Skip to content

Skip to table of contents

ਇੰਟਰਨੈੱਟ—ਵਿਸ਼ਵ-ਵਿਆਪੀ ਔਜ਼ਾਰ ਦੀ ਸਮਝਦਾਰੀ ਨਾਲ ਵਰਤੋ

ਇੰਟਰਨੈੱਟ—ਵਿਸ਼ਵ-ਵਿਆਪੀ ਔਜ਼ਾਰ ਦੀ ਸਮਝਦਾਰੀ ਨਾਲ ਵਰਤੋ

ਇੰਟਰਨੈੱਟ—ਵਿਸ਼ਵ-ਵਿਆਪੀ ਔਜ਼ਾਰ ਦੀ ਸਮਝਦਾਰੀ ਨਾਲ ਵਰਤੋ

ਸਦੀਆਂ ਪਹਿਲਾਂ ਪ੍ਰਿੰਟਿੰਗ ਪ੍ਰੈੱਸ ਦੀ ਖੋਜ ਨੇ ਲੋਕਾਂ ਦੇ ਇਕ-ਦੂਜੇ ਨਾਲ ਸੰਪਰਕ ਕਰਨ ਦੇ ਢੰਗ ਵਿਚ ਬਹੁਤ ਵੱਡੀ ਤਬਦੀਲੀ ਲਿਆਂਦੀ ਸੀ। ਅੱਜ ਦੇ ਸਮੇਂ ਵਿਚ ਇੰਟਰਨੈੱਟ ਦੀ ਖੋਜ ਕਾਰਨ ਵੀ ਇਸੇ ਤਰ੍ਹਾਂ ਹੋਇਆ ਹੈ। ਇੰਟਰਨੈੱਟ ਦੁਨੀਆਂ ਭਰ ਵਿਚ ਸੰਪਰਕ ਕਰਨ ਦਾ ਇਕ ਜ਼ਰੀਆ ਬਣ ਗਿਆ ਹੈ। ਜਦੋਂ ਤੁਸੀਂ ਇਸ ਉੱਤੇ “ਜਾਣਕਾਰੀ ਦੇ ਭੰਡਾਰ” ਵਿੱਚੋਂ ਖੋਜ ਕਰੋਗੇ, ਤਾਂ ਤੁਸੀਂ ਅਲੱਗ-ਅਲੱਗ ਵਿਸ਼ਿਆਂ ਬਾਰੇ ਤੱਥਾਂ, ਅੰਕੜਿਆਂ ਅਤੇ ਵਿਚਾਰਾਂ ਬਾਰੇ ਕਾਫ਼ੀ ਜਾਣਕਾਰੀ ਪਾ ਸਕਦੇ ਹੋ।

ਗੱਲ-ਬਾਤ ਕਰਨ ਦੀ ਕਾਬਲੀਅਤ ਸਿਰਜਣਹਾਰ ਤੋਂ ਇਕ ਸ਼ਾਨਦਾਰ ਤੋਹਫ਼ਾ ਹੈ। ਇਸ ਨਾਲ ਅਸੀਂ ਆਪਣੇ ਖ਼ਿਆਲ ਅਤੇ ਜਾਣਕਾਰੀ ਨੂੰ ਇਕ-ਦੂਸਰੇ ਨਾਲ ਸਾਂਝਾ ਕਰ ਸਕਦੇ ਹਾਂ। ਯਹੋਵਾਹ ਨੇ ਆਪਣੇ ਮਨੁੱਖੀ ਪਰਿਵਾਰ ਨਾਲ ਗੱਲ ਕਰਨ ਲਈ ਪਹਿਲ ਕੀਤੀ ਤੇ ਸਾਫ਼-ਸਾਫ਼ ਦੱਸਿਆ ਕਿ ਉਨ੍ਹਾਂ ਨੂੰ ਖ਼ੁਸ਼ੀਆਂ ਭਰੀ ਜ਼ਿੰਦਗੀ ਜੀਉਣ ਲਈ ਕੀ-ਕੀ ਕਰਨਾ ਚਾਹੀਦਾ ਸੀ। (ਉਤ. 1:28-30) ਪਰ ਜੋ ਕੁਝ ਪਹਿਲਾਂ ਮਨੁੱਖੀ ਇਤਿਹਾਸ ਵਿਚ ਹੋਇਆ, ਉਸ ਤੋਂ ਪਤਾ ਲੱਗਦਾ ਹੈ ਕਿ ਗੱਲ-ਬਾਤ ਕਰਨ ਦੇ ਤੋਹਫ਼ੇ ਦੀ ਕੁਵਰਤੋਂ ਕੀਤੀ ਜਾ ਸਕਦੀ ਹੈ। ਸ਼ਤਾਨ ਨੇ ਹੱਵਾਹ ਨੂੰ ਸਰਾਸਰ ਝੂਠੀ ਜਾਣਕਾਰੀ ਦਿੱਤੀ। ਉਸ ਨੇ ਸ਼ਤਾਨ ਦੀ ਗੱਲ ਮੰਨ ਲਈ ਅਤੇ ਇਹ ਜਾਣਕਾਰੀ ਆਦਮ ਨੂੰ ਦਿੱਤੀ ਜੋ ਮਨੁੱਖਜਾਤੀ ਨੂੰ ਤਬਾਹੀ ਦੇ ਰਾਹ ’ਤੇ ਲੈ ਗਿਆ।—ਉਤ. 3:1-6; ਰੋਮੀ. 5:12.

ਇੰਟਰਨੈੱਟ ਦੀ ਵਰਤੋਂ ਬਾਰੇ ਕੀ ਕਿਹਾ ਜਾ ਸਕਦਾ ਹੈ? ਇੰਟਰਨੈੱਟ ਸਾਨੂੰ ਬਹੁਮੁੱਲੀ ਜਾਣਕਾਰੀ ਦੇ ਸਕਦਾ ਹੈ, ਸਾਡਾ ਸਮਾਂ ਬਚਾ ਸਕਦਾ ਹੈ ਅਤੇ ਸਾਡੇ ਲਈ ਫ਼ਾਇਦੇਮੰਦ ਸਾਬਤ ਹੋ ਸਕਦਾ ਹੈ। ਪਰ ਇਹ ਸਾਨੂੰ ਗ਼ਲਤ ਜਾਣਕਾਰੀ ਵੀ ਦੇ ਸਕਦਾ ਹੈ, ਸਾਡਾ ਕਾਫ਼ੀ ਸਮਾਂ ਬਰਬਾਦ ਕਰ ਸਕਦਾ ਹੈ ਅਤੇ ਸਾਨੂੰ ਨੈਤਿਕ ਤੌਰ ਤੇ ਵਿਗਾੜ ਸਕਦਾ ਹੈ। ਆਓ ਦੇਖੀਏ ਕਿ ਇਸ ਵਿਸ਼ਵ-ਵਿਆਪੀ ਔਜ਼ਾਰ ਨੂੰ ਆਪਣੇ ਫ਼ਾਇਦੇ ਲਈ ਅਸੀਂ ਕਿਵੇਂ ਵਰਤ ਸਕਦੇ ਹਾਂ?

ਜਾਣਕਾਰੀ ਭਰੋਸੇਯੋਗ ਜਾਂ ਗ਼ਲਤ?

ਕਦੇ ਨਾ ਸੋਚੋ ਕਿ ਇੰਟਰਨੈੱਟ ’ਤੇ ਦਿੱਤੀ ਸਾਰੀ ਜਾਣਕਾਰੀ ਚੰਗੀ ਅਤੇ ਫ਼ਾਇਦੇਮੰਦ ਹੈ। ਇੰਟਰਨੈੱਟ ’ਤੇ ਵੈੱਬ ਸਾਈਟਾਂ ਦੀ ਤੁਲਨਾ ਖੁੰਬਾਂ ਚੁਗਣ ਵਾਲਿਆਂ ਨਾਲ ਕੀਤੀ ਜਾ ਸਕਦੀ ਹੈ ਜੋ ਸਾਰੀ ਦਿਹਾੜੀ ਹਰ ਤਰ੍ਹਾਂ ਦੀਆਂ ਖੁੰਬਾਂ ਯਾਨੀ ਖਾਣਯੋਗ ਤੇ ਜ਼ਹਿਰੀਲੀਆਂ ਖੁੰਬਾਂ ਚੁਗਦੇ ਹਨ ਤੇ ਇੱਕੋ ਭਾਂਡੇ ਵਿਚ ਉਨ੍ਹਾਂ ਨੂੰ ਸੁੱਟਦੇ ਜਾਂਦੇ ਹਨ ਤੇ ਫਿਰ ਸਾਡੇ ਖਾਣ ਲਈ ਉਨ੍ਹਾਂ ਨੂੰ ਭੇਜਦੇ ਹਨ। ਕੀ ਤੁਸੀਂ ਖੁੰਬਾਂ ਨੂੰ ਜਾਂਚੇ ਬਿਨਾਂ ਹੀ ਖਾਣ ਲੱਗ ਪਵੋਗੇ? ਬਿਲਕੁਲ ਨਹੀਂ! ਵੈੱਬ ਸਾਈਟਾਂ ਬਹੁਤ ਸਾਰੇ ਕੰਪਿਊਟਰਾਂ ਨੂੰ ਵਰਤ ਕੇ ਅਰਬਾਂ ਹੀ ਵੈੱਬ ਪੇਜਾਂ ਤੋਂ ਵਧੀਆ ਤੋਂ ਵਧੀਆ ਅਤੇ ਘਟੀਆ ਤੋਂ ਘਟੀਆ ਜਾਣਕਾਰੀ ਇਕੱਠੀ ਕਰਦੀਆਂ ਹਨ। ਸਾਨੂੰ ਸਮਝਦਾਰੀ ਨਾਲ ਮਾਨੋ ਕਣਕ ਨੂੰ ਤੂੜੀ ਤੋਂ ਵੱਖਰਾ ਕਰਨ ਦੀ ਲੋੜ ਹੈ ਬਸ਼ਰਤੇ ਅਸੀਂ ਗ਼ਲਤ ਜਾਣਕਾਰੀ ਨਾਲ ਆਪਣੇ ਮਨਾਂ ਵਿਚ ਜ਼ਹਿਰ ਨਹੀਂ ਭਰਨਾ ਚਾਹੁੰਦੇ।

1993 ਵਿਚ ਇਕ ਮੰਨੇ-ਪ੍ਰਮੰਨੇ ਰਸਾਲੇ ਵਿਚ ਇਕ ਕਾਰਟੂਨ ਦਿਖਾਇਆ ਗਿਆ ਸੀ ਜਿਸ ਵਿਚ ਦੋ ਕੁੱਤੇ ਕੰਪਿਊਟਰ ਸਾਮ੍ਹਣੇ ਬੈਠੇ ਸਨ। ਇਕ ਕੁੱਤਾ ਦੂਜੇ ਨੂੰ ਕਹਿੰਦਾ ਹੈ: “ਇੰਟਰਨੈੱਟ ’ਤੇ ਕੋਈ ਵੀ ਨਹੀਂ ਜਾਣਦਾ ਕਿ ਤੂੰ ਕੁੱਤਾ ਹੈ।” ਬਹੁਤ ਚਿਰ ਪਹਿਲਾਂ ਸ਼ਤਾਨ ਨੇ ਸੱਪ ਪਿੱਛੇ ਲੁਕ ਕੇ ਹੱਵਾਹ ਨਾਲ “ਚੈਟ” ਕੀਤੀ ਅਤੇ ਉਸ ਨੂੰ ਕਿਹਾ ਕਿ ਉਹ ਪਰਮੇਸ਼ੁਰ ਵਰਗੀ ਬਣ ਸਕਦੀ ਸੀ। ਅੱਜ ਇੰਟਰਨੈੱਟ ਉੱਤੇ ਕੋਈ ਵੀ ਕਿਸੇ ਵਿਸ਼ੇ ਦਾ ਮਾਹਰ ਹੋਣ ਦਾ ਢੌਂਗ ਕਰ ਸਕਦਾ ਹੈ ਕਿਉਂਕਿ ਨਾ ਤਾਂ ਕੋਈ ਉਸ ਨੂੰ ਜਾਣਦਾ ਹੈ ਅਤੇ ਨਾ ਹੀ ਉਹ ਆਪਣਾ ਅਸਲੀ ਨਾਂ ਕਿਸੇ ਨੂੰ ਦੱਸਦਾ ਹੈ। ਕੋਈ ਵੀ ਇੰਟਰਨੈੱਟ ’ਤੇ ਆਪਣੇ ਵਿਚਾਰਾਂ, ਜਾਣਕਾਰੀ, ਤਸਵੀਰਾਂ ਅਤੇ ਸੁਝਾਵਾਂ ਨੂੰ ਪਾ ਸਕਦਾ ਹੈ ਕਿਉਂਕਿ ਇਸ ਬਾਰੇ ਕੋਈ ਪੱਕੇ ਕਾਇਦੇ-ਕਾਨੂੰਨ ਨਹੀਂ ਹਨ।

“ਇੰਟਰਨੈੱਟ ਵਰਤਦੇ ਸਮੇਂ ਹੱਵਾਹ ਵਾਂਗ ਭੋਲੇ-ਭਾਲੇ” ਨਾ ਬਣੋ। ਇੰਟਰਨੈੱਟ ’ਤੇ ਪਾਈ ਜਾਂਦੀ ਜਾਣਕਾਰੀ ਉੱਤੇ ਅੱਖਾਂ ਬੰਦ ਕਰ ਕੇ ਭਰੋਸਾ ਕਰਨ ਤੋਂ ਸਾਵਧਾਨ ਰਹੋ। ਪਹਿਲਾਂ ਆਪਣੇ ਤੋਂ ਪੁੱਛੋ: (1) ਇਹ ਜਾਣਕਾਰੀ ਕਿਸ ਵੱਲੋਂ ਹੈ? ਇਹ ਜਾਣਕਾਰੀ ਲਿਖਣ ਵਾਲੇ ਕੋਲ ਕਿਹੜਾ ਅਧਿਕਾਰ ਹੈ ਜਾਂ ਉਸ ਨੂੰ ਕਿਹੜੀ ਸਿਖਲਾਈ ਮਿਲੀ ਹੈ? (2) ਇਹ ਜਾਣਕਾਰੀ ਕਿਉਂ ਲਿਖੀ ਗਈ ਹੈ? ਲਿਖਾਰੀ ਨੇ ਇਹ ਗੱਲ ਕਿਸ ਇਰਾਦੇ ਨਾਲ ਲਿਖੀ ਹੈ? ਕੀ ਉਸ ਨੇ ਇਸ ਵਿਚ ਕਿਸੇ ਦਾ ਪੱਖ ਲਿਆ ਹੈ ਜਾਂ ਵਿਰੋਧ ਕੀਤਾ ਹੈ? (3) ਲਿਖਾਰੀ ਨੇ ਇਹ ਜਾਣਕਾਰੀ ਕਿੱਥੋਂ ਲਈ ਹੈ? ਕੀ ਉਹ ਉਨ੍ਹਾਂ ਕਿਤਾਬਾਂ-ਰਸਾਲਿਆਂ ਦਾ ਹਵਾਲਾ ਦਿੰਦਾ ਹੈ ਜਿੱਥੋਂ ਇਹ ਜਾਣਕਾਰੀ ਦੇਖੀ ਜਾ ਸਕਦੀ ਹੈ? (4) ਕੀ ਇਹ ਜਾਣਕਾਰੀ ਬਿਲਕੁਲ ਨਵੀਂ ਹੈ? ਪਹਿਲੀ ਸਦੀ ਵਿਚ ਪੌਲੁਸ ਰਸੂਲ ਨੇ ਤਿਮੋਥਿਉਸ ਨੂੰ ਜੋ ਸਲਾਹ ਦਿੱਤੀ ਸੀ, ਉਹ ਅੱਜ ਵੀ ਮਾਅਨੇ ਰੱਖਦੀ ਹੈ। ਪੌਲੁਸ ਨੇ ਲਿਖਿਆ: “ਉਸ ਅਮਾਨਤ ਦੀ ਰਖਵਾਲੀ ਕਰ ਅਤੇ ਜਿਹੜਾ ਝੂਠ ਮੂਠ ਗਿਆਨ ਕਹਾਉਂਦਾ ਹੈ ਉਹ ਦੀ ਗੰਦੀ ਬੁੜ ਬੁੜ ਅਤੇ ਵਿਰੋਧਤਾਈਆਂ ਵੱਲੋਂ ਮੂੰਹ ਭੁਆ ਲੈ।”—1 ਤਿਮੋ. 6:20.

ਸਮਾਂ ਬਚਾਉਂਦਾ ਜਾਂ ਜਾਇਆ ਕਰਦਾ?

ਜੇ ਸਮਝਦਾਰੀ ਨਾਲ ਇੰਟਰਨੈੱਟ ਵਰਤਿਆ ਜਾਵੇ, ਤਾਂ ਬਿਨਾਂ ਸ਼ੱਕ ਇਹ ਸਾਡਾ ਸਮਾਂ, ਤਾਕਤ ਅਤੇ ਪੈਸੇ ਬਚਾ ਸਕਦਾ ਹੈ। ਅਸੀਂ ਘਰ ਬੈਠਿਆਂ ਸੌਖਿਆਂ ਹੀ ਕੁਝ ਖ਼ਰੀਦ ਸਕਦੇ ਹਾਂ। ਚੀਜ਼ਾਂ ਦੇ ਵੱਖੋ-ਵੱਖਰੇ ਭਾਅ ਦੇਖਣ ਨਾਲ ਸਾਡੇ ਪੈਸੇ ਬਚ ਸਕਦੇ ਹਨ। ਆਨਲਾਈਨ ਬੈਕਿੰਗ ਨੇ ਲੋਕਾਂ ਦੀ ਜ਼ਿੰਦਗੀ ਸੌਖੀ ਕਰ ਦਿੱਤੀ ਹੈ। ਘਰ ਬੈਠਿਆਂ ਹੀ ਅਸੀਂ ਕਿਸੇ ਵੀ ਵਕਤ ਪੈਸਿਆਂ ਸੰਬੰਧੀ ਮਾਮਲੇ ਸੁਲਝਾ ਸਕਦੇ ਹਾਂ। ਇੰਟਰਨੈੱਟ ਰਾਹੀਂ ਅਸੀਂ ਕਿਤੇ ਵੀ ਆਉਣ-ਜਾਣ ਦਾ ਪ੍ਰੋਗ੍ਰਾਮ ਬਣਾ ਸਕਦੇ ਹਾਂ ਅਤੇ ਸਸਤੇ ਵਿਚ ਹੀ ਬੁਕਿੰਗ ਕਰਾ ਸਕਦੇ ਹਾਂ। ਸੌਖਿਆਂ ਹੀ ਅਸੀਂ ਫ਼ੋਨ ਨੰਬਰ, ਪਤੇ ਅਤੇ ਆਪਣੀ ਮੰਜ਼ਲ ’ਤੇ ਪਹੁੰਚਣ ਲਈ ਵੱਖੋ-ਵੱਖਰੇ ਰਾਹ ਲੱਭ ਸਕਦੇ ਹਾਂ। ਦੁਨੀਆਂ ਭਰ ਵਿਚ ਯਹੋਵਾਹ ਦੇ ਗਵਾਹਾਂ ਦੇ ਬ੍ਰਾਂਚ ਆਫ਼ਿਸ ਅਜਿਹੀਆਂ ਕਈ ਸੇਵਾਵਾਂ ਨੂੰ ਵਰਤਦੇ ਹਨ ਤਾਂਕਿ ਉਨ੍ਹਾਂ ਦਾ ਸਮਾਂ ਤੇ ਪੈਸੇ ਬਚ ਸਕਣ ਅਤੇ ਕੰਮ ਕਰਨ ਲਈ ਥੋੜ੍ਹੇ ਭੈਣਾਂ-ਭਰਾਵਾਂ ਦੀ ਲੋੜ ਪਵੇ।

ਪਰ ਇਸ ਦੇ ਨਾਲ-ਨਾਲ ਇੰਟਰਨੈੱਟ ਦੇ ਨੁਕਸਾਨ ਵੀ ਹਨ। ਸਭ ਤੋਂ ਜ਼ਿਆਦਾ ਇੰਟਰਨੈੱਟ ਦੀ ਵਰਤੋਂ ਵੇਲੇ ਸਮਾਂ ਬਰਬਾਦ ਹੋ ਸਕਦਾ ਹੈ। ਕੁਝ ਲਈ ਇਹ ਮਦਦਗਾਰ ਔਜ਼ਾਰ ਹੋਣ ਦੀ ਬਜਾਇ ਇਕ ਦਿਲਚਸਪ ਖਿਡੌਣਾ ਬਣ ਗਿਆ ਹੈ। ਉਹ ਆਪਣਾ ਹੱਦੋਂ ਵੱਧ ਸਮਾਂ ਇੰਟਰਨੈੱਟ ’ਤੇ ਖੇਡਣ, ਖ਼ਰੀਦਦਾਰੀ ਕਰਨ, ਚੈਟਿੰਗ ਕਰਨ, ਈ-ਮੇਲ ਭੇਜਣ, ਰਿਸਰਚ ਕਰਨ ਅਤੇ ਬਿਨਾਂ ਵਜ੍ਹਾ ਵੈੱਬ ਸਾਈਟਾਂ ਦੇਖਣ ਵਿਚ ਬਰਬਾਦ ਕਰਦੇ ਹਨ। ਹੌਲੀ-ਹੌਲੀ ਉਹ ਜ਼ਿਆਦਾ ਜ਼ਰੂਰੀ ਗੱਲਾਂ ਜਿਵੇਂ ਕਿ ਪਰਿਵਾਰ, ਦੋਸਤ ਅਤੇ ਕਲੀਸਿਯਾ ਨੂੰ ਨਜ਼ਰਅੰਦਾਜ਼ ਕਰਨ ਲੱਗ ਪੈਂਦੇ ਹਨ। ਇੰਟਰਨੈੱਟ ਦੀ ਲਤ ਵੀ ਲੱਗ ਸਕਦੀ ਹੈ। ਮਿਸਾਲ ਲਈ 2010 ਵਿਚ ਅੰਦਾਜ਼ਾ ਲਾ ਕੇ ਛਾਪੀ ਰਿਪੋਰਟ ਤੋਂ ਜ਼ਾਹਰ ਹੋਇਆ ਕਿ ਕੋਰੀਆ ਦੇ 18.4 ਪ੍ਰਤਿਸ਼ਤ ਨੌਜਵਾਨ ਇੰਟਰਨੈੱਟ ਦੇ ਆਦੀ ਸਨ। ਜਰਮਨੀ ਦੇ ਖੋਜਕਾਰਾਂ ਨੇ ਦੱਸਿਆ ਕਿ “ਜ਼ਿਆਦਾ ਤੋਂ ਜ਼ਿਆਦਾ ਔਰਤਾਂ ਸ਼ਿਕਾਇਤ ਕਰਦੀਆਂ ਹਨ ਕਿ ਉਨ੍ਹਾਂ ਦੇ ਪਤੀਆਂ ਨੂੰ ਇਹ ਲਤ ਲੱਗੀ ਹੋਈ ਹੈ।” ਇਕ ਔਰਤ ਨੇ ਸ਼ਿਕਾਇਤ ਕੀਤੀ ਕਿ ਇੰਟਰਨੈੱਟ ਨਾਲ ਚਿੰਬੜੇ ਰਹਿਣ ਕਾਰਨ ਉਸ ਦਾ ਪਤੀ ਅੱਗੇ ਨਾਲੋਂ ਬਹੁਤ ਬਦਲ ਗਿਆ ਜਿਸ ਕਾਰਨ ਉਨ੍ਹਾਂ ਦੀ ਵਿਆਹੁਤਾ ਜ਼ਿੰਦਗੀ ਬਰਬਾਦ ਹੋ ਗਈ।

ਯਹੋਵਾਹ ਦੇ ਗਵਾਹਾਂ ਦੇ ਇਕ ਬ੍ਰਾਂਚ ਆਫ਼ਿਸ ਨੂੰ ਇਕ ਅਜਿਹੇ ਬੰਦੇ ਤੋਂ ਚਿੱਠੀ ਮਿਲੀ ਜਿਸ ਨੇ ਖ਼ੁਦ ਨੂੰ ਇੰਟਰਨੈੱਟ ਜੰਕੀ ਯਾਨੀ ਆਦੀ ਕਿਹਾ। ਕਦੇ-ਕਦੇ ਉਹ ਇੰਟਰਨੈੱਟ ’ਤੇ ਦਿਨ ਵਿਚ ਦਸ-ਦਸ ਘੰਟੇ ਬਿਤਾਉਂਦਾ ਸੀ। ਉਸ ਨੇ ਕਿਹਾ ਕਿ “ਪਹਿਲਾਂ-ਪਹਿਲਾਂ ਤਾਂ ਇਸ ਵਿਚ ਕੋਈ ਖ਼ਰਾਬੀ ਨਹੀਂ ਲੱਗੀ।” ਇਹ ਕਹਿਣ ਤੋਂ ਬਾਅਦ ਉਸ ਨੇ ਕਿਹਾ: “ਸਮੇਂ ਦੇ ਬੀਤਣ ਨਾਲ ਮੈਂ ਹੌਲੀ-ਹੌਲੀ ਮੀਟਿੰਗਾਂ ਤੇ ਜਾਣਾ ਅਤੇ ਪ੍ਰਾਰਥਨਾ ਕਰਨੀ ਛੱਡ ਦਿੱਤੀ।” ਜਦ ਉਹ ਮੀਟਿੰਗਾਂ ਤੇ ਜਾਂਦਾ ਸੀ, ਤਾਂ ਉਸ ਨੇ ਕੋਈ ਤਿਆਰੀ ਨਹੀਂ ਸੀ ਕੀਤੀ ਹੁੰਦੀ ਅਤੇ ਉਸ ਦਾ ਸਾਰਾ ਧਿਆਨ ਇਸ ਗੱਲ ’ਤੇ ਲੱਗਾ ਹੁੰਦਾ ਸੀ ਕਿ ਕਿਹੜੇ ਵੇਲੇ ਉਹ “ਦੁਬਾਰਾ ਲੌਗ ਔਨ ਕਰੇ।” ਖ਼ੁਸ਼ੀ ਦੀ ਗੱਲ ਹੈ ਕਿ ਉਸ ਨੂੰ ਅਹਿਸਾਸ ਹੋਇਆ ਕਿ ਉਸ ਦੀ ਹਾਲਤ ਕਿੰਨੀ ਖ਼ਰਾਬ ਸੀ ਅਤੇ ਉਸ ਨੇ ਖ਼ੁਦ ਨੂੰ ਸੁਧਾਰਿਆ। ਆਓ ਆਪਾਂ ਇੰਟਰਨੈੱਟ ਦੀ ਇੰਨੀ ਵਰਤੋਂ ਨਾ ਕਰੀਏ ਕਿ ਇਸ ਦੀ ਸਾਨੂੰ ਲਤ ਲੱਗ ਜਾਵੇ।

ਜਾਣਕਾਰੀ ਚੰਗੀ ਹੈ ਜਾਂ ਨਹੀਂ?

ਇਕ ਥੱਸਲੁਨੀਕੀਆਂ 5:21, 22 ਵਿਚ ਅਸੀਂ ਪੜ੍ਹਦੇ ਹਾਂ: “ਸਭਨਾਂ ਗੱਲਾਂ ਨੂੰ ਪਰਖੋ, ਖਰੀਆਂ ਨੂੰ ਫੜੀ ਰੱਖੋ। ਹਰ ਪਰਕਾਰ ਦੀ ਬਦੀ ਤੋਂ ਲਾਂਭੇ ਰਹੋ।” ਸਾਨੂੰ ਪੱਕਾ ਕਰਨ ਦੀ ਲੋੜ ਹੈ ਕਿ ਇੰਟਰਨੈੱਟ ਉੱਤੇ ਜੋ ਜਾਣਕਾਰੀ ਅਸੀਂ ਲੱਭਦੇ ਹਾਂ, ਕੀ ਪਰਮੇਸ਼ੁਰ ਇਸ ਨੂੰ ਚੰਗੀ ਸਮਝੇਗਾ ਤੇ ਕੀ ਇਹ ਉਸ ਦੇ ਉੱਚੇ-ਸੁੱਚੇ ਮਿਆਰਾਂ ਅਨੁਸਾਰ ਹੈ? ਇਕ ਮਸੀਹੀ ਵਾਸਤੇ ਇਹ ਜਾਣਕਾਰੀ ਨੈਤਿਕ ਤੌਰ ਤੇ ਸਹੀ ਅਤੇ ਢੁਕਵੀਂ ਹੋਣੀ ਚਾਹੀਦੀ ਹੈ। ਖ਼ਾਸਕਰ ਇੰਟਰਨੈੱਟ ’ਤੇ ਪੋਰਨੋਗ੍ਰਾਫੀ ਆਮ ਹੋ ਗਈ ਹੈ ਅਤੇ ਜੇ ਅਸੀਂ ਖ਼ਬਰਦਾਰ ਨਾ ਰਹੀਏ, ਤਾਂ ਇਹ ਆਸਾਨੀ ਨਾਲ ਸਾਨੂੰ ਆਪਣੇ ਜਾਲ ਵਿਚ ਫਸਾ ਸਕਦੀ ਹੈ।

ਆਪਣੇ ਤੋਂ ਇਹ ਪੁੱਛਣਾ ਅਕਲਮੰਦੀ ਦੀ ਗੱਲ ਹੈ: ‘ਸਕ੍ਰੀਨ ਉੱਤੇ ਮੈਂ ਜੋ ਕੁਝ ਦੇਖਦਾ ਹਾਂ, ਉਸ ਨੂੰ ਕੀ ਮੈਂ ਆਪਣੇ ਜੀਵਨ-ਸਾਥੀ, ਮਾਪਿਆਂ ਜਾਂ ਮਸੀਹੀ ਭੈਣਾਂ-ਭਰਾਵਾਂ ਤੋਂ ਫਟਾਫਟ ਲੁਕਾ ਲਵਾਂਗਾ ਜੇ ਉਹ ਕਮਰੇ ਵਿਚ ਆਏ?’ ਜੇ ਇਸ ਸਵਾਲ ਦਾ ਜਵਾਬ ਹਾਂ ਵਿਚ ਹੈ, ਤਾਂ ਚੰਗਾ ਹੋਵੇਗਾ ਕਿ ਅਸੀਂ ਸਿਰਫ਼ ਉਦੋਂ ਹੀ ਇੰਟਰਨੈੱਟ ਵਰਤੀਏ ਜਦੋਂ ਦੂਸਰੇ ਸਾਡੇ ਨਾਲ ਹੋਣ। ਇੰਟਰਨੈੱਟ ਨੇ ਸਾਡੇ ਗੱਲਬਾਤ ਕਰਨ ਅਤੇ ਖ਼ਰੀਦਦਾਰੀ ਕਰਨ ਦੇ ਤਰੀਕੇ ਨੂੰ ਬਦਲ ਕੇ ਰੱਖ ਦਿੱਤਾ ਹੈ। ਅਫ਼ਸੋਸ ਦੀ ਗੱਲ ਹੈ ਕਿ ਇਸ ਨੇ ‘ਆਪਣੇ ਮਨੋਂ ਜ਼ਨਾਹ ਕਰਨ’ ਦਾ ਨਵਾਂ ਰਸਤਾ ਖੋਲ੍ਹ ਦਿੱਤਾ ਹੈ।—ਮੱਤੀ 5:27, 28.

ਅੱਗੇ ਭੇਜਾਂ ਜਾਂ ਨਾ ਭੇਜਾਂ?

ਇੰਟਰਨੈੱਟ ਵਰਤਣ ਵਿਚ ਸ਼ਾਮਲ ਹੈ ਜਾਣਕਾਰੀ ਲੈਣੀ ਤੇ ਇਸ ਨੂੰ ਫੈਲਾਉਣਾ। ਭਾਵੇਂ ਸਾਨੂੰ ਜਾਣਕਾਰੀ ਲੈਣ ਅਤੇ ਅੱਗੇ ਕਿਸੇ ਨੂੰ ਭੇਜਣ ਦੀ ਆਜ਼ਾਦੀ ਹੈ, ਪਰ ਸਾਡਾ ਫ਼ਰਜ਼ ਬਣਦਾ ਹੈ ਕਿ ਪਹਿਲਾਂ ਅਸੀਂ ਪੱਕਾ ਕਰੀਏ ਕਿ ਇਹ ਜਾਣਕਾਰੀ ਸੱਚ ਹੈ ਤੇ ਇਸ ਵਿਚ ਕੋਈ ਅਜਿਹੀ ਗੱਲ ਨਹੀਂ ਜਿਸ ਨਾਲ ਸਾਡੇ ਸਿਰ ਸ਼ਰਮ ਨਾਲ ਝੁੱਕ ਜਾਣ। ਜੋ ਜਾਣਕਾਰੀ ਅਸੀਂ ਲਿਖਦੇ ਜਾਂ ਦੂਜਿਆਂ ਨੂੰ ਅੱਗੇ ਭੇਜਦੇ ਹਾਂ, ਕੀ ਅਸੀਂ ਭਰੋਸੇ ਨਾਲ ਕਹਿ ਸਕਦੇ ਹਾਂ ਕਿ ਉਹ ਪੂਰੀ ਤਰ੍ਹਾਂ ਸਹੀ ਹੈ? ਕੀ ਸਾਨੂੰ ਇਹ ਜਾਣਕਾਰੀ ਅੱਗੇ ਭੇਜਣ ਦੀ ਇਜਾਜ਼ਤ ਹੈ? * ਕੀ ਇਹ ਦੂਜਿਆਂ ਦੇ ਫ਼ਾਇਦੇ ਲਈ ਅਤੇ ਉਨ੍ਹਾਂ ਦਾ ਹੌਸਲਾ ਵਧਾਉਣ ਵਾਲੀ ਹੈ? ਇਹ ਜਾਣਕਾਰੀ ਅਸੀਂ ਕਿਉਂ ਦੇ ਰਹੇ ਹਾਂ? ਕੀ ਅਸੀਂ ਸਿਰਫ਼ ਦੂਜਿਆਂ ਦੀ ਵਾਹ-ਵਾਹ ਖੱਟਣ ਲਈ ਇੱਦਾਂ ਕਰਨਾ ਚਾਹੁੰਦੇ ਹਾਂ?

ਜੇ ਈ-ਮੇਲ ਦੀ ਵਰਤੋਂ ਸਹੀ ਢੰਗ ਨਾਲ ਕੀਤੀ ਜਾਵੇ, ਤਾਂ ਇਹ ਬਹੁਤ ਫ਼ਾਇਦੇਮੰਦ ਹੋ ਸਕਦੀ ਹੈ। ਇਹ ਸਾਨੂੰ ਬਹੁਤ ਸਾਰੀ ਜਾਣਕਾਰੀ ਦੇ ਸਕਦੀ ਹੈ। ਕੀ ਅਸੀਂ ਬਿਨਾਂ ਸੋਚੇ-ਸਮਝੇ ਤਾਜ਼ੀ ਖ਼ਬਰ ਜਾਂ ਫ਼ਜ਼ੂਲ ਗੱਲਾਂ ਆਪਣੇ ਬਹੁਤ ਸਾਰੇ ਵਾਕਫ਼ਾਂ ਨੂੰ ਭੇਜ-ਭੇਜ ਕੇ ਉਨ੍ਹਾਂ ਦਾ ਕੀਮਤੀ ਸਮਾਂ ਬਰਬਾਦ ਕਰਦੇ ਹਾਂ? ਕੋਈ ਵੀ ਜਾਣਕਾਰੀ “ਭੇਜਣ” ਤੋਂ ਪਹਿਲਾਂ ਕੀ ਸਾਨੂੰ ਸੋਚ-ਵਿਚਾਰ ਨਹੀਂ ਕਰਨਾ ਚਾਹੀਦਾ? ਇਹ ਜਾਣਕਾਰੀ ਭੇਜ ਕੇ ਅਸੀਂ ਕਰਨਾ ਕੀ ਚਾਹੁੰਦੇ ਹਾਂ? ਕੁਝ ਸਾਲ ਪਹਿਲਾਂ ਲੋਕੀ ਆਪਣੇ ਪਰਿਵਾਰਾਂ ਅਤੇ ਦੋਸਤਾਂ-ਮਿੱਤਰਾਂ ਨਾਲ ਆਪਣੀ ਜ਼ਿੰਦਗੀ ਦੇ ਤਜਰਬੇ ਸਾਂਝੇ ਕਰਨ ਲਈ ਚਿੱਠੀਆਂ ਲਿਖਦੇ ਹੁੰਦੇ ਸਨ। ਕੀ ਸਾਡੀ ਈ-ਮੇਲ ਇਹੋ ਜਿਹੀ ਨਹੀਂ ਹੋਣੀ ਚਾਹੀਦੀ? ਜੇ ਤੁਹਾਨੂੰ ਖ਼ੁਦ ਨੂੰ ਜਾਣਕਾਰੀ ਦੇ ਸਹੀ-ਗ਼ਲਤ ਹੋਣ ਦਾ ਨਹੀਂ ਪਤਾ, ਤਾਂ ਫਿਰ ਇਹ ਜਾਣਕਾਰੀ ਦੂਜਿਆਂ ਨੂੰ ਕਿਉਂ ਭੇਜਦੇ ਹੋ?

ਤਾਂ ਫਿਰ ਸਾਨੂੰ ਇੰਟਰਨੈੱਟ ਦੇ ਮਾਮਲੇ ਵਿਚ ਕੀ ਕਰਨਾ ਚਾਹੀਦਾ ਹੈ? ਇਸ ਨੂੰ ਵਰਤਣਾ ਬਿਲਕੁਲ ਛੱਡ ਦੇਣਾ ਚਾਹੀਦਾ ਹੈ? ਇਸ ਤਰ੍ਹਾਂ ਕਰਨਾ ਕੁਝ ਹਾਲਾਤਾਂ ਵਿਚ ਸ਼ਾਇਦ ਜ਼ਰੂਰੀ ਹੋਵੇ। ਉੱਪਰ ਜ਼ਿਕਰ ਕੀਤੇ ਇੰਟਰਨੈੱਟ ਜੰਕੀ ਨੇ ਸਾਲਾਂ ਤੋਂ ਲੱਗੀ ਆਪਣੀ ਇਹ ਲਤ ਛੱਡਣ ਲਈ ਇਸੇ ਤਰ੍ਹਾਂ ਕੀਤਾ। ਦੂਜੇ ਪਾਸੇ ਇੰਟਰਨੈੱਟ ਵਰਤਣਾ ਸਾਡੇ ਲਈ ਫ਼ਾਇਦੇਮੰਦ ਹੋ ਸਕਦਾ ਹੈ ਬਸ਼ਰਤੇ ਕਿ ਅਸੀਂ ‘ਮੱਤ ਨੂੰ ਆਪਣੀ ਪਾਲਨਾ ਕਰਨ, ਅਤੇ ਸਮਝ ਨੂੰ ਆਪਣੀ ਰਾਖੀ ਕਰਨ’ ਦੇਈਏ।—ਕਹਾ. 2:10, 11.

[ਫੁਟਨੋਟ]

^ ਪੈਰਾ 17 ਇਹ ਗੱਲ ਫੋਟੋਆਂ ’ਤੇ ਵੀ ਲਾਗੂ ਹੁੰਦੀ ਹੈ। ਭਾਵੇਂ ਅਸੀਂ ਆਪਣੇ ਲਈ ਫੋਟੋਆਂ ਖਿੱਚ ਸਕਦੇ ਹਾਂ, ਪਰ ਹੋ ਸਕਦਾ ਕਿ ਇਨ੍ਹਾਂ ਨੂੰ ਵੰਡਣ ਦੀ ਸਾਨੂੰ ਆਜ਼ਾਦੀ ਨਾ ਹੋਵੇ ਤੇ ਨਾ ਹੀ ਇਨ੍ਹਾਂ ਫੋਟੋਆਂ ਵਿਚ ਉਨ੍ਹਾਂ ਲੋਕਾਂ ਦੇ ਨਾਂ ਅਤੇ ਪਤੇ ਦੱਸਣ ਦੀ ਆਜ਼ਾਦੀ ਹੋਵੇ।

[ਸਫ਼ਾ 4 ਉੱਤੇ ਤਸਵੀਰ]

ਤੁਸੀਂ ਗ਼ਲਤ ਜਾਣਕਾਰੀ ਦੇ ਸ਼ਿਕਾਰ ਹੋਣ ਤੋਂ ਕਿਵੇਂ ਬਚ ਸਕਦੇ ਹੋ?

[ਸਫ਼ਾ 5 ਉੱਤੇ ਤਸਵੀਰ]

ਕੋਈ ਵੀ ਜਾਣਕਾਰੀ “ਭੇਜਣ” ਤੋਂ ਪਹਿਲਾਂ ਕੀ ਸਾਨੂੰ ਸੋਚ-ਵਿਚਾਰ ਨਹੀਂ ਕਰਨਾ ਚਾਹੀਦਾ?