Skip to content

Skip to table of contents

ਯਹੋਵਾਹ ਦੇ ਲੋਕਾਂ ਨੂੰ ਮਿਲੀ ਕਾਨੂੰਨੀ ਜਿੱਤ!

ਯਹੋਵਾਹ ਦੇ ਲੋਕਾਂ ਨੂੰ ਮਿਲੀ ਕਾਨੂੰਨੀ ਜਿੱਤ!

ਯਹੋਵਾਹ ਦੇ ਲੋਕਾਂ ਨੂੰ ਮਿਲੀ ਕਾਨੂੰਨੀ ਜਿੱਤ!

ਸੋਵੀਅਤ ਸੰਘ ਦੀ ਸਰਕਾਰ ਨੇ 1991 ਵਿਚ ਯਹੋਵਾਹ ਦੇ ਗਵਾਹਾਂ ਨੂੰ ਦੇਸ਼ ਵਿਚ ਮਾਨਤਾ-ਪ੍ਰਾਪਤ ਧਰਮ ਦੇ ਤੌਰ ਤੇ ਰਜਿਸਟਰ ਕਰ ਲਿਆ। ਜਦੋਂ ਸੋਵੀਅਤ ਸੰਘ ਦਾ ਅੰਤ ਹੋਇਆ, ਤਾਂ ਰੂਸ ਦੀ ਨਵੀਂ ਸਰਕਾਰ ਨੇ ਵੀ ਯਹੋਵਾਹ ਦੇ ਗਵਾਹਾਂ ਨੂੰ ਰੂਸ ਦੇ ਮਾਨਤਾ-ਪ੍ਰਾਪਤ ਧਰਮਾਂ ਦੀ ਲਿਸਟ ਵਿਚ ਸ਼ਾਮਲ ਕਰ ਲਿਆ। ਨਵੀਂ ਸਰਕਾਰ ਨੇ ਮੰਨਿਆ ਕਿ ਪੁਰਾਣੀ ਸਰਕਾਰ ਨੇ ਭੈਣਾਂ-ਭਰਾਵਾਂ ਨੂੰ ਸਤਾਇਆ ਸੀ। 1993 ਵਿਚ ਮਾਸਕੋ ਦੇ ਨਿਆਂ ਵਿਭਾਗ ਨੇ ਗਵਾਹਾਂ ਨੂੰ ਕਾਨੂੰਨੀ ਤੌਰ ਤੇ ਯਹੋਵਾਹ ਦੇ ਗਵਾਹਾਂ ਦੀ ਮਾਸਕੋ ਕਮਿਊਨਟੀ ਦੇ ਤੌਰ ਤੇ ਰਜਿਸਟਰ ਕਰ ਲਿਆ। 1993 ਵਿਚ ਰੂਸ ਦੀ ਸਰਕਾਰ ਨੇ ਨਵਾਂ ਸੰਵਿਧਾਨ ਵੀ ਬਣਾਇਆ। ਇਹ ਸੰਵਿਧਾਨ ਕਹਿੰਦਾ ਹੈ ਕਿ ਹਰ ਕਿਸੇ ਨੂੰ ਕੋਈ ਵੀ ਧਰਮ ਅਪਣਾਉਣ ਦੀ ਆਜ਼ਾਦੀ ਹੈ। ਸਾਡੇ ਭੈਣ-ਭਰਾ ਤਾਂ ਕਈ ਸਾਲਾਂ ਤੋਂ ਇਹੋ ਜਿਹੀਆਂ ਤਬਦੀਲੀਆਂ ਹੋਣ ਦੀ ਉਡੀਕ ਕਰ ਰਹੇ ਸਨ।

ਇਸ ਤੋਂ ਬਾਅਦ ਰੂਸ ਦੇ ਭੈਣਾਂ-ਭਰਾਵਾਂ ਨੇ ਵਧ-ਚੜ੍ਹ ਕੇ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ ਜਿਸ ਦੇ ਨਤੀਜੇ ਵਜੋਂ ਬਹੁਤ ਸਾਰੇ ਲੋਕਾਂ ਨੇ ਸੱਚਾਈ ਸਿੱਖੀ। (2 ਤਿਮੋ. 4:2) 1990-1995 ਤਕ ਮਾਸਕੋ ਵਿਚ ਗਵਾਹਾਂ ਦੀ ਗਿਣਤੀ ਤਕਰੀਬਨ 300 ਤੋਂ ਵੱਧ ਕੇ 5,000 ਤੋਂ ਜ਼ਿਆਦਾ ਹੋ ਗਈ! ਇਸ ਕਾਰਨ ਯਹੋਵਾਹ ਦੇ ਗਵਾਹਾਂ ਦੇ ਦੁਸ਼ਮਣ ਫ਼ਿਕਰਾਂ ਵਿਚ ਪੈ ਗਏ। ਇਸੇ ਸਮੇਂ ਦੌਰਾਨ ਉਨ੍ਹਾਂ ਨੇ ਅਦਾਲਤਾਂ ਵਿਚ ਯਹੋਵਾਹ ਦੇ ਲੋਕਾਂ ਉੱਤੇ ਹਮਲੇ ਕਰਨੇ ਜਾਂ ਉਨ੍ਹਾਂ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ।

ਅਪਰਾਧੀ ਠਹਿਰਾਉਣ ਲਈ ਜਾਂਚ-ਪੜਤਾਲ ਸ਼ੁਰੂ

ਪਹਿਲਾ ਹਮਲਾ ਜੂਨ 1995 ਵਿਚ ਹੋਇਆ ਸੀ। ਰੂਸ ਦੇ ਆਰਥੋਡਾਕਸ ਚਰਚ ਦੀ ਹਿਮਾਇਤ ਕਰਨ ਵਾਲੇ ਮਾਸਕੋ ਦੇ ਲੋਕਾਂ ਦੇ ਇਕ ਸਮੂਹ ਨੇ ਸਾਡੇ ਭੈਣਾਂ-ਭਰਾਵਾਂ ਉੱਤੇ ਗ਼ੈਰ-ਕਾਨੂੰਨੀ ਕੰਮ ਕਰਨ ਦਾ ਦੋਸ਼ ਲਾਇਆ ਅਤੇ ਉਨ੍ਹਾਂ ਨੂੰ ਅਦਾਲਤ ਵਿਚ ਘੜੀਸਿਆ। ਜੂਨ 1996 ਵਿਚ ਜਾਂਚ-ਪੜਤਾਲ ਕਰਨ ਵਾਲਿਆਂ ਨੇ ਕਿਹਾ ਕਿ ਯਹੋਵਾਹ ਦੇ ਗਵਾਹਾਂ ਖ਼ਿਲਾਫ਼ ਉਨ੍ਹਾਂ ਨੂੰ ਕੋਈ ਸਬੂਤ ਨਹੀਂ ਮਿਲਿਆ। ਪਰ ਮਾਸਕੋ ਦੇ ਇਸ ਗਰੁੱਪ ਨੇ ਚਾਰ ਵਾਰ ਸਾਡੇ ਭੈਣਾਂ-ਭਰਾਵਾਂ ਉੱਤੇ ਉਹੀ ਦੋਸ਼ ਲਗਾਏ। ਹਰ ਵਾਰ ਜਾਂਚ-ਪੜਤਾਲ ਕਰਨ ਵਾਲਿਆਂ ਨੇ ਸਬੂਤ ਦੀ ਖੋਜ ਕੀਤੀ, ਪਰ ਉਨ੍ਹਾਂ ਨੂੰ ਯਹੋਵਾਹ ਦੇ ਗਵਾਹਾਂ ਖ਼ਿਲਾਫ਼ ਕੋਈ ਵੀ ਸਬੂਤ ਨਹੀਂ ਮਿਲਿਆ। ਇਸੇ ਗਰੁੱਪ ਨੇ ਇਕ ਹੋਰ ਵਾਰ ਜਾਂਚ-ਪੜਤਾਲ ਕਰਨ ਦੀ ਬੇਨਤੀ ਕੀਤੀ। ਅਖ਼ੀਰ ਨਵੇਂ ਪੜਤਾਲੀਏ ਨੇ 13 ਅਪ੍ਰੈਲ 1998 ਨੂੰ ਕੇਸ ਬੰਦ ਕਰ ਦਿੱਤਾ ਗਿਆ।

ਪੰਜਵੀਂ ਵਾਰ ਜਾਂਚ-ਪੜਤਾਲ ਹੋਣ ਤੇ ਵਿਰੋਧੀ ਪੱਖ ਦੀ ਵਕੀਲ ਦੇ ਨੁਮਾਇੰਦੇ ਨੇ ਕਿਹਾ ਕਿ ਯਹੋਵਾਹ ਦੇ ਗਵਾਹਾਂ ਖ਼ਿਲਾਫ਼ ਇੱਦਾਂ ਦਾ ਕੋਈ ਸਬੂਤ ਨਹੀਂ ਮਿਲਿਆ ਜਿਸ ਤੋਂ ਪਤਾ ਲੱਗੇ ਕਿ ਉਨ੍ਹਾਂ ਨੇ ਕਾਨੂੰਨ ਦੇ ਖ਼ਿਲਾਫ਼ ਕੁਝ ਕੀਤਾ ਹੈ। ਪਰ ਫਿਰ ਉਸ ਨੇ ਸਲਾਹ ਦੇ ਕੇ ਕਿਹਾ ਕਿ ਗਵਾਹਾਂ ਨੂੰ ਰੋਕਣ ਦਾ ਇਕ ਹੋਰ ਤਰੀਕਾ ਹੈ ਕਿ ਪੁਲਸ ਦੀ ਬਜਾਇ, ਪਬਲਿਕ ਨੂੰ ਉਨ੍ਹਾਂ ਦੇ ਖ਼ਿਲਾਫ਼ ਸ਼ਿਕਾਇਤ ਦਾਇਰ ਕਰਨੀ ਚਾਹੀਦੀ ਹੈ। ਇਸ ਲਈ ਮਾਸਕੋ ਦੇ ਉੱਤਰੀ ਪ੍ਰਬੰਧਕੀ ਸਰਕਟ ਤੋਂ ਵਿਰੋਧੀ ਪੱਖ ਦੀ ਵਕੀਲ ਨੇ ਭੈਣਾਂ-ਭਰਾਵਾਂ ਖ਼ਿਲਾਫ਼ ਲੋਕਾਂ ਤੋਂ ਸ਼ਿਕਾਇਤ ਦਰਜ ਕਰਵਾਈ। ਇਸ ਲਈ 29 ਸਤੰਬਰ 1998 ਨੂੰ ਕੇਸ ਮਾਸਕੋ ਦੀ ਗਲਵਿੰਸਕੀ ਜ਼ਿਲ੍ਹਾ ਅਦਾਲਤ ਵਿਚ ਸ਼ੁਰੂ ਹੋ ਗਿਆ।

ਅਦਾਲਤ ਵਿਚ ਬਾਈਬਲ

ਉੱਤਰੀ ਮਾਸਕੋ ਦੀ ਅਦਾਲਤ ਦੇ ਛੋਟੇ ਜਿਹੇ ਕਮਰੇ ਵਿਚ ਵਿਰੋਧੀ ਪੱਖ ਦੀ ਵਕੀਲ ਤਾਤੇਆਨਾ ਕੋਂਦਰਾਤਾਏਵਾ ਨੇ ਗਵਾਹਾਂ ਉੱਤੇ ਹਮਲਾ ਕਰਨ ਲਈ ਰਾਸ਼ਟਰੀ ਕਾਨੂੰਨ ਵਰਤਿਆ ਜੋ 1997 ਵਿਚ ਪਾਸ ਕੀਤਾ ਗਿਆ ਸੀ। ਇਹ ਕਾਨੂੰਨ ਕਹਿੰਦਾ ਹੈ ਕਿ ਸਿਰਫ਼ ਆਰਥੋਡਾਕਸ ਈਸਾਈ ਧਰਮ, ਇਸਲਾਮ, ਯਹੂਦੀ ਅਤੇ ਬੁੱਧ ਧਰਮ ਹੀ ਰਵਾਇਤੀ ਧਰਮ ਹਨ। ਇਕ ਅਖ਼ਬਾਰ ਨੇ ਕਿਹਾ ਕਿ ਰੂਸ ਦੇ ਆਰਥੋਡਾਕਸ ਚਰਚ ਨੇ ਸਰਕਾਰ ਤੋਂ ਇਹ ਕਾਨੂੰਨ ਪਾਸ ਕਰਵਾਉਣ ਲਈ ਬਹੁਤ ਮਿਹਨਤ ਕੀਤੀ ਕਿਉਂਕਿ ਚਰਚ ਚਾਹੁੰਦਾ ਸੀ ਕਿ ਸਰਕਾਰ ਯਹੋਵਾਹ ਦੇ ਗਵਾਹਾਂ ਉੱਤੇ ਪਾਬੰਦੀ ਲਾਵੇ। (ਅਸੋਸੀਏਟਿਡ ਪ੍ਰੈੱਸ, 25 ਜੂਨ 1999) ਇਸ ਕਾਨੂੰਨ ਮੁਤਾਬਕ ਅਦਾਲਤ ਉਨ੍ਹਾਂ ਧਰਮਾਂ ਉੱਤੇ ਪਾਬੰਦੀ ਲਾ ਸਕਦੀ ਹੈ ਜਿਨ੍ਹਾਂ ਕਾਰਨ ਲੋਕ ਦੂਜਿਆਂ ਨਾਲ ਨਫ਼ਰਤ ਕਰਦੇ ਹਨ। ਵਿਰੋਧੀ ਪੱਖ ਦੀ ਵਕੀਲ ਨੇ ਕਿਹਾ ਕਿ ਸਰਕਾਰ ਨੂੰ ਯਹੋਵਾਹ ਦੇ ਗਵਾਹਾਂ ਉੱਤੇ ਪਾਬੰਦੀ ਲਾਉਣੀ ਚਾਹੀਦੀ ਹੈ ਕਿਉਂਕਿ ਉਹ ਲੋਕਾਂ ਨੂੰ ਦੂਜਿਆਂ ਨਾਲ ਨਫ਼ਰਤ ਕਰਨ ਲਈ ਕਹਿੰਦੇ ਹਨ ਅਤੇ ਪਰਿਵਾਰਾਂ ਨੂੰ ਤਬਾਹ ਕਰਦੇ ਹਨ।

ਸਾਡੇ ਭਰਾਵਾਂ ਦੇ ਵਕੀਲ ਨੇ ਪੁੱਛਿਆ: “ਮਾਸਕੋ ਕਲੀਸਿਯਾ ਦੇ ਕਿਹੜੇ ਲੋਕ ਕਾਨੂੰਨ ਦੀ ਉਲੰਘਣਾ ਕਰਦੇ ਹਨ ਅਤੇ ਲੋਕਾਂ ਨੂੰ ਹੋਰਨਾਂ ਨਾਲ ਨਫ਼ਰਤ ਕਰਨੀ ਸਿਖਾਉਂਦੇ ਹਨ?” ਵਿਰੋਧੀ ਪੱਖ ਦੀ ਵਕੀਲ ਕਿਸੇ ਦਾ ਵੀ ਨਾਂ ਨਹੀਂ ਦੱਸ ਸਕੀ। ਪਰ ਉਸ ਨੇ ਕਿਹਾ ਕਿ ਯਹੋਵਾਹ ਦੇ ਗਵਾਹਾਂ ਦਾ ਸਾਹਿੱਤ ਲੋਕਾਂ ਨੂੰ ਦੂਸਰੇ ਧਰਮਾਂ ਦੇ ਲੋਕਾਂ ਨਾਲ ਨਫ਼ਰਤ ਕਰਨੀ ਸਿਖਾਉਂਦਾ ਹੈ। ਇਸ ਗੱਲ ਦਾ ਸਬੂਤ ਦੇਣ ਲਈ ਉਸ ਨੇ ਪਹਿਰਾਬੁਰਜ ਅਤੇ ਜਾਗਰੂਕ ਬਣੋ! ਰਸਾਲਿਆਂ ਅਤੇ ਹੋਰ ਪ੍ਰਕਾਸ਼ਨਾਂ ਵਿੱਚੋਂ ਪੜ੍ਹਿਆ (ਤਸਵੀਰ ਦੇਖੋ)। ਜਦੋਂ ਉਸ ਨੂੰ ਪੁੱਛਿਆ ਗਿਆ ਕਿ ਇਹ ਪ੍ਰਕਾਸ਼ਨ ਕਿਵੇਂ ਨਫ਼ਰਤ ਕਰਨ ਨੂੰ ਹੱਲਾਸ਼ੇਰੀ ਦਿੰਦੇ ਹਨ, ਤਾਂ ਉਸ ਨੇ ਕਿਹਾ: “ਯਹੋਵਾਹ ਦੇ ਗਵਾਹ ਸਿਖਾਉਂਦੇ ਹਨ ਕਿ ਸਿਰਫ਼ ਉਨ੍ਹਾਂ ਦਾ ਧਰਮ ਸੱਚਾ ਹੈ।”

ਇਕ ਹੋਰ ਵਕੀਲ, ਜੋ ਸਾਡਾ ਭਰਾ ਸੀ, ਨੇ ਜੱਜ ਅਤੇ ਵਿਰੋਧੀ ਪੱਖ ਦੀ ਵਕੀਲ ਨੂੰ ਬਾਈਬਲ ਦਿੱਤੀ। ਫਿਰ ਉਸ ਨੇ ਅਫ਼ਸੀਆਂ 4:5 ਪੜ੍ਹਿਆ ਜੋ ਕਹਿੰਦਾ ਹੈ: “ਇੱਕੋ ਪ੍ਰਭੁ, ਇੱਕੋ ਨਿਹਚਾ, ਇੱਕੋ ਬਪਤਿਸਮਾ ਹੈ।” ਇਸ ਤੋਂ ਬਾਅਦ ਜੱਜ, ਵਿਰੋਧੀ ਪੱਖ ਦੀ ਵਕੀਲ ਅਤੇ ਸਾਡੇ ਵਕੀਲ, ਸਾਰਿਆਂ ਦੇ ਹੱਥਾਂ ਵਿਚ ਬਾਈਬਲਾਂ ਸਨ ਅਤੇ ਉਨ੍ਹਾਂ ਨੇ ਯੂਹੰਨਾ 17:18 ਤੇ ਯਾਕੂਬ 1:27 ਸਮੇਤ ਕੁਝ ਹਵਾਲਿਆਂ ਉੱਤੇ ਗੱਲਬਾਤ ਕੀਤੀ। ਜੱਜ ਨੇ ਪੁੱਛਿਆ: “ਕੀ ਇਹ ਹਵਾਲੇ ਲੋਕਾਂ ਨੂੰ ਦੂਸਰੇ ਧਰਮਾਂ ਦੇ ਲੋਕਾਂ ਨਾਲ ਨਫ਼ਰਤ ਕਰਨੀ ਸਿਖਾਉਂਦੇ ਹਨ?” ਵਿਰੋਧੀ ਪੱਖ ਦੀ ਵਕੀਲ ਨੇ ਕਿਹਾ ਕਿ ਜੋ ਉਹ ਸੋਚਦੀ ਸੀ, ਉਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿਉਂਕਿ ਉਹ ਬਾਈਬਲ ਦੀ ਵਿਦਵਾਨ ਨਹੀਂ। ਫਿਰ ਸਾਡੇ ਵਕੀਲ ਨੇ ਰੂਸੀ ਆਰਥੋਡਾਕਸ ਚਰਚ ਦੇ ਕੁਝ ਪ੍ਰਕਾਸ਼ਨ ਦਿਖਾਏ ਜਿਨ੍ਹਾਂ ਵਿਚ ਯਹੋਵਾਹ ਦੇ ਗਵਾਹਾਂ ਖ਼ਿਲਾਫ਼ ਗੱਲਾਂ ਕਹੀਆਂ ਗਈਆਂ ਸਨ ਤੇ ਪੁੱਛਿਆ: “ਜੋ ਗੱਲਾਂ ਉਹ ਇਨ੍ਹਾਂ ਪ੍ਰਕਾਸ਼ਨਾਂ ਵਿਚ ਕਹਿੰਦੇ ਹਨ, ਕੀ ਉਹ ਕਾਨੂੰਨ ਦੇ ਖ਼ਿਲਾਫ਼ ਹਨ?” ਵਿਰੋਧੀ ਪੱਖ ਦੀ ਵਕੀਲ ਨੇ ਫਿਰ ਕਿਹਾ ਕਿ “ਜੋ ਮੈਂ ਸੋਚਦੀ ਹਾਂ, ਉਹ ਇੰਨਾ ਜ਼ਰੂਰੀ ਨਹੀਂ ਕਿਉਂਕਿ ਮੈਂ ਧਰਮਾਂ ਦੀ ਵਿਦਵਾਨ ਨਹੀਂ ਹਾਂ।”

ਬੇਬੁਨਿਆਦ ਦੋਸ਼

ਜਦੋਂ ਵਿਰੋਧੀ ਪੱਖ ਦੀ ਵਕੀਲ ਨੇ ਦੋਸ਼ ਲਾਇਆ ਕਿ ਗਵਾਹ ਪਰਿਵਾਰਾਂ ਨੂੰ ਤਬਾਹ ਕਰਦੇ ਹਨ, ਤਾਂ ਉਸ ਨੇ ਕਿਹਾ ਕਿ ਇਸ ਦਾ ਇਕ ਸਬੂਤ ਹੈ ਕਿ ਉਹ ਕ੍ਰਿਸਮਸ ਵਰਗੇ ਤਿਉਹਾਰ ਨਹੀਂ ਮਨਾਉਂਦੇ। ਉਸ ਨੇ ਇਹ ਵੀ ਕਿਹਾ ਕਿ ਗਵਾਹ ਆਪਣੇ ਨਿਆਣਿਆਂ ਨੂੰ ਆਰਾਮ ਨਹੀਂ ਕਰਨ ਦਿੰਦੇ ਜਾਂ ਉਹ ਕੰਮ ਨਹੀਂ ਕਰਨ ਦਿੰਦੇ ਜਿਨ੍ਹਾਂ ਤੋਂ ਉਨ੍ਹਾਂ ਨੂੰ ਖ਼ੁਸ਼ੀ ਮਿਲਦੀ ਹੈ। ਗਵਾਹਾਂ ਦੇ ਵਕੀਲ ਨੇ ਉਸ ਨੂੰ ਜਦੋਂ ਪੁੱਛਿਆ ਕਿ ਕੀ ਉਸ ਨੇ ਗਵਾਹਾਂ ਦੇ ਕਿਸੇ ਬੱਚੇ ਨਾਲ ਕਦੇ ਗੱਲ ਕੀਤੀ ਹੈ, ਤਾਂ ਉਸ ਨੇ ਕਿਹਾ ਕਿ ਕਦੇ ਵੀ ਨਹੀਂ। ਬਾਅਦ ਵਿਚ ਉਸ ਨੇ ਮੰਨਿਆ ਕਿ ਰੂਸੀ ਕਾਨੂੰਨ ਰੂਸ ਦੇ ਗਵਾਹਾਂ ਸਮੇਤ ਹੋਰ ਲੋਕਾਂ ਨੂੰ ਕ੍ਰਿਸਮਸ ਮਨਾਉਣ ਲਈ ਮਜਬੂਰ ਨਹੀਂ ਕਰਦਾ। ਇਹ ਤਿਉਹਾਰ ਮਨਾਉਣਾ ਜਾਂ ਨਹੀਂ ਮਨਾਉਣਾ ਉਨ੍ਹਾਂ ਦਾ ਨਿੱਜੀ ਮਾਮਲਾ ਹੈ। ਪਰ ਜਦੋਂ ਸਾਡੇ ਵਕੀਲ ਨੇ ਉਸ ਨੂੰ ਪੁੱਛਿਆ ਕਿ ਕੀ ਉਹ ਕਦੇ ਗਵਾਹਾਂ ਦੀਆਂ ਮੀਟਿੰਗਾਂ ਵਿਚ ਗਈ ਹੈ, ਤਾਂ ਉਸ ਨੇ ਕਿਹਾ ਕਿ “ਉਸ ਨੂੰ ਜਾਣ ਦੀ ਲੋੜ ਨਹੀਂ।”

ਵਿਰੋਧੀ ਪੱਖ ਦੀ ਵਕੀਲ ਨੇ ਮਨੋ-ਵਿਗਿਆਨ ਦੇ ਪ੍ਰੋਫ਼ੈਸਰ ਨੂੰ ਅਦਾਲਤ ਵਿਚ ਆਪਣੀ ਰਾਇ ਦੇਣ ਲਈ ਬੁਲਾਇਆ। ਪ੍ਰੋਫ਼ੈਸਰ ਨੇ ਕਿਹਾ ਕਿ ਸਾਡਾ ਸਾਹਿੱਤ ਪੜ੍ਹ ਕੇ ਲੋਕੀ ਮਾਨਸਿਕ ਸਮੱਸਿਆਵਾਂ ਦੇ ਸ਼ਿਕਾਰ ਹੁੰਦੇ ਹਨ। ਉਸ ਨੇ ਮੰਨਿਆ ਕਿ ਉਸ ਨੇ ਇਸ ਕੇਸ ਬਾਰੇ ਕਈ ਗੱਲਾਂ ਮਾਸਕੋ ਦੇ ਆਰਥੋਡਾਕਸ ਚਰਚ ਦੇ ਆਗੂਆਂ ਵੱਲੋਂ ਲਿਖੇ ਦਸਤਾਵੇਜ਼ ਵਿੱਚੋਂ ਹੀ ਲਈਆਂ ਸਨ। ਹੋਰ ਪੁੱਛ-ਗਿੱਛ ਕਰਨ ਤੋਂ ਬਾਅਦ ਜ਼ਾਹਰ ਹੋਇਆ ਕਿ ਉਸ ਨੇ ਕਦੇ ਵੀ ਅਜਿਹੇ ਮਰੀਜ਼ ਦਾ ਇਲਾਜ ਨਹੀਂ ਕੀਤਾ ਜੋ ਯਹੋਵਾਹ ਦਾ ਗਵਾਹ ਸੀ। ਇਕ ਹੋਰ ਡਾਕਟਰ ਨੇ ਅਦਾਲਤ ਵਿਚ ਕਿਹਾ ਕਿ ਉਸ ਨੇ ਮਾਸਕੋ ਵਿਚ 100 ਤੋਂ ਜ਼ਿਆਦਾ ਗਵਾਹਾਂ ਦਾ ਅਧਿਐਨ ਕੀਤਾ ਹੈ। ਉਸ ਨੇ ਦੱਸਿਆ ਕਿ ਇਹ ਗਵਾਹ ਮਾਨਸਿਕ ਤੌਰ ਤੇ ਸਿਹਤਮੰਦ ਸਨ ਅਤੇ ਯਹੋਵਾਹ ਦੇ ਗਵਾਹ ਬਣਨ ਤੋਂ ਬਾਅਦ ਉਹ ਹੋਰਨਾਂ ਧਰਮਾਂ ਦੀ ਪਹਿਲਾਂ ਨਾਲੋਂ ਜ਼ਿਆਦਾ ਇੱਜ਼ਤ ਕਰਦੇ ਸਨ।

ਸਾਨੂੰ ਜਿੱਤ ਤਾਂ ਮਿਲੀ, ਪਰ ਮੁਕੱਦਮਾ ਚੱਲਦਾ ਰਿਹਾ

12 ਮਾਰਚ 1999 ਨੂੰ ਜੱਜ ਨੇ ਪੰਜ ਮਾਹਰ ਲੋਕਾਂ ਨੂੰ ਯਹੋਵਾਹ ਦੇ ਗਵਾਹਾਂ ਦਾ ਸਾਹਿੱਤ ਪੜ੍ਹਨ ਲਈ ਚੁਣਿਆ ਅਤੇ ਕੁਝ ਸਮੇਂ ਲਈ ਮੁਕੱਦਮਾ ਮੁਲਤਵੀ ਕਰ ਦਿੱਤਾ ਗਿਆ। ਪਰ ਇਸ ਤੋਂ ਪਹਿਲਾਂ, ਸਾਰੇ ਰੂਸ ਦੇਸ਼ ਦੇ ਨਿਆਂ ਮੰਤਰਾਲੇ (Ministry of Justice) ਨੇ ਵੀ ਮਾਹਰ ਲੋਕਾਂ ਦੇ ਇਕ ਗਰੁੱਪ ਨੂੰ ਸਾਡੇ ਸਾਹਿੱਤ ਦਾ ਅਧਿਐਨ ਕਰਨ ਦਾ ਹੁਕਮ ਦਿੱਤਾ। 15 ਅਪ੍ਰੈਲ 1999 ਨੂੰ ਇਸ ਗਰੁੱਪ ਨੇ ਕਿਹਾ ਕਿ ਉਨ੍ਹਾਂ ਨੂੰ ਸਾਡੇ ਪ੍ਰਕਾਸ਼ਨਾਂ ਵਿਚ ਕੋਈ ਵੀ ਮਾੜੀ ਗੱਲ ਨਹੀਂ ਲੱਭੀ। ਇਸ ਕਾਰਨ 29 ਅਪ੍ਰੈਲ 1999 ਨੂੰ ਨਿਆਂ ਮੰਤਰਾਲੇ ਨੇ ਫ਼ੈਸਲਾ ਕੀਤਾ ਕਿ ਰੂਸ ਵਿਚ ਯਹੋਵਾਹ ਦੇ ਗਵਾਹ ਕਾਨੂੰਨੀ ਮਾਨਤਾ-ਪ੍ਰਾਪਤ ਧਰਮ ਬਣਿਆ ਰਹੇਗਾ। ਪਰ ਇਸ ਦੇ ਬਾਵਜੂਦ, ਮਾਸਕੋ ਵਿਚ ਜੱਜ ਨੇ ਫ਼ੈਸਲਾ ਕੀਤਾ ਕਿ ਉਸ ਦੇ ਚੁਣੇ ਹੋਏ ਪੰਜ ਲੋਕ ਸਾਡੇ ਸਾਹਿੱਤ ਦਾ ਅਧਿਐਨ ਕਰਨਗੇ। ਇਹ ਤਾਂ ਬਹੁਤ ਅਜੀਬ ਗੱਲ ਸੀ। ਰੂਸ ਦੇਸ਼ ਦੇ ਨਿਆਂ ਮੰਤਰਾਲੇ ਨੇ ਕਿਹਾ ਕਿ ਯਹੋਵਾਹ ਦੇ ਗਵਾਹ ਕਾਨੂੰਨ ਦੀ ਪਾਲਣਾ ਕਰਦੇ ਹਨ ਅਤੇ ਇਸ ਧਰਮ ਨੂੰ ਕਾਨੂੰਨੀ ਮਾਨਤਾ ਦਿੱਤੀ ਜਾ ਸਕਦੀ ਹੈ। ਇਸੇ ਦੌਰਾਨ ਮਾਸਕੋ ਨਿਆਂ ਵਿਭਾਗ (Department of Justice) ਗਵਾਹਾਂ ਦੀ ਜਾਂਚ-ਪੜਤਾਲ ਕਰ ਰਿਹਾ ਸੀ ਕਿਉਂਕਿ ਦੂਜਿਆਂ ਨੇ ਉਨ੍ਹਾਂ ਉੱਤੇ ਕਾਨੂੰਨ ਤੋੜਨ ਦਾ ਦੋਸ਼ ਲਾਇਆ ਸੀ!

ਦੋ ਸਾਲਾਂ ਬਾਅਦ ਮਾਸਕੋ ਵਿਚ ਫਿਰ ਕੇਸ ਸ਼ੁਰੂ ਹੋ ਗਿਆ। 23 ਫਰਵਰੀ 2001 ਨੂੰ ਜੱਜ ਯਲੇਨਾ ਪ੍ਰੋਹੋਰੀਚੇਵਾ ਨੇ ਫ਼ੈਸਲਾ ਸੁਣਾਇਆ ਕਿ ਮਾਸਕੋ ਵਿਚ ਯਹੋਵਾਹ ਦੇ ਗਵਾਹਾਂ ਦੇ ਕੰਮ ਉੱਤੇ ਪਾਬੰਦੀ ਲਾਉਣ ਦਾ ਕੋਈ ਕਾਰਨ ਨਜ਼ਰ ਨਹੀਂ ਆਇਆ। ਅਖ਼ੀਰ ਵਿਚ ਅਦਾਲਤ ਨੇ ਫ਼ੈਸਲਾ ਕੀਤਾ ਕਿ ਸਾਡੇ ਭੈਣਾਂ-ਭਰਾਵਾਂ ਉੱਤੇ ਲਾਏ ਸਾਰੇ ਦੋਸ਼ ਸਰਾਸਰ ਝੂਠੇ ਸਨ! ਪਰ ਵਿਰੋਧੀ ਪੱਖ ਦੀ ਵਕੀਲ ਇਸ ਫ਼ੈਸਲੇ ਨਾਲ ਸਹਿਮਤ ਨਹੀਂ ਹੋਈ ਅਤੇ ਇਸ ਵਾਰ ਉਸ ਨੇ ਮਾਸਕੋ ਸ਼ਹਿਰ ਦੀ ਅਦਾਲਤ ਨੂੰ ਕੇਸ ਦਾ ਅਧਿਐਨ ਕਰਨ ਲਈ ਪੁੱਛਿਆ। ਤਿੰਨ ਮਹੀਨਿਆਂ ਬਾਅਦ 30 ਮਈ 2001 ਨੂੰ ਇਸ ਅਦਾਲਤ ਨੇ ਜੱਜ ਪ੍ਰੋਹੋਰੀਚੇਵਾ ਦਾ ਫ਼ੈਸਲਾ ਰੱਦ ਕਰ ਦਿੱਤਾ। ਅਦਾਲਤ ਨੇ ਵਿਰੋਧੀ ਪੱਖ ਦੀ ਇਸੇ ਵਕੀਲ ਅਤੇ ਵੱਖਰੇ ਜੱਜ ਨਾਲ ਇਕ ਹੋਰ ਕੇਸ ਸ਼ੁਰੂ ਕਰਨ ਦਾ ਹੁਕਮ ਦਿੱਤਾ।

ਅਸੀਂ ਹਾਰ ਗਏ, ਪਰ ਪੱਕੀ ਹਾਰ ਨਹੀਂ

30 ਅਕਤੂਬਰ 2001 ਨੂੰ ਫਿਰ ਕੇਸ ਸ਼ੁਰੂ ਹੋ ਗਿਆ। ਇਸ ਵਾਰ ਜੋ ਜੱਜ ਸੀ, ਉਸ ਦਾ ਨਾਂ ਸੀ ਵੇਰਾ ਦੂਬਿਨਸਕਾਇਆ। ਵਿਰੋਧੀ ਪੱਖ ਦੀ ਵਕੀਲ ਕੋਂਦਰਾਤਾਏਵਾ ਨੇ ਇਕ ਵਾਰ ਫਿਰ ਯਹੋਵਾਹ ਦੇ ਗਵਾਹਾਂ ਉੱਤੇ ਦੋਸ਼ ਲਾਇਆ ਕਿ ਉਹ ਲੋਕਾਂ ਨੂੰ ਦੂਜਿਆਂ ਨਾਲ ਨਫ਼ਰਤ ਕਰਨੀ ਸਿਖਾਉਂਦੇ ਹਨ। ਪਰ ਫਿਰ ਉਸ ਨੇ ਕਿਹਾ ਕਿ ਸਰਕਾਰ ਨੂੰ ਯਹੋਵਾਹ ਦੇ ਗਵਾਹਾਂ ਦੀ ਰੱਖਿਆ ਲਈ ਉਨ੍ਹਾਂ ਉੱਤੇ ਪਾਬੰਦੀ ਲਾਉਣੀ ਚਾਹੀਦੀ ਹੈ! ਜਦੋਂ ਗਵਾਹਾਂ ਨੇ ਸੁਣਿਆ ਤਾਂ ਮਾਸਕੋ ਦੇ ਸਾਰੇ 10,000 ਯਹੋਵਾਹ ਦੇ ਗਵਾਹਾਂ ਨੇ ਇਕ ਪਟੀਸ਼ਨ ਉੱਤੇ ਦਸਤਖਤ ਕਰ ਕੇ ਜੱਜ ਨੂੰ ਕਿਹਾ ਕਿ ਸਾਨੂੰ ਵਿਰੋਧੀ ਪੱਖ ਵੱਲੋਂ ਪੇਸ਼ ਕੀਤੀ “ਸੁਰੱਖਿਆ” ਨਹੀਂ ਚਾਹੀਦੀ। ਦਿਲਚਸਪੀ ਦੀ ਗੱਲ ਹੈ ਕਿ ਇਸੇ ਤਾਰੀਖ਼ ਨੂੰ 10 ਸਾਲ ਪਹਿਲਾਂ 30 ਅਕਤੂਬਰ 1991 ਨੂੰ ਸਰਕਾਰ ਨੇ ਮੰਨਿਆ ਸੀ ਕਿ ਸੋਵੀਅਤ ਸਰਕਾਰ ਨੇ ਯਹੋਵਾਹ ਦੇ ਗਵਾਹਾਂ ਨੂੰ ਉਨ੍ਹਾਂ ਦੇ ਧਰਮ ਕਾਰਨ ਸਤਾਇਆ ਸੀ।

ਵਿਰੋਧੀ ਪੱਖ ਦੀ ਵਕੀਲ ਨੇ ਕਿਹਾ ਕਿ ਉਸ ਨੂੰ ਸਬੂਤ ਦੇਣ ਦੀ ਲੋੜ ਨਹੀਂ ਸੀ ਕਿ ਗਵਾਹ ਕੁਝ ਗ਼ਲਤ ਕਰ ਰਹੇ ਸਨ। ਉਸ ਨੇ ਕਿਹਾ ਕਿ ਕੇਸ ਇਸ ਬਾਰੇ ਨਹੀਂ ਸੀ ਕਿ ਯਹੋਵਾਹ ਦੇ ਗਵਾਹ ਕੀ ਕਰਦੇ ਸਨ, ਪਰ ਉਨ੍ਹਾਂ ਦੇ ਸਾਹਿੱਤ ਅਤੇ ਵਿਸ਼ਵਾਸਾਂ ਬਾਰੇ ਸੀ। ਉਸ ਨੇ ਕਿਹਾ ਕਿ ਉਹ ਰੂਸ ਦੇ ਆਰਥੋਡਾਕਸ ਚਰਚ ਦੇ ਕਿਸੇ ਮੈਂਬਰ ਨੂੰ ਗਵਾਹ ਵਜੋਂ ਅਦਾਲਤ ਵਿਚ ਪੇਸ਼ ਕਰੇਗੀ। ਇਸ ਤੋਂ ਸਾਫ਼ ਜ਼ਾਹਰ ਹੋ ਗਿਆ ਸੀ ਕਿ ਰੂਸੀ ਆਰਥੋਡਾਕਸ ਚਰਚ ਦੇ ਆਗੂ ਗਵਾਹਾਂ ਉੱਤੇ ਪਾਬੰਦੀ ਲਗਵਾਉਣ ਲਈ ਕਿੰਨੇ ਉਤਾਵਲੇ ਸਨ। 22 ਮਈ 2003 ਨੂੰ ਜੱਜ ਨੇ ਹੁਕਮ ਦਿੱਤਾ ਕਿ ਧਰਮਾਂ ਦੇ ਮਾਹਰਾਂ ਦਾ ਇਕ ਗਰੁੱਪ ਯਹੋਵਾਹ ਦੇ ਗਵਾਹਾਂ ਦੇ ਪ੍ਰਕਾਸ਼ਨ ਫਿਰ ਤੋਂ ਪੜ੍ਹੇ।

17 ਫਰਵਰੀ 2004 ਨੂੰ ਇਸ ਅਧਿਐਨ ਦੇ ਨਤੀਜਿਆਂ ਨੂੰ ਸੁਣਨ ਲਈ ਫਿਰ ਤੋਂ ਅਦਾਲਤ ਲੱਗੀ। ਮਾਹਰਾਂ ਨੇ ਅਧਿਐਨ ਕਰ ਕੇ ਦੇਖਿਆ ਕਿ ਸਾਡੇ ਪ੍ਰਕਾਸ਼ਨ ਲੋਕਾਂ ਨੂੰ ਸਿਖਾਉਂਦੇ ਹਨ ਕਿ ਉਹ ਆਪਣੇ ਪਰਿਵਾਰ ਅਤੇ ਵਿਆਹੁਤਾ-ਜ਼ਿੰਦਗੀ ਵਿਚ ਖ਼ੁਸ਼ੀਆਂ ਦੀ ਬਹਾਰ ਕਿਵੇਂ ਲਿਆ ਸਕਦੇ ਹਨ। ਉਨ੍ਹਾਂ ਨੂੰ ਇੱਦਾਂ ਦੀ ਕੋਈ ਗੱਲ ਨਹੀਂ ਮਿਲੀ ਜਿਸ ਤੋਂ ਲੱਗੇ ਕਿ ਅਸੀਂ ਲੋਕਾਂ ਨੂੰ ਹੋਰਨਾਂ ਨਾਲ ਨਫ਼ਰਤ ਕਰਨੀ ਸਿਖਾਉਂਦੇ ਹਾਂ। ਹੋਰਨਾਂ ਮਾਹਰਾਂ ਨੇ ਸਹਿਮਤੀ ਪ੍ਰਗਟਾਈ। ਜੱਜ ਨੇ ਧਾਰਮਿਕ ਇਤਿਹਾਸ ਦੇ ਪ੍ਰੋਫ਼ੈਸਰ ਨੂੰ ਪੁੱਛਿਆ: “ਯਹੋਵਾਹ ਦੇ ਗਵਾਹ ਪ੍ਰਚਾਰ ਕਿਉਂ ਕਰਦੇ ਹਨ?” ਪ੍ਰੋਫ਼ੈਸਰ ਨੇ ਕਿਹਾ ਕਿ ਮਸੀਹੀਆਂ ਨੂੰ ਪ੍ਰਚਾਰ ਕਰਨਾ ਚਾਹੀਦਾ ਹੈ। ਉਸ ਨੇ ਕਿਹਾ ਕਿ ਬਾਈਬਲ ਉਨ੍ਹਾਂ ਨੂੰ ਪ੍ਰਚਾਰ ਕਰਨ ਲਈ ਕਹਿੰਦੀ ਹੈ ਅਤੇ ਮਸੀਹ ਨੇ ਆਪਣੇ ਚੇਲਿਆਂ ਨੂੰ ਸਾਰੀਆਂ ਕੌਮਾਂ ਵਿਚ ਜਾ ਕੇ ਪ੍ਰਚਾਰ ਕਰਨ ਦਾ ਹੁਕਮ ਦਿੱਤਾ ਸੀ। ਸਾਰਾ ਸਬੂਤ ਮੌਜੂਦ ਹੋਣ ਦੇ ਬਾਵਜੂਦ, 26 ਮਾਰਚ 2004 ਨੂੰ ਜੱਜ ਨੇ ਮਾਸਕੋ ਵਿਚ ਯਹੋਵਾਹ ਦੇ ਗਵਾਹਾਂ ਦੇ ਕੰਮਾਂ ਉੱਤੇ ਪਾਬੰਦੀ ਲਾ ਦਿੱਤੀ। 16 ਜੂਨ 2004 ਨੂੰ ਮਾਸਕੋ ਸ਼ਹਿਰ ਦੀ ਅਦਾਲਤ ਨੇ ਇਸ ਫ਼ੈਸਲੇ ਦੀ ਹਿਮਾਇਤ ਕੀਤੀ। ਇਸ ਦਾ ਮਤਲਬ ਸੀ ਕਿ ਮਾਸਕੋ ਵਿਚ ਹੁਣ ਕਲੀਸਿਯਾਵਾਂ ਦੀ ਪ੍ਰਤਿਨਿਧਤਾ ਕਰਨ ਲਈ ਕੋਈ ਵੀ ਕਾਨੂੰਨੀ ਸੰਸਥਾ ਨਹੀਂ ਸੀ। ਦੁਸ਼ਮਣ ਸਾਡੇ ਭਰਾਵਾਂ ਲਈ ਸਮੱਸਿਆਵਾਂ ਖੜ੍ਹੀਆਂ ਕਰ ਕੇ ਉਨ੍ਹਾਂ ਦੇ ਪ੍ਰਚਾਰ ਨੂੰ ਰੋਕਣ ਦੀ ਆਸ ਲਾਈ ਬੈਠੇ ਸਨ। ਇਸ ਫ਼ੈਸਲੇ ਉੱਤੇ ਟਿੱਪਣੀ ਕਰਦਿਆਂ ਚਿਰਾਂ ਤੋਂ ਸੇਵਾ ਕਰਦੇ ਇਕ ਭਰਾ ਨੇ ਕਿਹਾ: “ਸੋਵੀਅਤ ਸੰਘ ਹੁੰਦੇ ਵੇਲੇ ਇਕ ਰੂਸੀ ਲਈ ਨਾਸਤਿਕ ਬਣਨਾ ਲਾਜ਼ਮੀ ਸੀ, ਪਰ ਅੱਜ ਇਕ ਰੂਸੀ ਲਈ ਆਰਥੋਡਾਕਸ ਹੋਣਾ ਲਾਜ਼ਮੀ ਹੈ।”

ਭਰਾਵਾਂ ਨੇ ਪਾਬੰਦੀ ਲੱਗਣ ਤੇ ਕੀ ਕੀਤਾ? ਉਨ੍ਹਾਂ ਨੇ ਪੁਰਾਣੇ ਜ਼ਮਾਨੇ ਦੇ ਨਹਮਯਾਹ ਵਾਂਗ ਕੀਤਾ। ਜਦੋਂ ਪਰਮੇਸ਼ੁਰ ਦੇ ਲੋਕਾਂ ਦੇ ਦੁਸ਼ਮਣਾਂ ਨੇ ਯਰੂਸ਼ਲਮ ਦੀਆਂ ਕੰਧਾਂ ਬਣਾਉਣ ਤੋਂ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਤਾਂ ਨਹਮਯਾਹ ਅਤੇ ਉਸ ਦੇ ਲੋਕ ਕਿਸੇ ਵੀ ਤਰ੍ਹਾਂ ਦੇ ਵਿਰੋਧ ਕਾਰਨ ਕੰਧਾਂ ਬਣਾਉਣ ਤੋਂ ਰੁਕੇ ਨਹੀਂ। ਇਸ ਦੀ ਬਜਾਇ ਉਹ “ਕੰਧ ਬਣਾਉਂਦੇ ਗਏ” ਅਤੇ ‘ਦਿਲ ਨਾਲ ਕੰਮ ਕਰਦੇ ਰਹੇ।’ (ਨਹ. 4:1-6) ਇਸੇ ਤਰ੍ਹਾਂ ਮਾਸਕੋ ਵਿਚ ਸਾਡੇ ਭਰਾ ਦੁਸ਼ਮਣਾਂ ਦੇ ਵਿਰੋਧ ਦੇ ਬਾਵਜੂਦ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਦੇ ਰਹੇ। (1 ਪਤ. 4:12, 16) ਉਨ੍ਹਾਂ ਨੂੰ ਪੂਰਾ ਯਕੀਨ ਸੀ ਕਿ ਯਹੋਵਾਹ ਉਨ੍ਹਾਂ ਦੀ ਮਦਦ ਕਰੇਗਾ ਅਤੇ ਉਹ ਯਹੋਵਾਹ ਦੀ ਸੇਵਾ ਕਰਨ ਦੇ ਆਪਣੇ ਹੱਕ ਵਾਸਤੇ ਲੜਨ ਲਈ ਤਿਆਰ ਸਨ।

ਹੋਰ ਹਮਲੇ

25 ਅਗਸਤ 2004 ਨੂੰ ਸਾਡੇ ਭਰਾਵਾਂ ਨੇ ਉਸ ਸਮੇਂ ਦੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੂੰ ਇਕ ਪਟੀਸ਼ਨ ਭੇਜੀ। ਇਸ ਦਸਤਾਵੇਜ਼ ਵਿਚ ਉਨ੍ਹਾਂ ਨੇ ਦੱਸਿਆ ਕਿ ਮਾਸਕੋ ਦੀਆਂ ਅਦਾਲਤਾਂ ਵੱਲੋਂ ਉਨ੍ਹਾਂ ਦੇ ਕੰਮ ਉੱਤੇ ਪਾਬੰਦੀ ਲਾਉਣ ਤੋਂ ਬਾਅਦ ਉਨ੍ਹਾਂ ਨੂੰ ਕਿਵੇਂ ਮਹਿਸੂਸ ਹੋਇਆ। ਇਸ ਪਟੀਸ਼ਨ ਦੇ 76 ਭਾਗ ਸਨ ਅਤੇ ਇਸ ਉੱਤੇ 3,15,000 ਲੋਕਾਂ ਨੇ ਦਸਤਖਤ ਕੀਤੇ ਸਨ। ਉਸੇ ਸਮੇਂ ਰੂਸੀ ਆਰਥੋਡਾਕਸ ਚਰਚ ਦੇ ਆਗੂਆਂ ਨੇ ਕਿਹਾ: “ਅਸੀਂ ਯਹੋਵਾਹ ਦੇ ਗਵਾਹਾਂ ਦੇ ਕੰਮਾਂ ਦੇ ਬਹੁਤ ਖ਼ਿਲਾਫ਼ ਹਾਂ।” ਇਕ ਮੁਸਲਿਮ ਆਗੂ ਨੇ ਕਿਹਾ ਕਿ ਅਦਾਲਤ ਨੇ ਪਾਬੰਦੀ ਲਾ ਕੇ “ਬਹੁਤ ਚੰਗਾ ਕੰਮ ਕੀਤਾ।”

ਰੂਸ ਵਿਚ ਕੁਝ ਲੋਕਾਂ ਨੇ ਯਹੋਵਾਹ ਦੇ ਗਵਾਹਾਂ ਉੱਤੇ ਲਾਏ ਝੂਠੇ ਦੋਸ਼ਾਂ ਨੂੰ ਸੱਚ ਮੰਨ ਲਿਆ ਅਤੇ ਉਨ੍ਹਾਂ ਉੱਤੇ ਹਮਲੇ ਕਰਨ ਲੱਗ ਪਏ। ਜਦੋਂ ਗਵਾਹ ਮਾਸਕੋ ਵਿਚ ਪ੍ਰਚਾਰ ਕਰ ਰਹੇ ਹੁੰਦੇ ਸੀ, ਤਾਂ ਲੋਕ ਉਨ੍ਹਾਂ ਦੇ ਘਸੁੰਨ ਅਤੇ ਠੁੱਡਾਂ ਮਾਰਦੇ ਸਨ। ਇਕ ਗੁੱਸੇਖ਼ੋਰ ਆਦਮੀ ਚਾਹੁੰਦਾ ਸੀ ਕਿ ਇਕ ਭੈਣ ਉਸ ਇਮਾਰਤ ਵਿੱਚੋਂ ਚਲੀ ਜਾਵੇ ਜਿੱਥੇ ਉਹ ਪ੍ਰਚਾਰ ਕਰ ਰਹੀ ਸੀ। ਉਸ ਨੇ ਭੈਣ ਦਾ ਪਿੱਛਾ ਕੀਤਾ ਅਤੇ ਉਸ ਦੀ ਪਿੱਠ ਵਿਚ ਲੱਤ ਮਾਰੀ। ਭੈਣ ਡਿੱਗ ਪਈ ਤੇ ਉਸ ਦੇ ਸਿਰ ’ਤੇ ਸੱਟ ਲੱਗੀ ਅਤੇ ਉਸ ਨੂੰ ਹਸਪਤਾਲ ਵਿਚ ਇਲਾਜ ਕਰਾਉਣ ਦੀ ਲੋੜ ਪਈ। ਪਰ ਪੁਲਸ ਨੇ ਹਮਲਾ ਕਰਨ ਵਾਲੇ ਆਦਮੀ ਨੂੰ ਗਿਰਫ਼ਤਾਰ ਨਹੀਂ ਕੀਤਾ। ਪੁਲਸ ਨੇ ਬਹੁਤ ਸਾਰੇ ਗਵਾਹਾਂ ਨੂੰ ਗਿਰਫ਼ਤਾਰ ਕਰ ਲਿਆ, ਉਨ੍ਹਾਂ ਨਾਲ ਉਵੇਂ ਪੇਸ਼ ਆਏ ਜਿਵੇਂ ਉਹ ਅਪਰਾਧੀ ਹੋਣ ਅਤੇ ਉਨ੍ਹਾਂ ਨੂੰ ਸਾਰੀ ਰਾਤ ਜੇਲ੍ਹ ਵਿਚ ਰੱਖਿਆ। ਜਿਨ੍ਹਾਂ ਲੋਕਾਂ ਨੇ ਭਰਾਵਾਂ ਨੂੰ ਮੀਟਿੰਗਾਂ ਕਰਨ ਲਈ ਇਮਾਰਤਾਂ ਕਿਰਾਏ ’ਤੇ ਦਿੱਤੀਆਂ ਹੋਈਆਂ ਸਨ, ਉਨ੍ਹਾਂ ਨੇ ਭਰਾਵਾਂ ਨੂੰ ਨਾਂਹ ਕਰ ਦਿੱਤੀ ਕਿਉਂਕਿ ਉਨ੍ਹਾਂ ਨੂੰ ਡਰ ਸੀ ਕਿ ਕਿਤੇ ਉਨ੍ਹਾਂ ਦੀਆਂ ਨੌਕਰੀਆਂ ਨਾ ਚਲੀਆਂ ਜਾਣ। ਕਈ ਕਲੀਸਿਯਾਵਾਂ ਕੋਲ ਮੀਟਿੰਗਾਂ ਕਰਨ ਲਈ ਕੋਈ ਜਗ੍ਹਾ ਨਹੀਂ ਸੀ। ਮਿਸਾਲ ਲਈ, 40 ਕਲੀਸਿਯਾਵਾਂ ਨੂੰ ਇੱਕੋ ਇਮਾਰਤ ਵਿਚਲੇ ਚਾਰ ਕਿੰਗਡਮ ਹਾਲਾਂ ਵਿਚ ਮੀਟਿੰਗਾਂ ਕਰਨੀਆਂ ਪੈਂਦੀਆਂ ਸਨ। ਇਕ ਕਲੀਸਿਯਾ ਨੂੰ ਪਬਲਿਕ ਮੀਟਿੰਗ ਵਾਸਤੇ ਸਵੇਰੇ ਸਾਢੇ ਸੱਤ ਵਜੇ ਆਉਣਾ ਪੈਂਦਾ ਸੀ। ਇਕ ਸਫ਼ਰੀ ਨਿਗਾਹਬਾਨ ਨੇ ਕਿਹਾ ਕਿ ਪਬਲੀਸ਼ਰਾਂ ਨੂੰ ਮੀਟਿੰਗ ਵਿਚ ਆਉਣ ਲਈ ਸਵੇਰੇ ਪੰਜ ਵਜੇ ਉੱਠਣਾ ਪੈਂਦਾ ਸੀ, ਪਰ ਉਹ ਖ਼ੁਸ਼ ਹੋ ਕੇ ਇਸ ਤਰ੍ਹਾਂ ਕਰਦੇ ਸਨ ਅਤੇ ਉਨ੍ਹਾਂ ਨੇ ਇਕ ਸਾਲ ਤੋਂ ਵੱਧ ਸਮੇਂ ਤਾਈਂ ਇਸ ਤਰ੍ਹਾਂ ਕੀਤਾ।

“ਸਾਖੀ” ਲਈ ਕੇਸ

ਗਵਾਹ ਦਿਖਾਉਣਾ ਚਾਹੁੰਦੇ ਸਨ ਕਿ ਮਾਸਕੋ ਵਿਚ ਉਨ੍ਹਾਂ ਦੇ ਪ੍ਰਚਾਰ ਨੂੰ ਰੋਕਣ ਦਾ ਫ਼ੈਸਲਾ ਕਾਨੂੰਨ ਦੇ ਖ਼ਿਲਾਫ਼ ਸੀ। ਇਸ ਲਈ ਦਸੰਬਰ 2004 ਵਿਚ ਸਾਡੇ ਵਕੀਲਾਂ ਨੇ ਮਾਨਵੀ ਅਧਿਕਾਰਾਂ ਦੀ ਯੂਰਪੀ ਅਦਾਲਤ ਤੋਂ ਮਦਦ ਮੰਗੀ। (ਸਫ਼ਾ 6 ’ਤੇ “ਰੂਸ ਬਾਰੇ ਫਰਾਂਸ ਵਿਚ ਕਿਉਂ ਫ਼ੈਸਲਾ ਕੀਤਾ ਗਿਆ” ਨਾਂ ਦੀ ਡੱਬੀ ਦੇਖੋ।) ਛੇ ਸਾਲਾਂ ਬਾਅਦ ਸਾਰੇ ਦੋਸ਼ਾਂ ਦਾ ਅਧਿਐਨ ਕਰਨ ਤੋਂ ਬਾਅਦ, 10 ਜੂਨ 2010 ਨੂੰ ਅਦਾਲਤ ਨੇ ਫ਼ੈਸਲਾ ਸੁਣਾਇਆ ਕਿ ਗਵਾਹ ਬੇਕਸੂਰ ਸਨ ਅਤੇ ਉਨ੍ਹਾਂ ਉੱਤੇ ਲਾਇਆ ਗਿਆ ਹਰ ਦੋਸ਼ ਝੂਠਾ ਸੀ! ਇਸ ਨੇ ਇਹ ਵੀ ਫ਼ੈਸਲਾ ਸੁਣਾਇਆ ਕਿ ਰੂਸ ਦੀ ਸਰਕਾਰ ਪਾਬੰਦੀ ਹਟਾ ਦੇਵੇ ਅਤੇ ਗਵਾਹਾਂ ਦੇ ਕੀਤੇ ਨੁਕਸਾਨ ਨੂੰ ਭਰਨ ਲਈ ਕੁਝ ਵੀ ਕਰੇ। ਇਸ ਫ਼ੈਸਲੇ ਤੋਂ ਬਾਅਦ ਰੂਸ ਦੀ ਸਰਕਾਰ ਨੇ ਕਿਹਾ ਕੇਸ ਦੀ ਸੁਣਵਾਈ ਦੁਬਾਰਾ ਹੋਣੀ ਚਾਹੀਦੀ ਹੈ। ਇਸ ਲਈ ਇਸ ਨੇ ਅਦਾਲਤ ਦੇ ਸਭ ਤੋਂ ਉੱਚੇ ਅਧਿਕਾਰੀ ਯਾਨੀ ਮਾਨਵੀ ਅਧਿਕਾਰਾਂ ਦੀ ਯੂਰਪੀ ਅਦਾਲਤ ਦੇ ਵੱਡੇ ਚੈਂਬਰ ਦੇ ਜੱਜਾਂ ਨੂੰ ਕੇਸ ਉੱਤੇ ਸੋਚ-ਵਿਚਾਰ ਕਰਨ ਲਈ ਪੁੱਛਿਆ। ਪਰ 22 ਨਵੰਬਰ 2010 ਨੂੰ ਵੱਡੇ ਚੈਂਬਰ ਦੇ ਪੰਜ ਜੱਜਾਂ ਨੇ ਫ਼ੈਸਲਾ ਸੁਣਾਇਆ ਕਿ ਉਨ੍ਹਾਂ ਨੂੰ ਕੇਸ ਸੁਣਨ ਦੀ ਲੋੜ ਨਹੀਂ ਸੀ। ਇਸ ਦਾ ਮਤਲਬ ਸੀ ਕਿ 10 ਜੂਨ 2010 ਨੂੰ ਕੀਤਾ ਫ਼ੈਸਲਾ ਆਖ਼ਰੀ ਸੀ ਅਤੇ ਇਸ ਨੂੰ ਮੰਨਣਾ ਚਾਹੀਦਾ ਹੈ।—ਸਫ਼ਾ 8 ਉੱਤੇ “ਅਦਾਲਤ ਦਾ ਫ਼ੈਸਲਾ” ਨਾਂ ਦੀ ਡੱਬੀ ਦੇਖੋ।

ਅਦਾਲਤ ਨੇ ਫ਼ੈਸਲਾ ਕੀਤਾ ਕਿ ਮਾਨਵੀ ਅਧਿਕਾਰਾਂ ਦਾ ਯੂਰਪੀ ਸਮਝੌਤਾ ਯਹੋਵਾਹ ਦੇ ਗਵਾਹਾਂ ਦੇ ਕੰਮਾਂ ਦੀ ਰਾਖੀ ਕਰਦਾ ਹੈ। ਇਹ ਫ਼ੈਸਲਾ ਸਿਰਫ਼ ਰੂਸ ਉੱਤੇ ਹੀ ਲਾਗੂ ਨਹੀਂ ਹੁੰਦਾ। ਪਰ ਇਹ ਹੋਰ 46 ਦੇਸ਼ਾਂ ’ਤੇ ਵੀ ਲਾਗੂ ਹੁੰਦਾ ਹੈ ਜੋ ਯੂਰਪੀ ਕੌਂਸਲ ਦੇ ਮੈਂਬਰ ਹਨ। ਕਈ ਜੱਜ, ਕਾਨੂੰਨਸਾਜ਼ ਅਤੇ ਮਨੁੱਖੀ ਅਧਿਕਾਰਾਂ ਦਾ ਅਧਿਐਨ ਕਰਨ ਵਾਲੇ ਦੁਨੀਆਂ ਭਰ ਦੇ ਲੋਕ ਵੀ ਇਸ ਫ਼ੈਸਲੇ ਵਿਚ ਦਿਲਚਸਪੀ ਲੈਣਗੇ। ਕਿਉਂ? ਕਿਉਂਕਿ ਅਦਾਲਤ ਦੇ ਜੱਜਾਂ ਨੇ ਜਦੋਂ ਇਹ ਫ਼ੈਸਲਾ ਕੀਤਾ ਸੀ, ਤਾਂ ਉਨ੍ਹਾਂ ਨੇ ਯਹੋਵਾਹ ਦੇ ਗਵਾਹਾਂ ਦੇ ਪੱਖ ਵਿਚ ਇਸ ਅਦਾਲਤ ਦੇ ਕੀਤੇ ਅੱਠ ਹੋਰ ਫ਼ੈਸਲਿਆਂ ਨੂੰ ਮਿਸਾਲ ਵਜੋਂ ਵਰਤਿਆ ਸੀ। ਉਨ੍ਹਾਂ ਨੇ ਅਰਜਨਟੀਨਾ, ਸਪੇਨ, ਸੰਯੁਕਤ ਰਾਜ, ਕੈਨੇਡਾ, ਜਪਾਨ, ਦੱਖਣੀ ਅਫ਼ਰੀਕਾ, ਯੂਨਾਇਟਿਡ ਕਿੰਗਡਮ ਅਤੇ ਰੂਸ ਦੀਆਂ ਸਭ ਤੋਂ ਉੱਚੀਆਂ ਅਦਾਲਤਾਂ ਦੇ ਨੌਂ ਫ਼ੈਸਲੇ ਵੀ ਵਰਤੇ ਜੋ ਗਵਾਹਾਂ ਦੇ ਪੱਖ ਵਿਚ ਸਨ। ਦੁਨੀਆਂ ਭਰ ਦੇ ਯਹੋਵਾਹ ਦੇ ਗਵਾਹ ਅਦਾਲਤ ਦੇ ਇਸ ਫ਼ੈਸਲੇ ਨੂੰ ਵਰਤ ਕੇ ਆਪਣੀ ਭਗਤੀ ਕਰਨ ਦੇ ਹੱਕ ਨੂੰ ਬਚਾ ਸਕਦੇ ਹਨ।

ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹਾ ਸੀ ਕਿ ਲੋਕ ਉਨ੍ਹਾਂ ਨੂੰ ਉਸ ਕਾਰਨ “ਹਾਕਮਾਂ ਅਤੇ ਰਾਜਿਆਂ ਦੇ ਅੱਗੇ” ਲੈ ਜਾਣਗੇ ਤਾਂਕਿ “ਉਨ੍ਹਾਂ ਉੱਤੇ ਅਰ ਪਰਾਈਆਂ ਕੌਮਾਂ ਉੱਤੇ ਸਾਖੀ ਹੋਵੇ।” (ਮੱਤੀ 10:18) ਰੂਸ ਵਿਚ ਪਿਛਲੇ 15 ਸਾਲਾਂ ਦੌਰਾਨ ਇਨ੍ਹਾਂ ਸਾਰੇ ਮੁਕੱਦਮਿਆਂ ਕਾਰਨ ਮਾਸਕੋ ਅਤੇ ਹੋਰਨਾਂ ਥਾਵਾਂ ਦੇ ਲੋਕਾਂ ਨੂੰ ਯਹੋਵਾਹ ਬਾਰੇ ਸੁਣਨ ਦਾ ਜਿੰਨਾ ਮੌਕਾ ਮਿਲਿਆ, ਉੱਨਾ ਪਹਿਲਾਂ ਕਦੇ ਨਹੀਂ ਮਿਲਿਆ। ਇਨ੍ਹਾਂ ਮੁਕੱਦਮਿਆਂ ਵਿਚ ਜੋ ਕੁਝ ਹੋਇਆ, ਉਸ ਕਾਰਨ “ਸਾਖੀ” ਦਿੱਤੀ ਗਈ ਹੈ ਅਤੇ “ਇੰਜੀਲ ਦੇ ਫੈਲਰ” ਜਾਣ ਵਿਚ ਮਦਦ ਮਿਲੀ। (ਫ਼ਿਲਿ. 1:12) ਕੋਈ ਵੀ ਚੀਜ਼ ਜਾਂ ਇਨਸਾਨ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਤੋਂ ਸਾਨੂੰ ਰੋਕ ਨਹੀਂ ਸਕਦਾ। ਅਸੀਂ ਇਹੀ ਦੁਆ ਕਰਦੇ ਹਾਂ ਕਿ ਯਹੋਵਾਹ ਰੂਸ ਵਿਚ ਸਾਡੇ ਬਹਾਦਰ ਭੈਣਾਂ-ਭਰਾਵਾਂ ਦੀ ਮਦਦ ਕਰਦਾ ਰਹੇ ਜਿਨ੍ਹਾਂ ਨੂੰ ਅਸੀਂ ਬਹੁਤ ਪਿਆਰ ਕਰਦੇ ਹਾਂ।

[ਸਫ਼ਾ 6 ਉੱਤੇ ਡੱਬੀ/ਤਸਵੀਰ]

ਰੂਸ ਬਾਰੇ ਫਰਾਂਸ ਵਿਚ ਕਿਉਂ ਫ਼ੈਸਲਾ ਕੀਤਾ ਗਿਆ

ਰੂਸ ਨੇ 28 ਫਰਵਰੀ 1996 ਨੂੰ ਮਾਨਵੀ ਅਧਿਕਾਰਾਂ ਦੇ ਯੂਰਪੀ ਸਮਝੌਤੇ ਉੱਤੇ ਦਸਤਖਤ ਕੀਤੇ। (5 ਮਈ 1998 ਨੂੰ ਰੂਸ ਨੇ ਸਮਝੌਤੇ ਨੂੰ ਪ੍ਰਵਾਨ ਕੀਤਾ।) ਇਸ ਸਮਝੌਤੇ ਉੱਤੇ ਦਸਤਖਤ ਕਰ ਕੇ ਰੂਸ ਦੀ ਸਰਕਾਰ ਨੇ ਘੋਸ਼ਣਾ ਕੀਤੀ ਕਿ ਨਾਗਰਿਕਾਂ ਕੋਲ:

‘ਘਰ ਅਤੇ ਬਾਹਰ ਧਰਮ ਨੂੰ ਮੰਨਣ, ਇਸ ਅਨੁਸਾਰ ਚੱਲਣ ਅਤੇ ਜੇ ਉਹ ਚਾਹੁਣ ਧਰਮ ਨੂੰ ਬਦਲਣ ਦਾ ਹੱਕ ਹੈ।’—ਧਾਰਾ 9.

‘ਆਪਣੇ ਵਿਚਾਰ ਸੋਚ-ਸਮਝ ਕੇ ਦੱਸਣ ਅਤੇ ਲਿਖਣ ਤੇ ਦੂਜਿਆਂ ਨੂੰ ਜਾਣਕਾਰੀ ਦੇਣ ਦਾ ਹੱਕ ਹੈ।’—ਧਾਰਾ 10.

‘ਸ਼ਾਂਤੀ ਭਰੀਆਂ ਮੀਟਿੰਗਾਂ ਵਿਚ ਹਿੱਸਾ ਲੈਣ ਦਾ ਹੱਕ ਹੈ।’—ਧਾਰਾ 11.

ਇਸ ਸਮਝੌਤੇ ਦੀ ਉਲੰਘਣਾ ਕਾਰਨ ਸ਼ਿਕਾਰ ਹੋਏ ਲੋਕ ਜਾਂ ਸੰਸਥਾਵਾਂ ਅਤੇ ਜਿਨ੍ਹਾਂ ਕੋਲ ਆਪਣੇ ਦੇਸ਼ ਦਾ ਹਰ ਕਾਨੂੰਨੀ ਤਰੀਕਾ ਅਜ਼ਮਾਉਣ ਤੋਂ ਬਾਅਦ ਹੋਰ ਕੋਈ ਚਾਰਾ ਨਹੀਂ ਰਹਿੰਦਾ, ਉਹ ਸਾਰੇ (ਉੱਪਰ ਦਿਖਾਈ ਗਈ) ਸਟ੍ਰਾਸਬੁਰਗ, ਫਰਾਂਸ ਵਿਚ ਮਾਨਵੀ ਅਧਿਕਾਰਾਂ ਦੀ ਯੂਰਪੀ ਅਦਾਲਤ ਵਿਚ ਆਪਣਾ ਕੇਸ ਦਾਇਰ ਕਰ ਸਕਦੇ ਹਨ। ਇਹ ਅਦਾਲਤ 47 ਜੱਜਾਂ ਦੀ ਬਣੀ ਹੋਈ ਹੈ ਅਤੇ ਜੱਜਾਂ ਦੀ ਗਿਣਤੀ ਉਨ੍ਹਾਂ ਦੇਸ਼ਾਂ ਜਿੰਨੀ ਹੈ ਜਿਨ੍ਹਾਂ ਨੇ ਮਾਨਵੀ ਅਧਿਕਾਰਾਂ ਦੇ ਸਮਝੌਤੇ ਉੱਤੇ ਦਸਤਖਤ ਕੀਤੇ ਸਨ। ਅਦਾਲਤ ਦੇ ਫ਼ੈਸਲੇ ਮੰਨਣੇ ਲਾਜ਼ਮੀ ਹਨ। ਇਸ ਸਮਝੌਤੇ ’ਤੇ ਦਸਤਖਤ ਕਰਨ ਵਾਲੇ ਦੇਸ਼ਾਂ ਨੂੰ ਇਹ ਫ਼ੈਸਲੇ ਮੰਨਣੇ ਪੈਣੇ ਹਨ।

[ਸਫ਼ਾ 8 ਉੱਤੇ ਡੱਬੀ]

ਅਦਾਲਤ ਦਾ ਫ਼ੈਸਲਾ

ਅਦਾਲਤ ਦੇ ਕੀਤੇ ਫ਼ੈਸਲਿਆਂ ਦੇ ਇਹ ਤਿੰਨ ਭਾਗ ਹਨ।

ਇਕ ਦੋਸ਼ ਸੀ ਕਿ ਯਹੋਵਾਹ ਦੇ ਗਵਾਹ ਪਰਿਵਾਰਾਂ ਨੂੰ ਤਬਾਹ ਕਰਦੇ ਹਨ। ਜੱਜਾਂ ਨੇ ਫ਼ੈਸਲਾ ਸੁਣਾਇਆ ਕਿ ਇਹ ਦੋਸ਼ ਝੂਠਾ ਸੀ। ਉਨ੍ਹਾਂ ਨੇ ਕਿਹਾ:

“ਮਤਭੇਦ ਇਸ ਲਈ ਪੈਦਾ ਹੁੰਦੇ ਹਨ ਕਿਉਂਕਿ ਪਰਿਵਾਰ ਦੇ ਜਿਹੜੇ ਮੈਂਬਰ ਰੱਬ ਨੂੰ ਨਹੀਂ ਮੰਨਦੇ, ਉਹ ਆਪਣੇ ਧਰਮੀ ਰਿਸ਼ਤੇਦਾਰ ਦਾ ਵਿਰੋਧ ਕਰਦੇ ਹਨ ਅਤੇ ਮੰਨਣ ਲਈ ਤਿਆਰ ਨਹੀਂ ਹੁੰਦੇ ਕਿ ਉਸ ਨੂੰ ਆਪਣੇ ਧਰਮ ਅਨੁਸਾਰ ਚੱਲਣ ਦੀ ਆਜ਼ਾਦੀ ਹੈ।”—ਪੈਰਾ 111.

ਅਦਾਲਤ ਨੂੰ ਇਸ ਗੱਲ ਦਾ ਵੀ ਕੋਈ ਸਬੂਤ ਨਹੀਂ ਮਿਲਿਆ ਕਿ ਯਹੋਵਾਹ ਦੇ ਗਵਾਹ ਲੋਕਾਂ ਦੀ “ਸੋਚ ਨੂੰ ਕੰਟ੍ਰੋਲ” ਕਰ ਲੈਂਦੇ ਹਨ। ਉਨ੍ਹਾਂ ਨੇ ਕਿਹਾ:

“ਅਦਾਲਤ ਲਈ ਇਹ ਗੱਲ ਧਿਆਨਯੋਗ ਹੈ ਕਿ [ਰੂਸੀ] ਅਦਾਲਤਾਂ ਨੇ ਇਕ ਵੀ ਵਿਅਕਤੀ ਦਾ ਨਾਂ ਨਹੀਂ ਲਿਆ ਜਿਸ ਦੀ ਜ਼ਮੀਰ ਅਨੁਸਾਰ ਚੱਲਣ ਦੇ ਹੱਕ ਦੀ ਉਨ੍ਹਾਂ ਤਕਨੀਕਾਂ ਨਾਲ ਉਲੰਘਣਾ ਕੀਤੀ ਗਈ ਹੋਵੇ।”ਪੈਰਾ 129.

ਇਕ ਹੋਰ ਦੋਸ਼ ਸੀ ਕਿ ਯਹੋਵਾਹ ਦੇ ਗਵਾਹ ਆਪਣੀ ਸਿਹਤ ਵਿਗਾੜ ਲੈਂਦੇ ਹਨ ਕਿਉਂਕਿ ਉਹ ਲਹੂ ਨਹੀਂ ਲੈਂਦੇ। ਅਦਾਲਤ ਨੇ ਇਸ ਦੋਸ਼ ਨੂੰ ਸਵੀਕਾਰ ਨਹੀਂ ਕੀਤਾ। ਉਨ੍ਹਾਂ ਨੇ ਕਿਹਾ:

“ਕਿਸੇ ਖ਼ਾਸ ਇਲਾਜ ਨੂੰ ਸਵੀਕਾਰਨ ਜਾਂ ਨਾ ਸਵੀਕਾਰਨ ਦੀ ਆਜ਼ਾਦੀ ਹੋਣੀ ਜਾਂ ਕੋਈ ਹੋਰ ਤਰ੍ਹਾਂ ਦਾ ਇਲਾਜ ਚੁਣਨਾ ਆਪਣੇ ਦ੍ਰਿੜ੍ਹ ਇਰਾਦੇ ਅਤੇ ਇੱਛਾ ਅਨੁਸਾਰ ਚੱਲਣ ਦੇ ਅਸੂਲਾਂ ਮੁਤਾਬਕ ਸਹੀ ਹੈ। ਮਿਸਾਲ ਲਈ ਇਕ ਕਾਬਲ ਬਾਲਗ ਮਰੀਜ਼ ਨੂੰ ਫ਼ੈਸਲਾ ਕਰਨ ਦੀ ਆਜ਼ਾਦੀ ਹੈ ਕਿ ਉਸ ਨੂੰ ਓਪਰੇਸ਼ਨ ਜਾਂ ਇਲਾਜ ਕਰਾਉਣਾ ਚਾਹੀਦਾ ਹੈ ਜਾਂ ਨਹੀਂ। ਇਸੇ ਤਰ੍ਹਾਂ ਲਹੂ ਲੈਣਾ ਚਾਹੀਦਾ ਹੈ ਕਿ ਨਹੀਂ।”ਪੈਰਾ 136.