Skip to content

Skip to table of contents

ਸ਼ਾਂਤੀ ਬਣਾਈ ਰੱਖਣ ਦੀ ਪੂਰੀ ਕੋਸ਼ਿਸ਼ ਕਰੋ

ਸ਼ਾਂਤੀ ਬਣਾਈ ਰੱਖਣ ਦੀ ਪੂਰੀ ਕੋਸ਼ਿਸ਼ ਕਰੋ

ਸ਼ਾਂਤੀ ਬਣਾਈ ਰੱਖਣ ਦੀ ਪੂਰੀ ਕੋਸ਼ਿਸ਼ ਕਰੋ

‘ਚੱਲੋ ਅਸੀਂ ਓਹਨਾਂ ਗੱਲਾਂ ਦਾ ਪਿੱਛਾ ਕਰੀਏ ਜਿਨ੍ਹਾਂ ਤੋਂ ਮਿਲਾਪ ਹੋਵੇ।’—ਰੋਮੀ. 14:19.

1, 2. ਯਹੋਵਾਹ ਦੇ ਗਵਾਹਾਂ ਵਿਚ ਸ਼ਾਂਤੀ ਕਿਉਂ ਹੈ?

ਅੱਜ ਦੁਨੀਆਂ ਦੇ ਲੋਕਾਂ ਵਿਚ ਸੱਚੀ ਸ਼ਾਂਤੀ ਨਹੀਂ ਹੈ। ਇੱਥੋਂ ਤਕ ਕਿ ਇੱਕੋ ਦੇਸ਼ ਅਤੇ ਇੱਕੋ ਭਾਸ਼ਾ ਦੇ ਲੋਕਾਂ ਵਿਚ ਅਕਸਰ ਏਕਤਾ ਦੇਖਣ ਨੂੰ ਨਹੀਂ ਮਿਲਦੀ। ਉਹ ਧਰਮ, ਰਾਜਨੀਤੀ, ਪੈਸਾ ਅਤੇ ਸਿੱਖਿਆ ਕਾਰਨ ਵੰਡੇ ਹੋਏ ਹਨ। ਪਰ ਯਹੋਵਾਹ ਦੇ ਗਵਾਹ ਆਪਸ ਵਿਚ ਸ਼ਾਂਤੀ ਨਾਲ ਰਹਿੰਦੇ ਹਨ ਭਾਵੇਂ ਉਹ “ਹਰੇਕ ਕੌਮ ਵਿੱਚੋਂ ਅਤੇ ਸਭਨਾਂ ਗੋਤਾਂ, ਉੱਮਤਾਂ ਅਤੇ ਭਾਖਿਆਂ ਵਿੱਚੋਂ” ਆਏ ਹਨ।—ਪਰ. 7:9.

2 ਭੈਣ-ਭਰਾ ਆਪਸ ਵਿਚ ਸ਼ਾਂਤੀ ਬਣਾਈ ਰੱਖਦੇ ਹਨ। ਇਸ ਦਾ ਮੁੱਖ ਕਾਰਨ ਹੈ ਕਿ ਅਸੀਂ ‘ਪਰਮੇਸ਼ੁਰ ਵੱਲ ਸ਼ਾਂਤੀ ਰੱਖਦੇ ਹਾਂ।’ ਇਹ ਸ਼ਾਂਤੀ ਉਸ ਦੇ ਪੁੱਤਰ ਉੱਤੇ ਨਿਹਚਾ ਕਾਰਨ ਸਾਨੂੰ ਮਿਲੀ ਹੈ ਜਿਸ ਨੇ ਸਾਡੇ ਲਈ ਆਪਣੀ ਜਾਨ ਕੁਰਬਾਨ ਕਰ ਦਿੱਤੀ। (ਰੋਮੀ. 5:1; ਅਫ਼. 1:7) ਯਹੋਵਾਹ ਆਪਣੇ ਵਫ਼ਾਦਾਰ ਸੇਵਕਾਂ ਨੂੰ ਪਵਿੱਤਰ ਸ਼ਕਤੀ ਵੀ ਦਿੰਦਾ ਹੈ ਅਤੇ ਇਸ ਸ਼ਕਤੀ ਦੇ ਫਲ ਵਿਚ ਸ਼ਾਂਤੀ ਦਾ ਗੁਣ ਸ਼ਾਮਲ ਹੈ। (ਗਲਾ. 5:22) ਸਾਡੇ ਵਿਚ ਸ਼ਾਂਤੀ ਅਤੇ ਏਕਤਾ ਹੋਣ ਦਾ ਇਕ ਹੋਰ ਕਾਰਨ ਹੈ ਕਿ ਅਸੀਂ “ਜਗਤ ਦੇ ਨਹੀਂ” ਹਾਂ। (ਯੂਹੰ. 15:19) ਸੋ ਅਸੀਂ ਰਾਜਨੀਤੀ ਜਾਂ ਯੁੱਧ ਵਿਚ ਹਿੱਸਾ ਨਹੀਂ ਲੈਂਦੇ। ਬਾਈਬਲ ਕਹਿਣ ਅਨੁਸਾਰ ਅਸੀਂ ‘ਆਪਣੀਆਂ ਤਲਵਾਰਾਂ ਨੂੰ ਕੁੱਟ ਕੇ ਫਾਲੇ ਬਣਾਇਆ ਹੈ।’—ਯਸਾ. 2:4.

3. ਸ਼ਾਂਤੀ ਬਣਾਈ ਰੱਖਣ ਨਾਲ ਕੀ ਹੁੰਦਾ ਹੈ ਅਤੇ ਇਸ ਲੇਖ ਵਿਚ ਅਸੀਂ ਕਿਹੜੀ ਗੱਲ ਬਾਰੇ ਚਰਚਾ ਕਰਾਂਗੇ?

3 ਭਾਵੇਂ ਕਿ ਵੱਖ-ਵੱਖ ਦੇਸ਼ਾਂ ਤੋਂ ਹੋਣ ਕਰਕੇ ਸਾਡਾ ਸਾਰਿਆਂ ਦਾ ਸਭਿਆਚਾਰ ਵੱਖੋ-ਵੱਖ ਹੈ, ਪਰ ਅਸੀਂ ਫਿਰ ਵੀ “ਇੱਕ ਦੂਏ ਨਾਲ ਪਿਆਰ” ਕਰਦੇ ਹਾਂ। (ਯੂਹੰ. 15:17) ਸ਼ਾਂਤੀ ਬਣਾਈ ਰੱਖਣ ਦਾ ਮਤਲਬ ਹੈ ਕਿ ਅਸੀਂ ਆਪਣੇ ਭੈਣਾਂ-ਭਰਾਵਾਂ ਨੂੰ ਕਿਸੇ ਤਰ੍ਹਾਂ ਦਾ ਨੁਕਸਾਨ ਨਹੀਂ ਪਹੁੰਚਾਉਂਦੇ। ਇਸ ਤੋਂ ਵੀ ਵੱਧ, ਸ਼ਾਂਤੀ ਰੱਖ ਕੇ ਅਸੀਂ ‘ਸਭਨਾਂ ਨਾਲ ਭਲਾ ਕਰਾਂਗੇ ਪਰ ਨਿਜ ਕਰਕੇ ਨਿਹਚਾਵਾਨਾਂ ਦੇ ਨਾਲ।’ (ਗਲਾ. 6:10) ਯਹੋਵਾਹ ਅਤੇ ਆਪਣੇ ਭੈਣਾਂ-ਭਰਾਵਾਂ ਨਾਲ ਇਹ ਸ਼ਾਂਤੀ ਬਣਾਈ ਰੱਖਣੀ ਬਹੁਤ ਜ਼ਰੂਰੀ ਹੈ। ਅਸੀਂ ਨਹੀਂ ਚਾਹੁੰਦੇ ਕਿ ਕੋਈ ਇਸ ਸ਼ਾਂਤੀ ਨੂੰ ਭੰਗ ਕਰੇ। ਆਓ ਅਸੀਂ ਦੇਖੀਏ ਕਿ ਅਸੀਂ ਕਲੀਸਿਯਾ ਵਿਚ ਸ਼ਾਂਤੀ ਕਿਵੇਂ ਬਣਾਈ ਰੱਖ ਸਕਦੇ ਹਾਂ।

ਜਦੋਂ ਅਸੀਂ ਗ਼ਲਤੀ ਕਰਦੇ ਹਾਂ

4. ਜੇ ਅਸੀਂ ਕਿਸੇ ਨੂੰ ਠੇਸ ਪਹੁੰਚਾਈ ਹੈ, ਤਾਂ ਸ਼ਾਂਤੀ ਬਣਾਈ ਰੱਖਣ ਲਈ ਅਸੀਂ ਕੀ ਕਰ ਸਕਦੇ ਹਾਂ?

4 ਯਾਕੂਬ ਨੇ ਲਿਖਿਆ: “ਅਸੀਂ ਸੱਭੇ ਬਹੁਤ ਭੁੱਲਣਹਾਰ ਹਾਂ। ਜੇ ਕੋਈ ਬਚਨ ਵਿੱਚ ਨਾ ਭੁੱਲੇ ਤਾਂ ਉਹ ਸਿੱਧ ਪੁਰਸ਼ ਹੈ।” (ਯਾਕੂ. 3:2) ਹੋ ਸਕਦਾ ਹੈ ਕਿ ਕਲੀਸਿਯਾ ਵਿਚ ਦੋ ਜਣੇ ਕਿਸੇ ਮਸਲੇ ਬਾਰੇ ਇਕ ਦੂਜੇ ਨਾਲ ਸਹਿਮਤ ਨਾ ਹੋਣ ਜਾਂ ਉਨ੍ਹਾਂ ਨੂੰ ਕੋਈ ਹੋਰ ਸਮੱਸਿਆ ਹੋਵੇ। ਪਰ ਜੇ ਇੱਦਾਂ ਹੈ, ਤਾਂ ਉਨ੍ਹਾਂ ਨੂੰ ਬੈਠ ਕੇ ਆਪਣੇ ਮਸਲੇ ਨੂੰ ਸੁਲਝਾ ਲੈਣਾ ਚਾਹੀਦਾ ਹੈ ਅਤੇ ਕਲੀਸਿਯਾ ਵਿਚ ਸ਼ਾਂਤੀ ਕਾਇਮ ਰੱਖਣੀ ਚਾਹੀਦੀ ਹੈ। ਮਿਸਾਲ ਲਈ, ਜੇ ਸਾਨੂੰ ਲੱਗਦਾ ਹੈ ਕਿ ਅਸੀਂ ਕਿਸੇ ਨੂੰ ਠੇਸ ਪਹੁੰਚਾਈ ਹੈ, ਤਾਂ ਯਿਸੂ ਦੀ ਸਲਾਹ ਨੂੰ ਪੜ੍ਹੋ ਤੇ ਸੋਚੋ ਕਿ ਸਾਨੂੰ ਕੀ ਕਰਨ ਦੀ ਲੋੜ ਹੈ।—ਮੱਤੀ 5:23, 24 ਪੜ੍ਹੋ।

5. ਜਦੋਂ ਸਾਨੂੰ ਕੋਈ ਠੇਸ ਪਹੁੰਚਾਉਂਦਾ ਹੈ, ਤਾਂ ਅਸੀਂ ਸ਼ਾਂਤੀ ਬਣਾਈ ਰੱਖਣ ਲਈ ਕੀ ਕਰ ਸਕਦੇ ਹਾਂ?

5 ਉਦੋਂ ਕੀ ਜਦੋਂ ਕਿਸੇ ਨੇ ਸਾਡਾ ਦਿਲ ਦੁਖਾਇਆ ਹੋਵੇ? ਕੀ ਸਾਨੂੰ ਇਹ ਸੋਚਣਾ ਚਾਹੀਦਾ ਹੈ ਕਿ ਉਹ ਇਨਸਾਨ ਸਾਡੇ ਤੋਂ ਮਾਫ਼ੀ ਮੰਗੇ? 1 ਕੁਰਿੰਥੀਆਂ 13:5 ਦੱਸਦਾ ਹੈ: ‘ਪ੍ਰੇਮ ਬੁਰਾ ਨਹੀਂ ਮੰਨਦਾ।’ ਜਦੋਂ ਸਾਨੂੰ ਕੋਈ ਠੇਸ ਪਹੁੰਚਾਉਂਦਾ ਹੈ, ਤਾਂ ਅਸੀਂ ਉਸ ਇਨਸਾਨ ਨੂੰ ਮਾਫ਼ ਕਰ ਕੇ ਅਤੇ ਉਸ ਦੀ ਗ਼ਲਤੀ ਨੂੰ ਭੁੱਲ ਕੇ ਦਿਖਾਉਂਦੇ ਹਾਂ ਕਿ ਅਸੀਂ ਸ਼ਾਂਤੀ ਬਣਾਈ ਰੱਖਣੀ ਚਾਹੁੰਦੇ ਹਾਂ। (ਕੁਲੁੱਸੀਆਂ 3:13 ਪੜ੍ਹੋ।) ਜੇ ਅਸੀਂ ਛੋਟੀਆਂ-ਛੋਟੀਆਂ ਸਮੱਸਿਆਵਾਂ ਵੇਲੇ ਇੱਦਾਂ ਕਰਦੇ ਹਾਂ, ਤਾਂ ਅਸੀਂ ਆਪਣੇ ਭੈਣਾਂ-ਭਰਾਵਾਂ ਨਾਲ ਏਕਤਾ ਵਿਚ ਬੱਝੇ ਰਹਾਂਗੇ ਜਿਸ ਨਾਲ ਸਾਨੂੰ ਮਨ ਦੀ ਸ਼ਾਂਤੀ ਮਿਲੇਗੀ। ਇਸ ਬਾਰੇ ਇਕ ਕਹਾਵਤ ਕਹਿੰਦੀ ਹੈ: ‘ਅਪਰਾਧ ਤੋਂ ਮੂੰਹ ਫੇਰ ਲੈਣ ਵਿੱਚ ਸ਼ਾਨ ਹੈ।’—ਕਹਾ. 19:11.

6. ਉਦੋਂ ਕੀ ਜਦੋਂ ਕਿਸੇ ਨੇ ਸਾਡੇ ਬਾਰੇ ਅਜਿਹੀ ਗੱਲ ਕਹੀ ਹੈ ਜਿਸ ਨੂੰ ਭੁੱਲਣਾ ਮੁਸ਼ਕਲ ਹੈ?

6 ਉਦੋਂ ਕੀ ਜਦੋਂ ਕਿਸੇ ਨੇ ਸਾਡੇ ਬਾਰੇ ਅਜਿਹੀ ਗੱਲ ਕਹੀ ਹੈ ਜਿਸ ਨੂੰ ਭੁੱਲਣਾ ਮੁਸ਼ਕਲ ਹੈ? ਇਹ ਅਕਲਮੰਦੀ ਦੀ ਗੱਲ ਨਹੀਂ ਹੋਵੇਗੀ ਜੇ ਅਸੀਂ ਇਸ ਬਾਰੇ ਦੂਜਿਆਂ ਨਾਲ ਗੱਲ ਕਰੀਏ। ਇਸ ਤਰ੍ਹਾਂ ਦੀ ਚੁਗ਼ਲੀ ਕਲੀਸਿਯਾ ਦੀ ਸ਼ਾਂਤੀ ਨੂੰ ਭੰਗ ਕਰ ਸਕਦੀ ਹੈ। ਸਮੱਸਿਆ ਨੂੰ ਹੱਲ ਕਰਨ ਲਈ ਅਸੀਂ ਕੀ ਕਰ ਸਕਦੇ ਹਾਂ? ਮੱਤੀ 18:15 ਦੱਸਦਾ ਹੈ: “ਜੇ ਤੇਰਾ ਭਾਈ ਤੇਰਾ ਗੁਨਾਹ ਕਰੇ ਤਾਂ ਜਾਹ ਅਰ ਉਹ ਦੇ ਸੰਗ ਇਕੱਲਾ ਹੋ ਕੇ ਉਹ ਨੂੰ ਸਮਝਾ ਦਿਹ। ਜੇ ਉਹ ਤੇਰੀ ਸੁਣੇ ਤਾਂ ਤੈਂ ਆਪਣੇ ਭਾਈ ਨੂੰ ਖੱਟ ਲਿਆ।” ਭਾਵੇਂ ਮੱਤੀ 18:15-17 ਵਿਚ ਗੰਭੀਰ ਪਾਪ ਬਾਰੇ ਦੱਸਿਆ ਗਿਆ ਹੈ, ਪਰ ਅਸੀਂ ਫਿਰ ਵੀ ਇਸ ਅਸੂਲ ਨੂੰ ਲਾਗੂ ਕਰ ਸਕਦੇ ਹਾਂ। ਸੋ ਸਮੱਸਿਆ ਹੋਣ ਵੇਲੇ ਚੰਗਾ ਹੋਵੇਗਾ ਕਿ ਅਸੀਂ ਉਸ ਬਾਰੇ ਭੈਣ ਜਾਂ ਭਰਾ ਨਾਲ ਇਕੱਲਿਆਂ ਗੱਲ ਕਰੀਏ। ਸਾਨੂੰ ਆਪਣੇ ਭੈਣ-ਭਰਾ ਨਾਲ ਪਿਆਰ ਨਾਲ ਗੱਲ ਕਰਨੀ ਚਾਹੀਦੀ ਹੈ ਅਤੇ ਉਸ ਨਾਲ ਦੁਬਾਰਾ ਚੰਗਾ ਰਿਸ਼ਤਾ ਬਣਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। *

7. ਸਾਨੂੰ ਸਮੱਸਿਆਵਾਂ ਨੂੰ ਜਲਦੀ ਕਿਉਂ ਸੁਲਝਾਉਣਾ ਚਾਹੀਦਾ ਹੈ?

7 ਪੌਲੁਸ ਰਸੂਲ ਨੇ ਲਿਖਿਆ: “ਤੁਸੀਂ ਗੁੱਸੇ ਤਾਂ ਹੋਵੋ ਪਰ ਪਾਪ ਨਾ ਕਰੋ, ਸੂਰਜ ਤੁਹਾਡੇ ਕ੍ਰੋਧ ਉੱਤੇ ਨਾ ਡੁੱਬ ਜਾਵੇ। ਅਤੇ ਨਾ ਸ਼ਤਾਨ ਨੂੰ ਥਾਂ ਦਿਓ!” (ਅਫ਼. 4:26, 27) ਅਤੇ ਯਿਸੂ ਨੇ ਕਿਹਾ: “ਜੇਕਰ ਕੋਈ ਤੇਰੇ ਵਿਰੁੱਧ ਮੁਕਦਮਾ ਚਲਾਉਂਦਾ ਹੈ, ਤਾਂ ਛੇਤੀ ਹੀ ਉਸ ਨਾਲ ਸਮਝੌਤਾ ਕਰ ਲੈ।” (ਮੱਤੀ 5:25, CL) ਸੋ ਦੂਜਿਆਂ ਨਾਲ ਸ਼ਾਂਤੀ ਬਣਾਈ ਰੱਖਣ ਲਈ ਸਾਨੂੰ ਜਲਦੀ ਸਮੱਸਿਆਵਾਂ ਸੁਲਝਾ ਲੈਣੀਆਂ ਚਾਹੀਦੀਆਂ ਹਨ। ਜੇ ਅਸੀਂ ਇੱਦਾਂ ਨਹੀਂ ਕਰਦੇ, ਤਾਂ ਸਮੱਸਿਆਵਾਂ ਵਧਦੀਆਂ ਅਤੇ ਹੋਰ ਗੰਭੀਰ ਹੋ ਜਾਂਦੀਆਂ ਹਨ ਜਿਵੇਂ ਜ਼ਖ਼ਮ ਦਾ ਛੇਤੀ ਇਲਾਜ ਨਾ ਕਰਾਉਣ ਨਾਲ ਇਨਫ਼ੈਕਸ਼ਨ ਹੋ ਜਾਂਦੀ ਹੈ। ਸਾਨੂੰ ਆਪਣੇ ਘਮੰਡ, ਈਰਖਾ ਜਾਂ ਪੈਸੇ ਦੇ ਲੋਭ ਨੂੰ ਆਪਣੇ ਭਰਾਵਾਂ ਨਾਲ ਕਿਸੇ ਸਮੱਸਿਆ ਨੂੰ ਸੁਲਝਾਉਣ ਵਿਚ ਰੋੜਾ ਨਹੀਂ ਬਣਨ ਦੇਣਾ ਚਾਹੀਦਾ।—ਯਾਕੂ. 4:1-6.

ਜਦੋਂ ਕਿਸੇ ਸਮੱਸਿਆ ਵਿਚ ਕਈ ਲੋਕ ਸ਼ਾਮਲ ਹੋਣ

8, 9. (ੳ) ਰੋਮ ਦੀ ਕਲੀਸਿਯਾ ਵਿਚ ਕਿਹੜਾ ਝਗੜਾ ਉੱਠ ਖੜਿਆ? (ਅ) ਪੌਲੁਸ ਨੇ ਰੋਮ ਦੇ ਮਸੀਹੀਆਂ ਨੂੰ ਕਿਹੜੀ ਸਲਾਹ ਦਿੱਤੀ?

8 ਹੋ ਸਕਦਾ ਹੈ ਕਿ ਕੁਝ ਸਮੱਸਿਆਵਾਂ ਵਿਚ ਕਈ ਭੈਣ-ਭਰਾ ਸ਼ਾਮਲ ਹੋਣ। ਰੋਮ ਵਿਚ ਵੀ ਕੁਝ ਇਸੇ ਤਰ੍ਹਾਂ ਹੋਇਆ ਸੀ। ਇਕ ਵਾਰ ਯਹੂਦੀ ਮਸੀਹੀਆਂ ਅਤੇ ਗ਼ੈਰ-ਯਹੂਦੀ ਮਸੀਹੀਆਂ ਵਿਚ ਝਗੜਾ ਹੋ ਗਿਆ। ਕੁਝ ਮਸੀਹੀਆਂ ਦੀ ਜ਼ਮੀਰ ਕਮਜ਼ੋਰ ਸੀ ਜਿਸ ਕਰਕੇ ਉਹ ਬਹੁਤ ਸਾਰੇ ਕੰਮਾਂ ਤੋਂ ਪਰੇ ਰਹਿੰਦੇ ਸਨ ਭਾਵੇਂ ਕਿ ਸ਼ਾਸਤਰ ਇਨ੍ਹਾਂ ਕੰਮਾਂ ਨੂੰ ਗ਼ਲਤ ਨਹੀਂ ਕਹਿੰਦਾ ਸੀ। ਪਰ ਕਈਆਂ ਦੀ ਜ਼ਮੀਰ ਮਜ਼ਬੂਤ ਸੀ ਜਿਸ ਕਰਕੇ ਉਹ ਆਪਣੇ ਆਪ ਨੂੰ ਕਮਜ਼ੋਰ ਜ਼ਮੀਰ ਵਾਲਿਆਂ ਤੋਂ ਬਿਹਤਰ ਸਮਝਦੇ ਸਨ। ਅਜਿਹੇ ਭੈਣ-ਭਰਾ ਇਕ-ਦੂਜੇ ਦੇ ਨਿੱਜੀ ਮਾਮਲੇ ਵਿਚ ਲੱਤ ਅੜਾ ਰਹੇ ਸਨ। ਪੌਲੁਸ ਨੇ ਉਨ੍ਹਾਂ ਨੂੰ ਕੀ ਸਲਾਹ ਦਿੱਤੀ?—ਰੋਮੀ. 14:1-6.

9 ਮਜ਼ਬੂਤ ਜ਼ਮੀਰ ਵਾਲੇ ਸਮਝਦੇ ਸਨ ਕਿ ਉਨ੍ਹਾਂ ਨੂੰ ਮੂਸਾ ਦੀ ਬਿਵਸਥਾ ਦੀ ਪਾਲਣਾ ਕਰਨ ਦੀ ਲੋੜ ਨਹੀਂ ਸੀ, ਪਰ ਕਮਜ਼ੋਰ ਜ਼ਮੀਰ ਵਾਲਿਆਂ ਨੇ ਸੋਚਿਆ ਕਿ ਬਿਵਸਥਾ ਵਿਚ ਮਨ੍ਹਾ ਕੀਤੀਆਂ ਚੀਜ਼ਾਂ ਖਾਣੀਆਂ ਗ਼ਲਤ ਸਨ। ਪੌਲੁਸ ਨੇ ਇਨ੍ਹਾਂ ਦੋਹਾਂ ਧਿਰਾਂ ਨੂੰ ਸਲਾਹ ਦਿੱਤੀ। ਉਸ ਨੇ ਮਜ਼ਬੂਤ ਜ਼ਮੀਰ ਵਾਲਿਆਂ ਨੂੰ ਕਿਹਾ ਕਿ ਉਹ ਆਪਣੇ ਆਪ ਨੂੰ ਕਮਜ਼ੋਰ ਜ਼ਮੀਰ ਵਾਲਿਆਂ ਤੋਂ ਬਿਹਤਰ ਨਾ ਸਮਝਣ। (ਰੋਮੀ. 14:2, 10) ਇਸ ਰਵੱਈਏ ਕਾਰਨ ਕਮਜ਼ੋਰ ਜ਼ਮੀਰ ਵਾਲਿਆਂ ਦਾ ਰਿਸ਼ਤਾ ਯਹੋਵਾਹ ਨਾਲੋਂ ਟੁੱਟ ਸਕਦਾ ਸੀ। ਪੌਲੁਸ ਨੇ ਅੱਗੇ ਕਿਹਾ: “ਭੋਜਨ ਦੇ ਕਾਰਨ ਪਰਮੇਸ਼ੁਰ ਦਾ ਕੰਮ ਨਾ ਵਿਗਾੜ।” ਉਸ ਨੇ ਇਹ ਵੀ ਕਿਹਾ: “ਭਲੀ ਗੱਲ ਇਹ ਹੈ ਜੋ ਨਾ ਤੂੰ ਮਾਸ ਖਾਵੇਂ ਨਾ ਮੈ ਪੀਵੇਂ ਨਾ ਕੋਈ ਇਹੋ ਜਿਹਾ ਕੰਮ ਕਰੇਂ ਜਿਸ ਤੋਂ ਤੇਰਾ ਭਰਾ ਠੇਡਾ ਖਾਵੇ।” (ਰੋਮੀ. 14:14, 15, 20, 21) ਪੌਲੁਸ ਨੇ ਕਮਜ਼ੋਰ ਜ਼ਮੀਰ ਵਾਲਿਆਂ ਨੂੰ ਕਿਹਾ ਕਿ ਉਹ ਆਪਣੇ ਤੋਂ ਵੱਖਰਾ ਸੋਚਣ ਵਾਲਿਆਂ ਦੀ ਨਿੰਦਿਆ ਨਾ ਕਰਨ। (ਰੋਮੀ. 14:13) ਉਸ ਨੇ ਉਨ੍ਹਾਂ ਨੂੰ ਕਿਹਾ: ‘ਮੈਂ ਤੁਹਾਡੇ ਵਿੱਚੋਂ ਹਰੇਕ ਨੂੰ ਆਖਦਾ ਹਾਂ ਭਈ ਉਹ ਆਪਣੇ ਆਪ ਨੂੰ ਜਿੰਨਾ ਚਾਹੀਦਾ ਹੈ ਉਸ ਨਾਲੋਂ ਵੱਧ ਨਾ ਸਮਝੇ।’ (ਰੋਮੀ. 12:3) ਦੋਹਾਂ ਧਿਰਾਂ ਨੂੰ ਸਲਾਹ ਦੇਣ ਤੋਂ ਬਾਅਦ ਉਸ ਨੇ ਕਿਹਾ: “ਸੋ ਚੱਲੋ ਅਸੀਂ ਓਹਨਾਂ ਗੱਲਾਂ ਦਾ ਪਿੱਛਾ ਕਰੀਏ ਜਿਨ੍ਹਾਂ ਤੋਂ ਮਿਲਾਪ ਅਤੇ ਇੱਕ ਦੂਏ ਦੀ ਤਰੱਕੀ ਹੋਵੇ।”—ਰੋਮੀ. 14:19.

10. ਰੋਮ ਦੇ ਮਸੀਹੀਆਂ ਵਾਂਗ ਅੱਜ ਸਮੱਸਿਆਵਾਂ ਨੂੰ ਸੁਲਝਾਉਣ ਲਈ ਸਾਨੂੰ ਕੀ ਕਰਨ ਦੀ ਲੋੜ ਹੈ?

10 ਅਸੀਂ ਯਕੀਨ ਨਾਲ ਕਹਿ ਸਕਦੇ ਹਾਂ ਕਿ ਰੋਮ ਦੇ ਮਸੀਹੀਆਂ ਨੇ ਪੌਲੁਸ ਦੀ ਗੱਲ ਸੁਣ ਕੇ ਆਪਣੇ ਵਿਚ ਤਬਦੀਲੀਆਂ ਕੀਤੀਆਂ। ਅੱਜ ਅਸੀਂ ਵੀ ਪਿਆਰ ਨਾਲ ਅਤੇ ਬਾਈਬਲ ਦੀ ਸਲਾਹ ’ਤੇ ਚੱਲ ਕੇ ਆਪਣੇ ਭੈਣਾਂ-ਭਰਾਵਾਂ ਨਾਲ ਝਗੜੇ ਨਿਪਟਾ ਸਕਦੇ ਹਾਂ। ਰੋਮ ਦੇ ਮਸੀਹੀਆਂ ਵਾਂਗ ਜੇ ਅੱਜ ਕਲੀਸਿਯਾ ਵਿਚ ਕੋਈ ਸਮੱਸਿਆ ਹੈ, ਤਾਂ ਇਸ ਵਿਚ ਸ਼ਾਮਲ ਸਾਰੇ ਜਣਿਆਂ ਨੂੰ ‘ਇੱਕ ਦੂਏ ਨਾਲ ਮਿਲੇ ਰਹਿਣ’ ਲਈ ਤਬਦੀਲੀਆਂ ਕਰਨ ਦੀ ਲੋੜ ਹੈ।—ਮਰ. 9:50.

ਬਜ਼ੁਰਗ ਕਿਵੇਂ ਮਦਦ ਕਰ ਸਕਦੇ ਹਨ

11. ਬਜ਼ੁਰਗ ਨੂੰ ਕੀ ਕਰਨਾ ਚਾਹੀਦਾ ਹੈ ਜੇ ਕੋਈ ਉਸ ਨਾਲ ਆਪਣੀ ਸਮੱਸਿਆ ਬਾਰੇ ਗੱਲ ਕਰਨੀ ਚਾਹੁੰਦਾ ਹੈ?

11 ਫੇਰ ਕੀ ਜੇ ਕਿਸੇ ਨੂੰ ਆਪਣੇ ਪਰਿਵਾਰ ਦੇ ਮੈਂਬਰ ਜਾਂ ਕਿਸੇ ਮਸੀਹੀ ਨਾਲ ਕੋਈ ਸਮੱਸਿਆ ਹੈ ਅਤੇ ਉਹ ਕਿਸੇ ਬਜ਼ੁਰਗ ਨਾਲ ਗੱਲ ਕਰਨੀ ਚਾਹੁੰਦਾ ਹੈ? ਕਹਾਉਤਾਂ 21:13 ਕਹਿੰਦਾ ਹੈ: “ਜਿਹੜਾ ਗਰੀਬ ਦੀ ਦੁਹਾਈ ਉੱਤੇ ਕੰਨ ਬੰਦ ਕਰ ਲਵੇ, ਉਹ ਆਪ ਵੀ ਪੁਕਾਰੇਗਾ ਪਰ ਉਹ ਨੂੰ ਉੱਤਰ ਨਾ ਮਿਲੇਗਾ।” ਜੇ ਇਕ ਬਜ਼ੁਰਗ ਉਸ ਭੈਣ-ਭਰਾ ਦੀ ਗੱਲ ਨੂੰ ਨਹੀਂ ਸੁਣਦਾ, ਤਾਂ ਉਹ ਇਕ ਤਰ੍ਹਾਂ ਨਾਲ ਆਪਣੇ “ਕੰਨ ਬੰਦ ਕਰ” ਰਿਹਾ ਹੋਵੇਗਾ। ਇਕ ਹੋਰ ਕਹਾਵਤ ਕਹਿੰਦੀ ਹੈ: “ਅਦਾਲਤ ਵਿਚ ਪਹਿਲਾਂ ਬੋਲਨਵਾਲਾ ਹਮੇਸ਼ਾਂ ਸੱਚਾ ਲੱਗਦਾ ਹੈ, ਪਰ ਕੇਵਲ ਉਸ ਸਮੇਂ ਤਕ ਜਦੋਂ ਤਕ ਉਸ ਦਾ ਵਿਰੋਧੀ ਆ ਕੇ ਉਸ ਤੋਂ ਪ੍ਰਸ਼ਨ ਨਹੀਂ ਪੁੱਛਦਾ।” (ਕਹਾ. 18:17, CL) ਬਜ਼ੁਰਗਾਂ ਨੂੰ ਸਾਰੀ ਗੱਲ ਧਿਆਨ ਨਾਲ ਸੁਣਨ ਤੋਂ ਬਾਅਦ ਹੀ ਫ਼ੈਸਲਾ ਕਰਨਾ ਚਾਹੀਦਾ ਹੈ। ਫਿਰ ਬਜ਼ੁਰਗ ਉਸ ਨੂੰ ਪੁੱਛ ਸਕਦਾ ਹੈ ਕਿ ਜਿਸ ਭੈਣ ਜਾਂ ਭਰਾ ਨਾਲ ਉਸ ਦੀ ਅਣਬਣ ਹੋਈ ਹੈ, ਕੀ ਉਸ ਨੇ ਉਸ ਨਾਲ ਗੱਲ ਕੀਤੀ ਹੈ ਜਾਂ ਨਹੀਂ? ਬਜ਼ੁਰਗ ਬਾਈਬਲ ਵਿੱਚੋਂ ਆਇਤਾਂ ਦਿਖਾ ਸਕਦਾ ਹੈ ਕਿ ਸਾਨੂੰ ਆਪਣੇ ਭੈਣਾਂ-ਭਰਾਵਾਂ ਨਾਲ ਸ਼ਾਂਤੀ ਬਣਾਈ ਰੱਖਣ ਲਈ ਕੀ ਕਰਨਾ ਚਾਹੀਦਾ ਹੈ।

12. ਕਿਹੜੀਆਂ ਤਿੰਨ ਮਿਸਾਲਾਂ ਦਿਖਾਉਂਦੀਆਂ ਹਨ ਕਿ ਸਮੱਸਿਆ ਬਾਰੇ ਸੁਣਨ ਤੋਂ ਬਾਅਦ ਜਲਦਬਾਜ਼ੀ ਵਿਚ ਕੁਝ ਕਰਨਾ ਖ਼ਤਰਨਾਕ ਹੈ?

12 ਕਿਸੇ ਸਮੱਸਿਆ ਬਾਰੇ ਸਿਰਫ਼ ਇਕ ਜਣੇ ਦੀ ਗੱਲ ਸੁਣ ਕੇ ਜਲਦਬਾਜ਼ੀ ਵਿਚ ਕੁਝ ਕਰਨਾ ਖ਼ਤਰਨਾਕ ਹੈ। ਬਾਈਬਲ ਵਿਚ ਇਸ ਬਾਰੇ ਕੁਝ ਤਿੰਨ ਮਿਸਾਲਾਂ ਦਰਜ ਹਨ। ਪਹਿਲੀ ਮਿਸਾਲ ਪੋਟੀਫ਼ਰ ਦੀ ਹੈ। ਉਸ ਦੀ ਪਤਨੀ ਨੇ ਯੂਸੁਫ਼ ’ਤੇ ਬਲਾਤਕਾਰ ਕਰਨ ਦਾ ਝੂਠਾ ਦੋਸ਼ ਲਾਇਆ। ਪੋਟੀਫ਼ਰ ਨੇ ਉਸ ਦੀ ਗੱਲ ਮੰਨ ਲਈ ਅਤੇ ਗੁੱਸੇ ਵਿਚ ਆ ਕੇ ਉਸ ਨੇ ਯੂਸੁਫ਼ ਨੂੰ ਜੇਲ੍ਹ ਵਿਚ ਸੁੱਟ ਦਿੱਤਾ। (ਉਤ. 39:19, 20) ਦੂਜੀ ਮਿਸਾਲ ਰਾਜਾ ਦਾਊਦ ਦੀ ਹੈ। ਮਫ਼ੀਬੋਸ਼ਥ ਦੇ ਨੌਕਰ ਸੀਬਾ ਨੇ ਦਾਊਦ ਨੂੰ ਕਿਹਾ ਕਿ ਮਫ਼ੀਬੋਸ਼ਥ ਦਾਊਦ ਦੇ ਦੁਸ਼ਮਣਾਂ ਦੀ ਮਦਦ ਕਰ ਰਿਹਾ ਸੀ। ਦਾਊਦ ਨੇ ਉਸ ਦੀ ਗੱਲ ਮੰਨ ਕੇ ਬਿਨਾਂ ਸੋਚੇ ਕਿਹਾ: “ਵੇਖ, ਜੋ ਕੁਝ ਮਫ਼ੀਬੋਸ਼ਥ ਦਾ ਹੈ ਸੋ ਸਭ ਤੇਰਾ ਹੋਇਆ।” (2 ਸਮੂ. 16:4; 19:25-27) ਤੀਜੀ ਮਿਸਾਲ ਰਾਜਾ ਅਰਤਹਸ਼ਸ਼ਤਾ ਦੀ ਹੈ। ਯਹੂਦੀਆਂ ਦੇ ਦੁਸ਼ਮਣਾਂ ਨੇ ਰਾਜੇ ਨੂੰ ਕਿਹਾ ਕਿ ਉਹ ਤੇਰੇ ਖ਼ਿਲਾਫ਼ ਬਗਾਵਤ ਕਰਨਾ ਚਾਹੁੰਦੇ ਹਨ ਤੇ ਯਰੂਸ਼ਲਮ ਨੂੰ ਦੁਬਾਰਾ ਬਣਾਉਣਾ ਚਾਹੁੰਦੇ ਹਨ। ਰਾਜੇ ਨੇ ਇਸ ਝੂਠ ਨੂੰ ਸੱਚ ਮੰਨ ਲਿਆ ਅਤੇ ਯਹੂਦੀਆਂ ਨੂੰ ਕੰਮ ਬੰਦ ਕਰਨ ਦਾ ਹੁਕਮ ਦੇ ਦਿੱਤਾ। (ਅਜ਼. 4:11-13, 23, 24) ਮਸੀਹੀ ਬਜ਼ੁਰਗਾਂ ਨੂੰ ਤਿਮੋਥਿਉਸ ਨੂੰ ਦਿੱਤੀ ਪੌਲੁਸ ਦੀ ਸਲਾਹ ਮੰਨਣੀ ਚਾਹੀਦੀ ਹੈ ਕਿ ਉਹ ਪੂਰੀ ਗੱਲ ਜਾਣਨ ਤੋਂ ਬਾਅਦ ਹੀ ਕੋਈ ਫ਼ੈਸਲਾ ਕਰਨ।—1 ਤਿਮੋਥਿਉਸ 5:21 ਪੜ੍ਹੋ।

13, 14. (ੳ) ਜਦੋਂ ਦੋ ਜਣਿਆਂ ਵਿਚ ਝਗੜਾ ਹੋ ਜਾਂਦਾ ਹੈ, ਤਾਂ ਸਾਨੂੰ ਕੀ ਯਾਦ ਰੱਖਣ ਦੀ ਲੋੜ ਹੈ? (ਅ) ਬਜ਼ੁਰਗਾਂ ਦੀ ਸਹੀ ਫ਼ੈਸਲੇ ਕਰਨ ਵਿਚ ਕਿਹੜੀ ਗੱਲ ਮਦਦ ਕਰ ਸਕਦੀ ਹੈ?

13 ਬਾਈਬਲ ਕਹਿੰਦੀ ਹੈ: “ਜੇ ਕੋਈ ਆਪਣੇ ਭਾਣੇ ਕੁਝ ਜਾਣਦਾ ਹੋਵੇ ਤਾਂ ਜਿਵੇਂ ਜਾਣਨਾ ਚਾਹੀਦਾ ਹੈ ਤਿਵੇਂ ਅਜੇ ਨਹੀਂ ਜਾਣਦਾ।” (1 ਕੁਰਿੰ. 8:2) ਸਾਨੂੰ ਸ਼ਾਇਦ ਲੱਗੇ ਕਿ ਅਸੀਂ ਦੋ ਜਣਿਆਂ ਦੇ ਝਗੜੇ ਨੂੰ ਚੰਗੀ ਤਰ੍ਹਾਂ ਜਾਣਦੇ ਹਾਂ। ਪਰ ਯਾਦ ਰੱਖੋ ਕਿ ਸ਼ਾਇਦ ਸਾਨੂੰ ਉਨ੍ਹਾਂ ਦੋਵਾਂ ਵਿਚਲੀ ਪੂਰੀ ਗੱਲ ਪਤਾ ਨਾ ਹੋਵੇ। ਫ਼ੈਸਲਾ ਕਰਨ ਤੋਂ ਪਹਿਲਾਂ ਬਜ਼ੁਰਗਾਂ ਨੂੰ ਧਿਆਨ ਦੇਣ ਦੀ ਲੋੜ ਹੈ ਕਿ ਉਹ ਝੂਠੀਆਂ ਜਾਂ ਸੁਣੀਆਂ-ਸੁਣਾਈਆਂ ਗੱਲਾਂ ਦੇ ਧੋਖੇ ਵਿਚ ਨਾ ਆਉਣ। ਨਾਲੇ ਉਨ੍ਹਾਂ ਨੂੰ ਪੱਖ-ਪਾਤ ਨਹੀਂ ਕਰਨਾ ਚਾਹੀਦਾ। ਪਰਮੇਸ਼ੁਰ ਦਾ ਚੁਣਿਆ ਹੋਇਆ ਨਿਆਈ ਯਿਸੂ ਮਸੀਹ “ਨਾ ਆਪਣੀਆਂ ਅੱਖਾਂ ਦੇ ਵੇਖਣ ਅਨੁਸਾਰ ਨਿਆਉਂ ਕਰੇਗਾ, ਨਾ ਆਪਣੇ ਕੰਨਾਂ ਦੇ ਸੁਣਨ ਅਨੁਸਾਰ ਫ਼ੈਸਲਾ ਦੇਵੇਗਾ।” (ਯਸਾ. 11:3, 4) ਜਿਵੇਂ ਯਿਸੂ ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਦੀ ਸੇਧ ਵਿਚ ਚੱਲਦਾ ਹੈ ਉਸੇ ਤਰ੍ਹਾਂ ਬਜ਼ੁਰਗਾਂ ਨੂੰ ਵੀ ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਦੀ ਸੇਧ ਵਿਚ ਚੱਲਣਾ ਚਾਹੀਦਾ ਹੈ।

14 ਕਿਸੇ ਸਮੱਸਿਆ ਬਾਰੇ ਫ਼ੈਸਲਾ ਕਰਨ ਤੋਂ ਪਹਿਲਾਂ, ਬਜ਼ੁਰਗਾਂ ਨੂੰ ਪਵਿੱਤਰ ਸ਼ਕਤੀ ਲਈ ਯਹੋਵਾਹ ਨੂੰ ਪ੍ਰਾਰਥਨਾ ਕਰਨੀ ਚਾਹੀਦੀ ਹੈ। ਉਹ ਬਾਈਬਲ ਅਤੇ “ਮਾਤਬਰ ਅਤੇ ਬੁੱਧਵਾਨ ਨੌਕਰ” ਤੋਂ ਮਿਲੀਆਂ ਕਿਤਾਬਾਂ ਵਰਤ ਕੇ ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਦੀ ਸੇਧ ਵਿਚ ਚੱਲਦੇ ਹਨ।—ਮੱਤੀ 24:45.

ਕਿਸੇ ਕੀਮਤ ਤੇ ਵੀ ਸਮਝੌਤਾ ਨਾ ਕਰਨਾ

15. ਜੇ ਕਿਸੇ ਮਸੀਹੀ ਨੂੰ ਕਿਸੇ ਦੇ ਗੰਭੀਰ ਪਾਪ ਬਾਰੇ ਪਤਾ ਹੈ, ਤਾਂ ਉਸ ਨੂੰ ਇਸ ਬਾਰੇ ਕਦੋਂ ਬਜ਼ੁਰਗਾਂ ਨੂੰ ਦੱਸਣਾ ਚਾਹੀਦਾ ਹੈ?

15 ਬਾਈਬਲ ਦੱਸਦੀ ਹੈ ਕਿ ਸਾਨੂੰ ਦੂਜਿਆਂ ਨਾਲ ਸ਼ਾਂਤੀ ਬਣਾਈ ਰੱਖਣੀ ਚਾਹੀਦੀ ਹੈ, ਪਰ ਇਹ ਵੀ ਕਹਿੰਦੀ ਹੈ: “ਜਿਹੜੀ ਬੁੱਧ ਉੱਪਰੋਂ ਹੈ ਉਹ ਤਾਂ ਪਹਿਲਾਂ ਪਵਿੱਤਰ ਹੈ, ਫੇਰ ਮਿਲਣਸਾਰ।” (ਯਾਕੂ. 3:17) ਇੱਥੇ ਪਵਿੱਤਰ ਹੋਣ ਦਾ ਮਤਲਬ ਹੈ ਕਿ ਸਾਨੂੰ ਪਰਮੇਸ਼ੁਰ ਦੇ ਨੈਤਿਕ ਅਸੂਲਾਂ ਮੁਤਾਬਕ ਜ਼ਿੰਦਗੀ ਜੀਣੀ ਚਾਹੀਦੀ ਹੈ। ਜੇ ਕਿਸੇ ਮਸੀਹੀ ਨੂੰ ਪਤਾ ਹੈ ਕਿ ਕਿਸੇ ਭਰਾ ਜਾਂ ਭੈਣ ਨੇ ਕੋਈ ਗੰਭੀਰ ਪਾਪ ਕੀਤਾ ਹੈ, ਤਾਂ ਉਸ ਨੂੰ ਉਸ ਭੈਣ ਜਾਂ ਭਰਾ ਨੂੰ ਕਹਿਣਾ ਚਾਹੀਦਾ ਹੈ ਕਿ ਉਹ ਆਪਣੇ ਪਾਪ ਬਾਰੇ ਬਜ਼ੁਰਗਾਂ ਨੂੰ ਜਾ ਕੇ ਦੱਸੇ। (1 ਕੁਰਿੰ. 6:9, 10; ਯਾਕੂ. 5:14-16) ਜੇ ਗ਼ਲਤੀ ਕਰਨ ਵਾਲਾ ਭੈਣ ਜਾਂ ਭਰਾ ਨਹੀਂ ਦੱਸਦਾ, ਤਾਂ ਫਿਰ ਉਸ ਮਸੀਹੀ ਨੂੰ ਆਪ ਬਜ਼ੁਰਗਾਂ ਕੋਲ ਜਾ ਕੇ ਗੱਲ ਕਰਨੀ ਚਾਹੀਦੀ ਹੈ। ਜੇ ਉਹ ਇੱਦਾਂ ਨਹੀਂ ਕਰਦਾ, ਤਾਂ ਉਹ ਉਸ ਭੈਣ ਜਾਂ ਭਰਾ ਨਾਲ ਸ਼ਾਂਤੀ ਬਣਾਈ ਰੱਖਣ ਦੇ ਚੱਕਰ ਵਿਚ ਆਪ ਵੀ ਪਾਪ ਕਰ ਰਿਹਾ ਹੋਵੇਗਾ।—ਲੇਵੀ. 5:1; ਕਹਾਉਤਾਂ 29:24 ਪੜ੍ਹੋ।

16. ਰਾਜਾ ਯੋਰਾਮ ਖ਼ਿਲਾਫ਼ ਯੇਹੂ ਦੇ ਉਠਾਏ ਕਦਮ ਤੋਂ ਅਸੀਂ ਕੀ ਸਿੱਖ ਸਕਦੇ ਹਾਂ?

16 ਯੇਹੂ ਨੇ ਕੁਝ ਅਜਿਹਾ ਕੀਤਾ ਜਿਸ ਤੋਂ ਪਤਾ ਲੱਗਦਾ ਹੈ ਕਿ ਪਾਪ ਕਰਨ ਵਾਲੇ ਨਾਲ ਸ਼ਾਂਤੀ ਬਣਾਈ ਰੱਖਣ ਨਾਲੋਂ ਸਹੀ ਕੰਮ ਕਰਨਾ ਜ਼ਿਆਦਾ ਜ਼ਰੂਰੀ ਹੈ। ਪਰਮੇਸ਼ੁਰ ਨੇ ਯੇਹੂ ਨੂੰ ਰਾਜਾ ਅਹਾਬ ਦੇ ਪਰਿਵਾਰ ਨੂੰ ਸਜ਼ਾ ਦੇਣ ਲਈ ਭੇਜਿਆ ਸੀ। ਦੁਸ਼ਟ ਰਾਜਾ ਯੋਰਾਮ, ਅਹਾਬ ਅਤੇ ਈਜ਼ਬਲ ਦਾ ਪੁੱਤਰ ਸੀ। ਉਹ ਰਥ ਵਿਚ ਚੜ੍ਹ ਕੇ ਯੇਹੂ ਨੂੰ ਮਿਲਣ ਗਿਆ ਤੇ ਪੁੱਛਿਆ: “ਕੀ ਤੂੰ ਸ਼ਾਂਤੀ ਨਾਲ ਤਾਂ ਆ ਰਿਹਾ ਹੈਂ?” ਯੇਹੂ ਨੇ ਜਵਾਬ ਦਿੱਤਾ: “ਉਸ ਸਮੇਂ ਤਕ ਇਥੇ ਸ਼ਾਂਤੀ ਨਹੀਂ ਹੋ ਸਕਦੀ, ਜਦੋਂ ਤਕ ਤੇਰੀ ਮਾਂ ਈਜ਼ਬਲ ਦੇ ਵਿਭਚਾਰੀ ਕੰਮ ਅਤੇ ਜਾਦੂ-ਟੂਨੇ ਇਥੇ ਹੁੰਦੇ ਰਹਿਣਗੇ।” (2 ਰਾਜ. 9:22, CL) ਫਿਰ ਯੇਹੂ ਨੇ ਆਪਣਾ ਧਣੁਖ ਲੈ ਕੇ ਯੋਰਾਮ ਦੇ ਦਿਲ ਵਿਚ ਤੀਰ ਮਾਰਿਆ। ਜੇ ਪਾਪੀ ਤੋਬਾ ਨਹੀਂ ਕਰਦਾ, ਤਾਂ ਬਜ਼ੁਰਗਾਂ ਨੂੰ ਯੇਹੂ ਵਾਂਗ ਕਦਮ ਚੁੱਕਣਾ ਪਵੇਗਾ। ਬਜ਼ੁਰਗ ਸ਼ਾਂਤੀ ਬਣਾਈ ਰੱਖਣ ਲਈ ਉਨ੍ਹਾਂ ਨਾਲ ਕਿਸੇ ਵੀ ਕੀਮਤ ਤੇ ਸਮਝੌਤਾ ਨਹੀਂ ਕਰਨਗੇ। ਉਨ੍ਹਾਂ ਨੂੰ ਕਲੀਸਿਯਾ ਵਿੱਚੋਂ ਛੇਕ ਦਿੱਤਾ ਜਾਂਦਾ ਹੈ ਤਾਂਕਿ ਬਾਕੀ ਭੈਣ-ਭਰਾ ਪਰਮੇਸ਼ੁਰ ਨਾਲ ਸ਼ਾਂਤੀ ਬਣਾਈ ਰੱਖਣ।—1 ਕੁਰਿੰ. 5:1, 2, 11-13.

17. ਸ਼ਾਂਤੀ ਬਣਾਈ ਰੱਖਣ ਲਈ ਸਾਰਿਆਂ ਨੂੰ ਕੀ ਕਰਨ ਦੀ ਲੋੜ ਹੈ?

17 ਜ਼ਿਆਦਾਤਰ ਆਪਸੀ ਸਮੱਸਿਆਵਾਂ ਗੰਭੀਰ ਪਾਪ ਕਰਕੇ ਨਹੀਂ ਹੁੰਦੀਆਂ। ਸੋ ਬਿਹਤਰ ਹੋਵੇਗਾ ਅਸੀਂ ਆਪਣੇ ਭੈਣਾਂ-ਭਰਾਵਾਂ ਨਾਲ ਪਿਆਰ ਕਰੀਏ ਅਤੇ ਉਨ੍ਹਾਂ ਦੀਆਂ ਗ਼ਲਤੀਆਂ ਨੂੰ ਭੁੱਲ ਜਾਈਏ। ਬਾਈਬਲ ਦੱਸਦੀ ਹੈ: “ਜਿਹੜਾ ਅਪਰਾਧ ਨੂੰ ਢੱਕ ਲੈਂਦਾ ਹੈ ਉਹ ਪ੍ਰੇਮ ਨੂੰ ਭਾਲਦਾ ਹੈ, ਪਰ ਜੋ ਕਿਸੇ ਗੱਲ ਨੂੰ ਬਾਰੰਬਾਰ ਛੇੜਦਾ ਹੈ ਉਹ ਜਾਨੀ ਮਿੱਤ੍ਰਾਂ ਵਿੱਚ ਫੁੱਟ ਪਾ ਦਿੰਦਾ ਹੈ।” (ਕਹਾ. 17:9) ਜੇ ਅਸੀਂ ਬਾਈਬਲ ਦੇ ਮੁਤਾਬਕ ਚੱਲਦੇ ਹਾਂ, ਤਾਂ ਅਸੀਂ ਸਾਰੇ ਆਪਸ ਵਿਚ ਅਤੇ ਯਹੋਵਾਹ ਨਾਲ ਆਪਣੀ ਸ਼ਾਂਤੀ ਬਣਾਈ ਰੱਖਾਂਗੇ।—ਮੱਤੀ 6:14, 15.

ਸ਼ਾਂਤੀ ਬਣਾਈ ਰੱਖਣ ਵਾਲਿਆਂ ਨੂੰ ਪਰਮੇਸ਼ੁਰ ਵੱਲੋਂ ਬਰਕਤਾਂ

18, 19. ਜਦੋਂ ਅਸੀਂ ਸ਼ਾਂਤੀ ਬਣਾਈ ਰੱਖਣ ਦੀ ਕੋਸ਼ਿਸ਼ ਕਰਦੇ ਹਾਂ, ਤਾਂ ਯਹੋਵਾਹ ਸਾਨੂੰ ਕਿਵੇਂ ਬਰਕਤਾਂ ਦਿੰਦਾ ਹੈ?

18 ਜਦੋਂ ਅਸੀਂ ਸ਼ਾਂਤੀ ਬਣਾਈ ਰੱਖਣ ਦੀ ਕੋਸ਼ਿਸ਼ ਕਰਦੇ ਹਾਂ, ਤਾਂ ਯਹੋਵਾਹ ਸਾਨੂੰ ਬਰਕਤਾਂ ਦਿੰਦਾ ਹੈ। ਸਾਡੀ ਸਾਰਿਆਂ ਦੀ ਇਹ ਜ਼ਿੰਮੇਵਾਰੀ ਹੈ ਕਿ ਅਸੀਂ ਆਪਸੀ ਏਕਤਾ ਨੂੰ ਬਰਕਰਾਰ ਰੱਖੀਏ ਅਤੇ ਯਹੋਵਾਹ ਨਾਲ ਆਪਣਾ ਰਿਸ਼ਤਾ ਹੋਰ ਮਜ਼ਬੂਤ ਕਰੀਏ। ਆਪਸੀ ਸ਼ਾਂਤੀ ਬਣਾਈ ਰੱਖਣ ਨਾਲ ਅਸੀਂ ਉਨ੍ਹਾਂ ਨਾਲ ਵੀ ਸ਼ਾਂਤੀ ਬਣਾਈ ਰੱਖਣੀ ਸਿੱਖਦੇ ਹਾਂ ਜਿਨ੍ਹਾਂ ਨੂੰ ਅਸੀਂ “ਮਿਲਾਪ ਦੀ ਖੁਸ਼ ਖਬਰੀ” ਦਾ ਪ੍ਰਚਾਰ ਕਰਦੇ ਹਾਂ। (ਅਫ਼. 6:15) ਸਾਨੂੰ ਸਾਰਿਆਂ ਨਾਲ ਪਿਆਰ ਨਾਲ ਪੇਸ਼ ਆਉਣਾ ਚਾਹੀਦਾ ਹੈ। ਜੇ ਕੋਈ ਸਾਨੂੰ ਬੁਰਾ-ਭਲਾ ਕਹਿੰਦਾ ਵੀ ਹੈ, ਤਾਂ ਉਦੋਂ ਵੀ ਖ਼ੁਦ ’ਤੇ ਕਾਬੂ ਰੱਖਣਾ ਚਾਹੀਦਾ ਹੈ।—2 ਤਿਮੋ. 2:24.

19 ਹੁਣ ਸ਼ਾਂਤੀ ਬਣਾਈ ਰੱਖਣ ਲਈ ਸਾਡੀਆਂ ਕੋਸ਼ਿਸ਼ਾਂ ਸਾਨੂੰ ਆਉਣ ਵਾਲੇ ਸਮੇਂ ਲਈ ਤਿਆਰ ਕਰਦੀਆਂ ਹਨ। ਬਾਈਬਲ ਕਹਿੰਦੀ ਹੈ ਕਿ ਯਹੋਵਾਹ ‘ਧਰਮੀ ਅਤੇ ਕੁਧਰਮੀ ਦੋਹਾਂ ਨੂੰ ਜੀ ਉਠਾਵੇਗਾ।’ (ਰਸੂ. 24:15) ਇਸ ਦਾ ਮਤਲਬ ਹੈ ਕਿ ਯਹੋਵਾਹ ਦੁਨੀਆਂ ਦੇ ਵੱਖੋ-ਵੱਖਰੇ ਹਿੱਸਿਆਂ, ਸਮਿਆਂ ਅਤੇ ਇੱਥੋਂ ਤਕ ਕਿ ‘ਸੰਸਾਰ ਦੇ ਮੁੱਢ’ ਵਿਚ ਮਰ ਚੁੱਕੇ ਲੱਖਾਂ ਹੀ ਲੋਕਾਂ ਨੂੰ ਜ਼ਿੰਦਾ ਕਰੇਗਾ! (ਲੂਕਾ 11:50, 51) ਸਾਡੇ ਲਈ ਇਹ ਕਿੰਨੇ ਵੱਡੇ ਸਨਮਾਨ ਦੀ ਗੱਲ ਹੋਵੇਗੀ ਜਦੋਂ ਅਸੀਂ ਉਨ੍ਹਾਂ ਲੋਕਾਂ ਨੂੰ ਸ਼ਾਂਤੀ ਨਾਲ ਪਿਆਰ ਕਰਨਾ ਸਿਖਾਵਾਂਗੇ। ਅੱਜ ਮਿਲ ਰਹੀ ਸਿੱਖਿਆ ਉਸ ਵੇਲੇ ਸਾਡੇ ਬੜੇ ਕੰਮ ਆਵੇਗੀ!

[ਫੁਟਨੋਟ]

^ ਪੈਰਾ 6 ਜਦੋਂ ਕਿਸੇ ਨੂੰ ਬਦਨਾਮ ਕਰਨ ਜਾਂ ਧੋਖਾਧੜੀ ਵਰਗੀਆਂ ਗੰਭੀਰ ਸਮੱਸਿਆਵਾਂ ਖੜ੍ਹੀਆਂ ਹੁੰਦੀਆਂ ਹਨ, ਤਾਂ ਇਨ੍ਹਾਂ ਨਾਲ ਨਿਪਟਣ ਲਈ ਬਾਈਬਲ ਸਾਨੂੰ ਹੋਰ ਜਾਣਕਾਰੀ ਦਿੰਦੀ ਹੈ। 15 ਅਕਤੂਬਰ 1999 ਦਾ ਪਹਿਰਾਬੁਰਜ, ਸਫ਼ੇ 17-22 ਦੇਖੋ।

ਤੁਸੀਂ ਕੀ ਸਿੱਖਿਆ ਹੈ?

• ਜੇ ਅਸੀਂ ਕਿਸੇ ਨੂੰ ਠੇਸ ਪਹੁੰਚਾਈ ਹੈ, ਤਾਂ ਅਸੀਂ ਉਨ੍ਹਾਂ ਨਾਲ ਕਿਵੇਂ ਸ਼ਾਂਤੀ ਬਣਾਈ ਰੱਖ ਸਕਦੇ ਹਾਂ?

• ਜਦੋਂ ਕੋਈ ਸਾਨੂੰ ਠੇਸ ਪਹੁੰਚਾਉਂਦਾ ਹੈ, ਤਾਂ ਅਸੀਂ ਉਸ ਨਾਲ ਕਿਵੇਂ ਸ਼ਾਂਤੀ ਬਣਾਈ ਰੱਖ ਸਕਦੇ ਹਾਂ?

• ਜਦੋਂ ਦੋ ਜਣਿਆਂ ਵਿਚ ਝਗੜਾ ਹੋ ਜਾਂਦਾ ਹੈ, ਤਾਂ ਸਾਨੂੰ ਕੀ ਯਾਦ ਰੱਖਣ ਦੀ ਲੋੜ ਹੈ?

• ਪਾਪ ਕਰਨ ਵਾਲੇ ਨਾਲ ਸ਼ਾਂਤੀ ਬਣਾਈ ਰੱਖਣ ਨਾਲੋਂ ਸਹੀ ਕੰਮ ਕਰਨਾ ਕਿਉਂ ਜ਼ਿਆਦਾ ਜ਼ਰੂਰੀ ਹੈ?

[ਸਵਾਲ]

[ਸਫ਼ਾ 29 ਉੱਤੇ ਤਸਵੀਰਾਂ]

ਯਹੋਵਾਹ ਉਨ੍ਹਾਂ ਨੂੰ ਪਿਆਰ ਕਰਦਾ ਹੈ ਜੋ ਦੂਜਿਆਂ ਨੂੰ ਦਿਲੋਂ ਮਾਫ਼ ਕਰਦੇ ਹਨ