Skip to content

Skip to table of contents

ਕੀ ਅੱਲ੍ਹੜਾਂ ਨੂੰ ਬਪਤਿਸਮਾ ਲੈਣਾ ਚਾਹੀਦਾ ਹੈ?

ਕੀ ਅੱਲ੍ਹੜਾਂ ਨੂੰ ਬਪਤਿਸਮਾ ਲੈਣਾ ਚਾਹੀਦਾ ਹੈ?

ਕੀ ਅੱਲ੍ਹੜਾਂ ਨੂੰ ਬਪਤਿਸਮਾ ਲੈਣਾ ਚਾਹੀਦਾ ਹੈ?

ਫ਼ਿਲਪੀਨ ਵਿਚ ਰਹਿੰਦੇ ਕਾਰਲੋਸ * ਨਾਂ ਦੇ ਇਕ ਮਸੀਹੀ ਪਿਤਾ ਨੇ ਕਿਹਾ ਕਿ “ਮੈਂ ਬਹੁਤ ਖ਼ੁਸ਼ ਹਾਂ ਕਿ ਮੇਰੀ ਧੀ ਹੁਣ ਯਹੋਵਾਹ ਦੀ ਸੇਵਾ ਕਰਦੀ ਹੈ ਅਤੇ ਮੈਨੂੰ ਪਤਾ ਹੈ ਕਿ ਉਹ ਵੀ ਖ਼ੁਸ਼ ਹੈ।” ਯੂਨਾਨ ਤੋਂ ਇਕ ਪਿਤਾ ਨੇ ਲਿਖਿਆ: “ਮੈਂ ਅਤੇ ਮੇਰੀ ਪਤਨੀ ਬਹੁਤ ਹੀ ਖ਼ੁਸ਼ ਹਾਂ ਕਿ ਸਾਡੇ ਤਿੰਨੇ ਬੱਚੇ ਕਿਸ਼ੋਰ ਉਮਰ ਵਿਚ ਬਪਤਿਸਮਾ ਲੈ ਕੇ ਯਹੋਵਾਹ ਦੇ ਗਵਾਹ ਬਣ ਗਏ। ਉਹ ਸੱਚਾਈ ਵਿਚ ਤਰੱਕੀ ਕਰ ਰਹੇ ਹਨ ਅਤੇ ਖ਼ੁਸ਼ੀ ਨਾਲ ਯਹੋਵਾਹ ਦੀ ਸੇਵਾ ਕਰ ਰਹੇ ਹਨ।”

ਬੱਚਿਆਂ ਦੇ ਬਪਤਿਸਮਾ ਲੈਣ ਤੇ ਮਸੀਹੀ ਮਾਪੇ ਬਹੁਤ ਖ਼ੁਸ਼ ਹੁੰਦੇ ਹਨ, ਪਰ ਇਸ ਖ਼ੁਸ਼ੀ ਦੇ ਨਾਲ ਕਦੇ-ਕਦੇ ਉਨ੍ਹਾਂ ਨੂੰ ਥੋੜ੍ਹੀ-ਬਹੁਤੀ ਚਿੰਤਾ ਵੀ ਹੁੰਦੀ ਹੈ। ਇਕ ਮਾਂ ਨੇ ਕਿਹਾ ਕਿ “ਮੈਂ ਖ਼ੁਸ਼ੀ ਨਾਲ ਝੂਮਦੀ ਸੀ, ਪਰ ਮੈਨੂੰ ਚਿੰਤਾ ਵੀ ਬਹੁਤ ਸੀ।” ਉਹ ਇਸ ਤਰ੍ਹਾਂ ਕਿਉਂ ਮਹਿਸੂਸ ਕਰਦੀ ਸੀ? “ਮੈਨੂੰ ਪਤਾ ਸੀ ਕਿ ਹੁਣ ਮੇਰਾ ਪੁੱਤਰ ਪੂਰੀ ਤਰ੍ਹਾਂ ਯਹੋਵਾਹ ਪ੍ਰਤਿ ਜਵਾਬਦੇਹ ਸੀ।”

ਬਪਤਿਸਮਾ-ਪ੍ਰਾਪਤ ਗਵਾਹ ਵਜੋਂ ਯਹੋਵਾਹ ਦੀ ਸੇਵਾ ਕਰਨੀ ਸਾਰੇ ਅੱਲ੍ਹੜਾਂ ਦਾ ਟੀਚਾ ਹੋਣਾ ਚਾਹੀਦਾ ਹੈ। ਪਰ ਪਰਮੇਸ਼ੁਰ ਨੂੰ ਮੰਨਣ ਵਾਲੇ ਮਾਪੇ ਸੋਚ ਸਕਦੇ ਹਨ, ‘ਮੈਨੂੰ ਪਤਾ ਹੈ ਕਿ ਮੇਰੇ ਬੱਚੇ ਨੇ ਸੱਚਾਈ ਵਿਚ ਕਿੰਨੀ ਜ਼ਿਆਦਾ ਤਰੱਕੀ ਕੀਤੀ ਹੈ, ਪਰ ਕੀ ਉਸ ਦੀ ਨਿਹਚਾ ਇੰਨੀ ਮਜ਼ਬੂਤ ਹੈ ਕਿ ਉਹ ਅਨੈਤਿਕ ਕੰਮ ਕਰਨ ਦੇ ਦਬਾਵਾਂ ਦਾ ਸਾਮ੍ਹਣਾ ਕਰ ਸਕੇ ਤੇ ਯਹੋਵਾਹ ਦੀਆਂ ਨਜ਼ਰਾਂ ਵਿਚ ਸ਼ੁੱਧ ਰਹਿ ਸਕੇ?’ ਹੋਰ ਮਾਪੇ ਸ਼ਾਇਦ ਆਪਣੇ ਤੋਂ ਪੁੱਛਣ, ‘ਭੌਤਿਕ ਚੀਜ਼ਾਂ ਪਿੱਛੇ ਲੱਗਣ ਦਾ ਪਰਤਾਵਾ ਆਉਣ ਤੇ ਕੀ ਮੇਰਾ ਬੱਚਾ ਖ਼ੁਸ਼ੀ ਅਤੇ ਜੋਸ਼ ਨਾਲ ਪਰਮੇਸ਼ੁਰ ਦੀ ਸੇਵਾ ਕਰਦਾ ਰਹੇਗਾ?’ ਇਨ੍ਹਾਂ ਗੱਲਾਂ ਨੂੰ ਧਿਆਨ ਵਿਚ ਰੱਖਦਿਆਂ, ਬਾਈਬਲ ਦੇ ਕਿਹੜੇ ਅਸੂਲਾਂ ਦੀ ਮਦਦ ਨਾਲ ਮਾਪੇ ਸਿੱਟਾ ਕੱਢ ਸਕਦੇ ਹਨ ਕਿ ਉਨ੍ਹਾਂ ਦੇ ਬੱਚੇ ਬਪਤਿਸਮਾ ਲੈਣ ਲਈ ਤਿਆਰ ਹਨ?

ਯਿਸੂ ਦੇ ਚੇਲੇ ਬਣਨ ਲਈ ਅਹਿਮ ਮੰਗ

ਬਾਈਬਲ ਨਹੀਂ ਦੱਸਦੀ ਕਿ ਬਪਤਿਸਮਾ ਲੈਣ ਲਈ ਕਿੰਨੀ ਉਮਰ ਹੋਣੀ ਚਾਹੀਦੀ ਹੈ, ਪਰ ਇਹ ਜ਼ਰੂਰ ਦੱਸਦੀ ਹੈ ਕਿ ਬਪਤਿਸਮੇ ਦੇ ਲਾਇਕ ਬਣਨ ਲਈ ਪਰਮੇਸ਼ੁਰ ਨਾਲ ਕਿਹੋ ਜਿਹਾ ਰਿਸ਼ਤਾ ਹੋਣਾ ਚਾਹੀਦਾ ਹੈ। ਯਿਸੂ ਨੇ ਆਪਣੇ ਚੇਲਿਆਂ ਨੂੰ ਹਿਦਾਇਤ ਦਿੱਤੀ ਸੀ ਕਿ ‘ਸਾਰੀਆਂ ਕੌਮਾਂ ਨੂੰ ਚੇਲੇ ਬਣਾਓ ਅਤੇ ਬਪਤਿਸਮਾ ਦਿਓ।’ (ਮੱਤੀ 28:19) ਇੱਥੋਂ ਦੇਖਿਆ ਜਾ ਸਕਦਾ ਹੈ ਕਿ ਸਿਰਫ਼ ਉਹੀ ਲੋਕ ਬਪਤਿਸਮਾ ਲੈ ਸਕਦੇ ਹਨ ਜੋ ਪਹਿਲਾਂ ਹੀ ਯਿਸੂ ਦੇ ਚੇਲੇ ਹਨ।

ਚੇਲਾ ਕਹਿੰਦੇ ਕਿਸ ਨੂੰ ਹੈ? ਇਨਸਾਈਟ ਔਨ ਦ ਸਕ੍ਰਿਪਚਰਸ ਵਿਚ ਦੱਸਿਆ ਹੈ: “ਇਹ ਲਫ਼ਜ਼ ਉਨ੍ਹਾਂ ਸਾਰਿਆਂ ਲਈ ਵਰਤਿਆ ਗਿਆ ਹੈ ਜੋ ਨਾ ਸਿਰਫ਼ ਮਸੀਹ ਦੀਆਂ ਸਿੱਖਿਆਵਾਂ ਨੂੰ ਮੰਨਦੇ ਹਨ, ਸਗੋਂ ਉਸ ਦੇ ਨਕਸ਼ੇ-ਕਦਮਾਂ ’ਤੇ ਵੀ ਪੂਰੀ ਤਰ੍ਹਾਂ ਚੱਲਦੇ ਹਨ।” ਕੀ ਕਿਸ਼ੋਰ ਉਮਰ ਦੇ ਬੱਚੇ ਮਸੀਹ ਦੇ ਸੱਚੇ ਚੇਲੇ ਬਣ ਸਕਦੇ ਹਨ? ਲਾਤੀਨੀ ਅਮਰੀਕਾ ਵਿਚ 40 ਨਾਲੋਂ ਜ਼ਿਆਦਾ ਸਾਲਾਂ ਤੋਂ ਮਿਸ਼ਨਰੀ ਸੇਵਾ ਕਰਦੀ ਇਕ ਭੈਣ ਨੇ ਆਪਣੇ ਅਤੇ ਆਪਣੀਆਂ ਦੋ ਭੈਣਾਂ ਬਾਰੇ ਲਿਖਿਆ: “ਸਾਨੂੰ ਇੰਨੀ ਸਮਝ ਤਾਂ ਸੀ ਕਿ ਅਸੀਂ ਯਹੋਵਾਹ ਦੀ ਸੇਵਾ ਕਰਨੀ ਚਾਹੁੰਦੀਆਂ ਸਾਂ ਅਤੇ ਅਸੀਂ ਸੋਹਣੀ ਧਰਤੀ ਉੱਤੇ ਰਹਿਣਾ ਚਾਹੁੰਦੀਆਂ ਸਾਂ। ਯਹੋਵਾਹ ਨੂੰ ਆਪਣੀਆਂ ਜ਼ਿੰਦਗੀਆਂ ਸਮਰਪਿਤ ਕਰਨ ਸਦਕਾ ਅਸੀਂ ਜਵਾਨੀ ਵਿਚ ਆਏ ਪਰਤਾਵਿਆਂ ਦਾ ਸਾਮ੍ਹਣਾ ਕਰ ਸਕੀਆਂ। ਛੋਟੀ ਉਮਰੇ ਪਰਮੇਸ਼ੁਰ ਨੂੰ ਸਮਰਪਣ ਕਰਨ ਦਾ ਸਾਨੂੰ ਕੋਈ ਪਛਤਾਵਾ ਨਹੀਂ ਹੈ।”

ਤੁਹਾਨੂੰ ਕਿਵੇਂ ਪਤਾ ਹੈ ਕਿ ਤੁਹਾਡਾ ਬੱਚਾ ਮਸੀਹ ਦਾ ਚੇਲਾ ਬਣ ਗਿਆ ਹੈ? ਬਾਈਬਲ ਜਵਾਬ ਦਿੰਦੀ ਹੈ: “ਬੱਚਾ ਵੀ ਆਪਣੇ ਕਰਤੱਬਾਂ ਤੋਂ ਸਿਆਣੀਦਾ ਹੈ, ਭਈ ਉਹ ਦੇ ਕੰਮ ਨੇਕ ਤੇ ਠੀਕ ਹਨ ਕਿ ਨਹੀਂ।” (ਕਹਾ. 20:11) ਕੁਝ ਗੱਲਾਂ ’ਤੇ ਗੌਰ ਕਰੋ ਜਿਨ੍ਹਾਂ ਤੋਂ ਪਤਾ ਚੱਲਦਾ ਹੈ ਕਿ ਤੁਹਾਡਾ ਬੱਚਾ ਇਕ ਚੇਲੇ ਵਜੋਂ ‘ਆਪਣੀ ਤਰੱਕੀ ਪਰਗਟ ਕਰ ਰਿਹਾ ਹੈ।’—1 ਤਿਮੋ. 4:15.

ਚੇਲੇ ਹੋਣ ਦਾ ਸਬੂਤ

ਕੀ ਤੁਹਾਡਾ ਬੱਚਾ ਤੁਹਾਡੇ ਕਹਿਣੇ ਲੱਗਦਾ ਹੈ? (ਕੁਲੁ. 3:20) ਕੀ ਉਹ ਘਰ ਵਿਚ ਦਿੱਤੇ ਜਾਂਦੇ ਕੰਮ ਕਰਦਾ ਹੈ? ਬਾਈਬਲ 12 ਸਾਲਾਂ ਦੇ ਯਿਸੂ ਬਾਰੇ ਕਹਿੰਦੀ ਹੈ: ‘ਉਹ ਆਪਣੇ ਮਾਪਿਆਂ ਦੇ ਅਧੀਨ ਰਿਹਾ।’ (ਲੂਕਾ 2:51) ਇਹ ਗੱਲ ਸੱਚ ਹੈ ਕਿ ਕੋਈ ਵੀ ਬੱਚਾ ਆਪਣੇ ਮਾਪਿਆਂ ਦੀ ਹਰ ਗੱਲ ਹਮੇਸ਼ਾ ਤਾਂ ਨਹੀਂ ਮੰਨਦਾ। ਪਰ ਸੱਚੇ ਮਸੀਹੀਆਂ ਨੂੰ ਪੂਰੀ ਤਰ੍ਹਾਂ “[ਯਿਸੂ] ਦੀ ਪੈੜ” ਉੱਤੇ ਤੁਰਨਾ ਚਾਹੀਦਾ ਹੈ। ਇਸ ਕਰਕੇ ਬਪਤਿਸਮੇ ਦੇ ਇੱਛੁਕ ਅੱਲ੍ਹੜਾਂ ਦੀ ਨੇਕਨਾਮੀ ਹੋਣੀ ਚਾਹੀਦੀ ਹੈ ਕਿ ਉਹ ਆਪਣੇ ਮਾਪਿਆਂ ਦੇ ਕਹਿਣੇ ਵਿਚ ਹਨ।—1 ਪਤ. 2:21.

ਇਨ੍ਹਾਂ ਕੁਝ ਸਵਾਲਾਂ ’ਤੇ ਗੌਰ ਕਰੋ: ਕੀ ਤੁਹਾਡਾ ਬੱਚਾ ਪ੍ਰਚਾਰ ਵਿਚ ਪੂਰਾ-ਪੂਰਾ ਹਿੱਸਾ ਲੈ ਕੇ ਪਰਮੇਸ਼ੁਰ ਦੇ ‘ਰਾਜ ਨੂੰ ਪਹਿਲਾਂ ਭਾਲ’ ਰਿਹਾ ਹੈ? (ਮੱਤੀ 6:33) ਕੀ ਉਹ ਦੂਸਰਿਆਂ ਨੂੰ ਖ਼ੁਸ਼ ਖ਼ਬਰੀ ਸੁਣਾਉਣ ਲਈ ਰਾਜ਼ੀ ਹੈ ਜਾਂ ਕੀ ਤੁਹਾਨੂੰ ਉਸ ਨੂੰ ਪ੍ਰਚਾਰ ਕਰਨ ਵਾਸਤੇ ਜਾਣ ਅਤੇ ਲੋਕਾਂ ਨਾਲ ਗੱਲ ਕਰਨ ਲਈ ਕਹਿਣਾ ਪੈਂਦਾ ਹੈ? ਕੀ ਉਹ ਬਪਤਿਸਮਾ-ਰਹਿਤ ਪਬਲੀਸ਼ਰ ਵਜੋਂ ਆਪਣੀ ਜ਼ਿੰਮੇਵਾਰੀ ਧਿਆਨ ਵਿਚ ਰੱਖਦਾ ਹੈ? ਕੀ ਉਹ ਦਿਲਚਸਪੀ ਰੱਖਣ ਵਾਲੇ ਲੋਕਾਂ ਨੂੰ ਦੁਬਾਰਾ ਜਾ ਕੇ ਮਿਲਣ ਦੀ ਇੱਛਾ ਰੱਖਦਾ ਹੈ? ਕੀ ਉਹ ਸਕੂਲ ਵਿਚ ਆਪਣੇ ਨਾਲ ਪੜ੍ਹਨ ਵਾਲਿਆਂ ਜਾਂ ਟੀਚਰਾਂ ਨੂੰ ਦੱਸਦਾ ਹੈ ਕਿ ਉਹ ਯਹੋਵਾਹ ਦਾ ਇਕ ਗਵਾਹ ਹੈ?

ਕੀ ਕਲੀਸਿਯਾ ਦੀਆਂ ਸਭਾਵਾਂ ਵਿਚ ਹਾਜ਼ਰ ਹੋਣਾ ਉਸ ਲਈ ਅਹਿਮ ਗੱਲ ਹੈ? (ਜ਼ਬੂ. 122:1) ਕੀ ਉਸ ਨੂੰ ਪਹਿਰਾਬੁਰਜ ਅਧਿਐਨ ਅਤੇ ਕਲੀਸਿਯਾ ਦੀ ਬਾਈਬਲ ਸਟੱਡੀ ਦੌਰਾਨ ਜਵਾਬ ਦੇਣੇ ਚੰਗੇ ਲੱਗਦੇ ਹਨ? ਕੀ ਉਹ ਥੀਓਕ੍ਰੈਟਿਕ ਮਿਨਿਸਟਰੀ ਸਕੂਲ ਵਿਚ ਦਾਖ਼ਲ ਹੋਇਆ ਹੈ ਅਤੇ ਉਸ ਵਿਚ ਜੋਸ਼ ਨਾਲ ਹਿੱਸਾ ਲੈਂਦਾ ਹੈ?—ਇਬ. 10:24, 25.

ਕੀ ਤੁਹਾਡਾ ਬੱਚਾ ਸਕੂਲ ਵਿਚ ਅਤੇ ਹੋਰ ਥਾਵਾਂ ਤੇ ਮਾੜੇ ਸਾਥੀਆਂ ਤੋਂ ਦੂਰ ਰਹਿ ਕੇ ਨੈਤਿਕ ਤੌਰ ਤੇ ਸ਼ੁੱਧ ਰਹਿਣ ਦੀ ਕੋਸ਼ਿਸ਼ ਕਰਦਾ ਹੈ? (ਕਹਾ. 13:20) ਉਹ ਕਿਹੋ ਜਿਹੇ ਸੰਗੀਤ, ਫਿਲਮਾਂ, ਟੈਲੀਵਿਯਨ ਪ੍ਰੋਗ੍ਰਾਮਾਂ, ਵਿਡਿਓ ਗੇਮਾਂ ਨੂੰ ਪਸੰਦ ਕਰਦਾ ਹੈ ਅਤੇ ਇੰਟਰਨੈੱਟ ਦੀ ਕਿਵੇਂ ਵਰਤੋਂ ਕਰਦਾ ਹੈ? ਕੀ ਉਸ ਦੀ ਬੋਲ-ਚਾਲ ਤੋਂ ਪਤਾ ਲੱਗਦਾ ਹੈ ਕਿ ਉਹ ਬਾਈਬਲ ਦੇ ਅਸੂਲਾਂ ਅਨੁਸਾਰ ਜੀਉਣਾ ਚਾਹੁੰਦਾ ਹੈ?

ਤੁਹਾਡੇ ਬੱਚੇ ਨੂੰ ਬਾਈਬਲ ਦਾ ਕਿੰਨਾ ਕੁ ਗਿਆਨ ਹੈ? ਕੀ ਉਹ ਪਰਿਵਾਰਕ ਸਟੱਡੀ ਦੌਰਾਨ ਸਿੱਖੀਆਂ ਗੱਲਾਂ ਆਪਣੇ ਸ਼ਬਦਾਂ ਵਿਚ ਸਮਝਾ ਸਕਦਾ ਹੈ? ਕੀ ਉਹ ਬਾਈਬਲ ਦੀਆਂ ਮੂਲ ਸੱਚਾਈਆਂ ਸਮਝਾ ਸਕਦਾ ਹੈ? (ਕਹਾ. 2:6-9) ਕੀ ਉਹ ਬਾਈਬਲ, ਨਾਲੇ ਮਾਤਬਰ ਅਤੇ ਬੁੱਧਵਾਨ ਨੌਕਰ ਦੇ ਪ੍ਰਕਾਸ਼ਨ ਪੜ੍ਹਨੇ ਪਸੰਦ ਕਰਦਾ ਹੈ? (ਮੱਤੀ 24:45) ਕੀ ਉਹ ਬਾਈਬਲ ਦੀਆਂ ਸਿੱਖਿਆਵਾਂ ਅਤੇ ਆਇਤਾਂ ਬਾਰੇ ਸਵਾਲ ਪੁੱਛਦਾ ਹੈ?

ਤੁਸੀਂ ਇਨ੍ਹਾਂ ਸਵਾਲਾਂ ਦੀ ਮਦਦ ਨਾਲ ਆਪਣੇ ਬੱਚੇ ਦੀ ਤਰੱਕੀ ਦਾ ਅੰਦਾਜ਼ਾ ਲੱਗਾ ਸਕਦੇ ਹੋ। ਇਨ੍ਹਾਂ ’ਤੇ ਗੌਰ ਕਰਨ ਤੋਂ ਬਾਅਦ, ਤੁਸੀਂ ਸ਼ਾਇਦ ਦੇਖੋ ਕਿ ਬਪਤਿਸਮਾ ਲੈਣ ਤੋਂ ਪਹਿਲਾਂ ਉਸ ਨੂੰ ਕਿਸੇ ਗੱਲ ਵਿਚ ਸੁਧਾਰ ਕਰਨ ਦੀ ਲੋੜ ਹੈ। ਪਰ ਜੇ ਉਸ ਦੇ ਜੀਉਣ ਦੇ ਤੌਰ-ਤਰੀਕੇ ਤੋਂ ਸਬੂਤ ਮਿਲਦਾ ਹੈ ਕਿ ਉਹ ਯਿਸੂ ਦਾ ਚੇਲਾ ਹੈ ਅਤੇ ਉਸ ਨੇ ਵਾਕਈ ਪਰਮੇਸ਼ੁਰ ਨੂੰ ਆਪਣੀ ਜ਼ਿੰਦਗੀ ਸਮਰਪਿਤ ਕਰ ਦਿੱਤੀ ਹੈ, ਤਾਂ ਤੁਸੀਂ ਉਸ ਨੂੰ ਬਪਤਿਸਮਾ ਲੈਣ ਦੇ ਸਕਦੇ ਹੋ।

ਅੱਲ੍ਹੜ ਯਹੋਵਾਹ ਦੀ ਵਡਿਆਈ ਕਰ ਸਕਦੇ ਹਨ

ਪਰਮੇਸ਼ੁਰ ਦੇ ਕਈ ਸੇਵਕਾਂ ਨੇ ਅੱਲ੍ਹੜ ਉਮਰ ਵਿਚ ਜਾਂ ਉਸ ਤੋਂ ਵੀ ਛੋਟੀ ਉਮਰੇ ਆਪਣੀ ਵਫ਼ਾਦਾਰੀ ਦਾ ਸਬੂਤ ਦਿੱਤਾ ਹੈ। ਜ਼ਰਾ ਯੂਸੁਫ਼, ਸਮੂਏਲ, ਯੋਸੀਯਾਹ ਅਤੇ ਯਿਸੂ ਬਾਰੇ ਸੋਚੋ। (ਉਤ. 37:2; 39:1-3; 1 ਸਮੂ. 1:24-28; 2:18-20; 2 ਇਤ. 34:1-3; ਲੂਕਾ 2:42-49) ਫ਼ਿਲਿੱਪੁਸ ਦੀਆਂ ਚਾਰ ਧੀਆਂ ਭਵਿੱਖਬਾਣੀਆਂ ਕਰਦੀਆਂ ਸਨ ਜਿਨ੍ਹਾਂ ਨੂੰ ਬਚਪਨ ਤੋਂ ਹੀ ਸਿਖਲਾਈ ਮਿਲੀ ਸੀ।—ਰਸੂ. 21:8, 9.

ਯੂਨਾਨ ਵਿਚ ਇਕ ਗਵਾਹ ਨੇ ਕਿਹਾ: “ਮੈਂ 12 ਸਾਲ ਦੀ ਉਮਰ ਤੇ ਬਪਤਿਸਮਾ ਲਿਆ ਸੀ। ਮੈਂ ਆਪਣੇ ਇਸ ਫ਼ੈਸਲੇ ਕਾਰਨ ਕਦੇ ਵੀ ਨਹੀਂ ਪਛਤਾਇਆ। ਇਹ 24 ਸਾਲ ਪਹਿਲਾਂ ਦੀ ਗੱਲ ਹੈ ਜਿਨ੍ਹਾਂ ਵਿੱਚੋਂ ਮੈਂ 23 ਸਾਲ ਪਾਇਨੀਅਰਿੰਗ ਕੀਤੀ ਹੈ। ਯਹੋਵਾਹ ਲਈ ਪਿਆਰ ਬਰਕਰਾਰ ਰੱਖਣ ਕਰਕੇ ਮੈਂ ਜਵਾਨੀ ਵਿਚ ਆਉਂਦੀਆਂ ਮੁਸ਼ਕਲਾਂ ਦਾ ਸਾਮ੍ਹਣਾ ਕਰ ਸਕਿਆ। 12 ਸਾਲਾਂ ਦੀ ਉਮਰ ਵਿਚ ਮੈਨੂੰ ਬਾਈਬਲ ਦਾ ਇੰਨਾ ਗਿਆਨ ਨਹੀਂ ਸੀ ਜਿੰਨਾ ਹੁਣ ਹੈ। ਪਰ ਮੈਂ ਇਹ ਗੱਲ ਜ਼ਰੂਰ ਜਾਣਦਾ ਸੀ ਕਿ ਮੈਂ ਯਹੋਵਾਹ ਨੂੰ ਪਿਆਰ ਕਰਦਾ ਸੀ ਅਤੇ ਹਮੇਸ਼ਾ ਉਸ ਦੀ ਸੇਵਾ ਕਰਨੀ ਚਾਹੁੰਦਾ ਸੀ। ਮੈਂ ਖ਼ੁਸ਼ ਹਾਂ ਕਿ ਉਹ ਉਸ ਦੀ ਸੇਵਾ ਕਰਦੇ ਰਹਿਣ ਵਿਚ ਮੇਰੀ ਮਦਦ ਕਰ ਰਿਹਾ ਹੈ।”

ਜੋ ਯਿਸੂ ਦਾ ਚੇਲਾ ਹੋਣ ਦਾ ਸਬੂਤ ਦਿੰਦਾ ਹੈ, ਉਸ ਨੂੰ ਬਪਤਿਸਮਾ ਲੈ ਲੈਣਾ ਚਾਹੀਦਾ ਹੈ, ਭਾਵੇਂ ਉਹ ਨਿਆਣਾ ਹੋਵੇ ਜਾਂ ਸਿਆਣਾ। ਪੌਲੁਸ ਰਸੂਲ ਨੇ ਲਿਖਿਆ: “ਧਰਮ ਲਈ ਤਾਂ ਹਿਰਦੇ ਨਾਲ ਨਿਹਚਾ ਕਰੀਦੀ ਅਤੇ ਮੁਕਤੀ ਲਈ ਮੂੰਹ ਨਾਲ ਇਕਰਾਰ ਕਰੀਦਾ ਹੈ।” (ਰੋਮੀ. 10:10) ਜਦੋਂ ਮਸੀਹ ਦਾ ਨੌਜਵਾਨ ਚੇਲਾ ਬਪਤਿਸਮਾ ਲੈਣ ਦਾ ਅਹਿਮ ਕਦਮ ਚੁੱਕਦਾ ਹੈ, ਤਾਂ ਉਹ ਅਤੇ ਉਸ ਦੇ ਮਾਪੇ ਜ਼ਿੰਦਗੀ ਦੇ ਅਹਿਮ ਪੜਾਅ ’ਤੇ ਪਹੁੰਚ ਜਾਂਦੇ ਹਨ। ਸਾਡੀ ਇਹੀ ਦੁਆ ਹੈ ਕਿ ਕੋਈ ਵੀ ਚੀਜ਼ ਤੁਹਾਨੂੰ ਜਾਂ ਤੁਹਾਡੇ ਬੱਚੇ ਨੂੰ ਮਿਲਣ ਵਾਲੀ ਖ਼ੁਸ਼ੀ ਤੋਂ ਵਾਂਝੇ ਨਾ ਕਰੇ।

[ਫੁਟਨੋਟ]

^ ਪੈਰਾ 2 ਕੁਝ ਨਾਂ ਬਦਲੇ ਗਏ ਹਨ।

[ਸਫ਼ਾ 5 ਉੱਤੇ ਡੱਬੀ]

ਬਪਤਿਸਮੇ ਬਾਰੇ ਸਹੀ ਨਜ਼ਰੀਆ

ਕੁਝ ਮਾਪੇ ਆਪਣੇ ਬੱਚੇ ਵੱਲੋਂ ਬਪਤਿਸਮਾ ਲੈਣ ਦੀ ਤੁਲਨਾ ਡਰਾਈਵਰ ਦਾ ਲਸੰਸ ਲੈਣ ਨਾਲ ਕਰਦੇ ਹਨ। ਇਹ ਅਜਿਹਾ ਲਾਭਦਾਇਕ ਕਦਮ ਹੈ ਜਿਸ ਨਾਲ ਕੁਝ ਹੱਦ ਤਕ ਖ਼ਤਰਾ ਵੀ ਜੁੜਿਆ ਹੁੰਦਾ ਹੈ। ਪਰ ਕੀ ਬਪਤਿਸਮਾ ਲੈਣ ਅਤੇ ਪਰਮੇਸ਼ੁਰ ਦੀ ਸੇਵਾ ਕਰਨ ਨਾਲ ਕਿਸੇ ਦੀ ਜ਼ਿੰਦਗੀ ਖ਼ਤਰੇ ਵਿਚ ਪੈ ਸਕਦੀ ਹੈ? ਬਾਈਬਲ ਕਹਿੰਦੀ ਹੈ ਬਿਲਕੁਲ ਨਹੀਂ। ਕਹਾਉਤਾਂ 10:22 ਵਿਚ ਲਿਖਿਆ ਹੈ: “ਯਹੋਵਾਹ ਦੀ ਬਰਕਤ ਧਨੀ ਬਣਾਉਂਦੀ ਹੈ, ਅਤੇ ਉਸ ਦੇ ਨਾਲ ਉਹ ਸੋਗ ਨਹੀਂ ਮਿਲਾਉਂਦਾ।” ਪੌਲੁਸ ਨੇ ਜਵਾਨ ਤਿਮੋਥਿਉਸ ਨੂੰ ਲਿਖਿਆ ਸੀ: “ਸੰਤੋਖ ਨਾਲ ਭਗਤੀ ਹੈ ਤਾਂ ਵੱਡੀ ਖੱਟੀ।”—1 ਤਿਮੋ. 6:6.

ਹਾਂ, ਮੰਨ ਲਿਆ ਕਿ ਯਹੋਵਾਹ ਦੀ ਸੇਵਾ ਕਰਨੀ ਸੌਖੀ ਨਹੀਂ ਹੈ। ਪਰਮੇਸ਼ੁਰ ਦੇ ਨਬੀ ਵਜੋਂ ਯਿਰਮਿਯਾਹ ਨੇ ਕਈ ਕਠਿਨਾਈਆਂ ਦਾ ਸਾਮ੍ਹਣਾ ਕੀਤਾ ਸੀ। ਫਿਰ ਵੀ ਉਸ ਨੇ ਸੱਚੇ ਪਰਮੇਸ਼ੁਰ ਦੀ ਭਗਤੀ ਬਾਰੇ ਲਿਖਿਆ: “ਤੇਰੀਆਂ ਗੱਲਾਂ ਮੇਰੇ ਲਈ ਖੁਸ਼ੀ, ਅਤੇ ਮੇਰੇ ਦਿਲ ਦਾ ਅਨੰਦ ਸਨ, ਕਿਉਂ ਜੋ ਮੈਂ ਤੇਰੇ ਨਾਮ ਦਾ ਅਖਵਾਉਂਦਾ ਹਾਂ, ਹੇ ਯਹੋਵਾਹ, ਸੈਨਾਂ ਦੇ ਪਰਮੇਸ਼ੁਰ।” (ਯਿਰ. 15:16) ਯਿਰਮਿਯਾਹ ਜਾਣਦਾ ਸੀ ਕਿ ਪਰਮੇਸ਼ੁਰ ਦੀ ਸੇਵਾ ਕਰ ਕੇ ਹੀ ਉਹ ਖ਼ੁਸ਼ ਸੀ। ਪਰ ਸ਼ਤਾਨ ਦੀ ਦੁਨੀਆਂ ਵਿਚ ਮੁਸ਼ਕਲਾਂ ਹੀ ਮੁਸ਼ਕਲਾਂ ਹਨ। ਇਹ ਫ਼ਰਕ ਦੇਖਣ ਵਿਚ ਮਾਪਿਆਂ ਨੂੰ ਆਪਣੇ ਬੱਚਿਆਂ ਦੀ ਮਦਦ ਕਰਨੀ ਚਾਹੀਦੀ ਹੈ।—ਯਿਰ. 1:19.

[ਸਫ਼ਾ 6 ਉੱਤੇ ਡੱਬੀ/ਤਸਵੀਰ]

ਕੀ ਮੇਰੇ ਬੱਚੇ ਨੂੰ ਬਪਤਿਸਮਾ ਲੈਣ ਦੀ ਹਾਲੇ ਉਡੀਕ ਕਰਨੀ ਚਾਹੀਦੀ ਹੈ?

ਕਦੇ-ਕਦੇ ਇਸ ਤਰ੍ਹਾਂ ਹੁੰਦਾ ਹੈ ਕਿ ਬੱਚੇ ਬਪਤਿਸਮਾ ਲੈਣ ਦੇ ਯੋਗ ਹੁੰਦੇ ਹਨ, ਪਰ ਉਨ੍ਹਾਂ ਦੇ ਮਾਪੇ ਸ਼ਾਇਦ ਉਨ੍ਹਾਂ ਨੂੰ ਥੋੜ੍ਹਾ ਰੁਕਣ ਲਈ ਕਹਿਣ। ਉਹ ਸ਼ਾਇਦ ਕਿਨ੍ਹਾਂ ਕਾਰਨਾਂ ਕਰਕੇ ਇਸ ਤਰ੍ਹਾਂ ਕਹਿਣ?

ਮੈਨੂੰ ਡਰ ਹੈ ਕਿ ਜੇ ਮੇਰੇ ਬੱਚੇ ਨੇ ਬਪਤਿਸਮਾ ਲੈ ਲਿਆ, ਤਾਂ ਬਾਅਦ ਵਿਚ ਉਸ ਤੋਂ ਕੋਈ ਗੰਭੀਰ ਪਾਪ ਹੋ ਸਕਦਾ ਹੈ ਜਿਸ ਕਰਕੇ ਉਸ ਨੂੰ ਛੇਕਿਆ ਜਾ ਸਕਦਾ ਹੈ। ਕੀ ਇਹ ਮੰਨਣਾ ਜਾਇਜ਼ ਹੈ ਕਿ ਬਪਤਿਸਮਾ ਲੈਣ ਤੋਂ ਰੁਕ ਜਾਣ ਵਾਲਾ ਨੌਜਵਾਨ ਆਪਣੇ ਚਾਲ-ਚੱਲਣ ਲਈ ਪਰਮੇਸ਼ੁਰ ਅੱਗੇ ਜਵਾਬਦੇਹ ਨਹੀਂ ਹੈ? ਸੁਲੇਮਾਨ ਨੇ ਨੌਜਵਾਨਾਂ ਨੂੰ ਇਹ ਲਫ਼ਜ਼ ਕਹੇ ਸਨ: “ਤੂੰ ਜਾਣ ਲੈ ਜੋ [ਤੇਰੇ ਕੰਮਾਂ] ਦੇ ਲਈ ਪਰਮੇਸ਼ੁਰ ਤੇਰਾ ਨਿਆਉਂ ਕਰੇਗਾ।” (ਉਪ. 11:9) ਪੌਲੁਸ ਨੇ ਕਿਸੇ ਉਮਰ ਦਾ ਜ਼ਿਕਰ ਨਹੀਂ ਕੀਤਾ ਜਦੋਂ ਉਸ ਨੇ ਇਹ ਨਸੀਹਤ ਦਿੱਤੀ ਸੀ: “ਸਾਡੇ ਵਿੱਚੋਂ ਹਰੇਕ ਨੇ ਪਰਮੇਸ਼ੁਰ ਨੂੰ ਆਪੋ ਆਪਣਾ ਲੇਖਾ ਦੇਣਾ ਹੈ।”—ਰੋਮੀ. 14:12.

ਪਰਮੇਸ਼ੁਰ ਦੇ ਭਗਤਾਂ ਨੇ ਉਸ ਨੂੰ ਲੇਖਾ ਦੇਣਾ ਹੈ ਭਾਵੇਂ ਉਨ੍ਹਾਂ ਨੇ ਬਪਤਿਸਮਾ ਲਿਆ ਹੈ ਜਾਂ ਨਹੀਂ ਲਿਆ। ਇਹ ਨਾ ਭੁੱਲੋ ਕਿ ਯਹੋਵਾਹ ਆਪਣੇ ਸੇਵਕਾਂ ਨੂੰ ‘ਸ਼ਕਤੀਓਂ ਬਾਹਰ ਪਰਤਾਵੇ ਵਿੱਚ ਨਹੀਂ ਪੈਣ ਦੇਵੇਗਾ।’ (1 ਕੁਰਿੰ. 10:13) ਜਿੰਨਾ ਚਿਰ ਉਹ ‘ਸੁਚੇਤ ਰਹਿਣਗੇ’ ਅਤੇ ਪਰਤਾਵਿਆਂ ਦਾ ਸਾਮ੍ਹਣਾ ਕਰਨਗੇ, ਉਹ ਯਕੀਨ ਕਰ ਸਕਦੇ ਹਨ ਕਿ ਪਰਮੇਸ਼ੁਰ ਉਨ੍ਹਾਂ ਦੀ ਜ਼ਰੂਰ ਮਦਦ ਕਰੇਗਾ। (1 ਪਤ. 5:6-9) ਇਕ ਮਸੀਹੀ ਮਾਂ ਲਿਖਦੀ ਹੈ: “ਬਪਤਿਸਮਾ-ਪ੍ਰਾਪਤ ਬੱਚਿਆਂ ਕੋਲ ਇਸ ਸੰਸਾਰ ਦੇ ਗ਼ਲਤ ਕੰਮਾਂ ਤੋਂ ਦੂਰ ਰਹਿਣ ਦੇ ਹੋਰ ਕਾਰਨ ਹਨ। ਮੇਰੇ ਪੁੱਤਰ ਨੇ 15 ਸਾਲ ਦੀ ਉਮਰ ਵਿਚ ਬਪਤਿਸਮਾ ਲਿਆ ਸੀ ਤੇ ਉਹ ਸੋਚਦਾ ਹੈ ਕਿ ਇਸ ਕਾਰਨ ਉਹ ਸੁਰੱਖਿਅਤ ਰਹਿੰਦਾ ਹੈ। ਉਹ ਕਹਿੰਦਾ ਹੈ ਕਿ ‘ਮੈਂ ਯਹੋਵਾਹ ਦੇ ਕਾਇਦੇ-ਕਾਨੂੰਨਾਂ ਦੇ ਖ਼ਿਲਾਫ਼ ਕੁਝ ਕਰਨ ਬਾਰੇ ਸੋਚਦਾ ਵੀ ਨਹੀਂ।’ ਬਪਤਿਸਮਾ ਲੈਣ ਨਾਲ ਤੁਹਾਨੂੰ ਸਹੀ ਕੰਮ ਕਰਨ ਦੀ ਪ੍ਰੇਰਣਾ ਮਿਲਦੀ ਹੈ।”

ਜੇ ਤੁਸੀਂ ਆਪਣੀਆਂ ਗੱਲਾਂ ਅਤੇ ਚੰਗੀ ਮਿਸਾਲ ਦੇ ਜ਼ਰੀਏ ਆਪਣੇ ਬੱਚਿਆਂ ਨੂੰ ਯਹੋਵਾਹ ਦੀ ਆਗਿਆ ਮੰਨਣੀ ਸਿਖਾਈ ਹੈ, ਤਾਂ ਤੁਸੀਂ ਭਰੋਸਾ ਰੱਖ ਸਕਦੇ ਹੋ ਕਿ ਉਹ ਬਪਤਿਸਮਾ ਲੈਣ ਤੋਂ ਬਾਅਦ ਵੀ ਆਗਿਆ ਮੰਨਦੇ ਰਹਿਣਗੇ। ਕਹਾਉਤਾਂ 20:7 ਵਿਚ ਲਿਖਿਆ ਹੈ: “ਧਰਮੀ ਜਿਹੜਾ ਸਚਿਆਈ ਨਾਲ ਚੱਲਦਾ ਹੈ,—ਉਹ ਦੇ ਮਗਰੋਂ ਉਹ ਦੇ ਪੁੱਤ੍ਰ ਧੰਨ ਹੁੰਦੇ ਹਨ!”

ਮੈਂ ਚਾਹੁੰਦਾ ਹਾਂ ਕਿ ਸਾਡਾ ਬੱਚਾ ਜ਼ਿੰਦਗੀ ਵਿਚ ਪਹਿਲਾਂ ਕੁਝ ਹੋਰ ਕਰ ਲਵੇ। ਬੱਚਿਆਂ ਨੂੰ ਕੋਈ ਕੰਮ ਸਿੱਖਣਾ ਚਾਹੀਦਾ ਹੈ ਤਾਂਕਿ ਉਹ ਆਪਣਾ ਗੁਜ਼ਾਰਾ ਆਪ ਚਲਾ ਸਕਣ। ਪਰ ਸੱਚੀ ਭਗਤੀ ਦੀ ਬਜਾਇ ਉਨ੍ਹਾਂ ਨੂੰ ਪੜ੍ਹਾਈ-ਲਿਖਾਈ ਅਤੇ ਧਨ-ਦੌਲਤ ਮਗਰ ਲੱਗਣ ਦੀ ਹੱਲਾਸ਼ੇਰੀ ਦੇਣੀ ਖ਼ਤਰਨਾਕ ਹੈ। ‘ਬੀ,’ (ਰਾਜ ਦਾ ਬਚਨ) ਜੋ ਉੱਗਦਾ ਨਹੀਂ, ਬਾਰੇ ਯਿਸੂ ਨੇ ਕਿਹਾ: “ਜਿਹੜਾ ਕੰਡਿਆਲਿਆਂ ਵਿੱਚ ਬੀਜਿਆ ਗਿਆ ਸੋ ਉਹ ਹੈ ਜੋ ਬਚਨ ਨੂੰ ਸੁਣਦਾ ਹੈ ਪਰ ਇਸ ਜੁਗ ਦੀ ਚਿੰਤਾ ਅਤੇ ਧਨ ਦਾ ਧੋਖਾ ਬਚਨ ਨੂੰ ਦਬਾ ਲੈਂਦਾ ਹੈ ਅਤੇ ਉਹ ਅਫੱਲ ਰਹਿ ਜਾਂਦਾ ਹੈ।” (ਮੱਤੀ 13:22) ਜੇ ਮਾਪੇ ਆਪਣੇ ਬੱਚੇ ਨੂੰ ਸੰਸਾਰਕ ਟੀਚੇ ਰੱਖਣ ਦੀ ਹੱਲਾਸ਼ੇਰੀ ਦਿੰਦੇ ਹਨ, ਤਾਂ ਬੱਚਾ ਪਰਮੇਸ਼ੁਰ ਨਾਲ ਆਪਣੇ ਰਿਸ਼ਤੇ ਨੂੰ ਇੰਨੀ ਅਹਿਮੀਅਤ ਨਹੀਂ ਦੇਵੇਗਾ ਜਿਸ ਕਾਰਨ ਪਰਮੇਸ਼ੁਰ ਦੀ ਸੇਵਾ ਕਰਨ ਦੀ ਉਸ ਦੀ ਇੱਛਾ ਮਰ ਸਕਦੀ ਹੈ।

ਜਿਹੜੇ ਨੌਜਵਾਨ ਬਪਤਿਸਮਾ ਲੈਣ ਦੇ ਲਾਇਕ ਹਨ ਪਰ ਉਨ੍ਹਾਂ ਦੇ ਮਾਪੇ ਉਨ੍ਹਾਂ ਨੂੰ ਥੋੜ੍ਹਾ ਰੁਕ ਜਾਣ ਲਈ ਕਹਿੰਦੇ ਹਨ, ਉਨ੍ਹਾਂ ਬਾਰੇ ਇਕ ਤਜਰਬੇਕਾਰ ਬਜ਼ੁਰਗ ਨੇ ਕਿਹਾ: “ਬੱਚੇ ਨੂੰ ਬਪਤਿਸਮਾ ਲੈਣ ਤੋਂ ਰੋਕਣ ਨਾਲ ਉਹ ਸੱਚਾਈ ਵਿਚ ਢਿੱਲਾ ਪੈ ਸਕਦਾ ਹੈ ਤੇ ਉਸ ਨੂੰ ਨਿਰਾਸ਼ਾ ਘੇਰ ਸਕਦੀ ਹੈ।” ਇਕ ਸਫ਼ਰੀ ਨਿਗਾਹਬਾਨ ਨੇ ਲਿਖਿਆ: “ਬੱਚਾ ਸੋਚਣ ਲੱਗ ਪਵੇਗਾ ਕਿ ਪਰਮੇਸ਼ੁਰ ਨਾਲ ਉਸ ਦਾ ਰਿਸ਼ਤਾ ਇੰਨਾ ਮਜ਼ਬੂਤ ਨਹੀਂ ਹੈ ਜਾਂ ਉਹ ਸੱਚਾਈ ਵਿਚ ਇੰਨੀ ਤਰੱਕੀ ਨਹੀਂ ਕਰ ਰਿਹਾ। ਉਹ ਸ਼ਾਇਦ ਸੋਚੇ ਕਿ ਦੁਨੀਆਂ ਵਿਚ ਹੀ ਉਹ ਕਾਮਯਾਬ ਹੋ ਸਕਦਾ ਹੈ।”

[ਤਸਵੀਰ]

ਕੀ ਯੂਨੀਵਰਸਿਟੀ ਨੂੰ ਪਹਿਲ ਦੇਣੀ ਚਾਹੀਦੀ ਹੈ?

[ਸਫ਼ਾ 3 ਉੱਤੇ ਤਸਵੀਰ]

ਇਕ ਬੱਚਾ ਚੇਲੇ ਹੋਣ ਦਾ ਸਬੂਤ ਦੇ ਸਕਦਾ ਹੈ

[ਸਫ਼ਾ 3 ਉੱਤੇ ਤਸਵੀਰਾਂ]

ਮੀਟਿੰਗਾਂ ਲਈ ਤਿਆਰੀ ਅਤੇ ਹਿੱਸਾ ਲੈਣਾ

[ਸਫ਼ਾ 4 ਉੱਤੇ ਤਸਵੀਰ]

ਮਾਪਿਆਂ ਦਾ ਕਹਿਣਾ ਮੰਨਣਾ

[ਸਫ਼ਾ 4 ਉੱਤੇ ਤਸਵੀਰ]

ਪ੍ਰਚਾਰ ਵਿਚ ਹਿੱਸਾ ਲੈਣਾ

[ਸਫ਼ਾ 4 ਉੱਤੇ ਤਸਵੀਰ]

ਪ੍ਰਾਰਥਨਾ ਕਰਨੀ