Skip to content

Skip to table of contents

ਤੁਹਾਡਾ ਬੱਚਾ ਕੀ ਜਵਾਬ ਦੇਵੇਗਾ?

ਤੁਹਾਡਾ ਬੱਚਾ ਕੀ ਜਵਾਬ ਦੇਵੇਗਾ?

ਤੁਹਾਡਾ ਬੱਚਾ ਕੀ ਜਵਾਬ ਦੇਵੇਗਾ?

ਮਾਪਿਓ: 15 ਜਨਵਰੀ 2010 ਦੇ ਪਹਿਰਾਬੁਰਜ ਦੇ ਸਫ਼ੇ 16-20 ਵਿਚ ਅਸੀਂ ਬੱਚਿਆਂ ਨਾਲ ਪ੍ਰੈਕਟਿਸ ਸੈਸ਼ਨ ਬਾਰੇ ਗੱਲ ਕੀਤੀ ਸੀ। ਇਸ ਲੇਖ ਵਿਚ ਦੱਸੀਆਂ ਗੱਲਾਂ ਦੀ ਮਦਦ ਨਾਲ ਤੁਸੀਂ ਆਪਣੇ ਬੱਚੇ ਨੂੰ ਸਕੂਲ ਵਿਚ ਆਉਂਦੀਆਂ ਚੁਣੌਤੀਆਂ ਦਾ ਸਾਮ੍ਹਣਾ ਕਰਨ ਲਈ ਤਿਆਰ ਕਰ ਸਕਦੇ ਹੋ। ਤੁਸੀਂ ਸ਼ਾਇਦ ਇਹ ਸੈਸ਼ਨ ਆਪਣੀ ਪਰਿਵਾਰਕ ਸਟੱਡੀ ਦੌਰਾਨ ਕਰਨਾ ਚਾਹੋ।

ਉਨ੍ਹਾਂ ਬੱਚਿਆਂ ਨੂੰ ਬਹੁਤ ਸਾਰੀਆਂ ਚੁਣੌਤੀਆਂ ਦਾ ਸਾਮ੍ਹਣਾ ਕਰਨਾ ਪੈਂਦਾ ਹੈ ਜੋ ਯਹੋਵਾਹ ਦੇ ਗਵਾਹ ਹਨ। ਉਨ੍ਹਾਂ ਦੇ ਨਾਲ ਪੜ੍ਹਦੇ ਮੁੰਡੇ-ਕੁੜੀਆਂ ਅਕਸਰ ਉਨ੍ਹਾਂ ਨੂੰ ਪੁੱਛਦੇ ਹਨ ਕਿ ਉਹ ਕੁਝ ਕੰਮਾਂ ਵਿਚ ਹਿੱਸਾ ਕਿਉਂ ਨਹੀਂ ਲੈਂਦੇ, ਜਿਵੇਂ ਕਿ ਝੰਡੇ ਨੂੰ ਸਲਾਮੀ ਦੇਣੀ, ਜਨਮ-ਦਿਨ ਅਤੇ ਤਿਉਹਾਰ ਮਨਾਉਣੇ। ਜੇ ਤੁਹਾਡੇ ਪੁੱਤਰ-ਧੀ ਤੋਂ ਅਜਿਹੇ ਸਵਾਲ ਪੁੱਛੇ ਜਾਣ, ਤਾਂ ਉਹ ਕਿਵੇਂ ਜਵਾਬ ਦੇਣਗੇ?

ਕੁਝ ਮਸੀਹੀ ਬੱਚਿਆਂ ਨੇ ਇੱਦਾਂ ਕਿਹਾ ਹੈ: “ਮੈਂ ਇੱਦਾਂ ਨਹੀਂ ਕਰ ਸਕਦਾ ਕਿਉਂਕਿ ਇਹ ਮੇਰੇ ਧਰਮ ਦੇ ਖ਼ਿਲਾਫ਼ ਹੈ।” ਇਨ੍ਹਾਂ ਬੱਚਿਆਂ ਦੀ ਸ਼ਲਾਘਾ ਕੀਤੀ ਜਾਣੀ ਚਾਹੀਦੀ ਹੈ ਕਿ ਉਹ ਆਪਣੇ ਵਿਸ਼ਵਾਸਾਂ ਉੱਤੇ ਪੱਕੇ ਰਹੇ। ਇਹ ਜਵਾਬ ਸੁਣ ਕੇ ਉਨ੍ਹਾਂ ਤੋਂ ਸ਼ਾਇਦ ਹੋਰ ਸਵਾਲ ਨਾ ਪੁੱਛਿਆ ਜਾਵੇ। ਪਰ ਬਾਈਬਲ ਸਾਨੂੰ ਸਲਾਹ ਦਿੰਦੀ ਹੈ ਕਿ ਆਪਣੇ ਵਿਸ਼ਵਾਸਾਂ ਬਾਰੇ ‘ਹਰੇਕ ਨੂੰ ਜੋ ਸਾਡੇ ਕੋਲੋਂ ਉਹ ਦਾ ਕਾਰਨ ਪੁੱਛੇ ਉੱਤਰ ਦੇਣ ਨੂੰ ਸਦਾ ਤਿਆਰ ਰਹੋ।’ (1 ਪਤ. 3:15) ਇਸ ਤਰ੍ਹਾਂ ਕਰਨ ਲਈ ਬੱਚਿਆਂ ਵਾਸਤੇ ਸਿਰਫ਼ ਇਹ ਕਹਿਣਾ ਕਾਫ਼ੀ ਨਹੀਂ ਹੈ ਕਿ “ਮੈਂ ਇੱਦਾਂ ਨਹੀਂ ਕਰ ਸਕਦਾ।” ਭਾਵੇਂ ਕਿ ਦੂਜੇ ਸਾਡੇ ਨਾਲ ਸਹਿਮਤ ਨਾ ਵੀ ਹੋਣ, ਫਿਰ ਵੀ ਕੁਝ ਸ਼ਾਇਦ ਸਾਡੇ ਤੋਂ ਕਾਰਨ ਜਾਣਨਾ ਚਾਹੁਣ ਕਿ ਅਸੀਂ ਕਿਉਂ ਕੋਈ ਕੰਮ ਨਾ ਕਰਨ ਦਾ ਫ਼ੈਸਲਾ ਕੀਤਾ ਹੈ।

ਬਹੁਤ ਸਾਰੇ ਮਸੀਹੀ ਨੌਜਵਾਨਾਂ ਨੇ ਆਪਣੇ ਸਹਿਪਾਠੀਆਂ ਨੂੰ ਬਾਈਬਲ ਦੀਆਂ ਗੱਲਾਂ ਸਮਝਾਉਣ ਲਈ ਮਹਾਨ ਸਿੱਖਿਅਕ ਤੋਂ ਸਿੱਖੋ (ਅੰਗ੍ਰੇਜ਼ੀ) ਕਿਤਾਬ ਵਰਗੇ ਪ੍ਰਕਾਸ਼ਨ ਵਰਤੇ ਹਨ। ਇਹ ਬਿਰਤਾਂਤ ਸ਼ਾਇਦ ਸਮਝਾਉਣ ਵਿਚ ਮਦਦ ਕਰਨ ਕਿ ਮਸੀਹੀ ਬੱਚੇ ਕੁਝ ਕੰਮ ਕਿਉਂ ਕਰਦੇ ਹਨ ਜਾਂ ਕਿਉਂ ਨਹੀਂ ਕਰਦੇ। ਕੁਝ ਵਿਦਿਆਰਥੀ ਧਿਆਨ ਨਾਲ ਬਾਈਬਲ ਦੀਆਂ ਕਹਾਣੀਆਂ ਸੁਣਦੇ ਹਨ ਜਿਸ ਕਰਕੇ ਬਹੁਤ ਸਾਰੇ ਬਾਈਬਲ ਸਟੱਡੀ ਕਰਨ ਲੱਗ ਪਏ ਹਨ। ਕਈ ਵਿਦਿਆਰਥੀਆਂ ਨੂੰ ਸ਼ਾਇਦ ਬਾਈਬਲ ਦੀ ਪੂਰੀ ਕਹਾਣੀ ਸੁਣਨੀ ਔਖੀ ਲੱਗੇ। ਜੇ ਬੱਚਿਆਂ ਨੂੰ ਪੂਰੀ ਗੱਲ ਨਹੀਂ ਸਮਝਾਈ ਜਾਂਦੀ, ਤਾਂ ਸ਼ਾਇਦ ਉਨ੍ਹਾਂ ਨੂੰ ਬਾਈਬਲ ਦੇ ਕੁਝ ਬਿਰਤਾਂਤ ਸਮਝਣੇ ਔਖੇ ਲੱਗਣ। 11 ਸਾਲ ਦੀ ਮਿਨੀ ਨੂੰ ਜਦ ਉਸ ਦੀ ਸਹੇਲੀ ਨੇ ਜਨਮ-ਦਿਨ ਦੀ ਪਾਰਟੀ ’ਤੇ ਬੁਲਾਇਆ, ਤਾਂ ਉਸ ਨੇ ਆਪਣੀ ਸਹੇਲੀ ਨੂੰ ਕਿਹਾ: “ਬਾਈਬਲ ਸਾਨੂੰ ਜਨਮ-ਦਿਨ ਮਨਾਉਣ ਲਈ ਨਹੀਂ ਕਹਿੰਦੀ। ਬਾਈਬਲ ਵਿਚ ਯੂਹੰਨਾ ਬਪਤਿਸਮਾ ਦੇਣ ਵਾਲੇ ਬਾਰੇ ਦੱਸਿਆ ਗਿਆ ਹੈ ਜਿਸ ਨੂੰ ਕਿਸੇ ਦੇ ਜਨਮ-ਦਿਨ ’ਤੇ ਮਾਰ ਦਿੱਤਾ ਗਿਆ ਸੀ।” ਪਰ ਮਿਨੀ ਯਾਦ ਕਰਦੀ ਹੈ ਕਿ ਉਸ ਦੀ ਸਹੇਲੀ ਨੂੰ ਸ਼ਾਇਦ ਉਸ ਦਾ ਜਵਾਬ ਸਮਝ ਨਹੀਂ ਆਇਆ।

ਕਦੀ-ਕਦੀ ਸਾਡੀਆਂ ਕਿਤਾਬਾਂ ਵਿੱਚੋਂ ਕੋਈ ਤਸਵੀਰ ਜਾਂ ਬਿਰਤਾਂਤ ਦਿਖਾਉਣ ਨਾਲ ਵਿਦਿਆਰਥੀ ਦੀ ਸਮਝਣ ਵਿਚ ਮਦਦ ਹੁੰਦੀ ਹੈ। ਪਰ ਉਦੋਂ ਕੀ ਜਦੋਂ ਸਕੂਲ ਦੇ ਅਧਿਕਾਰੀ ਇਹ ਕਹਿਣ ਕਿ ਬੱਚੇ ਦੂਸਰੇ ਵਿਦਿਆਰਥੀਆਂ ਨੂੰ ਧਾਰਮਿਕ ਕਿਤਾਬਾਂ ਨਾ ਦਿਖਾਉਣ? ਕੀ ਮਸੀਹੀ ਬੱਚੇ ਕਿਤਾਬਾਂ ਤੋਂ ਬਗੈਰ ਵੀ ਅਸਰਕਾਰੀ ਗਵਾਹੀ ਦੇ ਸਕਦੇ ਹਨ? ਤੁਸੀਂ ਆਪਣੇ ਬੱਚਿਆਂ ਦੀ ਕਿਵੇਂ ਮਦਦ ਕਰ ਸਕਦੇ ਹੋ ਤਾਂਕਿ ਉਹ ਆਪਣੇ ਵਿਸ਼ਵਾਸਾਂ ਦੇ ਪੱਕੇ ਰਹਿਣ?

ਬੱਚਿਆਂ ਨਾਲ ਅਭਿਆਸ ਕਰੋ

ਘਰ ਵਿਚ ਪ੍ਰੈਕਟਿਸ ਸੈਸ਼ਨ ਕਰਨ ਨਾਲ ਕਾਫ਼ੀ ਮਦਦ ਮਿਲ ਸਕਦੀ ਹੈ ਜਿਨ੍ਹਾਂ ਵਿਚ ਮਾਪੇ ਸਹਿਪਾਠੀਆਂ ਦਾ ਰੋਲ ਨਿਭਾ ਸਕਦੇ ਹਨ। ਬੱਚੇ ਜਦ ਆਪਣੇ ਵਿਸ਼ਵਾਸਾਂ ਬਾਰੇ ਸਮਝਾਉਣ ਦੀ ਕੋਸ਼ਿਸ਼ ਕਰਦੇ ਹਨ, ਤਾਂ ਮਾਪੇ ਉਨ੍ਹਾਂ ਦੇ ਜਤਨਾਂ ਦੀ ਤਾਰੀਫ਼ ਕਰਨੀ ਚਾਹੁਣਗੇ ਅਤੇ ਉਨ੍ਹਾਂ ਨੂੰ ਇਹ ਵੀ ਦੱਸਣਾ ਚਾਹੁਣਗੇ ਕਿ ਤਰਕ ਕਰਨ ਵਿਚ ਉਹ ਕਿੱਦਾਂ ਸੁਧਾਰ ਕਰ ਸਕਦੇ ਹਨ ਅਤੇ ਇਸ ਤਰ੍ਹਾਂ ਕਰਨਾ ਕਿਉਂ ਚੰਗਾ ਹੈ। ਮਿਸਾਲ ਲਈ, ਬੱਚਿਆਂ ਨੂੰ ਉਹ ਸ਼ਬਦ ਵਰਤਣ ਦੀ ਸਲਾਹ ਦਿਓ ਜੋ ਉਨ੍ਹਾਂ ਦੇ ਹਾਣੀ ਸਮਝ ਸਕਣ। 9 ਸਾਲਾਂ ਦਾ ਜੋਸ਼ੂਆ ਕਹਿੰਦਾ ਹੈ ਕਿ ਉਸ ਦੇ ਹਾਣੀਆਂ ਨੂੰ “ਜ਼ਮੀਰ” ਅਤੇ “ਵਫ਼ਾਦਾਰੀ” ਵਰਗੇ ਸ਼ਬਦ ਸਮਝ ਨਹੀਂ ਆਏ। ਇਸ ਲਈ ਉਸ ਨੂੰ ਉਨ੍ਹਾਂ ਨਾਲ ਸੌਖੇ ਸ਼ਬਦਾਂ ਵਿਚ ਗੱਲ ਕਰਨੀ ਪੈਂਦੀ ਸੀ।—1 ਕੁਰਿੰ. 14:9.

ਸਵਾਲ ਪੁੱਛਣ ਵਾਲੇ ਕੁਝ ਬੱਚਿਆਂ ਦਾ ਧਿਆਨ ਭਟਕ ਸਕਦਾ ਹੈ ਜੇ ਉਨ੍ਹਾਂ ਨੂੰ ਲੰਬਾ-ਚੌੜਾ ਜਵਾਬ ਦਿੱਤਾ ਜਾਵੇ। ਮਸੀਹੀ ਬੱਚੇ ਉਨ੍ਹਾਂ ਨੂੰ ਗੱਲਬਾਤ ਵਿਚ ਸ਼ਾਮਲ ਕਰਨ ਅਤੇ ਉਨ੍ਹਾਂ ਨਾਲ ਤਰਕ ਕਰਨ ਦੁਆਰਾ ਸ਼ਾਇਦ ਉਨ੍ਹਾਂ ਦੀ ਦਿਲਚਸਪੀ ਬਣਾਈ ਰੱਖ ਸਕਣ। ਹੋਨੂਲ ਨਾਂ ਦੀ 10 ਸਾਲਾਂ ਦੀ ਕੁੜੀ ਕਹਿੰਦੀ ਹੈ: “ਮੇਰੇ ਨਾਲ ਪੜ੍ਹਨ ਵਾਲੇ ਗੱਲਬਾਤ ਕਰਨੀ ਪਸੰਦ ਕਰਦੇ ਹਨ ਨਾ ਕਿ ਲੈਕਚਰ ਸੁਣਨਾ।” ਗੱਲਬਾਤ ਕਰਨ ਲਈ ਸਵਾਲ ਪੁੱਛੋ ਅਤੇ ਫਿਰ ਉਨ੍ਹਾਂ ਦੇ ਵਿਚਾਰ ਧਿਆਨ ਨਾਲ ਸੁਣੋ।

ਅੱਗੇ ਦਿੱਤੀਆਂ ਗੱਲਾਂ ਦਿਖਾਉਂਦੀਆਂ ਹਨ ਕਿ ਮਸੀਹੀ ਬੱਚੇ ਆਪਣੇ ਨਾਲ ਪੜ੍ਹਨ ਵਾਲਿਆਂ ਨਾਲ ਤਰਕ ਕਿਵੇਂ ਕਰ ਸਕਦੇ ਹਨ। ਇਨ੍ਹਾਂ ਗੱਲਾਂ ਨੂੰ ਯਾਦ ਕਰਨ ਦੀ ਲੋੜ ਨਹੀਂ ਕਿਉਂਕਿ ਸਾਰੇ ਬੱਚੇ ਇੱਕੋ ਜਿਹੇ ਨਹੀਂ ਹੁੰਦੇ ਅਤੇ ਵੱਖੋ-ਵੱਖਰੇ ਹਾਲਾਤਾਂ ਵਿਚ ਵੱਖਰੇ ਜਵਾਬ ਦੇਣ ਦੀ ਲੋੜ ਪੈਂਦੀ ਹੈ। ਇਸ ਲਈ ਮਸੀਹੀ ਬੱਚੇ ਨੂੰ ਆਪਣੇ ਦਿਮਾਗ਼ ਵਿਚ ਗੱਲਾਂ ਬਿਠਾਉਣੀਆਂ ਚਾਹੀਦੀਆਂ ਹਨ, ਫਿਰ ਹਾਲਾਤਾਂ ਮੁਤਾਬਕ ਇਨ੍ਹਾਂ ਗੱਲਾਂ ਨੂੰ ਆਪਣੇ ਸ਼ਬਦਾਂ ਵਿਚ ਆਪਣੇ ਹਾਣੀਆਂ ਨੂੰ ਸਹੀ ਤਰੀਕੇ ਨਾਲ ਦੱਸਣੀਆਂ ਚਾਹੀਦੀਆਂ ਹਨ ਜੋ ਉਹ ਸਮਝ ਸਕਣ। ਜੇ ਤੁਹਾਡੇ ਬੱਚੇ ਸਕੂਲ ਜਾਂਦੇ ਹਨ, ਤਾਂ ਉਨ੍ਹਾਂ ਨਾਲ ਇਨ੍ਹਾਂ ਗੱਲਾਂ ਦੀ ਐਕਟਿੰਗ ਕਰੋ।

ਬੱਚਿਆਂ ਨੂੰ ਸਿਖਲਾਈ ਦੇਣ ਲਈ ਸਮਾਂ ਅਤੇ ਮਿਹਨਤ ਲੱਗਦੀ ਹੈ। ਮਸੀਹੀ ਮਾਪੇ ਆਪਣੇ ਬੱਚਿਆਂ ਦੇ ਮਨਾਂ ਵਿਚ ਬਾਈਬਲ ਦੇ ਸਿਧਾਂਤ ਬਿਠਾਉਣੇ ਚਾਹੁੰਦੇ ਹਨ ਅਤੇ ਇਨ੍ਹਾਂ ਸਿਧਾਂਤਾਂ ਅਨੁਸਾਰ ਚੱਲਣ ਲਈ ਉਨ੍ਹਾਂ ਨੂੰ ਕਾਇਲ ਕਰਨਾ ਚਾਹੁੰਦੇ ਹਨ।—ਬਿਵ. 6:7; 2 ਤਿਮੋ. 3:14.

ਆਪਣੀ ਅਗਲੀ ਪਰਿਵਾਰਕ ਸਟੱਡੀ ਦੌਰਾਨ, ਆਪਣੇ ਬੱਚਿਆਂ ਨਾਲ ਇਨ੍ਹਾਂ ਗੱਲਾਂ ਦੀ ਪ੍ਰੈਕਟਿਸ ਕਰਨ ਦੀ ਕੋਸ਼ਿਸ਼ ਕਰੋ। ਦੇਖੋ ਕਿ ਇਹ ਗੱਲਾਂ ਕਿੰਨੀਆਂ ਅਸਰਕਾਰੀ ਹੋ ਸਕਦੀਆਂ ਹਨ। ਯਾਦ ਰੱਖੋ ਕਿ ਤੁਹਾਡਾ ਟੀਚਾ ਜਵਾਬਾਂ ਜਾਂ ਸ਼ਬਦਾਂ ਨੂੰ ਯਾਦ ਕਰਨਾ ਨਹੀਂ ਹੈ। ਦਰਅਸਲ, ਤੁਸੀਂ ਸ਼ਾਇਦ ਇਕ ਸਥਿਤੀ ਦੀ ਕੁਝ ਕੁ ਵਾਰ ਪ੍ਰੈਕਟਿਸ ਕਰੋ ਅਤੇ ਹਰ ਵਾਰੀ ਵੱਖਰਾ ਜਵਾਬ ਦੇ ਕੇ ਦੇਖੋ ਕਿ ਤੁਹਾਡੇ ਬੱਚੇ ਹਾਲਾਤ ਅਨੁਸਾਰ ਕੀ ਕਹਿੰਦੇ ਹਨ। ਜਦੋਂ ਉਹ ਆਪਣੇ ਵਿਸ਼ਵਾਸਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਹਨ, ਤਾਂ ਉਨ੍ਹਾਂ ਨੂੰ ਸਮਝਦਾਰੀ ਨਾਲ ਅਤੇ ਸਹੀ ਢੰਗ ਨਾਲ ਗੱਲ ਕਰਨ ਵਿਚ ਮਦਦ ਦਿਓ। ਸਮੇਂ ਦੇ ਬੀਤਣ ਨਾਲ ਤੁਸੀਂ ਆਪਣੇ ਬੱਚਿਆਂ ਨੂੰ ਸਿਖਾਓਗੇ ਕਿ ਉਹ ਕਿਵੇਂ ਆਪਣੇ ਸਹਿਪਾਠੀਆਂ, ਗੁਆਂਢੀਆਂ ਅਤੇ ਅਧਿਆਪਕਾਂ ਨੂੰ ਆਪਣੇ ਵਿਸ਼ਵਾਸਾਂ ਬਾਰੇ ਚੰਗੀ ਤਰ੍ਹਾਂ ਸਮਝਾ ਸਕਦੇ ਹਨ।

[ਸਫ਼ਾ 4, 5 ਉੱਤੇ ਡੱਬੀ/ਤਸਵੀਰ]

ਜਨਮ-ਦਿਨ ਮਨਾਉਣੇ

ਮੈਰੀ: ਹੈਲੋ ਜੌਨ, ਮੈਂ ਤੈਨੂੰ ਆਪਣੇ ਜਨਮ-ਦਿਨ ਦੀ ਪਾਰਟੀ ਤੇ ਬੁਲਾਉਣਾ ਚਾਹੁੰਦੀ ਹਾਂ।

ਜੌਨ: ਮੈਰੀ, ਤੂੰ ਮੇਰੇ ਬਾਰੇ ਸੋਚਿਆ, ਇਸ ਦੇ ਲਈ ਧੰਨਵਾਦ। ਪਰ ਕੀ ਮੈਂ ਪੁੱਛ ਸਕਦਾ ਹਾਂ ਕਿ ਤੂੰ ਇਹ ਪਾਰਟੀ ਕਿਉਂ ਮਨਾ ਰਹੀ ਹੈ?

ਮੈਰੀ: ਆਪਣਾ ਜਨਮ-ਦਿਨ ਮਨਾਉਣ ਲਈ, ਕੀ ਤੂੰ ਨਹੀਂ ਮਨਾਉਂਦਾ?

ਜੌਨ: ਨਹੀਂ, ਮੈਂ ਨਹੀਂ ਮਨਾਉਂਦਾ।

ਮੈਰੀ: ਕਿਉਂ ਨਹੀਂ ਮਨਾਉਂਦਾ? ਮੇਰਾ ਪਰਿਵਾਰ ਤਾਂ ਬਹੁਤ ਖ਼ੁਸ਼ ਸੀ ਜਦੋਂ ਮੇਰਾ ਜਨਮ ਹੋਇਆ।

ਜੌਨ: ਮੇਰਾ ਪਰਿਵਾਰ ਵੀ ਤੇਰੇ ਪਰਿਵਾਰ ਵਰਗਾ ਹੈ। ਉਹ ਵੀ ਖ਼ੁਸ਼ ਸਨ ਜਦੋਂ ਮੇਰਾ ਜਨਮ ਹੋਇਆ। ਪਰ ਮੈਂ ਨਹੀਂ ਸੋਚਦਾ ਕਿ ਇਸ ਕਾਰਨ ਮੈਨੂੰ ਹਰ ਸਾਲ ਆਪਣਾ ਜਨਮ-ਦਿਨ ਮਨਾਉਣਾ ਚਾਹੀਦਾ ਹੈ। ਆਪਣੇ ਜਨਮ-ਦਿਨ ਦੀਆਂ ਪਾਰਟੀਆਂ ਮਨਾਉਣ ਵਾਲੇ ਸੋਚਦੇ ਹਨ ਕਿ ਉਹ ਸਭ ਤੋਂ ਖ਼ਾਸ ਹਨ। ਪਰ ਕੀ ਸਭ ਤੋਂ ਖ਼ਾਸ ਰੱਬ ਨਹੀਂ? ਅਤੇ ਕੀ ਸਾਨੂੰ ਉਸ ਦਾ ਧੰਨਵਾਦ ਨਹੀਂ ਕਰਨਾ ਚਾਹੀਦਾ ਕਿ ਉਸ ਨੇ ਸਾਨੂੰ ਜ਼ਿੰਦਗੀ ਦਿੱਤੀ ਹੈ?

ਮੈਰੀ: ਫਿਰ ਕੀ ਤੇਰਾ ਮਤਲਬ ਹੈ ਕਿ ਮੈਨੂੰ ਆਪਣਾ ਜਨਮ-ਦਿਨ ਨਹੀਂ ਮਨਾਉਣਾ ਚਾਹੀਦਾ?

ਜੌਨ: ਮੈਰੀ ਇਹ ਤੇਰੀ ਮਰਜ਼ੀ ਹੈ। ਤੂੰ ਜ਼ਰਾ ਸੋਚ। ਬਹੁਤ ਸਾਰੇ ਲੋਕ ਜਨਮ-ਦਿਨ ਤੇ ਤੋਹਫ਼ੇ ਲੈਣੇ ਪਸੰਦ ਕਰਦੇ ਹਨ, ਪਰ ਬਾਈਬਲ ਦੱਸਦੀ ਹੈ ਕਿ ਲੈਣ ਨਾਲੋਂ ਦੇਣ ਵਿਚ ਜ਼ਿਆਦਾ ਖ਼ੁਸ਼ੀ ਮਿਲਦੀ ਹੈ। ਆਪਣੇ ਜਨਮ-ਦਿਨ ਤੇ ਸਿਰਫ਼ ਆਪਣੇ ਬਾਰੇ ਸੋਚਣ ਦੀ ਬਜਾਇ, ਕੀ ਇਹ ਚੰਗਾ ਨਹੀਂ ਹੋਵੇਗਾ ਕਿ ਅਸੀਂ ਰੱਬ ਦਾ ਸ਼ੁਕਰ ਕਰੀਏ, ਦੂਜਿਆਂ ਬਾਰੇ ਸੋਚੀਏ ਤੇ ਉਨ੍ਹਾਂ ਦੇ ਲਈ ਕੁਝ ਚੰਗਾ ਕਰੀਏ?

ਮੈਰੀ: ਮੈਂ ਤਾਂ ਕਦੇ ਇੱਦਾਂ ਸੋਚਿਆ ਹੀ ਨਹੀਂ। ਤਾਂ ਕੀ ਇਹ ਦਾ ਮਤਲਬ ਹੈ ਕਿ ਤੈਨੂੰ ਆਪਣੇ ਮਾਪਿਆਂ ਤੋਂ ਕਦੇ ਤੋਹਫ਼ੇ ਨਹੀਂ ਮਿਲਦੇ?

ਜੌਨ: ਮਿਲਦੇ ਹਨ! ਪਰ ਮੇਰੇ ਮਾਪੇ ਮੇਰੇ ਜਨਮ-ਦਿਨ ਦੀ ਉਡੀਕ ਨਹੀਂ ਕਰਦੇ। ਉਹ ਜਦੋਂ ਮਰਜ਼ੀ ਮੈਨੂੰ ਤੋਹਫ਼ੇ ਦੇ ਦਿੰਦੇ ਹਨ। ਅੱਛਾ ਮੈਰੀ, ਕੀ ਤੂੰ ਜਾਣਨਾ ਚਾਹੁੰਦੀ ਹੈ ਕਿ ਜਨਮ-ਦਿਨ ਮਨਾਉਣੇ ਕਿੱਦਾਂ ਸ਼ੁਰੂ ਹੋਏ?

ਮੈਰੀ: ਕੀ ਤੂੰ ਮੈਨੂੰ ਦੱਸ ਸਕਦਾ?

ਜੌਨ: ਠੀਕ ਹੈ, ਕੱਲ੍ਹ ਨੂੰ ਮੈਂ ਤੈਨੂੰ ਇਕ ਜਨਮ-ਦਿਨ ਬਾਰੇ ਇਕ ਪੁਰਾਣੀ ਤੇ ਦਿਲਚਸਪ ਕਹਾਣੀ ਦੱਸੂਗਾਂ।

ਰਾਸ਼ਟਰੀ ਗੀਤ

ਸੀਮਾ: ਜਯੋਤੀ, ਤੂੰ ਕਲਾਸ ਨਾਲ ਮਿਲ ਕੇ ਰਾਸ਼ਟਰੀ ਗੀਤ ਕਿਉਂ ਨਹੀਂ ਗਾਉਂਦੀ?

ਜਯੋਤੀ: ਸੀਮਾ ਪੁੱਛਣ ਲਈ ਧੰਨਵਾਦ। ਪਰ ਕੀ ਮੈਂ ਪਹਿਲਾਂ ਪੁੱਛ ਸਕਦੀ ਹਾਂ ਕਿ ਤੂੰ ਰਾਸ਼ਟਰੀ ਗੀਤ ਕਿਉਂ ਗਾਉਂਦੀ ਹੈ?

ਸੀਮਾ: ਕਿਉਂਕਿ ਮੈਨੂੰ ਆਪਣੇ ਦੇਸ਼ ਉੱਤੇ ਮਾਣ ਹੈ।

ਜਯੋਤੀ: ਸੀਮਾ ਮੈਂ ਵੀ ਇਸ ਦੇਸ਼ ਵਿਚ ਰਹਿ ਕੇ ਖ਼ੁਸ਼ ਹਾਂ, ਪਰ ਮੈਂ ਨਹੀਂ ਸੋਚਦੀ ਕਿ ਇਕ ਦੇਸ਼ ਦੂਜੇ ਦੇਸ਼ ਨਾਲੋਂ ਬਿਹਤਰ ਹੈ।

ਸੀਮਾ: ਪਰ ਮੈਂ ਸੋਚਦੀ ਹਾਂ ਕਿ ਮੇਰਾ ਦੇਸ਼ ਸਭ ਤੋਂ ਵਧੀਆ ਹੈ।

ਜਯੋਤੀ: ਮੈਂ ਹਮੇਸ਼ਾ ਉਸੇ ਤਰ੍ਹਾਂ ਸੋਚਣ ਦੀ ਕੋਸ਼ਿਸ਼ ਕਰਦੀ ਹਾਂ ਜਿਵੇਂ ਪਰਮੇਸ਼ੁਰ ਸੋਚਦਾ ਹੈ। ਬਾਈਬਲ ਕਹਿੰਦੀ ਹੈ ਕਿ ਪਰਮੇਸ਼ੁਰ ਕਿਸੇ ਦਾ ਪੱਖ ਨਹੀਂ ਕਰਦਾ। ਉਹ ਸਾਰੇ ਲੋਕਾਂ ਨੂੰ ਪਿਆਰ ਕਰਦਾ ਹੈ, ਭਾਵੇਂ ਉਹ ਕਿਸੇ ਵੀ ਦੇਸ਼ ਦੇ ਹੋਣ। ਅਤੇ ਇਸੇ ਕਰਕੇ ਭਾਵੇਂ ਮੈਂ ਇਸ ਦੇਸ਼ ਦੇ ਝੰਡੇ ਦਾ ਆਦਰ ਜ਼ਰੂਰ ਕਰਦੀ ਹਾਂ, ਪਰ ਮੈਂ ਇਸ ਨੂੰ ਕਦੀ ਵੀ ਸਲਾਮੀ ਨਹੀਂ ਦੇਵਾਂਗੀ।

ਸੀਮਾ: ਤੂੰ ਕੁਝ ਜ਼ਿਆਦਾ ਹੀ ਨਹੀਂ ਸੋਚੀ ਜਾਂਦੀ?

ਜਯੋਤੀ: ਨਹੀਂ, ਇਸ ਤਰ੍ਹਾਂ ਸੋਚਣ ਵਾਲੀ ਸਿਰਫ਼ ਮੈਂ ਹੀ ਨਹੀਂ ਹਾਂ। ਬਾਈਬਲ ਕੁਝ ਨੌਜਵਾਨਾਂ ਬਾਰੇ ਦੱਸਦੀ ਹੈ ਜੋ ਮੇਰੇ ਵਾਂਗ ਸੋਚਦੇ ਸਨ। ਉਨ੍ਹਾਂ ਨੂੰ ਇਕ ਰਾਸ਼ਟਰੀ ਚਿੰਨ੍ਹ ਦੀ ਪੂਜਾ ਕਰਨ ਦਾ ਹੁਕਮ ਦਿੱਤਾ ਗਿਆ ਸੀ, ਪਰ ਉਨ੍ਹਾਂ ਨੇ ਪੂਜਾ ਨਹੀਂ ਕੀਤੀ ਭਾਵੇਂ ਕਿ ਉਨ੍ਹਾਂ ਨੂੰ ਮਾਰਨ ਦੀ ਧਮਕੀ ਦਿੱਤੀ ਗਈ ਸੀ।

ਸੀਮਾ: ਅੱਛਾ? ਮੈਂ ਤਾਂ ਕਦੇ ਇਸ ਬਾਰੇ ਸੁਣਿਆ ਨਹੀਂ।

ਜਯੋਤੀ: ਜੇ ਤੂੰ ਜਾਣਨਾ ਚਾਹੁੰਦੀ ਹੈਂ, ਤਾਂ ਮੈਂ ਤੈਨੂੰ ਅੱਧੀ ਛੁੱਟੀ ਵੇਲੇ ਦੱਸ ਸਕਦੀ ਹਾਂ।

ਸਕੂਲੀ ਰਾਜਨੀਤੀ

ਰੋਹਨ: ਸਾਹਿਲ, ਤੇਰੇ ਖ਼ਿਆਲ ਨਾਲ ਤੇਰੇ ਮੰਮੀ-ਡੈਡੀ ਕਿਸ ਨੂੰ ਵੋਟ ਪਾਉਣਗੇ?

ਸਾਹਿਲ: ਕਿਸੇ ਨੂੰ ਵੀ ਨਹੀਂ।

ਰੋਹਨ: ਕਿਉਂ ਨਹੀਂ?

ਸਾਹਿਲ: ਉਨ੍ਹਾਂ ਨੇ ਪਹਿਲਾਂ ਹੀ ਸਭ ਤੋਂ ਵਧੀਆ ਸਰਕਾਰ ਚੁਣ ਲਈ ਹੈ।

ਰੋਹਨ: ਉਹ ਕਿਹੜੀ ਸਰਕਾਰ ਹੈ?

ਸਾਹਿਲ: ਇਹ ਉਹ ਸਰਕਾਰ ਹੈ ਜਿਸ ਨੂੰ ਯਿਸੂ ਚਲਾ ਰਿਹਾ ਹੈ। ਉਹ ਸੋਚਦੇ ਹਨ ਕਿ ਉਹ ਸਭ ਤੋਂ ਵਧੀਆ ਲੀਡਰ ਹੈ। ਕੀ ਤੂੰ ਜਾਣਨਾ ਚਾਹੁੰਦਾ ਹੈ ਕਿ ਉਹ ਕਿਉਂ ਸਭ ਤੋਂ ਵਧੀਆ ਲੀਡਰ ਹੈ?

ਰੋਹਨ: ਨਹੀਂ।

ਸਾਹਿਲ: ਠੀਕ ਹੈ, ਜੇ ਤੂੰ ਕਦੇ ਜਾਣਨਾ ਚਾਹੇ ਤਾਂ ਮੈਂ ਤੈਨੂੰ ਖ਼ੁਸ਼ੀ ਨਾਲ ਦੱਸਾਂਗਾ।

[ਤਸਵੀਰ]

“ਹੈਲੋ ਜੌਨ, ਮੈਂ ਤੈਨੂੰ ਆਪਣੇ ਜਨਮ-ਦਿਨ ਦੀ ਪਾਰਟੀ ਤੇ ਬੁਲਾਉਣਾ ਚਾਹੁੰਦੀ ਹਾਂ”

[ਸਫ਼ਾ 3 ਉੱਤੇ ਤਸਵੀਰ]

“ਤੂੰ ਰਾਸ਼ਟਰੀ ਗੀਤ ਕਿਉਂ ਨਹੀਂ ਗਾਉਂਦਾ?”