Skip to content

Skip to table of contents

ਸ੍ਰਿਸ਼ਟੀ ਤੋਂ ਪਵਿੱਤਰ ਸ਼ਕਤੀ ਦਾ ਸਬੂਤ!

ਸ੍ਰਿਸ਼ਟੀ ਤੋਂ ਪਵਿੱਤਰ ਸ਼ਕਤੀ ਦਾ ਸਬੂਤ!

ਸ੍ਰਿਸ਼ਟੀ ਤੋਂ ਪਵਿੱਤਰ ਸ਼ਕਤੀ ਦਾ ਸਬੂਤ!

“ਯਹੋਵਾਹ ਦੇ ਸ਼ਬਦ ਨਾਲ ਅਕਾਸ਼ ਬਣਾਏ ਗਏ, ਅਤੇ ਉਨ੍ਹਾਂ ਦੀ ਸਾਰੀ ਵੱਸੋਂ ਉਹ ਦੇ ਮੂੰਹ ਦੇ ਸਵਾਸ ਨਾਲ।”—ਜ਼ਬੂ. 33:6.

1, 2. (ੳ) ਸਮੇਂ ਦੇ ਬੀਤਣ ਨਾਲ ਬ੍ਰਹਿਮੰਡ ਅਤੇ ਧਰਤੀ ਬਾਰੇ ਇਨਸਾਨ ਦਾ ਗਿਆਨ ਕਿਵੇਂ ਵਧਿਆ ਹੈ? (ਅ) ਕਿਸ ਸਵਾਲ ਦਾ ਜਵਾਬ ਜਾਣਨ ਦੀ ਲੋੜ ਹੈ?

ਐਲਬਰਟ ਆਇਨਸਟਾਈਨ ਨੇ 1905 ਵਿਚ ਸਾਪੇਖਤਾ ਦੇ ਸਿਧਾਂਤ ਬਾਰੇ ਆਪਣੀ ਖ਼ਾਸ ਥਿਊਰੀ ਛਾਪੀ। ਉਹ ਅਤੇ ਹੋਰ ਕਈ ਵਿਗਿਆਨੀ ਮੰਨਦੇ ਸਨ ਕਿ ਬ੍ਰਹਿਮੰਡ ਸਿਰਫ਼ ਇਕ ਗਲੈਕਸੀ ਯਾਨੀ ਸਾਡੀ ਆਕਾਸ਼ ਗੰਗਾ ਦਾ ਬਣਿਆ ਹੋਇਆ ਹੈ। ਉਨ੍ਹਾਂ ਨੇ ਬ੍ਰਹਿਮੰਡ ਦੇ ਆਕਾਰ ਦਾ ਕਿੰਨਾ ਘੱਟ ਅੰਦਾਜ਼ਾ ਲਾਇਆ! ਹੁਣ ਮੰਨਿਆ ਜਾਂਦਾ ਹੈ ਕਿ ਬ੍ਰਹਿਮੰਡ ਵਿਚ 100 ਅਰਬ ਤੋਂ ਵੱਧ ਗਲੈਕਸੀਆਂ ਹਨ। ਕੁਝ ਗਲੈਕਸੀਆਂ ਵਿਚ ਤਾਂ ਅਰਬਾਂ ਹੀ ਤਾਰੇ ਹਨ। ਵਧੀਆ ਤੋਂ ਵਧੀਆ ਟੈਲੀਸਕੋਪਾਂ ਦੀ ਮਦਦ ਨਾਲ ਧਰਤੀ ਉੱਤੋਂ ਦੇਖਣ ਜਾਂ ਉਨ੍ਹਾਂ ਨੂੰ ਪੁਲਾੜ ਵਿਚ ਭੇਜਣ ਨਾਲ ਹੋਰ ਜ਼ਿਆਦਾ ਗਲੈਕਸੀਆਂ ਦਾ ਪਤਾ ਲੱਗ ਰਿਹਾ ਹੈ।

2 ਜਿਸ ਤਰ੍ਹਾਂ 1905 ਵਿਚ ਲੋਕਾਂ ਨੂੰ ਬ੍ਰਹਿਮੰਡ ਬਾਰੇ ਵਿਗਿਆਨਕ ਜਾਣਕਾਰੀ ਘੱਟ ਸੀ, ਉਸੇ ਤਰ੍ਹਾਂ ਧਰਤੀ ਬਾਰੇ ਵੀ ਉਨ੍ਹਾਂ ਦੀ ਜਾਣਕਾਰੀ ਸੀਮਿਤ ਸੀ। ਇਹ ਸੱਚ ਹੈ ਕਿ ਉਸ ਸਦੀ ਦੇ ਲੋਕ ਆਪਣੇ ਦਾਦੇ-ਪੜਦਾਦਿਆਂ ਨਾਲੋਂ ਜ਼ਿਆਦਾ ਜਾਣਦੇ ਸਨ। ਪਰ ਅੱਜ ਲੋਕ ਉਸ ਸਮੇਂ ਨਾਲੋਂ ਕਿਤੇ ਹੀ ਜ਼ਿਆਦਾ ਧਰਤੀ ਉਤਲੇ ਜੀਵਨ ਦੀ ਸੁੰਦਰਤਾ, ਜਟਿਲਤਾ ਅਤੇ ਜੀਵਨ ਨੂੰ ਬਰਕਰਾਰ ਰੱਖਣ ਵਾਲੀਆਂ ਕ੍ਰਿਆਵਾਂ ਨੂੰ ਸਮਝਦੇ ਹਨ। ਕੋਈ ਸ਼ੱਕ ਨਹੀਂ ਕਿ ਅਸੀਂ ਆਉਣ ਵਾਲੇ ਸਾਲਾਂ ਵਿਚ ਧਰਤੀ ਅਤੇ ਬ੍ਰਹਿਮੰਡ ਬਾਰੇ ਹੋਰ ਵੀ ਬਹੁਤ ਕੁਝ ਸਿੱਖਾਂਗੇ। ਪਰ ਚੰਗਾ ਹੋਵੇਗਾ ਕਿ ਅਸੀਂ ਇਹ ਸਵਾਲ ਪੁੱਛੀਏ, ਇਸ ਸਭ ਦੀ ਸ਼ੁਰੂਆਤ ਕਿਵੇਂ ਹੋਈ? ਇਸ ਸਵਾਲ ਦਾ ਜਵਾਬ ਸਾਨੂੰ ਸਿਰਫ਼ ਬਾਈਬਲ ਤੋਂ ਹੀ ਮਿਲ ਸਕਦਾ ਹੈ ਕਿਉਂਕਿ ਸ੍ਰਿਸ਼ਟੀਕਰਤਾ ਨੇ ਇਸ ਵਿਚ ਜਵਾਬ ਦਿੱਤਾ ਹੈ।

ਸ੍ਰਿਸ਼ਟੀ ਇਕ ਚਮਤਕਾਰ

3, 4. ਪਰਮੇਸ਼ੁਰ ਨੇ ਬ੍ਰਹਿਮੰਡ ਕਿਵੇਂ ਬਣਾਇਆ ਅਤੇ ਉਸ ਦੇ ਕੰਮ ਉਸ ਦੀ ਵਡਿਆਈ ਕਿਵੇਂ ਕਰਦੇ ਹਨ?

3 ਬ੍ਰਹਿਮੰਡ ਕਿਵੇਂ ਬਣਿਆ, ਇਸ ਬਾਰੇ ਬਾਈਬਲ ਦੇ ਆਰੰਭਕ ਸ਼ਬਦਾਂ ਵਿਚ ਸਮਝਾਇਆ ਹੈ: “ਆਦ ਵਿੱਚ ਪਰਮੇਸ਼ੁਰ ਨੇ ਅਕਾਸ਼ ਤੇ ਧਰਤੀ ਨੂੰ ਉਤਪਤ ਕੀਤਾ।” (ਉਤ. 1:1) ਸ਼ੁਰੂ ਵਿਚ ਕੁਝ ਵੀ ਨਹੀਂ ਸੀ। ਯਹੋਵਾਹ ਨੇ ਆਪਣੀ ਪਵਿੱਤਰ ਸ਼ਕਤੀ ਨਾਲ ਆਕਾਸ਼, ਧਰਤੀ ਅਤੇ ਇਨ੍ਹਾਂ ਵਿਚਲੀਆਂ ਚੀਜ਼ਾਂ ਬਣਾਈਆਂ ਸਨ। ਇਕ ਕਾਰੀਗਰ ਆਪਣੇ ਹੱਥਾਂ ਅਤੇ ਸੰਦਾਂ ਨਾਲ ਚੀਜ਼ਾਂ ਬਣਾਉਂਦਾ ਹੈ, ਪਰ ਪਰਮੇਸ਼ੁਰ ਆਪਣੀ ਪਵਿੱਤਰ ਸ਼ਕਤੀ ਨਾਲ ਵੱਡੇ-ਵੱਡੇ ਕੰਮ ਪੂਰੇ ਕਰਦਾ ਹੈ।

4 ਬਾਈਬਲ ਪਵਿੱਤਰ ਸ਼ਕਤੀ ਨੂੰ ਪਰਮੇਸ਼ੁਰ ਦੀ “ਉਂਗਲ” ਕਹਿੰਦੀ ਹੈ। (ਲੂਕਾ 11:20; ਮੱਤੀ 12:28) “ਉਸ ਦੀ ਦਸਤਕਾਰੀ” ਯਾਨੀ ਯਹੋਵਾਹ ਨੇ ਆਪਣੀ ਪਵਿੱਤਰ ਸ਼ਕਤੀ ਨਾਲ ਜੋ ਵੀ ਬਣਾਇਆ ਹੈ, ਉਸ ਨਾਲ ਉਸ ਦੀ ਬਹੁਤ ਵਡਿਆਈ ਹੁੰਦੀ ਹੈ। ਜ਼ਬੂਰਾਂ ਦੇ ਲਿਖਾਰੀ ਦਾਊਦ ਨੇ ਗਾਇਆ: “ਅਕਾਸ਼ ਪਰਮੇਸ਼ੁਰ ਦੀ ਮਹਿਮਾ ਦਾ ਵਰਨਣ ਕਰਦੇ ਹਨ, ਅਤੇ ਅੰਬਰ ਉਸ ਦੀ ਦਸਤਕਾਰੀ ਵਿਖਾਲਦਾ ਹੈ।” (ਜ਼ਬੂ. 19:1) ਵਾਕਈ, ਸ੍ਰਿਸ਼ਟੀ ਤੋਂ ਸਬੂਤ ਮਿਲਦਾ ਹੈ ਕਿ ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਕਿੰਨੀ ਜ਼ਬਰਦਸਤ ਤਾਕਤ ਹੈ। (ਰੋਮੀ. 1:20) ਸ੍ਰਿਸ਼ਟੀ ਇਹ ਸਬੂਤ ਕਿਵੇਂ ਦਿੰਦੀ ਹੈ?

ਪਰਮੇਸ਼ੁਰ ਦੀ ਅਸੀਮ ਤਾਕਤ

5. ਉਦਾਹਰਣ ਦੇ ਕੇ ਸਮਝਾਓ ਕਿ ਯਹੋਵਾਹ ਦੀ ਪਵਿੱਤਰ ਸ਼ਕਤੀ ਕੀ ਕੁਝ ਸ੍ਰਿਸ਼ਟ ਕਰਨ ਦੀ ਤਾਕਤ ਰੱਖਦੀ ਹੈ।

5 ਸਾਡਾ ਵਿਸ਼ਾਲ ਬ੍ਰਹਿਮੰਡ ਇਸ ਗੱਲ ਦਾ ਸਬੂਤ ਹੈ ਕਿ ਯਹੋਵਾਹ ਵਿਚ ਇੰਨੀ ਸ਼ਕਤੀ ਅਤੇ ਬਲ ਹੈ ਕਿ ਇਹ ਕਦੇ ਨਹੀਂ ਘਟੇਗਾ। (ਯਸਾਯਾਹ 40:26 ਪੜ੍ਹੋ।) ਆਧੁਨਿਕ ਵਿਗਿਆਨ ਨੇ ਸਾਬਤ ਕਰ ਦਿੱਤਾ ਹੈ ਕਿ ਪਦਾਰਥ ਨੂੰ ਊਰਜਾ ਵਿਚ ਅਤੇ ਊਰਜਾ ਨੂੰ ਪਦਾਰਥ ਵਿਚ ਬਦਲਿਆ ਜਾ ਸਕਦਾ ਹੈ। ਇਸ ਦੀ ਇਕ ਮਿਸਾਲ ਹੈ ਸਾਡਾ ਸੂਰਜ ਜੋ ਪਦਾਰਥ ਨੂੰ ਊਰਜਾ ਵਿਚ ਬਦਲ ਦਿੰਦਾ ਹੈ। ਸੂਰਜ ਹਰ ਸਕਿੰਟ ਵਿਚ ਚਾਲੀ ਲੱਖ ਟਨ ਪਦਾਰਥ ਦੀ ਮਾਤਰਾ ਨੂੰ ਧੁੱਪ, ਗਰਮੀ ਅਤੇ ਹੋਰ ਕਿਸਮਾਂ ਦੀ ਊਰਜਾ ਵਿਚ ਬਦਲਦਾ ਹੈ। ਧਰਤੀ ਉੱਤੇ ਪਹੁੰਚਦਾ ਇਸ ਊਰਜਾ ਦਾ ਛੋਟਾ ਜਿਹਾ ਅੰਸ਼ ਜੀਵਨ ਨੂੰ ਕਾਇਮ ਰੱਖਣ ਲਈ ਕਾਫ਼ੀ ਹੈ। ਸਪੱਸ਼ਟ ਹੈ ਕਿ ਸੂਰਜ ਅਤੇ ਬਾਕੀ ਸਾਰੇ ਅਰਬਾਂ ਹੀ ਤਾਰਿਆਂ ਨੂੰ ਸਿਰਜਣ ਲਈ ਡਾਢੇ ਬਲ ਅਤੇ ਊਰਜਾ ਦੀ ਲੋੜ ਸੀ। ਯਹੋਵਾਹ ਵਿਚ ਤਾਂ ਇਸ ਊਰਜਾ ਨਾਲੋਂ ਕਿਤੇ ਜ਼ਿਆਦਾ ਬਲ ਹੈ।

6, 7. (ੳ) ਅਸੀਂ ਕਿਉਂ ਕਹਿ ਸਕਦੇ ਹਾਂ ਕਿ ਪਰਮੇਸ਼ੁਰ ਵੱਲੋਂ ਆਪਣੀ ਪਵਿੱਤਰ ਸ਼ਕਤੀ ਨਾਲ ਬਣਾਈਆਂ ਚੀਜ਼ਾਂ ਤਰਤੀਬ ਅਨੁਸਾਰ ਕੰਮ ਕਰਦੀਆਂ ਹਨ? (ਅ) ਕਿਸ ਗੱਲ ਤੋਂ ਪਤਾ ਲੱਗਦਾ ਹੈ ਕਿ ਬ੍ਰਹਿਮੰਡ ਇਤਫ਼ਾਕ ਨਾਲ ਨਹੀਂ ਬਣਿਆ?

6 ਪਰਮੇਸ਼ੁਰ ਨੇ ਆਪਣੀ ਪਵਿੱਤਰ ਸ਼ਕਤੀ ਨਾਲ ਜੋ ਚੀਜ਼ਾਂ ਬਣਾਈਆਂ ਹਨ, ਉਹ ਐਨ ਸਹੀ ਢੰਗ ਨਾਲ ਕੰਮ ਕਰਦੀਆਂ ਹਨ। ਇਹ ਸਬੂਤ ਅਸੀਂ ਆਪਣੇ ਆਲੇ-ਦੁਆਲੇ ਦੀਆਂ ਚੀਜ਼ਾਂ ਤੋਂ ਦੇਖਦੇ ਹਾਂ। ਮਿਸਾਲ ਲਈ: ਮੰਨ ਲਓ ਕਿ ਤੁਹਾਡੇ ਕੋਲ ਇਕ ਬਕਸੇ ਵਿਚ ਵੱਖੋ-ਵੱਖਰੇ ਰੰਗਾਂ ਦੀਆਂ ਗੇਂਦਾਂ ਹਨ। ਤੁਸੀਂ ਬਕਸੇ ਨੂੰ ਚੰਗੀ ਤਰ੍ਹਾਂ ਹਿਲਾ ਕੇ ਗੇਂਦਾਂ ਨੂੰ ਰਲਾ-ਮਿਲਾ ਦਿੰਦੇ ਹੋ। ਫਿਰ ਤੁਸੀਂ ਬਕਸੇ ਵਿੱਚੋਂ ਸਾਰੀਆਂ ਗੇਂਦਾਂ ਭੁੰਜੇ ਸੁੱਟ ਦਿੰਦੇ ਹੋ। ਕੀ ਤੁਸੀਂ ਉਮੀਦ ਰੱਖੋਗੇ ਕਿ ਇੱਕੋ ਰੰਗ ਦੀਆਂ ਗੇਂਦਾਂ ਇਕੱਠੀਆਂ ਹੋਣਗੀਆਂ—ਨੀਲੀਆਂ ਇਕ ਪਾਸੇ ਤੇ ਪੀਲੀਆਂ ਦੂਜੇ ਪਾਸੇ, ਵਗੈਰਾ-ਵਗੈਰਾ? ਬਿਲਕੁਲ ਨਹੀਂ! ਇਸ ਤੋਂ ਸਪੱਸ਼ਟ ਹੈ ਕਿ ਜਿਹੜੇ ਕੰਮ ਸਾਡੇ ਵੱਸ ਤੋਂ ਬਾਹਰ ਹੁੰਦੇ ਹਨ, ਉਹ ਬੇਤਰਤੀਬੇ ਹੁੰਦੇ ਹਨ। ਇਹ ਹਕੀਕਤ ਕੁਦਰਤ ਦਾ ਬੁਨਿਆਦੀ ਸਿਧਾਂਤ ਹੈ।

7 ਜਦ ਅਸੀਂ ਉਤਾਹਾਂ ਅੱਖਾਂ ਚੁੱਕ ਕੇ ਦੇਖਦੇ ਹਾਂ, ਤਾਂ ਸਾਨੂੰ ਕੀ ਨਜ਼ਰ ਆਉਂਦਾ ਹੈ? ਅਸੀਂ ਗਲੈਕਸੀਆਂ, ਤਾਰਿਆਂ ਅਤੇ ਗ੍ਰਹਿਆਂ ਦਾ ਵਿਸ਼ਾਲ ਪਸਾਰਾ ਦੇਖਦੇ ਹਾਂ ਜੋ ਐਨ ਸਹੀ ਤਰੀਕੇ ਨਾਲ ਗਤੀ ਕਰਦੇ ਹਨ। ਇਹ ਆਪਣੇ ਆਪ ਨਹੀਂ ਬਣ ਸਕਦਾ ਜਾਂ ਇਹ ਇਤਫ਼ਾਕ ਨਹੀਂ ਹੋ ਸਕਦਾ। ਇਸ ਲਈ ਸਾਨੂੰ ਪੁੱਛਣਾ ਚਾਹੀਦਾ ਹੈ, ਐਨ ਸਹੀ ਢੰਗ ਨਾਲ ਚੱਲ ਰਹੇ ਬ੍ਰਹਿਮੰਡ ਨੂੰ ਬਣਾਉਣ ਲਈ ਕਿਹੜੀ ਤਾਕਤ ਵਰਤੀ ਗਈ ਸੀ? ਸਾਡੇ ਵਰਗੇ ਇਨਸਾਨ ਸਾਇੰਸ ਦੀ ਨਜ਼ਰ ਤੋਂ ਦੇਖ ਕੇ ਜਾਂ ਤਜਰਬੇ ਕਰ ਕੇ ਉਸ ਤਾਕਤ ਨੂੰ ਨਹੀਂ ਪਛਾਣ ਸਕਦੇ। ਪਰ ਬਾਈਬਲ ਇਸ ਦੀ ਪਛਾਣ ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਵਜੋਂ ਕਰਾਉਂਦੀ ਹੈ ਜੋ ਬ੍ਰਹਿਮੰਡ ਵਿਚ ਸਭ ਤੋਂ ਵੱਡੀ ਤਾਕਤ ਹੈ। ਜ਼ਬੂਰਾਂ ਦੇ ਲਿਖਾਰੀ ਨੇ ਗਾਇਆ: “ਯਹੋਵਾਹ ਦੇ ਸ਼ਬਦ ਨਾਲ ਅਕਾਸ਼ ਬਣਾਏ ਗਏ, ਅਤੇ ਉਨ੍ਹਾਂ ਦੀ ਸਾਰੀ [ਸੈਨਾਂ] ਉਹ ਦੇ ਮੂੰਹ ਦੇ ਸਵਾਸ ਨਾਲ।” (ਜ਼ਬੂ. 33:6, ਫੁਟਨੋਟ) ਜਦ ਅਸੀਂ ਆਪਣੀਆਂ ਅੱਖਾਂ ਨਾਲ ਰਾਤ ਨੂੰ ਆਕਾਸ਼ ਵੱਲ ਦੇਖਦੇ ਹਾਂ, ਤਾਂ ਅਸੀਂ ਉਸ “ਸੈਨਾਂ” ਦਾ ਸਿਰਫ਼ ਛੋਟਾ ਜਿਹਾ ਹਿੱਸਾ ਹੀ ਦੇਖ ਪਾਉਂਦੇ ਹਾਂ!

ਪਵਿੱਤਰ ਸ਼ਕਤੀ ਅਤੇ ਧਰਤੀ

8. ਯਹੋਵਾਹ ਦੇ ਕੰਮਾਂ ਬਾਰੇ ਅਸੀਂ ਅਸਲ ਵਿਚ ਕਿੰਨਾ ਕੁ ਜਾਣਦੇ ਹਾਂ?

8 ਕੁਦਰਤ ਦੇ ਬਾਰੇ ਹੁਣ ਅਸੀਂ ਜਿੰਨਾ ਕੁ ਜਾਣਦੇ ਹਾਂ, ਉਹ ਤਾਂ ਕੁਝ ਵੀ ਨਹੀਂ ਹੈ। ਹਾਲੇ ਤਾਂ ਬਹੁਤ ਕੁਝ ਸਿੱਖਣ ਨੂੰ ਪਿਆ ਹੈ। ਪਰਮੇਸ਼ੁਰ ਦੀਆਂ ਰਚੀਆਂ ਚੀਜ਼ਾਂ ਬਾਰੇ ਸਾਡਾ ਗਿਆਨ ਸੀਮਿਤ ਹੈ ਜਿਸ ਬਾਰੇ ਵਫ਼ਾਦਾਰ ਆਦਮੀ ਅੱਯੂਬ ਨੇ ਕਿਹਾ: “ਵੇਖੋ, ਏਹ ਉਹ ਦੇ ਰਾਹਾਂ ਦੇ ਕੰਢੇ ਹੀ ਹਨ, ਅਤੇ ਅਸੀਂ ਉਹ ਦੀ ਕਿੰਨੀ ਹੌਲੀ ਅਵਾਜ਼ ਸੁਣਦੇ ਹਾਂ!” (ਅੱਯੂ. 26:14) ਸਦੀਆਂ ਬਾਅਦ ਰਾਜਾ ਸੁਲੇਮਾਨ, ਜੋ ਯਹੋਵਾਹ ਦੀ ਸ੍ਰਿਸ਼ਟੀ ਨੂੰ ਗਹੁ ਨਾਲ ਦੇਖਦਾ ਸੀ, ਨੇ ਕਿਹਾ: “[ਪਰਮੇਸ਼ੁਰ] ਨੇ ਹਰੇਕ ਵਸਤ ਆਪੋ ਆਪਣੇ ਸਮੇਂ ਵਿੱਚ ਸੁੰਦਰ ਬਣਾਈ ਹੈ ਅਤੇ ਉਸ ਨੇ ਸਦੀਪਕਾਲ ਨੂੰ ਵੀ ਓਹਨਾਂ ਦੇ ਮਨ ਵਿੱਚ ਟਿਕਾ ਦਿੱਤਾ ਹੈ, ਤਾਂ ਵੀ ਇਨਸਾਨ ਉਸ ਕੰਮ ਨੂੰ ਜੋ ਪਰਮੇਸ਼ੁਰ ਆਦ ਤੋਂ ਲੈ ਕੇ ਅੰਤ ਤੋੜੀ ਕਰਦਾ ਹੈ ਬੁੱਝ ਨਹੀਂ ਸੱਕਦਾ।”—ਉਪ. 3:11; 8:17.

9, 10. ਧਰਤੀ ਨੂੰ ਸ੍ਰਿਸ਼ਟ ਕਰਨ ਲਈ ਪਰਮੇਸ਼ੁਰ ਨੇ ਕਿਹੜੀ ਸ਼ਕਤੀ ਵਰਤੀ ਅਤੇ ਸ੍ਰਿਸ਼ਟੀ ਦੇ ਪਹਿਲੇ ਤਿੰਨ ਦਿਨਾਂ ਦੌਰਾਨ ਕੀ ਕੁਝ ਹੋਇਆ?

9 ਪਰ ਯਹੋਵਾਹ ਨੇ ਆਪਣੇ ਕੰਮਾਂ ਬਾਰੇ ਜ਼ਰੂਰੀ ਜਾਣਕਾਰੀ ਦਿੱਤੀ ਹੈ। ਮਿਸਾਲ ਲਈ, ਬਾਈਬਲ ਸਾਨੂੰ ਦੱਸਦੀ ਹੈ ਕਿ ਯੁਗਾਂ ਪਹਿਲਾਂ ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਧਰਤੀ ਉੱਤੇ ਕੰਮ ਕਰ ਰਹੀ ਸੀ। (ਉਤਪਤ 1:2 ਪੜ੍ਹੋ।) ਉਸ ਸਮੇਂ ਧਰਤੀ ਉੱਪਰ ਕਿਤੇ ਸੁੱਕੀ ਜ਼ਮੀਨ ਨਹੀਂ ਸੀ ਅਤੇ ਨਾ ਹੀ ਕਿਤੇ ਰੌਸ਼ਨੀ ਤੇ ਸਾਹ ਲੈਣ ਲਈ ਹਵਾ ਸੀ।

10 ਬਾਈਬਲ ਸਮਝਾਉਂਦੀ ਹੈ ਕਿ ਪਰਮੇਸ਼ੁਰ ਨੇ ਕਿਹੜੇ ਦਿਨ ਕੀ ਕੁਝ ਸਿਰਜਿਆ। ਇਹ ਦਿਨ 24 ਘੰਟਿਆਂ ਵਾਲੇ ਦਿਨ ਨਹੀਂ ਸਨ ਬਲਕਿ ਯੁਗ ਸਨ। ਸ੍ਰਿਸ਼ਟੀ ਦੇ ਪਹਿਲੇ ਦਿਨ ਯਹੋਵਾਹ ਨੇ ਰੌਸ਼ਨੀ ਬਣਾਈ ਜੋ ਹੌਲੀ-ਹੌਲੀ ਧਰਤੀ ਉੱਤੇ ਚਾਨਣ ਕਰਨ ਲੱਗੀ। ਇਹ ਕੰਮ ਉਦੋਂ ਪੂਰਾ ਹੋਇਆ ਜਦੋਂ ਧਰਤੀ ਉੱਤੋਂ ਸੂਰਜ ਅਤੇ ਚੰਦ ਸਾਫ਼-ਸਾਫ਼ ਦਿਖਾਈ ਦੇਣ ਲੱਗੇ। (ਉਤ. 1:3, 14) ਦੂਜੇ ਦਿਨ ਵਾਯੂਮੰਡਲ ਬਣਨਾ ਸ਼ੁਰੂ ਹੋਇਆ। (ਉਤ. 1:6) ਧਰਤੀ ਉੱਤੇ ਹੁਣ ਪਾਣੀ, ਰੌਸ਼ਨੀ ਅਤੇ ਹਵਾ ਸੀ, ਪਰ ਹਾਲੇ ਵੀ ਕਿਤੇ ਸੁੱਕੀ ਜ਼ਮੀਨ ਨਹੀਂ ਸੀ। ਸ੍ਰਿਸ਼ਟੀ ਦੇ ਤੀਜੇ ਦਿਨ ਦੇ ਸ਼ੁਰੂ ਵਿਚ ਯਹੋਵਾਹ ਨੇ ਸੁੱਕੀ ਜ਼ਮੀਨ ਬਣਾਉਣ ਲਈ ਆਪਣੀ ਪਵਿੱਤਰ ਸ਼ਕਤੀ ਵਰਤੀ। ਉਸ ਨੇ ਸ਼ਾਇਦ ਧਰਤੀ ਹੇਠਲੀਆਂ ਤਾਕਤਾਂ ਨਾਲ ਮਹਾਂਦੀਪਾਂ ਨੂੰ ਧੱਕ ਕੇ ਸਮੁੰਦਰ ਥੱਲਿਓਂ ਉੱਪਰ ਲਿਆਂਦਾ ਹੋਵੇਗਾ। (ਉਤ. 1:9) ਤੀਜੇ ਦਿਨ ਦੇ ਬਾਕੀ ਸਮੇਂ ਅਤੇ ਅਗਲੇ ਦਿਨਾਂ ਦੌਰਾਨ ਹੋਰ ਵੀ ਹੈਰਾਨੀਜਨਕ ਕੰਮ ਹੋਏ।

ਪਵਿੱਤਰ ਸ਼ਕਤੀ ਅਤੇ ਜੀਉਂਦੇ ਪ੍ਰਾਣੀ

11. ਜੀਉਂਦੀਆਂ ਚੀਜ਼ਾਂ ਵਿਚ ਪਾਈ ਜਾਂਦੀ ਜਟਿਲਤਾ, ਤਾਲ-ਮੇਲ ਅਤੇ ਸੁੰਦਰਤਾ ਤੋਂ ਕੀ ਪਤਾ ਲੱਗਦਾ ਹੈ?

11 ਪਰਮੇਸ਼ੁਰ ਦੀ ਸ਼ਕਤੀ ਨੇ ਜੀਉਂਦੇ ਪ੍ਰਾਣੀਆਂ ਨੂੰ ਤਰਤੀਬਵਾਰ ਬਣਾਇਆ। ਸ੍ਰਿਸ਼ਟੀ ਦੇ ਤੀਜੇ ਤੋਂ ਛੇਵੇਂ ਦਿਨ ਦੌਰਾਨ ਯਹੋਵਾਹ ਨੇ ਆਪਣੀ ਸ਼ਕਤੀ ਨਾਲ ਵੰਨ-ਸੁਵੰਨੇ ਪੇੜ-ਪੌਦੇ ਅਤੇ ਜੀਵ-ਜੰਤੂ ਬਣਾਏ। (ਉਤ. 1:11, 20-25) ਇਸ ਲਈ ਜੀਉਂਦੀਆਂ ਚੀਜ਼ਾਂ ਵਿਚ ਪਾਈ ਜਾਂਦੀ ਜਟਿਲਤਾ, ਤਾਲ-ਮੇਲ ਅਤੇ ਸੁੰਦਰਤਾ ਦੀਆਂ ਅਣਗਿਣਤ ਮਿਸਾਲਾਂ ਨੂੰ ਦੇਖ ਕੇ ਅਸੀਂ ਇਹੀ ਕਹਿ ਸਕਦੇ ਹਾਂ ਕਿ ਇਨ੍ਹਾਂ ਨੂੰ ਉੱਤਮ ਤਰੀਕੇ ਨਾਲ ਡੀਜ਼ਾਈਨ ਕੀਤਾ ਗਿਆ ਹੈ।

12. (ੳ) ਡੀ. ਐੱਨ. ਏ. ਕਿਹੜੇ ਕੰਮ ਕਰਦਾ ਹੈ? (ਅ) ਇਸ ਤੋਂ ਸਾਨੂੰ ਕੀ ਸਿੱਖਣਾ ਚਾਹੀਦਾ ਹੈ ਕਿ ਡੀ. ਐੱਨ. ਏ. ਸਫ਼ਲਤਾ ਨਾਲ ਲਗਾਤਾਰ ਕੰਮ ਕਰ ਰਿਹਾ ਹੈ?

12 ਡੀ. ਐੱਨ. ਏ. (ਡੀਆਕਸੀਰਾਈਬੋਨੁਕਲੇਇਕ ਐਸਿਡ) ਦੀ ਰਸਾਇਣਕ ਬਣਤਰ ਬਾਰੇ ਜ਼ਰਾ ਸੋਚੋ ਜੋ ਇਕ ਪੀੜ੍ਹੀ ਦੀਆਂ ਵਿਸ਼ੇਸ਼ਤਾਵਾਂ ਦੂਜੀ ਪੀੜ੍ਹੀ ਵਿਚ ਪਹੁੰਚਾਉਣ ਲਈ ਜ਼ਿੰਮੇਵਾਰ ਹੁੰਦਾ ਹੈ। ਧਰਤੀ ਉੱਤੇ ਹਰ ਜੀਉਂਦੀ ਚੀਜ਼ ਡੀ. ਐੱਨ. ਏ. ਦੀ ਵਰਤੋਂ ਕਰ ਕੇ ਆਪਣੇ ਵਰਗੇ ਜੀਵ ਪੈਦਾ ਕਰਦੀ ਹੈ ਜਿਵੇਂ ਜੀਵਾਣੂ, ਘਾਹ, ਹਾਥੀ, ਨੀਲੀਆਂ ਵੇਲ ਮੱਛੀਆਂ ਅਤੇ ਮਨੁੱਖ। ਭਾਵੇਂ ਕਿ ਧਰਤੀ ਉਤਲੇ ਪ੍ਰਾਣੀ ਇਕ-ਦੂਜੇ ਤੋਂ ਬਹੁਤ ਵੱਖਰੇ ਹਨ, ਫਿਰ ਵੀ ਉਨ੍ਹਾਂ ਦੀਆਂ ਕਈ ਵਿਸ਼ੇਸ਼ਤਾਵਾਂ ਨੂੰ ਕੰਟ੍ਰੋਲ ਕਰਨ ਵਾਲਾ ਕੋਡ ਹਮੇਸ਼ਾ ਇੱਕੋ ਜਿਹਾ ਰਹਿੰਦਾ ਹੈ ਅਤੇ ਇਸ ਨੇ ਯੁਗਾਂ ਤੋਂ ਆਮ ਕਿਸਮਾਂ ਦੇ ਜੀਵ-ਜੰਤੂਆਂ ਵਿਚ ਪਾਏ ਜਾਂਦੇ ਫ਼ਰਕ ਨੂੰ ਬਰਕਰਾਰ ਰੱਖਿਆ ਹੈ। ਇਸ ਲਈ ਯਹੋਵਾਹ ਪਰਮੇਸ਼ੁਰ ਦੇ ਮਕਸਦ ਅਨੁਸਾਰ ਧਰਤੀ ਉੱਤੇ ਵੱਖੋ-ਵੱਖਰੇ ਜੀਵ-ਜੰਤੂ ਪਰਸਪਰ ਕ੍ਰਿਆਵਾਂ ਕਰ ਕੇ ਜੀਵਨ ਨੂੰ ਬਰਕਰਾਰ ਰੱਖਦੇ ਹਨ। (ਜ਼ਬੂ. 139:16) ਵਧੀਆ ਢੰਗ ਨਾਲ ਚੱਲ ਰਿਹਾ ਇਹ ਅਸਰਕਾਰੀ ਇੰਤਜ਼ਾਮ ਹੋਰ ਸਬੂਤ ਦਿੰਦਾ ਹੈ ਕਿ ਸ੍ਰਿਸ਼ਟੀ ਪਰਮੇਸ਼ੁਰ ਦੀ “ਉਂਗਲ” ਜਾਂ ਪਵਿੱਤਰ ਸ਼ਕਤੀ ਦਾ ਕਮਾਲ ਹੈ।

ਧਰਤੀ ਉੱਤੇ ਉੱਤਮ ਰਚਨਾ

13. ਪਰਮੇਸ਼ੁਰ ਨੇ ਆਦਮੀ ਕਿਵੇਂ ਬਣਾਇਆ?

13 ਯੁਗ ਬੀਤ ਗਏ ਅਤੇ ਪਰਮੇਸ਼ੁਰ ਨੇ ਅਣਗਿਣਤ ਜਾਨਦਾਰ ਅਤੇ ਬੇਜਾਨ ਚੀਜ਼ਾਂ ਬਣਾ ਦਿੱਤੀਆਂ। ਹੁਣ ਧਰਤੀ “ਬੇਡੌਲ ਤੇ ਸੁੰਞੀ” ਨਹੀਂ ਰਹੀ। ਪਰ ਯਹੋਵਾਹ ਹਾਲੇ ਵੀ ਸ੍ਰਿਸ਼ਟੀ ਕਰਨ ਵਿਚ ਆਪਣੀ ਪਵਿੱਤਰ ਸ਼ਕਤੀ ਵਰਤ ਰਿਹਾ ਸੀ। ਉਹ ਧਰਤੀ ਉੱਤੇ ਆਪਣੀ ਸਭ ਤੋਂ ਉੱਤਮ ਰਚਨਾ ਕਰਨ ਵਾਲਾ ਸੀ। ਛੇਵਾਂ ਦਿਨ ਖ਼ਤਮ ਹੋਣ ਤੋਂ ਪਹਿਲਾਂ ਪਰਮੇਸ਼ੁਰ ਨੇ ਆਦਮੀ ਬਣਾਇਆ। ਯਹੋਵਾਹ ਨੇ ਉਸ ਨੂੰ ਕਿਵੇਂ ਬਣਾਇਆ? ਆਪਣੀ ਪਵਿੱਤਰ ਸ਼ਕਤੀ ਅਤੇ ਧਰਤੀ ਦੇ ਤੱਤਾਂ ਨੂੰ ਵਰਤ ਕੇ।—ਉਤ. 2:7.

14. ਇਨਸਾਨ ਕਿਹੜੇ ਮਹੱਤਵਪੂਰਣ ਤਰੀਕੇ ਨਾਲ ਜਾਨਵਰਾਂ ਤੋਂ ਵੱਖਰੇ ਹਨ?

14ਉਤਪਤ 1:27 ਕਹਿੰਦਾ ਹੈ: “ਪਰਮੇਸ਼ੁਰ ਨੇ ਆਦਮੀ ਨੂੰ ਆਪਣੇ ਸਰੂਪ ਉੱਤੇ ਉਤਪਤ ਕੀਤਾ। ਪਰਮੇਸ਼ੁਰ ਦੇ ਸਰੂਪ ਉੱਤੇ ਉਹ ਨੂੰ ਉਤਪਤ ਕੀਤਾ। ਨਰ ਨਾਰੀ ਉਸ ਨੇ ਉਨ੍ਹਾਂ ਨੂੰ ਉਤਪਤ ਕੀਤਾ।” ਪਰਮੇਸ਼ੁਰ ਦੇ ਸਰੂਪ ਉੱਤੇ ਬਣੇ ਹੋਣ ਦਾ ਮਤਲਬ ਹੈ ਕਿ ਯਹੋਵਾਹ ਨੇ ਸਾਨੂੰ ਪਿਆਰ ਦਿਖਾਉਣ, ਆਪਣੇ ਫ਼ੈਸਲੇ ਆਪ ਕਰਨ ਅਤੇ ਆਪਣੇ ਸਿਰਜਣਹਾਰ ਨਾਲ ਰਿਸ਼ਤਾ ਜੋੜਨ ਦੀ ਕਾਬਲੀਅਤ ਨਾਲ ਰਚਿਆ ਹੈ। ਇਸ ਲਈ ਸਾਡਾ ਦਿਮਾਗ਼ ਜਾਨਵਰਾਂ ਦੇ ਦਿਮਾਗ਼ ਤੋਂ ਬਹੁਤ ਵੱਖਰਾ ਹੈ। ਯਹੋਵਾਹ ਨੇ ਮਨੁੱਖੀ ਦਿਮਾਗ਼ ਖ਼ਾਸਕਰ ਇਸ ਲਈ ਬਣਾਇਆ ਸੀ ਤਾਂਕਿ ਅਸੀਂ ਖ਼ੁਸ਼ੀ-ਖ਼ੁਸ਼ੀ ਉਸ ਬਾਰੇ ਅਤੇ ਉਸ ਦੇ ਕੰਮਾਂ ਬਾਰੇ ਹਮੇਸ਼ਾ ਸਿੱਖਦੇ ਰਹੀਏ।

15. ਆਦਮ ਤੇ ਹੱਵਾਹ ਕੋਲ ਕਿਹੜਾ ਮੌਕਾ ਸੀ?

15 ਮਨੁੱਖਜਾਤੀ ਦੀ ਸ਼ੁਰੂਆਤ ਵੇਲੇ ਪਰਮੇਸ਼ੁਰ ਨੇ ਆਦਮ ਅਤੇ ਉਸ ਦੀ ਪਤਨੀ ਹੱਵਾਹ ਨੂੰ ਧਰਤੀ ਅਤੇ ਇਸ ਉਤਲੇ ਸਾਰੇ ਅਜੂਬੇ ਦਿੱਤੇ ਤਾਂਕਿ ਉਹ ਇਨ੍ਹਾਂ ਨੂੰ ਦੇਖਣ-ਪਰਖਣ ਤੇ ਇਨ੍ਹਾਂ ਦਾ ਆਨੰਦ ਮਾਣਨ। (ਉਤ. 1:28) ਯਹੋਵਾਹ ਨੇ ਉਨ੍ਹਾਂ ਨੂੰ ਖੂਬਸੂਰਤ ਬਾਗ਼ ਵਿਚ ਵਸਾਇਆ ਜਿੱਥੇ ਖਾਣ ਵਾਲੀਆਂ ਚੀਜ਼ਾਂ ਦਾ ਕੋਈ ਘਾਟਾ ਨਹੀਂ ਸੀ। ਉਨ੍ਹਾਂ ਕੋਲ ਹਮੇਸ਼ਾ ਜੀਉਂਦੇ ਰਹਿਣ ਅਤੇ ਅਰਬਾਂ ਹੀ ਸਿਹਤਮੰਦ ਤੇ ਖ਼ੁਸ਼ ਲੋਕਾਂ ਦੇ ਮਾਤਾ-ਪਿਤਾ ਬਣਨ ਦਾ ਮੌਕਾ ਸੀ। ਪਰ ਉਨ੍ਹਾਂ ਨੇ ਇਹ ਮੌਕਾ ਗੁਆ ਦਿੱਤਾ।

ਪਵਿੱਤਰ ਸ਼ਕਤੀ ਦੀ ਭੂਮਿਕਾ ਪਛਾਣੋ

16. ਪਹਿਲੇ ਇਨਸਾਨਾਂ ਦੇ ਬਗਾਵਤ ਕਰਨ ਦੇ ਬਾਵਜੂਦ ਅਸੀਂ ਕਿਹੜੀ ਉਮੀਦ ਰੱਖ ਸਕਦੇ ਹਾਂ?

16 ਸ਼ੁਕਰਗੁਜ਼ਾਰੀ ਨਾਲ ਆਪਣੇ ਸਿਰਜਣਹਾਰ ਦਾ ਕਹਿਣਾ ਮੰਨਣ ਦੀ ਬਜਾਇ ਆਦਮ ਤੇ ਹੱਵਾਹ ਸੁਆਰਥੀ ਹੋ ਗਏ ਤੇ ਬਗਾਵਤ ਕਰ ਦਿੱਤੀ। ਸਾਰੇ ਨਾਮੁਕੰਮਲ ਇਨਸਾਨ ਉਨ੍ਹਾਂ ਤੋਂ ਆਏ ਹਨ ਜਿਸ ਕਰਕੇ ਉਨ੍ਹਾਂ ਨੂੰ ਦੁੱਖ-ਤਕਲੀਫ਼ਾਂ ਸਹਿਣੀਆਂ ਪੈਂਦੀਆਂ ਹਨ। ਪਰ ਬਾਈਬਲ ਸਮਝਾਉਂਦੀ ਹੈ ਕਿ ਪਰਮੇਸ਼ੁਰ ਕਿਵੇਂ ਉਨ੍ਹਾਂ ਸਾਰੇ ਦੁੱਖਾਂ ਨੂੰ ਮਿਟਾਵੇਗਾ ਜੋ ਸਾਡੇ ਪਹਿਲੇ ਮਾਤਾ-ਪਿਤਾ ਦੀ ਗ਼ਲਤੀ ਕਾਰਨ ਸਾਨੂੰ ਸਹਿਣੇ ਪੈਂਦੇ ਹਨ। ਬਾਈਬਲ ਇਹ ਵੀ ਦੱਸਦੀ ਹੈ ਕਿ ਯਹੋਵਾਹ ਆਪਣਾ ਮੁਢਲਾ ਮਕਸਦ ਪੂਰਾ ਕਰ ਕੇ ਰਹੇਗਾ। ਸਾਰੀ ਧਰਤੀ ਖੂਬਸੂਰਤ ਬਣ ਜਾਵੇਗੀ ਜੋ ਖ਼ੁਸ਼ ਤੇ ਸਿਹਤਮੰਦ ਲੋਕਾਂ ਨਾਲ ਭਰੀ ਹੋਵੇਗੀ ਅਤੇ ਉਹ ਹਮੇਸ਼ਾ ਲਈ ਜੀਣਗੇ। (ਉਤ. 3:15) ਦਿਲ ਨੂੰ ਛੂਹ ਲੈਣ ਵਾਲੇ ਇਸ ਵਾਅਦੇ ਵਿਚ ਵਿਸ਼ਵਾਸ ਕਰਦੇ ਰਹਿਣ ਲਈ ਸਾਨੂੰ ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਦੀ ਮਦਦ ਦੀ ਲੋੜ ਹੈ।

17. ਸਾਨੂੰ ਕਿਸ ਤਰ੍ਹਾਂ ਦੀ ਸੋਚ ਤੋਂ ਬਚ ਕੇ ਰਹਿਣਾ ਚਾਹੀਦਾ ਹੈ?

17 ਸਾਨੂੰ ਪਵਿੱਤਰ ਸ਼ਕਤੀ ਲਈ ਯਹੋਵਾਹ ਨੂੰ ਪ੍ਰਾਰਥਨਾ ਕਰਨੀ ਚਾਹੀਦੀ ਹੈ। (ਲੂਕਾ 11:13) ਇਸ ਤਰ੍ਹਾਂ ਕਰਨ ਨਾਲ ਸਾਡਾ ਵਿਸ਼ਵਾਸ ਪੱਕਾ ਹੋਵੇਗਾ ਕਿ ਸ੍ਰਿਸ਼ਟੀ ਪਰਮੇਸ਼ੁਰ ਦੇ ਹੱਥਾਂ ਦਾ ਕਮਾਲ ਹੈ। ਅੱਜ ਨਾਸਤਿਕਵਾਦ ਅਤੇ ਵਿਕਾਸਵਾਦ ਬਾਰੇ ਜਾਣਕਾਰੀ ਦੀ ਅਚਾਨਕ ਭਰਮਾਰ ਹੋ ਗਈ ਹੈ ਜੋ ਖੋਖਲੀ ਸੋਚ ਉੱਤੇ ਆਧਾਰਿਤ ਹੈ ਅਤੇ ਜਿਸ ਦਾ ਕੋਈ ਆਧਾਰ ਨਹੀਂ ਹੈ। ਇਸ ਗ਼ਲਤ ਸੋਚ ਦੇ ਹੜ੍ਹ ਕਾਰਨ ਸਾਨੂੰ ਨਾ ਤਾਂ ਉਲਝਣ ਵਿਚ ਪੈਣਾ ਚਾਹੀਦਾ ਤੇ ਨਾ ਹੀ ਡਰਨਾ ਚਾਹੀਦਾ ਹੈ। ਸਾਰੇ ਮਸੀਹੀਆਂ ਨੂੰ ਇਸ ਹਮਲੇ ਅਤੇ ਇਸ ਨਾਲ ਸੰਬੰਧਿਤ ਹਾਣੀਆਂ ਦੇ ਦਬਾਅ ਦਾ ਸਾਮ੍ਹਣਾ ਕਰਨ ਲਈ ਤਿਆਰ ਰਹਿਣਾ ਚਾਹੀਦਾ ਹੈ।—ਕੁਲੁੱਸੀਆਂ 2:8 ਪੜ੍ਹੋ।

18. ਬ੍ਰਹਿਮੰਡ ਅਤੇ ਮਨੁੱਖਜਾਤੀ ਦੀ ਸ਼ੁਰੂਆਤ ਬਾਰੇ ਗੌਰ ਕਰਦਿਆਂ, ਬੁੱਧੀਮਾਨ ਸ੍ਰਿਸ਼ਟੀਕਰਤਾ ਦੀ ਹੋਂਦ ਨੂੰ ਨਜ਼ਰਅੰਦਾਜ਼ ਕਰਨਾ ਨਾਸਮਝੀ ਕਿਉਂ ਹੋਵੇਗੀ?

18 ਜੇ ਅਸੀਂ ਸ੍ਰਿਸ਼ਟੀ ਤੋਂ ਮਿਲਦੇ ਸਬੂਤ ਦੀ ਨੇਕ ਇਰਾਦੇ ਨਾਲ ਜਾਂਚ ਕਰਾਂਗੇ, ਤਾਂ ਬਾਈਬਲ ਅਤੇ ਪਰਮੇਸ਼ੁਰ ਵਿਚ ਸਾਡੀ ਨਿਹਚਾ ਜ਼ਰੂਰ ਵਧੇਗੀ। ਬ੍ਰਹਿਮੰਡ ਅਤੇ ਮਨੁੱਖਜਾਤੀ ਦੀ ਸ਼ੁਰੂਆਤ ਬਾਰੇ ਗੌਰ ਕਰਦਿਆਂ ਕਈ ਲੋਕ ਸੋਚਦੇ ਹਨ ਕਿ ਇਹ ਮੰਨਣਾ ਸਹੀ ਨਹੀਂ ਹੈ ਕਿ ਕਿਸੇ ਰੱਬੀ ਤਾਕਤ ਕਾਰਨ ਬ੍ਰਹਿਮੰਡ ਹੋਂਦ ਵਿਚ ਆਇਆ ਹੈ। ਪਰ ਜੇ ਅਸੀਂ ਇਸ ਨਜ਼ਰੀਏ ਤੋਂ ਮਾਮਲਿਆਂ ਉੱਤੇ ਚਰਚਾ ਕਰਾਂਗੇ, ਤਾਂ ਅਸੀਂ ਸਾਰੇ ਸਬੂਤ ਨੂੰ ਨਿਰਪੱਖਤਾ ਨਾਲ ਨਹੀਂ ਜਾਂਚ ਰਹੇ ਹੋਵਾਂਗੇ। ਇਸ ਤੋਂ ਇਲਾਵਾ, ਅਸੀਂ ਨਿਯਮ ਅਨੁਸਾਰ ਕੰਮ ਕਰ ਰਹੀਆਂ “ਅਣਗਿਣਤ” ਚੀਜ਼ਾਂ ਦੀ ਹੋਂਦ ਨੂੰ ਨਜ਼ਰਅੰਦਾਜ਼ ਕਰ ਰਹੇ ਹੋਵਾਂਗੇ ਜਿਨ੍ਹਾਂ ਨੂੰ ਕਿਸੇ ਮਕਸਦ ਨਾਲ ਬਣਾਇਆ ਗਿਆ ਹੈ। (ਅੱਯੂ. 9:10; ਜ਼ਬੂ. 104:25) ਮਸੀਹੀਆਂ ਵਜੋਂ ਸਾਨੂੰ ਪੱਕਾ ਯਕੀਨ ਹੈ ਕਿ ਜਿਸ ਤਾਕਤ ਨਾਲ ਸ੍ਰਿਸ਼ਟੀ ਰਚੀ ਗਈ ਸੀ, ਉਹ ਪਵਿੱਤਰ ਸ਼ਕਤੀ ਸੀ ਜਿਸ ਨੂੰ ਬੁੱਧੀਮਾਨ ਯਹੋਵਾਹ ਨੇ ਵਰਤਿਆ ਸੀ।

ਪਵਿੱਤਰ ਸ਼ਕਤੀ ਅਤੇ ਪਰਮੇਸ਼ੁਰ ’ਤੇ ਸਾਡੀ ਨਿਹਚਾ

19. ਕਿਹੜੀਆਂ ਗੱਲਾਂ ਤੋਂ ਸਬੂਤ ਮਿਲਦਾ ਹੈ ਕਿ ਪਰਮੇਸ਼ੁਰ ਹੈ ਅਤੇ ਪਵਿੱਤਰ ਸ਼ਕਤੀ ਕੰਮ ਕਰ ਰਹੀ ਹੈ?

19 ਪਰਮੇਸ਼ੁਰ ਉੱਤੇ ਨਿਹਚਾ ਕਰਨ, ਉਸ ਨੂੰ ਪਿਆਰ ਕਰਨ ਅਤੇ ਉਸ ਲਈ ਸ਼ਰਧਾ ਰੱਖਣ ਲਈ ਜ਼ਰੂਰੀ ਨਹੀਂ ਹੈ ਕਿ ਸਾਨੂੰ ਸ੍ਰਿਸ਼ਟੀ ਬਾਰੇ ਸਾਰਾ ਕੁਝ ਜਾਣਨ ਦੀ ਲੋੜ ਹੈ। ਜਿਸ ਤਰ੍ਹਾਂ ਕਿਸੇ ਇਨਸਾਨ ਨਾਲ ਦੋਸਤੀ ਸਿਰਫ਼ ਤੱਥਾਂ ਉੱਤੇ ਆਧਾਰਿਤ ਨਹੀਂ ਹੁੰਦੀ, ਉਸੇ ਤਰ੍ਹਾਂ ਯਹੋਵਾਹ ਉੱਤੇ ਨਿਹਚਾ ਕਰਨ ਲਈ ਸਿਰਫ਼ ਤੱਥ ਜਾਣਨੇ ਜ਼ਰੂਰੀ ਨਹੀਂ ਹਨ। ਜਿਉਂ-ਜਿਉਂ ਦੋਸਤ ਇਕ-ਦੂਜੇ ਬਾਰੇ ਚੰਗੀ ਤਰ੍ਹਾਂ ਜਾਣਨ ਲੱਗਦੇ ਹਨ, ਤਿਉਂ-ਤਿਉਂ ਉਨ੍ਹਾਂ ਦੀ ਦੋਸਤੀ ਪੱਕੀ ਹੁੰਦੀ ਜਾਂਦੀ ਹੈ। ਇਸੇ ਤਰ੍ਹਾਂ ਪਰਮੇਸ਼ੁਰ ਉੱਤੇ ਸਾਡੀ ਨਿਹਚਾ ਵਧਦੀ ਜਾਂਦੀ ਹੈ ਜਿਉਂ-ਜਿਉਂ ਉਸ ਬਾਰੇ ਅਸੀਂ ਹੋਰ ਜ਼ਿਆਦਾ ਸਿੱਖਦੇ ਜਾਂਦੇ ਹਾਂ। ਵਾਕਈ, ਜਦੋਂ ਉਹ ਸਾਡੀਆਂ ਪ੍ਰਾਰਥਨਾਵਾਂ ਦਾ ਜਵਾਬ ਦਿੰਦਾ ਹੈ ਅਤੇ ਅਸੀਂ ਜ਼ਿੰਦਗੀ ਵਿਚ ਉਸ ਦੇ ਅਸੂਲਾਂ ਨੂੰ ਲਾਗੂ ਕਰਨ ਦੇ ਚੰਗੇ ਅਸਰਾਂ ਨੂੰ ਦੇਖਦੇ ਹਾਂ, ਤਾਂ ਬਦੋ-ਬਦੀ ਸਾਡਾ ਦਿਲ ਕਹਿ ਉੱਠਦਾ ਹੈ ਕਿ ਪਰਮੇਸ਼ੁਰ ਸੱਚ-ਮੁੱਚ ਹੈ। ਅਸੀਂ ਯਹੋਵਾਹ ਦੇ ਹੋਰ ਵੀ ਕਰੀਬ ਹੋ ਜਾਂਦੇ ਹਾਂ ਜਦੋਂ ਅਸੀਂ ਹੋਰ ਜ਼ਿਆਦਾ ਸਬੂਤ ਦੇਖਦੇ ਹਾਂ ਕਿ ਉਹ ਸਾਡੇ ਕਦਮਾਂ ਨੂੰ ਸੇਧ ਦਿੰਦਾ ਹੈ, ਸਾਡੀ ਰਾਖੀ ਕਰਦਾ ਹੈ, ਉਸ ਦੀ ਸੇਵਾ ਲਈ ਕੀਤੇ ਸਾਡੇ ਜਤਨਾਂ ਉੱਤੇ ਬਰਕਤ ਪਾਉਂਦਾ ਹੈ ਅਤੇ ਸਾਡੀਆਂ ਲੋੜਾਂ ਪੂਰੀਆਂ ਕਰਦਾ ਹੈ। ਇਹ ਸਾਰਾ ਕੁਝ ਜ਼ਬਰਦਸਤ ਸਬੂਤ ਦਿੰਦਾ ਹੈ ਕਿ ਪਰਮੇਸ਼ੁਰ ਹੈ ਅਤੇ ਉਸ ਦੀ ਪਵਿੱਤਰ ਸ਼ਕਤੀ ਕੰਮ ਕਰ ਰਹੀ ਹੈ।

20. (ੳ) ਪਰਮੇਸ਼ੁਰ ਨੇ ਬ੍ਰਹਿਮੰਡ ਅਤੇ ਇਨਸਾਨ ਨੂੰ ਕਿਉਂ ਬਣਾਇਆ? (ਅ) ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਦੀ ਸੇਧ ਅਨੁਸਾਰ ਚੱਲਦੇ ਰਹਿਣ ਦਾ ਕੀ ਨਤੀਜਾ ਨਿਕਲੇਗਾ?

20 ਯਹੋਵਾਹ ਵੱਲੋਂ ਪਵਿੱਤਰ ਸ਼ਕਤੀ ਵਰਤੇ ਜਾਣ ਦੀ ਵਧੀਆ ਮਿਸਾਲ ਹੈ ਬਾਈਬਲ, ਕਿਉਂਕਿ ਇਸ ਨੂੰ ਲਿਖਣ ਵਾਲੇ ‘ਪਵਿੱਤਰ ਸ਼ਕਤੀ ਦੇ ਉਕਾਸਣ ਨਾਲ ਪਰਮੇਸ਼ੁਰ ਦੀ ਵੱਲੋਂ ਬੋਲਦੇ ਸਨ।’ (2 ਪਤ. 1:21) ਧਿਆਨ ਨਾਲ ਬਾਈਬਲ ਦਾ ਅਧਿਐਨ ਕਰਨ ਨਾਲ ਪਰਮੇਸ਼ੁਰ ਉੱਤੇ ਸਾਡੀ ਨਿਹਚਾ ਵਧ ਸਕਦੀ ਹੈ ਕਿ ਉਸੇ ਨੇ ਸਾਰੀਆਂ ਚੀਜ਼ਾਂ ਰਚੀਆਂ ਹਨ। (ਪਰ. 4:11) ਯਹੋਵਾਹ ਨੇ ਆਪਣੇ ਪਿਆਰ ਦਾ ਇਜ਼ਹਾਰ ਕਰਨ ਲਈ ਸ੍ਰਿਸ਼ਟੀ ਰਚੀ। (1 ਯੂਹੰ. 4:8) ਤਾਂ ਫਿਰ ਆਓ ਆਪਾਂ ਆਪਣੀ ਪੂਰੀ ਵਾਹ ਲਾ ਕੇ ਆਪਣੇ ਪਿਆਰੇ ਸਵਰਗੀ ਪਿਤਾ ਅਤੇ ਦੋਸਤ ਬਾਰੇ ਸਿੱਖਣ ਵਿਚ ਦੂਜਿਆਂ ਦੀ ਮਦਦ ਕਰੀਏ। ਅਸੀਂ ਆਪਣੇ ਬਾਰੇ ਕਹਿ ਸਕਦੇ ਹਾਂ ਕਿ ਜੇ ਅਸੀਂ ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਦੀ ਸੇਧ ਅਨੁਸਾਰ ਚੱਲਦੇ ਰਹਾਂਗੇ, ਤਾਂ ਸਾਨੂੰ ਉਸ ਬਾਰੇ ਹਮੇਸ਼ਾ ਸਿੱਖਦੇ ਰਹਿਣ ਦਾ ਸਨਮਾਨ ਮਿਲੇਗਾ। (ਗਲਾ. 5:16, 25) ਆਓ ਆਪਾਂ ਸਾਰੇ ਯਹੋਵਾਹ ਅਤੇ ਉਸ ਦੇ ਵੱਡੇ-ਵੱਡੇ ਕੰਮਾਂ ਬਾਰੇ ਸਿੱਖਦੇ ਰਹੀਏ ਅਤੇ ਆਪਣੀਆਂ ਜ਼ਿੰਦਗੀਆਂ ਵਿਚ ਉਸ ਦੇ ਅਸੀਮ ਪਿਆਰ ਨੂੰ ਜ਼ਾਹਰ ਕਰੀਏ ਜੋ ਉਸ ਨੇ ਆਕਾਸ਼, ਧਰਤੀ ਅਤੇ ਮਨੁੱਖਜਾਤੀ ਨੂੰ ਰਚ ਕੇ ਦਿਖਾਇਆ ਸੀ।

ਕੀ ਤੁਸੀਂ ਸਮਝਾ ਸਕਦੇ ਹੋ?

• ਆਕਾਸ਼ ਅਤੇ ਧਰਤੀ ਦੀ ਹੋਂਦ ਸਾਨੂੰ ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਦੀ ਵਰਤੋਂ ਬਾਰੇ ਕੀ ਸਿਖਾਉਂਦੀ ਹੈ?

• ਪਰਮੇਸ਼ੁਰ ਦੇ ਸਰੂਪ ਉੱਤੇ ਬਣੇ ਹੋਣ ਕਾਰਨ ਸਾਨੂੰ ਕਿਹੜੇ ਮੌਕੇ ਮਿਲਦੇ ਹਨ?

• ਸਾਨੂੰ ਸ੍ਰਿਸ਼ਟੀ ਦੇ ਪੱਖ ਵਿਚ ਸਬੂਤ ਦੀ ਜਾਂਚ ਕਰਨ ਦੀ ਕਿਉਂ ਲੋੜ ਹੈ?

• ਕਿਨ੍ਹਾਂ ਤਰੀਕਿਆਂ ਨਾਲ ਯਹੋਵਾਹ ਨਾਲ ਸਾਡਾ ਰਿਸ਼ਤਾ ਮਜ਼ਬੂਤ ਹੋ ਸਕਦਾ ਹੈ?

[ਸਵਾਲ]

[ਸਫ਼ਾ 7 ਉੱਤੇ ਤਸਵੀਰ]

ਅਸੀਂ ਸ੍ਰਿਸ਼ਟੀ ਤੋਂ ਕੀ ਸਿੱਖਦੇ ਹਾਂ ਜਦੋਂ ਅਸੀਂ ਦੇਖਦੇ ਹਾਂ ਕਿ ਬ੍ਰਹਿਮੰਡ ਵਿਚ ਸਭ ਕੁਝ ਨਿਯਮ ਅਨੁਸਾਰ ਚੱਲ ਰਿਹਾ ਹੈ?

[ਤਸਵੀਰ ਦੀ ਕ੍ਰੈਡਿਟ ਲਾਈਨ]

Stars: Anglo-Australian Observatory/David Malin Images

[ਸਫ਼ਾ 8 ਉੱਤੇ ਤਸਵੀਰਾਂ]

ਇਨ੍ਹਾਂ ਸਾਰੀਆਂ ਚੀਜ਼ਾਂ ਵਿਚ ਡੀ. ਐੱਨ. ਏ. ਕਿਵੇਂ ਕੰਮ ਕਰਦਾ ਹੈ?

[ਸਫ਼ਾ 10 ਉੱਤੇ ਤਸਵੀਰ]

ਕੀ ਤੁਸੀਂ ਆਪਣੀ ਨਿਹਚਾ ਦੇ ਪੱਖ ਵਿਚ ਬੋਲਣ ਲਈ ਤਿਆਰ ਹੋ?