Skip to content

Skip to table of contents

ਯਹੋਵਾਹ ਦੇ ਸੰਗਠਨ ਤੋਂ ਵਾਕਫ਼ ਹੋਣ ਲਈ ਬੱਚਿਆਂ ਦੀ ਮਦਦ ਕਰੋ

ਯਹੋਵਾਹ ਦੇ ਸੰਗਠਨ ਤੋਂ ਵਾਕਫ਼ ਹੋਣ ਲਈ ਬੱਚਿਆਂ ਦੀ ਮਦਦ ਕਰੋ

ਯਹੋਵਾਹ ਦੇ ਸੰਗਠਨ ਤੋਂ ਵਾਕਫ਼ ਹੋਣ ਲਈ ਬੱਚਿਆਂ ਦੀ ਮਦਦ ਕਰੋ

ਬੱਚੇ ਸਿੱਖਣ ਦੀ ਤਾਂਘ ਰੱਖਦੇ ਹਨ। ਜ਼ਰਾ ਉਨ੍ਹਾਂ ਸਵਾਲਾਂ ਬਾਰੇ ਸੋਚੋ ਜੋ ਬੱਚਿਆਂ ਨੇ ਮਿਸਰ ਵਿਚ ਪਹਿਲੇ ਪਸਾਹ ਦੇ ਤਿਉਹਾਰ ਦੀ ਰਾਤ ਨੂੰ ਪੁੱਛੇ ਹੋਣੇ: ‘ਲੇਲੇ ਨੂੰ ਕਿਉਂ ਮਰਨਾ ਪਿਆ?’ ‘ਪਿਤਾ ਜੀ ਚੁਗਾਠ ਉੱਤੇ ਲਹੂ ਕਿਉਂ ਲਾ ਰਹੇ ਹਨ?’ ‘ਅਸੀਂ ਕਿੱਥੇ ਚੱਲੇ ਹਾਂ?’ ਯਹੋਵਾਹ ਨੂੰ ਅਜਿਹੇ ਸਵਾਲ ਪਸੰਦ ਹਨ। ਇਸ ਬਾਰੇ ਸਾਨੂੰ ਇਸਰਾਏਲੀ ਪਿਤਾਵਾਂ ਨੂੰ ਦਿੱਤੇ ਹੁਕਮ ਤੋਂ ਪਤਾ ਲੱਗਦਾ ਹੈ। ਯਹੋਵਾਹ ਨੇ ਭਵਿੱਖ ਵਿਚ ਮਨਾਏ ਜਾਣ ਵਾਲੇ ਪਸਾਹ ਦੇ ਤਿਉਹਾਰਾਂ ਬਾਰੇ ਉਨ੍ਹਾਂ ਨੂੰ ਕਿਹਾ ਸੀ: “ਜਾਂ ਤੁਹਾਡੇ ਪੁੱਤ੍ਰ ਤੁਹਾਨੂੰ ਪੁੱਛਣ ਕਿ ਤੁਹਾਡਾ ਏਸ ਰੀਤੀ ਤੋਂ ਕੀ ਮਤਲਬ ਹੈ? ਤਾਂ ਤੁਸੀਂ ਆਖਿਓ ਕਿ ਏਹ ਯਹੋਵਾਹ ਦੀ ਪਸਾਹ ਦਾ ਬਲੀਦਾਨ ਹੈ ਜੋ ਮਿਸਰ ਵਿੱਚ ਇਸਰਾਏਲੀਆਂ ਦੇ ਘਰਾਂ ਦੇ ਉੱਤੋਂ ਦੀ ਲੰਘਿਆ ਜਦ ਉਸ ਨੇ ਮਿਸਰੀਆਂ ਨੂੰ ਮਾਰਿਆ ਪਰ ਸਾਡੇ ਘਰਾਂ ਨੂੰ ਬਚਾਇਆ।” (ਕੂਚ 12:24-27) ਬਾਅਦ ਵਿਚ ਯਹੋਵਾਹ ਨੇ ਇਸਰਾਏਲੀ ਮਾਪਿਆਂ ਨੂੰ ਯਾਦ ਦਿਲਾਇਆ ਕਿ ਨਿਆਣਿਆਂ ਦੇ ਉਨ੍ਹਾਂ ਸਵਾਲਾਂ ਦੇ ਜਵਾਬ ਦੇਣੇ ਕਿੰਨੇ ਜ਼ਰੂਰੀ ਸਨ ਜੋ ਉਹ ਯਹੋਵਾਹ ਦੀਆਂ ‘ਬਿਧੀਆਂ ਅਤੇ ਕਾਨੂੰਨਾਂ’ ਬਾਰੇ ਪੁੱਛਣਗੇ।—ਬਿਵ. 6:20-25.

ਸਪੱਸ਼ਟ ਹੈ ਕਿ ਯਹੋਵਾਹ ਚਾਹੁੰਦਾ ਸੀ ਕਿ ਨਿਆਣੇ ਸੱਚੀ ਭਗਤੀ ਬਾਰੇ ਆਪਣੇ ਸਵਾਲਾਂ ਦੇ ਤਸੱਲੀਬਖ਼ਸ਼ ਜਵਾਬ ਜਾਣਨ। ਅਜਿਹੇ ਜਵਾਬਾਂ ਦੀ ਪ੍ਰੇਰਣਾ ਨਾਲ ਉਨ੍ਹਾਂ ਨੇ ਯਹੋਵਾਹ ਨੂੰ ਆਪਣੇ ਪਰਮੇਸ਼ੁਰ ਅਤੇ ਮੁਕਤੀਦਾਤੇ ਵਜੋਂ ਪਿਆਰ ਕਰਨਾ ਸੀ। ਅੱਜ ਵੀ ਯਹੋਵਾਹ ਸਾਡੇ ਬੱਚਿਆਂ ਬਾਰੇ ਇੱਦਾਂ ਹੀ ਸੋਚਦਾ ਹੈ। ਮਾਪੇ ਇਕ ਤਰੀਕੇ ਨਾਲ ਆਪਣੇ ਬੱਚਿਆਂ ਦੇ ਦਿਲਾਂ ਵਿਚ ਪਰਮੇਸ਼ੁਰ ਅਤੇ ਉਸ ਦੇ ਲੋਕਾਂ ਲਈ ਪਿਆਰ ਪੈਦਾ ਕਰ ਸਕਦੇ ਹਨ। ਉਹ ਯਹੋਵਾਹ ਦੇ ਸੰਗਠਨ ਬਾਰੇ ਜਾਣਨ ਅਤੇ ਸਮਝਣ ਵਿਚ ਉਨ੍ਹਾਂ ਦੀ ਮਦਦ ਕਰ ਸਕਦੇ ਹਨ ਕਿ ਇਹ ਸੰਗਠਨ ਸਾਡੇ ਫ਼ਾਇਦੇ ਵਾਸਤੇ ਕੀ ਕੁਝ ਕਰਦਾ ਹੈ। ਆਓ ਆਪਾਂ ਕੁਝ ਤਰੀਕੇ ਦੇਖੀਏ ਜਿਨ੍ਹਾਂ ਦੀ ਮਦਦ ਨਾਲ ਬੱਚੇ ਪਰਮੇਸ਼ੁਰ ਦੇ ਸੰਗਠਨ ਬਾਰੇ ਹੋਰ ਜਾਣਕਾਰੀ ਲੈ ਸਕਦੇ ਹਨ।

ਸਥਾਨਕ ਕਲੀਸਿਯਾ

ਬੱਚਿਆਂ ਨੂੰ ਕਲੀਸਿਯਾ ਨਾਲ ਜਾਣ-ਪਛਾਣ ਵਧਾਉਣ ਦੀ ਲੋੜ ਹੈ ਜਿਸ ਵਿਚ ਤੁਹਾਡਾ ਪਰਿਵਾਰ ਜਾਂਦਾ ਹੈ। ਇਸ ਲਈ ਮਾਪਿਆਂ ਵਜੋਂ ਤੁਸੀਂ ਆਪਣੇ ਬੱਚਿਆਂ ਨੂੰ ਸਾਰੀਆਂ ਮੀਟਿੰਗਾਂ ਵਿਚ ਲੈ ਜਾਣਾ ਚਾਹੁੰਦੇ ਹੋ। ਇਸ ਤਰ੍ਹਾਂ ਤੁਸੀਂ ਇਸਰਾਏਲੀਆਂ ਦੀ ਮਿਸਾਲ ਉੱਤੇ ਚੱਲਦੇ ਹੋ ਜਿਨ੍ਹਾਂ ਨੂੰ ਯਹੋਵਾਹ ਨੇ ਹੁਕਮ ਦਿੱਤਾ ਸੀ: ‘ਪਰਜਾ ਨੂੰ ਇਕੱਠਾ ਕਰੋ, ਮਨੁੱਖਾਂ, ਤੀਵੀਆਂ ਅਤੇ ਨਿਆਣਿਆਂ ਨੂੰ ਤਾਂ ਜੋ ਓਹ ਸੁਣਨ ਅਤੇ ਸਿੱਖਣ ਅਤੇ ਯਹੋਵਾਹ ਤੁਹਾਡੇ ਪਰਮੇਸ਼ੁਰ ਤੋਂ ਡਰਨ ਅਤੇ ਏਸ ਬਿਵਸਥਾ ਦੀਆਂ ਸਾਰੀਆਂ ਗੱਲਾਂ ਦੀ ਪਾਲਨਾ ਕਰਨ। ਅਤੇ ਉਨ੍ਹਾਂ ਦੇ ਨਿਆਣੇ ਬੱਚੇ ਸੁਣਨ ਅਤੇ ਯਹੋਵਾਹ ਤੁਹਾਡੇ ਪਰਮੇਸ਼ੁਰ ਤੋਂ ਡਰਨਾ ਸਿੱਖਣ।’—ਬਿਵ. 31:12, 13.

ਬੱਚੇ ਨਿਆਣੀ ਉਮਰ ਤੋਂ ਹੀ ਯਹੋਵਾਹ ਦੇ ਬਚਨ ਬਾਰੇ ਸਿੱਖ ਸਕਦੇ ਹਨ। ਪੌਲੁਸ ਰਸੂਲ ਨੇ ਤਿਮੋਥਿਉਸ ਬਾਰੇ ਕਿਹਾ ਸੀ: “ਤੂੰ ਬਾਲ ਅਵਸਥਾ ਤੋਂ ਪਵਿੱਤਰ ਲਿਖਤਾਂ ਦਾ ਮਹਿਰਮ ਹੈਂ।” (2 ਤਿਮੋ. 3:15) ਕਿੰਗਡਮ ਹਾਲ ਵਿਚ ਮੀਟਿੰਗਾਂ ਤੇ ਆ ਕੇ ਛੋਟੇ-ਛੋਟੇ ਬੱਚੇ ਵੀ ਪੇਸ਼ ਕੀਤੀ ਜਾਂਦੀ ਜਾਣਕਾਰੀ ਨੂੰ ਸਮਝਣ ਲੱਗ ਪੈਂਦੇ ਹਨ ਅਤੇ ਗੀਤਾਂ ਤੋਂ ਜਾਣੂ ਹੁੰਦੇ ਹਨ। ਉੱਥੇ ਉਹ ਬਾਈਬਲ ਅਤੇ ਬਾਈਬਲ-ਆਧਾਰਿਤ ਪ੍ਰਕਾਸ਼ਨਾਂ ਨੂੰ ਵਰਤਣਾ ਅਤੇ ਇਨ੍ਹਾਂ ਦਾ ਆਦਰ ਕਰਨਾ ਸਿੱਖਦੇ ਹਨ। ਇਸ ਤੋਂ ਇਲਾਵਾ, ਉਹ ਮੀਟਿੰਗਾਂ ਵਿਚ ਸੱਚਾ ਪਿਆਰ ਦੇਖਣਗੇ ਜਿਸ ਤੋਂ ਮਸੀਹ ਦੇ ਸੱਚੇ ਚੇਲਿਆਂ ਦੀ ਪਛਾਣ ਹੁੰਦੀ ਹੈ। ਯਿਸੂ ਨੇ ਕਿਹਾ: “ਮੈਂ ਤੁਹਾਨੂੰ ਨਵਾਂ ਹੁਕਮ ਦਿੰਦਾ ਹਾਂ ਕਿ ਇੱਕ ਦੂਏ ਨੂੰ ਪਿਆਰ ਕਰੋ ਅਰਥਾਤ ਜਿਵੇਂ ਮੈਂ ਤੁਹਾਨੂੰ ਪਿਆਰ ਕੀਤਾ ਤਿਵੇਂ ਤੁਸੀਂ ਇੱਕ ਦੂਏ ਨੂੰ ਪਿਆਰ ਕਰੋ। ਜੇ ਤੁਸੀਂ ਆਪੋ ਵਿੱਚ ਪ੍ਰੇਮ ਰੱਖੋ ਤਾਂ ਇਸੇ ਤੋਂ ਸਭ ਜਾਣਨਗੇ ਭਈ ਤੁਸੀਂ ਮੇਰੇ ਚੇਲੇ ਹੋ।” (ਯੂਹੰ. 13:34, 35) ਕਿੰਗਡਮ ਹਾਲ ਵਿਚ ਪਿਆਰ ਭਰਿਆ ਅਤੇ ਸੁਰੱਖਿਅਤ ਮਾਹੌਲ ਬੱਚਿਆਂ ਨੂੰ ਚੰਗਾ ਲੱਗੇਗਾ ਜਿਸ ਦੀ ਮਦਦ ਨਾਲ ਉਹ ਮੀਟਿੰਗਾਂ ਵਿਚ ਹਾਜ਼ਰ ਹੋਣਾ ਆਪਣੀ ਜ਼ਿੰਦਗੀ ਦਾ ਹਿੱਸਾ ਬਣਾ ਲੈਣਗੇ।

ਜਦੋਂ ਤੁਸੀਂ ਕਿੰਗਡਮ ਹਾਲ ਵਿਚ ਜਲਦੀ ਆਉਣ ਅਤੇ ਮੀਟਿੰਗ ਤੋਂ ਬਾਅਦ ਥੋੜ੍ਹਾ ਚਿਰ ਠਹਿਰਨ ਦੀ ਆਦਤ ਬਣਾਉਂਦੇ ਹੋ, ਤਾਂ ਤੁਹਾਡੇ ਬੱਚਿਆਂ ਨੂੰ ਦੋਸਤ ਬਣਾਉਣ ਦਾ ਮੌਕਾ ਮਿਲੇਗਾ। ਉਨ੍ਹਾਂ ਨੂੰ ਸਿਰਫ਼ ਹੋਰਨਾਂ ਬੱਚਿਆਂ ਨਾਲ ਮਿਲਣ-ਜੁਲਣ ਦੇਣ ਦੀ ਬਜਾਇ ਕਿਉਂ ਨਾ ਤੁਸੀਂ ਉਨ੍ਹਾਂ ਨੂੰ ਹਰ ਉਮਰ ਦੇ ਭੈਣਾਂ-ਭਰਾਵਾਂ ਨਾਲ ਮਿਲਾਓ? ਜੇ ਬੱਚੇ ਆਪਣੇ ਤੋਂ ਵੱਡਿਆਂ ਨੂੰ ਜਾਣਨਗੇ, ਤਾਂ ਉਨ੍ਹਾਂ ਨੂੰ ਪਤਾ ਲੱਗੇਗਾ ਕਿ ਵੱਡਿਆਂ ਕੋਲ ਕਿੰਨੇ ਵਧੀਆ ਤਜਰਬੇ ਅਤੇ ਕਿੰਨੀ ਬੁੱਧ ਹੈ। ਜਿਵੇਂ ਪੁਰਾਣੇ ਜ਼ਮਾਨੇ ਵਿਚ ਸੱਚੇ ਪਰਮੇਸ਼ੁਰ ਦਾ ਡਰ ਰੱਖਣ ਵਾਲੇ ਸਿੱਖਿਅਕ ਜ਼ਕਰਯਾਹ ਨੇ ਯਹੂਦਾ ਦੇ ਨੌਜਵਾਨ ਰਾਜੇ ਉਜ਼ੀਯਾਹ ਉੱਤੇ ਚੰਗਾ ਪ੍ਰਭਾਵ ਪਾਇਆ ਸੀ, ਉਸੇ ਤਰ੍ਹਾਂ ਅੱਜ ਕਈ ਸਾਲਾਂ ਤੋਂ ਵਫ਼ਾਦਾਰੀ ਨਾਲ ਯਹੋਵਾਹ ਦੀ ਸੇਵਾ ਕਰ ਰਹੇ ਭੈਣ-ਭਰਾ ਬੱਚਿਆਂ ਉੱਤੇ ਚੰਗਾ ਪ੍ਰਭਾਵ ਪਾਉਂਦੇ ਹਨ। (2 ਇਤ. 26:1, 4, 5) ਕਿੰਗਡਮ ਹਾਲ ਵਿਚ ਹੁੰਦਿਆਂ ਹੀ ਤੁਸੀਂ ਬੱਚਿਆਂ ਨੂੰ ਲਾਇਬ੍ਰੇਰੀ, ਨੋਟਿਸ ਬੋਰਡ ਅਤੇ ਹੋਰ ਚੀਜ਼ਾਂ ਬਾਰੇ ਸਮਝਾ ਸਕਦੇ ਹੋ।

ਵਿਸ਼ਵ-ਵਿਆਪੀ ਸੰਗਠਨ

ਬੱਚਿਆਂ ਨੂੰ ਜਾਣਨ ਦੀ ਲੋੜ ਹੈ ਕਿ ਉਨ੍ਹਾਂ ਦੀ ਕਲੀਸਿਯਾ 1,00,000 ਤੋਂ ਜ਼ਿਆਦਾ ਕਲੀਸਿਯਾਵਾਂ ਦੇ ਬਣੇ ਵਿਸ਼ਵ-ਵਿਆਪੀ ਸੰਗਠਨ ਦਾ ਹਿੱਸਾ ਹੈ। ਉਨ੍ਹਾਂ ਨੂੰ ਇਸ ਸੰਗਠਨ ਦੀਆਂ ਖ਼ਾਸ ਗੱਲਾਂ ਬਾਰੇ ਦੱਸੋ, ਸਮਝਾਓ ਕਿ ਇਹ ਕਿਵੇਂ ਕੰਮ ਕਰਦਾ ਹੈ ਅਤੇ ਇਸ ਦੇ ਕੰਮ ਦਾ ਸਮਰਥਨ ਕਰਨ ਵਿਚ ਬੱਚੇ ਕਿਹੜੀ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਨੂੰ ਦੱਸੋ ਕਿ ਤੁਸੀਂ ਕਿਉਂ ਸਰਕਟ ਅਸੈਂਬਲੀਆਂ, ਜ਼ਿਲ੍ਹਾ ਸੰਮੇਲਨਾਂ ਅਤੇ ਸਫ਼ਰੀ ਨਿਗਾਹਬਾਨ ਦੇ ਦੌਰੇ ਦਾ ਬੇਸਬਰੀ ਨਾਲ ਇੰਤਜ਼ਾਰ ਕਰਦੇ ਹੋ।—ਸਫ਼ਾ 28 ਉੱਤੇ “ਪਰਿਵਾਰਕ ਸਟੱਡੀ ਦੌਰਾਨ ਗੌਰ ਕਰਨ ਲਈ ਵਿਸ਼ੇ” ਨਾਂ ਦੀ ਡੱਬੀ ਦੇਖੋ।

ਜਦੋਂ ਵੀ ਮੌਕਾ ਮਿਲੇ ਸਫ਼ਰੀ ਨਿਗਾਹਬਾਨਾਂ, ਮਿਸ਼ਨਰੀਆਂ, ਬੈਥਲ ਦੇ ਭੈਣ-ਭਰਾਵਾਂ ਅਤੇ ਪਾਇਨੀਅਰਾਂ ਨੂੰ ਆਪਣੇ ਘਰ ਖਾਣੇ ਤੇ ਬੁਲਾਓ। ਇਹ ਨਾ ਸੋਚੋ ਕਿ ਉਨ੍ਹਾਂ ਕੋਲ ਬੱਚਿਆਂ ਲਈ ਸਮਾਂ ਨਹੀਂ ਹੈ। ਇਹ ਭੈਣ-ਭਰਾ ਯਿਸੂ ਦੀ ਮਿਸਾਲ ਉੱਤੇ ਚੱਲਣ ਦੀ ਕੋਸ਼ਿਸ਼ ਕਰ ਰਹੇ ਹਨ ਜੋ ਹਮੇਸ਼ਾ ਬੱਚਿਆਂ ਦਾ ਸੁਆਗਤ ਕਰਦਾ ਸੀ ਅਤੇ ਉਨ੍ਹਾਂ ਨਾਲ ਗੱਲਾਂ ਕਰਦਾ ਸੀ। (ਮਰ. 10:13-16) ਜਦੋਂ ਤੁਹਾਡੇ ਬੱਚੇ ਯਹੋਵਾਹ ਦੇ ਇਨ੍ਹਾਂ ਸੇਵਕਾਂ ਤੋਂ ਤਜਰਬੇ ਸੁਣਨਗੇ ਅਤੇ ਦੇਖਣਗੇ ਕਿ ਉਹ ਸੇਵਾ ਕਰ ਕੇ ਕਿੰਨੇ ਖ਼ੁਸ਼ ਹਨ, ਤਾਂ ਉਹ ਵੀ ਸ਼ਾਇਦ ਫੁੱਲ-ਟਾਈਮ ਸੇਵਾ ਕਰਨ ਦਾ ਟੀਚਾ ਰੱਖ ਲੈਣ।

ਯਹੋਵਾਹ ਦੇ ਸੰਗਠਨ ਤੋਂ ਹੋਰ ਜ਼ਿਆਦਾ ਵਾਕਫ਼ ਹੋਣ ਵਿਚ ਬੱਚਿਆਂ ਦੀ ਮਦਦ ਕਰਨ ਲਈ ਤੁਸੀਂ ਪਰਿਵਾਰ ਦੇ ਤੌਰ ਤੇ ਹੋਰ ਕੀ ਕਰ ਸਕਦੇ ਹੋ? ਇਹ ਕੁਝ ਸੁਝਾਅ ਅਪਣਾਓ: ਪਰਿਵਾਰ ਵਜੋਂ ਯਹੋਵਾਹ ਦੇ ਗਵਾਹ—ਪਰਮੇਸ਼ੁਰ ਦੇ ਰਾਜ ਦੇ ਘੋਸ਼ਕ (ਅੰਗ੍ਰੇਜ਼ੀ) ਕਿਤਾਬ ਉੱਤੇ ਚਰਚਾ ਕਰੋ। ਇਸ ਗੱਲ ’ਤੇ ਜ਼ੋਰ ਦਿਓ ਕਿ ਯਹੋਵਾਹ ਦੇ ਸੇਵਕਾਂ ਨੇ ਕਿੰਨੀ ਸ਼ਰਧਾ, ਨਿਮਰਤਾ ਅਤੇ ਵਫ਼ਾਦਾਰੀ ਦਿਖਾਈ। ਦੱਸੋ ਕਿ ਯਹੋਵਾਹ ਨੇ ਉਨ੍ਹਾਂ ਨੂੰ ਸਾਰੀ ਧਰਤੀ ਉੱਤੇ ਖ਼ੁਸ਼ ਖ਼ਬਰੀ ਫੈਲਾਉਣ ਲਈ ਕਿਵੇਂ ਵਰਤਿਆ। ਉਨ੍ਹਾਂ ਨੂੰ ਪੁਰਾਣੇ ਜ਼ਮਾਨੇ ਅਤੇ ਆਧੁਨਿਕ ਜ਼ਮਾਨੇ ਬਾਰੇ ਮਹੱਤਵਪੂਰਣ ਗੱਲਾਂ ਸਿਖਾਉਣ ਲਈ ਯਹੋਵਾਹ ਦੇ ਸੰਗਠਨ ਵੱਲੋਂ ਬਣਾਏ ਵਿਡਿਓ ਦਿਖਾਓ। ਜੇ ਹੋ ਸਕੇ, ਤਾਂ ਆਪਣੇ ਦੇਸ਼ ਜਾਂ ਸ਼ਾਇਦ ਦੂਜੇ ਦੇਸ਼ਾਂ ਦੇ ਵੀ ਬ੍ਰਾਂਚ ਆਫ਼ਿਸ ਅਤੇ ਬੈਥਲ ਘਰ ਦੇਖਣ ਜਾਓ। ਇਸ ਤਰ੍ਹਾਂ ਤੁਹਾਡੇ ਬੱਚੇ ਜਾਣ ਸਕਣਗੇ ਕਿ ਵਫ਼ਾਦਾਰ ਨੌਕਰ ਦੇ ਨਿਰਦੇਸ਼ਨ ਹੇਠ ਯਹੋਵਾਹ ਦਾ ਧਰਤੀ ਉੱਤੇ ਸੰਗਠਨ ਕਿਵੇਂ ਦੁਨੀਆਂ ਭਰ ਵਿਚ ਭੈਣਾਂ-ਭਰਾਵਾਂ ਨੂੰ ਪਰਮੇਸ਼ੁਰ ਦਾ ਗਿਆਨ ਅਤੇ ਸੇਧ ਦਿੰਦਾ ਹੈ, ਉਵੇਂ ਜਿਵੇਂ ਪਹਿਲੀ ਸਦੀ ਵਿਚ ਹੁੰਦਾ ਸੀ।—ਮੱਤੀ 24:45-47; ਰਸੂ. 15:22-31.

ਹਰ ਬੱਚੇ ਨੂੰ ਲੋੜ ਅਨੁਸਾਰ ਜਾਣਕਾਰੀ ਦਿਓ

ਆਪਣੇ ਬੱਚਿਆਂ ਨੂੰ ਸਿਖਾਉਂਦਿਆਂ, ਧਿਆਨ ਵਿਚ ਰੱਖੋ ਕਿ ਯਿਸੂ ਨੇ ਆਪਣੇ ਰਸੂਲਾਂ ਨੂੰ ਕਿਸ ਤਰੀਕੇ ਨਾਲ ਸਿੱਖਿਆ ਦਿੱਤੀ ਸੀ। ਉਸ ਨੇ ਇਕ ਵਾਰ ਉਨ੍ਹਾਂ ਨੂੰ ਕਿਹਾ: “ਮੈਂ ਤੁਹਾਡੇ ਨਾਲ ਬਹੁਤੀਆਂ ਗੱਲਾਂ ਕਰਨੀਆਂ ਹਨ ਪਰ ਹੁਣੇ ਤੁਸੀਂ ਸਹਾਰ ਨਹੀਂ ਸੱਕਦੇ।” (ਯੂਹੰ. 16:12) ਯਿਸੂ ਨੇ ਆਪਣੇ ਚੇਲਿਆਂ ਨੂੰ ਇੱਕੋ ਵਾਰ ਬਹੁਤ ਸਾਰੀ ਜਾਣਕਾਰੀ ਨਹੀਂ ਦਿੱਤੀ। ਇਸ ਦੀ ਬਜਾਇ, ਉਸ ਨੇ ਸਹਿਜੇ-ਸਹਿਜੇ ਉਨ੍ਹਾਂ ਨੂੰ ਜ਼ਰੂਰੀ ਸੱਚਾਈਆਂ ਸਿਖਾਈਆਂ ਤਾਂਕਿ ਉਹ ਉਨ੍ਹਾਂ ਨੂੰ ਚੰਗੀ ਤਰ੍ਹਾਂ ਸਮਝ ਸਕਣ। ਇਸੇ ਤਰ੍ਹਾਂ, ਤੁਸੀਂ ਵੀ ਆਪਣੇ ਬੱਚਿਆਂ ਨੂੰ ਇੱਕੋ ਵਾਰ ਬਹੁਤ ਜ਼ਿਆਦਾ ਜਾਣਕਾਰੀ ਨਾ ਦਿਓ। ਉਨ੍ਹਾਂ ਨੂੰ ਸੰਗਠਨ ਬਾਰੇ ਬਾਕਾਇਦਾ ਥੋੜ੍ਹੀ-ਥੋੜ੍ਹੀ ਜਾਣਕਾਰੀ ਦੇ ਕੇ ਤੁਸੀਂ ਉਨ੍ਹਾਂ ਦੀ ਦਿਲਚਸਪੀ ਜਗਾ ਸਕਦੇ ਹੋ। ਉਨ੍ਹਾਂ ਨੂੰ ਮਸੀਹੀ ਕਲੀਸਿਯਾ ਬਾਰੇ ਇਸ ਢੰਗ ਨਾਲ ਸਿਖਾਓ ਕਿ ਉਨ੍ਹਾਂ ਨੂੰ ਮਜ਼ਾ ਆਵੇ। ਜਿਉਂ-ਜਿਉਂ ਤੁਹਾਡੇ ਬੱਚਿਆਂ ਦੀਆਂ ਲੋੜਾਂ ਬਦਲਦੀਆਂ ਹਨ, ਤੁਸੀਂ ਇਸ ਜਾਣਕਾਰੀ ਨੂੰ ਦੁਹਰਾ ਸਕਦੇ ਹੋ ਅਤੇ ਜੋ ਗੱਲਾਂ ਉਹ ਪਹਿਲਾਂ ਹੀ ਜਾਣਦੇ ਹਨ, ਉਨ੍ਹਾਂ ਬਾਰੇ ਹੋਰ ਜ਼ਿਆਦਾ ਦੱਸ ਸਕਦੇ ਹੋ।

ਮਸੀਹੀ ਕਲੀਸਿਯਾ ਪਰਮੇਸ਼ੁਰ ਨਾਲ ਰਿਸ਼ਤਾ ਪੱਕਾ ਕਰਨ ਦਾ ਅਹਿਮ ਸੋਮਾ ਹੈ ਅਤੇ ਜਿਹੜੇ ਬੱਚੇ ਜੋਸ਼ ਨਾਲ ਕਲੀਸਿਯਾ ਦੇ ਕੰਮ ਕਰਦੇ ਹਨ, ਉਹ ਸ਼ਤਾਨ ਦੀ ਦੁਨੀਆਂ ਦੇ ਬੁਰੇ ਪ੍ਰਭਾਵ ਦਾ ਸਾਮ੍ਹਣਾ ਕਰਨ ਲਈ ਚੰਗੀ ਤਰ੍ਹਾਂ ਤਿਆਰ ਰਹਿੰਦੇ ਹਨ। (ਰੋਮੀ. 12:2) ਸਾਨੂੰ ਯਕੀਨ ਹੈ ਕਿ ਤੁਹਾਨੂੰ ਬਹੁਤ ਖ਼ੁਸ਼ੀ ਮਿਲੇਗੀ ਜਿਉਂ-ਜਿਉਂ ਤੁਸੀਂ ਯਹੋਵਾਹ ਦੇ ਸੰਗਠਨ ਤੋਂ ਵਾਕਫ਼ ਹੋਣ ਵਿਚ ਆਪਣੇ ਬੱਚਿਆਂ ਦੀ ਮਦਦ ਕਰੋਗੇ। ਸਾਡੀ ਦੁਆ ਹੈ ਕਿ ਉਹ ਆਪਣੇ ਪਿਆਰੇ ਪਰਮੇਸ਼ੁਰ ਯਹੋਵਾਹ ਦੀ ਅਸੀਸ ਸਦਕਾ ਉਸ ਨਾਲ ਅਤੇ ਉਸ ਦੇ ਸੰਗਠਨ ਨਾਲ ਵਫ਼ਾਦਾਰੀ ਨਾਲ ਜੁੜੇ ਰਹਿਣਗੇ।

[ਸਫ਼ਾ 28 ਉੱਤੇ ਡੱਬੀ/ਤਸਵੀਰ]

ਪਰਿਵਾਰਕ ਸਟੱਡੀ ਦੌਰਾਨ ਗੌਰ ਕਰਨ ਲਾਇਕ ਵਿਸ਼ੇ

ਯਹੋਵਾਹ ਦੇ ਸੰਗਠਨ ਨਾਲ ਸੰਬੰਧਿਤ ਥੱਲੇ ਕੁਝ ਵਿਸ਼ੇ ਦਿੱਤੇ ਗਏ ਹਨ ਜੋ ਤੁਸੀਂ ਆਪਣੀ ਪਰਿਵਾਰਕ ਸਟੱਡੀ ਦੌਰਾਨ ਦੇਖ ਸਕਦੇ ਹੋ।

▪ ਆਪਣੀ ਕਲੀਸਿਯਾ ਦੇ ਇਤਿਹਾਸ ਉੱਤੇ ਝਾਤੀ ਮਾਰੋ। ਇਹ ਕਦੋਂ ਅਤੇ ਕਿਵੇਂ ਸ਼ੁਰੂ ਹੋਈ ਸੀ? ਕਲੀਸਿਯਾ ਨੇ ਕਿਹੜੇ ਵੱਖੋ-ਵੱਖਰੇ ਕਿੰਗਡਮ ਹਾਲ ਇਸਤੇਮਾਲ ਕੀਤੇ? ਇਹ ਚਰਚਾ ਕਰਨ ਲਈ ਕਿਉਂ ਨਾ ਤੁਸੀਂ ਲੰਬੇ ਚਿਰ ਤੋਂ ਸੇਵਾ ਕਰ ਰਹੇ ਕਲੀਸਿਯਾ ਦੇ ਕਿਸੇ ਮੈਂਬਰ ਨੂੰ ਘਰ ਬੁਲਾਓ ਤਾਂਕਿ ਉਹ ਤੁਹਾਡੇ ਬੱਚਿਆਂ ਦੇ ਸਵਾਲਾਂ ਦੇ ਜਵਾਬ ਦੇ ਸਕੇ?

▪ ਸਮਝਾਓ ਕਿ ਕਲੀਸਿਯਾ ਦੀਆਂ ਵੱਖੋ-ਵੱਖਰੀਆਂ ਮੀਟਿੰਗਾਂ ਅਤੇ ਸੰਮੇਲਨਾਂ ਦਾ ਕੀ ਮਕਸਦ ਹੈ ਅਤੇ ਇਨ੍ਹਾਂ ਤੋਂ ਬੱਚੇ ਕਿਵੇਂ ਲਾਭ ਉਠਾ ਸਕਦੇ ਹਨ।

▪ ਯਹੋਵਾਹ ਦੇ ਸੰਗਠਨ ਦੁਆਰਾ ਸਥਾਪਿਤ ਕੀਤੇ ਵੱਖੋ-ਵੱਖਰੇ ਸਕੂਲਾਂ ਦੇ ਮਕਸਦ ਬਾਰੇ ਗੱਲ ਕਰੋ। ਉਹ ਤਜਰਬੇ ਸਾਂਝੇ ਕਰੋ ਜਿਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਇਨ੍ਹਾਂ ਸਕੂਲਾਂ ਤੋਂ ਗ੍ਰੈਜੂਏਟ ਹੋਏ ਭੈਣ-ਭਰਾ ਕਿੰਨਾ ਕੁਝ ਕਰ ਰਹੇ ਹਨ।

▪ ਆਪਣੇ ਬੱਚਿਆਂ ਦੀ ਇਹ ਦੇਖਣ ਵਿਚ ਮਦਦ ਕਰੋ ਕਿ ਉਨ੍ਹਾਂ ਲਈ ਖ਼ੁਸ਼ ਖ਼ਬਰੀ ਦੇ ਰੈਗੂਲਰ ਪਬਲੀਸ਼ਰ ਬਣਨਾ ਕਿੰਨਾ ਜ਼ਰੂਰੀ ਹੈ। ਦਿਖਾਓ ਕਿ ਉਹ ਕਿਵੇਂ ਵਿਸ਼ਵ-ਵਿਆਪੀ ਰਿਪੋਰਟ ਵਿਚ ਹਿੱਸਾ ਪਾ ਸਕਦੇ ਹਨ ਜੋ ਯਹੋਵਾਹ ਦੇ ਗਵਾਹਾਂ ਦੀ ਯੀਅਰ ਬੁੱਕ ਵਿਚ ਛਪਦੀ ਹੈ।

▪ ਦੱਸੋ ਕਿ ਯਹੋਵਾਹ ਦੇ ਸੰਗਠਨ ਵਿਚ ਬੱਚੇ ਵੱਡੇ ਹੋ ਕੇ ਕਿਹੜੀ ਵੱਖੋ-ਵੱਖਰੀ ਫੁੱਲ-ਟਾਈਮ ਸੇਵਾ ਕਰ ਸਕਦੇ ਹਨ। ਪਰਮੇਸ਼ੁਰ ਦੀ ਇੱਛਾ ਪੂਰੀ ਕਰਨ ਲਈ ਸੰਗਠਿਤ (ਹਿੰਦੀ) ਕਿਤਾਬ ਦਾ 10ਵਾਂ ਅਧਿਆਇ ਇਸ ਬਾਰੇ ਚੰਗੀ ਜਾਣਕਾਰੀ ਦਿੰਦਾ ਹੈ।

▪ ਬੱਚਿਆਂ ਦੀ ਇਹ ਸਮਝਣ ਵਿਚ ਮਦਦ ਕਰੋ ਕਿ ਕਲੀਸਿਯਾ ਵਿਚ ਕੁਝ ਤਰੀਕਿਆਂ ਅਨੁਸਾਰ ਕਿਉਂ ਚੱਲਿਆ ਜਾਂਦਾ ਹੈ। ਸਮਝਾਓ ਕਿ ਉਨ੍ਹਾਂ ਨੂੰ ਯਹੋਵਾਹ ਦੇ ਸੰਗਠਨ ਤੋਂ ਆਜ਼ਾਦ ਹੋ ਕੇ ਕਿਉਂ ਕੋਈ ਕਦਮ ਨਹੀਂ ਚੁੱਕਣਾ ਚਾਹੀਦਾ, ਛੋਟੀਆਂ-ਛੋਟੀਆਂ ਗੱਲਾਂ ਵਿਚ ਵੀ ਨਹੀਂ। ਉਨ੍ਹਾਂ ਨੂੰ ਦਿਖਾਓ ਕਿ ਉਹ ਬਜ਼ੁਰਗਾਂ ਦੀ ਸੇਧ ਅਨੁਸਾਰ ਚੱਲ ਕੇ ਕਲੀਸਿਯਾ ਵਿਚ ਕਿਵੇਂ ਯੋਗਦਾਨ ਪਾ ਸਕਦੇ ਹਨ ਤਾਂਕਿ ਸਭ ਕੁਝ ਸਹੀ ਢੰਗ ਨਾਲ ਹੋਵੇ।

[ਤਸਵੀਰ]

ਤੁਹਾਡੇ ਬੱਚੇ ਲੰਬੇ ਚਿਰ ਤੋਂ ਸੇਵਾ ਕਰਨ ਵਾਲਿਆਂ ਨਾਲ ਦੋਸਤੀ ਕਰ ਕੇ ਫ਼ਾਇਦਾ ਉਠਾਉਣਗੇ

[ਸਫ਼ਾ 26 ਉੱਤੇ ਤਸਵੀਰਾਂ]

ਜਿਵੇਂ ਪ੍ਰਾਚੀਨ ਇਸਰਾਏਲ ਵਿਚ ਹੁੰਦਾ ਸੀ, ਉਵੇਂ ਅੱਜ ਵੀ ਮਾਪੇ ਯਹੋਵਾਹ ਦੇ ਸੰਗਠਨ ਬਾਰੇ ਪੁੱਛੇ ਜਾਂਦੇ ਸਵਾਲਾਂ ਦੇ ਤਸੱਲੀਬਖ਼ਸ਼ ਜਵਾਬ ਦੇਣ ਦੀ ਕੋਸ਼ਿਸ਼ ਕਰਦੇ ਹਨ