Skip to content

Skip to table of contents

ਬੇਈਮਾਨ ਦੁਨੀਆਂ ਵਿਚ ਈਮਾਨਦਾਰ ਕਿਵੇਂ ਰਹੀਏ

ਬੇਈਮਾਨ ਦੁਨੀਆਂ ਵਿਚ ਈਮਾਨਦਾਰ ਕਿਵੇਂ ਰਹੀਏ

ਬੇਈਮਾਨ ਦੁਨੀਆਂ ਵਿਚ ਈਮਾਨਦਾਰ ਕਿਵੇਂ ਰਹੀਏ

ਹਵਾ ਦੀ ਤਰ੍ਹਾਂ ਬੇਈਮਾਨੀ ਹਰ ਪਾਸੇ ਫੈਲੀ ਹੋਈ ਹੈ। ਲੋਕ ਝੂਠ ਬੋਲਦੇ ਹਨ, ਕਿਸੇ ਚੀਜ਼ ਦੇ ਵਧ ਪੈਸੇ ਲਾਉਂਦੇ ਹਨ, ਚੋਰੀ ਕਰਦੇ ਹਨ, ਕਰਜ਼ਾ ਨਹੀਂ ਮੋੜਦੇ ਅਤੇ ਸ਼ੇਖ਼ੀ ਮਾਰਦੇ ਹਨ ਕਿ ਉਹ ਬਿਜ਼ਨਿਸ ਦੇ ਮਾਮਲਿਆਂ ਵਿਚ ਕਿੰਨੇ ਚਲਾਕ ਹਨ। ਇਸ ਮਾਹੌਲ ਵਿਚ ਰਹਿੰਦਿਆਂ ਅਕਸਰ ਅਸੀਂ ਅਜਿਹੀਆਂ ਸਥਿਤੀਆਂ ਵਿੱਚੋਂ ਗੁਜ਼ਰਦੇ ਹਾਂ ਜਦੋਂ ਸਾਡੇ ਈਮਾਨਦਾਰ ਰਹਿਣ ਦੇ ਇਰਾਦੇ ਦੀ ਪਰਖ ਹੁੰਦੀ ਹੈ। ਬੇਈਮਾਨੀ ਕਰਨ ਦਾ ਝੁਕਾਅ ਆਉਂਦਿਆਂ ਹੀ ਅਸੀਂ ਇਸ ਨੂੰ ਮਨ ਵਿੱਚੋਂ ਕਿਵੇਂ ਕੱਢ ਸਕਦੇ ਹਾਂ? ਆਓ ਆਪਾਂ ਤਿੰਨ ਗੱਲਾਂ ਉੱਤੇ ਗੌਰ ਕਰੀਏ ਜਿਨ੍ਹਾਂ ਦੀ ਮਦਦ ਨਾਲ ਅਸੀਂ ਇਸ ਤਰ੍ਹਾਂ ਕਰ ਪਾਵਾਂਗੇ। ਇਹ ਹਨ ਯਹੋਵਾਹ ਦਾ ਭੈ, ਸ਼ੁੱਧ ਜ਼ਮੀਰ ਅਤੇ ਸੰਤੁਸ਼ਟੀ।

ਯਹੋਵਾਹ ਲਈ ਸ਼ਰਧਾਮਈ ਭੈ

ਯਸਾਯਾਹ ਨਬੀ ਨੇ ਲਿਖਿਆ: “ਯਹੋਵਾਹ ਤਾਂ ਸਾਡਾ ਨਿਆਈ ਹੈ, ਯਹੋਵਾਹ ਸਾਡਾ ਬਿਧੀਆਂ ਦੇਣ ਵਾਲਾ ਹੈ, ਯਹੋਵਾਹ ਸਾਡਾ ਪਾਤਸ਼ਾਹ ਹੈ।” (ਯਸਾ. 33:22) ਜਦੋਂ ਅਸੀਂ ਯਹੋਵਾਹ ਦੀ ਇਸ ਪਦਵੀ ਨੂੰ ਧਿਆਨ ਵਿਚ ਰੱਖਦੇ ਹਾਂ, ਤਾਂ ਸਾਡੇ ਦਿਲ ਵਿਚ ਉਸ ਲਈ ਡਰ ਪੈਦਾ ਹੁੰਦਾ ਹੈ ਜਿਸ ਕਰਕੇ ਸਾਡਾ ਇਰਾਦਾ ਪੱਕਾ ਹੁੰਦਾ ਹੈ ਕਿ ਅਸੀਂ ਬੇਈਮਾਨੀ ਨਹੀਂ ਕਰਾਂਗੇ। ਕਹਾਉਤਾਂ 16:6 ਕਹਿੰਦਾ ਹੈ: “ਯਹੋਵਾਹ ਦਾ ਭੈ ਮੰਨਣ ਕਰਕੇ ਲੋਕ ਬੁਰਿਆਈ ਤੋਂ ਪਰੇ ਰਹਿੰਦੇ ਹਨ।” ਇਸ ਡਰ ਕਾਰਨ ਅਸੀਂ ਖ਼ੌਫ਼ ਨਹੀਂ ਖਾਂਦੇ ਕਿ ਪਰਮੇਸ਼ੁਰ ਸਾਡੇ ਉੱਤੇ ਕਿਤੇ ਕੋਈ ਬਿਪਤਾ ਨਾ ਲੈ ਆਵੇ, ਬਲਕਿ ਇਸ ਡਰ ਤੋਂ ਉਸ ਲਈ ਸ਼ਰਧਾ ਝਲਕਦੀ ਹੈ ਜਿਸ ਕਾਰਨ ਅਸੀਂ ਆਪਣੇ ਸਵਰਗੀ ਪਿਤਾ ਨੂੰ ਨਾਰਾਜ਼ ਕਰਨ ਤੋਂ ਦੂਰ ਰਹਿੰਦੇ ਹਾਂ ਜੋ ਦਿਲੋਂ ਸਾਡੀ ਭਲਾਈ ਚਾਹੁੰਦਾ ਹੈ।—1 ਪਤ. 3:12.

ਅੱਗੇ ਦੱਸੀ ਇਕ ਜੀਉਂਦੀ-ਜਾਗਦੀ ਮਿਸਾਲ ਤੋਂ ਸਾਫ਼ ਪਤਾ ਲੱਗਦਾ ਹੈ ਕਿ ਇਸ ਡਰ ਦਾ ਕਿੰਨਾ ਚੰਗਾ ਅਸਰ ਪੈਂਦਾ ਹੈ। ਰਿਕਾਰਦੂ ਅਤੇ ਉਸ ਦੀ ਪਤਨੀ ਫਰਨਾਂਦੇ ਨੇ ਬੈਂਕ ਵਿੱਚੋਂ 700 ਅਮਰੀਕੀ ਡਾਲਰ (31,867 ਰੁਪਏ) ਕਢਵਾਏ। * ਫਰਨਾਂਦੇ ਨੇ ਬਿਨਾਂ ਗਿਣੇ ਨੋਟਾਂ ਦੀ ਦੱਥੀ ਆਪਣੇ ਪਰਸ ਵਿਚ ਪਾ ਲਈ। ਕੁਝ ਬਿਲ ਦੇਣ ਤੋਂ ਬਾਅਦ ਜਦੋਂ ਉਹ ਘਰ ਆਏ, ਤਾਂ ਉਹ ਇਹ ਦੇਖ ਕੇ ਹੈਰਾਨ ਰਹਿ ਗਏ ਕਿ ਪਰਸ ਵਿਚ ਹਾਲੇ ਵੀ ਉੱਨੇ ਪੈਸੇ ਸਨ ਜਿੰਨੇ ਉਨ੍ਹਾਂ ਨੇ ਕਢਵਾਏ ਸਨ। ਉਨ੍ਹਾਂ ਨੇ ਸਿੱਟਾ ਕੱਢਿਆ: “ਬੈਂਕ ਦੀ ਕੈਸ਼ੀਅਰ ਨੇ ਸਾਨੂੰ ਜ਼ਿਆਦਾ ਪੈਸੇ ਦੇ ਦਿੱਤੇ ਹੋਣੇ।” ਪਹਿਲਾਂ-ਪਹਿਲ ਉਨ੍ਹਾਂ ਨੇ ਪੈਸੇ ਰੱਖਣ ਦਾ ਲਾਲਚ ਕੀਤਾ ਕਿਉਂਕਿ ਉਨ੍ਹਾਂ ਨੇ ਹਾਲੇ ਦੂਸਰੇ ਕਈ ਬਿਲ ਦੇਣੇ ਸਨ। ਰਿਕਾਰਦੂ ਦੱਸਦਾ ਹੈ: “ਅਸੀਂ ਯਹੋਵਾਹ ਨੂੰ ਪ੍ਰਾਰਥਨਾ ਕੀਤੀ ਕਿ ਉਹ ਸਾਨੂੰ ਪੈਸੇ ਮੋੜਨ ਦੀ ਹਿੰਮਤ ਦੇਵੇ। ਅਸੀਂ ਕਹਾਉਤਾਂ 27:11 ਵਿਚ ਕੀਤੀ ਉਸ ਦੀ ਗੁਜ਼ਾਰਸ਼ ਮੁਤਾਬਕ ਉਸ ਨੂੰ ਖ਼ੁਸ਼ ਕਰਨਾ ਚਾਹੁੰਦੇ ਸਾਂ ਜਿਸ ਕਰਕੇ ਅਸੀਂ ਪੈਸੇ ਮੋੜਨ ਦਾ ਫ਼ੈਸਲਾ ਕੀਤਾ।”

ਬਾਈਬਲ ਮੁਤਾਬਕ ਢਾਲ਼ੀ ਜ਼ਮੀਰ

ਅਸੀਂ ਬਾਈਬਲ ਦਾ ਅਧਿਐਨ ਕਰ ਕੇ ਅਤੇ ਸਿੱਖੀਆਂ ਗੱਲਾਂ ਉੱਤੇ ਚੱਲ ਕੇ ਆਪਣੀ ਜ਼ਮੀਰ ਨੂੰ ਇਸ ਮੁਤਾਬਕ ਢਾਲ਼ ਸਕਦੇ ਹਾਂ। ਇਸ ਤਰ੍ਹਾਂ ‘ਪਰਮੇਸ਼ੁਰ ਦਾ ਬਚਨ ਜੋ ਜੀਉਂਦਾ ਅਤੇ ਗੁਣਕਾਰ ਹੈ,’ ਨਾ ਸਿਰਫ਼ ਸਾਡੇ ਦਿਮਾਗ਼ਾਂ ’ਤੇ ਅਸਰ ਕਰੇਗਾ, ਸਗੋਂ ਦਿਲਾਂ ਤਕ ਵੀ ਪਹੁੰਚੇਗਾ। ਇਹ ਸਾਨੂੰ “ਸਾਰੀਆਂ ਗੱਲਾਂ ਵਿੱਚ ਨੇਕੀ ਨਾਲ” ਚੱਲਣ ਲਈ ਪ੍ਰੇਰੇਗਾ।—ਇਬ. 4:12; 13:18.

ਜ਼ਵਾਓਂ ਦੀ ਮਿਸਾਲ ਲੈ ਲਓ। ਉਸ ਨੇ 5,000 ਅਮਰੀਕੀ ਡਾਲਰਾਂ (2,27,600 ਰੁਪਏ) ਦਾ ਭਾਰੀ ਕਰਜ਼ਾ ਆਪਣੇ ਸਿਰ ਚੜ੍ਹਾ ਲਿਆ। ਫਿਰ ਕਰਜ਼ਾ ਮੋੜੇ ਬਿਨਾਂ ਉਹ ਕਿਸੇ ਹੋਰ ਸ਼ਹਿਰ ਚਲਾ ਗਿਆ। ਅੱਠ ਸਾਲਾਂ ਬਾਅਦ ਜ਼ਵਾਓਂ ਨੇ ਸੱਚਾਈ ਸਿੱਖੀ ਅਤੇ ਬਾਈਬਲ ਮੁਤਾਬਕ ਢਾਲ਼ੀ ਉਸ ਦੀ ਜ਼ਮੀਰ ਨੇ ਉਸ ਨੂੰ ਪ੍ਰੇਰਿਆ ਕਿ ਉਹ ਉਸ ਬੰਦੇ ਨੂੰ ਭਾਲੇ ਜਿਸ ਤੋਂ ਉਸ ਨੇ ਕਰਜ਼ਾ ਲਿਆ ਸੀ ਤਾਂਕਿ ਉਸ ਨੂੰ ਸਾਰੇ ਪੈਸੇ ਮੋੜ ਸਕੇ! ਜ਼ਵਾਓਂ ਆਪਣੀ ਥੋੜ੍ਹੀ ਜਿਹੀ ਤਨਖ਼ਾਹ ਨਾਲ ਆਪਣੀ ਪਤਨੀ ਅਤੇ ਚਾਰ ਬੱਚਿਆਂ ਦਾ ਢਿੱਡ ਭਰਦਾ ਸੀ, ਇਸ ਲਈ ਉਸ ਬੰਦੇ ਨੇ ਕਿਹਾ ਕਿ ਉਹ ਹਰ ਮਹੀਨੇ ਕਿਸ਼ਤਾਂ ਰਾਹੀਂ ਕਰਜ਼ਾ ਮੋੜ ਸਕਦਾ ਹੈ।

ਸੰਤੁਸ਼ਟੀ

ਪੌਲੁਸ ਰਸੂਲ ਨੇ ਲਿਖਿਆ: “ਸੰਤੋਖ ਨਾਲ ਭਗਤੀ ਹੈ ਤਾਂ ਵੱਡੀ ਖੱਟੀ। . . . ਜਦੋਂ ਸਾਨੂੰ ਭੋਜਨ ਬਸਤਰ ਮਿਲਿਆ ਹੋਇਆ ਹੈ ਤਾਂ ਸਾਡੇ ਲਈ ਇਹੋ ਬਥੇਰਾ ਹੈ।” (1 ਤਿਮੋ. 6:6-8) ਇਹ ਚੰਗੀ ਸਲਾਹ ਮੰਨਣ ਨਾਲ ਅਸੀਂ ਗ਼ੈਰ-ਕਾਨੂੰਨੀ ਤਰੀਕਿਆਂ ਨਾਲ ਬਿਜ਼ਨਿਸ ਕਰਨ ਜਾਂ ਰਾਤੋ-ਰਾਤ ਅਮੀਰ ਬਣਨ ਦੀਆਂ ਸਕੀਮਾਂ ਦੇ ਲਾਲਚ ਵਿਚ ਨਹੀਂ ਪਵਾਂਗੇ। (ਕਹਾ. 28:20) ਪੌਲੁਸ ਦੀ ਸਲਾਹ ’ਤੇ ਚੱਲਣ ਨਾਲ ਸਾਨੂੰ ਪਰਮੇਸ਼ੁਰ ਦੇ ਰਾਜ ਨੂੰ ਪਹਿਲ ਦੇਣ ਵਿਚ ਵੀ ਮਦਦ ਮਿਲੇਗੀ ਕਿਉਂਕਿ ਸਾਨੂੰ ਭਰੋਸਾ ਹੈ ਕਿ ਸਾਡੀਆਂ ਬੁਨਿਆਦੀ ਲੋੜਾਂ ਪੂਰੀਆਂ ਕੀਤੀਆਂ ਜਾਣਗੀਆਂ।—ਮੱਤੀ 6:25-34.

‘ਧਨ ਦੇ ਧੋਖੇ’ ਕਾਰਨ ਅਸੀਂ ਲਾਲਚ ਦੇ ਫੰਦੇ ਵਿਚ ਫਸ ਸਕਦੇ ਹਾਂ ਜਿਸ ਨੂੰ ਐਵੇਂ ਨਹੀਂ ਸਮਝਣਾ ਚਾਹੀਦਾ। (ਮੱਤੀ 13:22) ਆਕਾਨ ਨਾਂ ਦੇ ਆਦਮੀ ਨੂੰ ਚੇਤੇ ਕਰੋ। ਉਸ ਨੇ ਆਪਣੀਆਂ ਅੱਖਾਂ ਨਾਲ ਦੇਖਿਆ ਸੀ ਕਿ ਇਸਰਾਏਲੀਆਂ ਨੂੰ ਪਰਮੇਸ਼ੁਰ ਨੇ ਯਰਦਨ ਦਰਿਆ ਚਮਤਕਾਰੀ ਢੰਗ ਨਾਲ ਪਾਰ ਕਰਵਾਇਆ ਸੀ। ਫਿਰ ਵੀ ਲਾਲਚ ਵਿਚ ਆ ਕੇ ਉਸ ਤੋਂ ਯਰੀਹੋ ਸ਼ਹਿਰ ਦੀ ਲੁੱਟ ਦੇ ਮਾਲ ਵਿੱਚੋਂ ਕੁਝ ਚਾਂਦੀ, ਸੋਨਾ ਅਤੇ ਇਕ ਮਹਿੰਗਾ ਚੋਗਾ ਚੁਰਾਉਣ ਤੋਂ ਰਿਹਾ ਨਾ ਗਿਆ। ਇਸ ਕਾਰਨ ਉਹ ਆਪਣੀ ਜਾਨ ਗੁਆ ਬੈਠਾ। (ਯਹੋ. 7:1, 20-26) ਤਾਂ ਫਿਰ ਹੈਰਾਨੀ ਦੀ ਗੱਲ ਨਹੀਂ ਕਿ ਸਦੀਆਂ ਬਾਅਦ ਯਿਸੂ ਨੇ ਚੇਤਾਵਨੀ ਦਿੱਤੀ: “ਖਬਰਦਾਰ ਅਤੇ ਸਾਰੇ ਲੋਭ ਤੋਂ ਬਚੇ ਰਹੋ।”—ਲੂਕਾ 12:15.

ਕੰਮ ਦੀ ਥਾਂ ਤੇ ਈਮਾਨਦਾਰ ਹੋਵੋ

ਹੁਣ ਆਓ ਆਪਾਂ ਕੁਝ ਹਾਲਾਤਾਂ ਉੱਤੇ ਗੌਰ ਕਰੀਏ ਜਿਨ੍ਹਾਂ ਕਾਰਨ ਸਾਰੀਆਂ ਗੱਲਾਂ ਵਿਚ ਈਮਾਨਦਾਰ ਰਹਿਣ ਦੇ ਸਾਡੇ ਇਰਾਦੇ ਦੀ ਪਰਖ ਹੋ ਸਕਦੀ ਹੈ। ਕੰਮ ਦੀ ਥਾਂ ਤੇ ਈਮਾਨਦਾਰ ਹੋਣ ਵਿਚ ਸ਼ਾਮਲ ਹੈ ਕਿ ਅਸੀਂ ‘ਚੋਰੀ ਚਲਾਕੀ ਨਾ ਕਰੀਏ,’ ਭਾਵੇਂ ਕਿ ਦੂਜਿਆਂ ਲਈ ਇੱਦਾਂ ਕਰਨਾ ਆਮ ਗੱਲ ਹੈ। (ਤੀਤੁ. 2:9, 10) ਜੂਰਾਨਦੀਰ ਸਰਕਾਰੀ ਏਜੰਸੀ ਵਿਚ ਕੰਮ ਕਰਦਾ ਹੈ ਅਤੇ ਉਹ ਈਮਾਨਦਾਰੀ ਨਾਲ ਦੱਸਦਾ ਸੀ ਕਿ ਉਸ ਨੇ ਸਫ਼ਰ ਦੌਰਾਨ ਕਿੰਨੇ ਪੈਸੇ ਖ਼ਰਚੇ। ਪਰ ਉਸ ਨਾਲ ਕੰਮ ਕਰਨ ਵਾਲੇ ਜ਼ਿਆਦਾ ਪੈਸੇ ਦੱਸਦੇ ਸਨ ਭਾਵੇਂ ਕਿ ਉਹ ਖ਼ਰਚਦੇ ਘੱਟ ਸਨ। ਉਹ ਇਸ ਤਰ੍ਹਾਂ ਕਰ ਸਕਦੇ ਸਨ ਕਿਉਂਕਿ ਉਨ੍ਹਾਂ ਦੇ ਮਹਿਕਮੇ ਦਾ ਹੈੱਡ ਉਨ੍ਹਾਂ ਦੀ ਬੇਈਮਾਨੀ ਨੂੰ ਦੇਖਦੇ ਹੋਏ ਵੀ ਇਸ ਤੋਂ ਅੱਖਾਂ ਫੇਰ ਲੈਂਦਾ ਸੀ। ਅਸਲ ਵਿਚ ਇਸ ਬੰਦੇ ਨੇ ਜੂਰਾਨਦੀਰ ਨੂੰ ਉਸ ਦੀ ਈਮਾਨਦਾਰੀ ਕਾਰਨ ਝਿੜਕਿਆ ਅਤੇ ਬਿਜ਼ਨਿਸ ਲਈ ਉਸ ਨੂੰ ਸਫ਼ਰ ’ਤੇ ਭੇਜਣਾ ਬੰਦ ਕਰ ਦਿੱਤਾ। ਪਰ ਸਮੇਂ ਦੇ ਬੀਤਣ ਨਾਲ ਏਜੰਸੀ ਦੇ ਹਿਸਾਬ-ਕਿਤਾਬ ਦੀ ਜਾਂਚ-ਪੜਤਾਲ ਹੋਈ ਅਤੇ ਜੂਰਾਨਦੀਰ ਦੀ ਈਮਾਨਦਾਰੀ ਕਾਰਨ ਉਸ ਦੀ ਤਾਰੀਫ਼ ਕੀਤੀ ਗਈ। ਉਸ ਦੀ ਪ੍ਰਮੋਸ਼ਨ ਵੀ ਹੋਈ।

ਸੇਲਜ਼ਮੈਨ ਆਂਡਰੇ ਨੂੰ ਉਸ ਦੇ ਮਾਲਕ ਨੇ ਕਿਹਾ ਕਿ ਉਹ ਗਾਹਕਾਂ ਦੇ ਖਾਤੇ ਵਿੱਚੋਂ ਹਰ ਚੀਜ਼ ਦੇ ਦੁਗਣੇ ਪੈਸੇ ਕੱਟਿਆ ਕਰੇ। ਸਾਡੇ ਇਸ ਭਰਾ ਨੇ ਯਹੋਵਾਹ ਨੂੰ ਪ੍ਰਾਰਥਨਾ ਕੀਤੀ ਕਿ ਉਹ ਉਸ ਨੂੰ ਬਾਈਬਲ ਦੇ ਅਸੂਲਾਂ ਉੱਤੇ ਚੱਲਣ ਦੀ ਤਾਕਤ ਦੇਵੇ। (ਜ਼ਬੂ. 145:18-20) ਉਸ ਨੇ ਆਪਣੇ ਮਾਲਕ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਉਹ ਉਸ ਦੀਆਂ ਹਿਦਾਇਤਾਂ ਨੂੰ ਕਿਉਂ ਨਹੀਂ ਸੀ ਮੰਨ ਸਕਦਾ। ਪਰ ਕੋਈ ਫ਼ਾਇਦਾ ਨਹੀਂ ਹੋਇਆ। ਇਸ ਲਈ ਆਂਡਰੇ ਨੇ ਚੰਗੀ-ਖ਼ਾਸੀ ਤਨਖ਼ਾਹ ਵਾਲੀ ਨੌਕਰੀ ਛੱਡਣ ਦਾ ਫ਼ੈਸਲਾ ਕੀਤਾ। ਪਰ ਲਗਭਗ ਇਕ ਸਾਲ ਬਾਅਦ ਉਸ ਮਾਲਕ ਨੇ ਉਸ ਨੂੰ ਕੰਮ ’ਤੇ ਦੁਬਾਰਾ ਬੁਲਾ ਲਿਆ ਅਤੇ ਉਸ ਨੂੰ ਯਕੀਨ ਦਿਵਾਇਆ ਕਿ ਹੁਣ ਗਾਹਕਾਂ ਤੋਂ ਦੁਗਣੇ ਪੈਸੇ ਨਹੀਂ ਲਏ ਜਾਂਦੇ। ਆਂਡਰੇ ਨੂੰ ਮੈਨੇਜਰ ਬਣਾ ਦਿੱਤਾ ਗਿਆ।

ਕਰਜ਼ੇ ਮੋੜੋ

ਪੌਲੁਸ ਰਸੂਲ ਨੇ ਮਸੀਹੀਆਂ ਨੂੰ ਸਲਾਹ ਦਿੱਤੀ: “ਕਿਸੇ ਦੇ ਕਰਜ਼ਦਾਰ ਨਾ ਰਹੋ।” (ਰੋਮੀ. 13:8) ਅਸੀਂ ਸ਼ਾਇਦ ਇਹ ਗੱਲ ਸਹੀ ਠਹਿਰਾਉਣ ਦੀ ਕੋਸ਼ਿਸ਼ ਕਰੀਏ ਕਿ ਕਰਜ਼ਾ ਮੋੜਨ ਦੀ ਲੋੜ ਨਹੀਂ ਹੈ ਕਿਉਂਕਿ ਪੈਸੇ ਉਧਾਰ ਦੇਣ ਵਾਲਾ ਚੰਗਾ-ਖ਼ਾਸਾ ਅਮੀਰ ਹੈ ਜਿਸ ਨੂੰ ਇਨ੍ਹਾਂ ਪੈਸਿਆਂ ਦੀ ਕੋਈ ਲੋੜ ਨਹੀਂ ਹੈ। ਪਰ ਬਾਈਬਲ ਚੇਤਾਵਨੀ ਦਿੰਦੀ ਹੈ: “ਦੁਸ਼ਟ ੳਧਾਰ ਲੈਂਦਾ ਹੈ ਅਤੇ ਮੋੜਦਾ ਨਹੀਂ।”—ਜ਼ਬੂ. 37:21.

ਪਰ ਫੇਰ ਕੀ ਜੇ ਅਚਾਨਕ “ਬੁਰਾ ਸਮਾਂ” ਆ ਜਾਣ ਤੇ ਅਸੀਂ ਕਰਜ਼ਾ ਨਹੀਂ ਮੋੜ ਪਾਉਂਦੇ? (ਉਪ. 9:11, CL) ਫਰਾਂਸਿਸਕੂ ਨੇ ਅਲਫ਼ਰੇਦੂ ਤੋਂ 7,000 ਅਮਰੀਕੀ ਡਾਲਰ (3,20,606 ਰੁਪਏ) ਕਰਜ਼ਾ ਲਿਆ ਤਾਂਕਿ ਉਹ ਘਰ ਖ਼ਰੀਦਣ ਲਈ ਲਏ ਕਰਜ਼ੇ ਨੂੰ ਮੋੜ ਸਕੇ। ਪਰ ਫਿਰ ਬਿਜ਼ਨਿਸ ਸੰਬੰਧੀ ਕੁਝ ਮੁਸ਼ਕਲਾਂ ਖੜ੍ਹੀਆਂ ਹੋ ਗਈਆਂ ਜਿਸ ਕਰਕੇ ਉਹ ਮਿੱਥੀ ਤਾਰੀਖ਼ ਤੇ ਅਲਫ਼ਰੇਦੂ ਨੂੰ ਕਰਜ਼ਾ ਨਹੀਂ ਮੋੜ ਸਕਿਆ। ਫਰਾਂਸਿਸਕੂ ਨੇ ਅਲਫ਼ਰੇਦੂ ਕੋਲ ਜਾ ਕੇ ਉਸ ਨਾਲ ਇਸ ਬਾਰੇ ਗੱਲ ਕੀਤੀ ਅਤੇ ਅਲਫ਼ਰੇਦੂ ਨੇ ਉਸ ਨੂੰ ਕਿਹਾ ਕਿ ਉਹ ਕਿਸ਼ਤਾਂ ਵਿਚ ਉਸ ਨੂੰ ਪੈਸੇ ਮੋੜ ਸਕਦਾ ਹੈ।

ਦਿਖਾਵਾ ਨਾ ਕਰੋ

ਪਹਿਲੀ ਸਦੀ ਦੀ ਮਸੀਹੀ ਕਲੀਸਿਯਾ ਦੇ ਇਕ ਜੋੜੇ ਹਨਾਨਿਯਾਹ ਅਤੇ ਸਫ਼ੀਰਾ ਦੀ ਬੁਰੀ ਮਿਸਾਲ ਚੇਤੇ ਕਰੋ। ਉਨ੍ਹਾਂ ਨੇ ਖੇਤ ਵੇਚ ਕੇ ਜੋ ਪੈਸਾ ਵੱਟਿਆ ਸੀ, ਉਸ ਵਿੱਚੋਂ ਉਹ ਕੁਝ ਪੈਸੇ ਰਸੂਲਾਂ ਕੋਲ ਲੈ ਕੇ ਆਏ ਅਤੇ ਕਿਹਾ ਕਿ ਇਹ ਖੇਤ ਦੀ ਪੂਰੀ ਕੀਮਤ ਸੀ। ਉਹ ਦਿਖਾਵੇ ਦੀ ਖੁੱਲ੍ਹ-ਦਿਲੀ ਨਾਲ ਲੋਕਾਂ ਦੀ ਵਾਹ-ਵਾਹ ਖੱਟਣੀ ਚਾਹੁੰਦੇ ਸਨ। ਪਰ ਪਤਰਸ ਰਸੂਲ ਨੇ ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਦੀ ਮਦਦ ਨਾਲ ਉਨ੍ਹਾਂ ਦੀ ਪੋਲ ਖੋਲ੍ਹ ਦਿੱਤੀ ਕਿ ਉਹ ਧੋਖਾ ਦੇ ਰਹੇ ਸਨ ਅਤੇ ਯਹੋਵਾਹ ਨੇ ਉਸੇ ਵੇਲੇ ਉਨ੍ਹਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ।—ਰਸੂ. 5:1-11.

ਹਨਾਨਿਯਾਹ ਅਤੇ ਸਫ਼ੀਰਾ ਦੀ ਬੇਈਮਾਨੀ ਦੇ ਉਲਟ ਬਾਈਬਲ ਦੇ ਲਿਖਾਰੀ ਖਰੇ ਅਤੇ ਈਮਾਨਦਾਰ ਸਨ। ਮੂਸਾ ਨੇ ਈਮਾਨਦਾਰੀ ਨਾਲ ਲਿਖਿਆ ਕਿ ਗੁੱਸੇ ਉੱਤੇ ਕਾਬੂ ਨਾ ਪਾਉਣ ਕਾਰਨ ਉਹ ਵਾਅਦਾ ਕੀਤੇ ਹੋਏ ਦੇਸ਼ ਵਿਚ ਨਹੀਂ ਵੜ ਸਕਿਆ। (ਗਿਣ. 20:7-13) ਇਸੇ ਤਰ੍ਹਾਂ ਯੂਨਾਹ ਨੇ ਆਪਣੀਆਂ ਉਹ ਕਮਜ਼ੋਰੀਆਂ ਨਹੀਂ ਲੁਕੋਈਆਂ ਜੋ ਉਸ ਨੇ ਨੀਨਵਾਹ ਦੇ ਲੋਕਾਂ ਨੂੰ ਪ੍ਰਚਾਰ ਕਰਨ ਤੋਂ ਪਹਿਲਾਂ ਅਤੇ ਬਾਅਦ ਵਿਚ ਜ਼ਾਹਰ ਕੀਤੀਆਂ ਸਨ। ਇਸ ਦੀ ਬਜਾਇ ਉਸ ਨੇ ਇਨ੍ਹਾਂ ਨੂੰ ਦਰਜ ਕੀਤਾ।—ਯੂਨਾ. 1:1-3; 4:1-3.

ਬੇਸ਼ੱਕ ਸੱਚ-ਸੱਚ ਦੱਸਣ ਲਈ ਹਿੰਮਤ ਦੀ ਲੋੜ ਹੈ, ਭਾਵੇਂ ਇਸ ਤਰ੍ਹਾਂ ਕਰਨਾ ਮਹਿੰਗਾ ਹੀ ਕਿਉਂ ਨਾ ਪਵੇ। ਸਕੂਲ ਵਿਚ 14 ਸਾਲਾਂ ਦੀ ਨਾਤਾਈਆ ਨਾਲ ਕੁਝ ਇਸੇ ਤਰ੍ਹਾਂ ਹੋਇਆ ਸੀ। ਉਸ ਨੇ ਆਪਣੇ ਪੇਪਰਾਂ ਵਿਚ ਦੇਖਿਆ ਕਿ ਅਧਿਆਪਕ ਨੇ ਇਕ ਸਵਾਲ ਦੇ ਜਵਾਬ ਉੱਤੇ ਠੀਕਾ ਮਾਰਿਆ ਹੋਇਆ ਸੀ ਜੋ ਅਸਲ ਵਿਚ ਗ਼ਲਤ ਸੀ। ਨਾਤਾਈਆ ਨੇ ਇਸ ਬਾਰੇ ਆਪਣੇ ਅਧਿਆਪਕ ਨੂੰ ਦੱਸਿਆ, ਭਾਵੇਂ ਕਿ ਇਸ ਤਰ੍ਹਾਂ ਕਰਨ ਨਾਲ ਉਸ ਦੇ ਨੰਬਰ ਕਾਫ਼ੀ ਘੱਟ ਜਾਣੇ ਸਨ। ਉਸ ਨੇ ਕਿਹਾ: “ਮੇਰੇ ਮਾਪਿਆਂ ਨੇ ਹਮੇਸ਼ਾ ਮੈਨੂੰ ਸਿਖਾਇਆ ਹੈ ਕਿ ਯਹੋਵਾਹ ਨੂੰ ਖ਼ੁਸ਼ ਕਰਨ ਲਈ ਮੈਨੂੰ ਈਮਾਨਦਾਰ ਹੋਣ ਦੀ ਲੋੜ ਹੈ। ਮੇਰੀ ਜ਼ਮੀਰ ਨੇ ਮੈਨੂੰ ਕੋਸਣਾ ਸੀ ਜੇ ਮੈਂ ਆਪਣੇ ਅਧਿਆਪਕ ਨੂੰ ਨਾ ਦੱਸਦੀ।” ਅਧਿਆਪਕ ਨਾਤਾਈਆ ਦੀ ਈਮਾਨਦਾਰੀ ਤੋਂ ਬਹੁਤ ਖ਼ੁਸ਼ ਹੋਇਆ।

ਈਮਾਨਦਾਰ ਹੋਣ ਨਾਲ ਯਹੋਵਾਹ ਦੀ ਮਹਿਮਾ ਹੁੰਦੀ ਹੈ

ਜੀਜ਼ੈਲ ਨਾਂ ਦੀ 17 ਸਾਲਾਂ ਦੀ ਕੁੜੀ ਨੂੰ ਇਕ ਬਟੂਆ ਲੱਭਿਆ ਜਿਸ ਵਿਚ ਕਾਗਜ਼ਾਤ ਅਤੇ 35 ਅਮਰੀਕੀ ਡਾਲਰ (1,606 ਰੁਪਏ) ਸਨ। ਉਸ ਨੇ ਸਕੂਲ ਦੇ ਅਧਿਕਾਰੀਆਂ ਰਾਹੀਂ ਬਟੂਏ ਦੇ ਮਾਲਕ ਨੂੰ ਬਟੂਆ ਮੋੜਨ ਦੇ ਇੰਤਜ਼ਾਮ ਕੀਤੇ। ਇਕ ਮਹੀਨੇ ਬਾਅਦ ਸਕੂਲ ਦੇ ਵਾਈਸ ਪ੍ਰਿੰਸੀਪਲ ਨੇ ਸਾਰੀ ਕਲਾਸ ਸਾਮ੍ਹਣੇ ਇਕ ਚਿੱਠੀ ਪੜ੍ਹੀ ਜਿਸ ਵਿਚ ਈਮਾਨਦਾਰ ਜੀਜ਼ੈਲ ਦੀ ਤਾਰੀਫ਼ ਕੀਤੀ ਗਈ ਸੀ ਤੇ ਉਸ ਦੇ ਪਰਿਵਾਰ ਨੂੰ ਸਲਾਹਿਆ ਗਿਆ ਸੀ ਜਿਸ ਨੇ ਜੀਜ਼ੈਲ ਨੂੰ ਚੰਗੀ ਸਿੱਖਿਆ ਦਿੱਤੀ ਅਤੇ ਪਰਮੇਸ਼ੁਰ ਦੇ ਰਾਹਾਂ ਬਾਰੇ ਸਿਖਾ ਕੇ ਉਸ ਦੀ ਪਾਲਣਾ-ਪੋਸ਼ਣਾ ਕੀਤੀ। ਉਸ ਦੇ ‘ਸ਼ੁਭ ਕਰਮਾਂ’ ਕਾਰਨ ਯਹੋਵਾਹ ਦੀ ਮਹਿਮਾ ਹੋਈ।—ਮੱਤੀ 5:14-16.

ਈਮਾਨਦਾਰ ਰਹਿਣ ਲਈ ਸਖ਼ਤ ਜਤਨ ਕਰਨਾ ਪੈਂਦਾ ਹੈ ਜਦੋਂ ਅਸੀਂ ਅਜਿਹੇ ਲੋਕਾਂ ਵਿਚ ਰਹਿੰਦੇ ਹਾਂ ਜੋ ‘ਆਪ ਸੁਆਰਥੀ, ਮਾਇਆ ਦੇ ਲੋਭੀ, ਸ਼ੇਖ਼ੀਬਾਜ਼, ਹੰਕਾਰੀ ਤੇ ਅਪਵਿੱਤਰ’ ਹਨ। (2 ਤਿਮੋ. 3:2) ਫਿਰ ਵੀ ਅਸੀਂ ਬੇਈਮਾਨ ਦੁਨੀਆਂ ਵਿਚ ਰਹਿ ਕੇ ਈਮਾਨਦਾਰ ਬਣ ਸਕਦੇ ਹਾਂ ਜੇ ਅਸੀਂ ਪਰਮੇਸ਼ੁਰ ਦਾ ਸ਼ਰਧਾਮਈ ਡਰ ਰੱਖੀਏ, ਆਪਣੀ ਜ਼ਮੀਰ ਬਾਈਬਲ ਅਨੁਸਾਰ ਢਾਲ਼ੀਏ ਅਤੇ ਸੰਤੁਸ਼ਟ ਰਹੀਏ। ਅਸੀਂ ਯਹੋਵਾਹ ਨਾਲ ਗੂੜ੍ਹੀ ਦੋਸਤੀ ਵੀ ਪਾਉਂਦੇ ਹਾਂ ਜੋ ‘ਧਰਮੀ ਹੈ ਤੇ ਧਰਮ ਨਾਲ ਪ੍ਰੀਤ ਰੱਖਦਾ ਹੈ।’—ਜ਼ਬੂ. 11:7.

[ਫੁਟਨੋਟ]

^ ਪੈਰਾ 5 ਕੁਝ ਨਾਂ ਬਦਲੇ ਗਏ ਹਨ।

[ਸਫ਼ਾ 7 ਉੱਤੇ ਤਸਵੀਰਾਂ]

ਯਹੋਵਾਹ ਦਾ ਡਰ ਰੱਖਣ ਨਾਲ ਈਮਾਨਦਾਰ ਰਹਿਣ ਦਾ ਸਾਡਾ ਇਰਾਦਾ ਪੱਕਾ ਹੁੰਦਾ ਹੈ

[ਸਫ਼ਾ 8 ਉੱਤੇ ਤਸਵੀਰ]

ਈਮਾਨਦਾਰੀ ਦੇ ਕੰਮ ਕਰਨ ਨਾਲ ਅਸੀਂ ਯਹੋਵਾਹ ਦੀ ਮਹਿਮਾ ਕਰਦੇ ਹਾਂ