Skip to content

Skip to table of contents

ਵਾਦੀ ਵਿਚ ਨਾਂ ਦੇਖੋ

ਵਾਦੀ ਵਿਚ ਨਾਂ ਦੇਖੋ

ਵਾਦੀ ਵਿਚ ਨਾਂ ਦੇਖੋ

ਸੇਂਟ ਮੋਰੀਤਸ। ਕੀ ਇਹ ਨਾਂ ਤੁਹਾਨੂੰ ਜਾਣਿਆ-ਪਛਾਣਿਆ ਲੱਗਦਾ ਹੈ? ਲੱਗ ਸਕਦਾ ਹੈ, ਕਿਉਂਕਿ ਸਵਿਟਜ਼ਰਲੈਂਡ ਦੀ ਏਂਗਾਡੀਨ ਵਾਦੀ ਵਿਚ ਸਥਿਤ ਇਹ ਸੈਰ-ਸਪਾਟੇ ਦੀ ਥਾਂ ਦੁਨੀਆਂ ਭਰ ਵਿਚ ਪ੍ਰਸਿੱਧ ਹੈ। ਪਰ ਕਈ ਥਾਵਾਂ ਵਿੱਚੋਂ ਸੇਂਟ ਮੋਰੀਤਸ ਇਕ ਜਗ੍ਹਾ ਹੈ ਜਿਸ ਨੇ ਕਈ ਸਾਲਾਂ ਤੋਂ ਲੋਕਾਂ ਨੂੰ ਇਸ ਖੂਬਸੂਰਤ ਵਾਦੀ ਵੱਲ ਖਿੱਚਿਆ ਹੈ। ਇਹ ਵਾਦੀ ਇਟਲੀ ਦੀ ਸਰਹੱਦ ਨੇੜੇ ਸਵਿਟਜ਼ਰਲੈਂਡ ਦੇ ਦੱਖਣੀ-ਪੂਰਬੀ ਕੋਨੇ ਵਿਚ ਬਰਫ਼ ਨਾਲ ਢਕੀਆਂ ਪਹਾੜੀਆਂ ਵਿਚ ਸਥਿਤ ਹੈ। ਇੱਥੇ ਸਵਿੱਸ ਨੈਸ਼ਨਲ ਪਾਰਕ ਵੀ ਹੈ ਜਿੱਥੇ ਕੁਦਰਤੀ ਨਜ਼ਾਰਿਆਂ ਦੇ ਨਾਲ-ਨਾਲ ਭਾਂਤ-ਭਾਂਤ ਦੇ ਫੁੱਲ, ਪੇੜ-ਪੌਦੇ ਅਤੇ ਜੀਵ-ਜੰਤੂ ਸਾਡੇ ਮਹਾਨ ਸ੍ਰਿਸ਼ਟੀਕਰਤਾ ਯਹੋਵਾਹ ਦੀ ਵਡਿਆਈ ਕਰਦੇ ਹਨ। (ਜ਼ਬੂ. 148:7-10) ਪਰ ਪੁਰਾਣੀਆਂ ਰਹਿੰਦੀਆਂ-ਖੂੰਹਦੀਆਂ ਚੀਜ਼ਾਂ ਵੀ ਵਡਿਆਈ ਕਰਦੀਆਂ ਹਨ ਜੋ 17ਵੀਂ ਸਦੀ ਦੇ ਮੱਧ ਦੀਆਂ ਹਨ।

ਇਸ ਘਾਟੀ ਵਿਚ ਕਈ ਘਰਾਂ ਉੱਤੇ ਇਕ ਖ਼ਾਸ ਚੀਜ਼ ਨਜ਼ਰ ਆਉਂਦੀ ਹੈ ਜੋ ਸ਼ਾਇਦ ਤੁਹਾਡਾ ਧਿਆਨ ਖਿੱਚੇ। ਹਾਲੇ ਵੀ ਘਰਾਂ ਦੇ ਮੁਹਰਲੇ ਪਾਸੇ ਪਰਮੇਸ਼ੁਰ ਦਾ ਨਾਂ ਲਿਖਿਆ ਹੋਇਆ ਦੇਖਿਆ ਜਾ ਸਕਦਾ ਹੈ ਜਿਵੇਂ ਮੁੱਖ ਦਰਵਾਜ਼ੇ ਉੱਤੇ। ਸਦੀਆਂ ਪਹਿਲਾਂ ਘਰਾਂ ਦੇ ਬਾਹਰਲੇ ਪਾਸੇ ਕੁਝ ਨਾ ਕੁਝ ਲਿਖਣ ਦਾ ਰਿਵਾਜ ਸੀ। ਇਹ ਰੰਗ ਨਾਲ ਲਿਖਿਆ ਜਾਂਦਾ ਸੀ, ਪਲਾਸਤਰ ਉੱਤੇ ਖੋਦਿਆ ਜਾਂਦਾ ਸੀ ਜਾਂ ਪੱਥਰ ਉੱਤੇ ਉੱਕਰਿਆ ਜਾਂਦਾ ਸੀ। ਇੱਥੇ ਤੁਸੀਂ ਇਕ ਘਰ ਦੀ ਤਸਵੀਰ ਦੇਖਦੇ ਹੋ ਜੋ ਬੇਵਰ ਪਿੰਡ ਵਿਚ ਹੈ। ਇਨ੍ਹਾਂ ਸ਼ਬਦਾਂ ਦਾ ਅਨੁਵਾਦ ਇਹ ਹੈ: “ਸੰਨ 1715. ਯਹੋਵਾਹ ਆਦ ਹੈ ਅਤੇ ਯਹੋਵਾਹ ਅੰਤ ਹੈ। ਸਾਰਾ ਕੁਝ ਰੱਬ ਸਦਕਾ ਹੁੰਦਾ ਹੈ ਅਤੇ ਉਸ ਤੋਂ ਬਿਨਾਂ ਕੁਝ ਨਹੀਂ ਹੁੰਦਾ।” ਹਾਂ, ਇਸ ਪੁਰਾਣੇ ਸਾਈਨ ਉੱਤੇ ਪਰਮੇਸ਼ੁਰ ਦਾ ਨਾਂ ਦੋ ਵਾਰ ਲਿਖਿਆ ਹੋਇਆ ਹੈ।

ਮਾਡੁਲੀਨ ਪਿੰਡ ਵਿਚ ਤੁਸੀਂ ਇਸ ਤੋਂ ਵੀ ਪੁਰਾਣੇ ਸ਼ਬਦ ਦੇਖ ਸਕਦੇ ਹੋ। ਇਹ ਸਾਈਨ ਕਹਿੰਦਾ ਹੈ: “ਜ਼ਬੂਰ 127. ਜੇਕਰ ਯਹੋਵਾਹ ਹੀ ਘਰ ਨਾ ਬਣਾਵੇ, ਤਾਂ ਉਸ ਦੇ ਬਣਾਉਣ ਵਾਲੇ ਦੀ ਮਿਹਨਤ ਵਿਅਰਥ ਹੈ। ਲੂਕੀਅਸ ਰੂਮੇਡੀਅਸ। ਸੰਨ 1654.”

ਇਸ ਵਾਦੀ ਵਿਚ ਪਰਮੇਸ਼ੁਰ ਦਾ ਨਾਂ ਆਮ ਦੇਖਣ ਨੂੰ ਕਿਉਂ ਮਿਲਦਾ ਹੈ? ਰਿਫੋਰਮੇਸ਼ਨ (ਚਰਚ ਦਾ ਸੁਧਾਰ ਅੰਦੋਲਨ) ਦੇ ਜ਼ਮਾਨੇ ਵਿਚ ਬਾਈਬਲ ਲਾਤੀਨੀ ਭਾਸ਼ਾ ਉੱਤੇ ਆਧਾਰਿਤ ਰੋਮਾਂਚ ਭਾਸ਼ਾ ਵਿਚ ਛਾਪੀ ਗਈ ਸੀ ਜੋ ਏਂਗਾਡੀਨ ਵਿਚ ਬੋਲੀ ਜਾਂਦੀ ਹੈ। ਦਰਅਸਲ ਇਹ ਪਹਿਲੀ ਕਿਤਾਬ ਸੀ ਜਿਸ ਦਾ ਤਰਜਮਾ ਇਸ ਭਾਸ਼ਾ ਵਿਚ ਕੀਤਾ ਗਿਆ ਸੀ। ਪਰਮੇਸ਼ੁਰ ਦੇ ਬਚਨ ਵਿੱਚੋਂ ਲੋਕਾਂ ਨੇ ਜੋ ਕੁਝ ਪੜ੍ਹਿਆ, ਉਸ ਤੋਂ ਕਈ ਲੋਕ ਇੰਨੇ ਪ੍ਰਭਾਵਿਤ ਹੋਏ ਕਿ ਉਨ੍ਹਾਂ ਨੇ ਆਪਣੇ ਘਰਾਂ ਦੇ ਬਾਹਰਲੇ ਪਾਸੇ ਨਾ ਸਿਰਫ਼ ਆਪਣੇ ਨਾਂ ਲਿਖਵਾਏ, ਸਗੋਂ ਬਾਈਬਲ ਦੇ ਉਹ ਹਵਾਲੇ ਵੀ ਲਿਖੇ ਜਿਨ੍ਹਾਂ ਵਿਚ ਪਰਮੇਸ਼ੁਰ ਦਾ ਨਾਂ ਸੀ।

ਹਾਂ, ਘਰਾਂ ਉਤਲੀਆਂ ਇਹ ਲਿਖਤਾਂ ਸਦੀਆਂ ਬਾਅਦ ਵੀ ਅੱਜ ਯਹੋਵਾਹ ਦੇ ਨਾਂ ਦਾ ਐਲਾਨ ਕਰਦੀਆਂ ਹਨ ਅਤੇ ਉਸ ਦੀ ਵਡਿਆਈ ਕਰਦੀਆਂ ਹਨ। ਵਾਦੀ ਨੂੰ ਦੇਖਣ ਆਉਣ ਵਾਲੇ ਅਤੇ ਇਸ ਵਿਚ ਰਹਿੰਦੇ ਲੋਕ ਜੇ ਇਸ ਮਹਾਨ ਪਰਮੇਸ਼ੁਰ ਯਹੋਵਾਹ ਬਾਰੇ ਹੋਰ ਜਾਣਨਾ ਚਾਹੁੰਦੇ ਹਨ, ਤਾਂ ਉਨ੍ਹਾਂ ਦਾ ਸੁਆਗਤ ਹੈ। ਉਹ ਇਕ ਹੋਰ ਇਮਾਰਤ ਦੇਖਣ ਜਾ ਸਕਦੇ ਹਨ ਜਿਸ ਉੱਤੇ ਪਰਮੇਸ਼ੁਰ ਦਾ ਨਾਂ ਲਿਖਿਆ ਹੈ—ਬੇਵਰ ਵਿਚ ਯਹੋਵਾਹ ਦੇ ਗਵਾਹਾਂ ਦਾ ਕਿੰਗਡਮ ਹਾਲ।

[ਸਫ਼ਾ 7 ਉੱਤੇ ਤਸਵੀਰ ਦੀ ਕ੍ਰੈਡਿਟ ਲਾਈਨ]

© Stähli Rolf A/age fotostock