Skip to content

Skip to table of contents

ਪਾਠਕਾਂ ਵੱਲੋਂ ਸਵਾਲ

ਪਾਠਕਾਂ ਵੱਲੋਂ ਸਵਾਲ

ਪਾਠਕਾਂ ਵੱਲੋਂ ਸਵਾਲ

ਨਾਦਾਬ ਅਤੇ ਅਬੀਹੂ ਦੀ ਮੌਤ ਤੋਂ ਬਾਅਦ ਮੂਸਾ ਹਾਰੂਨ ਦੇ ਦੂਜੇ ਪੁੱਤਰਾਂ ਅਲਆਜ਼ਾਰ ਅਤੇ ਈਥਾਮਾਰ ਨਾਲ ਗੁੱਸੇ ਕਿਉਂ ਹੋਇਆ ਸੀ ਅਤੇ ਉਸ ਦੇ ਗੁੱਸੇ ਨੂੰ ਕਿਵੇਂ ਠੰਢਾ ਕੀਤਾ ਗਿਆ?—ਲੇਵੀ. 10:16-20.

ਜਾਜਕਾਂ ਦੇ ਚੁਣੇ ਜਾਣ ਤੋਂ ਥੋੜ੍ਹੀ ਦੇਰ ਬਾਅਦ, ਯਹੋਵਾਹ ਨੇ ਹਾਰੂਨ ਦੇ ਪੁੱਤਰਾਂ ਨਾਦਾਬ ਅਤੇ ਅਬੀਹੂ ਨੂੰ ਮਾਰ ਦਿੱਤਾ ਕਿਉਂਕਿ ਉਨ੍ਹਾਂ ਨੇ ਉਸ ਅੱਗੇ ਧੂਪ ਧੁਖਾਇਆ ਜੋ ਉਨ੍ਹਾਂ ਦਾ ਕੰਮ ਨਹੀਂ ਸੀ। (ਲੇਵੀ. 10:1, 2) ਮੂਸਾ ਨੇ ਹਾਰੂਨ ਦੇ ਬਚੇ ਹੋਏ ਪੁੱਤਰਾਂ ਨੂੰ ਆਪਣੇ ਭਰਾਵਾਂ ਦੀ ਮੌਤ ’ਤੇ ਸੋਗ ਨਾ ਕਰਨ ਦਾ ਹੁਕਮ ਦਿੱਤਾ। ਇਸ ਤੋਂ ਜਲਦੀ ਹੀ ਬਾਅਦ ਮੂਸਾ ਦਾ ਗੁੱਸਾ ਅਲਆਜ਼ਾਰ ਅਤੇ ਈਥਾਮਾਰ ਉੱਤੇ ਭੜਕ ਉੱਠਿਆ ਕਿਉਂਕਿ ਉਨ੍ਹਾਂ ਨੇ ਪਾਪ ਦੀ ਭੇਟ ਵਜੋਂ ਚੜ੍ਹਾਇਆ ਬੱਕਰਾ ਨਹੀਂ ਸੀ ਖਾਧਾ। (ਲੇਵੀ. 9:3) ਮੂਸਾ ਨੂੰ ਗੁੱਸਾ ਕਿਉਂ ਆਇਆ?

ਮੂਸਾ ਨੂੰ ਦਿੱਤੇ ਯਹੋਵਾਹ ਦੇ ਕਾਨੂੰਨਾਂ ਵਿਚ ਸਾਫ਼-ਸਾਫ਼ ਦੱਸਿਆ ਸੀ ਕਿ ਜਿਹੜਾ ਜਾਜਕ ਪਾਪ ਦੀ ਬਲੀ ਚੜ੍ਹਾਉਂਦਾ ਸੀ, ਉਸ ਨੇ ਇਸ ਦਾ ਥੋੜ੍ਹਾ ਜਿਹਾ ਹਿੱਸਾ ਡੇਹਰੇ ਦੇ ਵਿਹੜੇ ਵਿਚ ਖਾਣਾ ਸੀ। ਇਸ ਤਰ੍ਹਾਂ ਕਰਨ ਤੇ ਸਮਝਿਆ ਜਾਂਦਾ ਸੀ ਕਿ ਜਾਜਕ ਬਲੀ ਲਿਆਉਣ ਵਾਲਿਆਂ ਦੇ ਪਾਪਾਂ ਲਈ ਯਹੋਵਾਹ ਅੱਗੇ ਜਵਾਬਦੇਹ ਹੁੰਦਾ ਸੀ। ਪਰ ਜੇ ਬਲੀ ਦਾ ਥੋੜ੍ਹਾ ਜਿਹਾ ਲਹੂ ਹੈਕਲ ਦੇ ਪਹਿਲੇ ਭਾਗ ਪਵਿੱਤਰ ਸਥਾਨ ਵਿਚ ਲਿਆਂਦਾ ਜਾਂਦਾ ਸੀ, ਤਾਂ ਬਲੀ ਨਹੀਂ ਖਾਧੀ ਜਾਣੀ ਸੀ। ਇਸ ਦੀ ਬਜਾਇ ਇਸ ਨੂੰ ਸਾੜਿਆ ਜਾਣਾ ਸੀ।—ਲੇਵੀ. 6:24-26, 30.

ਲੱਗਦਾ ਹੈ ਕਿ ਉਸ ਦੁਖਦਾਇਕ ਘਟਨਾ ਵਾਲੇ ਦਿਨ ਤੋਂ ਬਾਅਦ, ਮੂਸਾ ਨੇ ਨਿਸ਼ਚਿਤ ਕਰਨਾ ਜ਼ਰੂਰੀ ਸਮਝਿਆ ਕਿ ਯਹੋਵਾਹ ਦੇ ਸਾਰੇ ਹੁਕਮਾਂ ਦੀ ਪਾਲਣਾ ਕੀਤੀ ਗਈ ਸੀ। ਜਦੋਂ ਉਸ ਨੂੰ ਪਤਾ ਲੱਗਾ ਕਿ ਪਾਪ ਦੀ ਬਲੀ ਵਜੋਂ ਚੜ੍ਹਾਏ ਗਏ ਬੱਕਰੇ ਨੂੰ ਸਾੜ ਦਿੱਤਾ ਗਿਆ ਹੈ, ਤਾਂ ਉਸ ਨੇ ਗੁੱਸੇ ਵਿਚ ਆ ਕੇ ਅਲਆਜ਼ਾਰ ਅਤੇ ਈਥਾਮਾਰ ਨੂੰ ਪੁੱਛਿਆ ਕਿ ਉਨ੍ਹਾਂ ਨੇ ਹਿਦਾਇਤਾਂ ਦੇ ਮੁਤਾਬਕ ਬਲੀ ਨੂੰ ਖਾਧਾ ਕਿਉਂ ਨਹੀਂ ਕਿਉਂਕਿ ਇਸ ਦੇ ਲਹੂ ਨੂੰ ਪਵਿੱਤਰ ਅਸਥਾਨ ਵਿਚ ਯਹੋਵਾਹ ਅੱਗੇ ਪੇਸ਼ ਨਹੀਂ ਸੀ ਕੀਤਾ ਗਿਆ।—ਲੇਵੀ. 10:17, 18.

ਹਾਰੂਨ ਨੇ ਮੂਸਾ ਦੇ ਸਵਾਲ ਦਾ ਜਵਾਬ ਦਿੱਤਾ ਕਿਉਂਕਿ ਬਚੇ ਹੋਏ ਜਾਜਕਾਂ ਨੇ ਜ਼ਾਹਰਾ ਤੌਰ ਤੇ ਉਹੀ ਕੀਤਾ ਜੋ ਉਨ੍ਹਾਂ ਦੇ ਪਿਓ ਨੇ ਕਿਹਾ ਸੀ। ਆਪਣੇ ਦੋ ਪੁੱਤਰਾਂ ਨੂੰ ਮਿਲੀ ਸਜ਼ਾ ਦੇਖ ਕੇ ਹਾਰੂਨ ਨੇ ਸੋਚਿਆ ਹੋਣਾ ਕਿ ਕੋਈ ਵੀ ਜਾਜਕ ਉਸ ਦਿਨ ਚੜ੍ਹਾਈ ਪਾਪ ਦੀ ਬਲੀ ਸ਼ੁੱਧ ਜ਼ਮੀਰ ਨਾਲ ਖਾ ਸਕਦਾ ਸੀ ਜਾਂ ਨਹੀਂ। ਸ਼ਾਇਦ ਉਸ ਨੇ ਸੋਚਿਆ ਕਿ ਇਸ ਨੂੰ ਖਾਣ ਨਾਲ ਯਹੋਵਾਹ ਖ਼ੁਸ਼ ਨਹੀਂ ਹੋਵੇਗਾ, ਭਾਵੇਂ ਕਿ ਨਾਦਾਬ ਅਤੇ ਅਬੀਹੂ ਵੱਲੋਂ ਕੀਤੇ ਪਾਪ ਲਈ ਉਹ ਸਿੱਧੇ ਤੌਰ ਤੇ ਜ਼ਿੰਮੇਵਾਰ ਨਹੀਂ ਸਨ।—ਲੇਵੀ. 10:19.

ਹਾਰੂਨ ਨੇ ਖ਼ਾਸਕਰ ਸੋਚ-ਵਿਚਾਰ ਕੀਤਾ ਹੋਣਾ ਕਿ ਉਸ ਦਿਨ ਉਸ ਦੇ ਪਰਿਵਾਰ ਦੇ ਮੈਂਬਰਾਂ ਨੇ ਜਦੋਂ ਪਹਿਲੀ ਵਾਰ ਜਾਜਕਾਂ ਵਜੋਂ ਆਪਣੀਆਂ ਜ਼ਿੰਮੇਵਾਰੀਆਂ ਨਿਭਾਈਆਂ ਸਨ, ਤਾਂ ਉਨ੍ਹਾਂ ਨੂੰ ਪਰਮੇਸ਼ੁਰ ਨੂੰ ਖ਼ੁਸ਼ ਕਰਨ ਲਈ ਛੋਟੀ-ਛੋਟੀ ਗੱਲ ਵਿਚ ਵੀ ਬਹੁਤ ਸਾਵਧਾਨੀ ਵਰਤਣੀ ਚਾਹੀਦੀ ਸੀ। ਪਰ ਨਾਦਾਬ ਅਤੇ ਅਬੀਹੂ ਨੇ ਯਹੋਵਾਹ ਦੇ ਨਾਂ ਦੀ ਬੇਅਦਬੀ ਕੀਤੀ ਸੀ ਤੇ ਯਹੋਵਾਹ ਦਾ ਗੁੱਸਾ ਉਨ੍ਹਾਂ ਉੱਤੇ ਭੜਕਿਆ ਸੀ। ਇਸ ਲਈ ਹਾਰੂਨ ਨੇ ਸ਼ਾਇਦ ਸੋਚਿਆ ਹੋਣਾ ਕਿ ਜਾਜਕਾਂ ਦੇ ਪਰਿਵਾਰ, ਜਿਸ ਵਿਚ ਪਾਪ ਪਾਇਆ ਗਿਆ ਸੀ, ਦੇ ਮੈਂਬਰਾਂ ਨੂੰ ਪਵਿੱਤਰ ਭੇਟ ਨਹੀਂ ਖਾਣੀ ਚਾਹੀਦੀ ਸੀ।

ਲੱਗਦਾ ਹੈ ਕਿ ਮੂਸਾ ਨੇ ਆਪਣੇ ਭਰਾ ਦੇ ਜਵਾਬ ਨੂੰ ਸਵੀਕਾਰ ਕਰ ਲਿਆ ਸੀ ਕਿਉਂਕਿ ਉਨ੍ਹਾਂ ਦੀ ਗੱਲਬਾਤ ਇਸ ਤਰ੍ਹਾਂ ਖ਼ਤਮ ਹੋਈ: “ਜਾਂ ਮੂਸਾ ਨੇ ਇਹ ਸੁਣਿਆ ਤਾਂ ਰਾਜੀ ਹੋ ਗਿਆ।” (ਲੇਵੀ. 10:20) ਜ਼ਾਹਰ ਹੈ ਕਿ ਯਹੋਵਾਹ ਵੀ ਹਾਰੂਨ ਦੇ ਜਵਾਬ ਤੋਂ ਸੰਤੁਸ਼ਟ ਸੀ।