Skip to content

Skip to table of contents

ਮੈਂ ਮੌਤ ਤੋਂ ਡਰਦਾ ਸੀ, ਪਰ ਹੁਣ ‘ਚੋਖੇ ਜੀਉਣ’ ਦੀ ਉਡੀਕ ਕਰਦਾ ਹਾਂ

ਮੈਂ ਮੌਤ ਤੋਂ ਡਰਦਾ ਸੀ, ਪਰ ਹੁਣ ‘ਚੋਖੇ ਜੀਉਣ’ ਦੀ ਉਡੀਕ ਕਰਦਾ ਹਾਂ

ਮੈਂ ਮੌਤ ਤੋਂ ਡਰਦਾ ਸੀ, ਪਰ ਹੁਣ ‘ਚੋਖੇ ਜੀਉਣ’ ਦੀ ਉਡੀਕ ਕਰਦਾ ਹਾਂ

ਪੀਏਰੋ ਗਾੱਤੀ ਦੀ ਜ਼ਬਾਨੀ

ਹੌਲੀ-ਹੌਲੀ ਆ ਰਹੀ ਗੜਗੜਾਹਟ ਦੀ ਆਵਾਜ਼ ਉੱਚੀ ਤੋਂ ਉੱਚੀ ਹੁੰਦੀ ਚਲੇ ਜਾਂਦੀ। ਇਸ ਤੋਂ ਬਾਅਦ ਲੋਕਾਂ ਨੂੰ ਲੁਕ ਜਾਣ ਲਈ ਚੇਤਾਵਨੀ ਦੇਣ ਲਈ ਸਾਇਰਨ ਦੀ ਆਵਾਜ਼ ਸੁਣਾਈ ਦਿੰਦੀ। ਫਿਰ ਬੰਬਾਂ ਦੇ ਧਮਾਕੇ ਅਤੇ ਤਬਾਹੀ ਦੀ ਗਰਜਵੀਂ ਆਵਾਜ਼ ਇੰਨੀ ਉੱਚੀ ਹੋ ਜਾਂਦੀ ਕਿ ਕੰਨਾਂ ਦੇ ਪਰਦੇ ਫੱਟ ਜਾਂਦੇ।

ਇਹ 1943/1944 ਨੂੰ ਇਟਲੀ ਦੇ ਮਿਲਾਨ ਸ਼ਹਿਰ ਵਿਚ ਹੋਇਆ ਸੀ। ਜਵਾਨ ਫ਼ੌਜੀ ਹੋਣ ਕਰਕੇ ਮੈਨੂੰ ਅਕਸਰ ਲੋਕਾਂ ਦੀਆਂ ਟੁਕੜੇ-ਟੁਕੜੇ ਹੋਈਆਂ ਲਾਸ਼ਾਂ ਇਕੱਠੀਆਂ ਕਰਨ ਦਾ ਹੁਕਮ ਦਿੱਤਾ ਜਾਂਦਾ ਸੀ ਜੋ ਬੰਬਾਂ ਨਾਲ ਉਡਾਈਆਂ ਉਨ੍ਹਾਂ ਥਾਵਾਂ ਥੱਲੇ ਫਸੇ ਹੁੰਦੇ ਸਨ ਜਿੱਥੇ ਉਨ੍ਹਾਂ ਨੇ ਪਨਾਹ ਲਈ ਸੀ। ਸਰੀਰਾਂ ਦੇ ਟੋਟੇ-ਟੋਟੇ ਹੋਣ ਕਰਕੇ ਲੋਕਾਂ ਦੀ ਪਛਾਣ ਕਰਨੀ ਬਹੁਤ ਔਖੀ ਸੀ। ਮੈਂ ਸਿਰਫ਼ ਦੂਜਿਆਂ ਦੀਆਂ ਮੌਤਾਂ ਨਹੀਂ ਸੀ ਦੇਖੀਆਂ, ਸਗੋਂ ਕਈ ਵਾਰੀ ਆਪ ਮਸੀਂ-ਮਸੀਂ ਬਚਿਆ। ਇਨ੍ਹਾਂ ਮੌਕਿਆਂ ਤੇ ਮੈਂ ਪਰਮੇਸ਼ੁਰ ਨੂੰ ਪ੍ਰਾਰਥਨਾ ਕਰਦਿਆਂ ਵਾਅਦਾ ਕਰਦਾ ਸੀ ਕਿ ਜੇ ਮੈਂ ਇਨ੍ਹਾਂ ਖ਼ੂਨ-ਖ਼ਰਾਬਿਆਂ ਵਿੱਚੋਂ ਬਚ ਗਿਆ, ਤਾਂ ਮੈਂ ਉਸ ਦੀ ਮਰਜ਼ੀ ਪੂਰੀ ਕਰਾਂਗਾ।

ਮੌਤ ਦੇ ਡਰ ਨੂੰ ਦੂਰ ਕਰਨਾ

ਮੈਂ ਸਵਿਟਜ਼ਰਲੈਂਡ ਦੀ ਸਰਹੱਦ ਨੇੜੇ ਇਟਲੀ ਤੋਂ 10 ਕਿਲੋਮੀਟਰ ਦੂਰ ਪੈਂਦੇ ਕੋਮੋ ਪਿੰਡ ਵਿਚ ਵੱਡਾ ਹੋਇਆ। ਬਚਪਨ ਵਿਚ ਹੀ ਮੈਨੂੰ ਦੁੱਖਾਂ ਅਤੇ ਮੌਤ ਦੇ ਡਰ ਨੇ ਘੇਰ ਲਿਆ। ਸਪੈਨਿਸ਼ ਫਲੂ ਕਾਰਨ ਮੇਰੀਆਂ ਦੋਵਾਂ ਭੈਣਾਂ ਦੀ ਮੌਤ ਹੋ ਗਈ। ਫਿਰ 1930 ਵਿਚ ਜਦੋਂ ਮੈਂ 6 ਸਾਲਾਂ ਦਾ ਸੀ, ਤਾਂ ਮੌਤ ਨੇ ਮੇਰੀ ਮਾਤਾ ਜੀ ਲੁਈਜ਼ਾ ਨੂੰ ਨਿਗਲ ਲਿਆ। ਕੈਥੋਲਿਕ ਧਰਮ ਵਿਚ ਜੰਮਿਆਂ-ਪਲਿਆ ਹੋਣ ਕਰਕੇ ਮੈਂ ਧਾਰਮਿਕ ਰੀਤੀ-ਰਿਵਾਜ ਨਿਭਾਉਂਦਾ ਸੀ ਅਤੇ ਹਰ ਹਫ਼ਤੇ ਮਾਸ (Mass) ਨੂੰ ਜਾਂਦਾ ਹੁੰਦਾ ਸੀ। ਪਰ ਸਾਲਾਂ ਬਾਅਦ ਚਰਚ ਵਿਚ ਨਹੀਂ, ਪਰ ਇਕ ਨਾਈ ਦੀ ਦੁਕਾਨ ਵਿਚ ਮੇਰਾ ਡਰ ਦੂਰ ਹੋ ਗਿਆ।

1944 ਵਿਚ ਦੂਜਾ ਵਿਸ਼ਵ ਯੁੱਧ ਅਣਗਿਣਤ ਲੋਕਾਂ ਦੀਆਂ ਜਾਨਾਂ ਲੈ ਰਿਹਾ ਸੀ। ਮੈਂ ਉਨ੍ਹਾਂ ਹਜ਼ਾਰਾਂ ਈਟਾਲੀਅਨ ਫ਼ੌਜੀਆਂ ਵਿੱਚੋਂ ਸੀ ਜੋ ਯੁੱਧ ਦਾ ਮੈਦਾਨ ਛੱਡ ਕੇ ਸਵਿਟਜ਼ਰਲੈਂਡ ਭੱਜ ਗਏ ਜੋ ਕਿਸੇ ਦਾ ਪੱਖ ਨਹੀਂ ਸੀ ਲੈ ਰਿਹਾ। ਉੱਥੇ ਪਹੁੰਚਦਿਆਂ ਸਾਰ ਸਾਨੂੰ ਕਈ ਸ਼ਰਨਾਰਥੀ ਕੈਂਪਾਂ ਵਿਚ ਲਿਜਾਇਆ ਗਿਆ। ਮੈਨੂੰ ਦੇਸ਼ ਦੇ ਉੱਤਰ-ਪੂਰਬ ਵੱਲ ਸ਼ਟਾਈਨਾਕ ਦੇ ਨੇੜੇ ਇਕ ਕੈਂਪ ਵਿਚ ਭੇਜਿਆ ਗਿਆ ਸੀ। ਉੱਥੇ ਸਾਨੂੰ ਥੋੜ੍ਹੀ-ਬਹੁਤੀ ਆਜ਼ਾਦੀ ਸੀ। ਸ਼ਟਾਈਨਾਕ ਦੇ ਨਾਈ ਨੂੰ ਥੋੜ੍ਹੇ ਚਿਰ ਵਾਸਤੇ ਆਪਣੀ ਦੁਕਾਨ ਵਿਚ ਮਦਦ ਦੀ ਲੋੜ ਸੀ। ਮੈਂ ਇਕ ਮਹੀਨੇ ਵਾਸਤੇ ਉਸ ਦੇ ਘਰ ਵਿਚ ਰਿਹਾ ਅਤੇ ਉਸ ਦੇ ਨਾਲ ਕੰਮ ਕੀਤਾ। ਪਰ ਇਸ ਸਮੇਂ ਦੌਰਾਨ ਮੇਰੀ ਮੁਲਾਕਾਤ ਇਕ ਅਜਿਹੇ ਬੰਦੇ ਨਾਲ ਹੋਈ ਜਿਸ ਕਾਰਨ ਮੇਰੀ ਜ਼ਿੰਦਗੀ ਬਦਲ ਗਈ।

ਨਾਈ ਦਾ ਇਕ ਇਟਾਲੀਅਨ ਗਾਹਕ ਸੀ ਅਡੋਲਫੋ ਤੇਲੀਨੀ ਜੋ ਸਵਿਟਜ਼ਰਲੈਂਡ ਵਿਚ ਰਹਿ ਰਿਹਾ ਸੀ। ਉਹ ਇਕ ਯਹੋਵਾਹ ਦਾ ਗਵਾਹ ਸੀ। ਮੈਂ ਇਸ ਸਮੂਹ ਬਾਰੇ ਕਦੇ ਸੁਣਿਆ ਨਹੀਂ ਸੀ ਜੋ ਕਿ ਹੈਰਾਨੀ ਦੀ ਗੱਲ ਨਹੀਂ ਸੀ ਕਿਉਂਕਿ ਸਾਰੀ ਇਟਲੀ ਵਿਚ ਕੁਝ 150 ਕੁ ਗਵਾਹ ਸਨ। ਅਡੋਲਫੋ ਨੇ ਮੈਨੂੰ ਬਾਈਬਲ ਵਿੱਚੋਂ ਸ਼ਾਨਦਾਰ ਸੱਚਾਈਆਂ, ਸ਼ਾਂਤੀ ਅਤੇ ‘ਚੋਖੇ ਜੀਉਣ’ ਦੇ ਵਾਅਦਿਆਂ ਬਾਰੇ ਦੱਸਿਆ। (ਯੂਹੰ. 10:10; ਪਰ. 21:3, 4) ਮੈਂ ਇਹ ਸੰਦੇਸ਼ ਸੁਣ ਕੇ ਬਹੁਤ ਖ਼ੁਸ਼ ਹੋਇਆ ਕਿ ਭਵਿੱਖ ਵਿਚ ਯੁੱਧ ਅਤੇ ਮੌਤ ਨਹੀਂ ਹੋਣਗੇ। ਸ਼ਰਨਾਰਥੀ ਕੈਂਪ ਵਿਚ ਮੈਂ ਇਕ ਇਟਾਲੀਅਨ ਨੌਜਵਾਨ ਜੂਜ਼ੇਪੇ ਤੂਬੀਨੀ ਨਾਲ ਇਹ ਉਮੀਦ ਸਾਂਝੀ ਕੀਤੀ ਤੇ ਉਹ ਵੀ ਬਹੁਤ ਪ੍ਰਭਾਵਿਤ ਹੋਇਆ। ਅਡੋਲਫੋ ਅਤੇ ਹੋਰ ਗਵਾਹ ਸਾਨੂੰ ਕੈਂਪ ਵਿਚ ਕਦੇ-ਕਦੇ ਮਿਲਣ ਆ ਜਾਂਦੇ ਸਨ।

ਅਡੋਲਫੋ ਮੈਨੂੰ ਸ਼ਟਾਈਨਾਕ ਤੋਂ 10 ਕਿਲੋਮੀਟਰ ਦੂਰ ਆਰਬੋਂ ਲੈ ਗਿਆ ਜਿੱਥੇ ਗਵਾਹਾਂ ਦਾ ਛੋਟਾ ਜਿਹਾ ਸਮੂਹ ਈਟਾਲੀਅਨ ਭਾਸ਼ਾ ਵਿਚ ਮੀਟਿੰਗਾਂ ਕਰਦਾ ਸੀ। ਮੈਂ ਗੱਲਾਂ ਸੁਣ ਕੇ ਇੰਨਾ ਜੋਸ਼ੀਲਾ ਹੋ ਗਿਆ ਕਿ ਮੈਂ ਅਗਲੇ ਹਫ਼ਤੇ ਤੁਰ ਕੇ ਉੱਥੇ ਚਲਾ ਗਿਆ। ਬਾਅਦ ਵਿਚ ਮੈਂ ਗਵਾਹਾਂ ਦੀ ਇਕ ਅਸੈਂਬਲੀ ਤੇ ਗਿਆ ਜੋ ਜਿਊਰਿਕ ਦੇ ਇਕ ਹਾਲ ਵਿਚ ਹੋਈ ਸੀ। ਮੈਂ ਖ਼ਾਸ ਕਰਕੇ ਉਨ੍ਹਾਂ ਕੈਂਪਾਂ ਦੀਆਂ ਸਲਾਇਡਾਂ ਦੇਖ ਕੇ ਹੈਰਾਨ ਹੋਇਆ ਜਿਨ੍ਹਾਂ ਵਿਚ ਲਾਸ਼ਾਂ ਦੇ ਢੇਰ ਦਿਖਾਏ ਗਏ ਸਨ। ਮੈਨੂੰ ਪਤਾ ਲੱਗਾ ਕਿ ਜਰਮਨੀ ਦੇ ਬਹੁਤ ਸਾਰੇ ਗਵਾਹਾਂ ਨੂੰ ਉਨ੍ਹਾਂ ਦੀ ਨਿਹਚਾ ਕਾਰਨ ਸ਼ਹੀਦ ਕੀਤਾ ਗਿਆ ਸੀ। ਉਸ ਸੰਮੇਲਨ ਤੇ ਮੈਂ ਮਾਰੀਆ ਪੀਤਜ਼ਾਤੋ ਨੂੰ ਮਿਲਿਆ। ਪ੍ਰਚਾਰ ਦੇ ਕੰਮ ਕਾਰਨ ਈਟਾਲੀਅਨ ਫਾਸ਼ੀ ਅਧਿਕਾਰੀਆਂ ਨੇ ਉਸ ਨੂੰ 11 ਸਾਲ ਦੀ ਸਜ਼ਾ ਸੁਣਾਈ ਸੀ।

ਜਦੋਂ ਲੜਾਈ ਖ਼ਤਮ ਹੋ ਗਈ, ਤਾਂ ਮੈਂ ਇਟਲੀ ਵਾਪਸ ਆ ਗਿਆ ਅਤੇ ਕੋਮੋ ਵਿਚ ਛੋਟੀ ਜਿਹੀ ਕਲੀਸਿਯਾ ਨਾਲ ਜਾ ਮਿਲਿਆ। ਮੇਰੇ ਨਾਲ ਅਜੇ ਬਾਈਬਲ ਦੀ ਬਾਕਾਇਦਾ ਸਟੱਡੀ ਨਹੀਂ ਹੋਈ ਸੀ, ਪਰ ਮੇਰੇ ਮਨ ਵਿਚ ਬੁਨਿਆਦੀ ਸੱਚਾਈਆਂ ਸਪੱਸ਼ਟ ਸਨ। ਮਾਰੀਆ ਪੀਤਜ਼ਾਤੋ ਵੀ ਉਸੇ ਕਲੀਸਿਯਾ ਵਿਚ ਸੀ। ਉਸ ਨੇ ਮਸੀਹੀ ਬਪਤਿਸਮਾ ਲੈਣ ਦੀ ਲੋੜ ਬਾਰੇ ਮੇਰੇ ਨਾਲ ਗੱਲ ਕੀਤੀ ਅਤੇ ਮੈਨੂੰ ਮਾਰਚੇਲੋ ਮਾਰਤੀਨੇਲੀ ਨੂੰ ਮਿਲਣ ਲਈ ਕਿਹਾ ਜੋ ਸੋਨਦਰੀਓ ਜ਼ਿਲ੍ਹੇ ਦੇ ਕਾਸਤੀਓਨੇ ਆਂਦੇਵੇਨੋ ਸ਼ਹਿਰ ਵਿਚ ਰਹਿੰਦਾ ਸੀ। ਮਾਰਚੇਲੋ ਇਕ ਵਫ਼ਾਦਾਰ ਮਸਹ ਕੀਤਾ ਹੋਇਆ ਭਰਾ ਸੀ ਜਿਸ ਨੂੰ ਤਾਨਾਸ਼ਾਹੀ ਸਰਕਾਰ ਦੀ ਹਕੂਮਤ ਅਧੀਨ 11 ਸਾਲ ਦੀ ਸਜ਼ਾ ਮਿਲੀ ਸੀ। ਮੈਨੂੰ ਉਸ ਨੂੰ ਮਿਲਣ ਲਈ 80 ਕਿਲੋਮੀਟਰ ਸਾਈਕਲ ਚਲਾਉਣਾ ਪਿਆ।

ਮਾਰਚੇਲੋ ਨੇ ਬਾਈਬਲ ਵਰਤ ਕੇ ਮੈਨੂੰ ਬਪਤਿਸਮੇ ਦੀ ਜ਼ਰੂਰਤ ਬਾਰੇ ਸਮਝਾਇਆ ਤੇ ਬਾਅਦ ਵਿਚ ਅਸੀਂ ਪ੍ਰਾਰਥਨਾ ਕੀਤੀ ਅਤੇ ਆਦਾ ਨਦੀ ’ਤੇ ਗਏ ਜਿੱਥੇ ਮੈਂ ਬਪਤਿਸਮਾ ਲਿਆ। ਇਹ ਸਤੰਬਰ 1946 ਦਾ ਇਕ ਖ਼ਾਸ ਦਿਨ ਸੀ! ਮੈਂ ਯਹੋਵਾਹ ਦੀ ਸੇਵਾ ਕਰਨ ਦੇ ਆਪਣੇ ਫ਼ੈਸਲੇ ਤੋਂ ਅਤੇ ਭਵਿੱਖ ਲਈ ਪੱਕੀ ਉਮੀਦ ਹੋਣ ਕਰਕੇ ਇੰਨਾ ਖ਼ੁਸ਼ ਸੀ ਕਿ ਉਸੇ ਦਿਨ ਸ਼ਾਮ ਹੋਣ ਤੇ ਮੈਨੂੰ ਪਤਾ ਹੀ ਨਹੀਂ ਲੱਗਾ ਕਿ ਮੈਂ ਸਾਈਕਲ ’ਤੇ 160 ਕਿਲੋਮੀਟਰ ਦਾ ਸਫ਼ਰ ਤੈਅ ਕਰ ਚੁੱਕਾ ਸੀ!

ਯੁੱਧ ਤੋਂ ਬਾਅਦ ਮਈ 1947 ਵਿਚ ਇਟਲੀ ਦੇ ਮਿਲਾਨ ਸ਼ਹਿਰ ਵਿਚ ਪਹਿਲੀ ਅਸੈਂਬਲੀ ਹੋਈ। ਤਕਰੀਬਨ 700 ਜਣੇ ਹਾਜ਼ਰ ਹੋਏ ਜਿਨ੍ਹਾਂ ਵਿਚ ਕਈ ਜਣੇ ਉਹ ਸਨ ਜਿਨ੍ਹਾਂ ਨੇ ਫਾਸ਼ੀਆਂ ਦੇ ਹੱਥੋਂ ਸਤਾਹਟਾਂ ਸਹੀਆਂ ਸਨ। ਇਸ ਅਸੈਂਬਲੀ ਵਿਚ ਇਕ ਅਨੋਖੀ ਗੱਲ ਹੋਈ। ਜੂਜ਼ੇਪੇ ਤੂਬੀਨੀ, ਜਿਸ ਨੂੰ ਸ਼ਰਨਾਰਥੀ ਕੈਂਪ ਵਿਚ ਮੈਂ ਗਵਾਹੀ ਦਿੱਤੀ ਸੀ, ਨੇ ਬਪਤਿਸਮੇ ਦਾ ਭਾਸ਼ਣ ਦਿੱਤਾ ਜਿਸ ਤੋਂ ਬਾਅਦ ਉਸ ਨੇ ਆਪ ਵੀ ਬਪਤਿਸਮਾ ਲੈ ਲਿਆ!

ਉਸੇ ਅਸੈਂਬਲੀ ਵਿਚ ਮੈਨੂੰ ਬਰੁਕਲਿਨ ਬੈਥਲ ਤੋਂ ਆਏ ਭਰਾ ਨੇਥਨ ਨੌਰ ਨੂੰ ਮਿਲਣ ਦਾ ਸਨਮਾਨ ਮਿਲਿਆ। ਉਸ ਨੇ ਮੈਨੂੰ ਅਤੇ ਜੂਜ਼ੇਪੇ ਨੂੰ ਪਰਮੇਸ਼ੁਰ ਦੀ ਸੇਵਾ ਵਿਚ ਆਪਣੀਆਂ ਜ਼ਿੰਦਗੀਆਂ ਲਾਉਣ ਦਾ ਉਤਸ਼ਾਹ ਦਿੱਤਾ। ਮੈਂ ਫ਼ੈਸਲਾ ਕੀਤਾ ਕਿ ਮੈਂ ਮਹੀਨੇ ਦੇ ਅੰਦਰ-ਅੰਦਰ ਫੁੱਲ ਟਾਈਮ ਸੇਵਾ ਕਰਨੀ ਸ਼ੁਰੂ ਕਰਾਂਗਾ। ਘਰ ਪਹੁੰਚਦਿਆਂ ਮੈਂ ਆਪਣੇ ਪਰਿਵਾਰ ਨੂੰ ਆਪਣਾ ਫ਼ੈਸਲਾ ਸੁਣਾਇਆ ਅਤੇ ਉਨ੍ਹਾਂ ਨੇ ਮੈਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਪਰ ਮੇਰਾ ਇਰਾਦਾ ਪੱਕਾ ਸੀ। ਇਕ ਮਹੀਨੇ ਬਾਅਦ ਮੈਂ ਮਿਲਾਨ ਦੇ ਬੈਥਲ ਵਿਚ ਸੇਵਾ ਕਰਨੀ ਸ਼ੁਰੂ ਕਰ ਦਿੱਤੀ। ਚਾਰ ਮਿਸ਼ਨਰੀ ਉੱਥੇ ਸੇਵਾ ਕਰ ਰਹੇ ਸਨ: ਜੂਜ਼ੇਪੇ (ਜੋਸਫ਼) ਰੋਮਾਨੋ ਅਤੇ ਉਸ ਦੀ ਪਤਨੀ ਐਂਜਲੀਨਾ, ਕਾਰਲੋ ਬੇਨਾਂਤੀ ਅਤੇ ਉਸ ਦੀ ਪਤਨੀ ਕੋਸਤਾਂਤਸਾ। ਬੈਥਲ ਪਰਿਵਾਰ ਦਾ ਪੰਜਵਾਂ ਮੈਂਬਰ ਜੂਜ਼ੇਪੇ ਤੂਬੀਨੀ ਸੀ ਜੋ ਹਾਲੇ ਨਵਾਂ-ਨਵਾਂ ਆਇਆ ਸੀ ਅਤੇ ਮੈਂ ਛੇਵਾਂ ਸੀ।

ਬੈਥਲ ਆਉਣ ਤੋਂ ਇਕ ਮਹੀਨੇ ਬਾਅਦ ਮੈਨੂੰ ਸਰਕਟ ਓਵਰਸੀਅਰ ਨਿਯੁਕਤ ਕੀਤਾ ਗਿਆ ਜੋ ਕਿ ਇਟਲੀ ਵਿਚ ਜਨਮਿਆ ਪਹਿਲਾ ਸਰਕਟ ਓਵਰਸੀਅਰ ਸੀ। ਭਰਾ ਜੌਰਜ ਫਰੇਦੀਆਨੇਲੀ ਪਹਿਲਾਂ ਹੀ ਸਰਕਟ ਕੰਮ ਕਰ ਰਿਹਾ ਸੀ ਜੋ 1946 ਵਿਚ ਅਮਰੀਕਾ ਤੋਂ ਇਟਲੀ ਵਿਚ ਆਇਆ ਪਹਿਲਾ ਮਿਸ਼ਨਰੀ ਸੀ। ਉਸ ਨੇ ਮੈਨੂੰ ਕੁਝ ਹਫ਼ਤਿਆਂ ਵਾਸਤੇ ਸਿਖਲਾਈ ਦਿੱਤੀ ਅਤੇ ਫਿਰ ਮੈਂ ਇਕੱਲਾ ਹੀ ਇਹ ਉਤਸੁਕਤਾ ਭਰਿਆ ਕੰਮ ਕਰਨ ਲੱਗ ਪਿਆ। ਮੈਨੂੰ ਖ਼ਾਸਕਰ ਪਹਿਲੀ ਕਲੀਸਿਯਾ ਯਾਦ ਹੈ ਜਿੱਥੇ ਮੈਂ ਗਿਆ ਸੀ, ਉਹ ਸੀ ਫਾਏਂਜ਼ਾ। ਜ਼ਰਾ ਸੋਚੋ! ਉਸ ਸਮੇਂ ਤਕ ਮੈਂ ਕਦੇ ਵੀ ਕਲੀਸਿਯਾ ਵਿਚ ਭਾਸ਼ਣ ਨਹੀਂ ਸੀ ਦਿੱਤਾ! ਫਿਰ ਵੀ ਮੈਂ ਹਾਜ਼ਰ ਹੋਏ ਸਾਰੇ ਭੈਣਾਂ-ਭਰਾਵਾਂ ਨੂੰ, ਜਿਨ੍ਹਾਂ ਵਿਚ ਕਈ ਨੌਜਵਾਨ ਵੀ ਸਨ, ਫੁੱਲ-ਟਾਈਮ ਪ੍ਰਚਾਰ ਕਰਨ ਬਾਰੇ ਸੋਚਣ ਲਈ ਕਿਹਾ। ਬਾਅਦ ਵਿਚ ਉਨ੍ਹਾਂ ਵਿੱਚੋਂ ਕੁਝ ਨੌਜਵਾਨਾਂ ਨੂੰ ਇਟਲੀ ਵਿਚ ਸੇਵਾ ਕਰਨ ਲਈ ਵੱਡੀਆਂ-ਵੱਡੀਆਂ ਜ਼ਿੰਮੇਵਾਰੀਆਂ ਦਿੱਤੀਆਂ ਗਈਆਂ।

ਮੈਂ ਸਰਕਟ ਓਵਰਸੀਅਰ ਵਜੋਂ ਜ਼ਿੰਦਗੀ ਦੇ ਸੁਹਾਵਣੇ ਸਫ਼ਰ ਤੇ ਤੁਰ ਪਿਆ। ਇਸ ਸਫ਼ਰ ਦੌਰਾਨ ਕਈ ਅਜਿਹੀਆਂ ਗੱਲਾਂ ਹੋਈਆਂ ਜਿਨ੍ਹਾਂ ਬਾਰੇ ਮੈਂ ਸੋਚਿਆ ਵੀ ਨਹੀਂ ਸੀ। ਮੈਨੂੰ ਕੁਝ ਤਬਦੀਲੀਆਂ ਕਰਨੀਆਂ ਪਈਆਂ, ਚੁਣੌਤੀਆਂ ਦਾ ਸਾਮ੍ਹਣਾ ਕਰਨਾ ਪਿਆ ਅਤੇ ਖ਼ੁਸ਼ੀਆਂ ਦੇ ਨਾਲ-ਨਾਲ ਪਿਆਰੇ ਭੈਣਾਂ-ਭਰਾਵਾਂ ਦਾ ਬਹੁਤ ਸਾਰਾ ਪਿਆਰ ਮਿਲਿਆ।

ਯੁੱਧ ਤੋਂ ਬਾਅਦ ਇਟਲੀ ਵਿਚ ਧਾਰਮਿਕ ਸਥਿਤੀ

ਆਓ ਮੈਂ ਤੁਹਾਨੂੰ ਉਸ ਸਮੇਂ ਦੀ ਇਟਲੀ ਦੀ ਧਾਰਮਿਕ ਸਥਿਤੀ ਬਾਰੇ ਕੁਝ ਦੱਸਾਂ। ਕੈਥੋਲਿਕ ਚਰਚ ਦਾ ਦਬਦਬਾ ਸੀ। ਭਾਵੇਂ ਕਿ 1948 ਵਿਚ ਨਵਾਂ ਸੰਵਿਧਾਨ ਲਾਗੂ ਹੋ ਗਿਆ ਸੀ, ਪਰ 1956 ਵਿਚ ਫਾਸ਼ੀਆਂ ਦੇ ਕਾਨੂੰਨ ਨੂੰ ਖ਼ਤਮ ਕਰਨ ਤੋਂ ਬਾਅਦ ਹੀ ਗਵਾਹਾਂ ਨੂੰ ਪ੍ਰਚਾਰ ਕਰਨ ਦੀ ਖੁੱਲ੍ਹ ਮਿਲੀ ਸੀ। ਪਾਦਰੀਆਂ ਦੇ ਦਬਾਅ ਕਾਰਨ ਸਰਕਟ ਅਸੈਂਬਲੀਆਂ ਵਿਚ ਅਕਸਰ ਵਿਘਨ ਪੈਂਦਾ ਸੀ। ਪਰ ਕਦੇ-ਕਦੇ ਪਾਦਰੀਆਂ ਦੀਆਂ ਕੋਸ਼ਿਸ਼ਾਂ ਬੁਰੀ ਤਰ੍ਹਾਂ ਨਾਕਾਮ ਹੋ ਜਾਂਦੀਆਂ ਸਨ। ਇਟਲੀ ਦੇ ਵਿਚਕਾਰ ਸਥਿਤ ਛੋਟੇ ਜਿਹੇ ਕਸਬੇ ਸੁਲਮੋਨਾ ਵਿਚ 1948 ਵਿਚ ਇਸੇ ਤਰ੍ਹਾਂ ਹੋਇਆ ਸੀ।

ਅਸੈਂਬਲੀ ਇਕ ਥੀਏਟਰ ਵਿਚ ਹੋ ਰਹੀ ਸੀ। ਐਤਵਾਰ ਸਵੇਰ ਨੂੰ ਮੈਂ ਚੇਅਰਮੈਨ ਸੀ ਅਤੇ ਜੂਜ਼ੇਪੇ ਰੋਮਾਨੋ ਨੇ ਪਬਲਿਕ ਭਾਸ਼ਣ ਦਿੱਤਾ। ਉਨ੍ਹਾਂ ਦਿਨਾਂ ਵਿਚ ਬਹੁਤ ਸਾਰੇ ਲੋਕ ਹਾਜ਼ਰ ਹੁੰਦੇ ਸਨ। ਉਸ ਜ਼ਮਾਨੇ ਵਿਚ ਸਾਰੇ ਦੇਸ਼ ਵਿਚ 500 ਪਬਲੀਸ਼ਰ ਵੀ ਨਹੀਂ ਸਨ, ਫਿਰ ਵੀ 2,000 ਲੋਕਾਂ ਨਾਲ ਥੀਏਟਰ ਭਰ ਗਿਆ ਸੀ। ਭਾਸ਼ਣ ਖ਼ਤਮ ਹੋਣ ਤੇ ਇਕ ਨੌਜਵਾਨ ਸਟੇਜ ਉੱਤੇ ਚੜ੍ਹ ਗਿਆ ਜਿਸ ਨੂੰ ਹਾਜ਼ਰੀਨ ਵਿਚ ਬੈਠੇ ਦੋ ਪਾਦਰੀਆਂ ਨੇ ਭੜਕਾਇਆ ਸੀ। ਹਲਚਲ ਮਚਾਉਣ ਦੇ ਇਰਾਦੇ ਨਾਲ ਉਹ ਉੱਚੀ ਆਵਾਜ਼ ਵਿਚ ਚਿਲਾਉਣ ਲੱਗ ਪਿਆ। ਮੈਂ ਉਸ ਨੂੰ ਫ਼ੌਰਨ ਕਿਹਾ: “ਜੇ ਤੂੰ ਕੁਝ ਕਹਿਣਾ ਚਾਹੁੰਦਾ ਹੈਂ, ਤਾਂ ਹਾਲ ਕਿਰਾਏ ਤੇ ਲੈ ਅਤੇ ਜੋ ਮਰਜ਼ੀ ਕਹਿ।” ਲੋਕੀ ਉਸ ਦੀਆਂ ਗੱਲਾਂ ਤੋਂ ਖ਼ੁਸ਼ ਨਹੀਂ ਹੋਏ ਅਤੇ ਉਨ੍ਹਾਂ ਦੇ ਰੌਲੇ-ਰੱਪੇ ਵਿਚ ਉਸ ਦੀ ਆਵਾਜ਼ ਦੱਬ ਕੇ ਰਹਿ ਗਈ। ਇਸ ਕਾਰਨ ਉਹ ਨੌਜਵਾਨ ਸਟੇਜ ਤੋਂ ਉੱਤਰ ਗਿਆ ਅਤੇ ਪਤਾ ਨਹੀਂ ਕਿੱਥੇ ਗਾਇਬ ਹੋ ਗਿਆ।

ਉਨ੍ਹਾਂ ਦਿਨਾਂ ਵਿਚ ਪਤਾ ਨਹੀਂ ਸੀ ਹੁੰਦਾ ਕਿ ਸਫ਼ਰ ਕਿਵੇਂ ਕਰਨਾ ਸੀ। ਕਦੀ-ਕਦੀ ਮੈਂ ਇਕ ਕਲੀਸਿਯਾ ਤੋਂ ਦੂਸਰੀ ਕਲੀਸਿਯਾ ਤੁਰ ਕੇ ਜਾਂਦਾ ਸੀ ਜਾਂ ਫਿਰ ਸਾਈਕਲ ’ਤੇ, ਭੀੜ-ਭੜੱਕੇ ਵਾਲੀਆਂ ਟੁੱਟੀਆਂ-ਭੱਜੀਆਂ ਬੱਸਾਂ ਜਾਂ ਟ੍ਰੇਨ ਵਿਚ ਜਾਂਦਾ ਸੀ। ਕਦੇ-ਕਦੇ ਮੈਂ ਤਬੇਲੇ ਵਿਚ ਜਾਂ ਸੰਦਾਂ ਵਗੈਰਾ ਲਈ ਬਣਾਈ ਸ਼ੈੱਡ ਹੇਠਾਂ ਰਹਿੰਦਾ ਸੀ। ਯੁੱਧ ਹਾਲ ਵਿਚ ਹੀ ਖ਼ਤਮ ਹੋਇਆ ਸੀ ਅਤੇ ਜ਼ਿਆਦਾਤਰ ਇਟਾਲੀਅਨ ਲੋਕ ਗ਼ਰੀਬ ਸਨ। ਇਟਲੀ ਵਿਚ ਕੁਝ ਹੀ ਭੈਣ-ਭਰਾ ਸਨ ਅਤੇ ਉਨ੍ਹਾਂ ਦਾ ਗੁਜ਼ਾਰਾ ਮਸਾਂ ਹੀ ਚੱਲਦਾ ਸੀ। ਫਿਰ ਵੀ ਯਹੋਵਾਹ ਦੀ ਸੇਵਾ ਕਰਨ ਦਾ ਮਜ਼ਾ ਹੀ ਕੁਝ ਹੋਰ ਸੀ।

ਗਿਲਿਅਡ ਸਕੂਲ ਵਿਚ ਸਿਖਲਾਈ

ਮੈਨੂੰ ਅਤੇ ਜੂਜ਼ੇਪੇ ਤੂਬੀਨੀ ਨੂੰ 1950 ਵਿਚ ਗਿਲਿਅਡ ਦੇ ਮਿਸ਼ਨਰੀ ਸਕੂਲ ਦੀ 16ਵੀਂ ਕਲਾਸ ਵਿਚ ਜਾਣ ਦਾ ਸੱਦਾ ਮਿਲਿਆ। ਸ਼ੁਰੂ ਤੋਂ ਹੀ ਮੈਨੂੰ ਪਤਾ ਸੀ ਕਿ ਅੰਗ੍ਰੇਜ਼ੀ ਸਿੱਖਣੀ ਮੇਰੇ ਲਈ ਬਹੁਤ ਔਖੀ ਹੋਵੇਗੀ। ਮੈਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕੀਤੀ, ਪਰ ਇਹ ਸੱਚ-ਮੁੱਚ ਮੇਰੇ ਲਈ ਬਹੁਤ ਔਖਾ ਸੀ। ਸਾਨੂੰ ਸਾਰੀ ਬਾਈਬਲ ਅੰਗ੍ਰੇਜ਼ੀ ਵਿਚ ਪੜ੍ਹਨੀ ਪੈਣੀ ਸੀ। ਇਸ ਲਈ ਮੈਂ ਉੱਚੀ ਆਵਾਜ਼ ਵਿਚ ਪੜ੍ਹਨ ਦੀ ਪ੍ਰੈਕਟਿਸ ਕਰਨ ਵਾਸਤੇ ਕਦੇ-ਕਦੇ ਦੁਪਹਿਰ ਦਾ ਖਾਣਾ ਨਹੀਂ ਖਾਂਦਾ ਸੀ। ਅਖ਼ੀਰ ਭਾਸ਼ਣ ਦੇਣ ਦੀ ਮੇਰੀ ਵਾਰੀ ਆ ਗਈ। ਮੈਨੂੰ ਇੰਸਟ੍ਰਕਟਰ ਦੀ ਗੱਲ ਹਾਲੇ ਵੀ ਯਾਦ ਹੈ ਜਿਵੇਂ ਕਿ ਉਸ ਨੇ ਕੱਲ੍ਹ ਹੀ ਕਹੀ ਹੋਵੇ: “ਤੇਰੇ ਹਾਵ-ਭਾਵ ਅਤੇ ਜੋਸ਼ ਬਹੁਤ ਵਧੀਆ ਹਨ, ਪਰ ਤੇਰੀ ਅੰਗ੍ਰੇਜ਼ੀ ਭੋਰਾ ਵੀ ਸਮਝ ਨਹੀਂ ਆਉਂਦੀ!” ਇਸ ਦੇ ਬਾਵਜੂਦ ਮੈਂ ਕੋਰਸ ਕਰਨ ਵਿਚ ਕਾਮਯਾਬ ਹੋ ਗਿਆ। ਇਸ ਤੋਂ ਬਾਅਦ ਮੈਨੂੰ ਤੇ ਜੂਜ਼ੇਪੇ ਨੂੰ ਵਾਪਸ ਇਟਲੀ ਭੇਜ ਦਿੱਤਾ ਗਿਆ। ਇਸ ਵਾਧੂ ਸਿਖਲਾਈ ਨਾਲ ਅਸੀਂ ਭੈਣਾਂ-ਭਰਾਵਾਂ ਦੀ ਸੇਵਾ ਹੋਰ ਵੀ ਚੰਗੀ ਤਰ੍ਹਾਂ ਕਰਨ ਲਈ ਤਿਆਰ ਹੋ ਗਏ ਸਾਂ।

1955 ਵਿਚ ਮੇਰਾ ਵਿਆਹ ਲੀਦੀਆ ਨਾਲ ਹੋਇਆ ਜਿਸ ਦੇ ਬਪਤਿਸਮੇ ਦਾ ਭਾਸ਼ਣ ਮੈਂ ਸੱਤ ਸਾਲ ਪਹਿਲਾਂ ਦਿੱਤਾ ਸੀ। ਉਸ ਦਾ ਪਿਤਾ ਦੋਮੇਨੀਕੋ ਪਿਆਰਾ ਭਰਾ ਸੀ ਜਿਸ ਨੇ ਫਾਸ਼ੀ ਹਕੂਮਤ ਵੱਲੋਂ ਸਤਾਹਟਾਂ ਸਹਿਣ ਅਤੇ ਤਿੰਨਾਂ ਸਾਲਾਂ ਦੀ ਸਜ਼ਾ ਕੱਟਣ ਦੇ ਬਾਵਜੂਦ ਆਪਣੇ ਸਾਰੇ ਸੱਤ ਬੱਚਿਆਂ ਦੀ ਸੱਚਾਈ ਅਪਣਾਉਣ ਵਿਚ ਮਦਦ ਕੀਤੀ। ਲੀਦੀਆ ਨੇ ਵੀ ਸੱਚਾਈ ਲਈ ਚੰਗੀ ਲੜਾਈ ਲੜੀ ਸੀ। ਘਰ-ਘਰ ਪ੍ਰਚਾਰ ਕਰਨ ਦਾ ਹੱਕ ਮਿਲਣ ਤੋਂ ਪਹਿਲਾਂ ਉਸ ਨੇ ਅਦਾਲਤ ਵਿਚ ਤਿੰਨ ਕੇਸ ਲੜੇ ਸਨ। ਜਦੋਂ ਸਾਡੇ ਵਿਆਹ ਹੋਏ ਨੂੰ ਛੇ ਸਾਲ ਹੋਏ, ਤਾਂ ਸਾਡਾ ਪਹਿਲਾ ਪੁੱਤਰ ਬੇਨਿਆਮੀਨੋ ਪੈਦਾ ਹੋਇਆ। 1972 ਵਿਚ ਸਾਡਾ ਦੂਜਾ ਪੁੱਤਰ ਮਾਰਕੋ ਪੈਦਾ ਹੋਇਆ। ਮੈਂ ਬਹੁਤ ਖ਼ੁਸ਼ ਹਾਂ ਕਿ ਉਹ ਆਪਣੇ ਪਰਿਵਾਰਾਂ ਸਮੇਤ ਜੋਸ਼ ਨਾਲ ਯਹੋਵਾਹ ਦੀ ਸੇਵਾ ਕਰ ਰਹੇ ਹਨ।

ਯਹੋਵਾਹ ਦੀ ਸੇਵਾ ਵਿਚ ਲੱਗੇ ਰਹਿਣਾ

ਖ਼ੁਸ਼ੀ ਨਾਲ ਦੂਜਿਆਂ ਦੀ ਸੇਵਾ ਕਰਨ ਦੌਰਾਨ ਮੈਨੂੰ ਕਈ ਵਧੀਆ ਤਜਰਬੇ ਹੋਏ। ਮਿਸਾਲ ਲਈ 1980 ਦੇ ਦਹਾਕੇ ਦੇ ਸ਼ੁਰੂ ਵਿਚ ਮੇਰੇ ਸਹੁਰੇ ਨੇ ਉਸ ਸਮੇਂ ਦੇ ਇਟਲੀ ਦੇ ਰਾਸ਼ਟਰਪਤੀ ਸਾਂਦਰੋ ਪਰਤੀਨੀ ਨੂੰ ਚਿੱਠੀ ਲਿਖੀ। ਫਾਸ਼ੀ ਤਾਨਾਸ਼ਾਹੀ ਹਕੂਮਤ ਦੌਰਾਨ ਉਨ੍ਹਾਂ ਦੋਵਾਂ ਨੂੰ ਵੇਨਤੋਤੇਨੇ ਟਾਪੂ ਉੱਤੇ ਕੈਦੀ ਬਣਾ ਕੇ ਰੱਖਿਆ ਗਿਆ ਸੀ ਜਿੱਥੇ ਇਹ ਹਕੂਮਤ ਉਨ੍ਹਾਂ ਲੋਕਾਂ ਨੂੰ ਰੱਖਦੀ ਸੀ ਜਿਨ੍ਹਾਂ ਨੂੰ ਇਹ ਆਪਣੇ ਦੁਸ਼ਮਣ ਸਮਝਦੀ ਸੀ। ਮੇਰੇ ਸਹੁਰੇ ਨੇ ਰਾਸ਼ਟਰਪਤੀ ਨੂੰ ਗਵਾਹੀ ਦੇਣ ਦੇ ਇਰਾਦੇ ਨਾਲ ਉਸ ਨਾਲ ਇੰਟਰਵਿਊ ਕਰਨ ਦੀ ਬੇਨਤੀ ਕੀਤੀ ਸੀ। ਜਦੋਂ ਉਸ ਦੀ ਬੇਨਤੀ ਮੰਨ ਲਈ ਗਈ, ਤਾਂ ਮੈਂ ਉਨ੍ਹਾਂ ਨਾਲ ਗਿਆ ਅਤੇ ਸਾਡਾ ਦਿਲੋਂ ਸੁਆਗਤ ਕੀਤਾ ਗਿਆ ਜਿਸ ਦੀ ਸਾਨੂੰ ਉਮੀਦ ਨਹੀਂ ਸੀ। ਰਾਸ਼ਟਰਪਤੀ ਨੇ ਮੇਰੇ ਸਹੁਰੇ ਨੂੰ ਜੱਫੀ ਪਾ ਲਈ। ਫਿਰ ਅਸੀਂ ਆਪਣੇ ਵਿਸ਼ਵਾਸਾਂ ਬਾਰੇ ਗੱਲ ਕੀਤੀ ਅਤੇ ਉਸ ਨੂੰ ਕੁਝ ਸਾਹਿੱਤ ਦਿੱਤਾ।

1991 ਵਿਚ 44 ਸਾਲਾਂ ਬਾਅਦ ਮੈਂ ਸਰਕਟ ਓਵਰਸੀਅਰ ਵਜੋਂ ਕੰਮ ਕਰਨਾ ਛੱਡ ਦਿੱਤਾ ਅਤੇ ਉਸ ਸਮੇਂ ਦੌਰਾਨ ਮੈਂ ਲਗਭਗ ਸਾਰੀ ਇਟਲੀ ਦੀਆਂ ਕਲੀਸਿਯਾਵਾਂ ਦਾ ਦੌਰਾ ਕਰ ਚੁੱਕਾ ਸੀ। ਅਗਲੇ ਚਾਰ ਸਾਲਾਂ ਵਾਸਤੇ ਮੈਂ ਅਸੈਂਬਲੀ ਹਾਲ ਓਵਰਸੀਅਰ ਵਜੋਂ ਕੰਮ ਕਰਦਾ ਰਿਹਾ ਅਤੇ ਫਿਰ ਗੰਭੀਰ ਬੀਮਾਰੀ ਕਾਰਨ ਮੈਨੂੰ ਆਪਣੀ ਇਹ ਜ਼ਿੰਮੇਵਾਰੀ ਛੱਡਣੀ ਪਈ। ਪਰ ਯਹੋਵਾਹ ਦੀ ਅਪਾਰ ਕਿਰਪਾ ਸਦਕਾ ਮੈਂ ਹਾਲੇ ਵੀ ਫੁੱਲ-ਟਾਈਮ ਸੇਵਾ ਕਰ ਰਿਹਾ ਹਾਂ। ਮੈਂ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਤੇ ਸਿਖਾਉਣ ਦੇ ਕੰਮ ਵਿਚ ਪੂਰੀ ਵਾਹ ਲਾਉਣ ਦੀ ਕੋਸ਼ਿਸ਼ ਕਰਦਾ ਹਾਂ ਅਤੇ ਕੁਝ ਬਾਈਬਲ ਸਟੱਡੀਆਂ ਵੀ ਕਰਾ ਰਿਹਾ ਹਾਂ। ਭਰਾ ਹਾਲੇ ਵੀ ਕਹਿੰਦੇ ਹਨ ਕਿ ਜਦੋਂ ਮੈਂ ਭਾਸ਼ਣ ਦਿੰਦਾ ਹਾਂ, ਤਾਂ ਮੈਂ “ਧਮਾਕੇਦਾਰ” ਭਾਸ਼ਣ ਦਿੰਦਾ ਹਾਂ। ਮੈਂ ਯਹੋਵਾਹ ਦਾ ਸ਼ੁਕਰਗੁਜ਼ਾਰ ਹਾਂ ਕਿ ਉਮਰ ਵਧਣ ਨਾਲ ਮੇਰਾ ਜੋਸ਼ ਨਹੀਂ ਘਟਿਆ।

ਜਦੋਂ ਮੈਂ ਨੌਜਵਾਨ ਹੁੰਦਾ ਸੀ, ਤਾਂ ਮੇਰੇ ਉੱਤੇ ਮੌਤ ਦਾ ਡਰ ਹਾਵੀ ਰਹਿੰਦਾ ਸੀ, ਪਰ ਬਾਈਬਲ ਦਾ ਸਹੀ ਗਿਆਨ ਲੈ ਕੇ ਮੈਨੂੰ ਸਦਾ ਦੀ ਜ਼ਿੰਦਗੀ ਦੀ ਪੱਕੀ ਉਮੀਦ ਮਿਲੀ ਹੈ—ਅਜਿਹੀ ਜ਼ਿੰਦਗੀ ਜਿਸ ਨੂੰ ਯਿਸੂ ਨੇ ‘ਚੋਖਾ ਜੀਉਣ’ ਕਿਹਾ ਸੀ। (ਯੂਹੰ. 10:10) ਮੈਂ ਇਸੇ ਜ਼ਿੰਦਗੀ ਦੀ ਉਡੀਕ ਕਰ ਰਿਹਾ ਹਾਂ ਜਿਸ ਵਿਚ ਸ਼ਾਂਤੀ, ਸੁਰੱਖਿਆ ਅਤੇ ਖ਼ੁਸ਼ੀ ਦੇ ਨਾਲ-ਨਾਲ ਯਹੋਵਾਹ ਤੋਂ ਢੇਰ ਸਾਰੀਆਂ ਬਰਕਤਾਂ ਮਿਲਣਗੀਆਂ। ਇਸ ਸਭ ਕਾਸੇ ਦਾ ਸਿਹਰਾ ਸਾਡੇ ਪਿਆਰੇ ਸਿਰਜਣਹਾਰ ਨੂੰ ਜਾਂਦਾ ਹੈ ਜਿਸ ਦੇ ਨਾਂ ਤੋਂ ਸਦਾਉਣ ਦਾ ਸਾਨੂੰ ਸਨਮਾਨ ਮਿਲਿਆ ਹੈ।—ਜ਼ਬੂ. 83:18.

[ਸਫ਼ੇ 22, 23 ਉੱਤੇ ਨਕਸ਼ਾ]

(ਪੂਰੀ ਤਰ੍ਹਾਂ ਫੋਰਮੈਟ ਕੀਤੇ ਹੋਏ ਟੈਕਸਟ ਲਈ, ਪ੍ਰਕਾਸ਼ਨ ਦੇਖੋ)

ਸਵਿਟਜ਼ਰਲੈਂਡ

ਬਰਨ

ਜਿਊਰਿਕ

ਆਰਬੋਂ

ਸ਼ਟਾਈਨਾਕ

ਇਟਲੀ

ਰੋਮ

ਕੋਮੋ

ਮਿਲਾਨ

ਆਦਾ ਨਦੀ

ਕਾਸਤੀਓਨੇ ਆਂਦੇਵੇਨੋ

ਫਾਏਂਜ਼ਾ

ਸੁਲਮੋਨਾ

ਵੇਨਤੋਤੇਨੇ

[ਸਫ਼ਾ 22 ਉੱਤੇ ਤਸਵੀਰ]

ਗਿਲਿਅਡ ਜਾਂਦੇ ਸਮੇਂ

[ਸਫ਼ਾ 22 ਉੱਤੇ ਤਸਵੀਰ]

ਗਿਲਿਅਡ ਦੌਰਾਨ ਜੂਜ਼ੇਪੇ ਨਾਲ

[ਸਫ਼ਾ 23 ਉੱਤੇ ਤਸਵੀਰ]

ਸਾਡੇ ਵਿਆਹ ਦੇ ਦਿਨ ਦੌਰਾਨ

[ਸਫ਼ਾ 23 ਉੱਤੇ ਤਸਵੀਰ]

ਮੇਰੀ ਪਿਆਰੀ ਪਤਨੀ 55 ਸਾਲਾਂ ਤੋਂ ਮੇਰਾ ਸਾਥ ਦੇ ਰਹੀ ਹੈ