‘ਭੇਟਾਂ ਚੜ੍ਹਾਉਣ ਨਾਲੋਂ ਮੰਨਣਾ ਚੰਗਾ ਹੈ’
‘ਭੇਟਾਂ ਚੜ੍ਹਾਉਣ ਨਾਲੋਂ ਮੰਨਣਾ ਚੰਗਾ ਹੈ’
ਪ੍ਰਾਚੀਨ ਇਸਰਾਏਲ ਦਾ ਪਹਿਲਾ ਰਾਜਾ ਸ਼ਾਊਲ ਸੀ। ਭਾਵੇਂ ਕਿ ਸੱਚੇ ਪਰਮੇਸ਼ੁਰ ਨੇ ਸ਼ਾਊਲ ਨੂੰ ਚੁਣਿਆ ਸੀ, ਪਰ ਅਖ਼ੀਰ ਉਸ ਨੇ ਪਰਮੇਸ਼ੁਰ ਦਾ ਕਹਿਣਾ ਮੰਨਣਾ ਛੱਡ ਦਿੱਤਾ।
ਸ਼ਾਊਲ ਨੇ ਕਿਹੜੇ ਗ਼ਲਤ ਕੰਮ ਕੀਤੇ? ਕੀ ਉਹ ਇਹ ਕੰਮ ਕਰਨ ਤੋਂ ਬਚ ਸਕਦਾ ਸੀ? ਉਸ ਦੀ ਮਿਸਾਲ ਉੱਤੇ ਗੌਰ ਕਰਨ ਨਾਲ ਸਾਨੂੰ ਕੀ ਲਾਭ ਹੋ ਸਕਦਾ ਹੈ?
ਯਹੋਵਾਹ ਨੇ ਆਪਣੇ ਚੁਣੇ ਰਾਜੇ ਦੀ ਪਛਾਣ ਕਰਾਈ
ਸ਼ਾਊਲ ਦੇ ਰਾਜਾ ਬਣਨ ਤੋਂ ਪਹਿਲਾਂ ਸਮੂਏਲ ਨਬੀ ਇਸਰਾਏਲ ਵਿਚ ਪਰਮੇਸ਼ੁਰ ਦੇ ਪ੍ਰਤਿਨਿਧ ਵਜੋਂ ਸੇਵਾ ਕਰ ਰਿਹਾ ਸੀ। ਸਮੂਏਲ ਹੁਣ ਬੁੱਢਾ ਹੋ ਚੁੱਕਾ ਸੀ ਅਤੇ ਉਸ ਦੇ ਪੁੱਤਰ ਅਣਆਗਿਆਕਾਰ ਸਨ। ਇਸੇ ਸਮੇਂ ਦੁਸ਼ਮਣ ਇਸ ਕੌਮ ਨੂੰ ਡਰਾ-ਧਮਕਾ ਰਹੇ ਸਨ। ਜਦੋਂ ਇਸਰਾਏਲ ਦੇ ਬਜ਼ੁਰਗਾਂ ਨੇ ਸਮੂਏਲ ਨੂੰ ਪੁੱਛਿਆ ਕਿ ਉਨ੍ਹਾਂ ਦਾ ਨਿਆਂ ਕਰਨ ਅਤੇ ਯੁੱਧ ਵਿਚ ਉਨ੍ਹਾਂ ਦੀ ਅਗਵਾਈ ਕਰਨ ਲਈ ਉਹ ਇਕ ਰਾਜਾ ਨਿਯੁਕਤ ਕਰੇ, ਤਾਂ ਯਹੋਵਾਹ ਨੇ ਸਮੂਏਲ ਨਬੀ ਨੂੰ ਨਿਰਦੇਸ਼ ਦਿੱਤਾ ਕਿ ਉਹ ਸ਼ਾਊਲ ਨੂੰ ਆਗੂ ਵਜੋਂ ਮਸਹ ਕਰੇ ਤਾਂਕਿ ‘ਉਹ ਮੇਰੀ ਪਰਜਾ ਨੂੰ ਫਲਿਸਤੀਆਂ ਦੇ ਹੱਥੋਂ ਛੁਡਾਵੇ।’—1 ਸਮੂ. 8:4-7, 20; 9:16.
ਸ਼ਾਊਲ “ਸੋਹਣਾ ਅਤੇ ਡਾਢਾ ਚੰਗਾ ਜੁਆਨ” ਸੀ। ਪਰ ਸ਼ਕਲ-ਸੂਰਤ ਤੋਂ ਇਲਾਵਾ ਉਸ ਵਿਚ ਹੋਰ ਵੀ ਗੁਣ ਸਨ। ਉਹ ਨਿਮਰ ਵੀ ਸੀ। ਮਿਸਾਲ ਲਈ, ਸ਼ਾਊਲ ਨੇ ਸਮੂਏਲ ਨੂੰ ਪੁੱਛਿਆ: “ਭਲਾ, ਮੈਂ ਬਿਨਯਾਮੀਨੀ ਨਹੀਂ ਜੋ ਇਸਰਾਏਲ ਦੇ ਸਭਨਾਂ ਗੋਤਾਂ ਵਿੱਚੋਂ ਛੋਟੇ ਗੋਤ ਦਾ ਹਾਂ ਅਤੇ ਮੇਰਾ ਟੱਬਰ ਬਿਨਯਾਮੀਨ ਦੇ ਗੋਤ ਦੇ ਸਾਰਿਆਂ ਟੱਬਰਾਂ ਵਿੱਚ ਸਭਨਾਂ ਨਾਲੋਂ ਬਹੁਤ ਛੋਟਾ ਨਹੀਂ? ਫੇਰ ਕੀ ਕਾਰਨ ਜੋ ਤੁਸੀਂ ਮੈਨੂੰ ਇਉਂ ਆਖਦੇ ਹੋ?” ਸ਼ਾਊਲ ਆਪਣੇ ਆਪ ਨੂੰ ਅਤੇ ਆਪਣੇ ਪਰਿਵਾਰ ਨੂੰ ਸਾਧਾਰਣ ਜਿਹੇ ਸਮਝਦਾ ਸੀ ਭਾਵੇਂ ਕਿ ਉਸ ਦਾ ਪਿਤਾ ਕੀਸ਼ ਬਹੁਤ ਅਮੀਰ ਆਦਮੀ ਸੀ।—1 ਸਮੂ. 9:1, 2, 21.
ਸ਼ਾਊਲ ਦੇ ਜਵਾਬ ਉੱਤੇ ਵੀ ਗੌਰ ਕਰੋ ਜਦੋਂ ਸਮੂਏਲ ਨੇ ਲੋਕਾਂ ਨੂੰ ਯਹੋਵਾਹ ਵੱਲੋਂ ਚੁਣੇ ਗਏ ਇਸਰਾਏਲ ਦੇ ਰਾਜੇ ਬਾਰੇ ਦੱਸਿਆ। ਸਮੂਏਲ ਨੇ ਸ਼ਾਊਲ ਨੂੰ ਪਹਿਲਾਂ ਇਕੱਲਿਆਂ ਵਿਚ ਮਸਹ ਕੀਤਾ ਅਤੇ ਉਸ ਨੂੰ ਕਿਹਾ: ‘ਤੂੰ ਜੋ ਵੀ ਕੰਮ ਕਰਨ ਲਈ ਚੁਣੇ, ਕਰ ਸਕਦਾ ਹੈਂ ਕਿਉਂਕਿ ਪਰਮੇਸ਼ੁਰ ਤੇਰੇ ਵੱਲ ਹੋਵੇਗਾ।’ (1 ਸਮੂ. 10:7, ERV) ਇਸ ਤੋਂ ਬਾਅਦ ਨਬੀ ਨੇ ਲੋਕਾਂ ਨੂੰ ਇਕੱਠਾ ਕਰ ਕੇ ਦੱਸਿਆ ਕਿ ਯਹੋਵਾਹ ਨੇ ਕਿਸ ਨੂੰ ਰਾਜਾ ਚੁਣਿਆ ਹੈ। ਪਰ ਸ਼ਾਊਲ ਦੀ ਪਛਾਣ ਹੋਣ ਤੋਂ ਬਾਅਦ ਉਹ ਕਿਧਰੇ ਨਜ਼ਰ ਨਹੀਂ ਆਇਆ। ਉਹ ਲੁਕਿਆ ਹੋਇਆ ਸੀ ਕਿਉਂਕਿ ਉਹ ਸ਼ਰਮਾਉਂਦਾ ਸੀ। ਯਹੋਵਾਹ ਨੇ ਦੱਸਿਆ ਕਿ ਉਹ ਕਿੱਥੇ ਲੁਕਿਆ ਹੋਇਆ ਸੀ ਅਤੇ ਉਸ ਨੂੰ ਰਾਜਾ ਐਲਾਨ ਕਰ ਦਿੱਤਾ ਗਿਆ।—1 ਸਮੂ. 10:20-24.
ਜੰਗ ਦੇ ਮੈਦਾਨ ਵਿਚ
ਸ਼ਾਊਲ ਨੇ ਜਲਦੀ ਹੀ ਉਸ ਹਰ ਸ਼ਖ਼ਸ ਨੂੰ ਗ਼ਲਤ ਸਾਬਤ ਕਰ ਦਿੱਤਾ ਜਿਸ ਨੇ ਵੀ ਉਸ ਦੀਆਂ ਯੋਗਤਾਵਾਂ ’ਤੇ ਸ਼ੱਕ ਕੀਤਾ ਹੋਵੇਗਾ। ਜਦੋਂ ਅੰਮੋਨੀਆਂ ਨੇ ਇਕ ਇਸਰਾਏਲੀ ਕਸਬੇ ਨੂੰ ਧਮਕਾਇਆ ਸੀ, ਤਾਂ ‘ਸ਼ਾਊਲ ਦੇ ਉੱਤੇ ਪਰਮੇਸ਼ੁਰ ਦੀ ਸ਼ਕਤੀ ਜ਼ੋਰ ਨਾਲ ਆਈ।’ ਉਸ ਨੇ ਹੁਕਮ ਦੇ ਕੇ ਕੌਮ ਦੇ ਯੋਧਿਆਂ ਨੂੰ ਬੁਲਾਇਆ, ਉਨ੍ਹਾਂ ਦੀਆਂ ਟੋਲੀਆਂ ਬਣਾਈਆਂ ਅਤੇ ਫਿਰ ਉਨ੍ਹਾਂ 1 ਸਮੂ. 11:1-13.
ਦੀ ਅਗਵਾਈ ਕਰ ਕੇ ਜਿੱਤ ਹਾਸਲ ਕੀਤੀ। ਪਰ ਸ਼ਾਊਲ ਨੇ ਇਸ ਜਿੱਤ ਦਾ ਸਿਹਰਾ ਪਰਮੇਸ਼ੁਰ ਨੂੰ ਦਿੰਦੇ ਹੋਏ ਕਿਹਾ: “ਅੱਜ ਦੇ ਦਿਨ ਯਹੋਵਾਹ ਨੇ ਇਸਰਾਏਲ ਦਾ ਛੁਟਕਾਰਾ ਕੀਤਾ ਹੈ।”—ਸ਼ਾਊਲ ਅੰਦਰ ਚੰਗੇ ਗੁਣ ਸਨ ਅਤੇ ਉਸ ਉੱਤੇ ਪਰਮੇਸ਼ੁਰ ਦੀ ਬਰਕਤ ਸੀ। ਉਸ ਨੇ ਇਹ ਵੀ ਦੇਖਿਆ ਕਿ ਯਹੋਵਾਹ ਵਿਚ ਕਿੰਨੀ ਤਾਕਤ ਹੈ। ਪਰ ਇਸਰਾਏਲੀਆਂ ਅਤੇ ਉਨ੍ਹਾਂ ਦੇ ਰਾਜੇ ਦੀ ਸਫ਼ਲਤਾ ਇਕ ਬਹੁਤ ਜ਼ਰੂਰੀ ਗੱਲ ਉੱਤੇ ਨਿਰਭਰ ਕਰਦੀ ਸੀ। ਸਮੂਏਲ ਨੇ ਇਸਰਾਏਲ ਦੇ ਲੋਕਾਂ ਨੂੰ ਕਿਹਾ: “ਜੇ ਤੁਸੀਂ ਯਹੋਵਾਹ ਕੋਲੋਂ ਡਰਦੇ ਰਹੋਗੇ ਅਤੇ ਉਹ ਦੀ ਉਪਾਸਨਾ ਕਰੋਗੇ ਅਤੇ ਉਹ ਦਾ ਬਚਨ ਮੰਨੋਗੇ ਅਤੇ ਯਹੋਵਾਹ ਦੀਆਂ ਆਗਿਆਂ ਦੇ ਵਿਰੁੱਧ ਨਾ ਕਰੋਗੇ ਤਾਂ ਤੁਸੀਂ ਅਤੇ ਜਿਹੜਾ ਪਾਤਸ਼ਾਹ ਤੁਹਾਡੇ ਉੱਤੇ ਰਾਜ ਕਰਦਾ ਹੈ ਯਹੋਵਾਹ ਆਪਣੇ ਪਰਮੇਸ਼ੁਰ ਦੇ ਮਗਰ ਚੱਲਦੇ ਜਾਓਗੇ।” ਇਸਰਾਏਲੀ ਕਿਹੜਾ ਭਰੋਸਾ ਰੱਖ ਸਕਦੇ ਸਨ ਜੇ ਉਹ ਪਰਮੇਸ਼ੁਰ ਦੇ ਵਫ਼ਾਦਾਰ ਰਹਿੰਦੇ? ਸਮੂਏਲ ਨੇ ਕਿਹਾ: “ਯਹੋਵਾਹ ਆਪਣੇ ਵੱਡੇ ਨਾਮ ਦੇ ਲਈ ਆਪਣੀ ਪਰਜਾ ਦਾ ਤਿਆਗ ਨਾ ਕਰੇਗਾ ਏਸ ਲਈ ਜੋ ਯਹੋਵਾਹ ਦੀ ਇੱਛਿਆ ਹੋਈ ਜੋ ਤੁਹਾਨੂੰ ਆਪਣੀ ਪਰਜਾ ਬਣਾਵੇ।”—1 ਸਮੂ. 12:14, 22.
ਪਰਮੇਸ਼ੁਰ ਦੀ ਮਿਹਰ ਪਾਉਣ ਲਈ ਆਗਿਆਕਾਰ ਰਹਿਣਾ ਬਹੁਤ ਜ਼ਰੂਰੀ ਸੀ ਤੇ ਹਾਲੇ ਵੀ ਹੈ। ਜਦੋਂ ਯਹੋਵਾਹ ਦੇ ਸੇਵਕ ਉਸ ਦੇ ਹੁਕਮਾਂ ਨੂੰ ਮੰਨਦੇ ਹਨ, ਤਾਂ ਉਹ ਉਨ੍ਹਾਂ ਨੂੰ ਬਰਕਤਾਂ ਦਿੰਦਾ ਹੈ। ਪਰ ਤਦ ਕੀ ਜਦ ਉਹ ਯਹੋਵਾਹ ਦੀ ਆਗਿਆ ਨਹੀਂ ਮੰਨਦੇ?
“ਤੈਂ ਮੂਰਖਤਾਈ ਕੀਤੀ ਹੈ”
ਸ਼ਾਊਲ ਨੇ ਫਲਿਸਤੀਆਂ ਖ਼ਿਲਾਫ਼ ਜੋ ਅਗਲਾ ਕਦਮ ਚੁੱਕਿਆ ਉਸ ਕਾਰਨ ਉਹ ਭੜਕ ਉੱਠੇ। ਫਲਿਸਤੀਆਂ ਦੀ ਫ਼ੌਜ “ਸਮੁੰਦਰ ਦੇ ਕੰਢੇ ਦੀ ਰੇਤ” ਵਾਂਗ ਸ਼ਾਊਲ ਦੇ ਖ਼ਿਲਾਫ਼ ਉੱਠ ਖੜ੍ਹੀ ਹੋਈ। “ਜਾਂ ਇਸਰਾਏਲੀਆਂ ਨੇ ਡਿੱਠਾ ਜੋ ਅਸੀਂ ਭੀੜ ਵਿੱਚ [ਫਸੇ] ਹਾਂ ਕਿਉਂ ਜੋ ਲੋਕ ਔਖੇ ਸਨ ਤਾਂ ਕੁੰਦਰਾਂ, ਝਾੜੀਆਂ, ਪੱਥਰਾਂ, ਗੜ੍ਹਾਂ ਅਤੇ ਟੋਇਆਂ ਵਿੱਚ ਜਾ ਲੁੱਕੇ।” (1 ਸਮੂ. 13:5, 6) ਸ਼ਾਊਲ ਕੀ ਕਰੇਗਾ?
ਸਮੂਏਲ ਨੇ ਸ਼ਾਊਲ ਨੂੰ ਗਿਲਗਾਲ ਵਿਚ ਬੁਲਾਇਆ ਜਿੱਥੇ ਨਬੀ ਨੇ ਬਲੀਆਂ ਚੜ੍ਹਾਉਣੀਆਂ ਸਨ। ਸ਼ਾਊਲ ਨੇ ਉਡੀਕ ਕੀਤੀ ਪਰ ਸਮੂਏਲ ਨੇ ਆਉਣ ਵਿਚ ਦੇਰ ਲਗਾ ਦਿੱਤੀ ਅਤੇ ਸ਼ਾਊਲ ਦੀ ਫ਼ੌਜ ਖਿੰਡ-ਪੁੰਡ ਰਹੀ ਸੀ। ਇਸ ਲਈ ਸ਼ਾਊਲ ਆਪ ਹੀ ਬਲੀਆਂ ਚੜ੍ਹਾਉਣ ਲੱਗ ਪਿਆ। ਜਿਉਂ ਹੀ ਉਹ ਬਲੀਆਂ ਚੜ੍ਹਾ ਚੁੱਕਿਆ ਸਮੂਏਲ ਆ ਗਿਆ। ਸ਼ਾਊਲ ਨੇ ਜੋ ਕੀਤਾ ਉਸ ਬਾਰੇ ਸੁਣਨ ਤੋਂ ਬਾਅਦ ਸਮੂਏਲ ਨੇ ਉਸ ਨੂੰ ਕਿਹਾ: “ਤੈਂ ਮੂਰਖਤਾਈ ਕੀਤੀ ਹੈ ਕਿਉਂ ਜੋ ਤੈਂ ਯਹੋਵਾਹ ਆਪਣੇ ਪਰਮੇਸ਼ੁਰ ਦੀ ਆਗਿਆ ਦੀ ਰਾਖੀ ਨਹੀਂ ਕੀਤੀ ਜੋ ਉਸ ਨੇ ਤੈਨੂੰ ਦਿੱਤੀ ਸੀ, ਨਹੀਂ ਤਾਂ ਯਹੋਵਾਹ ਹੁਣ ਤੋਂ ਸਦੀਪਕ ਤੋੜੀ ਤੇਰਾ ਰਾਜ ਇਸਰਾਏਲ ਵਿੱਚ ਠਹਿਰਾ ਦਿੰਦਾ। ਪਰ ਹੁਣ ਤਾਂ ਤੇਰਾ ਰਾਜ ਨਾ ਠਹਿਰੇਗਾ ਕਿਉਂ ਜੋ ਯਹੋਵਾਹ ਨੇ ਇੱਕ ਆਪਣੇ ਮਨ ਦੇ ਅਨੁਸਾਰੀ ਮਨੁੱਖ ਨੂੰ ਭਾਲਿਆ ਅਤੇ ਯਹੋਵਾਹ ਨੇ ਆਪਣੇ ਲੋਕਾਂ ਦੇ ਪਰਧਾਨ ਬਣਨ ਲਈ ਉਹ ਨੂੰ ਆਗਿਆ ਕੀਤੀ ਕਿਉਂ ਜੋ ਤੈਂ ਯਹੋਵਾਹ ਦੀ ਆਗਿਆ ਨੂੰ ਜੋ ਉਸ ਨੇ ਤੈਨੂੰ ਦਿੱਤੀ ਸੀ ਨਹੀਂ ਮੰਨਿਆ।”—1 ਸਮੂ. 10:8; 13:8, 13, 14.
ਨਿਹਚਾ ਦੀ ਘਾਟ ਕਾਰਨ ਸ਼ਾਊਲ ਨੇ ਗੁਸਤਾਖ਼ੀ ਨਾਲ ਪਰਮੇਸ਼ੁਰ ਦੇ ਇਸ ਹੁਕਮ ਦੀ ਉਲੰਘਣਾ ਕੀਤੀ ਕਿ ਉਹ ਬਲੀਆਂ ਚੜ੍ਹਾਉਣ ਲਈ ਸਮੂਏਲ ਦੀ ਉਡੀਕ ਕਰੇ। ਸ਼ਾਊਲ ਦਾ ਰਵੱਈਆ ਗਿਦਾਊਨ ਤੋਂ ਕਿੰਨਾ ਵੱਖਰਾ ਸੀ ਜੋ ਪਹਿਲਾਂ ਇਸਰਾਏਲੀ ਫ਼ੌਜ ਦਾ ਸੈਨਾਪਤੀ ਹੁੰਦਾ ਸੀ! ਯਹੋਵਾਹ ਨੇ ਗਿਦਾਊਨ ਨੂੰ ਨਿਰਦੇਸ਼ ਦਿੱਤਾ ਕਿ ਉਹ ਆਪਣੀ ਫ਼ੌਜ 32,000 ਤੋਂ ਘਟਾ ਕੇ 300 ਕਰ ਲਵੇ ਅਤੇ ਗਿਦਾਊਨ ਨੇ ਇਸੇ ਤਰ੍ਹਾਂ ਕੀਤਾ। ਕਿਉਂ? ਕਿਉਂਕਿ ਉਸ ਨੂੰ ਯਹੋਵਾਹ ਉੱਤੇ ਵਿਸ਼ਵਾਸ ਸੀ। ਪਰਮੇਸ਼ੁਰ ਦੀ ਮਦਦ ਨਾਲ ਉਸ ਨੇ 1,35,000 ਹਮਲਾਵਰਾਂ ਨੂੰ ਹਰਾ ਦਿੱਤਾ। (ਨਿਆ. 7:1-7, 17-22; 8:10) ਯਹੋਵਾਹ ਸ਼ਾਊਲ ਦੀ ਵੀ ਮਦਦ ਕਰ ਸਕਦਾ ਸੀ। ਪਰ ਸ਼ਾਊਲ ਦੀ ਅਣਆਗਿਆਕਾਰੀ ਕਰਕੇ ਫਲਿਸਤੀਆਂ ਨੇ ਇਸਰਾਏਲ ਨੂੰ ਲੁੱਟ ਲਿਆ।—1 ਸਮੂ. 13:17, 18.
ਮੁਸ਼ਕਲਾਂ ਖੜ੍ਹੀਆਂ ਹੋਣ ਤੇ ਅਸੀਂ ਕਿਵੇਂ ਫ਼ੈਸਲੇ ਕਰਦੇ ਹਾਂ? ਨਿਹਚਾ ਦੀ ਘਾਟ ਵਾਲਿਆਂ ਦੇ ਨਜ਼ਰੀਏ ਤੋਂ ਸ਼ਾਇਦ ਜਾਪੇ ਕਿ ਪਰਮੇਸ਼ੁਰ ਦੇ ਅਸੂਲਾਂ ਨੂੰ ਨਜ਼ਰਅੰਦਾਜ਼ ਕਰਨਾ ਸਹੀ ਹੈ। ਸਮੂਏਲ ਦੀ ਗ਼ੈਰ-ਹਾਜ਼ਰੀ ਵਿਚ ਸ਼ਾਊਲ ਨੇ ਸ਼ਾਇਦ ਸੋਚਿਆ ਹੋਣਾ ਕਿ ਜੋ ਉਸ ਨੇ ਕੀਤਾ ਉਹ ਸਹੀ ਸੀ। ਜਿਹੜੇ ਪਰਮੇਸ਼ੁਰ ਦੀ ਮਿਹਰ ਪਾਉਣੀ ਚਾਹੁੰਦੇ ਹਨ, ਉਨ੍ਹਾਂ ਨੂੰ ਫ਼ੈਸਲੇ ਕਰਦੇ ਸਮੇਂ ਬਾਈਬਲ ਦੇ ਸਿਧਾਂਤਾਂ ਨੂੰ ਲਾਗੂ ਕਰਨਾ ਚਾਹੀਦਾ ਹੈ ਕਿਉਂਕਿ ਇਸ ਤਰ੍ਹਾਂ ਕਰਨਾ ਹੀ ਸਹੀ ਹੈ।
ਯਹੋਵਾਹ ਨੇ ਸ਼ਾਊਲ ਨੂੰ ਰੱਦ ਕਰ ਦਿੱਤਾ
ਅਮਾਲੇਕੀਆਂ ਨਾਲ ਯੁੱਧ ਦੌਰਾਨ ਸ਼ਾਊਲ ਨੇ ਇਕ ਹੋਰ ਗੰਭੀਰ ਗ਼ਲਤੀ ਕੀਤੀ। ਪਰਮੇਸ਼ੁਰ ਨੇ ਅਮਾਲੇਕੀਆਂ ਦੀ ਨਿੰਦਿਆ ਕੀਤੀ ਕਿਉਂਕਿ ਉਨ੍ਹਾਂ ਨੇ ਬਿਨਾਂ ਵਜ੍ਹਾ ਇਸਰਾਏਲੀਆਂ ਉੱਤੇ ਹਮਲਾ ਕੀਤਾ ਜਦੋਂ ਉਹ ਮਿਸਰ ਤੋਂ ਨਿਕਲ ਆਏ ਸਨ। (ਕੂਚ 17:8; ਬਿਵ. 25:17, 18) ਇਸ ਤੋਂ ਇਲਾਵਾ, ਨਿਆਈਆਂ ਦੇ ਸਮੇਂ ਦੌਰਾਨ ਅਮਾਲੇਕੀਆਂ ਨੇ ਹੋਰਨਾਂ ਨਾਲ ਮਿਲ ਕੇ ਪਰਮੇਸ਼ੁਰ ਦੇ ਲੋਕਾਂ ਉੱਤੇ ਦੁਬਾਰਾ ਹਮਲਾ ਕੀਤਾ। (ਨਿਆ. 3:12, 13; 6:1-3, 33) ਸੋ ਯਹੋਵਾਹ ਨੇ ਅਮਾਲੇਕੀਆਂ ਤੋਂ ਲੇਖਾ ਲੈਣ ਲਈ ਸ਼ਾਊਲ ਨੂੰ ਹੁਕਮ ਦਿੱਤਾ ਕਿ ਉਹ ਉਨ੍ਹਾਂ ਨੂੰ ਸਜ਼ਾ ਦੇਵੇ।—1 ਸਮੂ. 15:1-3.
ਯਹੋਵਾਹ ਨੇ ਸ਼ਾਊਲ ਨੂੰ ਹੁਕਮ ਦਿੱਤਾ ਸੀ ਕਿ ਉਹ ਦੁਸ਼ਮਣ ਅਮਾਲੇਕੀਆਂ ਅਤੇ ਉਨ੍ਹਾਂ ਦੀਆਂ ਚੀਜ਼ਾਂ ਦਾ ਨਾਸ਼ ਕਰ ਦੇਵੇ। ਪਰ ਸ਼ਾਊਲ ਨੇ ਇਹ ਹੁਕਮ ਮੰਨਣ ਦੀ ਬਜਾਇ ਅਮਾਲੇਕੀਆਂ ਦੇ ਰਾਜੇ ਨੂੰ ਫੜ ਲਿਆ ਅਤੇ ਵਧੀਆ-ਵਧੀਆ ਜਾਨਵਰਾਂ ਨੂੰ ਬਚਾ ਲਿਆ। ਜਦੋਂ ਸਮੂਏਲ ਨੇ ਸ਼ਾਊਲ ਨੂੰ ਇਸ ਬਾਰੇ ਪੁੱਛਿਆ, ਤਾਂ ਉਦੋਂ ਕੀ ਹੋਇਆ? ਸ਼ਾਊਲ ਨੇ ਦੂਜਿਆਂ ਉੱਤੇ ਦੋਸ਼ ਮੜ੍ਹਨ ਦੀ ਕੋਸ਼ਿਸ਼ ਕਰਦੇ ਹੋਏ ਕਿਹਾ: “ਲੋਕਾਂ ਨੇ ਚੰਗੀਆਂ ਚੰਗੀਆਂ ਭੇਡਾਂ ਅਤੇ ਬਲਦਾਂ ਨੂੰ ਜੀਉਂਦਿਆਂ ਰੱਖਿਆ ਭਈ ਉਨ੍ਹਾਂ ਨੂੰ ਯਹੋਵਾਹ ਤੇਰੇ ਪਰਮੇਸ਼ੁਰ ਦੇ ਅੱਗੇ ਬਲੀ ਚੜ੍ਹਾਉਣ।” ਸ਼ਾਊਲ ਅਸਲ ਵਿਚ ਇਨ੍ਹਾਂ ਜਾਨਵਰਾਂ ਦੀਆਂ ਬਲੀਆਂ ਚੜ੍ਹਾਉਣੀਆਂ ਚਾਹੁੰਦਾ ਸੀ ਜਾਂ ਨਹੀਂ, ਪਰ ਉਸ ਨੇ ਅਣਆਗਿਆਕਾਰੀ ਕੀਤੀ ਸੀ। ਸ਼ਾਊਲ ਹੁਣ “ਆਪਣੀ ਨਜ਼ਰ ਵਿੱਚ ਤੁੱਛ” ਨਹੀਂ ਸੀ। ਇਸ ਲਈ ਪਰਮੇਸ਼ੁਰ ਦੇ ਨਬੀ ਨੇ ਸ਼ਾਊਲ ਨੂੰ ਕਿਹਾ ਕਿ ਉਸ ਨੇ ਪਰਮੇਸ਼ੁਰ ਦਾ ਕਹਿਣਾ ਨਹੀਂ ਮੰਨਿਆ ਸੀ। ਫਿਰ ਸਮੂਏਲ ਨੇ ਕਿਹਾ: “ਭਲਾ, ਯਹੋਵਾਹ ਹੋਮ ਦੀਆਂ ਭੇਟਾਂ ਅਤੇ ਬਲੀਆਂ ਨਾਲ ਪਰਸੰਨ ਹੁੰਦਾ ਹੈ, ਯਾ ਇਸ ਗੱਲ ਉੱਤੇ ਜੋ ਉਹ ਦੀ ਅਵਾਜ਼ ਸੁਣੀ ਜਾਵੇ? ਵੇਖ, ਮੰਨਣਾ ਭੇਟਾਂ ਚੜ੍ਹਾਉਣ ਨਾਲੋਂ . . . ਚੰਗਾ ਹੈ, ਸੋ ਜਿਹਾ ਤੈਂ ਯਹੋਵਾਹ ਦੇ ਬਚਨ ਨੂੰ ਰੱਦਿਆ ਹੈ, ਤਿਹਾ ਹੀ ਉਸ ਨੇ ਪਾਤਸ਼ਾਹ ਰਹਿਣ ਤੋਂ ਤੈਨੂੰ ਰੱਦਿਆ ਹੈ।”—1 ਸਮੂ. 15:15, 17, 22, 23.
ਜਦੋਂ ਯਹੋਵਾਹ ਨੇ ਸ਼ਾਊਲ ਉੱਤੋਂ ਆਪਣੀ ਪਵਿੱਤਰ ਸ਼ਕਤੀ ਅਤੇ ਬਰਕਤ ਹਟਾ ਲਈ, ਉਦੋਂ “ਇੱਕ ਦੁਸ਼ਟ ਆਤਮਾ” ਇਸਰਾਏਲ ਦੇ ਇਸ ਪਹਿਲੇ ਰਾਜੇ ਨੂੰ ਅਕਾਉਣ ਲੱਗਾ। ਸ਼ਾਊਲ ਇਸ ਕਦਰ ਗਿਰ ਗਿਆ ਕਿ ਉਹ ਦਾਊਦ ਉੱਤੇ ਸ਼ੱਕ ਕਰਨ ਲੱਗ ਪਿਆ ਅਤੇ ਉਸ ਨਾਲ ਈਰਖਾ ਕਰਨ ਲੱਗਾ ਜਿਸ ਨੂੰ ਯਹੋਵਾਹ ਨੇ ਬਾਅਦ ਵਿਚ ਰਾਜਾ ਬਣਾਉਣਾ ਸੀ। ਸ਼ਾਊਲ ਨੇ ਦਾਊਦ ਨੂੰ ਕਈ ਵਾਰ ਮਾਰਨ ਦੀ ਕੋਸ਼ਿਸ਼ ਕੀਤੀ। ਬਾਈਬਲ ਦੱਸਦੀ ਹੈ ਕਿ ਸ਼ਾਊਲ ਇਹ ਦੇਖ ਕੇ ਕਿ ‘ਯਹੋਵਾਹ ਦਾਊਦ ਦੇ ਸੰਗ ਹੈ, ਸ਼ਾਊਲ ਦਾਊਦ ਦਾ ਸਦਾ ਦਾ ਵੈਰੀ ਬਣ ਗਿਆ।’ ਸ਼ਾਊਲ ਨੇ ਉਸ ਨੂੰ ਥਾਂ-ਥਾਂ ਲੱਭਣ ਦੀ ਕੋਸ਼ਿਸ਼ ਕੀਤੀ, ਇੱਥੋਂ ਤਕ ਕਿ ਉਸ ਨੇ 85 ਜਾਜਕਾਂ ਅਤੇ ਹੋਰਨਾਂ ਨੂੰ ਮਾਰਨ ਦਾ ਹੁਕਮ ਦਿੱਤਾ। ਇਸ ਲਈ ਹੈਰਾਨੀ ਦੀ ਗੱਲ ਨਹੀਂ ਕਿ ਯਹੋਵਾਹ ਨੇ ਸ਼ਾਊਲ ਨੂੰ ਰੱਦ ਕਰ ਦਿੱਤਾ ਸੀ!—1 ਸਮੂ. 16:14; 18:11, 25, 28, 29; 19:10, 11; 20:32, 33; 22:16-19.
ਜਦੋਂ ਫਲਿਸਤੀਆਂ ਨੇ ਇਸਰਾਏਲ ਉੱਤੇ ਦੁਬਾਰਾ ਹਮਲਾ ਕੀਤਾ, ਉਦੋਂ ਸ਼ਾਊਲ ਨੇ ਭੂਤਾਂ ਦੀ ਮਦਦ ਲਈ ਜੋ ਕਿ ਫਜ਼ੂਲ ਸੀ। ਅਗਲੇ ਦਿਨ ਉਹ ਬੁਰੀ ਤਰ੍ਹਾਂ ਲੜਾਈ ਵਿਚ ਜ਼ਖ਼ਮੀ ਹੋ ਗਿਆ ਅਤੇ ਉਸ ਨੇ ਆਤਮ-ਹੱਤਿਆ ਕਰ ਲਈ। (1 ਸਮੂ. 28:4-8; 31:3, 4) ਇਸਰਾਏਲ ਦੇ ਇਸ ਪਹਿਲੇ ਰਾਜੇ ਦੀ ਅਣਆਗਿਆਕਾਰੀ ਬਾਰੇ ਬਾਈਬਲ ਦੱਸਦੀ ਹੈ: “ਸ਼ਾਊਲ ਆਪਣੇ ਅਪਰਾਧ ਦੇ ਕਾਰਨ ਜਿਹੜਾ ਉਸ ਨੇ ਯਹੋਵਾਹ ਦੇ ਵਿਰੁੱਧ ਕੀਤਾ ਸੀ ਮਰ ਗਿਆ ਅਰਥਾਤ ਯਹੋਵਾਹ ਦੀ ਬਾਣੀ ਦੇ ਕਾਰਨ ਜਿਹੜੀ ਉਸ ਨੇ ਨਾ ਮੰਨੀ ਅਰ ਇਸ ਲਈ ਵੀ ਜੋ ਉਸ ਨੇ ਇੱਕ ਭੂਤ ਮਿੱਤ੍ਰ ਤੋਂ ਸਲਾਹ ਮਸ਼ਵਰਾ ਪੁੱਛਿਆ ਸੀ। ਪਰ ਯਹੋਵਾਹ ਤੋਂ ਨਾ ਪੁੱਛਿਆ।”—1 ਇਤ. 10:13, 14.
ਸ਼ਾਊਲ ਦੀ ਬੁਰੀ ਉਦਾਹਰਣ ਤੋਂ ਸਾਫ਼-ਸਾਫ਼ ਪਤਾ ਲੱਗਦਾ ਹੈ ਕਿ ਕੋਈ ਵੀ ਭੇਂਟ ਚੜ੍ਹਾਉਣ ਨਾਲੋਂ ਯਹੋਵਾਹ ਦਾ ਕਹਿਣਾ ਮੰਨਣਾ ਚੰਗਾ ਹੈ। ਯੂਹੰਨਾ ਰਸੂਲ ਨੇ ਲਿਖਿਆ: “ਕਿਉਂ ਜੋ ਪਰਮੇਸ਼ੁਰ ਦਾ ਪ੍ਰੇਮ ਇਹ ਹੈ ਭਈ ਅਸੀਂ ਉਹ ਦੇ ਹੁਕਮਾਂ ਦੀ ਪਾਲਨਾ ਕਰੀਏ, ਅਤੇ ਉਹ ਦੇ ਹੁਕਮ ਔਖੇ ਨਹੀਂ ਹਨ।” (1 ਯੂਹੰ. 5:3) ਆਓ ਆਪਾਂ ਕਦੀ ਵੀ ਇਸ ਬੁਨਿਆਦੀ ਸੱਚਾਈ ਨੂੰ ਅਣਗੌਲਿਆਂ ਨਾ ਕਰੀਏ: ਅਸੀਂ ਹਮੇਸ਼ਾ ਲਈ ਪਰਮੇਸ਼ੁਰ ਦੇ ਦੋਸਤ ਤਾਂ ਹੀ ਬਣ ਸਕਦੇ ਹਾਂ ਜੇ ਅਸੀਂ ਉਸ ਦੇ ਆਗਿਆਕਾਰ ਰਹਾਂਗੇ।
[ਸਫ਼ਾ 21 ਉੱਤੇ ਤਸਵੀਰ]
ਸ਼ਾਊਲ ਨੇ ਇਕ ਨਿਮਰ ਆਗੂ ਵਜੋਂ ਸ਼ੁਰੂਆਤ ਕੀਤੀ
[ਸਫ਼ਾ 23 ਉੱਤੇ ਤਸਵੀਰ]
ਸਮੂਏਲ ਨੇ ਸ਼ਾਊਲ ਨੂੰ ਕਿਉਂ ਕਿਹਾ ਕਿ ‘ਭੇਟਾਂ ਚੜ੍ਹਾਉਣ ਨਾਲੋਂ ਮੰਨਣਾ ਚੰਗਾ ਹੈ’?