Skip to content

Skip to table of contents

‘ਯਹੋਵਾਹ ਦੇ ਨਾਮ ਵਿੱਚ ਪਨਾਹ ਲਓ’

‘ਯਹੋਵਾਹ ਦੇ ਨਾਮ ਵਿੱਚ ਪਨਾਹ ਲਓ’

‘ਯਹੋਵਾਹ ਦੇ ਨਾਮ ਵਿੱਚ ਪਨਾਹ ਲਓ’

‘ਮੈਂ ਕੰਗਾਲ ਅਤੇ ਗਰੀਬ ਲੋਕ ਛੱਡਾਂਗਾ, ਓਹ ਯਹੋਵਾਹ ਦੇ ਨਾਮ ਵਿੱਚ ਪਨਾਹ ਲੈਣਗੇ।’—ਸਫ਼. 3:12.

1, 2. ਜਲਦੀ ਹੀ ਮਨੁੱਖਜਾਤੀ ਉੱਤੇ ਕਿਹੜਾ ਤੂਫ਼ਾਨ ਆਉਣ ਵਾਲਾ ਹੈ?

ਕੀ ਤੁਸੀਂ ਕਦੇ ਮੀਂਹ-ਹਨੇਰੀ ਜਾਂ ਅਹਿਣ ਤੋਂ ਬਚਣ ਲਈ ਪੁਲ ਥੱਲੇ ਰੁਕੇ ਹੋ? ਪੁਲ ਥੱਲੇ ਰੁਕ ਕੇ ਤੁਸੀਂ ਮੀਂਹ-ਹਨੇਰੀ ਜਾਂ ਅਹਿਣ ਤੋਂ ਤਾਂ ਬਚ ਸਕਦੇ ਹੋ, ਪਰ ਜੇ ਝੱਖੜ ਜਾਂ ਤੂਫ਼ਾਨ ਆ ਜਾਵੇ, ਤਾਂ ਪੁਲ ਤੁਹਾਡਾ ਬਚਾਅ ਨਹੀਂ ਕਰ ਸਕੇਗਾ।

2 ਪਰ ਇਕ ਅਜਿਹਾ ਤੂਫ਼ਾਨ ਆ ਰਿਹਾ ਹੈ ਜੋ ਸਾਰੀ ਮਨੁੱਖਜਾਤੀ ਦੀ ਹੋਂਦ ਮਿਟਾ ਸਕਦਾ ਹੈ। ਇਹ ਇਕ ਤਰ੍ਹਾਂ ਨਾਲ ‘ਬਰਬਾਦੀ ਦਾ ਦਿਨ’ ਹੈ। ਇਹ “ਯਹੋਵਾਹ ਦਾ ਮਹਾਨ ਦਿਨ” ਸਾਰੀ ਮਨੁੱਖਜਾਤੀ ਨੂੰ ਪ੍ਰਭਾਵਿਤ ਕਰੇਗਾ। ਪਰ ਇਸ ਤੋਂ ਬਚਣ ਲਈ ਅਸੀਂ ਲੋੜੀਂਦੀ ਪਨਾਹ ਲੈ ਸਕਦੇ ਹਾਂ। (ਸਫ਼ਨਯਾਹ 1:14-18 ਪੜ੍ਹੋ।) ਅਸੀਂ ਕਿਵੇਂ “ਯਹੋਵਾਹ ਦੇ ਕਹਿਰ ਦੇ ਦਿਨ” ਪਨਾਹ ਲੈ ਸਕਦੇ ਹਾਂ ਜੋ ਜਲਦੀ ਹੀ ਸ਼ੁਰੂ ਹੋਣ ਵਾਲਾ ਹੈ?

ਬਾਈਬਲ ਦੇ ਜ਼ਮਾਨੇ ਵਿਚ ਤੂਫ਼ਾਨੀ ਦਿਨ

3. ਇਸਰਾਏਲ ਦੇ ਦਸ-ਗੋਤੀ ਰਾਜ ਉੱਤੇ ਕਿਹੜੀ “ਗੜਿਆਂ ਦੀ ਅਨ੍ਹੇਰੀ” ਆਈ?

3 ਧਰਤੀ ਉੱਤੇ ਸਾਰੇ ਝੂਠੇ ਧਰਮਾਂ ਦੇ ਨਾਸ਼ ਨਾਲ ਯਹੋਵਾਹ ਦਾ ਦਿਨ ਸ਼ੁਰੂ ਹੋਵੇਗਾ। ਪਰ ਪਨਾਹ ਕਿਵੇਂ ਲੈਣੀ ਹੈ, ਇਸ ਦੇ ਜਵਾਬ ਲਈ ਅਸੀਂ ਪੁਰਾਣੇ ਜ਼ਮਾਨੇ ਦੇ ਪਰਮੇਸ਼ੁਰ ਦੇ ਲੋਕਾਂ ਦਾ ਇਤਿਹਾਸ ਦੇਖ ਸਕਦੇ ਹਾਂ। ਮਿਸਾਲ ਲਈ, ਯਸਾਯਾਹ ਅੱਠਵੀਂ ਸਦੀ ਈਸਵੀ ਪੂਰਵ ਵਿਚ ਰਹਿੰਦਾ ਸੀ। ਉਸ ਨੇ ਇਸਰਾਏਲ ਦੇ ਧਰਮ-ਤਿਆਗੀ ਦਸ-ਗੋਤੀ ਰਾਜ ਨੂੰ ਯਹੋਵਾਹ ਵੱਲੋਂ ਦਿੱਤੀ ਸਜ਼ਾ ਦੀ ਤੁਲਨਾ “ਗੜਿਆਂ ਦੀ ਅਨ੍ਹੇਰੀ” ਨਾਲ ਕੀਤੀ ਜਿਸ ਨੂੰ ਉਹ ਲੋਕ ਰੋਕ ਨਹੀਂ ਸਕਦੇ ਸਨ। (ਯਸਾਯਾਹ 28:1, 2 ਪੜ੍ਹੋ।) ਇਹ ਭਵਿੱਖਬਾਣੀ 740 ਈਸਵੀ ਪੂਰਵ ਵਿਚ ਪੂਰੀ ਹੋਈ ਜਦੋਂ ਅੱਸ਼ੂਰ ਨੇ ਉਨ੍ਹਾਂ ਗੋਤਾਂ ਦੇ ਦੇਸ਼ ਉੱਤੇ ਹਮਲਾ ਕੀਤਾ। ਇਨ੍ਹਾਂ ਦਸਾਂ ਗੋਤਾਂ ਵਿੱਚੋਂ ਇਫ਼ਰਾਈਮ ਸਭ ਤੋਂ ਮਸ਼ਹੂਰ ਗੋਤ ਸੀ।

4. ਯਰੂਸ਼ਲਮ ਉੱਤੇ 607 ਈਸਵੀ ਪੂਰਵ ਵਿਚ “ਯਹੋਵਾਹ ਦਾ ਮਹਾਨ ਦਿਨ” ਕਿਵੇਂ ਆਇਆ?

4 ਬਾਅਦ ਵਿਚ ਬੇਵਫ਼ਾ ਇਸਰਾਏਲ ਨੂੰ 607 ਈਸਵੀ ਪੂਰਵ ਵਿਚ ਸਜ਼ਾ ਦਿੱਤੀ ਗਈ ਜਦੋਂ “ਯਹੋਵਾਹ ਦਾ ਮਹਾਨ ਦਿਨ” ਯਰੂਸ਼ਲਮ ਅਤੇ ਯਹੂਦਾਹ ਦੇ ਰਾਜ ਉੱਤੇ ਆਇਆ। ਇਹ ਘਟਨਾ ਇਸ ਲਈ ਹੋਈ ਕਿਉਂਕਿ ਯਹੂਦਾਹ ਦੇ ਲੋਕਾਂ ਨੇ ਵੀ ਯਹੋਵਾਹ ਨੂੰ ਛੱਡ ਦਿੱਤਾ ਸੀ। ਨਬੂਕਦਨੱਸਰ ਅਧੀਨ ਬਾਬਲੀਆਂ ਨੇ ਯਹੂਦਾਹ ਅਤੇ ਉਸ ਦੀ ਰਾਜਧਾਨੀ ਯਰੂਸ਼ਲਮ ਨੂੰ ਡਰਾਇਆ-ਧਮਕਾਇਆ। ਯਹੂਦਾਹ ਦੇ ਲੋਕ ਮਦਦ ਲਈ “ਝੂਠ ਦੀ ਪਨਾਹ” ਲੈਣ ਲੱਗੇ ਯਾਨੀ ਉਨ੍ਹਾਂ ਨੇ ਮਿਸਰ ਨਾਲ ਸਿਆਸੀ ਗੱਠਜੋੜ ਕੀਤਾ। ਪਰ ਤਬਾਹੀ ਮਚਾਉਣ ਵਾਲੀ ਅਹਿਣ ਵਾਂਗ ਬਾਬਲੀ ਉਸ “ਪਨਾਹ” ਨੂੰ ਰੁੜ੍ਹਾ ਕੇ ਲੈ ਗਏ।—ਯਸਾ. 28:14, 17.

5. ਸਾਰੇ ਝੂਠੇ ਧਰਮਾਂ ਦੇ ਨਾਸ਼ ਦੌਰਾਨ ਸਮੂਹ ਦੇ ਤੌਰ ਤੇ ਪਰਮੇਸ਼ੁਰ ਦੇ ਲੋਕਾਂ ਦਾ ਕੀ ਹੋਵੇਗਾ?

5 ਯਰੂਸ਼ਲਮ ਉੱਤੇ ਆਇਆ ਯਹੋਵਾਹ ਦਾ ਮਹਾਨ ਦਿਨ ਸਾਡੇ ਸਮੇਂ ਵਿਚ ਧਰਮ-ਤਿਆਗੀ ਈਸਾਈ-ਜਗਤ ਨੂੰ ਦਿੱਤੀ ਜਾਣ ਵਾਲੀ ਸਜ਼ਾ ਦਾ ਸੰਕੇਤ ਸੀ। ਇਸ ਤੋਂ ਇਲਾਵਾ, ਬਾਕੀ ‘ਵੱਡੀ ਬਾਬੁਲ’ ਯਾਨੀ ਝੂਠੇ ਧਰਮਾਂ ਦਾ ਵਿਸ਼ਵ ਸਾਮਰਾਜ ਨਾਸ਼ ਕੀਤਾ ਜਾਵੇਗਾ। ਉਸ ਤੋਂ ਬਾਅਦ ਸ਼ਤਾਨ ਦੀ ਦੁਸ਼ਟ ਦੁਨੀਆਂ ਦੇ ਬਚੇ-ਖੁਚੇ ਹਿੱਸੇ ਨਾਸ਼ ਕੀਤੇ ਜਾਣਗੇ। ਪਰ ਪਰਮੇਸ਼ੁਰ ਦੇ ਲੋਕ ਸਮੂਹ ਦੇ ਤੌਰ ਤੇ ਬਚ ਜਾਣਗੇ ਕਿਉਂਕਿ ਉਹ ਯਹੋਵਾਹ ਵਿਚ ਪਨਾਹ ਲੈ ਰਹੇ ਹਨ।—ਪਰ. 7:14; 18:2, 8; 19:19-21.

ਪਰਮੇਸ਼ੁਰ ਦੀ ਮਿਹਰ ਅਤੇ ਸਰੀਰਕ ਸੁਰੱਖਿਆ

6. ਯਹੋਵਾਹ ਦੇ ਲੋਕ ਕਿਵੇਂ ਪਨਾਹ ਲੈ ਸਕਦੇ ਹਨ?

6 ਅੰਤ ਦੇ ਇਸ ਸਮੇਂ ਦੌਰਾਨ ਪਰਮੇਸ਼ੁਰ ਦੇ ਲੋਕ ਹੁਣ ਵੀ ਕਿਵੇਂ ਪਨਾਹ ਲੈ ਸਕਦੇ ਹਨ? ਅਸੀਂ ਸ਼ਰਧਾ ਨਾਲ ‘ਪਰਮੇਸ਼ੁਰ ਦੇ ਨਾਮ ਦਾ ਵਿਚਾਰ ਕਰਨ’ ਅਤੇ ਜੋਸ਼ ਨਾਲ ਉਸ ਦੀ ਸੇਵਾ ਕਰਨ ਦੁਆਰਾ ਪਰਮੇਸ਼ੁਰ ਦੀ ਮਿਹਰ ਪਾਉਂਦੇ ਹਾਂ। (ਮਲਾਕੀ 3:16-18 ਪੜ੍ਹੋ।) ਪਰ ਅਸੀਂ ਜਾਣਦੇ ਹਾਂ ਕਿ ਉਸ ਦੇ ਨਾਂ ਬਾਰੇ ਸੋਚਣਾ ਹੀ ਕਾਫ਼ੀ ਨਹੀਂ ਹੈ ਸਗੋਂ ਕੁਝ ਹੋਰ ਵੀ ਕਰਨ ਦੀ ਲੋੜ ਹੈ। ਅਸੀਂ ਪੜ੍ਹਦੇ ਹਾਂ: ‘ਹਰੇਕ ਜਿਹੜਾ ਯਹੋਵਾਹ ਦਾ ਨਾਮ ਲਵੇਗਾ ਉਹ ਬਚਾਇਆ ਜਾਵੇਗਾ।’ (ਰੋਮੀ. 10:13) ਇਸ ਤੋਂ ਪਤਾ ਲੱਗਦਾ ਹੈ ਕਿ ਯਹੋਵਾਹ ਦਾ ਨਾਮ ਲੈਣ ਨਾਲ ਹੀ ਬਚਾਅ ਹੋ ਸਕਦਾ ਹੈ। ਕਈ ਨੇਕਦਿਲ ਲੋਕ ਸੱਚੇ ਮਸੀਹੀਆਂ ਅਤੇ ਪਰਮੇਸ਼ੁਰ ਦੀ ਸੇਵਾ ਨਾ ਕਰਨ ਵਾਲਿਆਂ ਵਿਚ ਫ਼ਰਕ ਦੇਖ ਸਕਦੇ ਹਨ। ਉਹ ਦੇਖ ਸਕਦੇ ਹਨ ਕਿ ਸੱਚੇ ਮਸੀਹੀ ਸ਼ਰਧਾ ਨਾਲ ‘ਪਰਮੇਸ਼ੁਰ ਦੇ ਨਾਮ ਦਾ ਵਿਚਾਰ ਕਰਦੇ’ ਹਨ ਅਤੇ ਉਸ ਦੇ ਗਵਾਹਾਂ ਵਜੋਂ ਸੇਵਾ ਕਰ ਰਹੇ ਹਨ।

7, 8. ਪਹਿਲੀ ਸਦੀ ਦੇ ਮਸੀਹੀ ਕਿਸ ਤਰੀਕੇ ਨਾਲ ਸਰੀਰਕ ਤੌਰ ਤੇ ਬਚ ਗਏ ਸਨ ਅਤੇ ਅੱਜ ਅਸੀਂ ਕਿਹੜੀ ਸਮਾਨਤਾ ਦੇਖਦੇ ਹਾਂ?

7 ਪਰ ਨਾ ਸਿਰਫ਼ ਸਾਨੂੰ ਪਰਮੇਸ਼ੁਰ ਦੀ ਮਿਹਰ ਹਾਸਲ ਹੋਵੇਗੀ, ਬਲਕਿ ਪਰਮੇਸ਼ੁਰ ਦੇ ਲੋਕਾਂ ਨਾਲ ਵਾਅਦਾ ਕੀਤਾ ਗਿਆ ਹੈ ਕਿ ਉਨ੍ਹਾਂ ਨੂੰ ਸਰੀਰਕ ਤੌਰ ਤੇ ਵੀ ਬਚਾਇਆ ਜਾਵੇਗਾ। ਇਸ ਦਾ ਸੰਕੇਤ ਸਾਨੂੰ ਉਨ੍ਹਾਂ ਗੱਲਾਂ ਤੋਂ ਮਿਲਦਾ ਹੈ ਜਿਹੜੀਆਂ 66 ਈਸਵੀ ਵਿਚ ਸੈਸਟੀਅਸ ਗੈਲਸ ਅਧੀਨ ਰੋਮੀ ਫ਼ੌਜ ਦੁਆਰਾ ਯਰੂਸ਼ਲਮ ਉੱਤੇ ਹਮਲਾ ਕਰਨ ਤੋਂ ਬਾਅਦ ਹੋਈਆਂ ਸਨ। ਯਿਸੂ ਨੇ ਪਹਿਲਾਂ ਹੀ ਦੱਸ ਦਿੱਤਾ ਸੀ ਕਿ ਉਸ ਵੇਲੇ ਦੇ ਕਸ਼ਟ ਦੇ ਦਿਨ “ਘਟਾਏ” ਜਾਣਗੇ। (ਮੱਤੀ 24:15, 16, 21, 22) ਇਸ ਤਰ੍ਹਾਂ ਉਦੋਂ ਹੋਇਆ ਜਦੋਂ ਰੋਮੀ ਫ਼ੌਜਾਂ ਅਚਾਨਕ ਸ਼ਹਿਰ ਛੱਡ ਕੇ ਚਲੇ ਗਈਆਂ ਜਿਸ ਕਾਰਨ ਕੁਝ ‘ਸਰੀਰਾਂ’ ਯਾਨੀ ਸੱਚੇ ਮਸੀਹੀਆਂ ਨੂੰ ‘ਬਚਣ’ ਦਾ ਮੌਕਾ ਮਿਲਿਆ। ਉਹ ਮਸੀਹੀ ਯਰੂਸ਼ਲਮ ਅਤੇ ਇਸ ਦੇ ਆਲੇ-ਦੁਆਲੇ ਦੇ ਇਲਾਕੇ ਵਿੱਚੋਂ ਭੱਜ ਸਕਦੇ ਸਨ। ਕੁਝ ਜਣੇ ਯਰਦਨ ਨਦੀ ਦੇ ਪਾਰ ਚਲੇ ਗਏ ਅਤੇ ਉਸ ਦੇ ਪੂਰਬੀ ਪਾਸੇ ਦੇ ਪਹਾੜਾਂ ਵਿਚ ਪਨਾਹ ਲੈ ਲਈ।

8 ਅਸੀਂ ਉਨ੍ਹਾਂ ਮਸੀਹੀਆਂ ਅਤੇ ਅੱਜ ਦੇ ਪਰਮੇਸ਼ੁਰ ਦੇ ਲੋਕਾਂ ਵਿਚਕਾਰ ਸਮਾਨਤਾ ਦੇਖ ਸਕਦੇ ਹਾਂ। ਪਹਿਲੀ ਸਦੀ ਦੇ ਮਸੀਹੀਆਂ ਨੇ ਪਨਾਹ ਭਾਲੀ ਅਤੇ ਅੱਜ ਦੇ ਪਰਮੇਸ਼ੁਰ ਦੇ ਸੇਵਕ ਵੀ ਇਸੇ ਤਰ੍ਹਾਂ ਕਰਨਗੇ। ਪਰ ਇਸ ਵਾਰ ਉਨ੍ਹਾਂ ਨੂੰ ਸੱਚ-ਮੁੱਚ ਕਿਸੇ ਜਗ੍ਹਾ ਭੱਜਣ ਦੀ ਲੋੜ ਨਹੀਂ ਪਵੇਗੀ ਕਿਉਂਕਿ ਸੱਚੇ ਮਸੀਹੀ ਦੁਨੀਆਂ ਭਰ ਵਿਚ ਰਹਿੰਦੇ ਹਨ। ਫਿਰ ਵੀ ‘ਚੁਣੇ ਹੋਏ’ ਮਸੀਹੀ ਅਤੇ ਉਨ੍ਹਾਂ ਦੇ ਵਫ਼ਾਦਾਰ ਸਾਥੀ ਯਹੋਵਾਹ ਤੇ ਉਸ ਦੇ ਪਹਾੜ ਵਰਗੇ ਸੰਗਠਨ ਵਿਚ ਪਨਾਹ ਲੈ ਕੇ ਧਰਮ-ਤਿਆਗੀ ਈਸਾਈ-ਜਗਤ ਦੇ ਨਾਸ਼ ਵਿੱਚੋਂ ਸਰੀਰਕ ਤੌਰ ਤੇ ਬਚ ਜਾਣਗੇ।

9. ਯਹੋਵਾਹ ਦਾ ਨਾਂ ਭੁਲਾਉਣ ਦੀ ਕਿਨ੍ਹਾਂ ਨੇ ਕੋਸ਼ਿਸ਼ ਕੀਤੀ ਹੈ? ਉਦਾਹਰਣ ਦਿਓ।

9 ਦੂਜੇ ਪਾਸੇ ਈਸਾਈ-ਜਗਤ ਨਾਸ਼ ਹੋਣ ਦੇ ਲਾਇਕ ਹੈ ਕਿਉਂਕਿ ਇਸ ਨੇ ਲੋਕਾਂ ਨੂੰ ਪਰਮੇਸ਼ੁਰ ਅਤੇ ਉਸ ਦੇ ਅਸੂਲਾਂ ਬਾਰੇ ਸੱਚਾਈ ਨਹੀਂ ਸਿਖਾਈ ਤੇ ਪਰਮੇਸ਼ੁਰ ਦੇ ਨਾਂ ਨਾਲ ਨਫ਼ਰਤ ਕੀਤੀ ਹੈ। ਮੱਧ ਯੁੱਗ (500 ਤੋਂ ਲਗਭਗ 1500 ਈ.ਪੂ. ਤਕ) ਵਿਚ ਪਰਮੇਸ਼ੁਰ ਦਾ ਨਾਂ ਯੂਰਪ ਵਿਚ ਬਹੁਤ ਜਾਣਿਆ-ਪਛਾਣਿਆ ਸੀ। ਇਹ ਨਾਂ ਚਾਰ ਇਬਰਾਨੀ ਅੱਖਰਾਂ ਵਿਚ ਲਿਖਿਆ ਜਾਂਦਾ ਸੀ ਜਿਸ ਨੂੰ ਅੱਜ ਟੈਟ੍ਰਾਗ੍ਰਾਮਟਨ ਕਿਹਾ ਜਾਂਦਾ ਹੈ ਅਤੇ ਇਸ ਦਾ ਅਨੁਵਾਦ ਆਮ ਤੌਰ ਤੇ YHWH (ਜਾਂ JHVH) ਕੀਤਾ ਜਾਂਦਾ ਹੈ। ਇਹ ਨਾਂ ਸਿੱਕਿਆਂ, ਘਰਾਂ ਦੇ ਮੱਥਿਆਂ ਉੱਤੇ, ਕਈ ਕਿਤਾਬਾਂ ਅਤੇ ਬਾਈਬਲਾਂ ਵਿਚ, ਇੱਥੋਂ ਤਕ ਕਿ ਕੁਝ ਕੈਥੋਲਿਕ ਅਤੇ ਪ੍ਰੋਟੈਸਟੈਂਟ ਚਰਚਾਂ ਵਿਚ ਵੀ ਦਿਖਾਈ ਦਿੰਦਾ ਸੀ। ਪਰ ਹਾਲ ਹੀ ਦੇ ਸਮਿਆਂ ਦਾ ਰੁਝਾਨ ਪਰਮੇਸ਼ੁਰ ਦਾ ਨਾਂ ਬਾਈਬਲ ਅਨੁਵਾਦਾਂ ਅਤੇ ਹੋਰਨਾਂ ਚੀਜ਼ਾਂ ਤੋਂ ਮਿਟਾਉਣ ਦਾ ਹੈ। ਇਸ ਦਾ ਇਕ ਸੰਕੇਤ ਉਸ ਚਿੱਠੀ ਤੋਂ ਮਿਲਦਾ ਹੈ ਜੋ ‘ਪਰਮੇਸ਼ੁਰ ਦੇ ਨਾਂ’ ਬਾਰੇ 29 ਜੂਨ 2008 ਨੂੰ ਰੋਮਨ ਕੈਥੋਲਿਕ ਚਰਚ ਦੁਆਰਾ ਬਿਸ਼ਪਾਂ ਦੀਆਂ ਕਾਨਫ਼ਰੰਸਾਂ ਨੂੰ ਲਿਖੀ ਗਈ ਸੀ। ਇਸ ਵਿਚ ਰੋਮਨ ਕੈਥੋਲਿਕ ਚਰਚ ਨੇ ਹਿਦਾਇਤ ਦਿੱਤੀ ਕਿ ਵੱਖੋ-ਵੱਖਰੀਆਂ ਬਾਈਬਲਾਂ ਵਿਚ ਜਿੱਥੇ ਵੀ ਟੈਟ੍ਰਾਗ੍ਰਾਮਟਨ ਆਉਂਦਾ ਹੈ, ਉੱਥੇ “ਪ੍ਰਭੂ” ਸ਼ਬਦ ਵਰਤਿਆ ਜਾਵੇ। ਵੈਟੀਕਨ ਨੇ ਹਿਦਾਇਤ ਦਿੱਤੀ ਕਿ ਕੈਥੋਲਿਕ ਧਾਰਮਿਕ ਸਭਾਵਾਂ ਦੌਰਾਨ ਭਜਨਾਂ ਅਤੇ ਪ੍ਰਾਰਥਨਾਵਾਂ ਵਿਚ ਪਰਮੇਸ਼ੁਰ ਦਾ ਨਾਮ ਨਾ ਤਾਂ ਵਰਤਿਆ ਜਾਵੇ ਅਤੇ ਨਾ ਹੀ ਉਚਾਰਿਆ ਜਾਵੇ। ਹੋਰਨਾਂ ਧਰਮਾਂ ਅਤੇ ਈਸਾਈ-ਜਗਤ ਦੇ ਆਗੂਆਂ ਨੇ ਵੀ ਲੱਖਾਂ-ਕਰੋੜਾਂ ਭਗਤਾਂ ਤੋਂ ਸੱਚੇ ਪਰਮੇਸ਼ੁਰ ਦੀ ਪਛਾਣ ਲੁਕਾਈ ਹੈ।

ਪਰਮੇਸ਼ੁਰ ਦਾ ਨਾਂ ਉੱਚਾ ਕਰਨ ਵਾਲਿਆਂ ਦੀ ਸੁਰੱਖਿਆ

10. ਪਰਮੇਸ਼ੁਰ ਦਾ ਨਾਂ ਅੱਜ ਕਿਵੇਂ ਵਡਿਆਇਆ ਜਾ ਰਿਹਾ ਹੈ?

10 ਦੂਸਰੇ ਧਰਮ ਜੋ ਕਰ ਰਹੇ ਹਨ, ਉਸ ਦੇ ਬਿਲਕੁਲ ਉਲਟ ਯਹੋਵਾਹ ਦੇ ਗਵਾਹ ਪਰਮੇਸ਼ੁਰ ਦੇ ਨਾਂ ਦਾ ਆਦਰ ਕਰਦੇ ਹਨ ਅਤੇ ਇਸ ਨੂੰ ਵਡਿਆਉਂਦੇ ਵੀ ਹਨ। ਉਹ ਇਸ ਨਾਂ ਨੂੰ ਸ਼ਰਧਾਮਈ ਤਰੀਕੇ ਨਾਲ ਵਰਤ ਕੇ ਇਸ ਨੂੰ ਉੱਚਾ ਕਰਦੇ ਹਨ। ਯਹੋਵਾਹ ਉਨ੍ਹਾਂ ਲੋਕਾਂ ਤੋਂ ਖ਼ੁਸ਼ ਹੁੰਦਾ ਹੈ ਜਿਹੜੇ ਉਸ ਉੱਤੇ ਭਰੋਸਾ ਰੱਖਦੇ ਹਨ। ਬਦਲੇ ਵਿਚ ਯਹੋਵਾਹ ਉਹ ਕੁਝ ਬਣਦਾ ਹੈ ਜੋ ਉਸ ਦੇ ਲੋਕਾਂ ਨੂੰ ਬਰਕਤ ਦੇਣ ਅਤੇ ਰੱਖਿਆ ਕਰਨ ਲਈ ਬਣਨਾ ਜ਼ਰੂਰੀ ਹੈ। “ਉਹ ਆਪਣੇ ਸ਼ਰਨਾਰਥੀਆਂ ਨੂੰ ਜਾਣਦਾ ਹੈ।”—ਨਹੂ. 1:7; ਰਸੂ. 15:14.

11, 12. ਪ੍ਰਾਚੀਨ ਯਹੂਦਾਹ ਵਿਚ ਕੌਣ ਵਫ਼ਾਦਾਰ ਰਹੇ ਅਤੇ ਆਧੁਨਿਕ ਸਮਿਆਂ ਵਿਚ ਕੌਣ ਵਫ਼ਾਦਾਰ ਰਹੇ ਹਨ?

11 ਭਾਵੇਂ ਪ੍ਰਾਚੀਨ ਯਹੂਦਾਹ ਦੇ ਬਹੁਤ ਸਾਰੇ ਲੋਕਾਂ ਨੇ ਯਹੋਵਾਹ ਦੀ ਭਗਤੀ ਕਰਨੀ ਛੱਡ ਦਿੱਤੀ ਸੀ, ਫਿਰ ਵੀ ਕੁਝ ਜਣਿਆਂ ਨੇ ‘ਯਹੋਵਾਹ ਦੇ ਨਾਮ ਵਿੱਚ ਪਨਾਹ ਲਈ।’ (ਸਫ਼ਨਯਾਹ 3:12, 13 ਪੜ੍ਹੋ।) ਹਾਂ, ਜਦੋਂ ਪਰਮੇਸ਼ੁਰ ਨੇ ਬੇਵਫ਼ਾ ਯਹੂਦਾਹ ਨੂੰ ਸਜ਼ਾ ਦੇਣ ਲਈ ਬਾਬਲੀਆਂ ਨੂੰ ਦੇਸ਼ ਜਿੱਤਣ ਅਤੇ ਉਸ ਦੇ ਲੋਕਾਂ ਨੂੰ ਗ਼ੁਲਾਮ ਬਣਾ ਲੈਣ ਦਿੱਤਾ, ਉਦੋਂ ਕੁਝ ਲੋਕ ਬਚ ਗਏ ਸਨ ਜਿਵੇਂ ਯਿਰਮਿਯਾਹ, ਬਾਰੂਕ ਅਤੇ ਅਬਦ-ਮਲਕ। ਇਹ ਵਫ਼ਾਦਾਰ ਭਗਤ ਧਰਮ-ਤਿਆਗੀ ਕੌਮ “ਵਿੱਚ” ਰਹਿੰਦੇ ਸਨ। ਦੂਸਰੇ ਗ਼ੁਲਾਮੀ ਵਿਚ ਰਹਿੰਦਿਆਂ ਵਫ਼ਾਦਾਰ ਰਹੇ। 539 ਈਸਵੀ ਪੂਰਵ ਵਿਚ ਖੋਰੁਸ ਅਧੀਨ ਮਾਦੀ-ਫ਼ਾਰਸੀਆਂ ਨੇ ਬਾਬਲ ਨੂੰ ਜਿੱਤ ਲਿਆ। ਖੋਰੁਸ ਨੇ ਜਲਦੀ ਹੀ ਫ਼ਰਮਾਨ ਜਾਰੀ ਕੀਤਾ ਕਿ ਬਾਬਲ ਵਿਚ ਰਹਿੰਦੇ ਯਹੂਦੀ ਆਪਣੇ ਦੇਸ਼ ਵਾਪਸ ਜਾ ਸਕਦੇ ਸਨ।

12 ਦੁਬਾਰਾ ਸੱਚੀ ਭਗਤੀ ਕਰਨ ਵਾਲਿਆਂ ਬਾਰੇ ਸਫ਼ਨਯਾਹ ਨੇ ਭਵਿੱਖਬਾਣੀ ਕੀਤੀ ਸੀ ਕਿ ਯਹੋਵਾਹ ਉਨ੍ਹਾਂ ਨੂੰ ਬਚਾਵੇਗਾ ਤੇ ਉਨ੍ਹਾਂ ਤੋਂ ਖ਼ੁਸ਼ ਹੋਵੇਗਾ। (ਸਫ਼ਨਯਾਹ 3:14-17 ਪੜ੍ਹੋ।) ਇਹ ਗੱਲ ਸਾਡੇ ਸਮੇਂ ਵਿਚ ਵੀ ਪੂਰੀ ਹੋਈ ਹੈ। ਪਰਮੇਸ਼ੁਰ ਦਾ ਰਾਜ ਸਵਰਗ ਵਿਚ ਸਥਾਪਿਤ ਹੋਣ ਤੋਂ ਬਾਅਦ 1919 ਵਿਚ ਯਹੋਵਾਹ ਨੇ ਵਫ਼ਾਦਾਰ ਮਸਹ ਕੀਤੇ ਹੋਏ ਮਸੀਹੀਆਂ ਨੂੰ ਵੱਡੀ ਬਾਬਲ ਯਾਨੀ ਝੂਠੇ ਧਰਮਾਂ ਦੀ ਗ਼ੁਲਾਮੀ ਵਿੱਚੋਂ ਛੁਡਾਇਆ ਹੈ। ਉਹ ਉਨ੍ਹਾਂ ਤੋਂ ਹੁਣ ਤਕ ਖ਼ੁਸ਼ ਹੁੰਦਾ ਹੈ।

13. ਸਾਰੀਆਂ ਕੌਮਾਂ ਦੇ ਲੋਕਾਂ ਨੂੰ ਕਿਹੋ ਜਿਹਾ ਛੁਟਕਾਰਾ ਮਿਲ ਰਿਹਾ ਹੈ?

13 ਧਰਤੀ ਉੱਤੇ ਜੀਣ ਦੀ ਉਮੀਦ ਰੱਖਣ ਵਾਲੇ ਵੀ ਵੱਡੀ ਬਾਬਲ ਵਿੱਚੋਂ ਨਿਕਲੇ ਹਨ ਅਤੇ ਝੂਠੀਆਂ ਧਾਰਮਿਕ ਸਿੱਖਿਆਵਾਂ ਤੋਂ ਛੁਟਕਾਰਾ ਪਾਇਆ ਹੈ। (ਪਰ. 18:4) ਇਸ ਤਰ੍ਹਾਂ ਸਫ਼ਨਯਾਹ 2:3 ਦੀ ਸਾਡੇ ਸਮੇਂ ਵਿਚ ਵੱਡੀ ਪੂਰਤੀ ਹੋ ਰਹੀ ਹੈ: “ਤੁਸੀਂ ਯਹੋਵਾਹ ਨੂੰ ਭਾਲੋ, ਹੇ ਧਰਤੀ ਦੇ ਸਾਰੇ ਮਸਕੀਨੋ।” ਸਾਰੀਆਂ ਕੌਮਾਂ ਦੇ ਮਸਕੀਨ ਲੋਕ ਯਹੋਵਾਹ ਦੇ ਨਾਂ ਵਿਚ ਪਨਾਹ ਲੈ ਰਹੇ ਹਨ, ਭਾਵੇਂ ਉਨ੍ਹਾਂ ਦੀ ਉਮੀਦ ਸਵਰਗ ਵਿਚ ਰਹਿਣ ਦੀ ਹੈ ਜਾਂ ਧਰਤੀ ਉੱਤੇ।

ਪਰਮੇਸ਼ੁਰ ਦਾ ਨਾਂ ਕਿਸੇ ਤਵੀਤ ਵਾਂਗ ਨਹੀਂ

14, 15. (ੳ) ਕੁਝ ਲੋਕਾਂ ਨੇ ਕਿਨ੍ਹਾਂ ਚੀਜ਼ਾਂ ਨੂੰ ਜਾਦੂਈ ਸ਼ੈਅ ਵਜੋਂ ਵਰਤਿਆ ਹੈ? (ਅ) ਤਵੀਤ ਦੀ ਤਰ੍ਹਾਂ ਕੀ ਨਹੀਂ ਵਰਤਿਆ ਜਾਣਾ ਚਾਹੀਦਾ?

14 ਕੁਝ ਇਸਰਾਏਲੀ ਹੈਕਲ ਨੂੰ ਜਾਦੂਈ ਸ਼ੈਅ ਸਮਝਦੇ ਸਨ ਜੋ ਉਨ੍ਹਾਂ ਨੂੰ ਦੁਸ਼ਮਣਾਂ ਤੋਂ ਬਚਾਵੇਗੀ। (ਯਿਰ. 7:1-4) ਇਸ ਤੋਂ ਪਹਿਲਾਂ, ਇਸਰਾਏਲੀਆਂ ਨੇ ਨੇਮ ਦੇ ਸੰਦੂਕ ਨੂੰ ਜਾਦੂਈ ਸ਼ੈਅ ਸਮਝਿਆ ਸੀ ਜੋ ਲੜਾਈ ਵਿਚ ਉਨ੍ਹਾਂ ਦੀ ਸੁਰੱਖਿਆ ਕਰੇਗੀ। (1 ਸਮੂ. 4:3, 10, 11) ਕਾਂਸਟੰਟਾਈਨ ਮਹਾਨ ਨੇ ਆਪਣੇ ਸਿਪਾਹੀਆਂ ਦੀਆਂ ਢਾਲਾਂ ਉੱਤੇ ਦੋ ਯੂਨਾਨੀ ਸ਼ਬਦ ਖ਼ੀ ਅਤੇ ਰੋ ਲਿਖਵਾਏ ਜੋ ਯੂਨਾਨੀ ਭਾਸ਼ਾ ਵਿਚ “ਕ੍ਰਾਈਸਟ” ਲਈ ਵਰਤੇ ਦੋ ਪਹਿਲੇ ਅੱਖਰ ਸਨ। ਉਸ ਨੂੰ ਉਮੀਦ ਸੀ ਕਿ ਇਸ ਤਰ੍ਹਾਂ ਕਰਨ ਨਾਲ ਯੁੱਧ ਵਿਚ ਉਸ ਦੇ ਸਿਪਾਹੀਆਂ ਦੀ ਰਾਖੀ ਹੋਵੇਗੀ। ਮੰਨਿਆ ਜਾਂਦਾ ਹੈ ਕਿ ਯੂਰਪ ਵਿਚ 30 ਸਾਲਾਂ ਤਾਈਂ ਚੱਲੇ ਧਾਰਮਿਕ ਯੁੱਧ ਵਿਚ ਲੜਨ ਵਾਲੇ ਸਵੀਡਨ ਦੇ ਰਾਜੇ ਗੁਸਤਵ ਅਡੌਲਫ਼ ਦੂਜੇ ਨੇ ਸਫ਼ਾ 7 ਉੱਤੇ ਦਿਖਾਏ ਕਾਲਰ ਨੂੰ ਪਹਿਨਿਆ ਸੀ। ਧਿਆਨ ਦਿਓ ਕਿ ਇਸ ਕਾਲਰ ਉੱਤੇ ਨਾਂ ਇਓਵਾ ਲਿਖਿਆ ਹੋਇਆ ਹੈ।

15 ਪਰਮੇਸ਼ੁਰ ਦੇ ਜਿਨ੍ਹਾਂ ਕੁਝ ਲੋਕਾਂ ਉੱਤੇ ਦੁਸ਼ਟ ਦੂਤਾਂ ਦਾ ਹਮਲਾ ਹੋਇਆ ਹੈ, ਉਨ੍ਹਾਂ ਨੇ ਯਹੋਵਾਹ ਦੇ ਨਾਂ ਨੂੰ ਉੱਚੀ ਪੁਕਾਰ ਕੇ ਇਸ ਨਾਂ ਵਿਚ ਪਨਾਹ ਲਈ ਹੈ। ਫਿਰ ਵੀ ਜਿਸ ਚੀਜ਼ ਉੱਤੇ ਪਰਮੇਸ਼ੁਰ ਦਾ ਨਾਂ ਹੁੰਦਾ ਹੈ, ਉਸ ਨੂੰ ਰੋਜ਼ਮੱਰਾ ਦੀ ਜ਼ਿੰਦਗੀ ਵਿਚ ਤਵੀਤ ਦੀ ਤਰ੍ਹਾਂ ਨਹੀਂ ਸਮਝਣਾ ਚਾਹੀਦਾ ਕਿ ਇਸ ਵਿਚ ਜਾਦੂਈ ਤਾਕਤ ਹੈ। ਯਹੋਵਾਹ ਦੇ ਨਾਂ ਵਿਚ ਪਨਾਹ ਲੈਣ ਦਾ ਇਹ ਮਤਲਬ ਨਹੀਂ ਹੈ।

ਅੱਜ ਅਸੀਂ ਕਿਵੇਂ ਪਨਾਹ ਲੈਂਦੇ ਹਾਂ

16. ਅੱਜ ਅਸੀਂ ਕਿਵੇਂ ਪਨਾਹ ਲੈ ਸਕਦੇ ਹਾਂ?

16 ਅੱਜ ਪਰਮੇਸ਼ੁਰ ਸਮੂਹ ਦੇ ਤੌਰ ਤੇ ਆਪਣੇ ਲੋਕਾਂ ਦੀ ਨਿਹਚਾ ਦੀ ਰਾਖੀ ਕਰਦਾ ਹੈ ਜਿਸ ਵਿਚ ਅਸੀਂ ਪਨਾਹ ਲੈ ਕੇ ਸੁਰੱਖਿਅਤ ਰਹਿੰਦੇ ਹਾਂ। (ਜ਼ਬੂ. 91:1) “ਮਾਤਬਰ ਅਤੇ ਬੁੱਧਵਾਨ ਨੌਕਰ” ਅਤੇ ਕਲੀਸਿਯਾ ਦੇ ਬਜ਼ੁਰਗਾਂ ਜ਼ਰੀਏ ਸਾਨੂੰ ਦੁਨੀਆਂ ਦੇ ਪ੍ਰਚਲਿਤ ਝੁਕਾਵਾਂ ਤੋਂ ਚੁਕੰਨੇ ਕੀਤਾ ਜਾਂਦਾ ਹੈ ਜੋ ਸਾਡੀ ਨਿਹਚਾ ਨੂੰ ਖ਼ਤਰੇ ਵਿਚ ਪਾ ਸਕਦੇ ਹਨ। (ਮੱਤੀ 24:45-47; ਯਸਾ. 32:1, 2) ਸੋਚੋ ਕਿ ਕਿੰਨੀ ਵਾਰ ਸਾਨੂੰ ਭੌਤਿਕ ਚੀਜ਼ਾਂ ਪਿੱਛੇ ਭੱਜਣ ਬਾਰੇ ਚੇਤਾਵਨੀਆਂ ਦਿੱਤੀਆਂ ਗਈਆਂ ਹਨ ਜਿਨ੍ਹਾਂ ਨੇ ਸਾਡੀ ਨਿਹਚਾ ਦਾ ਬੇੜਾ ਡੁੱਬਣ ਤੋਂ ਬਚਾਇਆ ਹੈ। ਅਤੇ ਲਾਪਰਵਾਹੀ ਵਰਤਣ ਦੇ ਖ਼ਤਰੇ ਬਾਰੇ ਕੀ ਜਿਸ ਕਾਰਨ ਅਸੀਂ ਯਹੋਵਾਹ ਦੀ ਸੇਵਾ ਵਿਚ ਢਿੱਲੇ ਪੈ ਸਕਦੇ ਹਾਂ? ਪਰਮੇਸ਼ੁਰ ਦਾ ਬਚਨ ਕਹਿੰਦਾ ਹੈ: “ਮੂਰਖਾਂ ਦੀ ਲਾਪਰਵਾਹੀ ਓਹਨਾਂ ਦਾ ਨਾਸ ਕਰੇਗੀ। ਪਰ ਜੋ ਮੇਰੀ ਸੁਣਦਾ ਹੈ ਉਹ ਸੁਖ ਨਾਲ ਵੱਸੇਗਾ, ਅਤੇ ਬਲਾ ਤੋਂ ਨਿਰਭੈ ਹੋ ਕੇ ਸ਼ਾਂਤੀ ਨਾਲ ਰਹੇਗਾ।” (ਕਹਾ. 1:32, 33) ਨੈਤਿਕ ਤੌਰ ਤੇ ਸਾਫ਼-ਸੁਥਰੇ ਰਹਿਣ ਨਾਲ ਵੀ ਸਾਡੀ ਨਿਹਚਾ ਮਜ਼ਬੂਤ ਰਹੇਗੀ।

17, 18. ਅੱਜ ਯਹੋਵਾਹ ਦੇ ਨਾਂ ਵਿਚ ਪਨਾਹ ਲੈਣ ਲਈ ਕਿਹੜੀ ਚੀਜ਼ ਲੱਖਾਂ ਲੋਕਾਂ ਦੀ ਮਦਦ ਕਰ ਰਹੀ ਹੈ?

17 ਧਰਤੀ ਉੱਤੇ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਸੰਬੰਧੀ ਯਿਸੂ ਦੇ ਹੁਕਮ ਨੂੰ ਮੰਨਣ ਬਾਰੇ ਮਾਤਬਰ ਨੌਕਰ ਤੋਂ ਮਿਲੇ ਉਤਸ਼ਾਹ ਬਾਰੇ ਵੀ ਸੋਚੋ। (ਮੱਤੀ 24:14; 28:19, 20) ਸਫ਼ਨਯਾਹ ਨੇ ਇਕ ਤਬਦੀਲੀ ਦਾ ਜ਼ਿਕਰ ਕੀਤਾ ਜੋ ਪਰਮੇਸ਼ੁਰ ਦੇ ਨਾਂ ਵਿਚ ਪਨਾਹ ਲੈਣ ਲਈ ਲੋਕਾਂ ਦੀ ਮਦਦ ਕਰੇਗੀ। ਅਸੀਂ ਪੜ੍ਹਦੇ ਹਾਂ: ‘ਉਸ ਸਮੇਂ ਮੈਂ, ਲੋਕਾਂ ਦੀ ਭਾਸ਼ਾ ਬਦਲ ਦੇਵਾਂਗਾ ਕਿ ਉਹ ਪਵਿੱਤਰ ਬੋਲ ਬੋਲਣ, ਅਤੇ ਸਭ ਕੇਵਲ ਯਹੋਵਾਹ ਦਾ ਨਾਂ ਲੈਣ, ਅਤੇ ਇਕ ਮਨ ਹੋ ਕੇ ਉਸ ਦੀ ਉਪਾਸਨਾ ਕਰਨ।’—ਸਫ਼. 3:9, CL.

18 ਇਹ ਪਵਿੱਤਰ ਬੋਲੀ ਕੀ ਹੈ? ਪਵਿੱਤਰ ਬੋਲੀ ਯਹੋਵਾਹ ਪਰਮੇਸ਼ੁਰ ਅਤੇ ਉਸ ਦੇ ਮਕਸਦਾਂ ਬਾਰੇ ਉਸ ਦੇ ਬਚਨ ਵਿਚ ਪਾਈ ਜਾਂਦੀ ਸੱਚਾਈ ਹੈ। ਇਕ ਅਰਥ ਵਿਚ ਤੁਸੀਂ ਇਹ ਬੋਲੀ ਵਰਤ ਰਹੇ ਹੋ ਜਦੋਂ ਤੁਸੀਂ ਦੂਜਿਆਂ ਨੂੰ ਪਰਮੇਸ਼ੁਰ ਦੇ ਰਾਜ ਬਾਰੇ ਸੱਚਾਈ ਦੱਸਦੇ ਹੋ ਅਤੇ ਸਮਝਾਉਂਦੇ ਹੋ ਕਿ ਇਹ ਕਿਵੇਂ ਉਸ ਦੇ ਨਾਂ ਨੂੰ ਉੱਚਾ ਕਰੇਗਾ, ਤੁਸੀਂ ਪਰਮੇਸ਼ੁਰ ਦੀ ਹਕੂਮਤ ਨੂੰ ਉੱਚਾ ਕਰਨ ਉੱਤੇ ਜ਼ੋਰ ਦਿੰਦੇ ਹੋ ਅਤੇ ਤੁਸੀਂ ਖ਼ੁਸ਼ ਹੋ ਕੇ ਗੱਲ ਕਰਦੇ ਹੋ ਕਿ ਵਫ਼ਾਦਾਰ ਲੋਕਾਂ ਨੂੰ ਹਮੇਸ਼ਾ ਲਈ ਕਿਹੜੀਆਂ ਬਰਕਤਾਂ ਮਿਲਣਗੀਆਂ। ਬਹੁਤ ਸਾਰੇ ਲੋਕਾਂ ਵੱਲੋਂ ਇਹ ਭਾਸ਼ਾ ਬੋਲਣ ਦੇ ਨਤੀਜੇ ਵਜੋਂ, ਵੱਡੀ ਗਿਣਤੀ ਵਿਚ ਲੋਕ ‘ਯਹੋਵਾਹ ਦਾ ਨਾਂ ਲੈ’ ਰਹੇ ਹਨ ਅਤੇ ‘ਇਕ ਮਨ ਹੋ ਕੇ ਉਸ ਦੀ ਉਪਾਸਨਾ ਕਰ’ ਰਹੇ ਹਨ। ਜੀ ਹਾਂ, ਦੁਨੀਆਂ ਭਰ ਵਿਚ ਹੁਣ ਲੱਖਾਂ ਹੀ ਲੋਕ ਯਹੋਵਾਹ ਵਿਚ ਪਨਾਹ ਲੈ ਰਹੇ ਹਨ।—ਜ਼ਬੂ. 1:1, 3.

19, 20. ਬਾਈਬਲ ਸਮਿਆਂ ਵਿਚ “ਝੂਠ ਦੀ ਪਨਾਹ” ਉੱਤੇ ਭਰੋਸਾ ਰੱਖਣਾ ਕਿਵੇਂ ਫ਼ਜ਼ੂਲ ਸਾਬਤ ਹੋਇਆ?

19 ਦੁਨੀਆਂ ਵਿਚ ਲੋਕਾਂ ਨੂੰ ਪਹਾੜ ਜਿੱਡੀਆਂ ਜਾਪਦੀਆਂ ਸਮੱਸਿਆਵਾਂ ਦਾ ਸਾਮ੍ਹਣਾ ਕਰਨਾ ਪੈਂਦਾ ਹੈ। ਕਈ ਆਪਣੀਆਂ ਸਮੱਸਿਆਵਾਂ ਸੁਲਝਾਉਣ ਲਈ ਇੰਨੇ ਕਾਹਲੇ ਹਨ ਕਿ ਉਹ ਨਾਮੁਕੰਮਲ ਮਨੁੱਖਾਂ ਦਾ ਸਹਾਰਾ ਲੈਂਦੇ ਹਨ। ਜਾਂ ਉਹ ਉਮੀਦ ਰੱਖਦੇ ਹਨ ਕਿ ਸਿਆਸੀ ਸੰਸਥਾਵਾਂ ਹੱਲ ਲੱਭਣ ਜਿਵੇਂ ਪ੍ਰਾਚੀਨ ਇਸਰਾਏਲ ਕਦੇ-ਕਦੇ ਗੁਆਂਢੀ ਕੌਮਾਂ ਤੋਂ ਮਦਦ ਭਾਲਦਾ ਸੀ ਤੇ ਉਨ੍ਹਾਂ ਨਾਲ ਗੱਠਜੋੜ ਕਰਦਾ ਸੀ। ਪਰ ਤੁਹਾਨੂੰ ਪਤਾ ਹੈ ਕਿ ਇਸ ਤਰ੍ਹਾਂ ਕਰਨ ਨਾਲ ਇਸਰਾਏਲ ਦੀ ਮਦਦ ਨਹੀਂ ਹੋਈ। ਅੱਜ ਵੀ ਨਾ ਤਾਂ ਕੋਈ ਸਰਕਾਰ ਅਤੇ ਨਾ ਹੀ ਸੰਯੁਕਤ ਰਾਸ਼ਟਰ-ਸੰਘ (UN) ਪੂਰੀ ਤਰ੍ਹਾਂ ਮਨੁੱਖਜਾਤੀ ਦੀਆਂ ਸਮੱਸਿਆਵਾਂ ਸੁਲਝਾ ਸਕਦਾ ਹੈ। ਤਾਂ ਫਿਰ ਕਿਉਂ ਅਸੀਂ ਸਿਆਸੀ ਸੰਸਥਾਵਾਂ ਅਤੇ ਗੱਠਜੋੜਾਂ ਨੂੰ ਪਨਾਹ ਮੰਨੀਏ? ਬਾਈਬਲ ਵਿਚ ਪਹਿਲਾਂ ਹੀ ਇਨ੍ਹਾਂ ਨੂੰ “ਝੂਠ ਦੀ ਪਨਾਹ” ਕਿਹਾ ਗਿਆ ਹੈ। ਤੁਸੀਂ ਵੀ ਇਨ੍ਹਾਂ ਨੂੰ ਝੂਠੀ ਪਨਾਹ ਕਹਿ ਸਕਦੇ ਹੋ ਕਿਉਂਕਿ ਇਨ੍ਹਾਂ ਵਿਚ ਉਮੀਦ ਰੱਖਣ ਵਾਲੇ ਸਾਰੇ ਲੋਕ ਬੁਰੀ ਤਰ੍ਹਾਂ ਨਿਰਾਸ਼ ਹੋਣਗੇ।—ਯਸਾਯਾਹ 28:15, 17 ਪੜ੍ਹੋ।

20 ਜਲਦੀ ਹੀ ਯਹੋਵਾਹ ਦਾ ਦਿਨ ਤੂਫ਼ਾਨ ਵਾਂਗ ਸਾਰੀ ਧਰਤੀ ’ਤੇ ਕਹਿਰ ਢਾਹੇਗਾ। ਨਾ ਤਾਂ ਕੋਈ ਮਨੁੱਖੀ ਸਕੀਮਾਂ ਅਤੇ ਨਾ ਹੀ ਹਥਿਆਰਾਂ ਤੋਂ ਬਚਣ ਲਈ ਬਣਾਈਆਂ ਪਨਾਹਾਂ ਜਾਂ ਧਨ-ਦੌਲਤ ਕੋਈ ਸੁਰੱਖਿਆ ਦੇ ਸਕੇਗਾ। ਯਸਾਯਾਹ 28:17 ਵਿਚ ਕਿਹਾ ਗਿਆ ਹੈ: “ਗੜੇ ਝੂਠ ਦੀ ਪਨਾਹ ਨੂੰ ਹੂੰਝ ਲੈ ਜਾਣਗੇ, ਅਤੇ ਹੜ੍ਹ ਓਟ ਨੂੰ ਰੁੜ੍ਹਾ ਲੈਣਗੇ।”

21. ਸਾਲ 2011 ਦੇ ਮੁੱਖ ਹਵਾਲੇ ਅਨੁਸਾਰ ਚੱਲਣ ਦਾ ਸਾਨੂੰ ਕੀ ਫ਼ਾਇਦਾ ਹੋ ਸਕਦਾ ਹੈ?

21 ਹੁਣ ਅਤੇ ਭਵਿੱਖ ਵਿਚ ਉਸ ਦਿਨ ਦੌਰਾਨ ਪਰਮੇਸ਼ੁਰ ਦੇ ਲੋਕ ਯਹੋਵਾਹ ਪਰਮੇਸ਼ੁਰ ਤੋਂ ਅਸਲੀ ਸੁਰੱਖਿਆ ਪਾਉਣਗੇ। ਸਫ਼ਨਯਾਹ ਦੇ ਨਾਂ ਦਾ ਮਤਲਬ ਹੈ “ਯਹੋਵਾਹ ਨੇ ਲੁਕੋ ਰੱਖਿਆ” ਜੋ ਸੁਰੱਖਿਆ ਦੇ ਅਸਲੀ ਸੋਮੇ ਵੱਲ ਸੰਕੇਤ ਕਰਦਾ ਹੈ। ਇਸ ਲਈ ਸਾਲ 2011 ਦਾ ਮੁੱਖ ਹਵਾਲਾ ਸਾਡੇ ਲਈ ਚੰਗੀ ਸਲਾਹ ਹੈ: ‘ਯਹੋਵਾਹ ਦੇ ਨਾਮ ਵਿੱਚ ਪਨਾਹ ਲਓ।’ (ਸਫ਼. 3:12) ਅਸੀਂ ਹੁਣ ਵੀ ਯਹੋਵਾਹ ਦੇ ਨਾਂ ਵਿਚ ਪਨਾਹ ਲੈ ਸਕਦੇ ਹਾਂ ਅਤੇ ਲੈਣੀ ਵੀ ਚਾਹੀਦੀ ਹੈ ਤੇ ਉਸ ਉੱਤੇ ਪੂਰਾ ਭਰੋਸਾ ਰੱਖਣਾ ਚਾਹੀਦਾ ਹੈ। (ਜ਼ਬੂ. 9:10) ਆਓ ਆਪਾਂ ਹਰ ਰੋਜ਼ ਇਸ ਭਰੋਸੇ ਨੂੰ ਮਨ ਵਿਚ ਰੱਖੀਏ: “ਯਹੋਵਾਹ ਦਾ ਨਾਮ ਇੱਕ ਪੱਕਾ ਬੁਰਜ ਹੈ, ਧਰਮੀ ਭੱਜ ਕੇ ਉਹ ਦੇ ਵਿੱਚ ਜਾਂਦਾ ਤੇ ਬਚਿਆ ਰਹਿੰਦਾ ਹੈ।”—ਕਹਾ. 18:10.

ਕੀ ਤੁਹਾਨੂੰ ਯਾਦ ਹੈ?

• ਹੁਣ ਅਸੀਂ ਯਹੋਵਾਹ ਦੇ ਨਾਂ ਵਿਚ ਪਨਾਹ ਕਿਵੇਂ ਲੈ ਸਕਦੇ ਹਾਂ?

• ਸਾਨੂੰ “ਝੂਠ ਦੀ ਪਨਾਹ” ਉੱਤੇ ਭਰੋਸਾ ਕਿਉਂ ਨਹੀਂ ਰੱਖਣਾ ਚਾਹੀਦਾ?

• ਭਵਿੱਖ ਵਿਚ ਸਾਨੂੰ ਕਿਹੜੀ ਪਨਾਹ ਦਾ ਭਰੋਸਾ ਦਿੱਤਾ ਗਿਆ ਹੈ?

[ਸਵਾਲ]

[ਸਫ਼ਾ 6 ਉੱਤੇ ਸੁਰਖੀ]

ਸਾਲ 2011 ਦਾ ਮੁੱਖ ਹਵਾਲਾ ਹੈ: ‘ਯਹੋਵਾਹ ਦੇ ਨਾਮ ਵਿੱਚ ਪਨਾਹ ਲਓ।’—ਸਫ਼ਨਯਾਹ 3:12.

[ਸਫ਼ਾ 7 ਉੱਤੇ ਤਸਵੀਰ ਦੀ ਕ੍ਰੈਡਿਟ ਲਾਈਨ]

Thüringer Landesmuseum Heidecksburg Rudolstadt, Waffensammlung “Schwarzburger Zeughaus”