Skip to content

Skip to table of contents

ਤੁਹਾਡੀ ਜ਼ਿੰਦਗੀ ਵਿਚ ਸਭ ਤੋਂ ਮਹੱਤਵਪੂਰਣ ਸ਼ਖ਼ਸ ਕੌਣ ਹੈ?

ਤੁਹਾਡੀ ਜ਼ਿੰਦਗੀ ਵਿਚ ਸਭ ਤੋਂ ਮਹੱਤਵਪੂਰਣ ਸ਼ਖ਼ਸ ਕੌਣ ਹੈ?

ਤੁਹਾਡੀ ਜ਼ਿੰਦਗੀ ਵਿਚ ਸਭ ਤੋਂ ਮਹੱਤਵਪੂਰਣ ਸ਼ਖ਼ਸ ਕੌਣ ਹੈ?

‘ਇਕੱਲਾ ਤੂੰ ਹੀ ਸਾਰੀ ਧਰਤੀ ਉੱਤੇ ਅੱਤ ਮਹਾਨ ਹੈਂ!’—ਜ਼ਬੂ. 83:18.

1, 2. ਆਪਣੇ ਬਚਾਅ ਲਈ ਸਿਰਫ਼ ਯਹੋਵਾਹ ਦੇ ਨਾਂ ਬਾਰੇ ਜਾਣਨਾ ਕਿਉਂ ਕਾਫ਼ੀ ਨਹੀਂ ਹੈ?

ਤੁਸੀਂ ਸ਼ਾਇਦ ਯਹੋਵਾਹ ਦਾ ਨਾਂ ਪਹਿਲੀ ਵਾਰ ਉਦੋਂ ਦੇਖਿਆ ਹੋਣਾ ਜਦੋਂ ਕਿਸੇ ਨੇ ਤੁਹਾਨੂੰ ਇਹ ਨਾਂ ਜ਼ਬੂਰਾਂ ਦੀ ਪੋਥੀ 83:18 ਵਿੱਚੋਂ ਦਿਖਾਇਆ। ਤੁਸੀਂ ਇਹ ਸ਼ਬਦ ਪੜ੍ਹ ਕੇ ਹੈਰਾਨ ਰਹਿ ਗਏ ਹੋਣੇ: “ਭਈ ਓਹ ਜਾਣਨ ਕਿ ਇਕੱਲਾ ਤੂੰ ਹੀ ਜਿਹ ਦਾ ਨਾਮ ਯਹੋਵਾਹ ਹੈ ਸਾਰੀ ਧਰਤੀ ਉੱਤੇ ਅੱਤ ਮਹਾਨ ਹੈਂ।” ਉਸ ਸਮੇਂ ਤੋਂ ਲੈ ਕੇ ਤੁਸੀਂ ਪਿਆਰੇ ਪਰਮੇਸ਼ੁਰ ਯਹੋਵਾਹ ਨੂੰ ਜਾਣਨ ਵਿਚ ਹੋਰਨਾਂ ਦੀ ਮਦਦ ਕਰਨ ਲਈ ਇਹੀ ਹਵਾਲਾ ਵਰਤਿਆ ਹੋਣਾ।—ਰੋਮੀ. 10:12, 13.

2 ਭਾਵੇਂ ਕਿ ਲੋਕਾਂ ਲਈ ਯਹੋਵਾਹ ਦਾ ਨਾਂ ਜਾਣਨਾ ਜ਼ਰੂਰੀ ਹੈ, ਪਰ ਇੰਨਾ ਹੀ ਕਾਫ਼ੀ ਨਹੀਂ ਹੈ। ਧਿਆਨ ਦਿਓ ਕਿ ਜ਼ਬੂਰਾਂ ਦੇ ਲਿਖਾਰੀ ਨੇ ਸਾਡੇ ਬਚਾਅ ਲਈ ਇਕ ਹੋਰ ਜ਼ਰੂਰੀ ਸੱਚਾਈ ਦੱਸਦੇ ਹੋਏ ਕਿਹਾ: ‘ਇਕੱਲਾ ਤੂੰ ਹੀ ਸਾਰੀ ਧਰਤੀ ਉੱਤੇ ਅੱਤ ਮਹਾਨ ਹੈਂ।’ ਜੀ ਹਾਂ, ਯਹੋਵਾਹ ਸਾਰੇ ਬ੍ਰਹਿਮੰਡ ਵਿਚ ਸਭ ਤੋਂ ਮਹੱਤਵਪੂਰਣ ਸ਼ਖ਼ਸ ਹੈ। ਸਿਰਜਣਹਾਰ ਹੋਣ ਦੇ ਨਾਤੇ ਉਸ ਦਾ ਇਹ ਹੱਕ ਹੈ ਕਿ ਸਾਰੇ ਪ੍ਰਾਣੀ ਉਸ ਦੀ ਆਗਿਆ ਮੰਨਣ। (ਪਰ. 4:11) ਇਸ ਚੰਗੇ ਕਾਰਨ ਕਰਕੇ ਸਾਨੂੰ ਆਪਣੇ ਆਪ ਤੋਂ ਪੁੱਛਣਾ ਚਾਹੀਦਾ ਹੈ ਕਿ‘ਮੇਰੀ ਜ਼ਿੰਦਗੀ ਵਿਚ ਸਭ ਤੋਂ ਮਹੱਤਵਪੂਰਣ ਸ਼ਖ਼ਸ ਕੌਣ ਹੈ?’ ਇਹ ਬਹੁਤ ਜ਼ਰੂਰੀ ਹੈ ਕਿ ਅਸੀਂ ਧਿਆਨ ਨਾਲ ਇਸ ਸਵਾਲ ਦੇ ਜਵਾਬ ਦੀ ਜਾਂਚ ਕਰੀਏ!

ਅਦਨ ਦੇ ਬਾਗ਼ ਵਿਚ ਉੱਠਿਆ ਮਸਲਾ

3, 4. ਸ਼ਤਾਨ ਹੱਵਾਹ ਨੂੰ ਧੋਖਾ ਕਿਵੇਂ ਦੇ ਸਕਿਆ ਅਤੇ ਇਸ ਦਾ ਕੀ ਨਤੀਜਾ ਨਿਕਲਿਆ?

3 ਅਦਨ ਦੇ ਬਾਗ਼ ਵਿਚ ਜੋ ਘਟਨਾਵਾਂ ਹੋਈਆਂ ਸਨ, ਉਨ੍ਹਾਂ ਤੋਂ ਦੇਖਿਆ ਜਾ ਸਕਦਾ ਹੈ ਕਿ ਇਹ ਸਵਾਲ ਕਿੰਨਾ ਗੰਭੀਰ ਹੈ। ਉੱਥੇ ਬਾਗ਼ੀ ਦੂਤ ਜੋ ਬਾਅਦ ਵਿਚ ਸ਼ਤਾਨ ਵਜੋਂ ਜਾਣਿਆ ਗਿਆ, ਨੇ ਪਹਿਲੀ ਔਰਤ ਹੱਵਾਹ ਨੂੰ ਭਰਮਾਇਆ। ਉਸ ਨੇ ਹੱਵਾਹ ਨੂੰ ਉਕਸਾਇਆ ਕਿ ਉਹ ਇਕ ਖ਼ਾਸ ਦਰਖ਼ਤ ਤੋਂ ਫਲ ਨਾ ਖਾਣ ਬਾਰੇ ਦਿੱਤੇ ਯਹੋਵਾਹ ਦੇ ਹੁਕਮ ਨੂੰ ਮੰਨਣ ਦੀ ਬਜਾਇ ਆਪਣੀ ਮਨ-ਮਰਜ਼ੀ ਕਰੇ। (ਉਤ. 2:17; 2 ਕੁਰਿੰ. 11:3) ਇਸ ਬਹਿਕਾਵੇ ਵਿਚ ਆ ਕੇ ਹੱਵਾਹ ਨੇ ਯਹੋਵਾਹ ਦੇ ਰਾਜ ਕਰਨ ਦੇ ਹੱਕ ਲਈ ਨਿਰਾਦਰ ਦਿਖਾਇਆ। ਉਸ ਨੇ ਆਪਣੀ ਜ਼ਿੰਦਗੀ ਵਿਚ ਯਹੋਵਾਹ ਨੂੰ ਸਭ ਤੋਂ ਮਹੱਤਵਪੂਰਣ ਸ਼ਖ਼ਸ ਨਹੀਂ ਮੰਨਿਆ। ਪਰ ਸ਼ਤਾਨ ਹੱਵਾਹ ਨੂੰ ਕਿਵੇਂ ਧੋਖਾ ਦੇ ਸਕਿਆ?

4 ਹੱਵਾਹ ਨਾਲ ਗੱਲਬਾਤ ਕਰਦਿਆਂ ਸ਼ਤਾਨ ਨੇ ਧੋਖਾ ਦੇਣ ਲਈ ਕਈ ਚਾਲਾਂ ਵਰਤੀਆਂ। (ਉਤਪਤ 3:1-5 ਪੜ੍ਹੋ।) ਪਹਿਲੀ, ਸ਼ਤਾਨ ਨੇ ਯਹੋਵਾਹ ਦਾ ਨਾਂ ਨਹੀਂ ਵਰਤਿਆ। ਉਸ ਨੇ ਸਿੱਧਾ “ਪਰਮੇਸ਼ੁਰ” ਹੀ ਕਿਹਾ। ਇਸ ਦੇ ਉਲਟ, ਉਤਪਤ ਦੇ ਲਿਖਾਰੀ ਨੇ ਉਸੇ ਅਧਿਆਇ ਦੀ ਪਹਿਲੀ ਆਇਤ ਵਿਚ ਯਹੋਵਾਹ ਦਾ ਨਾਂ ਵਰਤਿਆ। ਇਸ ਤਰ੍ਹਾਂ ਉਸ ਨੇ ਦਿਖਾਇਆ ਕਿ ਯਹੋਵਾਹ ਦਾ ਨਾਂ ਲੈਣਾ ਕਿੰਨਾ ਮਹੱਤਵਪੂਰਣ ਹੈ। ਦੂਜੀ, ਪਰਮੇਸ਼ੁਰ ਦੀ “ਆਗਿਆ” ਬਾਰੇ ਗੱਲ ਕਰਨ ਦੀ ਬਜਾਇ ਸ਼ਤਾਨ ਨੇ ਪੁੱਛਿਆ ਕਿ ਪਰਮੇਸ਼ੁਰ ਨੇ ਕੀ “ਆਖਿਆ” ਸੀ। (ਉਤ. 2:16) ਇਹ ਚਲਾਕੀ ਖੇਡ ਕੇ ਸ਼ਤਾਨ ਯਹੋਵਾਹ ਦੇ ਹੁਕਮ ਦੀ ਮਹੱਤਤਾ ਨੂੰ ਸ਼ਾਇਦ ਘਟਾਉਣਾ ਚਾਹੁੰਦਾ ਸੀ। ਤੀਜੀ, ਭਾਵੇਂ ਉਹ ਸਿਰਫ਼ ਹੱਵਾਹ ਨਾਲ ਗੱਲ ਕਰ ਰਿਹਾ ਸੀ, ਪਰ ਉਸ ਨੇ “ਤੂੰ” ਦੀ ਜਗ੍ਹਾ “ਤੁਸੀਂ” ਪੜਨਾਂਵ ਦੀ ਵਰਤੋਂ ਕੀਤੀ। ਇੱਦਾਂ ਕਰ ਕੇ ਉਸ ਨੇ ਸ਼ਾਇਦ ਹੱਵਾਹ ਵਿਚ ਘਮੰਡ ਪੈਦਾ ਕਰਨ ਦੀ ਕੋਸ਼ਿਸ਼ ਕੀਤੀ। ਸ਼ਤਾਨ ਨੇ ਉਸ ਨੂੰ ਮਹਿਸੂਸ ਕਰਾਇਆ ਕਿ ਉਸ ਦੀ ਖ਼ੁਦ ਦੀ ਅਹਿਮੀਅਤ ਬਹੁਤ ਸੀ ਜਿਵੇਂ ਕਿ ਉਸ ਕੋਲ ਆਪਣੇ ਪਤੀ ਬਦਲੇ ਬੋਲਣ ਦਾ ਹੱਕ ਹੋਵੇ। ਨਤੀਜਾ ਕੀ ਹੋਇਆ? ਲੱਗਦਾ ਹੈ ਕਿ ਹੱਵਾਹ ਨੇ ਗੁਸਤਾਖ਼ੀ ਨਾਲ ਆਪ ਹੀ ਆਪਣੇ ਅਤੇ ਆਪਣੇ ਪਤੀ ਲਈ ਸੱਪ ਨਾਲ ਗੱਲ ਕਰਨ ਦਾ ਫ਼ੈਸਲਾ ਕੀਤਾ: “ਬਾਗ ਦੇ ਬਿਰਛਾਂ ਦੇ ਫਲੋਂ ਤਾਂ ਅਸੀਂ ਖਾਂਦੇ ਹਾਂ।”

5. (ੳ) ਸ਼ਤਾਨ ਨੇ ਹੱਵਾਹ ਦਾ ਧਿਆਨ ਕਿਸ ਚੀਜ਼ ਉੱਤੇ ਲਗਾ ਦਿੱਤਾ? (ਅ) ਮਨ੍ਹਾ ਕੀਤੇ ਹੋਏ ਫਲ ਨੂੰ ਖਾ ਕੇ ਹੱਵਾਹ ਨੇ ਕੀ ਸਾਬਤ ਕੀਤਾ?

5 ਸ਼ਤਾਨ ਨੇ ਤੱਥਾਂ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ। ਉਸ ਨੇ ਕਿਹਾ ਕਿ ਪਰਮੇਸ਼ੁਰ ਆਦਮ ਅਤੇ ਹੱਵਾਹ ਨੂੰ ‘ਬਾਗ ਦੇ ਕਿਸੇ ਬਿਰਛ ਤੋਂ ਨਾ ਖਾਣ’ ਦਾ ਹੁਕਮ ਦੇ ਕੇ ਉਨ੍ਹਾਂ ਨਾਲ ਬੇਇਨਸਾਫ਼ੀ ਕਰ ਰਿਹਾ ਸੀ। ਫਿਰ ਸ਼ਤਾਨ ਦੀਆਂ ਗੱਲਾਂ ਵਿਚ ਆ ਕੇ ਹੱਵਾਹ ਆਪਣੇ ਬਾਰੇ ਸੋਚਣ ਲੱਗ ਪਈ ਕਿ ਉਹ ਆਪਣੀ ਸਥਿਤੀ ਨੂੰ ਕਿਵੇਂ ਸੁਧਾਰ ਸਕਦੀ ਸੀ। ਮਤਲਬ ਕਿ ਉਹ “ਪਰਮੇਸ਼ੁਰ ਵਾਂਙੁ” ਬਣ ਸਕਦੀ ਸੀ। ਅਖ਼ੀਰ ਵਿਚ ਸ਼ਤਾਨ ਨੇ ਹੱਵਾਹ ਨੂੰ ਆਪਣਾ ਧਿਆਨ ਬਿਰਛ ਅਤੇ ਉਸ ਦੇ ਫਲ ਉੱਤੇ ਲਾਉਣ ਲਈ ਉਕਸਾਇਆ ਨਾ ਕਿ ਪਰਮੇਸ਼ੁਰ ਨਾਲ ਉਸ ਦੇ ਰਿਸ਼ਤੇ ਉੱਤੇ ਜਿਸ ਨੇ ਉਸ ਨੂੰ ਸਭ ਕੁਝ ਦਿੱਤਾ ਸੀ। (ਉਤਪਤ 3:6 ਪੜ੍ਹੋ।) ਅਫ਼ਸੋਸ ਦੀ ਗੱਲ ਇਹ ਹੈ ਕਿ ਫਲ ਖਾ ਕੇ ਹੱਵਾਹ ਨੇ ਸਾਬਤ ਕੀਤਾ ਕਿ ਉਸ ਦੀ ਜ਼ਿੰਦਗੀ ਵਿਚ ਯਹੋਵਾਹ ਸਭ ਤੋਂ ਮਹੱਤਵਪੂਰਣ ਸ਼ਖ਼ਸ ਨਹੀਂ ਸੀ।

ਅੱਯੂਬ ਦੇ ਜ਼ਮਾਨੇ ਵਿਚ ਉੱਠਿਆ ਮਸਲਾ

6. ਸ਼ਤਾਨ ਨੇ ਅੱਯੂਬ ਦੀ ਵਫ਼ਾਦਾਰੀ ’ਤੇ ਕਿਵੇਂ ਸਵਾਲ ਖੜ੍ਹਾ ਕੀਤਾ ਅਤੇ ਇਸ ਸੰਬੰਧੀ ਅੱਯੂਬ ਨੂੰ ਕਿਹੜਾ ਮੌਕਾ ਮਿਲਿਆ?

6 ਸਦੀਆਂ ਬਾਅਦ ਵਫ਼ਾਦਾਰ ਆਦਮੀ ਅੱਯੂਬ ਨੂੰ ਇਹ ਦਿਖਾਉਣ ਦਾ ਮੌਕਾ ਮਿਲਿਆ ਕਿ ਉਸ ਦੀ ਜ਼ਿੰਦਗੀ ਵਿਚ ਸਭ ਤੋਂ ਮਹੱਤਵਪੂਰਣ ਸ਼ਖ਼ਸ ਕੌਣ ਸੀ। ਜਦੋਂ ਅੱਯੂਬ ਦੀ ਵਫ਼ਾਦਾਰੀ ਸੰਬੰਧੀ ਯਹੋਵਾਹ ਦਾ ਸਾਮ੍ਹਣਾ ਸ਼ਤਾਨ ਨਾਲ ਹੋਇਆ, ਤਾਂ ਸ਼ਤਾਨ ਨੇ ਮੂੰਹ-ਤੋੜ ਜਵਾਬ ਦਿੰਦੇ ਹੋਏ ਕਿਹਾ: “ਅੱਯੂਬ ਪਰਮੇਸ਼ੁਰ ਤੋਂ ਹਾੜੇ ਕੱਢੀ ਨਹੀਂ ਡਰਦਾ।” (ਅੱਯੂਬ 1:7-10 ਪੜ੍ਹੋ।) ਸ਼ਤਾਨ ਨੇ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਕਿ ਅੱਯੂਬ ਪਰਮੇਸ਼ੁਰ ਦਾ ਕਹਿਣਾ ਮੰਨਦਾ ਸੀ, ਪਰ ਉਸ ਨੇ ਉਸ ਦੇ ਇਰਾਦਿਆਂ ’ਤੇ ਸ਼ੱਕ ਕੀਤਾ। ਉਸ ਨੇ ਚਲਾਕੀ ਨਾਲ ਅੱਯੂਬ ਉੱਤੇ ਦੋਸ਼ ਲਾਇਆ ਕਿ ਉਹ ਪਿਆਰ ਦੀ ਖ਼ਾਤਰ ਯਹੋਵਾਹ ਦੀ ਸੇਵਾ ਨਹੀਂ ਕਰ ਰਿਹਾ ਸੀ, ਪਰ ਆਪਣੇ ਫ਼ਾਇਦੇ ਲਈ ਕਰ ਰਿਹਾ ਸੀ। ਸਿਰਫ਼ ਅੱਯੂਬ ਇਸ ਦੋਸ਼ ਨੂੰ ਝੂਠਾ ਸਾਬਤ ਕਰ ਸਕਦਾ ਸੀ ਅਤੇ ਉਸ ਨੂੰ ਇੱਦਾਂ ਕਰਨ ਦਾ ਮੌਕਾ ਵੀ ਮਿਲਿਆ।

7, 8. ਅੱਯੂਬ ਨੂੰ ਕਿਹੜੀਆਂ ਅਜ਼ਮਾਇਸ਼ਾਂ ਦਾ ਸਾਮ੍ਹਣਾ ਕਰਨਾ ਪਿਆ ਅਤੇ ਉਸ ਨੇ ਧੀਰਜ ਧਰ ਕੇ ਕੀ ਦਿਖਾਇਆ?

7 ਯਹੋਵਾਹ ਨੇ ਸ਼ਤਾਨ ਨੂੰ ਅੱਯੂਬ ਉੱਤੇ ਇਕ ਤੋਂ ਬਾਅਦ ਇਕ ਬਿਪਤਾਵਾਂ ਲਿਆਉਣ ਦੀ ਇਜਾਜ਼ਤ ਦਿੱਤੀ। (ਅੱਯੂ. 1:12-19) ਆਪਣੇ ਬਦਲੇ ਹੋਏ ਹਾਲਾਤਾਂ ਬਾਰੇ ਅੱਯੂਬ ਨੇ ਕੀ ਕਿਹਾ? ਸਾਨੂੰ ਪਤਾ ਹੈ ਕਿ ਉਸ ਨੇ ‘ਨਾ ਤਾਂ ਪਾਪ ਕੀਤਾ ਅਤੇ ਨਾ ਪਰਮੇਸ਼ੁਰ ਉੱਤੇ ਬੇ ਅਕਲੀ ਦਾ ਦੋਸ਼ ਲਾਇਆ।’ (ਅੱਯੂ. 1:22) ਪਰ ਸ਼ਤਾਨ ਦਾ ਅਜੇ ਵੀ ਮੂੰਹ ਬੰਦ ਨਹੀਂ ਹੋਇਆ। ਉਸ ਨੇ ਅੱਗੇ ਸ਼ਿਕਾਇਤ ਕੀਤੀ: “ਖੱਲ ਦੇ ਬਦਲੇ ਖੱਲ ਸਗੋਂ ਮਨੁੱਖ ਆਪਣਾ ਸਭ ਕੁਝ ਆਪਣੇ ਪ੍ਰਾਣਾਂ ਲਈ ਦੇ ਦੇਵੇਗਾ।” * (ਅੱਯੂ. 2:4) ਸ਼ਤਾਨ ਨੇ ਦਾਅਵਾ ਕੀਤਾ ਕਿ ਜੇ ਅੱਯੂਬ ਨੂੰ ਖ਼ੁਦ ਦੁੱਖ ਸਹਿਣੇ ਪੈਣ, ਤਾਂ ਉਹ ਫ਼ੈਸਲਾ ਕਰ ਲਵੇਗਾ ਕਿ ਉਸ ਦੀ ਜ਼ਿੰਦਗੀ ਵਿਚ ਯਹੋਵਾਹ ਸਭ ਤੋਂ ਮਹੱਤਵਪੂਰਣ ਸ਼ਖ਼ਸ ਨਹੀਂ ਸੀ।

8 ਭਿਆਨਕ ਬੀਮਾਰੀ ਦੇ ਕਾਰਨ ਅੱਯੂਬ ਦਾ ਸਰੀਰ ਕਰੂਪ ਹੋ ਗਿਆ ਅਤੇ ਫਿਰ ਉਸ ਦੀ ਪਤਨੀ ਨੇ ਉਸ ਉੱਤੇ ਜ਼ੋਰ ਪਾਇਆ ਕਿ ਉਹ ਪਰਮੇਸ਼ੁਰ ਨੂੰ ਫਿਟਕਾਰੇ ਤੇ ਮਰ ਜਾਏ। ਬਾਅਦ ਵਿਚ ਝੂਠਾ ਦਿਲਾਸਾ ਦੇਣ ਵਾਲੇ ਉਸ ਦੇ ਤਿੰਨ ਦੋਸਤਾਂ ਨੇ ਦੋਸ਼ ਲਾਇਆ ਕਿ ਉਸ ਦਾ ਚਾਲ-ਚਲਣ ਗ਼ਲਤ ਸੀ। (ਅੱਯੂ. 2:11-13; 8:2-6; 22:2, 3) ਇਨ੍ਹਾਂ ਸਭ ਦੁੱਖਾਂ ਦੇ ਬਾਵਜੂਦ ਵੀ ਅੱਯੂਬ ਨੇ ਆਪਣੀ ਵਫ਼ਾਦਾਰੀ ਨਹੀਂ ਛੱਡੀ। (ਅੱਯੂਬ 2:9,10 ਪੜ੍ਹੋ।) ਉਸ ਨੇ ਧੀਰਜ ਧਰ ਕੇ ਦਿਖਾਇਆ ਕਿ ਯਹੋਵਾਹ ਉਸ ਦੀ ਜ਼ਿੰਦਗੀ ਵਿਚ ਸਭ ਤੋਂ ਮਹੱਤਵਪੂਰਣ ਸ਼ਖ਼ਸ ਸੀ। ਅੱਯੂਬ ਨੇ ਇਹ ਵੀ ਸਾਬਤ ਕੀਤਾ ਕਿ ਨਾਮੁਕੰਮਲ ਇਨਸਾਨ ਤੋਂ ਜਿੰਨਾ ਹੋ ਸਕਦਾ ਹੈ, ਉਹ ਸ਼ਤਾਨ ਦੇ ਹਰ ਝੂਠੇ ਦਾਅਵੇ ਦਾ ਜਵਾਬ ਦੇ ਸਕਦਾ ਹੈ।—ਹੋਰ ਜਾਣਕਾਰੀ ਲਈ ਕਹਾਉਤਾਂ 27:11 ਦੇਖੋ।

ਯਿਸੂ ਦਾ ਮੂੰਹ-ਤੋੜ ਜਵਾਬ

9. (ੳ) ਸਰੀਰਕ ਇੱਛਾਵਾਂ ਦੇ ਸੰਬੰਧ ਵਿਚ ਸ਼ਤਾਨ ਨੇ ਯਿਸੂ ਨੂੰ ਕਿਵੇਂ ਭਰਮਾਉਣ ਦੀ ਕੋਸ਼ਿਸ਼ ਕੀਤੀ? (ਅ) ਇਹ ਪਰਤਾਵਾ ਆਉਣ ਤੇ ਯਿਸੂ ਨੇ ਕੀ ਕੀਤਾ?

9 ਯਿਸੂ ਦੇ ਬਪਤਿਸਮੇ ਤੋਂ ਥੋੜ੍ਹੀ ਦੇਰ ਬਾਅਦ ਸ਼ਤਾਨ ਨੇ ਉਸ ਨੂੰ ਭਰਮਾਉਣ ਦੀ ਕੋਸ਼ਿਸ਼ ਕੀਤੀ ਕਿ ਉਹ ਆਪਣੀ ਜ਼ਿੰਦਗੀ ਵਿਚ ਯਹੋਵਾਹ ਨੂੰ ਸਭ ਤੋਂ ਮਹੱਤਵਪੂਰਣ ਸ਼ਖ਼ਸ ਸਮਝਣ ਦੀ ਬਜਾਇ ਆਪਣੀਆਂ ਸੁਆਰਥੀ ਇੱਛਾਵਾਂ ਪੂਰੀਆਂ ਕਰੇ। ਸ਼ਤਾਨ ਨੇ ਯਿਸੂ ਉੱਤੇ ਤਿੰਨ ਪਰਤਾਵੇ ਲਿਆਂਦੇ। ਪਹਿਲਾ, ਉਸ ਨੇ ਯਿਸੂ ਦੀ ਭੁੱਖ ਦਾ ਫ਼ਾਇਦਾ ਉਠਾਉਂਦੇ ਹੋਏ ਉਸ ਨੂੰ ਪੱਥਰਾਂ ਨੂੰ ਰੋਟੀਆਂ ਵਿਚ ਬਦਲਣ ਦਾ ਪਰਤਾਵਾ ਦਿੱਤਾ। (ਮੱਤੀ 4:2, 3) ਯਿਸੂ ਨੇ 40 ਦਿਨਾਂ ਲਈ ਵਰਤ ਰੱਖਿਆ ਸੀ ਅਤੇ ਉਹ ਬਹੁਤ ਭੁੱਖਾ ਸੀ। ਇਸ ਲਈ ਸ਼ਤਾਨ ਨੇ ਉਸ ਨੂੰ ਆਪਣੀ ਭੁੱਖ ਮਿਟਾਉਣ ਲਈ ਆਪਣੀ ਚਮਤਕਾਰ ਕਰਨ ਦੀ ਸ਼ਕਤੀ ਦਾ ਗ਼ਲਤ ਇਸਤੇਮਾਲ ਕਰਨ ਦੀ ਹੱਲਾਸ਼ੇਰੀ ਦਿੱਤੀ। ਯਿਸੂ ਨੇ ਕੀ ਕੀਤਾ? ਹੱਵਾਹ ਨੇ ਯਹੋਵਾਹ ਦੀ ਗੱਲ ਨਹੀਂ ਸੁਣੀ, ਪਰ ਯਿਸੂ ਨੇ ਯਹੋਵਾਹ ਦੇ ਬਚਨ ਉੱਤੇ ਧਿਆਨ ਲਾਈ ਰੱਖਿਆ ਅਤੇ ਤੁਰੰਤ ਪਰਤਾਵੇ ਨੂੰ ਨਕਾਰਿਆ।—ਮੱਤੀ 4:4 ਪੜ੍ਹੋ।

10. ਸ਼ਤਾਨ ਨੇ ਯਿਸੂ ਨੂੰ ਹੈਕਲ ਦੇ ਕਿੰਗਰੇ ਉੱਤੋਂ ਛਾਲ ਮਾਰਨ ਲਈ ਕਿਉਂ ਵੰਗਾਰਿਆ?

10 ਸ਼ਤਾਨ ਨੇ ਯਿਸੂ ਨੂੰ ਪਰਤਾਉਣ ਦੀ ਕੋਸ਼ਿਸ਼ ਕੀਤੀ ਕਿ ਉਹ ਆਪਣੇ ਬਾਰੇ ਹੀ ਸੋਚੇ। ਉਸ ਨੇ ਯਿਸੂ ਨੂੰ ਵੰਗਾਰਿਆ ਕਿ ਉਹ ਹੈਕਲ ਦੇ ਕਿੰਗਰੇ ਉੱਤੋਂ ਹੇਠਾਂ ਛਾਲ ਮਾਰੇ। (ਮੱਤੀ 4:5, 6) ਸ਼ਤਾਨ ਕੀ ਚਾਹੁੰਦਾ ਸੀ? ਸ਼ਤਾਨ ਨੇ ਕਿਹਾ ਕਿ ਜੇ ਯਿਸੂ ਨੂੰ ਡਿਗ ਕੇ ਸੱਟ ਨਾ ਲੱਗੀ, ਤਾਂ ਇਸ ਤੋਂ ਸਾਬਤ ਹੋਵੇਗਾ ਕਿ ਉਹ “ਪਰਮੇਸ਼ੁਰ ਦਾ ਪੁੱਤ੍ਰ” ਸੀ। ਇਹ ਗੱਲ ਸਾਫ਼ ਹੈ ਕਿ ਸ਼ਤਾਨ ਚਾਹੁੰਦਾ ਸੀ ਕਿ ਯਿਸੂ ਆਪਣੀ ਇੱਜ਼ਤ ਦੀ ਹੱਦੋਂ ਵੱਧ ਚਿੰਤਾ ਕਰਨ ਲੱਗ ਪਵੇ, ਇੱਥੋਂ ਤਕ ਕਿ ਲੋਕਾਂ ਸਾਮ੍ਹਣੇ ਦਿਖਾਵਾ ਕਰਨ ਲਈ ਵੀ ਤਿਆਰ ਹੋ ਜਾਵੇ। ਸ਼ਤਾਨ ਜਾਣਦਾ ਸੀ ਕਿ ਘਮੰਡ ਕਾਰਨ ਸ਼ਾਇਦ ਇਨਸਾਨ ਆਪਣੀ ਜਾਨ ਦਾਅ ’ਤੇ ਲਾਉਣ ਲਈ ਤਿਆਰ ਹੋ ਜਾਵੇ ਤਾਂਕਿ ਦੂਜਿਆਂ ਸਾਮ੍ਹਣੇ ਉਸ ਦੀ ਇੱਜ਼ਤ ਨਾ ਘਟੇ। ਸ਼ਤਾਨ ਨੇ ਇਸ ਹਵਾਲੇ ਦਾ ਗ਼ਲਤ ਇਸਤੇਮਾਲ ਕੀਤਾ, ਪਰ ਯਿਸੂ ਨੇ ਦਿਖਾਇਆ ਉਸ ਨੂੰ ਯਹੋਵਾਹ ਦੇ ਬਚਨ ਦੀ ਪੂਰੀ ਸਮਝ ਸੀ। (ਮੱਤੀ 4:7 ਪੜ੍ਹੋ।) ਯਿਸੂ ਨੇ ਸ਼ਤਾਨ ਦੀ ਗੱਲ ਨਾ ਮੰਨ ਕੇ ਇਕ ਵਾਰ ਫਿਰ ਸਾਬਤ ਕੀਤਾ ਕਿ ਯਹੋਵਾਹ ਉਸ ਦੀ ਜ਼ਿੰਦਗੀ ਵਿਚ ਸਭ ਤੋਂ ਮਹੱਤਵਪੂਰਣ ਸ਼ਖ਼ਸ ਸੀ।

11. ਯਿਸੂ ਨੇ ਸ਼ਤਾਨ ਦੀ ਦੁਨੀਆਂ ਦੀਆਂ ਸਾਰੀਆਂ ਪਾਤਸ਼ਾਹੀਆਂ ਦੀ ਪੇਸ਼ਕਸ਼ ਨੂੰ ਕਿਉਂ ਠੁਕਰਾ ਦਿੱਤਾ?

11 ਸ਼ਤਾਨ ਨੇ ਆਖ਼ਰੀ ਵਾਰ ਆਪਣਾ ਪੂਰਾ ਜ਼ੋਰ ਲਾ ਕੇ ਯਿਸੂ ਨੂੰ ਪਰਤਾਉਣ ਦੀ ਕੋਸ਼ਿਸ਼ ਕੀਤੀ। ਉਸ ਨੇ ਯਿਸੂ ਨੂੰ ਦੁਨੀਆਂ ਦੀਆਂ ਸਾਰੀਆਂ ਪਾਤਸ਼ਾਹੀਆਂ ਪੇਸ਼ ਕੀਤੀਆਂ। (ਮੱਤੀ 4:8, 9) ਯਿਸੂ ਨੇ ਇਕਦਮ ਇਸ ਪੇਸ਼ਕਸ਼ ਨੂੰ ਠੁਕਰਾ ਦਿੱਤਾ। ਉਹ ਜਾਣਦਾ ਸੀ ਕਿ ਇਸ ਪੇਸ਼ਕਸ਼ ਨੂੰ ਸਵੀਕਾਰ ਕਰਨਾ ਯਹੋਵਾਹ ਦੀ ਸਰਬਸੱਤਾ ਨੂੰ ਠੁਕਰਾਉਣ ਦੇ ਬਰਾਬਰ ਹੋਵੇਗਾ। (ਮੱਤੀ 4:10 ਪੜ੍ਹੋ।) ਹਰ ਪਰਤਾਵੇ ਵਿਚ ਯਿਸੂ ਨੇ ਉਨ੍ਹਾਂ ਹਵਾਲਿਆਂ ਨੂੰ ਵਰਤ ਕੇ ਸ਼ਤਾਨ ਨੂੰ ਜਵਾਬ ਦਿੱਤਾ ਜਿਨ੍ਹਾਂ ਵਿਚ ਯਹੋਵਾਹ ਦਾ ਨਾਂ ਸੀ।

12. ਯਿਸੂ ਕਿਸ ਕਾਰਨ ਦੁਖੀ ਸੀ? ਪਰ ਉਸ ਨੇ ਕੀ ਕੀਤਾ ਅਤੇ ਇਸ ਤੋਂ ਅਸੀਂ ਕੀ ਸਿੱਖਦੇ ਹਾਂ?

12 ਯਿਸੂ ਨੂੰ ਆਪਣੀ ਮੌਤ ਤੋਂ ਕੁਝ ਚਿਰ ਪਹਿਲਾਂ ਇਕ ਬਹੁਤ ਮੁਸ਼ਕਲ ਫ਼ੈਸਲਾ ਕਰਨਾ ਪਿਆ। ਆਪਣੀ ਸੇਵਕਾਈ ਦੌਰਾਨ ਉਹ ਦੱਸਦਾ ਰਿਹਾ ਕਿ ਉਹ ਆਪਣੀ ਜ਼ਿੰਦਗੀ ਨੂੰ ਬਲੀਦਾਨ ਕਰੇਗਾ। (ਮੱਤੀ 20:17-19, 28; ਲੂਕਾ 12:50; ਯੂਹੰ. 16:28) ਪਰ ਯਿਸੂ ਨੂੰ ਪਤਾ ਸੀ ਕਿ ਯਹੂਦੀਆਂ ਦੇ ਕਾਇਦੇ-ਕਾਨੂੰਨਾਂ ਮੁਤਾਬਕ ਉਸ ਉੱਤੇ ਝੂਠੇ ਦੋਸ਼ ਲਾਏ ਜਾਣਗੇ, ਉਸ ਨੂੰ ਦੋਸ਼ੀ ਕਰਾਰ ਦਿੱਤਾ ਜਾਵੇਗਾ ਅਤੇ ਕਾਫ਼ਰ ਵਜੋਂ ਸੂਲੀ ਉੱਤੇ ਚੜ੍ਹਾਇਆ ਜਾਵੇਗਾ। ਇਸ ਤਰ੍ਹਾਂ ਦੀ ਮੌਤ ਕਰਕੇ ਉਹ ਧੁਰ ਅੰਦਰੋਂ ਦੁਖੀ ਸੀ। ਉਸ ਨੇ ਪ੍ਰਾਰਥਨਾ ਕੀਤੀ: “ਮੇਰੇ ਪਿਤਾ, ਜੇ ਹੋ ਸੱਕੇ ਤਾਂ ਇਹ ਪਿਆਲਾ ਮੈਥੋਂ ਟਲ ਜਾਵੇ।” ਫਿਰ ਉਸ ਨੇ ਕਿਹਾ: “ਪਰ ਉਹ ਨਾ ਹੋਵੇ ਜੋ ਮੈਂ ਚਾਹੁੰਦਾ ਹਾਂ ਪਰ ਉਹ ਜੋ ਤੂੰ ਚਾਹੁੰਦਾ ਹੈਂ।” (ਮੱਤੀ 26:39) ਹਾਂ, ਮੌਤ ਤਕ ਵਫ਼ਾਦਾਰ ਰਹਿ ਕੇ ਯਿਸੂ ਨੇ ਦਿਖਾ ਦਿੱਤਾ ਕਿ ਉਸ ਦੀ ਜ਼ਿੰਦਗੀ ਵਿਚ ਸਭ ਤੋਂ ਮਹੱਤਵਪੂਰਣ ਸ਼ਖ਼ਸ ਕੌਣ ਸੀ!

ਉਸ ਸਵਾਲ ਲਈ ਸਾਡਾ ਜਵਾਬ

13. ਅਸੀਂ ਹੁਣ ਤਕ ਹੱਵਾਹ, ਅੱਯੂਬ ਅਤੇ ਯਿਸੂ ਮਸੀਹ ਦੀਆਂ ਉਦਾਹਰਣਾਂ ਤੋਂ ਕਿਹੜੇ ਸਬਕ ਸਿੱਖੇ ਹਨ?

13 ਅਸੀਂ ਹੁਣ ਤਕ ਕੀ ਸਿੱਖਿਆ ਹੈ? ਹੱਵਾਹ ਤੋਂ ਅਸੀਂ ਸਿੱਖਦੇ ਹਾਂ ਕਿ ਜਿਹੜੇ ਆਪਣੀਆਂ ਸੁਆਰਥੀ ਇੱਛਾਵਾਂ ਅੱਗੇ ਝੁਕ ਜਾਂਦੇ ਹਨ ਜਾਂ ਆਪਣੇ ਆਪ ਨੂੰ ਜ਼ਿਆਦਾ ਮਹੱਤਵਪੂਰਣ ਸਮਝਦੇ ਹਨ, ਉਹ ਦਿਖਾਉਂਦੇ ਹਨ ਕਿ ਉਨ੍ਹਾਂ ਦੀ ਜ਼ਿੰਦਗੀ ਵਿਚ ਯਹੋਵਾਹ ਸਭ ਤੋਂ ਮਹੱਤਵਪੂਰਣ ਸ਼ਖ਼ਸ ਨਹੀਂ ਹੈ। ਇਸ ਦੇ ਉਲਟ ਅੱਯੂਬ ਦੀ ਵਫ਼ਾਦਾਰੀ ਤੋਂ ਅਸੀਂ ਸਿੱਖਦੇ ਹਾਂ ਕਿ ਨਾਮੁਕੰਮਲ ਇਨਸਾਨ ਅਜ਼ਮਾਇਸ਼ਾਂ ਦਾ ਕਾਰਨ ਪੂਰੀ ਤਰ੍ਹਾਂ ਨਾ ਵੀ ਜਾਣਦੇ ਹੋਣ, ਤਾਂ ਵੀ ਉਹ ਵਫ਼ਾਦਾਰੀ ਨਾਲ ਅਜ਼ਮਾਇਸ਼ਾਂ ਸਹਿ ਕੇ ਯਹੋਵਾਹ ਨੂੰ ਆਪਣੀ ਜ਼ਿੰਦਗੀ ਵਿਚ ਪਹਿਲੀ ਥਾਂ ਦੇ ਸਕਦੇ ਹਨ। (ਯਾਕੂ. 5:11) ਅਖ਼ੀਰ ਵਿਚ ਯਿਸੂ ਦੀ ਉਦਾਹਰਣ ਸਾਨੂੰ ਸਿਖਾਉਂਦੀ ਹੈ ਕਿ ਅਸੀਂ ਬੇਇੱਜ਼ਤੀ ਝੱਲਣ ਲਈ ਤਿਆਰ ਰਹੀਏ ਅਤੇ ਆਪਣੀ ਨੇਕਨਾਮੀ ਬਾਰੇ ਜ਼ਿਆਦਾ ਨਾ ਸੋਚੀਏ। (ਇਬ. 12:2) ਪਰ ਅਸੀਂ ਇਨ੍ਹਾਂ ਗੱਲਾਂ ਨੂੰ ਕਿੱਦਾਂ ਲਾਗੂ ਕਰ ਸਕਦੇ ਹਾਂ?

14, 15. ਹੱਵਾਹ ਤੋਂ ਉਲਟ ਯਿਸੂ ਨੇ ਪਰਤਾਵੇ ਦਾ ਕਿੱਦਾਂ ਸਾਮ੍ਹਣਾ ਕੀਤਾ ਅਤੇ ਅਸੀਂ ਯਿਸੂ ਦੀ ਰੀਸ ਕਿਵੇਂ ਕਰ ਸਕਦੇ ਹਾਂ? (ਸਫ਼ਾ 18 ਉੱਤੇ ਦਿੱਤੀ ਤਸਵੀਰ ’ਤੇ ਟਿੱਪਣੀ ਕਰੋ।)

14ਪਰਤਾਵਿਆਂ ਕਰਕੇ ਕਦੇ ਵੀ ਯਹੋਵਾਹ ਨੂੰ ਨਾ ਭੁੱਲੋ। ਹੱਵਾਹ ਨੇ ਉਸ ਵੇਲੇ ਆਏ ਪਰਤਾਵੇ ਉੱਤੇ ਆਪਣਾ ਧਿਆਨ ਲਾ ਲਿਆ ਤੇ ਅਗਾਂਹ ਬਾਰੇ ਨਹੀਂ ਸੋਚਿਆ। ਉਸ ਨੇ ਦੇਖਿਆ ਕਿ ਫਲ “ਖਾਣ ਲਈ ਚੰਗਾ ਹੈ ਅਤੇ ਅੱਖੀਆਂ ਨੂੰ ਭਾਉਂਦਾ ਹੈ ਅਤੇ ਉਹ ਬਿਰਛ ਬੁੱਧ ਦੇਣ ਲਈ ਲੋੜੀਦਾ ਹੈ।” (ਉਤ. 3:6) ਯਿਸੂ ਨੇ ਤਿੰਨ ਪਰਤਾਵੇ ਆਉਣ ਤੇ ਜੋ ਕੀਤਾ, ਹੱਵਾਹ ਨੇ ਉਸ ਤੋਂ ਕਿੰਨਾ ਉਲਟ ਕੀਤਾ! ਯਿਸੂ ਪਰਤਾਵਿਆਂ ਵਿਚ ਨਹੀਂ ਆਇਆ ਕਿਉਂਕਿ ਹਰ ਵਾਰ ਉਸ ਨੇ ਅਗਾਂਹ ਬਾਰੇ ਸੋਚਿਆ ਕਿ ਪਰਤਾਵੇ ਵਿਚ ਆਉਣ ਦੇ ਕਿਹੜੇ ਨਤੀਜੇ ਨਿਕਲ ਸਕਦੇ ਸਨ। ਉਸ ਨੇ ਪਰਮੇਸ਼ੁਰ ਦੇ ਬਚਨ ਉੱਤੇ ਭਰੋਸਾ ਰੱਖਿਆ ਅਤੇ ਹਮੇਸ਼ਾ ਯਹੋਵਾਹ ਵੱਲ ਧਿਆਨ ਖਿੱਚਿਆ।

15 ਜਦੋਂ ਸਾਡੇ ਉੱਤੇ ਕੋਈ ਪਰਤਾਵਾ ਆਉਂਦਾ ਹੈ, ਤਾਂ ਅਸੀਂ ਆਪਣਾ ਧਿਆਨ ਕਿਸ ਗੱਲ ਉੱਤੇ ਲਾਉਂਦੇ ਹਾਂ? ਅਸੀਂ ਜਿੰਨਾ ਜ਼ਿਆਦਾ ਧਿਆਨ ਪਰਤਾਵੇ ਉੱਤੇ ਲਾਵਾਂਗੇ, ਗ਼ਲਤ ਕੰਮ ਕਰਨ ਦੀ ਇੱਛਾ ਉੱਨੀ ਜ਼ਿਆਦਾ ਵਧੇਗੀ। (ਯਾਕੂ. 1:14, 15) ਸਾਨੂੰ ਫਟਾਫਟ ਇਹ ਗ਼ਲਤ ਇੱਛਾ ਆਪਣੇ ਦਿਲੋਂ ਕੱਢਣ ਦੀ ਲੋੜ ਹੈ ਭਾਵੇਂ ਕਿ ਇੱਦਾਂ ਕਰਨਾ ਉੱਨਾ ਔਖਾ ਲੱਗ ਸਕਦਾ ਹੈ ਜਿੰਨਾ ਔਖਾ ਆਪਣੇ ਸਰੀਰ ਦਾ ਕੋਈ ਅੰਗ ਕਟਵਾਉਣ ’ਤੇ ਲੱਗ ਸਕਦਾ ਹੈ। (ਮੱਤੀ 5:29, 30) ਯਿਸੂ ਦੀ ਤਰ੍ਹਾਂ ਸਾਨੂੰ ਆਪਣੇ ਕੰਮਾਂ ਦੇ ਨਤੀਜਿਆਂ ਵੱਲ ਧਿਆਨ ਦੇਣ ਦੀ ਲੋੜ ਹੈ ਕਿ ਇਹ ਕਿਸ ਤਰ੍ਹਾਂ ਯਹੋਵਾਹ ਨਾਲ ਸਾਡੇ ਰਿਸ਼ਤੇ ਨੂੰ ਪ੍ਰਭਾਵਿਤ ਕਰਨਗੇ। ਸਾਨੂੰ ਯਾਦ ਕਰਨਾ ਚਾਹੀਦਾ ਹੈ ਕਿ ਉਸ ਦਾ ਬਚਨ ਬਾਈਬਲ ਕੀ ਕਹਿੰਦਾ ਹੈ। ਸਿਰਫ਼ ਇਸ ਤਰੀਕੇ ਨਾਲ ਅਸੀਂ ਸਾਬਤ ਕਰਾਂਗੇ ਕਿ ਯਹੋਵਾਹ ਹੀ ਸਾਡੀ ਜ਼ਿੰਦਗੀ ਵਿਚ ਸਭ ਤੋਂ ਮਹੱਤਵਪੂਰਣ ਸ਼ਖ਼ਸ ਹੈ।

16-18. (ੳ) ਅਸੀਂ ਕਿਸ ਕਾਰਨ ਦੁਖੀ ਹੁੰਦੇ ਹਨ? (ਅ) ਮੁਸ਼ਕਲ ਹਾਲਾਤਾਂ ਨਾਲ ਸਿੱਝਣ ਵਿਚ ਕਿਹੜੀ ਗੱਲ ਸਾਡੀ ਮਦਦ ਕਰੇਗੀ?

16ਦੁੱਖਾਂ ਦਾ ਪਹਾੜ ਟੁੱਟਣ ਤੇ ਯਹੋਵਾਹ ਨਾਲ ਕਦੇ ਗੁੱਸੇ ਨਾ ਹੋਵੋ। (ਕਹਾ. 19:3) ਜਿੱਦਾਂ-ਜਿੱਦਾਂ ਇਸ ਦੁਸ਼ਟ ਦੁਨੀਆਂ ਦਾ ਅੰਤ ਨੇੜੇ ਆ ਰਿਹਾ ਹੈ, ਉੱਦਾਂ-ਉੱਦਾਂ ਯਹੋਵਾਹ ਦੇ ਜ਼ਿਆਦਾ ਤੋਂ ਜ਼ਿਆਦਾ ਲੋਕ ਦੁੱਖਾਂ ਅਤੇ ਬਿਪਤਾਵਾਂ ਦੇ ਸ਼ਿਕਾਰ ਹੋ ਰਹੇ ਹਨ। ਅਸੀਂ ਇਸ ਸਮੇਂ ਵਿਚ ਇਹ ਉਮੀਦ ਨਹੀਂ ਰੱਖਦੇ ਕਿ ਸਾਡੀ ਚਮਤਕਾਰੀ ਤਰੀਕੇ ਨਾਲ ਸੁਰੱਖਿਆ ਹੋਵੇਗੀ। ਫਿਰ ਵੀ ਅੱਯੂਬ ਵਾਂਗ ਅਸੀਂ ਸ਼ਾਇਦ ਨਿਰਾਸ਼ਾ ਵਿਚ ਡੁੱਬ ਸਕਦੇ ਹਾਂ ਜਦੋਂ ਸਾਡੇ ਕਿਸੇ ਅਜ਼ੀਜ਼ ਦੀ ਮੌਤ ਹੋ ਜਾਂਦੀ ਹੈ ਜਾਂ ਜਦੋਂ ਅਸੀਂ ਦੁੱਖਾਂ-ਤਕਲੀਫ਼ਾਂ ਦਾ ਸਾਮ੍ਹਣਾ ਕਰਦੇ ਹਾਂ।

17 ਅੱਯੂਬ ਸਮਝ ਨਹੀਂ ਸਕਿਆ ਕਿ ਯਹੋਵਾਹ ਨੇ ਉਸ ਉੱਤੇ ਬਿਪਤਾਵਾਂ ਕਿਉਂ ਆਉਣ ਦਿੱਤੀਆਂ ਅਤੇ ਕਦੀ-ਕਦੀ ਅਸੀਂ ਵੀ ਸ਼ਾਇਦ ਨਾ ਸਮਝ ਸਕੀਏ ਕਿ ਬੁਰੇ ਕੰਮ ਕਿਉਂ ਹੋ ਰਹੇ ਹਨ। ਅਸੀਂ ਸ਼ਾਇਦ ਵਫ਼ਾਦਾਰ ਭਰਾਵਾਂ ਬਾਰੇ ਸੁਣਿਆ ਹੋਵੇਗਾ ਜਿਨ੍ਹਾਂ ਦੀ ਮੌਤ ਹੈਟੀ ਵਰਗੇ ਆਏ ਭੁਚਾਲ ਜਾਂ ਕਿਸੇ ਹੋਰ ਕੁਦਰਤੀ ਆਫ਼ਤ ਕਰਕੇ ਹੋ ਗਈ। ਜਾਂ ਅਸੀਂ ਸ਼ਾਇਦ ਕਿਸੇ ਭੈਣ ਜਾਂ ਭਰਾ ਬਾਰੇ ਜਾਣਦੇ ਹਾਂ ਜੋ ਹਿੰਸਾ ਦਾ ਸ਼ਿਕਾਰ ਹੋ ਗਿਆ ਹੈ ਜਾਂ ਉਸ ਦੀ ਮੌਤ ਸ਼ਾਇਦ ਭਿਆਨਕ ਹਾਦਸੇ ਵਿਚ ਹੋ ਗਈ। ਜਾਂ ਅਸੀਂ ਸ਼ਾਇਦ ਮੁਸ਼ਕਲਾਂ ਭਰੇ ਹਾਲਾਤਾਂ ਕਾਰਨ ਜਾਂ ਆਪਣੇ ਨਾਲ ਹੋਈ ਬੇਇਨਸਾਫ਼ੀ ਕਾਰਨ ਦੁਖੀ ਹੋਈਏ। ਅਸੀਂ ਸ਼ਾਇਦ ਦੁਖੀ ਦਿਲਾਂ ਨਾਲ ਦੁਹਾਈ ਦੇਈਏ: ‘ਕਿਉਂ, ਯਹੋਵਾਹ? ਮੇਰੇ ਨਾਲ ਹੀ ਇੱਦਾਂ ਕਿਉਂ ਹੋਇਆ? ਮੈਂ ਕੀ ਮਾੜਾ ਕੀਤਾ?’ (ਹਬ. 1:2, 3) ਅਜਿਹੇ ਹਾਲਾਤਾਂ ਨਾਲ ਸਿੱਝਣ ਵਿਚ ਕਿਹੜੀ ਗੱਲ ਸਾਡੀ ਮਦਦ ਕਰੇਗੀ?

18 ਸਾਨੂੰ ਧਿਆਨ ਰੱਖਣ ਦੀ ਲੋੜ ਹੈ ਤਾਂਕਿ ਅਸੀਂ ਇਹ ਨਾ ਮੰਨ ਲਈਏ ਕਿ ਇਹ ਗੱਲਾਂ ਤਾਹੀਓਂ ਹੋਈਆਂ ਕਿਉਂਕਿ ਸਾਡੇ ਉੱਤੇ ਯਹੋਵਾਹ ਦੀ ਮਿਹਰ ਨਹੀਂ ਹੈ। ਯਿਸੂ ਨੇ ਇਸ ਸੱਚਾਈ ਬਾਰੇ ਦੱਸਿਆ ਸੀ ਜਦੋਂ ਉਸ ਨੇ ਆਪਣੇ ਜ਼ਮਾਨੇ ਵਿਚ ਹੋਈਆਂ ਦੋ ਬਿਪਤਾਵਾਂ ਦਾ ਜ਼ਿਕਰ ਕੀਤਾ ਸੀ। (ਲੂਕਾ 13:1-5 ਪੜ੍ਹੋ।) ਇਸ ਤੋਂ ਪਤਾ ਲੱਗਦਾ ਹੈ ਕਿ ਬਿਪਤਾ ਕਿਸੇ ਵੀ ਵੇਲੇ ਕਿਸੇ ਉੱਤੇ ਵੀ ਆ ਸਕਦੀ ਹੈ ਕਿਉਂਕਿ ਬਾਈਬਲ ਕਹਿੰਦੀ ਹੈ ਕਿ ‘ਹਰ ਕਿਸੇ ਉੱਤੇ ਬੁਰਾ ਸਮਾਂ ਆਉਂਦਾ ਹੈ।’ (ਉਪ. 9:11, CL) ਸਾਡੇ ਦੁੱਖ ਦਾ ਕਾਰਨ ਕੋਈ ਵੀ ਹੋਵੇ, ਅਸੀਂ ਇਸ ਨਾਲ ਸਿੱਝ ਸਕਦੇ ਹਾਂ ਜੇ ਅਸੀਂ ‘ਸਰਬ ਦਿਲਾਸੇ ਦੇ ਪਰਮੇਸ਼ੁਰ’ ਤੋਂ ਮਦਦ ਭਾਲੀਏ। ਉਹ ਸਾਨੂੰ ਵਫ਼ਾਦਾਰ ਰਹਿਣ ਲਈ ਲੋੜੀਂਦੀ ਤਾਕਤ ਦੇਵੇਗਾ।—2 ਕੁਰਿੰ. 1:3-6.

19, 20. ਕਿਨ੍ਹਾਂ ਗੱਲਾਂ ਦੀ ਮਦਦ ਨਾਲ ਯਿਸੂ ਬੇਇੱਜ਼ਤੀ ਭਰੇ ਹਾਲਾਤਾਂ ਦਾ ਸਾਮ੍ਹਣਾ ਕਰ ਸਕਿਆ ਅਤੇ ਇਸ ਤਰ੍ਹਾਂ ਕਰਨ ਵਿਚ ਕਿਹੜੀ ਗੱਲ ਸਾਡੀ ਮਦਦ ਕਰ ਸਕਦੀ ਹੈ?

19ਸਾਨੂੰ ਸਿਰਫ਼ ਆਪਣੇ ਘਮੰਡ ਜਾਂ ਸ਼ਰਮਿੰਦਾ ਹੋਣ ਦੇ ਡਰ ਬਾਰੇ ਹੀ ਚਿੰਤਾ ਨਹੀਂ ਕਰਦੇ ਰਹਿਣਾ ਚਾਹੀਦਾ। ਨਿਮਰ ਹੋਣ ਕਾਰਨ ਯਿਸੂ ਨੇ “ਆਪਣੇ ਆਪ ਨੂੰ ਸੱਖਣਾ ਕਰ ਕੇ ਦਾਸ ਦਾ ਰੂਪ ਧਾਰਿਆ।” (ਫ਼ਿਲਿ. 2:5-8) ਉਸ ਨੂੰ ਯਹੋਵਾਹ ਉੱਤੇ ਪੂਰਾ-ਪੂਰਾ ਭਰੋਸਾ ਸੀ ਜਿਸ ਕਰਕੇ ਉਹ ਅਜਿਹੇ ਕਈ ਹਾਲਾਤਾਂ ਦਾ ਸਾਮ੍ਹਣਾ ਕਰ ਸਕਿਆ ਜਿਨ੍ਹਾਂ ਵਿਚ ਉਸ ਦੀ ਬੇਇੱਜ਼ਤੀ ਹੋਈ। (1 ਪਤ. 2:23, 24) ਇਸ ਤਰ੍ਹਾਂ ਯਿਸੂ ਨੇ ਯਹੋਵਾਹ ਦੀ ਇੱਛਾ ਨੂੰ ਪਹਿਲ ਦਿੱਤੀ ਅਤੇ ਨਤੀਜੇ ਵਜੋਂ ਉਸ ਨੂੰ ਪਹਿਲਾਂ ਨਾਲੋਂ ਵੀ ਉੱਚੀ ਪਦਵੀ ਦਿੱਤੀ ਗਈ। (ਫ਼ਿਲਿ. 2:9) ਯਿਸੂ ਨੇ ਆਪਣੇ ਚੇਲਿਆਂ ਨੂੰ ਆਪਣੇ ਵਰਗਾ ਜੀਵਨ ਜੀਉਣ ਦੀ ਸਲਾਹ ਦਿੱਤੀ।—ਮੱਤੀ 23:11, 12; ਲੂਕਾ 9:26.

20 ਨਿਹਚਾ ਦੀ ਪਰਖ ਹੋਣ ਕਰਕੇ ਕਦੇ-ਕਦੇ ਹੋ ਸਕਦਾ ਕਿ ਸਾਨੂੰ ਸ਼ਰਮਿੰਦਾ ਹੋਣਾ ਪਵੇ। ਫਿਰ ਵੀ ਸਾਨੂੰ ਪੌਲੁਸ ਰਸੂਲ ਵਾਂਗ ਭਰੋਸਾ ਰੱਖਣਾ ਚਾਹੀਦਾ ਹੈ ਜਿਸ ਨੇ ਕਿਹਾ: “ਇਸੇ ਕਰਕੇ ਮੈਂ ਇਹ ਦੁਖ ਵੀ ਝੱਲਦਾ ਹਾਂ ਪਰ ਮੈਂ ਸ਼ਰਮਾਉਂਦਾ ਨਹੀਂ ਕਿਉਂ ਜੋ ਮੈਂ ਉਹ ਨੂੰ ਜਾਣਦਾ ਹਾਂ ਜਿਹ ਦੀ ਮੈਂ ਪਰਤੀਤ ਕੀਤੀ ਹੈ ਅਤੇ ਮੈਨੂੰ ਵਿਸ਼ਵਾਸ ਹੈ ਭਈ ਉਹ ਮੇਰੀ ਅਮਾਨਤ ਦੀ ਉਸ ਦਿਨ ਤੀਕ ਰਖਵਾਲੀ ਕਰ ਸੱਕਦਾ ਹੈ।”—2 ਤਿਮੋ. 1:12.

21. ਦੁਨੀਆਂ ਦੇ ਸੁਆਰਥੀ ਰਵੱਈਏ ਦੇ ਬਾਵਜੂਦ ਤੁਹਾਡਾ ਕੀ ਇਰਾਦਾ ਹੈ?

21 ਬਾਈਬਲ ਨੇ ਸਾਡੇ ਜ਼ਮਾਨੇ ਬਾਰੇ ਪਹਿਲਾਂ ਹੀ ਦੱਸ ਦਿੱਤਾ ਸੀ ਕਿ ਲੋਕ “ਆਪ ਸੁਆਰਥੀ” ਹੋਣਗੇ। (2 ਤਿਮੋ. 3:2) ਤਾਂ ਫਿਰ ਕੋਈ ਹੈਰਾਨੀ ਦੀ ਗੱਲ ਨਹੀਂ ਕਿ ਅੱਜ-ਕੱਲ੍ਹ ਲੋਕ ਦੂਜਿਆਂ ਬਾਰੇ ਨਹੀਂ, ਪਰ ਆਪਣੇ ਬਾਰੇ ਹੀ ਸੋਚਦੇ ਹਨ। ਅਸੀਂ ਇਹ ਬੁਰਾ ਰਵੱਈਆ ਕਦੇ ਵੀ ਨਹੀਂ ਅਪਣਾਉਣਾ ਚਾਹੁੰਦੇ! ਇਸ ਦੀ ਬਜਾਇ, ਚਾਹੇ ਅਸੀਂ ਪਰਤਾਵੇ ਦਾ ਸਾਮ੍ਹਣਾ ਕਰ ਰਹੇ ਹੋਈਏ, ਦੁੱਖਾਂ ਵਿਚ ਹੋਈਏ ਜਾਂ ਸਾਡੀ ਕੋਈ ਬੇਇੱਜ਼ਤੀ ਕਰਨ ਦੀ ਕੋਸ਼ਿਸ਼ ਕਰ ਰਿਹਾ ਹੋਵੇ, ਫਿਰ ਵੀ ਆਓ ਆਪਾਂ ਇਹ ਸਾਬਤ ਕਰਨ ਦਾ ਪੱਕਾ ਇਰਾਦਾ ਕਰੀਏ ਕਿ ਸਾਡੀ ਜ਼ਿੰਦਗੀ ਵਿਚ ਯਹੋਵਾਹ ਵਾਕਈ ਸਭ ਤੋਂ ਮਹੱਤਵਪੂਰਣ ਸ਼ਖ਼ਸ ਹੈ!

[ਫੁਟਨੋਟ]

^ ਪੈਰਾ 7 ਕੁਝ ਬਾਈਬਲ ਵਿਦਵਾਨਾਂ ਨੂੰ ਲੱਗਦਾ ਹੈ ਕਿ “ਖੱਲ ਦੇ ਬਦਲੇ ਖੱਲ” ਸ਼ਬਦਾਂ ਦਾ ਮਤਲਬ ਹੋ ਸਕਦਾ ਹੈ ਕਿ ਅੱਯੂਬ ਸੁਆਰਥ ਨਾਲ ਆਪਣੇ ਬੱਚਿਆਂ ਅਤੇ ਜਾਨਵਰਾਂ ਦੀ ਖੱਲ ਜਾਂ ਜ਼ਿੰਦਗੀ ਗੁਆਉਣ ਲਈ ਤਿਆਰ ਸੀ ਬਸ਼ਰਤੇ ਕਿ ਉਸ ਦੀ ਆਪਣੀ ਖੱਲ ਜਾਂ ਜ਼ਿੰਦਗੀ ਬਚੀ ਰਹੇ। ਕੁਝ ਕਹਿੰਦੇ ਹਨ ਕਿ ਇਹ ਸ਼ਬਦ ਇਸ ਗੱਲ ਉੱਤੇ ਜ਼ੋਰ ਦਿੰਦੇ ਹਨ ਕਿ ਇਕ ਇਨਸਾਨ ਆਪਣੀ ਜ਼ਿੰਦਗੀ ਬਚਾਉਣ ਲਈ ਆਪਣੀ ਕੁਝ ਖੱਲ ਜਾਂ ਚਮੜੀ ਗਵਾਉਣ ਲਈ ਤਿਆਰ ਹੋ ਜਾਵੇਗਾ। ਮਿਸਾਲ ਲਈ, ਆਪਣੇ ਸਿਰ ਨੂੰ ਸੱਟ ਲੱਗਣ ਤੋਂ ਬਚਾਉਣ ਲਈ ਇਕ ਇਨਸਾਨ ਆਪਣੀ ਬਾਂਹ ਨੂੰ ਸਿਰ ਅੱਗੇ ਕਰ ਲੈਂਦਾ ਹੈ। ਇਸ ਤਰ੍ਹਾਂ ਉਹ ਆਪਣੀ ਜਾਨ ਬਚਾਉਣ ਲਈ ਕੁਝ ਖੱਲ ਗਵਾਉਣ ਲਈ ਤਿਆਰ ਹੋ ਜਾਂਦਾ ਹੈ। ਮੁਹਾਵਰੇ ਦਾ ਮਤਲਬ ਜੋ ਵੀ ਸੀ, ਪਰ ਇਹ ਇਸ ਗੱਲ ’ਤੇ ਜ਼ੋਰ ਦਿੰਦਾ ਹੈ ਕਿ ਅੱਯੂਬ ਆਪਣੀ ਜ਼ਿੰਦਗੀ ਬਚਾਉਣ ਲਈ ਬਾਕੀ ਸਾਰਾ ਕੁਝ ਖ਼ੁਸ਼ੀ-ਖ਼ੁਸ਼ੀ ਦਾਅ ਉੱਤੇ ਲਾਉਣ ਲਈ ਤਿਆਰ ਸੀ।

ਅਸੀਂ ਕੀ ਸਿੱਖ ਸਕਦੇ ਹਾਂ . . .

• ਜਿਸ ਤਰੀਕੇ ਨਾਲ ਸ਼ਤਾਨ ਨੇ ਹੱਵਾਹ ਨੂੰ ਧੋਖਾ ਦਿੱਤਾ?

• ਬਿਪਤਾਵਾਂ ਆਉਣ ਤੇ ਅੱਯੂਬ ਨੇ ਜੋ ਕੀਤਾ?

• ਯਿਸੂ ਨੇ ਜਿਸ ਗੱਲ ਉੱਤੇ ਧਿਆਨ ਲਾਈ ਰੱਖਿਆ?

[ਸਵਾਲ]

[ਸਫ਼ਾ 17 ਉੱਤੇ ਤਸਵੀਰ]

ਹੱਵਾਹ ਨੇ ਯਹੋਵਾਹ ਨਾਲ ਆਪਣੇ ਰਿਸ਼ਤੇ ਨੂੰ ਪਹਿਲ ਨਹੀਂ ਦਿੱਤੀ

[ਸਫ਼ਾ 18 ਉੱਤੇ ਤਸਵੀਰ]

ਯਿਸੂ ਨੇ ਸ਼ਤਾਨ ਦੇ ਪਰਤਾਵਿਆਂ ਨੂੰ ਠੁਕਰਾਇਆ ਅਤੇ ਯਹੋਵਾਹ ਦੀ ਇੱਛਾ ਪੂਰੀ ਕਰਨ ’ਤੇ ਧਿਆਨ ਲਾਈ ਰੱਖਿਆ

[ਸਫ਼ੇ 20 ਉੱਤੇ ਤਸਵੀਰਾਂ]

ਹੈਟੀ ਵਿਚ ਆਏ ਭੁਚਾਲ ਤੋਂ ਬਾਅਦ ਤੰਬੂਆਂ ਵਿਚ ਗਵਾਹੀ ਦਿੱਤੀ ਗਈ

ਦੁੱਖ ਦੀ ਘੜੀ ਦੌਰਾਨ ਅਸੀਂ ‘ਸਰਬ ਦਿਲਾਸੇ ਦੇ ਪਰਮੇਸ਼ੁਰ’ ਤੋਂ ਮਦਦ ਭਾਲ ਸਕਦੇ ਹਾਂ