Skip to content

Skip to table of contents

ਕੀ ਤੁਸੀਂ ਕੁਧਰਮ ਨਾਲ ਨਫ਼ਰਤ ਕਰਦੇ ਹੋ?

ਕੀ ਤੁਸੀਂ ਕੁਧਰਮ ਨਾਲ ਨਫ਼ਰਤ ਕਰਦੇ ਹੋ?

ਕੀ ਤੁਸੀਂ ਕੁਧਰਮ ਨਾਲ ਨਫ਼ਰਤ ਕਰਦੇ ਹੋ?

“ਤੈਂ [ਯਿਸੂ ਨੇ] . . . ਕੁਧਰਮ ਨਾਲ ਵੈਰ ਰੱਖਿਆ।”—ਇਬ. 1:9.

1. ਯਿਸੂ ਨੇ ਪਿਆਰ ਬਾਰੇ ਕੀ ਸਿਖਾਇਆ?

ਪਿਆਰ ਦੀ ਮਹੱਤਤਾ ਉੱਤੇ ਜ਼ੋਰ ਦਿੰਦਿਆਂ ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹਾ: “ਮੈਂ ਤੁਹਾਨੂੰ ਨਵਾਂ ਹੁਕਮ ਦਿੰਦਾ ਹਾਂ ਕਿ ਇੱਕ ਦੂਏ ਨੂੰ ਪਿਆਰ ਕਰੋ ਅਰਥਾਤ ਜਿਵੇਂ ਮੈਂ ਤੁਹਾਨੂੰ ਪਿਆਰ ਕੀਤਾ ਤਿਵੇਂ ਤੁਸੀਂ ਇੱਕ ਦੂਏ ਨੂੰ ਪਿਆਰ ਕਰੋ। ਜੇ ਤੁਸੀਂ ਆਪੋ ਵਿੱਚ ਪ੍ਰੇਮ ਰੱਖੋ ਤਾਂ ਇਸੇ ਤੋਂ ਸਭ ਜਾਣਨਗੇ ਭਈ ਤੁਸੀਂ ਮੇਰੇ ਚੇਲੇ ਹੋ।” (ਯੂਹੰ. 13:34, 35) ਯਿਸੂ ਨੇ ਆਪਣੇ ਚੇਲਿਆਂ ਨੂੰ ਹੁਕਮ ਦਿੱਤਾ ਕਿ ਉਹ ਪਿਆਰ ਦੀ ਖ਼ਾਤਰ ਇਕ-ਦੂਜੇ ਲਈ ਜਾਨ ਦੇਣ ਲਈ ਵੀ ਤਿਆਰ ਰਹਿਣ। ਇਹ ਪਿਆਰ ਉਨ੍ਹਾਂ ਦੀ ਪਛਾਣ ਹੋਵੇਗੀ। ਯਿਸੂ ਨੇ ਉਨ੍ਹਾਂ ਨੂੰ ਇਹ ਵੀ ਤਾਕੀਦ ਕੀਤੀ: “ਆਪਣੇ ਵੈਰੀਆਂ ਨਾਲ ਪਿਆਰ ਕਰੋ ਅਤੇ ਜੋ ਤੁਹਾਨੂੰ ਸਤਾਉਣ ਉਨ੍ਹਾਂ ਲਈ ਪ੍ਰਾਰਥਨਾ ਕਰੋ।”—ਮੱਤੀ 5:44.

2. ਮਸੀਹ ਦੇ ਚੇਲਿਆਂ ਨੂੰ ਕਿਸ ਚੀਜ਼ ਨਾਲ ਨਫ਼ਰਤ ਪੈਦਾ ਕਰਨੀ ਚਾਹੀਦੀ ਹੈ?

2 ਆਪਣੇ ਚੇਲਿਆਂ ਨੂੰ ਪਿਆਰ ਬਾਰੇ ਸਿਖਾਉਣ ਤੋਂ ਇਲਾਵਾ ਯਿਸੂ ਨੇ ਇਹ ਵੀ ਸਿਖਾਇਆ ਕਿ ਉਨ੍ਹਾਂ ਨੇ ਕਿਸ ਚੀਜ਼ ਨਾਲ ਨਫ਼ਰਤ ਕਰਨੀ ਸੀ। ਯਿਸੂ ਬਾਰੇ ਕਿਹਾ ਗਿਆ ਸੀ: “ਤੈਂ ਧਰਮ ਨਾਲ ਪ੍ਰੇਮ ਅਤੇ ਕੁਧਰਮ [ਬੁਰਾਈ] ਨਾਲ ਵੈਰ ਰੱਖਿਆ।” (ਇਬ. 1:9; ਜ਼ਬੂ. 45:7) ਇਸ ਤੋਂ ਪਤਾ ਲੱਗਦਾ ਹੈ ਕਿ ਸਾਨੂੰ ਨਾ ਸਿਰਫ਼ ਧਾਰਮਿਕਤਾ ਲਈ ਪਿਆਰ ਪੈਦਾ ਕਰਨਾ ਚਾਹੀਦਾ ਹੈ, ਸਗੋਂ ਪਾਪ ਜਾਂ ਬੁਰਾਈ ਨਾਲ ਨਫ਼ਰਤ ਵੀ ਕਰਨੀ ਚਾਹੀਦੀ ਹੈ। ਧਿਆਨਯੋਗ ਗੱਲ ਹੈ ਕਿ ਯੂਹੰਨਾ ਰਸੂਲ ਨੇ ਖ਼ਾਸ ਤੌਰ ਤੇ ਕਿਹਾ: “ਹਰ ਕੋਈ ਜਿਹੜਾ ਪਾਪ ਕਰਦਾ ਹੈ ਸ਼ਰਾ ਦਾ ਉਲਟ ਕਰਦਾ ਹੈ ਅਤੇ ਪਾਪ ਤਾਂ ਸ਼ਰਾ ਦਾ ਉਲਟ ਹੀ ਹੈ।”—1 ਯੂਹੰ. 3:4.

3. ਕੁਧਰਮ ਨਾਲ ਨਫ਼ਰਤ ਕਰਨ ਸੰਬੰਧੀ ਅਸੀਂ ਇਸ ਲੇਖ ਵਿਚ ਜ਼ਿੰਦਗੀ ਦੇ ਕਿਨ੍ਹਾਂ ਪਹਿਲੂਆਂ ਉੱਤੇ ਗੌਰ ਕਰਾਂਗੇ?

3 ਮਸੀਹੀ ਹੋਣ ਦੇ ਨਾਤੇ ਚੰਗਾ ਹੋਵੇਗਾ ਜੇ ਅਸੀਂ ਆਪਣੇ ਆਪ ਤੋਂ ਪੁੱਛੀਏ, ‘ਕੀ ਮੈਂ ਕੁਧਰਮ ਨਾਲ ਨਫ਼ਰਤ ਕਰਦਾ ਹਾਂ?’ ਆਓ ਆਪਾਂ ਦੇਖੀਏ ਕਿ ਅੱਗੇ ਦੱਸੇ ਗਏ ਜ਼ਿੰਦਗੀ ਦੇ ਚਾਰ ਪਹਿਲੂਆਂ ਵਿਚ ਅਸੀਂ ਕੁਧਰਮ ਲਈ ਨਫ਼ਰਤ ਕਿਵੇਂ ਦਿਖਾ ਸਕਦੇ ਹਾਂ: (1) ਜ਼ਿਆਦਾ ਸ਼ਰਾਬ ਪੀਣ ਬਾਰੇ ਸਾਡਾ ਰਵੱਈਆ, (2) ਜਾਦੂ-ਟੂਣੇ ਬਾਰੇ ਸਾਡਾ ਨਜ਼ਰੀਆ, (3) ਬਦਚਲਣੀ ਬਾਰੇ ਸਾਡਾ ਨਜ਼ਰੀਆ ਅਤੇ (4) ਕੁਧਰਮ ਨੂੰ ਪਿਆਰ ਕਰਨ ਵਾਲਿਆਂ ਪ੍ਰਤਿ ਸਾਡਾ ਨਜ਼ਰੀਆ।

ਸੰਜਮ ਨਾਲ ਸ਼ਰਾਬ ਪੀਓ

4. ਬਹੁਤ ਜ਼ਿਆਦਾ ਸ਼ਰਾਬ ਪੀਣ ਬਾਰੇ ਯਿਸੂ ਤਾੜਨਾ ਕਿਉਂ ਦੇ ਸਕਦਾ ਸੀ?

4 ਯਿਸੂ ਕਦੇ-ਕਦੇ ਸ਼ਰਾਬ ਪੀਂਦਾ ਹੁੰਦਾ ਸੀ ਕਿਉਂਕਿ ਉਹ ਇਸ ਨੂੰ ਪਰਮੇਸ਼ੁਰ ਵੱਲੋਂ ਦਾਤ ਸਮਝਦਾ ਸੀ। (ਜ਼ਬੂ. 104:14, 15) ਪਰ ਉਸ ਨੇ ਕਦੇ ਵੀ ਬਹੁਤ ਜ਼ਿਆਦਾ ਸ਼ਰਾਬ ਪੀਣ ਦੁਆਰਾ ਇਸ ਦਾਤ ਦੀ ਦੁਰਵਰਤੋਂ ਨਹੀਂ ਕੀਤੀ। (ਕਹਾ. 23:29-33) ਇਸ ਲਈ ਯਿਸੂ ਇਸ ਆਦਤ ਬਾਰੇ ਦੂਜਿਆਂ ਨੂੰ ਤਾੜਨਾ ਦੇ ਸਕਦਾ ਸੀ। (ਲੂਕਾ 21:34 ਪੜ੍ਹੋ।) ਬਹੁਤ ਜ਼ਿਆਦਾ ਸ਼ਰਾਬ ਪੀਣ ਨਾਲ ਸਾਡੇ ਤੋਂ ਇਕ ਤੋਂ ਬਾਅਦ ਇਕ ਗੰਭੀਰ ਪਾਪ ਹੋ ਸਕਦੇ ਹਨ। ਇਸ ਲਈ ਪੌਲੁਸ ਰਸੂਲ ਨੇ ਲਿਖਿਆ: ‘ਮੈ ਨਾਲ ਮਸਤ ਨਾ ਹੋਵੋ ਜਿਹ ਦੇ ਵਿੱਚ ਲੁੱਚਪੁਣਾ ਹੁੰਦਾ ਹੈ ਸਗੋਂ ਸ਼ਕਤੀ ਨਾਲ ਭਰਪੂਰ ਹੋ ਜਾਓ।’ (ਅਫ਼. 5:18) ਉਸ ਨੇ ਕਲੀਸਿਯਾ ਵਿਚ ਬਿਰਧ ਤੀਵੀਆਂ ਨੂੰ ਵੀ ਸਲਾਹ ਦਿੱਤੀ ਸੀ ਕਿ ਉਹ ‘ਬਹੁਤ ਮੈ ਦੀਆਂ ਗੁਲਾਮਾਂ ਨਾ ਹੋਣ।’—ਤੀਤੁ. 2:3.

5. ਸ਼ਰਾਬ ਪੀਣ ਦਾ ਮਨ ਬਣਾਉਣ ਵਾਲੇ ਆਪਣੇ ਤੋਂ ਕਿਹੜੇ ਸਵਾਲ ਪੁੱਛ ਸਕਦੇ ਹਨ?

5 ਜੇ ਤੁਸੀਂ ਸ਼ਰਾਬ ਪੀਣ ਦਾ ਮਨ ਬਣਾਉਂਦੇ ਹੋ, ਤਾਂ ਤੁਹਾਨੂੰ ਆਪਣੇ ਤੋਂ ਇਹ ਵੀ ਪੁੱਛਣਾ ਚਾਹੀਦਾ ਹੈ: ‘ਕੀ ਮੈਂ ਜ਼ਿਆਦਾ ਸ਼ਰਾਬ ਪੀਣ ਬਾਰੇ ਯਿਸੂ ਵਰਗਾ ਰਵੱਈਆ ਰੱਖਦਾ ਹਾਂ? ਜੇ ਮੈਨੂੰ ਇਸ ਬਾਰੇ ਦੂਜਿਆਂ ਨੂੰ ਸਲਾਹ ਦੇਣ ਦੀ ਲੋੜ ਪਵੇ, ਤਾਂ ਕੀ ਮੈਂ ਬਿਨਾਂ ਝਿਜਕੇ ਇਸ ਤਰ੍ਹਾਂ ਕਰ ਸਕਦਾ ਹਾਂ? ਕੀ ਮੈਂ ਫ਼ਿਕਰਾਂ ਨੂੰ ਭੁਲਾਉਣ ਜਾਂ ਤਣਾਅ ਨੂੰ ਘਟਾਉਣ ਲਈ ਪੀਂਦਾ ਹਾਂ? ਹਰ ਹਫ਼ਤੇ ਮੈਂ ਕਿੰਨੀ ਕੁ ਸ਼ਰਾਬ ਪੀਂਦਾ ਹਾਂ? ਮੈਂ ਉਦੋਂ ਕੀ ਕਰਦਾ ਹਾਂ ਜਦੋਂ ਕੋਈ ਕਹਿੰਦਾ ਹੈ ਕਿ ਮੈਂ ਸ਼ਾਇਦ ਬਹੁਤ ਜ਼ਿਆਦਾ ਪੀਂਦਾ ਹਾਂ? ਕੀ ਮੈਂ ਸਫ਼ਾਈ ਦੇਣ ਦੀ ਕੋਸ਼ਿਸ਼ ਕਰਦਾ ਹਾਂ ਤੇ ਗੁੱਸੇ ਵੀ ਹੋ ਜਾਂਦਾ ਹਾਂ?’ ਸ਼ਰਾਬ ਦੇ ਗ਼ੁਲਾਮ ਬਣਨ ਨਾਲ ਅਸੀਂ ਚੰਗੀ ਤਰ੍ਹਾਂ ਸੋਚ-ਸਮਝ ਨਹੀਂ ਸਕਦੇ ਅਤੇ ਨਾ ਹੀ ਚੰਗੇ ਫ਼ੈਸਲੇ ਕਰ ਸਕਦੇ ਹਾਂ। ਮਸੀਹ ਦੇ ਪੈਰੋਕਾਰ ਆਪਣੀ ਸੋਚਣ-ਸਮਝਣ ਦੀ ਕਾਬਲੀਅਤ ਦੀ ਰਾਖੀ ਕਰਨ ਦੀ ਕੋਸ਼ਿਸ਼ ਕਰਦੇ ਹਨ।—ਕਹਾ. 3:21, 22.

ਜਾਦੂਗਰੀ ਤੋਂ ਦੂਰ ਰਹੋ

6, 7. (ੳ) ਸ਼ਤਾਨ ਅਤੇ ਦੁਸ਼ਟ ਦੂਤਾਂ ਨਾਲ ਯਿਸੂ ਕਿਵੇਂ ਸਿੱਝਿਆ? (ਅ) ਅੱਜ ਜਾਦੂਗਰੀ ਦੇ ਕੰਮ ਇੰਨੇ ਜ਼ਿਆਦਾ ਕਿਉਂ ਹੋ ਰਹੇ ਹਨ?

6 ਧਰਤੀ ਉੱਤੇ ਹੁੰਦਿਆਂ ਯਿਸੂ ਨੇ ਦ੍ਰਿੜ੍ਹਤਾ ਨਾਲ ਸ਼ਤਾਨ ਅਤੇ ਦੁਸ਼ਟ ਦੂਤਾਂ ਦਾ ਵਿਰੋਧ ਕੀਤਾ ਸੀ। ਉਸ ਨੇ ਆਪਣੀ ਵਫ਼ਾਦਾਰੀ ਉੱਤੇ ਹੋਏ ਸ਼ਤਾਨ ਦੇ ਸਿੱਧੇ ਹਮਲਿਆਂ ਦਾ ਜਵਾਬ ਦਿੱਤਾ। (ਲੂਕਾ 4:1-13) ਉਸ ਨੇ ਆਪਣੀ ਸੋਚ ਅਤੇ ਕੰਮਾਂ ’ਤੇ ਅਸਰ ਕਰਨ ਵਾਲੀਆਂ ਚਲਾਕੀ ਭਰੀਆਂ ਕੋਸ਼ਿਸ਼ਾਂ ਨੂੰ ਵੀ ਪਛਾਣਿਆ ਅਤੇ ਇਨ੍ਹਾਂ ਨੂੰ ਨਾਕਾਮ ਕੀਤਾ। (ਮੱਤੀ 16:21-23) ਯਿਸੂ ਨੇ ਦੁਸ਼ਟ ਦੂਤਾਂ ਦੇ ਜ਼ਾਲਮਾਨਾ ਚੁੰਗਲ ਵਿੱਚੋਂ ਬਚਣ ਵਿਚ ਨੇਕਦਿਲ ਲੋਕਾਂ ਦੀ ਮਦਦ ਕੀਤੀ।—ਮਰ. 5:2, 8, 12-15; 9:20, 25-27.

7 ਯਿਸੂ ਨੇ 1914 ਵਿਚ ਰਾਜਾ ਬਣਨ ਤੋਂ ਬਾਅਦ ਸਵਰਗ ਵਿੱਚੋਂ ਸ਼ਤਾਨ ਅਤੇ ਦੁਸ਼ਟ ਦੂਤਾਂ ਦੇ ਭੈੜੇ ਅਸਰ ਨੂੰ ਖ਼ਤਮ ਕੀਤਾ। ਨਤੀਜੇ ਵਜੋਂ ਸ਼ਤਾਨ ਪਹਿਲਾਂ ਨਾਲੋਂ ਵੀ ਕਿਤੇ ਜ਼ਿਆਦਾ ‘ਸਾਰੇ ਜਗਤ ਨੂੰ ਭਰਮਾਉਣ’ ਲੱਗਾ ਹੋਇਆ ਹੈ। (ਪਰ. 12:9, 10) ਤਾਂ ਫਿਰ ਸਾਨੂੰ ਹੈਰਾਨ ਨਹੀਂ ਹੋਣਾ ਚਾਹੀਦਾ ਕਿ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਲੋਕ ਜਾਦੂਗਰੀ ਦੇ ਦੀਵਾਨੇ ਹੋ ਰਹੇ ਹਨ। ਇਸ ਤੋਂ ਬਚਣ ਲਈ ਅਸੀਂ ਕਿਹੜੇ ਕਦਮ ਚੁੱਕ ਸਕਦੇ ਹਾਂ?

8. ਮਨੋਰੰਜਨ ਬਾਰੇ ਆਪਣੀ ਚੋਣ ਸੰਬੰਧੀ ਸਾਨੂੰ ਸਾਰਿਆਂ ਨੂੰ ਆਪਣੇ ਤੋਂ ਕਿਹੜੇ ਸਵਾਲ ਪੁੱਛਣੇ ਚਾਹੀਦੇ ਹਨ?

8 ਬਾਈਬਲ ਜਾਦੂਗਰੀ ਦੇ ਨਾਲ ਸੰਬੰਧਿਤ ਖ਼ਤਰਿਆਂ ਬਾਰੇ ਸਾਫ਼-ਸਾਫ਼ ਚੇਤਾਵਨੀ ਦਿੰਦੀ ਹੈ। (ਬਿਵਸਥਾ ਸਾਰ 18:10-12 ਪੜ੍ਹੋ।) ਅੱਜ ਸ਼ਤਾਨ ਅਤੇ ਦੁਸ਼ਟ ਦੂਤ ਜਾਦੂਗਰੀ ਦੇ ਕੰਮਾਂ ਨੂੰ ਹੱਲਾਸ਼ੇਰੀ ਦੇਣ ਵਾਲੀਆਂ ਫ਼ਿਲਮਾਂ, ਕਿਤਾਬਾਂ ਅਤੇ ਗੇਮਾਂ ਦੇ ਜ਼ਰੀਏ ਲੋਕਾਂ ਦੀ ਸੋਚ ਨੂੰ ਪ੍ਰਭਾਵਿਤ ਕਰਦੇ ਹਨ। ਇਸ ਲਈ ਮਨੋਰੰਜਨ ਦੀ ਚੋਣ ਕਰਨ ਲੱਗਿਆਂ ਸਾਨੂੰ ਆਪਣੇ ਤੋਂ ਪੁੱਛਣਾ ਚਾਹੀਦਾ ਹੈ: ‘ਪਿਛਲੇ ਮਹੀਨਿਆਂ ਵਿਚ ਕੀ ਮੈਂ ਮਨ ਬਹਿਲਾਉਣ ਲਈ ਅਜਿਹੀਆਂ ਫ਼ਿਲਮਾਂ, ਟੀ. ਵੀ. ਪ੍ਰੋਗ੍ਰਾਮ, ਗੇਮਾਂ, ਕਿਤਾਬਾਂ ਜਾਂ ਕਾਮਿਕਸ ਚੁਣੀਆਂ ਹਨ ਜਿਨ੍ਹਾਂ ਵਿਚ ਜਾਦੂਗਰੀ ਦੇ ਕੰਮਾਂ ਬਾਰੇ ਦਿਖਾਇਆ ਜਾਂ ਦੱਸਿਆ ਗਿਆ ਹੈ? ਕੀ ਮੈਂ ਜਾਦੂਗਰੀ ਦੇ ਅਸਰਾਂ ਨੂੰ ਨਕਾਰਨ ਦੀ ਮਹੱਤਤਾ ਨੂੰ ਸਮਝਦਾ ਹਾਂ ਜਾਂ ਕੀ ਮੈਂ ਇਨ੍ਹਾਂ ਖ਼ਤਰਿਆਂ ਨੂੰ ਨਜ਼ਰਅੰਦਾਜ਼ ਕਰ ਦਿੰਦਾ ਹਾਂ? ਕੀ ਮੈਂ ਇਹ ਵੀ ਸੋਚਿਆ ਹੈ ਕਿ ਮਨੋਰੰਜਨ ਦੀ ਮੇਰੀ ਚੋਣ ਬਾਰੇ ਯਹੋਵਾਹ ਕਿਵੇਂ ਮਹਿਸੂਸ ਕਰੇਗਾ? ਜੇ ਮੈਂ ਆਪਣੀ ਜ਼ਿੰਦਗੀ ਉੱਤੇ ਅਜਿਹੇ ਸ਼ਤਾਨੀ ਅਸਰ ਪੈਣ ਦਿੰਦਾ ਹਾਂ, ਤਾਂ ਕੀ ਯਹੋਵਾਹ ਅਤੇ ਉਸ ਦੇ ਧਰਮੀ ਅਸੂਲਾਂ ਲਈ ਮੇਰਾ ਪਿਆਰ ਮੈਨੂੰ ਠੋਸ ਕਦਮ ਚੁੱਕਣ ਅਤੇ ਇਨ੍ਹਾਂ ਅਸਰਾਂ ਨੂੰ ਨਕਾਰਨ ਲਈ ਉਕਸਾਵੇਗਾ?’—ਰਸੂ. 19:19, 20.

ਹਰਾਮਕਾਰੀ ਬਾਰੇ ਯਿਸੂ ਦੀ ਚੇਤਾਵਨੀ ਵੱਲ ਧਿਆਨ ਦਿਓ

9. ਇਕ ਵਿਅਕਤੀ ਕੁਧਰਮ ਲਈ ਪਿਆਰ ਕਿਵੇਂ ਪੈਦਾ ਕਰ ਸਕਦਾ ਹੈ?

9 ਯਿਸੂ ਨੇ ਲਿੰਗੀ ਨੈਤਿਕਤਾ ਬਾਰੇ ਯਹੋਵਾਹ ਦੇ ਮਿਆਰ ਦੀ ਪਾਲਣਾ ਕੀਤੀ ਸੀ। ਉਸ ਨੇ ਕਿਹਾ: “ਕੀ ਤੁਸਾਂ ਇਹ ਨਹੀਂ ਪੜ੍ਹਿਆ ਭਈ ਜਿਸ ਨੇ ਉਨ੍ਹਾਂ ਨੂੰ ਬਣਾਇਆ ਉਹ ਨੇ ਮੁੱਢੋਂ ਉਨ੍ਹਾਂ ਨੂੰ ਨਰ ਅਤੇ ਨਾਰੀ ਬਣਾਇਆ? ਅਤੇ ਕਿਹਾ ਜੋ ਏਸ ਲਈ ਮਰਦ ਆਪਣੇ ਮਾਪੇ ਛੱਡ ਕੇ ਆਪਣੀ ਤੀਵੀਂ ਨਾਲ ਮਿਲਿਆ ਰਹੇਗਾ ਅਤੇ ਓਹ ਦੋਵੇਂ ਇੱਕ ਸਰੀਰ ਹੋਣਗੇ। ਸੋ ਹੁਣ ਓਹ ਦੋ ਨਹੀਂ ਬਲਕਣ ਇੱਕੋ ਸਰੀਰ ਹਨ। ਸੋ ਜੋ ਕੁਝ ਪਰਮੇਸ਼ੁਰ ਨੇ ਜੋੜ ਦਿੱਤਾ ਹੈ ਉਹ ਨੂੰ ਮਨੁੱਖ ਅੱਡ ਨਾ ਕਰੇ।” (ਮੱਤੀ 19:4-6) ਯਿਸੂ ਜਾਣਦਾ ਸੀ ਕਿ ਅਸੀਂ ਆਪਣੀਆਂ ਅੱਖਾਂ ਨਾਲ ਜੋ ਦੇਖਦੇ ਹਾਂ, ਉਹ ਸਾਡੇ ਦਿਲ ਉੱਤੇ ਅਸਰ ਕਰ ਸਕਦਾ ਹੈ। ਇਸ ਲਈ ਉਸ ਨੇ ਆਪਣੇ ਪਹਾੜੀ ਉਪਦੇਸ਼ ਵਿਚ ਕਿਹਾ: “ਤੁਸਾਂ ਸੁਣਿਆ ਹੈ ਜੋ ਇਹ ਕਿਹਾ ਗਿਆ ਸੀ ਭਈ ਤੂੰ ਜ਼ਨਾਹ ਨਾ ਕਰ। ਪਰ ਮੈਂ ਤੁਹਾਨੂੰ ਆਖਦਾ ਹਾਂ ਕਿ ਜੋ ਕੋਈ ਤੀਵੀਂ ਨੂੰ ਬੁਰੀ ਇੱਛਿਆ ਕਰ ਕੇ ਵੇਖਦਾ ਹੈ ਸੋ ਤਦੋਂ ਹੀ ਆਪਣੇ ਮਨੋਂ ਉਹ ਦੇ ਨਾਲ ਜ਼ਨਾਹ ਕਰ ਚੁੱਕਿਆ।” (ਮੱਤੀ 5:27, 28) ਜਿਹੜੇ ਯਿਸੂ ਦੀ ਚੇਤਾਵਨੀ ਨੂੰ ਨਜ਼ਰਅੰਦਾਜ਼ ਕਰਦੇ ਹਨ, ਉਹ ਅਸਲ ਵਿਚ ਕੁਧਰਮ ਲਈ ਪਿਆਰ ਪੈਦਾ ਕਰਦੇ ਹਨ।

10. ਇਕ ਤਜਰਬਾ ਦੱਸੋ ਜੋ ਦਿਖਾਉਂਦਾ ਹੈ ਕਿ ਪੋਰਨੋਗ੍ਰਾਫੀ ਤੋਂ ਖਹਿੜਾ ਛੁਡਾਇਆ ਜਾ ਸਕਦਾ ਹੈ।

10 ਸ਼ਤਾਨ ਪੋਰਨੋਗ੍ਰਾਫੀ ਦੇ ਜ਼ਰੀਏ ਲਿੰਗੀ ਅਨੈਤਿਕਤਾ ਨੂੰ ਹੱਲਾਸ਼ੇਰੀ ਦਿੰਦਾ ਹੈ। ਇਸ ਲਈ ਦੁਨੀਆਂ ਵਿਚ ਜਿੱਧਰ ਵੀ ਦੇਖੋ ਪੋਰਨੋਗ੍ਰਾਫੀ ਨਜ਼ਰ ਆਉਂਦੀ ਹੈ। ਜਿਹੜੇ ਲੋਕ ਪੋਰਨੋਗ੍ਰਾਫੀ ਦੇਖਦੇ ਹਨ, ਉਨ੍ਹਾਂ ਨੂੰ ਆਪਣੇ ਮਨਾਂ ਵਿੱਚੋਂ ਗੰਦੇ ਸੀਨ ਕੱਢਣੇ ਔਖੇ ਲੱਗਦੇ ਹਨ। ਉਹ ਪੋਰਨੋਗ੍ਰਾਫੀ ਦੇ ਵੀ ਆਦੀ ਹੋ ਸਕਦੇ ਹਨ। ਧਿਆਨ ਦਿਓ ਕਿ ਇਕ ਮਸੀਹੀ ਨਾਲ ਕੀ ਹੋਇਆ। ਉਹ ਕਹਿੰਦਾ ਹੈ: “ਮੈਂ ਚੋਰੀ-ਛਿਪੇ ਪੋਰਨੋਗ੍ਰਾਫੀ ਦੇਖਦਾ ਸੀ। ਮੈਂ ਆਪਣੀ ਅਲੱਗ ਹੀ ਦੁਨੀਆਂ ਬਣਾ ਲਈ ਸੀ ਜਿਹੜੀ ਮੈਂ ਸੋਚਦਾ ਸੀ ਕਿ ਉਸ ਦੁਨੀਆਂ ਤੋਂ ਵੱਖਰੀ ਹੈ ਜਿਸ ਵਿਚ ਮੈਂ ਯਹੋਵਾਹ ਦੀ ਸੇਵਾ ਕਰਦਾ ਸੀ। ਮੈਨੂੰ ਪਤਾ ਸੀ ਕਿ ਇਹ ਕੰਮ ਗ਼ਲਤ ਸੀ, ਫਿਰ ਵੀ ਮੈਂ ਆਪਣੇ ਆਪ ਨੂੰ ਕਿਹਾ ਕਿ ਯਹੋਵਾਹ ਹਾਲੇ ਵੀ ਮੇਰੀ ਸੇਵਾ ਨੂੰ ਸਵੀਕਾਰ ਕਰਦਾ ਹੈ।” ਇਸ ਭਰਾ ਦੀ ਸੋਚ ਨੂੰ ਕਿਹੜੀ ਗੱਲ ਨੇ ਬਦਲਿਆ? ਉਸ ਨੇ ਕਿਹਾ: “ਭਾਵੇਂ ਕਿ ਬਜ਼ੁਰਗਾਂ ਨੂੰ ਆਪਣੀ ਇਸ ਸਮੱਸਿਆ ਬਾਰੇ ਦੱਸਣਾ ਮੇਰੇ ਲਈ ਬਹੁਤ ਹੀ ਮੁਸ਼ਕਲ ਸੀ, ਫਿਰ ਵੀ ਮੈਂ ਉਨ੍ਹਾਂ ਨੂੰ ਦੱਸਣ ਦਾ ਫ਼ੈਸਲਾ ਕੀਤਾ।” ਅਖ਼ੀਰ ਇਸ ਭਰਾ ਨੇ ਇਸ ਭੈੜੀ ਆਦਤ ਤੋਂ ਖਹਿੜਾ ਛੁਡਾ ਲਿਆ। ਉਹ ਮੰਨਦਾ ਹੈ: “ਇਸ ਪਾਪ ਤੋਂ ਆਪਣੀ ਜ਼ਿੰਦਗੀ ਸ਼ੁੱਧ ਕਰਨ ਤੋਂ ਬਾਅਦ ਮੈਨੂੰ ਲੱਗਾ ਕਿ ਮੇਰੀ ਜ਼ਮੀਰ ਸਾਫ਼ ਹੋ ਗਈ ਸੀ।” ਕੁਧਰਮ ਨਾਲ ਨਫ਼ਰਤ ਕਰਨ ਵਾਲਿਆਂ ਨੂੰ ਪੋਰਨੋਗ੍ਰਾਫੀ ਨਾਲ ਨਫ਼ਰਤ ਕਰਨੀ ਸਿੱਖਣੀ ਪਵੇਗੀ।

11, 12. ਸੰਗੀਤ ਦੀ ਚੋਣ ਕਰਨ ਲੱਗਿਆਂ ਅਸੀਂ ਕਿਵੇਂ ਦਿਖਾ ਸਕਦੇ ਹਾਂ ਕਿ ਸਾਨੂੰ ਕੁਧਰਮ ਨਾਲ ਨਫ਼ਰਤ ਹੈ?

11 ਸੰਗੀਤ ਅਤੇ ਇਸ ਦੇ ਨਾਲ ਗਾਏ ਜਾ ਰਹੇ ਬੋਲ ਸਾਡੇ ਜਜ਼ਬਾਤਾਂ ਅਤੇ ਦਿਲਾਂ ਉੱਤੇ ਜ਼ਬਰਦਸਤ ਪ੍ਰਭਾਵ ਪਾ ਸਕਦੇ ਹਨ। ਸੰਗੀਤ ਪਰਮੇਸ਼ੁਰ ਵੱਲੋਂ ਇਕ ਦਾਤ ਹੈ ਜਿਸ ਨੂੰ ਚਿਰਾਂ ਤੋਂ ਸੱਚੀ ਭਗਤੀ ਵਿਚ ਵਰਤਿਆ ਜਾ ਰਿਹਾ ਹੈ। (ਕੂਚ 15:20, 21; ਅਫ਼. 5:19) ਪਰ ਸ਼ਤਾਨ ਦੀ ਦੁਸ਼ਟ ਦੁਨੀਆਂ ਅਜਿਹੇ ਸੰਗੀਤ ਨੂੰ ਹੱਲਾਸ਼ੇਰੀ ਦਿੰਦੀ ਹੈ ਜੋ ਅਨੈਤਿਕਤਾ ਨੂੰ ਵਡਿਆਉਂਦਾ ਹੈ। (1 ਯੂਹੰ. 5:19) ਤੁਹਾਨੂੰ ਕਿਵੇਂ ਪਤਾ ਲੱਗ ਸਕਦਾ ਹੈ ਕਿ ਜੋ ਸੰਗੀਤ ਤੁਸੀਂ ਸੁਣਦੇ ਹੋ, ਉਹ ਤੁਹਾਨੂੰ ਭ੍ਰਿਸ਼ਟ ਕਰ ਰਿਹਾ ਹੈ ਜਾਂ ਨਹੀਂ?

12 ਤੁਸੀਂ ਆਪਣੇ ਆਪ ਤੋਂ ਪੁੱਛ ਸਕਦੇ ਹੋ: ‘ਜਿਹੜੇ ਗਾਣੇ ਮੈਂ ਸੁਣਦਾ ਹਾਂ, ਕੀ ਉਨ੍ਹਾਂ ਵਿਚ ਕਤਲ, ਵਿਭਚਾਰ, ਹਰਾਮਕਾਰੀ ਅਤੇ ਨਿੰਦਿਆ ਨੂੰ ਵਡਿਆਇਆ ਜਾਂਦਾ ਹੈ? ਜੇ ਮੈਨੂੰ ਕਿਸੇ ਨੂੰ ਗਾਣਿਆਂ ਦੇ ਬੋਲ ਪੜ੍ਹ ਕੇ ਸੁਣਾਉਣੇ ਪੈਣ, ਤਾਂ ਕੀ ਉਸ ਨੂੰ ਲੱਗੇਗਾ ਕਿ ਮੈਂ ਕੁਧਰਮ ਨਾਲ ਨਫ਼ਰਤ ਕਰਦਾ ਹਾਂ ਜਾਂ ਕੀ ਇਨ੍ਹਾਂ ਬੋਲਾਂ ਤੋਂ ਲੱਗੇਗਾ ਕਿ ਮੇਰਾ ਦਿਲ ਭ੍ਰਿਸ਼ਟ ਹੋ ਚੁੱਕਾ ਹੈ?’ ਜੇ ਅਸੀਂ ਗਾਣੇ ਵਿਚ ਕੁਧਰਮ ਨੂੰ ਵਡਿਆਉਂਦੇ ਹਾਂ, ਤਾਂ ਅਸੀਂ ਕਹਿ ਨਹੀਂ ਸਕਦੇ ਕਿ ਸਾਨੂੰ ਕੁਧਰਮ ਨਾਲ ਨਫ਼ਰਤ ਹੈ। ਯਿਸੂ ਨੇ ਕਿਹਾ: “ਜਿਹੜੀਆਂ ਗੱਲਾਂ ਮੂੰਹੋਂ ਨਿੱਕਲਦੀਆਂ ਹਨ ਓਹ ਦਿਲ ਵਿੱਚੋਂ ਆਉਂਦੀਆਂ ਹਨ ਅਤੇ ਏਹੋ ਮਨੁੱਖ ਨੂੰ ਭ੍ਰਿਸ਼ਟ ਕਰਦੀਆਂ ਹਨ। ਕਿਉਂਕਿ ਬੁਰੇ ਖ਼ਿਆਲ, ਖ਼ੂਨ, ਜਨਾਕਾਰੀਆਂ, ਹਰਾਮਕਾਰੀਆਂ, ਚੋਰੀਆਂ, ਝੂਠੀਆਂ ਉਗਾਹੀਆਂ, ਕੁਫ਼ਰ ਦਿਲ ਵਿੱਚੋਂ ਨਿੱਕਲਦੇ ਹਨ।”—ਮੱਤੀ 15:18, 19; ਹੋਰ ਜਾਣਕਾਰੀ ਲਈ ਯਾਕੂਬ 3:10, 11 ਦੇਖੋ।

ਕੁਧਰਮ ਨਾਲ ਪਿਆਰ ਕਰਨ ਵਾਲਿਆਂ ਬਾਰੇ ਯਿਸੂ ਦਾ ਨਜ਼ਰੀਆ ਅਪਣਾਓ

13. ਯਿਸੂ ਦਾ ਉਨ੍ਹਾਂ ਲੋਕਾਂ ਬਾਰੇ ਕੀ ਨਜ਼ਰੀਆ ਸੀ ਜਿਹੜੇ ਪਾਪ ਕਰਨ ਤੋਂ ਬਾਜ਼ ਨਹੀਂ ਆਉਂਦੇ ਸਨ?

13 ਯਿਸੂ ਨੇ ਕਿਹਾ ਸੀ ਕਿ ਉਹ ਪਾਪੀਆਂ ਨੂੰ ਤੋਬਾ ਕਰਨ ਵਾਸਤੇ ਕਹਿਣ ਲਈ ਆਇਆ ਸੀ। (ਲੂਕਾ 5:30-32) ਪਰ ਉਨ੍ਹਾਂ ਲੋਕਾਂ ਬਾਰੇ ਉਸ ਦਾ ਕੀ ਵਿਚਾਰ ਸੀ ਜੋ ਪਾਪ ਕਰਨ ਤੋਂ ਬਾਜ਼ ਨਹੀਂ ਸਨ ਆਉਂਦੇ? ਯਿਸੂ ਨੇ ਅਜਿਹੇ ਲੋਕਾਂ ਦੇ ਅਸਰ ਤੋਂ ਬਚਣ ਬਾਰੇ ਸਖ਼ਤ ਚੇਤਾਵਨੀਆਂ ਦਿੱਤੀਆਂ ਸਨ। (ਮੱਤੀ 23:15, 23-26) ਉਸ ਨੇ ਇਹ ਵੀ ਸਾਫ਼-ਸਾਫ਼ ਕਿਹਾ: “ਨਾ ਹਰੇਕ ਜਿਹੜਾ ਮੈਨੂੰ ਪ੍ਰਭੁ! ਪ੍ਰਭੁ! ਕਹਿੰਦਾ ਹੈ ਸੁਰਗ ਦੇ ਰਾਜ ਵਿੱਚ ਵੜੇਗਾ ਬਲਕਣ ਉਹੋ ਜੋ ਮੇਰੇ ਸੁਰਗੀ ਪਿਤਾ ਦੀ ਮਰਜੀ ਉੱਤੇ ਚੱਲਦਾ ਹੈ। ਉਸ ਦਿਨ [ਜਦੋਂ ਪਰਮੇਸ਼ੁਰ ਸਜ਼ਾ ਦੇਵੇਗਾ] ਅਨੇਕ ਮੈਨੂੰ ਆਖਣਗੇ, ਹੇ ਪ੍ਰਭੁ! ਹੇ ਪ੍ਰਭੁ! ਕੀ ਅਸਾਂ ਤੇਰਾ ਨਾਮ ਲੈਕੇ ਅਗੰਮ ਵਾਕ ਨਹੀਂ ਕੀਤਾ? ਅਤੇ ਤੇਰਾ ਨਾਮ ਲੈਕੇ ਭੂਤ ਨਹੀਂ ਕੱਢੇ? ਅਤੇ ਤੇਰਾ ਨਾਮ ਲੈਕੇ ਬਹੁਤੀਆਂ ਕਰਾਮਾਤਾਂ ਨਹੀਂ ਕੀਤੀਆਂ?” ਪਰ ਉਹ ਉਨ੍ਹਾਂ ਨੂੰ ਠੁਕਰਾ ਦੇਵੇਗਾ ਜੋ ਬਿਨਾਂ ਪਛਤਾਏ ਕੁਧਰਮੀ ਕੰਮ ਕਰਦੇ ਰਹਿੰਦੇ ਹਨ। ਉਹ ਉਨ੍ਹਾਂ ਨੂੰ ਕਹੇਗਾ: “ਮੇਰੇ ਕੋਲੋਂ ਚੱਲੇ ਜਾਓ!” (ਮੱਤੀ 7:21-23) ਉਹ ਉਨ੍ਹਾਂ ਨੂੰ ਇਹ ਫ਼ੈਸਲਾ ਕਿਉਂ ਸੁਣਾਵੇਗਾ? ਕਿਉਂਕਿ ਅਜਿਹੇ ਲੋਕ ਪਰਮੇਸ਼ੁਰ ਦਾ ਨਿਰਾਦਰ ਕਰਦੇ ਹਨ ਅਤੇ ਕੁਧਰਮੀ ਕੰਮ ਕਰਨ ਦੁਆਰਾ ਦੂਜਿਆਂ ਨੂੰ ਨੁਕਸਾਨ ਪਹੁੰਚਾਉਂਦੇ ਹਨ।

14. ਨਾ ਪਛਤਾਉਣ ਵਾਲੇ ਪਾਪੀਆਂ ਨੂੰ ਕਲੀਸਿਯਾ ਵਿੱਚੋਂ ਕਿਉਂ ਕੱਢ ਦਿੱਤਾ ਜਾਂਦਾ ਹੈ?

14 ਪਰਮੇਸ਼ੁਰ ਦਾ ਬਚਨ ਹੁਕਮ ਦਿੰਦਾ ਹੈ ਕਿ ਨਾ ਪਛਤਾਉਣ ਵਾਲੇ ਪਾਪੀਆਂ ਨੂੰ ਕਲੀਸਿਯਾ ਵਿੱਚੋਂ ਕੱਢ ਦਿੱਤਾ ਜਾਵੇ। (1 ਕੁਰਿੰਥੀਆਂ 5:9-13 ਪੜ੍ਹੋ।) ਘੱਟੋ-ਘੱਟ ਤਿੰਨ ਕਾਰਨਾਂ ਕਰਕੇ ਇਸ ਤਰ੍ਹਾਂ ਕਰਨਾ ਜ਼ਰੂਰੀ ਹੈ: (1) ਯਹੋਵਾਹ ਦੇ ਨਾਂ ਦੀ ਬਦਨਾਮੀ ਨਾ ਹੋਵੇ, (2) ਕਲੀਸਿਯਾ ਨੂੰ ਅਸ਼ੁੱਧ ਹੋਣ ਤੋਂ ਬਚਾਉਣ ਲਈ ਅਤੇ (3) ਜੇ ਸੰਭਵ ਹੋਵੇ, ਤਾਂ ਤੋਬਾ ਕਰਨ ਵਿਚ ਪਾਪੀ ਦੀ ਮਦਦ ਕਰਨ ਲਈ।

15. ਯਹੋਵਾਹ ਪ੍ਰਤਿ ਵਫ਼ਾਦਾਰੀ ਬਣਾਈ ਰੱਖਣ ਲਈ ਸਾਨੂੰ ਆਪਣੇ ਆਪ ਤੋਂ ਕਿਹੜੇ ਸਵਾਲ ਪੁੱਛਣੇ ਚਾਹੀਦੇ ਹਨ?

15 ਕੀ ਅਸੀਂ ਉਨ੍ਹਾਂ ਲੋਕਾਂ ਬਾਰੇ ਯਿਸੂ ਵਰਗਾ ਨਜ਼ਰੀਆ ਰੱਖਦੇ ਹਾਂ ਜੋ ਗ਼ਲਤ ਕੰਮ ਕਰਨ ਤੋਂ ਬਾਜ਼ ਨਹੀਂ ਆਉਂਦੇ? ਸਾਨੂੰ ਇਨ੍ਹਾਂ ਸਵਾਲਾਂ ਉੱਤੇ ਗੌਰ ਕਰਨ ਦੀ ਲੋੜ ਹੈ: ‘ਕੀ ਮੈਂ ਬਾਕਾਇਦਾ ਉਸ ਵਿਅਕਤੀ ਨਾਲ ਮਿਲਾ-ਜੁਲਾਂਗਾ ਜਿਸ ਨੂੰ ਛੇਕਿਆ ਗਿਆ ਹੈ ਜਾਂ ਜਿਸ ਨੇ ਮਸੀਹੀ ਕਲੀਸਿਯਾ ਵਿਚ ਆਉਣਾ ਛੱਡ ਦਿੱਤਾ ਹੈ? ਉਦੋਂ ਕੀ ਜੇ ਇਹ ਵਿਅਕਤੀ ਸਾਡਾ ਨਜ਼ਦੀਕੀ ਰਿਸ਼ਤੇਦਾਰ ਹੋਵੇ ਜੋ ਸਾਡੇ ਨਾਲ ਨਹੀਂ ਰਹਿੰਦਾ?’ ਅਜਿਹੀ ਸਥਿਤੀ ਕਾਰਨ ਸਾਡੀ ਕਰੜੀ ਪਰੀਖਿਆ ਹੋ ਸਕਦੀ ਹੈ ਕਿ ਅਸੀਂ ਧਾਰਮਿਕਤਾ ਨੂੰ ਪਿਆਰ ਕਰਦੇ ਹਾਂ ਜਾਂ ਨਹੀਂ ਅਤੇ ਪਰਮੇਸ਼ੁਰ ਪ੍ਰਤਿ ਵਫ਼ਾਦਾਰ ਹਾਂ ਜਾਂ ਨਹੀਂ।

16, 17. ਇਕ ਮਸੀਹੀ ਮਾਂ ਨੂੰ ਕਿਹੜੀ ਮੁਸ਼ਕਲ ਆਈ ਅਤੇ ਤੋਬਾ ਨਾ ਕਰਨ ਵਾਲੇ ਪਾਪੀਆਂ ਨੂੰ ਛੇਕਣ ਸੰਬੰਧੀ ਇੰਤਜ਼ਾਮ ਅਨੁਸਾਰ ਚੱਲਣ ਲਈ ਕਿਹੜੀ ਗੱਲ ਨੇ ਉਸ ਦੀ ਮਦਦ ਕੀਤੀ?

16 ਇਕ ਭੈਣ ਦੇ ਤਜਰਬੇ ਤੇ ਗੌਰ ਕਰੋ ਜਿਸ ਦਾ ਬਾਲਗ ਪੁੱਤਰ ਇਕ ਸਮੇਂ ਤੇ ਯਹੋਵਾਹ ਨੂੰ ਪਿਆਰ ਕਰਦਾ ਸੀ। ਪਰ ਬਾਅਦ ਵਿਚ ਉਹ ਗ਼ਲਤ ਕੰਮ ਕਰਨ ਲੱਗ ਪਿਆ ਜਿਸ ਦਾ ਉਸ ਨੂੰ ਕੋਈ ਪਛਤਾਵਾ ਨਹੀਂ ਸੀ। ਇਸ ਲਈ ਉਸ ਨੂੰ ਕਲੀਸਿਯਾ ਵਿੱਚੋਂ ਛੇਕ ਦਿੱਤਾ ਗਿਆ। ਸਾਡੀ ਭੈਣ ਯਹੋਵਾਹ ਨੂੰ ਪਿਆਰ ਕਰਦੀ ਸੀ, ਪਰ ਉਹ ਆਪਣੇ ਪੁੱਤਰ ਨੂੰ ਵੀ ਪਿਆਰ ਕਰਦੀ ਸੀ ਅਤੇ ਉਸ ਨੂੰ ਬਾਈਬਲ ਦਾ ਇਹ ਹੁਕਮ ਮੰਨਣਾ ਬਹੁਤ ਔਖਾ ਲੱਗਾ ਕਿ ਉਹ ਆਪਣੇ ਪੁੱਤਰ ਨਾਲ ਮਿਲਣਾ-ਜੁਲਣਾ ਬੰਦ ਕਰ ਦੇਵੇ।

17 ਤੁਸੀਂ ਇਸ ਭੈਣ ਨੂੰ ਕਿਹੜੀ ਸਲਾਹ ਦਿੰਦੇ? ਇਕ ਬਜ਼ੁਰਗ ਨੇ ਉਸ ਦੀ ਇਹ ਸਮਝਣ ਵਿਚ ਮਦਦ ਕੀਤੀ ਕਿ ਯਹੋਵਾਹ ਉਸ ਦੇ ਦਰਦ ਨੂੰ ਸਮਝਦਾ ਹੈ। ਭਰਾ ਨੇ ਉਸ ਨੂੰ ਸੋਚਣ ਲਈ ਕਿਹਾ ਕਿ ਯਹੋਵਾਹ ਨੂੰ ਉਦੋਂ ਕਿੰਨਾ ਦੁੱਖ ਹੋਇਆ ਹੋਣਾ ਜਦੋਂ ਸਵਰਗ ਵਿਚ ਉਸ ਦੇ ਕੁਝ ਪੁੱਤਰਾਂ ਨੇ ਬਗਾਵਤ ਕੀਤੀ ਸੀ। ਬਜ਼ੁਰਗ ਨੇ ਉਸ ਨੂੰ ਸਮਝਾਇਆ ਕਿ ਭਾਵੇਂ ਯਹੋਵਾਹ ਜਾਣਦਾ ਹੈ ਕਿ ਅਜਿਹੀ ਸਥਿਤੀ ਕਿੰਨੀ ਦਰਦਨਾਕ ਹੋ ਸਕਦੀ ਹੈ, ਫਿਰ ਵੀ ਉਹ ਚਾਹੁੰਦਾ ਹੈ ਕਿ ਤੋਬਾ ਨਾ ਕਰਨ ਵਾਲੇ ਪਾਪੀਆਂ ਨੂੰ ਛੇਕਿਆ ਜਾਵੇ। ਉਸ ਨੇ ਇਹ ਗੱਲਾਂ ਮੰਨ ਲਈਆਂ ਅਤੇ ਛੇਕੇ ਜਾਣ ਸੰਬੰਧੀ ਇੰਤਜ਼ਾਮ ਅਨੁਸਾਰ ਵਫ਼ਾਦਾਰੀ ਨਾਲ ਚੱਲਣ ਲੱਗੀ। * ਇਸ ਤਰ੍ਹਾਂ ਦੀ ਵਫ਼ਾਦਾਰੀ ਤੋਂ ਯਹੋਵਾਹ ਦਾ ਦਿਲ ਖ਼ੁਸ਼ ਹੁੰਦਾ ਹੈ।—ਕਹਾ. 27:11.

18, 19. (ੳ) ਕੁਧਰਮੀ ਕੰਮ ਕਰਨ ਵਾਲਿਆਂ ਨਾਲ ਕੋਈ ਮੇਲ-ਜੋਲ ਨਾ ਰੱਖਣ ਨਾਲ ਕਿਸ ਪ੍ਰਤਿ ਸਾਡੀ ਨਫ਼ਰਤ ਦਾ ਸਬੂਤ ਮਿਲਦਾ ਹੈ? (ਅ) ਕੀ ਨਤੀਜਾ ਨਿਕਲ ਸਕਦਾ ਹੈ ਜਦੋਂ ਅਸੀਂ ਪਰਮੇਸ਼ੁਰ ਅਤੇ ਉਸ ਦੇ ਇੰਤਜ਼ਾਮ ਅਨੁਸਾਰ ਵਫ਼ਾਦਾਰ ਰਹਿੰਦੇ ਹਾਂ?

18 ਜੇ ਤੁਹਾਨੂੰ ਇਸ ਤਰ੍ਹਾਂ ਦੀ ਸਥਿਤੀ ਦਾ ਸਾਮ੍ਹਣਾ ਕਰਨਾ ਪਵੇ, ਤਾਂ ਕਿਰਪਾ ਕਰ ਕੇ ਯਾਦ ਰੱਖੋ ਕਿ ਯਹੋਵਾਹ ਨੂੰ ਤੁਹਾਡੇ ਨਾਲ ਹਮਦਰਦੀ ਹੈ। ਛੇਕੇ ਗਏ ਜਾਂ ਕਲੀਸਿਯਾ ਨਾਲੋਂ ਨਾਤਾ ਤੋੜ ਚੁੱਕੇ ਵਿਅਕਤੀਆਂ ਨਾਲ ਕੋਈ ਮੇਲ-ਜੋਲ ਨਾ ਰੱਖਣ ਨਾਲ ਤੁਸੀਂ ਦਿਖਾ ਰਹੇ ਹੋ ਕਿ ਤੁਹਾਨੂੰ ਅਜਿਹੇ ਰਵੱਈਏ ਅਤੇ ਕੰਮਾਂ ਨਾਲ ਨਫ਼ਰਤ ਹੈ ਜਿਨ੍ਹਾਂ ਕਾਰਨ ਉਹ ਛੇਕੇ ਗਏ ਹਨ ਜਾਂ ਕਲੀਸਿਯਾ ਤੋਂ ਦੂਰ ਹੋਏ ਹਨ। ਪਰ ਤੁਸੀਂ ਇਹ ਵੀ ਦਿਖਾ ਰਹੇ ਹੋ ਕਿ ਤੁਸੀਂ ਗ਼ਲਤੀ ਕਰਨ ਵਾਲੇ ਨਾਲ ਪਿਆਰ ਕਰਦੇ ਹੋ ਅਤੇ ਉਸ ਦਾ ਹੀ ਭਲਾ ਚਾਹੁੰਦੇ ਹੋ। ਯਹੋਵਾਹ ਪ੍ਰਤਿ ਤੁਹਾਡੀ ਵਫ਼ਾਦਾਰੀ ਕਾਰਨ ਹੋ ਸਕਦਾ ਹੈ ਕਿ ਤਾੜਿਆ ਗਿਆ ਵਿਅਕਤੀ ਤੋਬਾ ਕਰੇ ਅਤੇ ਯਹੋਵਾਹ ਵੱਲ ਮੁੜ ਆਵੇ।

19 ਇਕ ਵਿਅਕਤੀ ਨੂੰ ਛੇਕ ਦਿੱਤਾ ਗਿਆ ਸੀ ਅਤੇ ਬਾਅਦ ਵਿਚ ਉਸ ਨੂੰ ਕਲੀਸਿਯਾ ਵਿਚ ਬਹਾਲ ਕੀਤਾ ਗਿਆ। ਉਸ ਨੇ ਲਿਖਿਆ: “ਮੈਂ ਖ਼ੁਸ਼ ਹਾਂ ਕਿ ਯਹੋਵਾਹ ਆਪਣੇ ਲੋਕਾਂ ਨੂੰ ਇੰਨਾ ਪਿਆਰ ਕਰਦਾ ਹੈ ਕਿ ਉਹ ਪੱਕਾ ਕਰਦਾ ਹੈ ਕਿ ਉਸ ਦੀ ਸੰਸਥਾ ਸਾਫ਼-ਸੁਥਰੀ ਰਹੇ। ਬਾਹਰਲੇ ਲੋਕਾਂ ਨੂੰ ਸ਼ਾਇਦ ਇਹ ਸਖ਼ਤੀ ਜਾਪੇ, ਪਰ ਇਸ ਤਰ੍ਹਾਂ ਕਰਨਾ ਜ਼ਰੂਰੀ ਅਤੇ ਭਲੇ ਦੀ ਗੱਲ ਹੈ।” ਤੁਹਾਡੇ ਖ਼ਿਆਲ ਵਿਚ ਕੀ ਇਹ ਭੈਣ ਇਸ ਸਿੱਟੇ ਤੇ ਪਹੁੰਚਦੀ ਜੇ ਕਲੀਸਿਯਾ ਦੇ ਮੈਂਬਰ ਅਤੇ ਉਸ ਦਾ ਪਰਿਵਾਰ ਉਸ ਨੂੰ ਮਿਲਦੇ-ਜੁਲਦੇ ਰਹਿੰਦੇ ਜਦੋਂ ਉਹ ਕਲੀਸਿਯਾ ਵਿੱਚੋਂ ਛੇਕੀ ਹੋਈ ਸੀ? ਛੇਕੇ ਜਾਣ ਸੰਬੰਧੀ ਬਾਈਬਲ-ਆਧਾਰਿਤ ਇੰਤਜ਼ਾਮ ਅਨੁਸਾਰ ਚੱਲ ਕੇ ਅਸੀਂ ਸਬੂਤ ਦਿੰਦੇ ਹਾਂ ਕਿ ਅਸੀਂ ਧਾਰਮਿਕਤਾ ਨੂੰ ਪਿਆਰ ਕਰਦੇ ਹਾਂ ਅਤੇ ਸਮਝਦੇ ਹਾਂ ਕਿ ਯਹੋਵਾਹ ਨੂੰ ਚਾਲ-ਚਲਣ ਸੰਬੰਧੀ ਮਿਆਰ ਤੈਅ ਕਰਨ ਦਾ ਹੱਕ ਹੈ।

“ਬੁਰਿਆਈ ਤੋਂ ਘਿਣ ਕਰੋ”

20, 21. ਕੁਧਰਮ ਨਾਲ ਨਫ਼ਰਤ ਕਰਨੀ ਸਿੱਖਣੀ ਇੰਨੀ ਜ਼ਰੂਰੀ ਕਿਉਂ ਹੈ?

20 ਪਤਰਸ ਰਸੂਲ ਚੇਤਾਵਨੀ ਦਿੰਦਾ ਹੈ ਕਿ “ਸੁਚੇਤ ਹੋਵੋ, ਜਾਗਦੇ ਰਹੋ!” ਕਿਉਂ? ਕਿਉਂਕਿ “ਤੁਹਾਡਾ ਵਿਰੋਧੀ ਸ਼ਤਾਨ ਬੁਕਦੇ ਸ਼ੀਂਹ ਵਾਂਙੁ ਭਾਲਦਾ ਫਿਰਦਾ ਹੈ ਭਈ ਕਿਹ ਨੂੰ ਪਾੜ ਖਾਵਾਂ!” (1 ਪਤ. 5:8) ਕੀ ਉਹ ਤੁਸੀਂ ਤਾਂ ਨਹੀਂ ਹੋ ਜਿਸ ਨੂੰ ਉਹ ਪਾੜ ਖਾਣਾ ਚਾਹੁੰਦਾ ਹੈ? ਜ਼ਿਆਦਾਤਰ ਇਹ ਇਸ ਗੱਲ ’ਤੇ ਨਿਰਭਰ ਕਰਦਾ ਹੈ ਕਿ ਤੁਸੀਂ ਕੁਧਰਮ ਨਾਲ ਕਿੰਨੀ ਕੁ ਨਫ਼ਰਤ ਕਰਨੀ ਸਿੱਖਦੇ ਹੋ।

21 ਬੁਰੇ ਕੰਮਾਂ ਲਈ ਨਫ਼ਰਤ ਪੈਦਾ ਕਰਨੀ ਇੰਨੀ ਸੌਖੀ ਗੱਲ ਨਹੀਂ ਹੈ। ਅਸੀਂ ਪਾਪ ਵਿਚ ਜੰਮੇ ਹਾਂ ਅਤੇ ਅਜਿਹੀ ਦੁਨੀਆਂ ਵਿਚ ਰਹਿੰਦੇ ਹਾਂ ਜੋ ਸਾਨੂੰ ਸਰੀਰਕ ਇੱਛਾਵਾਂ ਅਨੁਸਾਰ ਚੱਲਣ ਦੀ ਹੱਲਾਸ਼ੇਰੀ ਦਿੰਦੀ ਹੈ। (1 ਯੂਹੰ. 2:15-17) ਪਰ ਯਿਸੂ ਮਸੀਹ ਦੀ ਰੀਸ ਕਰਨ ਅਤੇ ਯਹੋਵਾਹ ਪਰਮੇਸ਼ੁਰ ਲਈ ਡੂੰਘਾ ਪਿਆਰ ਪੈਦਾ ਕਰਨ ਨਾਲ ਅਸੀਂ ਕੁਧਰਮ ਲਈ ਨਫ਼ਰਤ ਪੈਦਾ ਕਰਨ ਵਿਚ ਸਫ਼ਲ ਹੋ ਸਕਦੇ ਹਾਂ। ਇਸ ਲਈ ਆਓ ਆਪਾਂ ‘ਬੁਰਿਆਈ ਤੋਂ ਘਿਣ ਕਰਨ’ ਦੀ ਠਾਣ ਲਈਏ ਕਿਉਂਕਿ ਸਾਨੂੰ ਪੂਰਾ ਯਕੀਨ ਹੈ ਕਿ ਯਹੋਵਾਹ “ਆਪਣੇ [ਵਫ਼ਾਦਾਰਾਂ] . . . ਦੀ ਰੱਖਿਆ ਕਰਦਾ ਹੈ, ਉਹ ਉਨ੍ਹਾਂ ਨੂੰ ਦੁਸ਼ਟਾਂ ਦੇ ਹੱਥੋਂ ਛੁਡਾਉਂਦਾ ਹੈ।”—ਜ਼ਬੂ. 97:10.

[ਫੁਟਨੋਟ]

ਤੁਸੀਂ ਕਿਵੇਂ ਜਵਾਬ ਦਿਓਗੇ?

• ਸ਼ਰਾਬ ਪ੍ਰਤਿ ਆਪਣੇ ਰਵੱਈਏ ਦੀ ਜਾਂਚ ਕਰਨ ਵਿਚ ਕਿਹੜੀ ਗੱਲ ਸਾਡੀ ਮਦਦ ਕਰੇਗੀ?

• ਜਾਦੂਗਰੀ ਦੇ ਕੰਮਾਂ ਤੋਂ ਦੂਰ ਰਹਿਣ ਲਈ ਅਸੀਂ ਕਿਹੜੇ ਕਦਮ ਚੁੱਕ ਸਕਦੇ ਹਾਂ?

• ਪੋਰਨੋਗ੍ਰਾਫੀ ਕਿਉਂ ਖ਼ਤਰਨਾਕ ਹੈ?

• ਜਦੋਂ ਸਾਡੇ ਕਿਸੇ ਅਜ਼ੀਜ਼ ਨੂੰ ਛੇਕ ਦਿੱਤਾ ਜਾਂਦਾ ਹੈ, ਤਾਂ ਅਸੀਂ ਕੁਧਰਮ ਲਈ ਨਫ਼ਰਤ ਕਿਵੇਂ ਦਿਖਾ ਸਕਦੇ ਹਾਂ?

[ਸਵਾਲ]

[ਸਫ਼ਾ 29 ਉੱਤੇ ਤਸਵੀਰ]

ਜੇ ਤੁਸੀਂ ਸ਼ਰਾਬ ਪੀਣ ਦਾ ਮਨ ਬਣਾਉਂਦੇ ਹੋ, ਤਾਂ ਤੁਹਾਨੂੰ ਕਿਨ੍ਹਾਂ ਗੱਲਾਂ ਉੱਤੇ ਗੌਰ ਕਰਨਾ ਚਾਹੀਦਾ ਹੈ?

[ਸਫ਼ਾ 30 ਉੱਤੇ ਤਸਵੀਰ]

ਮਨੋਰੰਜਨ ਵਿਚ ਪਾਏ ਜਾਂਦੇ ਸ਼ਤਾਨੀ ਪ੍ਰਭਾਵ ਤੋਂ ਖ਼ਬਰਦਾਰ ਰਹੋ

[ਸਫ਼ਾ 31 ਉੱਤੇ ਤਸਵੀਰ]

ਪੋਰਨੋਗ੍ਰਾਫੀ ਦੇਖਣ ਵਾਲਾ ਕਿਸ ਲਈ ਪਿਆਰ ਪੈਦਾ ਕਰਦਾ ਹੈ?