Skip to content

Skip to table of contents

ਸਭ ਤੋਂ ਵਧੀਆ ਆਗੂ ਮਸੀਹ ਦੀ ਪੈੜ ਉੱਤੇ ਤੁਰੋ

ਸਭ ਤੋਂ ਵਧੀਆ ਆਗੂ ਮਸੀਹ ਦੀ ਪੈੜ ਉੱਤੇ ਤੁਰੋ

ਸਭ ਤੋਂ ਵਧੀਆ ਆਗੂ ਮਸੀਹ ਦੀ ਪੈੜ ਉੱਤੇ ਤੁਰੋ

ਜਿਹੜੇ ਲੋਕ ਮਨੁੱਖੀ ਹਾਕਮਾਂ ਦੀ ਪੈੜ ’ਤੇ ਚੱਲਦੇ ਹਨ, ਉਨ੍ਹਾਂ ਦੇ ਹੱਥ ਅਕਸਰ ਨਿਰਾਸ਼ਾ ਹੀ ਲੱਗਦੀ ਹੈ। ਪਰ ਜਿਹੜੇ ਲੋਕ ਮਸੀਹ ਨੂੰ ਆਗੂ ਮੰਨਦੇ ਹਨ, ਉਨ੍ਹਾਂ ਨਾਲ ਇਸ ਤਰ੍ਹਾਂ ਨਹੀਂ ਹੁੰਦਾ। ਯਿਸੂ ਨੇ ਕਿਹਾ: “ਹੇ ਸਾਰੇ ਥੱਕੇ ਹੋਇਓ ਅਤੇ ਭਾਰ ਹੇਠ ਦੱਬੇ ਹੋਇਓ, ਮੇਰੇ ਕੋਲ ਆਓ ਤਾਂ ਮੈਂ ਤੁਹਾਨੂੰ ਅਰਾਮ ਦਿਆਂਗਾ। ਮੇਰਾ ਜੂਲਾ ਆਪਣੇ ਉੱਤੇ ਲੈ ਲਵੋ ਅਤੇ ਮੈਥੋਂ ਸਿੱਖੋ ਕਿਉਂ ਜੋ ਮੈਂ ਕੋਮਲ ਅਤੇ ਮਨ ਦਾ ਗ਼ਰੀਬ ਹਾਂ ਅਤੇ ਤੁਸੀਂ ਆਪਣਿਆਂ ਜੀਆਂ ਵਿੱਚ ਅਰਾਮ ਪਾਓਗੇ।” (ਮੱਤੀ 11:28, 29) ਯਿਸੂ ਜਿਸ ਤਰੀਕੇ ਨਾਲ ਅਗਵਾਈ ਕਰਦਾ ਹੈ, ਉਸ ਤੋਂ ਲੋਕਾਂ ਨੂੰ ਤਾਜ਼ਗੀ ਤੇ ਖ਼ੁਸ਼ੀ ਮਿਲਦੀ ਹੈ। ਯਿਸੂ ਨੀਵੇਂ ਸਮਝੇ ਜਾਂਦੇ ਅਤੇ ਲਤਾੜੇ ਹੋਏ ਲੋਕਾਂ ਵਿਚ ਦਿਲੋਂ ਦਿਲਚਸਪੀ ਲੈਂਦਾ ਹੈ ਅਤੇ ਉਨ੍ਹਾਂ ਨੂੰ ਆਪਣੇ ਹੌਲੇ ਜੂਲੇ ਹੇਠ ਆਉਣ ਦਾ ਸੱਦਾ ਦਿੰਦਾ ਹੈ। ਪਰ ਯਿਸੂ ਦੀ ਅਗਵਾਈ ਅਨੁਸਾਰ ਚੱਲਣ ਵਿਚ ਕੀ ਕੁਝ ਸ਼ਾਮਲ ਹੈ?

ਪਤਰਸ ਰਸੂਲ ਨੇ ਲਿਖਿਆ: “ਮਸੀਹ ਵੀ ਤੁਹਾਡੇ ਨਮਿੱਤ ਦੁਖ ਝੱਲ ਕੇ ਇੱਕ ਨਮੂਨਾ ਤੁਹਾਡੇ ਲਈ ਛੱਡ ਗਿਆ ਭਈ ਤੁਸੀਂ ਉਹ ਦੀ ਪੈੜ ਉੱਤੇ ਤੁਰੋ।” (1 ਪਤ. 2:21) ਯਿਸੂ ਦੀ ਪੈੜ ਉੱਤੇ ਤੁਰਨਾ ਸਾਡੇ ਲਈ ਕਿੰਨਾ ਕੁ ਜ਼ਰੂਰੀ ਹੈ? ਮੰਨ ਲਓ ਕਿ ਤੁਸੀਂ ਹਸਪਤਾਲ ਵਿਚ ਹੋ ਕਿਉਂਕਿ ਤੁਹਾਨੂੰ ਅਤੇ ਹੋਰਨਾਂ ਨੂੰ ਇਕ ਭੈੜੀ ਬੀਮਾਰੀ ਲੱਗੀ ਹੋਈ ਹੈ। ਉੱਥੇ ਇਕ ਅਜਿਹਾ ਡਾਕਟਰ ਹੈ ਜਿਸ ਨੂੰ ਤੁਹਾਡੀ ਬੀਮਾਰੀ ਦਾ ਇਲਾਜ ਕਰਨਾ ਆਉਂਦਾ ਹੈ। ਕੀ ਤੁਸੀਂ ਉਸ ਦੀਆਂ ਹਿਦਾਇਤਾਂ ਨੂੰ ਧਿਆਨ ਨਾਲ ਨਹੀਂ ਸੁਣੋਗੇ ਅਤੇ ਕੀ ਉਸ ਦੀ ਹਰ ਗੱਲ ਨਹੀਂ ਮੰਨੋਗੇ? ਇਸੇ ਤਰ੍ਹਾਂ ਜੇ ਅਸੀਂ ਯਿਸੂ ਦੀ ਮਿਸਾਲ ਉੱਤੇ ਚੱਲ ਕੇ ਜੀਵਾਂਗੇ, ਤਾਂ ਸਾਡਾ ਭਵਿੱਖ ਸੁਰੱਖਿਅਤ ਹੋਵੇਗਾ। ਪਰ ਇੱਦਾਂ ਕਰਨ ਲਈ ਜ਼ਰੂਰੀ ਹੈ ਕਿ ਅਸੀਂ ਉਸ ਦੀ ਸੁਣੀਏ ਅਤੇ ਉਸ ਦਾ ਕਹਿਣਾ ਮੰਨੀਏ ਤੇ ਉਸ ਵੱਲੋਂ ਅਗਵਾਈ ਕਰਨ ਵਾਲੇ ਭਰਾਵਾਂ ਦਾ ਸਾਥ ਦੇਈਏ।

ਸੁਣੋ ਅਤੇ ਕਹਿਣਾ ਮੰਨੋ

ਆਪਣਾ ਪਹਾੜੀ ਉਪਦੇਸ਼ ਖ਼ਤਮ ਕਰਨ ਤੋਂ ਪਹਿਲਾਂ ਯਿਸੂ ਨੇ ਕਿਹਾ: “ਹਰੇਕ ਜੋ ਮੇਰੇ ਏਹ ਬਚਨ ਸੁਣਦਾ ਅਤੇ ਉਨ੍ਹਾਂ ਉੱਤੇ ਚੱਲਦਾ ਹੈ ਉਹ ਉਸ ਬੁੱਧਵਾਨ ਵਰਗਾ ਜਾਣਿਆ ਜਾਵੇਗਾ ਜਿਹ ਨੇ ਪੱਥਰ ਉੱਤੇ ਆਪਣਾ ਘਰ ਬਣਾਇਆ। ਅਤੇ ਮੀਂਹ ਵਰ੍ਹਿਆ ਅਤੇ ਹੜ੍ਹ ਆਏ ਅਤੇ ਅਨ੍ਹੇਰੀਆਂ ਵਗੀਆਂ ਅਰ ਉਸ ਘਰ ਨੂੰ ਧੱਕਾ ਮਾਰਿਆ ਪਰ ਉਹ ਨਾ ਡਿੱਗਿਆ ਕਿਉਂਕਿ ਉਹ ਦੀ ਨਿਉਂ ਪੱਥਰ ਉੱਤੇ ਧਰੀ ਹੋਈ ਸੀ।”—ਮੱਤੀ 7:24, 25.

ਯਿਸੂ ਨੇ ਉਸ ਇਨਸਾਨ ਨੂੰ “ਬੁੱਧਵਾਨ” ਕਿਹਾ ਜੋ ਉਸ ਦੀਆਂ ਗੱਲਾਂ ਸੁਣਦਾ ਅਤੇ ਮੰਨਦਾ ਹੈ। ਕੀ ਅਸੀਂ ਦਿਲੋਂ ਕਹਿਣਾ ਮੰਨ ਕੇ ਦਿਖਾਉਂਦੇ ਹਾਂ ਕਿ ਅਸੀਂ ਮਸੀਹ ਦੀ ਮਿਸਾਲ ਦੀ ਸ਼ਲਾਘਾ ਤੇ ਕਦਰ ਕਰਦੇ ਹਾਂ ਜਾਂ ਕੀ ਅਸੀਂ ਮਸੀਹ ਦੇ ਸਿਰਫ਼ ਉਨ੍ਹਾਂ ਹੁਕਮਾਂ ਨੂੰ ਮੰਨਣ ਲਈ ਤਿਆਰ ਹੁੰਦੇ ਹਾਂ ਜਿਨ੍ਹਾਂ ਨੂੰ ਮੰਨਣਾ ਸੌਖਾ ਲੱਗਦਾ ਹੈ? ਯਿਸੂ ਨੇ ਕਿਹਾ: “ਮੈਂ ਸਦਾ ਓਹ ਕੰਮ ਕਰਦਾ ਹਾਂ ਜਿਹੜੇ [ਪਰਮੇਸ਼ੁਰ] ਨੂੰ ਭਾਉਂਦੇ ਹਨ।” (ਯੂਹੰ. 8:29) ਆਓ ਆਪਾਂ ਇਸ ਮਿਸਾਲ ਉੱਤੇ ਚੱਲਣ ਦੀ ਕੋਸ਼ਿਸ਼ ਕਰੀਏ।

ਪਹਿਲੀ ਸਦੀ ਵਿਚ ਰਸੂਲਾਂ ਨੇ ਮਸੀਹ ਦੀ ਅਗਵਾਈ ਅਨੁਸਾਰ ਚੱਲ ਕੇ ਵਧੀਆ ਮਿਸਾਲ ਕਾਇਮ ਕੀਤੀ। ਇਕ ਮੌਕੇ ਤੇ ਪਤਰਸ ਨੇ ਯਿਸੂ ਨੂੰ ਕਿਹਾ: “ਵੇਖ ਅਸੀਂ ਸੱਭੋ ਕੁਝ ਛੱਡ ਕੇ ਤੇਰੇ ਮਗਰ ਹੋ ਤੁਰੇ ਹਾਂ।” (ਮਰ. 10:28) ਵਾਕਈ, ਰਸੂਲਾਂ ਨੇ ਯਿਸੂ ਦੀ ਅਗਵਾਈ ਦੀ ਇੰਨੀ ਕਦਰ ਕੀਤੀ ਕਿ ਉਸ ਦੀ ਪੈੜ ਉੱਤੇ ਚੱਲਣ ਲਈ ਉਨ੍ਹਾਂ ਨੇ ਖ਼ੁਸ਼ੀ ਨਾਲ ਸਾਰੀਆਂ ਚੀਜ਼ਾਂ ਪਿੱਛੇ ਛੱਡ ਦਿੱਤੀਆਂ।—ਮੱਤੀ 4:18-22.

ਮਸੀਹ ਦੇ ਨੁਮਾਇੰਦਿਆਂ ਦਾ ਸਾਥ ਦਿਓ

ਯਿਸੂ ਨੇ ਆਪਣੀ ਮੌਤ ਤੋਂ ਕੁਝ ਚਿਰ ਪਹਿਲਾਂ ਇਕ ਹੋਰ ਤਰੀਕੇ ਦਾ ਜ਼ਿਕਰ ਕੀਤਾ ਜਿਸ ਰਾਹੀਂ ਅਸੀਂ ਉਸ ਦੀ ਅਗਵਾਈ ਮੁਤਾਬਕ ਚੱਲ ਸਕਦੇ ਹਾਂ। ਉਸ ਨੇ ਕਿਹਾ: “ਜੋ ਮੇਰੇ ਘੱਲੇ ਹੋਏ ਨੂੰ ਕਬੂਲਦਾ ਹੈ ਸੋ ਮੈਨੂੰ ਕਬੂਲਦਾ ਹੈ।” (ਯੂਹੰ. 13:20) ਅਸਲ ਵਿਚ ਯਿਸੂ ਨੇ ਆਪਣੇ ਮਸਹ ਕੀਤੇ ਹੋਏ ਨੁਮਾਇੰਦਿਆਂ ਨੂੰ ਆਪਣੇ ‘ਭਰਾ’ ਕਿਹਾ ਸੀ। (ਮੱਤੀ 25:40) ਜਦੋਂ ਯਿਸੂ ਜੀਉਂਦਾ ਹੋ ਕੇ ਸਵਰਗ ਚਲਾ ਗਿਆ, ਤਾਂ ਉਸ ਦੀ ਜਗ੍ਹਾ ਕੰਮ ਕਰਨ ਲਈ ਉਸ ਦੇ “ਭਰਾਵਾਂ” ਨੂੰ ਨਿਯੁਕਤ ਕੀਤਾ ਗਿਆ ਜੋ “ਮਸੀਹ” ਦੇ ਰਾਜਦੂਤਾਂ ਵਜੋਂ ਹੋਰਨਾਂ ਲੋਕਾਂ ਨੂੰ ਯਹੋਵਾਹ ਪਰਮੇਸ਼ੁਰ ਨਾਲ ਮੇਲ-ਮਿਲਾਪ ਕਰਨ ਦਾ ਸੱਦਾ ਦੇ ਰਹੇ ਸਨ। (2 ਕੁਰਿੰ. 5:18-20) ਜੇ ਅਸੀਂ ਮਸੀਹ ਨੂੰ ਆਪਣਾ ਆਗੂ ਮੰਨਦੇ ਹਾਂ, ਤਾਂ ਸਾਨੂੰ ਉਸ ਦੇ “ਭਰਾਵਾਂ” ਦੇ ਅਧੀਨ ਰਹਿਣ ਦੀ ਲੋੜ ਹੈ।

ਜਦੋਂ ਬਾਈਬਲ-ਆਧਾਰਿਤ ਪ੍ਰਕਾਸ਼ਨਾਂ ਵਿਚ ਸਮੇਂ ਸਿਰ ਸਲਾਹ ਦਿੱਤੀ ਜਾਂਦੀ ਹੈ, ਤਾਂ ਸਾਨੂੰ ਇਹ ਦੇਖਣ ਦੀ ਲੋੜ ਹੈ ਕਿ ਅਸੀਂ ਉਸ ਨੂੰ ਮੰਨਦੇ ਹਾਂ ਜਾਂ ਨਹੀਂ। ਬਾਈਬਲ ਦਾ ਅਧਿਐਨ ਕਰਨ ਅਤੇ ਮੀਟਿੰਗਾਂ ਵਿਚ ਹਾਜ਼ਰ ਹੋਣ ਨਾਲ ਸਾਨੂੰ ਮਸੀਹ ਦੀਆਂ ਗੱਲਾਂ ਚੇਤੇ ਆਉਂਦੀਆਂ ਹਨ। (2 ਪਤ. 3:1, 2) ਪਰਮੇਸ਼ੁਰ ਦਾ ਗਿਆਨ ਬਾਕਾਇਦਾ ਲੈਣ ਨਾਲ ਅਸੀਂ ਇਸ ਵਾਸਤੇ ਦਿਲੋਂ ਕਦਰ ਦਿਖਾਉਂਦੇ ਹਾਂ। ਪਰ ਸਾਨੂੰ ਉਦੋਂ ਕੀ ਕਰਨਾ ਚਾਹੀਦਾ ਹੈ ਜਦੋਂ ਸਮੇਂ-ਸਮੇਂ ਤੇ ਕਿਸੇ ਸਲਾਹ ਨੂੰ ਦੁਹਰਾਇਆ ਜਾਂਦਾ ਹੈ? ਮਿਸਾਲ ਲਈ, ਪਰਮੇਸ਼ੁਰ ਦਾ ਬਚਨ ਮਸੀਹੀਆਂ ਨੂੰ “ਕੇਵਲ ਪ੍ਰਭੂ ਵਿੱਚ” ਵਿਆਹ ਕਰਨ ਦੀ ਸਲਾਹ ਦਿੰਦਾ ਹੈ। (1 ਕੁਰਿੰ. 7:39) ਇਸ ਵਿਸ਼ੇ ਬਾਰੇ ਇਕ ਸਦੀ ਨਾਲੋਂ ਵੀ ਜ਼ਿਆਦਾ ਸਮੇਂ ਤੋਂ ਪਹਿਰਾਬੁਰਜ ਵਿਚ ਸਮੇਂ-ਸਮੇਂ ’ਤੇ ਚਰਚਾ ਹੁੰਦੀ ਆਈ ਹੈ। ਮਸੀਹ ਦੇ ਭਰਾ ਇਸ ਵਿਸ਼ੇ ਬਾਰੇ ਅਤੇ ਹੋਰਨਾਂ ਗੱਲਾਂ ਬਾਰੇ ਸਲਾਹ ਦੇਣ ਲਈ ਲੇਖ ਛਾਪਣ ਦੁਆਰਾ ਦਿਖਾਉਂਦੇ ਹਨ ਕਿ ਉਨ੍ਹਾਂ ਨੂੰ ਯਹੋਵਾਹ ਨਾਲ ਸਾਡੇ ਰਿਸ਼ਤੇ ਦਾ ਕਿੰਨਾ ਫ਼ਿਕਰ ਹੈ। ਅਸੀਂ ਆਪਣੇ ਆਗੂ ਯਿਸੂ ਮਸੀਹ ਦੀ ਪੈੜ ਉੱਤੇ ਤਾਹੀਓਂ ਤੁਰ ਰਹੇ ਹੋਵਾਂਗੇ ਜੇ ਅਸੀਂ ਇਨ੍ਹਾਂ ਯਾਦ ਕਰਾਈਆਂ ਗੱਲਾਂ ਵੱਲ ਧਿਆਨ ਦੇਵਾਂਗੇ।

ਕਹਾਉਤਾਂ 4:18 ਕਹਿੰਦਾ ਹੈ: “ਧਰਮੀਆਂ ਦਾ ਰਾਹ ਫ਼ਜਰ ਦੇ ਚਾਨਣ ਵਰਗਾ ਹੈ, ਜਿਹ ਦਾ ਚਾਨਣ ਪੂਰੇ ਦਿਨ ਤਾਈਂ ਵੱਧਦਾ ਜਾਂਦਾ ਹੈ।” ਜੀ ਹਾਂ, ਯਿਸੂ ਆਲਸੀ ਨਹੀਂ ਹੈ ਸਗੋਂ ਅਗਵਾਈ ਕਰਦਾ ਹੋਇਆ ਅੱਗੇ ਦੀ ਅੱਗੇ ਵਧਦਾ ਜਾ ਰਿਹਾ ਹੈ। ਮਸੀਹ ਦੇ “ਭਰਾਵਾਂ” ਦਾ ਸਾਥ ਦੇਣ ਦਾ ਇਕ ਹੋਰ ਤਰੀਕਾ ਹੈ ਕਿ ਅਸੀਂ ਸਹੀ ਰਵੱਈਆ ਰੱਖੀਏ। ਖ਼ਾਸ ਕਰ ਜਦੋਂ “ਮਾਤਬਰ ਅਤੇ ਬੁੱਧਵਾਨ ਨੌਕਰ” ਦੁਆਰਾ ਛਾਪੀਆਂ ਬਾਈਬਲ ਦੀਆਂ ਸੱਚਾਈਆਂ ਦੀ ਸਮਝ ਵਿਚ ਕੋਈ ਬਦਲਾਅ ਆਉਂਦਾ ਹੈ।—ਮੱਤੀ 24:45.

ਅਸੀਂ ਉਦੋਂ ਵੀ ਮਸੀਹ ਦੇ “ਭਰਾਵਾਂ” ਦੇ ਅਧੀਨ ਹੁੰਦੇ ਹਾਂ ਜਦੋਂ ਅਸੀਂ ਮਸੀਹੀ ਕਲੀਸਿਯਾ ਦੇ ਨਿਗਾਹਬਾਨਾਂ ਦਾ ਸਾਥ ਦਿੰਦੇ ਹਾਂ। ਪੌਲੁਸ ਰਸੂਲ ਨੇ ਕਿਹਾ: “ਤੁਸੀਂ ਆਪਣੇ ਆਗੂਆਂ ਦੀ ਆਗਿਆਕਾਰੀ ਕਰੋ ਅਤੇ ਓਹਨਾਂ ਦੇ ਅਧੀਨ ਰਹੋ ਕਿਉਂ ਜੋ ਓਹ ਉਨ੍ਹਾਂ ਵਾਂਙੁ ਜਿਨ੍ਹਾਂ ਲੇਖਾ ਦੇਣਾ ਹੈ ਤੁਹਾਡੀਆਂ ਜਾਨਾਂ ਦੇ ਨਮਿੱਤ ਜਾਗਦੇ ਰਹਿੰਦੇ ਹਨ।” (ਇਬ. 13:17) ਮਿਸਾਲ ਲਈ, ਇਕ ਬਜ਼ੁਰਗ ਸ਼ਾਇਦ ਸਾਨੂੰ ਹੱਲਾਸ਼ੇਰੀ ਦੇਵੇ ਕਿ ਪਰਿਵਾਰਕ ਸਟੱਡੀ ਬਾਕਾਇਦਾ ਕਰਨੀ ਕਿੰਨੀ ਜ਼ਰੂਰੀ ਹੈ ਜਾਂ ਉਹ ਸਾਨੂੰ ਪ੍ਰਚਾਰ ਦੇ ਕਿਸੇ ਪਹਿਲੂ ਬਾਰੇ ਸੁਝਾਅ ਦੇ ਸਕਦਾ ਹੈ। ਹੋ ਸਕਦਾ ਹੈ ਕਿ ਇਕ ਸਫ਼ਰੀ ਨਿਗਾਹਬਾਨ ਸਾਨੂੰ ਸਾਡੇ ਮਸੀਹੀ ਚਾਲ-ਚਲਣ ਬਾਰੇ ਬਾਈਬਲ ਵਿੱਚੋਂ ਕੋਈ ਖ਼ਾਸ ਸਲਾਹ ਦੇਵੇ। ਜਦੋਂ ਅਸੀਂ ਖ਼ੁਸ਼ੀ ਨਾਲ ਅਜਿਹੀ ਸਲਾਹ ਮੰਨਦੇ ਹਾਂ, ਤਾਂ ਅਸੀਂ ਆਪਣੇ ਆਗੂ ਯਿਸੂ ਦੀ ਪੈੜ ਉੱਤੇ ਚੱਲਦੇ ਹਾਂ।

ਦੁੱਖ ਦੀ ਗੱਲ ਹੈ ਕਿ ਦੁਨੀਆਂ ਵਿਚ ਚੰਗੀ ਅਗਵਾਈ ਦੀ ਘਾਟ ਹੈ। ਪਰ ਮਸੀਹ ਦੀ ਪਿਆਰ ਭਰੀ ਅਗਵਾਈ ਅਨੁਸਾਰ ਚੱਲਣ ਨਾਲ ਕਿੰਨੀ ਤਾਜ਼ਗੀ ਮਿਲਦੀ ਹੈ! ਤਾਂ ਫਿਰ ਆਓ ਆਪਾਂ ਆਪਣੇ ਆਗੂ ਦਾ ਕਹਿਣਾ ਮੰਨੀਏ ਅਤੇ ਉਨ੍ਹਾਂ ਦਾ ਸਾਥ ਦੇਈਏ ਜਿਨ੍ਹਾਂ ਨੂੰ ਉਹ ਅੱਜ ਵਰਤ ਰਿਹਾ ਹੈ।

[ਸਫ਼ਾ 27 ਉੱਤੇ ਤਸਵੀਰਾਂ]

ਕੀ ਤੁਸੀਂ ਯਹੋਵਾਹ ਨੂੰ ਨਾ ਮੰਨਣ ਵਾਲੇ ਵਿਅਕਤੀ ਨਾਲ ਵਿਆਹ ਨਾ ਕਰਨ ਬਾਰੇ ਦਿੱਤੀ ਬਾਈਬਲ ਦੀ ਸਲਾਹ ਮੰਨਦੇ ਹੋ?