Skip to content

Skip to table of contents

ਪੂਰੇ ਦਿਲੋਂ ਧਾਰਮਿਕਤਾ ਨਾਲ ਪਿਆਰ ਕਰੋ

ਪੂਰੇ ਦਿਲੋਂ ਧਾਰਮਿਕਤਾ ਨਾਲ ਪਿਆਰ ਕਰੋ

ਪੂਰੇ ਦਿਲੋਂ ਧਾਰਮਿਕਤਾ ਨਾਲ ਪਿਆਰ ਕਰੋ

‘ਤੈਂ ਧਰਮ ਦੇ ਨਾਲ ਪ੍ਰੇਮ ਕੀਤਾ ਹੈ।’—ਜ਼ਬੂ. 45:7.

1. “ਧਰਮ ਦੇ ਮਾਰਗਾਂ” ਉੱਤੇ ਚੱਲਣ ਲਈ ਕਿਹੜੀ ਗੱਲ ਸਾਡੀ ਮਦਦ ਕਰੇਗੀ?

ਯਹੋਵਾਹ ਆਪਣੇ ਬਚਨ ਅਤੇ ਪਵਿੱਤਰ ਸ਼ਕਤੀ ਦੇ ਜ਼ਰੀਏ “ਧਰਮ ਦੇ ਮਾਰਗਾਂ” ਉੱਤੇ ਚੱਲਣ ਵਿਚ ਆਪਣੇ ਲੋਕਾਂ ਦੀ ਅਗਵਾਈ ਕਰ ਰਿਹਾ ਹੈ। (ਜ਼ਬੂ. 23:3) ਪਾਪੀ ਹੋਣ ਕਰਕੇ ਅਸੀਂ ਉਸ ਮਾਰਗ ਤੋਂ ਭਟਕ ਜਾਂਦੇ ਹਾਂ। ਦੁਬਾਰਾ ਸਹੀ ਰਸਤੇ ’ਤੇ ਚੱਲਣ ਲਈ ਜਤਨ ਕਰਨ ਦੀ ਲੋੜ ਹੈ। ਕਿਹੜੀ ਗੱਲ ਸਫ਼ਲ ਹੋਣ ਵਿਚ ਸਾਡੀ ਮਦਦ ਕਰੇਗੀ? ਯਿਸੂ ਵਾਂਗ ਸਾਨੂੰ ਸਹੀ ਕੰਮਾਂ ਨਾਲ ਪਿਆਰ ਕਰਨ ਦੀ ਲੋੜ ਹੈ।—ਜ਼ਬੂਰਾਂ ਦੀ ਪੋਥੀ 45:7 ਪੜ੍ਹੋ।

2. ‘ਧਰਮ ਦੇ ਮਾਰਗ’ ਕੀ ਹਨ?

2 ‘ਧਰਮ ਦੇ ਮਾਰਗ’ ਕੀ ਹਨ? ਇਹ ਮਾਰਗ ਤੰਗ ਪਗਡੰਡੀਆਂ ਦੀ ਤਰ੍ਹਾਂ ਹਨ। ਇਹ ‘ਮਾਰਗ’ ਯਹੋਵਾਹ ਦੇ ਧਾਰਮਿਕ ਮਿਆਰਾਂ ਉੱਤੇ ਆਧਾਰਿਤ ਹਨ। “ਧਾਰਮਿਕਤਾ” ਲਈ ਵਰਤੇ ਇਬਰਾਨੀ ਅਤੇ ਯੂਨਾਨੀ ਭਾਸ਼ਾ ਦੇ ਸ਼ਬਦ ਦਾ ਮਤਲਬ ਹੈ ਸਖ਼ਤੀ ਨਾਲ ਨੈਤਿਕ ਮਿਆਰਾਂ ਦੀ ਪਾਲਣਾ ਕਰਨੀ। ਯਹੋਵਾਹ “ਧਰਮ ਅਸਥਾਨ” ਹੈ ਜਿਸ ਕਰਕੇ ਉਸ ਦੇ ਲੋਕ ਖ਼ੁਸ਼ੀ ਨਾਲ ਚਾਹੁੰਦੇ ਹਨ ਕਿ ਉਹ ਉਨ੍ਹਾਂ ਲਈ ਸਹੀ ਰਾਹ ਤੈਅ ਕਰੇ ਜਿਸ ਉੱਤੇ ਉਹ ਚੱਲ ਸਕਣ।—ਯਿਰ. 50:7.

3. ਅਸੀਂ ਯਹੋਵਾਹ ਦੀ ਧਾਰਮਿਕਤਾ ਬਾਰੇ ਹੋਰ ਕਿਵੇਂ ਸਿੱਖ ਸਕਦੇ ਹਾਂ?

3 ਜੇ ਅਸੀਂ ਪੂਰੇ ਦਿਲ ਨਾਲ ਯਹੋਵਾਹ ਦੇ ਧਰਮੀ ਮਿਆਰਾਂ ਉੱਤੇ ਚੱਲਣ ਦੀ ਕੋਸ਼ਿਸ਼ ਕਰਾਂਗੇ, ਤਾਂ ਉਹ ਸਾਡੇ ਤੋਂ ਖ਼ੁਸ਼ ਹੋਵੇਗਾ। (ਬਿਵ. 32:4) ਇੱਦਾਂ ਅਸੀਂ ਯਹੋਵਾਹ ਪਰਮੇਸ਼ੁਰ ਬਾਰੇ ਉਸ ਦੇ ਬਚਨ ਬਾਈਬਲ ਤੋਂ ਸਿੱਖ ਕੇ ਕਰ ਸਕਦੇ ਹਾਂ। ਜਿੰਨਾ ਜ਼ਿਆਦਾ ਅਸੀਂ ਉਸ ਬਾਰੇ ਸਿੱਖਦੇ ਹਾਂ ਤੇ ਹਰ ਰੋਜ਼ ਉਸ ਦੇ ਨੇੜੇ ਜਾਂਦੇ ਹਾਂ, ਉੱਨਾ ਜ਼ਿਆਦਾ ਅਸੀਂ ਉਸ ਦੀ ਧਾਰਮਿਕਤਾ ਨਾਲ ਪਿਆਰ ਕਰਾਂਗੇ। (ਯਾਕੂ. 4:8) ਜਦੋਂ ਸਾਨੂੰ ਜ਼ਿੰਦਗੀ ਵਿਚ ਜ਼ਰੂਰੀ ਫ਼ੈਸਲੇ ਕਰਨੇ ਪੈਂਦੇ ਹਨ, ਉਦੋਂ ਵੀ ਸਾਨੂੰ ਪਰਮੇਸ਼ੁਰ ਦੇ ਬਚਨ ਦੀ ਸੇਧ ਨੂੰ ਕਬੂਲ ਕਰਨਾ ਚਾਹੀਦਾ ਹੈ।

ਪਰਮੇਸ਼ੁਰ ਦੀ ਧਾਰਮਿਕਤਾ ਨੂੰ ਭਾਲੋ

4. ਪਰਮੇਸ਼ੁਰ ਦੀ ਧਾਰਮਿਕਤਾ ਨੂੰ ਭਾਲਣ ਵਿਚ ਕੀ ਕੁਝ ਸ਼ਾਮਲ ਹੈ?

4ਮੱਤੀ 6:33 ਪੜ੍ਹੋ। ਪਰਮੇਸ਼ੁਰ ਦੀ ਧਾਰਮਿਕਤਾ ਨੂੰ ਭਾਲਣ ਲਈ ਸਿਰਫ਼ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਵਿਚ ਸਮਾਂ ਲਗਾਉਣਾ ਹੀ ਕਾਫ਼ੀ ਨਹੀਂ ਹੈ। ਸਾਨੂੰ ਕੁਝ ਹੋਰ ਵੀ ਕਰਨ ਦੀ ਲੋੜ ਹੈ। ਜੇ ਅਸੀਂ ਚਾਹੁੰਦੇ ਹਾਂ ਕਿ ਸਾਡੀ ਭਗਤੀ ਯਹੋਵਾਹ ਨੂੰ ਮਨਜ਼ੂਰ ਹੋਵੇ, ਤਾਂ ਹਰ ਰੋਜ਼ ਸਾਡਾ ਚਾਲ-ਚਲਣ ਉਸ ਦੇ ਉੱਚੇ ਮਿਆਰਾਂ ਅਨੁਸਾਰ ਹੋਣਾ ਚਾਹੀਦਾ ਹੈ। ਯਹੋਵਾਹ ਦੀ ਧਾਰਮਿਕਤਾ ਭਾਲਣ ਵਾਲਿਆਂ ਨੂੰ ਕੀ ਕਰਨਾ ਚਾਹੀਦਾ ਹੈ? ਉਨ੍ਹਾਂ ਨੂੰ ‘ਨਵੀਂ ਇਨਸਾਨੀਅਤ ਪਹਿਨਣ ਦੀ ਲੋੜ ਹੈ ਜਿਹੜੀ ਪਰਮੇਸ਼ੁਰ ਦੇ ਅਨੁਸਾਰ ਸਚਿਆਈ ਦੇ ਧਰਮ ਅਤੇ ਪਵਿੱਤਰਤਾਈ ਵਿੱਚ ਉਤਪਤ ਹੋਈ।’—ਅਫ਼. 4:24.

5. ਕਿਹੜੀ ਗੱਲ ਨਿਰਾਸ਼ਾ ਤੋਂ ਬਾਹਰ ਆਉਣ ਵਿਚ ਸਾਡੀ ਮਦਦ ਕਰੇਗੀ?

5 ਪਰਮੇਸ਼ੁਰ ਦੇ ਧਰਮੀ ਮਿਆਰਾਂ ਅਨੁਸਾਰ ਚੱਲਣ ਦੀ ਕੋਸ਼ਿਸ਼ ਕਰਦਿਆਂ, ਅਸੀਂ ਕਦੇ-ਕਦਾਈਂ ਆਪਣੀਆਂ ਕਮਜ਼ੋਰੀਆਂ ਕਾਰਨ ਸ਼ਾਇਦ ਨਿਰਾਸ਼ ਹੋ ਜਾਈਏ। ਕਿਹੜੀ ਗੱਲ ਦੀ ਮਦਦ ਨਾਲ ਅਸੀਂ ਨਿਰਾਸ਼ਾ ਤੋਂ ਬਾਹਰ ਆ ਸਕਦੇ ਹਾਂ ਅਤੇ ਧਾਰਮਿਕਤਾ ਨਾਲ ਪਿਆਰ ਕਰਨਾ ਤੇ ਇਸ ਅਨੁਸਾਰ ਚੱਲਣਾ ਸਿੱਖ ਸਕਦੇ ਹਾਂ? (ਕਹਾ. 24:10) ਸਾਨੂੰ “ਸੱਚੇ ਦਿਲ ਅਤੇ ਪੂਰੀ ਨਿਹਚਾ ਨਾਲ” ਯਹੋਵਾਹ ਨੂੰ ਬਾਕਾਇਦਾ ਪ੍ਰਾਰਥਨਾ ਕਰਨੀ ਚਾਹੀਦੀ ਹੈ। (ਇਬ. 10:19-22) ਚਾਹੇ ਅਸੀਂ ਮਸਹ ਕੀਤੇ ਹੋਏ ਮਸੀਹੀ ਹਾਂ ਜਾਂ ਧਰਤੀ ਉੱਤੇ ਰਹਿਣ ਦੀ ਉਮੀਦ ਰੱਖਦੇ ਹਾਂ, ਅਸੀਂ ਯਿਸੂ ਮਸੀਹ ਦੀ ਕੁਰਬਾਨੀ ਵਿਚ ਵਿਸ਼ਵਾਸ ਕਰਦੇ ਹਾਂ ਅਤੇ ਮੰਨਦੇ ਹਾਂ ਕਿ ਸਾਡੇ ਪ੍ਰਧਾਨ ਜਾਜਕ ਵਜੋਂ ਸਾਨੂੰ ਉਸ ਦੀਆਂ ਸੇਵਾਵਾਂ ਦੀ ਲੋੜ ਹੈ। (ਰੋਮੀ. 5:8; ਇਬ. 4:14-16) ਇਸ ਰਸਾਲੇ ਦੇ ਪਹਿਲੇ ਅੰਕ ਵਿਚ ਇਕ ਉਦਾਹਰਣ ਦੇ ਕੇ ਸਮਝਾਇਆ ਗਿਆ ਸੀ ਕਿ ਯਿਸੂ ਦਾ ਵਹਾਇਆ ਗਿਆ ਲਹੂ ਕਿੰਨਾ ਅਸਰਕਾਰੀ ਹੈ। (1 ਯੂਹੰ. 1:6, 7) ਲੇਖ ਵਿਚ ਦੱਸਿਆ ਗਿਆ ਸੀ: ‘ਇਹ ਹਕੀਕਤ ਹੈ ਕਿ ਜੇ ਕਿਸੇ ਗੂੜ੍ਹੇ ਲਾਲ ਰੰਗ ਦੀ ਚੀਜ਼ ਨੂੰ ਲਾਲ ਕੱਚ ਰਾਹੀਂ ਰੌਸ਼ਨੀ ਵਿਚ ਦੇਖਿਆ ਜਾਵੇ, ਤਾਂ ਉਹ ਚੀਜ਼ ਚਿੱਟੀ ਨਜ਼ਰ ਆਉਂਦੀ ਹੈ। ਇਸੇ ਤਰ੍ਹਾਂ ਚਾਹੇ ਸਾਡੇ ਪਾਪ ਗੂੜ੍ਹੇ ਲਾਲ ਰੰਗ ਵਰਗੇ ਹੋਣ, ਪਰ ਜਦੋਂ ਅਸੀਂ ਇਨ੍ਹਾਂ ਨੂੰ ਪਰਮੇਸ਼ੁਰ ਦੇ ਨਜ਼ਰੀਏ ਤੋਂ ਮਸੀਹ ਦੇ ਲਹੂ ਰਾਹੀਂ ਦੇਖਾਂਗੇ, ਤਾਂ ਇਹ ਚਿੱਟੇ ਨਜ਼ਰ ਆਉਣਗੇ।’ (ਜੁਲਾਈ 1879, ਸਫ਼ਾ 6) ਆਪਣੇ ਪਿਆਰੇ ਪੁੱਤਰ ਦੀ ਕੁਰਬਾਨੀ ਰਾਹੀਂ ਯਹੋਵਾਹ ਨੇ ਸਾਡੇ ਲਈ ਕਿੰਨਾ ਹੀ ਸ਼ਾਨਦਾਰ ਪ੍ਰਬੰਧ ਕੀਤਾ ਹੈ!—ਯਸਾ. 1:18.

ਪਰਮੇਸ਼ੁਰ ਤੋਂ ਮਿਲੇ ਸ਼ਸਤਰਾਂ-ਬਸਤਰਾਂ ਦੀ ਜਾਂਚ ਕਰੋ

6. ਇਹ ਕਿਉਂ ਮਹੱਤਵਪੂਰਣ ਹੈ ਕਿ ਅਸੀਂ ਪਰਮੇਸ਼ੁਰ ਤੋਂ ਮਿਲੇ ਸ਼ਸਤਰਾਂ-ਬਸਤਰਾਂ ਦੀ ਜਾਂਚ ਕਰੀਏ?

6 ਸਾਨੂੰ ਹਰ ਸਮੇਂ “ਧਰਮ ਦੀ ਸੰਜੋ” ਪਹਿਨਣ ਦੀ ਲੋੜ ਹੈ ਕਿਉਂਕਿ ਇਹ ਪਰਮੇਸ਼ੁਰ ਤੋਂ ਮਿਲੇ ਸ਼ਸਤਰਾਂ-ਬਸਤਰਾਂ ਦਾ ਜ਼ਰੂਰੀ ਹਿੱਸਾ ਹੈ। (ਅਫ਼. 6:11, 14) ਭਾਵੇਂ ਅਸੀਂ ਹਾਲ ਹੀ ਵਿਚ ਯਹੋਵਾਹ ਨੂੰ ਸਮਰਪਣ ਕੀਤਾ ਹੈ ਜਾਂ ਦਹਾਕਿਆਂ ਤੋਂ ਉਸ ਦੀ ਸੇਵਾ ਕਰ ਰਹੇ ਹਾਂ, ਫਿਰ ਵੀ ਮਹੱਤਵਪੂਰਣ ਹੈ ਕਿ ਅਸੀਂ ਆਪਣੇ ਸ਼ਸਤਰਾਂ-ਬਸਤਰਾਂ ਦੀ ਹਰ ਰੋਜ਼ ਜਾਂਚ ਕਰੀਏ। ਕਿਉਂ? ਕਿਉਂਕਿ ਸ਼ਤਾਨ ਅਤੇ ਉਸ ਦੇ ਨਾਲ ਦੇ ਦੁਸ਼ਟ ਦੂਤ ਧਰਤੀ ਉੱਤੇ ਸੁੱਟੇ ਗਏ ਹਨ। (ਪਰ. 12:7-12) ਸ਼ਤਾਨ ਗੁੱਸੇ ਵਿਚ ਹੈ ਤੇ ਉਹ ਜਾਣਦਾ ਹੈ ਕਿ ਉਸ ਦਾ ਸਮਾਂ ਥੋੜ੍ਹਾ ਹੀ ਰਹਿੰਦਾ ਹੈ। ਇਸ ਲਈ, ਉਹ ਪਰਮੇਸ਼ੁਰ ਦੇ ਲੋਕਾਂ ਉੱਤੇ ਜ਼ਿਆਦਾ ਤੋਂ ਜ਼ਿਆਦਾ ਹਮਲੇ ਕਰ ਰਿਹਾ ਹੈ। ਕੀ ਅਸੀਂ “ਧਰਮ ਦੀ ਸੰਜੋ” ਪਹਿਨਣ ਦੀ ਅਹਿਮੀਅਤ ਨੂੰ ਸਮਝਦੇ ਹਾਂ?

7. “ਧਰਮ ਦੀ ਸੰਜੋ” ਦੀ ਲੋੜ ਨੂੰ ਪਛਾਣਦੇ ਹੋਏ ਅਸੀਂ ਕੀ ਨਹੀਂ ਕਰਾਂਗੇ?

7 ਸੀਨਾਬੰਦ ਦਿਲ ਦੀ ਰਾਖੀ ਕਰਦਾ ਹੈ। ਪਾਪੀ ਸੁਭਾਅ ਹੋਣ ਕਰ ਕੇ ਸਾਡਾ ਦਿਲ ਧੋਖੇਬਾਜ਼ ਅਤੇ ਖ਼ਰਾਬ ਹੋ ਸਕਦਾ ਹੈ। (ਯਿਰ. 17:9) ਭਾਵੇਂ ਕਿ ਸਾਡਾ ਦਿਲ ਗ਼ਲਤ ਕੰਮ ਕਰਨ ਦਾ ਝੁਕਾਅ ਰੱਖਦਾ ਹੈ, ਪਰ ਬਹੁਤ ਜ਼ਰੂਰੀ ਹੈ ਕਿ ਇਸ ਨੂੰ ਸਿਖਲਾਈ ਦੇ ਕੇ ਅਨੁਸ਼ਾਸਿਤ ਕੀਤਾ ਜਾਵੇ। (ਉਤ. 8:21) ਜੇਕਰ ਅਸੀਂ ਪਛਾਣਾਂਗੇ ਕਿ ਸਾਨੂੰ “ਧਰਮ ਦੀ ਸੰਜੋ” ਦੀ ਲੋੜ ਹੈ, ਤਾਂ ਅਸੀਂ ਇਸ ਨੂੰ ਥੋੜ੍ਹੇ ਸਮੇਂ ਲਈ ਵੀ ਨਹੀਂ ਲਾਹਾਂਗੇ। ਅਸੀਂ ਉਹ ਮਨੋਰੰਜਨ ਜਿਸ ਨੂੰ ਪਰਮੇਸ਼ੁਰ ਨਫ਼ਰਤ ਕਰਦਾ ਹੈ ਨਹੀਂ ਚੁਣਾਂਗੇ ਅਤੇ ਨਾ ਹੀ ਅਸੀਂ ਗ਼ਲਤ ਕੰਮ ਕਰਨ ਬਾਰੇ ਸੁਪਨੇ ਲਵਾਂਗੇ। ਅਸੀਂ ਬਹੁਤ ਸਾਰਾ ਕੀਮਤੀ ਸਮਾਂ ਟੀ.ਵੀ ਦੇਖਣ ਵਿਚ ਬਰਬਾਦ ਨਹੀਂ ਕਰਾਂਗੇ। ਇਸ ਦੀ ਬਜਾਇ ਅਸੀਂ ਯਹੋਵਾਹ ਨੂੰ ਖ਼ੁਸ਼ ਕਰਨ ਦਾ ਜਤਨ ਕਰਦੇ ਰਹਾਂਗੇ। ਭਾਵੇਂ ਅਸੀਂ ਕੁਝ ਪਲਾਂ ਲਈ ਆਪਣੀਆਂ ਗ਼ਲਤ ਸੋਚਾਂ ਅਤੇ ਕੰਮਾਂ ਕਰਕੇ ਭਟਕ ਸਕਦੇ ਹਾਂ, ਫਿਰ ਵੀ ਯਹੋਵਾਹ ਦੀ ਮਦਦ ਨਾਲ ਅਸੀਂ ਦੁਬਾਰਾ ਸਹੀ ਰਸਤੇ ’ਤੇ ਆ ਸਕਦੇ ਹਾਂ।—ਕਹਾਉਤਾਂ 24:16 ਪੜ੍ਹੋ।

8. ਸਾਨੂੰ “ਨਿਹਚਾ ਦੀ ਢਾਲ” ਦੀ ਕਿਉਂ ਲੋੜ ਹੈ?

8 ਇਕ ਹੋਰ ਸ਼ਸਤਰ ਹੈ “ਨਿਹਚਾ ਦੀ ਢਾਲ।” ਇਸ ਦੀ ਮਦਦ ਨਾਲ ਅਸੀਂ “ਦੁਸ਼ਟ ਦੇ ਸਾਰੇ ਅਗਣ ਬਾਣਾਂ ਨੂੰ ਬੁਝਾ” ਸਕਦੇ ਹਾਂ। (ਅਫ਼. 6:16) ਇਸ ਦੇ ਨਾਲ-ਨਾਲ ਯਹੋਵਾਹ ਉੱਤੇ ਨਿਹਚਾ ਅਤੇ ਉਸ ਨਾਲ ਦਿਲੋਂ ਪਿਆਰ ਕਰਨ ਸਦਕਾ ਅਸੀਂ ਧਰਮੀ ਰਾਹ ’ਤੇ ਚੱਲ ਕੇ ਹਮੇਸ਼ਾ ਦੀ ਜ਼ਿੰਦਗੀ ਪਾ ਸਕਦੇ ਹਾਂ। ਯਹੋਵਾਹ ਨਾਲ ਜਿੰਨਾ ਜ਼ਿਆਦਾ ਅਸੀਂ ਪਿਆਰ ਕਰਨਾ ਸਿੱਖਾਂਗੇ, ਉੱਨਾ ਹੀ ਜ਼ਿਆਦਾ ਅਸੀਂ ਉਸ ਦੀ ਧਾਰਮਿਕਤਾ ਦੀ ਕਦਰ ਕਰਾਂਗੇ। ਪਰ ਸਾਡੇ ਅੰਤਹਕਰਣ ਬਾਰੇ ਕੀ? ਇਹ ਧਾਰਮਿਕਤਾ ਨਾਲ ਪਿਆਰ ਕਰਨ ਵਿਚ ਕਿਵੇਂ ਮਦਦ ਕਰਦਾ ਹੈ?

ਅੰਤਹਕਰਣ ਸ਼ੁੱਧ ਰੱਖੋ

9. ਅੰਤਹਕਰਣ ਸ਼ੁੱਧ ਰੱਖਣ ਨਾਲ ਸਾਨੂੰ ਕਿਵੇਂ ਫ਼ਾਇਦਾ ਹੁੰਦਾ ਹੈ?

9 ਆਪਣੇ ਬਪਤਿਸਮੇ ਵੇਲੇ ਅਸੀਂ ਯਹੋਵਾਹ ਨੂੰ “ਸ਼ੁੱਧ ਅੰਤਹਕਰਨ” ਲਈ ਬੇਨਤੀ ਕੀਤੀ ਸੀ। (1 ਪਤ. 3:21) ਸਾਨੂੰ ਯਿਸੂ ਦੀ ਕੁਰਬਾਨੀ ਉੱਤੇ ਨਿਹਚਾ ਹੈ ਜਿਸ ਕਾਰਨ ਉਸ ਦਾ ਵਹਾਇਆ ਲਹੂ ਸਾਡੇ ਪਾਪਾਂ ਨੂੰ ਢੱਕ ਲੈਂਦਾ ਹੈ ਅਤੇ ਫਿਰ ਪਰਮੇਸ਼ੁਰ ਨਾਲ ਸਾਡਾ ਚੰਗਾ ਰਿਸ਼ਤਾ ਬਣਦਾ ਹੈ। ਪਰਮੇਸ਼ੁਰ ਨਾਲ ਚੰਗਾ ਰਿਸ਼ਤਾ ਬਣਾਈ ਰੱਖਣ ਲਈ ਸਾਨੂੰ ਆਪਣਾ ਅੰਤਹਕਰਣ ਸ਼ੁੱਧ ਰੱਖਣ ਦੀ ਲੋੜ ਹੈ। ਜੇ ਸਾਡਾ ਅੰਤਹਕਰਣ ਕਦੇ-ਕਦੇ ਸਾਨੂੰ ਕੋਸਦਾ ਅਤੇ ਚੇਤਾਵਨੀ ਦਿੰਦਾ ਹੈ, ਤਾਂ ਸਾਨੂੰ ਖ਼ੁਸ਼ ਹੋਣਾ ਚਾਹੀਦਾ ਹੈ ਕਿ ਇਹ ਸਹੀ ਢੰਗ ਨਾਲ ਕੰਮ ਕਰ ਰਿਹਾ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਯਹੋਵਾਹ ਦੇ ਧਰਮੀ ਰਾਹਾਂ ਸੰਬੰਧੀ ਸਾਡਾ ਅੰਤਹਕਰਣ ਸੁੰਨ ਨਹੀਂ ਹੋਇਆ ਹੈ। (1 ਤਿਮੋ. 4:2) ਪਰ ਅੰਤਹਕਰਣ ਇਕ ਹੋਰ ਤਰੀਕੇ ਨਾਲ ਉਨ੍ਹਾਂ ਲੋਕਾਂ ਦੀ ਮਦਦ ਕਰ ਸਕਦਾ ਹੈ ਜਿਹੜੇ ਧਾਰਮਿਕਤਾ ਨੂੰ ਪਿਆਰ ਕਰਨਾ ਚਾਹੁੰਦੇ ਹਨ।

10, 11. (ੳ) ਤਜਰਬਾ ਦੱਸ ਕੇ ਸਮਝਾਓ ਕਿ ਸਾਨੂੰ ਬਾਈਬਲ ਮੁਤਾਬਕ ਢਾਲ਼ੇ ਆਪਣੇ ਅੰਤਹਕਰਣ ਦੀ ਕਿਉਂ ਸੁਣਨੀ ਚਾਹੀਦੀ ਹੈ। (ਅ) ਧਾਰਮਿਕਤਾ ਨੂੰ ਪਿਆਰ ਕਰਨ ਨਾਲ ਸਾਨੂੰ ਕਿਉਂ ਬਹੁਤ ਖ਼ੁਸ਼ੀ ਮਿਲ ਸਕਦੀ ਹੈ?

10 ਜਦੋਂ ਅਸੀਂ ਕੋਈ ਗ਼ਲਤੀ ਕਰਦੇ ਹਾਂ, ਤਾਂ ਸਾਡਾ ਅੰਤਹਕਰਣ ਸਾਨੂੰ ਸ਼ਾਇਦ ਲਾਹਨਤਾਂ ਪਾਵੇ ਜਾਂ ਸਤਾਵੇ। ਇਕ ਨੌਜਵਾਨ “ਧਰਮ ਦੇ ਮਾਰਗਾਂ” ਤੋਂ ਭਟਕ ਗਿਆ। ਉਹ ਪੋਰਨੋਗ੍ਰਾਫੀ ਦੇਖਣ ਦਾ ਆਦੀ ਹੋ ਗਿਆ ਅਤੇ ਭੰਗ ਪੀਣੀ ਸ਼ੁਰੂ ਕਰ ਦਿੱਤੀ। ਪਰ ਜਦੋਂ ਉਹ ਮੀਟਿੰਗਾਂ ਤੇ ਜਾਂਦਾ ਸੀ, ਤਾਂ ਉਹ ਦੋਸ਼ੀ ਮਹਿਸੂਸ ਕਰਦਾ ਸੀ ਅਤੇ ਜਦੋਂ ਵੀ ਉਹ ਪ੍ਰਚਾਰ ਕਰਨ ਜਾਂਦਾ ਸੀ, ਤਾਂ ਉਹ ਆਪਣੇ ਆਪ ਨੂੰ ਪਖੰਡੀ ਸਮਝਦਾ ਸੀ। ਇਸ ਲਈ ਉਸ ਨੇ ਇਨ੍ਹਾਂ ਮਸੀਹੀ ਕੰਮਾਂ ਵਿਚ ਹਿੱਸਾ ਲੈਣਾ ਬੰਦ ਕਰ ਦਿੱਤਾ। ਉਹ ਕਹਿੰਦਾ ਹੈ: “ਪਰ ਮੈਨੂੰ ਪਤਾ ਨਹੀਂ ਸੀ ਕਿ ਇਨ੍ਹਾਂ ਕੰਮਾਂ ਕਾਰਨ ਮੇਰਾ ਅੰਤਹਕਰਣ ਮੈਨੂੰ ਦੋਸ਼ੀ ਠਹਿਰਾਵੇਗਾ।” ਉਹ ਅੱਗੇ ਕਹਿੰਦਾ ਹੈ: “ਮੈਂ ਚਾਰ ਸਾਲਾਂ ਤਕ ਇਸ ਤਰ੍ਹਾਂ ਦੀ ਮੂਰਖਤਾ ਭਰੀ ਜ਼ਿੰਦਗੀ ਜੀਉਂਦਾ ਰਿਹਾ।” ਇਸ ਤੋਂ ਬਾਅਦ ਉਹ ਸੱਚਾਈ ਵਿਚ ਵਾਪਸ ਆਉਣ ਬਾਰੇ ਸੋਚਣ ਲੱਗ ਪਿਆ। ਭਾਵੇਂ ਉਸ ਨੂੰ ਲੱਗਦਾ ਸੀ ਕਿ ਯਹੋਵਾਹ ਉਸ ਦੀ ਪ੍ਰਾਰਥਨਾ ਨਹੀਂ ਸੁਣੇਗਾ, ਪਰ ਫਿਰ ਵੀ ਉਸ ਨੇ ਪ੍ਰਾਰਥਨਾ ਕੀਤੀ ਅਤੇ ਮਾਫ਼ੀ ਮੰਗੀ। ਦਸਾਂ ਮਿੰਟਾਂ ਦੇ ਅੰਦਰ-ਅੰਦਰ ਉਸ ਦੀ ਮੰਮੀ ਉਸ ਨੂੰ ਮਿਲਣ ਆਈ ਅਤੇ ਉਸ ਨੂੰ ਮੀਟਿੰਗਾਂ ਤੇ ਦੁਬਾਰਾ ਆਉਣ ਲਈ ਉਤਸ਼ਾਹਿਤ ਕੀਤਾ। ਉਹ ਕਿੰਗਡਮ ਹਾਲ ਗਿਆ ਅਤੇ ਇਕ ਬਜ਼ੁਰਗ ਨੂੰ ਆਪਣੇ ਨਾਲ ਸਟੱਡੀ ਕਰਨ ਲਈ ਪੁੱਛਿਆ। ਸਮੇਂ ਦੇ ਬੀਤਣ ਨਾਲ ਉਸ ਨੇ ਬਪਤਿਸਮਾ ਲੈ ਲਿਆ ਅਤੇ ਉਹ ਯਹੋਵਾਹ ਦਾ ਸ਼ੁਕਰ ਕਰਦਾ ਹੈ ਕਿ ਉਸ ਨੇ ਉਸ ਦੀ ਜ਼ਿੰਦਗੀ ਬਚਾ ਲਈ।

11 ਕੀ ਅਸੀਂ ਆਪ ਨਹੀਂ ਦੇਖਿਆ ਕਿ ਸਹੀ ਕੰਮ ਕਰਨ ਨਾਲ ਸਾਨੂੰ ਖ਼ੁਸ਼ੀ ਮਿਲਦੀ ਹੈ? ਜਿੱਦਾਂ-ਜਿੱਦਾਂ ਅਸੀਂ ਧਾਰਮਿਕਤਾ ਨੂੰ ਪਿਆਰ ਕਰਨਾ ਸਿੱਖਦੇ ਹਾਂ ਤੇ ਸਹੀ ਕੰਮ ਕਰਨ ਦੀ ਪੂਰੀ ਕੋਸ਼ਿਸ਼ ਕਰਦੇ ਹਾਂ, ਉੱਦਾਂ-ਉੱਦਾਂ ਉਹ ਕੰਮ ਕਰ ਕੇ ਸਾਨੂੰ ਖ਼ੁਸ਼ੀ ਹੋਵੇਗੀ ਜਿਨ੍ਹਾਂ ਤੋਂ ਸਾਡਾ ਸਵਰਗੀ ਪਿਤਾ ਖ਼ੁਸ਼ ਹੁੰਦਾ ਹੈ। ਜ਼ਰਾ ਸੋਚੋ! ਉਹ ਦਿਨ ਬਹੁਤ ਜਲਦੀ ਆਉਣ ਵਾਲਾ ਹੈ ਜਦੋਂ ਸ਼ੁੱਧ ਅੰਤਹਕਰਣ ਹੋਣ ਕਾਰਨ ਹਰੇਕ ਇਨਸਾਨ ਦੇ ਦਿਲ ਵਿਚ ਖ਼ੁਸ਼ੀ ਦੀਆਂ ਭਾਵਨਾਵਾਂ ਉਮੜਨਗੀਆਂ ਅਤੇ ਉਹ ਪੂਰੀ ਤਰ੍ਹਾਂ ਪਰਮੇਸ਼ੁਰ ਵਰਗੇ ਗੁਣ ਦਿਖਾਵੇਗਾ। ਤਾਂ ਫਿਰ ਆਓ ਆਪਾਂ ਹੁਣ ਆਪਣੇ ਦਿਲ ਵਿਚ ਧਾਰਮਿਕਤਾ ਲਈ ਗਹਿਰਾ ਪਿਆਰ ਪੈਦਾ ਕਰੀਏ ਅਤੇ ਯਹੋਵਾਹ ਦਾ ਜੀਅ ਖ਼ੁਸ਼ ਕਰੀਏ।—ਕਹਾ. 23:15, 16.

12, 13. ਅਸੀਂ ਆਪਣੇ ਅੰਤਹਕਰਣ ਨੂੰ ਕਿਵੇਂ ਸਿਖਲਾਈ ਦੇ ਸਕਦੇ ਹਾਂ?

12 ਅਸੀਂ ਆਪਣੇ ਅੰਤਹਕਰਣ ਨੂੰ ਸਿਖਲਾਈ ਦੇਣ ਲਈ ਕੀ ਕਰ ਸਕਦੇ ਹਾਂ? ਜਦੋਂ ਅਸੀਂ ਬਾਈਬਲ ਅਤੇ ਬਾਈਬਲ-ਆਧਾਰਿਤ ਪ੍ਰਕਾਸ਼ਨਾਂ ਦਾ ਅਧਿਐਨ ਕਰਦੇ ਹਾਂ, ਤਾਂ ਇਹ ਯਾਦ ਰੱਖਣਾ ਜ਼ਰੂਰੀ ਹੈ ਕਿ “ਧਰਮੀ ਦਾ ਮਨ ਸੋਚ ਕੇ ਉੱਤਰ ਦਿੰਦਾ ਹੈ।” (ਕਹਾ. 15:28) ਜ਼ਰਾ ਸੋਚੋ ਕਿ ਇਸ ਤਰ੍ਹਾਂ ਕਰਨਾ ਸਾਡੇ ਲਈ ਕਿਵੇਂ ਫ਼ਾਇਦੇਮੰਦ ਹੋ ਸਕਦਾ ਹੈ ਜਦੋਂ ਨੌਕਰੀ ਕਰਨ ਸੰਬੰਧੀ ਸਵਾਲ ਪੈਦਾ ਹੁੰਦੇ ਹਨ। ਜੇ ਸਾਨੂੰ ਪਤਾ ਹੈ ਕਿ ਕੋਈ ਕੰਮ ਬਾਈਬਲ ਦੇ ਸਿਧਾਂਤਾਂ ਦੇ ਖ਼ਿਲਾਫ਼ ਹੈ, ਤਾਂ ਅਸੀਂ ਮਾਤਬਰ ਅਤੇ ਬੁੱਧਵਾਨ ਨੌਕਰ ਦੀਆਂ ਹਿਦਾਇਤਾਂ ਨੂੰ ਝੱਟ ਮੰਨ ਲੈਂਦੇ ਹਾਂ। ਪਰ ਜੇ ਨੌਕਰੀ ਸੰਬੰਧੀ ਸਵਾਲ ਦਾ ਜਵਾਬ ਸਿੱਧਾ-ਸਿੱਧਾ ਨਾ ਦਿੱਤਾ ਗਿਆ ਹੋਵੇ, ਤਾਂ ਉਦੋਂ ਵੀ ਸਾਨੂੰ ਬਾਈਬਲ ਦੇ ਸਿਧਾਂਤਾਂ ਦੀ ਖੋਜ ਕਰ ਕੇ ਉਨ੍ਹਾਂ ਉੱਤੇ ਪ੍ਰਾਰਥਨਾ ਸਹਿਤ ਵਿਚਾਰ ਕਰਨਾ ਚਾਹੀਦਾ ਹੈ। * ਇਹ ਗੱਲ ਦੂਜਿਆਂ ਦੇ ਅੰਤਹਕਰਣ ਨੂੰ ਠੋਕਰ ਨਾ ਖੁਆਉਣ ਸੰਬੰਧੀ ਸਿਧਾਂਤਾਂ ਬਾਰੇ ਵੀ ਸੱਚ ਹੈ। (1 ਕੁਰਿੰ. 10:31-33) ਸਾਨੂੰ ਖ਼ਾਸ ਤੌਰ ਤੇ ਉਨ੍ਹਾਂ ਸਿਧਾਂਤਾਂ ਵੱਲ ਧਿਆਨ ਦੇਣਾ ਚਾਹੀਦਾ ਹੈ ਜੋ ਪਰਮੇਸ਼ੁਰ ਨਾਲ ਸਾਡੇ ਰਿਸ਼ਤੇ ਨਾਲ ਤਅੱਲਕ ਰੱਖਦੇ ਹਨ। ਜੇ ਯਹੋਵਾਹ ਸਾਡੇ ਲਈ ਅਸਲੀ ਹੈ, ਤਾਂ ਸਾਨੂੰ ਆਪਣੇ ਆਪ ਤੋਂ ਪੁੱਛਣਾ ਚਾਹੀਦਾ ਹੈ: ‘ਕੀ ਇਹ ਕੰਮ ਕਰਨ ਨਾਲ ਮੈਂ ਯਹੋਵਾਹ ਨੂੰ ਠੇਸ ਜਾਂ ਦੁੱਖ ਪਹੁੰਚਾਵਾਂਗਾ?’—ਜ਼ਬੂ. 78:40, 41.

13ਪਹਿਰਾਬੁਰਜ ਅਧਿਐਨ ਜਾਂ ਕਲੀਸਿਯਾ ਦੀ ਬਾਈਬਲ ਸਟੱਡੀ ਦੀ ਤਿਆਰੀ ਕਰਦਿਆਂ ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਇਸ ਜਾਣਕਾਰੀ ਉੱਤੇ ਮਨਨ ਕਰਨ ਦੀ ਲੋੜ ਹੈ। ਕੀ ਅਸੀਂ ਸਵਾਲਾਂ ਦੇ ਜਵਾਬ ਥੱਲੇ ਫਟਾਫਟ ਲਕੀਰਾਂ ਮਾਰ ਕੇ ਅਗਲੇ ਪੈਰੇ ਤੇ ਚਲੇ ਜਾਂਦੇ ਹਾਂ? ਇਸ ਤਰ੍ਹਾਂ ਤਿਆਰੀ ਕਰਨ ਨਾਲ ਸਾਡੇ ਵਿਚ ਧਾਰਮਿਕਤਾ ਲਈ ਪਿਆਰ ਨਹੀਂ ਵਧੇਗਾ ਜਾਂ ਅਸੀਂ ਆਪਣੇ ਅੰਤਹਕਰਣ ਨੂੰ ਚੰਗੀ ਤਰ੍ਹਾਂ ਸਿਖਾ ਨਹੀਂ ਪਾਵਾਂਗੇ। ਜੇ ਅਸੀਂ ਧਾਰਮਿਕਤਾ ਨਾਲ ਪਿਆਰ ਕਰਨਾ ਹੈ, ਤਾਂ ਸਾਨੂੰ ਪਰਮੇਸ਼ੁਰ ਦੇ ਬਚਨ ਦਾ ਧਿਆਨ ਨਾਲ ਅਧਿਐਨ ਕਰਨ ਅਤੇ ਇਸ ਵਿੱਚੋਂ ਪੜ੍ਹੀਆਂ ਗੱਲਾਂ ਉੱਤੇ ਮਨਨ ਕਰਨ ਦੀ ਲੋੜ ਹੈ। ਮਿਹਨਤ ਤੋਂ ਬਗੈਰ ਅਸੀਂ ਪੂਰੇ ਦਿਲ ਨਾਲ ਧਾਰਮਿਕਤਾ ਨੂੰ ਪਿਆਰ ਕਰਨਾ ਨਹੀਂ ਸਿੱਖ ਸਕਦੇ!

ਧਾਰਮਿਕਤਾ ਦੇ ਭੁੱਖੇ ਅਤੇ ਪਿਆਸੇ ਹੋਵੋ

14. ਯਹੋਵਾਹ ਪਰਮੇਸ਼ੁਰ ਅਤੇ ਯਿਸੂ ਮਸੀਹ ਕੀ ਚਾਹੁੰਦੇ ਹਨ ਕਿ ਅਸੀਂ ਸੱਚੀ ਭਗਤੀ ਬਾਰੇ ਕਿੱਦਾਂ ਮਹਿਸੂਸ ਕਰੀਏ?

14 ਯਹੋਵਾਹ ਪਰਮੇਸ਼ੁਰ ਅਤੇ ਯਿਸੂ ਮਸੀਹ ਚਾਹੁੰਦੇ ਹਨ ਕਿ ਅਸੀਂ ਸੱਚੀ ਭਗਤੀ ਕਰਦਿਆਂ ਖ਼ੁਸ਼ ਰਹੀਏ। ਕਿਹੜੀ ਗੱਲ ਸਾਡੀ ਖ਼ੁਸ਼ੀ ਨੂੰ ਵਧਾਵੇਗੀ? ਹਾਂ, ਧਾਰਮਿਕਤਾ ਲਈ ਪਿਆਰ! ਪਹਾੜੀ ਉਪਦੇਸ਼ ਵਿਚ ਯਿਸੂ ਨੇ ਕਿਹਾ ਸੀ: “ਧੰਨ ਓਹ ਜਿਹੜੇ ਧਰਮ ਦੇ ਭੁੱਖੇ ਤੇ ਤਿਹਾਏ ਹਨ ਕਿਉਂ ਜੋ ਓਹ ਰਜਾਏ ਜਾਣਗੇ।” (ਮੱਤੀ 5:6) ਧਾਰਮਿਕਤਾ ਨੂੰ ਪਿਆਰ ਕਰਨ ਵਾਲਿਆਂ ਲਈ ਇਹ ਸ਼ਬਦ ਕੀ ਮਾਅਨੇ ਰੱਖਦੇ ਹਨ?

15, 16. ਕਿੰਨਾ ਤਰੀਕਿਆਂ ਨਾਲ ਧਾਰਮਿਕਤਾ ਦੇ ਭੁੱਖੇ ਅਤੇ ਪਿਆਸੇ ਲੋਕਾਂ ਨੂੰ ਰਜਾਇਆ ਜਾਵੇਗਾ?

15 ਜਿਸ ਸੰਸਾਰ ਵਿਚ ਅਸੀਂ ਰਹਿੰਦੇ ਹਾਂ ਉਸ ਉੱਤੇ ਦੁਸ਼ਟ ਦਾ ਰਾਜ ਹੈ। (1 ਯੂਹੰ. 5:19) ਕਿਸੇ ਵੀ ਦੇਸ਼ ਵਿਚ ਅਖ਼ਬਾਰ ਪੜ੍ਹ ਲਓ, ਤੁਹਾਨੂੰ ਜ਼ੁਲਮ ਅਤੇ ਹਿੰਸਾ ਦੀਆਂ ਖ਼ਬਰਾਂ ਵੱਡੇ ਪੱਧਰ ਤੇ ਪੜ੍ਹਨ ਨੂੰ ਮਿਲਣਗੀਆਂ। ਆਦਮੀ ਦੇ ਆਦਮੀ ਉੱਤੇ ਕੀਤੇ ਜ਼ੁਲਮ ਬਾਰੇ ਸੋਚ ਕੇ ਧਰਮੀ ਇਨਸਾਨ ਪਰੇਸ਼ਾਨ ਹੋ ਜਾਂਦੇ ਹਨ। (ਉਪ. 8:9) ਯਹੋਵਾਹ ਨੂੰ ਪਿਆਰ ਕਰਨ ਵਾਲਿਆਂ ਵਜੋਂ ਅਸੀਂ ਜਾਣਦੇ ਹਾਂ ਕਿ ਸਿਰਫ਼ ਯਹੋਵਾਹ ਹੀ ਉਨ੍ਹਾਂ ਲੋਕਾਂ ਦੀ ਭੁੱਖ ਅਤੇ ਪਿਆਸ ਬੁਝਾ ਸਕਦਾ ਹੈ ਜਿਹੜੇ ਧਾਰਮਿਕਤਾ ਬਾਰੇ ਸਿੱਖਣਾ ਚਾਹੁੰਦੇ ਹਨ। ਮਾੜੇ ਲੋਕ ਜਲਦੀ ਹੀ ਖ਼ਤਮ ਕੀਤੇ ਜਾਣਗੇ ਅਤੇ ਧਾਰਮਿਕਤਾ ਨੂੰ ਪਿਆਰ ਕਰਨ ਵਾਲੇ ਫਿਰ ਕਦੇ ਵੀ ਬੁਰੇ ਲੋਕਾਂ ਅਤੇ ਉਨ੍ਹਾਂ ਦੇ ਬੁਰੇ ਕੰਮਾਂ ਕਰਕੇ ਦੁਖੀ ਨਹੀਂ ਹੋਣਗੇ। (2 ਪਤ. 2:7, 8) ਕਿੰਨੀ ਹੀ ਰਾਹਤ ਮਿਲੇਗੀ!

16 ਯਹੋਵਾਹ ਦੇ ਸੇਵਕ ਅਤੇ ਯਿਸੂ ਮਸੀਹ ਦੇ ਚੇਲੇ ਹੋਣ ਦੇ ਨਾਤੇ ਅਸੀਂ ਜਾਣਦੇ ਹਾਂ ਕਿ ਜਿਹੜੇ ਧਾਰਮਿਕਤਾ ਲਈ ਭੁੱਖੇ ਅਤੇ ਪਿਆਸੇ ਹਨ, ਉਹ “ਰਜਾਏ ਜਾਣਗੇ।” ਉਹ ਪਰਮੇਸ਼ੁਰ ਦੇ ਨਵੇਂ ਆਕਾਸ਼ ਅਤੇ ਨਵੀਂ ਧਰਤੀ ਦੇ ਇੰਤਜ਼ਾਮ ਤੋਂ ਪੂਰੀ ਤਰ੍ਹਾਂ ਸੰਤੁਸ਼ਟ ਹੋਣਗੇ ਜਿੱਥੇ ‘ਧਰਮ ਵੱਸੇਗਾ।’ (2 ਪਤ. 3:13) ਇਸ ਲਈ ਹਿੰਮਤ ਨਾ ਹਾਰੋ ਜਾਂ ਹੈਰਾਨ ਨਾ ਹੋਵੋ ਕਿ ਇਸ ਦੁਸ਼ਟ ਦੁਨੀਆਂ ਵਿਚ ਧਾਰਮਿਕਤਾ ਦੀ ਬਜਾਇ ਜ਼ੁਲਮ ਅਤੇ ਹਿੰਸਾ ਦਾ ਬੋਲਬਾਲਾ ਹੈ। (ਉਪ. 5:8) ਅੱਤ ਮਹਾਨ ਯਹੋਵਾਹ ਨੂੰ ਪਤਾ ਹੈ ਕਿ ਦੁਨੀਆਂ ਵਿਚ ਕੀ ਹੋ ਰਿਹਾ ਹੈ ਅਤੇ ਉਹ ਜਲਦੀ ਹੀ ਧਾਰਮਿਕਤਾ ਨੂੰ ਪਿਆਰ ਕਰਨ ਵਾਲਿਆਂ ਨੂੰ ਛੁਟਕਾਰਾ ਦਿਲਾਵੇਗਾ।

ਧਾਰਮਿਕਤਾ ਨੂੰ ਪਿਆਰ ਕਰ ਕੇ ਲਾਭ ਉਠਾਓ

17. ਧਾਰਮਿਕਤਾ ਨੂੰ ਪਿਆਰ ਕਰਨ ਨਾਲ ਕਿਹੜੇ ਕੁਝ ਫ਼ਾਇਦੇ ਹੁੰਦੇ ਹਨ?

17ਜ਼ਬੂਰਾਂ ਦੀ ਪੋਥੀ 146:8 ਵਿਚ ਧਰਮੀ ਰਾਹ ’ਤੇ ਚੱਲਣ ਦੇ ਇਕ ਖ਼ਾਸ ਫ਼ਾਇਦੇ ਬਾਰੇ ਦੱਸਿਆ ਗਿਆ ਹੈ। ਜ਼ਬੂਰਾਂ ਦੇ ਲਿਖਾਰੀ ਨੇ ਗਾਇਆ: “ਯਹੋਵਾਹ ਧਰਮੀਆਂ ਨੂੰ ਪਿਆਰ ਕਰਦਾ ਹੈ।” ਜ਼ਰਾ ਸੋਚੋ! ਸਾਰੇ ਬ੍ਰਹਿਮੰਡ ਦਾ ਮਾਲਕ ਸਾਨੂੰ ਪਿਆਰ ਕਰਦਾ ਹੈ ਕਿਉਂਕਿ ਅਸੀਂ ਧਾਰਮਿਕਤਾ ਨੂੰ ਪਿਆਰ ਕਰਦੇ ਹਾਂ! ਯਹੋਵਾਹ ਦੇ ਇਸ ਪਿਆਰ ਕਰਕੇ ਅਸੀਂ ਭਰੋਸਾ ਰੱਖਦੇ ਹਾਂ ਕਿ ਜੇ ਅਸੀਂ ਆਪਣੀ ਜ਼ਿੰਦਗੀ ਵਿਚ ਰਾਜ ਦੇ ਕੰਮਾਂ ਨੂੰ ਪਹਿਲੇ ਸਥਾਨ ਤੇ ਰੱਖਾਂਗੇ, ਤਾਂ ਉਹ ਸਾਡੀਆਂ ਜ਼ਰੂਰਤਾਂ ਪੂਰੀਆਂ ਕਰੇਗਾ। (ਜ਼ਬੂਰਾਂ ਦੀ ਪੋਥੀ 37:25; ਕਹਾਉਤਾਂ 10:3 ਪੜ੍ਹੋ।) ਸਮਾਂ ਆਉਣ ਤੇ ਇਹ ਪੂਰੀ ਦੁਨੀਆਂ ਧਾਰਮਿਕਤਾ ਨਾਲ ਪਿਆਰ ਕਰਨ ਵਾਲਿਆਂ ਨਾਲ ਭਰ ਜਾਵੇਗੀ। (ਕਹਾ. 13:22) ਧਾਰਮਿਕਤਾ ਦੇ ਰਾਹ ਤੇ ਚੱਲਣ ਵਾਲੇ ਜ਼ਿਆਦਾਤਰ ਪਰਮੇਸ਼ੁਰ ਦੇ ਲੋਕਾਂ ਨੂੰ ਇਨਾਮ ਵਜੋਂ ਸੋਹਣੀ ਧਰਤੀ ਉੱਤੇ ਬੇਸ਼ੁਮਾਰ ਖ਼ੁਸ਼ੀਆਂ ਅਤੇ ਸਦਾ ਦੀ ਜ਼ਿੰਦਗੀ ਮਿਲੇਗੀ। ਹੁਣ ਵੀ ਜਿਹੜੇ ਪਰਮੇਸ਼ੁਰ ਦੀ ਧਾਰਮਿਕਤਾ ਨਾਲ ਪਿਆਰ ਕਰਦੇ ਹਨ, ਉਨ੍ਹਾਂ ਨੂੰ ਇਨਾਮ ਵਜੋਂ ਮਨ ਦੀ ਸ਼ਾਂਤੀ ਮਿਲਦੀ ਹੈ ਜਿਸ ਕਾਰਨ ਉਨ੍ਹਾਂ ਦੇ ਪਰਿਵਾਰਾਂ ਅਤੇ ਕਲੀਸਿਯਾ ਵਿਚ ਏਕਤਾ ਬਣੀ ਰਹਿੰਦੀ ਹੈ।—ਫ਼ਿਲਿ. 4:6, 7.

18. ਯਹੋਵਾਹ ਦੇ ਦਿਨ ਨੂੰ ਉਡੀਕਦੇ ਹੋਏ ਸਾਨੂੰ ਕੀ ਕੁਝ ਕਰਦੇ ਰਹਿਣਾ ਚਾਹੀਦਾ ਹੈ?

18 ਜਿੱਦਾਂ-ਜਿੱਦਾਂ ਅਸੀਂ ਯਹੋਵਾਹ ਦੇ ਦਿਨ ਦੇ ਆਉਣ ਦੀ ਉਡੀਕ ਕਰਦੇ ਹਾਂ, ਉੱਦਾਂ-ਉੱਦਾਂ ਸਾਨੂੰ ਉਸ ਦੀ ਧਾਰਮਿਕਤਾ ਨੂੰ ਲਗਾਤਾਰ ਭਾਲਦੇ ਰਹਿਣਾ ਚਾਹੀਦਾ ਹੈ। (ਸਫ਼. 2:2, 3) ਤਾਂ ਫਿਰ ਆਓ ਆਪਾਂ ਯਹੋਵਾਹ ਪਰਮੇਸ਼ੁਰ ਦੇ ਖਰੇ ਰਾਹਾਂ ਨਾਲ ਸੱਚਾ ਪਿਆਰ ਰੱਖੀਏ। ਇਸ ਤਰ੍ਹਾਂ ਕਰਨ ਵਿਚ ਸ਼ਾਮਲ ਹੈ ਕਿ ਅਸੀਂ “ਧਰਮ ਦੀ ਸੰਜੋ” ਨੂੰ ਪਾ ਕੇ ਰੱਖੀਏ ਤਾਂਕਿ ਇਹ ਸਾਡੇ ਦਿਲ ਦੀ ਰਾਖੀ ਕਰੇ। ਸਾਨੂੰ ਆਪਣੇ ਅੰਤਹਕਰਣ ਨੂੰ ਸ਼ੁੱਧ ਰੱਖਣ ਦੀ ਲੋੜ ਹੈ ਜਿਸ ਕਾਰਨ ਨਾ ਸਿਰਫ਼ ਅਸੀਂ ਖ਼ੁਸ਼ ਹੋਵਾਂਗੇ, ਸਗੋਂ ਪਰਮੇਸ਼ੁਰ ਦਾ ਦਿਲ ਵੀ ਖ਼ੁਸ਼ ਹੋਵੇਗਾ।—ਕਹਾ. 27:11.

19. ਸਾਨੂੰ ਕੀ ਕਰਨ ਦੀ ਠਾਣ ਲੈਣੀ ਚਾਹੀਦੀ ਹੈ ਅਤੇ ਅਗਲੇ ਲੇਖ ਵਿਚ ਕੀ ਚਰਚਾ ਕੀਤੀ ਜਾਵੇਗੀ?

19 ਯਹੋਵਾਹ ਦੀਆਂ “ਅੱਖਾਂ ਤਾਂ ਸਾਰੀ ਧਰਤੀ ਉੱਤੇ ਫਿਰਦੀਆਂ ਹਨ ਤਾਂ ਜੋ ਉਹ ਉਨ੍ਹਾਂ ਦੀ ਸਹਾਇਤਾ ਲਈ ਜਿਨ੍ਹਾਂ ਦਾ ਦਿਲ ਉਸ ਉੱਤੇ ਪੂਰਨ ਨਿਹਚਾ ਰੱਖਦਾ ਹੈ ਆਪਣੇ ਆਪ ਨੂੰ ਸਮਰਥ ਵਿਖਾਵੇ।” (2 ਇਤ. 16:9) ਇਨ੍ਹਾਂ ਸ਼ਬਦਾਂ ਤੋਂ ਸਾਨੂੰ ਕਿੰਨਾ ਦਿਲਾਸਾ ਮਿਲਦਾ ਹੈ ਜਿਉਂ-ਜਿਉਂ ਅਸੀਂ ਇਸ ਮੁਸ਼ਕਲਾਂ ਭਰੀ ਦੁਨੀਆਂ ਵਿਚ ਅਸਥਿਰਤਾ, ਹਿੰਸਾ ਅਤੇ ਬੁਰਾਈ ਦੇ ਬਾਵਜੂਦ ਸਹੀ ਕੰਮ ਕਰਦੇ ਹਾਂ! ਇਹ ਸੱਚ ਹੈ ਕਿ ਸਾਡੇ ਧਰਮੀ ਰਾਹਾਂ ਕਾਰਨ ਸ਼ਾਇਦ ਉਹ ਲੋਕ ਉਲਝਣ ਵਿਚ ਪੈ ਜਾਂਦੇ ਹਨ ਜੋ ਪਰਮੇਸ਼ੁਰ ਤੋਂ ਦੂਰ ਹੋ ਚੁੱਕੇ ਹਨ। ਪਰ ਯਹੋਵਾਹ ਦੇ ਧਰਮੀ ਰਾਹਾਂ ਦੀ ਪਾਲਣਾ ਕਰਦੇ ਰਹਿਣ ਨਾਲ ਸਾਨੂੰ ਬਹੁਤ ਫ਼ਾਇਦਾ ਮਿਲਦਾ ਹੈ। (ਯਸਾ. 48:17; 1 ਪਤ. 4:4) ਇਸ ਲਈ ਆਓ ਆਪਾਂ ਪੂਰੇ ਦਿਲ ਨਾਲ ਧਾਰਮਿਕਤਾ ਨਾਲ ਪਿਆਰ ਅਤੇ ਚੰਗੇ ਕੰਮ ਕਰਦੇ ਰਹਿਣ ਦੀ ਠਾਣ ਲਈਏ ਜਿਸ ਤੋਂ ਸਾਨੂੰ ਖ਼ੁਸ਼ੀ ਮਿਲੇਗੀ। ਪੂਰੇ ਦਿਲ ਨਾਲ ਧਾਰਮਿਕਤਾ ਨੂੰ ਪਿਆਰ ਕਰਨ ਦਾ ਇਹ ਵੀ ਮਤਲਬ ਹੈ ਕਿ ਅਸੀਂ ਕੁਧਰਮ ਨਾਲ ਨਫ਼ਰਤ ਕਰੀਏ। ਅਗਲੇ ਲੇਖ ਵਿਚ ਸਮਝਾਇਆ ਜਾਵੇਗਾ ਕਿ ਇਸ ਦਾ ਕੀ ਮਤਲਬ ਹੈ।

[ਫੁਟਨੋਟ]

^ ਪੈਰਾ 12 ਨੌਕਰੀ ਸੰਬੰਧੀ ਬਾਈਬਲ ਦੇ ਸਿਧਾਂਤਾਂ ਦੀ ਚਰਚਾ ਲਈ 15 ਅਪ੍ਰੈਲ 1999 ਦੇ ਪਹਿਰਾਬੁਰਜ ਦੇ ਸਫ਼ੇ 28-30 ਦੇਖੋ।

ਤੁਸੀਂ ਕਿਵੇਂ ਜਵਾਬ ਦੇਵੋਗੇ?

• ਧਾਰਮਿਕਤਾ ਨੂੰ ਪਿਆਰ ਕਰਨ ਲਈ ਯਿਸੂ ਦੀ ਕੁਰਬਾਨੀ ਦੀ ਕਦਰ ਕਰਨੀ ਕਿਉਂ ਜ਼ਰੂਰੀ ਹੈ?

• “ਧਰਮ ਦੀ ਸੰਜੋ” ਪਹਿਨਣੀ ਕਿਉਂ ਜ਼ਰੂਰੀ ਹੈ?

• ਅਸੀਂ ਆਪਣੇ ਅੰਤਹਕਰਣ ਨੂੰ ਕਿਵੇਂ ਸਿਖਲਾਈ ਦੇ ਸਕਦੇ ਹਾਂ?

[ਸਵਾਲ]

[ਸਫ਼ਾ 26 ਉੱਤੇ ਤਸਵੀਰ]

ਬਾਈਬਲ ਮੁਤਾਬਕ ਢਾਲ਼ਿਆ ਅੰਤਹਕਰਣ ਨੌਕਰੀ ਸੰਬੰਧੀ ਸਵਾਲਾਂ ਨੂੰ ਸੁਲਝਾਉਣ ਵਿਚ ਸਾਡੀ ਮਦਦ ਕਰਦਾ ਹੈ