Skip to content

Skip to table of contents

ਬਾਈਬਲ ਪੜ੍ਹਨ ਨਾਲ ਮੈਨੂੰ ਹਮੇਸ਼ਾ ਤਾਕਤ ਮਿਲੀ ਹੈ

ਬਾਈਬਲ ਪੜ੍ਹਨ ਨਾਲ ਮੈਨੂੰ ਹਮੇਸ਼ਾ ਤਾਕਤ ਮਿਲੀ ਹੈ

ਬਾਈਬਲ ਪੜ੍ਹਨ ਨਾਲ ਮੈਨੂੰ ਹਮੇਸ਼ਾ ਤਾਕਤ ਮਿਲੀ ਹੈ

ਮਾਰਸੋ ਲਰਵਾ ਦੀ ਜ਼ਬਾਨੀ

ਮੈਂਆਪਣੇ ਕਮਰੇ ਵਿਚ ਚੋਰੀ-ਛਿਪੇ ਬੈਠ ਕੇ ਪੜ੍ਹਿਆ ਕਿ “ਆਦ ਵਿੱਚ ਪਰਮੇਸ਼ੁਰ ਨੇ ਅਕਾਸ਼ ਤੇ ਧਰਤੀ ਨੂੰ ਉਤਪਤ ਕੀਤਾ।” ਮੈਂ ਲੁਕ ਕੇ ਕਿਉਂ ਪੜ੍ਹ ਰਿਹਾ ਸੀ? ਕਿਉਂਕਿ ਮੇਰੇ ਪਿਤਾ ਜੀ ਰੱਬ ਨੂੰ ਬਿਲਕੁਲ ਨਹੀਂ ਮੰਨਦੇ ਸਨ, ਇਸ ਲਈ ਜੇ ਉਹ ਮੇਰੇ ਹੱਥ ਵਿਚ ਬਾਈਬਲ ਦੇਖ ਲੈਂਦੇ, ਤਾਂ ਪਤਾ ਨਹੀਂ ਕੀ ਹੁੰਦਾ!

ਮੈਂ ਪਹਿਲਾਂ ਕਦੇ ਬਾਈਬਲ ਨਹੀਂ ਸੀ ਪੜ੍ਹੀ ਅਤੇ ਉਤਪਤ ਦੀ ਕਿਤਾਬ ਦੇ ਉਨ੍ਹਾਂ ਸ਼ਬਦਾਂ ਨੇ ਮੇਰੇ ਉੱਤੇ ਬਹੁਤ ਗਹਿਰਾ ਅਸਰ ਪਾਇਆ। ਮੈਂ ਸੋਚਿਆ: ‘ਅੱਛਾ, ਹੁਣ ਪਤਾ ਲੱਗਾ ਕਿ ਕੁਦਰਤ ਦੇ ਨਿਯਮਾਂ ਮੁਤਾਬਕ ਕਿਉਂ ਸਾਰਾ ਕੁਝ ਐਨ ਸਹੀ ਢੰਗ ਨਾਲ ਕੰਮ ਕਰ ਰਿਹਾ ਹੈ ਤੇ ਇਸ ਗੱਲ ਨੇ ਮੈਨੂੰ ਹਮੇਸ਼ਾ ਹੈਰਾਨ ਕੀਤਾ ਹੈ!’ ਖ਼ੁਸ਼ੀ ਦੇ ਮਾਰੇ ਮੈਂ ਰਾਤ ਦੇ 8 ਵਜੇ ਤੋਂ ਲੈ ਕੇ ਸਵੇਰ ਦੇ 4 ਵਜੇ ਤਕ ਪੜ੍ਹਦਾ ਰਿਹਾ। ਇਸ ਤੋਂ ਬਾਅਦ ਬਾਈਬਲ ਪੜ੍ਹਨੀ ਮੇਰੀ ਹਮੇਸ਼ਾ ਦੀ ਆਦਤ ਬਣ ਗਈ। ਆਓ ਮੈਂ ਤੁਹਾਨੂੰ ਹੁਣ ਦੱਸਾਂ ਕਿ ਬਾਈਬਲ ਪੜ੍ਹਨ ਨਾਲ ਮੈਨੂੰ ਹਮੇਸ਼ਾ ਤਾਕਤ ਕਿਵੇਂ ਮਿਲੀ।

“ਤੈਨੂੰ ਇਹ ਰੋਜ਼ ਪੜ੍ਹਨੀ ਪਵੇਗੀ”

ਮੈਂ 1926 ਵਿਚ ਕੋਲੇ ਦੀ ਖਾਣ ਵਾਲੇ ਪਿੰਡ ਵਰਮੇਲ ਵਿਚ ਪੈਦਾ ਹੋਇਆ ਸੀ ਜੋ ਉੱਤਰੀ ਫਰਾਂਸ ਵਿਚ ਹੈ। ਦੂਜੇ ਵਿਸ਼ਵ ਯੁੱਧ ਦੌਰਾਨ ਦੇਸ਼ ਵਿਚ ਕੋਲੇ ਦੀ ਬਹੁਤ ਅਹਿਮੀਅਤ ਸੀ। ਖਾਣ ਵਿਚ ਕੰਮ ਕਰਨ ਕਰ ਕੇ ਮੈਂ ਮਿਲਟਰੀ ਸੇਵਾ ਤੋਂ ਮੁਕਤ ਸੀ। ਫਿਰ ਵੀ ਆਪਣੀ ਜ਼ਿੰਦਗੀ ਬਿਹਤਰ ਬਣਾਉਣ ਲਈ ਮੈਂ ਰੇਡੀਓ ਅਤੇ ਬਿਜਲੀ ਬਾਰੇ ਪੜ੍ਹਾਈ ਕਰਨ ਲੱਗ ਪਿਆ। ਪੜ੍ਹਾਈ ਦੌਰਾਨ ਮੈਨੂੰ ਪਤਾ ਲੱਗਾ ਕਿ ਕੁਦਰਤ ਵਿਚ ਸਾਰਾ ਕੁਝ ਐਨ ਨਿਯਮਾਂ ਮੁਤਾਬਕ ਚੱਲਦਾ ਹੈ। ਜਦੋਂ ਮੈਂ 21 ਸਾਲਾਂ ਦਾ ਸੀ, ਤਾਂ ਮੇਰੇ ਨਾਲ ਪੜ੍ਹਨ ਵਾਲੇ ਮੁੰਡੇ ਨੇ ਮੈਨੂੰ ਬਾਈਬਲ ਦਿੱਤੀ ਜੋ ਮੇਰੀ ਪਹਿਲੀ ਆਪਣੀ ਬਾਈਬਲ ਸੀ। ਬਾਈਬਲ ਦਿੰਦੇ ਹੋਏ ਉਸ ਨੇ ਕਿਹਾ: “ਇਹ ਕਿਤਾਬ ਪੜ੍ਹ ਕੇ ਤੈਨੂੰ ਫ਼ਾਇਦਾ ਮਿਲੇਗਾ।” ਇਸ ਨੂੰ ਖ਼ਤਮ ਕਰਦਿਆਂ ਮੈਨੂੰ ਪੂਰਾ ਯਕੀਨ ਹੋ ਚੁੱਕਾ ਸੀ ਕਿ ਬਾਈਬਲ ਸੱਚ-ਮੁੱਚ ਪਰਮੇਸ਼ੁਰ ਦਾ ਬਚਨ ਹੈ ਜੋ ਮਨੁੱਖਜਾਤੀ ਲਈ ਤੋਹਫ਼ਾ ਹੈ।

ਮੈਂ ਸੋਚਿਆ ਕਿ ਮੇਰੇ ਗੁਆਂਢੀ ਵੀ ਬਾਈਬਲ ਪੜ੍ਹਨ ਲਈ ਉਤਸੁਕ ਹੋਣਗੇ, ਇਸ ਲਈ ਮੈਂ 8 ਕਾਪੀਆਂ ਮੰਗਵਾ ਲਈਆਂ। ਪਰ ਮੈਨੂੰ ਬੜੀ ਹੈਰਾਨੀ ਹੋਈ ਕਿ ਉਨ੍ਹਾਂ ਨੇ ਮੇਰਾ ਮਜ਼ਾਕ ਉਡਾਇਆ ਤੇ ਵਿਰੋਧ ਕੀਤਾ। ਵਹਿਮੀ ਰਿਸ਼ਤੇਦਾਰਾਂ ਨੇ ਮੈਨੂੰ ਚੇਤਾਵਨੀ ਦਿੱਤੀ: “ਇਕ ਵਾਰੀ ਤੂੰ ਇਹ ਕਿਤਾਬ ਪੜ੍ਹਨੀ ਸ਼ੁਰੂ ਕਰ ਦਿੱਤੀ, ਤੈਨੂੰ ਇਹ ਰੋਜ਼ ਪੜ੍ਹਨੀ ਪਵੇਗੀ!” ਮੈਂ ਇਸ ਨੂੰ ਰੋਜ਼ ਪੜ੍ਹਨ ਲੱਗ ਪਿਆ ਜਿਸ ਦਾ ਮੈਨੂੰ ਕੋਈ ਪਛਤਾਵਾ ਨਹੀਂ। ਇੱਦਾਂ ਕਰਨਾ ਮੇਰੀ ਜ਼ਿੰਦਗੀ ਦਾ ਦਸਤੂਰ ਬਣ ਗਿਆ ਹੈ।

ਬਾਈਬਲ ਵਿਚ ਮੇਰੀ ਦਿਲਚਸਪੀ ਦੇਖ ਕੇ ਮੇਰੇ ਕੁਝ ਗੁਆਂਢੀਆਂ ਨੇ ਮੈਨੂੰ ਯਹੋਵਾਹ ਦੇ ਗਵਾਹਾਂ ਵੱਲੋਂ ਛਾਪੇ ਸਾਹਿੱਤ ਦਿੱਤੇ ਜੋ ਉਨ੍ਹਾਂ ਨੂੰ ਮਿਲੇ ਸਨ ਜਿਵੇਂ ਇਕ ਦੁਨੀਆਂ, ਇਕ ਸਰਕਾਰ * ਵਰਗੀਆਂ ਪੁਸਤਿਕਾ। (ਫ੍ਰੈਂਚ ਵਿਚ ਦਿਖਾਈ ਗਈ) ਇਸ ਪੁਸਤਿਕਾ ਵਿਚ ਦੱਸਿਆ ਗਿਆ ਸੀ ਕਿ ਬਾਈਬਲ ਪਰਮੇਸ਼ੁਰ ਦੇ ਰਾਜ ਨੂੰ ਮਨੁੱਖਜਾਤੀ ਲਈ ਇੱਕੋ-ਇਕ ਉਮੀਦ ਕਿਉਂ ਕਹਿੰਦੀ ਹੈ। (ਮੱਤੀ 6:10) ਮੈਂ ਇਹ ਉਮੀਦ ਦੂਜਿਆਂ ਨਾਲ ਸਾਂਝੀ ਕਰਨ ਦੀ ਠਾਣ ਲਈ ਸੀ।

ਸਭ ਤੋਂ ਪਹਿਲਾਂ ਮੇਰੇ ਬਚਪਨ ਦੇ ਦੋਸਤ ਨੋਐਲ ਨੇ ਮੈਥੋਂ ਬਾਈਬਲ ਲਈ। ਕੈਥੋਲਿਕ ਹੋਣ ਦੇ ਨਾਤੇ ਉਸ ਨੇ ਮੈਨੂੰ ਇਕ ਬੰਦੇ ਨੂੰ ਮਿਲਣ ਲਈ ਕਿਹਾ ਜੋ ਪਾਦਰੀ ਬਣਨ ਲਈ ਪੜ੍ਹਾਈ ਕਰ ਰਿਹਾ ਸੀ। ਮੈਨੂੰ ਡਰ ਲੱਗ ਰਿਹਾ ਸੀ, ਪਰ ਜ਼ਬੂਰਾਂ ਦੀ ਪੋਥੀ 115:4-8 ਅਤੇ ਮੱਤੀ 23:9, 10 ਵਰਗੇ ਹਵਾਲਿਆਂ ਤੋਂ ਮੈਨੂੰ ਪਤਾ ਸੀ ਕਿ ਨਾ ਹੀ ਰੱਬ ਮੂਰਤੀ-ਪੂਜਾ ਨੂੰ ਪਸੰਦ ਕਰਦਾ ਤੇ ਨਾ ਹੀ ਪਾਦਰੀਆਂ ਨੂੰ ਵੱਡੇ-ਵੱਡੇ ਖ਼ਿਤਾਬ ਦੇ ਕੇ ਬੁਲਾਉਣਾ। ਇਨ੍ਹਾਂ ਗੱਲਾਂ ਨੇ ਮੈਨੂੰ ਆਪਣੇ ਵਿਸ਼ਵਾਸਾਂ ਦੇ ਪੱਖ ਵਿਚ ਬੋਲਣ ਦੀ ਹਿੰਮਤ ਦਿੱਤੀ। ਨਤੀਜੇ ਵਜੋਂ ਨੋਐਲ ਨੇ ਸੱਚਾਈ ਕਬੂਲ ਕਰ ਲਈ ਅਤੇ ਉਹ ਅੱਜ ਤਕ ਪਰਮੇਸ਼ੁਰ ਦੀ ਸੇਵਾ ਕਰ ਰਿਹਾ ਹੈ।

ਮੈਂ ਆਪਣੀ ਵੱਡੀ ਭੈਣ ਨੂੰ ਵੀ ਮਿਲਣ ਗਿਆ। ਉਸ ਦੇ ਪਤੀ ਕੋਲ ਜਾਦੂ-ਟੂਣੇ ਦੀਆਂ ਕਿਤਾਬਾਂ ਸਨ ਅਤੇ ਬੁਰੇ ਦੂਤ ਉਸ ਨੂੰ ਤੰਗ ਕਰਦੇ ਸਨ। ਪਹਿਲਾਂ ਤਾਂ ਮੈਂ ਖ਼ੁਦ ਨੂੰ ਬੇਬੱਸ ਮਹਿਸੂਸ ਕੀਤਾ, ਪਰ ਇਬਰਾਨੀਆਂ 1:14 ਨੇ ਮੈਨੂੰ ਯਕੀਨ ਦਿਲਾਇਆ ਕਿ ਯਹੋਵਾਹ ਦੇ ਦੂਤ ਮੇਰੀ ਮਦਦ ਕਰ ਸਕਦੇ ਹਨ। ਜਦੋਂ ਮੇਰੇ ਜੀਜਾ ਜੀ ਨੇ ਬਾਈਬਲ ਦੇ ਅਸੂਲ ਲਾਗੂ ਕੀਤੇ ਅਤੇ ਜਾਦੂ-ਟੂਣੇ ਨਾਲ ਸੰਬੰਧਿਤ ਹਰ ਚੀਜ਼ ਸੁੱਟ ਦਿੱਤੀ, ਤਾਂ ਬੁਰੇ ਦੂਤ ਉਸ ਨੂੰ ਤੰਗ ਕਰਨੋਂ ਹਟ ਗਏ। ਉਹ ਤੇ ਮੇਰੀ ਭੈਣ ਦੋਵੇਂ ਬੜੇ ਜੋਸ਼ ਨਾਲ ਯਹੋਵਾਹ ਦੀ ਸੇਵਾ ਕਰਨ ਲੱਗ ਪਏ।

ਸੰਨ 1947 ਵਿਚ ਆਰਥਰ ਐਮੀਏਟ ਨਾਂ ਦਾ ਅਮਰੀਕਨ ਭਰਾ ਮੇਰੇ ਘਰ ਆਇਆ। ਮੈਨੂੰ ਯਹੋਵਾਹ ਦੇ ਗਵਾਹ ਨੂੰ ਮਿਲ ਕੇ ਬੜੀ ਖ਼ੁਸ਼ੀ ਹੋਈ ਤੇ ਮੈਂ ਉਸ ਨੂੰ ਪੁੱਛਿਆ ਕਿ ਤੁਹਾਡੀਆਂ ਮੀਟਿੰਗਾਂ ਕਿੱਥੇ ਹੁੰਦੀਆਂ ਹਨ। ਉਸ ਨੇ ਮੈਨੂੰ ਦੱਸਿਆ ਕਿ ਇੱਥੋਂ 10 ਕਿਲੋਮੀਟਰ ਦੂਰ ਲੀਏਵਾ ਨਾਂ ਦੀ ਜਗ੍ਹਾ ’ਤੇ ਮੀਟਿੰਗਾਂ ਹੁੰਦੀਆਂ ਹਨ। ਉਸ ਵੇਲੇ ਸਾਈਕਲ ਖ਼ਰੀਦਣੀ ਮੁਸ਼ਕਲ ਸੀ, ਇਸ ਲਈ ਮੈਂ ਕਈ ਮਹੀਨੇ ਪੈਦਲ ਹੀ ਮੀਟਿੰਗਾਂ ’ਤੇ ਆਉਂਦਾ-ਜਾਂਦਾ ਰਿਹਾ। ਫਰਾਂਸ ਵਿਚ 8 ਸਾਲਾਂ ਤੋਂ ਯਹੋਵਾਹ ਦੇ ਗਵਾਹਾਂ ਦੇ ਕੰਮ ’ਤੇ ਪਾਬੰਦੀ ਲੱਗੀ ਹੋਈ ਸੀ। ਪਰ 1 ਸਤੰਬਰ 1947 ਨੂੰ ਫਰਾਂਸ ਵਿਚ ਸਾਡੇ ਕੰਮ ਨੂੰ ਦੁਬਾਰਾ ਕਾਨੂੰਨੀ ਮਾਨਤਾ ਮਿਲ ਗਈ। ਪੈਰਿਸ ਦੇ ਵਿਲਾ ਗੀਬੇਰ ਵਿਚ ਬ੍ਰਾਂਚ ਆਫ਼ਿਸ ਦੁਬਾਰਾ ਖੋਲ੍ਹਿਆ ਗਿਆ। ਪੂਰੇ ਦੇਸ਼ ਵਿਚ 2,380 ਗਵਾਹ ਸਨ ਤੇ ਉਹ ਵੀ ਜ਼ਿਆਦਾਤਰ ਪੋਲੈਂਡ ਦੇ ਰਹਿਣ ਵਾਲੇ ਸਨ। ਉਸ ਵੇਲੇ ਫਰਾਂਸ ਵਿਚ ਇਕ ਵੀ ਪਾਇਨੀਅਰ ਨਹੀਂ ਸੀ, ਇਸ ਕਰਕੇ ਦਸੰਬਰ 1947 ਦੇ ਇਨਫੋਰਮੈਂਟ (ਹੁਣ ਸਾਡੀ ਰਾਜ ਸੇਵਕਾਈ) ਦੇ ਅੰਕ ਵਿਚ ਭੈਣਾਂ-ਭਰਾਵਾਂ ਨੂੰ ਅਪੀਲ ਕੀਤੀ ਗਈ ਕਿ ਸਾਨੂੰ ਰੈਗੂਲਰ ਪਾਇਨੀਅਰਾਂ ਦੀ ਲੋੜ ਹੈ ਜੋ ਮਹੀਨੇ ਵਿਚ 150 ਘੰਟੇ ਪ੍ਰਚਾਰ ਕਰ ਸਕਣ। (ਸੰਨ 1949 ਵਿਚ ਘੰਟਿਆਂ ਦੀ ਗਿਣਤੀ ਘਟਾ ਕੇ 100 ਕਰ ਦਿੱਤੀ ਗਈ।) ਯੂਹੰਨਾ 17:17 ਵਿਚ ਦਰਜ ਯਿਸੂ ਦੇ ਸ਼ਬਦ ਕਿ “[ਪਰਮੇਸ਼ੁਰ] ਦਾ ਬਚਨ ਸਚਿਆਈ ਹੈ,” ਇਨ੍ਹਾਂ ਸ਼ਬਦਾਂ ਮੁਤਾਬਕ ਮੈਂ 1948 ਵਿਚ ਬਪਤਿਸਮਾ ਲਿਆ ਅਤੇ ਦਸੰਬਰ 1949 ਵਿਚ ਮੈਂ ਪਾਇਨੀਅਰ ਬਣ ਗਿਆ।

ਜੇਲ੍ਹ ਤੋਂ ਬਾਅਦ ਵਾਪਸ ਡਾਕੇਕ

ਮੈਨੂੰ ਥੋੜ੍ਹੇ ਸਮੇਂ ਲਈ ਪਹਿਲਾਂ ਆਜਾਂ ਨਾਂ ਦੀ ਜਗ੍ਹਾ ਭੇਜਿਆ ਗਿਆ ਜੋ ਦੱਖਣੀ ਫਰਾਂਸ ਵਿਚ ਹੈ। ਖਾਣ ਵਿਚ ਕੰਮ ਛੱਡਣ ਕਰਕੇ ਮੈਨੂੰ ਹੁਣ ਮਿਲਟਰੀ ਸੇਵਾ ਵਿਚ ਭਰਤੀ ਹੋਣ ਲਈ ਕਿਹਾ ਗਿਆ। ਪਰ ਮੈਂ ਫ਼ੌਜ ਵਿਚ ਭਰਤੀ ਹੋਣ ਤੋਂ ਇਨਕਾਰ ਕਰ ਦਿੱਤਾ, ਇਸ ਲਈ ਮੈਨੂੰ ਜੇਲ੍ਹ ਭੇਜਿਆ ਗਿਆ। ਭਾਵੇਂ ਮੈਨੂੰ ਆਪਣੇ ਨਾਲ ਬਾਈਬਲ ਲਿਜਾਣ ਦੀ ਇਜਾਜ਼ਤ ਨਹੀਂ ਸੀ, ਫਿਰ ਵੀ ਮੈਂ ਜ਼ਬੂਰਾਂ ਦੀ ਪੋਥੀ ਦੇ ਕੁਝ ਸਫ਼ੇ ਆਪਣੇ ਨਾਲ ਲਿਜਾ ਸਕਿਆ। ਇਨ੍ਹਾਂ ਨੂੰ ਪੜ੍ਹ ਕੇ ਮੈਨੂੰ ਬਹੁਤ ਹੌਸਲਾ ਮਿਲਿਆ। ਜਦੋਂ ਮੈਨੂੰ ਰਿਹਾ ਕੀਤਾ ਗਿਆ, ਤਾਂ ਮੈਨੂੰ ਫ਼ੈਸਲਾ ਕਰਨ ਦੀ ਲੋੜ ਸੀ: ਆਪਣਾ ਘਰ ਵਸਾਉਣ ਲਈ ਕੀ ਮੈਨੂੰ ਫੁੱਲ-ਟਾਈਮ ਸੇਵਾ ਕਰਨੀ ਛੱਡ ਦੇਣੀ ਚਾਹੀਦੀ ਹੈ? ਇਸ ਸਮੇਂ ਵੀ ਜੋ ਮੈਂ ਬਾਈਬਲ ਵਿੱਚੋਂ ਪੜ੍ਹਿਆ, ਉਸ ਨਾਲ ਮੇਰੀ ਮਦਦ ਹੋਈ। ਮੈਂ ਫ਼ਿਲਿੱਪੀਆਂ 4:11-13 ਵਿਚ ਦਰਜ ਪੌਲੁਸ ਦੇ ਸ਼ਬਦਾਂ ਉੱਤੇ ਮਨਨ ਕੀਤਾ: “ਉਹ ਦੇ ਵਿੱਚ ਜੋ ਮੈਨੂੰ ਬਲ ਦਿੰਦਾ ਹੈ ਮੈਂ ਸੱਭੋ ਕੁਝ ਕਰ ਸੱਕਦਾ ਹਾਂ।” ਮੈਂ ਪਾਇਨੀਅਰਿੰਗ ਕਰਨ ਦਾ ਫ਼ੈਸਲਾ ਕਰ ਲਿਆ ਸੀ। ਸੋ 1950 ਵਿਚ ਮੈਨੂੰ ਫਿਰ ਤੋਂ ਡਾਕੇਕ ਨਾਂ ਦੇ ਕਸਬੇ ਵਿਚ ਪ੍ਰਚਾਰ ਕਰਨ ਲਈ ਭੇਜਿਆ ਗਿਆ।

ਜਦੋਂ ਮੈਂ ਉੱਥੇ ਪਹੁੰਚਿਆ, ਮੇਰੇ ਕੋਲ ਕੁਝ ਵੀ ਨਹੀਂ ਸੀ। ਦੂਜੇ ਵਿਸ਼ਵ ਯੁੱਧ ਦੌਰਾਨ ਕਸਬਾ ਬੁਰੀ ਤਰ੍ਹਾਂ ਬਰਬਾਦ ਹੋ ਚੁੱਕਾ ਸੀ ਜਿਸ ਕਰਕੇ ਰਹਿਣ ਲਈ ਜਗ੍ਹਾ ਮਿਲਣੀ ਬਹੁਤ ਔਖੀ ਸੀ। ਮੈਂ ਇਕ ਪਰਿਵਾਰ ਨੂੰ ਮਿਲਣ ਗਿਆ ਜਿਸ ਨੂੰ ਮੈਂ ਪਹਿਲਾਂ ਪ੍ਰਚਾਰ ਕਰਦਾ ਹੁੰਦਾ ਸੀ ਤੇ ਘਰ ਦੀ ਮਾਲਕਣ ਮੈਨੂੰ ਦੇਖ ਕੇ ਬਹੁਤ ਖ਼ੁਸ਼ ਹੋਈ। ਉਸ ਨੇ ਕਿਹਾ: “ਹਾਏ ਮਿਸਟਰ ਲਰਵਾ, ਤੁਹਾਨੂੰ ਰਿਹਾ ਕਰ ਦਿੱਤਾ ਗਿਆ ਹੈ! ਮੇਰੇ ਪਤੀ ਕਹਿੰਦੇ ਹਨ ਕਿ ਜੇ ਤੁਹਾਡੇ ਵਰਗੇ ਹੋਰ ਆਦਮੀ ਹੁੰਦੇ, ਤਾਂ ਇਹ ਯੁੱਧ ਕਦੇ ਵੀ ਨਾ ਹੁੰਦਾ।” ਉਨ੍ਹਾਂ ਕੋਲ ਗੈੱਸਟ ਹਾਊਸ ਸੀ ਤੇ ਉਨ੍ਹਾਂ ਨੇ ਕਿਹਾ ਕਿ ਮੈਂ ਟੂਰਿਸਟ ਸੀਜ਼ਨ ਸ਼ੁਰੂ ਹੋਣ ਤੋਂ ਪਹਿਲਾਂ ਇੱਥੇ ਰਹਿ ਸਕਦਾ ਹਾਂ। ਉਸੇ ਦਿਨ, ਆਰਥਰ ਐਮੀਏਟ ਦੇ ਭਰਾ, ਐਵਨਜ਼ ਨੇ ਮੈਨੂੰ ਨੌਕਰੀ ਦਿਲਾਈ। ਉਹ ਬੰਦਰਗਾਹ ’ਤੇ ਤਰਜਮਾ ਕਰਨ ਵਾਲੇ ਵਜੋਂ ਕੰਮ ਕਰਦਾ ਸੀ ਅਤੇ ਉਹ ਇਕ ਜਹਾਜ਼ ਦੀ ਰਾਤ ਵੇਲੇ ਰਖਵਾਲੀ ਕਰਨ ਲਈ ਚੌਕੀਦਾਰ ਲੱਭ ਰਿਹਾ ਸੀ। ਉਸ ਨੇ ਜਹਾਜ਼ ਦੇ ਇਕ ਅਫ਼ਸਰ ਨਾਲ ਮੇਰੀ ਮੁਲਾਕਾਤ ਕਰਾਈ। ਜੇਲ੍ਹ ਵਿਚ ਸਜ਼ਾ ਕੱਟਣ ਤੋਂ ਬਾਅਦ, ਮੈਂ ਕਾਨੇ ਵਾਂਗ ਪਤਲਾ ਹੋ ਗਿਆ ਸੀ। ਜਦੋਂ ਐਵਨਜ਼ ਨੇ ਸਮਝਾਇਆ ਕਿ ਮੈਂ ਇੰਨਾ ਪਤਲਾ ਕਿਉਂ ਹਾਂ, ਤਾਂ ਅਫ਼ਸਰ ਨੇ ਕਿਹਾ ਕਿ ਮੈਂ ਫਰਿੱਜ ਵਿਚ ਪਿਆ ਖਾਣਾ ਖਾ ਸਕਦਾ ਹਾਂ। ਇੱਕੋ ਦਿਨ ਵਿਚ ਮੈਨੂੰ ਰਹਿਣ ਲਈ ਜਗ੍ਹਾ, ਕੰਮ ਅਤੇ ਖਾਣਾ ਮਿਲ ਗਿਆ! ਮੱਤੀ 6:25-33 ਵਿਚ ਦਰਜ ਯਿਸੂ ਦੇ ਸ਼ਬਦਾਂ ਨੇ ਮੇਰੇ ਹੌਸਲੇ ਨੂੰ ਵਧਾਇਆ।

ਜਦੋਂ ਟੂਰਿਸਟ ਸੀਜ਼ਨ ਸ਼ੁਰੂ ਹੋ ਗਿਆ, ਮੈਨੂੰ ਅਤੇ ਮੇਰੇ ਪਾਇਨੀਅਰ ਸਾਥੀ ਸਾਈਮਨ ਅਪੋਰਲੀਨਾਰਸਕੀ ਨੂੰ ਰਹਿਣ ਲਈ ਹੋਰ ਥਾਂ ਲੱਭਣੀ ਪਈ, ਪਰ ਅਸੀਂ ਉਸੇ ਜਗ੍ਹਾ ਪਾਇਨੀਅਰਿੰਗ ਕਰਨੀ ਚਾਹੁੰਦੇ ਸਾਂ। ਸਾਨੂੰ ਰਹਿਣ ਲਈ ਘੋੜਿਆਂ ਦੇ ਇਕ ਪੁਰਾਣੇ ਤਬੇਲੇ ਵਿਚ ਜਗ੍ਹਾ ਮਿਲ ਗਈ ਜਿੱਥੇ ਅਸੀਂ ਘਾਹ-ਫੂਸ ’ਤੇ ਸੁੱਤੇ। ਅਸੀਂ ਸਾਰਾ-ਸਾਰਾ ਦਿਨ ਪ੍ਰਚਾਰ ਕਰਦੇ ਸੀ। ਅਸੀਂ ਤਬੇਲੇ ਦੇ ਮਾਲਕ ਨੂੰ ਗਵਾਹੀ ਦਿੱਤੀ ਅਤੇ ਉਸ ਨੇ ਵੀ ਕਈਆਂ ਦੀ ਤਰ੍ਹਾਂ ਸੱਚਾਈ ਅਪਣਾ ਲਈ। ਥੋੜ੍ਹੇ ਚਿਰ ਬਾਅਦ ਅਖ਼ਬਾਰ ਵਿਚ ਇਕ ਲੇਖ ਛਾਪਿਆ ਗਿਆ ਜਿਸ ਵਿਚ ਡਾਕੇਕ ਦੇ ਵਾਸੀਆਂ ਨੂੰ “ਯਹੋਵਾਹ ਦੇ ਗਵਾਹਾਂ ਵੱਲੋਂ ਵਧ-ਚੜ੍ਹ ਕੇ ਕੀਤੇ ਜਾ ਰਹੇ ਪ੍ਰਚਾਰ” ਤੋਂ ਖ਼ਬਰਦਾਰ ਕੀਤਾ ਗਿਆ ਸੀ। ਪਰ ਉੱਥੇ ਸਿਰਫ਼ ਮੈਂ, ਸਾਈਮਨ ਅਤੇ ਮੁੱਠੀ ਭਰ ਪਬਲੀਸ਼ਰ ਸਨ! ਮੁਸ਼ਕਲ ਘੜੀਆਂ ਵਿਚ ਅਸੀਂ ਆਪਣੀ ਮਸੀਹੀ ਉਮੀਦ ਦੇ ਨਾਲ-ਨਾਲ ਇਸ ਗੱਲ ’ਤੇ ਵੀ ਸੋਚ-ਵਿਚਾਰ ਕੀਤਾ ਕਿ ਯਹੋਵਾਹ ਨੇ ਸਾਡੀ ਕਿਵੇਂ ਦੇਖ-ਭਾਲ ਕੀਤੀ, ਜਿਸ ਨਾਲ ਸਾਨੂੰ ਕਾਫ਼ੀ ਹੌਸਲਾ ਮਿਲਿਆ। ਜਦੋਂ 1952 ਵਿਚ ਮੈਨੂੰ ਕਿਸੇ ਹੋਰ ਥਾਂ ਭੇਜਿਆ ਗਿਆ, ਤਾਂ ਉਸ ਵੇਲੇ ਡਾਕੇਕ ਵਿਚ ਤਕਰੀਬਨ 30 ਪਬਲੀਸ਼ਰ ਸਨ।

ਨਵੀਆਂ ਜ਼ਿੰਮੇਵਾਰੀਆਂ ਨਿਭਾਉਣ ਲਈ ਤਾਕਤ

ਅਮੀਆਂ ਸ਼ਹਿਰ ਵਿਚ ਥੋੜ੍ਹੀ ਦੇਰ ਸੇਵਾ ਕਰਨ ਤੋਂ ਬਾਅਦ, ਮੈਨੂੰ ਸਪੈਸ਼ਲ ਪਾਇਨੀਅਰ ਵਜੋਂ ਪੈਰਿਸ ਦੇ ਲਾਗੇ ਬੂਲੋਨ-ਬੀਆਂਕੂਰ ਭੇਜਿਆ ਗਿਆ। ਮੈਨੂੰ ਬਹੁਤ ਸਾਰੀਆਂ ਬਾਈਬਲ ਸਟੱਡੀਆਂ ਮਿਲੀਆਂ ਤੇ ਬਾਅਦ ਵਿਚ ਇਨ੍ਹਾਂ ਵਿੱਚੋਂ ਕਈ ਫੁੱਲ-ਟਾਈਮ ਅਤੇ ਮਿਸ਼ਨਰੀ ਸੇਵਾ ਕਰਨ ਲੱਗ ਪਏ। ਇਕ ਨੌਜਵਾਨ ਦਾ ਨਾਂ ਗਈ ਮਾਬੀਲੇ ਸੀ ਜਿਸ ਨੇ ਸੱਚਾਈ ਕਬੂਲ ਕੀਤੀ ਅਤੇ ਬਾਅਦ ਵਿਚ ਉਸ ਨੇ ਸਰਕਟ ਓਵਰਸੀਅਰ ਤੇ ਫਿਰ ਡਿਸਟ੍ਰਿਕਟ ਓਵਰਸੀਅਰ ਵਜੋਂ ਸੇਵਾ ਕੀਤੀ। ਇਸ ਤੋਂ ਬਾਅਦ ਉਸ ਨੇ ਲੂਵੀਏ ਦੇ ਬੈਥਲ ਵਿਚ ਪ੍ਰਿੰਟਰੀ ਬਣਾਉਣ ਦੇ ਕੰਮ ਦੀ ਨਿਗਰਾਨੀ ਕੀਤੀ। ਪ੍ਰਚਾਰ ਵਿਚ ਬਾਈਬਲ ਬਾਰੇ ਗੱਲਾਂ ਕਰਦੇ ਰਹਿਣ ਨਾਲ, ਮੇਰੇ ਦਿਮਾਗ਼ ’ਤੇ ਪਰਮੇਸ਼ੁਰ ਦੇ ਬਚਨ ਨੇ ਹੋਰ ਗਹਿਰੀ ਛਾਪ ਛੱਡੀ ਜਿਸ ਕਾਰਨ ਮੈਨੂੰ ਬਹੁਤ ਖ਼ੁਸ਼ੀ ਮਿਲੀ ਤੇ ਇਸ ਦੇ ਨਾਲ-ਨਾਲ ਮੈਂ ਆਪਣੀ ਸਿਖਾਉਣ ਦੀ ਕਲਾ ਨੂੰ ਵੀ ਸੁਧਾਰ ਸਕਿਆ।

ਫਿਰ ਅਚਾਨਕ 1953 ਨੂੰ ਮੈਨੂੰ ਅਲਸਾਸ-ਲਰੈਨ ਵਿਚ ਸਰਕਟ ਓਵਰਸੀਅਰ ਵਜੋਂ ਨਿਯੁਕਤ ਕੀਤਾ ਗਿਆ। ਇਹ ਇਲਾਕਾ ਦੋ ਵਾਰ 1871 ਅਤੇ 1945 ਵਿਚ ਜਰਮਨੀ ਦੇ ਕਬਜ਼ੇ ਵਿਚ ਆ ਗਿਆ ਸੀ ਜਿਸ ਕਰਕੇ ਮੈਨੂੰ ਜਰਮਨ ਭਾਸ਼ਾ ਸਿੱਖਣੀ ਪਈ। ਜਦੋਂ ਮੈਂ ਸਰਕਟ ਕੰਮ ਕਰਨਾ ਸ਼ੁਰੂ ਕੀਤਾ, ਤਾਂ ਉਸ ਸਮੇਂ ਘੱਟ ਕਾਰਾਂ, ਟੈਲੀਵਿਯਨ ਜਾਂ ਟਾਈਪ-ਰਾਈਟਰ ਸਨ ਅਤੇ ਉਸ ਇਲਾਕੇ ਵਿਚ ਨਾ ਤਾਂ ਰੇਡੀਓ ਤੇ ਨਾ ਹੀ ਕੰਪਿਊਟਰ ਸਨ। ਇੱਦਾਂ ਨਹੀਂ ਸੀ ਕਿ ਮੈਨੂੰ ਆਪਣੀ ਜ਼ਿੰਦਗੀ ਖਾਲੀ-ਖਾਲੀ ਲੱਗਦੀ ਸੀ, ਪਰ ਇਹ ਮੇਰੀ ਜ਼ਿੰਦਗੀ ਦਾ ਖ਼ੁਸ਼ੀਆਂ ਭਰਿਆ ਸਮਾਂ ਸੀ। ਉਨ੍ਹਾਂ ਸਮਿਆਂ ਵਿਚ ਧਿਆਨ ਭਟਕਾਉਣ ਵਾਲੀਆਂ ਚੀਜ਼ਾਂ ਅੱਜ ਵਾਂਗ ਨਹੀਂ ਸਨ, ਪਰ ਫਿਰ ਵੀ ਮੈਂ ਬਾਈਬਲ ਦੀ ਸਲਾਹ ਨੂੰ ਮੰਨ ਕੇ ਆਪਣੀ ਅੱਖ “ਨਿਰਮਲ” ਰੱਖ ਸਕਿਆ ਤੇ ਯਹੋਵਾਹ ਦੀ ਸੇਵਾ ਕਰਦਾ ਰਿਹਾ।—ਮੱਤੀ 6:19-22.

ਪੈਰਿਸ ਵਿਚ 1955 ਨੂੰ ਹੋਏ “ਜੇਤੂ ਰਾਜ” ਨਾਮਕ ਸੰਮੇਲਨ ਇਕ ਯਾਦਗਾਰ ਮੌਕਾ ਬਣ ਕੇ ਰਹਿ ਗਿਆ। ਇਸ ਸੰਮੇਲਨ ਵਿਚ ਮੈਂ ਆਪਣੀ ਹੋਣ ਵਾਲੀ ਪਤਨੀ ਈਰੇਨ ਕਲੌਂਸਕੀ ਨੂੰ ਮਿਲਿਆ ਜਿਸ ਨੇ ਮੈਥੋਂ ਇਕ ਸਾਲ ਪਹਿਲਾਂ ਪਾਇਨੀਅਰਿੰਗ ਸ਼ੁਰੂ ਕੀਤੀ ਸੀ। ਉਸ ਦੇ ਮਾਪੇ ਪੋਲੈਂਡ ਦੇ ਰਹਿਣ ਵਾਲੇ ਸਨ ਤੇ ਪੂਰੇ ਜੋਸ਼ ਨਾਲ ਯਹੋਵਾਹ ਦੀ ਸੇਵਾ ਕਰ ਰਹੇ ਸਨ। ਫਰਾਂਸ ਵਿਚ ਉਨ੍ਹਾਂ ਦੀ ਮੁਲਾਕਾਤ ਅਡੌਲਫ਼ ਵੈਬਰ ਨਾਲ ਹੋਈ। ਭਰਾ ਵੈਬਰ ਭਰਾ ਰਸਲ ਦਾ ਬਾਗ਼-ਬਗ਼ੀਚਾ ਸੰਭਾਲਦਾ ਹੁੰਦਾ ਸੀ ਅਤੇ ਉਹ ਯੂਰਪ ਇਸ ਲਈ ਆਇਆ ਤਾਂਕਿ ਪ੍ਰਚਾਰ ਕਰ ਸਕੇ। ਮੈਂ ਤੇ ਈਰੇਨ ਨੇ 1956 ਵਿਚ ਵਿਆਹ ਕਰਾ ਲਿਆ ਅਤੇ ਉਹ ਵੀ ਮੇਰੇ ਨਾਲ ਸਰਕਟ ਕੰਮ ਕਰਨ ਲੱਗ ਪਈ। ਇਨ੍ਹਾਂ ਸਾਰੇ ਸਾਲਾਂ ਦੌਰਾਨ ਉਸ ਨੇ ਮੇਰਾ ਸਾਥ ਨਹੀਂ ਛੱਡਿਆ!

ਦੋ ਸਾਲਾਂ ਬਾਅਦ ਮੈਂ ਇਹ ਸੁਣ ਕੇ ਹੈਰਾਨ ਰਹਿ ਗਿਆ ਕਿ ਮੈਨੂੰ ਡਿਸਟ੍ਰਿਕਟ ਓਵਰਸੀਅਰ ਵਜੋਂ ਨਿਯੁਕਤ ਕੀਤਾ ਗਿਆ। ਉਸ ਵੇਲੇ ਜ਼ਿੰਮੇਵਾਰ ਭਰਾਵਾਂ ਦੀ ਘਾਟ ਹੋਣ ਕਰਕੇ, ਮੈਂ ਕਈ ਕਲੀਸਿਯਾਵਾਂ ਵਿਚ ਸਰਕਟ ਓਵਰਸੀਅਰ ਵਜੋਂ ਵੀ ਸੇਵਾ ਕਰਦਾ ਰਿਹਾ। ਮੈਨੂੰ ਯਾਦ ਹੈ ਕਿ ਉਸ ਸਮੇਂ ਮੈਨੂੰ ਕਿੰਨਾ ਕੰਮ ਕਰਨਾ ਪਿਆ ਸੀ! ਇਸ ਤੋਂ ਇਲਾਵਾ ਮੈਨੂੰ ਪ੍ਰਚਾਰ ਵਿਚ 100 ਘੰਟੇ ਕਰਨੇ ਪੈਂਦੇ ਸਨ, ਹਰ ਹਫ਼ਤੇ ਭਾਸ਼ਣ ਦੇਣੇ ਪੈਂਦੇ ਸਨ, ਤਿੰਨ ਬੁੱਕ ਸਟੱਡੀਆਂ ’ਤੇ ਜਾਣਾ ਪੈਂਦਾ ਸੀ, ਰਿਕਾਰਡ ਚੈੱਕ ਕਰਨੇ ਅਤੇ ਰਿਪੋਰਟਾਂ ਤਿਆਰ ਕਰਨੀਆਂ ਪੈਂਦੀਆਂ ਸਨ। ਸੋ ਇਨ੍ਹਾਂ ਕੰਮਾਂ ਵਿੱਚੋਂ ਬਾਈਬਲ ਪੜ੍ਹਨ ਲਈ ਮੈਂ ਸਮਾਂ ਕਦੋਂ ਕੱਢ ਸਕਦਾ ਸੀ? ਮੈਂ ਇਸ ਦਾ ਇਕ ਤਰੀਕਾ ਲੱਭਿਆ। ਮੈਂ ਪੁਰਾਣੀ ਬਾਈਬਲ ਦੇ ਸਫ਼ਿਆਂ ਨੂੰ ਕੱਟ ਕੇ ਆਪਣੇ ਕੋਲ ਰੱਖ ਲਿਆ। ਜਦੋਂ ਮੈਨੂੰ ਕਿਸੇ ਨੂੰ ਮਿਲਣ ਲਈ ਉਡੀਕ ਕਰਨੀ ਪੈਂਦੀ ਸੀ, ਤਾਂ ਮੈਂ ਸਫ਼ਿਆਂ ਨੂੰ ਕੱਢ ਕੇ ਪੜ੍ਹਨ ਲੱਗ ਜਾਂਦਾ ਸੀ। ਇਨ੍ਹਾਂ ਪਲਾਂ ਦੌਰਾਨ ਬਾਈਬਲ ਪੜ੍ਹ ਕੇ ਯਹੋਵਾਹ ਦੀ ਸੇਵਾ ਕਰਦੇ ਰਹਿਣ ਵਿਚ ਮੇਰੀ ਮਦਦ ਹੋਈ ਤੇ ਯਹੋਵਾਹ ਨਾਲ ਮੇਰਾ ਰਿਸ਼ਤਾ ਹੋਰ ਵੀ ਮਜ਼ਬੂਤ ਹੋਇਆ।

ਸੰਨ 1967 ਵਿਚ ਮੈਨੂੰ ਅਤੇ ਈਰੇਨ ਨੂੰ ਫਰਾਂਸ ਦੇ ਬੈਥਲ ਪਰਿਵਾਰ ਦਾ ਮੈਂਬਰ ਬਣਨ ਦਾ ਸੱਦਾ ਮਿਲਿਆ ਜੋ ਬੂਲੋਨ-ਬੀਆਂਕੂਰ ਵਿਚ ਸੀ। ਮੈਂ ਸੇਵਾ ਵਿਭਾਗ ਵਿਚ ਕੰਮ ਕਰਨਾ ਸ਼ੁਰੂ ਕੀਤਾ ਅਤੇ ਮੈਨੂੰ ਇਹ ਕੰਮ ਕਰਦਿਆਂ 40 ਸਾਲ ਹੋ ਗਏ ਹਨ। ਚਿੱਠੀਆਂ ਰਾਹੀਂ ਬਾਈਬਲ ਬਾਰੇ ਜੋ ਸਵਾਲ ਪੁੱਛੇ ਜਾਂਦੇ ਹਨ, ਉਨ੍ਹਾਂ ਦੇ ਜਵਾਬ ਦੇਣ ਵਿਚ ਮੈਨੂੰ ਬਹੁਤ ਮਜ਼ਾ ਆਉਂਦਾ ਹੈ। ਮੈਨੂੰ “ਖੁਸ਼ ਖਬਰੀ ਦੇ ਨਮਿੱਤ” ਬਾਈਬਲ ਦੀ ਰਿਸਰਚ ਕਰ ਕੇ ਬੜੀ ਖ਼ੁਸ਼ੀ ਹੁੰਦੀ ਹੈ! (ਫ਼ਿਲਿ. 1:7) ਬੈਥਲ ਵਿਚ ਸਵੇਰ ਨੂੰ ਬਾਈਬਲ ਦੇ ਹਵਾਲਿਆਂ ਉੱਤੇ ਚਰਚਾ ਕਰ ਕੇ ਮੈਨੂੰ ਬਹੁਤ ਚੰਗਾ ਲੱਗਦਾ ਹੈ। 1976 ਵਿਚ ਮੈਨੂੰ ਬ੍ਰਾਂਚ ਕਮੇਟੀ ਦਾ ਮੈਂਬਰ ਬਣਾਇਆ ਗਿਆ।

ਜ਼ਿੰਦਗੀ ਜੀਣ ਦਾ ਸਭ ਤੋਂ ਵਧੀਆ ਢੰਗ

ਹਾਲਾਂਕਿ ਮੈਂ ਆਪਣੀ ਜ਼ਿੰਦਗੀ ਵਿਚ ਔਖੀਆਂ ਘੜੀਆਂ ਦੇਖੀਆਂ ਹਨ, ਪਰ ਇਨ੍ਹਾਂ ਵਿੱਚੋਂ ਸਭ ਤੋਂ ਔਖਾ ਹੈ ਬੁਢਾਪਾ ਅਤੇ ਸਿਹਤ ਸਮੱਸਿਆਵਾਂ। ਮੈਂ ਤੇ ਈਰੇਨ ਹੁਣ ਇੰਨਾ ਨਹੀਂ ਕਰ ਸਕਦੇ ਜਿੰਨਾ ਅਸੀਂ ਆਪਣੀ ਜਵਾਨੀ ਵਿਚ ਕਰਦੇ ਹੁੰਦੇ ਸੀ। ਪਰ ਅੱਜ ਵੀ ਅਸੀਂ ਇਕੱਠੇ ਮਿਲ ਕੇ ਬਾਈਬਲ ਦੀ ਸਟੱਡੀ ਕਰਦੇ ਹਾਂ ਜਿਸ ਦੀ ਮਦਦ ਨਾਲ ਅਸੀਂ ਆਪਣੀ ਨਜ਼ਰ ਹਮੇਸ਼ਾ ਦੀ ਜ਼ਿੰਦਗੀ ਉੱਤੇ ਟਿਕਾਈ ਰੱਖ ਸਕਦੇ ਹਾਂ। ਇਹੀ ਉਮੀਦ ਅਸੀਂ ਆਪਣੇ ਇਲਾਕੇ ਦੇ ਲੋਕਾਂ ਤਕ ਪਹੁੰਚਾਉਣ ਲਈ ਬੱਸ ਵਿਚ ਸਫ਼ਰ ਕਰਦੇ ਹਾਂ। ਅਸੀਂ ਦੋਹਾਂ ਨੇ 120 ਤੋਂ ਵੀ ਜ਼ਿਆਦਾ ਸਾਲ ਫੁੱਲ-ਟਾਈਮ ਸੇਵਾ ਵਿਚ ਬਿਤਾਏ ਹਨ। ਇਸ ਲਈ ਅਸੀਂ ਦਿਲੋਂ ਸਾਰਿਆਂ ਨੂੰ ਇਹ ਕਹਿੰਦੇ ਹਾਂ ਕਿ ਫੁੱਲ-ਟਾਈਮ ਸੇਵਾ ਕਰਨੀ ਹੀ ਜ਼ਿੰਦਗੀ ਜੀਣ ਦਾ ਸਭ ਤੋਂ ਵਧੀਆ ਢੰਗ ਹੈ! ਜਦੋਂ ਰਾਜਾ ਦਾਊਦ ਨੇ ਜ਼ਬੂਰਾਂ ਦੀ ਪੋਥੀ 37:25 ਦੇ ਸ਼ਬਦ ਲਿਖੇ ਸਨ, ਉਦੋਂ ਉਹ “ਬੁੱਢਾ” ਹੋ ਚੁੱਕਾ ਸੀ, ਪਰ ਉਸ ਵਾਂਗ ਮੈਂ ਵੀ ਇਹ ਕਹਿ ਸਕਦਾ ਹਾਂ ਕਿ ਮੈਂ ਕਦੇ ਕਿਸੇ ‘ਧਰਮੀ ਨੂੰ ਤਿਆਗਿਆ ਹੋਇਆ ਨਹੀਂ ਡਿੱਠਾ।’

ਯਹੋਵਾਹ ਨੇ ਆਪਣੇ ਬਚਨ ਦੇ ਜ਼ਰੀਏ ਮੈਨੂੰ ਹਮੇਸ਼ਾ ਤਾਕਤ ਦਿੱਤੀ ਹੈ। ਸੱਠ ਸਾਲ ਪਹਿਲਾਂ ਮੇਰੇ ਰਿਸ਼ਤੇਦਾਰਾਂ ਦੀ ਕਹੀ ਗੱਲ ਸੱਚ ਸਾਬਤ ਹੋਈ ਅਤੇ ਮੈਂ ਅਜੇ ਤਕ ਰੋਜ਼ ਬਾਈਬਲ ਪੜ੍ਹਦਾ ਹਾਂ। ਮੈਨੂੰ ਇਸ ਗੱਲ ਦਾ ਕੋਈ ਪਛਤਾਵਾ ਨਹੀਂ!

[ਫੁਟਨੋਟ]

^ ਪੈਰਾ 8 ਇਹ 1944 ਵਿਚ ਯਹੋਵਾਹ ਦੇ ਗਵਾਹਾਂ ਦੁਆਰਾ ਛਾਪੀ ਜਾਂਦੀ ਸੀ, ਪਰ ਹੁਣ ਨਹੀਂ ਛਾਪੀ ਜਾਂਦੀ।

[ਸਫ਼ਾ 5 ਉੱਤੇ ਤਸਵੀਰ]

ਮੈਂ ਅਤੇ ਸਾਈਮਨ

[ਸਫ਼ਾ 5 ਉੱਤੇ ਤਸਵੀਰ]

ਜਦੋਂ ਮੈਂ ਡਿਸਟ੍ਰਿਕਟ ਓਵਰਸੀਅਰ ਸਾਂ

[ਸਫ਼ਾ 5 ਉੱਤੇ ਤਸਵੀਰ]

ਮੇਰੀ ਪਹਿਲੀ ਬਾਈਬਲ ਵਰਗੀ ਇਕ ਹੋਰ ਬਾਈਬਲ

[ਸਫ਼ਾ 6 ਉੱਤੇ ਤਸਵੀਰ]

ਸਾਡੇ ਵਿਆਹ ਦਾ ਦਿਨ

[ਸਫ਼ਾ 6 ਉੱਤੇ ਤਸਵੀਰ]

ਮੈਂ ਤੇ ਈਰੇਨ ਬਾਈਬਲ ਦੀ ਸਟੱਡੀ ਦਾ ਮਜ਼ਾ ਲੈਂਦੇ ਹਾਂ