ਪਾਠਕਾਂ ਵੱਲੋਂ ਸਵਾਲ
ਪਾਠਕਾਂ ਵੱਲੋਂ ਸਵਾਲ
ਮੈਨੂੰ ਕੀ ਕਰਨਾ ਚਾਹੀਦਾ ਹੈ ਜਦੋਂ ਬਾਈਬਲ ਵਿੱਚੋਂ ਕੁਝ ਪੜ੍ਹਦਿਆਂ ਮੇਰੇ ਮਨ ਵਿਚ ਕੋਈ ਸਵਾਲ ਪੈਦਾ ਹੁੰਦਾ ਹੈ ਜਾਂ ਜਦੋਂ ਮੈਨੂੰ ਕਿਸੇ ਸਮੱਸਿਆ ਬਾਰੇ ਸਲਾਹ ਦੀ ਲੋੜ ਪੈਂਦੀ ਹੈ?
ਕਹਾਉਤਾਂ 2:1-5 ਸਾਨੂੰ ਸਾਰਿਆਂ ਨੂੰ ਸਮਝ ਅਤੇ ਬੁੱਧ ਦੀ ਇਵੇਂ ‘ਖੋਜ ਕਰਨ’ ਲਈ ਕਹਿੰਦਾ ਹੈ ਜਿਵੇਂ ਅਸੀਂ “ਗੁਪਤ ਧਨ” ਨੂੰ ਲੱਭ ਰਹੇ ਹੋਈਏ। ਇਸ ਦਾ ਮਤਲਬ ਹੈ ਕਿ ਬਾਈਬਲ ਸੰਬੰਧੀ ਖੜ੍ਹੇ ਹੋਏ ਸਵਾਲਾਂ ਅਤੇ ਆਪਣੀਆਂ ਸਮੱਸਿਆਵਾਂ ਦੇ ਹੱਲ ਲੱਭਣ ਲਈ ਸਾਨੂੰ ਸਖ਼ਤ ਮਿਹਨਤ ਕਰਨੀ ਚਾਹੀਦੀ ਹੈ। ਇਹ ਅਸੀਂ ਕਿਵੇਂ ਕਰ ਸਕਦੇ ਹਾਂ?
ਪਰਮੇਸ਼ੁਰ ਦੀ ਸੇਵਾ ਸਕੂਲ ਤੋਂ ਫ਼ਾਇਦਾ ਉਠਾਓ (ਹਿੰਦੀ) ਕਿਤਾਬ ਦੇ ਸਫ਼ੇ 33-38 ਉੱਤੇ ਲੇਖ “ਖੋਜਬੀਨ ਕਿਵੇਂ ਕਰੀਏ” ਵਿਚ ਕਈ ਪ੍ਰਕਾਸ਼ਨਾਂ ਦਾ ਜ਼ਿਕਰ ਹੈ ਜੋ “ਮਾਤਬਰ ਅਤੇ ਬੁੱਧਵਾਨ ਨੌਕਰ” ਨੇ ਸਾਨੂੰ ਦਿੱਤੇ ਹਨ। (ਮੱਤੀ 24:45) ਸਫ਼ਾ 36 ਉੱਤੇ ਦੱਸਿਆ ਹੈ ਕਿ ਅਸੀਂ ਵਾਚ ਟਾਵਰ ਪ੍ਰਕਾਸ਼ਨ ਇੰਡੈਕਸ ਦੀ ਕਿਵੇਂ ਵਰਤੋਂ ਕਰ ਸਕਦੇ ਹਾਂ। ਇਸ ਦਾ ਹਰ ਐਡੀਸ਼ਨ ਦੋ ਭਾਗਾਂ ਵਿਚ ਵੰਡਿਆ ਹੋਇਆ ਹੈ: ਵਿਸ਼ਿਆਂ ਦੀ ਸੂਚੀ ਅਤੇ ਆਇਤਾਂ ਦੀ ਸੂਚੀ। ਇਸ ਦੀ ਮਦਦ ਨਾਲ ਮੁੱਖ ਸ਼ਬਦਾਂ ਜਾਂ ਬਾਈਬਲ ਦੀਆਂ ਆਇਤਾਂ ਉੱਤੇ ਖੋਜ ਕਰਦਿਆਂ ਤੁਹਾਨੂੰ ਕਈ ਪ੍ਰਕਾਸ਼ਨਾਂ ਦੀ ਲਿਸਟ ਮਿਲ ਜਾਵੇਗੀ। ਪਰ ਕਿਸੇ ਖ਼ਾਸ ਜਵਾਬ ਜਾਂ ਲੋੜੀਂਦੀ ਸੇਧ ਦੀ ਖੋਜ ਕਰਦੇ ਵੇਲੇ ਧੀਰਜ ਰੱਖੋ। ਯਾਦ ਰੱਖੋ ਕਿ ਤੁਸੀਂ “ਗੁਪਤ ਧਨ” ਨੂੰ ਲੱਭ ਰਹੇ ਹੋ ਜਿਸ ਨੂੰ ਲੱਭਣ ਵਿਚ ਸਮਾਂ ਅਤੇ ਮਿਹਨਤ ਲੱਗਦੀ ਹੈ।
ਇਹ ਸੱਚ ਹੈ ਕਿ ਸਾਡੇ ਪ੍ਰਕਾਸ਼ਨਾਂ ਵਿਚ ਕੁਝ ਵਿਸ਼ਿਆਂ ਅਤੇ ਆਇਤਾਂ ਉੱਤੇ ਕੋਈ ਖ਼ਾਸ ਗੱਲਬਾਤ ਨਹੀਂ ਕੀਤੀ ਗਈ। ਭਾਵੇਂ ਕਿ ਬਾਈਬਲ ਦੀਆਂ ਕੁਝ ਖ਼ਾਸ ਆਇਤਾਂ ਉੱਤੇ ਟਿੱਪਣੀ ਕੀਤੀ ਗਈ ਹੈ, ਪਰ ਹੋ ਸਕਦਾ ਹੈ ਕਿ ਉਨ੍ਹਾਂ ਦਾ ਸੰਬੰਧ ਉਸ ਖ਼ਾਸ ਸਵਾਲ ਨਾਲ ਨਾ ਹੋਵੇ ਜੋ ਤੁਹਾਡੇ ਮਨ ਵਿਚ ਹੈ। ਨਾਲੇ ਬਾਈਬਲ ਦੇ ਕੁਝ ਬਿਰਤਾਂਤਾਂ ਉੱਤੇ ਇਸ ਲਈ ਸਵਾਲ ਉੱਠਦੇ ਹਨ ਕਿਉਂਕਿ ਬਾਈਬਲ ਵਿਚ ਹਰ ਤਰ੍ਹਾਂ ਦੀ ਛੋਟੀ-ਵੱਡੀ ਗੱਲ ਨਹੀਂ ਦੱਸੀ ਗਈ ਹੈ। ਇਸ ਲਈ ਸਾਨੂੰ ਹਰ ਸਵਾਲ ਦਾ ਫ਼ੌਰਨ ਜਵਾਬ ਨਹੀਂ ਮਿਲ ਸਕਦਾ। ਇਸ ਤਰ੍ਹਾਂ ਹੋਣ ਤੇ ਸਾਨੂੰ ਉਨ੍ਹਾਂ ਗੱਲਾਂ ਦਾ ਅੰਦਾਜ਼ਾ ਨਹੀਂ ਲਾਉਣਾ ਚਾਹੀਦਾ ਅਤੇ ਨਾ ਹੀ ਇਨ੍ਹਾਂ ਸਵਾਲਾਂ ਬਾਰੇ ਦੂਜਿਆਂ ਨਾਲ ਬਹਿਸ ਕਰਨੀ ਚਾਹੀਦੀ ਹੈ ਜਿਨ੍ਹਾਂ ਦਾ ਜਵਾਬ ਦੇਣਾ ਮੁਸ਼ਕਲ ਹੈ। ਜੇ ਅਸੀਂ ਇੱਦਾਂ ਕਰਨੋਂ ਨਹੀਂ ਹਟਦੇ, ਤਾਂ ਸਾਡੀ ਨਿਹਚਾ ਤਕੜੀ ਨਹੀਂ ਹੋਵੇਗੀ ਅਤੇ ਸਾਡੇ ਮਨ ਵਿਚ ਹੋਰ ਵੀ ਜ਼ਿਆਦਾ ਸਵਾਲ ਉੱਠਣਗੇ। (1 ਤਿਮੋ. 1:4; 2 ਤਿਮੋ. 2:23; ਤੀਤੁ. 3:9) ਜਿਨ੍ਹਾਂ ਸਵਾਲਾਂ ਬਾਰੇ ਸਾਡੇ ਪ੍ਰਕਾਸ਼ਨਾਂ ਵਿਚ ਕੋਈ ਸੋਚ-ਵਿਚਾਰ ਨਹੀਂ ਕੀਤਾ ਗਿਆ ਹੈ, ਉਨ੍ਹਾਂ ਸਾਰੇ ਸਵਾਲਾਂ ਦੀ ਜਾਂਚ ਕਰ ਕੇ ਨਾ ਤਾਂ ਬ੍ਰਾਂਚ ਆਫ਼ਿਸ ਤੇ ਨਾ ਹੀ ਵਰਲਡ ਹੈੱਡ-ਕੁਆਰਟਰ ਜਵਾਬ ਦੇ ਸਕਦਾ ਹੈ। ਸਾਨੂੰ ਇੰਨੇ ਵਿਚ ਹੀ ਖ਼ੁਸ਼ ਹੋਣਾ ਚਾਹੀਦਾ ਹੈ ਕਿ ਬਾਈਬਲ ਜ਼ਿੰਦਗੀ ਵਿਚ ਸੇਧ ਦੇਣ ਲਈ ਕਾਫ਼ੀ ਜਾਣਕਾਰੀ ਦਿੰਦੀ ਹੈ। ਪਰ ਇਹ ਕਈ ਗੱਲਾਂ ਨਹੀਂ ਦੱਸਦੀ ਜਿਨ੍ਹਾਂ ਦੇ ਲਈ ਸਾਨੂੰ ਬਾਈਬਲ ਦੇ ਲਿਖਾਰੀ ਉੱਤੇ ਪੱਕੀ ਨਿਹਚਾ ਕਰਨੀ ਚਾਹੀਦੀ ਹੈ।—ਯਹੋਵਾਹ ਦੇ ਨੇੜੇ ਰਹੋ ਕਿਤਾਬ ਦੇ ਸਫ਼ੇ 185-187 ਦੇਖੋ।
ਫੇਰ ਤੁਸੀਂ ਕੀ ਕਰ ਸਕਦੇ ਹੋ ਜੇ ਕਿਸੇ ਨਿੱਜੀ ਮਾਮਲੇ ਬਾਰੇ ਤੁਸੀਂ ਆਪਣੀ ਪੂਰੀ ਵਾਹ ਲਾ ਕੇ ਰਿਸਰਚ ਕੀਤੀ ਹੈ, ਪਰ ਤੁਹਾਨੂੰ ਹਾਲੇ ਵੀ ਕੋਈ ਸੇਧ ਜਾਂ ਹੱਲ ਨਹੀਂ ਮਿਲਿਆ? ਨਿਹਚਾ ਵਿਚ ਤਕੜੇ ਕਿਸੇ ਮਸੀਹੀ ਨਾਲ ਜਾਂ ਸ਼ਾਇਦ ਆਪਣੀ ਕਲੀਸਿਯਾ ਦੇ ਕਿਸੇ ਬਜ਼ੁਰਗ ਨਾਲ ਗੱਲ ਕਰੋ। ਉਨ੍ਹਾਂ ਨੂੰ ਬਾਈਬਲ ਦਾ ਕਾਫ਼ੀ ਗਿਆਨ ਹੈ ਅਤੇ ਉਹ ਚਿਰਾਂ ਤੋਂ ਇਸ ਮੁਤਾਬਕ ਜ਼ਿੰਦਗੀ ਜੀਉਂਦੇ ਹਨ। ਜੇ ਤੁਹਾਨੂੰ ਕਿਸੇ ਨਿੱਜੀ ਸਮੱਸਿਆ ਜਾਂ ਫ਼ੈਸਲੇ ਬਾਰੇ ਸਲਾਹ ਦੀ ਲੋੜ ਹੈ, ਤਾਂ ਉਨ੍ਹਾਂ ਦੀ ਮਦਦ ਖ਼ਾਸਕਰ ਤੁਹਾਡੇ ਲਈ ਢੁਕਵੀਂ ਹੋਵੇਗੀ ਕਿਉਂਕਿ ਉਹ ਤੁਹਾਨੂੰ ਅਤੇ ਤੁਹਾਡੇ ਹਾਲਾਤਾਂ ਬਾਰੇ ਜਾਣਦੇ ਹਨ। ਪਰ ਆਪਣੀਆਂ ਚਿੰਤਾਵਾਂ ਬਾਰੇ ਯਹੋਵਾਹ ਨੂੰ ਪ੍ਰਾਰਥਨਾ ਕਰਨੀ ਕਦੇ ਨਾ ਭੁੱਲੋ। ਉਸ ਨੂੰ ਕਹੋ ਕਿ ਉਹ ਆਪਣੀ ਪਵਿੱਤਰ ਸ਼ਕਤੀ ਦੇ ਜ਼ਰੀਏ ਤੁਹਾਨੂੰ ਇਸ ਮਾਮਲੇ ਬਾਰੇ ਸਮਝ ਬਖ਼ਸ਼ੇ ‘ਕਿਉਂ ਜੋ ਬੁੱਧ ਯਹੋਵਾਹ ਹੀ ਦਿੰਦਾ ਹੈ, ਅਤੇ ਸਮਝ ਓਸੇ ਦੇ ਮੂੰਹੋਂ ਨਿੱਕਲਦੀ ਹੈ।’—ਕਹਾ. 2:6; ਲੂਕਾ 11:13.