Skip to content

Skip to table of contents

ਕੀ ਤੁਸੀਂ ਪਰਮੇਸ਼ੁਰ ਦੇ ਆਰਾਮ ਵਿਚ ਵੜ ਗਏ ਹੋ?

ਕੀ ਤੁਸੀਂ ਪਰਮੇਸ਼ੁਰ ਦੇ ਆਰਾਮ ਵਿਚ ਵੜ ਗਏ ਹੋ?

ਕੀ ਤੁਸੀਂ ਪਰਮੇਸ਼ੁਰ ਦੇ ਆਰਾਮ ਵਿਚ ਵੜ ਗਏ ਹੋ?

‘ਪਰਮੇਸ਼ੁਰ ਦਾ ਬਚਨ ਜੀਉਂਦਾ ਅਤੇ ਗੁਣਕਾਰ ਹੈ।’—ਇਬ. 4:12.

1. ਅਸੀਂ ਪਰਮੇਸ਼ੁਰ ਦੇ ਆਰਾਮ ਵਿਚ ਅੱਜ ਕਿਵੇਂ ਵੜ ਸਕਦੇ ਹਾਂ? ਸਾਨੂੰ ਕਦੇ-ਕਦੇ ਕਹਿਣਾ ਮੰਨਣਾ ਔਖਾ ਕਿਉਂ ਲੱਗ ਸਕਦਾ ਹੈ?

ਅਸੀਂ ਦੇਖਿਆ ਸੀ ਕਿ ਅੱਜ ਪਰਮੇਸ਼ੁਰ ਦੇ ਆਰਾਮ ਵਿਚ ਵੜਨ ਲਈ ਯਹੋਵਾਹ ਦਾ ਕਹਿਣਾ ਮੰਨਣਾ ਅਤੇ ਉਸ ਦੇ ਸੰਗਠਨ ਨਾਲ ਮਿਲ ਕੇ ਕੰਮ ਕਰਨਾ ਜ਼ਰੂਰੀ ਹੈ। ਇੱਦਾਂ ਅਸੀਂ ਯਹੋਵਾਹ ਨੂੰ ਦਿਖਾਉਂਦੇ ਹਾਂ ਕਿ ਅਸੀਂ ਉਸ ਦਾ ਮਕਸਦ ਪੂਰਾ ਹੁੰਦਾ ਦੇਖਣਾ ਚਾਹੁੰਦੇ ਹਾਂ। ਪਰ ਕਦੇ-ਕਦੇ ਇੱਦਾਂ ਕਰਨਾ ਸ਼ਾਇਦ ਔਖਾ ਲੱਗੇ। ਮਿਸਾਲ ਲਈ, ਜਦੋਂ ਸਾਨੂੰ ਪਤਾ ਲੱਗਦਾ ਹੈ ਕਿ ਯਹੋਵਾਹ ਸਾਨੂੰ ਉਹ ਕੰਮ ਕਰਨ ਤੋਂ ਰੋਕਣਾ ਚਾਹੁੰਦਾ ਹੈ ਜੋ ਸਾਨੂੰ ਚੰਗਾ ਲੱਗਦਾ ਹੈ, ਤਾਂ ਤੁਰੰਤ ਉਸ ਦਾ ਕਹਿਣਾ ਮੰਨਣਾ ਸ਼ਾਇਦ ਔਖਾ ਲੱਗੇ। ਜੇ ਸਾਡੇ ਨਾਲ ਇੱਦਾਂ ਹੁੰਦਾ ਹੈ, ਤਾਂ ਸਾਨੂੰ “ਹਠ” ਛੱਡ ਕੇ ਕਹਿਣਾ ਮੰਨਣ ਦੀ ਲੋੜ ਹੈ। (ਯਾਕੂ. 3:17) ਇਸ ਲੇਖ ਵਿਚ ਅਸੀਂ ਕੁਝ ਹਾਲਾਤਾਂ ਬਾਰੇ ਦੇਖਾਂਗੇ ਜਿਨ੍ਹਾਂ ਵਿਚ ਸਾਨੂੰ ਦਿਖਾਉਣ ਦਾ ਮੌਕਾ ਮਿਲਦਾ ਹੈ ਕਿ ਅਸੀਂ ਕਹਿਣਾ ਮੰਨਣ ਲਈ ਹਮੇਸ਼ਾ ਤਿਆਰ ਰਹਿੰਦੇ ਹਾਂ ਜਾਂ ਨਹੀਂ।

2, 3. ਯਹੋਵਾਹ ਨੂੰ ਖ਼ੁਸ਼ ਕਰਨ ਲਈ ਸਾਨੂੰ ਕੀ ਕਰਦੇ ਰਹਿਣਾ ਚਾਹੀਦਾ ਹੈ?

2 ਕੀ ਤੁਸੀਂ ਬਾਈਬਲ ਤੋਂ ਮਿਲੀ ਸਲਾਹ ਅਨੁਸਾਰ ਆਪਣੀ ਜ਼ਿੰਦਗੀ ਵਿਚ ਕੋਈ ਤਬਦੀਲੀ ਕਰਨ ਲਈ ਤਿਆਰ ਰਹਿੰਦੇ ਹੋ? ਇਸ ਬਾਰੇ ਸੋਚੋ: ਬਾਈਬਲ ਦੱਸਦੀ ਹੈ ਕਿ ਯਹੋਵਾਹ ਜਿਨ੍ਹਾਂ ਲੋਕਾਂ ਨੂੰ ਆਪਣੇ ਸੰਗਠਨ ਵਿਚ ਲਿਆਉਣਾ ਚਾਹੁੰਦਾ ਹੈ, ਉਹ “ਸਾਰੀਆਂ ਕੌਮਾਂ ਦੇ [ਮਨਭਾਉਂਦੇ] ਪਦਾਰਥ” ਹਨ। (ਹੱਜ. 2:7) ਮਤਲਬ ਕਿ ਪਰਮੇਸ਼ੁਰ ਉਹ ਮਨਭਾਉਂਦੇ ਲੋਕ ਚੁਣਦਾ ਹੈ ਜੋ ਸਹੀ ਕੰਮ ਕਰਨੇ ਪਸੰਦ ਕਰਦੇ ਹਨ। ਇਹ ਸੱਚ ਹੈ ਕਿ ਜਦੋਂ ਅਸੀਂ ਬਾਈਬਲ ਸਟੱਡੀ ਕਰਨੀ ਸ਼ੁਰੂ ਕੀਤੀ ਸੀ, ਤਾਂ ਅਸੀਂ ਸਾਰੇ ਹੀ ਗ਼ਲਤ ਕੰਮ ਕਰ ਰਹੇ ਸਾਂ। ਪਰ ਅਸੀਂ ਪਰਮੇਸ਼ੁਰ ਅਤੇ ਉਸ ਦੇ ਪੁੱਤਰ ਨੂੰ ਪਿਆਰ ਕਰਦੇ ਸਾਂ ਅਤੇ ਪਰਮੇਸ਼ੁਰ ਨੂੰ ਖ਼ੁਸ਼ ਕਰਨਾ ਚਾਹੁੰਦੇ ਸਾਂ, ਇਸ ਲਈ ਅਸੀਂ ਆਪਣੀ ਸੋਚ ਅਤੇ ਚਾਲ-ਚਲਣ ਵਿਚ ਜ਼ਰੂਰੀ ਬਦਲਾਅ ਕਰਨ ਲਈ ਤਿਆਰ ਹੋ ਗਏ। ਅਸੀਂ ਪ੍ਰਾਰਥਨਾ ਰਾਹੀਂ ਯਹੋਵਾਹ ਤੋਂ ਮਦਦ ਮੰਗੀ ਅਤੇ ਫਿਰ ਜ਼ਰੂਰੀ ਤਬਦੀਲੀਆਂ ਕਰਨ ਲਈ ਜਤਨ ਕੀਤਾ। ਅਖ਼ੀਰ ਅਸੀਂ ਬਪਤਿਸਮਾ ਲੈ ਕੇ ਯਹੋਵਾਹ ਦੀ ਮਿਹਰ ਪਾਈ।—ਕੁਲੁੱਸੀਆਂ 1:9, 10 ਪੜ੍ਹੋ।

3 ਪਰ ਅਸੀਂ ਹਾਲੇ ਵੀ ਨਾਮੁਕੰਮਲ ਹਾਂ। ਸਾਨੂੰ ਹਾਲੇ ਵੀ ਆਪਣੀ ਜ਼ਿੰਦਗੀ ਵਿਚ ਤਬਦੀਲੀਆਂ ਕਰਨ ਅਤੇ ਸਹੀ ਕੰਮ ਕਰਨ ਲਈ ਮਿਹਨਤ ਕਰਨ ਦੀ ਲੋੜ ਹੈ। ਪਰ ਯਹੋਵਾਹ ਸਾਡੀ ਮਦਦ ਕਰਨ ਦਾ ਵਾਅਦਾ ਕਰਦਾ ਹੈ ਜੇ ਅਸੀਂ ਉਸ ਨੂੰ ਖ਼ੁਸ਼ ਕਰਨ ਲਈ ਆਪਣੀ ਵਾਹ ਲਾਉਂਦੇ ਰਹੀਏ।

ਜ਼ਿੰਦਗੀ ਵਿਚ ਤਬਦੀਲੀਆਂ ਕਰਨੀਆਂ

4. ਕਿਹੜੇ ਤਿੰਨ ਤਰੀਕਿਆਂ ਨਾਲ ਯਹੋਵਾਹ ਦਿਖਾਉਂਦਾ ਹੈ ਕਿ ਸਾਨੂੰ ਸੁਧਾਰ ਕਰਨ ਦੀ ਲੋੜ ਹੈ?

4 ਜ਼ਿੰਦਗੀ ਵਿਚ ਤਬਦੀਲੀਆਂ ਕਰਨ ਤੋਂ ਪਹਿਲਾਂ ਸਾਨੂੰ ਜਾਣਨ ਦੀ ਲੋੜ ਹੈ ਕਿ ਕਿਹੜੀ ਤਬਦੀਲੀ ਕਰੀਏ। ਇਸ ਸੰਬੰਧੀ ਯਹੋਵਾਹ ਵੱਖੋ-ਵੱਖਰੇ ਤਰੀਕਿਆਂ ਨਾਲ ਸਾਡੀ ਮਦਦ ਕਰਦਾ ਹੈ। ਉਹ ਕਿੰਗਡਮ ਹਾਲ ਵਿਚ ਭਾਸ਼ਣ ਜਾਂ ਸਾਡੇ ਰਸਾਲਿਆਂ ਰਾਹੀਂ ਸਾਨੂੰ ਦਿਖਾਉਂਦਾ ਹੈ ਕਿ ਸਾਡਾ ਸੋਚਣ ਜਾਂ ਕੰਮ ਕਰਨ ਦਾ ਤਰੀਕਾ ਕੁਝ-ਕੁਝ ਗ਼ਲਤ ਹੈ। ਕਦੇ-ਕਦੇ ਭਾਸ਼ਣ ਸੁਣ ਕੇ ਜਾਂ ਪ੍ਰਕਾਸ਼ਨ ਪੜ੍ਹ ਕੇ ਸਾਨੂੰ ਪਤਾ ਨਹੀਂ ਲੱਗਦਾ ਕਿ ਸਾਨੂੰ ਸੁਧਾਰ ਕਰਨ ਦੀ ਲੋੜ ਹੈ, ਇਸ ਲਈ ਯਹੋਵਾਹ ਸਾਨੂੰ ਪਿਆਰ ਨਾਲ ਸੁਧਾਰਨ ਲਈ ਕਿਸੇ ਭਰਾ ਜਾਂ ਭੈਣ ਨੂੰ ਵਰਤ ਸਕਦਾ ਹੈ।—ਗਲਾਤੀਆਂ 6:1 ਪੜ੍ਹੋ।

5. ਜਦੋਂ ਸਾਨੂੰ ਕੋਈ ਸੁਧਾਰਦਾ ਹੈ, ਤਾਂ ਕਦੇ-ਕਦੇ ਅਸੀਂ ਕਿਸ ਤਰ੍ਹਾਂ ਪੇਸ਼ ਆਉਂਦੇ ਹਾਂ? ਮਸੀਹੀ ਬਜ਼ੁਰਗਾਂ ਨੂੰ ਸਾਡੀ ਮਦਦ ਕਰਨ ਦੀ ਕੋਸ਼ਿਸ਼ ਕਿਉਂ ਕਰਦੇ ਰਹਿਣਾ ਚਾਹੀਦਾ ਹੈ?

5 ਜਦੋਂ ਕੋਈ ਦੂਸਰਾ ਨਾਮੁਕੰਮਲ ਇਨਸਾਨ ਸਾਨੂੰ ਸੁਧਾਰਦਾ ਹੈ, ਤਾਂ ਸਾਡੇ ਲਈ ਉਸ ਦੀ ਗੱਲ ਮੰਨਣੀ ਸ਼ਾਇਦ ਬਹੁਤ ਔਖੀ ਹੋਵੇ ਭਾਵੇਂ ਉਹ ਸਾਡੇ ਨਾਲ ਪਿਆਰ ਨਾਲ ਹੀ ਗੱਲ ਕਿਉਂ ਨਾ ਕਰੇ। ਪਰ ਯਹੋਵਾਹ ਬਜ਼ੁਰਗਾਂ ਨੂੰ ਹੁਕਮ ਦਿੰਦਾ ਹੈ ਕਿ ਉਹ ਸਾਨੂੰ ‘ਨਰਮਾਈ ਦੇ ਸੁਭਾਉ ਨਾਲ ਸੁਧਾਰਨ’ ਦੀ ਕੋਸ਼ਿਸ਼ ਕਰਨ। (ਗਲਾ. 6:1) ਜੇ ਅਸੀਂ ਉਨ੍ਹਾਂ ਦੀ ਮਦਦ ਲਈਏ, ਤਾਂ ਅਸੀਂ ਹੋਰ ਵੀ ਯਹੋਵਾਹ ਦੇ ਮਨਭਾਉਂਦੇ ਬਣ ਸਕਦੇ ਹਾਂ। ਅਸੀਂ ਪ੍ਰਾਰਥਨਾਵਾਂ ਵਿਚ ਅਕਸਰ ਯਹੋਵਾਹ ਨੂੰ ਕਹਿੰਦੇ ਹਾਂ ਕਿ ਅਸੀਂ ਨਾਮੁਕੰਮਲ ਹਾਂ ਅਤੇ ਬਹੁਤ ਸਾਰੀਆਂ ਗ਼ਲਤੀਆਂ ਕਰਦੇ ਹਾਂ। ਪਰ ਜਦ ਕੋਈ ਬਜ਼ੁਰਗ ਸਾਨੂੰ ਕਹਿੰਦਾ ਹੈ ਕਿ ਅਸੀਂ ਗ਼ਲਤੀ ਕੀਤੀ ਹੈ, ਤਾਂ ਕਦੇ-ਕਦੇ ਅਸੀਂ ਮੰਨਦੇ ਨਹੀਂ। ਅਸੀਂ ਸਫ਼ਾਈ ਪੇਸ਼ ਕਰਨ ਦੀ ਕੋਸ਼ਿਸ਼ ਕਰਦੇ ਹਾਂ ਜਾਂ ਕਹਿੰਦੇ ਹਾਂ ਕਿ ਸਾਡੀ ਗ਼ਲਤੀ ਇੰਨੀ ਵੱਡੀ ਨਹੀਂ ਸੀ। ਸ਼ਾਇਦ ਅਸੀਂ ਕਹੀਏ ਕਿ ਸੁਧਾਰਨ ਵਾਲਾ ਸਾਨੂੰ ਪਸੰਦ ਨਹੀਂ ਕਰਦਾ ਜਾਂ ਉਸ ਨੇ ਸਾਡੇ ਨਾਲ ਪਿਆਰ ਨਾਲ ਗੱਲ ਨਹੀਂ ਕੀਤੀ। (2 ਰਾਜ. 5:11) ਜਾਂ ਅਸੀਂ ਸ਼ਾਇਦ ਬਹੁਤ ਗੁੱਸੇ ਹੋ ਜਾਈਏ ਜੇ ਬਜ਼ੁਰਗ ਅਜਿਹੀ ਗੱਲ ਕਹਿੰਦੇ ਹਨ ਜੋ ਅਸੀਂ ਸੁਣਨੀ ਨਹੀਂ ਚਾਹੁੰਦੇ। ਮਿਸਾਲ ਲਈ, ਉਹ ਸ਼ਾਇਦ ਸਾਨੂੰ ਦੱਸਣ ਕਿ ਸਾਡੇ ਪਰਿਵਾਰ ਦਾ ਕੋਈ ਜੀਅ ਕੁਝ ਗ਼ਲਤ ਕਰ ਰਿਹਾ ਹੈ ਜਾਂ ਕਿ ਅਸੀਂ ਚੱਜ ਦੇ ਕੱਪੜੇ ਨਹੀਂ ਪਾਉਂਦੇ। ਸ਼ਾਇਦ ਉਹ ਸਾਨੂੰ ਦੱਸਣ ਕਿ ਸਾਨੂੰ ਆਪਣੇ ਸਰੀਰਾਂ ਨੂੰ ਹੋਰ ਸਾਫ਼-ਸੁਥਰਾ ਰੱਖਣ ਦੀ ਲੋੜ ਹੈ ਜਾਂ ਯਹੋਵਾਹ ਨੂੰ ਉਨ੍ਹਾਂ ਚੀਜ਼ਾਂ ਤੋਂ ਨਫ਼ਰਤ ਹੈ ਜਿਨ੍ਹਾਂ ਨਾਲ ਅਸੀਂ ਆਪਣਾ ਮਨੋਰੰਜਨ ਕਰਦੇ ਹਾਂ। ਗੁੱਸੇ ਵਿਚ ਅਸੀਂ ਸ਼ਾਇਦ ਉਹ ਗੱਲਾਂ ਕਹਿ ਦੇਈਏ ਜੋ ਨਹੀਂ ਕਹਿਣੀਆਂ ਚਾਹੀਦੀਆਂ। ਇਸ ਕਾਰਨ ਨਾ ਸਿਰਫ਼ ਅਸੀਂ ਦੁਖੀ ਹੋ ਸਕਦੇ ਹਾਂ, ਸਗੋਂ ਸਾਡਾ ਭਰਾ ਵੀ ਦੁਖੀ ਹੋ ਸਕਦਾ ਜੋ ਸਾਡੀ ਮਦਦ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਪਰ ਬਾਅਦ ਵਿਚ ਗੁੱਸਾ ਠੰਢਾ ਹੋਣ ਤੇ ਅਸੀਂ ਆਮ ਤੌਰ ਤੇ ਮੰਨ ਲੈਂਦੇ ਹਾਂ ਕਿ ਭਰਾ ਨੇ ਜੋ ਕਿਹਾ ਸੀ, ਉਹ ਸਾਡੇ ਭਲੇ ਲਈ ਸੀ।

6. ਪਰਮੇਸ਼ੁਰ ਦਾ ਬਚਨ ਕਿਵੇਂ “ਮਨ ਦੀਆਂ ਵਿਚਾਰਾਂ ਅਤੇ ਧਾਰਨਾਂ ਨੂੰ ਜਾਚ ਲੈਂਦਾ ਹੈ”?

6 ਇਸ ਲੇਖ ਦਾ ਮੁੱਖ ਹਵਾਲਾ ਇਬਰਾਨੀਆਂ 4:12 ਸਾਨੂੰ ਦੱਸਦਾ ਹੈ ਕਿ ਪਰਮੇਸ਼ੁਰ ਦਾ ਬਚਨ “ਗੁਣਕਾਰ” ਹੈ ਯਾਨੀ ਇਸ ਵਿਚ ਜ਼ਬਰਦਸਤ ਤਾਕਤ ਹੈ। ਮਤਲਬ ਕਿ ਬਾਈਬਲ ਦੀ ਤਾਕਤ ਸਦਕਾ ਲੋਕ ਆਪਣੀਆਂ ਜ਼ਿੰਦਗੀਆਂ ਬਦਲ ਸਕਦੇ ਹਨ। ਬਾਈਬਲ ਦੀ ਮਦਦ ਨਾਲ ਅਸੀਂ ਬਪਤਿਸਮੇ ਤੋਂ ਪਹਿਲਾਂ ਜ਼ਰੂਰੀ ਤਬਦੀਲੀਆਂ ਕੀਤੀਆਂ ਸਨ। ਬਪਤਿਸਮੇ ਤੋਂ ਬਾਅਦ ਵੀ ਇਹ ਜ਼ਿੰਦਗੀ ਵਿਚ ਤਬਦੀਲੀਆਂ ਕਰਨ ਵਿਚ ਮਦਦ ਕਰ ਸਕਦੀ ਹੈ। ਇਬਰਾਨੀਆਂ ਨੂੰ ਪੌਲੁਸ ਨੇ ਇਹ ਵੀ ਲਿਖਿਆ ਕਿ ਪਰਮੇਸ਼ੁਰ ਦਾ ਬਚਨ ‘ਜੀਵ ਅਤੇ ਆਤਮਾ ਨੂੰ ਅੱਡੋ ਅੱਡ ਕਰ ਕੇ ਵਿੰਨ੍ਹ ਸੁੱਟਦਾ ਹੈ ਅਤੇ ਮਨ ਦੀਆਂ ਵਿਚਾਰਾਂ ਅਤੇ ਧਾਰਨਾਂ ਨੂੰ ਜਾਚ ਲੈਂਦਾ ਹੈ।’ (ਇਬ. 4:12) “ਜੀਵ” ਦਾ ਮਤਲਬ ਹੈ ਕਿ ਅਸੀਂ ਬਾਹਰੋਂ ਕਿਸ ਤਰ੍ਹਾਂ ਦੇ ਨਜ਼ਰ ਆਉਂਦੇ ਹਾਂ। “ਆਤਮਾ” ਦਾ ਮਤਲਬ ਹੈ ਕਿ ਅਸੀਂ ਅੰਦਰੋਂ ਕਿਸ ਤਰ੍ਹਾਂ ਦੇ ਹਾਂ। ਸੋ ਪੌਲੁਸ ਕਹਿ ਰਿਹਾ ਸੀ ਕਿ ਜਦੋਂ ਅਸੀਂ ਬਾਈਬਲ ਤੋਂ ਜਾਣ ਜਾਂਦੇ ਹਾਂ ਕਿ ਪਰਮੇਸ਼ੁਰ ਸਾਡੇ ਤੋਂ ਕੀ ਚਾਹੁੰਦਾ ਹੈ, ਤਾਂ ਸਾਡੇ ਕੰਮਾਂ ਤੋਂ ਪਤਾ ਲੱਗੇਗਾ ਕਿ ਅਸੀਂ ਅੰਦਰੋਂ ਕਿਸ ਤਰ੍ਹਾਂ ਦੇ ਹਾਂ। ਕੀ ਕਦੇ-ਕਦੇ ਇੱਦਾਂ ਹੁੰਦਾ ਹੈ ਕਿ ਲੋਕਾਂ ਨੂੰ ਅਸੀਂ ਬਾਹਰੋਂ ਹੋਰ ਨਜ਼ਰ ਆਉਂਦੇ ਹਾਂ, ਪਰ ਅੰਦਰੋਂ ਕੁਝ ਹੋਰ ਹੀ ਹੁੰਦੇ ਹਾਂ? (ਮੱਤੀ 23:27, 28 ਪੜ੍ਹੋ।) ਹੁਣ ਜ਼ਰਾ ਸੋਚੋ ਕਿ ਅੱਗੇ ਦੱਸੇ ਹਾਲਾਤਾਂ ਵਿਚ ਤੁਸੀਂ ਕੀ ਕਰੋਗੇ।

ਯਹੋਵਾਹ ਦੇ ਸੰਗਠਨ ਨਾਲ ਅੱਗੇ ਵਧਦੇ ਜਾਓ

7, 8. (ੳ) ਕੁਝ ਇਬਰਾਨੀ ਮਸੀਹੀ ਮੂਸਾ ਦੀ ਬਿਵਸਥਾ ਦੇ ਕੁਝ ਹਿੱਸਿਆਂ ਦੀ ਪਾਲਣਾ ਕਿਉਂ ਕਰਦੇ ਰਹਿਣਾ ਚਾਹੁੰਦੇ ਸਨ? (ਅ) ਅਸੀਂ ਕਿਉਂ ਕਹਿ ਸਕਦੇ ਹਾਂ ਕਿ ਉਹ ਯਹੋਵਾਹ ਦੇ ਮਕਸਦ ਦੇ ਉਲਟ ਕੰਮ ਕਰ ਰਹੇ ਸਨ?

7 ਸਾਡੇ ਵਿੱਚੋਂ ਕਈ ਕਹਾਉਤਾਂ 4:18 ਦੇ ਇਹ ਸ਼ਬਦ ਚੰਗੀ ਤਰ੍ਹਾਂ ਜਾਣਦੇ ਹਨ: “ਧਰਮੀਆਂ ਦਾ ਰਾਹ ਫ਼ਜਰ ਦੇ ਚਾਨਣ ਵਰਗਾ ਹੈ, ਜਿਹ ਦਾ ਚਾਨਣ ਪੂਰੇ ਦਿਨ ਤਾਈਂ ਵੱਧਦਾ ਜਾਂਦਾ ਹੈ।” ਇਸ ਦਾ ਮਤਲਬ ਹੈ ਕਿ ਜਿੱਦਾਂ-ਜਿੱਦਾਂ ਸਮਾਂ ਬੀਤਦਾ ਜਾਂਦਾ ਹੈ, ਉੱਦਾਂ-ਉੱਦਾਂ ਸਾਡੀ ਸਮਝ ਵਧਦੀ ਜਾਂਦੀ ਹੈ ਕਿ ਯਹੋਵਾਹ ਸਾਡੇ ਤੋਂ ਕੀ ਚਾਹੁੰਦਾ ਹੈ ਅਤੇ ਅਸੀਂ ਹੋਰ ਵੀ ਵਧੀਆ ਤਰੀਕੇ ਨਾਲ ਉਹ ਕੰਮ ਕਰਦੇ ਹਾਂ ਜਿਨ੍ਹਾਂ ਤੋਂ ਉਹ ਖ਼ੁਸ਼ ਹੁੰਦਾ ਹੈ।

8 ਅਸੀਂ ਦੇਖਿਆ ਸੀ ਕਿ ਯਿਸੂ ਦੀ ਮੌਤ ਤੋਂ ਬਾਅਦ ਵੀ ਕਈ ਇਬਰਾਨੀ ਮਸੀਹੀ ਮੂਸਾ ਦੀ ਬਿਵਸਥਾ ਦੀ ਪਾਲਣਾ ਕਰਨੀ ਚਾਹੁੰਦੇ ਸਨ। (ਰਸੂ. 21:20) ਪੌਲੁਸ ਨੇ ਸਾਫ਼ ਸਮਝਾਇਆ ਸੀ ਕਿ ਮਸੀਹੀਆਂ ਨੂੰ ਹੁਣ ਬਿਵਸਥਾ ਦੀ ਪਾਲਣਾ ਕਰਨ ਦੀ ਲੋੜ ਨਹੀਂ ਸੀ, ਪਰ ਕੁਝ ਜਣਿਆਂ ਨੇ ਸਵੀਕਾਰਿਆ ਨਹੀਂ ਕਿ ਯਹੋਵਾਹ ਉਨ੍ਹਾਂ ਤੋਂ ਕੀ ਚਾਹੁੰਦਾ ਸੀ। (ਕੁਲੁ. 2:13-15) ਸ਼ਾਇਦ ਉਨ੍ਹਾਂ ਨੇ ਸੋਚਿਆ ਕਿ ਜੇ ਉਹ ਬਿਵਸਥਾ ਦੇ ਕੁਝ ਹਿੱਸਿਆਂ ਦੀ ਪਾਲਣਾ ਕਰਦੇ ਰਹਿਣਗੇ, ਤਾਂ ਉਹ ਕੱਟੜ ਯਹੂਦੀਆਂ ਦੇ ਹੱਥੋਂ ਸਤਾਹਟਾਂ ਸਹਿਣ ਤੋਂ ਬਚ ਜਾਣਗੇ। ਪਰ ਪੌਲੁਸ ਨੇ ਉਨ੍ਹਾਂ ਮਸੀਹੀਆਂ ਨੂੰ ਸਾਫ਼ ਕਿਹਾ ਸੀ ਕਿ ਜੇ ਉਹ ਪਰਮੇਸ਼ੁਰ ਦੇ ਮਕਸਦ ਦੇ ਉਲਟ ਕੰਮ ਕਰਦੇ ਰਹੇ, ਤਾਂ ਉਹ ਪਰਮੇਸ਼ੁਰ ਦੇ ਆਰਾਮ ਵਿਚ ਨਹੀਂ ਵੜ ਸਕਦੇ ਸਨ। * (ਇਬ. 4:1, 2, 6; ਇਬਰਾਨੀਆਂ 4:11 ਪੜ੍ਹੋ।) ਯਹੋਵਾਹ ਦੀ ਮਿਹਰ ਪਾਉਣ ਲਈ ਉਨ੍ਹਾਂ ਨੂੰ ਮੰਨਣਾ ਪੈਣਾ ਸੀ ਕਿ ਉਹ ਉਨ੍ਹਾਂ ਤੋਂ ਹੁਣ ਵੱਖਰੇ ਤਰੀਕੇ ਨਾਲ ਭਗਤੀ ਕਰਾਉਣੀ ਚਾਹੁੰਦਾ ਸੀ।

9. ਸਾਨੂੰ ਕਿਵੇਂ ਲੱਗਣਾ ਚਾਹੀਦਾ ਹੈ ਜਦੋਂ ਮਾਤਬਰ ਅਤੇ ਬੁੱਧਵਾਨ ਨੌਕਰ ਬਾਈਬਲ ਦੀ ਕਿਸੇ ਸਿੱਖਿਆ ਬਾਰੇ ਸਾਡੀ ਸਮਝ ਨੂੰ ਸੁਧਾਰਦਾ ਹੈ?

9 ਅੱਜ ਮਾਤਬਰ ਅਤੇ ਬੁੱਧਵਾਨ ਨੌਕਰ ਕਦੇ-ਕਦੇ ਬਾਈਬਲ ਦੀ ਕਿਸੇ ਸਿੱਖਿਆ ਬਾਰੇ ਸਾਡੀ ਸਮਝ ਵਿਚ ਸੁਧਾਰ ਕਰਦਾ ਹੈ। ਸਾਨੂੰ ਇਸ ਨਵੀਂ ਸਮਝ ਬਾਰੇ ਜਾਣ ਕੇ ਖ਼ੁਸ਼ ਹੋਣਾ ਚਾਹੀਦਾ ਹੈ। ਇਨ੍ਹਾਂ ਤਬਦੀਲੀਆਂ ਤੋਂ ਪਤਾ ਲੱਗਦਾ ਹੈ ਕਿ ਯਹੋਵਾਹ ਸਾਨੂੰ ਸੱਚਾਈ ਸਿਖਾਉਣ ਲਈ ਮਾਤਬਰ ਅਤੇ ਬੁੱਧਵਾਨ ਨੌਕਰ ਨੂੰ ਵਰਤ ਰਿਹਾ ਹੈ। ਕਈ ਵਾਰੀ ਪ੍ਰਬੰਧਕ ਸਭਾ ਸੋਚ-ਵਿਚਾਰ ਕਰਦੀ ਹੈ ਕਿ ਅਸੀਂ ਕੁਝ ਸੱਚਾਈਆਂ ਨੂੰ ਸਹੀ ਤਰੀਕੇ ਨਾਲ ਸਮਝਦੇ ਹਾਂ ਜਾਂ ਨਹੀਂ। ਜੇ ਇਨ੍ਹਾਂ ਭਰਾਵਾਂ ਨੂੰ ਲੱਗਦਾ ਹੈ ਕਿ ਕੁਝ ਸਿੱਖਿਆਵਾਂ ਦੀ ਪੁਰਾਣੀ ਸਮਝ ਵਿਚ ਸੁਧਾਰ ਕਰਨਾ ਜਾਂ ਇਨ੍ਹਾਂ ਨੂੰ ਹੋਰ ਸਪੱਸ਼ਟ ਕਰਨਾ ਜ਼ਰੂਰੀ ਹੈ, ਤਾਂ ਉਹ ਇੱਦਾਂ ਕਰਨ ਤੋਂ ਡਰਦੇ ਨਹੀਂ। ਉਹ ਜਾਣਦੇ ਹਨ ਕਿ ਕੁਝ ਲੋਕ ਇਨ੍ਹਾਂ ਤਬਦੀਲੀਆਂ ਕਾਰਨ ਮਾਤਬਰ ਅਤੇ ਬੁੱਧਵਾਨ ਨੌਕਰ ਬਾਰੇ ਬੁਰਾ-ਭਲਾ ਕਹਿਣਗੇ, ਪਰ ਇਸ ਨਾਲ ਉਨ੍ਹਾਂ ਨੂੰ ਕੋਈ ਫ਼ਰਕ ਨਹੀਂ ਪੈਂਦਾ। ਉਨ੍ਹਾਂ ਲਈ ਪਰਮੇਸ਼ੁਰ ਦੇ ਮਕਸਦ ਮੁਤਾਬਕ ਚੱਲਣਾ ਜ਼ਿਆਦਾ ਜ਼ਰੂਰੀ ਹੈ। ਤੁਹਾਨੂੰ ਕਿਵੇਂ ਲੱਗਦਾ ਹੈ ਜਦੋਂ ਮਾਤਬਰ ਅਤੇ ਬੁੱਧਵਾਨ ਨੌਕਰ ਬਾਈਬਲ ਦੀ ਕਿਸੇ ਸਿੱਖਿਆ ਬਾਰੇ ਸਾਡੀ ਸਮਝ ਵਿਚ ਸੁਧਾਰ ਕਰਦਾ ਹੈ?—ਲੂਕਾ 5:39 ਪੜ੍ਹੋ।

10, 11. ਕੁਝ ਬਾਈਬਲ ਸਟੂਡੈਂਟਸ ਨੇ ਕੀ ਕੀਤਾ ਜਦੋਂ ਉਨ੍ਹਾਂ ਨੂੰ ਨਵੇਂ ਤਰੀਕਿਆਂ ਨਾਲ ਪ੍ਰਚਾਰ ਕਰਨ ਲਈ ਕਿਹਾ ਗਿਆ? ਅਸੀਂ ਇਸ ਮਿਸਾਲ ਤੋਂ ਕੀ ਸਿੱਖਦੇ ਹਾਂ?

10 ਆਓ ਆਪਾਂ ਇਕ ਹੋਰ ਮਿਸਾਲ ਦੇਖੀਏ। ਤਕਰੀਬਨ 100 ਸਾਲ ਪਹਿਲਾਂ, ਵਧੀਆ ਭਾਸ਼ਣ ਦੇਣ ਵਾਲੇ ਕੁਝ ਬਾਈਬਲ ਸਟੂਡੈਂਟਸ ਨੇ ਸੋਚਿਆ ਕਿ ਭਾਸ਼ਣ ਦੇਣੇ ਪ੍ਰਚਾਰ ਕਰਨ ਦਾ ਸਭ ਤੋਂ ਵਧੀਆ ਤਰੀਕਾ ਸੀ। ਉਹ ਬਹੁਤ ਸਾਰੇ ਲੋਕਾਂ ਦੇ ਸਾਮ੍ਹਣੇ ਬੋਲਣਾ ਪਸੰਦ ਕਰਦੇ ਸਨ ਅਤੇ ਕੁਝ ਜਣਿਆਂ ਨੂੰ ਤਾਂ ਬਹੁਤ ਚੰਗਾ ਲੱਗਦਾ ਸੀ ਜਦੋਂ ਲੋਕ ਉਨ੍ਹਾਂ ਦੀ ਤਾਰੀਫ਼ ਕਰਦੇ ਸਨ। ਪਰ ਬਾਅਦ ਵਿਚ ਯਹੋਵਾਹ ਦੇ ਲੋਕ ਚੰਗੀ ਤਰ੍ਹਾਂ ਸਮਝ ਗਏ ਕਿ ਯਹੋਵਾਹ ਚਾਹੁੰਦਾ ਸੀ ਕਿ ਉਹ ਸਿਰਫ਼ ਭਾਸ਼ਣ ਹੀ ਨਾ ਦੇਣ, ਸਗੋਂ ਘਰ-ਘਰ ਅਤੇ ਹੋਰ ਤਰੀਕਿਆਂ ਨਾਲ ਪ੍ਰਚਾਰ ਵੀ ਕਰਨ। ਕੁਝ ਭਰਾ ਇੱਦਾਂ ਨਹੀਂ ਕਰਨਾ ਚਾਹੁੰਦੇ ਸਨ। ਉਨ੍ਹਾਂ ਦੇ ਭਾਸ਼ਣ ਸੁਣ ਕੇ ਦੂਜਿਆਂ ਨੂੰ ਲੱਗਦਾ ਸੀ ਕਿ ਉਹ ਯਹੋਵਾਹ ਨੂੰ ਪਿਆਰ ਕਰਦੇ ਸਨ ਤੇ ਉਸ ਦਾ ਕਹਿਣਾ ਮੰਨਦੇ ਸਨ, ਪਰ ਇਹ ਉਨ੍ਹਾਂ ਦੇ ਕੰਮਾਂ ਤੋਂ ਜ਼ਾਹਰ ਨਹੀਂ ਹੋਇਆ ਕਿਉਂਕਿ ਉਨ੍ਹਾਂ ਨੇ ਪ੍ਰਚਾਰ ਕਰਨ ਦਾ ਨਵਾਂ ਤਰੀਕਾ ਨਹੀਂ ਅਪਣਾਇਆ। ਅਸੀਂ ਜਾਣਦੇ ਹਾਂ ਕਿ ਯਹੋਵਾਹ ਉਨ੍ਹਾਂ ਦੇ ਇਸ ਰਵੱਈਏ ਤੋਂ ਖ਼ੁਸ਼ ਨਹੀਂ ਹੋਇਆ। ਉਹ ਉਸ ਦਾ ਸੰਗਠਨ ਛੱਡ ਕੇ ਚਲੇ ਗਏ।—ਮੱਤੀ 10:1-6; ਰਸੂ. 5:42; 20:20.

11 ਹੋਰਨਾਂ ਕਈ ਬਾਈਬਲ ਸਟੂਡੈਂਟਸ ਲਈ ਵੀ ਸ਼ੁਰੂ-ਸ਼ੁਰੂ ਵਿਚ ਘਰ-ਘਰ ਪ੍ਰਚਾਰ ਕਰਨਾ ਔਖਾ ਸੀ। ਪਰ ਉਨ੍ਹਾਂ ਨੇ ਕਹਿਣਾ ਮੰਨਿਆ ਅਤੇ ਯਹੋਵਾਹ ਦੇ ਸੰਗਠਨ ਦੇ ਵਫ਼ਾਦਾਰ ਰਹੇ। ਕੁਝ ਸਮੇਂ ਬਾਅਦ, ਉਨ੍ਹਾਂ ਲਈ ਘਰ-ਘਰ ਪ੍ਰਚਾਰ ਕਰਨਾ ਸੌਖਾ ਹੋ ਗਿਆ ਤੇ ਯਹੋਵਾਹ ਨੇ ਉਨ੍ਹਾਂ ਨੂੰ ਬਰਕਤਾਂ ਦਿੱਤੀਆਂ। ਪਰ ਤੁਸੀਂ ਕੀ ਕਰਦੇ ਹੋ ਜਦ ਮਾਤਬਰ ਅਤੇ ਬੁੱਧਵਾਨ ਨੌਕਰ ਤੁਹਾਨੂੰ ਬਿਲਕੁਲ ਨਵੇਂ ਤਰੀਕੇ ਨਾਲ ਪ੍ਰਚਾਰ ਕਰਨ ਲਈ ਕਹਿੰਦਾ ਹੈ? ਕੀ ਤੁਸੀਂ ਕਹਿਣਾ ਮੰਨਦੇ ਹੋ, ਭਾਵੇਂ ਇਸ ਤਰੀਕੇ ਨਾਲ ਪ੍ਰਚਾਰ ਕਰਨਾ ਤੁਹਾਨੂੰ ਬਹੁਤ ਮੁਸ਼ਕਲ ਜਾਪਦਾ ਹੈ?

ਜਦੋਂ ਸਾਡਾ ਕੋਈ ਅਜ਼ੀਜ਼ ਯਹੋਵਾਹ ਨੂੰ ਛੱਡ ਦਿੰਦਾ ਹੈ

12, 13. (ੳ) ਯਹੋਵਾਹ ਕਿਉਂ ਕਹਿੰਦਾ ਹੈ ਕਿ “ਕੁਕਰਮੀ ਨੂੰ ਆਪਣੇ ਵਿੱਚੋਂ ਛੇਕ ਦਿਓ”? (ਅ) ਮਸੀਹੀ ਮਾਪਿਆਂ ਲਈ ਕਿਹੜੇ ਹਾਲਾਤ ਨਾਲ ਸਿੱਝਣਾ ਔਖਾ ਹੋ ਸਕਦਾ ਹੈ?

12 ਅਸੀਂ ਮੰਨਦੇ ਹਾਂ ਕਿ ਯਹੋਵਾਹ ਨੂੰ ਖ਼ੁਸ਼ ਕਰਨ ਲਈ ਸਾਨੂੰ ਹਰ ਪੱਖੋਂ ਸਾਫ਼-ਸੁਥਰੇ ਰਹਿਣ ਬਾਰੇ ਦਿੱਤੇ ਹੁਕਮ ਨੂੰ ਮੰਨਣਾ ਚਾਹੀਦਾ ਹੈ। (ਤੀਤੁਸ 2:14 ਪੜ੍ਹੋ।) ਪਰ ਕੁਝ ਹਾਲਾਤਾਂ ਵਿਚ ਸ਼ਾਇਦ ਇੱਦਾਂ ਕਰਨਾ ਔਖਾ ਹੋਵੇ। ਇਸ ਸਥਿਤੀ ਬਾਰੇ ਸੋਚੋ: ਇਕ ਵਫ਼ਾਦਾਰ ਮਸੀਹੀ ਜੋੜੇ ਦਾ ਇੱਕੋ-ਇਕ ਮੁੰਡਾ ਹੈ ਜੋ ਸੱਚਾਈ ਛੱਡ ਦਿੰਦਾ ਹੈ। ਉਹ ਯਹੋਵਾਹ ਅਤੇ ਆਪਣੇ ਮਾਪਿਆਂ ਦੀ ਦੋਸਤੀ ਨਾਲੋਂ ਜ਼ਿਆਦਾ “ਥੋੜੇ ਚਿਰ” ਦੇ “ਪਾਪ ਦੇ ਭੋਗ ਬਿਲਾਸ” ਨੂੰ ਪਸੰਦ ਕਰਦਾ ਹੈ। ਉਸ ਦੇ ਕੰਮਾਂ ਕਾਰਨ ਉਹ ਹੁਣ ਕਲੀਸਿਯਾ ਦਾ ਹਿੱਸਾ ਬਣਿਆ ਨਹੀਂ ਰਹਿ ਸਕਦਾ। ਇਸ ਲਈ ਕਲੀਸਿਯਾ ਵਿੱਚੋਂ ਉਸ ਨੂੰ ਕੱਢ ਦਿੱਤਾ ਜਾਂਦਾ ਹੈ।—ਇਬ. 11:25.

13 ਮਾਪੇ ਬਹੁਤ ਦੁਖੀ ਹੁੰਦੇ ਹਨ! ਉਹ ਜਾਣਦੇ ਹਨ ਕਿ ਬਾਈਬਲ ਕਹਿੰਦੀ ਹੈ: ‘ਜੇ ਕੋਈ ਭਰਾ ਸਦਾ ਕੇ ਹਰਾਮਕਾਰ ਯਾ ਲੋਭੀ ਯਾ ਮੂਰਤੀ ਪੂਜਕ ਯਾ ਗਾਲਾਂ ਕੱਢਣ ਵਾਲਾ, ਸ਼ਰਾਬੀ ਅਥਵਾ ਲੁਟੇਰਾ ਹੋਵੇ ਤਾਂ ਉਹ ਦੀ ਸੰਗਤ ਨਾ ਕਰਨੀ ਸਗੋਂ ਇਹੋ ਜਿਹੇ ਨਾਲ ਰੋਟੀ ਵੀ ਨਾ ਖਾਣੀ।’ ਬਾਈਬਲ ਇਹ ਵੀ ਕਹਿੰਦੀ ਹੈ: “ਉਸ ਕੁਕਰਮੀ ਨੂੰ ਆਪਣੇ ਵਿੱਚੋਂ ਛੇਕ ਦਿਓ।” (1 ਕੁਰਿੰ. 5:11, 13) ਉਹ ਸਮਝਦੇ ਹਨ ਕਿ “ਕੋਈ” ਸ਼ਬਦ ਦਾ ਮਤਲਬ ਪਰਿਵਾਰ ਦਾ ਕੋਈ ਵੀ ਮੈਂਬਰ ਹੋ ਸਕਦਾ ਹੈ ਜੋ ਉਸੇ ਘਰ ਵਿਚ ਨਹੀਂ ਰਹਿੰਦਾ। ਪਰ ਉਹ ਆਪਣੇ ਮੁੰਡੇ ਨੂੰ ਬਹੁਤ ਪਿਆਰ ਕਰਦੇ ਹਨ, ਇਸ ਲਈ ਉਹ ਸ਼ਾਇਦ ਸੋਚਣ: “ਸਾਨੂੰ ਆਪਣੇ ਮੁੰਡੇ ਨਾਲ ਜਿੰਨੀ ਹੋ ਸਕੇ ਗੱਲ ਕਰਨੀ ਚਾਹੀਦੀ ਹੈ। ਜੇ ਅਸੀਂ ਉਸ ਨਾਲ ਗੱਲ ਨਹੀਂ ਕਰਾਂਗੇ, ਤਾਂ ਅਸੀਂ ਯਹੋਵਾਹ ਵੱਲ ਮੁੜਨ ਵਿਚ ਉਸ ਦੀ ਮਦਦ ਕਿਵੇਂ ਕਰਾਂਗੇ।” *

14, 15. ਛੇਕੇ ਗਏ ਬੱਚੇ ਨਾਲ ਗੱਲ ਕਰਨ ਦਾ ਫ਼ੈਸਲਾ ਕਰਨ ਲੱਗਿਆਂ, ਮਾਪਿਆਂ ਨੂੰ ਕਿਹੜੀ ਗੱਲ ਯਾਦ ਰੱਖਣੀ ਚਾਹੀਦੀ ਹੈ?

14 ਉਨ੍ਹਾਂ ਮਾਪਿਆਂ ਨੂੰ ਦੁਖੀ ਦੇਖ ਕੇ ਸਾਨੂੰ ਵੀ ਦੁੱਖ ਲੱਗਦਾ ਹੈ। ਉਨ੍ਹਾਂ ਦਾ ਪੁੱਤਰ ਜੇ ਚਾਹੁੰਦਾ, ਤਾਂ ਬੁਰਾ ਕੰਮ ਕਰਨ ਤੋਂ ਬਚ ਸਕਦਾ ਸੀ। ਪਰ ਉਸ ਨੇ ਆਪਣੇ ਮਾਪਿਆਂ ਅਤੇ ਕਲੀਸਿਯਾ ਨਾਲ ਰਹਿਣ ਦੀ ਬਜਾਇ ਗ਼ਲਤ ਕੰਮ ਕਰਨੇ ਜ਼ਿਆਦਾ ਪਸੰਦ ਕੀਤੇ। ਮਾਪੇ ਆਪਣੇ ਮੁੰਡੇ ਦੀ ਮਦਦ ਕਰਨੀ ਚਾਹੁੰਦੇ ਹਨ, ਪਰ ਉਸ ਨੂੰ ਆਪਣੀ ਮਰਜ਼ੀ ਕਰਨ ਤੋਂ ਰੋਕਣਾ ਉਨ੍ਹਾਂ ਦੇ ਵਸ ਦੀ ਗੱਲ ਨਹੀਂ। ਇਸ ਲਈ ਅਸੀਂ ਸਮਝ ਸਕਦੇ ਹਾਂ ਕਿ ਉਹ ਇੰਨੇ ਦੁਖੀ ਕਿਉਂ ਹਨ।

15 ਸਾਡੇ ਇਹ ਪਿਆਰੇ ਭੈਣ-ਭਰਾ ਕੀ ਕਰਨਗੇ? ਕੀ ਉਹ ਯਹੋਵਾਹ ਦਾ ਸਪੱਸ਼ਟ ਹੁਕਮ ਮੰਨਣਗੇ? ਇਹ ਸੱਚ ਹੈ ਕਿ ਇੱਦਾਂ ਦੇ ਮੌਕੇ ਸ਼ਾਇਦ ਘੱਟ ਹੀ ਹੋਣ ਜਦੋਂ ਉਨ੍ਹਾਂ ਨੂੰ ਪਰਿਵਾਰ ਦੇ ਕਿਸੇ ਮਾਮਲੇ ਬਾਰੇ ਆਪਣੇ ਪੁੱਤਰ ਨਾਲ ਗੱਲ ਕਰਨ ਦੀ ਲੋੜ ਪਵੇਗੀ। ਪਰ ਕੀ ਉਹ ਸੋਚਣਗੇ ਕਿ ਆਪਣੇ ਪੁੱਤਰ ਨਾਲ ਗੱਲ ਕਰਨ ਲਈ ਉਨ੍ਹਾਂ ਕੋਲ ਬਹੁਤ ਸਾਰੇ ਕਾਰਨ ਹਨ? ਇਸ ਮਾਮਲੇ ਬਾਰੇ ਫ਼ੈਸਲਾ ਕਰਨ ਲੱਗਿਆਂ, ਉਨ੍ਹਾਂ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਯਹੋਵਾਹ ਉਨ੍ਹਾਂ ਤੋਂ ਕੀ ਚਾਹੁੰਦਾ ਹੈ। ਉਨ੍ਹਾਂ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਯਹੋਵਾਹ ਆਪਣੇ ਲੋਕਾਂ ਨੂੰ ਸ਼ੁੱਧ ਰੱਖਣਾ ਚਾਹੁੰਦਾ ਹੈ। ਇਸੇ ਕਰਕੇ ਉਹ ਕਲੀਸਿਯਾ ਵਿੱਚੋਂ ‘ਕੁਕਰਮੀ ਨੂੰ ਛੇਕਣ’ ਦਾ ਹੁਕਮ ਦਿੰਦਾ ਹੈ। ਉਹ ਗ਼ਲਤੀ ਕਰਨ ਵਾਲੇ ਦੀ ਮਦਦ ਵੀ ਕਰਨੀ ਚਾਹੁੰਦਾ ਹੈ ਕਿ ਉਹ ਆਪਣੇ ਤੌਰ-ਤਰੀਕੇ ਬਦਲੇ ਅਤੇ ਕਲੀਸਿਯਾ ਵਿਚ ਮੁੜ ਆਵੇ। ਮਸੀਹੀ ਮਾਪੇ ਕਿਵੇਂ ਦਿਖਾ ਸਕਦੇ ਹਨ ਕਿ ਉਹ ਉਸੇ ਤਰ੍ਹਾਂ ਕਰਨਾ ਚਾਹੁੰਦੇ ਹਨ ਜਿਵੇਂ ਯਹੋਵਾਹ ਚਾਹੁੰਦਾ ਹੈ?

16, 17. ਹਾਰੂਨ ਦੀ ਮਿਸਾਲ ਤੋਂ ਅਸੀਂ ਕੀ ਸਿੱਖਦੇ ਹਾਂ?

16 ਮੂਸਾ ਦਾ ਭਰਾ ਹਾਰੂਨ ਆਪਣੇ ਦੋ ਪੁੱਤਰਾਂ ਕਾਰਨ ਔਖੀ ਸਥਿਤੀ ਵਿਚ ਪੈ ਗਿਆ ਸੀ। ਉਸ ਦੇ ਪੁੱਤਰਾਂ ਨਾਦਾਬ ਅਤੇ ਅਬੀਹੂ ਨੇ ਯਹੋਵਾਹ ਅੱਗੇ ਧੂਪ ਧੁਖਾਇਆ ਜੋ ਯਹੋਵਾਹ ਨੂੰ ਪਸੰਦ ਨਹੀਂ ਸੀ। ਯਹੋਵਾਹ ਨੇ ਆਕਾਸ਼ੋਂ ਅੱਗ ਘੱਲੀ ਅਤੇ ਦੋਨਾਂ ਨੂੰ ਭਸਮ ਕਰ ਦਿੱਤਾ। ਜ਼ਰਾ ਸੋਚੋ ਕਿ ਇਸ ਕਾਰਨ ਹਾਰੂਨ ਕਿੰਨਾ ਦੁਖੀ ਹੋਇਆ ਹੋਣਾ! ਹਾਰੂਨ ਆਪਣੇ ਪੁੱਤਰਾਂ ਨਾਲ ਗੱਲ ਨਹੀਂ ਸੀ ਕਰ ਸਕਦਾ। ਉਹ ਤਾਂ ਮਰ ਗਏ ਸਨ। ਪਰ ਇਕ ਗੱਲ ਕਾਰਨ ਹਾਰੂਨ ਅਤੇ ਉਸ ਦੇ ਪਰਿਵਾਰ ਲਈ ਸਥਿਤੀ ਹੋਰ ਵੀ ਔਖੀ ਹੋ ਗਈ। ਮੂਸਾ ਨੇ ਹਾਰੂਨ ਅਤੇ ਉਸ ਦੇ ਦੂਸਰੇ ਪੁੱਤਰਾਂ ਨੂੰ ਦੱਸਿਆ ਕਿ ਯਹੋਵਾਹ ਨਹੀਂ ਸੀ ਚਾਹੁੰਦਾ ਕਿ ਉਹ ਸੋਗ ਮਨਾਉਣ। ਮੂਸਾ ਨੇ ਕਿਹਾ: “ਆਪਣੇ ਸਿਰਾਂ ਨੂੰ ਨੰਗੇ ਨਾ ਕਰੋ ਅਤੇ ਨਾ ਆਪਣਿਆਂ ਲੀੜਿਆਂ ਨੂੰ ਪਾੜੋ ਅਜਿਹਾ ਨਾ ਹੋਵੇ ਜੋ ਤੁਸੀਂ ਭੀ ਮਰ ਜਾਓ ਸਾਰਿਆਂ ਲੋਕਾਂ ਉੱਤੇ ਕ੍ਰੋਧ ਪੈ ਜਾਏ।” (ਲੇਵੀ. 10:1-6) ਗੱਲ ਸਾਫ਼ ਹੈ। ਪਰਿਵਾਰ ਦੇ ਜਿਹੜੇ ਮੈਂਬਰ ਯਹੋਵਾਹ ਦੇ ਵਫ਼ਾਦਾਰ ਨਹੀਂ ਰਹਿੰਦੇ, ਉਨ੍ਹਾਂ ਨਾਲੋਂ ਜ਼ਿਆਦਾ ਪਿਆਰ ਸਾਨੂੰ ਯਹੋਵਾਹ ਨੂੰ ਕਰਨਾ ਚਾਹੀਦਾ ਹੈ।

17 ਅੱਜ ਯਹੋਵਾਹ ਆਪਣੇ ਕਾਇਦੇ-ਕਾਨੂੰਨਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਇਕਦਮ ਨਹੀਂ ਮਾਰ ਦਿੰਦਾ। ਉਹ ਉਨ੍ਹਾਂ ਨਾਲ ਪਿਆਰ ਕਰਦਾ ਹੈ ਅਤੇ ਉਨ੍ਹਾਂ ਨੂੰ ਬੁਰੇ ਕੰਮ ਛੱਡ ਦੇਣ ਦਾ ਮੌਕਾ ਦਿੰਦਾ ਹੈ। ਪਰ ਯਹੋਵਾਹ ਨੂੰ ਕਿਵੇਂ ਲੱਗਦਾ ਹੈ ਜੇ ਮਾਪੇ ਉਸ ਦੇ ਹੁਕਮ ਦੀ ਉਲੰਘਣਾ ਕਰਦੇ ਹਨ ਅਤੇ ਸੋਚਦੇ ਹਨ ਕਿ ਛੇਕੇ ਗਏ ਪੁੱਤਰ ਜਾਂ ਧੀ ਨਾਲ ਗੱਲ ਕਰਨ ਦੇ ਉਨ੍ਹਾਂ ਕੋਲ ਕਈ ਕਾਰਨ ਹਨ?

18, 19. ਪਰਿਵਾਰ ਦੇ ਮੈਂਬਰਾਂ ਨੂੰ ਕਿਹੜੀਆਂ ਬਰਕਤਾਂ ਮਿਲ ਸਕਦੀਆਂ ਹਨ ਜੇ ਉਹ ਹਮੇਸ਼ਾ ਯਹੋਵਾਹ ਦੇ ਵਫ਼ਾਦਾਰ ਰਹਿਣ?

18 ਕਈ ਕਹਿੰਦੇ ਹਨ ਕਿ ਉਹ ਇਸ ਲਈ ਕਲੀਸਿਯਾ ਵਿਚ ਵਾਪਸ ਆ ਗਏ ਕਿਉਂਕਿ ਉਨ੍ਹਾਂ ਦੇ ਦੋਸਤ ਅਤੇ ਪਰਿਵਾਰ ਯਹੋਵਾਹ ਪ੍ਰਤੀ ਵਫ਼ਾਦਾਰ ਰਹੇ ਤੇ ਉਨ੍ਹਾਂ ਨਾਲ ਗੱਲ ਨਹੀਂ ਕੀਤੀ। ਮਿਸਾਲ ਲਈ, ਇਕ ਭਰਾ ਯਹੋਵਾਹ ਦਾ ਵਫ਼ਾਦਾਰ ਰਿਹਾ ਅਤੇ ਉਸ ਦਾ ਹੁਕਮ ਮੰਨਿਆ ਜਦੋਂ ਉਸ ਦੀ ਭੈਣ ਨੂੰ ਛੇਕਿਆ ਗਿਆ ਸੀ। ਇਸ ਔਰਤ ਨੇ ਬਜ਼ੁਰਗਾਂ ਨੂੰ ਕਿਹਾ ਕਿ ਉਸ ਦੇ ਭਰਾ ਦੇ ਰਵੱਈਏ ਕਰਕੇ ਉਸ ਨੇ ਆਪਣਾ ਜੀਉਣ ਦਾ ਤੌਰ-ਤਰੀਕਾ ਬਦਲਿਆ। ਇਸ ਲਈ ਉਹ ਕਲੀਸਿਯਾ ਵਿਚ ਪਰਤਣਾ ਚਾਹੁੰਦੀ ਸੀ।

19 ਤਾਂ ਫਿਰ ਸਾਨੂੰ ਕੀ ਕਰਨ ਦੀ ਲੋੜ ਹੈ? ਸਾਨੂੰ ਆਪਣੀ ਜ਼ਿੰਦਗੀ ਵਿਚ ਹਰ ਹਾਲ ਵਿਚ ਯਹੋਵਾਹ ਦਾ ਕਹਿਣਾ ਮੰਨਣ ਦੀ ਲੋੜ ਹੈ। ਇੱਦਾਂ ਕਰਨਾ ਕਦੇ-ਕਦੇ ਮੁਸ਼ਕਲ ਹੋ ਸਕਦਾ ਹੈ ਕਿਉਂਕਿ ਅਸੀਂ ਨਾਮੁਕੰਮਲ ਹਾਂ। ਪਰ ਸਾਨੂੰ ਪੱਕਾ ਯਕੀਨ ਹੋਣਾ ਚਾਹੀਦਾ ਹੈ ਕਿ ਯਹੋਵਾਹ ਸਾਨੂੰ ਜੋ ਵੀ ਕਰਨ ਨੂੰ ਕਹਿੰਦਾ ਹੈ, ਉਹ ਹਮੇਸ਼ਾ ਸਾਡੇ ਭਲੇ ਲਈ ਹੁੰਦਾ ਹੈ।

“ਪਰਮੇਸ਼ੁਰ ਦਾ ਬਚਨ ਜੀਉਂਦਾ” ਹੈ

20. ਇਬਰਾਨੀਆਂ 4:12 ਨੂੰ ਅਸੀਂ ਕਿਹੜੇ ਦੋ ਤਰੀਕਿਆਂ ਨਾਲ ਸਮਝ ਸਕਦੇ ਹਾਂ? (ਫੁਟਨੋਟ ਦੇਖੋ।)

20 ਜਦੋਂ ਪੌਲੁਸ ਨੇ ਲਿਖਿਆ ਸੀ ਕਿ “ਪਰਮੇਸ਼ੁਰ ਦਾ ਬਚਨ ਜੀਉਂਦਾ” ਹੈ, ਤਾਂ ਉਹ ਬਾਈਬਲ ਦੀ ਗੱਲ ਨਹੀਂ ਸੀ ਕਰ ਰਿਹਾ। * (ਇਬ. 4:12) ਇਸੇ ਅਧਿਆਇ ਦੀਆਂ ਹੋਰ ਆਇਤਾਂ ਤੋਂ ਪਤਾ ਲੱਗਦਾ ਹੈ ਕਿ ਉਹ ਪਰਮੇਸ਼ੁਰ ਦੇ ਵਾਅਦਿਆਂ ਦੀ ਗੱਲ ਕਰ ਰਿਹਾ ਸੀ। ਪੌਲੁਸ ਕਹਿ ਰਿਹਾ ਸੀ ਕਿ ਪਰਮੇਸ਼ੁਰ ਦੇ ਵਾਅਦੇ ਹਮੇਸ਼ਾ ਪੂਰੇ ਹੁੰਦੇ ਹਨ। ਯਹੋਵਾਹ ਨੇ ਆਪਣੇ ਵਚਨ ਬਾਰੇ ਕਿਹਾ: ‘ਉਹ ਮੇਰੀ ਵੱਲ ਅਵਿਰਥਾ ਨਹੀਂ ਮੁੜੇਗਾ ਜਿਸ ਲਈ ਮੈਂ ਘੱਲਿਆ, ਉਸ ਵਿੱਚ ਸਫ਼ਲ ਹੋਏਗਾ।’ (ਯਸਾ. 55:11) ਸੋ ਸਾਨੂੰ ਧੀਰਜ ਰੱਖਣਾ ਚਾਹੀਦਾ ਹੈ ਜੇ ਪਰਮੇਸ਼ੁਰ ਉਸ ਵਕਤ ਆਪਣੇ ਵਾਅਦੇ ਪੂਰੇ ਨਹੀਂ ਕਰਦਾ ਜਿਸ ਵਕਤ ਅਸੀਂ ਚਾਹੁੰਦੇ ਹਾਂ। ਪਰ ਅਸੀਂ ਭਰੋਸਾ ਰੱਖ ਸਕਦੇ ਹਾਂ ਕਿ ਯਹੋਵਾਹ ਆਪਣਾ ਮਕਸਦ ਪੂਰਾ ਕਰਨ ਲਈ ਕੰਮ ਕਰ ਰਿਹਾ ਹੈ।—ਯੂਹੰ. 5:17.

21. ਯਹੋਵਾਹ ਦੀ ਸੇਵਾ ਕਰਦੇ ਰਹਿਣ ਲਈ ਇਬਰਾਨੀਆਂ 4:12 ਬਿਰਧ ਭੈਣਾਂ-ਭਰਾਵਾਂ ਦੀ ਕਿਵੇਂ ਮਦਦ ਕਰ ਸਕਦਾ ਹੈ?

21 “ਵੱਡੀ ਭੀੜ” ਦੇ ਕਈ ਮੈਂਬਰ ਕਈ ਸਾਲਾਂ ਤੋਂ ਯਹੋਵਾਹ ਦੀ ਸੇਵਾ ਕਰ ਰਹੇ ਹਨ। (ਪਰ. 7:9) ਉਹ ਇਸ ਬੁਰੀ ਦੁਨੀਆਂ ਵਿਚ ਬੁੱਢੇ ਹੋਣ ਦੀ ਆਸ ਨਹੀਂ ਸੀ ਰੱਖਦੇ। ਪਰ ਉਹ ਹਾਲੇ ਵੀ ਯਹੋਵਾਹ ਦੀ ਸੇਵਾ ਪੂਰੀ ਵਾਹ ਲਾ ਕੇ ਕਰ ਰਹੇ ਹਨ। (ਜ਼ਬੂ. 92:14) ਉਹ ਜਾਣਦੇ ਹਨ ਕਿ “ਪਰਮੇਸ਼ੁਰ ਦਾ ਬਚਨ ਜੀਉਂਦਾ” ਹੈ ਅਤੇ ਯਹੋਵਾਹ ਦੇ ਵਾਅਦੇ ਪੂਰੇ ਹੋਣਗੇ। (ਇਬ. 4:12) ਉਨ੍ਹਾਂ ਨੂੰ ਪਤਾ ਹੈ ਕਿ ਯਹੋਵਾਹ ਧਰਤੀ ਅਤੇ ਇਨਸਾਨਾਂ ਲਈ ਰੱਖਿਆ ਆਪਣਾ ਮਕਸਦ ਪੂਰਾ ਕਰਨ ਲਈ ਕੰਮ ਕਰ ਰਿਹਾ ਹੈ। ਪਰਮੇਸ਼ੁਰ ਲਈ ਉਸ ਦਾ ਮਕਸਦ ਬਹੁਤ ਮਹੱਤਤਾ ਰੱਖਦਾ ਹੈ ਅਤੇ ਉਹ ਖ਼ੁਸ਼ ਹੁੰਦਾ ਹੈ ਜਦੋਂ ਅਸੀਂ ਦਿਖਾਉਂਦੇ ਹਾਂ ਕਿ ਉਸ ਦਾ ਮਕਸਦ ਸਾਡੇ ਲਈ ਵੀ ਮਹੱਤਤਾ ਰੱਖਦਾ ਹੈ। ਆਰਾਮ ਦੇ ਇਸ ਸੱਤਵੇਂ ਦਿਨ ਦੌਰਾਨ, ਕੋਈ ਵੀ ਚੀਜ਼ ਯਹੋਵਾਹ ਨੂੰ ਆਪਣਾ ਮਕਸਦ ਪੂਰਾ ਕਰਨ ਤੋਂ ਨਹੀਂ ਰੋਕ ਸਕਦੀ। ਉਹ ਇਹ ਵੀ ਜਾਣਦਾ ਹੈ ਕਿ ਉਸ ਦੇ ਲੋਕ ਸਮੂਹ ਦੇ ਤੌਰ ਤੇ ਉਸ ਦੇ ਮਕਸਦ ਅਨੁਸਾਰ ਚੱਲਦੇ ਰਹਿਣਗੇ। ਤੁਹਾਡੇ ਬਾਰੇ ਕੀ? ਕੀ ਤੁਸੀਂ ਪਰਮੇਸ਼ੁਰ ਦੇ ਆਰਾਮ ਵਿਚ ਵੜ ਗਏ ਹੋ?

[ਫੁਟਨੋਟ]

^ ਪੈਰਾ 8 ਕਈ ਯਹੂਦੀ ਧਾਰਮਿਕ ਆਗੂ ਬਿਵਸਥਾ ਦੀ ਹਰ ਛੋਟੀ-ਛੋਟੀ ਗੱਲ ਦੀ ਪਾਲਣਾ ਕਰਨ ਦੀ ਕੋਸ਼ਿਸ਼ ਕਰ ਰਹੇ ਸਨ। ਪਰ ਜਦੋਂ ਯਿਸੂ ਧਰਤੀ ’ਤੇ ਆਇਆ, ਤਾਂ ਉਨ੍ਹਾਂ ਨੇ ਮੰਨਿਆ ਨਹੀਂ ਕਿ ਉਹ ਮਸੀਹਾ ਸੀ। ਇਸ ਤਰ੍ਹਾਂ ਉਹ ਪਰਮੇਸ਼ੁਰ ਦੇ ਮਕਸਦ ਖ਼ਿਲਾਫ਼ ਚੱਲੇ।

^ ਪੈਰਾ 20 ਪਰਮੇਸ਼ੁਰ ਸਾਡੇ ਨਾਲ ਅੱਜ ਬਾਈਬਲ ਦੇ ਜ਼ਰੀਏ ਗੱਲ ਕਰਦਾ ਹੈ। ਬਾਈਬਲ ਵਿਚ ਸਾਡੀ ਜ਼ਿੰਦਗੀ ਬਦਲਣ ਦੀ ਤਾਕਤ ਹੈ। ਸੋ ਇਬਰਾਨੀਆਂ 4:12 ਵਿਚ ਅਸੀਂ ਜੋ ਪੜ੍ਹਦੇ ਹਾਂ, ਉਹ ਬਾਈਬਲ ਬਾਰੇ ਵੀ ਸੱਚ ਹੈ।

ਕੀ ਤੁਹਾਨੂੰ ਯਾਦ ਹੈ?

• ਅੱਜ ਪਰਮੇਸ਼ੁਰ ਦੇ ਆਰਾਮ ਵਿਚ ਵੜਨ ਲਈ ਸਾਨੂੰ ਕੀ ਕਰਨ ਦੀ ਲੋੜ ਹੈ?

• ਜਦੋਂ ਅਸੀਂ ਬਾਈਬਲ ਤੋਂ ਜਾਣ ਜਾਂਦੇ ਹਾਂ ਕਿ ਪਰਮੇਸ਼ੁਰ ਸਾਡੇ ਤੋਂ ਕੀ ਚਾਹੁੰਦਾ ਹੈ, ਤਾਂ ਅਸੀਂ ਕਿਵੇਂ ਦਿਖਾ ਸਕਦੇ ਹਾਂ ਕਿ ਅਸੀਂ ਉਸ ਨੂੰ ਖ਼ੁਸ਼ ਕਰਨਾ ਚਾਹੁੰਦੇ ਹਾਂ?

• ਕਿਨ੍ਹਾਂ ਹਾਲਾਤਾਂ ਵਿਚ ਯਹੋਵਾਹ ਦਾ ਕਹਿਣਾ ਮੰਨਣਾ ਔਖਾ ਹੋ ਸਕਦਾ ਹੈ? ਪਰ ਉਸ ਦਾ ਕਹਿਣਾ ਮੰਨਣਾ ਕਿਉਂ ਜ਼ਰੂਰੀ ਹੈ?

• ਅਸੀਂ ਕਿਨ੍ਹਾਂ ਦੋ ਤਰੀਕਿਆਂ ਨਾਲ ਇਬਰਾਨੀਆਂ 4:12 ਨੂੰ ਸਮਝ ਸਕਦੇ ਹਾਂ?

[ਸਵਾਲ]

[ਸਫ਼ਾ 31 ਉੱਤੇ ਤਸਵੀਰ]

ਮਾਪੇ ਬਹੁਤ ਦੁਖੀ ਹੁੰਦੇ ਹਨ!