Skip to content

Skip to table of contents

ਕਿਸੇ ਵੀ ਅਜ਼ਮਾਇਸ਼ ਨਾਲ ਸਿੱਝਣ ਲਈ ਤਾਕਤ

ਕਿਸੇ ਵੀ ਅਜ਼ਮਾਇਸ਼ ਨਾਲ ਸਿੱਝਣ ਲਈ ਤਾਕਤ

ਕਿਸੇ ਵੀ ਅਜ਼ਮਾਇਸ਼ ਨਾਲ ਸਿੱਝਣ ਲਈ ਤਾਕਤ

“ਉਹ ਦੇ ਵਿੱਚ ਜੋ ਮੈਨੂੰ ਬਲ ਦਿੰਦਾ ਹੈ ਮੈਂ ਸੱਭੋ ਕੁਝ ਕਰ ਸੱਕਦਾ ਹਾਂ।”—ਫ਼ਿਲਿ. 4:13.

1. ਯਹੋਵਾਹ ਦੇ ਲੋਕ ਕਿਉਂ ਅਜ਼ਮਾਇਸ਼ਾਂ ਦਾ ਸਾਮ੍ਹਣਾ ਕਰਦੇ ਹਨ?

ਯਹੋਵਾਹ ਦੇ ਲੋਕ ਕਿਸੇ ਨਾ ਕਿਸੇ ਅਜ਼ਮਾਇਸ਼ ਦਾ ਸਾਮ੍ਹਣਾ ਕਰਦੇ ਰਹਿੰਦੇ ਹਨ। ਕੁਝ ਅਜ਼ਮਾਇਸ਼ਾਂ ਸਾਡੀਆਂ ਆਪਣੀਆਂ ਕਮੀਆਂ-ਕਮਜ਼ੋਰੀਆਂ ਕਰਕੇ ਆਉਂਦੀਆਂ ਹਨ ਜਾਂ ਇਸ ਦੁਨੀਆਂ ਕਰਕੇ ਆਉਂਦੀਆਂ ਹਨ। ਕੁਝ ਪਰਮੇਸ਼ੁਰ ਦੀ ਸੇਵਾ ਕਰਨ ਵਾਲਿਆਂ ਤੇ ਸੇਵਾ ਨਾ ਕਰਨ ਵਾਲਿਆਂ ਵਿਚ ਦੁਸ਼ਮਣੀ ਕਾਰਨ ਆਉਂਦੀਆਂ ਹਨ। (ਉਤ. 3:15) ਮਨੁੱਖੀ ਇਤਿਹਾਸ ਦੇ ਸ਼ੁਰੂ ਤੋਂ ਹੀ ਪਰਮੇਸ਼ੁਰ ਨੇ ਧਾਰਮਿਕ ਸਤਾਹਟਾਂ, ਹਾਣੀਆਂ ਦੇ ਨੁਕਸਾਨਦੇਹ ਦਬਾਅ ਅਤੇ ਹੋਰ ਬਹੁਤ ਸਾਰੀਆਂ ਵੱਖੋ-ਵੱਖਰੀਆਂ ਬਿਪਤਾਵਾਂ ਦਾ ਸਾਮ੍ਹਣਾ ਕਰਨ ਵਿਚ ਆਪਣੇ ਵਫ਼ਾਦਾਰ ਸੇਵਕਾਂ ਦੀ ਮਦਦ ਕੀਤੀ ਹੈ। ਉਸ ਦੀ ਪਵਿੱਤਰ ਸ਼ਕਤੀ ਸਾਨੂੰ ਵੀ ਇਸ ਸਭ ਦਾ ਸਾਮ੍ਹਣਾ ਕਰਨ ਦੀ ਤਾਕਤ ਦੇ ਸਕਦੀ ਹੈ।

ਧਾਰਮਿਕ ਸਤਾਹਟਾਂ ਦਾ ਸਾਮ੍ਹਣਾ ਕਰਨ ਦੀ ਤਾਕਤ

2. ਧਾਰਮਿਕ ਸਤਾਹਟ ਦਾ ਕੀ ਮਕਸਦ ਹੈ ਅਤੇ ਇਹ ਕਿਨ੍ਹਾਂ ਤਰੀਕਿਆਂ ਨਾਲ ਆ ਸਕਦੀ ਹੈ?

2 ਧਾਰਮਿਕ ਸਤਾਹਟ ਦਾ ਮਤਲਬ ਹੈ ਲੋਕਾਂ ਨੂੰ ਉਨ੍ਹਾਂ ਦੇ ਧਰਮ ਜਾਂ ਵਿਸ਼ਵਾਸਾਂ ਕਰਕੇ ਜਾਣ-ਬੁੱਝ ਕੇ ਪਰੇਸ਼ਾਨ ਕਰਨਾ ਜਾਂ ਨੁਕਸਾਨ ਪਹੁੰਚਾਉਣਾ। ਇਸ ਤਰ੍ਹਾਂ ਕਰਨ ਦਾ ਮਕਸਦ ਇਨ੍ਹਾਂ ਵਿਸ਼ਵਾਸਾਂ ਨੂੰ ਕੁਚਲਣਾ, ਇਨ੍ਹਾਂ ਨੂੰ ਫੈਲਣ ਤੋਂ ਰੋਕਣਾ ਜਾਂ ਵਿਸ਼ਵਾਸ ਕਰਨ ਵਾਲਿਆਂ ਦੀ ਵਫ਼ਾਦਾਰੀ ਨੂੰ ਤੋੜਨਾ ਹੁੰਦਾ ਹੈ। ਸਤਾਹਟ ਕਈ ਵੱਖੋ-ਵੱਖਰੇ ਤਰੀਕਿਆਂ ਨਾਲ ਆ ਸਕਦੀ ਹੈ, ਕਦੇ ਸਿੱਧੇ ਤੌਰ ਤੇ ਜਾਂ ਕਦੇ ਗੁੱਝੇ ਤਰੀਕੇ ਨਾਲ। ਬਾਈਬਲ ਸ਼ਤਾਨ ਦੇ ਇਨ੍ਹਾਂ ਹਮਲਿਆਂ ਦੀ ਤੁਲਨਾ ਜਵਾਨ ਸ਼ੇਰ ਅਤੇ ਸੱਪ ਦੇ ਹਮਲਿਆਂ ਨਾਲ ਕਰਦੀ ਹੈ।—ਜ਼ਬੂਰਾਂ ਦੀ ਪੋਥੀ 91:13 ਪੜ੍ਹੋ।

3. ਕਿਸ ਤਰ੍ਹਾਂ ਦੀ ਸਤਾਹਟ ਸ਼ੇਰ ਅਤੇ ਸੱਪ ਵਰਗੇ ਹਮਲਿਆਂ ਵਰਗੀ ਹੈ?

3 ਸ਼ਤਾਨ ਖੂੰਖਾਰ ਸ਼ੇਰ ਦੀ ਤਰ੍ਹਾਂ ਸਾਡੇ ਉੱਤੇ ਅਕਸਰ ਸਿੱਧੇ ਹਮਲੇ ਕਰਦਾ ਹੈ ਜਿਵੇਂ ਹਿੰਸਾ ਦਾ ਸਹਾਰਾ ਲੈ ਕੇ, ਸਾਨੂੰ ਜੇਲ੍ਹ ਵਿਚ ਸੁਟਵਾ ਕੇ ਜਾਂ ਸਾਡੇ ਕੰਮ ਉੱਤੇ ਪਾਬੰਦੀ ਲਗਵਾ ਕੇ। (ਜ਼ਬੂ. 94:20) ਯੀਅਰ ਬੁੱਕ ਦੀਆਂ ਰਿਪੋਰਟਾਂ ਆਧੁਨਿਕ ਸਮਿਆਂ ਵਿਚ ਯਹੋਵਾਹ ਦੇ ਗਵਾਹਾਂ ਦੇ ਕੰਮਾਂ ਦਾ ਜ਼ਿਕਰ ਕਰਦੀਆਂ ਹਨ ਜਿਨ੍ਹਾਂ ਵਿਚ ਇਹੋ ਜਿਹੀਆਂ ਚਾਲਾਂ ਬਾਰੇ ਦੱਸਿਆ ਗਿਆ ਹੈ। ਕਈ ਥਾਵਾਂ ਤੇ ਪਾਦਰੀਆਂ ਜਾਂ ਰਾਜਨੀਤਿਕ ਕੱਟੜਪੰਥੀਆਂ ਦੀਆਂ ਗੱਲਾਂ ਵਿਚ ਆ ਕੇ ਕੁਝ ਗੁੰਡਿਆਂ ਨੇ ਪਰਮੇਸ਼ੁਰ ਦੇ ਲੋਕਾਂ ਨਾਲ ਬੁਰਾ ਸਲੂਕ ਕੀਤਾ ਹੈ। ਸ਼ੇਰ ਵਰਗੇ ਇਨ੍ਹਾਂ ਹਮਲਿਆਂ ਦੇ ਕਾਰਨ ਕੁਝ ਜਣਿਆਂ ਨੇ ਯਹੋਵਾਹ ਦੀ ਸੇਵਾ ਕਰਨੀ ਛੱਡ ਦਿੱਤੀ। ਸੱਪ ਦੀ ਤਰ੍ਹਾਂ ਸ਼ਤਾਨ ਗੁੱਝੇ ਤਰੀਕੇ ਨਾਲ ਵੀ ਹਮਲਾ ਕਰ ਕੇ ਲੋਕਾਂ ਦੇ ਮਨਾਂ ਵਿਚ ਜ਼ਹਿਰ ਘੋਲ ਦਿੰਦਾ ਹੈ ਜਿਸ ਕਰਕੇ ਲੋਕ ਉਸ ਦੇ ਧੋਖੇ ਵਿਚ ਆ ਕੇ ਉਸ ਦੀ ਮਰਜ਼ੀ ਪੂਰੀ ਕਰਨ ਲੱਗ ਪੈਂਦੇ ਹਨ। ਇਸ ਤਰ੍ਹਾਂ ਦਾ ਹਮਲਾ ਉਹ ਇਸ ਲਈ ਕਰਦਾ ਹੈ ਤਾਂਕਿ ਅਸੀਂ ਨਿਹਚਾ ਵਿਚ ਕਮਜ਼ੋਰ ਹੋ ਜਾਈਏ ਜਾਂ ਨਿਹਚਾ ਦਾ ਸਮਝੌਤਾ ਕਰ ਲਈਏ। ਪਰ ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਦੇ ਜ਼ਰੀਏ ਅਸੀਂ ਦੋਹਾਂ ਤਰ੍ਹਾਂ ਦੀ ਸਤਾਹਟ ਦਾ ਸਾਮ੍ਹਣਾ ਕਰ ਸਕਦੇ ਹਾਂ।

4, 5. ਸਤਾਹਟਾਂ ਲਈ ਤਿਆਰ ਹੋਣ ਦਾ ਸਭ ਤੋਂ ਵਧੀਆ ਤਰੀਕਾ ਕਿਹੜਾ ਹੈ ਅਤੇ ਕਿਉਂ? ਇਕ ਮਿਸਾਲ ਦਿਓ।

4 ਸਤਾਹਟ ਵਾਸਤੇ ਤਿਆਰ ਹੋਣ ਦਾ ਵਧੀਆ ਤਰੀਕਾ ਇਹ ਨਹੀਂ ਹੈ ਕਿ ਅਸੀਂ ਕਲਪਨਾ ਕਰੀਏ ਕਿ ਭਵਿੱਖ ਵਿਚ ਕਿਹੜੇ ਵੱਖੋ-ਵੱਖਰੇ ਤਰੀਕੇ ਨਾਲ ਸਤਾਹਟ ਆ ਸਕਦੀ ਹੈ। ਅਸਲ ਵਿਚ ਸਾਨੂੰ ਪਤਾ ਨਹੀਂ ਹੈ ਕਿ ਭਵਿੱਖ ਵਿਚ ਕਿਹੋ ਜਿਹੀ ਸਤਾਹਟ ਆ ਸਕਦੀ ਹੈ। ਇਸ ਲਈ ਉਨ੍ਹਾਂ ਗੱਲਾਂ ਬਾਰੇ ਸੋਚੀ ਜਾਣ ਦਾ ਕੋਈ ਫ਼ਾਇਦਾ ਨਹੀਂ ਜੋ ਸ਼ਾਇਦ ਕਦੇ ਹੋਣ ਹੀ ਨਾ। ਪਰ ਅਸੀਂ ਕੁਝ ਨਾ ਕੁਝ ਤਾਂ ਜ਼ਰੂਰ ਕਰ ਸਕਦੇ ਹਾਂ। ਜ਼ਿਆਦਾਤਰ ਭੈਣਾਂ-ਭਰਾਵਾਂ ਨੇ ਬਾਈਬਲ ਵਿਚ ਦਰਜ ਵਫ਼ਾਦਾਰ ਸੇਵਕਾਂ ਦੀਆਂ ਮਿਸਾਲਾਂ, ਯਿਸੂ ਦੀਆਂ ਸਿੱਖਿਆਵਾਂ ਅਤੇ ਉਸ ਦੀ ਮਿਸਾਲ ਉੱਤੇ ਗੌਰ ਕਰ ਕੇ ਕਾਮਯਾਬੀ ਨਾਲ ਸਤਾਹਟਾਂ ਸਹੀਆਂ ਹਨ। ਇਸ ਤਰ੍ਹਾਂ ਕਰਨ ਨਾਲ ਯਹੋਵਾਹ ਨਾਲ ਉਨ੍ਹਾਂ ਦਾ ਪਿਆਰ ਗੂੜ੍ਹਾ ਹੋਇਆ ਹੈ। ਇਸ ਪਿਆਰ ਕਾਰਨ ਉਨ੍ਹਾਂ ਨੂੰ ਹਰ ਤਰ੍ਹਾਂ ਦੀ ਅਜ਼ਮਾਇਸ਼ ਦਾ ਸਾਮ੍ਹਣਾ ਕਰਨ ਵਿਚ ਮਦਦ ਮਿਲੀ ਹੈ।

5 ਜ਼ਰਾ ਮਲਾਵੀ ਵਿਚ ਦੋ ਭੈਣਾਂ ਦੀ ਮਿਸਾਲ ਉੱਤੇ ਗੌਰ ਕਰੋ। ਰਾਜਨੀਤਿਕ ਪਾਰਟੀ ਕਾਰਡ ਖ਼ਰੀਦਣ ਲਈ ਮਜਬੂਰ ਕਰਦਿਆਂ ਇਕ ਹਿੰਸਕ ਸਮੂਹ ਨੇ ਉਨ੍ਹਾਂ ਨੂੰ ਮਾਰਿਆ-ਕੁੱਟਿਆ ਅਤੇ ਨੰਗਿਆਂ ਕਰ ਦਿੱਤਾ ਤੇ ਬਲਾਤਕਾਰ ਕਰਨ ਦੀ ਧਮਕੀ ਦਿੱਤੀ। ਇਸ ਸਮੂਹ ਨੇ ਉਨ੍ਹਾਂ ਨੂੰ ਝੂਠ ਦੱਸਿਆ ਕਿ ਬੈਥਲ ਪਰਿਵਾਰ ਦੇ ਮੈਂਬਰਾਂ ਨੇ ਵੀ ਪਾਰਟੀ ਕਾਰਡ ਖ਼ਰੀਦੇ ਹਨ। ਭੈਣਾਂ ਨੇ ਕੀ ਕਿਹਾ? “ਅਸੀਂ ਸਿਰਫ਼ ਯਹੋਵਾਹ ਪਰਮੇਸ਼ੁਰ ਦੀ ਸੇਵਾ ਕਰਦੀਆਂ ਹਾਂ। ਜੇ ਬ੍ਰਾਂਚ ਆਫ਼ਿਸ ਦੇ ਭਰਾਵਾਂ ਨੇ ਕਾਰਡ ਖ਼ਰੀਦੇ ਹਨ, ਤਾਂ ਸਾਨੂੰ ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ। ਅਸੀਂ ਸਮਝੌਤਾ ਨਹੀਂ ਕਰਾਂਗੀਆਂ ਭਾਵੇਂ ਤੁਸੀਂ ਸਾਨੂੰ ਜਾਨੋਂ ਹੀ ਕਿਉਂ ਨਾ ਮਾਰ ਦਿਓ!” ਦਲੇਰੀ ਨਾਲ ਚੁੱਕੇ ਇਸ ਕਦਮ ਤੋਂ ਬਾਅਦ ਭੈਣਾਂ ਨੂੰ ਛੱਡ ਦਿੱਤਾ ਗਿਆ।

6, 7. ਸਤਾਹਟਾਂ ਦਾ ਸਾਮ੍ਹਣਾ ਕਰਨ ਲਈ ਯਹੋਵਾਹ ਆਪਣੇ ਸੇਵਕਾਂ ਨੂੰ ਕਿਵੇਂ ਤਾਕਤ ਦਿੰਦਾ ਹੈ?

6 ਪੌਲੁਸ ਰਸੂਲ ਨੇ ਦੇਖਿਆ ਕਿ ਥੱਸਲੁਨੀਕਾ ਦੇ ਮਸੀਹੀਆਂ ਨੇ ‘ਵੱਡੀ ਬਿਪਤਾ ਵਿੱਚ ਪਵਿੱਤਰ ਸ਼ਕਤੀ ਦੇ ਅਨੰਦ ਨਾਲ’ ਸੱਚਾਈ ਦੇ ਸੰਦੇਸ਼ ਨੂੰ ਕਬੂਲ ਕਰ ਲਿਆ ਸੀ। (1 ਥੱਸ. 1:6) ਦਰਅਸਲ ਅਤੀਤ ਅਤੇ ਮੌਜੂਦਾ ਸਮੇਂ ਵਿਚ ਸਤਾਹਟਾਂ ਦਾ ਸਾਮ੍ਹਣਾ ਕਰਨ ਵਾਲੇ ਕਈ ਮਸੀਹੀ ਦੱਸਦੇ ਹਨ ਕਿ ਅਜ਼ਮਾਇਸ਼ਾਂ ਵੇਲੇ ਅਜਿਹੀ ਘੜੀ ਵੀ ਆਈ ਜਦੋਂ ਸਹਿਣਾ ਬਹੁਤ ਮੁਸ਼ਕਲ ਸੀ, ਪਰ ਉਦੋਂ ਉਨ੍ਹਾਂ ਨੂੰ ਮਨ ਦੀ ਸ਼ਾਂਤੀ ਮਿਲੀ ਜੋ ਕਿ ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਦੇ ਫਲ ਦਾ ਇਕ ਪਹਿਲੂ ਹੈ। (ਗਲਾ. 5:22) ਇਸ ਸ਼ਾਂਤੀ ਕਾਰਨ ਉਨ੍ਹਾਂ ਨੂੰ ਆਪਣੇ ਦਿਲਾਂ ਅਤੇ ਸੋਚਾਂ ਦੀ ਰਾਖੀ ਕਰਨ ਵਿਚ ਮਦਦ ਮਿਲੀ। ਹਾਂ, ਯਹੋਵਾਹ ਅਜ਼ਮਾਇਸ਼ਾਂ ਦਾ ਸਾਮ੍ਹਣਾ ਕਰਨ ਅਤੇ ਬਿਪਤਾ ਵੇਲੇ ਅਕਲ ਤੋਂ ਕੰਮ ਲੈਣ ਦੀ ਤਾਕਤ ਦੇਣ ਲਈ ਆਪਣੀ ਪਵਿੱਤਰ ਸ਼ਕਤੀ ਵਰਤਦਾ ਹੈ। *

7 ਦੇਖਣ ਵਾਲੇ ਹੈਰਾਨ ਰਹਿ ਗਏ ਕਿ ਡਾਢੀ ਸਤਾਹਟ ਵੇਲੇ ਵੀ ਪਰਮੇਸ਼ੁਰ ਦੇ ਲੋਕਾਂ ਨੇ ਆਪਣੀ ਵਫ਼ਾਦਾਰੀ ਬਣਾਈ ਰੱਖਣ ਦੀ ਠਾਣੀ ਹੋਈ ਸੀ। ਲੱਗਦਾ ਸੀ ਕਿ ਗਵਾਹਾਂ ਕੋਲ ਸਭ ਤੋਂ ਵੱਡੀ ਤਾਕਤ ਸੀ ਤੇ ਗੱਲ ਵੀ ਸਹੀ ਸੀ। ਪਤਰਸ ਰਸੂਲ ਸਾਨੂੰ ਭਰੋਸਾ ਦਿਵਾਉਂਦਾ ਹੈ: ‘ਜੇ ਮਸੀਹ ਦੇ ਨਾਮ ਦੇ ਕਾਰਨ ਤੁਹਾਨੂੰ ਬੋਲੀਆਂ ਵੱਜਣ ਤਾਂ ਧੰਨ ਹੋ ਇਸ ਲਈ ਜੋ ਤੇਜ ਦੀ ਅਤੇ ਪਰਮੇਸ਼ੁਰ ਦੀ ਸ਼ਕਤੀ ਤੁਹਾਡੇ ਉੱਤੇ ਠਹਿਰਦੀ ਹੈ।’ (1 ਪਤ. 4:14) ਅਸਲੀਅਤ ਤਾਂ ਇਹ ਹੈ ਕਿ ਸਾਨੂੰ ਧਰਮੀ ਮਿਆਰਾਂ ਉੱਤੇ ਚੱਲਣ ਕਰਕੇ ਸਤਾਇਆ ਜਾਂਦਾ ਹੈ ਜੋ ਇਸ ਗੱਲ ਦਾ ਸਬੂਤ ਹੈ ਕਿ ਸਾਡੇ ਉੱਤੇ ਪਰਮੇਸ਼ੁਰ ਦੀ ਮਿਹਰ ਹੈ। (ਮੱਤੀ 5:10-12; ਯੂਹੰ. 15:20) ਯਹੋਵਾਹ ਦੀ ਇਸ ਮਿਹਰ ਸਦਕਾ ਅਸੀਂ ਕਿੰਨੇ ਹੀ ਖ਼ੁਸ਼ ਹੁੰਦੇ ਹਾਂ!

ਹਾਣੀਆਂ ਦੇ ਦਬਾਅ ਦਾ ਸਾਮ੍ਹਣਾ ਕਰਨ ਲਈ ਤਾਕਤ

8. (ੳ) ਕਿਹੜੀ ਗੱਲ ਸਦਕਾ ਯਹੋਸ਼ੁਆ ਅਤੇ ਕਾਲੇਬ ਹਾਣੀਆਂ ਦੇ ਦਬਾਅ ਦਾ ਸਾਮ੍ਹਣਾ ਕਰ ਸਕੇ? (ਅ) ਯਹੋਸ਼ੁਆ ਅਤੇ ਕਾਲੇਬ ਦੀ ਮਿਸਾਲ ਤੋਂ ਅਸੀਂ ਕੀ ਸਿੱਖ ਸਕਦੇ ਹਾਂ?

8 ਮਸੀਹੀਆਂ ਦਾ ਇਕ ਹੋਰ ਗੁੱਝੇ ਤਰੀਕੇ ਨਾਲ ਵਿਰੋਧ ਹੁੰਦਾ ਹੈ, ਉਹ ਹੈ ਹਾਣੀਆਂ ਦਾ ਮਾੜਾ ਅਸਰ। ਫਿਰ ਵੀ ਯਹੋਵਾਹ ਦੀ ਸ਼ਕਤੀ ਇਸ ਦੁਨੀਆਂ ਦੇ ਰਵੱਈਏ ਨਾਲੋਂ ਕਿਤੇ ਹੀ ਅਸਰਕਾਰੀ ਹੈ। ਇਸ ਲਈ ਅਸੀਂ ਉਨ੍ਹਾਂ ਲੋਕਾਂ ਦਾ ਸਾਮ੍ਹਣਾ ਕਰ ਸਕਦੇ ਹਾਂ ਜੋ ਸਾਡਾ ਮਜ਼ਾਕ ਉਡਾਉਂਦੇ ਹਨ, ਸਾਡੇ ਬਾਰੇ ਝੂਠੀਆਂ-ਮੂਠੀਆਂ ਗੱਲਾਂ ਫੈਲਾਉਂਦੇ ਹਨ ਜਾਂ ਸਾਨੂੰ ਆਪਣੇ ਮਿਆਰਾਂ ਉੱਤੇ ਚੱਲਣ ਲਈ ਮਜਬੂਰ ਕਰਦੇ ਹਨ। ਮਿਸਾਲ ਲਈ ਕਿਹੜੀ ਗੱਲ ਸਦਕਾ ਯਹੋਸ਼ੁਆ ਅਤੇ ਕਾਲੇਬ ਦਸ ਜਾਸੂਸਾਂ ਦੀਆਂ ਗੱਲਾਂ ਨਾਲ ਸਹਿਮਤ ਨਹੀਂ ਹੋਏ ਜਿਨ੍ਹਾਂ ਨੂੰ ਕਨਾਨ ਦੇਸ਼ ਭੇਜਿਆ ਗਿਆ ਸੀ? ਪਵਿੱਤਰ ਸ਼ਕਤੀ ਨੇ ਉਨ੍ਹਾਂ ਵਿਚ ਅਲੱਗ ਤਰ੍ਹਾਂ ਦਾ “ਮਜਾਜ” ਜਾਂ ਸੋਚ ਪੈਦਾ ਕੀਤੀ ਸੀ।—ਗਿਣਤੀ 13:30; 14:6-10, 24 ਪੜ੍ਹੋ।

9. ਮਸੀਹੀਆਂ ਨੂੰ ਜ਼ਿਆਦਾਤਰ ਲੋਕਾਂ ਤੋਂ ਵੱਖਰੇ ਨਜ਼ਰ ਆਉਣ ਲਈ ਤਿਆਰ ਕਿਉਂ ਹੋਣਾ ਚਾਹੀਦਾ ਹੈ?

9 ਇਸੇ ਤਰ੍ਹਾਂ ਯਿਸੂ ਦੇ ਰਸੂਲਾਂ ਨੂੰ ਪਵਿੱਤਰ ਸ਼ਕਤੀ ਰਾਹੀਂ ਪਰਮੇਸ਼ੁਰ ਦਾ ਕਹਿਣਾ ਮੰਨਣ ਦੀ ਤਾਕਤ ਮਿਲੀ। ਉਨ੍ਹਾਂ ਨੇ ਉਨ੍ਹਾਂ ਆਦਮੀਆਂ ਦਾ ਕਹਿਣਾ ਨਹੀਂ ਮੰਨਿਆ ਜਿਨ੍ਹਾਂ ਦਾ ਲੋਕ ਸੱਚੇ ਧਰਮ ਦੇ ਸਿਖਾਉਣ ਵਾਲਿਆਂ ਵਜੋਂ ਆਦਰ ਕਰਦੇ ਸਨ। (ਰਸੂ. 4:21, 31; 5:29, 32) ਜ਼ਿਆਦਾਤਰ ਲੋਕ ਉਸੇ ਤਰ੍ਹਾਂ ਕਰਦੇ ਹਨ ਜਿਸ ਤਰ੍ਹਾਂ ਉਨ੍ਹਾਂ ਦੇ ਆਲੇ-ਦੁਆਲੇ ਦੇ ਲੋਕ ਕਰਦੇ ਹਨ ਤਾਂਕਿ ਕੋਈ ਉਨ੍ਹਾਂ ਨੂੰ ਕੁਝ ਕਹੇ ਨਾ। ਪਰ ਸੱਚੇ ਮਸੀਹੀਆਂ ਨੂੰ ਅਕਸਰ ਉਹੀ ਕੁਝ ਕਰਨਾ ਪੈਂਦਾ ਹੈ ਜੋ ਉਨ੍ਹਾਂ ਨੂੰ ਪਤਾ ਹੈ ਕਿ ਸਹੀ ਹੈ। ਫਿਰ ਵੀ ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਰਾਹੀਂ ਮਿਲਣ ਵਾਲੀ ਤਾਕਤ ਕਰਕੇ ਉਹ ਵੱਖਰੇ ਨਜ਼ਰ ਆਉਣ ਤੋਂ ਡਰਦੇ ਨਹੀਂ। (2 ਤਿਮੋ. 1:7) ਇਕ ਪਹਿਲੂ ਤੇ ਗੌਰ ਕਰੋ ਜਿਸ ਵਿਚ ਸਾਨੂੰ ਹਾਣੀਆਂ ਦੇ ਦਬਾਅ ਅੱਗੇ ਝੁਕਣਾ ਨਹੀਂ ਚਾਹੀਦਾ।

10. ਕੁਝ ਮਸੀਹੀ ਸ਼ਾਇਦ ਉਲਝਣ ਵਿਚ ਕਿਉਂ ਪੈ ਜਾਣ?

10 ਕੁਝ ਨੌਜਵਾਨ ਸ਼ਾਇਦ ਉਲਝਣ ਵਿਚ ਪੈ ਜਾਣ ਜੇ ਉਨ੍ਹਾਂ ਨੂੰ ਪਤਾ ਲੱਗ ਗਿਆ ਕਿ ਉਨ੍ਹਾਂ ਦੇ ਦੋਸਤ ਨੇ ਕੋਈ ਗ਼ਲਤ ਕੰਮ ਕੀਤਾ ਹੈ। ਉਨ੍ਹਾਂ ਨੂੰ ਸ਼ਾਇਦ ਲੱਗੇ ਕਿ ਜੇ ਉਨ੍ਹਾਂ ਨੇ ਬਜ਼ੁਰਗਾਂ ਨੂੰ ਆਪਣੇ ਦੋਸਤ ਦੀ ਮਦਦ ਕਰਨ ਬਾਰੇ ਪੁੱਛਿਆ, ਤਾਂ ਉਸ ਦਾ ਉਨ੍ਹਾਂ ਤੋਂ ਭਰੋਸਾ ਉੱਠ ਜਾਵੇਗਾ। ਇਸ ਲਈ ਉਹ ਆਪਣੇ ਦੋਸਤ ਦੇ ਵਫ਼ਾਦਾਰ ਰਹਿਣ ਲਈ ਗ਼ਲਤੀ ਬਾਰੇ ਕਿਸੇ ਨੂੰ ਦੱਸਦੇ ਨਹੀਂ। ਗ਼ਲਤੀ ਕਰਨ ਵਾਲਾ ਸ਼ਾਇਦ ਆਪਣੇ ਦੋਸਤਾਂ ਉੱਤੇ ਉਸ ਦੇ ਪਾਪ ਨੂੰ ਲੁਕਾਉਣ ਲਈ ਦਬਾਅ ਵੀ ਪਾਵੇ। ਬੇਸ਼ੱਕ ਨੌਜਵਾਨਾਂ ਲਈ ਇਹ ਕੋਈ ਨਵੀਂ ਸਮੱਸਿਆ ਨਹੀਂ ਹੈ। ਪਰ ਉਨ੍ਹਾਂ ਤੋਂ ਵੱਡੀ ਉਮਰ ਦੇ ਕੁਝ ਲੋਕਾਂ ਲਈ ਵੀ ਆਪਣੇ ਦੋਸਤ ਜਾਂ ਪਰਿਵਾਰ ਦੇ ਮੈਂਬਰ ਦੀ ਗ਼ਲਤੀ ਬਾਰੇ ਕਲੀਸਿਯਾ ਦੇ ਬਜ਼ੁਰਗਾਂ ਨੂੰ ਜਾ ਕੇ ਦੱਸਣਾ ਸ਼ਾਇਦ ਔਖਾ ਲੱਗੇ। ਪਰ ਸੱਚੇ ਮਸੀਹੀਆਂ ਨੂੰ ਇਹ ਦਬਾਅ ਆਉਣ ਤੇ ਕੀ ਕਰਨਾ ਚਾਹੀਦਾ ਹੈ?

11, 12. ਕੀ ਕਰਨਾ ਸਭ ਤੋਂ ਵਧੀਆ ਹੋਵੇਗਾ ਜੇ ਕਲੀਸਿਯਾ ਦਾ ਕੋਈ ਮੈਂਬਰ ਤੁਹਾਨੂੰ ਕਹਿੰਦਾ ਹੈ ਕਿ ਉਸ ਦੀ ਗ਼ਲਤੀ ਬਾਰੇ ਕਿਸੇ ਨੂੰ ਨਾ ਦੱਸੋ ਅਤੇ ਕਿਉਂ?

11 ਇਸ ਸਥਿਤੀ ਦੀ ਕਲਪਨਾ ਕਰੋ। ਮੰਨ ਲਓ ਕਿ ਇਕ ਨੌਜਵਾਨ ਭਰਾ ਐਲਿਕਸ ਨੂੰ ਪਤਾ ਲੱਗ ਜਾਂਦਾ ਹੈ ਕਿ ਕਲੀਸਿਯਾ ਵਿਚ ਉਸ ਦੇ ਦੋਸਤ ਸਟੀਵ ਨੂੰ ਪੋਰਨੋਗ੍ਰਾਫੀ ਦੇਖਣ ਦੀ ਆਦਤ ਹੈ। ਐਲਿਕਸ ਸਟੀਵ ਨੂੰ ਕਹਿੰਦਾ ਹੈ ਕਿ ਉਹ ਜੋ ਕੁਝ ਕਰ ਰਿਹਾ ਹੈ, ਉਸ ਦੇ ਕਾਰਨ ਉਹ ਬਹੁਤ ਚਿੰਤਿਤ ਹੈ। ਪਰ ਸਟੀਵ ਉਸ ਦੀ ਗੱਲ ਵੱਲ ਇੰਨਾ ਧਿਆਨ ਨਹੀਂ ਦਿੰਦਾ। ਜਦੋਂ ਐਲਿਕਸ ਉਸ ਨੂੰ ਕਹਿੰਦਾ ਹੈ ਕਿ ਇਸ ਬਾਰੇ ਉਹ ਬਜ਼ੁਰਗਾਂ ਨਾਲ ਗੱਲ ਕਰੇ, ਤਾਂ ਸਟੀਵ ਕਹਿੰਦਾ ਹੈ ਕਿ ਜੇ ਉਹ ਸੱਚ-ਮੁੱਚ ਦੋਸਤ ਹਨ ਤਾਂ ਐਲਿਕਸ ਉਸ ਬਾਰੇ ਕੁਝ ਨਹੀਂ ਦੱਸੇਗਾ। ਕੀ ਐਲਿਕਸ ਨੂੰ ਡਰਨਾ ਚਾਹੀਦਾ ਹੈ ਕਿ ਉਹ ਆਪਣਾ ਦੋਸਤ ਗੁਆ ਬੈਠੇਗਾ? ਉਹ ਸ਼ਾਇਦ ਸੋਚੇ ਕਿ ਬਜ਼ੁਰਗ ਕਿਸ ’ਤੇ ਵਿਸ਼ਵਾਸ ਕਰਨਗੇ ਜੇ ਸਟੀਵ ਨੇ ਆਪਣੀ ਗ਼ਲਤੀ ਨਾ ਮੰਨੀ। ਫਿਰ ਵੀ ਸਥਿਤੀ ਸੁਧਰਨ ਵਾਲੀ ਨਹੀਂ ਹੈ ਜੇ ਐਲਿਕਸ ਇਸ ਬਾਰੇ ਚੁੱਪ ਰਿਹਾ। ਦਰਅਸਲ ਇਸ ਕਾਰਨ ਸਟੀਵ ਦਾ ਯਹੋਵਾਹ ਨਾਲ ਰਿਸ਼ਤਾ ਵਿਗੜ ਸਕਦਾ ਹੈ। ਇਸ ਲਈ ਚੰਗਾ ਹੋਵੇਗਾ ਜੇ ਐਲਿਕਸ ਚੇਤੇ ਕਰੇ ਕਿ “ਮਨੁੱਖ ਦਾ ਭੈ ਫਾਹੀ ਲਿਆਉਂਦਾ ਹੈ, ਪਰ ਜਿਹੜਾ ਯਹੋਵਾਹ ਉੱਤੇ ਭਰੋਸਾ ਰੱਖਦਾ ਹੈ ਉਹ ਸੁਖ ਸਾਂਦ ਨਾਲ ਰਹੇਗਾ।” (ਕਹਾ. 29:25) ਐਲਿਕਸ ਹੋਰ ਕੀ ਕਰ ਸਕਦਾ ਹੈ? ਉਹ ਸ਼ਾਇਦ ਪਿਆਰ ਨਾਲ ਦੁਬਾਰਾ ਸਟੀਵ ਕੋਲ ਜਾ ਸਕਦਾ ਹੈ ਅਤੇ ਉਸ ਦੇ ਨਾਲ ਉਸ ਦੀ ਸਮੱਸਿਆ ਬਾਰੇ ਗੱਲ ਕਰ ਸਕਦਾ ਹੈ। ਇਸ ਦੇ ਲਈ ਉਸ ਨੂੰ ਹਿੰਮਤ ਦੀ ਲੋੜ ਪਵੇਗੀ। ਪਰ ਹੋ ਸਕਦਾ ਹੈ ਕਿ ਇਸ ਵਾਰੀ ਸਟੀਵ ਆਪਣੀ ਸਮੱਸਿਆ ਬਾਰੇ ਗੱਲ ਕਰਨ ਲਈ ਤਿਆਰ ਹੋ ਜਾਵੇ। ਐਲਿਕਸ ਨੂੰ ਦੁਬਾਰਾ ਸਟੀਵ ਨੂੰ ਬਜ਼ੁਰਗਾਂ ਨਾਲ ਗੱਲ ਕਰਨ ਦੀ ਹੱਲਾਸ਼ੇਰੀ ਦੇਣੀ ਚਾਹੀਦੀ ਹੈ ਅਤੇ ਕਹਿਣਾ ਚਾਹੀਦਾ ਹੈ ਕਿ ਜੇ ਉਹ ਨਿਰਧਾਰਿਤ ਸਮੇਂ ਦੇ ਅੰਦਰ-ਅੰਦਰ ਨਹੀਂ ਦੱਸਦਾ, ਤਾਂ ਫਿਰ ਐਲਿਕਸ ਬਜ਼ੁਰਗਾਂ ਨੂੰ ਸਮੱਸਿਆ ਬਾਰੇ ਦੱਸ ਦੇਵੇਗਾ।—ਲੇਵੀ. 5:1.

12 ਜੇ ਤੁਹਾਨੂੰ ਇਸ ਤਰ੍ਹਾਂ ਦੀ ਸਥਿਤੀ ਨਾਲ ਸਿੱਝਣਾ ਪਵੇ, ਤਾਂ ਹੋ ਸਕਦਾ ਹੈ ਕਿ ਤੁਹਾਡਾ ਦੋਸਤ ਪਹਿਲਾਂ-ਪਹਿਲ ਉਸ ਦੀ ਮਦਦ ਵਾਸਤੇ ਕੀਤੇ ਤੁਹਾਡੇ ਜਤਨਾਂ ਲਈ ਸ਼ੁਕਰਗੁਜ਼ਾਰ ਨਾ ਹੋਵੇ। ਪਰ ਸਮੇਂ ਦੇ ਬੀਤਣ ਨਾਲ ਉਸ ਨੂੰ ਸ਼ਾਇਦ ਅਹਿਸਾਸ ਹੋਵੇ ਕਿ ਤੁਸੀਂ ਉਸ ਦੇ ਭਲੇ ਲਈ ਹੀ ਸਭ ਕਰ ਰਹੇ ਹੋ। ਜੇ ਗ਼ਲਤੀ ਕਰਨ ਵਾਲਾ ਮਦਦ ਨੂੰ ਸਵੀਕਾਰ ਕਰਦਾ ਹੈ, ਤਾਂ ਉਹ ਸ਼ਾਇਦ ਤੁਹਾਡੀ ਹਿੰਮਤ ਅਤੇ ਵਫ਼ਾਦਾਰੀ ਲਈ ਹਮੇਸ਼ਾ ਸ਼ੁਕਰਗੁਜ਼ਾਰ ਹੋਵੇ। ਦੂਜੇ ਪਾਸੇ ਜੇ ਉਹ ਤੁਹਾਡੇ ਨਾਲ ਗੁੱਸੇ ਰਹਿਣ ਲੱਗ ਪੈਂਦਾ ਹੈ, ਤਾਂ ਕੀ ਉਹ ਅਜਿਹਾ ਦੋਸਤ ਹੈ ਜੋ ਤੁਸੀਂ ਚਾਹੁੰਦੇ ਹੋ? ਆਪਣੇ ਸਭ ਤੋਂ ਵੱਡੇ ਦੋਸਤ ਯਹੋਵਾਹ ਨੂੰ ਖ਼ੁਸ਼ ਕਰਨਾ ਹਮੇਸ਼ਾ ਚੰਗੀ ਗੱਲ ਹੈ। ਜਦੋਂ ਅਸੀਂ ਉਸ ਨੂੰ ਪਹਿਲੀ ਥਾਂ ਤੇ ਰੱਖਦੇ ਹਾਂ, ਤਾਂ ਉਸ ਨੂੰ ਪਿਆਰ ਕਰਨ ਵਾਲੇ ਦੂਸਰੇ ਭੈਣ-ਭਰਾ ਸਾਡੀ ਵਫ਼ਾਦਾਰੀ ਕਾਰਨ ਸਾਡਾ ਆਦਰ ਕਰਨਗੇ ਅਤੇ ਸਾਡੇ ਸੱਚੇ ਦੋਸਤ ਬਣਨਗੇ। ਸਾਨੂੰ ਕਦੇ ਵੀ ਮਸੀਹੀ ਕਲੀਸਿਯਾ ਵਿਚ ਸ਼ਤਾਨ ਨੂੰ ਜਗ੍ਹਾ ਨਹੀਂ ਦੇਣੀ ਚਾਹੀਦੀ। ਜੇ ਅਸੀਂ ਜਗ੍ਹਾ ਦਿੰਦੇ ਹਾਂ, ਤਾਂ ਅਸੀਂ ਪਵਿੱਤਰ ਸ਼ਕਤੀ ਦੀ ਸੇਧ ਦੇ ਖ਼ਿਲਾਫ਼ ਜਾ ਕੇ ਯਹੋਵਾਹ ਨੂੰ ਦੁਖੀ ਕਰਾਂਗੇ। ਪਰ ਅਸੀਂ ਮਸੀਹੀ ਕਲੀਸਿਯਾ ਨੂੰ ਸ਼ੁੱਧ ਰੱਖਣ ਲਈ ਮਿਹਨਤ ਕਰਨ ਦੁਆਰਾ ਪਵਿੱਤਰ ਸ਼ਕਤੀ ਦੀ ਸੇਧ ਅਨੁਸਾਰ ਚੱਲਦੇ ਹਾਂ।—ਅਫ਼. 4:27, 30.

ਹਰ ਤਰ੍ਹਾਂ ਦੀ ਬਿਪਤਾ ਸਹਿਣ ਦੀ ਤਾਕਤ

13. ਯਹੋਵਾਹ ਦੇ ਲੋਕ ਕਿਸ ਤਰ੍ਹਾਂ ਦੀਆਂ ਬਿਪਤਾਵਾਂ ਦਾ ਸਾਮ੍ਹਣਾ ਕਰ ਰਹੇ ਹਨ ਅਤੇ ਇਹ ਇੰਨੀਆਂ ਆਮ ਕਿਉਂ ਹਨ?

13 ਬਿਪਤਾ ਕਿਸੇ ਵੀ ਰੂਪ ਵਿਚ ਆ ਸਕਦੀ ਹੈ ਜਿਵੇਂ ਪੈਸੇ ਦੀ ਤੰਗੀ, ਨੌਕਰੀ ਛੁੱਟ ਜਾਣੀ, ਕੁਦਰਤੀ ਆਫ਼ਤ, ਕਿਸੇ ਅਜ਼ੀਜ਼ ਦੀ ਮੌਤ, ਸਿਹਤ ਖ਼ਰਾਬ ਹੋ ਜਾਣੀ ਵਗੈਰਾ-ਵਗੈਰਾ। ਅਸੀਂ ‘ਭੈੜੇ ਸਮਿਆਂ’ ਵਿਚ ਰਹਿ ਰਹੇ ਹਾਂ, ਇਸ ਲਈ ਕਦੇ ਨਾ ਕਦੇ ਸਾਨੂੰ ਸਾਰਿਆਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਦੀ ਅਜ਼ਮਾਇਸ਼ ਦਾ ਸਾਮ੍ਹਣਾ ਕਰਨਾ ਪਵੇਗਾ। (2 ਤਿਮੋ. 3:1) ਇਸ ਤਰ੍ਹਾਂ ਹੋਣ ਤੇ ਜ਼ਰੂਰੀ ਹੈ ਕਿ ਅਸੀਂ ਭੈਭੀਤ ਨਾ ਹੋਈਏ। ਪਵਿੱਤਰ ਸ਼ਕਤੀ ਸਾਨੂੰ ਕਿਸੇ ਵੀ ਤਰ੍ਹਾਂ ਦੀ ਬਿਪਤਾ ਨਾਲ ਸਿੱਝਣ ਦੀ ਤਾਕਤ ਦੇ ਸਕਦੀ ਹੈ।

14. ਬਿਪਤਾਵਾਂ ਦਾ ਸਾਮ੍ਹਣਾ ਕਰਨ ਲਈ ਅੱਯੂਬ ਨੂੰ ਤਾਕਤ ਕਿੱਥੋਂ ਮਿਲੀ?

14 ਅੱਯੂਬ ਉੱਤੇ ਇਕ ਤੋਂ ਬਾਅਦ ਇਕ ਬਿਪਤਾਵਾਂ ਆਈਆਂ। ਉਸ ਦਾ ਮਾਲ-ਧਨ ਤਬਾਹ ਹੋ ਗਿਆ, ਬੱਚਿਆਂ ਨੂੰ ਮੌਤ ਨਿਗਲ ਗਈ, ਦੋਸਤ ਛੱਡ ਕੇ ਚਲੇ ਗਏ, ਉਸ ਦੀ ਸਿਹਤ ਵਿਗੜ ਗਈ ਅਤੇ ਉਸ ਦੀ ਪਤਨੀ ਦਾ ਯਹੋਵਾਹ ਉੱਤੋਂ ਭਰੋਸਾ ਉੱਠ ਗਿਆ। (ਅੱਯੂ. 1:13-19; 2:7-9) ਫਿਰ ਵੀ ਅੱਯੂਬ ਨੂੰ ਅਲੀਹੂ ਤੋਂ ਸੱਚਾ ਦਿਲਾਸਾ ਮਿਲਿਆ। ਉਸ ਦੀਆਂ ਅਤੇ ਯਹੋਵਾਹ ਦੀਆਂ ਅੱਯੂਬ ਨੂੰ ਕਹੀਆਂ ਗੱਲਾਂ ਦਾ ਸਾਰ ਇਹ ਸੀ: “ਖੜਾ ਹੋ ਅਤੇ ਪਰਮੇਸ਼ੁਰ ਦੇ ਅਚੰਭਿਆਂ ਨੂੰ ਗੌਹ ਨਾਲ ਸੋਚ!” (ਅੱਯੂ. 37:14) ਅੱਯੂਬ ਕਿਸ ਗੱਲ ਦੀ ਮਦਦ ਨਾਲ ਅਜ਼ਮਾਇਸ਼ਾਂ ਸਹਿ ਸਕਿਆ? ਅਤੇ ਅਸੀਂ ਕਿਸ ਗੱਲ ਦੀ ਮਦਦ ਨਾਲ ਸਹਿ ਸਕਦੇ ਹਾਂ? ਅਸੀਂ ਯਹੋਵਾਹ ਦੀ ਪਵਿੱਤਰ ਸ਼ਕਤੀ ਅਤੇ ਤਾਕਤ ਦਾ ਸਬੂਤ ਦੇਣ ਵਾਲੇ ਵੱਖੋ-ਵੱਖਰੇ ਕੰਮਾਂ ਨੂੰ ਚੇਤੇ ਕਰ ਸਕਦੇ ਹਾਂ ਅਤੇ ਉਨ੍ਹਾਂ ਉੱਤੇ ਸੋਚ-ਵਿਚਾਰ ਕਰ ਸਕਦੇ ਹਾਂ। (ਅੱਯੂ. 38:1-41; 42:1, 2) ਸ਼ਾਇਦ ਅਸੀਂ ਆਪਣੀ ਜ਼ਿੰਦਗੀ ਵਿਚ ਉਨ੍ਹਾਂ ਸਮਿਆਂ ਨੂੰ ਯਾਦ ਕਰ ਸਕਦੇ ਹਾਂ ਜਦੋਂ ਅਸੀਂ ਇਸ ਗੱਲ ਦਾ ਸਬੂਤ ਦੇਖਿਆ ਕਿ ਯਹੋਵਾਹ ਸਾਡੇ ਵਿਚ ਦਿਲਚਸਪੀ ਲੈਂਦਾ ਹੈ। ਉਹ ਹਾਲੇ ਵੀ ਸਾਡੇ ਵਿਚ ਰੁਚੀ ਰੱਖਦਾ ਹੈ।

15. ਅਜ਼ਮਾਇਸ਼ਾਂ ਦਾ ਸਾਮ੍ਹਣਾ ਕਰਨ ਲਈ ਪੌਲੁਸ ਰਸੂਲ ਨੂੰ ਤਾਕਤ ਕਿੱਥੋਂ ਮਿਲੀ?

15 ਪੌਲੁਸ ਰਸੂਲ ਨੇ ਨਿਹਚਾ ਦੀ ਖ਼ਾਤਰ ਕਈ ਬਿਪਤਾਵਾਂ ਦਾ ਸਾਮ੍ਹਣਾ ਕੀਤਾ ਜਿਨ੍ਹਾਂ ਕਾਰਨ ਉਸ ਦੀ ਜਾਨ ਵੀ ਜਾ ਸਕਦੀ ਸੀ। (2 ਕੁਰਿੰ. 11:23-28) ਉਨ੍ਹਾਂ ਮੁਸ਼ਕਲ ਹਾਲਾਤਾਂ ਵਿਚ ਕਿਵੇਂ ਉਹ ਸੰਤੁਲਨ ਬਣਾ ਕੇ ਰੱਖ ਸਕਿਆ ਅਤੇ ਜਜ਼ਬਾਤੀ ਤੌਰ ਤੇ ਮਜ਼ਬੂਤ ਰਿਹਾ? ਉਸ ਨੇ ਪ੍ਰਾਰਥਨਾ ਕੀਤੀ ਅਤੇ ਯਹੋਵਾਹ ਉੱਤੇ ਭਰੋਸਾ ਰੱਖਿਆ। ਪਰੀਖਿਆ ਦੀ ਘੜੀ ਦੌਰਾਨ, ਜੋ ਉਸ ਨੂੰ ਸ਼ਹੀਦ ਕੀਤੇ ਜਾਣ ਵੇਲੇ ਖ਼ਤਮ ਹੋਈ, ਪੌਲੁਸ ਨੇ ਲਿਖਿਆ: “ਪ੍ਰਭੁ ਮੇਰੇ ਅੰਗ ਸੰਗ ਖਲੋਤਾ ਅਤੇ ਮੈਨੂੰ ਤਕੜਿਆਂ ਕੀਤਾ ਭਈ ਮੇਰੇ ਰਾਹੀਂ ਪਰਚਾਰ ਪੂਰਾ ਕੀਤਾ ਜਾਵੇ ਅਤੇ ਪਰਾਈਆਂ ਕੌਮਾਂ ਸੱਭੇ ਸੁਣਨ, ਅਤੇ ਮੈਂ ਬਬਰ ਸ਼ੇਰ ਦੇ ਮੂੰਹੋਂ ਛੁਡਾਇਆ ਗਿਆ।” (2 ਤਿਮੋ. 4:17) ਇਸ ਲਈ ਆਪਣੇ ਤਜਰਬੇ ਤੋਂ ਪੌਲੁਸ ਆਪਣੇ ਭੈਣਾਂ-ਭਰਾਵਾਂ ਨੂੰ ਯਕੀਨ ਦਿਵਾ ਸਕਿਆ ਕਿ ਉਨ੍ਹਾਂ ਨੂੰ “ਕਿਸੇ ਗੱਲ ਦੀ ਚਿੰਤਾ” ਕਰਨ ਦੀ ਲੋੜ ਨਹੀਂ ਸੀ।—ਫ਼ਿਲਿੱਪੀਆਂ 4:6, 7, 13 ਪੜ੍ਹੋ।

16, 17. ਮਿਸਾਲ ਦੇ ਕੇ ਦੱਸੋ ਕਿ ਯਹੋਵਾਹ ਅੱਜ ਆਪਣੇ ਲੋਕਾਂ ਦੀ ਕਿਵੇਂ ਮਦਦ ਕਰਦਾ ਹੈ ਤਾਂਕਿ ਉਹ ਬਿਪਤਾਵਾਂ ਨਾਲ ਸਿੱਝ ਸਕਣ।

16 ਰੌਕਸਾਨਾ ਨਾਂ ਦੀ ਪਾਇਨੀਅਰ ਨੇ ਦੇਖਿਆ ਹੈ ਕਿ ਯਹੋਵਾਹ ਆਪਣੇ ਲੋਕਾਂ ਦੀ ਦੇਖ-ਭਾਲ ਕਰਦਾ ਹੈ। ਜਦੋਂ ਉਸ ਨੇ ਆਪਣੇ ਮਾਲਕ ਤੋਂ ਸੰਮੇਲਨ ਵਾਸਤੇ ਕੁਝ ਦਿਨਾਂ ਦੀ ਛੁੱਟੀ ਮੰਗੀ, ਤਾਂ ਮਾਲਕ ਨੇ ਗੁੱਸੇ ਹੋ ਕੇ ਕਿਹਾ ਕਿ ਜੇ ਉਹ ਗਈ, ਤਾਂ ਉਹ ਉਸ ਨੂੰ ਨੌਕਰੀ ਤੋਂ ਕੱਢ ਦੇਵੇਗਾ। ਰੌਕਸਾਨਾ ਫਿਰ ਵੀ ਸੰਮੇਲਨ ਤੇ ਚਲੀ ਗਈ ਅਤੇ ਇਸ ਭਰੋਸੇ ਨਾਲ ਪ੍ਰਾਰਥਨਾ ਕੀਤੀ ਕਿ ਸ਼ਾਇਦ ਉਸ ਦੀ ਨੌਕਰੀ ਬਚ ਜਾਵੇ। ਪ੍ਰਾਰਥਨਾ ਕਰਨ ਤੋਂ ਬਾਅਦ ਉਸ ਨੂੰ ਮਨ ਦੀ ਸ਼ਾਂਤੀ ਮਿਲੀ। ਸੰਮੇਲਨ ਤੋਂ ਬਾਅਦ ਸੋਮਵਾਰ ਨੂੰ ਮਾਲਕ ਨੇ ਆਪਣੇ ਕਹੇ ਅਨੁਸਾਰ ਉਸ ਨੂੰ ਨੌਕਰੀ ਤੋਂ ਕੱਢ ਦਿੱਤਾ। ਰੌਕਸਾਨਾ ਫ਼ਿਕਰਾਂ ਵਿਚ ਪੈ ਗਈ। ਭਾਵੇਂ ਉਸ ਨੂੰ ਥੋੜ੍ਹੇ ਪੈਸੇ ਮਿਲਦੇ ਸਨ, ਫਿਰ ਵੀ ਉਸ ਨੂੰ ਇਹ ਨੌਕਰੀ ਚਾਹੀਦੀ ਸੀ ਤਾਂਕਿ ਉਹ ਆਪਣੇ ਪਰਿਵਾਰ ਦਾ ਗੁਜ਼ਾਰਾ ਤੋਰ ਸਕੇ। ਉਸ ਨੇ ਫਿਰ ਪ੍ਰਾਰਥਨਾ ਕੀਤੀ ਤੇ ਸੋਚਿਆ ਕਿ ਪਰਮੇਸ਼ੁਰ ਨੇ ਉਸ ਨੂੰ ਸੰਮੇਲਨ ਵਿਚ ਗਿਆਨ ਅਤੇ ਹੌਸਲਾ ਦਿੱਤਾ ਹੈ, ਇਸ ਲਈ ਉਹ ਉਸ ਦੀਆਂ ਭੌਤਿਕ ਲੋੜਾਂ ਵੀ ਪੂਰੀਆਂ ਕਰ ਸਕਦਾ ਹੈ। ਘਰ ਜਾਂਦੇ ਸਮੇਂ ਰੌਕਸਾਨਾ ਨੇ ਇਕ ਬੋਰਡ ਉੱਤੇ ਪੜ੍ਹਿਆ, ਇੰਡਸਟਰੀਅਲ ਸਿਲਾਈ ਮਸ਼ੀਨਾਂ ਚਲਾਉਣ ਵਾਲੇ “ਕਾਮਿਆਂ ਦੀ ਲੋੜ।” ਉਸ ਨੇ ਇਸ ਨੌਕਰੀ ਵਾਸਤੇ ਅਪਲਾਈ ਕੀਤਾ। ਮੈਨੇਜਰ ਨੂੰ ਪਤਾ ਲੱਗਾ ਕਿ ਰੌਕਸਾਨਾ ਨੂੰ ਇਸ ਕੰਮ ਦਾ ਕੋਈ ਤਜਰਬਾ ਨਹੀਂ ਸੀ, ਪਰ ਫਿਰ ਵੀ ਉਸ ਨੇ ਉਸ ਨੂੰ ਨੌਕਰੀ ਉੱਤੇ ਰੱਖ ਲਿਆ। ਇਸ ਨੌਕਰੀ ਤੋਂ ਉਸ ਨੂੰ ਲਗਭਗ ਪਹਿਲਾਂ ਨਾਲੋਂ ਦੁਗਣੀ ਤਨਖ਼ਾਹ ਮਿਲਦੀ ਸੀ। ਰੌਕਸਾਨਾ ਨੂੰ ਲੱਗਾ ਕਿ ਉਸ ਦੀਆਂ ਪ੍ਰਾਰਥਨਾਵਾਂ ਦਾ ਜਵਾਬ ਮਿਲ ਹੀ ਗਿਆ। ਪਰ ਸਭ ਤੋਂ ਵੱਡੀ ਬਰਕਤ ਇਹ ਸੀ ਕਿ ਉਹ ਆਪਣੇ ਨਾਲ ਕੰਮ ਕਰਨ ਵਾਲਿਆਂ ਨੂੰ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰ ਸਕੀ। ਉਨ੍ਹਾਂ ਵਿੱਚੋਂ ਪੰਜ ਜਣਿਆਂ ਨੇ ਸੱਚਾਈ ਸਵੀਕਾਰ ਕਰ ਕੇ ਬਪਤਿਸਮਾ ਲੈ ਲਿਆ ਜਿਨ੍ਹਾਂ ਵਿੱਚੋਂ ਇਕ ਉਸ ਦਾ ਮੈਨੇਜਰ ਸੀ।

17 ਕਦੇ-ਕਦੇ ਲੱਗਦਾ ਹੈ ਕਿ ਸਾਡੀਆਂ ਪ੍ਰਾਰਥਨਾਵਾਂ ਦਾ ਤੁਰੰਤ ਜਵਾਬ ਨਹੀਂ ਮਿਲ ਰਿਹਾ ਜਾਂ ਉਸੇ ਤਰੀਕੇ ਨਾਲ ਨਹੀਂ ਮਿਲ ਰਿਹਾ ਜਿੱਦਾਂ ਅਸੀਂ ਸੋਚਦੇ ਹਾਂ। ਜੇ ਇੱਦਾਂ ਹੈ, ਤਾਂ ਕੋਈ ਸ਼ੱਕ ਨਹੀਂ ਕਿ ਇਸ ਦੇ ਪਿੱਛੇ ਚੰਗਾ ਕਾਰਨ ਵੀ ਹੋਵੇਗਾ। ਯਹੋਵਾਹ ਇਸ ਕਾਰਨ ਨੂੰ ਜਾਣਦਾ ਹੈ ਜੋ ਸ਼ਾਇਦ ਸਾਨੂੰ ਭਵਿੱਖ ਵਿਚ ਪਤਾ ਲੱਗੇ। ਇਕ ਗੱਲ ਉੱਤੇ ਅਸੀਂ ਜ਼ਰੂਰ ਯਕੀਨ ਕਰ ਸਕਦੇ ਹਾਂ ਕਿ ਪਰਮੇਸ਼ੁਰ ਆਪਣੇ ਵਫ਼ਾਦਾਰਾਂ ਨੂੰ ਕਦੇ ਨਹੀਂ ਛੱਡਦਾ।—ਇਬ. 6:10.

ਅਜ਼ਮਾਇਸ਼ਾਂ ਅਤੇ ਪਰਤਾਵਿਆਂ ਦਾ ਸਾਮ੍ਹਣਾ ਕਰਨ ਦੀ ਤਾਕਤ

18, 19. (ੳ) ਅਸੀਂ ਅਜ਼ਮਾਇਸ਼ਾਂ ਅਤੇ ਪਰਤਾਵਿਆਂ ਦੀ ਉਮੀਦ ਕਿਉਂ ਰੱਖ ਸਕਦੇ ਹਾਂ? (ਅ) ਤੁਸੀਂ ਸਫ਼ਲਤਾ ਨਾਲ ਅਜ਼ਮਾਇਸ਼ਾਂ ਦਾ ਸਾਮ੍ਹਣਾ ਕਿਵੇਂ ਕਰ ਸਕਦੇ ਹੋ?

18 ਯਹੋਵਾਹ ਦੇ ਲੋਕ ਹੈਰਾਨ ਨਹੀਂ ਹੁੰਦੇ ਜਦੋਂ ਉਨ੍ਹਾਂ ’ਤੇ ਪਰਤਾਵੇ, ਨਿਰਾਸ਼ਾ, ਸਤਾਹਟਾਂ ਅਤੇ ਹਾਣੀਆਂ ਦਾ ਦਬਾਅ ਆਉਂਦਾ ਹੈ। ਦੁਨੀਆਂ ਸਾਡੇ ਨਾਲ ਨਫ਼ਰਤ ਕਰਦੀ ਹੈ। (ਯੂਹੰ. 15:17-19) ਫਿਰ ਵੀ ਪਵਿੱਤਰ ਸ਼ਕਤੀ ਕਿਸੇ ਵੀ ਚੁਣੌਤੀ ਦਾ ਸਾਮ੍ਹਣਾ ਕਰਨ ਵਿਚ ਸਾਡੀ ਮਦਦ ਕਰ ਸਕਦੀ ਹੈ ਜੋ ਪਰਮੇਸ਼ੁਰ ਦੀ ਭਗਤੀ ਕਰਦਿਆਂ ਸਾਨੂੰ ਆ ਸਕਦੀ ਹੈ। ਯਹੋਵਾਹ ਸਾਡੇ ਉੱਤੇ ਅਜਿਹਾ ਕੋਈ ਪਰਤਾਵਾ ਨਹੀਂ ਆਉਣ ਦੇਵੇਗਾ ਜੋ ਸਾਡੇ ਤੋਂ ਝੱਲਿਆ ਨਾ ਜਾ ਸਕੇ। (1 ਕੁਰਿੰ. 10:13) ਉਹ ਸਾਨੂੰ ਕਦੇ ਵੀ ਤਿਆਗੇਗਾ ਨਹੀਂ। (ਇਬ. 13:5) ਜੇ ਅਸੀਂ ਉਸ ਦੇ ਬਚਨ ਦੀ ਪਾਲਣਾ ਕਰਦੇ ਹਾਂ, ਤਾਂ ਸਾਡੀ ਰਾਖੀ ਹੋਵੇਗੀ ਤੇ ਅਸੀਂ ਮਜ਼ਬੂਤ ਹੋਵਾਂਗੇ। ਇਸ ਤੋਂ ਇਲਾਵਾ, ਪਰਮੇਸ਼ੁਰ ਦੀ ਸ਼ਕਤੀ ਭੈਣਾਂ-ਭਰਾਵਾਂ ਨੂੰ ਸਾਡੀ ਮਦਦ ਕਰਨ ਲਈ ਪ੍ਰੇਰ ਸਕਦੀ ਹੈ ਜਦੋਂ ਸਾਨੂੰ ਇਸ ਦੀ ਸਭ ਤੋਂ ਜ਼ਿਆਦਾ ਲੋੜ ਪੈਂਦੀ ਹੈ।

19 ਇਸ ਲਈ ਆਓ ਆਪਾਂ ਸਾਰੇ ਪ੍ਰਾਰਥਨਾ ਅਤੇ ਬਾਈਬਲ ਦਾ ਅਧਿਐਨ ਕਰਨ ਦੇ ਜ਼ਰੀਏ ਪਵਿੱਤਰ ਸ਼ਕਤੀ ਦੀ ਮੰਗ ਕਰਦੇ ਰਹੀਏ। ਆਓ ਆਪਾਂ ‘ਪਰਮੇਸ਼ੁਰ ਦੀ ਮਹਿਮਾ ਦੀ ਸ਼ਕਤੀ ਦੇ ਅਨੁਸਾਰ ਸਾਰੀ ਸਮਰੱਥਾ ਨਾਲ ਸਮਰਥ ਹੋ ਜਾਈਏ ਤਾਂ ਜੋ ਅਸੀਂ ਅਨੰਦ ਨਾਲ ਪੂਰਾ ਸਹਾਰਾ ਅਤੇ ਧੀਰਜ ਕਰੀਏ।’—ਕੁਲੁ. 1:11.

[ਫੁਟਨੋਟ]

ਤੁਸੀਂ ਕਿਵੇਂ ਜਵਾਬ ਦਿਓਗੇ?

• ਸਤਾਹਟਾਂ ਦਾ ਸਾਮ੍ਹਣਾ ਕਰਨ ਲਈ ਤੁਸੀਂ ਕਿਵੇਂ ਤਿਆਰ ਰਹਿ ਸਕਦੇ ਹੋ?

• ਤੁਹਾਨੂੰ ਕੀ ਕਰਨਾ ਚਾਹੀਦਾ ਹੈ ਜਦੋਂ ਕੋਈ ਤੁਹਾਨੂੰ ਉਸ ਦੇ ਗ਼ਲਤ ਕੰਮ ਬਾਰੇ ਨਾ ਦੱਸਣ ਲਈ ਕਹਿੰਦਾ ਹੈ?

• ਤੁਸੀਂ ਕਿਸ ਭਰੋਸੇ ਨਾਲ ਕਿਸੇ ਵੀ ਬਿਪਤਾ ਦਾ ਸਾਮ੍ਹਣਾ ਕਰ ਸਕਦੇ ਹੋ?

[ਸਵਾਲ]

[ਸਫ਼ਾ 28 ਉੱਤੇ ਤਸਵੀਰ]

ਯਹੋਸ਼ੁਆ ਅਤੇ ਕਾਲੇਬ ਤੋਂ ਅਸੀਂ ਕੀ ਸਿੱਖ ਸਕਦੇ ਹਾਂ?

[ਸਫ਼ਾ 29 ਉੱਤੇ ਤਸਵੀਰ]

ਤੁਸੀਂ ਉਸ ਦੋਸਤ ਦੀ ਕਿਵੇਂ ਮਦਦ ਕਰ ਸਕਦੇ ਹੋ ਜਿਸ ਨੇ ਕੋਈ ਗ਼ਲਤ ਕੰਮ ਕੀਤਾ ਹੈ?