Skip to content

Skip to table of contents

‘ਹੁਣ ਹੀ ਮਨ ਭਾਉਂਦਾ ਸਮਾਂ ਹੈ’

‘ਹੁਣ ਹੀ ਮਨ ਭਾਉਂਦਾ ਸਮਾਂ ਹੈ’

‘ਹੁਣ ਹੀ ਮਨ ਭਾਉਂਦਾ ਸਮਾਂ ਹੈ’

“ਵੇਖੋ, ਹੁਣ ਹੀ ਮਨ ਭਾਉਂਦਾ ਸਮਾ ਹੈ, ਵੇਖੋ, ਹੁਣ ਹੀ ਮੁਕਤੀ ਦਾ ਦਿਨ ਹੈ!”—2 ਕੁਰਿੰ. 6:2.

1. ਸਾਨੂੰ ਕਿਉਂ ਸਮਝਣ ਦੀ ਲੋੜ ਹੈ ਕਿ ਕਿਹੜੇ ਸਮੇਂ ਤੇ ਕਿਹੜਾ ਕੰਮ ਕਰਨਾ ਜ਼ਰੂਰੀ ਹੈ?

“ਹਰੇਕ ਕੰਮ ਦਾ ਇੱਕ ਸਮਾ ਹੈ, ਅਤੇ ਹਰ ਮਨੋਰਥ ਦਾ ਜੋ ਅਕਾਸ਼ ਦੇ ਹੇਠ ਹੈ ਇੱਕ ਵੇਲਾ ਹੈ।” (ਉਪ. 3:1) ਸੁਲੇਮਾਨ ਉਹ ਸਮਾਂ ਜਾਣਨ ਦੀ ਮਹੱਤਤਾ ਬਾਰੇ ਲਿਖ ਰਿਹਾ ਸੀ ਜੋ ਕਿਸੇ ਕੰਮ ਨੂੰ ਕਰਨ ਲਈ ਬਿਲਕੁਲ ਸਹੀ ਹੁੰਦਾ ਹੈ। ਇਹ ਕੰਮ ਭਾਵੇਂ ਖੇਤੀਬਾੜੀ, ਸਫ਼ਰ, ਕਾਰੋਬਾਰ ਜਾਂ ਦੂਸਰਿਆਂ ਨਾਲ ਗੱਲ ਕਰਨੀ ਹੋਵੇ। ਪਰ ਸਾਨੂੰ ਵੀ ਸਮਝਣ ਦੀ ਲੋੜ ਹੈ ਕਿ ਸਾਨੂੰ ਕਿਹੜੇ ਸਮੇਂ ਤੇ ਕਿਹੜਾ ਸਭ ਤੋਂ ਜ਼ਰੂਰੀ ਕੰਮ ਕਰਨਾ ਚਾਹੀਦਾ ਹੈ। ਦੂਜੇ ਸ਼ਬਦਾਂ ਵਿਚ ਸਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਅਸੀਂ ਕਿਹੜੇ ਕੰਮਾਂ ਨੂੰ ਪਹਿਲ ਦੇਈਏ।

2. ਸਾਨੂੰ ਕਿਵੇਂ ਪਤਾ ਹੈ ਕਿ ਪ੍ਰਚਾਰ ਕਰਦੇ ਵੇਲੇ ਯਿਸੂ ਆਪਣੇ ਸਮੇਂ ਦੀ ਅਹਿਮੀਅਤ ਨੂੰ ਜਾਣਦਾ ਸੀ?

2 ਧਰਤੀ ਉੱਤੇ ਹੁੰਦਿਆਂ ਯਿਸੂ ਚੰਗੀ ਤਰ੍ਹਾਂ ਜਾਣਦਾ ਸੀ ਕਿ ਉਹ ਕਿਸ ਸਮੇਂ ਵਿਚ ਜੀ ਰਿਹਾ ਸੀ ਤੇ ਉਸ ਨੂੰ ਕੀ ਕਰਨ ਦੀ ਲੋੜ ਸੀ। ਉਹ ਜਾਣਦਾ ਸੀ ਕਿ ਚਿਰਾਂ ਤੋਂ ਉਡੀਕਿਆ ਜਾ ਰਿਹਾ ਇਹ ਉਹ ਸਮਾਂ ਸੀ ਜਿਸ ਵਿਚ ਮਸੀਹਾ ਬਾਰੇ ਕਈ ਭਵਿੱਖਬਾਣੀਆਂ ਪੂਰੀਆਂ ਹੋਣੀਆਂ ਸਨ। ਇਸ ਲਈ ਉਸ ਨੂੰ ਪਤਾ ਸੀ ਕਿ ਉਸ ਨੇ ਕਿਹੜੇ ਕੰਮਾਂ ਨੂੰ ਪਹਿਲ ਦੇਣੀ ਸੀ। (1 ਪਤ. 1:11; ਪਰ. 19:10) ਉਸ ਨੇ ਉਹ ਕੰਮ ਕਰਨਾ ਸੀ ਜਿਸ ਤੋਂ ਪਤਾ ਲੱਗਣਾ ਸੀ ਕਿ ਉਹੀ ਮਸੀਹਾ ਸੀ ਜਿਸ ਦੇ ਆਉਣ ਬਾਰੇ ਵਾਅਦਾ ਕੀਤਾ ਗਿਆ ਸੀ। ਉਸ ਨੇ ਹਰ ਪਾਸੇ ਰਾਜ ਬਾਰੇ ਗਵਾਹੀ ਦੇਣੀ ਸੀ ਅਤੇ ਉਨ੍ਹਾਂ ਲੋਕਾਂ ਨੂੰ ਇਕੱਠਾ ਕਰਨਾ ਸੀ ਜਿਨ੍ਹਾਂ ਨੇ ਭਵਿੱਖ ਵਿਚ ਉਸ ਨਾਲ ਰਾਜ ਕਰਨਾ ਸੀ। ਉਸ ਨੇ ਮਸੀਹੀ ਕਲੀਸਿਯਾ ਦੀ ਨੀਂਹ ਰੱਖਣੀ ਸੀ ਜੋ ਦੁਨੀਆਂ ਦੇ ਕੋਨੇ-ਕੋਨੇ ਵਿਚ ਪ੍ਰਚਾਰ ਅਤੇ ਚੇਲੇ ਬਣਾਉਣ ਦਾ ਕੰਮ ਜਾਰੀ ਰੱਖੇਗੀ।—ਮਰ. 1:15.

3. ਯਿਸੂ ਵੱਲੋਂ ਸਮੇਂ ਦੀ ਨਾਜ਼ੁਕਤਾ ਨੂੰ ਜਾਣਨ ਦਾ ਉਸ ਦੇ ਕੰਮਾਂ ਉੱਤੇ ਕੀ ਅਸਰ ਪਿਆ?

3 ਉਹ ਸਮੇਂ ਦੀ ਨਾਜ਼ੁਕਤਾ ਨੂੰ ਜਾਣਦਾ ਸੀ ਤੇ ਇਸੇ ਗੱਲ ਨੇ ਉਸ ਨੂੰ ਜੋਸ਼ ਨਾਲ ਆਪਣੇ ਪਿਤਾ ਦੀ ਇੱਛਾ ਪੂਰੀ ਕਰਨ ਲਈ ਪ੍ਰੇਰਿਆ। ਉਸ ਨੇ ਆਪਣੇ ਚੇਲਿਆਂ ਨੂੰ ਕਿਹਾ: “ਫ਼ਸਲ ਤਾਂ ਬਹੁਤ ਹੈ ਪਰ ਵਾਢੇ ਥੋੜੇ ਹਨ ਇਸ ਲਈ ਤੁਸੀਂ ਫ਼ਸਲ ਦੇ ਮਾਲਕ ਅੱਗੇ ਬੇਨਤੀ ਕਰੋ ਜੋ ਉਹ ਆਪਣੀ ਫ਼ਸਲ ਵੱਢਣ ਨੂੰ ਵਾਢੇ ਘੱਲ ਦੇਵੇ।” (ਲੂਕਾ 10:2; ਮਲਾ. 4:5, 6) ਯਿਸੂ ਨੇ ਆਪਣੇ ਚੇਲਿਆਂ ਵਿੱਚੋਂ ਪਹਿਲਾਂ 12 ਨੂੰ ਚੁਣਿਆ ਤੇ ਫਿਰ 70 ਚੇਲਿਆਂ ਨੂੰ ਚੁਣ ਕੇ ਉਨ੍ਹਾਂ ਨੂੰ ਖ਼ਾਸ ਹਿਦਾਇਤਾਂ ਦਿੱਤੀਆਂ ਅਤੇ ਇਸ ਜ਼ਬਰਦਸਤ ਸੰਦੇਸ਼ ਦਾ ਪ੍ਰਚਾਰ ਕਰਨ ਲਈ ਭੇਜਿਆ: “ਸੁਰਗ ਦਾ ਰਾਜ ਨੇੜੇ ਆਇਆ ਹੈ।” ਯਿਸੂ ਦੇ ਬਾਰੇ ਅਸੀਂ ਪੜ੍ਹਦੇ ਹਾਂ: “ਜਾਂ ਯਿਸੂ ਆਪਣੇ ਬਾਰਾਂ ਚੇਲਿਆਂ ਨੂੰ ਆਗਿਆ ਦੇ ਹਟਿਆ ਤਾਂ ਉੱਥੋਂ ਉਨ੍ਹਾਂ ਦੇ ਨਗਰਾਂ ਵਿੱਚ ਉਪਦੇਸ਼ ਦੇਣ ਅਤੇ ਪਰਚਾਰ ਕਰਨ ਚੱਲਿਆ ਗਿਆ।”—ਮੱਤੀ 10:5-7; 11:1; ਲੂਕਾ 10:1.

4. ਪੌਲੁਸ ਕਿਸ ਤਰੀਕੇ ਨਾਲ ਯਿਸੂ ਮਸੀਹ ਦੀ ਰੀਸ ਕਰਦਾ ਸੀ?

4 ਯਿਸੂ ਨੇ ਜੋਸ਼ ਅਤੇ ਸ਼ਰਧਾ ਦਿਖਾ ਕੇ ਆਪਣੇ ਸਾਰੇ ਚੇਲਿਆਂ ਲਈ ਬਹੁਤ ਵਧੀਆ ਮਿਸਾਲ ਕਾਇਮ ਕੀਤੀ। ਇਸੇ ਗੱਲ ਵੱਲ ਪੌਲੁਸ ਰਸੂਲ ਨੇ ਇਸ਼ਾਰਾ ਕੀਤਾ ਸੀ ਜਦੋਂ ਉਸ ਨੇ ਭੈਣਾਂ-ਭਰਾਵਾਂ ਨੂੰ ਤਾਕੀਦ ਕੀਤੀ: “ਤੁਸੀਂ ਮੇਰੀ ਰੀਸ ਕਰੋ ਜਿਵੇਂ ਮੈਂ ਵੀ ਮਸੀਹ ਦੀ ਰੀਸ ਕਰਦਾ ਹਾਂ।” (1 ਕੁਰਿੰ. 10:33) ਕਿਨ੍ਹਾਂ ਤਰੀਕਿਆਂ ਨਾਲ ਪੌਲੁਸ ਮਸੀਹ ਦੀ ਰੀਸ ਕਰਦਾ ਸੀ? ਮੁੱਖ ਤੌਰ ਤੇ ਉਹ ਪੂਰੀ ਵਾਹ ਲਾ ਕੇ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਦਾ ਸੀ। ਪੌਲੁਸ ਵੱਲੋਂ ਕਲੀਸਿਯਾਵਾਂ ਨੂੰ ਲਿਖੀਆਂ ਚਿੱਠੀਆਂ ਵਿਚ ਅਸੀਂ ਅਜਿਹੇ ਸ਼ਬਦ ਪੜ੍ਹਦੇ ਹਾਂ, “ਮਿਹਨਤ ਵਿੱਚ ਢਿੱਲੇ ਨਾ ਹੋਵੋ,” ‘ਯਹੋਵਾਹ ਦੀ ਸੇਵਾ ਕਰਿਆ ਕਰੋ,’ “ਪ੍ਰਭੁ ਦੇ ਕੰਮ ਵਿੱਚ ਸਦਾ ਵਧਦੇ ਜਾਓ” ਅਤੇ “ਜੋ ਕੁਝ ਤੁਸੀਂ ਕਰੋ ਸੋ ਚਿੱਤ ਲਾ ਕੇ ਪ੍ਰਭੁ ਦੇ ਲਈ ਕਰੋ।” (ਰੋਮੀ. 12:11; 1 ਕੁਰਿੰ. 15:58; ਕੁਲੁ. 3:23) ਪੌਲੁਸ ਕਦੇ ਨਹੀਂ ਭੁੱਲਿਆ ਕਿ ਪ੍ਰਭੂ ਯਿਸੂ ਮਸੀਹ ਉਸ ਨੂੰ ਦੰਮਿਸਕ ਨੂੰ ਜਾਂਦੇ ਰਾਹ ਵਿਚ ਮਿਲਿਆ ਸੀ ਅਤੇ ਨਾ ਹੀ ਹਨਾਨਿਯਾਹ ਦੁਆਰਾ ਦੱਸੀ ਯਿਸੂ ਦੀ ਇਹ ਗੱਲ ਭੁੱਲਿਆ: “ਉਹ ਮੇਰੇ ਲਈ ਇੱਕ ਚੁਣਿਆ ਹੋਇਆ ਵਸੀਲਾ ਹੈ ਭਈ ਪਰਾਈਆਂ ਕੌਮਾਂ ਅਤੇ ਰਾਜਿਆਂ ਅਤੇ ਇਸਰਾਏਲ ਦੀ ਅੰਸ ਅੱਗੇ ਮੇਰਾ ਨਾਮ ਪੁਚਾਵੇ।”—ਰਸੂ. 9:15; ਰੋਮੀ. 1:1, 5; ਗਲਾ. 1:16.

‘ਹੁਣ ਹੀ ਮਨ ਭਾਉਂਦਾ ਸਮਾਂ ਹੈ’

5. ਕਿਹੜੀ ਗੱਲ ਨੇ ਪੌਲੁਸ ਨੂੰ ਜੋਸ਼ ਨਾਲ ਪ੍ਰਚਾਰ ਕਰਨ ਲਈ ਪ੍ਰੇਰਿਆ?

5 ਰਸੂਲਾਂ ਦੇ ਕਰਤੱਬ ਕਿਤਾਬ ਪੜ੍ਹ ਕੇ ਅਸੀਂ ਸਾਫ਼ ਦੇਖ ਸਕਦੇ ਹਾਂ ਕਿ ਪੌਲੁਸ ਨੇ ਪ੍ਰਚਾਰ ਕਰਦਿਆਂ ਕਿੰਨੀ ਦਲੇਰੀ ਅਤੇ ਜੋਸ਼ ਦਿਖਾਇਆ। (ਰਸੂ. 13:9, 10; 17:16, 17; 18:5) ਪੌਲੁਸ ਨੇ ਉਸ ਸਮੇਂ ਦੀ ਅਹਿਮੀਅਤ ਨੂੰ ਸਮਝਿਆ ਜਿਸ ਵਿਚ ਉਹ ਜੀ ਰਿਹਾ ਸੀ। ਉਸ ਨੇ ਕਿਹਾ: “ਵੇਖੋ, ਹੁਣ ਹੀ ਮਨ ਭਾਉਂਦਾ ਸਮਾ ਹੈ, ਵੇਖੋ, ਹੁਣ ਹੀ ਮੁਕਤੀ ਦਾ ਦਿਨ ਹੈ!” (2 ਕੁਰਿੰ. 6:2) ਬਾਬਲ ਵਿਚ ਗ਼ੁਲਾਮ ਲੋਕਾਂ ਲਈ ਆਪਣੇ ਦੇਸ਼ ਪਰਤਣ ਦਾ ਮਨਭਾਉਂਦਾ ਸਮਾਂ 537 ਈਸਵੀ ਪੂਰਵ ਸੀ। (ਯਸਾ. 49:8, 9) ਪਰ ਪੌਲੁਸ ਇੱਥੇ ਕਿਹੜੇ ਸਮੇਂ ਦੀ ਗੱਲ ਕਰ ਰਿਹਾ ਸੀ? ਇਸ ਤੋਂ ਪਹਿਲਾਂ ਦੀਆਂ ਆਇਤਾਂ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਉਸ ਦੇ ਮਨ ਵਿਚ ਕੀ ਸੀ।

6, 7. ਮਸਹ ਕੀਤੇ ਹੋਏ ਮਸੀਹੀਆਂ ਨੂੰ ਅੱਜ ਕਿਹੜਾ ਵੱਡਾ ਸਨਮਾਨ ਮਿਲਿਆ ਹੈ ਅਤੇ ਉਨ੍ਹਾਂ ਨਾਲ ਕੌਣ ਕੰਮ ਕਰ ਰਿਹਾ ਹੈ?

6 ਪਹਿਲਾਂ ਆਪਣੀ ਇਸ ਚਿੱਠੀ ਵਿਚ ਪੌਲੁਸ ਨੇ ਇਕ ਵੱਡੇ ਸਨਮਾਨ ਦੀ ਗੱਲ ਕੀਤੀ ਸੀ ਜੋ ਉਸ ਨੂੰ ਅਤੇ ਉਸ ਦੇ ਨਾਲ ਦੇ ਮਸਹ ਕੀਤੇ ਹੋਏ ਮਸੀਹੀਆਂ ਨੂੰ ਮਿਲਿਆ ਸੀ। (2 ਕੁਰਿੰਥੀਆਂ 5:18-20 ਪੜ੍ਹੋ।) ਉਸ ਨੇ ਸਮਝਾਇਆ ਕਿ ਉਨ੍ਹਾਂ ਨੂੰ ਪਰਮੇਸ਼ੁਰ ਨੇ ਇਕ ਖ਼ਾਸ ਮਕਸਦ ਲਈ ਬੁਲਾਇਆ ਸੀ। ਉਨ੍ਹਾਂ ਨੇ “ਮਿਲਾਪ ਦੀ ਸੇਵਕਾਈ” ਕਰ ਕੇ ਲੋਕਾਂ ਨੂੰ ਮਿੰਨਤ ਕਰਨੀ ਸੀ ਕਿ ਉਹ ‘ਪਰਮੇਸ਼ੁਰ ਨਾਲ ਮੇਲ ਮਿਲਾਪ ਕਰ ਲੈਣ।’ ਇਸ ਦਾ ਮਤਲਬ ਸੀ ਕਿ ਉਨ੍ਹਾਂ ਨੇ ਪਰਮੇਸ਼ੁਰ ਨਾਲ ਦੁਬਾਰਾ ਸੁਲ੍ਹਾ-ਸਫ਼ਾਈ ਜਾਂ ਦੋਸਤੀ ਕਰਨੀ ਸੀ।

7 ਜਦੋਂ ਅਦਨ ਦੇ ਬਾਗ਼ ਵਿਚ ਬਗਾਵਤ ਹੋਈ ਸੀ, ਉਦੋਂ ਤੋਂ ਹੀ ਸਾਰੀ ਮਨੁੱਖਜਾਤੀ ਯਹੋਵਾਹ ਤੋਂ ਦੂਰ ਹੋ ਗਈ। (ਰੋਮੀ. 3:10, 23) ਦੂਰ ਹੋਣ ਕਰਕੇ ਉਹ ਪਰਮੇਸ਼ੁਰ ਅਤੇ ਉਸ ਦੇ ਮਕਸਦ ਬਾਰੇ ਗਿਆਨ ਤੋਂ ਵਾਂਝੀ ਰਹਿ ਗਈ। ਇਸ ਲਈ ਉਹ ਦੁੱਖਾਂ ਅਤੇ ਮੌਤ ਦੀ ਸ਼ਿਕਾਰ ਹੋਣ ਲੱਗ ਪਈ। ਪੌਲੁਸ ਨੇ ਲਿਖਿਆ: “ਅਸੀਂ ਜਾਣਦੇ ਤਾਂ ਹਾਂ ਭਈ ਸਾਰੀ ਸਰਿਸ਼ਟੀ ਰਲ ਕੇ ਹੁਣ ਤੀਕ ਹਾਹੁਕੇ ਭਰਦੀ ਹੈ ਅਤੇ ਉਹ ਨੂੰ ਪੀੜਾਂ ਲੱਗੀਆਂ ਹੋਈਆਂ ਹਨ।” (ਰੋਮੀ. 8:22) ਪਰ ਪਰਮੇਸ਼ੁਰ ਨੇ ਲੋਕਾਂ ਨੂੰ “ਮਿੰਨਤ” ਕਰਨ ਲਈ ਕੁਝ ਕਦਮ ਚੁੱਕੇ ਹਨ ਤਾਂਕਿ ਉਹ ਉਸ ਕੋਲ ਮੁੜਨ ਜਾਂ ਉਸ ਨਾਲ ਮੇਲ-ਮਿਲਾਪ ਕਰਨ। ਉਸ ਸਮੇਂ ਇਸ ਤਰ੍ਹਾਂ ਕਰਨ ਲਈ ਪਰਮੇਸ਼ੁਰ ਨੇ ਪੌਲੁਸ ਅਤੇ ਉਸ ਦੇ ਨਾਲ ਦੇ ਮਸਹ ਕੀਤੇ ਹੋਏ ਮਸੀਹੀਆਂ ਨੂੰ ਪ੍ਰਚਾਰ ਕਰਨ ਦਾ ਕੰਮ ਸੌਂਪਿਆ। ਇਹ “ਮਨ ਭਾਉਂਦਾ ਸਮਾ” ਉਨ੍ਹਾਂ ਲੋਕਾਂ ਲਈ “ਮੁਕਤੀ ਦਾ ਦਿਨ” ਸਾਬਤ ਹੋ ਸਕਦਾ ਸੀ ਜਿਨ੍ਹਾਂ ਨੇ ਯਿਸੂ ਉੱਤੇ ਨਿਹਚਾ ਕੀਤੀ। ਅੱਜ ਸਾਰੇ ਮਸਹ ਕੀਤੇ ਹੋਏ ਮਸੀਹੀ ਅਤੇ ਉਨ੍ਹਾਂ ਦੇ ਸਾਥੀ ‘ਹੋਰ ਭੇਡਾਂ’ ਮਿਲ ਕੇ ਕੰਮ ਕਰ ਰਹੇ ਹਨ ਅਤੇ ‘ਮਨ ਭਾਉਂਦੇ ਸਮੇਂ’ ਦਾ ਫ਼ਾਇਦਾ ਉਠਾਉਣ ਲਈ ਲੋਕਾਂ ਨੂੰ ਸੱਦਾ ਦੇ ਰਹੇ ਹਨ।—ਯੂਹੰ. 10:16.

8. ਕਿਹੜੀ ਗੱਲ ਮੇਲ-ਮਿਲਾਪ ਕਰਨ ਦੇ ਸੱਦੇ ਨੂੰ ਖ਼ਾਸ ਬਣਾਉਂਦੀ ਹੈ?

8 ਮੇਲ-ਮਿਲਾਪ ਕਰਨ ਦਾ ਸੱਦਾ ਖ਼ਾਸ ਹੈ ਕਿਉਂਕਿ ਪਰਮੇਸ਼ੁਰ ਨੇ ਇਨਸਾਨਾਂ ਨਾਲ ਆਪਣਾ ਰਿਸ਼ਤਾ ਨਹੀਂ ਸੀ ਵਿਗਾੜਿਆ, ਸਗੋਂ ਇਨਸਾਨਾਂ ਨੇ ਅਦਨ ਦੇ ਬਾਗ਼ ਵਿਚ ਬਗਾਵਤ ਕਰ ਕੇ ਇਹ ਰਿਸ਼ਤਾ ਵਿਗਾੜਿਆ ਸੀ। ਫਿਰ ਵੀ ਪਰਮੇਸ਼ੁਰ ਨੇ ਇਸ ਰਿਸ਼ਤੇ ਨੂੰ ਸੁਧਾਰਨ ਲਈ ਖ਼ੁਦ ਪਹਿਲ ਕੀਤੀ। (1 ਯੂਹੰ. 4:10, 19) ਉਸ ਨੇ ਕੀ ਕੀਤਾ? ਪੌਲੁਸ ਨੇ ਜਵਾਬ ਦਿੱਤਾ: “ਪਰਮੇਸ਼ੁਰ ਮਸੀਹ ਵਿੱਚ ਹੋ ਕੇ ਜਗਤ ਨੂੰ ਆਪਣੇ ਨਾਲ ਮਿਲਾ ਰਿਹਾ ਸੀ ਅਤੇ ਉਨ੍ਹਾਂ ਦੇ ਅਪਰਾਧਾਂ ਦਾ ਲੇਖਾ ਨਹੀਂ ਸੀ ਕਰਦਾ ਅਤੇ ਉਸ ਨੇ ਮੇਲ ਮਿਲਾਪ ਦਾ ਬਚਨ ਸਾਨੂੰ ਸੌਂਪ ਦਿੱਤਾ।”—2 ਕੁਰਿੰ. 5:19; ਯਸਾ. 55:6.

9. ਪਰਮੇਸ਼ੁਰ ਦੀ ਦਇਆ ਲਈ ਕਦਰ ਦਿਖਾਉਣ ਵਾਸਤੇ ਪੌਲੁਸ ਨੇ ਕੀ ਕੀਤਾ?

9 ਯਿਸੂ ਦੀ ਕੁਰਬਾਨੀ ਦੇ ਕੇ ਯਹੋਵਾਹ ਨੇ ਮੁਮਕਿਨ ਬਣਾਇਆ ਕਿ ਨਿਹਚਾ ਕਰਨ ਵਾਲਿਆਂ ਨੂੰ ਆਪਣੇ ਪਾਪਾਂ ਦੀ ਮਾਫ਼ੀ ਮਿਲ ਸਕੇ ਅਤੇ ਉਹ ਦੁਬਾਰਾ ਉਸ ਨਾਲ ਦੋਸਤੀ ਜਾਂ ਮੇਲ-ਮਿਲਾਪ ਕਰ ਸਕਣ। ਇਸ ਤੋਂ ਇਲਾਵਾ, ਉਸ ਨੇ ਹਰ ਜਗ੍ਹਾ ਲੋਕਾਂ ਨੂੰ ਤਾਕੀਦ ਕਰਨ ਲਈ ਆਪਣੇ ਸੇਵਕਾਂ ਨੂੰ ਭੇਜਿਆ ਤਾਂਕਿ ਲੋਕ ਦੇਰ ਹੋਣ ਤੋਂ ਪਹਿਲਾਂ-ਪਹਿਲਾਂ ਉਸ ਨਾਲ ਸ਼ਾਂਤੀ ਬਣਾ ਸਕਣ। (1 ਤਿਮੋਥਿਉਸ 2:3-6 ਪੜ੍ਹੋ।) ਪੌਲੁਸ ਨੇ ਪਰਮੇਸ਼ੁਰ ਦੀ ਇੱਛਾ ਨੂੰ ਸਮਝਿਆ ਅਤੇ ਉਸ ਸਮੇਂ ਦੀ ਨਜ਼ਾਕਤ ਨੂੰ ਜਾਣਿਆ ਜਿਸ ਵਿਚ ਉਹ ਰਹਿੰਦਾ ਸੀ। ਇਸ ਲਈ ਉਸ ਨੇ ਬਿਨਾਂ ਥੱਕਿਆਂ ਪੂਰੀ ਵਾਹ ਲਾ ਕੇ “ਮਿਲਾਪ ਦੀ ਸੇਵਕਾਈ” ਕੀਤੀ। ਅੱਜ ਵੀ ਯਹੋਵਾਹ ਦੀ ਇੱਛਾ ਬਦਲੀ ਨਹੀਂ ਅਤੇ ਉਹ ਹਾਲੇ ਵੀ ਲੋਕਾਂ ਵੱਲ ਦੋਸਤੀ ਦਾ ਹੱਥ ਵਧਾ ਰਿਹਾ ਹੈ। ਪੌਲੁਸ ਦੇ ਇਹ ਸ਼ਬਦ ਹਾਲੇ ਵੀ ਲਾਗੂ ਹੁੰਦੇ ਹਨ ਕਿ ‘ਹੁਣ ਹੀ ਮਨ ਭਾਉਂਦਾ ਸਮਾਂ ਹੈ’ ਅਤੇ ‘ਹੁਣ ਹੀ ਮੁਕਤੀ ਦਾ ਦਿਨ ਹੈ!’ ਯਹੋਵਾਹ ਕਿੰਨਾ ਦਿਆਲੂ ਅਤੇ ਕਿਰਪਾਲੂ ਪਰਮੇਸ਼ੁਰ ਹੈ!—ਕੂਚ 34:6, 7.

“ਪਰਮੇਸ਼ੁਰ ਦੀ ਕਿਰਪਾ” ਦਾ ਮਕਸਦ ਨਾ ਭੁੱਲੋ

10. ‘ਮੁਕਤੀ ਦਾ ਦਿਨ’ ਮਸਹ ਕੀਤੇ ਹੋਏ ਮਸੀਹੀਆਂ ਲਈ ਪੁਰਾਣੇ ਜ਼ਮਾਨੇ ਵਿਚ ਕੀ ਅਰਥ ਰੱਖਦਾ ਸੀ ਤੇ ਅੱਜ ਕੀ ਰੱਖਦਾ ਹੈ?

10 ਪਰਮੇਸ਼ੁਰ ਦੀ ਅਪਾਰ ਕਿਰਪਾ ਦਾ ਲਾਭ ਸਭ ਤੋਂ ਪਹਿਲਾਂ ਉਨ੍ਹਾਂ ਨੂੰ ਹੋਇਆ ਜੋ “ਮਸੀਹ ਵਿੱਚ” ਹਨ। (2 ਕੁਰਿੰ. 5:17, 18) ਉਨ੍ਹਾਂ ਲਈ “ਮੁਕਤੀ ਦਾ ਦਿਨ” ਪੰਤੇਕੁਸਤ 33 ਈਸਵੀ ਨੂੰ ਸ਼ੁਰੂ ਹੋਇਆ ਸੀ। ਉਦੋਂ ਤੋਂ ਹੀ ਇਨ੍ਹਾਂ ਮਸੀਹੀਆਂ ਨੂੰ “ਮੇਲ ਮਿਲਾਪ ਦਾ ਬਚਨ” ਸੁਣਾਉਣ ਦਾ ਕੰਮ ਸੌਂਪਿਆ ਗਿਆ ਹੈ। ਅੱਜ ਧਰਤੀ ਉੱਤੇ ਬਾਕੀ ਰਹਿੰਦੇ ਮਸਹ ਕੀਤੇ ਹੋਏ ਮਸੀਹੀ ਹਾਲੇ ਵੀ “ਮਿਲਾਪ ਦੀ ਸੇਵਕਾਈ” ਕਰ ਰਹੇ ਹਨ। ਉਹ ਜਾਣਦੇ ਹਨ ਕਿ ਯੂਹੰਨਾ ਰਸੂਲ ਵੱਲੋਂ ਦੇਖੇ ਦਰਸ਼ਣ ਵਿਚ ਚਾਰ ਦੂਤਾਂ ਨੇ ‘ਧਰਤੀ ਦੀਆਂ ਚੌਹਾਂ ਪੌਣਾਂ ਨੂੰ ਫੜਿਆ ਹੋਇਆ ਹੈ ਤਾਂ ਜੋ ਪੌਣ ਧਰਤੀ ਉੱਤੇ ਨਾ ਵਗੇ।’ ਇਸ ਲਈ ਹਾਲੇ ਵੀ ‘ਮਨ ਭਾਉਂਦਾ ਸਮਾਂ ਹੈ’ ਅਤੇ ‘ਮੁਕਤੀ ਦਾ ਦਿਨ ਹੈ!’ (ਪਰ. 7:1-3) ਇਸ ਕਾਰਨ 20ਵੀਂ ਸਦੀ ਦੇ ਸ਼ੁਰੂ ਤੋਂ ਹੀ ਬਾਕੀ ਬਚੇ ਮਸਹ ਕੀਤੇ ਹੋਏ ਮਸੀਹੀ ਜੋਸ਼ ਨਾਲ ਧਰਤੀ ਦੇ ਕੋਨੇ-ਕੋਨੇ ਵਿਚ “ਮਿਲਾਪ ਦੀ ਸੇਵਕਾਈ” ਕਰ ਰਹੇ ਹਨ।

11, 12. ਵੀਹਵੀਂ ਸਦੀ ਦੇ ਸ਼ੁਰੂ ਵਿਚ ਮਸਹ ਕੀਤੇ ਹੋਏ ਮਸੀਹੀਆਂ ਨੇ ਕਿਵੇਂ ਦਿਖਾਇਆ ਕਿ ਉਹ ਸਮੇਂ ਦੀ ਨਾਜ਼ੁਕਤਾ ਨੂੰ ਸਮਝਦੇ ਸਨ? (ਸਫ਼ਾ 15 ਉੱਤੇ ਤਸਵੀਰ ਦੇਖੋ।)

11 ਮਿਸਾਲ ਲਈ, ਯਹੋਵਾਹ ਦੇ ਗਵਾਹ—ਪਰਮੇਸ਼ੁਰ ਦੇ ਰਾਜ ਦੇ ਘੋਸ਼ਕ (ਅੰਗ੍ਰੇਜ਼ੀ) ਕਿਤਾਬ ਵਿਚ ਦੱਸਿਆ ਹੈ ਕਿ 20ਵੀਂ ਸਦੀ ਦੇ ਸ਼ੁਰੂ ਵਿਚ “ਸੀ. ਟੀ. ਰਸਲ ਅਤੇ ਉਸ ਦੇ ਸਾਥੀਆਂ ਨੂੰ ਪੱਕਾ ਯਕੀਨ ਸੀ ਕਿ ਉਹ ਵਾਢੀ ਦੇ ਸਮੇਂ ਵਿਚ ਜੀ ਰਹੇ ਸਨ ਅਤੇ ਲੋਕਾਂ ਨੂੰ ਆਜ਼ਾਦ ਕਰਾਉਣ ਵਾਲੀ ਸੱਚਾਈ ਸੁਣਨ ਦੀ ਲੋੜ ਸੀ।” ਇਸ ਬਾਰੇ ਉਨ੍ਹਾਂ ਨੇ ਕੀ ਕੀਤਾ? ਵਾਢੀ ਦੇ ਇਸ ‘ਮਨ ਭਾਉਂਦੇ ਸਮੇਂ’ ਨੂੰ ਜਾਣਦੇ ਹੋਏ ਇਨ੍ਹਾਂ ਭਰਾਵਾਂ ਨੇ ਇਹ ਨਹੀਂ ਸੋਚਿਆ ਕਿ ਲੋਕਾਂ ਨੂੰ ਧਾਰਮਿਕ ਸਭਾਵਾਂ ਵਿਚ ਬੁਲਾਉਣਾ ਕਾਫ਼ੀ ਹੈ। ਈਸਾਈ-ਜਗਤ ਦੇ ਪਾਦਰੀ ਕਾਫ਼ੀ ਚਿਰ ਤੋਂ ਇਸ ਤਰ੍ਹਾਂ ਕਰ ਰਹੇ ਸਨ। ਇਸ ਦੇ ਉਲਟ, ਉਹ ਮਸਹ ਕੀਤੇ ਹੋਏ ਮਸੀਹੀ ਖ਼ੁਸ਼ ਖ਼ਬਰੀ ਸੁਣਾਉਣ ਦੇ ਹੋਰ ਵਧੀਆ ਤਰੀਕੇ ਭਾਲਣ ਲੱਗੇ। ਹੋਰ ਚੀਜ਼ਾਂ ਦੇ ਨਾਲ-ਨਾਲ ਉਨ੍ਹਾਂ ਨੇ ਆਪਣਾ ਕੰਮ ਅੱਗੇ ਵਧਾਉਣ ਲਈ ਨਵੀਂ ਤਕਨਾਲੋਜੀ ਦੀ ਚੰਗੀ ਵਰਤੋਂ ਕੀਤੀ।

12 ਰਾਜ ਦੀ ਖ਼ੁਸ਼ ਖ਼ਬਰੀ ਫੈਲਾਉਣ ਲਈ ਇਨ੍ਹਾਂ ਜੋਸ਼ੀਲੇ ਪ੍ਰਚਾਰਕਾਂ ਦੇ ਛੋਟੇ ਜਿਹੇ ਗਰੁੱਪ ਨੇ ਟ੍ਰੈਕਟ, ਪੁਸਤਿਕਾਵਾਂ, ਰਸਾਲੇ ਅਤੇ ਕਿਤਾਬਾਂ ਵਰਤੀਆਂ। ਉਨ੍ਹਾਂ ਨੇ ਹਜ਼ਾਰਾਂ ਹੀ ਅਖ਼ਬਾਰਾਂ ਲਈ ਭਾਸ਼ਣ ਅਤੇ ਲੇਖ ਵੀ ਲਿਖੇ। ਉਨ੍ਹਾਂ ਨੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਰੇਡੀਓ ਸਟੇਸ਼ਨ ਉੱਤੇ ਬਾਈਬਲ-ਆਧਾਰਿਤ ਪ੍ਰੋਗ੍ਰਾਮ ਪ੍ਰਸਾਰਿਤ ਕੀਤੇ। ਉਨ੍ਹਾਂ ਨੇ ਚੱਲਦੀਆਂ-ਫਿਰਦੀਆਂ ਤਸਵੀਰਾਂ ਬਣਾ ਕੇ ਵਰਤੀਆਂ ਜਿਨ੍ਹਾਂ ਦੇ ਨਾਲ-ਨਾਲ ਰਿਕਾਰਡ ਕੀਤੀ ਆਵਾਜ਼ ਸੁਣਾਈ ਦਿੰਦੀ ਸੀ। ਉਨ੍ਹਾਂ ਨੇ ਇਸ ਤਰ੍ਹਾਂ ਫ਼ਿਲਮ ਇੰਡਸਟਰੀ ਤੋਂ ਪਹਿਲਾਂ ਕੀਤਾ ਸੀ। ਉਨ੍ਹਾਂ ਦੀ ਇਸ ਗਰਮਜੋਸ਼ੀ ਦਾ ਨਤੀਜਾ ਕੀ ਨਿਕਲਿਆ? ਅੱਜ ਤਕਰੀਬਨ 70 ਲੱਖ ਲੋਕਾਂ ਨੇ “ਪਰਮੇਸ਼ੁਰ ਨਾਲ ਮੇਲ ਮਿਲਾਪ” ਕਰਨ ਦੇ ਸੰਦੇਸ਼ ਨੂੰ ਸੁਣਿਆ ਹੈ ਅਤੇ ਹੋਰਨਾਂ ਨੂੰ ਵੀ ਦੱਸ ਰਹੇ ਹਨ। ਸੱਚ-ਮੁੱਚ, ਘੱਟ ਤਜਰਬਾ ਹੋਣ ਦੇ ਬਾਵਜੂਦ ਯਹੋਵਾਹ ਦੇ ਇਨ੍ਹਾਂ ਥੋੜ੍ਹੇ ਜਿਹੇ ਸੇਵਕਾਂ ਨੇ ਜੋਸ਼ ਦਿਖਾ ਕੇ ਬਹੁਤ ਵਧੀਆ ਮਿਸਾਲ ਕਾਇਮ ਕੀਤੀ।

13. ਸਾਨੂੰ ਪਰਮੇਸ਼ੁਰ ਦੇ ਕਿਹੜੇ ਮਕਸਦ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ?

13 ਪੌਲੁਸ ਦੇ ਇਹ ਸ਼ਬਦ ਹਾਲੇ ਵੀ ਸੱਚੇ ਹਨ: ‘ਹੁਣ ਹੀ ਮਨ ਭਾਉਂਦਾ ਸਮਾਂ ਹੈ।’ ਸਾਡੇ ਉੱਤੇ ਯਹੋਵਾਹ ਦੀ ਅਪਾਰ ਕਿਰਪਾ ਹੋਈ ਹੈ ਜਿਸ ਕਰਕੇ ਅਸੀਂ ਸ਼ੁਕਰਗੁਜ਼ਾਰ ਹਾਂ ਕਿ ਸਾਨੂੰ ਮੇਲ-ਮਿਲਾਪ ਕਰਨ ਦਾ ਸੰਦੇਸ਼ ਸੁਣਨ ਅਤੇ ਕਬੂਲ ਕਰਨ ਦਾ ਮੌਕਾ ਦਿੱਤਾ ਗਿਆ। ਪਰਮੇਸ਼ੁਰ ਦੀ ਕਿਰਪਾ ਨੂੰ ਐਵੇਂ ਸਮਝਣ ਦੀ ਬਜਾਇ ਅਸੀਂ ਪੌਲੁਸ ਦੇ ਅਗਲੇ ਸ਼ਬਦਾਂ ਨੂੰ ਗੰਭੀਰਤਾ ਨਾਲ ਲੈਂਦੇ ਹਾਂ: ‘ਅਸੀਂ ਤੁਹਾਡੇ ਅੱਗੇ ਬੇਨਤੀ ਵੀ ਕਰਦੇ ਹਾਂ ਜੋ ਤੁਸੀਂ ਪਰਮੇਸ਼ੁਰ ਦੀ ਕਿਰਪਾ ਦੇ ਮਕਸਦ ਨੂੰ ਭੁੱਲੋ ਨਾ।’ (2 ਕੁਰਿੰ. 6:1) ਪਰਮੇਸ਼ੁਰ ਦੀ ਅਪਾਰ ਕਿਰਪਾ ਦਾ ਮਕਸਦ ਹੈ ਕਿ ਉਹ ਮਸੀਹ ਦੇ ਜ਼ਰੀਏ ‘ਜਗਤ ਨੂੰ ਆਪਣੇ ਨਾਲ ਮਿਲਾਵੇ।’—2 ਕੁਰਿੰ. 5:19.

14. ਕਈ ਦੇਸ਼ਾਂ ਵਿਚ ਕੀ ਹੋ ਰਿਹਾ ਹੈ?

14 ਜ਼ਿਆਦਾਤਰ ਮਨੁੱਖਜਾਤੀ ਹਾਲੇ ਵੀ ਪਰਮੇਸ਼ੁਰ ਤੋਂ ਦੂਰ ਹੈ ਤੇ ਉਸ ਦੀ ਅਪਾਰ ਕਿਰਪਾ ਦੇ ਮਕਸਦ ਤੋਂ ਅਣਜਾਣ ਹੈ ਕਿਉਂਕਿ ਸ਼ਤਾਨ ਨੇ ਉਨ੍ਹਾਂ ਦੀਆਂ ਅੱਖਾਂ ਉੱਤੇ ਪਰਦਾ ਪਾਇਆ ਹੋਇਆ ਹੈ। (2 ਕੁਰਿੰ. 4:3, 4; 1 ਯੂਹੰ. 5:19) ਪਰ ਫਿਰ ਵੀ ਬਹੁਤ ਸਾਰੇ ਲੋਕਾਂ ਨੇ ਦੁਨੀਆਂ ਦੇ ਵਿਗੜਦੇ ਹਾਲਾਤਾਂ ਕਾਰਨ ਸਾਡਾ ਸੰਦੇਸ਼ ਸੁਣਿਆ ਹੈ ਜਦੋਂ ਉਨ੍ਹਾਂ ਨੂੰ ਦੱਸਿਆ ਗਿਆ ਕਿ ਪਰਮੇਸ਼ੁਰ ਤੋਂ ਦੂਰ ਹੋਣ ਕਾਰਨ ਹੀ ਦੁਨੀਆਂ ਵਿਚ ਇੰਨੀ ਬੁਰਾਈ ਅਤੇ ਦੁੱਖ ਹਨ। ਜਿਨ੍ਹਾਂ ਦੇਸ਼ਾਂ ਵਿਚ ਜ਼ਿਆਦਾਤਰ ਲੋਕ ਸਾਡੇ ਪ੍ਰਚਾਰ ਨੂੰ ਸੁਣਨਾ ਨਹੀਂ ਚਾਹੁੰਦੇ, ਉੱਥੇ ਵੀ ਕਈ ਲੋਕ ਹੁਣ ਖ਼ੁਸ਼ ਖ਼ਬਰੀ ਸੁਣ ਰਹੇ ਹਨ ਅਤੇ ਪਰਮੇਸ਼ੁਰ ਨਾਲ ਮੇਲ-ਮਿਲਾਪ ਕਰਨ ਲਈ ਕਦਮ ਚੁੱਕ ਰਹੇ ਹਨ। ਤਾਂ ਫਿਰ ਕੀ ਅਸੀਂ ਸਮਝਦੇ ਹਾਂ ਕਿ ਇਹ ਸਮਾਂ ਹੋਰ ਵੀ ਜੋਸ਼ ਨਾਲ ਇਹ ਬੇਨਤੀ ਕਰਨ ਦਾ ਵੇਲਾ ਹੈ: “ਪਰਮੇਸ਼ੁਰ ਨਾਲ ਮੇਲ ਮਿਲਾਪ ਕਰ ਲਓ”?

15. ਲੋਕਾਂ ਨੂੰ ਸਿਰਫ਼ ਉਨ੍ਹਾਂ ਦੇ ਮਨ-ਪਸੰਦ ਦੀਆਂ ਗੱਲਾਂ ਦੱਸਣ ਦੀ ਬਜਾਇ, ਅਸੀਂ ਕੀ ਚਾਹੁੰਦੇ ਹਾਂ ਕਿ ਹਰ ਥਾਂ ਦੇ ਲੋਕ ਜਾਣਨ?

15 ਸਾਡਾ ਕੰਮ ਲੋਕਾਂ ਨੂੰ ਸਿਰਫ਼ ਇਹ ਦੱਸਣਾ ਨਹੀਂ ਹੈ ਕਿ ਜੇ ਉਹ ਪਰਮੇਸ਼ੁਰ ਵੱਲ ਮੁੜਨਗੇ, ਤਾਂ ਉਹ ਉਨ੍ਹਾਂ ਦੀਆਂ ਸਾਰੀਆਂ ਸਮੱਸਿਆਵਾਂ ਸੁਲਝਾਉਣ ਵਿਚ ਉਨ੍ਹਾਂ ਦੀ ਮਦਦ ਕਰੇਗਾ ਅਤੇ ਉਨ੍ਹਾਂ ਨੂੰ ਬਹੁਤ ਚੰਗਾ ਮਹਿਸੂਸ ਹੋਵੇਗਾ। ਕਈ ਲੋਕ ਸਿਰਫ਼ ਇਹੀ ਸੋਚ ਕੇ ਚਰਚ ਜਾਂਦੇ ਹਨ ਅਤੇ ਪਾਦਰੀ ਉਨ੍ਹਾਂ ਦੀ ਇਸ ਇੱਛਾ ਦਾ ਫ਼ਾਇਦਾ ਉਠਾਉਂਦੇ ਹਨ। (2 ਤਿਮੋ. 4:3, 4) ਪਰ ਸਾਡੀ ਸੇਵਕਾਈ ਦਾ ਇਹ ਮਕਸਦ ਨਹੀਂ ਹੈ। ਅਸੀਂ ਇਹ ਖ਼ੁਸ਼ ਖ਼ਬਰੀ ਸੁਣਾਉਂਦੇ ਹਾਂ ਕਿ ਯਹੋਵਾਹ ਆਪਣੇ ਪਿਆਰ ਦੀ ਖ਼ਾਤਰ ਮਸੀਹ ਦੇ ਰਾਹੀਂ ਪਾਪਾਂ ਨੂੰ ਮਾਫ਼ ਕਰਨ ਲਈ ਤਿਆਰ ਹੈ। ਇਸ ਤਰ੍ਹਾਂ ਲੋਕ ਪਰਮੇਸ਼ੁਰ ਨਾਲ ਦੂਰੀਆਂ ਮਿਟਾ ਕੇ ਉਸ ਨਾਲ ਮੇਲ-ਮਿਲਾਪ ਕਰ ਸਕਦੇ ਹਨ। (ਰੋਮੀ. 5:10; 8:32) ਪਰ ‘ਮਨ ਭਾਉਂਦਾ ਸਮਾਂ’ ਜਲਦੀ-ਜਲਦੀ ਬੀਤ ਰਿਹਾ ਹੈ।

‘ਪਵਿੱਤਰ ਸ਼ਕਤੀ ਨਾਲ ਸਰਗਰਮ ਰਹੋ’

16. ਕਿਸ ਚੀਜ਼ ਨੇ ਦਲੇਰੀ ਅਤੇ ਜੋਸ਼ ਦਿਖਾਉਣ ਵਿਚ ਪੌਲੁਸ ਦੀ ਮਦਦ ਕੀਤੀ?

16 ਤਾਂ ਫਿਰ ਸੱਚੀ ਭਗਤੀ ਲਈ ਅਸੀਂ ਜੋਸ਼ ਕਿਵੇਂ ਪੈਦਾ ਕਰ ਸਕਦੇ ਹਾਂ ਤੇ ਇਸ ਨੂੰ ਬਰਕਰਾਰ ਰੱਖ ਸਕਦੇ ਹਾਂ? ਕੁਝ ਸ਼ਾਇਦ ਸ਼ਰਮੀਲੇ ਹੋਣ ਜਾਂ ਜ਼ਿਆਦਾ ਗੱਲਬਾਤ ਨਾ ਕਰਦੇ ਹੋਣ ਜਿਸ ਕਰਕੇ ਉਨ੍ਹਾਂ ਨੂੰ ਆਪਣੀਆਂ ਭਾਵਨਾਵਾਂ ਜ਼ਾਹਰ ਕਰਨੀਆਂ ਜਾਂ ਹੋਰਨਾਂ ਨੂੰ ਮਿਲਣਾ-ਜੁਲਣਾ ਔਖਾ ਲੱਗ ਸਕਦਾ ਹੈ। ਪਰ ਇਹ ਯਾਦ ਰੱਖਣਾ ਚੰਗਾ ਹੋਵੇਗਾ ਕਿ ਜੋਸ਼ ਸਿਰਫ਼ ਚਿਹਰੇ ਤੋਂ ਨਜ਼ਰ ਆਉਣ ਵਾਲੀ ਭਾਵਨਾ ਜਾਂ ਉਤਸੁਕਤਾ ਨਹੀਂ ਹੈ ਅਤੇ ਨਾ ਹੀ ਇਹ ਕਿਸੇ ਦੀ ਸ਼ਖ਼ਸੀਅਤ ਉੱਤੇ ਨਿਰਭਰ ਕਰਦਾ ਹੈ। ਪੌਲੁਸ ਨੇ ਜੋਸ਼ ਪੈਦਾ ਕਰਨ ਅਤੇ ਇਸ ਨੂੰ ਬਰਕਰਾਰ ਰੱਖਣ ਦਾ ਨੁਸਖਾ ਦੱਸਿਆ ਜਦ ਉਸ ਨੇ ਭੈਣਾਂ-ਭਰਾਵਾਂ ਨੂੰ ਤਾਕੀਦ ਕੀਤੀ: ‘ਪਵਿੱਤਰ ਸ਼ਕਤੀ ਨਾਲ ਸਰਗਰਮ ਰਹੋ।’ (ਰੋਮੀ. 12:11) ਯਹੋਵਾਹ ਦੀ ਪਵਿੱਤਰ ਸ਼ਕਤੀ ਨੇ ਪੌਲੁਸ ਨੂੰ ਦਲੇਰ ਬਣਾਇਆ ਸੀ ਜਿਸ ਕਰਕੇ ਉਹ ਪ੍ਰਚਾਰ ਦੇ ਕੰਮ ਵਿਚ ਲੱਗਾ ਰਿਹਾ। ਯਿਸੂ ਨੇ ਜਦ ਉਸ ਨੂੰ ਆਪਣਾ ਕੰਮ ਕਰਨ ਲਈ ਚੁਣਿਆ ਸੀ, ਉਸ ਸਮੇਂ ਤੋਂ ਲੈ ਕੇ ਆਖ਼ਰੀ ਵਾਰ ਕੈਦ ਹੋਣ ਅਤੇ ਰੋਮ ਵਿਚ ਮਾਰੇ ਜਾਣ ਤਕ ਯਾਨੀ 30 ਤੋਂ ਜ਼ਿਆਦਾ ਸਾਲਾਂ ਤਾਈਂ ਉਸ ਦਾ ਜੋਸ਼ ਘਟਿਆ ਨਹੀਂ। ਉਸ ਨੇ ਹਮੇਸ਼ਾ ਪਰਮੇਸ਼ੁਰ ਦੀ ਮਦਦ ਭਾਲੀ ਜਿਸ ਨੇ ਉਸ ਨੂੰ ਆਪਣੀ ਪਵਿੱਤਰ ਸ਼ਕਤੀ ਨਾਲ ਲੋੜੀਂਦੀ ਤਾਕਤ ਦਿੱਤੀ। ਉਸ ਨੇ ਲਿਖਿਆ: “ਉਹ ਦੇ ਵਿੱਚ ਜੋ ਮੈਨੂੰ ਬਲ ਦਿੰਦਾ ਹੈ ਮੈਂ ਸੱਭੋ ਕੁਝ ਕਰ ਸੱਕਦਾ ਹਾਂ।” (ਫ਼ਿਲਿ. 4:13) ਉਸ ਦੀ ਮਿਸਾਲ ਤੋਂ ਸਿੱਖ ਕੇ ਸਾਨੂੰ ਕਾਫ਼ੀ ਲਾਭ ਹੋ ਸਕਦਾ ਹੈ!

17. ਅਸੀਂ ‘ਪਵਿੱਤਰ ਸ਼ਕਤੀ ਨਾਲ ਸਰਗਰਮ’ ਕਿਵੇਂ ਰਹਿ ਸਕਦੇ ਹਾਂ?

17ਰੋਮੀਆਂ 12:11 ਵਿਚ ਪੌਲੁਸ ਨੇ ਇਕ ਯੂਨਾਨੀ ਸ਼ਬਦ ਵਰਤਿਆ ਜਿਸ ਦਾ ਸ਼ਾਬਦਿਕ ਅਰਥ ਹੈ “ਉਬਲਦੇ ਰਹਿਣਾ।” ਪਾਣੀ ਦੇ ਉਬਲਦੇ ਰਹਿਣ ਲਈ ਲਗਾਤਾਰ ਅੱਗ ਦੇ ਬਲ਼ਦੇ ਰਹਿਣ ਦੀ ਲੋੜ ਹੈ। ਇਸੇ ਤਰ੍ਹਾਂ ‘ਪਵਿੱਤਰ ਸ਼ਕਤੀ ਨਾਲ ਸਰਗਰਮ’ ਰਹਿਣ ਲਈ ਸਾਨੂੰ ਲਗਾਤਾਰ ਪਰਮੇਸ਼ੁਰ ਦੀ ਸ਼ਕਤੀ ਦੀ ਲੋੜ ਹੈ। ਇਸ ਦੇ ਲਈ ਸਾਨੂੰ ਯਹੋਵਾਹ ਦੇ ਸਾਰੇ ਪ੍ਰਬੰਧਾਂ ਦਾ ਲਾਹਾ ਲੈਣ ਦੀ ਲੋੜ ਹੈ ਜੋ ਉਹ ਸਾਡੀ ਨਿਹਚਾ ਪੱਕੀ ਕਰਨ ਲਈ ਕਰਦਾ ਹੈ। ਇਸ ਦਾ ਮਤਲਬ ਹੈ ਕਿ ਅਸੀਂ ਆਪਣੇ ਪਰਿਵਾਰ ਅਤੇ ਕਲੀਸਿਯਾ ਵਿਚ ਕੀਤੀ ਜਾਂਦੀ ਭਗਤੀ ਨੂੰ ਗੰਭੀਰਤਾ ਨਾਲ ਲਈਏ—ਬਾਕਾਇਦਾ ਨਿੱਜੀ ਅਤੇ ਪਰਿਵਾਰਕ ਸਟੱਡੀ ਕਰੀਏ, ਪ੍ਰਾਰਥਨਾ ਕਰੀਏ ਅਤੇ ਆਪਣੇ ਭੈਣਾਂ-ਭਰਾਵਾਂ ਨਾਲ ਮੀਟਿੰਗਾਂ ਵਿਚ ਹਾਜ਼ਰ ਹੋਈਏ। ਜਿਸ ਤਰ੍ਹਾਂ ਪਾਣੀ ਨੂੰ ਉਬਲਦਾ ਰੱਖਣ ਲਈ ਅੱਗ ਦੇ ਬਲ਼ਦੇ ਰਹਿਣ ਦੀ ਲੋੜ ਹੈ, ਉਸੇ ਤਰ੍ਹਾਂ ਇਹ ਪ੍ਰਬੰਧ ਸਾਨੂੰ ‘ਪਵਿੱਤਰ ਸ਼ਕਤੀ ਨਾਲ ਸਰਗਰਮ ਰਹਿਣ’ ਵਿਚ ਸਾਡੀ ਮਦਦ ਕਰਨਗੇ।—ਰਸੂਲਾਂ ਦੇ ਕਰਤੱਬ 4:20; 18:25 ਪੜ੍ਹੋ।

18. ਸਮਰਪਿਤ ਮਸੀਹੀ ਹੋਣ ਦੇ ਨਾਤੇ, ਸਾਨੂੰ ਆਪਣਾ ਧਿਆਨ ਕਿਸ ਮਕਸਦ ਉੱਤੇ ਲਾਈ ਰੱਖਣਾ ਚਾਹੀਦਾ ਹੈ?

18 ਇਕ ਸਮਰਪਿਤ ਵਿਅਕਤੀ ਉਹ ਹੈ ਜੋ ਪੂਰੀ ਤਰ੍ਹਾਂ ਆਪਣਾ ਧਿਆਨ ਕਿਸੇ ਮਕਸਦ ਉੱਤੇ ਟਿਕਾਈ ਰੱਖਦਾ ਹੈ ਅਤੇ ਇਸ ਮਕਸਦ ਤੋਂ ਉਸ ਦਾ ਧਿਆਨ ਸੌਖਿਆਂ ਹੀ ਨਹੀਂ ਹਟਾਇਆ ਜਾ ਸਕਦਾ ਜਾਂ ਉਸ ਮਕਸਦ ਨੂੰ ਹਾਸਲ ਕਰਨ ਤੋਂ ਉਸ ਨੂੰ ਰੋਕਿਆ ਨਹੀਂ ਜਾ ਸਕਦਾ। ਬਪਤਿਸਮਾ-ਪ੍ਰਾਪਤ ਮਸੀਹੀ ਹੋਣ ਦੇ ਨਾਤੇ, ਯਿਸੂ ਦੀ ਤਰ੍ਹਾਂ ਸਾਡਾ ਮਕਸਦ ਉਹ ਸਭ ਕੁਝ ਕਰਨਾ ਹੈ ਜੋ ਯਹੋਵਾਹ ਚਾਹੁੰਦਾ ਕਿ ਅਸੀਂ ਕਰੀਏ। (ਇਬ. 10:7) ਅੱਜ, ਯਹੋਵਾਹ ਦੀ ਇੱਛਾ ਹੈ ਕਿ ਜ਼ਿਆਦਾ ਤੋਂ ਜ਼ਿਆਦਾ ਲੋਕ ਉਸ ਨਾਲ ਮੇਲ-ਮਿਲਾਪ ਕਰਨ। ਤਾਂ ਫਿਰ ਆਓ ਆਪਾਂ, ਯਿਸੂ ਅਤੇ ਪੌਲੁਸ ਦੀ ਰੀਸ ਕਰਦਿਆਂ ਹੁਣ ਜੋਸ਼ ਨਾਲ ਇਸ ਸਭ ਤੋਂ ਜ਼ਰੂਰੀ ਕੰਮ ਵਿਚ ਲੱਗੇ ਰਹੀਏ।

ਕੀ ਤੁਹਾਨੂੰ ਯਾਦ ਹੈ?

• ਪੌਲੁਸ ਅਤੇ ਹੋਰ ਮਸਹ ਕੀਤੇ ਹੋਏ ਮਸੀਹੀਆਂ ਨੂੰ ਕਿਹੜੀ “ਮਿਲਾਪ ਦੀ ਸੇਵਕਾਈ” ਸੌਂਪੀ ਗਈ ਸੀ?

• ਬਾਕੀ ਰਹਿੰਦੇ ਮਸਹ ਕੀਤੇ ਹੋਏ ਮਸੀਹੀਆਂ ਨੇ ‘ਮਨ ਭਾਉਂਦੇ ਸਮੇਂ’ ਦੀ ਚੰਗੀ ਵਰਤੋਂ ਕਿਵੇਂ ਕੀਤੀ?

• ਮਸੀਹੀ ‘ਪਵਿੱਤਰ ਸ਼ਕਤੀ ਨਾਲ ਸਰਗਰਮ’ ਕਿਵੇਂ ਰਹਿ ਸਕਦੇ ਹਨ?

[ਸਵਾਲ]

[ਸਫ਼ਾ 12 ਉੱਤੇ ਤਸਵੀਰ]

ਪੌਲੁਸ ਪ੍ਰਭੂ ਯਿਸੂ ਮਸੀਹ ਨਾਲ ਹੋਈ ਆਪਣੀ ਗੱਲਬਾਤ ਕਦੇ ਨਹੀਂ ਭੁੱਲਿਆ