Skip to content

Skip to table of contents

ਪਰਮੇਸ਼ੁਰ ਤੋਂ ਮਿਲੀ ਵਿਆਹ ਦੀ ਦਾਤ ਦੀ ਕਦਰ ਕਰੋ

ਪਰਮੇਸ਼ੁਰ ਤੋਂ ਮਿਲੀ ਵਿਆਹ ਦੀ ਦਾਤ ਦੀ ਕਦਰ ਕਰੋ

ਪਰਮੇਸ਼ੁਰ ਤੋਂ ਮਿਲੀ ਵਿਆਹ ਦੀ ਦਾਤ ਦੀ ਕਦਰ ਕਰੋ

“ਸੋ ਮਰਦ ਆਪਣੇ ਮਾਪੇ ਛੱਡਕੇ ਆਪਣੀ ਤੀਵੀਂ ਨਾਲ ਮਿਲਿਆ ਰਹੇਗਾ ਅਤੇ ਓਹ ਇੱਕ ਸਰੀਰ ਹੋਣਗੇ।”—ਉਤ. 2:24.

1. ਸਾਨੂੰ ਯਹੋਵਾਹ ਦਾ ਆਦਰ ਕਿਉਂ ਕਰਨਾ ਚਾਹੀਦਾ ਹੈ?

ਯਹੋਵਾਹ ਪਰਮੇਸ਼ੁਰ ਨੇ ਵਿਆਹ ਦੀ ਸ਼ੁਰੂਆਤ ਕੀਤੀ ਹੈ ਜਿਸ ਕਰਕੇ ਸਾਨੂੰ ਉਸ ਦਾ ਆਦਰ ਕਰਨਾ ਚਾਹੀਦਾ ਹੈ। ਉਸ ਨੂੰ ‘ਹਰੇਕ ਚੰਗੇ ਦਾਨ ਅਤੇ ਹਰੇਕ ਪੂਰਨ ਦਾਤ’ ਦਾ ਦਾਤਾ ਕਿਹਾ ਗਿਆ ਹੈ ਕਿਉਂਕਿ ਉਹ ਸਾਡਾ ਸਿਰਜਣਹਾਰ, ਮਾਲਕ ਅਤੇ ਸਵਰਗੀ ਪਿਤਾ ਹੈ। (ਯਾਕੂ. 1:17; ਪਰ. 4:11) ਇਹ ਉਸ ਦੇ ਡੂੰਘੇ ਪਿਆਰ ਦਾ ਸਬੂਤ ਹੈ। (1 ਯੂਹੰ. 4:8) ਉਸ ਨੇ ਸਾਨੂੰ ਜੋ ਕੁਝ ਸਿਖਾਇਆ ਹੈ, ਜੋ ਕੁਝ ਸਾਨੂੰ ਕਰਨ ਲਈ ਕਿਹਾ ਹੈ ਅਤੇ ਜੋ ਕੁਝ ਸਾਨੂੰ ਦਿੱਤਾ ਹੈ, ਉਹ ਸਾਡੇ ਹੀ ਭਲੇ ਅਤੇ ਫ਼ਾਇਦੇ ਲਈ ਹੈ।—ਯਸਾ. 48:17.

2. ਯਹੋਵਾਹ ਨੇ ਪਹਿਲੇ ਵਿਆਹੁਤਾ ਜੋੜੇ ਨੂੰ ਕਿਹੜੀਆਂ ਹਿਦਾਇਤਾਂ ਦਿੱਤੀਆਂ?

2 ਬਾਈਬਲ ਕਹਿੰਦੀ ਹੈ ਕਿ ਪਰਮੇਸ਼ੁਰ ਤੋਂ ਮਿਲੇ ‘ਚੰਗੇ’ ਦਾਨਾਂ ਵਿੱਚੋਂ ਇਕ ਦਾਨ ਹੈ ਵਿਆਹ। (ਰੂਥ 1:9; 2:12) ਜਦੋਂ ਯਹੋਵਾਹ ਨੇ ਪਹਿਲੇ ਜੋੜੇ ਆਦਮ ਅਤੇ ਹੱਵਾਹ ਦਾ ਵਿਆਹ ਰਚਾਇਆ ਸੀ, ਉਦੋਂ ਉਸ ਨੇ ਉਨ੍ਹਾਂ ਨੂੰ ਸਫ਼ਲ ਹੋਣ ਲਈ ਖ਼ਾਸ ਹਿਦਾਇਤਾਂ ਦਿੱਤੀਆਂ ਸਨ। (ਮੱਤੀ 19:4-6 ਪੜ੍ਹੋ।) ਜੇ ਉਨ੍ਹਾਂ ਨੇ ਪਰਮੇਸ਼ੁਰ ਦੀ ਹਿਦਾਇਤ ਨੂੰ ਮੰਨਿਆ ਹੁੰਦਾ, ਤਾਂ ਉਨ੍ਹਾਂ ਨੇ ਹਮੇਸ਼ਾ ਲਈ ਖ਼ੁਸ਼ ਰਹਿਣਾ ਸੀ। ਪਰ ਉਨ੍ਹਾਂ ਨੇ ਪਰਮੇਸ਼ੁਰ ਦੇ ਹੁਕਮ ਨੂੰ ਤੋੜਨ ਦੀ ਮੂਰਖਤਾਈ ਕੀਤੀ ਜਿਸ ਦੇ ਉਨ੍ਹਾਂ ਨੇ ਭਿਆਨਕ ਨਤੀਜੇ ਭੁਗਤੇ।—ਉਤ. 3:6-13, 16-19, 23.

3, 4. (ੳ) ਕਈ ਅੱਜ ਵਿਆਹ ਅਤੇ ਯਹੋਵਾਹ ਪਰਮੇਸ਼ੁਰ ਦਾ ਅਨਾਦਰ ਕਿਵੇਂ ਕਰਦੇ ਹਨ? (ਅ) ਇਸ ਲੇਖ ਵਿਚ ਅਸੀਂ ਕਿਨ੍ਹਾਂ ਮਿਸਾਲਾਂ ਉੱਤੇ ਗੌਰ ਕਰਾਂਗੇ?

3 ਪਹਿਲੇ ਜੋੜੇ ਵਾਂਗ ਅੱਜ ਕਈ ਵਿਆਹੁਤਾ ਲੋਕ ਫ਼ੈਸਲੇ ਕਰਨ ਲੱਗਿਆਂ ਯਹੋਵਾਹ ਦੇ ਨਿਰਦੇਸ਼ਨ ਲਈ ਮਾੜੀ-ਮੋਟੀ ਕਦਰ ਦਿਖਾਉਂਦੇ ਹਨ ਜਾਂ ਬਿਲਕੁਲ ਨਹੀਂ ਦਿਖਾਉਂਦੇ। ਕੁਝ ਲੋਕ ਵਿਆਹ ਕੀਤੇ ਬਿਨਾਂ ਇਕੱਠੇ ਰਹਿੰਦੇ ਹਨ ਜਦਕਿ ਦੂਸਰੇ ਆਪਣੀਆਂ ਖ਼ਾਹਸ਼ਾਂ ਮੁਤਾਬਕ ਵਿਆਹ ਬਾਰੇ ਅਲੱਗ ਹੀ ਨਜ਼ਰੀਆ ਰੱਖਦੇ ਹਨ। (ਰੋਮੀ. 1:24-32; 2 ਤਿਮੋ. 3:1-5) ਉਹ ਇਸ ਹਕੀਕਤ ਨੂੰ ਨਜ਼ਰਅੰਦਾਜ਼ ਕਰਦੇ ਹਨ ਕਿ ਵਿਆਹ ਪਰਮੇਸ਼ੁਰ ਤੋਂ ਮਿਲੀ ਦਾਤ ਹੈ ਅਤੇ ਇਸ ਦਾਤ ਦੀ ਕਦਰ ਨਾ ਕਰਨ ਦੁਆਰਾ ਉਹ ਦਾਤਾ ਯਹੋਵਾਹ ਪਰਮੇਸ਼ੁਰ ਦਾ ਅਨਾਦਰ ਵੀ ਕਰਦੇ ਹਨ।

4 ਕਦੇ-ਕਦੇ ਪਰਮੇਸ਼ੁਰ ਦੇ ਕੁਝ ਲੋਕ ਵੀ ਵਿਆਹ ਬਾਰੇ ਯਹੋਵਾਹ ਦੇ ਨਜ਼ਰੀਏ ਨੂੰ ਇੰਨੀ ਗੰਭੀਰਤਾ ਨਾਲ ਨਹੀਂ ਲੈਂਦੇ। ਕੁਝ ਮਸੀਹੀ ਜੋੜੇ ਬਿਨਾਂ ਕਿਸੇ ਸ਼ਾਸਤਰੀ ਆਧਾਰ ਤੇ ਵੱਖਰੇ ਹੋਣ ਦਾ ਫ਼ੈਸਲਾ ਕਰਦੇ ਹਨ ਜਾਂ ਤਲਾਕ ਲੈ ਲੈਂਦੇ ਹਨ। ਇਸ ਤਰ੍ਹਾਂ ਕਰਨ ਤੋਂ ਕਿਵੇਂ ਬਚਿਆ ਜਾ ਸਕਦਾ ਹੈ? ਉਤਪਤ 2:24 ਵਿਚ ਦਿੱਤੀ ਪਰਮੇਸ਼ੁਰ ਦੀ ਹਿਦਾਇਤ ਵਿਆਹੁਤਾ ਬੰਧਨ ਨੂੰ ਮਜ਼ਬੂਤ ਬਣਾਉਣ ਵਿਚ ਵਿਆਹੇ ਮਸੀਹੀਆਂ ਦੀ ਕਿਵੇਂ ਮਦਦ ਕਰ ਸਕਦੀ ਹੈ? ਜਿਹੜੇ ਵਿਆਹ ਕਰਾਉਣ ਬਾਰੇ ਸੋਚ ਰਹੇ ਹਨ, ਉਹ ਇਸ ਜ਼ਿੰਮੇਵਾਰੀ ਵਾਸਤੇ ਕਿਵੇਂ ਤਿਆਰ ਹੋ ਸਕਦੇ ਹਨ? ਆਓ ਆਪਾਂ ਹੁਣ ਬਾਈਬਲ ਸਮਿਆਂ ਦੇ ਤਿੰਨ ਸਫ਼ਲ ਵਿਆਹਾਂ ਉੱਤੇ ਗੌਰ ਕਰੀਏ ਜਿਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਸਥਾਈ ਵਿਆਹ ਲਈ ਯਹੋਵਾਹ ਦਾ ਆਦਰ ਕਰਨਾ ਕਿੰਨਾ ਜ਼ਰੂਰੀ ਹੈ।

ਵਫ਼ਾਦਾਰੀ ਦਾ ਗੁਣ ਪੈਦਾ ਕਰੋ

5, 6. ਕਿਹੜੀ ਹਾਲਤ ਕਾਰਨ ਜ਼ਕਰਯਾਹ ਅਤੇ ਇਲੀਸਬਤ ਦੀ ਪ੍ਰੀਖਿਆ ਹੋਈ ਹੋਣੀ ਅਤੇ ਉਨ੍ਹਾਂ ਦੀ ਵਫ਼ਾਦਾਰੀ ਦਾ ਕੀ ਇਨਾਮ ਮਿਲਿਆ?

5 ਜ਼ਕਰਯਾਹ ਅਤੇ ਇਲੀਸਬਤ ਨੇ ਸਾਰਾ ਕੁਝ ਸਹੀ ਢੰਗ ਨਾਲ ਕੀਤਾ ਸੀ। ਉਹ ਦੋਵੇਂ ਯਹੋਵਾਹ ਦੇ ਵਫ਼ਾਦਾਰ ਸੇਵਕ ਸਨ ਜਿਸ ਕਰਕੇ ਉਨ੍ਹਾਂ ਨੇ ਇਕ-ਦੂਜੇ ਨੂੰ ਚੁਣਿਆ। ਜ਼ਕਰਯਾਹ ਨੇ ਵਫ਼ਾਦਾਰੀ ਨਾਲ ਜਾਜਕ ਵਜੋਂ ਜ਼ਿੰਮੇਵਾਰੀਆਂ ਨਿਭਾਈਆਂ ਅਤੇ ਦੋਵਾਂ ਨੇ ਪੂਰੀ ਤਰ੍ਹਾਂ ਪਰਮੇਸ਼ੁਰ ਦੀ ਬਿਵਸਥਾ ਦੀ ਪਾਲਣਾ ਕੀਤੀ। ਉਨ੍ਹਾਂ ਕੋਲ ਕਾਫ਼ੀ ਕੁਝ ਸੀ ਜਿਸ ਲਈ ਉਹ ਯਹੋਵਾਹ ਦੇ ਸ਼ੁਕਰਗੁਜ਼ਾਰ ਹੋ ਸਕਦੇ ਸਨ। ਪਰ ਜੇ ਤੁਸੀਂ ਯਹੂਦਾਹ ਵਿਚ ਉਨ੍ਹਾਂ ਦੇ ਘਰ ਗਏ ਹੁੰਦੇ, ਤਾਂ ਤੁਹਾਨੂੰ ਜਲਦੀ ਹੀ ਪਤਾ ਲੱਗ ਜਾਂਦਾ ਕਿ ਘਰ ਵਿਚ ਇਕ ਚੀਜ਼ ਦੀ ਕਮੀ ਸੀ। ਉਨ੍ਹਾਂ ਦੇ ਕੋਈ ਬੱਚਾ ਨਹੀਂ ਸੀ। ਇਲੀਸਬਤ ਬਾਂਝ ਸੀ ਅਤੇ ਦੋਵੇਂ ਬੁੱਢੇ ਹੋ ਚੁੱਕੇ ਸਨ।—ਲੂਕਾ 1:5-7.

6 ਪ੍ਰਾਚੀਨ ਇਸਰਾਏਲ ਵਿਚ ਬੱਚੇ ਪੈਦਾ ਕਰਨ ਨੂੰ ਬਹੁਤ ਅਹਿਮੀਅਤ ਦਿੱਤੀ ਜਾਂਦੀ ਸੀ ਅਤੇ ਪਰਿਵਾਰ ਅਕਸਰ ਬਹੁਤ ਵੱਡੇ ਹੁੰਦੇ ਸਨ। (1 ਸਮੂ. 1:2, 6, 10; ਜ਼ਬੂ. 128:3, 4) ਉਸ ਵੇਲੇ ਇਕ ਇਸਰਾਏਲੀ ਆਦਮੀ ਧੋਖੇ ਨਾਲ ਆਪਣੀ ਘਰਵਾਲੀ ਨੂੰ ਤਲਾਕ ਦੇ ਸਕਦਾ ਸੀ ਜੇ ਉਸ ਦੇ ਬੱਚੇ ਨਹੀਂ ਹੁੰਦੇ ਸਨ। ਪਰ ਜ਼ਕਰਯਾਹ ਨੇ ਵਫ਼ਾਦਾਰੀ ਨਾਲ ਇਲੀਸਬਤ ਦਾ ਸਾਥ ਨਿਭਾਇਆ। ਉਸ ਨੇ ਅਤੇ ਉਸ ਦੀ ਪਤਨੀ ਨੇ ਆਪਣੇ ਵਿਆਹੁਤਾ ਬੰਧਨ ਨੂੰ ਤੋੜਨ ਦਾ ਆਸਾਨ ਤਰੀਕਾ ਨਹੀਂ ਭਾਲਿਆ। ਬੱਚੇ ਨਾ ਹੋਣ ਕਾਰਨ ਭਾਵੇਂ ਉਹ ਉਦਾਸ ਸਨ, ਫਿਰ ਵੀ ਉਹ ਮਿਲ ਕੇ ਯਹੋਵਾਹ ਦੀ ਸੇਵਾ ਵਫ਼ਾਦਾਰੀ ਨਾਲ ਕਰਦੇ ਰਹੇ। ਸਮੇਂ ਦੇ ਬੀਤਣ ਨਾਲ ਯਹੋਵਾਹ ਨੇ ਚਮਤਕਾਰੀ ਤਰੀਕੇ ਨਾਲ ਬੁਢਾਪੇ ਵਿਚ ਉਨ੍ਹਾਂ ਨੂੰ ਪੁੱਤਰ ਦੀ ਦਾਤ ਬਖ਼ਸ਼ੀ।—ਲੂਕਾ 1:8-14.

7. ਹੋਰ ਕਿਹੜੇ ਤਰੀਕੇ ਨਾਲ ਇਲੀਸਬਤ ਆਪਣੇ ਪਤੀ ਦੀ ਵਫ਼ਾਦਾਰ ਰਹੀ?

7 ਇਲੀਸਬਤ ਨੇ ਇਕ ਹੋਰ ਤਰੀਕੇ ਨਾਲ ਵਫ਼ਾਦਾਰੀ ਦਿਖਾਈ ਜਿਸ ਕਰਕੇ ਉਹ ਤਾਰੀਫ਼ ਦੇ ਲਾਇਕ ਸੀ। ਜਦੋਂ ਉਸ ਦਾ ਪੁੱਤਰ ਯੂਹੰਨਾ ਪੈਦਾ ਹੋਇਆ ਸੀ, ਉਸ ਵੇਲੇ ਜ਼ਕਰਯਾਹ ਗੁੰਗਾ ਹੋ ਗਿਆ ਸੀ ਕਿਉਂਕਿ ਉਸ ਨੇ ਪਰਮੇਸ਼ੁਰ ਦੇ ਦੂਤ ਨੂੰ ਸਵਾਲ ਪੁੱਛੇ ਸਨ। ਪਰ ਜ਼ਕਰਯਾਹ ਨੇ ਕਿਸੇ ਨਾ ਕਿਸੇ ਤਰੀਕੇ ਨਾਲ ਆਪਣੀ ਪਤਨੀ ਨਾਲ ਗੱਲ ਕੀਤੀ ਹੋਵੇਗੀ ਕਿ ਯਹੋਵਾਹ ਦੇ ਦੂਤ ਨੇ ਉਸ ਨੂੰ ਮੁੰਡੇ ਦਾ ਨਾਂ “ਯੂਹੰਨਾ” ਰੱਖਣ ਲਈ ਕਿਹਾ ਸੀ। ਗੁਆਂਢੀ ਅਤੇ ਰਿਸ਼ਤੇਦਾਰ ਮੁੰਡੇ ਦਾ ਨਾਂ ਉਸ ਦੇ ਪਿਤਾ ਦੇ ਨਾਂ ਤੇ ਰੱਖਣਾ ਚਾਹੁੰਦੇ ਸਨ। ਪਰ ਇਲੀਸਬਤ ਨੇ ਵਫ਼ਾਦਾਰੀ ਨਾਲ ਆਪਣੇ ਪਤੀ ਦੀ ਗੱਲ ਮੰਨੀ। ਉਸ ਨੇ ਕਿਹਾ: “ਨਹੀਂ ਪਰ ਉਹ ਯੂਹੰਨਾ ਸਦਾਵੇਗਾ।”—ਲੂਕਾ 1:59-63.

8, 9. (ੳ) ਵਫ਼ਾਦਾਰ ਰਹਿਣ ਨਾਲ ਵਿਆਹੁਤਾ ਬੰਧਨ ਕਿਵੇਂ ਮਜ਼ਬੂਤ ਹੁੰਦਾ ਹੈ? (ਅ) ਕਿਨ੍ਹਾਂ ਕੁਝ ਖ਼ਾਸ ਤਰੀਕਿਆਂ ਨਾਲ ਪਤੀ-ਪਤਨੀ ਵਫ਼ਾਦਾਰੀ ਦਿਖਾ ਸਕਦੇ ਹਨ?

8 ਜ਼ਕਰਯਾਹ ਅਤੇ ਇਲੀਸਬਤ ਦੀ ਤਰ੍ਹਾਂ ਵਿਆਹੇ ਜੋੜੇ ਅੱਜ ਨਿਰਾਸ਼ਾ ਅਤੇ ਹੋਰ ਚੁਣੌਤੀਆਂ ਦਾ ਸਾਮ੍ਹਣਾ ਕਰਦੇ ਹਨ। ਵਫ਼ਾਦਾਰੀ ਤੋਂ ਬਿਨਾਂ ਵਿਆਹੁਤਾ ਜ਼ਿੰਦਗੀ ਵਿਚ ਖ਼ੁਸ਼ੀਆਂ ਨਹੀਂ ਰਹਿਣਗੀਆਂ। ਫਲਰਟ, ਪੋਰਨੋਗ੍ਰਾਫੀ, ਹਰਾਮਕਾਰੀ ਅਤੇ ਹੋਰ ਖ਼ਤਰਿਆਂ ਕਾਰਨ ਪਤੀ-ਪਤਨੀ ਦਾ ਇਕ-ਦੂਜੇ ਤੋਂ ਭਰੋਸਾ ਉੱਠ ਸਕਦਾ ਹੈ ਜਿਸ ਕਾਰਨ ਚੰਗਾ-ਭਲਾ ਵਿਆਹੁਤਾ ਜੀਵਨ ਤਬਾਹ ਹੋ ਸਕਦਾ ਹੈ। ਜਦੋਂ ਪਤੀ-ਪਤਨੀ ਦਾ ਭਰੋਸਾ ਇਕ-ਦੂਜੇ ਤੋਂ ਉੱਠ ਜਾਂਦਾ ਹੈ, ਤਾਂ ਪਿਆਰ ਮੁਰਝਾਉਣਾ ਸ਼ੁਰੂ ਹੋ ਜਾਂਦਾ ਹੈ। ਕੁਝ ਤਰੀਕਿਆਂ ਨਾਲ ਵਫ਼ਾਦਾਰੀ ਘਰ ਦੇ ਦੁਆਲੇ ਸੁਰੱਖਿਅਤ ਕੰਧ ਦੀ ਤਰ੍ਹਾਂ ਹੈ ਜੋ ਪਰਿਵਾਰ ਨੂੰ ਬਿਨ-ਬੁਲਾਏ ਲੋਕਾਂ ਅਤੇ ਖ਼ਤਰਿਆਂ ਤੋਂ ਸੁਰੱਖਿਅਤ ਰੱਖਦੀ ਹੈ। ਇਸ ਤਰ੍ਹਾਂ ਜਦੋਂ ਪਤੀ-ਪਤਨੀ ਇਕ-ਦੂਜੇ ਨਾਲ ਵਫ਼ਾਦਾਰੀ ਨਿਭਾਉਂਦੇ ਹਨ, ਤਾਂ ਉਹ ਇਕੱਠੇ ਸੁਰੱਖਿਅਤ ਰਹਿ ਸਕਦੇ ਹਨ ਅਤੇ ਇਕ-ਦੂਜੇ ਅੱਗੇ ਆਪਣਾ ਦਿਲ ਖੋਲ੍ਹ ਸਕਦੇ ਹਨ ਜਿਸ ਕਰਕੇ ਉਨ੍ਹਾਂ ਦਾ ਪਿਆਰ ਵਧੇਗਾ। ਜੀ ਹਾਂ, ਵਫ਼ਾਦਾਰੀ ਹੋਣੀ ਬਹੁਤ ਜ਼ਰੂਰੀ ਹੈ।

9 ਯਹੋਵਾਹ ਨੇ ਆਦਮ ਨੂੰ ਕਿਹਾ: ‘ਮਰਦ ਆਪਣੇ ਮਾਪੇ ਛੱਡਕੇ ਆਪਣੀ ਤੀਵੀਂ ਨਾਲ ਮਿਲਿਆ ਰਹੇਗਾ।’ (ਉਤ. 2:24) ਇਸ ਦਾ ਕੀ ਮਤਲਬ ਹੈ? ਵਿਆਹ ਤੋਂ ਬਾਅਦ ਦੋਸਤਾਂ ਅਤੇ ਰਿਸ਼ਤੇਦਾਰਾਂ ਨਾਲ ਆਪਣੇ ਸੰਬੰਧਾਂ ਵਿਚ ਫੇਰ-ਬਦਲ ਕਰਨਾ ਪਵੇਗਾ। ਪਤੀ ਜਾਂ ਪਤਨੀ ਨੂੰ ਹੁਣ ਆਪਣਾ ਸਮਾਂ ਅਤੇ ਧਿਆਨ ਪਹਿਲਾਂ ਇਕ-ਦੂਜੇ ਨੂੰ ਦੇਣਾ ਪਵੇਗਾ। ਉਹ ਆਪਣੀ ਨਵੀਂ ਜ਼ਿੰਦਗੀ ਨੂੰ ਨਜ਼ਰਅੰਦਾਜ਼ ਕਰ ਕੇ ਦੋਸਤਾਂ ਜਾਂ ਰਿਸ਼ਤੇਦਾਰਾਂ ਨੂੰ ਹੁਣ ਉੱਨੀ ਅਹਿਮੀਅਤ ਨਹੀਂ ਦੇ ਸਕਦੇ ਜਿੰਨੀ ਪਹਿਲਾਂ ਦਿੰਦੇ ਸਨ। ਨਾ ਹੀ ਉਨ੍ਹਾਂ ਨੂੰ ਆਪਣੇ ਫ਼ੈਸਲਿਆਂ ਅਤੇ ਮਤਭੇਦਾਂ ਵਿਚ ਮਾਪਿਆਂ ਨੂੰ ਦਖ਼ਲ ਦੇਣ ਦੇਣਾ ਚਾਹੀਦਾ ਹੈ। ਪਤੀ-ਪਤਨੀ ਨੂੰ ਹੁਣ ਇਕ-ਦੂਜੇ ਨਾਲ ਮਿਲੇ ਰਹਿਣ ਦੀ ਲੋੜ ਹੈ ਕਿਉਂਕਿ ਇਹ ਸੇਧ ਪਰਮੇਸ਼ੁਰ ਦਿੰਦਾ ਹੈ।

10. ਵਫ਼ਾਦਾਰੀ ਦਾ ਗੁਣ ਪੈਦਾ ਕਰਨ ਵਿਚ ਕਿਹੜੀ ਗੱਲ ਪਤੀ-ਪਤਨੀ ਦੀ ਮਦਦ ਕਰੇਗੀ?

10 ਜਿਨ੍ਹਾਂ ਪਰਿਵਾਰਾਂ ਵਿਚ ਸਿਰਫ਼ ਇਕ ਜੀਵਨ-ਸਾਥੀ ਯਹੋਵਾਹ ਨੂੰ ਮੰਨਦਾ ਹੈ, ਉਨ੍ਹਾਂ ਵਿਚ ਵੀ ਵਫ਼ਾਦਾਰੀ ਦੇ ਚੰਗੇ ਨਤੀਜੇ ਨਿਕਲਦੇ ਹਨ। ਇਕ ਭੈਣ, ਜਿਸ ਦਾ ਪਤੀ ਯਹੋਵਾਹ ਨੂੰ ਨਹੀਂ ਮੰਨਦਾ, ਕਹਿੰਦੀ ਹੈ: “ਮੈਂ ਯਹੋਵਾਹ ਦੀ ਬਹੁਤ ਧੰਨਵਾਦੀ ਹਾਂ ਕਿ ਉਸ ਨੇ ਮੈਨੂੰ ਸਿਖਾਇਆ ਕਿ ਆਪਣੇ ਪਤੀ ਦੇ ਅਧੀਨ ਕਿਵੇਂ ਰਹਾਂ ਅਤੇ ਉਸ ਦਾ ਗਹਿਰਾ ਆਦਰ ਕਰਾਂ। ਵਫ਼ਾਦਾਰ ਰਹਿਣ ਕਰਕੇ 47 ਸਾਲਾਂ ਤਾਈਂ ਸਾਡਾ ਆਪਸੀ ਪਿਆਰ ਅਤੇ ਆਦਰ ਬਰਕਰਾਰ ਰਿਹਾ ਹੈ।” (1 ਕੁਰਿੰ. 7:10, 11; 1 ਪਤ. 3:1, 2) ਇਸ ਲਈ ਸਖ਼ਤ ਮਿਹਨਤ ਕਰ ਕੇ ਆਪਣੇ ਜੀਵਨ-ਸਾਥੀ ਨੂੰ ਮਹਿਸੂਸ ਕਰਾਓ ਕਿ ਤੁਸੀਂ ਉਸ ਦਾ ਸਾਥ ਨਹੀਂ ਛੱਡੋਗੇ। ਆਪਣੀਆਂ ਗੱਲਾਂ ਅਤੇ ਕੰਮਾਂ ਰਾਹੀਂ ਆਪਣੇ ਜੀਵਨ-ਸਾਥੀ ਨੂੰ ਭਰੋਸਾ ਦਿਵਾਉਣ ਦੇ ਤਰੀਕੇ ਭਾਲੋ ਕਿ ਤੁਹਾਡੇ ਲਈ ਤੁਹਾਡਾ ਜੀਵਨ-ਸਾਥੀ ਧਰਤੀ ਉੱਤੇ ਸਭ ਤੋਂ ਅਹਿਮ ਸ਼ਖ਼ਸ ਹੈ। ਇਹ ਤੁਹਾਡੇ ਉੱਤੇ ਨਿਰਭਰ ਕਰਦਾ ਹੈ ਕਿ ਜਿੰਨਾ ਹੋ ਸਕੇ, ਤੁਸੀਂ ਕਿਸੇ ਨੂੰ ਵੀ ਜਾਂ ਕਿਸੇ ਚੀਜ਼ ਨੂੰ ਆਪਣੇ ਤੇ ਆਪਣੇ ਜੀਵਨ-ਸਾਥੀ ਵਿਚਕਾਰ ਨਾ ਆਉਣ ਦਿਓ। (ਕਹਾਉਤਾਂ 5:15-20 ਪੜ੍ਹੋ।) ਰੌਨ ਅਤੇ ਜਨੈੱਟ 35 ਤੋਂ ਜ਼ਿਆਦਾ ਸਾਲਾਂ ਤੋਂ ਵਿਆਹੁਤਾ ਜੀਵਨ ਦਾ ਆਨੰਦ ਮਾਣ ਰਹੇ ਹਨ। ਉਹ ਕਹਿੰਦੇ ਹਨ, “ਪਰਮੇਸ਼ੁਰ ਜੋ ਵੀ ਕਰਨ ਲਈ ਕਹਿੰਦਾ ਹੈ, ਅਸੀਂ ਵਫ਼ਾਦਾਰੀ ਨਾਲ ਉਹ ਕੁਝ ਕਰਦੇ ਹਾਂ, ਇਸ ਲਈ ਅਸੀਂ ਖ਼ੁਸ਼ਹਾਲ ਤੇ ਸਫ਼ਲ ਵਿਆਹੁਤਾ ਜੀਵਨ ਦਾ ਆਨੰਦ ਮਾਣਦੇ ਹਾਂ।”

ਇਕੱਠੇ ਰਹਿਣ ਨਾਲ ਵਿਆਹੁਤਾ ਬੰਧਨ ਮਜ਼ਬੂਤ ਹੁੰਦਾ ਹੈ

11, 12. ਅਕੂਲਾ ਅਤੇ ਪ੍ਰਿਸਕਿੱਲਾ ਨੇ (ੳ) ਘਰ ਵਿਚ, (ਅ) ਤੰਬੂ ਬਣਾਉਣ ਦਾ ਕੰਮ ਕਰਦਿਆਂ ਅਤੇ (ੲ) ਪ੍ਰਚਾਰ ਕਰਦਿਆਂ ਇਕ-ਦੂਜੇ ਦਾ ਸਾਥ ਕਿਵੇਂ ਦਿੱਤਾ?

11 ਜਦੋਂ ਵੀ ਪੌਲੁਸ ਰਸੂਲ ਆਪਣੇ ਕਰੀਬੀ ਦੋਸਤਾਂ ਅਕੂਲਾ ਅਤੇ ਪ੍ਰਿਸਕਿੱਲਾ ਦੀ ਗੱਲ ਕਰਦਾ ਸੀ, ਤਾਂ ਉਹ ਦੋਹਾਂ ਦਾ ਜ਼ਿਕਰ ਕਰਦਾ ਸੀ। ਇਸ ਜੋੜੇ ਦੀ ਚੰਗੀ ਮਿਸਾਲ ਤੋਂ ਪਤਾ ਲੱਗਦਾ ਹੈ ਕਿ ਪਰਮੇਸ਼ੁਰ ਦੇ ਇਹ ਕਹਿਣ ਦਾ ਕੀ ਮਤਲਬ ਸੀ ਕਿ ਪਤੀ-ਪਤਨੀ ਨੂੰ “ਇੱਕ ਸਰੀਰ” ਹੋਣਾ ਚਾਹੀਦਾ ਹੈ। (ਉਤ. 2:24) ਉਹ ਹਮੇਸ਼ਾ ਇਕੱਠੇ ਘਰ ਦਾ ਕੰਮ ਕਰਦੇ ਸਨ, ਇਕੱਠੇ ਤੰਬੂ ਬਣਾਉਂਦੇ ਅਤੇ ਪ੍ਰਚਾਰ ਕਰਦੇ ਸਨ। ਮਿਸਾਲ ਲਈ ਪੌਲੁਸ ਜਦੋਂ ਪਹਿਲੀ ਵਾਰ ਕੁਰਿੰਥੁਸ ਵਿਚ ਆਇਆ, ਤਾਂ ਅਕੂਲਾ ਅਤੇ ਪ੍ਰਿਸਕਿੱਲਾ ਨੇ ਪਿਆਰ ਨਾਲ ਉਸ ਨੂੰ ਆਪਣੇ ਘਰ ਰਹਿਣ ਲਈ ਬੁਲਾਇਆ ਤੇ ਬਾਅਦ ਵਿਚ ਸ਼ਾਇਦ ਉਸ ਨੇ ਥੋੜ੍ਹੇ ਸਮੇਂ ਲਈ ਇਸ ਘਰ ਨੂੰ ਆਪਣੇ ਮਸੀਹੀ ਕੰਮਾਂ-ਕਾਰਾਂ ਲਈ ਵਰਤਿਆ ਸੀ। ਬਾਅਦ ਵਿਚ ਉਨ੍ਹਾਂ ਨੇ ਅਫ਼ਸੁਸ ਵਿਚ ਆਪਣੇ ਘਰ ਨੂੰ ਸਭਾਵਾਂ ਕਰਨ ਲਈ ਵਰਤਿਆ ਅਤੇ ਮਿਲ ਕੇ ਅਪੁੱਲੋਸ ਵਰਗੇ ਨਵੇਂ ਲੋਕਾਂ ਦੀ ਸੱਚਾਈ ਨੂੰ ਜ਼ਿਆਦਾ ਚੰਗੀ ਤਰ੍ਹਾਂ ਸਮਝਣ ਵਿਚ ਮਦਦ ਕੀਤੀ। (ਰਸੂ. 18:2, 18-26) ਫਿਰ ਇਹ ਜੋਸ਼ੀਲੇ ਪਤੀ-ਪਤਨੀ ਰੋਮ ਚਲੇ ਗਏ ਜਿੱਥੇ ਉਨ੍ਹਾਂ ਨੇ ਦੁਬਾਰਾ ਆਪਣਾ ਘਰ ਸਭਾਵਾਂ ਲਈ ਖੋਲ੍ਹਿਆ। ਬਾਅਦ ਵਿਚ ਉਹ ਅਫ਼ਸੁਸ ਵਾਪਸ ਆ ਗਏ ਤੇ ਭਰਾਵਾਂ ਦੀ ਨਿਹਚਾ ਤਕੜੀ ਕੀਤੀ।—ਰੋਮੀ. 16:3-5.

12 ਕੁਝ ਸਮੇਂ ਵਾਸਤੇ ਅਕੂਲਾ ਅਤੇ ਪ੍ਰਿਸਕਿੱਲਾ ਨੇ ਪੌਲੁਸ ਨਾਲ ਤੰਬੂ ਬਣਾਉਣ ਦਾ ਕੰਮ ਵੀ ਕੀਤਾ। ਇੱਥੇ ਵੀ ਅਸੀਂ ਦੇਖਦੇ ਹਾਂ ਕਿ ਉਹ ਦੋਵੇਂ ਇਕੱਠੇ ਸਨ ਅਤੇ ਮੁਕਾਬਲੇਬਾਜ਼ੀ ਜਾਂ ਲੜਾਈ-ਝਗੜੇ ਤੋਂ ਬਿਨਾਂ ਇਕ-ਦੂਜੇ ਦਾ ਸਾਥ ਦਿੰਦੇ ਸਨ। (ਰਸੂ. 18:3) ਹਾਂ, ਇਹ ਗੱਲ ਪੱਕੀ ਹੈ ਕਿ ਮਸੀਹੀ ਕੰਮਾਂ-ਕਾਰਾਂ ਵਿਚ ਉਨ੍ਹਾਂ ਨੇ ਜੋ ਸਮਾਂ ਬਿਤਾਇਆ, ਉਸ ਕਾਰਨ ਉਨ੍ਹਾਂ ਦਾ ਵਿਆਹੁਤਾ ਬੰਧਨ ਮਜ਼ਬੂਤ ਸੀ ਅਤੇ ਉਹ ਖ਼ੁਸ਼ ਸਨ। ਭਾਵੇਂ ਉਹ ਕੁਰਿੰਥੁਸ, ਅਫ਼ਸੁਸ ਜਾਂ ਰੋਮ ਵਿਚ ਸਨ, ਉਹ ‘ਯਿਸੂ ਮਸੀਹ ਵਿਚ ਕੰਮ ਕਰਨ ਵਾਲਿਆਂ’ ਵਜੋਂ ਜਾਣੇ ਜਾਂਦੇ ਸਨ। (ਰੋਮੀ. 16:3) ਉਹ ਜਿੱਥੇ ਵੀ ਗਏ ਉਨ੍ਹਾਂ ਨੇ ਰਾਜ ਦੇ ਪ੍ਰਚਾਰ ਦੇ ਕੰਮ ਨੂੰ ਅੱਗੇ ਵਧਾਉਣ ਲਈ ਮਿਲ ਕੇ ਕੰਮ ਕੀਤਾ।

13, 14. (ੳ) ਕਿਹੜੇ ਹਾਲਾਤ ਤੁਹਾਡੇ ਵਿਆਹੁਤਾ ਬੰਧਨ ਲਈ ਖ਼ਤਰਾ ਹੋ ਸਕਦੇ ਹਨ? (ਅ) ਕੀ ਕੁਝ ਕਰਨ ਨਾਲ ਪਤੀ-ਪਤਨੀ “ਇੱਕ ਸਰੀਰ” ਵਜੋਂ ਆਪਣਾ ਬੰਧਨ ਮਜ਼ਬੂਤ ਬਣਾ ਸਕਦੇ ਹਨ?

13 ਸੱਚ-ਮੁੱਚ, ਇੱਕੋ ਜਿਹੇ ਟੀਚੇ ਰੱਖਣ ਅਤੇ ਕੰਮ ਕਰਨ ਨਾਲ ਵਿਆਹੁਤਾ ਬੰਧਨ ਮਜ਼ਬੂਤ ਬਣਦਾ ਹੈ। (ਉਪ. 4:9, 10) ਪਰ ਅਫ਼ਸੋਸ ਦੀ ਗੱਲ ਹੈ ਕਿ ਕਈ ਪਤੀ-ਪਤਨੀ ਬਹੁਤ ਘੱਟ ਇਕ-ਦੂਜੇ ਨਾਲ ਸਮਾਂ ਬਿਤਾਉਂਦੇ ਹਨ। ਉਹ ਕਿੰਨੇ-ਕਿੰਨੇ ਘੰਟੇ ਆਪੋ-ਆਪਣੀ ਨੌਕਰੀ ਕਰਦਿਆਂ ਗੁਜ਼ਾਰ ਦਿੰਦੇ ਹਨ। ਦੂਸਰੇ ਆਪਣੇ ਕੰਮ ਦੇ ਸਿਲਸਿਲੇ ਵਿਚ ਦੂਰ-ਦੂਰ ਸਫ਼ਰ ਕਰਦੇ ਹਨ ਜਾਂ ਵਿਦੇਸ਼ ਕੰਮ ਕਰਨ ਚਲੇ ਜਾਂਦੇ ਹਨ ਤਾਂਕਿ ਉਹ ਘਰ ਪੈਸੇ ਭੇਜ ਸਕਣ। ਘਰ ਹੁੰਦਿਆਂ ਵੀ ਕੁਝ ਵਿਆਹੁਤਾ ਸਾਥੀ ਇਕ-ਦੂਜੇ ਤੋਂ ਦੂਰ-ਦੂਰ ਰਹਿੰਦੇ ਹਨ ਕਿਉਂਕਿ ਉਹ ਜ਼ਿਆਦਾਤਰ ਸਮਾਂ ਟੈਲੀਵਿਯਨ ਦੇਖਣ, ਸ਼ੌਕ ਪੂਰੇ ਕਰਨ, ਖੇਡਾਂ ਖੇਡਣ, ਵਿਡਿਓ ਗੇਮਾਂ ਜਾਂ ਇੰਟਰਨੈੱਟ ਉੱਤੇ ਬਿਤਾਉਂਦੇ ਹਨ। ਕੀ ਤੁਹਾਡੇ ਘਰ ਵਿਚ ਇੱਦਾਂ ਹੁੰਦਾ ਹੈ? ਜੇ ਹਾਂ, ਤਾਂ ਕੀ ਤੁਸੀਂ ਹੋਰ ਸਮਾਂ ਇਕੱਠਿਆਂ ਬਿਤਾਉਣ ਲਈ ਆਪਣੇ ਹਾਲਾਤਾਂ ਵਿਚ ਫੇਰ-ਬਦਲ ਕਰ ਸਕਦੇ ਹੋ? ਹਰ ਰੋਜ਼ ਇਹੋ ਜਿਹੇ ਕੰਮ ਇਕੱਠਿਆਂ ਕਰਨ ਬਾਰੇ ਕੀ ਜਿਵੇਂ ਖਾਣਾ ਬਣਾਉਣਾ, ਭਾਂਡੇ ਧੋਣੇ ਜਾਂ ਘਰ ਦੀ ਸਾਫ਼-ਸਫ਼ਾਈ ਕਰਨੀ? ਕੀ ਤੁਸੀਂ ਇਕੱਠਿਆਂ ਬੱਚਿਆਂ ਦੀ ਸਾਂਭ-ਸੰਭਾਲ ਜਾਂ ਬਿਰਧ ਮਾਪਿਆਂ ਦੀ ਮਦਦ ਕਰ ਸਕਦੇ ਹੋ?

14 ਸਭ ਤੋਂ ਜ਼ਰੂਰੀ ਹੈ ਕਿ ਯਹੋਵਾਹ ਦੀ ਭਗਤੀ ਨਾਲ ਸੰਬੰਧਿਤ ਕੰਮਾਂ ਵਿਚ ਇਕੱਠੇ ਬਾਕਾਇਦਾ ਸਮਾਂ ਬਿਤਾਓ। ਡੇਲੀ ਟੈਕਸਟ ਉੱਤੇ ਇਕੱਠਿਆਂ ਰੋਜ਼ ਚਰਚਾ ਕਰਨ ਅਤੇ ਪਰਿਵਾਰਕ ਸਟੱਡੀ ਕਰਨ ਨਾਲ ਤੁਹਾਨੂੰ ਇਹ ਦੇਖਣ ਦਾ ਵਧੀਆ ਮੌਕਾ ਮਿਲਦਾ ਹੈ ਕਿ ਤੁਹਾਡੇ ਪਰਿਵਾਰ ਦੀ ਸੋਚ ਅਤੇ ਟੀਚੇ ਇੱਕੋ ਜਿਹੇ ਹਨ ਕਿ ਨਹੀਂ। ਪ੍ਰਚਾਰ ਵੀ ਇਕੱਠਿਆਂ ਹੀ ਕਰੋ। ਜੇ ਹੋ ਸਕੇ ਤਾਂ ਇਕੱਠਿਆਂ ਪਾਇਨੀਅਰਿੰਗ ਕਰਨ ਦੀ ਕੋਸ਼ਿਸ਼ ਕਰੋ, ਭਾਵੇਂ ਕਿ ਤੁਹਾਡੇ ਹਾਲਾਤ ਸਿਰਫ਼ ਇਕ ਮਹੀਨੇ ਲਈ ਜਾਂ ਇਕ ਸਾਲ ਲਈ ਇਸ ਤਰ੍ਹਾਂ ਕਰਨ ਦੀ ਇਜਾਜ਼ਤ ਦਿੰਦੇ ਹਨ। (1 ਕੁਰਿੰਥੀਆਂ 15:58 ਪੜ੍ਹੋ।) ਇਕ ਭੈਣ, ਜਿਸ ਨੇ ਆਪਣੇ ਪਤੀ ਨਾਲ ਪਾਇਨੀਅਰਿੰਗ ਕੀਤੀ, ਕਹਿੰਦੀ ਹੈ: “ਪ੍ਰਚਾਰ ਇਕ ਤਰੀਕਾ ਸੀ ਜਦੋਂ ਅਸੀਂ ਇਕੱਠੇ ਸਮਾਂ ਬਿਤਾ ਸਕੇ ਅਤੇ ਚੰਗੀ ਤਰ੍ਹਾਂ ਗੱਲ ਕਰ ਸਕੇ। ਅਸੀਂ ਦੋਵੇਂ ਪ੍ਰਚਾਰ ਦੌਰਾਨ ਮਿਲਣ ਵਾਲੇ ਲੋਕਾਂ ਦੀ ਮਦਦ ਕਰਨੀ ਚਾਹੁੰਦੇ ਸੀ, ਇਸ ਲਈ ਮੈਨੂੰ ਲੱਗਾ ਕਿ ਅਸੀਂ ਸੱਚ-ਮੁੱਚ ਇਕ ਟੀਮ ਹਾਂ। ਮੈਂ ਆਪਣੇ ਪਤੀ ਦੇ ਹੋਰ ਵੀ ਕਰੀਬ ਮਹਿਸੂਸ ਕੀਤਾ, ਸਿਰਫ਼ ਇਸ ਲਈ ਨਹੀਂ ਕਿ ਉਹ ਮੇਰਾ ਪਤੀ ਹੈ, ਪਰ ਇਸ ਲਈ ਵੀ ਕਿ ਉਹ ਮੇਰਾ ਚੰਗਾ ਦੋਸਤ ਹੈ।” ਜਿਉਂ-ਜਿਉਂ ਤੁਸੀਂ ਮਿਲ ਕੇ ਚੰਗੇ ਕੰਮ ਕਰਦੇ ਹੋ, ਤਿਉਂ-ਤਿਉਂ ਤੁਹਾਡੀਆਂ ਦੋਹਾਂ ਦੀਆਂ ਰੁਚੀਆਂ ਤੇ ਆਦਤਾਂ ਇੱਕੋ ਜਿਹੀਆਂ ਹੋ ਜਾਣਗੀਆਂ ਅਤੇ ਤੁਸੀਂ ਇੱਕੋ ਜਿਹੀਆਂ ਗੱਲਾਂ ਨੂੰ ਪਹਿਲ ਦੇਵੋਗੇ। ਤੁਸੀਂ ਅਕੂਲਾ ਅਤੇ ਪ੍ਰਿਸਕਿੱਲਾ ਦੀ ਤਰ੍ਹਾਂ “ਇੱਕ ਸਰੀਰ” ਵਜੋਂ ਹੋਰ ਵੀ ਚੰਗੀ ਤਰ੍ਹਾਂ ਇੱਕੋ ਜਿਹਾ ਸੋਚੋਗੇ, ਮਹਿਸੂਸ ਕਰੋਗੇ ਅਤੇ ਕੰਮ ਕਰੋਗੇ।

ਵਿਆਹੁਤਾ ਜ਼ਿੰਦਗੀ ਵਿਚ ਪਰਮੇਸ਼ੁਰ ਨੂੰ ਪਹਿਲਾਂ ਰੱਖੋ

15. ਸਫ਼ਲ ਵਿਆਹੁਤਾ ਜ਼ਿੰਦਗੀ ਲਈ ਕੀ ਹੋਣਾ ਜ਼ਰੂਰੀ ਹੈ? ਸਮਝਾਓ।

15 ਯਿਸੂ ਵਿਆਹੁਤਾ ਜ਼ਿੰਦਗੀ ਵਿਚ ਪਰਮੇਸ਼ੁਰ ਨੂੰ ਪਹਿਲਾਂ ਰੱਖਣ ਦੀ ਅਹਿਮੀਅਤ ਨੂੰ ਜਾਣਦਾ ਸੀ। ਉਸ ਨੇ ਯਹੋਵਾਹ ਨੂੰ ਸਭ ਤੋਂ ਪਹਿਲੇ ਇਨਸਾਨਾਂ ਦਾ ਵਿਆਹ ਰਚਾਉਂਦੇ ਦੇਖਿਆ ਸੀ। ਉਸ ਨੇ ਇਹ ਵੀ ਦੇਖਿਆ ਕਿ ਆਦਮ ਅਤੇ ਹੱਵਾਹ ਜਿੰਨੀ ਦੇਰ ਤਕ ਪਰਮੇਸ਼ੁਰ ਦੀ ਹਿਦਾਇਤ ਅਨੁਸਾਰ ਚੱਲਦੇ ਰਹੇ, ਉੱਨੀ ਦੇਰ ਤਕ ਉਹ ਕਿੰਨੇ ਖ਼ੁਸ਼ ਸਨ। ਉਸ ਨੇ ਇਹ ਵੀ ਦੇਖਿਆ ਕਿ ਪਰਮੇਸ਼ੁਰ ਦੀ ਹਿਦਾਇਤ ਨੂੰ ਨਜ਼ਰਅੰਦਾਜ਼ ਕਰਨ ਦਾ ਕਿੰਨਾ ਭੈੜਾ ਨਤੀਜਾ ਨਿਕਲਿਆ। ਇਸ ਲਈ ਦੂਜਿਆਂ ਨੂੰ ਸਿੱਖਿਆ ਦਿੰਦੇ ਵੇਲੇ ਯਿਸੂ ਨੇ ਉਤਪਤ 2:24 ਵਿਚ ਦਿੱਤੀ ਆਪਣੇ ਪਿਤਾ ਦੀ ਹਿਦਾਇਤ ਦੁਹਰਾਈ। ਉਸ ਨੇ ਅੱਗੋਂ ਇਹ ਵੀ ਕਿਹਾ: “ਜੋ ਕੁਝ ਪਰਮੇਸ਼ੁਰ ਨੇ ਜੋੜ ਦਿੱਤਾ ਹੈ ਉਹ ਨੂੰ ਮਨੁੱਖ ਅੱਡ ਨਾ ਕਰੇ।” (ਮੱਤੀ 19:6) ਇਸ ਲਈ ਖ਼ੁਸ਼ੀਆਂ ਭਰੀ ਅਤੇ ਸਫ਼ਲ ਵਿਆਹੁਤਾ ਜ਼ਿੰਦਗੀ ਲਈ ਯਹੋਵਾਹ ਦਾ ਗਹਿਰਾ ਆਦਰ ਕਰਨਾ ਅੱਜ ਵੀ ਬਹੁਤ ਜ਼ਰੂਰੀ ਹੈ। ਇਸ ਮਾਮਲੇ ਵਿਚ ਯਿਸੂ ਦੇ ਮਾਪਿਆਂ, ਯੂਸੁਫ਼ ਅਤੇ ਮਰਿਯਮ ਨੇ ਬਹੁਤ ਵਧੀਆ ਮਿਸਾਲ ਕਾਇਮ ਕੀਤੀ।

16. ਯੂਸੁਫ਼ ਅਤੇ ਮਰਿਯਮ ਨੇ ਆਪਣੀ ਪਰਿਵਾਰਕ ਜ਼ਿੰਦਗੀ ਵਿਚ ਪਰਮੇਸ਼ੁਰ ਨੂੰ ਕਿਵੇਂ ਪਹਿਲਾਂ ਰੱਖਿਆ?

16 ਯੂਸੁਫ਼ ਰਹਿਮਦਿਲ ਸੀ ਅਤੇ ਮਰਿਯਮ ਦੀ ਇੱਜ਼ਤ ਕਰਦਾ ਸੀ। ਜਦੋਂ ਉਸ ਨੂੰ ਪਹਿਲੀ ਵਾਰ ਪਤਾ ਲੱਗਾ ਕਿ ਮਰਿਯਮ ਗਰਭਵਤੀ ਸੀ, ਤਾਂ ਉਹ ਉਸ ਨਾਲ ਰਹਿਮਦਿਲੀ ਨਾਲ ਪੇਸ਼ ਆਉਣਾ ਚਾਹੁੰਦਾ ਸੀ, ਭਾਵੇਂ ਕਿ ਪਰਮੇਸ਼ੁਰ ਦੇ ਦੂਤ ਨੇ ਉਸ ਨੂੰ ਹਾਲੇ ਸਮਝਾਇਆ ਨਹੀਂ ਸੀ ਕਿ ਮਰਿਯਮ ਕਿਵੇਂ ਗਰਭਵਤੀ ਹੋਈ ਸੀ। (ਮੱਤੀ 1:18-20) ਪਤੀ-ਪਤਨੀ ਵਜੋਂ ਉਨ੍ਹਾਂ ਨੇ ਕੈਸਰ ਦੇ ਫ਼ਰਮਾਨ ਨੂੰ ਮੰਨਿਆ ਅਤੇ ਮੂਸਾ ਦੀ ਬਿਵਸਥਾ ਦੀ ਚੰਗੀ ਤਰ੍ਹਾਂ ਪਾਲਣਾ ਵੀ ਕੀਤੀ। (ਲੂਕਾ 2:1-5, 21, 22) ਉਸ ਵੇਲੇ ਭਾਵੇਂ ਸਿਰਫ਼ ਆਦਮੀਆਂ ਲਈ ਯਰੂਸ਼ਲਮ ਵਿਚ ਵੱਡੇ-ਵੱਡੇ ਧਾਰਮਿਕ ਤਿਉਹਾਰਾਂ ਉੱਤੇ ਜਾਣਾ ਜ਼ਰੂਰੀ ਸੀ, ਪਰ ਯੂਸੁਫ਼ ਅਤੇ ਮਰਿਯਮ ਆਪਣੇ ਪਰਿਵਾਰ ਦੇ ਮੈਂਬਰਾਂ ਨਾਲ ਹਰ ਸਾਲ ਇਕੱਠੇ ਜਾਂਦੇ ਸਨ। (ਬਿਵ. 16:16; ਲੂਕਾ 2:41) ਇਨ੍ਹਾਂ ਅਤੇ ਹੋਰ ਤਰੀਕਿਆਂ ਨਾਲ ਇਸ ਧਰਮੀ ਜੋੜੇ ਨੇ ਯਹੋਵਾਹ ਨੂੰ ਖ਼ੁਸ਼ ਕਰਨ ਅਤੇ ਪਰਮੇਸ਼ੁਰੀ ਗੱਲਾਂ ਲਈ ਗਹਿਰਾ ਆਦਰ ਦਿਖਾਉਣ ਦੀ ਕੋਸ਼ਿਸ਼ ਕੀਤੀ। ਇਸ ਲਈ ਕੋਈ ਹੈਰਾਨੀ ਦੀ ਗੱਲ ਨਹੀਂ ਕਿ ਯਹੋਵਾਹ ਨੇ ਧਰਤੀ ਉੱਤੇ ਆਪਣੇ ਪੁੱਤਰ ਯਿਸੂ ਦੀ ਜ਼ਿੰਦਗੀ ਦੇ ਮੁਢਲੇ ਸਾਲਾਂ ਵਿਚ ਉਸ ਦੀ ਦੇਖ-ਭਾਲ ਕਰਨ ਲਈ ਉਨ੍ਹਾਂ ਨੂੰ ਚੁਣਿਆ।

17, 18. (ੳ) ਕਿਨ੍ਹਾਂ ਤਰੀਕਿਆਂ ਨਾਲ ਪਤੀ-ਪਤਨੀ ਆਪਣੇ ਪਰਿਵਾਰ ਵਿਚ ਪਰਮੇਸ਼ੁਰ ਨੂੰ ਪਹਿਲਾਂ ਰੱਖ ਸਕਦੇ ਹਨ? (ਅ) ਉਨ੍ਹਾਂ ਨੂੰ ਇਸ ਦਾ ਕੀ ਫ਼ਾਇਦਾ ਹੋਵੇਗਾ?

17 ਕੀ ਤੁਸੀਂ ਵੀ ਆਪਣੀ ਪਰਿਵਾਰਕ ਜ਼ਿੰਦਗੀ ਵਿਚ ਪਰਮੇਸ਼ੁਰ ਨੂੰ ਪਹਿਲਾਂ ਰੱਖਦੇ ਹੋ? ਮਿਸਾਲ ਲਈ, ਜਦੋਂ ਤੁਸੀਂ ਮਹੱਤਵਪੂਰਣ ਫ਼ੈਸਲੇ ਕਰਦੇ ਹੋ, ਤਾਂ ਕੀ ਤੁਸੀਂ ਪਹਿਲਾਂ ਬਾਈਬਲ ਦੇ ਸਿਧਾਂਤਾਂ ਦੀ ਖੋਜ ਕਰਦੇ ਹੋ, ਮਾਮਲੇ ਬਾਰੇ ਪ੍ਰਾਰਥਨਾ ਕਰਦੇ ਹੋ ਅਤੇ ਫਿਰ ਨਿਹਚਾ ਵਿਚ ਤਕੜੇ ਮਸੀਹੀਆਂ ਦੀ ਸਲਾਹ ਲੈਂਦੇ ਹੋ? ਜਾਂ ਕੀ ਤੁਸੀਂ ਆਪਣੀਆਂ ਜਾਂ ਆਪਣੇ ਪਰਿਵਾਰ ਤੇ ਦੋਸਤਾਂ ਦੀਆਂ ਭਾਵਨਾਵਾਂ ਅਨੁਸਾਰ ਸਮੱਸਿਆਵਾਂ ਨੂੰ ਸੁਲਝਾਉਣ ਦੀ ਕੋਸ਼ਿਸ਼ ਕਰਦੇ ਹੋ? ਕੀ ਤੁਸੀਂ ਮਾਤਬਰ ਨੌਕਰ ਦੁਆਰਾ ਵਿਆਹ ਅਤੇ ਪਰਿਵਾਰਕ ਜ਼ਿੰਦਗੀ ਬਾਰੇ ਛਾਪੇ ਕਈ ਸੁਝਾਵਾਂ ਨੂੰ ਲਾਗੂ ਕਰਨ ਦੀ ਕੋਸ਼ਿਸ਼ ਕਰਦੇ ਹੋ? ਜਾਂ ਕੀ ਤੁਸੀਂ ਬੱਸ ਸਥਾਨਕ ਰੀਤੀ-ਰਿਵਾਜਾਂ ਜਾਂ ਲੋਕਾਂ ਦੀ ਸਲਾਹ ਉੱਤੇ ਚੱਲਦੇ ਹੋ? ਕੀ ਤੁਸੀਂ ਬਾਕਾਇਦਾ ਇਕੱਠੇ ਪ੍ਰਾਰਥਨਾ ਅਤੇ ਸਟੱਡੀ ਕਰਦੇ ਹੋ, ਪਰਮੇਸ਼ੁਰੀ ਸੇਵਾ ਸੰਬੰਧੀ ਟੀਚੇ ਰੱਖਦੇ ਹੋ ਅਤੇ ਗੱਲ ਕਰਦੇ ਹੋ ਕਿ ਤੁਹਾਡਾ ਪਰਿਵਾਰ ਕਿਨ੍ਹਾਂ ਗੱਲਾਂ ਨੂੰ ਪਹਿਲ ਦਿੰਦਾ ਹੈ?

18 ਖ਼ੁਸ਼ੀਆਂ ਭਰੀ 50 ਸਾਲਾਂ ਦੀ ਆਪਣੀ ਵਿਆਹੁਤਾ ਜ਼ਿੰਦਗੀ ਬਾਰੇ ਰੇਅ ਕਹਿੰਦਾ ਹੈ: “ਸਾਨੂੰ ਕਦੇ ਵੀ ਇੱਦਾਂ ਦੀ ਕੋਈ ਸਮੱਸਿਆ ਨਹੀਂ ਆਈ ਜੋ ਸਾਥੋਂ ਹੱਲ ਨਾ ਹੋ ਸਕੇ ਕਿਉਂਕਿ ਯਹੋਵਾਹ ਸਾਡੀ “ਤੇਹਰੀ ਰੱਸੀ” ਦਾ ਹਿੱਸਾ ਹੈ।” (ਉਪਦੇਸ਼ਕ ਦੀ ਪੋਥੀ 4:12 ਪੜ੍ਹੋ।) ਡੈਨੀ ਅਤੇ ਟਰੀਨਾ ਸਹਿਮਤ ਹੁੰਦੇ ਹਨ। ਉਹ ਕਹਿੰਦੇ ਹਨ, “ਜਿਉਂ-ਜਿਉਂ ਅਸੀਂ ਮਿਲ ਕੇ ਪਰਮੇਸ਼ੁਰ ਦੀ ਸੇਵਾ ਕੀਤੀ ਹੈ, ਤਿਉਂ-ਤਿਉਂ ਸਾਡਾ ਵਿਆਹੁਤਾ ਬੰਧਨ ਹੋਰ ਮਜ਼ਬੂਤ ਹੋਇਆ ਹੈ।” ਉਹ 34 ਤੋਂ ਜ਼ਿਆਦਾ ਸਾਲਾਂ ਤੋਂ ਖ਼ੁਸ਼ਹਾਲ ਵਿਆਹੁਤਾ ਜੀਵਨ ਦਾ ਆਨੰਦ ਮਾਣ ਰਹੇ ਹਨ। ਜੇ ਤੁਸੀਂ ਹਮੇਸ਼ਾ ਆਪਣੀ ਵਿਆਹੁਤਾ ਜ਼ਿੰਦਗੀ ਵਿਚ ਯਹੋਵਾਹ ਨੂੰ ਪਹਿਲਾਂ ਰੱਖੋਗੇ, ਤਾਂ ਉਹ ਸਫ਼ਲ ਹੋਣ ਵਿਚ ਤੁਹਾਡੀ ਮਦਦ ਕਰੇਗਾ ਅਤੇ ਤੁਹਾਨੂੰ ਬਹੁਤ ਸਾਰੀਆਂ ਬਰਕਤਾਂ ਦੇਵੇਗਾ।—ਜ਼ਬੂ. 127:1.

ਪਰਮੇਸ਼ੁਰ ਤੋਂ ਮਿਲੀ ਦਾਤ ਦੀ ਕਦਰ ਕਰਦੇ ਰਹੋ

19. ਯਹੋਵਾਹ ਨੇ ਵਿਆਹ ਦੀ ਦਾਤ ਕਿਉਂ ਦਿੱਤੀ?

19 ਅੱਜ ਬਹੁਤ ਸਾਰੇ ਲੋਕਾਂ ਲਈ ਸਿਰਫ਼ ਆਪਣੀ ਖ਼ੁਸ਼ੀ ਮਾਅਨੇ ਰੱਖਦੀ ਹੈ। ਪਰ ਯਹੋਵਾਹ ਦੇ ਸੇਵਕਾਂ ਦਾ ਨਜ਼ਰੀਆ ਵੱਖਰਾ ਹੈ। ਉਹ ਜਾਣਦੇ ਹਨ ਕਿ ਪਰਮੇਸ਼ੁਰ ਨੇ ਆਪਣਾ ਮਕਸਦ ਪੂਰਾ ਕਰਨ ਲਈ ਵਿਆਹ ਦੀ ਦਾਤ ਦਿੱਤੀ ਸੀ। (ਉਤ. 1:26-28) ਜੇ ਆਦਮ ਤੇ ਹੱਵਾਹ ਨੇ ਇਸ ਦਾਤ ਦੀ ਕਦਰ ਕੀਤੀ ਹੁੰਦੀ, ਤਾਂ ਸਾਰੀ ਧਰਤੀ ਸੋਹਣੇ ਬਾਗ਼ ਵਰਗੀ ਹੁੰਦੀ ਅਤੇ ਪਰਮੇਸ਼ੁਰ ਦੇ ਖ਼ੁਸ਼ ਅਤੇ ਧਰਮੀ ਸੇਵਕਾਂ ਨਾਲ ਭਰੀ ਹੁੰਦੀ।

20, 21. (ੳ) ਸਾਨੂੰ ਵਿਆਹ ਨੂੰ ਪਵਿੱਤਰ ਕਿਉਂ ਸਮਝਣਾ ਚਾਹੀਦਾ ਹੈ? (ਅ) ਅਗਲੇ ਹਫ਼ਤੇ ਅਸੀਂ ਕਿਹੜੀ ਦਾਤ ਬਾਰੇ ਗੱਲ ਕਰਾਂਗੇ?

20 ਸਭ ਤੋਂ ਜ਼ਰੂਰੀ ਗੱਲ ਹੈ ਕਿ ਯਹੋਵਾਹ ਦੇ ਸੇਵਕ ਵਿਆਹ ਨੂੰ ਯਹੋਵਾਹ ਦੀ ਵਡਿਆਈ ਕਰਨ ਦਾ ਮੌਕਾ ਸਮਝਦੇ ਹਨ। (1 ਕੁਰਿੰਥੀਆਂ 10:31 ਪੜ੍ਹੋ।) ਅਸੀਂ ਦੇਖਿਆ ਹੈ ਕਿ ਵਫ਼ਾਦਾਰ ਰਹਿਣ, ਇਕੱਠੇ ਰਹਿਣ ਅਤੇ ਵਿਆਹੁਤਾ ਜ਼ਿੰਦਗੀ ਵਿਚ ਯਹੋਵਾਹ ਨੂੰ ਪਹਿਲਾਂ ਰੱਖਣ ਨਾਲ ਵਿਆਹ ਦਾ ਬੰਧਨ ਮਜ਼ਬੂਤ ਹੁੰਦਾ ਹੈ। ਸੋ ਭਾਵੇਂ ਅਸੀਂ ਵਿਆਹ ਕਰਾਉਣ ਬਾਰੇ ਸੋਚ ਰਹੇ ਹਾਂ ਜਾਂ ਵਿਆਹੁਤਾ-ਬੰਧਨ ਨੂੰ ਮਜ਼ਬੂਤ ਕਰਨ ਜਾਂ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਾਂ, ਪਰ ਸਾਨੂੰ ਪਹਿਲਾਂ ਦੇਖਣਾ ਚਾਹੀਦਾ ਹੈ ਕਿ ਵਿਆਹ ਹੈ ਕੀ। ਇਹ ਪਰਮੇਸ਼ੁਰ ਦੀ ਬਣਾਈ ਪਵਿੱਤਰ ਰੀਤ ਹੈ। ਇਸ ਸੱਚਾਈ ਨੂੰ ਧਿਆਨ ਵਿਚ ਰੱਖ ਕੇ ਅਸੀਂ ਪਰਮੇਸ਼ੁਰ ਦੇ ਬਚਨ ਦੇ ਆਧਾਰ ਤੇ ਆਪਣੇ ਵਿਆਹੁਤਾ ਜੀਵਨ ਵਿਚ ਫ਼ੈਸਲੇ ਕਰਨ ਦੀ ਪੂਰੀ ਕੋਸ਼ਿਸ਼ ਕਰਾਂਗੇ। ਇਸ ਤਰ੍ਹਾਂ ਅਸੀਂ ਨਾ ਸਿਰਫ਼ ਵਿਆਹ ਦੀ ਦਾਤ ਦੀ ਕਦਰ ਕਰਾਂਗੇ, ਸਗੋਂ ਇਹ ਦਾਤ ਦੇਣ ਵਾਲੇ ਯਹੋਵਾਹ ਪਰਮੇਸ਼ੁਰ ਦਾ ਵੀ ਆਦਰ ਕਰਾਂਗੇ।

21 ਬੇਸ਼ੱਕ ਯਹੋਵਾਹ ਨੇ ਸਾਨੂੰ ਸਿਰਫ਼ ਵਿਆਹ ਦੀ ਹੀ ਦਾਤ ਨਹੀਂ ਦਿੱਤੀ ਹੈ ਅਤੇ ਨਾ ਹੀ ਜ਼ਿੰਦਗੀ ਵਿਚ ਖ਼ੁਸ਼ੀ ਪਾਉਣ ਦਾ ਇਹੋ ਇੱਕੋ-ਇਕ ਰਾਹ ਹੈ। ਅਗਲੇ ਲੇਖ ਵਿਚ ਅਸੀਂ ਪਰਮੇਸ਼ੁਰ ਤੋਂ ਮਿਲੀ ਇਕ ਹੋਰ ਅਨਮੋਲ ਦਾਤ ਬਾਰੇ ਦੇਖਾਂਗੇ—ਕੁਆਰੇਪਣ ਦੀ ਦਾਤ।

ਤੁਸੀਂ ਕਿਵੇਂ ਜਵਾਬ ਦੇਵੋਗੇ?

• ਵਫ਼ਾਦਾਰੀ ਦਾ ਵਿਆਹੇ ਮਸੀਹੀਆਂ ਉੱਤੇ ਕੀ ਅਸਰ ਪੈਣਾ ਚਾਹੀਦਾ ਹੈ?

• ਮਿਲ ਕੇ ਕੰਮ ਕਰਨ ਨਾਲ ਵਿਆਹ ਦਾ ਬੰਧਨ ਕਿਉਂ ਮਜ਼ਬੂਤ ਹੋਵੇਗਾ?

• ਕਿਨ੍ਹਾਂ ਕੁਝ ਤਰੀਕਿਆਂ ਨਾਲ ਵਿਆਹੇ ਲੋਕ ਪਰਮੇਸ਼ੁਰ ਨੂੰ ਜ਼ਿੰਦਗੀ ਵਿਚ ਪਹਿਲਾਂ ਰੱਖ ਸਕਦੇ ਹਨ?

• ਅਸੀਂ ਵਿਆਹ ਦੀ ਸ਼ੁਰੂਆਤ ਕਰਨ ਵਾਲੇ ਯਹੋਵਾਹ ਲਈ ਆਦਰ ਕਿਵੇਂ ਦਿਖਾ ਸਕਦੇ ਹਾਂ?

[ਸਵਾਲ]

[ਸਫ਼ਾ 15 ਉੱਤੇ ਤਸਵੀਰਾਂ]

ਮਿਲ ਕੇ ਕੰਮ ਕਰਨ ਨਾਲ ਪਤੀ-ਪਤਨੀ ਨੂੰ ਇਕੱਠੇ ਰਹਿਣ ਵਿਚ ਮਦਦ ਮਿਲਦੀ ਹੈ