Skip to content

Skip to table of contents

ਪਾਠਕਾਂ ਵੱਲੋਂ ਸਵਾਲ 1

ਪਾਠਕਾਂ ਵੱਲੋਂ ਸਵਾਲ 1

ਪਾਠਕਾਂ ਵੱਲੋਂ ਸਵਾਲ

ਕੀ ਇਹ ਦੱਸਣਾ ਮੁਮਕਿਨ ਹੈ ਕਿ ਇਬਰਾਨੀ ਸ਼ਾਸਤਰ ਵਿਚ ਮਸੀਹ ਬਾਰੇ ਕਿੰਨੀਆਂ ਕੁ ਭਵਿੱਖਬਾਣੀਆਂ ਪਾਈਆਂ ਜਾਂਦੀਆਂ ਹਨ?

ਇਬਰਾਨੀ ਸ਼ਾਸਤਰ ਦਾ ਅਧਿਐਨ ਕਰ ਕੇ ਸਾਨੂੰ ਬਹੁਤ ਸਾਰੀਆਂ ਭਵਿੱਖਬਾਣੀਆਂ ਪਤਾ ਲੱਗਦੀਆਂ ਹਨ ਜੋ ਯਿਸੂ ਮਸੀਹ ’ਤੇ ਪੂਰੀਆਂ ਹੋਈਆਂ ਸਨ। ਇਨ੍ਹਾਂ ਭਵਿੱਖਬਾਣੀਆਂ ਵਿਚ ਦੱਸਿਆ ਗਿਆ ਸੀ ਕਿ ਮਸੀਹ ਦਾ ਜਨਮ ਕਿਸ ਪਰਿਵਾਰ ਵਿਚ ਹੋਵੇਗਾ, ਉਹ ਕਦੋਂ ਮਸੀਹਾ ਬਣੇਗਾ, ਉਹ ਕੀ ਕਰੇਗਾ, ਲੋਕ ਉਸ ਨਾਲ ਕਿੱਦਾਂ ਪੇਸ਼ ਆਉਣਗੇ ਅਤੇ ਪਰਮੇਸ਼ੁਰ ਉਸ ਕੋਲੋਂ ਕਿਹੜਾ ਕੰਮ ਕਰਵਾਏਗਾ। ਇਨ੍ਹਾਂ ਸਾਰੀਆਂ ਗੱਲਾਂ ਨੂੰ ਮਿਲਾ ਕੇ ਇਕ ਪੂਰੀ ਤਸਵੀਰ ਬਣਦੀ ਹੈ ਜਿਸ ਦੀ ਮਦਦ ਨਾਲ ਅਸੀਂ ਯਿਸੂ ਦੀ ਮਸੀਹਾ ਵਜੋਂ ਪਛਾਣ ਕਰ ਸਕਦੇ ਹਾਂ। ਪਰ ਜਦੋਂ ਅਸੀਂ ਸਹੀ-ਸਹੀ ਦੱਸਣ ਦੀ ਕੋਸ਼ਿਸ਼ ਕਰਦੇ ਹਾਂ ਕਿ ਇਬਰਾਨੀ ਸ਼ਾਸਤਰ ਵਿਚ ਮਸੀਹ ਬਾਰੇ ਕਿੰਨੀਆਂ ਭਵਿੱਖਬਾਣੀਆਂ ਪਾਈਆਂ ਜਾਂਦੀਆਂ ਹਨ, ਤਾਂ ਸਾਨੂੰ ਸਾਵਧਾਨੀ ਵਰਤਣ ਦੀ ਲੋੜ ਹੈ।

ਹਰ ਕੋਈ ਇਸ ਗੱਲ ਨਾਲ ਸਹਿਮਤ ਨਹੀਂ ਹੁੰਦਾ ਕਿ ਕਿਹੜੀ ਭਵਿੱਖਬਾਣੀ ਮਸੀਹ ਬਾਰੇ ਹੈ ਜਾਂ ਕਿਹੜੀ ਨਹੀਂ। ਐਲਫ੍ਰੇਡ ਏਡਰਸ਼ਾਇਮ ਨੇ ਆਪਣੀ ਕਿਤਾਬ ਯਿਸੂ ਦੀ ਜ਼ਿੰਦਗੀ ਅਤੇ ਉਸ ਦਾ ਜ਼ਮਾਨਾ (ਅੰਗ੍ਰੇਜ਼ੀ) ਵਿਚ ਕਿਹਾ ਕਿ ਪੁਰਾਣੇ ਰਾਬਿਨੀ ਲਿਖਤਾਂ ਵਿਚ ਇਬਰਾਨੀ ਸ਼ਾਸਤਰ ਦੇ 456 ਹਿੱਸਿਆਂ ਨੂੰ ਮਸੀਹ ਬਾਰੇ ਭਵਿੱਖਬਾਣੀਆਂ ਵਜੋਂ ਤਰਤੀਬ ਅਨੁਸਾਰ ਵੰਡਿਆ ਗਿਆ ਹੈ, ਭਾਵੇਂ ਕਿ ਕਈ ਹਿੱਸਿਆਂ ਵਿਚ ਮਸੀਹਾ ਦਾ ਕੋਈ ਜ਼ਿਕਰ ਨਹੀਂ ਹੈ। ਇਨ੍ਹਾਂ 456 ਹਿੱਸਿਆਂ ’ਤੇ ਗੌਰ ਕਰਨ ਨਾਲ ਇਹ ਸਵਾਲ ਖੜ੍ਹਾ ਹੁੰਦਾ ਹੈ ਕਿ ਇਨ੍ਹਾਂ ਵਿੱਚੋਂ ਕਿਹੜੀ ਭਵਿੱਖਬਾਣੀ ਯਿਸੂ ਮਸੀਹ ਬਾਰੇ ਹੈ ਜਾਂ ਕਿਹੜੀ ਨਹੀਂ। ਮਿਸਾਲ ਲਈ ਏਡਰਸ਼ਾਇਮ ਨੇ ਕਿਹਾ ਕਿ ਯਹੂਦੀ ਸਮਝਦੇ ਸਨ ਕਿ ਉਤਪਤ 8:11 ਮਸੀਹਾ ਬਾਰੇ ਭਵਿੱਖਬਾਣੀ ਸੀ। ਉਹ ਮੰਨਦੇ ਸਨ ਕਿ “ਘੁੱਗੀ ਜਿਹੜਾ ਜ਼ੈਤੂਨ ਦਾ ਪੱਤਾ ਲੈ ਕੇ ਆਈ ਸੀ, ਉਹ ਮਸੀਹਾ ਦੇ ਪਹਾੜ ਤੋਂ ਲੈ ਕੇ ਆਈ ਸੀ।” ਇਸ ਲਿਖਾਰੀ ਨੇ ਕੂਚ 12:42 ਦਾ ਵੀ ਜ਼ਿਕਰ ਕੀਤਾ। ਇਹ ਸਮਝਾਉਂਦੇ ਹੋਏ ਕਿ ਯਹੂਦੀਆਂ ਨੇ ਇਸ ਆਇਤ ਨੂੰ ਕਿਵੇਂ ਗ਼ਲਤ ਸਮਝਿਆ, ਉਸ ਨੇ ਲਿਖਿਆ: “ਜਿਵੇਂ ਮੂਸਾ ਉਜਾੜ ਵਿੱਚੋਂ ਆਇਆ ਸੀ, ਉਸੇ ਤਰ੍ਹਾਂ ਮਸੀਹਾ ਵੀ ਰੋਮ ਵਿੱਚੋਂ ਆਵੇਗਾ।” ਬਹੁਤ ਸਾਰੇ ਵਿਦਵਾਨਾਂ ਅਤੇ ਹੋਰ ਲੋਕਾਂ ਨੂੰ ਯਿਸੂ ਮਸੀਹ ਬਾਰੇ ਸਿਰਫ਼ ਇਹ ਦੋ ਹਵਾਲੇ ਹੀ ਨਹੀਂ, ਸਗੋਂ ਹੋਰ ਗੱਲਾਂ ਵੀ ਸਮਝਣੀਆਂ ਅਤੇ ਸਮਝਾਉਣੀਆਂ ਔਖੀਆਂ ਲੱਗਦੀਆਂ ਹਨ।

ਜੇ ਅਸੀਂ ਯਿਸੂ ਮਸੀਹ ’ਤੇ ਪੂਰੀਆਂ ਹੋਈਆਂ ਭਵਿੱਖਬਾਣੀਆਂ ਉੱਤੇ ਗੌਰ ਕਰੀਏ, ਤਾਂ ਸਾਨੂੰ ਉਨ੍ਹਾਂ ਦੀ ਸਹੀ-ਸਹੀ ਗਿਣਤੀ ਬਾਰੇ ਸਹਿਮਤ ਹੋਣਾ ਔਖਾ ਲੱਗੇਗਾ। ਮਿਸਾਲ ਲਈ ਯਸਾਯਾਹ ਦੇ 53ਵੇਂ ਅਧਿਆਇ ਵਿਚ ਕਈ ਗੱਲਾਂ ਦੱਸੀਆਂ ਗਈਆਂ ਹਨ ਜੋ ਮਸੀਹਾ ਉੱਤੇ ਪੂਰੀਆਂ ਹੋਣੀਆਂ ਸਨ। ਯਸਾਯਾਹ 53:2-7 ਭਵਿੱਖਬਾਣੀ ਕਰਦਾ ਹੈ: “ਉਸ ਦਾ ਨਾ ਕੋਈ ਰੂਪ ਸੀ . . . ਉਹ ਤੁੱਛ ਅਤੇ ਮਨੁੱਖਾਂ ਵੱਲੋਂ ਤਿਆਗਿਆ ਹੋਇਆ ਸੀ . . . ਉਸ ਨੇ ਸਾਡੇ [ਰੋਗ] ਚੁੱਕ ਲਏ . . . ਉਹ ਸਾਡੇ ਅਪਰਾਧਾਂ ਲਈ ਘਾਇਲ ਕੀਤਾ ਗਿਆ . . . ਲੇਲੇ ਵਾਂਙੁ ਜਿਹੜਾ ਕੱਟੇ ਜਾਣ ਲਈ ਲੈ ਜਾਇਆ ਜਾਂਦਾ।” ਕੀ ਯਸਾਯਾਹ ਦੇ 53ਵੇਂ ਅਧਿਆਇ ਦੀਆਂ ਇਨ੍ਹਾਂ ਗੱਲਾਂ ਨੂੰ ਇਕ ਭਵਿੱਖਬਾਣੀ ਵਜੋਂ ਗਿਣਨਾ ਚਾਹੀਦਾ ਹੈ ਜਾਂ ਕੀ ਮਸੀਹਾ ਦੀ ਇਕ-ਇਕ ਗੱਲ ਨੂੰ ਵੱਖਰੀ-ਵੱਖਰੀ ਭਵਿੱਖਬਾਣੀ ਸਮਝਣਾ ਚਾਹੀਦਾ ਹੈ?

ਯਸਾਯਾਹ 11:1 ਉੱਤੇ ਵੀ ਗੌਰ ਕਰੋ: “ਯੱਸੀ ਦੇ ਟੁੰਡ ਤੋਂ ਇੱਕ ਲਗਰ ਨਿੱਕਲੇਗੀ, ਅਤੇ ਉਹ ਦੀਆਂ ਜੜ੍ਹਾਂ ਵਿੱਚੋਂ ਇੱਕ ਟਹਿਣਾ ਫਲ ਦੇਵੇਗਾ।” 10ਵੀਂ ਆਇਤ ਵਿਚ ਇਹੀ ਭਵਿੱਖਬਾਣੀ ਦੁਬਾਰਾ ਦੱਸੀ ਗਈ ਹੈ ਜਿਸ ਵਿਚ ਇਸੇ ਤਰ੍ਹਾਂ ਦੇ ਮਿਲਦੇ-ਜੁਲਦੇ ਸ਼ਬਦ ਵਰਤੇ ਗਏ ਹਨ। ਕੀ ਸਾਨੂੰ ਇਨ੍ਹਾਂ ਦੋ ਆਇਤਾਂ ਨੂੰ ਦੋ ਵੱਖਰੀਆਂ ਭਵਿੱਖਬਾਣੀਆਂ ਵਜੋਂ ਗਿਣਨਾ ਚਾਹੀਦਾ ਹੈ ਜਾਂ ਇੱਕੋ ਭਵਿੱਖਬਾਣੀ? ਜੇ ਅਸੀਂ ਯਸਾਯਾਹ ਦੇ 53ਵੇਂ ਅਤੇ 11ਵੇਂ ਅਧਿਆਇ ਨੂੰ ਧਿਆਨ ਵਿਚ ਰੱਖ ਕੇ ਗਿਣਤੀ ਕਰਾਂਗੇ, ਤਾਂ ਮਸੀਹਾ ਬਾਰੇ ਕੀਤੀਆਂ ਸਾਰੀਆਂ ਭਵਿੱਖਬਾਣੀ ’ਤੇ ਜ਼ਰੂਰ ਅਸਰ ਪਵੇਗਾ।

ਇਸ ਲਈ ਅਸੀਂ ਇਬਰਾਨੀ ਸ਼ਾਸਤਰ ਵਿਚ ਮਸੀਹਾ ਬਾਰੇ ਭਵਿੱਖਬਾਣੀਆਂ ਦੀ ਕੁੱਲ ਗਿਣਤੀ ਤੈਅ ਕਰਨ ਤੋਂ ਪਰਹੇਜ਼ ਕਰਾਂਗੇ। ਯਹੋਵਾਹ ਦੇ ਸੰਗਠਨ ਨੇ ਯਿਸੂ ਬਾਰੇ ਕਈ ਪੂਰੀਆਂ ਹੋਈਆਂ ਭਵਿੱਖਬਾਣੀਆਂ ਦੀ ਲਿਸਟ ਛਾਪੀ ਹੈ। * ਇਹ ਲਿਸਟ ਨਿੱਜੀ ਤੇ ਪਰਿਵਾਰਕ ਸਟੱਡੀ ਅਤੇ ਪ੍ਰਚਾਰ ਵਿਚ ਮਦਦਗਾਰ ਸਾਬਤ ਹੋ ਸਕਦੀ ਹੈ ਨਾਲੇ ਇਹ ਸਾਡੀ ਨਿਹਚਾ ਵਧਾ ਸਕਦੀ ਹੈ। ਮਸੀਹਾ ਬਾਰੇ ਕੀਤੀਆਂ ਗਈਆਂ ਭਵਿੱਖਬਾਣੀਆਂ ਦੀ ਗਿਣਤੀ ਭਾਵੇਂ ਜੋ ਮਰਜ਼ੀ ਹੋਵੇ, ਪਰ ਅਸੀਂ ਦਾਅਵੇ ਨਾਲ ਇਹ ਕਹਿ ਸਕਦੇ ਹਾਂ ਕਿ ਯਿਸੂ ਹੀ ਮਸੀਹਾ ਹੈ।

[ਫੁਟਨੋਟ]