟਾਫਟ ਉਸੇ ਜਗ੍ਹਾ ਵਾਪਸ ਪ੍ਰਚਾਰ ਕਰਨ ਚਲੇ ਗਏ ਜਿੱਥੇ ਸਾਨੂੰ ਪੁਲਸ ਨੇ ਰੋਕਿਆ ਸੀ।

ਅਗਲੇ ਦਿਨ ਜਦੋਂ ਅਸੀਂ ਵੱਡੇ ਪੁਲਸ ਅਫ਼ਸਰ ਨੂੰ ਮਿਲਣ ਗਏ, ਤਾਂ ਉਸ ਨੂੰ ਇਹ ਸੁਣ ਕੇ ਬੁਰਾ ਲੱਗਾ ਕਿ ਸਾਨੂੰ ਪ੍ਰਚਾਰ ਕਰਨ ਤੋਂ ਰੋਕਿਆ ਗਿਆ ਸੀ। ਕਾਸ਼, ਤੁਸੀਂ ਸੁਣਿਆ ਹੁੰਦਾ ਕਿ ਅਫ਼ਸਰ ਨੇ ਉਸ ਵਕੀਲ ਨੂੰ ਟੈਲੀਫ਼ੋਨ ਤੇ ਕਿੰਨਾ ਝਾੜਿਆ! ਉਸ ਅਫ਼ਸਰ ਨੇ ਸਾਨੂੰ ਕਿਹਾ ਕਿ ਜੇ ਕਦੇ ਵੀ ਕੋਈ ਸਮੱਸਿਆ ਆਵੇ, ਤਾਂ ਸਾਨੂੰ ਸਿੱਧਾ ਉਸ ਨੂੰ ਟੈਲੀਫ਼ੋਨ ਕਰਨਾ ਚਾਹੀਦਾ ਹੈ ਤੇ ਉਹ ਆਪੇ ਮਾਮਲੇ ਨੂੰ ਸੁਲਝਾ ਲਵੇਗਾ। ਭਾਵੇਂ ਕਿ ਅਸੀਂ ਉੱਥੇ ਅਜਨਬੀ ਸਾਂ ਤੇ ਅਸੀਂ ਟੁੱਟੀ-ਫੁੱਟੀ ਫ੍ਰੈਂਚ ਭਾਸ਼ਾ ਬੋਲ ਸਕਦੇ ਸਾਂ, ਫਿਰ ਵੀ ਲੋਕ ਸਾਡੇ ਨਾਲ ਬੜੇ ਪਿਆਰ ਨਾਲ ਪੇਸ਼ ਆਏ ਤੇ ਉਨ੍ਹਾਂ ਨੇ ਸਾਡੀ ਪਰਾਹੁਣਚਾਰੀ ਕੀਤੀ। ਪਰ ਅਸੀਂ ਸੋਚਦੇ ਸੀ, ‘ਕੀ ਇਹ ਲੋਕ ਕਦੇ ਸੱਚਾਈ ਜਾਣ ਪਾਉਣਗੇ?’ ਸਾਨੂੰ ਆਪਣੇ ਸਵਾਲ ਦਾ ਜਵਾਬ ਕਈ ਸਾਲਾਂ ਬਾਅਦ ਮਿਲਿਆ ਜਦੋਂ ਅਸੀਂ ਸਾਰੇ ਗੇਸਪੇ ਇਲਾਕੇ ਵਿਚ ਕਿੰਗਡਮ ਹਾਲ ਬਣਾਉਣ ਲਈ ਉੱਥੇ ਵਾਪਸ ਗਏ। ਸਾਨੂੰ ਪਤਾ ਚੱਲਿਆ ਕਿ ਜਿਨ੍ਹਾਂ ਕਈ ਲੋਕਾਂ ਨੂੰ ਅਸੀਂ ਗਵਾਹੀ ਦਿੱਤੀ ਸੀ, ਉਹ ਹੁਣ ਸਾਡੇ ਭੈਣ-ਭਰਾ ਬਣ ਗਏ ਹਨ। ਵਾਕਈ, ਇਸ ਵਾਧੇ ਦਾ ਸਿਹਰਾ ਯਹੋਵਾਹ ਨੂੰ ਹੀ ਜਾਂਦਾ ਹੈ।—1 ਕੁਰਿੰ. 3:6, 7.

ਸਾਨੂੰ ਰੱਬ ਤੋਂ ਵਿਰਾਸਤ ਮਿਲੀ

ਸਾਡੀ ਧੀ ਲੀਜ਼ਾ ਦਾ ਜਨਮ 1970 ਵਿਚ ਹੋਇਆ। ਯਹੋਵਾਹ ਤੋਂ ਮਿਲੀ ਇਸ ਵਿਰਾਸਤ ਕਾਰਨ ਸਾਡੇ ਘਰ ਵਿਚ ਖ਼ੁਸ਼ੀਆਂ ਦੀ ਬਹਾਰ ਆ ਗਈ। ਸ਼ਰਲੀ ਤੇ ਲੀਜ਼ਾ ਨੇ ਕਿੰਗਡਮ ਹਾਲਾਂ ਦੇ ਕਈ ਉਸਾਰੀ ਪ੍ਰਾਜੈਕਟਾਂ ਉੱਤੇ ਮੇਰੇ ਨਾਲ ਕੰਮ ਕੀਤਾ ਹੈ। ਲੀਜ਼ਾ ਨੇ ਪੜ੍ਹਾਈ ਖ਼ਤਮ ਕਰਨ ਤੋਂ ਬਾਅਦ ਸਾਨੂੰ ਕਿਹਾ: “ਮੰਮੀ ਤੇ ਡੈਡੀ ਜੀ, ਤੁਹਾਨੂੰ ਮੇਰੇ ਕਰਕੇ ਫੁੱਲ-ਟਾਈਮ ਸੇਵਾ ਛੱਡਣੀ ਪਈ ਸੀ, ਸੋ ਮੈਂ ਖ਼ੁਦ ਪਾਇਨੀਅਰ ਬਣ ਕੇ ਉਹ ਥੁੜ੍ਹ ਪੂਰੀ ਕਰਨ ਦੀ ਕੋਸ਼ਿਸ਼ ਕਰਾਂਗੀ।” 20 ਤੋਂ ਜ਼ਿਆਦਾ ਸਾਲਾਂ ਬਾਅਦ ਲੀਜ਼ਾ ਹਾਲੇ ਵੀ ਪਾਇਨੀਅਰਿੰਗ ਕਰਦੀ ਹੈ, ਅਤੇ ਹੁਣ ਉਹ ਆਪਣੇ ਪਤੀ ਸਿਲਵੇਨ ਨਾਲ ਪਾਇਨੀਅਰਿੰਗ ਕਰਦੀ ਹੈ। ਉਨ੍ਹਾਂ ਦੋਵਾਂ ਨੂੰ ਕਈ ਅੰਤਰਰਾਸ਼ਟਰੀ ਉਸਾਰੀ ਪ੍ਰਾਜੈਕਟਾਂ ਉੱਤੇ ਕੰਮ ਕਰਨ ਦਾ ਸਨਮਾਨ ਮਿਲਿਆ ਹੈ। ਪਰਿਵਾਰ ਵਜੋਂ, ਸਾਡਾ ਟੀਚਾ ਇਹ ਰਿਹਾ ਹੈ ਕਿ ਅਸੀਂ ਆਪਣੀ ਜ਼ਿੰਦਗੀ ਸਾਦੀ ਰੱਖਾਂਗੇ ਅਤੇ ਤਿਆਰ ਰਹਾਂਗੇ ਕਿ ਯਹੋਵਾਹ ਸਾਨੂੰ ਜਿੱਦਾਂ ਚਾਹੇ ਵਰਤ ਸਕਦਾ ਹੈ। ਮੈਂ ਲੀਜ਼ਾ ਦੇ ਉਹ ਲਫ਼ਜ਼ ਕਦੇ ਨਹੀਂ ਭੁੱਲਿਆ ਜੋ ਉਸ ਨੇ ਪਾਇਨੀਅਰਿੰਗ ਸ਼ੁਰੂ ਕਰਨ ਵੇਲੇ ਕਹੇ ਸਨ। ਅਸਲ ਵਿਚ ਉਸ ਨੇ ਮੈਨੂੰ 2001 ਵਿਚ ਫਿਰ ਤੋਂ ਪਾਇਨੀਅਰਿੰਗ ਸ਼ੁਰੂ ਕਰਨ ਲਈ ਪ੍ਰੇਰਿਆ ਤੇ ਮੈਂ ਉਦੋਂ ਤੋਂ ਪਾਇਨੀਅਰਿੰਗ ਕਰ ਰਿਹਾ ਹਾਂ। ਪਾਇਨੀਅਰਿੰਗ ਕਰਨ ਨਾਲ ਮੈਂ ਸਿੱਖ ਰਿਹਾ ਹਾਂ ਕਿ ਮੈਂ ਜੋ ਵੀ ਕਰਾਂ ਯਹੋਵਾਹ ਉੱਤੇ ਭਰੋਸਾ ਰੱਖ ਕੇ ਕਰਾਂ ਅਤੇ ਸਾਦੀ ਪਰ ਸੁਖੀ ਜ਼ਿੰਦਗੀ ਬਿਤਾਵਾਂ।

ਉਸਾਰੀ ਪ੍ਰਾਜੈਕਟਾਂ ਵਾਸਤੇ ਪਿਆਰ ਅਤੇ ਵਫ਼ਾਦਾਰੀ ਦੀ ਲੋੜ

ਯਹੋਵਾਹ ਨੇ ਮੈਨੂੰ ਸਿਖਾਇਆ ਹੈ ਕਿ ਜੇ ਅਸੀਂ ਉਸ ਤੋਂ ਮਿਲਣ ਵਾਲਾ ਕੋਈ ਵੀ ਕੰਮ ਕਰਨ ਲਈ ਤਿਆਰ ਰਹਾਂਗੇ, ਤਾਂ ਉਹ ਸਾਡੀਆਂ ਝੋਲੀਆਂ ਬਰਕਤਾਂ ਨਾਲ ਭਰ ਦੇਵੇਗਾ। ਕਿਊਬੈੱਕ ਅਤੇ ਹੋਰਨਾਂ ਇਲਾਕਿਆਂ ਵਿਚ ਉਸਾਰੀ ਦਾ ਕੰਮ ਕਰਨ ਵਾਲੀ ਕਮੇਟੀ ਦੇ ਮੈਂਬਰ ਵਜੋਂ ਸੇਵਾ ਕਰਨ ਅਤੇ ਆਪਣੇ ਮਸੀਹੀ ਭੈਣਾਂ-ਭਰਾਵਾਂ ਨਾਲ ਉਸਾਰੀ ਪ੍ਰਾਜੈਕਟਾਂ ਉੱਤੇ ਕੰਮ ਕਰਨ ਨੂੰ ਮੈਂ ਅਨਮੋਲ ਸਨਮਾਨ ਸਮਝਦਾ ਹਾਂ।

ਭਾਵੇਂ ਕਿ ਕਈ ਵਲੰਟੀਅਰ ਭਰਾ ਸ਼ਾਇਦ ਪਲੇਟਫਾਰਮ ਤੋਂ ਇੰਨੇ ਵਧੀਆ ਭਾਸ਼ਣ ਦੇਣ ਦੇ ਕਾਬਲ ਨਾ ਹੋਣ, ਪਰ ਕਿੰਗਡਮ ਹਾਲ ਉਸਾਰੀ ਪ੍ਰਾਜੈਕਟਾਂ ਨੂੰ ਦੇਖ ਕੇ ਤੁਹਾਨੂੰ ਯਕੀਨ ਨਹੀਂ ਆਵੇਗਾ ਕਿ ਉਹ ਕਿੰਨੇ ਹੁਨਰਮੰਦ ਹਨ। ਇਹ ਪਿਆਰੇ ਭਰਾ ਖ਼ੂਨ-ਪਸੀਨਾ ਇਕ ਕਰ ਦਿੰਦੇ ਹਨ ਅਤੇ ਉਨ੍ਹਾਂ ਦੇ ਹੁਨਰ ਉੱਭਰ ਕੇ ਸਾਮ੍ਹਣੇ ਆਉਂਦੇ ਹਨ। ਨਤੀਜੇ ਵਜੋਂ, ਯਹੋਵਾਹ ਦੀ ਭਗਤੀ ਲਈ ਹਮੇਸ਼ਾ ਸੁੰਦਰ ਇਮਾਰਤ ਤਿਆਰ ਹੋ ਜਾਂਦੀ ਹੈ।

ਮੈਨੂੰ ਪੁੱਛਿਆ ਗਿਆ ਕਿ “ਕਿੰਗਡਮ ਹਾਲ ਦੇ ਕਿਸੇ ਪ੍ਰਾਜੈਕਟ ਉੱਤੇ ਕੰਮ ਕਰਨ ਲਈ ਇਕ ਵਲੰਟੀਅਰ ਭੈਣ ਜਾਂ ਭਰਾ ਵਿਚ ਸਭ ਤੋਂ ਜ਼ਰੂਰੀ ਗੁਣ ਕਿਹੜੇ ਹੋਣੇ ਚਾਹੀਦੇ ਹਨ?” ਆਪਣੇ ਤਜਰਬੇ ਤੋਂ ਮੈਂ ਇਹ ਕਹਿ ਸਕਦਾ ਹਾਂ ਕਿ ਸਭ ਤੋਂ ਜ਼ਰੂਰੀ ਹੈ ਯਹੋਵਾਹ, ਉਸ ਦੇ ਪੁੱਤਰ ਯਿਸੂ ਅਤੇ ਆਪਣੇ ਭੈਣਾਂ-ਭਰਾਵਾਂ ਨੂੰ ਪਿਆਰ ਕਰਨਾ। (1 ਕੁਰਿੰ. 16:14) ਦੂਜੀ ਗੱਲ, ਵਫ਼ਾਦਾਰ ਰਹਿਣਾ ਬੇਹੱਦ ਜ਼ਰੂਰੀ ਹੈ। ਕਦੇ-ਕਦੇ ਜਦੋਂ ਕੰਮ ਉਸ ਹਿਸਾਬ ਨਾਲ ਨਹੀਂ ਹੁੰਦਾ ਜਿਸ ਹਿਸਾਬ ਨਾਲ ਤੁਸੀਂ ਚਾਹੁੰਦੇ ਹੋ, ਤਾਂ ਉਸ ਸਮੇਂ ਵੀ ਵਫ਼ਾਦਾਰ ਬੰਦਾ ਯਹੋਵਾਹ ਦੀ ਸੰਸਥਾ ਦੀ ਸੇਧ ਅਨੁਸਾਰ ਕੰਮ ਕਰਦਾ ਰਹੇਗਾ। ਵਫ਼ਾਦਾਰ ਬੰਦਾ ਅਗਾਹਾਂ ਦੇ ਪ੍ਰਾਜੈਕਟਾਂ ਉੱਤੇ ਕੰਮ ਕਰਨ ਲਈ ਤਿਆਰ ਰਹੇਗਾ।

ਯਹੋਵਾਹ ਦਾ ਤਹਿ ਦਿਲੋਂ ਸ਼ੁਕਰਗੁਜ਼ਾਰ

ਭਾਵੇਂ ਕਿ ਮੇਰੇ ਪਿਤਾ ਜੀ 1985 ਵਿਚ ਗੁਜ਼ਰ ਗਏ ਸਨ, ਪਰ ਯਹੋਵਾਹ ਦੀ ਸੰਸਥਾ ਵਿਚ ਰੁੱਝੇ ਰਹਿਣ ਬਾਰੇ ਉਨ੍ਹਾਂ ਦੀ ਸਲਾਹ ਮੈਂ ਹਾਲੇ ਵੀ ਆਪਣੇ ਲੜ ਬੰਨ੍ਹੀ ਹੋਈ ਹੈ। ਮੈਨੂੰ ਪੂਰਾ ਯਕੀਨ ਹੈ ਕਿ ਮੇਰੇ ਪਿਤਾ ਜੀ ਵੀ ਹੋਰਨਾਂ ਮਸਹ ਕੀਤੇ ਹੋਇਆਂ ਦੀ ਤਰ੍ਹਾਂ ਯਹੋਵਾਹ ਦੀ ਸੰਸਥਾ ਦੇ ਸਵਰਗੀ ਹਿੱਸੇ ਵਿਚ ਰੁੱਝੇ ਹੋਏ ਹਨ। (ਪਰ. 14:13) ਮਾਤਾ ਜੀ ਹੁਣ 97 ਸਾਲਾਂ ਦੇ ਹਨ। ਦੌਰਾ ਪੈਣ ਕਰਕੇ ਉਹ ਪਹਿਲਾਂ ਦੀ ਤਰ੍ਹਾਂ ਬੋਲ ਨਹੀਂ ਸਕਦੇ, ਪਰ ਉਹ ਹਾਲੇ ਵੀ ਬਾਈਬਲ ਦੇ ਹਵਾਲੇ ਚੰਗੀ ਤਰ੍ਹਾਂ ਜਾਣਦੇ ਹਨ। ਉਹ ਚਿੱਠੀਆਂ ਵਿਚ ਹਵਾਲੇ ਲਿਖਦੇ ਹਨ ਤੇ ਸਾਨੂੰ ਸਾਰਿਆਂ ਨੂੰ ਯਹੋਵਾਹ ਦੀ ਸੇਵਾ ਵਫ਼ਾਦਾਰੀ ਨਾਲ ਕਰਦੇ ਰਹਿਣ ਦੀ ਹੱਲਾਸ਼ੇਰੀ ਦਿੰਦੇ ਹਨ। ਮੈਂ ਤੇ ਮੇਰੇ ਭੈਣ-ਭਰਾ ਇੰਨਾ ਪਿਆਰ ਕਰਨ ਵਾਲੇ ਮਾਪਿਆਂ ਦੇ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ!

ਮੈਂ ਇਸ ਲਈ ਵੀ ਯਹੋਵਾਹ ਦਾ ਬਹੁਤ ਧੰਨਵਾਦੀ ਹਾਂ ਕਿ ਉਸ ਨੇ ਮੈਨੂੰ ਵਫ਼ਾਦਾਰ ਪਤਨੀ ਸ਼ਰਲੀ ਦਿੱਤੀ। ਉਸ ਨੇ ਵੀ ਆਪਣੇ ਮਾਤਾ ਜੀ ਦੀ ਇਹ ਸਲਾਹ ਲੜ ਬੰਨ੍ਹੀ ਹੋਈ ਹੈ, “ਵਰਨ ਸੱਚਾਈ ਵਿਚ ਬਹੁਤ ਰੁੱਝਿਆ ਰਹੇਗਾ ਤੇ ਤੈਨੂੰ ਉਸ ਨੂੰ ਦੂਸਰਿਆਂ ਨਾਲ ਵੰਡਣਾ ਸਿੱਖਣਾ ਪਵੇਗਾ।” 49 ਸਾਲ ਪਹਿਲਾਂ ਜਦੋਂ ਅਸੀਂ ਵਿਆਹ ਕਰਾਇਆ ਸੀ, ਤਾਂ ਅਸੀਂ ਵਾਅਦਾ ਕੀਤਾ ਸੀ ਕਿ ਅਸੀਂ ਯਹੋਵਾਹ ਦੀ ਸੇਵਾ ਕਰਦਿਆਂ ਇਕੱਠੇ ਬੁੱਢੇ ਹੋਵਾਂਗੇ ਤੇ ਜੇ ਅਸੀਂ ਦੋਵੇਂ ਇਸ ਸੰਸਾਰ ਦੇ ਅੰਤ ਵਿੱਚੋਂ ਬਚ ਗਏ, ਤਾਂ ਅਸੀਂ ਦੋਵੇਂ ਇਕੱਠੇ ਹੀ ਜਵਾਨ ਹੋਵਾਂਗੇ ਤੇ ਹਮੇਸ਼ਾ-ਹਮੇਸ਼ਾ ਲਈ ਯਹੋਵਾਹ ਦੀ ਸੇਵਾ ਕਰਾਂਗੇ। ਵਾਕਈ, ਅਸੀਂ ‘ਪ੍ਰਭੁ ਦੇ ਕੰਮ ਵਿੱਚ ਵਧਦੇ ਗਏ।’ (1 ਕੁਰਿੰ. 15:58) ਯਹੋਵਾਹ ਨੇ ਹਰ ਤਰ੍ਹਾਂ ਨਾਲ ਸਾਡੀ ਦੇਖ-ਭਾਲ ਕੀਤੀ ਹੈ ਤੇ ਸਾਨੂੰ ਕਿਸੇ ਵੀ ਚੰਗੀ ਚੀਜ਼ ਦੀ ਥੁੜ੍ਹ ਨਹੀਂ ਹੋਣ ਦਿੱਤੀ।

[ਫੁਟਨੋਟ]

^ ਪੈਰਾ 6 ਜੈਕ ਹਾਲੀਡੇ ਨੇਥਨ ਦੀ ਜੀਵਨ ਕਹਾਣੀ ਲਈ 1 ਸਤੰਬਰ 1990 ਦੇ ਪਹਿਰਾਬੁਰਜ (ਅੰਗ੍ਰੇਜ਼ੀ) ਦੇ 10-14 ਸਫ਼ੇ ਦੇਖੋ।

[ਸਫ਼ਾ 31 ਉੱਤੇ ਤਸਵੀਰ]

“ਪਰਿਵਾਰ ਵਜੋਂ, ਸਾਡਾ ਟੀਚਾ ਇਹ ਰਿਹਾ ਹੈ ਕਿ ਅਸੀਂ ਆਪਣੀ ਜ਼ਿੰਦਗੀ ਸਾਦੀ ਰੱਖਾਂਗੇ ਅਤੇ ਤਿਆਰ ਰਹਾਂਗੇ ਕਿ ਯਹੋਵਾਹ ਸਾਨੂੰ ਜਿੱਦਾਂ ਚਾਹੇ ਵਰਤ ਸਕਦਾ ਹੈ”