Skip to content

Skip to table of contents

ਅਜਿਹੀ ਮੀਟਿੰਗ ਜਿਸ ਨੇ ਇਤਿਹਾਸ ਰਚਿਆ

ਅਜਿਹੀ ਮੀਟਿੰਗ ਜਿਸ ਨੇ ਇਤਿਹਾਸ ਰਚਿਆ

ਅਜਿਹੀ ਮੀਟਿੰਗ ਜਿਸ ਨੇ ਇਤਿਹਾਸ ਰਚਿਆ

ਦੋਅਕਤੂਬਰ 2010 ਨੂੰ ਅਮਰੀਕਾ ਦੇ ਨਿਊ ਜਰਜ਼ੀ ਸ਼ਹਿਰ ਵਿਚ ਵਾਚ ਟਾਵਰ ਬਾਈਬਲ ਐਂਡ ਟ੍ਰੈਕਟ ਸੋਸਾਇਟੀ ਆਫ਼ ਪੈਨਸਿਲਵੇਨੀਆ ਦੀ 126ਵੀਂ ਸਾਲਾਨਾ ਮੀਟਿੰਗ ਲਈ ਵੱਡੀ ਗਿਣਤੀ ਵਿਚ ਭੈਣ-ਭਰਾ ਅਸੈਂਬਲੀ ਹਾਲ ਵਿਚ ਹਾਜ਼ਰ ਹੋਏ। ਇਸ ਮੀਟਿੰਗ ਦੀ ਸ਼ੁਰੂਆਤ ਵਿਚ ਪ੍ਰਬੰਧਕ ਸਭਾ ਦੇ ਮੈਂਬਰ ਸਟੀਵਨ ਲੈੱਟ ਨੇ ਲੋਕਾਂ ਦੀ ਦਿਲਚਸਪੀ ਨੂੰ ਜਗਾਉਣ ਲਈ ਕਿਹਾ: “ਤੁਸੀਂ ਇਸ ਮੀਟਿੰਗ ਦੇ ਖ਼ਤਮ ਹੋਣ ਤੋਂ ਬਾਅਦ ਕਹੋਗੇ ਕਿ ‘ਇਸ ਸਾਲਾਨਾ ਮੀਟਿੰਗ ਨੇ ਤਾਂ ਇਤਿਹਾਸ ਹੀ ਰਚ ਦਿੱਤਾ!’” ਇਸ ਇਤਿਹਾਸਕ ਮੌਕੇ ਦੀਆਂ ਕਿਹੜੀਆਂ ਕੁਝ ਖ਼ਾਸ ਗੱਲਾਂ ਸਨ?

ਭਰਾ ਲੈੱਟ ਨੇ ਪ੍ਰੋਗ੍ਰਾਮ ਨੂੰ ਇਕ ਜੋਸ਼ੀਲੇ ਭਾਸ਼ਣ ਨਾਲ ਸ਼ੁਰੂ ਕੀਤਾ। ਉਨ੍ਹਾਂ ਨੇ ਹਿਜ਼ਕੀਏਲ ਦੀ ਕਿਤਾਬ ਵਿਚ ਦੱਸੇ ਯਹੋਵਾਹ ਦੇ ਸਵਰਗੀ ਰਥ ਬਾਰੇ ਗੱਲ ਕੀਤੀ। ਇਹ ਸ਼ਾਨਦਾਰ ਰਥ ਪਰਮੇਸ਼ੁਰ ਦੇ ਸੰਗਠਨ ਨੂੰ ਦਰਸਾਉਂਦਾ ਹੈ ਜੋ ਪੂਰੀ ਤਰ੍ਹਾਂ ਯਹੋਵਾਹ ਦੇ ਹੱਥਾਂ ਵਿਚ ਹੈ। ਉਨ੍ਹਾਂ ਨੇ ਕਿਹਾ ਕਿ ਦੂਤਾਂ ਨਾਲ ਬਣਿਆ ਇਹ ਸੰਗਠਨ ਪਲਕ ਝਪਕਦਿਆਂ ਹੀ ਯਾਨੀ ਯਹੋਵਾਹ ਦੇ ਖ਼ਿਆਲਾਂ ਮੁਤਾਬਕ ਜਿੱਧਰ ਚਾਹੇ, ਉੱਧਰ ਮੁੜ ਜਾਂਦਾ ਹੈ। ਧਰਤੀ ਉੱਤੇ ਯਹੋਵਾਹ ਪਰਮੇਸ਼ੁਰ ਦਾ ਸੰਗਠਨ ਵੀ ਇੱਦਾਂ ਹੀ ਚੱਲਦਾ ਹੈ। ਭਰਾ ਨੇ ਹਾਲ ਹੀ ਦੇ ਸਾਲਾਂ ਵਿਚ ਧਰਤੀ ਉਤਲੇ ਯਹੋਵਾਹ ਦੇ ਸੰਗਠਨ ਵਿਚ ਹੋਈਆਂ ਕਈ ਸ਼ਾਨਦਾਰ ਤਬਦੀਲੀਆਂ ਵੱਲ ਧਿਆਨ ਖਿੱਚਿਆ।

ਮਿਸਾਲ ਲਈ, ਕਈ ਬ੍ਰਾਂਚਾਂ ਨੂੰ ਰਲਾਇਆ-ਮਿਲਾਇਆ ਗਿਆ ਹੈ ਜਿਸ ਕਾਰਨ ਉਹ ਭੈਣ-ਭਰਾ ਜਿਹੜੇ ਉਸ ਦੇਸ਼ ਵਿਚ ਬੈਥਲ ਵਿਚ ਸੇਵਾ ਕਰਦੇ ਹੁੰਦੇ ਸਨ, ਹੁਣ ਪ੍ਰਚਾਰ ਕਰਨ ’ਤੇ ਜ਼ਿਆਦਾ ਧਿਆਨ ਲਾ ਸਕਦੇ ਹਨ। ਭਰਾ ਲੈੱਟ ਨੇ ਹਾਜ਼ਰੀਨਾਂ ਨੂੰ ਪ੍ਰਬੰਧਕ ਸਭਾ ਲਈ ਪ੍ਰਾਰਥਨਾ ਕਰਦੇ ਰਹਿਣ ਲਈ ਕਿਹਾ ਤਾਂਕਿ ਇਸ ਦੇ ਮੈਂਬਰ ਵਫ਼ਾਦਾਰ ਅਤੇ ਸਮਝਦਾਰ ਬਣੇ ਰਹਿ ਸਕਣ।—ਮੱਤੀ 24:45-47.

ਹੌਸਲਾ ਵਧਾਉਣ ਵਾਲੀਆਂ ਰਿਪੋਰਟਾਂ ਅਤੇ ਇੰਟਰਵਿਊਆਂ

ਭਰਾ ਟੈਬ ਹਾਂਸਬਰਗਰ, ਜੋ ਹੈਤੀ ਵਿਚ ਬ੍ਰਾਂਚ ਕਮੇਟੀ ਦੇ ਮੈਂਬਰ ਵਜੋਂ ਸੇਵਾ ਕਰਦਾ ਹੈ, ਨੇ ਦਿਲ ਛੂਹ ਜਾਣ ਵਾਲੀ ਰਿਪੋਰਟ ਦਿੱਤੀ। ਉਸ ਨੇ ਦੱਸਿਆ ਕਿ 12 ਜਨਵਰੀ 2010 ਨੂੰ ਆਏ ਭੁਚਾਲ ਤੋਂ ਬਾਅਦ ਕੀ ਹੋਇਆ ਜਿਸ ਨੇ ਤਕਰੀਬਨ 3,00,000 ਜਾਨਾਂ ਲੈ ਲਈਆਂ ਸਨ। ਉੱਥੇ ਪਾਦਰੀ ਲੋਕਾਂ ਨੂੰ ਇਹ ਦੱਸ ਰਹੇ ਸਨ ਕਿ ਪਰਮੇਸ਼ੁਰ ਨੇ ਭੁਚਾਲ ਲਿਆ ਕੇ ਬੁਰੇ ਲੋਕਾਂ ਨੂੰ ਸਜ਼ਾ ਦਿੱਤੀ ਹੈ ਅਤੇ ਚੰਗੇ ਲੋਕਾਂ ਨੂੰ ਬਚਾ ਲਿਆ ਹੈ, ਪਰ ਜਦਕਿ ਇਹ ਸੱਚ ਨਹੀਂ ਸੀ ਕਿਉਂਕਿ ਉੱਥੇ ਦੀ ਹੀ ਇਕ ਜੇਲ੍ਹ ਦੀਆਂ ਕੰਧਾਂ ਜਦੋਂ ਭੁਚਾਲ ਕਾਰਨ ਢਹਿ-ਢੇਰੀ ਹੋ ਗਈਆਂ, ਤਾਂ ਉੱਥੋਂ ਹਜ਼ਾਰਾਂ ਹੀ ਮੁਜਰਮ ਭੱਜ ਨਿਕਲੇ। ਹੈਤੀ ਦੇ ਬਹੁਤ ਸਾਰੇ ਨੇਕਦਿਲ ਲੋਕਾਂ ਨੂੰ ਇਹ ਸੱਚਾਈ ਜਾਣ ਕੇ ਹੌਸਲਾ ਮਿਲਿਆ ਹੈ ਕਿ ਅੱਜ ਦੇ ਹਾਲਾਤ ਇੰਨੇ ਭੈੜੇ ਕਿਉਂ ਹਨ। ਇਕ ਭਰਾ ਜਿਸ ਦੀ ਪਤਨੀ ਦੀ ਭੁਚਾਲ ਵਿਚ ਮੌਤ ਹੋ ਗਈ, ਭਰਾ ਹਾਂਸਬਰਗਰ ਨੇ ਉਸ ਦੇ ਸ਼ਬਦਾਂ ਨੂੰ ਦੁਹਰਾਇਆ: “ਮੈਂ ਅੱਜ ਤਾਈਂ ਆਪਣੇ ਹੰਝੂਆਂ ਨੂੰ ਨਹੀਂ ਰੋਕ ਪਾਇਆ। ਪਤਾ ਨਹੀਂ ਹੋਰ ਕਿੰਨੀ ਦੇਰ ਮੈਂ ਸੋਗ ਕਰਦਾ ਰਹਾਂਗਾ, ਪਰ ਮੈਂ ਯਹੋਵਾਹ ਦੇ ਸੰਗਠਨ ਦੇ ਪਿਆਰ ਨੂੰ ਮਹਿਸੂਸ ਕਰ ਕੇ ਖ਼ੁਸ਼ ਹੁੰਦਾ ਹਾਂ। ਮੈਂ ਨਵੀਂ ਦੁਨੀਆਂ ਦੀ ਉਮੀਦ ਦੂਜਿਆਂ ਨਾਲ ਸਾਂਝੀ ਕਰਨ ਤੋਂ ਪਿੱਛੇ ਨਹੀਂ ਹਟਾਂਗਾਂ।”

ਬਰੁਕਲਿਨ ਬੈਥਲ ਦੇ ਭਰਾ ਮਾਰਕ ਸੈਂਡਰਸਨ ਨੇ ਫ਼ਿਲਪੀਨ ਦੇਸ਼ ਬਾਰੇ ਰਿਪੋਰਟ ਦਿੱਤੀ। ਉਹ ਪਹਿਲਾਂ ਇਸ ਦੇਸ਼ ਵਿਚ ਬ੍ਰਾਂਚ ਕਮੇਟੀ ਦਾ ਇਕ ਮੈਂਬਰ ਹੁੰਦਾ ਸੀ। ਉਸ ਨੇ ਬੜੀ ਖ਼ੁਸ਼ੀ ਨਾਲ ਦੱਸਿਆ ਕਿ ਉਸ ਦੇਸ਼ ਵਿਚ ਪਬਲੀਸ਼ਰਾਂ ਦੇ ਲਗਾਤਾਰ 32 ਸਿਖਰ ਹਾਸਲ ਹੋਏ ਅਤੇ ਬਾਈਬਲ ਸਟੱਡੀਆਂ ਦੀ ਗਿਣਤੀ ਪਬਲੀਸ਼ਰਾਂ ਦੀ ਗਿਣਤੀ ਨਾਲੋਂ ਵੀ ਵੱਧ ਗਈ। ਉਸ ਨੇ ਮਿਗੈਲ ਨਾਂ ਦੇ ਭਰਾ ਬਾਰੇ ਦੱਸਿਆ ਜਿਸ ਦੇ ਪੋਤੇ ਦਾ ਕਤਲ ਹੋ ਗਿਆ ਸੀ। ਮਿਗੈਲ ਨੇ ਕਾਤਲ ਨੂੰ ਸਜ਼ਾ ਦਿਵਾਉਣ ਲਈ ਬਹੁਤ ਮਿਹਨਤ ਕੀਤੀ। ਪਰ ਇਕ ਦਿਨ ਜੇਲ੍ਹ ਵਿਚ ਪ੍ਰਚਾਰ ਦੌਰਾਨ ਮਿਗੈਲ ਉਸ ਕਾਤਲ ਨੂੰ ਮਿਲਿਆ। ਭਾਵੇਂ ਕਿ ਮਿਗੈਲ ਘਬਰਾਇਆ ਹੋਇਆ ਸੀ, ਫਿਰ ਵੀ ਉਸ ਨੇ ਨਰਮਾਈ ਅਤੇ ਪਿਆਰ ਨਾਲ ਗੱਲ ਕੀਤੀ। ਅਖ਼ੀਰ ਉਹ ਸਟੱਡੀ ਕਰਨ ਲਈ ਰਾਜ਼ੀ ਹੋ ਗਿਆ ਅਤੇ ਉਹ ਵੀ ਯਹੋਵਾਹ ਦੀ ਸੇਵਾ ਕਰਨੀ ਚਾਹੁੰਦਾ ਸੀ। ਹੁਣ ਉਸ ਨੇ ਬਪਤਿਸਮਾ ਲਿਆ ਹੋਇਆ ਹੈ। ਦੋਵੇਂ ਪੱਕੇ ਦੋਸਤ ਹਨ ਅਤੇ ਮਿਗੈਲ ਆਪਣੇ ਮਸੀਹੀ ਭਰਾ ਨੂੰ ਜੇਲ੍ਹ ਵਿੱਚੋਂ ਰਿਹਾ ਕਰਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। *

ਫਿਰ ਥੀਓਕ੍ਰੈਟਿਕ ਸਕੂਲਸ ਡਿਪਾਰਟਮੈਂਟ ਦੇ ਇੰਸਟ੍ਰਕਟਰ, ਭਰਾ ਮਾਰਕ ਨੂਮੇਰ ਨੇ ਪ੍ਰੋਗਰਾਮ ਵਿਚ ਤਿੰਨ ਜੋੜਿਆਂ ਦੀ ਇੰਟਰਵਿਊ ਲਈ। ਜਿਨ੍ਹਾਂ ਦੇ ਨਾਂ ਸਨ: ਐਲਕਸ ਅਤੇ ਸੇਰਾ ਰਾਈਨਮੂਲਰ, ਡੇਵਿਡ ਅਤੇ ਕ੍ਰਿਸਟਾ ਸ਼ੇਫਰ, ਰੌਬਰਟ ਅਤੇ ਕੇਟਰਾ ਸਿਰਾਂਕੋ। ਪਬਲਿਸ਼ਿੰਗ ਕਮੇਟੀ ਦੀ ਮਦਦ ਕਰਨ ਵਾਲੇ ਭਰਾ ਐਲਕਸ ਰਾਈਨਮੂਲਰ ਨੇ ਦੱਸਿਆ ਕਿ ਉਸ ਨੇ 15 ਸਾਲ ਦੀ ਉਮਰ ਵਿਚ ਕੈਨੇਡਾ ਵਿਚ ਪਾਇਨੀਅਰਿੰਗ ਕੀਤੀ। ਇਸ ਦੌਰਾਨ ਉਸ ਨੇ ਸੱਚਾਈ ਨੂੰ ਆਪਣੇ ਦਿਲ ਵਿਚ ਬਿਠਾਇਆ ਅਤੇ ਕਈ ਵਾਰ ਇਕੱਲਿਆਂ ਹੀ ਪ੍ਰਚਾਰ ਕੀਤਾ। ਜਦੋਂ ਉਸ ਨੂੰ ਪੁੱਛਿਆ ਗਿਆ ਕਿ ਬੈਥਲ ਵਿਚ ਸਭ ਤੋਂ ਜ਼ਿਆਦਾ ਪ੍ਰਭਾਵ ਉਸ ਉੱਤੇ ਕਿਸ ਨੇ ਪਾਇਆ, ਤਾਂ ਭਰਾ ਰਾਈਨਮੂਲਰ ਨੇ ਤਿੰਨ ਵਫ਼ਾਦਾਰ ਭਰਾਵਾਂ ਦਾ ਜ਼ਿਕਰ ਕੀਤਾ ਜਿਨ੍ਹਾਂ ਨੇ ਨਿਹਚਾ ਵਿਚ ਤਕੜੇ ਹੋਣ ਵਿਚ ਉਸ ਦੀ ਮਦਦ ਕੀਤੀ। ਉਸ ਦੀ ਪਤਨੀ ਸੇਰਾ ਨੇ ਆਪਣੀ ਸਹੇਲੀ ਬਾਰੇ ਦੱਸਿਆ ਜੋ ਨਿਹਚਾ ਦੀ ਖ਼ਾਤਰ ਕਈ ਦਹਾਕਿਆਂ ਤਾਈਂ ਚੀਨ ਦੀਆਂ ਜੇਲ੍ਹਾਂ ਵਿਚ ਕੈਦ ਰਹੀ। ਸੇਰਾ ਨੇ ਕਿਹਾ ਕਿ ਉਸ ਨੇ ਆਪਣੀਆਂ ਪ੍ਰਾਰਥਨਾਵਾਂ ਦੇ ਜ਼ਰੀਏ ਯਹੋਵਾਹ ਉੱਤੇ ਭਰੋਸਾ ਕਰਨਾ ਸਿੱਖਿਆ।

ਟੀਚਿੰਗ ਕਮੇਟੀ ਵਿਚ ਮਦਦ ਕਰਨ ਵਾਲੇ ਭਰਾ ਡੇਵਿਡ ਸ਼ੇਫਰ ਨੇ ਆਪਣੀ ਮਾਤਾ ਦੀ ਮਜ਼ਬੂਤ ਨਿਹਚਾ ਦੀ ਤਾਰੀਫ਼ ਕੀਤੀ। ਉਸ ਨੇ ਕੁਝ ਭਰਾਵਾਂ ਬਾਰੇ ਦੱਸਿਆ ਜੋ ਲੱਕੜਹਾਰੇ ਸਨ ਅਤੇ ਜਿਨ੍ਹਾਂ ਨੇ ਜਵਾਨੀ ਵਿਚ ਔਗਜ਼ੀਲਰੀ ਪਾਇਨੀਅਰਿੰਗ ਕਰਨ ਵਿਚ ਉਸ ਦੀ ਬੜੀ ਮਦਦ ਕੀਤੀ। ਉਸ ਦੀ ਪਤਨੀ ਕ੍ਰਿਸਟਾ ਨੇ ਖ਼ੁਸ਼ੀ-ਖ਼ੁਸ਼ੀ ਬੈਥਲ ਦੇ ਉਨ੍ਹਾਂ ਬਜ਼ੁਰਗ ਭੈਣ-ਭਰਾਵਾਂ ਦਾ ਜ਼ਿਕਰ ਕੀਤਾ ਜਿਨ੍ਹਾਂ ਨੇ ਉਸ ਦੀ ਮਦਦ ਕੀਤੀ ਅਤੇ ਉਨ੍ਹਾਂ ਬਾਰੇ ਉਹ ਕਹਿੰਦੀ ਹੈ ਕਿ ਉਹ ਯਿਸੂ ਮੁਤਾਬਕ “ਥੋੜੇ ਤੋਂ ਥੋੜੇ ਵਿੱਚ ਦਿਆਨਤਦਾਰ” ਯਾਨੀ ਵਫ਼ਾਦਾਰ ਸਾਬਤ ਹੋਏ ਹਨ।—ਲੂਕਾ 16:10.

ਰਾਇਟਿੰਗ ਕਮੇਟੀ ਦੀ ਮਦਦ ਕਰਨ ਵਾਲੇ ਭਰਾ ਰੌਬਰਟ ਸਿਰਾਂਕੋ ਨੇ ਆਪਣੇ ਮਸਹ ਕੀਤੇ ਹੋਏ ਦਾਦਾ-ਦਾਦੀ ਅਤੇ ਨਾਨਾ-ਨਾਨੀ ਬਾਰੇ ਦੱਸਿਆ ਜੋ ਪਹਿਲਾਂ ਹੰਗਰੀ ਦੇਸ਼ ਵਿਚ ਰਹਿੰਦੇ ਸਨ। ਜਦੋਂ ਉਹ ਛੋਟਾ ਸੀ, ਤਾਂ ਉਹ 1950 ਦੇ ਦਹਾਕੇ ਵਿਚ ਹੋਏ ਵੱਡੇ-ਵੱਡੇ ਸੰਮੇਲਨਾਂ ਨੂੰ ਦੇਖ ਕੇ ਹੈਰਾਨ ਰਹਿ ਗਿਆ ਅਤੇ ਉਸ ਨੇ ਜਾਣਿਆ ਕਿ ਯਹੋਵਾਹ ਦਾ ਸੰਗਠਨ ਉਸ ਦੀ ਕਲੀਸਿਯਾ ਤੋਂ ਕਿਤੇ ਹੀ ਵੱਡਾ ਸੀ। ਉਸ ਦੀ ਪਤਨੀ ਕੇਟਰਾ ਨੇ ਦੱਸਿਆ ਕਿ ਉਸ ਦੀ ਕਲੀਸਿਯਾ ਵਿਚ ਕਈ ਭੈਣ-ਭਰਾ ਸੱਚਾਈ ਦੇ ਉਲਟ ਚੱਲ ਰਹੇ ਸਨ ਤੇ ਹੋਰ ਵੀ ਕਾਫ਼ੀ ਸਮੱਸਿਆਵਾਂ ਸਨ। ਇਨ੍ਹਾਂ ਹਾਲਾਤਾਂ ਵਿਚ ਵੀ ਉਸ ਨੇ ਵਫ਼ਾਦਾਰ ਰਹਿਣਾ ਸਿੱਖਿਆ ਤੇ ਉਹ ਪਾਇਨੀਅਰਿੰਗ ਕਰਦੀ ਰਹੀ। ਹਿੰਮਤ ਨਾ ਹਾਰਨ ਕਰ ਕੇ ਅਖ਼ੀਰ ਵਿਚ ਉਸ ਨੂੰ ਇਕ ਹੋਰ ਕਲੀਸਿਯਾ ਵਿਚ ਸਪੈਸ਼ਲ ਪਾਇਨੀਅਰ ਬਣਾਇਆ ਗਿਆ ਜਿੱਥੇ ਦੇ ਭੈਣਾਂ-ਭਰਾਵਾਂ ਦਾ ਪਿਆਰ ਉਸ ਦੇ ਦਿਲ ਨੂੰ ਛੂਹ ਲਿਆ।

ਮੈਨਫ੍ਰੈੱਡ ਟੋਨਕ ਨੇ ਫਿਰ ਇਥੋਪੀਆ ਬਾਰੇ ਰਿਪੋਰਟ ਦਿੱਤੀ। ਇਹ ਦੇਸ਼ ਬਾਈਬਲ ਦੇ ਸਮਿਆਂ ਵਿਚ ਵੀ ਮੌਜੂਦ ਸੀ ਅਤੇ ਇੱਥੇ ਹੁਣ ਖ਼ੁਸ਼ ਖ਼ਬਰੀ ਦੇ 9,000 ਤੋਂ ਜ਼ਿਆਦਾ ਪ੍ਰਚਾਰਕ ਹਨ। ਜ਼ਿਆਦਾਤਰ ਭੈਣ-ਭਰਾ ਰਾਜਧਾਨੀ ਅਦਿਸ ਅਬਾਬਾ ਵਿਚ ਜਾਂ ਇਸ ਦੇ ਨੇੜੇ ਰਹਿੰਦੇ ਹਨ ਜਿਸ ਕਰਕੇ ਜ਼ਿਆਦਾ ਪ੍ਰਚਾਰ ਪੇਂਡੂ ਇਲਾਕਿਆਂ ਵਿਚ ਕਰਨ ਦੀ ਲੋੜ ਹੈ। ਸੋ ਹੋਰਨਾਂ ਦੇਸ਼ਾਂ ਵਿਚ ਰਹਿੰਦੇ ਇਥੋਪੀਆਈ ਗਵਾਹਾਂ ਨੂੰ ਇਨ੍ਹਾਂ ਪਿੰਡਾਂ ਵਿਚ ਪ੍ਰਚਾਰ ਕਰਨ ਲਈ ਸੱਦਿਆ ਗਿਆ ਸੀ। ਕਈਆਂ ਨੇ ਉੱਥੇ ਦੇ ਭੈਣਾਂ-ਭਰਾਵਾਂ ਦਾ ਹੌਸਲਾ ਵਧਾਇਆ ਤੇ ਆਮ ਲੋਕਾਂ ਨੇ ਵੀ ਉਨ੍ਹਾਂ ਕੋਲੋਂ ਖ਼ੁਸ਼ ਖ਼ਬਰੀ ਸੁਣੀ।

ਰੂਸ ਵਿਚ ਯਹੋਵਾਹ ਦੇ ਗਵਾਹਾਂ ਨੇ ਜੋ ਕਾਨੂੰਨੀ ਲੜਾਈ ਲੜੀ ਉਸ ਬਾਰੇ ਇਕ ਖ਼ਾਸ ਭਾਸ਼ਣ-ਲੜੀ ਦਿੱਤੀ ਗਈ। ਰੂਸ ਦੀ ਬ੍ਰਾਂਚ ਕਮੇਟੀ ਦੇ ਮੈਂਬਰ ਔਲਿਸ ਬਰਗਡਲ ਨੇ ਖੋਲ੍ਹ ਕੇ ਦੱਸਿਆ ਕਿ ਰੂਸ ਵਿਚ ਅਤੇ ਖ਼ਾਸ ਕਰਕੇ ਮਾਸਕੋ ਵਿਚ ਭੈਣਾਂ-ਭਰਾਵਾਂ ਨੂੰ ਕਿਹੜੀਆਂ-ਕਿਹੜੀਆਂ ਸਤਾਹਟਾਂ ਦਾ ਸਾਮ੍ਹਣਾ ਕਰਨਾ ਪਿਆ। ਭਰਾ ਫਿਲਿਪ ਬਰੱਮਲੀ ਅਮਰੀਕਾ ਦੀ ਬ੍ਰਾਂਚ ਦੇ ਕਾਨੂੰਨੀ ਵਿਭਾਗ ਵਿਚ ਕੰਮ ਕਰਦਾ ਹੈ। ਉਸ ਨੇ ਦੱਸਿਆ ਕਿ ਹਾਲ ਹੀ ਦੇ ਮਹੀਨਿਆਂ ਵਿਚ ਮਾਨਵੀ ਅਧਿਕਾਰਾਂ ਦੀ ਯੂਰਪੀ ਅਦਾਲਤ (ECHR) ਨੇ ਯਹੋਵਾਹ ਦੇ ਗਵਾਹਾਂ ਉੱਤੇ ਲਾਏ ਨੌਂ ਇਲਜ਼ਾਮਾਂ ਦਾ ਕੇਸ ਸੁਣਿਆ। ਅਦਾਲਤ ਨੇ ਸਿਰਫ਼ ਇਹ ਨਹੀਂ ਕਿਹਾ ਕਿ ਇਹ ਸਾਰੇ ਦੋਸ਼ ਬੇਬੁਨਿਆਦ ਸਨ, ਸਗੋਂ ਅਦਾਲਤ ਨੇ ਸਮਝਾਇਆ ਕਿ ਇਹ ਦੋਸ਼ ਗ਼ਲਤ ਕਿਉਂ ਸਨ। ਭਾਵੇਂ ਕਿ ਕਿਸੇ ਨੂੰ ਨਹੀਂ ਪਤਾ ਕਿ ਆਉਣ ਵਾਲੇ ਸਮੇਂ ਵਿਚ ਕੀ ਹੋਵੇਗਾ, ਪਰ ਭਰਾ ਬਰੱਮਲੀ ਨੇ ਆਸ ਪ੍ਰਗਟਾਈ ਕਿ ਅਦਾਲਤ ਦੇ ਇਸ ਫ਼ੈਸਲੇ ਦਾ ਅਸਰ ਹੋਰਨਾਂ ਦੇਸ਼ਾਂ ਵਿਚ ਚੱਲ ਰਹੇ ਮੁਕੱਦਮਿਆਂ ’ਤੇ ਪਵੇਗਾ।

ਇਸ ਖ਼ੁਸ਼ ਖ਼ਬਰੀ ਤੋਂ ਬਾਅਦ ਭਰਾ ਲੈੱਟ ਨੇ ਘੋਸ਼ਣਾ ਕੀਤੀ ਕਿ ਕਈ ਸਾਲਾਂ ਤੋਂ ਫਰਾਂਸ ਦੀ ਸਰਕਾਰ ਅਤੇ ਯਹੋਵਾਹ ਦੇ ਗਵਾਹਾਂ ਵਿਚਕਾਰ ਟੈਕਸ ਬਾਰੇ ਕੇਸ ਚੱਲ ਰਿਹਾ ਹੈ। ਯੂਰਪੀ ਅਦਾਲਤ ਇਸ ਮੁਕੱਦਮੇ ਉੱਤੇ ਵਿਚਾਰ ਕਰਨ ਲਈ ਮੰਨ ਗਈ ਹੈ। ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਇਹ ਅਦਾਲਤ ਬਹੁਤ ਹੀ ਘੱਟ ਮੁਕੱਦਮਿਆਂ ਨੂੰ ਆਪਣੇ ਹੱਥ ਵਿਚ ਲੈਂਦੀ ਹੈ। ਹੁਣ ਤਕ ਇਸ ਅਦਾਲਤ ਵਿਚ ਯਹੋਵਾਹ ਦੇ ਗਵਾਹਾਂ ਨਾਲ ਸੰਬੰਧਿਤ 39 ਮੁਕੱਦਮਿਆਂ ਦੀ ਸੁਣਵਾਈ ਹੋਈ ਹੈ ਤੇ ਇਸ ਨੇ 37 ਫ਼ੈਸਲੇ ਗਵਾਹਾਂ ਦੇ ਪੱਖ ਵਿਚ ਕੀਤੇ ਹਨ। ਭਰਾ ਲੈੱਟ ਨੇ ਪਰਮੇਸ਼ੁਰ ਦੇ ਸਾਰੇ ਲੋਕਾਂ ਨੂੰ ਬੇਨਤੀ ਕੀਤੀ ਕਿ ਉਹ ਫਰਾਂਸ ਦੇ ਭੈਣ-ਭਰਾਵਾਂ ਬਾਰੇ ਯਹੋਵਾਹ ਪਰਮੇਸ਼ੁਰ ਨੂੰ ਪ੍ਰਾਰਥਨਾ ਕਰਨ।

ਆਖ਼ਰੀ ਰਿਪੋਰਟ ਭਰਾ ਰਿਚਰਡ ਮੋਰਲਨ ਨੇ ਦਿੱਤੀ ਜੋ ਕਲੀਸਿਯਾ ਦੇ ਬਜ਼ੁਰਗਾਂ ਲਈ ਸਕੂਲ ਦਾ ਫੀਲਡ ਇੰਸਟ੍ਰਕਟਰ ਹੈ। ਉਸ ਨੇ ਜੋਸ਼ ਨਾਲ ਸਕੂਲ ਬਾਰੇ ਅਤੇ ਇਸ ਵਿਚ ਹਾਜ਼ਰ ਹੋਣ ਵਾਲੇ ਬਜ਼ੁਰਗਾਂ ਵੱਲੋਂ ਮਿਲੇ ਵਧੀਆ ਹੁੰਗਾਰੇ ਦਾ ਜ਼ਿਕਰ ਕੀਤਾ।

ਪ੍ਰਬੰਧਕ ਸਭਾ ਦੇ ਮੈਂਬਰਾਂ ਵੱਲੋਂ ਹੋਰ ਭਾਸ਼ਣ

ਭਰਾ ਗਾਏ ਪੀਅਰਸ ਨੇ ਸਾਲ 2011 ਦੇ ਹਵਾਲੇ ਉੱਤੇ ਦਿਲੋਂ ਭਾਸ਼ਣ ਦਿੱਤਾ, ‘ਯਹੋਵਾਹ ਦੇ ਨਾਮ ਵਿੱਚ ਪਨਾਹ ਲਓ।’ (ਸਫ਼. 3:12) ਉਸ ਨੇ ਕਿਹਾ ਕਿ ਭਾਵੇਂ ਇਹ ਸਮਾਂ ਯਹੋਵਾਹ ਦੇ ਲੋਕਾਂ ਲਈ ਕਈ ਤਰੀਕਿਆਂ ਨਾਲ ਖ਼ੁਸ਼ੀ ਦਾ ਸਮਾਂ ਹੈ, ਪਰ ਇਸ ਨੂੰ ਗੰਭੀਰਤਾ ਨਾਲ ਲੈਣ ਦੀ ਲੋੜ ਹੈ। ਯਹੋਵਾਹ ਦਾ ਮਹਾਨ ਦਿਨ ਨੇੜੇ ਹੈ, ਫਿਰ ਵੀ ਲੋਕ ਝੂਠੇ ਧਰਮ, ਰਾਜਨੀਤਿਕ ਸੰਸਥਾਵਾਂ ਅਤੇ ਧਨ-ਦੌਲਤ ਦਾ ਸਹਾਰਾ ਲੈਂਦੇ ਹਨ। ਲੋਕ ਦੁਨੀਆਂ ਵਿਚ ਵਾਪਰ ਰਹੀਆਂ ਘਟਨਾਵਾਂ ਨੂੰ ਦੇਖਦੇ ਹੋਏ ਵੀ ਆਪਣੀਆਂ ਅੱਖਾਂ ਬੰਦ ਕਰ ਲੈਂਦੇ ਹਨ। ਪਰ ਸਾਡੇ ਲਈ ਜ਼ਰੂਰੀ ਹੈ ਕਿ ਅਸੀਂ ਯਹੋਵਾਹ ਦਾ ਨਾਂ ਲਈਏ, ਉਸ ਨੂੰ ਜਾਣੀਏ, ਉਸ ਦਾ ਗਹਿਰਾ ਆਦਰ ਕਰੀਏ, ਉਸ ’ਤੇ ਭਰੋਸਾ ਕਰੀਏ ਅਤੇ ਆਪਣੀ ਹਰ ਚੀਜ਼ ਨਾਲ ਉਸ ਨੂੰ ਪਿਆਰ ਕਰੀਏ।

ਫਿਰ ਪ੍ਰਬੰਧਕ ਸਭਾ ਦੇ ਮੈਂਬਰ ਡੇਵਿਡ ਸਪਲੇਨ ਨੇ ਭਾਸ਼ਣ ਦਿੱਤਾ ਜਿਸ ਦਾ ਵਿਸ਼ਾ ਸੀ: “ਕੀ ਤੁਸੀਂ ਪਰਮੇਸ਼ੁਰ ਦੇ ਆਰਾਮ ਵਿਚ ਵੜ ਗਏ ਹੋ?” ਇਸ ਭਾਸ਼ਣ ਨੇ ਸਾਰਿਆਂ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ। ਉਸ ਨੇ ਕਿਹਾ ਕਿ ਪਰਮੇਸ਼ੁਰ ਦੀ ਤਰ੍ਹਾਂ ਆਰਾਮ ਕਰਨ ਦਾ ਮਤਲਬ ਹੱਥ ਉੱਤੇ ਹੱਥ ਧਰ ਕੇ ਬੈਠਣਾ ਨਹੀਂ ਹੈ। ਯਹੋਵਾਹ ਅਤੇ ਉਸ ਦਾ ਪੁੱਤਰ ਆਰਾਮ ਦੇ ਦਿਨ ਵਿਚ ਵੀ ‘ਕੰਮ ਕਰ ਰਹੇ’ ਹਨ ਤਾਂਕਿ ਧਰਤੀ ਲਈ ਰੱਖਿਆ ਉਸ ਦਾ ਮਕਸਦ ਜ਼ਰੂਰ ਪੂਰਾ ਹੋ ਸਕੇ। (ਯੂਹੰ. 5:17) ਤਾਂ ਫਿਰ ਅਸੀਂ ਪਰਮੇਸ਼ੁਰ ਦੇ ਆਰਾਮ ਵਿਚ ਕਿਵੇਂ ਵੜ ਸਕਦੇ ਹਾਂ? ਪਾਪ ਕਰਨ ਤੋਂ ਅਤੇ ਆਪਣੇ ਆਪ ਨੂੰ ਧਰਮੀ ਠਹਿਰਾਉਣ ਦੇ ਕੰਮਾਂ ਤੋਂ ਬਾਜ਼ ਆ ਕੇ। ਸਾਨੂੰ ਨਿਹਚਾ ਕਰਨ ਦੇ ਨਾਲ-ਨਾਲ ਪਰਮੇਸ਼ੁਰ ਦੇ ਮਕਸਦ ਮੁਤਾਬਕ ਜ਼ਿੰਦਗੀ ਜੀਣੀ ਚਾਹੀਦੀ ਹੈ ਅਤੇ ਇਸ ਮਕਸਦ ਨੂੰ ਪੂਰਾ ਕਰਨ ਵਿਚ ਯੋਗਦਾਨ ਪਾਉਣਾ ਚਾਹੀਦਾ ਹੈ। ਸਾਨੂੰ ਯਹੋਵਾਹ ਦੇ ਸੰਗਠਨ ਦੀ ਸਲਾਹ ਮੰਨਣ ਅਤੇ ਇਸ ਦੇ ਨਿਰਦੇਸ਼ਨ ਅਨੁਸਾਰ ਚੱਲਣ ਦੀ ਲੋੜ ਹੈ ਭਾਵੇਂ ਕਦੇ-ਕਦੇ ਸ਼ਾਇਦ ਇਸ ਤਰ੍ਹਾਂ ਕਰਨਾ ਔਖਾ ਲੱਗੇ। ਭਰਾ ਸਪਲੇਨ ਨੇ ਹਾਜ਼ਰੀਨ ਨੂੰ ਪਰਮੇਸ਼ੁਰ ਦੇ ਆਰਾਮ ਵਿਚ ਵੜਨ ਦੀ ਹਰ ਕੋਸ਼ਿਸ਼ ਕਰਨ ਦੀ ਤਾਕੀਦ ਕੀਤੀ।

ਆਖ਼ਰੀ ਭਾਸ਼ਣ ਪ੍ਰਬੰਧਕ ਸਭਾ ਦੇ ਮੈਂਬਰ ਐਂਟਨੀ ਮੌਰਿਸ ਨੇ ਦਿੱਤਾ ਜਿਸ ਦਾ ਵਿਸ਼ਾ ਸੀ, “ਅਸੀਂ ਕਿਨ੍ਹਾਂ ਗੱਲਾਂ ਦੀ ਉਡੀਕ ਕਰ ਰਹੇ ਹਾਂ?” ਭਰਾ ਮੌਰਿਸ ਨੇ ਬੜੇ ਪਿਆਰ ਨਾਲ ਹਾਜ਼ਰੀਨ ਨੂੰ ਉਨ੍ਹਾਂ ਭਵਿੱਖਬਾਣੀਆਂ ਬਾਰੇ ਯਾਦ ਕਰਾਇਆ ਜਿਨ੍ਹਾਂ ਦੇ ਪੂਰੇ ਹੋਣ ਦੀ ਸਾਰੇ ਬੜੇ ਚਾਅ ਨਾਲ ਉਡੀਕ ਕਰ ਰਹੇ ਹਨ। ਇਨ੍ਹਾਂ ਵਿਚ “ਅਮਨ ਚੈਨ ਅਤੇ ਸੁਖ ਸਾਂਦ” ਦੀ ਪੁਕਾਰ ਅਤੇ ਝੂਠੇ ਧਰਮਾਂ ਦੇ ਨਾਸ਼ ਬਾਰੇ ਭਵਿੱਖਬਾਣੀਆਂ ਸ਼ਾਮਲ ਹਨ। (1 ਥੱਸ. 5:2, 3; ਪਰ. 17:15-17) ਭਰਾ ਮੌਰਿਸ ਨੇ ਚੇਤਾਵਨੀ ਦਿੱਤੀ ਕਿ ਜੇ ਖ਼ਬਰਾਂ ਵਿਚ ਸਾਨੂੰ ਇਨ੍ਹਾਂ ਭਵਿੱਖਬਾਣੀਆਂ ਤੋਂ ਇਲਾਵਾ ਕਿਸੇ ਹੋਰ ਬੁਰੀ ਘਟਨਾ ਬਾਰੇ ਦੱਸਿਆ ਜਾਂਦਾ ਹੈ, ਤਾਂ ਸਾਨੂੰ ਇਹ ਨਹੀਂ ਕਹਿਣਾ ਚਾਹੀਦਾ ਕਿ “ਆਰਮਾਗੇਡਨ ਆ ਗਿਆ ਹੈ।” ਉਸ ਨੇ ਸਲਾਹ ਦਿੱਤੀ ਕਿ ਸਾਨੂੰ ਮੀਕਾਹ 7:7 ਮੁਤਾਬਕ ਖ਼ੁਸ਼ੀ ਤੇ ਧੀਰਜ ਨਾਲ ਉਸ ਦਿਨ ਦੀ ਉਡੀਕ ਕਰਨ ਦੀ ਲੋੜ ਹੈ। ਉਸ ਨੇ ਦੱਸਿਆ ਕਿ ਜਿੱਦਾਂ ਫ਼ੌਜੀ ਜੰਗ ਦੇ ਮੈਦਾਨ ਵਿਚ ਇਕੱਠੇ ਮਿਲ ਕੇ ਲੜਦੇ ਹਨ ਉੱਦਾਂ ਹੀ ਸਾਨੂੰ ਸਾਰਿਆਂ ਨੂੰ ਪ੍ਰਬੰਧਕ ਸਭਾ ਨਾਲ ਮਿਲ ਕੇ ਕੰਮ ਕਰਨਾ ਚਾਹੀਦਾ ਹੈ। ਉਸ ਨੇ ਕਿਹਾ ਕਿ ‘ਹੇ ਸਾਰੇ ਯਹੋਵਾਹ ਦੀ ਆਸ ਰੱਖਣ ਵਾਲਿਓ, ਤੁਹਾਡਾ ਮਨ ਦਿਲੇਰ ਹੋਵੇ।’—ਜ਼ਬੂ. 31:24.

ਅਖ਼ੀਰ ਵਿਚ ਇਤਿਹਾਸ ਰਚਣ ਵਾਲੀਆਂ ਕੁਝ ਦਿਲਚਸਪ ਘੋਸ਼ਣਾਵਾਂ ਹੋਈਆਂ। ਪ੍ਰਬੰਧਕ ਸਭਾ ਦੇ ਮੈਂਬਰ ਜੈਫ਼ਰੀ ਜੈਕਸਨ ਨੇ ਘੱਟ ਅੰਗ੍ਰੇਜ਼ੀ ਸਮਝਣ ਵਾਲਿਆਂ ਲਈ ਸੌਖੀ ਅੰਗ੍ਰੇਜ਼ੀ ਭਾਸ਼ਾ ਵਿਚ ਪਹਿਰਾਬੁਰਜ ਦੇ ਸਟੱਡੀ ਐਡੀਸ਼ਨ ਦੀ ਘੋਸ਼ਣਾ ਕੀਤੀ। ਫਿਰ ਸਟੀਵਨ ਲੈੱਟ ਨੇ ਘੋਸ਼ਣਾ ਕੀਤੀ ਕਿ ਪ੍ਰਬੰਧਕ ਸਭਾ ਅਮਰੀਕਾ ਵਿਚ ਡਿਸਟ੍ਰਿਕਟ ਓਵਸੀਅਰਾਂ ਅਤੇ ਉਨ੍ਹਾਂ ਦੀਆਂ ਪਤਨੀਆਂ ਨੂੰ ਹੌਸਲਾ-ਅਫ਼ਜ਼ਾਈ ਦੇਣ ਲਈ ਇੰਤਜ਼ਾਮ ਕਰੇਗੀ। ਉਸ ਨੇ ਅੱਗੇ ਕਿਹਾ ਕਿ ਹੁਣ ਕੁਆਰੇ ਭਰਾਵਾਂ ਦੇ ਮਿਨਿਸਟੀਰੀਅਲ ਟ੍ਰੇਨਿੰਗ ਸਕੂਲ ਦਾ ਨਾਂ ਬਦਲ ਕੇ ਬਾਈਬਲ ਸਕੂਲ ਕਰ ਦਿੱਤਾ ਗਿਆ ਹੈ। ਉਨ੍ਹਾਂ ਨੇ ਇਕ ਹੋਰ ਸਕੂਲ ਦੀ ਘੋਸ਼ਣਾ ਕੀਤੀ ਜਿਸ ਵਿਚ ਮਸੀਹੀ ਪਤੀ-ਪਤਨੀਆਂ ਨੂੰ ਟ੍ਰੇਨਿੰਗ ਦਿੱਤੀ ਜਾਵੇਗੀ। ਇਸ ਸਕੂਲ ਤੋਂ ਪਤੀ-ਪਤਨੀਆਂ ਨੂੰ ਸਿਖਲਾਈ ਦਿੱਤੀ ਜਾਵੇਗੀ ਕਿ ਉਹ ਯਹੋਵਾਹ ਦੀ ਸੇਵਾ ਹੋਰ ਕਿਵੇਂ ਵਧੀਆ ਤਰੀਕੇ ਨਾਲ ਕਰ ਸਕਦੇ ਹਨ। ਭਰਾ ਲੈੱਟ ਨੇ ਇਹ ਵੀ ਘੋਸ਼ਣਾ ਕੀਤੀ ਕਿ ਸਾਲ ਵਿਚ ਦੋ ਵਾਰ ਸਫ਼ਰੀ ਨਿਗਾਹਬਾਨਾਂ ਅਤੇ ਉਨ੍ਹਾਂ ਦੀਆਂ ਪਤਨੀਆਂ ਅਤੇ ਬ੍ਰਾਂਚ ਕਮੇਟੀ ਦੇ ਮੈਂਬਰਾਂ ਅਤੇ ਉਨ੍ਹਾਂ ਦੀਆਂ ਪਤਨੀਆਂ ਲਈ ਸਕੂਲ ਪੈਟਰਸਨ ਵਿਖੇ ਹੋਇਆ ਕਰੇਗਾ। ਇਸ ਦਾ ਮਤਲਬ ਹੈ ਕਿ ਜੋ ਪਹਿਲਾਂ ਇਕ ਵਾਰ ਇਸ ਸਕੂਲ ਜਾ ਚੁੱਕੇ ਹਨ, ਉਹ ਦੂਜੀ ਵਾਰ ਵੀ ਇਸ ਸਕੂਲ ਵਿਚ ਜਾਣਗੇ।

ਪ੍ਰੋਗ੍ਰਾਮ ਦੇ ਅਖ਼ੀਰ ਵਿਚ 97 ਸਾਲਾਂ ਦੇ ਭਰਾ ਜੌਨ ਈ. ਬਾਰ ਨੇ ਦਿਲ ਨੂੰ ਛੋਹ ਜਾਣ ਵਾਲੀ ਪ੍ਰਾਰਥਨਾ ਕੀਤੀ ਜੋ ਕਾਫ਼ੀ ਚਿਰਾਂ ਤੋਂ ਪ੍ਰਬੰਧਕ ਸਭਾ ਦੇ ਮੈਂਬਰ ਸਨ। * ਮੀਟਿੰਗ ਖ਼ਤਮ ਹੋਣ ਤੇ ਹਰ ਕਿਸੇ ਨੇ ਇਹੀ ਕਿਹਾ ਕਿ ਇਸ ਮੀਟਿੰਗ ਨੇ ਤਾਂ ਵਾਕਈ ਇਤਿਹਾਸ ਰਚ ਦਿੱਤਾ!

[ਫੁਟਨੋਟ]

^ ਪੈਰਾ 20 ਭਰਾ ਜੌਨ ਬਾਰ 4 ਦਸੰਬਰ 2010 ਨੂੰ ਸਵਰਗਵਾਸ ਹੋ ਗਏ।

[ਸਫ਼ਾ 19 ਉੱਤੇ ਸੁਰਖੀ]

ਸਾਰਿਆਂ ਨੇ ਇੰਟਰਵਿਊਆਂ ਦਾ ਮਜ਼ਾ ਉਠਾਇਆ

[ਸਫ਼ਾ 20 ਉੱਤੇ ਸੁਰਖੀ]

ਯਹੋਵਾਹ ਨੇ ਇਥੋਪੀਆ ਵਿਚ ਪ੍ਰਚਾਰ ਦੇ ਕੰਮ ’ਤੇ ਬਰਕਤ ਪਾਈ