‘ਉਨ੍ਹਾਂ ਦੇ ਕੰਮ ਉਨ੍ਹਾਂ ਦੇ ਨਾਲ ਨਾਲ ਗਏ’
‘ਉਨ੍ਹਾਂ ਦੇ ਕੰਮ ਉਨ੍ਹਾਂ ਦੇ ਨਾਲ ਨਾਲ ਗਏ’
ਯਹੋਵਾਹ ਦੇ ਗਵਾਹਾਂ ਦੀ ਪ੍ਰਬੰਧਕ ਸਭਾ ਦੇ ਮੈਂਬਰ ਥੀਓਡੋਰ ਜੈਰਸ ਬੁੱਧਵਾਰ ਸਵੇਰੇ 9 ਜੂਨ 2010 ਨੂੰ ਸਵਰਗਵਾਸ ਹੋ ਗਏ। ਉਨ੍ਹਾਂ ਦੀ ਉਮਰ 84 ਸਾਲ ਦੀ ਸੀ। ਉਨ੍ਹਾਂ ਨੇ ਆਪਣੀ ਪਤਨੀ ਮਲੀਤਾ ਨਾਲ 53 ਸਾਲ ਗੁਜ਼ਾਰੇ। ਉਹ ਆਪਣੇ ਪਿੱਛੇ ਆਪਣੀ ਪਤਨੀ, ਆਪਣੀ ਭੈਣ ਦੇ ਨਾਲ-ਨਾਲ ਇਕ ਭਾਣਜਾ ਅਤੇ ਦੋ ਭਾਣਜੀਆਂ ਛੱਡ ਗਏ।
ਉਨ੍ਹਾਂ ਦਾ ਜਨਮ 28 ਸਤੰਬਰ 1925 ਨੂੰ ਅਮਰੀਕਾ ਦੇ ਕੈਂਟਕੀ ਪ੍ਰਾਂਤ ਦੇ ਪਾਈਕ ਕਾਊਂਟੀ ਵਿਚ ਹੋਇਆ। ਭਰਾ ਜੈਰਸ ਨੇ 15 ਸਾਲ ਦੀ ਉਮਰ ਵਿਚ 10 ਅਗਸਤ 1941 ਨੂੰ ਬਪਤਿਸਮਾ ਲਿਆ। ਦੋ ਸਾਲ ਬਾਅਦ 17 ਸਾਲ ਦੀ ਉਮਰ ਵਿਚ ਉਨ੍ਹਾਂ ਨੇ ਰੈਗੂਲਰ ਪਾਇਨੀਅਰਿੰਗ ਕਰਨੀ ਸ਼ੁਰੂ ਕੀਤੀ। ਇਸ ਸਮੇਂ ਤੋਂ ਉਨ੍ਹਾਂ ਦੀ ਲਗਭਗ 67 ਸਾਲ ਦੀ ਫੁੱਲ-ਟਾਈਮ ਸੇਵਾ ਸ਼ੁਰੂ ਹੋਈ।
1946 ਵਿਚ 20 ਸਾਲ ਦੀ ਉਮਰ ਵਿਚ ਭਰਾ ਜੈਰਸ ਨੂੰ ਵਾਚਟਾਵਰ ਬਾਈਬਲ ਸਕੂਲ ਆਫ਼ ਗਿਲਿਅਡ ਦੀ ਸੱਤਵੀਂ ਕਲਾਸ ਵਿਚ ਜਾਣ ਦਾ ਮੌਕਾ ਮਿਲਿਆ। ਗ੍ਰੈਜੂਏਟ ਹੋਣ ਤੋਂ ਬਾਅਦ, ਭਰਾ ਜੈਰਸ ਨੂੰ ਅਮਰੀਕਾ ਦੇ ਓਹੀਓ ਦੇ ਕਲੀਵਲੈਂਡ ਇਲਾਕੇ ਵਿਚ ਸਫ਼ਰੀ ਨਿਗਾਹਬਾਨ ਦਾ ਕੰਮ ਦਿੱਤਾ ਗਿਆ। 1951 ਵਿਚ ਆਸਟ੍ਰੇਲੀਆ ਬ੍ਰਾਂਚ ਵਿਚ ਉਨ੍ਹਾਂ ਨੂੰ ਬ੍ਰਾਂਚ ਸੇਵਕ ਵਜੋਂ ਜ਼ਿੰਮੇਵਾਰੀ ਮਿਲੀ। ਯਹੋਵਾਹ ਦੇ ਗਵਾਹਾਂ ਦੀ 1983 ਯੀਅਰ ਬੁੱਕ (ਅੰਗ੍ਰੇਜ਼ੀ) ਵਿਚ ਭਰਾ ਜੈਰਸ ਬਾਰੇ ਲਿਖਿਆ ਗਿਆ ਹੈ ਕਿ ਉਨ੍ਹਾਂ ਨੇ “ਜੋਸ਼ ਨਾਲ ਪਰਮੇਸ਼ੁਰ ਦੀ ਸੇਵਾ ਢੰਗ ਸਿਰ ਕੀਤੀ ਅਤੇ ਸੇਵਕਾਈ ਵਿਚ ਚੰਗੀ ਅਗਵਾਈ ਕੀਤੀ। ਇਸ ਕਾਰਨ ਦੇਸ਼ ਦੇ ਸਾਰੇ ਭੈਣਾਂ-ਭਰਾਵਾਂ ਨੂੰ ਬਹੁਤ ਹੌਸਲਾ ਮਿਲਿਆ।”
ਅਮਰੀਕਾ ਵਾਪਸ ਆਉਣ ਤੋਂ ਬਾਅਦ ਭਰਾ ਜੈਰਸ ਨੇ 10 ਦਸੰਬਰ 1956 ਨੂੰ ਮਲੀਤਾ ਲਾਸਕੋ ਨਾਲ ਵਿਆਹ ਕਰਾ ਲਿਆ। ਉਨ੍ਹਾਂ ਨੇ ਆਪਣਾ ਵਿਆਹੁਤਾ ਜੀਵਨ ਸਫ਼ਰੀ ਕੰਮ ਨਾਲ ਸ਼ੁਰੂ ਕੀਤਾ ਅਤੇ ਅਮਰੀਕਾ ਦੇ ਬਹੁਤ ਸਾਰੇ ਇਲਾਕਿਆਂ ਵਿਚ ਸਰਕਟ ਅਤੇ ਜ਼ਿਲ੍ਹਾ ਨਿਗਾਹਬਾਨ ਵਜੋਂ ਲਗਨ ਨਾਲ ਕੰਮ ਕੀਤਾ। 1974 ਦੇ ਅਖ਼ੀਰ ਵਿਚ ਭਰਾ ਜੈਰਸ ਨੂੰ ਯਹੋਵਾਹ ਦੇ ਗਵਾਹਾਂ ਦੀ ਪ੍ਰਬੰਧਕ ਸਭਾ ਦਾ ਮੈਂਬਰ ਬਣਨ ਦਾ ਸੱਦਾ ਦਿੱਤਾ ਗਿਆ।
ਭਰਾ ਜੈਰਸ ਨੇ ਆਪਣਾ ਪੂਰਾ ਧਿਆਨ ਪਰਮੇਸ਼ੁਰੀ ਸੇਵਾ ਉੱਤੇ ਟਿਕਾਈ ਰੱਖਿਆ ਅਤੇ ਉਨ੍ਹਾਂ ਨੂੰ ਯਹੋਵਾਹ ਦੇ ਸਮਰਪਿਤ ਅਤੇ ਵਫ਼ਾਦਾਰ ਸੇਵਕ ਦੇ ਤੌਰ ਤੇ ਹਮੇਸ਼ਾ ਲਈ ਯਾਦ ਕੀਤਾ ਜਾਵੇਗਾ। ਉਹ ਆਪਣੀ ਪਤਨੀ ਨੂੰ ਪਿਆਰ ਕਰਦੇ ਸਨ ਅਤੇ ਆਪਣੇ ਬਾਰੇ ਸੋਚਣ ਦੀ ਬਜਾਇ ਹਮੇਸ਼ਾ ਦੂਜਿਆਂ ਦੇ ਭਲੇ ਬਾਰੇ ਸੋਚਦੇ ਸਨ। (1 ਕੁਰਿੰ. 13:4, 5) ਦੂਸਰਿਆਂ ਦਾ ਭਲਾ ਸੋਚਦਿਆਂ ਉਹ ਚਾਹੁੰਦੇ ਸਨ ਕਿ ਸਾਰਿਆਂ ਨਾਲ ਇੱਕੋ ਜਿਹੇ ਤਰੀਕੇ ਨਾਲ ਅਤੇ ਦਇਆ ਨਾਲ ਸਲੂਕ ਕੀਤਾ ਜਾਵੇ। ਇਸ ਦੇ ਨਾਲ-ਨਾਲ ਉਨ੍ਹਾਂ ਨੇ ਜੋਸ਼ ਨਾਲ ਪ੍ਰਚਾਰ ਕਰ ਕੇ ਲੋਕਾਂ ਪ੍ਰਤਿ ਆਪਣਾ ਗੂੜ੍ਹਾ ਪਿਆਰ ਅਤੇ ਚਿੰਤਾ ਪ੍ਰਗਟਾਈ।
ਭਾਵੇਂ ਕਿ ਸਾਨੂੰ ਬੈਥਲ ਪਰਿਵਾਰ ਦੇ ਮਿਹਨਤੀ ਮੈਂਬਰ ਅਤੇ ਵਿਸ਼ਵ-ਵਿਆਪੀ ਭਾਈਚਾਰੇ ਵਿੱਚੋਂ ਇਸ ਭਰਾ ਦੇ ਗੁਜ਼ਰ ਜਾਣ ਦੀ ਘਾਟ ਮਹਿਸੂਸ ਹੁੰਦੀ ਹੈ, ਫਿਰ ਵੀ ਅਸੀਂ ਖ਼ੁਸ਼ ਹਾਂ ਕਿ ਭਰਾ ਜੈਰਸ ਨੇ ਕਈ ਦਹਾਕਿਆਂ ਤਕ ਯਹੋਵਾਹ ਦੀ ਸੇਵਾ ਵਫ਼ਾਦਾਰੀ ਨਾਲ ਕੀਤੀ। ਅਸੀਂ ਪੂਰਾ ਯਕੀਨ ਰੱਖਦੇ ਹਾਂ ਕਿ ਉਹ ‘ਮਰਨ ਤੋੜੀ ਵਫ਼ਾਦਾਰ ਰਹੇ ਤੇ ਉਨ੍ਹਾਂ ਨੂੰ ਜੀਵਨ ਦਾ ਮੁਕਟ ਪ੍ਰਾਪਤ ਹੋਇਆ ਹੈ।’ (ਪਰ. 2:10) ਅਸੀਂ ਇਹ ਵੀ ਯਕੀਨ ਕਰਦੇ ਹਾਂ ਕਿ ‘ਉਨ੍ਹਾਂ ਦੇ ਕੰਮ ਉਨ੍ਹਾਂ ਦੇ ਨਾਲ ਨਾਲ ਗਏ ਹਨ।’—ਪਰ. 14:13.