Skip to content

Skip to table of contents

ਮਸੀਹੀ ਪਰਿਵਾਰੋ “ਤਿਆਰ ਰਹੋ”

ਮਸੀਹੀ ਪਰਿਵਾਰੋ “ਤਿਆਰ ਰਹੋ”

ਮਸੀਹੀ ਪਰਿਵਾਰੋ “ਤਿਆਰ ਰਹੋ”

“ਤਿਆਰ ਰਹੋ ਕਿਉਂਕਿ ਜਿਸ ਘੜੀ ਤੁਹਾਨੂੰ ਚਿੱਤ ਚੇਤਾ ਨਾ ਹੋਵੇ ਉਸੇ ਘੜੀ ਮਨੁੱਖ ਦਾ ਪੁੱਤ੍ਰ ਆ ਜਾਵੇਗਾ।”—ਲੂਕਾ 12:40.

1, 2. ‘ਤਿਆਰ ਰਹਿਣ’ ਬਾਰੇ ਦਿੱਤੀ ਯਿਸੂ ਦੀ ਸਲਾਹ ਨੂੰ ਸਾਨੂੰ ਕਿਉਂ ਮੰਨਣਾ ਚਾਹੀਦਾ ਹੈ?

‘ਜਦ ਮਨੁੱਖ ਦਾ ਪੁੱਤ੍ਰ ਆਪਣੇ ਤੇਜ ਨਾਲ ਆਵੇਗਾ’ ਅਤੇ ਲੋਕਾਂ ਨੂੰ “ਇੱਕ ਦੂਏ ਤੋਂ ਵੱਖਰਾ ਕਰੇਗਾ,” ਉਦੋਂ ਤੁਹਾਡਾ ਅਤੇ ਤੁਹਾਡੇ ਪਰਿਵਾਰ ਦਾ ਕੀ ਹੋਵੇਗਾ? (ਮੱਤੀ 25:31, 32) ਉਹ ਉਸ ਘੜੀ ਆਵੇਗਾ ਜਿਸ ਦੀ ਸਾਨੂੰ ਆਸ ਵੀ ਨਹੀਂ ਹੋਵੇਗੀ। ਤਾਂ ਫਿਰ ਕਿੰਨਾ ਜ਼ਰੂਰੀ ਹੈ ਕਿ ਅਸੀਂ ਯਿਸੂ ਦੀ ਦਿੱਤੀ ਇਸ ਸਲਾਹ ਨੂੰ ਮੰਨੀਏ ਕਿ “ਤਿਆਰ ਰਹੋ”!—ਲੂਕਾ 12:40.

2 ਪਹਿਲੇ ਲੇਖ ਵਿਚ ਅਸੀਂ ਦੇਖਿਆ ਸੀ ਕਿ ਪਰਿਵਾਰ ਦਾ ਹਰ ਮੈਂਬਰ ਆਪਣੀ ਜ਼ਿੰਮੇਵਾਰੀ ਗੰਭੀਰਤਾ ਨਾਲ ਨਿਭਾ ਕੇ ਸਾਰੇ ਪਰਿਵਾਰ ਦੀ ਜਾਗਦੇ ਰਹਿਣ ਵਿਚ ਕਿਵੇਂ ਮਦਦ ਕਰ ਸਕਦਾ ਹੈ। ਆਓ ਆਪਾਂ ਹੋਰ ਤਰੀਕਿਆਂ ’ਤੇ ਗੌਰ ਕਰੀਏ ਜਿਨ੍ਹਾਂ ਰਾਹੀਂ ਅਸੀਂ ਆਪਣੇ ਪਰਿਵਾਰ ਦੀ ਨਿਹਚਾ ਪੱਕੀ ਕਰਨ ਵਿਚ ਯੋਗਦਾਨ ਪਾ ਸਕਦੇ ਹਾਂ।

ਆਪਣੀ ਅੱਖ “ਨਿਰਮਲ” ਰੱਖੋ

3, 4. (ੳ) ਮਸੀਹੀ ਪਰਿਵਾਰਾਂ ਨੂੰ ਕਿਨ੍ਹਾਂ ਚੀਜ਼ਾਂ ਤੋਂ ਸਾਵਧਾਨ ਰਹਿਣਾ ਚਾਹੀਦਾ ਹੈ? (ਅ) ਆਪਣੀ ਅੱਖ “ਨਿਰਮਲ” ਰੱਖਣ ਦਾ ਕੀ ਮਤਲਬ ਹੈ?

3 ਮਸੀਹ ਦੇ ਆਉਣ ਵਾਸਤੇ ਤਿਆਰ ਰਹਿਣ ਲਈ ਪਰਿਵਾਰਾਂ ਨੂੰ ਸਾਵਧਾਨ ਹੋਣ ਦੀ ਲੋੜ ਹੈ ਕਿ ਉਹ ਹੋਰਨਾਂ ਚੀਜ਼ਾਂ ਦੇ ਕਾਰਨ ਸੱਚੀ ਭਗਤੀ ਨਾਲ ਸੰਬੰਧਿਤ ਕੰਮਾਂ ਤੋਂ ਆਪਣਾ ਧਿਆਨ ਨਾ ਭਟਕਣ ਦੇਣ। ਭੌਤਿਕ ਚੀਜ਼ਾਂ ਅਤੇ ਪੈਸੇ ਨੇ ਬਹੁਤ ਸਾਰੇ ਪਰਿਵਾਰਾਂ ਨੂੰ ਆਪਣੇ ਜਾਲ ਵਿਚ ਫਸਾਇਆ ਹੈ, ਇਸ ਲਈ ਧਿਆਨ ਦਿਓ ਕਿ ਯਿਸੂ ਨੇ ਆਪਣੀ ਅੱਖ “ਨਿਰਮਲ” ਰੱਖਣ ਬਾਰੇ ਕੀ ਕਿਹਾ ਸੀ। (ਮੱਤੀ 6:22, 23 ਪੜ੍ਹੋ।) ਜਿਸ ਤਰ੍ਹਾਂ ਦੀਵਾ ਸਾਡੇ ਰਸਤੇ ਨੂੰ ਰੌਸ਼ਨ ਕਰਦਾ ਹੈ ਅਤੇ ਤੁਰਦੇ ਸਮੇਂ ਡਿੱਗਣ ਤੋਂ ਬਚਾਉਂਦਾ ਹੈ, ਉਸੇ ਤਰ੍ਹਾਂ ਜੋ ਕੁਝ ਅਸੀਂ “ਦਿਲ ਦੀਆਂ ਅੱਖਾਂ” ਨਾਲ ਦੇਖਦੇ ਹਾਂ, ਉਸ ਨਾਲ ਅਸੀਂ ਸਮਝਦਾਰ ਬਣਦੇ ਹਾਂ ਅਤੇ ਪਾਪ ਦੇ ਫੰਦੇ ਵਿਚ ਪੈਣ ਤੋਂ ਬਚਦੇ ਹਾਂ।—ਅਫ਼. 1:18.

4 ਸਾਫ਼-ਸਾਫ਼ ਦੇਖਣ ਲਈ ਜ਼ਰੂਰੀ ਹੈ ਕਿ ਅੱਖ ਚੰਗੀ ਤਰ੍ਹਾਂ ਕੰਮ ਕਰੇ ਅਤੇ ਉਸ ਚੀਜ਼ ਉੱਤੇ ਟਿਕੇ ਜਿਸ ਚੀਜ਼ ਵੱਲ ਇਹ ਦੇਖ ਰਹੀ ਹੈ। ਦਿਲ ਜਾਂ ਮਨ ਦੀਆਂ ਅੱਖਾਂ ਨਾਲ ਵੀ ਇਸੇ ਤਰ੍ਹਾਂ ਹੈ। ਨਿਰਮਲ ਅੱਖ ਹੋਣ ਦਾ ਮਤਲਬ ਹੈ ਕਿ ਅਸੀਂ ਆਪਣੀ ਨਜ਼ਰ ਇੱਕੋ ਮਕਸਦ ਉੱਤੇ ਟਿਕਾਈ ਰੱਖੀਏ। ਜ਼ਿੰਦਗੀ ਵਿਚ ਭੌਤਿਕ ਚੀਜ਼ਾਂ ਇਕੱਠੀਆਂ ਕਰਨ ਅਤੇ ਪਰਿਵਾਰ ਦੀਆਂ ਭੌਤਿਕ ਲੋੜਾਂ ਪੂਰੀਆਂ ਕਰਨ ਦੀ ਹੱਦੋਂ ਵੱਧ ਚਿੰਤਾ ਕਰਦੇ ਰਹਿਣ ਦੀ ਬਜਾਇ, ਅਸੀਂ ਪਰਮੇਸ਼ੁਰ ਦੀਆਂ ਗੱਲਾਂ ਉੱਤੇ ਧਿਆਨ ਲਾਈ ਰੱਖਦੇ ਹਾਂ। (ਮੱਤੀ 6:33) ਇਸ ਦਾ ਮਤਲਬ ਹੈ ਕਿ ਅਸੀਂ ਜ਼ਰੂਰੀ ਚੀਜ਼ਾਂ ਨਾਲ ਸੰਤੁਸ਼ਟ ਰਹਿੰਦੇ ਹਾਂ ਅਤੇ ਆਪਣੀ ਜ਼ਿੰਦਗੀ ਵਿਚ ਪਰਮੇਸ਼ੁਰ ਦੀ ਸੇਵਾ ਨੂੰ ਪਹਿਲ ਦਿੰਦੇ ਹਾਂ।—ਇਬ. 13:5.

5. ਇਕ ਅੱਲ੍ਹੜ ਕੁੜੀ ਨੇ ਕਿਵੇਂ ਦਿਖਾਇਆ ਕਿ ਉਸ ਦੀ “ਅੱਖ” ਪਰਮੇਸ਼ੁਰ ਦੀ ਸੇਵਾ ਕਰਨ ਉੱਤੇ ਟਿਕੀ ਹੋਈ ਸੀ?

5 ਬੱਚਿਆਂ ਨੂੰ ਜਦੋਂ ਨਿਰਮਲ ਅੱਖ ਰੱਖਣ ਦੀ ਸਿੱਖਿਆ ਦਿੱਤੀ ਜਾਂਦੀ ਹੈ, ਤਾਂ ਕਿੰਨੇ ਵਧੀਆ ਨਤੀਜੇ ਨਿਕਲਦੇ ਹਨ! ਇਥੋਪੀਆ ਦੀ ਇਕ ਅੱਲ੍ਹੜ ਉਮਰ ਦੀ ਕੁੜੀ ਦੀ ਮਿਸਾਲ ਉੱਤੇ ਗੌਰ ਕਰੋ। ਉਹ ਸਕੂਲ ਦਾ ਕੰਮ ਇੰਨੇ ਵਧੀਆ ਤਰੀਕੇ ਨਾਲ ਕਰਦੀ ਸੀ ਕਿ ਸਕੂਲ ਦੀ ਪੜ੍ਹਾਈ ਖ਼ਤਮ ਕਰਨ ਤੋਂ ਬਾਅਦ ਉਸ ਨੂੰ ਵਜ਼ੀਫੇ ਦੀ ਪੇਸ਼ਕਸ਼ ਆਈ ਤਾਂਕਿ ਉਹ ਅੱਗੋਂ ਪੜ੍ਹ ਸਕੇ। ਪਰ ਉਸ ਦੀ ਨਜ਼ਰ ਯਹੋਵਾਹ ਦੀ ਸੇਵਾ ਕਰਨ ਉੱਤੇ ਟਿਕੀ ਹੋਈ ਸੀ ਜਿਸ ਕਾਰਨ ਉਸ ਨੇ ਇਹ ਪੇਸ਼ਕਸ਼ ਠੁਕਰਾ ਦਿੱਤੀ। ਇਸ ਤੋਂ ਥੋੜ੍ਹੀ ਦੇਰ ਬਾਅਦ, ਉਸ ਨੂੰ ਇਕ ਅਜਿਹੀ ਨੌਕਰੀ ਦੀ ਪੇਸ਼ਕਸ਼ ਆਈ ਕਿ ਉਹ ਮਹੀਨੇ ਵਿਚ 3,000 ਯੂਰੋ (1,79,009 ਰੁਪਏ) ਕਮਾ ਸਕਦੀ ਸੀ। ਇਹ ਤਨਖ਼ਾਹ ਉਸ ਦੇਸ਼ ਵਿਚ ਮਿਲਦੀ ਔਸਤਨ ਤਨਖ਼ਾਹ ਨਾਲੋਂ ਕਿਤੇ ਹੀ ਜ਼ਿਆਦਾ ਸੀ। ਪਰ ਉਸ ਕੁੜੀ ਦੀ “ਅੱਖ” ਪਾਇਨੀਅਰਿੰਗ ਕਰਨ ਉੱਤੇ ਟਿਕੀ ਹੋਈ ਸੀ। ਇਹ ਨੌਕਰੀ ਠੁਕਰਾਉਣ ਲਈ ਉਸ ਨੂੰ ਆਪਣੇ ਮਾਪਿਆਂ ਤੋਂ ਪੁੱਛਣ ਦੀ ਲੋੜ ਨਹੀਂ ਸੀ। ਉਸ ਦੇ ਮਾਪਿਆਂ ਨੂੰ ਕਿਵੇਂ ਲੱਗਾ ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਉਨ੍ਹਾਂ ਦੀ ਧੀ ਨੇ ਕੀ ਕੀਤਾ? ਉਹ ਖ਼ੁਸ਼ ਹੋਏ ਅਤੇ ਉਸ ਨੂੰ ਕਿਹਾ ਕਿ ਉਨ੍ਹਾਂ ਨੂੰ ਉਸ ਉੱਤੇ ਕਿੰਨਾ ਫ਼ਖ਼ਰ ਸੀ!

6, 7. ਸਾਨੂੰ ਕਿਹੜੇ ਖ਼ਤਰੇ ਤੋਂ ‘ਖ਼ਬਰਦਾਰ’ ਰਹਿਣਾ ਚਾਹੀਦਾ ਹੈ?

6 ਲੋਭ ਬਾਰੇ ਮੱਤੀ 6:22, 23 ਵਿਚ ਦਰਜ ਯਿਸੂ ਦੀ ਚੇਤਾਵਨੀ ਵੱਲ ਧਿਆਨ ਦਿਓ। ਯਿਸੂ ਨੇ “ਨਿਰਮਲ” ਅੱਖ ਦੀ ਤੁਲਨਾ “ਬੁਰੀ” ਜਾਂ ਈਰਖਾਲੂ ਅੱਖ ਨਾਲ ਕੀਤੀ ਸੀ। ਈਰਖਾਲੂ ਹੋਣ ਦਾ ਮਤਲਬ ਲੋਭ ਕਰਨਾ ਵੀ ਹੋ ਸਕਦਾ ਹੈ। ਯਹੋਵਾਹ ਲੋਭੀ ਜਾਂ ਲਾਲਚੀ ਹੋਣ ਬਾਰੇ ਕਿਵੇਂ ਮਹਿਸੂਸ ਕਰਦਾ ਹੈ? ਬਾਈਬਲ ਦੱਸਦੀ ਹੈ: “ਹਰਾਮਕਾਰੀ ਅਤੇ ਹਰ ਭਾਂਤ ਦੇ ਗੰਦ ਮੰਦ ਅਥਵਾ ਲੋਭ ਦਾ ਤੁਹਾਡੇ ਵਿੱਚ ਨਾਉਂ ਵੀ ਨਾ ਹੋਵੇ।”—ਅਫ਼. 5:3.

7 ਅਸੀਂ ਸੌਖਿਆਂ ਹੀ ਦੂਜਿਆਂ ਵਿਚ ਲੋਭ ਦੇਖ ਸਕਦੇ ਹਾਂ, ਪਰ ਆਪਣੇ ਆਪ ਵਿਚ ਦੇਖਣਾ ਇੰਨਾ ਸੌਖਾ ਨਹੀਂ। ਇਸ ਲਈ ਯਿਸੂ ਦੀ ਸਲਾਹ ਉੱਤੇ ਚੱਲਣਾ ਅਕਲਮੰਦੀ ਦੀ ਗੱਲ ਹੋਵੇਗੀ: “ਖਬਰਦਾਰ ਅਤੇ ਸਾਰੇ ਲੋਭ ਤੋਂ ਬਚੇ ਰਹੋ।” (ਲੂਕਾ 12:15) ਇਸ ਦਾ ਮਤਲਬ ਹੈ ਕਿ ਅਸੀਂ ਆਪਣੀ ਜਾਂਚ ਕਰੀਏ ਕਿ ਸਾਡਾ ਮਨ ਕਿਹੜੀਆਂ ਗੱਲਾਂ ਉੱਤੇ ਟਿਕਿਆ ਹੋਇਆ ਹੈ। ਮਸੀਹੀ ਪਰਿਵਾਰਾਂ ਨੂੰ ਗੰਭੀਰਤਾ ਨਾਲ ਸੋਚਣਾ ਚਾਹੀਦਾ ਹੈ ਕਿ ਉਹ ਕਿੰਨਾ ਸਮਾਂ ਅਤੇ ਪੈਸਾ ਮਨੋਰੰਜਨ ਕਰਨ ਅਤੇ ਚੀਜ਼ਾਂ ਇਕੱਠੀਆਂ ਕਰਨ ਵਿਚ ਲਾਉਂਦੇ ਹਨ।

8. ਖ਼ਰੀਦਾਰੀ ਕਰਦਿਆਂ ਅਸੀਂ ਕਿਵੇਂ ‘ਖ਼ਬਰਦਾਰ’ ਰਹਿ ਸਕਦੇ ਹਾਂ?

8 ਕੋਈ ਚੀਜ਼ ਖ਼ਰੀਦਣ ਤੋਂ ਪਹਿਲਾਂ ਇਹ ਸੋਚਣਾ ਜ਼ਰੂਰੀ ਹੈ ਕਿ ਸਾਡੇ ਕੋਲ ਚੀਜ਼ ਖ਼ਰੀਦਣ ਲਈ ਪੈਸੇ ਹਨ ਕਿ ਨਹੀਂ। ਇਨ੍ਹਾਂ ਗੱਲਾਂ ਬਾਰੇ ਸੋਚੋ: ‘ਕੀ ਮੇਰੇ ਕੋਲ ਇਸ ਚੀਜ਼ ਨੂੰ ਲਗਾਤਾਰ ਵਰਤਣ ਅਤੇ ਇਸ ਦੀ ਸਾਂਭ-ਸੰਭਾਲ ਕਰਨ ਲਈ ਸਮਾਂ ਹੈ? ਇਸ ਨੂੰ ਸਹੀ ਤਰ੍ਹਾਂ ਚਲਾਉਣਾ ਸਿੱਖਣ ਲਈ ਮੈਨੂੰ ਕਿੰਨੀ ਦੇਰ ਲੱਗੇਗੀ?’ ਨੌਜਵਾਨੋ, ਤੁਸੀਂ ਦੁਨੀਆਂ ਦੀ ਹਰ ਚੀਜ਼ ਦੀ ਮਸ਼ਹੂਰੀ ਦੇਖ ਕੇ ਉਸ ਉੱਤੇ ਵਿਸ਼ਵਾਸ ਨਾ ਕਰੋ ਅਤੇ ਫਿਰ ਮਹਿੰਗੇ ਟ੍ਰੇਡ ਮਾਰਕ ਦੇ ਕੱਪੜਿਆਂ ਜਾਂ ਹੋਰ ਚੀਜ਼ਾਂ ਖ਼ਰੀਦਣ ਲਈ ਆਪਣੇ ਮਾਪਿਆਂ ਨੂੰ ਮਜਬੂਰ ਨਾ ਕਰੋ। ਆਪਣੇ ’ਤੇ ਕਾਬੂ ਰੱਖੋ। ਇਹ ਵੀ ਸੋਚੋ ਕਿ ਕਿਸੇ ਚੀਜ਼ ਦੀ ਖ਼ਰੀਦਦਾਰੀ ਕਰਨ ਨਾਲ ਤੁਹਾਡੇ ਪਰਿਵਾਰ ਨੂੰ ਮਨੁੱਖ ਦੇ ਪੁੱਤ੍ਰ ਦੇ ਆਉਣ ਦੇ ਦਿਨ ਲਈ ਤਿਆਰ ਰਹਿਣ ਵਾਸਤੇ ਕਿਹੜੀ ਮਦਦ ਮਿਲੇਗੀ। ਯਹੋਵਾਹ ਦੇ ਇਸ ਵਾਅਦੇ ਉੱਤੇ ਭਰੋਸਾ ਰੱਖੋ: “ਮੈਂ ਤੈਨੂੰ ਕਦੇ ਨਾ ਛੱਡਾਂਗਾ, ਨਾ ਕਦੇ ਤੈਨੂੰ ਤਿਆਗਾਂਗਾ।”—ਇਬ. 13:5.

ਪਰਮੇਸ਼ੁਰ ਦੀ ਸੇਵਾ ਸੰਬੰਧੀ ਟੀਚੇ ਰੱਖੋ

9. ਪਰਮੇਸ਼ੁਰ ਦੀ ਸੇਵਾ ਸੰਬੰਧੀ ਟੀਚੇ ਰੱਖਣ ਨਾਲ ਪਰਿਵਾਰ ਦੀ ਕਿਵੇਂ ਮਦਦ ਹੋ ਸਕਦੀ ਹੈ?

9 ਪਰਿਵਾਰ ਦੇ ਮੈਂਬਰ ਇਕ ਹੋਰ ਤਰੀਕੇ ਨਾਲ ਆਪਣੀ ਨਿਹਚਾ ਮਜ਼ਬੂਤ ਕਰ ਸਕਦੇ ਹਨ ਅਤੇ ਸਾਰੇ ਪਰਿਵਾਰ ਦੀ ਭਲਾਈ ਵਿਚ ਯੋਗਦਾਨ ਪਾ ਸਕਦੇ ਹਨ। ਉਹ ਹੈ ਪਰਮੇਸ਼ੁਰ ਦੀ ਸੇਵਾ ਸੰਬੰਧੀ ਟੀਚੇ ਰੱਖਣੇ ਅਤੇ ਉਨ੍ਹਾਂ ਨੂੰ ਹਾਸਲ ਕਰਨਾ। ਇਸ ਤਰ੍ਹਾਂ ਕਰਨ ਨਾਲ ਪਰਿਵਾਰ ਦੇਖ ਸਕਦੇ ਹਨ ਕਿ ਉਹ ਯਹੋਵਾਹ ਨੂੰ ਖ਼ੁਸ਼ ਕਰਨ ਲਈ ਕਿੰਨੀ ਕੁ ਤਰੱਕੀ ਕਰ ਰਹੇ ਹਨ ਅਤੇ ਉਨ੍ਹਾਂ ਦੀ ਜ਼ਿੰਦਗੀ ਵਿਚ ਕਿਹੜੇ ਕੰਮ ਅਹਿਮੀਅਤ ਰੱਖਦੇ ਹਨ।—ਫ਼ਿਲਿੱਪੀਆਂ 1:10 ਪੜ੍ਹੋ।

10, 11. ਪਰਿਵਾਰ ਵਜੋਂ ਤੁਸੀਂ ਕਿਹੜੇ ਟੀਚੇ ਹਾਸਲ ਕਰ ਰਹੇ ਹੋ ਅਤੇ ਭਵਿੱਖ ਲਈ ਤੁਸੀਂ ਕਿਹੜੇ ਟੀਚੇ ਰੱਖਣਾ ਚਾਹੁੰਦੇ ਹੋ?

10 ਆਪਣੇ ਹਲਾਤਾਂ ਦੇ ਮੁਤਾਬਕ ਛੋਟੇ-ਛੋਟੇ ਟੀਚੇ ਰੱਖਣ ਨਾਲ ਹਰ ਪਰਿਵਾਰ ਦੇ ਮੈਂਬਰ ਨੂੰ ਫ਼ਾਇਦਾ ਹੋ ਸਕਦਾ ਹੈ। ਮਿਸਾਲ ਲਈ, ਹਰ ਰੋਜ਼ ਡੇਲੀ ਟੈਕਸਟ ਉੱਤੇ ਚਰਚਾ ਕਰਨ ਦਾ ਟੀਚਾ ਰੱਖਣ ਬਾਰੇ ਸੋਚੋ। ਆਪਣੇ ਘਰਦਿਆਂ ਦੀਆਂ ਟਿੱਪਣੀਆਂ ਤੋਂ ਘਰ ਦਾ ਮੁਖੀ ਦੇਖ ਸਕਦਾ ਹੈ ਕਿ ਉਹ ਯਹੋਵਾਹ ਅਤੇ ਸੱਚਾਈ ਨਾਲ ਕਿੰਨਾ ਕੁ ਪਿਆਰ ਕਰਦੇ ਹਨ। ਪਰਿਵਾਰ ਵਜੋਂ ਲਗਾਤਾਰ ਬਾਈਬਲ ਪੜ੍ਹਨ ਨਾਲ ਬੱਚਿਆਂ ਨੂੰ ਆਪਣੀ ਪੜ੍ਹਨ ਦੀ ਕਲਾ ਸੁਧਾਰਨ ਦਾ ਵਧੀਆ ਮੌਕਾ ਮਿਲਦਾ ਹੈ ਤੇ ਉਨ੍ਹਾਂ ਦੀ ਬਾਈਬਲ ਬਾਰੇ ਸਮਝ ਵੀ ਵਧਦੀ ਹੈ। (ਜ਼ਬੂ. 1:1, 2) ਨਾਲੇ ਕੀ ਅਸੀਂ ਆਪਣੀਆਂ ਪ੍ਰਾਰਥਨਾਵਾਂ ਨੂੰ ਹੋਰ ਵਧੀਆ ਬਣਾਉਣ ਦਾ ਟੀਚਾ ਨਹੀਂ ਰੱਖਣਾ ਚਾਹਾਂਗੇ? ਪਵਿੱਤਰ ਸ਼ਕਤੀ ਦੇ ਫਲ ਦੇ ਵੱਖ-ਵੱਖ ਪਹਿਲੂਆਂ ਨੂੰ ਹੋਰ ਜ਼ਿਆਦਾ ਪੈਦਾ ਕਰਨਾ ਇਕ ਹੋਰ ਵਧੀਆ ਟੀਚਾ ਹੋ ਸਕਦਾ ਹੈ। (ਗਲਾ. 5:22, 23) ਜਾਂ ਅਸੀਂ ਕੁਝ ਤਰੀਕੇ ਦੇਖ ਸਕਦੇ ਹਾਂ ਜਿਨ੍ਹਾਂ ਰਾਹੀਂ ਅਸੀਂ ਪ੍ਰਚਾਰ ਕਰਦੇ ਸਮੇਂ ਮਿਲਦੇ ਲੋਕਾਂ ਨੂੰ ਹਮਦਰਦੀ ਦਿਖਾ ਸਕਦੇ ਹਾਂ? ਜੇ ਪੂਰਾ ਪਰਿਵਾਰ ਇੱਦਾਂ ਕਰਨ ਦੀ ਕੋਸ਼ਿਸ਼ ਕਰੇਗਾ, ਤਾਂ ਬੱਚੇ ਹਮਦਰਦ ਬਣਨਾ ਸਿੱਖਣਗੇ ਅਤੇ ਹੋ ਸਕਦਾ ਹੈ ਕਿ ਉਨ੍ਹਾਂ ਵਿਚ ਰੈਗੂਲਰ ਪਾਇਨੀਅਰ ਜਾਂ ਮਿਸ਼ਨਰੀ ਵਜੋਂ ਸੇਵਾ ਕਰਨ ਦੀ ਚਾਹਤ ਪੈਦਾ ਹੋਵੇ।

11 ਕਿਉਂ ਨਾ ਤੁਸੀਂ ਅਤੇ ਤੁਹਾਡਾ ਪਰਿਵਾਰ ਸੋਚੋ ਕਿ ਤੁਸੀਂ ਕਿਹੜੇ ਕੁਝ ਟੀਚੇ ਰੱਖ ਸਕਦੇ ਹੋ? ਕੀ ਤੁਹਾਡਾ ਪਰਿਵਾਰ ਪ੍ਰਚਾਰ ਵਿਚ ਹੋਰ ਸਮਾਂ ਲਾਉਣ ਦਾ ਟੀਚਾ ਰੱਖ ਸਕਦਾ ਹੈ? ਜੇ ਤੁਹਾਨੂੰ ਫ਼ੋਨ ਰਾਹੀਂ, ਸੜਕ ’ਤੇ ਜਾਂ ਬਿਜ਼ਨਿਸ ਇਲਾਕਿਆਂ ਵਿਚ ਗਵਾਹੀ ਦੇਣ ਤੋਂ ਡਰ ਲੱਗਦਾ ਹੈ, ਤਾਂ ਕੀ ਉਹ ਆਪਣੇ ਇਸ ਡਰ ’ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰ ਸਕਦੇ ਹਨ? ਕੀ ਤੁਸੀਂ ਉਸ ਜਗ੍ਹਾ ਜਾ ਕੇ ਪ੍ਰਚਾਰ ਕਰ ਸਕਦੇ ਹੋ ਜਿੱਥੇ ਰਾਜ ਦੇ ਪ੍ਰਚਾਰਕਾਂ ਦੀ ਜ਼ਿਆਦਾ ਲੋੜ ਹੈ? ਜਾਂ ਕੀ ਪਰਿਵਾਰ ਦਾ ਇਕ ਜੀਅ ਹੋਰ ਭਾਸ਼ਾ ਦੇ ਲੋਕਾਂ ਨੂੰ ਖ਼ੁਸ਼ ਖ਼ਬਰੀ ਸੁਣਾਉਣ ਲਈ ਨਵੀਂ ਭਾਸ਼ਾ ਸਿੱਖ ਸਕਦਾ ਹੈ?

12. ਪਰਮੇਸ਼ੁਰ ਦੀ ਸੇਵਾ ਵਿਚ ਤਰੱਕੀ ਕਰਨ ਲਈ ਪਰਿਵਾਰਾਂ ਦੇ ਮੁਖੀ ਆਪਣੇ ਪਰਿਵਾਰਾਂ ਦੀ ਕਿਵੇਂ ਮਦਦ ਕਰ ਸਕਦੇ ਹਨ?

12 ਪਰਿਵਾਰ ਦੇ ਮੁਖੀ ਵਜੋਂ ਦੇਖੋ ਕਿ ਤੁਹਾਡੇ ਪਰਿਵਾਰ ਨੂੰ ਕਿਨ੍ਹਾਂ ਗੱਲਾਂ ਵਿਚ ਅੱਗੇ ਵਧਣ ਦੀ ਲੋੜ ਹੈ। ਫਿਰ ਇਸ ਉਦੇਸ਼ ਨੂੰ ਪੂਰਾ ਕਰਨ ਲਈ ਖ਼ਾਸ ਟੀਚੇ ਰੱਖੋ। ਪਰਿਵਾਰ ਵਜੋਂ ਤੁਸੀਂ ਜਿਹੜੇ ਟੀਚੇ ਰੱਖੇ ਹਨ, ਉਹ ਤੁਹਾਡੇ ਹਾਲਾਤਾਂ ਅਤੇ ਕਾਬਲੀਅਤਾਂ ਅਨੁਸਾਰ ਹੋਣੇ ਚਾਹੀਦੇ ਹਨ। (ਕਹਾ. 13:12) ਇਹ ਸੱਚ ਹੈ ਕਿ ਚੰਗੇ ਟੀਚੇ ਤਕ ਪਹੁੰਚਣ ਲਈ ਸਮਾਂ ਲੱਗੇਗਾ। ਟੈਲੀਵਿਯਨ ਦੇਖਣ ਵਿਚ ਸਮਾਂ ਬਰਬਾਦ ਕਰਨ ਦੀ ਬਜਾਇ, ਇਹ ਸਮਾਂ ਤੁਸੀਂ ਪਰਮੇਸ਼ੁਰ ਦੀ ਸੇਵਾ ਕਰਨ ਵਿਚ ਲਗਾਓ। (ਅਫ਼. 5:15, 16) ਜਿਹੜੇ ਟੀਚੇ ਤੁਸੀਂ ਆਪਣੇ ਪਰਿਵਾਰ ਲਈ ਰੱਖੇ ਹਨ, ਉਨ੍ਹਾਂ ਨੂੰ ਹਾਸਲ ਲਈ ਸਖ਼ਤ ਮਿਹਨਤ ਕਰੋ। (ਗਲਾ. 6:9) ਜਿਹੜਾ ਪਰਿਵਾਰ ਪਰਮੇਸ਼ੁਰ ਦੀ ਸੇਵਾ ਸੰਬੰਧੀ ਟੀਚੇ ਰੱਖੇਗਾ, ਉਸ ਦੀ ਤਰੱਕੀ “ਸਭਨਾਂ ਉੱਤੇ ਪਰਗਟ” ਹੋਵੇਗੀ।—1 ਤਿਮੋ. 4:15.

ਪਰਿਵਾਰਕ ਸਟੱਡੀ ਕਰਦੇ ਰਹੋ

13. ਹਫ਼ਤੇਵਾਰ ਮੀਟਿੰਗਾਂ ਵਿਚ ਕਿਹੜੀ ਤਬਦੀਲੀ ਕੀਤੀ ਗਈ ਸੀ ਅਤੇ ਸਾਨੂੰ ਕਿਹੜੇ ਸਵਾਲਾਂ ਉੱਤੇ ਸੋਚ-ਵਿਚਾਰ ਕਰਨਾ ਚਾਹੀਦਾ ਹੈ?

13 ਮਨੁੱਖ ਦੇ ਪੁੱਤਰ ਦੇ ਆਉਣ ਵਾਸਤੇ ‘ਜਾਗਦੇ ਰਹਿਣ’ ਵਿਚ ਪਰਿਵਾਰਾਂ ਦੀ ਮਦਦ ਕਰਨ ਲਈ 1 ਜਨਵਰੀ 2009 ਤੋਂ ਹਫ਼ਤੇਵਾਰ ਮੀਟਿੰਗਾਂ ਵਿਚ ਵੱਡੀ ਤਬਦੀਲੀ ਕੀਤੀ ਗਈ ਸੀ। ਸਾਨੂੰ ਹੁਣ ਕਲੀਸਿਯਾ ਦੀ ਬੁੱਕ ਸਟੱਡੀ ਵਾਸਤੇ ਹਫ਼ਤੇ ਵਿਚ ਵੱਖਰੇ ਦਿਨ ਤੇ ਮਿਲਣ ਦੀ ਲੋੜ ਨਹੀਂ ਹੈ। ਇਸ ਮੀਟਿੰਗ ਨੂੰ ਹੁਣ ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ ਅਤੇ ਸੇਵਾ ਸਭਾ ਨਾਲ ਜੋੜਿਆ ਗਿਆ ਹੈ। ਇਹ ਤਬਦੀਲੀ ਇਸ ਲਈ ਲਿਆਂਦੀ ਗਈ ਸੀ ਤਾਂਕਿ ਮਸੀਹੀ ਪਰਿਵਾਰ ਹਰ ਹਫ਼ਤੇ ਇਕ ਖ਼ਾਸ ਸਮਾਂ ਤੈਅ ਕਰੇ ਜਿਸ ਦੌਰਾਨ ਉਹ ਪਰਮੇਸ਼ੁਰ ਨਾਲ ਆਪਣਾ ਰਿਸ਼ਤਾ ਮਜ਼ਬੂਤ ਕਰ ਸਕਦਾ ਹੈ। ਇਹ ਤਬਦੀਲੀ ਹੋਈ ਨੂੰ ਹੁਣ ਕੁਝ ਸਮਾਂ ਹੋ ਗਿਆ ਹੈ, ਇਸ ਲਈ ਅਸੀਂ ਆਪਣੇ ਆਪ ਤੋਂ ਪੁੱਛ ਸਕਦੇ ਹਾਂ: ‘ਕੀ ਮੈਂ ਪਰਿਵਾਰਕ ਸਟੱਡੀ ਜਾਂ ਨਿੱਜੀ ਅਧਿਐਨ ਕਰਨ ਵਾਸਤੇ ਮਿਲੇ ਸਮੇਂ ਨੂੰ ਇਸ ਮਕਸਦ ਲਈ ਵਰਤ ਰਿਹਾ ਹਾਂ? ਕੀ ਮੈਂ ਇਸ ਪ੍ਰਬੰਧ ਦਾ ਉਦੇਸ਼ ਹਾਸਲ ਕਰਨ ਵਿਚ ਸਫ਼ਲ ਹੋਇਆ ਹਾਂ?’

14. (ੳ) ਪਰਿਵਾਰਕ ਸਟੱਡੀ ਜਾਂ ਨਿੱਜੀ ਅਧਿਐਨ ਕਰਦੇ ਰਹਿਣ ਦਾ ਮੁੱਖ ਉਦੇਸ਼ ਕੀ ਹੈ? (ਅ) ਸਟੱਡੀ ਵਾਸਤੇ ਸਮਾਂ ਕੱਢਣਾ ਕਿਉਂ ਜ਼ਰੂਰੀ ਹੈ?

14 ਪਰਿਵਾਰਕ ਸਟੱਡੀ ਜਾਂ ਨਿੱਜੀ ਅਧਿਐਨ ਕਰਦੇ ਰਹਿਣ ਦਾ ਮੁੱਖ ਉਦੇਸ਼ ਹੈ ਪਰਮੇਸ਼ੁਰ ਦੇ ਹੋਰ ਕਰੀਬ ਜਾਣਾ। (ਯਾਕੂ. 4:8) ਜਦੋਂ ਅਸੀਂ ਬਾਕਾਇਦਾ ਬਾਈਬਲ ਦਾ ਅਧਿਐਨ ਕਰਦੇ ਹਾਂ ਅਤੇ ਆਪਣੇ ਸ੍ਰਿਸ਼ਟੀਕਰਤਾ ਬਾਰੇ ਹੋਰ ਗਿਆਨ ਲੈਂਦੇ ਜਾਂਦੇ ਹਾਂ, ਤਾਂ ਸਾਡਾ ਉਸ ਨਾਲ ਰਿਸ਼ਤਾ ਹੋਰ ਵੀ ਮਜ਼ਬੂਤ ਹੁੰਦਾ ਹੈ। ਜਿੰਨਾ ਜ਼ਿਆਦਾ ਅਸੀਂ ਯਹੋਵਾਹ ਦੇ ਨੇੜੇ ਜਾਂਦੇ ਹਾਂ, ਉੱਨਾ ਜ਼ਿਆਦਾ ਅਸੀਂ ਉਸ ਨੂੰ “ਆਪਣੇ ਸਾਰੇ ਦਿਲ ਨਾਲ ਅਤੇ ਆਪਣੀ ਸਾਰੀ ਜਾਨ ਨਾਲ ਅਤੇ ਆਪਣੀ ਸਾਰੀ ਬੁੱਧ ਨਾਲ ਅਤੇ ਆਪਣੀ ਸਾਰੀ ਸ਼ਕਤੀ ਨਾਲ” ਪਿਆਰ ਕਰਨ ਲਈ ਪ੍ਰੇਰਿਤ ਹੋਵਾਂਗੇ। (ਮਰ. 12:30) ਅਸੀਂ ਪਰਮੇਸ਼ੁਰ ਦਾ ਕਹਿਣਾ ਮੰਨਣ ਅਤੇ ਉਸ ਦੀ ਰੀਸ ਕਰਨ ਲਈ ਉਤਸੁਕ ਹਾਂ। (ਅਫ਼. 5:1) ‘ਵੱਡੇ ਕਸ਼ਟ’ ਦੀ ਉਡੀਕ ਕਰਦਿਆਂ ਆਪਣੇ ਪਰਿਵਾਰ ਦੇ ਮੈਂਬਰਾਂ ਦੀ ‘ਜਾਗਦੇ ਰਹਿਣ’ ਵਿਚ ਮਦਦ ਕਰਨ ਲਈ ਪਰਿਵਾਰਕ ਸਟੱਡੀ ਕਰਦੇ ਰਹਿਣਾ ਬਹੁਤ ਮਹੱਤਵਪੂਰਣ ਹੈ। (ਮੱਤੀ 24:21) ਇਹ ਸਾਡੇ ਬਚਾਅ ਲਈ ਜ਼ਰੂਰੀ ਹੈ।

15. ਪਰਿਵਾਰਕ ਸਟੱਡੀ ਕਰਨ ਨਾਲ ਪਰਿਵਾਰ ਦੇ ਮੈਂਬਰਾਂ ਦੀਆਂ ਭਾਵਨਾਵਾਂ ਉੱਤੇ ਕੀ ਅਸਰ ਪੈਂਦਾ ਹੈ?

15 ਪਰਿਵਾਰਕ ਸਟੱਡੀ ਦੇ ਪ੍ਰਬੰਧ ਦਾ ਇਕ ਹੋਰ ਮਕਸਦ ਹੈ। ਇਸ ਦੀ ਮਦਦ ਨਾਲ ਪਰਿਵਾਰ ਦੇ ਮੈਂਬਰਾਂ ਦਾ ਆਪਸੀ ਪਿਆਰ ਵਧਦਾ ਹੈ। ਹਰ ਹਫ਼ਤੇ ਪਰਮੇਸ਼ੁਰ ਦੀਆਂ ਗੱਲਾਂ ਵਿਚ ਸਮਾਂ ਬਿਤਾਉਣ ਨਾਲ ਪਰਿਵਾਰ ਦੇ ਮੈਂਬਰਾਂ ਦੀਆਂ ਇਕ-ਦੂਜੇ ਬਾਰੇ ਭਾਵਨਾਵਾਂ ਉੱਤੇ ਕਾਫ਼ੀ ਚੰਗਾ ਅਸਰ ਪੈਂਦਾ ਹੈ। ਪਤੀ-ਪਤਨੀ ਜਦੋਂ ਮਿਲ ਕੇ ਬਾਈਬਲ ਵਿੱਚੋਂ ਸਿੱਖੀਆਂ ਗੱਲਾਂ ਉੱਤੇ ਚਰਚਾ ਕਰਦੇ ਹਨ, ਤਾਂ ਉਨ੍ਹਾਂ ਦੀ ਏਕਤਾ ਵਧਦੀ ਹੈ। (ਉਪਦੇਸ਼ਕ ਦੀ ਪੋਥੀ 4:12 ਪੜ੍ਹੋ।) ਜਦ ਮਾਪੇ ਅਤੇ ਬੱਚੇ ਇਕੱਠੇ ਯਹੋਵਾਹ ਦੀ ਭਗਤੀ ਕਰਦੇ ਹਨ, ਤਾਂ ਉਨ੍ਹਾਂ ਦਾ ਪਿਆਰ ਵਧਦਾ ਹੈ ਜੋ “ਸੰਪੂਰਨਤਾਈ ਦਾ ਬੰਧ ਹੈ।”—ਕੁਲੁ. 3:14.

16. ਦੱਸੋ ਕਿ ਤਿੰਨ ਭੈਣਾਂ ਨੂੰ ਬਾਈਬਲ ਸਟੱਡੀ ਕਰ ਕੇ ਕਿਵੇਂ ਫ਼ਾਇਦਾ ਮਿਲ ਰਿਹਾ ਹੈ।

16 ਇਕ ਕਲੀਸਿਯਾ ਦੀਆਂ ਤਿੰਨ ਭੈਣਾਂ ਦੀ ਮਿਸਾਲ ਉੱਤੇ ਗੌਰ ਕਰੋ ਜਿਨ੍ਹਾਂ ਨੂੰ ਬਾਈਬਲ ਸਟੱਡੀ ਲਈ ਕੀਤੇ ਪ੍ਰਬੰਧ ਤੋਂ ਫ਼ਾਇਦਾ ਮਿਲਿਆ ਹੈ। ਉਹ ਸਕੀਆਂ ਭੈਣਾਂ ਨਹੀਂ ਹਨ, ਪਰ ਇਹ ਤਿੰਨ ਬਿਰਧ ਵਿਧਵਾਵਾਂ ਇੱਕੋ ਹੀ ਸ਼ਹਿਰ ਵਿਚ ਰਹਿੰਦੀਆਂ ਹਨ ਅਤੇ ਬਹੁਤ ਸਾਲਾਂ ਤੋਂ ਚੰਗੀਆਂ ਸਹੇਲੀਆਂ ਹਨ। ਉਹ ਇਕ-ਦੂਜੇ ਨਾਲ ਹੋਰ ਸਮਾਂ ਗੁਜ਼ਾਰਨਾ ਚਾਹੁੰਦੀਆਂ ਸਨ, ਪਰ ਉਹ ਇਹ ਵੀ ਚਾਹੁੰਦੀਆਂ ਸਨ ਕਿ ਇਹ ਸਮਾਂ ਪਰਮੇਸ਼ੁਰ ਬਾਰੇ ਹੋਰ ਸਿੱਖਣ ਵਿਚ ਲਾਇਆ ਜਾਵੇ। ਇਸ ਲਈ ਉਨ੍ਹਾਂ ਨੇ ਹਫ਼ਤੇ ਦੀ ਇਕ ਸ਼ਾਮ ਨੂੰ ਬਾਈਬਲ ਸਟੱਡੀ ਕਰਨ ਲਈ ਸਮਾਂ ਤੈਅ ਕੀਤਾ। ਉਨ੍ਹਾਂ ਨੇ ਪਰਮੇਸ਼ੁਰ ਦੇ ਰਾਜ ਬਾਰੇ ‘ਸਾਖੀ ਦਿਓ’ (ਅੰਗ੍ਰੇਜ਼ੀ) ਕਿਤਾਬ ਵਿੱਚੋਂ ਸਟੱਡੀ ਸ਼ੁਰੂ ਕੀਤੀ। ਉਨ੍ਹਾਂ ਵਿੱਚੋਂ ਇਕ ਜਣੀ ਨੇ ਕਿਹਾ: “ਸਾਨੂੰ ਸਟੱਡੀ ਕਰਦਿਆਂ ਇੰਨਾ ਮਜ਼ਾ ਆਉਂਦਾ ਹੈ ਕਿ ਸਾਡੀ ਸਟੱਡੀ ਇਕ ਘੰਟੇ ਨਾਲੋਂ ਵੀ ਲੰਬੀ ਹੋ ਜਾਂਦੀ ਹੈ। ਅਸੀਂ ਪਹਿਲੀ ਸਦੀ ਦੇ ਭਰਾਵਾਂ ਦੇ ਹਲਾਤਾਂ ਬਾਰੇ ਸੋਚਦੀਆਂ ਹਾਂ ਕਿ ਜੇ ਅਸੀਂ ਉਨ੍ਹਾਂ ਹਲਾਤਾਂ ਵਿਚ ਹੁੰਦੀਆਂ, ਤਾਂ ਅਸੀਂ ਕੀ ਕਰਦੀਆਂ। ਫਿਰ ਅਸੀਂ ਸਿੱਖੀਆਂ ਗੱਲਾਂ ਨੂੰ ਪ੍ਰਚਾਰ ਵਿਚ ਲਾਗੂ ਕਰਨ ਦੀ ਕੋਸ਼ਿਸ਼ ਕਰਦੀਆਂ ਹਾਂ। ਇੱਦਾਂ ਕਰਨ ਨਾਲ ਅਸੀਂ ਹੋਰ ਵੀ ਅਸਰਕਾਰੀ ਤਰੀਕੇ ਨਾਲ ਰਾਜ ਦਾ ਪ੍ਰਚਾਰ ਅਤੇ ਚੇਲੇ ਬਣਾਉਣ ਦਾ ਕੰਮ ਕਰਦੀਆਂ ਹਾਂ ਅਤੇ ਸਾਨੂੰ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਖ਼ੁਸ਼ੀ ਮਿਲਦੀ ਹੈ।” ਇਨ੍ਹਾਂ ਭੈਣਾਂ ਨੂੰ ਸਟੱਡੀ ਕਰ ਕੇ ਫ਼ਾਇਦਾ ਮਿਲਣ ਦੇ ਨਾਲ-ਨਾਲ ਉਨ੍ਹਾਂ ਦੀ ਦੋਸਤੀ ਹੋਰ ਵੀ ਗੂੜ੍ਹੀ ਹੋਈ ਹੈ। ਉਹ ਕਹਿੰਦੀਆਂ ਹਨ: “ਅਸੀਂ ਇਸ ਪ੍ਰਬੰਧ ਦੀ ਬਹੁਤ ਕਦਰ ਕਰਦੀਆਂ ਹਾਂ।”

17. ਕਿਹੜੀਆਂ ਗੱਲਾਂ ਦੀ ਮਦਦ ਨਾਲ ਪਰਿਵਾਰਕ ਸਟੱਡੀ ਕਾਮਯਾਬ ਹੋਵੇਗੀ?

17 ਤੁਹਾਡੇ ਬਾਰੇ ਕੀ? ਤੁਹਾਨੂੰ ਪਰਿਵਾਰਕ ਸਟੱਡੀ ਜਾਂ ਨਿੱਜੀ ਅਧਿਐਨ ਕਰਨ ਵਾਸਤੇ ਰੱਖੇ ਸਮੇਂ ਤੋਂ ਕਿਵੇਂ ਲਾਭ ਮਿਲ ਰਿਹਾ ਹੈ? ਜੇ ਤੁਸੀਂ ਕਦੀ ਸਟੱਡੀ ਕਰਦੇ ਹੋ ਤੇ ਕਦੀ ਨਹੀਂ ਕਰਦੇ, ਤਾਂ ਇਸ ਪ੍ਰਬੰਧ ਦਾ ਕੋਈ ਫ਼ਾਇਦਾ ਨਹੀਂ ਹੋਣਾ। ਪਰਿਵਾਰ ਦੇ ਹਰ ਮੈਂਬਰ ਨੂੰ ਤੈਅ ਕੀਤੇ ਗਏ ਸਮੇਂ ਤੇ ਅਧਿਐਨ ਕਰਨ ਲਈ ਤਿਆਰ ਹੋਣਾ ਚਾਹੀਦਾ ਹੈ। ਛੋਟੀਆਂ-ਮੋਟੀਆਂ ਗੱਲਾਂ ਨੂੰ ਸਟੱਡੀ ਵਿਚ ਰੋੜਾ ਨਾ ਬਣਨ ਦਿਓ। ਇਸ ਤੋਂ ਇਲਾਵਾ, ਸਟੱਡੀ ਵਾਸਤੇ ਅਜਿਹੀ ਜਾਣਕਾਰੀ ਚੁਣੋ ਜੋ ਤੁਹਾਡੇ ਪਰਿਵਾਰ ਦੀ ਰੋਜ਼ਮੱਰਾ ਜ਼ਿੰਦਗੀ ਵਿਚ ਕੰਮ ਆਵੇ। ਤੁਸੀਂ ਸਟੱਡੀ ਨੂੰ ਮਜ਼ੇਦਾਰ ਬਣਾਉਣ ਲਈ ਕੀ ਕੁਝ ਕਰ ਸਕਦੇ ਹੋ? ਸਿਖਾਉਣ ਦੇ ਅਸਰਕਾਰੀ ਤਰੀਕੇ ਵਰਤੋ ਅਤੇ ਮਾਹੌਲ ਨੂੰ ਆਦਰ ਭਰਿਆ ਤੇ ਸ਼ਾਂਤ ਬਣਾਓ।—ਯਾਕੂ. 3:18. *

‘ਜਾਗਦੇ ਰਹੋ’ ਅਤੇ “ਤਿਆਰ ਰਹੋ”

18, 19. ਇਹ ਜਾਣਦੇ ਹੋਏ ਕਿ ਮਨੁੱਖ ਦਾ ਪੁੱਤਰ ਆਉਣ ਵਾਲਾ ਹੈ, ਤੁਹਾਡੇ ਅਤੇ ਤੁਹਾਡੇ ਪਰਿਵਾਰ ’ਤੇ ਕੀ ਅਸਰ ਹੋਣਾ ਚਾਹੀਦਾ ਹੈ?

18 ਕੋਈ ਸ਼ੱਕ ਨਹੀਂ ਕਿ ਸਾਡੇ ਜ਼ਮਾਨੇ ਵਿਚ ਦੁਨੀਆਂ ਦੇ ਵਿਗੜਦੇ ਹਾਲਾਤਾਂ ਤੋਂ ਪਤਾ ਲੱਗਦਾ ਹੈ ਕਿ 1914 ਤੋਂ ਸ਼ਤਾਨ ਦੀ ਬੁਰੀ ਦੁਨੀਆਂ ਆਪਣੇ ਆਖ਼ਰੀ ਦਿਨਾਂ ਵਿਚ ਪਹੁੰਚ ਚੁੱਕੀ ਹੈ। ਆਰਮਾਗੇਡਨ ਦੇ ਕਾਲੇ ਬੱਦਲ ਮੰਡਰਾ ਰਹੇ ਹਨ। ਜਲਦੀ ਹੀ ਉਹ ਸਮਾਂ ਆ ਰਿਹਾ ਹੈ ਜਦ ਮਨੁੱਖ ਦਾ ਪੁੱਤਰ ਬੁਰੇ ਲੋਕਾਂ ਨੂੰ ਯਹੋਵਾਹ ਵੱਲੋਂ ਸਜ਼ਾ ਦੇਵੇਗਾ। (ਜ਼ਬੂ. 37:10; ਕਹਾ. 2:21, 22) ਇਹ ਗੱਲ ਜਾਣ ਕੇ ਤੁਹਾਡੇ ’ਤੇ ਅਤੇ ਤੁਹਾਡੇ ਪਰਿਵਾਰ ਉੱਤੇ ਕੀ ਅਸਰ ਹੋਣਾ ਚਾਹੀਦਾ ਹੈ?

19 ਕੀ ਤੁਸੀਂ ਆਪਣੀ ਅੱਖ “ਨਿਰਮਲ” ਰੱਖਣ ਦੀ ਯਿਸੂ ਦੀ ਸਲਾਹ ਉੱਤੇ ਚੱਲ ਰਹੇ ਹੋ? ਦੁਨੀਆਂ ਦੇ ਲੋਕ ਸ਼ਾਇਦ ਧਨ-ਦੌਲਤ, ਸ਼ੁਹਰਤ ਜਾਂ ਤਾਕਤ ਹਾਸਲ ਕਰ ਲੈਣ, ਪਰ ਕੀ ਤੁਹਾਡਾ ਪਰਿਵਾਰ ਪਰਮੇਸ਼ੁਰ ਦੀ ਸੇਵਾ ਸੰਬੰਧੀ ਰੱਖੇ ਟੀਚੇ ਹਾਸਲ ਕਰ ਰਿਹਾ ਹੈ? ਕੀ ਪਰਿਵਾਰਕ ਸਟੱਡੀ ਜਾਂ ਨਿੱਜੀ ਅਧਿਐਨ ਕਰਨ ਲਈ ਰੱਖਿਆ ਸਮਾਂ ਤੁਹਾਡੇ ਲਈ ਫ਼ਾਇਦੇਮੰਦ ਹੈ? ਕੀ ਇਸ ਦੀ ਮਦਦ ਨਾਲ ਪਰਮੇਸ਼ੁਰ ਅਤੇ ਪਰਿਵਾਰ ਦੇ ਮੈਂਬਰਾਂ ਨਾਲ ਤੁਹਾਡਾ ਰਿਸ਼ਤਾ ਮਜ਼ਬੂਤ ਹੋਇਆ ਹੈ? ਜਿਵੇਂ ਪਿਛਲੇ ਲੇਖ ਵਿਚ ਦੇਖਿਆ ਸੀ, ਕੀ ਤੁਸੀਂ ਪਤੀ, ਪਤਨੀ ਜਾਂ ਬੱਚੇ ਵਜੋਂ ਬਾਈਬਲ ਵਿਚ ਦੱਸੀ ਆਪਣੀ ਜ਼ਿੰਮੇਵਾਰੀ ਨਿਭਾ ਕੇ ਸਾਰੇ ਪਰਿਵਾਰ ਦੀ ‘ਜਾਗਦੇ ਰਹਿਣ’ ਵਿਚ ਮਦਦ ਕਰ ਰਹੇ ਹੋ? (1 ਥੱਸ. 5:6) ਜੇ ਹਾਂ, ਤਾਂ ਤੁਸੀਂ ਮਨੁੱਖ ਦੇ ਪੁੱਤਰ ਦੇ ਆਉਣ ਵੇਲੇ ‘ਤਿਆਰ ਰਹੋਗੇ।’

[ਫੁਟਨੋਟ]

^ ਪੈਰਾ 17 ਪਰਿਵਾਰਕ ਸਟੱਡੀ ਨੂੰ ਪ੍ਰੈਕਟੀਕਲ ਅਤੇ ਮਜ਼ੇਦਾਰ ਬਣਾਉਣ ਲਈ ਹੋਰ ਸੁਝਾਵਾਂ ਲਈ 15 ਅਕਤੂਬਰ 2009 ਦੇ ਪਹਿਰਾਬੁਰਜ ਦੇ ਸਫ਼ੇ 29-31 ਦੇਖੋ।

ਤੁਸੀਂ ਕੀ ਸਿੱਖਿਆ ਹੈ?

• ਸਮਝਾਓ ਕਿ ਮਸੀਹੀ ਪਰਿਵਾਰ ਕਿਵੇਂ . . .

“ਨਿਰਮਲ” ਅੱਖ ਰੱਖ ਕੇ ‘ਤਿਆਰ ਰਹਿ’ ਸਕਦੇ ਹਨ।

ਪਰਮੇਸ਼ੁਰ ਦੀ ਸੇਵਾ ਸੰਬੰਧੀ ਟੀਚੇ ਰੱਖ ਕੇ ਇਨ੍ਹਾਂ ਨੂੰ ਹਾਸਲ ਕਰਨ ਵਿਚ ਲੱਗੇ ਰਹਿਣ ਨਾਲ ‘ਤਿਆਰ ਰਹਿ’ ਸਕਦੇ ਹਨ।

ਪਰਿਵਾਰਕ ਸਟੱਡੀ ਕਰਦੇ ਰਹਿਣ ਨਾਲ ‘ਤਿਆਰ ਰਹਿ’ ਸਕਦੇ ਹਨ।

[ਸਵਾਲ]

[ਸਫ਼ਾ 13 ਉੱਤੇ ਤਸਵੀਰ]

“ਨਿਰਮਲ” ਅੱਖ ਰੱਖ ਕੇ ਅਸੀਂ ਦੁਨਿਆਵੀ ਚੀਜ਼ਾਂ ਨੂੰ ਆਪਣਾ ਧਿਆਨ ਭੰਗ ਨਹੀਂ ਕਰਨ ਦੇਵਾਂਗੇ