Skip to content

Skip to table of contents

ਯਹੋਵਾਹ ਉੱਤੇ ਪੂਰਾ ਭਰੋਸਾ ਰੱਖਣ ਨਾਲ ਹਿੰਮਤ ਵਧਦੀ ਹੈ

ਯਹੋਵਾਹ ਉੱਤੇ ਪੂਰਾ ਭਰੋਸਾ ਰੱਖਣ ਨਾਲ ਹਿੰਮਤ ਵਧਦੀ ਹੈ

ਯਹੋਵਾਹ ਉੱਤੇ ਪੂਰਾ ਭਰੋਸਾ ਰੱਖਣ ਨਾਲ ਹਿੰਮਤ ਵਧਦੀ ਹੈ

“ਜਦੋਂ ਮੈਂ ਉਹ ਨੂੰ ਪੁਕਾਰਾਂ ਯਹੋਵਾਹ ਮੇਰੀ ਸੁਣੇਗਾ।” —ਜ਼ਬੂ. 4:3.

1, 2. (ੳ) ਦਾਊਦ ਉੱਤੇ ਕਿਹੜੀ ਔਖੀ ਘੜੀ ਆਈ? (ਅ) ਅਸੀਂ ਕਿਹੜੇ ਜ਼ਬੂਰਾਂ ਉੱਤੇ ਗੌਰ ਕਰਾਂਗੇ?

ਰਾਜਾ ਦਾਊਦ ਨੇ ਕੁਝ ਸਮੇਂ ਤਾਈਂ ਇਸਰਾਏਲ ਉੱਤੇ ਰਾਜ ਕੀਤਾ ਹੈ। ਪਰ ਹੁਣ ਉਹ ਖ਼ਤਰਨਾਕ ਹਾਲਤ ਵਿੱਚੋਂ ਗੁਜ਼ਰ ਰਿਹਾ ਹੈ। ਉਸ ਦੇ ਸਕੀਮੀ ਪੁੱਤਰ ਅਬਸ਼ਾਲੋਮ ਨੇ ਆਪਣੇ ਆਪ ਨੂੰ ਰਾਜਾ ਐਲਾਨ ਕਰ ਲਿਆ ਹੈ ਅਤੇ ਦਾਊਦ ਨੂੰ ਯਰੂਸ਼ਲਮ ਛੱਡਣ ਲਈ ਮਜਬੂਰ ਹੋਣਾ ਪਿਆ ਹੈ। ਉਸ ਦੇ ਭਰੋਸੇਯੋਗ ਸਲਾਹਕਾਰ ਨੇ ਉਸ ਨਾਲ ਵਿਸ਼ਵਾਸਘਾਤ ਕੀਤਾ ਹੈ ਅਤੇ ਹੁਣ ਦਾਊਦ ਰੋਂਦਾ ਹੋਇਆ ਆਪਣੇ ਕੁਝ ਵਫ਼ਾਦਾਰ ਬੰਦਿਆਂ ਨਾਲ ਨੰਗੇ ਪੈਰੀਂ ਜ਼ੈਤੂਨ ਦੇ ਪਹਾੜ ਉੱਤੇ ਤੁਰਿਆ ਜਾ ਰਿਹਾ ਹੈ। ਇਸ ਤੋਂ ਇਲਾਵਾ, ਰਾਜਾ ਸ਼ਾਊਲ ਦੇ ਘਰਾਣੇ ਵਿੱਚੋਂ ਸ਼ਿਮਈ ਨਾਂ ਦਾ ਬੰਦਾ ਦਾਊਦ ਨੂੰ ਸਰਾਪ ਦਿੰਦਾ ਹੋਇਆ ਉਸ ਉੱਤੇ ਮਿੱਟੀ-ਘੱਟਾ ਸੁੱਟਦਾ ਅਤੇ ਉਸ ਨੂੰ ਵੱਟੇ ਮਾਰਦਾ ਹੈ।—2 ਸਮੂ. 15:30, 31; 16:5-14.

2 ਕੀ ਇਸ ਔਖੀ ਘੜੀ ਦੌਰਾਨ ਦੁਖੀ ਅਤੇ ਬੇਇੱਜ਼ਤ ਹੋਏ ਦਾਊਦ ਨੂੰ ਮੌਤ ਨਿਗਲ ਜਾਵੇਗੀ? ਨਹੀਂ, ਕਿਉਂਕਿ ਉਹ ਯਹੋਵਾਹ ਉੱਤੇ ਭਰੋਸਾ ਰੱਖਦਾ ਹੈ। ਇਹ ਸਾਨੂੰ ਦਾਊਦ ਦੇ ਤੀਸਰੇ ਜ਼ਬੂਰ ਤੋਂ ਪਤਾ ਲੱਗਦਾ ਹੈ ਜੋ ਉਸ ਨੇ ਆਪਣੇ ਪੁੱਤਰ ਅਬਸ਼ਾਲੋਮ ਤੋਂ ਆਪਣੀ ਜਾਨ ਬਚਾਉਣ ਵੇਲੇ ਲਿਖਿਆ ਸੀ। ਉਸ ਨੇ ਚੌਥਾ ਜ਼ਬੂਰ ਵੀ ਲਿਖਿਆ। ਇਨ੍ਹਾਂ ਦੋਹਾਂ ਜ਼ਬੂਰਾਂ ਵਿਚ ਉਸ ਨੇ ਇਹ ਯਕੀਨ ਦਿਵਾਇਆ ਹੈ ਕਿ ਪਰਮੇਸ਼ੁਰ ਪ੍ਰਾਰਥਨਾਵਾਂ ਸੁਣ ਕੇ ਉਨ੍ਹਾਂ ਦਾ ਜਵਾਬ ਦਿੰਦਾ ਹੈ। (ਜ਼ਬੂ. 3:4; 4:3) ਇਹ ਜ਼ਬੂਰ ਸਾਨੂੰ ਭਰੋਸਾ ਦਿਵਾਉਂਦੇ ਹਨ ਕਿ ਯਹੋਵਾਹ ਦਿਨ-ਰਾਤ ਆਪਣੇ ਵਫ਼ਾਦਾਰ ਸੇਵਕਾਂ ਦਾ ਸਾਥ ਦਿੰਦਾ ਹੈ ਅਤੇ ਉਨ੍ਹਾਂ ਨੂੰ ਅਮਨ-ਚੈਨ ਬਖ਼ਸ਼ਦਾ ਹੈ। (ਜ਼ਬੂ. 3:5; 4:8) ਇਸ ਲਈ ਆਓ ਆਪਾਂ ਇਨ੍ਹਾਂ ਜ਼ਬੂਰਾਂ ਉੱਤੇ ਗੌਰ ਕਰੀਏ ਅਤੇ ਦੇਖੀਏ ਕਿ ਇਹ ਕਿਵੇਂ ਸਾਡਾ ਵਿਸ਼ਵਾਸ ਵਧਾਉਂਦੇ ਅਤੇ ਪਰਮੇਸ਼ੁਰ ਉੱਤੇ ਸਾਡਾ ਭਰੋਸਾ ਪੱਕਾ ਕਰਦੇ ਹਨ।

ਜਦੋਂ ‘ਸਾਡੇ ਵਿਰੁੱਧ ਬਹੁਤ ਉੱਠ ਖੜੋਂਦੇ ਹਨ’

3. ਜ਼ਬੂਰਾਂ ਦੀ ਪੋਥੀ 3:1, 2 ਦੇ ਮੁਤਾਬਕ ਦਾਊਦ ਕਿਸ ਹਾਲਤ ਵਿਚ ਸੀ?

3 ਇਕ ਆਦਮੀ ਦਾਊਦ ਨੂੰ ਸੰਦੇਸ਼ ਦਿੰਦਾ ਹੈ: “ਇਸਰਾਏਲ ਦੇ ਮਨੁੱਖਾਂ ਦੇ ਮਨ ਅਬਸ਼ਾਲੋਮ ਦੇ ਮਗਰ ਲੱਗੇ ਹੋਏ ਹਨ।” (2 ਸਮੂ. 15:13) ਦਾਊਦ ਹੈਰਾਨ ਹੈ ਕਿ ਅਬਸ਼ਾਲੋਮ ਨੇ ਇੰਨੇ ਸਾਰੇ ਲੋਕਾਂ ਨੂੰ ਆਪਣੇ ਪਿੱਛੇ ਕਿਵੇਂ ਲਾ ਲਿਆ। ਉਹ ਪੁੱਛਦਾ ਹੈ: “ਹੇ ਯਹੋਵਾਹ, ਮੇਰੇ ਵਿਰੋਧੀ ਕਿੰਨੇ ਹੀ ਵਧ ਗਏ ਹਨ, ਮੇਰੇ ਵਿਰੁੱਧ ਬਹੁਤ ਉੱਠ ਖੜੋਤੇ ਹਨ! ਬਾਹਲੇ ਮੇਰੀ ਜਾਨ ਦੇ ਲਈ ਆਖਦੇ ਹਨ, ਭਈ ਪਰਮੇਸ਼ੁਰ ਵੱਲੋਂ ਉਹ ਦਾ ਬਚਾਓ ਹੈ ਨਹੀਂ।” (ਜ਼ਬੂ. 3:1, 2) ਬਹੁਤ ਸਾਰੇ ਇਸਰਾਏਲੀ ਸੋਚਦੇ ਹਨ ਕਿ ਯਹੋਵਾਹ ਦਾਊਦ ਨੂੰ ਅਬਸ਼ਾਲੋਮ ਅਤੇ ਉਸ ਦੇ ਸਮਰਥਕਾਂ ਦੇ ਹੱਥੋਂ ਨਹੀਂ ਬਚਾਵੇਗਾ।

4, 5. (ੳ) ਦਾਊਦ ਨੂੰ ਕਿਸ ਗੱਲ ਦਾ ਯਕੀਨ ਸੀ? (ਅ) “ਮੇਰੇ ਸਿਰ ਦਾ ਉਠਾਉਣ ਵਾਲਾ” ਸ਼ਬਦਾਂ ਦੀ ਕੀ ਮਹੱਤਤਾ ਹੈ?

4 ਪਰ ਦਾਊਦ ਡਰਦਾ ਨਹੀਂ ਕਿਉਂਕਿ ਉਸ ਨੂੰ ਪਰਮੇਸ਼ੁਰ ਉੱਤੇ ਪੂਰਾ ਭਰੋਸਾ ਹੈ। ਉਹ ਗਾਉਂਦਾ ਹੈ: “ਪਰ ਹੇ ਯਹੋਵਾਹ ਤੂੰ ਮੇਰੇ ਦੁਆਲੇ ਢਾਲ ਹੈਂ, ਮੇਰੀ ਮਹਿਮਾ ਅਤੇ ਮੇਰੇ ਸਿਰ ਦਾ ਉਠਾਉਣ ਵਾਲਾ ਹੈਂ।” (ਜ਼ਬੂ. 3:3) ਦਾਊਦ ਨੂੰ ਯਕੀਨ ਹੈ ਕਿ ਯਹੋਵਾਹ ਉਸ ਦੀ ਰਾਖੀ ਕਰੇਗਾ ਜਿਵੇਂ ਢਾਲ ਸਿਪਾਹੀ ਦੀ ਰਾਖੀ ਕਰਦੀ ਹੈ। ਹਾਂ, ਬਿਰਧ ਰਾਜਾ ਸਿਰ ਢਕੀ ਭੱਜ ਰਿਹਾ ਹੈ ਅਤੇ ਉਸ ਦਾ ਸਿਰ ਸ਼ਰਮ ਨਾਲ ਝੁਕਿਆ ਹੋਇਆ ਹੈ। ਪਰ ਸਰਬਸ਼ਕਤੀਮਾਨ ਉਸ ਦੀ ਸ਼ਰਮਨਾਕ ਸਥਿਤੀ ਨੂੰ ਮਹਿਮਾ ਵਿਚ ਬਦਲ ਦੇਵੇਗਾ। ਯਹੋਵਾਹ ਉਸ ਨੂੰ ਸਿੱਧਾ ਖੜ੍ਹਾ ਕਰੇਗਾ ਅਤੇ ਇਕ ਵਾਰ ਫਿਰ ਉਸ ਦਾ ਸਿਰ ਉੱਚਾ ਕਰੇਗਾ। ਦਾਊਦ ਪੂਰੇ ਭਰੋਸੇ ਨਾਲ ਪਰਮੇਸ਼ੁਰ ਨੂੰ ਪੁਕਾਰਦਾ ਹੈ ਕਿਉਂਕਿ ਉਸ ਨੂੰ ਵਿਸ਼ਵਾਸ ਹੈ ਕਿ ਉਹ ਉਸ ਦੀ ਸੁਣੇਗਾ। ਕੀ ਤੁਹਾਨੂੰ ਯਹੋਵਾਹ ਉੱਤੇ ਇੰਨਾ ਭਰੋਸਾ ਹੈ?

5 “ਮੇਰੇ ਸਿਰ ਦਾ ਉਠਾਉਣ ਵਾਲਾ” ਕਹਿ ਕੇ ਦਾਊਦ ਮੰਨਦਾ ਹੈ ਕਿ ਯਹੋਵਾਹ ਉਸ ਦੀ ਮਦਦ ਜ਼ਰੂਰ ਕਰੇਗਾ। ਟੂਡੇਜ਼ ਇੰਗਲਿਸ਼ ਵਰਯਨ ਕਹਿੰਦਾ ਹੈ: “ਪਰ ਤੂੰ, ਹੇ ਪ੍ਰਭੂ, ਹਮੇਸ਼ਾ ਮੈਨੂੰ ਖ਼ਤਰੇ ਤੋਂ ਬਚਾਉਂਦਾ ਹੈ; ਤੂੰ ਮੈਨੂੰ ਜਿੱਤ ਬਖ਼ਸ਼ਦਾ ਹੈ ਅਤੇ ਮੈਨੂੰ ਮੁੜ ਹਿੰਮਤ ਦਿੰਦਾ ਹੈ।” “ਮੇਰੇ ਸਿਰ ਦਾ ਉਠਾਉਣ ਵਾਲਾ” ਸ਼ਬਦਾਂ ਬਾਰੇ ਇਕ ਕਿਤਾਬ ਕਹਿੰਦੀ ਹੈ: “ਜਦੋਂ ਪਰਮੇਸ਼ੁਰ ਕਿਸੇ ਦਾ ‘ਸਿਰ’ ਉਠਾਉਂਦਾ ਹੈ, ਤਾਂ ਉਹ ਉਸ ਨੂੰ ਉਮੀਦ ਅਤੇ ਭਰੋਸੇ ਨਾਲ ਭਰ ਦਿੰਦਾ ਹੈ।” ਮਜਬੂਰ ਹੋ ਕੇ ਇਸਰਾਏਲ ਦੀ ਰਾਜ-ਗੱਦੀ ਨੂੰ ਛੱਡਣ ਕਾਰਨ ਦਾਊਦ ਨਿਰਾਸ਼ ਹੈ। ਪਰ ‘ਉਸ ਦਾ ਸਿਰ ਉਠਾਏ ਜਾਣ’ ਕਾਰਨ ਉਸ ਵਿਚ ਨਵੇਂ ਸਿਰਿਓਂ ਹਿੰਮਤ ਤੇ ਵਿਸ਼ਵਾਸ ਪੈਦਾ ਹੋਵੇਗਾ ਅਤੇ ਉਹ ਪਰਮੇਸ਼ੁਰ ਉੱਤੇ ਪੂਰਾ ਭਰੋਸਾ ਕਰੇਗਾ।

‘ਯਹੋਵਾਹ ਉੱਤਰ ਦੇਵੇਗਾ!’

6. ਦਾਊਦ ਨੇ ਕਿਉਂ ਕਿਹਾ ਕਿ ਯਹੋਵਾਹ ਨੇ ਪਵਿੱਤਰ ਪਹਾੜ ਤੋਂ ਉਸ ਦੀ ਪ੍ਰਾਰਥਨਾ ਦਾ ਜਵਾਬ ਦਿੱਤਾ?

6 ਯਹੋਵਾਹ ਉੱਤੇ ਭਰੋਸਾ ਰੱਖਦਿਆਂ ਦਾਊਦ ਵਿਸ਼ਵਾਸ ਨਾਲ ਅੱਗੇ ਕਹਿੰਦਾ ਹੈ: “ਮੈਂ ਆਪਣੀ ਅਵਾਜ਼ ਨਾਲ ਯਹੋਵਾਹ ਨੂੰ ਪੁਕਾਰਦਾ ਹਾਂ, ਉਹ ਆਪਣੇ ਪਵਿੱਤਰ ਪਹਾੜੋਂ ਮੈਨੂੰ ਉੱਤਰ ਦਿੰਦਾ ਹੈ।” (ਜ਼ਬੂ. 3:4) ਪਰਮੇਸ਼ੁਰ ਦੀ ਮੌਜੂਦਗੀ ਨੂੰ ਦਰਸਾਉਂਦਾ ਨੇਮ ਦਾ ਸੰਦੂਕ ਦਾਊਦ ਦੇ ਹੁਕਮ ਨਾਲ ਸੀਯੋਨ ਪਰਬਤ ਉੱਤੇ ਲਿਆਂਦਾ ਗਿਆ ਹੈ। (2 ਸਮੂਏਲ 15:23-25 ਪੜ੍ਹੋ।) ਇਸੇ ਕਰਕੇ ਦਾਊਦ ਕਹਿੰਦਾ ਹੈ ਕਿ ਯਹੋਵਾਹ ਨੇ ਪਵਿੱਤਰ ਪਹਾੜ ਤੋਂ ਉਸ ਦੀ ਪ੍ਰਾਰਥਨਾ ਦਾ ਜਵਾਬ ਦਿੱਤਾ।

7. ਦਾਊਦ ਨੂੰ ਡਰ ਕਿਉਂ ਨਹੀਂ ਸੀ ਲੱਗਦਾ?

7 ਦਾਊਦ ਨੂੰ ਯਕੀਨ ਹੈ ਕਿ ਉਸ ਦੀ ਪ੍ਰਾਰਥਨਾ ਵਿਅਰਥ ਨਹੀਂ ਜਾਵੇਗੀ ਇਸ ਲਈ ਉਸ ਨੂੰ ਕੋਈ ਡਰ ਨਹੀਂ ਹੈ। ਇਸ ਦੀ ਬਜਾਇ ਉਹ ਗਾਉਂਦਾ ਹੈ: “ਮੈਂ ਲੰਮਾ ਪੈ ਗਿਆ ਤੇ ਸੌਂ ਗਿਆ, ਮੈਂ ਜਾਗ ਉੱਠਿਆ, ਕਿਉਂ ਜੋ ਯਹੋਵਾਹ ਮੈਨੂੰ ਸੰਭਾਲਦਾ ਹੈ।” (ਜ਼ਬੂ. 3:5) ਭਾਵੇਂ ਕਿ ਰਾਤ ਨੂੰ ਅਚਾਨਕ ਹਮਲਾ ਹੋਣ ਦਾ ਜ਼ਿਆਦਾ ਖ਼ਤਰਾ ਹੁੰਦਾ ਹੈ ਫਿਰ ਵੀ ਦਾਊਦ ਰਾਤ ਨੂੰ ਸੌਣ ਤੋਂ ਨਹੀਂ ਡਰਦਾ। ਉਸ ਨੂੰ ਯਕੀਨ ਹੈ ਕਿ ਉਹ ਅਗਲੇ ਦਿਨ ਜ਼ਰੂਰ ਉੱਠੇਗਾ ਕਿਉਂਕਿ ਜ਼ਿੰਦਗੀ ਦੇ ਤਜਰਬਿਆਂ ਕਾਰਨ ਉਸ ਨੂੰ ਪੂਰਾ ਭਰੋਸਾ ਹੈ ਕਿ ਪਰਮੇਸ਼ੁਰ ਉਸ ਦਾ ਸਾਥ ਦੇਵੇਗਾ। ਜੇ ਅਸੀਂ “ਯਹੋਵਾਹ ਦੇ ਰਾਹਾਂ” ਉੱਤੇ ਚੱਲਦੇ ਰਹੀਏ ਅਤੇ ਕਦੇ ਵੀ ਉਸ ਤੋਂ ਮੂੰਹ ਨਾ ਮੋੜੀਏ, ਤਾਂ ਅਸੀਂ ਵੀ ਅਜਿਹਾ ਭਰੋਸਾ ਰੱਖ ਸਕਦੇ ਹਾਂ।—2 ਸਮੂਏਲ 22:21, 22 ਪੜ੍ਹੋ।

8. ਜ਼ਬੂਰਾਂ ਦੀ ਪੋਥੀ 27:1-4 ਕਿਵੇਂ ਦਿਖਾਉਂਦਾ ਹੈ ਕਿ ਦਾਊਦ ਨੂੰ ਪਰਮੇਸ਼ੁਰ ਉੱਤੇ ਭਰੋਸਾ ਸੀ?

8 ਦਾਊਦ ਦੇ ਹੋਰ ਜ਼ਬੂਰਾਂ ਤੋਂ ਵੀ ਸਾਫ਼ ਨਜ਼ਰ ਆਉਂਦਾ ਹੈ ਕਿ ਦਾਊਦ ਕਿੰਨਾ ਹਿੰਮਤ ਵਾਲਾ ਅਤੇ ਪਰਮੇਸ਼ੁਰ ਉੱਤੇ ਪੂਰਾ ਭਰੋਸਾ ਰੱਖਦਾ ਹੈ। ਉਨ੍ਹਾਂ ਵਿੱਚੋਂ ਇਕ ਜ਼ਬੂਰ ਵਿਚ ਇਹ ਸ਼ਬਦ ਪਾਏ ਜਾਂਦੇ ਹਨ: “ਯਹੋਵਾਹ ਮੇਰਾ ਚਾਨਣ ਅਤੇ ਮੇਰਾ ਬਚਾਓ ਹੈ, ਮੈਂ ਕਿਸ ਤੋਂ ਡਰਾਂ? ਯਹੋਵਾਹ ਮੇਰੇ ਜੀਉਣ ਦਾ ਗੜ੍ਹ ਹੈ, ਮੈਂ ਕਿਸ ਦਾ ਭੈ ਖਾਵਾਂ? . . . ਭਾਵੇਂ ਇੱਕ ਦਲ ਮੇਰੇ ਵਿਰੁੱਧ ਡੇਰਾ ਲਾ ਲਵੇ, ਤਾਂ ਵੀ ਮੇਰਾ ਦਿਲ ਨਾ ਡਰੇਗਾ। . . . ਮੈਂ ਯਹੋਵਾਹ ਤੋਂ ਇੱਕ ਗੱਲ ਮੰਗੀ ਹੈ ਅਤੇ ਮੈਂ ਉਹੀ ਭਾਲਾਂਗਾ, ਕਿ ਮੈਂ ਜੀਉਣ ਭਰ ਯਹੋਵਾਹ ਦੇ ਘਰ ਵੱਸਾਂ, ਤਾਂ ਜੋ ਮੈਂ ਯਹੋਵਾਹ ਦੀ ਮਨੋਹਰਤਾ ਨੂੰ ਤੱਕਾਂ, ਅਤੇ ਉਹ ਦੀ ਹੈਕਲ ਵਿੱਚ ਧਿਆਨ ਕਰਾਂ।” (ਜ਼ਬੂ. 27:1-4) ਜੇ ਤੁਹਾਡੇ ਵੀ ਇਹੀ ਜਜ਼ਬਾਤ ਹਨ ਅਤੇ ਤੁਹਾਡੇ ਹਾਲਾਤ ਇਜਾਜ਼ਤ ਦਿੰਦੇ ਹਨ, ਤਾਂ ਤੁਸੀਂ ਯਹੋਵਾਹ ਦੇ ਹੋਰਨਾਂ ਸੇਵਕਾਂ ਨਾਲ ਹਰ ਮੀਟਿੰਗ ਵਿਚ ਹਾਜ਼ਰ ਹੋਵੋਗੇ।—ਇਬ. 10:23-25.

9, 10. ਜ਼ਬੂਰਾਂ ਦੀ ਪੋਥੀ 3:6, 7 ਦੇ ਸ਼ਬਦਾਂ ਦੇ ਬਾਵਜੂਦ ਤੁਸੀਂ ਕਿਉਂ ਕਹੋਗੇ ਕਿ ਦਾਊਦ ਬਦਲਾ ਨਹੀਂ ਸੀ ਲੈਣਾ ਚਾਹੁੰਦਾ?

9 ਦਾਊਦ ਨਾਲ ਭਾਵੇਂ ਅਬਸ਼ਾਲੋਮ ਨੇ ਗੱਦਾਰੀ ਕੀਤੀ ਅਤੇ ਹੋਰ ਬਹੁਤ ਸਾਰਿਆਂ ਨੇ ਬੇਵਫ਼ਾਈ ਕੀਤੀ, ਫਿਰ ਵੀ ਉਹ ਗਾਉਂਦਾ ਹੈ: “ਮੈਂ ਉਨ੍ਹਾਂ ਧਾੜਾਂ [ਹਜ਼ਾਰਾਂ ਵੈਰੀਆਂ] ਤੋਂ ਨਹੀਂ ਡਰਾਂਗਾ, ਜਿਨ੍ਹਾਂ ਆਲੇ ਦੁਆਲੇ ਮੇਰੇ ਵਿਰੁੱਧ ਘੇਰਾ ਪਾ ਲਿਆ ਹੈ। ਹੇ ਯਹੋਵਾਹ, ਉੱਠ! ਮੇਰੇ ਪਰਮੇਸ਼ੁਰ, ਮੈਨੂੰ ਬਚਾ, ਤੈਂ ਤਾਂ ਮੇਰੇ ਸਭਨਾਂ ਵੈਰੀਆਂ ਦੀਆਂ ਖਾਖਾਂ ਉੱਤੇ ਮਾਰਿਆ ਹੈ, ਅਤੇ ਦੁਸ਼ਟਾਂ ਦੇ ਦੰਦ ਭੰਨ ਸੁੱਟੇ ਹਨ।”ਜ਼ਬੂ. 3:6, 7.

10 ਦਾਊਦ ਬਦਲਾ ਨਹੀਂ ਲੈਣਾ ਚਾਹੁੰਦਾ, ਪਰ ਜੇ ਉਸ ਦੇ ਵੈਰੀਆਂ ਦੀਆਂ “ਖਾਖਾਂ” ਯਾਨੀ ਜਬਾੜਾ ਭੰਨਣ ਦੀ ਲੋੜ ਪਈ, ਤਾਂ ਪਰਮੇਸ਼ੁਰ ਜ਼ਰੂਰ ਭੰਨੇਗਾ। ਰਾਜਾ ਦਾਊਦ ਨੇ ਆਪਣੇ ਹੱਥੀਂ ਬਿਵਸਥਾ ਦੀ ਇਕ ਨਕਲ ਬਣਾਈ ਹੈ ਅਤੇ ਜਾਣਦਾ ਹੈ ਕਿ ਇਸ ਵਿਚ ਯਹੋਵਾਹ ਆਪ ਕਹਿੰਦਾ ਹੈ: “ਬਦਲਾ ਦੇਣਾ ਅਤੇ ਬਦਲਾ ਲੈਣਾ ਮੇਰਾ ਕੰਮ ਹੈ।” (ਬਿਵ. 17:14, 15, 18; 32:35) ਇਹ ਵੀ ਪਰਮੇਸ਼ੁਰ ਉੱਤੇ ਹੀ ਨਿਰਭਰ ਕਰਦਾ ਹੈ ਕਿ ਉਹ ‘ਦੁਸ਼ਟਾਂ ਦੇ ਦੰਦ ਭੰਨੇ।’ ਦੰਦ ਭੰਨਣ ਦਾ ਮਤਲਬ ਹੈ ਕਿ ਦੁਸ਼ਟਾਂ ਨੂੰ ਕੋਈ ਨੁਕਸਾਨ ਕਰਨ ਜੋਗੇ ਨਾ ਛੱਡਣਾ। ਯਹੋਵਾਹ ਜਾਣਦਾ ਹੈ ਕਿ ਕੌਣ ਦੁਸ਼ਟ ਹੈ ਕਿਉਂਕਿ ‘ਉਹ ਰਿਦੇ ਨੂੰ ਵੇਖਦਾ ਹੈ।’ (1 ਸਮੂ. 16:7) ਅਸੀਂ ਕਿੰਨੇ ਸ਼ੁਕਰਗੁਜ਼ਾਰ ਹਾਂ ਕਿ ਪਰਮੇਸ਼ੁਰ ਸਾਨੂੰ ਨਿਹਚਾ ਅਤੇ ਤਾਕਤ ਦਿੰਦਾ ਹੈ ਤਾਂਕਿ ਅਸੀਂ ਸਭ ਤੋਂ ਵੱਡੇ ਦੁਸ਼ਟ ਸ਼ਤਾਨ ਦਾ ਸਾਮ੍ਹਣਾ ਕਰ ਸਕੀਏ ਜਿਸ ਨੂੰ ਜਲਦੀ ਹੀ ਅਥਾਹ ਕੁੰਡ ਵਿਚ ਸੁੱਟ ਦਿੱਤਾ ਜਾਵੇਗਾ। ਉਸ ਦੀ ਹਾਲਤ ਦਹਾੜਦੇ ਪਰ ਦੰਦਾਂ ਤੋਂ ਬਗੈਰ ਸ਼ੇਰ ਵਰਗੀ ਹੋਵੇਗੀ ਜੋ ਸਿਰਫ਼ ਨਾਸ਼ ਦੇ ਲਾਇਕ ਹੈ!—1 ਪਤ. 5:8, 9; ਪਰ. 20:1, 2, 7-10.

“ਬਚਾਓ ਯਹੋਵਾਹ ਵੱਲੋਂ ਹੈ”

11. ਸਾਨੂੰ ਭੈਣਾਂ-ਭਰਾਵਾਂ ਲਈ ਪ੍ਰਾਰਥਨਾ ਕਿਉਂ ਕਰਨੀ ਚਾਹੀਦੀ ਹੈ?

11 ਦਾਊਦ ਜਾਣਦਾ ਹੈ ਕਿ ਸਿਰਫ਼ ਯਹੋਵਾਹ ਹੀ ਉਸ ਨੂੰ ਛੁਟਕਾਰਾ ਦਿਲਾ ਸਕਦਾ ਹੈ ਜਿਸ ਦੀ ਉਸ ਨੂੰ ਬੇਹੱਦ ਲੋੜ ਹੈ। ਪਰ ਦਾਊਦ ਸਿਰਫ਼ ਆਪਣੇ ਬਾਰੇ ਹੀ ਨਹੀਂ ਸੋਚਦਾ। ਸਮੂਹ ਦੇ ਤੌਰ ਤੇ ਉਨ੍ਹਾਂ ਲੋਕਾਂ ਬਾਰੇ ਕੀ ਜਿਨ੍ਹਾਂ ਉੱਤੇ ਯਹੋਵਾਹ ਦੀ ਮਿਹਰ ਹੈ? ਇਸੇ ਲਈ ਦਾਊਦ ਆਪਣਾ ਜ਼ਬੂਰ ਇਨ੍ਹਾਂ ਸ਼ਬਦਾਂ ਨਾਲ ਸਮਾਪਤ ਕਰਦਾ ਹੈ: “ਬਚਾਓ ਯਹੋਵਾਹ ਵੱਲੋਂ ਹੈ, ਤੇਰੀ ਬਰਕਤ ਤੇਰੀ ਪਰਜਾ ਦੇ ਉੱਤੇ ਹੋਵੇ।” (ਜ਼ਬੂ. 3:8) ਇਹ ਸੱਚ ਹੈ ਕਿ ਦਾਊਦ ਪਹਾੜ ਜਿੱਡੀਆਂ ਮੁਸ਼ਕਲਾਂ ਦਾ ਸਾਮ੍ਹਣਾ ਕਰ ਰਿਹਾ ਹੈ, ਪਰ ਉਹ ਯਹੋਵਾਹ ਦੇ ਲੋਕਾਂ ਨੂੰ ਧਿਆਨ ਵਿਚ ਰੱਖਦਾ ਹੈ ਅਤੇ ਉਸ ਨੂੰ ਯਕੀਨ ਹੈ ਕਿ ਯਹੋਵਾਹ ਉਨ੍ਹਾਂ ’ਤੇ ਬਰਕਤ ਪਾਵੇਗਾ। ਕੀ ਸਾਨੂੰ ਵੀ ਆਪਣੇ ਭੈਣਾਂ-ਭਰਾਵਾਂ ਨੂੰ ਧਿਆਨ ਵਿਚ ਨਹੀਂ ਰੱਖਣਾ ਚਾਹੀਦਾ? ਆਓ ਆਪਾਂ ਉਨ੍ਹਾਂ ਲਈ ਪ੍ਰਾਰਥਨਾ ਕਰੀਏ ਅਤੇ ਯਹੋਵਾਹ ਨੂੰ ਕਹੀਏ ਕਿ ਉਨ੍ਹਾਂ ਨੂੰ ਆਪਣੀ ਪਵਿੱਤਰ ਸ਼ਕਤੀ ਦੇਵੇ ਤਾਂਕਿ ਉਹ ਹਿੰਮਤ ਜੁਟਾ ਸਕਣ ਅਤੇ ਪੂਰੇ ਵਿਸ਼ਵਾਸ ਨਾਲ ਖ਼ੁਸ਼ ਖ਼ਬਰੀ ਦਾ ਐਲਾਨ ਕਰ ਸਕਣ।—ਅਫ਼. 6:17-20.

12, 13. ਅਬਸ਼ਾਲੋਮ ਦਾ ਕੀ ਹੋਇਆ ਅਤੇ ਦਾਊਦ ਨੂੰ ਕਿਵੇਂ ਲੱਗਾ?

12 ਅਬਸ਼ਾਲੋਮ ਦੀ ਸ਼ਰਮਨਾਕ ਮੌਤ ਹੋਈ। ਇਹ ਉਨ੍ਹਾਂ ਸਾਰਿਆਂ ਲੋਕਾਂ ਲਈ ਚੇਤਾਵਨੀ ਹੈ ਜੋ ਦੂਜਿਆਂ, ਖ਼ਾਸਕਰ ਦਾਊਦ ਵਰਗੇ ਪਰਮੇਸ਼ੁਰ ਦੇ ਚੁਣੇ ਹੋਇਆਂ ਨਾਲ ਮਾੜਾ ਸਲੂਕ ਕਰਦੇ ਹਨ। (ਕਹਾਉਤਾਂ 3:31-35 ਪੜ੍ਹੋ।) ਯੁੱਧ ਹੁੰਦਾ ਹੈ ਤੇ ਅਬਸ਼ਾਲੋਮ ਦੀਆਂ ਫ਼ੌਜਾਂ ਹਾਰ ਜਾਂਦੀਆਂ ਹਨ। ਅਬਸ਼ਾਲੋਮ ਖੱਚਰ ਉੱਤੇ ਭੱਜ ਰਿਹਾ ਹੈ ਜਦੋਂ ਉਸ ਦੇ ਲੰਬੇ ਤੇ ਸੰਘਣੇ ਵਾਲ ਇਕ ਵੱਡੇ ਸਾਰੇ ਦਰਖ਼ਤ ਦੀ ਨੀਵੀਂ ਟਾਹਣੀ ਵਿਚ ਫਸ ਗਏ। ਉਹ ਲਾਚਾਰੀ ਨਾਲ ਟਾਹਣੀ ’ਤੇ ਤਦ ਤਕ ਜ਼ਿੰਦਾ ਲਟਕਿਆ ਰਿਹਾ ਜਦ ਤਕ ਯੋਆਬ ਨੇ ਉਸ ਦੇ ਦਿਲ ਵਿਚ ਤਿੰਨ ਤੀਰ ਮਾਰ ਕੇ ਉਸ ਨੂੰ ਜਾਨੋਂ ਨਹੀਂ ਮੁਕਾ ਦਿੱਤਾ।—2 ਸਮੂ. 18:6-17.

13 ਕੀ ਦਾਊਦ ਇਹ ਜਾਣ ਕੇ ਖ਼ੁਸ਼ ਹੁੰਦਾ ਹੈ ਕਿ ਉਸ ਦੇ ਪੁੱਤਰ ਨਾਲ ਕੀ ਹੋਇਆ? ਨਹੀਂ। ਇਸ ਦੀ ਬਜਾਇ ਉਹ ਘਾਬਰ ਕੇ ਇੱਧਰ-ਉੱਧਰ ਤੁਰਦਾ ਹੈ, ਰੋਂਦਾ ਹੈ ਅਤੇ ਚਿਲਾਉਂਦਾ ਹੈ: “ਹਾਏ ਮੇਰੇ ਪੁੱਤ੍ਰ ਅਬਸ਼ਾਲੋਮ! ਹੇ ਮੇਰੇ ਪੁੱਤ੍ਰ, ਮੇਰੇ ਪੁੱਤ੍ਰ ਅਬਸ਼ਾਲੋਮ! ਚੰਗਾ ਹੁੰਦਾ ਜੇ ਕਦੀ ਮੈਂ ਤੇਰੇ ਥਾਂ ਮਰਦਾ! ਹੇ ਅਬਸ਼ਾਲੋਮ, ਮੇਰੇ ਪੁੱਤ੍ਰ, ਮੇਰੇ ਪੁੱਤ੍ਰ!” (2 ਸਮੂ. 18:24-33) ਦੁੱਖ ਨਾਲ ਵਿਲਕਦੇ ਦਾਊਦ ਨੂੰ ਸਿਰਫ਼ ਯੋਆਬ ਦੀਆਂ ਗੱਲਾਂ ਹੋਸ਼ ਵਿਚ ਲਿਆਉਂਦੀਆਂ ਹਨ। ਅਬਸ਼ਾਲੋਮ ਦਾ ਕਿੰਨਾ ਭੈੜਾ ਅੰਤ ਹੋਇਆ ਜੋ ਇੰਨਾ ਖ਼ੁਦਗਰਜ਼ ਹੋ ਗਿਆ ਕਿ ਆਪਣੇ ਹੀ ਪਿਤਾ ਖ਼ਿਲਾਫ਼ ਲੜਨ ਨਿਕਲ ਤੁਰਿਆ ਜੋ ਯਹੋਵਾਹ ਦਾ ਚੁਣਿਆ ਹੋਇਆ ਰਾਜਾ ਸੀ। ਪਰ ਆਪ ਹੀ ਖ਼ਤਮ ਹੋ ਗਿਆ!—2 ਸਮੂ. 19:1-8; ਕਹਾ. 12:21; 24:21, 22.

ਦਾਊਦ ਫਿਰ ਪਰਮੇਸ਼ੁਰ ਉੱਤੇ ਭਰੋਸਾ ਪ੍ਰਗਟਾਉਂਦਾ ਹੈ

14. ਚੌਥੇ ਜ਼ਬੂਰ ਦੇ ਲਿਖਣ ਬਾਰੇ ਕੀ ਕਿਹਾ ਜਾ ਸਕਦਾ ਹੈ?

14 ਤੀਜੇ ਜ਼ਬੂਰ ਦੀ ਤਰ੍ਹਾਂ ਚੌਥਾ ਜ਼ਬੂਰ ਵੀ ਦਾਊਦ ਦੀ ਬੇਨਤੀ ਹੈ ਜੋ ਯਹੋਵਾਹ ਉੱਤੇ ਉਸ ਦੇ ਪੂਰੇ ਭਰੋਸੇ ਦਾ ਸਬੂਤ ਦਿੰਦਾ ਹੈ। (ਜ਼ਬੂ. 3:4; 4:3) ਸ਼ਾਇਦ ਦਾਊਦ ਨੇ ਇਹ ਗੀਤ ਅਬਸ਼ਾਲੋਮ ਦੀ ਸਕੀਮ ਸਿਰੇ ਨਾ ਚੜ੍ਹਨ ਤੋਂ ਬਾਅਦ ਮਿਲੇ ਸੁੱਖ ਦੇ ਸਾਹ ਲਈ ਯਹੋਵਾਹ ਦਾ ਧੰਨਵਾਦ ਕਰਨ ਲਈ ਲਿਖਿਆ। ਜਾਂ ਇਹ ਸ਼ਾਇਦ ਲੇਵੀ ਗਾਇਕਾਂ ਨੂੰ ਧਿਆਨ ਵਿਚ ਰੱਖ ਕੇ ਲਿਖਿਆ ਗਿਆ ਸੀ। ਕਾਰਨ ਜਿਹੜਾ ਮਰਜ਼ੀ ਹੋਵੇ, ਇਸ ਉੱਤੇ ਮਨਨ ਕਰਨ ਨਾਲ ਯਹੋਵਾਹ ਉੱਤੇ ਸਾਡਾ ਭਰੋਸਾ ਪੱਕਾ ਹੋ ਸਕਦਾ ਹੈ।

15. ਅਸੀਂ ਯਹੋਵਾਹ ਨੂੰ ਉਸ ਦੇ ਪੁੱਤਰ ਦੇ ਜ਼ਰੀਏ ਕਿਉਂ ਯਕੀਨ ਨਾਲ ਪ੍ਰਾਰਥਨਾ ਕਰ ਸਕਦੇ ਹਾਂ?

15 ਦਾਊਦ ਫਿਰ ਤੋਂ ਯਹੋਵਾਹ ਉੱਤੇ ਪੂਰਾ ਭਰੋਸਾ ਪ੍ਰਗਟਾਉਂਦਾ ਹੈ ਅਤੇ ਉਸ ਨੂੰ ਯਕੀਨ ਹੈ ਕਿ ਪਰਮੇਸ਼ੁਰ ਉਸ ਦੀਆਂ ਪ੍ਰਾਰਥਨਾਵਾਂ ਸੁਣ ਕੇ ਜਵਾਬ ਦਿੰਦਾ ਹੈ। ਉਹ ਗਾਉਂਦਾ ਹੈ: “ਜਦੋਂ ਮੈਂ ਤੈਨੂੰ ਪੁਕਾਰਾਂ, ਤੂੰ ਮੈਨੂੰ ਉੱਤਰ ਦੇਹ, ਹੇ ਮੇਰੇ ਧਰਮ ਦੇ ਪਰਮੇਸ਼ੁਰ। ਜਦ ਮੈਂ ਤੰਗੀ ਵਿੱਚ ਸਾਂ, ਤੈਂ ਮੈਨੂੰ ਖੁਲ੍ਹ ਦਿੱਤੀ, ਮੇਰੇ ਉੱਤੇ ਦਯਾ ਕਰ ਕੇ ਮੇਰੀ ਪ੍ਰਾਰਥਨਾ ਸੁਣ ਲੈ।” (ਜ਼ਬੂ. 4:1) ਅਸੀਂ ਵੀ ਇਹ ਯਕੀਨ ਕਰ ਸਕਦੇ ਹਾਂ ਜੇ ਅਸੀਂ ਧਰਮ ਦੇ ਰਾਹ ’ਤੇ ਚੱਲਦੇ ਰਹੀਏ। ਸਾਨੂੰ ਪਤਾ ਹੈ ਕਿ ‘ਧਰਮ ਦਾ ਪਰਮੇਸ਼ੁਰ’ ਯਹੋਵਾਹ ਆਪਣੇ ਖਰੇ ਲੋਕਾਂ ਨੂੰ ਬਰਕਤ ਦਿੰਦਾ ਹੈ, ਇਸ ਲਈ ਅਸੀਂ ਉਸ ਦੇ ਪੁੱਤਰ ਯਿਸੂ ਦੀ ਕੁਰਬਾਨੀ ਵਿਚ ਨਿਹਚਾ ਕਰ ਕੇ ਉਸ ਦੇ ਜ਼ਰੀਏ ਯਹੋਵਾਹ ਨੂੰ ਭਰੋਸੇ ਨਾਲ ਪ੍ਰਾਰਥਨਾ ਕਰ ਸਕਦੇ ਹਾਂ। (ਯੂਹੰ. 3:16, 36) ਇਹ ਜਾਣ ਕੇ ਸਾਨੂੰ ਕਿੰਨਾ ਸਕੂਨ ਮਿਲਦਾ ਹੈ!

16. ਦਾਊਦ ਸ਼ਾਇਦ ਕਿਉਂ ਨਿਰਾਸ਼ ਹੋ ਗਿਆ ਸੀ?

16 ਕਦੇ-ਕਦੇ ਅਸੀਂ ਵੀ ਇੰਨਾ ਨਿਰਾਸ਼ ਹੋ ਸਕਦੇ ਹਾਂ ਜਿਸ ਕਰਕੇ ਸਾਡੇ ਵਿਚ ਹਿੰਮਤ ਨਹੀਂ ਰਹਿੰਦੀ। ਦਾਊਦ ਨਾਲ ਥੋੜ੍ਹੀ ਦੇਰ ਵਾਸਤੇ ਸ਼ਾਇਦ ਇਸੇ ਤਰ੍ਹਾਂ ਹੋਇਆ ਕਿਉਂਕਿ ਉਹ ਗਾਉਂਦਾ ਹੈ: “ਮਨੁੱਖ ਦੇ ਪੁੱਤ੍ਰੋ, ਤੁਸੀਂ ਕਦ ਤਾਈਂ ਮੇਰੀ ਮਹਿਮਾ ਦੀ ਬੇਪਤੀ ਕਰੋਗੇ, ਵਿਅਰਥ ਨਾਲ ਪ੍ਰੀਤ ਲਾਓਗੇ, ਝੂਠ ਨੂੰ ਭਾਲੋਗੇ?” (ਜ਼ਬੂ. 4:2) ਇੱਥੇ ‘ਮਨੁੱਖ ਦੇ ਪੁੱਤ੍ਰ’ ਲਫ਼ਜ਼ ਮਨੁੱਖਜਾਤੀ ਦੀ ਤਾਰੀਫ਼ ਵਿਚ ਨਹੀਂ ਵਰਤੇ ਗਏ। ਦਾਊਦ ਦੇ ਦੁਸ਼ਮਣਾਂ ਨੇ “ਵਿਅਰਥ” ਚੀਜ਼ਾਂ ਨਾਲ ‘ਪ੍ਰੀਤ ਲਾਈ।’ ਨਿਊ ਇੰਟਰਨੈਸ਼ਨਲ ਵਰਯਨ ਇਸ ਤਰ੍ਹਾਂ ਤਰਜਮਾ ਕਰਦਾ ਹੈ: “ਤੁਸੀਂ ਕਦੋਂ ਤਾਈਂ ਭੁਲੇਖਾ ਪਾਉਣ ਵਾਲੀਆਂ ਗੱਲਾਂ ਨਾਲ ਪਿਆਰ ਕਰਦੇ ਰਹੋਗੇ ਅਤੇ ਝੂਠੇ ਰੱਬਾਂ ਨੂੰ ਭਾਲਦੇ ਰਹੋਗੇ?” ਭਾਵੇਂ ਅਸੀਂ ਦੂਜਿਆਂ ਦੇ ਕੰਮਾਂ ਕਾਰਨ ਨਿਰਾਸ਼ ਹੋ ਵੀ ਜਾਂਦੇ ਹਾਂ, ਤਾਂ ਵੀ ਆਓ ਆਪਾਂ ਬੇਨਤੀ ਕਰਦੇ ਰਹੀਏ ਅਤੇ ਇੱਕੋ-ਇਕ ਸੱਚੇ ਪਰਮੇਸ਼ੁਰ ਉੱਤੇ ਪੂਰਾ ਭਰੋਸਾ ਰੱਖੀਏ।

17. ਸਮਝਾਓ ਕਿ ਅਸੀਂ ਜ਼ਬੂਰਾਂ ਦੀ ਪੋਥੀ 4:3 ਅਨੁਸਾਰ ਕਿਵੇਂ ਚੱਲ ਸਕਦੇ ਹਾਂ।

17 ਪਰਮੇਸ਼ੁਰ ਉੱਤੇ ਦਾਊਦ ਦੇ ਭਰੋਸੇ ਦਾ ਇਨ੍ਹਾਂ ਸ਼ਬਦਾਂ ਤੋਂ ਸਾਫ਼ ਪਤਾ ਲੱਗਦਾ ਹੈ: “ਏਹ ਜਾਣੋ ਭਈ ਯਹੋਵਾਹ ਨੇ [ਵਫ਼ਾਦਾਰਾਂ] ਨੂੰ ਆਪਣੇ ਲਈ ਵਖਰਾ ਕਰ ਰੱਖਿਆ ਹੈ। ਜਦੋਂ ਮੈਂ ਉਹ ਨੂੰ ਪੁਕਾਰਾਂ ਯਹੋਵਾਹ ਮੇਰੀ ਸੁਣੇਗਾ।” (ਜ਼ਬੂ. 4:3) ਯਹੋਵਾਹ ਦੇ ਵਫ਼ਾਦਾਰ ਰਹਿਣ ਲਈ ਹਿੰਮਤ ਅਤੇ ਉਸ ਉੱਤੇ ਪੂਰਾ ਭਰੋਸਾ ਰੱਖਣ ਦੀ ਲੋੜ ਹੈ। ਮਿਸਾਲ ਲਈ, ਮਸੀਹੀ ਪਰਿਵਾਰ ਦੇ ਮੈਂਬਰਾਂ ਨੂੰ ਇਹ ਗੁਣ ਦਿਖਾਉਣ ਦੀ ਲੋੜ ਹੈ ਜਦੋਂ ਉਨ੍ਹਾਂ ਦੇ ਤੋਬਾ ਨਾ ਕਰਨ ਵਾਲੇ ਰਿਸ਼ਤੇਦਾਰ ਨੂੰ ਛੇਕ ਦਿੱਤਾ ਜਾਂਦਾ ਹੈ। ਪਰਮੇਸ਼ੁਰ ਉਨ੍ਹਾਂ ਨੂੰ ਬਰਕਤ ਦਿੰਦਾ ਹੈ ਜਿਹੜੇ ਉਸ ਦੇ ਵਫ਼ਾਦਾਰ ਰਹਿੰਦੇ ਹਨ ਅਤੇ ਉਸ ਦੇ ਰਾਹਾਂ ਦੀ ਪਾਲਣਾ ਕਰਦੇ ਹਨ। ਇਸ ਵਫ਼ਾਦਾਰੀ ਅਤੇ ਯਹੋਵਾਹ ਉੱਤੇ ਪੂਰਾ ਭਰੋਸਾ ਹੋਣ ਕਾਰਨ ਉਸ ਦੇ ਲੋਕਾਂ ਦੀ ਖ਼ੁਸ਼ੀ ਵਧਦੀ ਹੈ।—ਜ਼ਬੂ. 84:11, 12.

18. ਜ਼ਬੂਰਾਂ ਦੀ ਪੋਥੀ 4:4 ਅਨੁਸਾਰ ਸਾਨੂੰ ਕੀ ਕਰਨਾ ਚਾਹੀਦਾ ਹੈ ਜੇ ਸਾਨੂੰ ਕਿਸੇ ਨੇ ਮਾੜਾ ਕਿਹਾ ਹੈ ਜਾਂ ਕੁਝ ਕੀਤਾ ਹੈ?

18 ਫਿਰ ਕੀ ਕਰੀਏ ਜੇ ਕੋਈ ਸਾਨੂੰ ਕੁਝ ਕਹਿੰਦਾ ਹੈ ਜਾਂ ਕੁਝ ਅਜਿਹਾ ਕਰਦਾ ਹੈ ਜਿਸ ਕਾਰਨ ਅਸੀਂ ਪਰੇਸ਼ਾਨ ਹੋ ਜਾਂਦੇ ਹਾਂ? ਅਸੀਂ ਖ਼ੁਸ਼ ਰਹਿ ਸਕਦੇ ਹਾਂ ਜੇ ਅਸੀਂ ਦਾਊਦ ਦੇ ਕਹੇ ਅਨੁਸਾਰ ਕਰੀਏ: “ਕੰਬ ਜਾਓ ਅਰ ਪਾਪ ਨਾ ਕਰੋ, ਆਪਣਿਆਂ ਬਿਸਤਰਿਆਂ ਉੱਤੇ ਆਪਣੇ ਮਨਾਂ ਵਿੱਚ ਸੋਚੋ ਅਤੇ ਚੁੱਪ ਰਹੋ।” (ਜ਼ਬੂ. 4:4) ਜੇ ਸਾਨੂੰ ਕਿਸੇ ਨੇ ਕੁਝ ਮਾੜਾ ਕਿਹਾ ਜਾਂ ਕੁਝ ਕੀਤਾ ਹੈ, ਤਾਂ ਆਓ ਆਪਾਂ ਬਦਲਾ ਲੈਣ ਦੁਆਰਾ ਪਾਪ ਨਾ ਕਰੀਏ। (ਰੋਮੀ. 12:17-19) ਅਸੀਂ ਆਪਣੇ ਮੰਜੇ ’ਤੇ ਪ੍ਰਾਰਥਨਾ ਕਰਦਿਆਂ ਇਸ ਮਾਮਲੇ ਬਾਰੇ ਆਪਣੀਆਂ ਭਾਵਨਾਵਾਂ ਜ਼ਾਹਰ ਕਰ ਸਕਦੇ ਹਾਂ। ਪ੍ਰਾਰਥਨਾ ਕਰਨ ਨਾਲ ਅਸੀਂ ਸ਼ਾਇਦ ਇਸ ਮਾਮਲੇ ਨੂੰ ਅਲੱਗ ਨਜ਼ਰੀਏ ਤੋਂ ਦੇਖੀਏ ਅਤੇ ਪਿਆਰ ਦੀ ਖ਼ਾਤਰ ਮਾਫ਼ ਕਰ ਦੇਈਏ। (1 ਪਤ. 4:8) ਇਸ ਸੰਬੰਧੀ ਸਾਨੂੰ ਪੌਲੁਸ ਦੀ ਸਲਾਹ ਵੱਲ ਧਿਆਨ ਦੇਣ ਦੀ ਲੋੜ ਹੈ ਜੋ ਜ਼ਬੂਰਾਂ ਦੀ ਪੋਥੀ 4:4 ਉੱਤੇ ਆਧਾਰਿਤ ਹੈ: “ਤੁਸੀਂ ਗੁੱਸੇ ਤਾਂ ਹੋਵੋ ਪਰ ਪਾਪ ਨਾ ਕਰੋ, ਸੂਰਜ ਤੁਹਾਡੇ ਕ੍ਰੋਧ ਉੱਤੇ ਨਾ ਡੁੱਬ ਜਾਵੇ। ਅਤੇ ਨਾ ਸ਼ਤਾਨ ਨੂੰ ਥਾਂ ਦਿਓ!”—ਅਫ਼. 4:26, 27.

19. ਭਗਤੀ ਦੇ ਸੰਬੰਧ ਵਿਚ ਜ਼ਬੂਰਾਂ ਦੀ ਪੋਥੀ 4:5 ਸਾਡੀ ਕਿਵੇਂ ਮਦਦ ਕਰ ਸਕਦਾ ਹੈ?

19 ਪਰਮੇਸ਼ੁਰ ਉੱਤੇ ਭਰੋਸਾ ਕਰਨ ਦੀ ਲੋੜ ਉੱਤੇ ਜ਼ੋਰ ਦਿੰਦੇ ਹੋਏ ਦਾਊਦ ਗਾਉਂਦਾ ਹੈ: “ਧਰਮ ਦੇ ਬਲੀਦਾਨ ਚੜ੍ਹਾਓ, ਅਤੇ ਯਹੋਵਾਹ ਉੱਤੇ ਆਸ ਰੱਖੋ।” (ਜ਼ਬੂ. 4:5) ਇਸਰਾਏਲੀਆਂ ਦੇ ਬਲੀਦਾਨ ਚੜ੍ਹਾਉਣ ਦਾ ਤਾਂ ਹੀ ਫ਼ਾਇਦਾ ਸੀ ਜੇ ਉਹ ਇਨ੍ਹਾਂ ਨੂੰ ਸਹੀ ਮਨੋਰਥਾਂ ਨਾਲ ਚੜ੍ਹਾਉਂਦੇ। (ਯਸਾ. 1:11-17) ਜੇ ਅਸੀਂ ਚਾਹੁੰਦੇ ਹਾਂ ਕਿ ਪਰਮੇਸ਼ੁਰ ਸਾਡੀ ਭਗਤੀ ਨੂੰ ਸਵੀਕਾਰ ਕਰੇ, ਤਾਂ ਸਾਡੇ ਮਨੋਰਥ ਵੀ ਸਹੀ ਹੋਣੇ ਚਾਹੀਦੇ ਹਨ ਅਤੇ ਸਾਨੂੰ ਉਸ ਉੱਤੇ ਪੂਰਾ ਭਰੋਸਾ ਹੋਣਾ ਚਾਹੀਦਾ ਹੈ।—ਕਹਾਉਤਾਂ 3:5, 6; ਇਬਰਾਨੀਆਂ 13:15, 16 ਪੜ੍ਹੋ।

20. ‘ਯਹੋਵਾਹ ਦੇ ਚਿਹਰੇ ਦੇ ਚਾਨਣ’ ਨਾਲ ਕਿਸ ਗੱਲ ਨੂੰ ਦਰਸਾਇਆ ਗਿਆ ਹੈ?

20 ਦਾਊਦ ਅੱਗੇ ਕਹਿੰਦਾ ਹੈ: “ਬਾਹਲੇ ਏਹ ਆਖਦੇ ਹਨ ਭਈ ਸਾਨੂੰ ਕੌਣ ਕੁਝ ਭਲਿਆਈ ਵਿਖਾਵੇਗਾ? ਹੇ ਯਹੋਵਾਹ, ਆਪਣੇ ਮੁਖੜੇ ਨੂੰ ਸਾਡੇ ਉੱਤੇ ਚਮਕਾ।” (ਜ਼ਬੂ. 4:6) ‘ਯਹੋਵਾਹ ਦੇ ਚਿਹਰੇ ਦਾ ਚਾਨਣ’ ਉਸ ਦੀ ਮਿਹਰ ਨੂੰ ਦਰਸਾਉਂਦਾ ਹੈ।’ (ਜ਼ਬੂ. 89:15) ਜਦੋਂ ਦਾਊਦ ਪ੍ਰਾਰਥਨਾ ਕਰਦਾ ਹੈ ਕਿ “ਆਪਣੇ ਮੁਖੜੇ ਨੂੰ ਸਾਡੇ ਉੱਤੇ ਚਮਕਾ,” ਤਾਂ ਉਸ ਦਾ ਮਤਲਬ ਹੈ ‘ਸਾਡੇ ਉੱਤੇ ਮਿਹਰ ਕਰ।’ ਅਸੀਂ ਯਹੋਵਾਹ ਉੱਤੇ ਭਰੋਸਾ ਕਰਦੇ ਹਾਂ ਜਿਸ ਕਰਕੇ ਸਾਡੇ ਉੱਤੇ ਉਸ ਦੀ ਮਿਹਰ ਹੈ ਅਤੇ ਅਸੀਂ ਬਹੁਤ ਖ਼ੁਸ਼ ਹੁੰਦੇ ਹਾਂ ਜਿਉਂ-ਜਿਉਂ ਅਸੀਂ ਪੂਰੇ ਵਿਸ਼ਵਾਸ ਨਾਲ ਉਸ ਦੀ ਇੱਛਾ ਪੂਰੀ ਕਰਦੇ ਹਾਂ।

21. ਅਸੀਂ ਕਿਸ ਗੱਲ ਦਾ ਭਰੋਸਾ ਰੱਖ ਸਕਦੇ ਹਾਂ ਜੇ ਅਸੀਂ ਪ੍ਰਚਾਰ ਦੇ ਕੰਮ ਵਿਚ ਪੂਰਾ ਹਿੱਸਾ ਲੈਂਦੇ ਹਾਂ?

21 ਫ਼ਸਲ ਦੀ ਵਾਢੀ ਵੇਲੇ ਬਹੁਤ ਖ਼ੁਸ਼ੀ ਮਿਲਦੀ ਹੈ, ਪਰ ਇਸ ਤੋਂ ਕਿਤੇ ਜ਼ਿਆਦਾ ਖ਼ੁਸ਼ੀ ਯਹੋਵਾਹ ਤੋਂ ਮਿਲਣ ਵਾਲੀਆਂ ਬਰਕਤਾਂ ਤੋਂ ਮਿਲੇਗੀ। ਇਨ੍ਹਾਂ ਦੀ ਉਡੀਕ ਕਰਦਿਆਂ ਹੋਇਆ ਦਾਊਦ ਯਹੋਵਾਹ ਅੱਗੇ ਗਾਉਂਦਾ ਹੈ: “ਤੈਂ ਮੇਰੇ ਮਨ ਵਿੱਚ ਉਨ੍ਹਾਂ ਦੇ ਨਾਲੋਂ, ਜਦੋਂ ਉਨ੍ਹਾਂ ਦੇ ਦਾਣੇ ਅਤੇ ਦਾਖ ਰਸ ਬਹੁਤ ਹੋ ਗਏ ਹਨ, ਵਧੀਕ ਅਨੰਦ ਪਾ ਦਿੱਤਾ ਹੈ।” (ਜ਼ਬੂ. 4:7) ਸਾਨੂੰ ਵੀ ਦਿਲੀ ਖ਼ੁਸ਼ੀ ਮਿਲ ਸਕਦੀ ਹੈ ਜੇ ਅਸੀਂ ਅੱਜ ਪ੍ਰਚਾਰ ਵਿਚ ਪੂਰਾ-ਪੂਰਾ ਹਿੱਸਾ ਲਈਏ। (ਲੂਕਾ 10:2) ਅਗਵਾਈ ਕਰ ਰਹੀ ਮਸਹ ਕੀਤੇ ਹੋਇਆਂ ਦੀ “ਕੌਮ” ਦੇ ਨਾਲ-ਨਾਲ ਸਾਨੂੰ ‘ਵਾਢਿਆਂ’ ਦੀ ਵਧਦੀ ਜਾ ਰਹੀ ਗਿਣਤੀ ਨੂੰ ਦੇਖ ਕੇ ਬੜੀ ਖ਼ੁਸ਼ੀ ਹੁੰਦੀ ਹੈ। (ਯਸਾ. 9:3) ਕੀ ਤੁਸੀਂ ਅਸਲੀ ਖ਼ੁਸ਼ੀ ਦੇਣ ਵਾਲੇ ਵਾਢੀ ਦੇ ਕੰਮ ਵਿਚ ਵੱਧ-ਚੜ੍ਹ ਕੇ ਹਿੱਸਾ ਲੈ ਰਹੇ ਹੋ?

ਪਰਮੇਸ਼ੁਰ ਉੱਤੇ ਪੂਰਾ ਭਰੋਸਾ ਰੱਖ ਕੇ ਹਿੰਮਤ ਨਾਲ ਅੱਗੇ ਵਧਦੇ ਜਾਓ

22. ਜ਼ਬੂਰਾਂ ਦੀ ਪੋਥੀ 4:8 ਅਨੁਸਾਰ ਇਸਰਾਏਲੀਆਂ ਨਾਲ ਕੀ ਹੋਇਆ ਜਦੋਂ ਉਹ ਪਰਮੇਸ਼ੁਰ ਦੀ ਬਿਵਸਥਾ ਦੀ ਪਾਲਣਾ ਕਰਦੇ ਸਨ?

22 ਦਾਊਦ ਇਨ੍ਹਾਂ ਸ਼ਬਦਾਂ ਨਾਲ ਜ਼ਬੂਰ ਖ਼ਤਮ ਕਰਦਾ ਹੈ: “ਮੈਂ ਸ਼ਾਂਤੀ ਨਾਲ ਲੇਟਦਿਆਂ ਹੀ ਸੌਂ ਜਾਵਾਂਗਾ, ਕਿਉਂ ਜੋ ਹੇ ਯਹੋਵਾਹ, ਤੂੰ ਹੀ ਮੈਨੂੰ ਅਮਨ ਵਿੱਚ ਵਸਾਉਂਦਾ ਹੈਂ।” (ਜ਼ਬੂ. 4:8) ਜਦੋਂ ਤਕ ਇਸਰਾਏਲੀ ਯਹੋਵਾਹ ਦੀ ਬਿਵਸਥਾ ਦੀ ਪਾਲਣਾ ਕਰਦੇ ਰਹੇ, ਤਦ ਤਕ ਪਰਮੇਸ਼ੁਰ ਨਾਲ ਉਨ੍ਹਾਂ ਦੀ ਸ਼ਾਂਤੀ ਬਣੀ ਰਹੀ ਅਤੇ ਉਨ੍ਹਾਂ ਨੇ ਸੁਰੱਖਿਅਤ ਮਹਿਸੂਸ ਕੀਤਾ। ਮਿਸਾਲ ਲਈ, ਸੁਲੇਮਾਨ ਦੇ ਰਾਜ ਦੇ ਵਿਚ ‘ਯਹੂਦਾਹ ਅਰ ਇਸਰਾਏਲ ਅਮਨ ਨਾਲ’ ਵੱਸਦਾ ਸੀ। (1 ਰਾਜ. 4:25) ਪਰਮੇਸ਼ੁਰ ’ਤੇ ਭਰੋਸਾ ਰੱਖਣ ਵਾਲਿਆਂ ਨੂੰ ਉਦੋਂ ਵੀ ਸ਼ਾਂਤੀ ਮਿਲੀ ਜਦੋਂ ਗੁਆਂਢੀ ਕੌਮਾਂ ਉਨ੍ਹਾਂ ਨਾਲ ਵੈਰ ਰੱਖਦੀਆਂ ਸਨ। ਦਾਊਦ ਵਾਂਗ ਅਸੀਂ ਸ਼ਾਂਤੀ ਨਾਲ ਸੌਂਦੇ ਹਾਂ ਕਿਉਂਕਿ ਪਰਮੇਸ਼ੁਰ ਸਾਨੂੰ ਸੁਰੱਖਿਅਤ ਮਹਿਸੂਸ ਕਰਾਉਂਦਾ ਹੈ।

23. ਸਾਨੂੰ ਕੀ ਮਿਲੇਗਾ ਜੇ ਸਾਨੂੰ ਪਰਮੇਸ਼ੁਰ ਉੱਤੇ ਪੂਰਾ ਭਰੋਸਾ ਹੈ?

23 ਆਓ ਆਪਾਂ ਪਰਮੇਸ਼ੁਰ ਦੀ ਸੇਵਾ ਕਰਦਿਆਂ ਹਿੰਮਤ ਨਾਲ ਅੱਗੇ ਵਧਦੇ ਜਾਈਏ। ਆਓ ਅਸੀਂ ਸਾਰੇ ਨਿਹਚਾ ਨਾਲ ਪ੍ਰਾਰਥਨਾ ਵੀ ਕਰੀਏ ਅਤੇ “ਪਰਮੇਸ਼ੁਰ ਦੀ ਸ਼ਾਂਤੀ” ਦਾ ਆਨੰਦ ਮਾਣੀਏ “ਜੋ ਸਾਰੀ ਸਮਝ ਤੋਂ ਪਰੇ ਹੈ।” (ਫ਼ਿਲਿ. 4:6, 7) ਇਸ ਕਾਰਨ ਸਾਨੂੰ ਕਿੰਨੀ ਖ਼ੁਸ਼ੀ ਮਿਲਦੀ ਹੈ! ਜੇ ਅਸੀਂ ਯਹੋਵਾਹ ਉੱਤੇ ਪੂਰਾ ਭਰੋਸਾ ਰੱਖਾਂਗੇ, ਤਾਂ ਆਉਣ ਵਾਲੇ ਸਮੇਂ ਵਿਚ ਜੋ ਵੀ ਹੋਵੇ ਅਸੀਂ ਉਸ ਦਾ ਹਿੰਮਤ ਨਾਲ ਸਾਮ੍ਹਣਾ ਕਰ ਸਕਾਂਗੇ।

ਤੁਸੀਂ ਕਿਵੇਂ ਜਵਾਬ ਦਿਓਗੇ?

• ਅਬਸ਼ਾਲੋਮ ਕਾਰਨ ਦਾਊਦ ਨੂੰ ਕਿਹੜੀਆਂ ਸਮੱਸਿਆਵਾਂ ਆਈਆਂ?

ਤੀਜਾ ਜ਼ਬੂਰ ਸਾਡੇ ਵਿਚ ਕਿਵੇਂ ਹਿੰਮਤ ਪੈਦਾ ਕਰਦਾ ਹੈ?

ਚੌਥਾ ਜ਼ਬੂਰ ਕਿਨ੍ਹਾਂ ਤਰੀਕਿਆਂ ਨਾਲ ਯਹੋਵਾਹ ’ਤੇ ਸਾਡਾ ਭਰੋਸਾ ਪੱਕਾ ਕਰ ਸਕਦਾ ਹੈ?

• ਯਹੋਵਾਹ ’ਤੇ ਪੂਰਾ ਭਰੋਸਾ ਰੱਖਣ ਨਾਲ ਸਾਨੂੰ ਕਿਵੇਂ ਫ਼ਾਇਦਾ ਹੋ ਸਕਦਾ ਹੈ?

[ਸਵਾਲ]

[ਸਫ਼ਾ 29 ਉੱਤੇ ਤਸਵੀਰ]

ਅਬਸ਼ਾਲੋਮ ਤੋਂ ਭੱਜਣ ਵੇਲੇ ਵੀ ਦਾਊਦ ਨੂੰ ਯਹੋਵਾਹ ’ਤੇ ਭਰੋਸਾ ਸੀ

[ਸਫ਼ਾ 32 ਉੱਤੇ ਤਸਵੀਰਾਂ]

ਕੀ ਤੁਸੀਂ ਯਹੋਵਾਹ ਉੱਤੇ ਪੂਰਾ ਭਰੋਸਾ ਰੱਖਦੇ ਹੋ?