Skip to content

Skip to table of contents

ਪਾਠਕਾਂ ਵੱਲੋਂ ਸਵਾਲ

ਪਾਠਕਾਂ ਵੱਲੋਂ ਸਵਾਲ

ਪਾਠਕਾਂ ਵੱਲੋਂ ਸਵਾਲ

ਉਤਪਤ 6:3 ਵਿਚ ਅਸੀਂ ਪੜ੍ਹਦੇ ਹਾਂ: “ਮੇਰਾ [ਦਿਲ] ਆਦਮੀ ਦੇ ਵਿਰੁੱਧ ਸਦਾ ਤੀਕਰ ਜੋਰ ਨਹੀਂ ਮਾਰੇਗਾ ਕਿਉਂਕਿ ਉਹ ਸਰੀਰ ਹੀ ਹੈ ਸੋ ਉਹ ਦੇ ਦਿਨ ਇੱਕ ਸੌ ਵੀਹ ਵਰਿਹਾਂ ਦੇ ਹੋਣਗੇ।” ਕੀ ਯਹੋਵਾਹ ਇਨਸਾਨਾਂ ਦੀ ਉਮਰ 120 ਸਾਲਾਂ ਤਕ ਸੀਮਿਤ ਕਰ ਰਿਹਾ ਸੀ ਅਤੇ ਕੀ ਨੂਹ ਨੇ ਇੰਨੇ ਸਾਲ ਤਕ ਆਉਣ ਵਾਲੀ ਜਲ-ਪਰਲੋ ਬਾਰੇ ਪ੍ਰਚਾਰ ਕੀਤਾ?

ਸਵਾਲ ਦੇ ਦੋਹਾਂ ਹਿੱਸਿਆਂ ਦਾ ਜਵਾਬ ਹੈ, ਨਹੀਂ।

ਜਲ-ਪਰਲੋ ਤੋਂ ਪਹਿਲਾਂ ਬਹੁਤ ਸਾਰੇ ਲੋਕ ਸਦੀਆਂ ਤਾਈਂ ਜੀਉਂਦੇ ਰਹਿੰਦੇ ਸਨ। ਨੂਹ 600 ਸਾਲਾਂ ਦਾ ਸੀ ਜਦੋਂ ਜਲ-ਪਰਲੋ ਆਈ ਅਤੇ ਉਹ 950 ਸਾਲਾਂ ਤਕ ਜੀਉਂਦਾ ਰਿਹਾ। (ਉਤ. 7:6; 9:29) ਜਿਹੜੇ ਜਲ-ਪਰਲੋ ਤੋਂ ਬਾਅਦ ਪੈਦਾ ਹੋਏ, ਉਨ੍ਹਾਂ ਵਿੱਚੋਂ ਵੀ ਕੁਝ 120 ਤੋਂ ਜ਼ਿਆਦਾ ਸਾਲ ਜੀਉਂਦੇ ਰਹੇ। ਅਰਪਕਸ਼ਦ 438 ਸਾਲ ਅਤੇ ਸ਼ਲਹ 433 ਸਾਲਾਂ ਤਾਈਂ ਜੀਉਂਦੇ ਰਹੇ। (ਉਤ. 11:10-15) ਪਰ ਮੂਸਾ ਦੇ ਜ਼ਮਾਨੇ ਵਿਚ ਉਮਰ ਦਰ 70 ਜਾਂ 80 ਸਾਲ ਤਕ ਘੱਟ ਗਈ। (ਜ਼ਬੂ. 90:10) ਇਸ ਤਰ੍ਹਾਂ ਉਤਪਤ 6:3 ਇਨਸਾਨਾਂ ਦੀ ਉਮਰ ਵੱਧ ਤੋਂ ਵੱਧ 120 ਸਾਲ ਤੈਅ ਨਹੀਂ ਕਰ ਰਿਹਾ ਸੀ।

ਕੀ ਇਸ ਆਇਤ ਵਿਚ ਪਰਮੇਸ਼ੁਰ ਨੇ ਨੂਹ ਨੂੰ ਕਿਹਾ ਸੀ ਕਿ ਉਹ ਲੋਕਾਂ ਨੂੰ ਚੇਤਾਵਨੀ ਦੇਵੇ ਕਿ ਜਲ-ਪਰਲੋ 120 ਸਾਲਾਂ ਵਿਚ ਆਉਣ ਵਾਲੀ ਸੀ? ਨਹੀਂ। ਪਰਮੇਸ਼ੁਰ ਨੇ ਕਈ ਮੌਕਿਆਂ ਤੇ ਨੂਹ ਨਾਲ ਗੱਲ ਕੀਤੀ ਸੀ। ਅਸੀਂ ਇਸ ਬਿਰਤਾਂਤ ਦੀ ਤੇਰ੍ਹਵੀਂ ਆਇਤ ਵਿਚ ਪੜ੍ਹਦੇ ਹਾਂ: ‘ਪਰਮੇਸ਼ੁਰ ਨੇ ਨੂਹ ਨੂੰ ਆਖਿਆ ਕਿ ਸਰਬੱਤ ਸਰੀਰਾਂ ਦਾ ਅੰਤਕਾਲ ਮੇਰੇ ਸਾਹਮਣੇ ਏਸ ਲਈ ਆ ਗਿਆ ਹੈ ਕਿ ਧਰਤੀ ਉਨ੍ਹਾਂ ਦੇ ਕਾਰਨ ਜ਼ੁਲਮ ਨਾਲ ਭਰ ਗਈ ਹੈ।’ ਅਗਲੇ ਸਾਲਾਂ ਵਿਚ ਨੂਹ ਨੇ ਕਿਸ਼ਤੀ ਬਣਾਉਣ ਦਾ ਵੱਡਾ ਕੰਮ ਪੂਰਾ ਕੀਤਾ ਅਤੇ ਉਸ ਸਮੇਂ ‘ਯਹੋਵਾਹ ਨੇ ਨੂਹ ਨੂੰ ਆਖਿਆ ਕਿ ਤੂੰ ਅਰ ਤੇਰਾ ਸਾਰਾ ਟੱਬਰ ਕਿਸ਼ਤੀ ਵਿੱਚ ਜਾਓ।’ (ਉਤ. 6:13; 7:1) ਯਹੋਵਾਹ ਨੇ ਹੋਰ ਮੌਕਿਆਂ ਤੇ ਵੀ ਨੂਹ ਨੂੰ ਕਈ ਗੱਲਾਂ ਦੀ ਜਾਣਕਾਰੀ ਦਿੱਤੀ ਸੀ।—ਉਤ. 8:15; 9:1, 8, 17.

ਪਰ ਉਤਪਤ 6:3 ਵਿਚ ਨਾ ਤਾਂ ਨੂਹ ਦਾ ਜ਼ਿਕਰ ਕੀਤਾ ਗਿਆ ਹੈ ਅਤੇ ਨਾ ਹੀ ਦੱਸਿਆ ਗਿਆ ਹੈ ਕਿ ਪਰਮੇਸ਼ੁਰ ਉਸ ਨਾਲ ਗੱਲ ਕਰ ਰਿਹਾ ਸੀ। ਇਸ ਆਇਤ ਵਿਚ ਪਰਮੇਸ਼ੁਰ ਸ਼ਾਇਦ ਆਪਣੇ ਆਪ ਨਾਲ ਗੱਲ ਕਰਦਿਆਂ ਆਪਣਾ ਮਕਸਦ ਜਾਂ ਇਰਾਦਾ ਪ੍ਰਗਟਾ ਰਿਹਾ ਸੀ। (ਹੋਰ ਜਾਣਕਾਰੀ ਲਈ ਉਤਪਤ 8:21 ਦੇਖੋ।) ਧਿਆਨ ਦੇਣ ਯੋਗ ਗੱਲ ਹੈ ਕਿ ਆਦਮ ਨੂੰ ਸ੍ਰਿਸ਼ਟ ਕਰਨ ਤੋਂ ਬਹੁਤ ਸਮਾਂ ਪਹਿਲਾਂ ਦੇ ਇਤਿਹਾਸਕ ਰਿਕਾਰਡ ਵਿਚ ਅਸੀਂ ਅਜਿਹੇ ਸ਼ਬਦ ਪੜ੍ਹਦੇ ਹਾਂ: “ਪਰਮੇਸ਼ੁਰ ਨੇ ਆਖਿਆ।” (ਉਤ. 1:6, 9, 14, 20, 24) ਸਪੱਸ਼ਟ ਹੈ ਕਿ ਯਹੋਵਾਹ ਧਰਤੀ ਤੇ ਕਿਸੇ ਇਨਸਾਨ ਨਾਲ ਗੱਲ ਨਹੀਂ ਕਰ ਰਿਹਾ ਸੀ ਕਿਉਂਕਿ ਅਜੇ ਉਸ ਨੇ ਕਿਸੇ ਵੀ ਇਨਸਾਨ ਨੂੰ ਨਹੀਂ ਬਣਾਇਆ ਸੀ।

ਇਸ ਤਰ੍ਹਾਂ ਇਹ ਸਿੱਟਾ ਕੱਢਣਾ ਸਹੀ ਹੋਵੇਗਾ ਕਿ ਉਤਪਤ 6:3 ਮੁਤਾਬਕ ਪਰਮੇਸ਼ੁਰ ਨੇ ਉਸ ਦੁਸ਼ਟ ਦੁਨੀਆਂ ਨੂੰ ਖ਼ਤਮ ਕਰਨ ਦੀ ਠਾਣ ਲਈ ਸੀ। ਯਹੋਵਾਹ ਨੇ ਫ਼ੈਸਲਾ ਕੀਤਾ ਕਿ ਉਹ 120 ਸਾਲਾਂ ਵਿਚ ਇਸ ਤਰ੍ਹਾਂ ਕਰੇਗਾ, ਪਰ ਨੂਹ ਨੂੰ ਇਸ ਬਾਰੇ ਅਜੇ ਪਤਾ ਨਹੀਂ ਸੀ। ਪਰ ਉਸ ਨੂੰ ਸਮਾਂ ਨਿਸ਼ਚਿਤ ਕਰਨ ਦੀ ਕੀ ਲੋੜ ਸੀ? ਇੰਨਾ ਸਮਾਂ ਉਡੀਕ ਕਰਨ ਦੀ ਕਿਉਂ ਲੋੜ ਸੀ?

ਪਤਰਸ ਰਸੂਲ ਕਾਰਨ ਦੱਸਦਾ ਹੈ: “ਜਿਹੜੇ ਪਿੱਛਲੇ ਸਮੇਂ ਅਣਆਗਿਆਕਾਰੀ ਸਨ ਜਿਸ ਵੇਲੇ ਪਰਮੇਸ਼ੁਰ ਨੂਹ ਦੇ ਦਿਨੀਂ ਧੀਰਜ ਨਾਲ ਉਡੀਕ ਕਰਦਾ ਸੀ ਜਦ ਕਿਸ਼ਤੀ ਤਿਆਰ ਹੁੰਦੀ ਪਈ ਸੀ ਜਿਹ ਦੇ ਵਿੱਚ ਥੋੜੇ ਅਰਥਾਤ ਅੱਠ ਜਣੇ ਪਾਣੀ ਤੋਂ ਬਚ ਗਏ।” (1 ਪਤ. 3:20) ਹਾਂ, ਜਦੋਂ ਪਰਮੇਸ਼ੁਰ ਨੇ 120 ਸਾਲਾਂ ਬਾਰੇ ਆਪਣਾ ਇਰਾਦਾ ਕਰ ਲਿਆ, ਤਾਂ ਉਸ ਵੇਲੇ ਕੁਝ ਕੰਮ ਕਰਨੇ ਬਾਕੀ ਸਨ। ਕੁਝ 20 ਸਾਲ ਬਾਅਦ, ਨੂਹ ਅਤੇ ਉਸ ਦੀ ਪਤਨੀ ਦੇ ਬੱਚੇ ਹੋਣੇ ਸ਼ੁਰੂ ਹੋਏ। (ਉਤ. 5:32; 7:6) ਉਨ੍ਹਾਂ ਦੇ ਤਿੰਨ ਮੁੰਡੇ ਵੱਡੇ ਹੋ ਗਏ ਅਤੇ ਉਨ੍ਹਾਂ ਨੇ ਵਿਆਹ ਕਰ ਲਏ। ਇਸ ਤਰ੍ਹਾਂ ਉਨ੍ਹਾਂ ਦੇ ਪਰਿਵਾਰ ਵਿਚ “ਅੱਠ ਜਣੇ” ਹੋ ਗਏ। ਹੁਣ ਉਨ੍ਹਾਂ ਨੇ ਕਿਸ਼ਤੀ ਬਣਾਉਣੀ ਸੀ ਜੋ ਕਿ ਸੌਖਾ ਕੰਮ ਨਹੀਂ ਸੀ ਕਿਉਂਕਿ ਕਿਸ਼ਤੀ ਦਾ ਆਕਾਰ ਵੱਡਾ ਸੀ ਅਤੇ ਨੂਹ ਦਾ ਪਰਿਵਾਰ ਛੋਟਾ। ਹਾਂ, ਪਰਮੇਸ਼ੁਰ ਨੇ 120 ਸਾਲਾਂ ਤਾਈਂ ਧੀਰਜ ਰੱਖਿਆ ਜਿਸ ਦੌਰਾਨ ਇਹ ਕੰਮ ਪੂਰੇ ਕੀਤੇ ਗਏ। ਇਸ ਨਾਲ ਜ਼ਿੰਦਗੀ ਬਚਾਉਣ ਦਾ ਰਸਤਾ ਖੁੱਲ੍ਹਿਆ ਅਤੇ ਅੱਠ ਵਫ਼ਾਦਾਰ ਇਨਸਾਨ “ਪਾਣੀ ਤੋਂ ਬਚ ਗਏ।”

ਬਾਈਬਲ ਉਸ ਸਾਲ ਬਾਰੇ ਨਹੀਂ ਦੱਸਦੀ ਜਿਸ ਵਿਚ ਯਹੋਵਾਹ ਨੇ ਨੂਹ ਨੂੰ ਦੱਸਿਆ ਸੀ ਕਿ ਜਲ-ਪਰਲੋ ਕਦੋਂ ਆਵੇਗੀ। ਜਦੋਂ ਨੂਹ ਦੇ ਪੁੱਤਰ ਪੈਦਾ ਹੋਏ, ਵੱਡੇ ਹੋਏ ਅਤੇ ਵਿਆਹ ਕਰਵਾਏ, ਤਦ ਤਕ ਸੰਭਵ ਹੈ ਕਿ ਜਲ-ਪਰਲੋ ਦੇ ਆਉਣ ਵਿਚ 40 ਜਾਂ 50 ਸਾਲ ਰਹਿ ਗਏ ਸਨ। ਫਿਰ ਯਹੋਵਾਹ ਨੇ ਨੂਹ ਨੂੰ ਕਿਹਾ: ‘ਸਰਬੱਤ ਸਰੀਰਾਂ ਦਾ ਅੰਤਕਾਲ ਮੇਰੇ ਸਾਹਮਣੇ ਆ ਗਿਆ ਹੈ।’ ਇਸ ਦੇ ਨਾਲ-ਨਾਲ ਉਸ ਨੇ ਨੂਹ ਨੂੰ ਵੱਡੀ ਕਿਸ਼ਤੀ ਬਣਾਉਣ ਅਤੇ ਆਪਣੇ ਪਰਿਵਾਰ ਨਾਲ ਉਸ ਵਿਚ ਜਾਣ ਲਈ ਕਿਹਾ। (ਉਤ. 6:13-18) ਬਚੇ ਹੋਏ ਦਹਾਕਿਆਂ ਦੌਰਾਨ ਨੂਹ ਨੇ ਸਾਫ਼-ਸੁਥਰੀ ਜ਼ਿੰਦਗੀ ਜੀ ਕੇ ਧਾਰਮਿਕਤਾ ਦੀ ਵਧੀਆ ਮਿਸਾਲ ਕਾਇਮ ਕਰਨ ਨਾਲੋਂ ਜ਼ਿਆਦਾ ਕੁਝ ਕੀਤਾ। ‘ਧਰਮ ਦੇ ਪਰਚਾਰਕ’ ਵਜੋਂ ਉਸ ਨੇ ਸਿੱਧੀ-ਸਿੱਧੀ ਚੇਤਾਵਨੀ ਦਿੱਤੀ ਕਿ ਪਰਮੇਸ਼ੁਰ ਦਾ ਇਰਾਦਾ ਸੀ ਕਿ ਉਹ ਉਸ ਸਮੇਂ ਦੇ ਬੁਰੇ ਲੋਕਾਂ ਦਾ ਨਾਸ਼ ਕਰੇਗਾ। ਨੂਹ ਨੂੰ ਕਾਫ਼ੀ ਸਮਾਂ ਪਹਿਲਾਂ ਨਹੀਂ ਪਤਾ ਸੀ ਕਿ ਜਲ-ਪਰਲੋ ਕਿਹੜੇ ਸਾਲ ਵਿਚ ਆਵੇਗੀ, ਪਰ ਉਹ ਇੰਨਾ ਜਾਣਦਾ ਸੀ ਕਿ ਇਹ ਜ਼ਰੂਰ ਆਵੇਗੀ। ਅਤੇ ਤੁਸੀਂ ਜਾਣਦੇ ਹੋ ਕਿ ਇੱਦਾਂ ਹੀ ਹੋਇਆ।—2 ਪਤ. 2:5.