Skip to content

Skip to table of contents

ਯਹੋਵਾਹ ਲਈ ਗਾਓ!

ਯਹੋਵਾਹ ਲਈ ਗਾਓ!

ਯਹੋਵਾਹ ਲਈ ਗਾਓ!

“ਜਿੰਨਾ ਚਿਰ ਮੈਂ ਰਹਾਂਗਾ ਮੈਂ ਆਪਣੇ ਪਰਮੇਸ਼ੁਰ ਦਾ ਭਜਨ ਗਾਵਾਂਗਾ।”—ਜ਼ਬੂ. 146:2.

1. ਕਿਹੜੀ ਗੱਲ ਨੇ ਨੌਜਵਾਨ ਦਾਊਦ ਨੂੰ ਕੁਝ ਭਜਨ ਲਿਖਣ ਲਈ ਪ੍ਰੇਰਿਆ?

ਛੋਟੇ ਹੁੰਦਿਆਂ ਦਾਊਦ ਨੇ ਬੈਤਲਹਮ ਦੇ ਲਾਗਲੇ ਖੇਤਾਂ ਵਿਚ ਆਪਣੇ ਪਿਤਾ ਦੀਆਂ ਭੇਡਾਂ ਨੂੰ ਚੁਰਾਉਣ ਵਿਚ ਅਣਗਿਣਤ ਘੰਟੇ ਬਿਤਾਏ। ਭੇਡਾਂ ਦੀ ਦੇਖ-ਭਾਲ ਕਰਦਿਆਂ, ਦਾਊਦ ਯਹੋਵਾਹ ਦੀ ਸ਼ਾਨਦਾਰ ਸ੍ਰਿਸ਼ਟੀ ਦੇਖ ਸਕਦਾ ਸੀ ਜਿਵੇਂ ਤਾਰਿਆਂ ਨਾਲ ਭਰਿਆ ਅੰਬਰ, “ਰੜ ਦੇ ਸਾਰੇ ਜਾਨਵਰ” ਅਤੇ “ਅਕਾਸ਼ ਦੇ ਪੰਖੇਰੂ।” ਇਹ ਸਭ ਦੇਖ ਕੇ ਉਸ ਉੱਤੇ ਇੰਨਾ ਅਸਰ ਪਿਆ ਕਿ ਉਹ ਇਨ੍ਹਾਂ ਸ਼ਾਨਦਾਰ ਚੀਜ਼ਾਂ ਦੇ ਬਣਾਉਣ ਵਾਲੇ ਦੇ ਗੁਣ ਗਾਉਣ ਵਾਸਤੇ ਭਜਨ ਲਿਖਣ ਲਈ ਪ੍ਰੇਰਿਤ ਹੋਇਆ। ਦਾਊਦ ਦੁਆਰਾ ਲਿਖੇ ਕਈ ਭਜਨ ਜ਼ਬੂਰਾਂ ਦੀ ਪੋਥੀ ਵਿਚ ਦੇਖੇ ਜਾ ਸਕਦੇ ਹਨ। *ਜ਼ਬੂਰਾਂ ਦੀ ਪੋਥੀ 8:3, 4, 7-9 ਪੜ੍ਹੋ।

2. (ੳ) ਸੰਗੀਤ ਦਾ ਇਕ ਵਿਅਕਤੀ ਉੱਤੇ ਕੀ ਅਸਰ ਪੈ ਸਕਦਾ ਹੈ? ਉਦਾਹਰਣ ਦਿਓ। (ਅ) ਜ਼ਬੂਰਾਂ ਦੀ ਪੋਥੀ 34:7, 8 ਅਤੇ 139:2-8 ਤੋਂ ਅਸੀਂ ਯਹੋਵਾਹ ਨਾਲ ਦਾਊਦ ਦੇ ਰਿਸ਼ਤੇ ਬਾਰੇ ਕੀ ਸਿੱਖ ਸਕਦੇ ਹਾਂ?

2 ਜ਼ਿੰਦਗੀ ਦੇ ਇਸ ਸਮੇਂ ਦੌਰਾਨ ਲੱਗਦਾ ਹੈ ਕਿ ਦਾਊਦ ਨੇ ਸੰਗੀਤਕਾਰ ਵਜੋਂ ਆਪਣੀ ਕਲਾ ਨੂੰ ਨਿਖਾਰਿਆ। ਉਹ ਇੰਨਾ ਮਾਹਰ ਸੰਗੀਤਕਾਰ ਬਣ ਗਿਆ ਕਿ ਉਸ ਨੂੰ ਰਾਜਾ ਸ਼ਾਊਲ ਵਾਸਤੇ ਬਰਬਤ ਵਜਾਉਣ ਲਈ ਸੱਦਿਆ ਗਿਆ। (ਕਹਾ. 22:29) ਦਾਊਦ ਦਾ ਸੰਗੀਤ ਸੁਣ ਕੇ ਨਿਰਾਸ਼ ਰਾਜੇ ਨੂੰ ਸਕੂਨ ਮਿਲਦਾ ਸੀ ਜਿਵੇਂ ਅੱਜ ਲੋਕਾਂ ਨੂੰ ਚੰਗਾ ਸੰਗੀਤ ਸੁਣ ਕੇ ਮਿਲਦਾ ਹੈ। ਜਦੋਂ ਵੀ ਦਾਊਦ ਆਪਣੀ ਬਰਬਤ ਵਜਾਉਂਦਾ ਸੀ, ਤਾਂ “ਸ਼ਾਊਲ ਨੂੰ ਤਾਜ਼ਗੀ ਆਉਂਦੀ ਸੀ ਅਤੇ ਉਹ ਚੰਗਾ ਹੁੰਦਾ ਸੀ।” (1 ਸਮੂ. 16:23) ਪਰਮੇਸ਼ੁਰ ਦਾ ਭੈ ਰੱਖਣ ਵਾਲੇ ਇਸ ਸੰਗੀਤਕਾਰ ਅਤੇ ਲੇਖਕ ਦੇ ਭਜਨ ਅੱਜ ਵੀ ਅਨਮੋਲ ਹਨ। ਜ਼ਰਾ ਸੋਚੋ! ਦਾਊਦ ਦੇ ਜਨਮ ਤੋਂ 3000 ਤੋਂ ਜ਼ਿਆਦਾ ਸਾਲ ਬਾਅਦ ਅੱਜ ਵੀ ਧਰਤੀ ਉੱਤੇ ਵੱਖੋ-ਵੱਖਰੇ ਹਾਲਾਤਾਂ ਵਿਚ ਰਹਿ ਰਹੇ ਲੱਖਾਂ ਲੋਕ ਰੋਜ਼ਾਨਾ ਦਾਊਦ ਦੇ ਭਜਨਾਂ ਨੂੰ ਪੜ੍ਹ ਕੇ ਦਿਲਾਸਾ ਅਤੇ ਆਸ਼ਾ ਪਾਉਂਦੇ ਹਨ।—2 ਇਤ. 7:6; ਜ਼ਬੂਰਾਂ ਦੀ ਪੋਥੀ 34:7, 8; 139:2-8 ਪੜ੍ਹੋ; ਆਮੋ. 6:5.

ਸੱਚੀ ਭਗਤੀ ਵਿਚ ਸੰਗੀਤ ਦੀ ਅਹਿਮੀਅਤ

3, 4. ਦਾਊਦ ਦੇ ਦਿਨਾਂ ਵਿਚ ਸੰਗੀਤ ਨੂੰ ਸੱਚੀ ਭਗਤੀ ਵਿਚ ਸ਼ਾਮਲ ਕਰਨ ਲਈ ਕਿਹੜੇ ਪ੍ਰਬੰਧ ਕੀਤੇ ਗਏ ਸਨ?

3 ਦਾਊਦ ਵਿਚ ਜੋ ਕਲਾ ਸੀ, ਉਸ ਨੂੰ ਉਸ ਨੇ ਯਹੋਵਾਹ ਦੀ ਵਡਿਆਈ ਕਰਨ ਲਈ ਚੰਗੀ ਤਰ੍ਹਾਂ ਵਰਤਿਆ। ਇਸਰਾਏਲ ਦਾ ਰਾਜਾ ਬਣਨ ਤੋਂ ਬਾਅਦ ਦਾਊਦ ਨੇ ਡੇਹਰੇ ਵਿਚ ਕੀਤੀ ਜਾਂਦੀ ਭਗਤੀ ਦੇ ਕੰਮਾਂ ਵਿਚ ਸੰਗੀਤ ਵੀ ਸ਼ਾਮਲ ਕੀਤਾ। ਡੇਹਰੇ ਵਿਚ ਸੇਵਾ ਕਰਨ ਵਾਲੇ 38,000 ਲੇਵੀਆਂ ਵਿੱਚੋਂ 4000 ਜਣਿਆਂ ਨੂੰ “ਉਸਤਤ” ਕਰਨ ਦਾ ਕੰਮ ਸੌਂਪਿਆ ਗਿਆ ਅਤੇ 288 ਲੇਵੀ ਮਾਹਰ ਸਨ ਜੋ “ਯਹੋਵਾਹ ਦੇ ਕੀਰਤਨ ਵਿਖੇ ਸਿਖਾਏ ਹੋਏ ਸਨ।”—1 ਇਤ. 23:3, 5; 25:7.

4 ਜਿਹੜੇ ਭਜਨ ਲੇਵੀਆਂ ਨੇ ਵਜਾਏ ਅਤੇ ਗਾਏ, ਉਨ੍ਹਾਂ ਵਿੱਚੋਂ ਬਹੁਤ ਸਾਰੇ ਭਜਨ ਦਾਊਦ ਨੇ ਹੀ ਲਿਖੇ ਸਨ। ਜਦੋਂ ਦਾਊਦ ਦੁਆਰਾ ਲਿਖੇ ਭਜਨ ਗਾਏ ਜਾਂਦੇ ਸਨ, ਉਦੋਂ ਇਨ੍ਹਾਂ ਨੂੰ ਸੁਣਨ ਵਾਲੇ ਇਸਰਾਏਲੀਆਂ ਉੱਤੇ ਬਹੁਤ ਗਹਿਰਾ ਪ੍ਰਭਾਵ ਪੈਂਦਾ ਹੋਣਾ। ਬਾਅਦ ਵਿਚ ਜਦੋਂ ਨੇਮ ਦਾ ਸੰਦੂਕ ਯਰੂਸ਼ਲਮ ਵਿਚ ਲਿਆਂਦਾ ਗਿਆ, ਤਾਂ “ਦਾਊਦ ਨੇ ਲੇਵੀਆਂ ਦੇ ਸਰਦਾਰਾਂ ਨੂੰ ਆਗਿਆ ਦਿੱਤੀ ਜੋ ਆਪਣਿਆਂ ਭਰਾਵਾਂ ਵਿੱਚੋਂ ਗਵੱਯਾਂ ਨੂੰ ਥਾਪਣ ਭਈ ਓਹ ਜੈ ਕਾਰ ਦੇ ਵਜੰਤਰ ਅਰਥਾਤ ਤੰਬੂਰੇ ਅਰ ਸਤਾਰਾਂ ਅਰ ਮਜੀਰੇ ਛੇੜਨ ਅਰ ਉੱਚੀਆਂ ਸੁਰਾਂ ਕਰ ਕੇ ਅਨੰਦਤਾਈ ਦੇ ਨਾਲ ਗਾਉਣ।”—1 ਇਤ. 15:16.

5, 6. (ੳ) ਦਾਊਦ ਦੇ ਰਾਜ ਦੌਰਾਨ ਸੰਗੀਤ ਨੂੰ ਇੰਨਾ ਜ਼ਰੂਰੀ ਕਿਉਂ ਸਮਝਿਆ ਜਾਂਦਾ ਸੀ? (ਅ) ਅਸੀਂ ਕਿਵੇਂ ਜਾਣਦੇ ਹਾਂ ਕਿ ਪ੍ਰਾਚੀਨ ਇਸਰਾਏਲ ਵਿਚ ਕੀਤੀ ਜਾਂਦੀ ਸੱਚੀ ਭਗਤੀ ਵਿਚ ਸੰਗੀਤ ਨੂੰ ਅਹਿਮ ਸਮਝਿਆ ਜਾਂਦਾ ਸੀ?

5 ਦਾਊਦ ਦੇ ਜ਼ਮਾਨੇ ਵਿਚ ਸੰਗੀਤ ਨੂੰ ਇੰਨਾ ਜ਼ਰੂਰੀ ਕਿਉਂ ਸਮਝਿਆ ਜਾਂਦਾ ਸੀ? ਕੀ ਇਸ ਲਈ ਕਿਉਂਕਿ ਰਾਜਾ ਇਕ ਸੰਗੀਤਕਾਰ ਸੀ? ਨਹੀਂ, ਇਸ ਦਾ ਇਕ ਹੋਰ ਕਾਰਨ ਸੀ ਜੋ ਸਦੀਆਂ ਬਾਅਦ ਪਤਾ ਲੱਗਾ ਜਦੋਂ ਧਰਮੀ ਰਾਜਾ ਹਿਜ਼ਕੀਯਾਹ ਨੇ ਮੰਦਰ ਵਿਚ ਸਭ ਕੁਝ ਦੁਬਾਰਾ ਸ਼ੁਰੂ ਕਰਵਾਇਆ। 2 ਇਤਹਾਸ 29:25 ਵਿਚ ਅਸੀਂ ਪੜ੍ਹਦੇ ਹਾਂ: ‘ਹਿਜ਼ਕੀਯਾਹ ਨੇ ਯਹੋਵਾਹ ਦੇ ਭਵਨ ਵਿੱਚ ਲੇਵੀਆਂ ਨੂੰ ਛੈਣਿਆਂ, ਸਿਤਾਰਾਂ ਅਰ ਬਰਬਤਾਂ ਨਾਲ ਖੜੇ ਕੀਤਾ ਜਿਵੇਂ ਦਾਊਦ ਅਤੇ ਪਾਤਸ਼ਾਹ ਦੇ ਗੈਬਦਾਨ ਗਾਦ ਅਤੇ ਨਾਥਾਨ ਨਬੀ ਦੇ ਹੁਕਮ ਅਨੁਸਾਰ ਸੀ ਕਿਉਂ ਜੋ ਯਹੋਵਾਹ ਵੱਲੋਂ ਏਹ ਹੁਕਮ ਨਬੀਆਂ ਦੇ ਰਾਹੀਂ ਆਇਆ ਸੀ।’

6 ਹਾਂ, ਯਹੋਵਾਹ ਨੇ ਆਪਣੇ ਨਬੀਆਂ ਰਾਹੀਂ ਆਪਣੇ ਭਗਤਾਂ ਨੂੰ ਦੱਸਿਆ ਕਿ ਉਹ ਭਜਨ ਗਾ ਕੇ ਉਸ ਦੀ ਵਡਿਆਈ ਕਰਨ। ਗਾਉਣ ਵਾਲੇ ਲੇਵੀਆਂ ਨੂੰ ਉਹ ਕੰਮ ਕਰਨ ਦੀ ਲੋੜ ਨਹੀਂ ਸੀ ਜੋ ਦੂਸਰੇ ਲੇਵੀ ਕਰਦੇ ਸਨ। ਇਸ ਤਰ੍ਹਾਂ ਭਜਨ ਗਾਉਣ ਵਾਲੇ ਆਪਣਾ ਪੂਰਾ ਸਮਾਂ ਭਜਨ ਤੇ ਸੰਗੀਤ ਰਚਣ ਅਤੇ ਉਨ੍ਹਾਂ ਦਾ ਅਭਿਆਸ ਕਰਨ ਵਿਚ ਲਗਾ ਸਕਦੇ ਸਨ।—1 ਇਤ. 9:33.

7, 8. ਕਲੀਸਿਯਾ ਵਿਚ ਗੀਤ ਗਾਉਣ ਵੇਲੇ ਹੁਨਰ ਨਾਲੋਂ ਕਿਹੜੀ ਗੱਲ ਜ਼ਿਆਦਾ ਮਾਅਨੇ ਰੱਖਦੀ ਹੈ?

7 ਤੁਸੀਂ ਸ਼ਾਇਦ ਕਹੋ, “ਜਿੱਥੋਂ ਤਕ ਗਾਉਣ ਦਾ ਸਵਾਲ ਹੈ, ਮੈਂ ਉਨ੍ਹਾਂ ਮਾਹਰਾਂ ਵਿਚ ਕਦੀ ਨਹੀਂ ਗਿਣਿਆ ਜਾ ਸਕਦਾ ਜੋ ਡੇਹਰੇ ਵਿਚ ਗਾਉਂਦੇ ਸਨ!” ਪਰ ਸਾਰੇ ਲੇਵੀ ਮਾਹਰ ਸੰਗੀਤਕਾਰ ਨਹੀਂ ਸਨ। 1 ਇਤਹਾਸ 25:8 ਅਨੁਸਾਰ ਉਨ੍ਹਾਂ ਵਿੱਚੋਂ ਕਈ “ਚੇਲੇ” ਜਾਂ ਸ਼ਾਗਿਰਦ ਵੀ ਸਨ। ਇਕ ਹੋਰ ਸੋਚਣ ਵਾਲੀ ਗੱਲ ਹੈ ਕਿ ਸ਼ਾਇਦ ਇਸਰਾਏਲ ਦੇ ਹੋਰਨਾਂ ਗੋਤਾਂ ਵਿਚ ਬਿਹਤਰ ਸੰਗੀਤਕਾਰ ਅਤੇ ਗਵੱਈਏ ਸਨ, ਪਰ ਯਹੋਵਾਹ ਨੇ ਲੇਵੀਆਂ ਨੂੰ ਹੀ ਗਾਉਣ-ਵਜਾਉਣ ਲਈ ਚੁਣਿਆ ਸੀ। ਸਾਨੂੰ ਪੂਰਾ ਯਕੀਨ ਹੈ ਕਿ ਭਾਵੇਂ ਉਹ “ਗੁਰੂ” ਸਨ ਜਾਂ “ਚੇਲੇ,” ਇਨ੍ਹਾਂ ਵਫ਼ਾਦਾਰ ਲੇਵੀਆਂ ਨੇ ਪੂਰਾ ਦਿਲ ਲਾ ਕੇ ਆਪਣਾ ਕੰਮ ਕੀਤਾ।

8 ਦਾਊਦ ਨੂੰ ਸੰਗੀਤ ਪਸੰਦ ਸੀ ਅਤੇ ਉਹ ਇਸ ਵਿਚ ਮਾਹਰ ਸੀ। ਪਰ ਕੀ ਯਹੋਵਾਹ ਦੀਆਂ ਨਜ਼ਰਾਂ ਵਿਚ ਸਿਰਫ਼ ਹੁਨਰ ਹੀ ਮਾਅਨੇ ਰੱਖਦਾ ਹੈ? ਜ਼ਬੂਰਾਂ ਦੀ ਪੋਥੀ 33:3 ਵਿਚ ਦਾਊਦ ਨੇ ਲਿਖਿਆ: ‘ਉਸ ਦੇ ਲਈ ਇੱਕ ਨਵਾਂ ਗੀਤ ਗਾਓ, ਉੱਚੀ ਸੁਰ ਉੱਤੇ ਸੁਰ ਤਾਨ ਨਾਲ ਵਜਾਓ।’ ਗੱਲ ਸਾਫ਼ ਹੈ: ਇਹ ਮਾਅਨੇ ਰੱਖਦਾ ਹੈ ਕਿ ਅਸੀਂ ਯਹੋਵਾਹ ਦੀ ਵਡਿਆਈ “ਤਾਨ ਨਾਲ” ਯਾਨੀ ਪੂਰੀ ਵਾਹ ਲਾ ਕੇ ਕਰੀਏ।

ਦਾਊਦ ਦੇ ਜ਼ਮਾਨੇ ਤੋਂ ਬਾਅਦ ਸੰਗੀਤ ਦੀ ਭੂਮਿਕਾ

9. ਦੱਸੋ ਕਿ ਤੁਸੀਂ ਕੀ ਦੇਖਿਆ ਤੇ ਸੁਣਿਆ ਹੁੰਦਾ ਜੇਕਰ ਤੁਸੀਂ ਸੁਲੇਮਾਨ ਦੇ ਰਾਜ ਦੌਰਾਨ ਮੰਦਰ ਦੇ ਉਦਘਾਟਨ ਵੇਲੇ ਹਾਜ਼ਰ ਹੋਏ ਹੁੰਦੇ?

9 ਸੁਲੇਮਾਨ ਦੇ ਰਾਜ ਦੌਰਾਨ ਵੀ ਸੰਗੀਤ ਸੱਚੀ ਭਗਤੀ ਵਿਚ ਬਹੁਤ ਅਹਿਮੀਅਤ ਰੱਖਦਾ ਸੀ। ਮੰਦਰ ਦੇ ਉਦਘਾਟਨ ਦੇ ਮੌਕੇ ਤੇ ਬਹੁਤ ਸਾਰੇ ਸੰਗੀਤਕਾਰ ਇਕੱਠੇ ਹੋਏ ਸਨ ਜਿਨ੍ਹਾਂ ਵਿਚ ਤਾਂਬੇ ਦੀਆਂ ਤੁਰ੍ਹੀਆਂ ਵਜਾਉਣ ਵਾਲਿਆਂ ਦੀ ਗਿਣਤੀ 120 ਸੀ। (2 ਇਤਹਾਸ 5:12 ਪੜ੍ਹੋ।) ਬਾਈਬਲ ਸਾਨੂੰ ਦੱਸਦੀ ਹੈ: “ਤੁਰ੍ਹੀਆਂ ਦੇ ਵਜੰਤਰੀ [ਜੋ ਸਾਰੇ ਜਾਜਕ ਸਨ] ਅਰ ਗਵੰਤਰੀ ਮਿਲ ਗਏ ਭਈ ਯਹੋਵਾਹ ਦੀ ਉਸਤਤ ਅਰ ਧੰਨਵਾਦ ਕਰਨ ਵਿੱਚ ਉਨ੍ਹਾਂ ਦੀ ਸੁਰ ਇੱਕੋ ਹੀ ਸੁਣਾਈ ਦੇਵੇ . . . ਕਿ ਉਹ ਭਲਾ ਹੈ, ਉਹ ਦੀ ਦਯਾ ਜੋ ਸਦਾ ਦੀ ਹੈ।” ਜਿਵੇਂ ਹੀ ਉਨ੍ਹਾਂ ਨੇ ਉੱਚੀ ਸੁਰ ਵਿਚ ਗਾਇਆ, ਤਾਂ “ਭਵਨ ਅਰਥਾਤ ਯਹੋਵਾਹ ਦਾ ਭਵਨ ਬੱਦਲ ਨਾਲ ਭਰ ਗਿਆ” ਜਿਸ ਤੋਂ ਪਤਾ ਲੱਗਾ ਕਿ ਯਹੋਵਾਹ ਬਹੁਤ ਖ਼ੁਸ਼ ਸੀ। ਜ਼ਰਾ ਸੋਚੋ ਜੇ ਤੁਸੀਂ ਉੱਥੇ ਹੁੰਦੇ, ਤਾਂ ਉਨ੍ਹਾਂ ਤੁਰ੍ਹੀਆਂ ਵਜਾਉਣ ਵਾਲਿਆਂ ਦੇ ਨਾਲ-ਨਾਲ ਹਜ਼ਾਰਾਂ ਹੀ ਗਵੱਈਆਂ ਨੂੰ ਇਕ ਸੁਰ ਨਾਲ ਗਾਉਂਦਿਆਂ ਸੁਣ ਕੇ ਕਿੰਨੇ ਖ਼ੁਸ਼ ਹੁੰਦੇ ਅਤੇ ਹੈਰਾਨ ਰਹਿ ਜਾਂਦੇ!—2 ਇਤ. 5:13.

10, 11. ਕਿਹੜੀ ਗੱਲ ਤੋਂ ਪਤਾ ਲੱਗਦਾ ਹੈ ਕਿ ਮੁਢਲੇ ਮਸੀਹੀ ਭਗਤੀ ਵਿਚ ਸੰਗੀਤ ਵਰਤਦੇ ਸਨ?

10 ਮੁਢਲੇ ਮਸੀਹੀ ਵੀ ਭਗਤੀ ਵਿਚ ਸੰਗੀਤ ਵਰਤਦੇ ਸਨ। ਇਹ ਤਾਂ ਠੀਕ ਹੈ ਕਿ ਪਹਿਲੀ ਸਦੀ ਦੇ ਮਸੀਹੀ ਭੈਣ-ਭਰਾ ਡੇਹਰਿਆਂ ਜਾਂ ਮੰਦਰਾਂ ਵਿਚ ਇਕੱਠੇ ਨਹੀਂ ਹੁੰਦੇ ਸਨ, ਸਗੋਂ ਘਰਾਂ ਵਿਚ ਇਕੱਠੇ ਹੋ ਕੇ ਭਗਤੀ ਕਰਦੇ ਸਨ। ਭਾਵੇਂ ਉਨ੍ਹਾਂ ਨੂੰ ਸਤਾਹਟਾਂ ਅਤੇ ਹੋਰ ਮੁਸ਼ਕਲਾਂ ਦਾ ਸਾਮ੍ਹਣਾ ਕਰਨਾ ਪੈਂਦਾ ਸੀ, ਫਿਰ ਵੀ ਉਹ ਪਰਮੇਸ਼ੁਰ ਦੀ ਵਡਿਆਈ ਕਰਨ ਲਈ ਭਜਨ ਗਾਉਂਦੇ ਰਹਿੰਦੇ ਸੀ।

11 ਪੌਲੁਸ ਰਸੂਲ ਨੇ ਕੁਲੁੱਸੈ ਵਿਚ ਰਹਿੰਦੇ ਆਪਣੇ ਮਸੀਹੀ ਭੈਣਾਂ-ਭਰਾਵਾਂ ਨੂੰ ਕਿਹਾ: ‘ਤੁਸੀਂ ਜ਼ਬੂਰਾਂ ਅਤੇ ਭਜਨਾਂ ਅਤੇ ਗੀਤਾਂ ਦੁਆਰਾ ਇੱਕ ਦੂਏ ਨੂੰ ਉਪਦੇਸ਼ ਦਿਆ ਕਰੋ।’ (ਕੁਲੁ. 3:16) ਕੈਦ ਵਿਚ ਸੁੱਟੇ ਜਾਣ ਤੋਂ ਬਾਅਦ ਪੌਲੁਸ ਅਤੇ ਸੀਲਾਸ ਨੇ ‘ਪ੍ਰਾਰਥਨਾ ਕੀਤੀ ਅਤੇ ਪਰਮੇਸ਼ੁਰ ਦੇ ਭਜਨ ਗਾਏ,’ ਭਾਵੇਂ ਕਿ ਉਨ੍ਹਾਂ ਕੋਲ ਕੋਈ ਗੀਤਾਂ ਦੀ ਕਿਤਾਬ ਨਹੀਂ ਸੀ। (ਰਸੂ. 16:25) ਜੇ ਤੁਹਾਨੂੰ ਜੇਲ੍ਹ ਵਿਚ ਸੁੱਟਿਆ ਜਾਵੇ, ਤਾਂ ਤੁਸੀਂ ਕਿੰਗਡਮ ਹਾਲ ਵਿਚ ਗਾਏ ਜਾਣ ਵਾਲੇ ਗੀਤਾਂ ਵਿੱਚੋਂ ਕਿੰਨੇ ਗੀਤ ਮੂੰਹ-ਜ਼ਬਾਨੀ ਗਾ ਸਕੋਗੇ?

12. ਅਸੀਂ ਕਿੰਗਡਮ ਹਾਲ ਵਿਚ ਗਾਏ ਜਾਂਦੇ ਗੀਤਾਂ ਲਈ ਕਿਵੇਂ ਕਦਰ ਦਿਖਾ ਸਕਦੇ ਹਾਂ?

12 ਸੰਗੀਤ ਸਾਡੀ ਭਗਤੀ ਵਿਚ ਬਹੁਤ ਅਹਿਮੀਅਤ ਰੱਖਦਾ ਹੈ, ਇਸ ਲਈ ਆਪਣੇ ਆਪ ਤੋਂ ਪੁੱਛਣਾ ਚੰਗਾ ਹੋਵੇਗਾ: ‘ਕੀ ਮੈਂ ਸੰਗੀਤ ਲਈ ਕਦਰਦਾਨੀ ਦਿਖਾਉਂਦਾ ਹਾਂ? ਕੀ ਮੈਂ ਪੂਰੀ ਕੋਸ਼ਿਸ਼ ਕਰਦਾ ਹਾਂ ਕਿ ਮੈਂ ਸਮੇਂ ਸਿਰ ਸਭਾਵਾਂ, ਅਸੈਂਬਲੀਆਂ ਅਤੇ ਸੰਮੇਲਨਾਂ ਤੇ ਪਹੁੰਚਾਂ ਤਾਂਕਿ ਮੈਂ ਆਪਣੇ ਭੈਣਾਂ-ਭਰਾਵਾਂ ਨਾਲ ਮਿਲ ਕੇ ਆਰੰਭਕ ਗੀਤ ਦਿਲੋਂ ਗਾਵਾਂ? ਕੀ ਮੈਂ ਆਪਣੇ ਬੱਚਿਆਂ ਨੂੰ ਸਿਖਾਉਂਦਾ ਹਾਂ ਕਿ ਉਹ ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ ਅਤੇ ਸੇਵਾ ਸਭਾ ਵਿਚਕਾਰ ਗਾਏ ਜਾਂਦੇ ਗੀਤ ਜਾਂ ਪਬਲਿਕ ਭਾਸ਼ਣ ਅਤੇ ਪਹਿਰਾਬੁਰਜ ਸਟੱਡੀ ਵਿਚਕਾਰ ਗਾਏ ਜਾਂਦੇ ਗੀਤ ਨੂੰ ਇੰਟਰਵਲ ਨਾ ਸਮਝਣ ਤੇ ਆਪਣੀਆਂ ਸੀਟਾਂ ਤੋਂ ਬਿਨਾਂ ਵਜ੍ਹਾ ਉੱਠ ਕੇ ਬਾਹਰ ਨਾ ਘੁੰਮਣ?’ ਗੀਤ ਗਾਉਣੇ ਸਾਡੀ ਭਗਤੀ ਦਾ ਹਿੱਸਾ ਹਨ। ਜੀ ਹਾਂ, ਭਾਵੇਂ ਕਿ ਅਸੀਂ ਗੀਤ ਗਾਉਣ ਵਿਚ ਮਾਹਰ ਹਾਂ ਜਾਂ ਸਿੱਖ ਰਹੇ ਹਾਂ, ਫਿਰ ਵੀ ਅਸੀਂ ਮਿਲ ਕੇ ਯਹੋਵਾਹ ਦੀ ਵਡਿਆਈ ਕਰ ਸਕਦੇ ਹਾਂ ਅਤੇ ਸਾਨੂੰ ਕਰਨੀ ਵੀ ਚਾਹੀਦੀ ਹੈ।—ਹੋਰ ਜਾਣਕਾਰੀ ਲਈ 2 ਕੁਰਿੰਥੀਆਂ 8:12 ਦੇਖੋ।

ਬਦਲਦੇ ਸਮੇਂ ਨਾਲ ਬਦਲਦੀਆਂ ਲੋੜਾਂ

13, 14. ਸਭਾਵਾਂ ਵਿਚ ਦਿਲੋਂ ਉੱਚੀ ਆਵਾਜ਼ ਵਿਚ ਗਾਉਣਾ ਕਿਉਂ ਫ਼ਾਇਦੇਮੰਦ ਹੈ? ਸਮਝਾਓ।

13 ਸੌ ਤੋਂ ਜ਼ਿਆਦਾ ਸਾਲ ਪਹਿਲਾਂ, ਜ਼ਾਯੰਸ ਵਾਚ ਟਾਵਰ ਰਸਾਲੇ ਨੇ ਇਕ ਕਾਰਨ ਸਮਝਾਇਆ ਕਿ ਕਿਉਂ ਰਾਜ ਬਾਰੇ ਗਾਏ ਜਾਂਦੇ ਗੀਤ ਇੰਨੇ ਮਹੱਤਵਪੂਰਣ ਹਨ। ਇਸ ਨੇ ਕਿਹਾ: “ਸੱਚਾਈ ਬਾਰੇ ਗਾਉਣਾ ਬਹੁਤ ਵਧੀਆ ਗੱਲ ਹੈ ਕਿਉਂਕਿ ਇਸ ਨਾਲ ਸੱਚਾਈ ਪਰਮੇਸ਼ੁਰ ਦੇ ਲੋਕਾਂ ਦੇ ਦਿਲਾਂ-ਦਿਮਾਗਾਂ ਵਿਚ ਸਮਾਉਂਦੀ ਹੈ।” ਸਾਡੇ ਗੀਤਾਂ ਦੇ ਬਹੁਤ ਸਾਰੇ ਬੋਲ ਆਇਤਾਂ ’ਤੇ ਆਧਾਰਿਤ ਹਨ ਅਤੇ ਇਨ੍ਹਾਂ ਬੋਲਾਂ ਨੂੰ ਯਾਦ ਕਰ ਕੇ ਆਪਣੇ ਦਿਲਾਂ ਵਿਚ ਸੱਚਾਈ ਦੀਆਂ ਗੱਲਾਂ ਬਿਠਾਉਣਾ ਵਧੀਆ ਤਰੀਕਾ ਹੋ ਸਕਦਾ ਹੈ। ਅਕਸਰ ਸਾਡੀਆਂ ਮੀਟਿੰਗਾਂ ਵਿਚ ਪਹਿਲੀ ਵਾਰ ਆਉਣ ਵਾਲੇ ਲੋਕ ਕਲੀਸਿਯਾ ਦੁਆਰਾ ਦਿਲੋਂ ਗਾਏ ਗੀਤਾਂ ਨੂੰ ਸੁਣ ਕੇ ਪ੍ਰਭਾਵਿਤ ਹੁੰਦੇ ਹਨ।

14 ਸਾਲ 1869 ਦੀ ਇਕ ਸ਼ਾਮ ਨੂੰ ਸੀ. ਟੀ. ਰਸਲ ਕੰਮ ਤੋਂ ਆਪਣੇ ਘਰ ਨੂੰ ਜਾ ਰਹੇ ਸਨ। ਉਦੋਂ ਉਨ੍ਹਾਂ ਨੂੰ ਇਕ ਹਾਲ ਵਿੱਚੋਂ ਗਾਉਣ ਦੀ ਆਵਾਜ਼ ਸੁਣਾਈ ਦਿੱਤੀ ਜੋ ਭੋਰੇ ਵਿਚ ਸੀ। ਇਸ ਸਮੇਂ ਦੌਰਾਨ ਉਹ ਆਪਣੀ ਜ਼ਿੰਦਗੀ ਵਿਚ ਨਿਰਾਸ਼ ਹੋ ਚੁੱਕੇ ਸਨ ਤੇ ਸੋਚਦੇ ਸਨ ਕਿ ਪਤਾ ਨਹੀਂ ਉਨ੍ਹਾਂ ਨੂੰ ਰੱਬ ਬਾਰੇ ਸੱਚਾਈ ਪਤਾ ਲੱਗੇਗੀ ਕਿ ਨਹੀਂ। ਇਸ ਲਈ ਉਨ੍ਹਾਂ ਨੇ ਫ਼ੈਸਲਾ ਕੀਤਾ ਕਿ ਉਹ ਆਪਣੀ ਜ਼ਿੰਦਗੀ ਬਿਜ਼ਨਿਸ ਵਿਚ ਲਗਾ ਦੇਣਗੇ। ਉਹ ਸੋਚਦੇ ਸਨ ਕਿ ਉਹ ਪੈਸੇ ਕਮਾ ਕੇ ਘੱਟੋ-ਘੱਟ ਲੋਕਾਂ ਦੀਆਂ ਭੌਤਿਕ ਲੋੜਾਂ ਤਾਂ ਪੂਰੀਆਂ ਕਰ ਪਾਉਣਗੇ ਜੇ ਉਹ ਪਰਮੇਸ਼ੁਰ ਬਾਰੇ ਸੱਚਾਈ ਜਾਣਨ ਵਿਚ ਉਨ੍ਹਾਂ ਦੀ ਮਦਦ ਨਹੀਂ ਕਰ ਸਕਦੇ। ਭਰਾ ਰਸਲ ਉਸ ਗੰਦੇ ਹਾਲ ਵਿਚ ਗਏ ਤੇ ਉਨ੍ਹਾਂ ਨੇ ਦੇਖਿਆ ਕਿ ਉੱਥੇ ਧਾਰਮਿਕ ਮੀਟਿੰਗ ਹੋ ਰਹੀ ਸੀ। ਉਹ ਬੈਠ ਕੇ ਸੁਣਨ ਲੱਗ ਪਏ। ਉਨ੍ਹਾਂ ਨੇ ਬਾਅਦ ਵਿਚ ਲਿਖਿਆ ਕਿ ਉਸ ਰਾਤ ਉਨ੍ਹਾਂ ਨੇ “ਪਰਮੇਸ਼ੁਰ ਦੇ ਨਿਰਦੇਸ਼ਨ” ਨਾਲ ਜੋ ਸੁਣਿਆ, ਉਹ “[ਉਨ੍ਹਾਂ ਦੇ] ਡਾਵਾਂ-ਡੋਲ ਵਿਸ਼ਵਾਸ ਨੂੰ ਪੱਕਾ ਕਰਨ ਲਈ ਕਾਫ਼ੀ ਸੀ ਕਿ ਬਾਈਬਲ ਪਰਮੇਸ਼ੁਰ ਦੀ ਪ੍ਰੇਰਣਾ ਨਾਲ ਲਿਖੀ ਗਈ ਸੀ।” ਗੌਰ ਕਰੋ ਕਿ ਭਰਾ ਰਸਲ ਨੂੰ ਉਸ ਮੀਟਿੰਗ ਵੱਲ ਸਿਰਫ਼ ਗਾਉਣ ਦੀ ਆਵਾਜ਼ ਨੇ ਖਿੱਚਿਆ ਸੀ।

15. ਨਵੀਂ ਕਿਤਾਬ ਛਾਪਣ ਦੀ ਲੋੜ ਕਿਉਂ ਪਈ?

15 ਸਮੇਂ ਦੇ ਬੀਤਣ ਨਾਲ ਸਾਨੂੰ ਬਾਈਬਲ ਬਾਰੇ ਨਵੀਂ ਸਮਝ ਦਿੱਤੀ ਜਾਂਦੀ ਹੈ। ਕਹਾਉਤਾਂ 4:18 ਵਿਚ ਲਿਖਿਆ ਹੈ: “ਧਰਮੀਆਂ ਦਾ ਰਾਹ ਫ਼ਜਰ ਦੇ ਚਾਨਣ ਵਰਗਾ ਹੈ, ਜਿਹ ਦਾ ਚਾਨਣ ਪੂਰੇ ਦਿਨ ਤਾਈਂ ਵੱਧਦਾ ਜਾਂਦਾ ਹੈ।” ਜਦੋਂ ਪੁਰਾਣੀਆਂ ਗੱਲਾਂ ਵਿਚ ਤਬਦੀਲੀਆਂ ਆਉਂਦੀਆਂ ਹਨ, ਤਾਂ ਇਹ ਤਬਦੀਲੀਆਂ ਸਾਡੇ ਗੀਤਾਂ ਵਿਚ ਵੀ ਆਉਣਗੀਆਂ। ਪਿਛਲੇ 25 ਸਾਲਾਂ ਤੋਂ ਬਹੁਤ ਸਾਰੇ ਦੇਸ਼ਾਂ ਵਿਚ ਯਹੋਵਾਹ ਦੇ ਗਵਾਹ ਯਹੋਵਾਹ ਦੇ ਗੁਣ ਗਾਓ * (ਅੰਗ੍ਰੇਜ਼ੀ) ਨਾਮਕ ਕਿਤਾਬ ਵਰਤ ਰਹੇ ਸਨ। ਸਾਲਾਂ ਪਹਿਲਾਂ ਜਦੋਂ ਇਹ ਕਿਤਾਬ ਛਾਪੀ ਗਈ ਸੀ, ਉਦੋਂ ਤੋਂ ਹੁਣ ਤਕ ਸਾਨੂੰ ਕਈ ਵਿਸ਼ਿਆਂ ਬਾਰੇ ਨਵੀਂ ਸਮਝ ਮਿਲੀ ਹੈ ਅਤੇ ਇਸ ਕਿਤਾਬ ਵਿਚ ਵਰਤੇ ਕੁਝ ਸ਼ਬਦ ਹੁਣ ਪੁਰਾਣੇ ਹੋ ਗਏ ਹਨ। ਮਿਸਾਲ ਲਈ, ਅਸੀਂ ਇਹ ਨਹੀਂ ਕਹਿੰਦੇ ਕਿ ਯਹੋਵਾਹ ਦਾ ਨਾਂ “ਸਹੀ ਸਿੱਧ” ਕੀਤਾ ਜਾਵੇਗਾ, ਪਰ ਉਸ ਦਾ ਨਾਂ “ਉੱਚਾ ਕੀਤਾ ਜਾਵੇਗਾ।” ਜ਼ਾਹਰ ਹੈ ਕਿ ਇਨ੍ਹਾਂ ਤਬਦੀਲੀਆਂ ਕਾਰਨ ਸਾਨੂੰ ਗੀਤਾਂ ਦੀ ਨਵੀਂ ਕਿਤਾਬ ਛਾਪਣੀ ਪਈ ਹੈ।

16. ਅਫ਼ਸੀਆਂ 5:19 ਵਿਚ ਦਿੱਤੀ ਪੌਲੁਸ ਦੀ ਸਲਾਹ ਅਨੁਸਾਰ ਅਸੀਂ ਕਿਵੇਂ ਚੱਲ ਸਕਦੇ ਹਾਂ?

16 ਇਨ੍ਹਾਂ ਤੇ ਹੋਰ ਕਾਰਨਾਂ ਕਰਕੇ, ਪ੍ਰਬੰਧਕ ਸਭਾ ਨੇ ਨਵੀਂ ਕਿਤਾਬ ਯਹੋਵਾਹ ਲਈ ਗਾਓ ਛਾਪਣ ਦੀ ਮਨਜ਼ੂਰੀ ਦਿੱਤੀ। ਇਸ ਕਿਤਾਬ ਵਿਚ ਹੁਣ 135 ਗੀਤ ਹਨ। ਥੋੜ੍ਹੇ ਗੀਤ ਹੋਣ ਕਰਕੇ ਅਸੀਂ ਕੁਝ ਨਵੇਂ ਗੀਤਾਂ ਦੇ ਬੋਲ ਮੂੰਹ-ਜ਼ਬਾਨੀ ਯਾਦ ਕਰ ਸਕਦੇ ਹਾਂ। ਇਹ ਗੱਲ ਪੌਲੁਸ ਦੀ ਸਲਾਹ ਅਨੁਸਾਰ ਹੈ ਜੋ ਅਫ਼ਸੀਆਂ 5:19 ਵਿਚ ਦਿੱਤੀ ਹੈ।—ਪੜ੍ਹੋ।

ਤੁਸੀਂ ਆਪਣੀ ਕਦਰ ਦਿਖਾ ਸਕਦੇ ਹੋ

17. ਜਿੱਥੋਂ ਤਕ ਸਭਾਵਾਂ ਵਿਚ ਗਾਉਣ ਦਾ ਸਵਾਲ ਹੈ, ਕਿਹੜੇ ਵਿਚਾਰ ਸ਼ਰਮਿੰਦੇ ਹੋਣ ਤੋਂ ਬਚਣ ਵਿਚ ਸਾਡੀ ਮਦਦ ਕਰ ਸਕਦੇ ਹਨ?

17 ਕੀ ਸਾਨੂੰ ਸ਼ਰਮਿੰਦੇ ਹੋਣ ਤੋਂ ਬਚਣ ਲਈ ਸਭਾਵਾਂ ਵਿਚ ਗਾਉਣ ਤੋਂ ਹਿਚਕਿਚਾਉਣਾ ਚਾਹੀਦਾ ਹੈ? ਇਸ ਬਾਰੇ ਸੋਚੋ: ਜਦੋਂ ਅਸੀਂ ਗੱਲਬਾਤ ਕਰਦੇ ਹਾਂ, ਤਾਂ ਕੀ ਇਹ ਸੱਚ ਨਹੀਂ ਹੈ ਕਿ ‘ਸਾਡੇ ਸਭ ਕੋਲੋਂ ਬਾਰ ਬਾਰ ਗ਼ਲਤੀ ਹੁੰਦੀ ਹੈ’? (ਯਾਕੂ. 3:2, CL) ਪਰ ਬੋਲਣ ਵਿਚ ਗ਼ਲਤੀਆਂ ਕਰਨ ਕਰਕੇ ਅਸੀਂ ਘਰ-ਘਰ ਜਾ ਕੇ ਯਹੋਵਾਹ ਦੀ ਵਡਿਆਈ ਕਰਨ ਤੋਂ ਨਹੀਂ ਰੁਕਦੇ। ਤਾਂ ਫਿਰ ਗਾ ਕੇ ਪਰਮੇਸ਼ੁਰ ਦੀ ਵਡਿਆਈ ਕਰਨ ਤੋਂ ਪਿੱਛੇ ਕਿਉਂ ਹਟੀਏ ਜੇ ਸਾਨੂੰ ਚੰਗੀ ਤਰ੍ਹਾਂ ਗਾਉਣਾ ਨਹੀਂ ਆਉਂਦਾ? ਯਹੋਵਾਹ, ਜਿਸ ਨੇ ‘ਆਦਮੀ ਦਾ ਮੂੰਹ ਬਣਾਇਆ ਹੈ,’ ਸੁਣ ਕੇ ਖ਼ੁਸ਼ ਹੁੰਦਾ ਹੈ ਜਦੋਂ ਅਸੀਂ ਆਪਣੀ ਆਵਾਜ਼ ਨਾਲ ਉਸ ਦੀ ਵਡਿਆਈ ਕਰਦੇ ਹਾਂ।—ਕੂਚ 4:11.

18. ਗੀਤਾਂ ਦੇ ਬੋਲ ਸਿੱਖਣ ਲਈ ਕੁਝ ਸੁਝਾਅ ਦੱਸੋ।

18ਸਿੰਗ ਟੂ ਜਿਹੋਵਾਹ—ਵੋਕਲ ਰਨਡੀਸ਼ਨਸ ਸੀ.ਡੀਜ਼ ਬਹੁਤ ਸਾਰੀਆਂ ਭਾਸ਼ਾਵਾਂ ਵਿਚ ਉਪਲਬਧ ਕੀਤੀਆਂ ਗਈਆਂ ਹਨ। ਇਸ ਉੱਤੇ ਵਧੀਆ ਸੰਗੀਤ ਅਤੇ ਸੋਹਣੇ ਢੰਗ ਨਾਲ ਗਾਏ ਗਏ ਨਵੇਂ ਗੀਤ ਹਨ। ਸੰਗੀਤ ਅਤੇ ਬੋਲਾਂ ਨੂੰ ਸੁਣ ਕੇ ਬਹੁਤ ਮਜ਼ਾ ਆਉਂਦਾ ਹੈ। ਜੇ ਇਹ ਤੁਹਾਡੀ ਭਾਸ਼ਾ ਵਿਚ ਉਪਲਬਧ ਹਨ, ਤਾਂ ਇਨ੍ਹਾਂ ਨੂੰ ਅਕਸਰ ਸੁਣੋ। ਇਸ ਤਰ੍ਹਾਂ ਕਰਨ ਨਾਲ ਤੁਸੀਂ ਘੱਟੋ-ਘੱਟ ਕੁਝ ਨਵੇਂ ਗੀਤਾਂ ਦੇ ਬੋਲ ਜਲਦੀ ਹੀ ਸਿੱਖ ਲਵੋਗੇ। ਗੀਤਾਂ ਦੇ ਬੋਲ ਇਸ ਢੰਗ ਨਾਲ ਲਿਖੇ ਗਏ ਹਨ ਕਿ ਜਦੋਂ ਤੁਸੀਂ ਪਹਿਲੀ ਲਾਈਨ ਗਾਉਂਦੇ ਹੋ, ਤਾਂ ਤੁਸੀਂ ਲਗਭਗ ਸਮਝ ਹੀ ਜਾਓਗੇ ਕਿ ਅੱਗੇ ਕੀ ਗਾਉਣਾ ਹੈ। ਇਸ ਲਈ ਜਦੋਂ ਤੁਸੀਂ ਸੀ.ਡੀਜ਼ ਸੁਣਦੇ ਹੋ, ਤਾਂ ਕਿਉਂ ਨਾ ਤੁਸੀਂ ਇਸ ਦੇ ਨਾਲ-ਨਾਲ ਗਾਉਣ ਦੀ ਕੋਸ਼ਿਸ਼ ਕਰੋ? ਜੇ ਤੁਸੀਂ ਘਰੇ ਹੀ ਬੋਲਾਂ ਅਤੇ ਸੰਗੀਤ ਨਾਲ ਵਾਕਫ਼ ਹੋ ਜਾਂਦੇ ਹੋ, ਤਾਂ ਬਿਨਾਂ ਸ਼ੱਕ ਤੁਸੀਂ ਕਿੰਗਡਮ ਹਾਲ ਵਿਚ ਹੋਰ ਵੀ ਭਰੋਸੇ ਨਾਲ ਗਾ ਸਕੋਗੇ।

19. ਸਾਡੀਆਂ ਸਭਾਵਾਂ ਲਈ ਗੀਤ ਤੇ ਸੰਗੀਤ ਤਿਆਰ ਕਰਨ ਲਈ ਕੀ ਕੁਝ ਕੀਤਾ ਜਾਂਦਾ ਹੈ?

19 ਇਹ ਸੱਚ ਹੈ ਕਿ ਅਸੀਂ ਕਦੇ-ਕਦੇ ਖ਼ਾਸ ਸੰਮੇਲਨ ਦਿਨਾਂ, ਸਰਕਟ ਅਸੈਂਬਲੀਆਂ ਅਤੇ ਜ਼ਿਲ੍ਹਾ ਸੰਮੇਲਨਾਂ ਵਿਚ ਵਜਾਏ ਜਾਂਦੇ ਸੰਗੀਤ ਵੱਲ ਇੰਨਾ ਧਿਆਨ ਨਹੀਂ ਦਿੰਦੇ। ਪਰ ਸੰਗੀਤ ਨੂੰ ਤਿਆਰ ਕਰਨ ਲਈ ਕਾਫ਼ੀ ਮਿਹਨਤ ਕੀਤੀ ਜਾਂਦੀ ਹੈ। ਸੰਗੀਤ ਦੇ ਚੁਣੇ ਜਾਣ ਤੋਂ ਬਾਅਦ ਸੰਗੀਤ ਦੀਆਂ ਧੁਨਾਂ ਬੜੇ ਧਿਆਨ ਨਾਲ ਬਣਾਈਆਂ ਜਾਂਦੀਆਂ ਹਨ ਤਾਂਕਿ ਵਾਚਟਾਵਰ ਆਰਕੈਸਟਰਾ ਦੇ 64 ਮੈਂਬਰ ਇਨ੍ਹਾਂ ਨੂੰ ਵਜਾ ਸਕਣ। ਫਿਰ ਸੰਗੀਤਕਾਰ ਅਣਗਿਣਤ ਘੰਟਿਆਂ ਤਾਈਂ ਇਨ੍ਹਾਂ ਧੁਨਾਂ ਦਾ ਰਿਵਿਊ ਅਤੇ ਅਭਿਆਸ ਕਰਦੇ ਹਨ। ਅਖ਼ੀਰ ਵਿਚ ਪੈਟਰਸਨ ਨਿਊਯਾਰਕ ਦੇ ਸਟੂਡੀਓ ਵਿਚ ਰਿਕਾਰਡਿੰਗ ਕੀਤੀ ਜਾਂਦੀ ਹੈ। ਆਰਕੈਸਟਰਾ ਗਰੁੱਪ ਦੇ 10 ਭੈਣ-ਭਰਾ ਅਮਰੀਕਾ ਤੋਂ ਬਾਹਰ ਰਹਿੰਦੇ ਹਨ। ਇਹ ਭੈਣ-ਭਰਾ ਮੀਟਿੰਗਾਂ ਤੇ ਅਸੈਂਬਲੀਆਂ ਵਗੈਰਾ ਲਈ ਸੋਹਣਾ ਸੰਗੀਤ ਤਿਆਰ ਕਰਨ ਵਿਚ ਹਿੱਸਾ ਲੈਣ ਨੂੰ ਆਪਣਾ ਸਨਮਾਨ ਸਮਝਦੇ ਹਨ। ਅਸੀਂ ਪਿਆਰ ਨਾਲ ਕੀਤੇ ਉਨ੍ਹਾਂ ਦੇ ਇਨ੍ਹਾਂ ਜਤਨਾਂ ਲਈ ਕਦਰ ਦਿਖਾ ਸਕਦੇ ਹਾਂ। ਅਸੈਂਬਲੀਆਂ ਅਤੇ ਜ਼ਿਲ੍ਹਾ ਸੰਮੇਲਨਾਂ ਤੇ ਜਦੋਂ ਚੇਅਰਮੈਨ ਸਾਨੂੰ ਆਪਣੀਆਂ ਸੀਟਾਂ ’ਤੇ ਬੈਠਣ ਲਈ ਕਹਿੰਦਾ ਹੈ, ਤਾਂ ਕਿਉਂ ਨਾ ਆਪਾਂ ਜਲਦੀ-ਜਲਦੀ ਆਪਣੀਆਂ ਸੀਟਾਂ ’ਤੇ ਬੈਠ ਜਾਈਏ ਅਤੇ ਚੁੱਪ ਕਰ ਕੇ ਸੰਗੀਤ ਦਾ ਆਨੰਦ ਮਾਣੀਏ?

20. ਤੁਸੀਂ ਕੀ ਕਰਨ ਦੀ ਠਾਣੀ ਹੈ?

20 ਯਹੋਵਾਹ ਧਿਆਨ ਨਾਲ ਸੁਣਦਾ ਹੈ ਜਦੋਂ ਅਸੀਂ ਉਸ ਦੀ ਵਡਿਆਈ ਕਰਨ ਲਈ ਗੀਤ ਗਾਉਂਦੇ ਹਾਂ। ਉਹ ਇਨ੍ਹਾਂ ਨੂੰ ਮਹੱਤਵਪੂਰਣ ਸਮਝਦਾ ਹੈ। ਅਸੀਂ ਦਿਲੋਂ ਗਾ ਕੇ ਯਹੋਵਾਹ ਦਾ ਜੀਅ ਖ਼ੁਸ਼ ਕਰ ਸਕਦੇ ਹਾਂ ਜਦੋਂ ਵੀ ਅਸੀਂ ਉਸ ਦੀ ਭਗਤੀ ਕਰਨ ਲਈ ਇਕੱਠੇ ਹੁੰਦੇ ਹਾਂ। ਜੀ ਹਾਂ, ਭਾਵੇਂ ਅਸੀਂ ਗਾਉਣ ਵਿਚ ਮਾਹਰ ਹੋਈਏ ਜਾਂ ਸਿੱਖਦੇ ਹੋਈਏ, ਤਾਂ ਵੀ ਆਓ ਆਪਾਂ ‘ਯਹੋਵਾਹ ਲਈ ਗਾਈਏ!’—ਜ਼ਬੂ. 104:33.

[ਫੁਟਨੋਟ]

^ ਪੈਰਾ 1 ਦਿਲਚਸਪੀ ਦੀ ਗੱਲ ਹੈ ਕਿ ਦਾਊਦ ਦੀ ਮੌਤ ਤੋਂ ਦਸ ਸਦੀਆਂ ਬਾਅਦ, ਸਵਰਗੀ ਦੂਤਾਂ ਦੇ ਇਕ ਲਸ਼ਕਰ ਨੇ ਚਰਵਾਹਿਆਂ ਨੂੰ ਮਸੀਹਾ ਦੇ ਜਨਮ ਬਾਰੇ ਦੱਸਿਆ ਜੋ ਬੈਤਲਹਮ ਦੇ ਲਾਗਲੇ ਖੇਤਾਂ ਵਿਚ ਆਪਣੀਆਂ ਭੇਡਾਂ ਦੀ ਦੇਖ-ਭਾਲ ਕਰ ਰਹੇ ਸਨ।—ਲੂਕਾ 2:4, 8, 13, 14.

^ ਪੈਰਾ 15 ਇਸ ਕਿਤਾਬ ਵਿਚ 225 ਗੀਤ ਸਨ ਅਤੇ ਇਹ 100 ਤੋਂ ਜ਼ਿਆਦਾ ਭਾਸ਼ਾਵਾਂ ਵਿਚ ਉਪਲਬਧ ਸੀ।

ਤੁਸੀਂ ਕੀ ਸੋਚਦੇ ਹੋ?

• ਬਾਈਬਲ ਦੇ ਜ਼ਮਾਨੇ ਦੀਆਂ ਕਿਹੜੀਆਂ ਉਦਾਹਰਣਾਂ ਤੋਂ ਪਤਾ ਲੱਗਦਾ ਹੈ ਕਿ ਸਾਡੀ ਭਗਤੀ ਵਿਚ ਸੰਗੀਤ ਅਹਿਮ ਹੈ?

ਮੱਤੀ 22:37 ਵਿਚ ਦਿੱਤੇ ਯਿਸੂ ਦੇ ਹੁਕਮ ਦੀ ਪਾਲਣਾ ਕਰਨ ਅਤੇ ਸਭਾਵਾਂ ਵਿਚ ਦਿਲੋਂ ਗਾਏ ਜਾਂਦੇ ਗੀਤਾਂ ਵਿਚ ਤੁਸੀਂ ਕੀ ਸੰਬੰਧ ਦੇਖਦੇ ਹੋ?

• ਕਿਹੜੇ ਕੁਝ ਤਰੀਕਿਆਂ ਨਾਲ ਅਸੀਂ ਕਿੰਗਡਮ ਹਾਲ ਵਿਚ ਗਾਏ ਜਾਂਦੇ ਗੀਤਾਂ ਲਈ ਕਦਰ ਦਿਖਾ ਸਕਦੇ ਹਾਂ?

[ਸਵਾਲ]

[ਸਫ਼ਾ 23 ਉੱਤੇ ਤਸਵੀਰ]

ਕੀ ਤੁਸੀਂ ਆਪਣੇ ਬੱਚਿਆਂ ਨੂੰ ਸਿਖਾਉਂਦੇ ਹੋ ਕਿ ਉਹ ਗੀਤ ਦੌਰਾਨ ਆਪਣੀਆਂ ਸੀਟਾਂ ਤੋਂ ਬਿਨਾਂ ਵਜ੍ਹਾ ਉੱਠ ਕੇ ਨਾ ਜਾਣ?

[ਸਫ਼ਾ 24 ਉੱਤੇ ਤਸਵੀਰ]

ਕੀ ਤੁਸੀਂ ਘਰੇ ਨਵੇਂ ਗੀਤਾਂ ਦੇ ਬੋਲ ਸਿੱਖ ਰਹੇ ਹੋ?