‘ਪੋਥੀਆਂ ਅਤੇ ਖ਼ਾਸ ਕਰ ਕੇ ਚਮੜੇ ਦੇ ਪੱਤ੍ਰੇ ਲੈਂਦਾ ਆਵੀਂ’
‘ਪੋਥੀਆਂ ਅਤੇ ਖ਼ਾਸ ਕਰ ਕੇ ਚਮੜੇ ਦੇ ਪੱਤ੍ਰੇ ਲੈਂਦਾ ਆਵੀਂ’
ਇਹ ਸ਼ਬਦ ਕਹਿ ਕੇ ਪੌਲੁਸ ਰਸੂਲ ਨੇ ਆਪਣੇ ਮਿਸ਼ਨਰੀ ਸਾਥੀ ਤਿਮੋਥਿਉਸ ਨੂੰ ਤਾਕੀਦ ਕੀਤੀ ਕਿ ਉਹ ਉਸ ਲਈ ਕੁਝ ਲਿਖੀ ਹੋਈ ਜਾਣਕਾਰੀ ਲੈ ਕੇ ਆਵੇ। ਪੌਲੁਸ ਕਿਹੜੀਆਂ ਪੋਥੀਆਂ ਅਤੇ ਪੱਤਰਿਆਂ ਦਾ ਜ਼ਿਕਰ ਕਰ ਰਿਹਾ ਸੀ? ਉਸ ਨੇ ਕਿਸ ਕਾਰਨ ਇਸ ਤਰ੍ਹਾਂ ਕਿਹਾ? ਅਸੀਂ ਉਸ ਦੀ ਇਸ ਦਰਖ਼ਾਸਤ ਤੋਂ ਕੀ ਸਿੱਖ ਸਕਦੇ ਹਾਂ?
ਪੌਲੁਸ ਨੇ ਪਹਿਲੀ ਸਦੀ ਦੇ ਮੱਧ ਵਿਚ ਜਦੋਂ ਇਹ ਸ਼ਬਦ ਲਿਖੇ ਸਨ, ਤਾਂ ਇਬਰਾਨੀ ਸ਼ਾਸਤਰ ਦੀਆਂ 39 ਪੋਥੀਆਂ ਨੂੰ 22 ਜਾਂ 24 ਪੋਥੀਆਂ ਵਿਚ ਵੰਡਿਆ ਜਾ ਚੁੱਕਾ ਸੀ ਤੇ ਸੰਭਵ ਹੈ ਕਿ ਇਹ ਸਾਰੀਆਂ ਵੱਖਰੀਆਂ-ਵੱਖਰੀਆਂ ਪੋਥੀਆਂ ਸਨ। ਪ੍ਰੋਫ਼ੈਸਰ ਐਲਨ ਮਿਲਾਰਡ ਨੇ ਕਿਹਾ ਕਿ ਭਾਵੇਂ ਇਹ ਪੋਥੀਆਂ ਮਹਿੰਗੀਆਂ ਸਨ, ਪਰ ਇਹ ‘ਰੱਜੇ-ਪੁੱਜੇ ਲੋਕਾਂ ਦੀ ਪਹੁੰਚ ਤੋਂ ਬਾਹਰ ਨਹੀਂ ਸਨ।’ ਕੁਝ ਲੋਕਾਂ ਕੋਲ ਘੱਟੋ-ਘੱਟ ਇਕ ਪੋਥੀ ਤਾਂ ਜ਼ਰੂਰ ਸੀ। ਮਿਸਾਲ ਲਈ, ਇਕ ਇਥੋਪੀਆਈ ਅਫ਼ਸਰ ਆਪਣੇ ਰਥ ਵਿਚ ਬੈਠਾ ਉੱਚੀ ਆਵਾਜ਼ ਵਿਚ “ਯਸਾਯਾਹ ਨਬੀ ਦੀ ਪੋਥੀ [ਪੜ੍ਹ] ਰਿਹਾ ਸੀ।” ਉਹ ‘ਮਨੁੱਖ ਹਬਸ਼ ਦੀ ਰਾਣੀ ਕੰਦਾਕੇ ਦਾ ਵੱਡਾ ਇਖ਼ਤਿਆਰ ਵਾਲਾ ਸੀ ਅਤੇ ਉਹ ਦੇ ਸਾਰੇ ਖ਼ਜ਼ਾਨੇ ਉੱਤੇ ਸੀ।’ ਉਹ ਸ਼ਾਇਦ ਪੈਸੇ ਵਾਲਾ ਸੀ ਜਿਸ ਕਰਕੇ ਉਹ ਸ਼ਾਸਤਰਾਂ ਦੇ ਕੁਝ ਹਿੱਸਿਆਂ ਨੂੰ ਖ਼ਰੀਦ ਸਕਿਆ।—ਰਸੂ. 8:27, 28.
ਪੌਲੁਸ ਨੇ ਤਿਮੋਥਿਉਸ ਨੂੰ ਦਰਖ਼ਾਸਤ ਕਰਦਿਆਂ ਲਿਖਿਆ: “ਉਹ ਚੋਗਾ ਜਿਹੜਾ ਮੈਂ ਤ੍ਰੋਆਸ ਵਿੱਚ ਕਾਰਪੁਸ ਦੇ ਕੋਲ ਛੱਡ ਆਇਆ ਸਾਂ ਅਤੇ ਪੋਥੀਆਂ ਅਤੇ ਖਾਸ ਕਰ ਕੇ ਉਹ ਚਮੜੇ ਦੇ ਪੱਤ੍ਰੇ ਤੂੰ ਲੈਂਦਾ ਆਵੀਂ।” (2 ਤਿਮੋ. 4:13) ਇਸ ਤੋਂ ਪਤਾ ਲੱਗਦਾ ਹੈ ਕਿ ਪੌਲੁਸ ਕੋਲ ਕਾਫ਼ੀ ਪੋਥੀਆਂ ਸਨ। ਪਰ ਉਸ ਲਈ ਆਪਣੀ ਲਾਇਬ੍ਰੇਰੀ ਵਿਚ ਪਰਮੇਸ਼ੁਰ ਦੇ ਬਚਨ ਨਾਲੋਂ ਜ਼ਿਆਦਾ ਕਿਹੜੀ ਚੀਜ਼ ਅਹਿਮੀਅਤ ਰੱਖਦੀ ਹੋਣੀ? ਇਸ ਆਇਤ ਵਿਚ ਵਰਤੇ ਗਏ “ਪੱਤ੍ਰੇ” ਸ਼ਬਦ ਦੇ ਸੰਬੰਧ ਵਿਚ ਬਾਈਬਲ ਦੇ ਇਕ ਵਿਦਵਾਨ ਏ. ਟੀ. ਰੌਬਰਟਸਨ ਨੇ ਕਿਹਾ: “ਇਹ ਜ਼ਰੂਰ ਪੁਰਾਣੇ ਨੇਮ ਦੀਆਂ ਨਕਲ ਕੀਤੀਆਂ ਕਾਪੀਆਂ ਹੋਣੀਆਂ ਕਿਉਂਕਿ ਚੰਮ-ਪੱਤਰ ਪਪਾਇਰੀ ਕਾਗਜ਼ ਨਾਲੋਂ ਮਹਿੰਗਾ ਹੁੰਦਾ ਸੀ।” ਜਵਾਨੀ ਤੋਂ ਹੀ ਪੌਲੁਸ ਨੇ ਮੂਸਾ ਦੀ ਸ਼ਰਾ ਪੜ੍ਹਾਉਣ ਵਾਲੇ ‘ਗਮਲੀਏਲ ਨਾਮੇ ਇੱਕ ਫ਼ਰੀਸੀ ਦੇ ਚਰਨਾਂ ਵਿੱਚ ਬੈਠ ਕੇ ਸਿੱਖਿਆ’ ਲਈ ਸੀ ਜਿਸ ਦੀ ਸਾਰੇ ਲੋਕ ਇੱਜ਼ਤ ਕਰਦੇ ਸਨ। ਇਸ ਕਰਕੇ ਕੋਈ ਹੈਰਾਨੀ ਦੀ ਗੱਲ ਨਹੀਂ ਕਿ ਪੌਲੁਸ ਕੋਲ ਪਰਮੇਸ਼ੁਰ ਦੇ ਬਚਨ ਦੀਆਂ ਪੋਥੀਆਂ ਦੀਆਂ ਨਿੱਜੀ ਕਾਪੀਆਂ ਸਨ।—ਰਸੂ. 5:34; 22:3.
ਮਸੀਹੀ ਪੋਥੀਆਂ ਨੂੰ ਕਿੱਦਾਂ ਵਰਤਦੇ ਸਨ
ਪਰ ਕਈਆਂ ਕੋਲ ਪਵਿੱਤਰ ਸ਼ਾਸਤਰ ਦੀਆਂ ਪੋਥੀਆਂ ਨਹੀਂ ਸਨ। ਫਿਰ ਉਨ੍ਹੀਂ ਦਿਨੀਂ ਜ਼ਿਆਦਾਤਰ ਮਸੀਹੀ ਪਰਮੇਸ਼ੁਰ ਦਾ ਬਚਨ ਕਿੱਦਾਂ ਪੜ੍ਹਦੇ ਅਤੇ ਸੁਣਦੇ ਸਨ? ਸਾਨੂੰ ਪੌਲੁਸ ਦੀ ਤਿਮੋਥਿਉਸ ਨੂੰ ਇਸ ਤੋਂ ਪਹਿਲਾਂ ਲਿਖੀ ਚਿੱਠੀ ਤੋਂ ਪਤਾ ਲੱਗਦਾ ਹੈ। ਉਸ ਨੇ ਲਿਖਿਆ: ‘ਲੋਕਾਂ ਨੂੰ ਪੋਥੀ ਦਾ ਪਾਠ ਸੁਣਾਉਂਦਾ ਰਹਿ।’ (1 ਤਿਮੋ. 4:13, ERV) ਮਸੀਹੀ ਕਲੀਸਿਯਾਵਾਂ ਵਿਚ ਸ਼ਾਸਤਰਾਂ ਨੂੰ ਲੋਕਾਂ ਦੇ ਸਾਮ੍ਹਣੇ ਉੱਚੀ ਆਵਾਜ਼ ਵਿਚ ਪੜ੍ਹ ਕੇ ਸੁਣਾਇਆ ਜਾਂਦਾ ਸੀ। ਪਰਮੇਸ਼ੁਰ ਦੇ ਲੋਕਾਂ ਵਿਚ ਇਹ ਰੀਤ ਮੂਸਾ ਦੇ ਜ਼ਮਾਨੇ ਤੋਂ ਚੱਲਦੀ ਆ ਰਹੀ ਸੀ।—ਰਸੂ. 13:15; 15:21; 2 ਕੁਰਿੰ. 3:15.
ਇਕ ਬਜ਼ੁਰਗ ਵਜੋਂ, ਤਿਮੋਥਿਉਸ ਨੂੰ ਉੱਚੀ ਆਵਾਜ਼ ਵਿਚ ਪੜ੍ਹਨ ਵਿਚ ਲੱਗੇ ਰਹਿਣ ਦੀ ਲੋੜ ਸੀ ਕਿਉਂਕਿ ਇਸ ਤੋਂ ਉਨ੍ਹਾਂ ਨੂੰ ਫ਼ਾਇਦਾ ਹੁੰਦਾ ਸੀ ਜਿਨ੍ਹਾਂ ਕੋਲ ਸ਼ਾਸਤਰ ਦੀਆਂ ਕਾਪੀਆਂ ਨਹੀਂ ਹੁੰਦੀਆਂ ਸਨ। ਵਾਕਈ, ਜਦੋਂ ਪਰਮੇਸ਼ੁਰ ਦਾ ਬਚਨ ਸਾਰਿਆਂ ਸਾਮ੍ਹਣੇ ਪੜ੍ਹਿਆ ਜਾਂਦਾ ਸੀ, ਤਾਂ ਸਾਰੇ ਜਣੇ ਧਿਆਨ
ਨਾਲ ਸੁਣਦੇ ਸਨ ਤਾਂਕਿ ਕੋਈ ਲਫ਼ਜ਼ ਖੁੰਝ ਨਾ ਜਾਵੇ। ਮਾਪੇ ਅਤੇ ਬੱਚੇ ਘਰ ਜਾ ਕੇ ਸੁਣੀਆਂ ਗੱਲਾਂ ਦੀ ਜ਼ਰੂਰ ਚਰਚਾ ਕਰਦੇ ਹੋਣੇ।ਯਸਾਯਾਹ ਨਬੀ ਦੀ ਮਸ਼ਹੂਰ ਮ੍ਰਿਤ ਸਾਗਰ ਪੋਥੀ ਤਕਰੀਬਨ 24 ਫੁੱਟ (7.3 ਮੀਟਰ) ਲੰਬੀ ਹੈ। ਪੋਥੀ ਦੇ ਦੋਵਾਂ ਸਿਰਿਆਂ ਤੇ ਲੱਗੀਆਂ ਡੰਡੀਆਂ ਅਤੇ ਉਸ ਨੂੰ ਸਾਂਭ ਕੇ ਰੱਖਣ ਲਈ ਚੜ੍ਹਾਏ ਕਵਰ ਕਰਕੇ ਪੋਥੀ ਕਾਫ਼ੀ ਭਾਰੀ ਹੋਣੀ। ਸ਼ਾਇਦ ਮਸੀਹੀ ਭੈਣ-ਭਰਾ ਪ੍ਰਚਾਰ ਵਾਸਤੇ ਬਹੁਤ ਸਾਰੀਆਂ ਪੋਥੀਆਂ ਆਪਣੇ ਨਾਲ ਨਹੀਂ ਲਿਜਾ ਸਕਦੇ ਸਨ। ਜੇ ਪੌਲੁਸ ਕੋਲ ਨਿੱਜੀ ਵਰਤੋਂ ਲਈ ਕੁਝ ਪੋਥੀਆਂ ਸੀ ਵੀ, ਫਿਰ ਵੀ ਉਹ ਆਪਣੇ ਸਫ਼ਰੀ ਦੌਰਿਆਂ ਤੇ ਉਨ੍ਹਾਂ ਸਾਰੀਆਂ ਨੂੰ ਨਾਲ ਨਹੀਂ ਸੀ ਲਿਜਾ ਸਕਦਾ। ਜ਼ਾਹਰ ਹੈ ਕਿ ਉਸ ਨੇ ਤ੍ਰੋਆਸ ਸ਼ਹਿਰ ਵਿਚ ਕਾਰਪੁਸ ਨਾਂ ਦੇ ਆਪਣੇ ਮਿੱਤਰ ਕੋਲ ਕੁਝ ਪੋਥੀਆਂ ਛੱਡ ਦਿੱਤੀਆਂ ਸਨ।
ਅਸੀਂ ਪੌਲੁਸ ਦੀ ਮਿਸਾਲ ਤੋਂ ਕੀ ਸਿੱਖ ਸਕਦੇ ਹਾਂ?
ਰੋਮ ਵਿਚ ਦੂਜੀ ਵਾਰ ਕੈਦ ਵਿਚ ਹੁੰਦਿਆਂ ਪੌਲੁਸ ਨੇ ਪੋਥੀਆਂ ਮੰਗਵਾਉਣ ਤੋਂ ਕੁਝ ਹੀ ਚਿਰ ਪਹਿਲਾਂ ਲਿਖਿਆ ਸੀ: “ਮੈਂ ਅੱਛੀ ਲੜਾਈ ਲੜ ਚੁੱਕਾ ਹਾਂ, ਮੈਂ ਦੌੜ ਮੁਕਾ ਛੱਡੀ . . . ਹੁਣ ਤੋਂ ਧਰਮ ਦਾ ਮੁਕਟ ਮੇਰੇ ਲਈ ਰੱਖਿਆ ਹੋਇਆ ਹੈ।” (2 ਤਿਮੋ. 4:7, 8) ਉਸ ਨੇ ਸ਼ਾਇਦ ਇਹ ਲਫ਼ਜ਼ 65 ਈ. ਵਿਚ ਲਿਖੇ ਸਨ ਜਦੋਂ ਸਮਰਾਟ ਨੀਰੋ ਮਸੀਹੀਆਂ ਨੂੰ ਸਤਾ ਰਿਹਾ ਸੀ। ਇਸ ਵਾਰ ਕੈਦ ਵਿਚ ਹੁੰਦਿਆਂ ਉਸ ਨਾਲ ਬਹੁਤ ਸਖ਼ਤੀ ਵਰਤੀ ਜਾ ਰਹੀ ਸੀ। ਅਸਲ ਵਿਚ, ਉਸ ਨੂੰ ਲੱਗਦਾ ਸੀ ਕਿ ਉਸ ਨੂੰ ਜਲਦੀ ਹੀ ਮੌਤ ਦੇ ਘਾਟ ਉਤਾਰ ਦਿੱਤਾ ਜਾਵੇਗਾ। (2 ਤਿਮੋ. 1:16; 4:6) ਅਸੀਂ ਸਮਝ ਸਕਦੇ ਹਾਂ ਕਿ ਪੌਲੁਸ ਕਿਉਂ ਆਪਣੀਆਂ ਪੋਥੀਆਂ ਮੰਗਵਾਉਣੀਆਂ ਚਾਹੁੰਦਾ ਸੀ। ਭਾਵੇਂ ਕਿ ਉਸ ਨੂੰ ਪੂਰਾ ਯਕੀਨ ਸੀ ਕਿ ਉਸ ਨੇ ਆਪਣੀ ਨਿਹਚਾ ਦੀ ਅੱਛੀ ਲੜਾਈ ਲੜ ਲਈ ਸੀ, ਫਿਰ ਵੀ ਉਹ ਪਰਮੇਸ਼ੁਰ ਦੇ ਬਚਨ ਦਾ ਅਧਿਐਨ ਕਰ ਕੇ ਆਪਣੇ ਆਪ ਨੂੰ ਮਜ਼ਬੂਤ ਕਰਨਾ ਚਾਹੁੰਦਾ ਸੀ।
ਤਿਮੋਥਿਉਸ ਸ਼ਾਇਦ ਅਜੇ ਅਫ਼ਸੁਸ ਵਿਚ ਹੀ ਸੀ ਜਦੋਂ ਪੌਲੁਸ ਨੇ ਉਸ ਨੂੰ ਪੋਥੀਆਂ ਲਿਆਉਣ ਲਈ ਕਿਹਾ ਸੀ। (1 ਤਿਮੋ. 1:3) ਤ੍ਰੋਆਸ ਵਿਚ ਦੀ ਲੰਘਦਿਆਂ, ਅਫ਼ਸੁਸ ਤੋਂ ਰੋਮ ਕੁਝ 1,600 ਕਿਲੋਮੀਟਰ ਦੂਰ ਸੀ। ਉਸੇ ਚਿੱਠੀ ਵਿਚ ਪੌਲੁਸ ਨੇ ਤਿਮੋਥਿਉਸ ਨੂੰ ਤਾਕੀਦ ਕੀਤੀ: “ਤੂੰ ਸਿਆਲ ਤੋਂ ਪਹਿਲਾਂ ਆਉਣ ਦਾ ਜਤਨ ਕਰ।” (2 ਤਿਮੋ. 4:21) ਬਾਈਬਲ ਇਹ ਨਹੀਂ ਕਹਿੰਦੀ ਕਿ ਪੌਲੁਸ ਕੋਲ ਸਮੇਂ ਸਿਰ ਪਹੁੰਚਣ ਲਈ ਤਿਮੋਥਿਉਸ ਨੂੰ ਰੋਮ ਜਾਣ ਵਾਸਤੇ ਕੋਈ ਕਿਸ਼ਤੀ ਮਿਲ ਗਈ ਸੀ ਜਾਂ ਨਹੀਂ।
‘ਪੋਥੀਆਂ ਅਤੇ ਖਾਸ ਕਰ ਕੇ ਚਮੜੇ ਦੇ ਪੱਤ੍ਰੇ’ ਮੰਗਵਾਉਣ ਦੀ ਪੌਲੁਸ ਦੀ ਦਰਖ਼ਾਸਤ ਤੋਂ ਅਸੀਂ ਕੀ ਸਿੱਖ ਸਕਦੇ ਹਾਂ? ਉਹ ਆਪਣੀ ਜ਼ਿੰਦਗੀ ਦੀ ਸਭ ਤੋਂ ਔਖੀ ਘੜੀ ਵਿਚ ਵੀ ਪਰਮੇਸ਼ੁਰ ਦੇ ਬਚਨ ਦਾ ਭੁੱਖਾ ਸੀ। ਕੀ ਇਸ ਤੋਂ ਅਸੀਂ ਇਹ ਨਹੀਂ ਦੇਖਦੇ ਕਿ ਉਹ ਇਸ ਕਾਰਨ ਹਮੇਸ਼ਾ ਪਰਮੇਸ਼ੁਰ ਦੇ ਕਰੀਬ ਰਿਹਾ, ਜੋਸ਼ ਨਾਲ ਉਸ ਦੀ ਸੇਵਾ ਕਰਦਾ ਰਿਹਾ ਅਤੇ ਕਈਆਂ ਦਾ ਹੌਸਲਾ ਵਧਾਉਂਦਾ ਰਿਹਾ?
ਅੱਜ ਸਾਡੇ ਲਈ ਇਹ ਕਿੰਨੀ ਵੱਡੀ ਬਰਕਤ ਹੋਵੇਗੀ ਜੇ ਸਾਡੇ ਕੋਲ ਪੂਰੀ ਬਾਈਬਲ ਹੋਵੇ! ਸਾਡੇ ਵਿੱਚੋਂ ਕੁਝ ਜਣਿਆਂ ਕੋਲ ਬਾਈਬਲ ਦੀਆਂ ਕਈ ਕਾਪੀਆਂ ਅਤੇ ਤਰਜਮੇ ਹਨ। ਪੌਲੁਸ ਦੀ ਤਰ੍ਹਾਂ ਸਾਨੂੰ ਵੀ ਬਾਈਬਲ ਦੀ ਗਹਿਰੀ ਸਮਝ ਹਾਸਲ ਕਰਨ ਲਈ ਉਤਸੁਕ ਹੋਣ ਦੀ ਲੋੜ ਹੈ। ਪੌਲੁਸ ਨੂੰ ਪਵਿੱਤਰ ਸ਼ਕਤੀ ਦੀ ਪ੍ਰੇਰਣਾ ਅਧੀਨ 14 ਪੱਤਰੀਆਂ ਲਿਖਣ ਦਾ ਸਨਮਾਨ ਮਿਲਿਆ ਜਿਨ੍ਹਾਂ ਵਿੱਚੋਂ ਤਿਮੋਥਿਉਸ ਨੂੰ ਲਿਖੀ ਦੂਜੀ ਪੱਤਰੀ ਉਸ ਦੀ ਆਖ਼ਰੀ ਪੱਤਰੀ ਸੀ। ਪੋਥੀਆਂ ਬਾਰੇ ਉਸ ਦੀ ਇਹ ਨਿੱਜੀ ਦਰਖ਼ਾਸਤ ਇਸ ਪੱਤਰੀ ਦੇ ਅੰਤ ਵਿਚ ਪਾਈ ਜਾਂਦੀ ਹੈ। ਅਸਲ ਵਿਚ, ‘ਪੋਥੀਆਂ ਅਤੇ ਖਾਸ ਕਰ ਕੇ ਚਮੜੇ ਦੇ ਪੱਤ੍ਰੇ’ ਲਿਆਉਣ ਬਾਰੇ ਤਿਮੋਥਿਉਸ ਨੂੰ ਕੀਤੀ ਪੌਲੁਸ ਦੀ ਦਰਖ਼ਾਸਤ ਦਰਜ ਕੀਤੀ ਗਈ ਉਸ ਦੀ ਆਖ਼ਰੀ ਇੱਛਾ ਸੀ।
ਕੀ ਤੁਸੀਂ ਵੀ ਪੌਲੁਸ ਵਾਂਗ ਅੰਤ ਤਕ ਨਿਹਚਾ ਦੀ ਅੱਛੀ ਲੜਾਈ ਲੜਨਾ ਚਾਹੁੰਦੇ ਹੋ? ਕੀ ਤੁਸੀਂ ਵੀ ਯਹੋਵਾਹ ਦੀ ਸੇਵਾ ਵਿਚ ਆਪਣੇ ਆਪ ਨੂੰ ਮਗਨ ਰੱਖਣਾ ਚਾਹੁੰਦੇ ਹੋ ਅਤੇ ਪ੍ਰਚਾਰ ਕਰਨ ਲਈ ਤਿਆਰ ਰਹਿਣਾ ਚਾਹੁੰਦੇ ਹੋ ਜਦ ਤਾਈਂ ਯਹੋਵਾਹ ਚਾਹੁੰਦਾ ਹੈ? ਫਿਰ ਕਿਉਂ ਨਾ ਉਵੇਂ ਕਰੋ ਜਿਵੇਂ ਪੌਲੁਸ ਨੇ ਮਸੀਹੀਆਂ ਨੂੰ ਕਰਨ ਦੀ ਹੱਲਾਸ਼ੇਰੀ ਦਿੱਤੀ ਸੀ? ਉਤਸੁਕਤਾ ਨਾਲ ਬਾਈਬਲ ਦਾ ਬਾਕਾਇਦਾ ਅਧਿਐਨ ਕਰਨ ਨਾਲ ‘ਆਪਣੇ ਆਪ ਦੀ ਅਤੇ ਆਪਣੀ ਸਿੱਖਿਆ ਦੀ ਰਾਖੀ ਕਰੋ।’ ਹੁਣ ਪੱਤਰੀਆਂ ਦੀ ਬਜਾਇ ਬਾਈਬਲ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਲੋਕਾਂ ਲਈ ਵੱਖੋ-ਵੱਖਰੇ ਰੂਪਾਂ ਵਿਚ ਉਪਲਬਧ ਹੈ।—1 ਤਿਮੋ. 4:16.
[ਸਫ਼ੇ 18, 19 ਉੱਤੇ ਨਕਸ਼ਾ/ਤਸਵੀਰਾਂ]
(ਪੂਰੀ ਤਰ੍ਹਾਂ ਫੋਰਮੈਟ ਕੀਤੇ ਹੋਏ ਟੈਕਸਟ ਲਈ, ਪ੍ਰਕਾਸ਼ਨ ਦੇਖੋ)
ਅਫ਼ਸੁਸ
ਤ੍ਰੋਆਸ
ਰੋਮ