Skip to content

Skip to table of contents

ਯਹੋਵਾਹ ਦੀ ਸੇਵਾ ਕਰਦਿਆਂ ਮੈਨੂੰ ਖ਼ੁਸ਼ੀਆਂ ਮਿਲੀਆਂ

ਯਹੋਵਾਹ ਦੀ ਸੇਵਾ ਕਰਦਿਆਂ ਮੈਨੂੰ ਖ਼ੁਸ਼ੀਆਂ ਮਿਲੀਆਂ

ਯਹੋਵਾਹ ਦੀ ਸੇਵਾ ਕਰਦਿਆਂ ਮੈਨੂੰ ਖ਼ੁਸ਼ੀਆਂ ਮਿਲੀਆਂ

ਫਰੈੱਡ ਰਸਕ ਦੀ ਜ਼ਬਾਨੀ

ਮੈਨੂੰ ਛੋਟੀ ਉਮਰੇ ਹੀ ਅਹਿਸਾਸ ਹੋਇਆ ਕਿ ਜ਼ਬੂਰਾਂ ਦੀ ਪੋਥੀ 27:10 ਵਿਚ ਲਿਖੇ ਦਾਊਦ ਦੇ ਲਫ਼ਜ਼ ਕਿੰਨੇ ਸੱਚ ਹਨ: “ਜਦ ਮੇਰੇ ਮਾਪੇ ਮੈਨੂੰ ਤਿਆਗ ਦੇਣ, ਤਦ ਯਹੋਵਾਹ ਮੈਨੂੰ ਸਾਂਭੇਗਾ।” ਆਓ ਮੈਂ ਤੁਹਾਨੂੰ ਦੱਸਾਂ ਕਿ ਇਹ ਸ਼ਬਦ ਮੇਰੇ ਉੱਤੇ ਕਿਵੇਂ ਸੱਚ ਸਾਬਤ ਹੋਏ।

ਮੇਰੀ ਪਰਵਰਿਸ਼ 1930 ਦੇ ਦਹਾਕੇ ਵਿਚ ਅਮਰੀਕਾ ਦੇ ਜਾਰਜੀਆ ਪ੍ਰਾਂਤ ਵਿਚ ਮੇਰੇ ਦਾਦਾ ਜੀ ਦੇ ਕਪਾਹ ਦੇ ਫਾਰਮ ਤੇ ਹੋਈ ਸੀ। ਉਸ ਸਮੇਂ ਅਮਰੀਕਾ ਵਿਚ ਮਹਾਂ-ਮੰਦੀ ਛਾਈ ਹੋਈ ਸੀ। ਅਫ਼ਸੋਸ ਦੀ ਗੱਲ ਹੈ ਕਿ ਮੇਰਾ ਨਵ-ਜੰਮਿਆ ਭਰਾ ਅਤੇ ਮੇਰੀ ਮਾਤਾ ਜੀ ਦੋਵੇਂ ਮੌਤ ਦੀ ਨੀਂਦ ਸੌਂ ਗਏ। ਇਸ ਦੁਰਘਟਨਾ ਕਰਕੇ ਮੇਰੇ ਪਿਤਾ ਜੀ ਨੂੰ ਇੰਨਾ ਸਦਮਾ ਲੱਗਾ ਕਿ ਉਹ ਮੈਨੂੰ ਦਾਦਾ ਜੀ ਕੋਲ ਛੱਡ ਕੇ ਆਪ ਦੂਰ ਕਿਸੇ ਸ਼ਹਿਰ ਨੌਕਰੀ ਕਰਨ ਲਈ ਚਲੇ ਗਏ। ਮੇਰੀ ਦਾਦੀ ਜੀ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਸੀ। ਬਾਅਦ ਵਿਚ ਮੇਰੇ ਪਿਤਾ ਜੀ ਨੇ ਮੈਨੂੰ ਕਿੰਨੀ ਵਾਰ ਆਪਣੇ ਨਾਲ ਲੈ ਕੇ ਜਾਣ ਦੀ ਕੋਸ਼ਿਸ਼ ਕੀਤੀ, ਪਰ ਕਿਸੇ ਕਾਰਨ ਉਹ ਇਵੇਂ ਨਹੀਂ ਕਰ ਪਾਏ।

ਮੇਰੀਆਂ ਵੱਡੀਆਂ ਭੂਆਂ ਘਰ ਦਾ ਸਾਰਾ ਕੰਮ ਸਾਂਭਦੀਆਂ ਸਨ। ਭਾਵੇਂ ਕਿ ਮੇਰੇ ਦਾਦਾ ਜੀ ਧਾਰਮਿਕ ਖ਼ਿਆਲਾਂ ਵਾਲੇ ਨਹੀਂ ਸਨ, ਪਰ ਮੇਰੀਆਂ ਭੂਆਂ ਬਹੁਤ ਧਾਰਮਿਕ ਖ਼ਿਆਲਾਂ ਵਾਲੀਆਂ ਸਨ। ਉਹ ਹਰ ਐਤਵਾਰ ਨੂੰ ਮੈਨੂੰ ਮਜਬੂਰਨ ਆਪਣੇ ਨਾਲ ਚਰਚ ਲਿਜਾਂਦੀਆਂ ਸਨ ਅਤੇ ਜੇ ਮੈਂ ਇਨਕਾਰ ਕਰਦਾ ਸੀ, ਤਾਂ ਉਹ ਮੈਨੂੰ ਮਾਰਨ-ਕੁੱਟਣ ਦੀ ਧਮਕੀ ਦਿੰਦੀਆਂ ਸਨ। ਇਸ ਕਰਕੇ ਛੋਟੀ ਉਮਰ ਤੋਂ ਹੀ ਮੇਰੇ ਦਿਲ ਵਿਚ ਧਰਮਾਂ ਲਈ ਨਫ਼ਰਤ ਪੈਦਾ ਹੋ ਗਈ, ਪਰ ਮੈਨੂੰ ਸਕੂਲ ਜਾਣਾ ਅਤੇ ਖੇਡਾਂ ਖੇਡਣੀਆਂ ਬਹੁਤ ਪਸੰਦ ਸਨ।

ਇਕ ਮੁਲਾਕਾਤ ਦਾ ਮੇਰੀ ਜ਼ਿੰਦਗੀ ’ਤੇ ਅਸਰ

1941 ਵਿਚ ਇਕ ਦਿਨ ਜਦੋਂ ਮੈਂ ਅਜੇ 15 ਸਾਲਾਂ ਦਾ ਸੀ, ਇਕ ਬਜ਼ੁਰਗ ਬੰਦਾ ਅਤੇ ਉਸ ਦੀ ਪਤਨੀ ਸਾਡੇ ਘਰ ਆਏ। ਸਾਰਿਆਂ ਨੇ ਕਿਹਾ ਕਿ “ਇਨ੍ਹਾਂ ਦਾ ਨਾਂ ਟਾਲਮਾਜ ਰਸਕ ਹੈ ਜੋ ਤੇਰੇ ਦਾਦਾ ਜੀ ਦੇ ਭਰਾ ਹਨ।” ਮੈਂ ਪਹਿਲਾਂ ਉਨ੍ਹਾਂ ਬਾਰੇ ਕਦੇ ਨਹੀਂ ਸੀ ਸੁਣਿਆ ਅਤੇ ਮੈਨੂੰ ਪਤਾ ਲੱਗਾ ਕਿ ਉਹ ਅਤੇ ਉਨ੍ਹਾਂ ਦੀ ਪਤਨੀ ਦੋਵੇਂ ਯਹੋਵਾਹ ਦੇ ਗਵਾਹ ਹਨ। ਉਨ੍ਹਾਂ ਨੇ ਸਾਨੂੰ ਪਰਮੇਸ਼ੁਰ ਦੇ ਮਕਸਦ ਬਾਰੇ ਦੱਸਿਆ ਕਿ ਉਹ ਚਾਹੁੰਦਾ ਹੈ ਕਿ ਇਨਸਾਨ ਧਰਤੀ ’ਤੇ ਹਮੇਸ਼ਾ ਲਈ ਜੀਣ। ਇਹ ਗੱਲਾਂ ਚਰਚ ਵਿਚ ਦੱਸੀਆਂ ਗਈਆਂ ਗੱਲਾਂ ਤੋਂ ਬਿਲਕੁਲ ਵੱਖਰੀਆਂ ਸਨ! ਤਕਰੀਬਨ ਸਾਰੇ ਪਰਿਵਾਰ ਨੇ ਉਨ੍ਹਾਂ ਦੀਆਂ ਗੱਲਾਂ ਦਾ ਵਿਰੋਧ ਕੀਤਾ ਅਤੇ ਉਨ੍ਹਾਂ ਨੂੰ ਸਾਡੇ ਘਰ ਆਉਣ ਤੋਂ ਮਨ੍ਹਾ ਕੀਤਾ। ਪਰ ਮੇਰੇ ਛੋਟੇ ਭੂਆ ਜੀ ਜਿਨ੍ਹਾਂ ਦਾ ਨਾਂ ਮੈਰੀ ਸੀ, ਨੇ ਉਨ੍ਹਾਂ ਤੋਂ ਇਕ ਬਾਈਬਲ ਅਤੇ ਕੁਝ ਕਿਤਾਬਾਂ ਲਈਆਂ। ਉਹ ਮੇਰੇ ਤੋਂ ਸਿਰਫ਼ ਤਿੰਨ ਸਾਲ ਹੀ ਵੱਡੇ ਸਨ।

ਭੂਆ ਜੀ ਨੂੰ ਜਲਦੀ ਹੀ ਵਿਸ਼ਵਾਸ ਹੋ ਗਿਆ ਕਿ ਇਹੀ ਸੱਚਾਈ ਹੈ ਅਤੇ ਉਨ੍ਹਾਂ ਨੇ 1942 ਵਿਚ ਯਹੋਵਾਹ ਦੀ ਗਵਾਹ ਵਜੋਂ ਬਪਤਿਸਮਾ ਲੈ ਲਿਆ। ਭੂਆ ਜੀ ਨੇ ਉਨ੍ਹਾਂ ਹਾਲਾਤਾਂ ਦਾ ਸਾਮ੍ਹਣਾ ਕੀਤਾ ਜਿਨ੍ਹਾਂ ਬਾਰੇ ਯਿਸੂ ਨੇ ਪਹਿਲਾਂ ਹੀ ਦੱਸਿਆ ਸੀ: “ਮਨੁੱਖ ਦੇ ਵੈਰੀ ਉਹ ਦੇ ਘਰ ਦੇ ਹੀ ਹੋਣਗੇ।” (ਮੱਤੀ 10:34-36) ਘਰ ਦਿਆਂ ਨੇ ਉਸ ਦਾ ਬਹੁਤ ਵਿਰੋਧ ਕੀਤਾ। ਮੇਰੀ ਵੱਡੀ ਭੂਆ, ਜਿਸ ਦਾ ਸੂਬੇ ਵਿਚ ਕਾਫ਼ੀ ਰੁਤਬਾ ਸੀ, ਨੇ ਸ਼ਹਿਰ ਦੇ ਮੇਅਰ ਨਾਲ ਰਲ-ਮਿਲ ਕੇ ਦਾਦਾ ਜੀ ਦੇ ਭਰਾ ਟਾਲਮਾਜ ਨੂੰ ਗਿਰਫ਼ਤਾਰ ਕਰਵਾ ਦਿੱਤਾ। ਉਨ੍ਹਾਂ ’ਤੇ ਦੋਸ਼ ਲਾਇਆ ਗਿਆ ਕਿ ਉਹ ਲਸੰਸ ਤੋਂ ਬਿਨਾਂ ਕਿਤਾਬਾਂ ਵੇਚਦੇ ਹਨ ਅਤੇ ਅਦਾਲਤ ਨੇ ਉਨ੍ਹਾਂ ਨੂੰ ਦੋਸ਼ੀ ਠਹਿਰਾ ਦਿੱਤਾ।

ਫਿਰ ਅਖ਼ਬਾਰ ਵਿਚ ਰਿਪੋਰਟ ਛਪੀ ਕਿ ਸ਼ਹਿਰ ਦੇ ਮੇਅਰ, ਜੋ ਇਕ ਜੱਜ ਵੀ ਸੀ, ਨੇ ਅਦਾਲਤ ਵਿਚ ਕਿਹਾ: ‘ਇਹ ਬੰਦਾ ਜੋ ਕਿਤਾਬਾਂ ਵੰਡ ਰਿਹਾ ਹੈ, ਬਹੁਤ ਹੀ ਖ਼ਤਰਨਾਕ ਹੈ।’ ਭਾਵੇਂ ਕਿ ਮੇਰੇ ਦਾਦਾ ਜੀ ਦੇ ਭਰਾ ਨੇ ਅਪੀਲ ਕਰ ਕੇ ਕੇਸ ਜਿੱਤ ਲਿਆ, ਪਰ ਉਨ੍ਹਾਂ ਨੂੰ ਦਸ ਦਿਨ ਜੇਲ੍ਹ ਵਿਚ ਕੱਟਣੇ ਪਏ।

ਭੂਆ ਜੀ ਨੇ ਕਿੱਦਾਂ ਮੇਰੀ ਮਦਦ ਕੀਤੀ

ਮੇਰੇ ਨਾਲ ਸੱਚਾਈ ਬਾਰੇ ਗੱਲਾਂ ਕਰਨ ਤੋਂ ਇਲਾਵਾ, ਭੂਆ ਜੀ ਨੇ ਗੁਆਂਢੀਆਂ ਨੂੰ ਗਵਾਹੀ ਦੇਣੀ ਸ਼ੁਰੂ ਕਰ ਦਿੱਤੀ। ਮੈਂ ਉਨ੍ਹਾਂ ਨਾਲ ਇਕ ਆਦਮੀ ਦੀ ਬਾਈਬਲ ਸਟੱਡੀ ਤੇ ਗਿਆ ਜਿਸ ਨੇ ਦ ਨਿਊ ਵਰਲਡ * ਨਾਂ ਦੀ ਕਿਤਾਬ ਲਈ ਸੀ। ਉਸ ਦੀ ਪਤਨੀ ਨੇ ਸਾਨੂੰ ਦੱਸਿਆ ਕਿ ਉਸ ਦਾ ਪਤੀ ਸਾਰੀ ਰਾਤ ਬੈਠਾ ਕਿਤਾਬ ਪੜ੍ਹਦਾ ਰਿਹਾ। ਭਾਵੇਂ ਕਿ ਮੈਂ ਕਿਸੇ ਵੀ ਧਰਮ ਵਿਚ ਸ਼ਾਮਲ ਨਹੀਂ ਹੋਣਾ ਚਾਹੁੰਦਾ ਸੀ, ਪਰ ਜੋ ਕੁਝ ਮੈਂ ਸਿੱਖ ਰਿਹਾ ਸੀ ਉਹ ਮੈਨੂੰ ਬਹੁਤ ਪਸੰਦ ਆ ਰਿਹਾ ਸੀ। ਮੈਨੂੰ ਸਿਰਫ਼ ਬਾਈਬਲ ਦੀਆਂ ਸਿੱਖਿਆਵਾਂ ਨੇ ਹੀ ਨਹੀਂ, ਸਗੋਂ ਉਨ੍ਹਾਂ ਨਾਲ ਹੋਈਆਂ ਬਦਸਲੂਕੀਆਂ ਨੇ ਯਕੀਨ ਦਿਵਾਇਆ ਕਿ ਇਹ ਲੋਕ ਰੱਬ ਦੇ ਸੱਚੇ ਬੰਦੇ ਹਨ।

ਇਕ ਦਿਨ ਮੇਰੀਆਂ ਵੱਡੀਆਂ ਭੂਆਂ ਨੇ ਮੇਰੀ ਛੋਟੀ ਭੂਆ ਦੀਆਂ ਸਾਰੀਆਂ ਕਿਤਾਬਾਂ, ਫੋਨੋਗ੍ਰਾਫ ਅਤੇ ਰਿਕਾਰਡ ਜਿਨ੍ਹਾਂ ਵਿਚ ਬਾਈਬਲ ਦਾ ਸੰਦੇਸ਼ ਸੀ, ਚੁੱਲ੍ਹੇ ਵਿਚ ਸਾੜ ਦਿੱਤੇ। ਇਸ ਦਾ ਸਾਨੂੰ ਉਦੋਂ ਪਤਾ ਲੱਗਾ ਜਦ ਅਸੀਂ ਟਮਾਟਰਾਂ ਦੇ ਪੌਦਿਆਂ ਵਿੱਚੋਂ ਘਾਹ-ਫੂਸ ਸਾਫ਼ ਕਰ ਕੇ ਘਰ ਆਏ। ਇਕ ਵੱਡੀ ਭੂਆ ਨੇ ਮੇਰਾ ਗੁੱਸਾ ਦੇਖ ਕੇ ਬੜੇ ਘਮੰਡ ਨਾਲ ਕਿਹਾ, “ਜੋ ਕੁਝ ਅਸੀਂ ਅੱਜ ਕੀਤਾ, ਤੂੰ ਵੱਡਾ ਹੋ ਕੇ ਸਾਡਾ ਸ਼ੁਕਰ ਕਰੇਂਗਾ।”

ਸੰਨ 1943 ਵਿਚ ਮੇਰੀ ਛੋਟੀ ਭੂਆ ਜੀ ਨੂੰ ਮਜਬੂਰਨ ਘਰ ਛੱਡਣਾ ਪਿਆ ਕਿਉਂਕਿ ਉਨ੍ਹਾਂ ਨੇ ਆਪਣਾ ਨਵਾਂ ਧਰਮ ਛੱਡਣ ਤੋਂ ਇਨਕਾਰ ਕੀਤਾ ਅਤੇ ਉਨ੍ਹਾਂ ਨੇ ਇਹ ਵੀ ਕਿਹਾ ਕਿ ਉਹ ਗੁਆਂਢੀਆਂ ਨੂੰ ਪ੍ਰਚਾਰ ਕਰਨ ਤੋਂ ਨਹੀਂ ਹਟੇਗੀ। ਉਸ ਵੇਲੇ ਤਕ ਮੈਂ ਸਿੱਖ ਚੁੱਕਾ ਸੀ ਕਿ ਰੱਬ ਦਾ ਨਾਂ ਯਹੋਵਾਹ ਹੈ ਅਤੇ ਉਹ ਬਹੁਤ ਪਿਆਰ ਕਰਨ ਵਾਲਾ ਅਤੇ ਰਹਿਮ-ਦਿਲ ਪਰਮੇਸ਼ੁਰ ਹੈ, ਜੋ ਲੋਕਾਂ ਨੂੰ ਨਰਕ ਦੀ ਅੱਗ ਵਿਚ ਨਹੀਂ ਸਾੜਦਾ। ਇਹ ਸੱਚਾਈਆਂ ਜਾਣ ਕੇ ਮੈਂ ਕਿੰਨਾ ਖ਼ੁਸ਼ ਹੋਇਆ! ਭਾਵੇਂ ਕਿ ਮੈਂ ਅਜੇ ਤਕ ਕਿਸੇ ਮੀਟਿੰਗ ਵਿਚ ਹਾਜ਼ਰ ਨਹੀਂ ਹੋਇਆ ਸੀ, ਪਰ ਮੈਂ ਇਹ ਵੀ ਜਾਣਿਆ ਕਿ ਯਹੋਵਾਹ ਦਾ ਇਕ ਪਿਆਰਾ ਸੰਗਠਨ ਹੈ।

ਇਕ ਦਿਨ ਜਦੋਂ ਮੈਂ ਘਾਹ ਕੱਟ ਰਿਹਾ ਸੀ, ਤਾਂ ਇਕ ਕਾਰ ਹੌਲੀ-ਹੌਲੀ ਮੇਰੇ ਵੱਲ ਆ ਰਹੀ ਸੀ। ਕਾਰ ਵਿਚ ਬੈਠੇ ਦੋਵਾਂ ਬੰਦਿਆਂ ਵਿੱਚੋਂ ਇਕ ਨੇ ਮੈਨੂੰ ਪੁੱਛਿਆ ਕਿ ਕੀ ਮੇਰਾ ਨਾਂ ਫਰੈੱਡ ਹੈ। ਜਦੋਂ ਮੈਨੂੰ ਪਤਾ ਲੱਗਾ ਕਿ ਉਹ ਗਵਾਹ ਹਨ, ਤਾਂ ਮੈਂ ਉਨ੍ਹਾਂ ਨੂੰ ਕਿਹਾ, “ਮੈਨੂੰ ਆਪਣੇ ਨਾਲ ਕਾਰ ਵਿਚ ਬਿਠਾ ਲਓ ਤਾਂਕਿ ਅਸੀਂ ਕਿਸੇ ਜਗ੍ਹਾ ’ਤੇ ਜਾ ਕੇ ਗੱਲ ਕਰ ਸਕੀਏ।” ਭੂਆ ਨੇ ਹੀ ਉਨ੍ਹਾਂ ਨੂੰ ਮੇਰੇ ਨਾਲ ਗੱਲ ਕਰਨ ਲਈ ਘੱਲਿਆ ਸੀ। ਉਨ੍ਹਾਂ ਵਿੱਚੋਂ ਇਕ ਭਰਾ ਦਾ ਨਾਂ ਸ਼ੀਲਡ ਟੁਟਜੀਨ ਸੀ ਜੋ ਇਕ ਸਫ਼ਰੀ ਨਿਗਾਹਬਾਨ ਸੀ ਅਤੇ ਉਸ ਨੇ ਸਮੇਂ ਸਿਰ ਮੈਨੂੰ ਹੌਸਲਾ ਦਿੱਤਾ ਅਤੇ ਦੱਸਿਆ ਕਿ ਮੈਨੂੰ ਸੱਚਾਈ ਲਈ ਕੀ ਕਰਨਾ ਚਾਹੀਦਾ ਸੀ। ਪਰਿਵਾਰ ਨੇ ਹੁਣ ਮੇਰਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਕਿਉਂਕਿ ਮੈਂ ਯਹੋਵਾਹ ਦੇ ਗਵਾਹਾਂ ਦੇ ਪੱਖ ਵਿਚ ਬੋਲਦਾ ਸੀ।

ਭੂਆ ਜੀ ਨੇ ਵਰਜੀਨੀਆ ਤੋਂ ਚਿੱਠੀ ਲਿਖ ਕੇ ਮੈਨੂੰ ਕਿਹਾ ਕਿ ਜੇ ਮੈਂ ਯਹੋਵਾਹ ਦੀ ਸੇਵਾ ਕਰਨੀ ਚਾਹੁੰਦਾ ਹਾਂ, ਤਾਂ ਮੈਂ ਉਸ ਕੋਲ ਆ ਕੇ ਰਹਿ ਸਕਦਾ ਹਾਂ। ਉਸੇ ਸਮੇਂ ਮੈਂ ਉਸ ਕੋਲ ਜਾਣ ਦਾ ਫ਼ੈਸਲਾ ਕਰ ਲਿਆ। ਅਕਤੂਬਰ 1943 ਦੇ ਇਕ ਸ਼ੁੱਕਰਵਾਰ ਦੀ ਸ਼ਾਮ ਨੂੰ ਮੈਂ ਇਕ ਡੱਬੇ ਵਿਚ ਆਪਣੀਆਂ ਜ਼ਰੂਰੀ ਚੀਜ਼ਾਂ ਰੱਖੀਆਂ ਅਤੇ ਇਸ ਡੱਬੇ ਨੂੰ ਘਰ ਤੋਂ ਕੁਝ ਦੂਰੀ ’ਤੇ ਇਕ ਦਰਖ਼ਤ ਉੱਤੇ ਬੰਨ੍ਹ ਦਿੱਤਾ। ਸ਼ਨੀਵਾਰ ਨੂੰ ਮੈਂ ਦਰਖ਼ਤ ਤੋਂ ਡੱਬਾ ਲਾਹ ਕੇ ਪਿਛਲੀ ਗਲੀ ਰਾਹੀਂ ਇਕ ਗੁਆਂਢੀ ਦੇ ਘਰ ਗਿਆ ਅਤੇ ਉੱਥੋਂ ਸ਼ਹਿਰ ਚਲਾ ਗਿਆ। ਮੈਂ ਰੋਨੋਕ ਸ਼ਹਿਰ ਗਿਆ ਅਤੇ ਐਡਨਾ ਫੋਲਜ਼ ਨਾਂ ਦੀ ਭੈਣ ਦੇ ਘਰ ਰਹਿ ਰਹੀ ਆਪਣੀ ਭੂਆ ਜੀ ਨੂੰ ਮਿਲਿਆ।

ਸੱਚਾਈ ਵਿਚ ਤਰੱਕੀ, ਬਪਤਿਸਮਾ ਅਤੇ ਬੈਥਲ

ਐਡਨਾ ਇਕ ਬੜੀ ਪਿਆਰ ਕਰਨ ਵਾਲੀ ਮਸਹ ਕੀਤੀ ਹੋਈ ਭੈਣ ਸੀ ਤੇ ਉਸ ਵਿਚ ਉਹੀ ਗੁਣ ਸਨ ਜੋ ਬਾਈਬਲ ਵਿਚ ਜ਼ਿਕਰ ਕੀਤੀ ਗਈ ਲੁਦਿਯਾ ਨਾਂ ਦੀ ਭੈਣ ਵਿਚ ਸਨ। ਉਸ ਨੇ ਕਿਰਾਏ ’ਤੇ ਇਕ ਵੱਡਾ ਘਰ ਲਿਆ ਹੋਇਆ ਸੀ ਜਿਸ ਵਿਚ ਮੇਰੇ ਭੂਆ ਜੀ ਤੋਂ ਇਲਾਵਾ ਐਡਨਾ ਦੀ ਭਾਬੀ ਅਤੇ ਉਸ ਦੀਆਂ ਦੋ ਬੇਟੀਆਂ ਵੀ ਰਹਿੰਦੀਆਂ ਸਨ। ਗਲੈਡਿਸ ਅਤੇ ਗ੍ਰੇਸ ਗ੍ਰੈਗਰੀ ਨਾਂ ਦੀਆਂ ਉਹ ਦੋ ਕੁੜੀਆਂ ਬਾਅਦ ਵਿਚ ਮਿਸ਼ਨਰੀਆਂ ਬਣੀਆਂ। ਗਲੈਡਿਸ ਦੀ ਉਮਰ ਹੁਣ 90 ਸਾਲਾਂ ਤੋਂ ਉੱਪਰ ਹੈ ਅਤੇ ਉਹ ਹਾਲੇ ਵੀ ਜਪਾਨ ਬੈਥਲ ਵਿਚ ਵਫ਼ਾਦਾਰੀ ਨਾਲ ਸੇਵਾ ਕਰਦੀ ਹੈ।

ਐਡਨਾ ਦੇ ਘਰ ਰਹਿੰਦਿਆਂ ਮੈਂ ਮੀਟਿੰਗਾਂ ਵਿਚ ਬਾਕਾਇਦਾ ਜਾਣ ਲੱਗਾ ਅਤੇ ਮੈਨੂੰ ਪ੍ਰਚਾਰ ਕਰਨ ਦੀ ਸਿਖਲਾਈ ਵੀ ਮਿਲੀ। ਹੁਣ ਬਿਨਾਂ ਕਿਸੇ ਡਰ ਦੇ ਮੈਂ ਬਾਈਬਲ ਸਟੱਡੀ ਕਰ ਕੇ ਅਤੇ ਮੀਟਿੰਗਾਂ ਵਿਚ ਹਾਜ਼ਰ ਹੋ ਕੇ ਯਹੋਵਾਹ ਬਾਰੇ ਸਿੱਖ ਸਕਦਾ ਸੀ। ਮੈਂ 14 ਜੂਨ 1944 ਵਿਚ ਬਪਤਿਸਮਾ ਲੈ ਲਿਆ। ਭੂਆ ਜੀ ਅਤੇ ਦੋਵੇਂ ਗ੍ਰੈਗਰੀ ਭੈਣਾਂ ਨੇ ਪਾਇਨੀਅਰਿੰਗ ਸ਼ੁਰੂ ਕਰ ਦਿੱਤੀ ਅਤੇ ਉਨ੍ਹਾਂ ਨੂੰ ਵਰਜੀਨੀਆ ਦੇ ਉੱਤਰੀ ਇਲਾਕੇ ਵਿਚ ਭੇਜਿਆ ਗਿਆ। ਉੱਥੇ ਉਨ੍ਹਾਂ ਨੇ ਲੀਜ਼ਬਰਗ ਵਿਚ ਨਵੀਂ ਕਲੀਸਿਯਾ ਸ਼ੁਰੂ ਕਰਨ ਵਿਚ ਮਦਦ ਕੀਤੀ। ਮੈਂ 1946 ਦੇ ਸ਼ੁਰੂ ਵਿਚ ਇਕ ਲਾਗਲੇ ਜ਼ਿਲ੍ਹੇ ਵਿਚ ਪਾਇਨੀਅਰਿੰਗ ਸ਼ੁਰੂ ਕੀਤੀ। ਅਸੀਂ ਸਾਰੇ ਜਣੇ ਉਸੇ ਸਾਲ ਗਰਮੀਆਂ ਵਿਚ ਅਗਸਤ 4-11 ਨੂੰ ਹੋਣ ਵਾਲੇ ਅੰਤਰਰਾਸ਼ਟਰੀ ਸੰਮੇਲਨ ਵਿਚ ਗਏ ਜੋ ਓਹੀਓ ਦੇ ਕਲੀਵਲੈਂਡ ਸ਼ਹਿਰ ਵਿਚ ਹੋਣ ਵਾਲਾ ਸੀ। ਇਹ ਸੰਮੇਲਨ ਮੈਨੂੰ ਹਾਲੇ ਵੀ ਬਹੁਤ ਚੰਗੀ ਤਰ੍ਹਾਂ ਯਾਦ ਹੈ।

ਉਸ ਸੰਮੇਲਨ ਦੌਰਾਨ ਨੇਥਨ ਨੌਰ, ਜੋ ਉਸ ਸਮੇਂ ਸੰਗਠਨ ਵਿਚ ਅਗਵਾਈ ਕਰ ਰਹੇ ਸਨ, ਨੇ ਬਰੁਕਲਿਨ ਬੈਥਲ ਨੂੰ ਵੱਡਾ ਕਰਨ ਬਾਰੇ ਯੋਜਨਾਵਾਂ ਦੱਸੀਆਂ। ਇਸ ਯੋਜਨਾ ਮੁਤਾਬਕ ਭੈਣਾਂ-ਭਰਾਵਾਂ ਦੇ ਰਹਿਣ ਲਈ ਇਕ ਨਵੀਂ ਬਿਲਡਿੰਗ ਬਣਾਉਣ ਅਤੇ ਪ੍ਰਿੰਟਰੀ ਨੂੰ ਵੱਡਾ ਕਰਨ ਦੀ ਲੋੜ ਸੀ। ਇਸ ਕੰਮ ਲਈ ਕਈ ਜਵਾਨ ਭਰਾਵਾਂ ਦੀ ਲੋੜ ਸੀ। ਮੈਂ ਫ਼ੈਸਲਾ ਕੀਤਾ ਕਿ ਮੈਂ ਵੀ ਉੱਥੇ ਜਾ ਕੇ ਯਹੋਵਾਹ ਦੀ ਸੇਵਾ ਕਰਾਂਗਾ। ਸੋ ਮੈਂ ਆਪਣੀ ਅਰਜ਼ੀ ਭਰ ਦਿੱਤੀ ਅਤੇ ਕੁਝ ਹੀ ਮਹੀਨਿਆਂ ਬਾਅਦ 1 ਦਸੰਬਰ 1946 ਨੂੰ ਮੈਂ ਬੈਥਲ ਚਲਾ ਗਿਆ।

ਲਗਭਗ ਇਕ ਸਾਲ ਬਾਅਦ, ਪ੍ਰਿੰਟਰੀ ਦੇ ਓਵਰਸੀਅਰ ਮੈਕਸ ਲਾਰਸਨ ਮੇਲਿੰਗ ਡਿਪਾਰਟਮੈਂਟ ਵਿਚ ਮੇਰੇ ਕੋਲ ਆਏ। ਉਨ੍ਹਾਂ ਨੇ ਮੈਨੂੰ ਦੱਸਿਆ ਕਿ ਮੈਨੂੰ ਸਰਵਿਸ ਡਿਪਾਰਟਮੈਂਟ ਵਿਚ ਕੰਮ ਕਰਨ ਲਈ ਭੇਜਿਆ ਜਾਣਾ ਹੈ। ਮੈਂ ਉੱਥੇ ਕੰਮ ਕਰ ਕੇ ਬਾਈਬਲ ਦੇ ਅਸੂਲਾਂ ਨੂੰ ਚੰਗੀ ਤਰ੍ਹਾਂ ਲਾਗੂ ਕਰਨਾ ਸਿੱਖਿਆ। ਨਾਲ ਦੀ ਨਾਲ ਮੈਂ ਪਰਮੇਸ਼ੁਰ ਦੇ ਸੰਗਠਨ ਦੇ ਕੰਮ ਕਰਨ ਦੇ ਤਰੀਕਿਆਂ ਬਾਰੇ ਸਿੱਖਿਆ, ਖ਼ਾਸ ਤੌਰ ਤੇ ਜਦੋਂ ਮੈਂ ਡਿਪਾਰਟਮੈਂਟ ਦੇ ਓਵਰਸੀਅਰ ਟੀ. ਜੇ. (ਬੱਡ) ਸਲਵਨ ਨਾਲ ਕੰਮ ਕੀਤਾ।

ਮੇਰੇ ਪਿਤਾ ਜੀ ਕਈ ਵਾਰ ਬੈਥਲ ਆਏ। ਸਿਆਣੇ ਹੋ ਕੇ ਉਹ ਰੱਬ ਨੂੰ ਮੰਨਣ ਲੱਗ ਪਏ। 1965 ਵਿਚ ਜਦੋਂ ਉਹ ਆਖ਼ਰੀ ਵਾਰ ਮੈਨੂੰ ਮਿਲਣ ਆਏ, ਤਾਂ ਉਨ੍ਹਾਂ ਨੇ ਕਿਹਾ: “ਹੁਣ ਤੂੰ ਮੈਨੂੰ ਮਿਲਣ ਆਇਆ ਕਰ, ਪਰ ਮੈਂ ਤੈਨੂੰ ਫਿਰ ਇੱਥੇ ਕਦੇ ਮਿਲਣ ਨਹੀਂ ਆਵਾਂਗਾ।” ਉਨ੍ਹਾਂ ਦੇ ਗੁਜ਼ਰਨ ਤੋਂ ਪਹਿਲਾਂ ਮੈਂ ਉਨ੍ਹਾਂ ਨੂੰ ਕਈ ਵਾਰ ਮਿਲਣ ਗਿਆ। ਉਨ੍ਹਾਂ ਨੂੰ ਪੱਕਾ ਯਕੀਨ ਸੀ ਕਿ ਉਹ ਸਵਰਗ ਜਾਣਗੇ। ਮੈਨੂੰ ਉਮੀਦ ਹੈ ਕਿ ਉਹ ਯਹੋਵਾਹ ਦੀ ਯਾਦਾਸ਼ਤ ਵਿਚ ਹਨ ਅਤੇ ਜੇ ਇਸ ਤਰ੍ਹਾਂ ਹੈ, ਤਾਂ ਉਹ ਉੱਥੇ ਨਹੀਂ ਹੋਣਗੇ ਜਿੱਥੇ ਉਹ ਜਾਣ ਦੀ ਉਮੀਦ ਰੱਖਦੇ ਸਨ, ਸਗੋਂ ਉਨ੍ਹਾਂ ਨੂੰ ਨਵੀਂ ਦੁਨੀਆਂ ਵਿਚ ਦੁਬਾਰਾ ਜ਼ਿੰਦਾ ਕਰ ਕੇ ਹਮੇਸ਼ਾ ਦੀ ਜ਼ਿੰਦਗੀ ਦਿੱਤੀ ਜਾਵੇਗੀ।

ਹੋਰ ਯਾਦਗਾਰ ਸੰਮੇਲਨ ਅਤੇ ਉਸਾਰੀ ਦਾ ਕੰਮ

ਸੰਮੇਲਨਾਂ ਵਿਚ ਸਾਰਿਆਂ ਨੂੰ ਸੱਚਾਈ ਵਿਚ ਅੱਗੇ ਵਧਣ ਲਈ ਹੱਲਾਸ਼ੇਰੀ ਮਿਲਦੀ ਹੈ। ਇਹ ਗੱਲ ਖ਼ਾਸ ਤੌਰ ਤੇ 1950 ਦੇ ਦਹਾਕੇ ਵਿਚ ਨਿਊਯਾਰਕ ਦੇ ਯੈਂਕੀ ਸਟੇਡੀਅਮ ਵਿਚ ਹੋਏ ਅੰਤਰਰਾਸ਼ਟਰੀ ਸੰਮੇਲਨਾਂ ਤੋਂ ਦੇਖੀ ਜਾ ਸਕਦੀ ਹੈ। 1958 ਵਿਚ ਇਕ ਸੈਸ਼ਨ ਦੌਰਾਨ 123 ਦੇਸ਼ਾਂ ਤੋਂ ਆਏ 2,53,922 ਲੋਕਾਂ ਨਾਲ ਯੈਂਕੀ ਸਟੇਡੀਅਮ ਅਤੇ ਪੋਲੋ ਗਰਾਊਂਡ ਭਰ ਗਏ। ਉਸ ਸੰਮੇਲਨ ਵਿਚ ਹੋਈ ਇਕ ਘਟਨਾ ਨੂੰ ਮੈਂ ਕਦੇ ਨਹੀਂ ਭੁੱਲਾਂਗਾ। ਜਦੋਂ ਮੈਂ ਸੰਮੇਲਨ ਦੇ ਦਫ਼ਤਰ ਵਿਚ ਕੰਮ ਕਰ ਰਿਹਾ ਸੀ, ਤਾਂ ਭਰਾ ਨੌਰ ਮੇਰੇ ਕੋਲ ਜਲਦੀ-ਜਲਦੀ ਆਏ। ਉਨ੍ਹਾਂ ਨੇ ਕਿਹਾ, “ਫਰੈੱਡ, ਮੈਂ ਕਿਸੇ ਭਰਾ ਨੂੰ ਪਾਇਨੀਅਰਾਂ ਨਾਲ ਗੱਲ ਕਰਨ ਦੀ ਜ਼ਿੰਮੇਵਾਰੀ ਦੇਣੀ ਭੁੱਲ ਗਿਆ। ਉਹ ਲਾਗੇ ਹੀ ਕਿਰਾਏ ’ਤੇ ਲਏ ਬੈਂਕੁਏਟ ਹਾਲ ਵਿਚ ਇਕੱਠੇ ਹੋਏ ਹਨ। ਕੀ ਤੂੰ ਹੁਣੇ ਉੱਥੇ ਜਾ ਸਕਦਾ ਹੈ ਤੇ ਰਾਹ ਵਿਚ ਜਾਂਦਿਆਂ ਜੋ ਤੇਰੇ ਮਨ ਵਿਚ ਆਉਂਦਾ ਹੈ ਉਸੇ ਵਿਸ਼ੇ ’ਤੇ ਭਾਸ਼ਣ ਦੇ ਦੇਵੀਂ?” ਮੈਂ ਰਾਹ ਵਿਚ ਯਹੋਵਾਹ ਨੂੰ ਬਹੁਤ ਹੀ ਪ੍ਰਾਰਥਨਾ ਕੀਤੀ ਤੇ ਉੱਥੇ ਪਹੁੰਚਦਿਆਂ ਮੈਨੂੰ ਸਾਹ ਚੜ੍ਹਿਆ ਹੋਇਆ ਸੀ।

1950 ਅਤੇ 1960 ਦੇ ਦਹਾਕਿਆਂ ਵਿਚ ਨਿਊਯਾਰਕ ਵਿਚ ਕਲੀਸਿਯਾਵਾਂ ਦੀ ਗਿਣਤੀ ਬਹੁਤ ਵਧ ਗਈ ਤੇ ਕਿੰਗਡਮ ਹਾਲਾਂ ਲਈ ਕਿਰਾਏ ’ਤੇ ਖੁੱਲ੍ਹੀਆਂ ਥਾਵਾਂ ਨਹੀਂ ਮਿਲਦੀਆਂ ਸਨ। ਇਸ ਲਈ 1970 ਤੋਂ ਲੈ ਕੇ 1990 ਤਕ ਮੈਨਹੈਟਨ ਵਿਚ ਤਿੰਨ ਬਿਲਡਿੰਗਾਂ ਖ਼ਰੀਦ ਕੇ ਉਨ੍ਹਾਂ ਨੂੰ ਸੁਆਰਿਆ ਗਿਆ ਤਾਂਕਿ ਉਨ੍ਹਾਂ ਨੂੰ ਮੀਟਿੰਗਾਂ ਲਈ ਵਰਤਿਆ ਜਾ ਸਕੇ। ਮੈਂ ਇਨ੍ਹਾਂ ਪ੍ਰਾਜੈਕਟਾਂ ਦੀਆਂ ਬਿਲਡਿੰਗ ਕਮੇਟੀਆਂ ਦਾ ਚੇਅਰਮੈਨ ਰਿਹਾ। ਮੈਨੂੰ ਯਾਦ ਹੈ ਕਿ ਯਹੋਵਾਹ ਨੇ ਉਨ੍ਹਾਂ ਕਲੀਸਿਯਾਵਾਂ ਨੂੰ ਕਿਵੇਂ ਭਰਪੂਰ ਬਰਕਤਾਂ ਦਿੱਤੀਆਂ ਜਿਨ੍ਹਾਂ ਨੇ ਇਨ੍ਹਾਂ ਨੂੰ ਸੁਆਰਨ ਲਈ ਪੈਸਾ ਇਕੱਠਾ ਕੀਤਾ ਅਤੇ ਕੰਮ ਸਿਰੇ ਚਾੜ੍ਹਿਆ ਤੇ ਹੁਣ ਉਹ ਸੱਚੀ ਭਗਤੀ ਲਈ ਕੰਮ ਆਉਂਦੀਆਂ ਹਨ।

ਜ਼ਿੰਦਗੀ ਵਿਚ ਤਬਦੀਲੀਆਂ

ਇਕ ਦਿਨ ਜਦੋਂ 1957 ਵਿਚ ਮੈਂ ਬੈਥਲ ਅਤੇ ਪ੍ਰਿੰਟਰੀ ਵਿਚਕਾਰ ਪਾਰਕ ਵਿੱਚੋਂ ਲੰਘ ਕੇ ਕੰਮ ਤੇ ਜਾ ਰਿਹਾ ਸੀ, ਤਾਂ ਮੀਂਹ ਪੈਣ ਲੱਗ ਪਿਆ। ਮੈਂ ਦੇਖਿਆ ਕਿ ਮੇਰੇ ਮੋਹਰੇ-ਮੋਹਰੇ ਇਕ ਸੋਹਣੀ ਜਿਹੀ ਨਵੀਂ ਬੈਥਲਾਈਟ ਭੈਣ ਤੁਰੀ ਜਾਂਦੀ ਸੀ। ਉਸ ਕੋਲ ਛਤਰੀ ਨਹੀਂ ਸੀ ਇਸ ਲਈ ਮੈਂ ਉਸ ਨੂੰ ਆਪਣੀ ਛਤਰੀ ਹੇਠ ਆਉਣ ਲਈ ਕਿਹਾ। ਇਸ ਤਰ੍ਹਾਂ ਮਾਰਜਰੀ ਨਾਲ ਮੇਰੀ ਮੁਲਾਕਾਤ ਹੋਈ ਅਤੇ 1960 ਵਿਚ ਸਾਡੇ ਵਿਆਹ ਤੋਂ ਬਾਅਦ ਅਸੀਂ ਦੁੱਖ-ਸੁੱਖ ਵਿਚ ਇਕੱਠੇ ਮਿਲ ਕੇ ਯਹੋਵਾਹ ਦੀ ਸੇਵਾ ਕਰਦੇ ਆਏ ਹਾਂ। ਅਸੀਂ ਸਤੰਬਰ 2010 ਵਿਚ ਆਪਣੇ ਵਿਆਹ ਦੀ 50ਵੀਂ ਵਰ੍ਹੇ-ਗੰਢ ਮਨਾਈ।

ਆਪਣੇ ਹਨੀਮੂਨ ਤੋਂ ਮੁੜਦਿਆਂ ਹੀ ਭਰਾ ਨੌਰ ਨੇ ਮੈਨੂੰ ਦੱਸਿਆ ਕਿ ਮੈਨੂੰ ਗਿਲਿਅਡ ਸਕੂਲ ਦੇ ਇੰਸਟ੍ਰਕਟਰ ਵਜੋਂ ਨਿਯੁਕਤ ਕੀਤਾ ਜਾਣਾ ਸੀ। ਇਹ ਕਿੰਨਾ ਵੱਡਾ ਸਨਮਾਨ ਸੀ! ਸੰਨ 1961 ਤੋਂ 1965 ਤਕ ਪੰਜ ਲੰਬੀਆਂ ਕਲਾਸਾਂ ਵਿਚ ਖ਼ਾਸ ਤੌਰ ਤੇ ਦੂਸਰੀਆਂ ਬ੍ਰਾਂਚਾਂ ਦੇ ਮੈਂਬਰਾਂ ਨੂੰ ਬ੍ਰਾਂਚ ਸੰਬੰਧੀ ਮੈਨੇਜਮੈਂਟ ਦੀ ਖ਼ਾਸ ਸਿਖਲਾਈ ਦਿੱਤੀ ਗਈ। 1965 ਦੀ ਪਤਝੜ ਵਿਚ ਕਲਾਸਾਂ ਦਾ ਸਮਾਂ ਫਿਰ ਤੋਂ ਪੰਜ ਮਹੀਨੇ ਤਕ ਕਰ ਦਿੱਤਾ ਗਿਆ ਅਤੇ ਹੁਣ ਸਿਰਫ਼ ਮਿਸ਼ਨਰੀਆਂ ਨੂੰ ਸਿਖਲਾਈ ਦਿੱਤੀ ਜਾਣ ਲੱਗੀ।

1972 ਵਿਚ ਮੈਨੂੰ ਗਿਲਿਅਡ ਸਕੂਲ ਤੋਂ ਰਾਇਟਿੰਗ ਕੌਰਸਪੌਂਡੇਂਸ ਡਿਪਾਰਟਮੈਂਟ ਵਿਚ ਭੇਜਿਆ ਗਿਆ ਜਿੱਥੇ ਮੈਂ ਓਵਰਸੀਅਰ ਵਜੋਂ ਕੰਮ ਕੀਤਾ। ਵੱਖੋ-ਵੱਖਰੇ ਸਵਾਲਾਂ ਅਤੇ ਸਮੱਸਿਆਵਾਂ ਬਾਰੇ ਰਿਸਰਚ ਕਰਨ ਕਰਕੇ ਮੈਨੂੰ ਬਾਈਬਲ ਦੀਆਂ ਸਿੱਖਿਆਵਾਂ ਅਤੇ ਇਸ ਵਿਚ ਦਿੱਤੇ ਵਧੀਆ ਅਸੂਲਾਂ ਦੀ ਬਿਹਤਰ ਸਮਝ ਮਿਲੀ ਜਿਸ ਨਾਲ ਮੈਂ ਦੂਜਿਆਂ ਦੀ ਮਦਦ ਕਰ ਸਕਿਆ ਹਾਂ।

1987 ਵਿਚ ਮੈਨੂੰ ਇਕ ਨਵੇਂ ਵਿਭਾਗ, ਜਿਸ ਨੂੰ ਹਸਪਤਾਲ ਸੂਚਨਾ ਸੇਵਾ ਵਿਭਾਗ ਕਿਹਾ ਜਾਂਦਾ ਹੈ, ਵਿਚ ਭੇਜਿਆ ਗਿਆ। ਡਾਕਟਰਾਂ, ਜੱਜਾਂ ਅਤੇ ਸੋਸ਼ਲ ਕਾਮਿਆਂ ਨੂੰ ਲਹੂ ਬਾਰੇ ਸਾਡਾ ਫ਼ੈਸਲਾ ਚੰਗੀ ਤਰ੍ਹਾਂ ਸਮਝਾਉਣ ਲਈ ਹਸਪਤਾਲ ਸੰਪਰਕ ਕਮੇਟੀਆਂ ਦੇ ਬਜ਼ੁਰਗਾਂ ਵਾਸਤੇ ਸੈਮੀਨਾਰਾਂ ਦਾ ਪ੍ਰਬੰਧ ਕੀਤਾ ਗਿਆ। ਉਨ੍ਹਾਂ ਦਿਨਾਂ ਵਿਚ ਮੁਸ਼ਕਲ ਇਹ ਸੀ ਕਿ ਡਾਕਟਰ ਮਾਪਿਆਂ ਦੀ ਇਜਾਜ਼ਤ ਤੋਂ ਬਿਨਾਂ ਬੱਚਿਆਂ ਨੂੰ ਲਹੂ ਚੜ੍ਹਾ ਦਿੰਦੇ ਸਨ ਅਤੇ ਕਦੇ-ਕਦੇ ਉਹ ਇੱਦਾਂ ਕਰਨ ਲਈ ਕਾਨੂੰਨ ਦਾ ਸਹਾਰਾ ਲੈਂਦੇ ਸਨ।

ਜਦੋਂ ਡਾਕਟਰਾਂ ਨੂੰ ਸੁਝਾਅ ਦਿੱਤਾ ਜਾਂਦਾ ਸੀ ਕਿ ਲਹੂ ਚੜ੍ਹਾਉਣ ਦੀ ਥਾਂ ਉਹ ਕੁਝ ਹੋਰ ਵਰਤ ਸਕਦੇ ਹਨ, ਤਾਂ ਉਹ ਅਕਸਰ ਇਹੀ ਜਵਾਬ ਦਿੰਦੇ ਸਨ ਕਿ ਉਹ ਦਵਾਈ ਉਪਲਬਧ ਨਹੀਂ ਹੈ ਜਾਂ ਬਹੁਤ ਮਹਿੰਗੀ ਹੈ। ਜਦੋਂ ਕੋਈ ਵੀ ਸਰਜਨ ਇਸ ਤਰ੍ਹਾਂ ਕਹਿੰਦਾ ਸੀ, ਤਾਂ ਮੈਂ ਉਸ ਨੂੰ ਅਕਸਰ ਇਹ ਜਵਾਬ ਦਿੰਦਾ ਸੀ, “ਜ਼ਰਾ ਮੈਨੂੰ ਆਪਣਾ ਹੱਥ ਦਿਖਾਓ।” ਜਦੋਂ ਉਹ ਦਿਖਾਉਂਦਾ ਸੀ, ਤਾਂ ਮੈਂ ਉਸ ਨੂੰ ਕਹਿੰਦਾ ਸੀ: “ਲਹੂ ਵਰਤਣ ਦੀ ਥਾਂ, ਆਹ ਦੇਖੋ ਤੁਹਾਡੇ ਕੋਲ ਕਿੰਨਾ ਵਧੀਆ ਤੋਹਫ਼ਾ ਹੈ।” ਇਹ ਤਾਰੀਫ਼ ਸੁਣ ਕੇ ਉਸ ਨੂੰ ਯਾਦ ਆਉਂਦਾ ਸੀ ਕਿ ਧਿਆਨ ਨਾਲ ਓਪਰੇਸ਼ਨ ਕਰ ਕੇ ਉਹ ਜ਼ਿਆਦਾ ਲਹੂ ਵਹਿਣ ਤੋਂ ਰੋਕ ਸਕਦਾ ਸੀ।

ਪਿਛਲੇ ਦੋ ਦਹਾਕਿਆਂ ਦੌਰਾਨ ਡਾਕਟਰਾਂ ਅਤੇ ਜੱਜਾਂ ਨੂੰ ਸਿਖਲਾਈ ਦੇਣ ਦੇ ਸਾਡੇ ਜਤਨਾਂ ਉੱਤੇ ਯਹੋਵਾਹ ਨੇ ਬਹੁਤ ਬਰਕਤ ਪਾਈ ਹੈ। ਪੂਰੀ ਤਰ੍ਹਾਂ ਸਾਡੇ ਵਿਚਾਰ ਸਮਝਣ ਤੋਂ ਬਾਅਦ ਉਹ ਸਾਡੇ ਨਾਲ ਚੰਗੀ ਤਰ੍ਹਾਂ ਪੇਸ਼ ਆਉਣ ਲੱਗ ਪਏ ਹਨ। ਉਨ੍ਹਾਂ ਨੇ ਸਿੱਖਿਆ ਹੈ ਕਿ ਮੈਡੀਕਲ ਰਿਸਰਚ ਸਾਬਤ ਕਰਦੀ ਹੈ ਕਿ ਲਹੂ ਦੀ ਥਾਂ ਹੋਰ ਚੀਜ਼ਾਂ ਅਸਰਕਾਰੀ ਹੋ ਸਕਦੀਆਂ ਹਨ ਅਤੇ ਜੇ ਉਹ ਨਹੀਂ ਇਲਾਜ ਕਰਨਗੇ, ਤਾਂ ਦੂਸਰੇ ਕਈ ਡਾਕਟਰ ਅਤੇ ਹਸਪਤਾਲ ਲਹੂ ਬਿਨਾਂ ਇਲਾਜ ਕਰਨ ਲਈ ਤਿਆਰ ਹਨ।

1996 ਤੋਂ ਮਾਰਜਰੀ ਅਤੇ ਮੈਂ ਦੋਵੇਂ ਪੈਟਰਸਨ, ਨਿਊਯਾਰਕ ਵਿਚ ਗਿਲਿਅਡ ਸਕੂਲ ਵਾਚਟਾਵਰ ਸਿੱਖਿਆ ਕੇਂਦਰ ਵਿਚ ਸੇਵਾ ਕਰ ਰਹੇ ਹਾਂ ਜੋ ਕਿ ਬਰੁਕਲਿਨ ਤੋਂ 110 ਕਿਲੋਮੀਟਰ ਦੂਰ ਹੈ। ਮੈਂ ਇੱਥੇ ਥੋੜ੍ਹੀ ਦੇਰ ਤਕ ਸੇਵਾ ਵਿਭਾਗ ਵਿਚ ਕੰਮ ਕੀਤਾ ਅਤੇ ਫਿਰ ਕੁਝ ਦੇਰ ਤਕ ਬ੍ਰਾਂਚ ਦੇ ਭਰਾਵਾਂ ਅਤੇ ਸਫ਼ਰੀ ਨਿਗਾਹਬਾਨਾਂ ਨੂੰ ਸਿਖਲਾਈ ਦੇਣ ਦਾ ਕੰਮ ਕੀਤਾ। ਮੈਂ ਪਿਛਲੇ 12 ਸਾਲਾਂ ਤੋਂ ਦੁਬਾਰਾ ਰਾਇਟਿੰਗ ਕੌਰਸਪੌਂਡੇਂਸ ਦੇ ਓਵਰਸੀਅਰ ਵਜੋਂ ਕੰਮ ਕਰ ਰਿਹਾ ਹਾਂ ਜਿਸ ਨੂੰ ਹੁਣ ਬਰੁਕਲਿਨ ਤੋਂ ਪੈਟਰਸਨ ਟ੍ਰਾਂਸਫ਼ਰ ਕੀਤਾ ਗਿਆ ਹੈ।

ਬੁਢਾਪੇ ਦੀਆਂ ਚੁਣੌਤੀਆਂ

ਬੈਥਲ ਵਿਚ ਮੈਨੂੰ ਹੁਣ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣੀਆਂ ਮੁਸ਼ਕਲ ਲੱਗ ਰਹੀਆਂ ਹਨ ਕਿਉਂਕਿ ਮੈਂ 85 ਸਾਲਾਂ ਦਾ ਹਾਂ। ਮੈਂ ਦਸਾਂ ਸਾਲਾਂ ਤੋਂ ਜ਼ਿਆਦਾ ਕੈਂਸਰ ਦੇ ਰੋਗ ਨਾਲ ਲੜ ਰਿਹਾ ਹਾਂ। ਮੈਂ ਹਿਜ਼ਕੀਯਾਹ ਦੀ ਤਰ੍ਹਾਂ ਮਹਿਸੂਸ ਕਰਦਾ ਹਾਂ ਜਿਸ ਦੀ ਉਮਰ ਯਹੋਵਾਹ ਨੇ ਵਧਾ ਦਿੱਤੀ ਸੀ। (ਯਸਾ. 38:5) ਮੇਰੀ ਪਤਨੀ ਦੀ ਸਿਹਤ ਵੀ ਵਿਗੜ ਗਈ ਹੈ। ਅਸੀਂ ਦੋਵੇਂ ਇਕੱਠੇ ਉਸ ਦੇ ਅਲਜ਼ਹਾਏਮੀਰ ਦੇ ਰੋਗ ਨਾਲ ਲੜ ਰਹੇ ਹਾਂ। ਮਾਰਜਰੀ ਯਹੋਵਾਹ ਦੀ ਵਧੀਆ ਸੇਵਕ, ਨੌਜਵਾਨਾਂ ਲਈ ਚੰਗੀ ਮਿਸਾਲ ਅਤੇ ਮੇਰੀ ਜ਼ਿੰਦਗੀ ਵਿਚ ਇਕ ਵਫ਼ਾਦਾਰ ਸਾਥਣ ਰਹੀ ਹੈ। ਉਹ ਹਮੇਸ਼ਾ ਬਾਈਬਲ ਦੀ ਚੰਗੀ ਤਰ੍ਹਾਂ ਸਟੱਡੀ ਕਰਦੀ ਸੀ ਅਤੇ ਉਹ ਦੂਜਿਆਂ ਨੂੰ ਚੰਗੀ ਤਰ੍ਹਾਂ ਸਿਖਾਉਂਦੀ ਵੀ ਸੀ। ਸੱਚਾਈ ਵਿਚ ਕਈ ਭੈਣ-ਭਰਾ ਸਾਡੇ ਆਪਣੇ ਧੀਆਂ-ਪੁੱਤਾਂ ਵਰਗੇ ਹਨ ਜੋ ਅਜੇ ਵੀ ਸਾਡੇ ਨਾਲ ਮਿਲਦੇ-ਵਰਤਦੇ ਹਨ।

ਮੇਰੇ ਭੂਆ ਜੀ 87 ਸਾਲਾਂ ਦੀ ਉਮਰ ਵਿਚ ਮਾਰਚ 2010 ਵਿਚ ਪੂਰੇ ਹੋ ਗਏ। ਉਹ ਬਾਈਬਲ ਸਿਖਾਉਣ ਵਿਚ ਮਾਹਰ ਸਨ ਅਤੇ ਉਨ੍ਹਾਂ ਨੇ ਬਹੁਤਿਆਂ ਨੂੰ ਸੱਚਾਈ ਸਿਖਾ ਕੇ ਮਜ਼ਬੂਤ ਕੀਤਾ। ਉਨ੍ਹਾਂ ਨੇ ਕਈ ਸਾਲਾਂ ਤਾਈਂ ਪਾਇਨੀਅਰਿੰਗ ਕੀਤੀ। ਮੈਂ ਉਨ੍ਹਾਂ ਦਾ ਸ਼ੁਕਰਗੁਜ਼ਾਰ ਹਾਂ ਕਿ ਉਨ੍ਹਾਂ ਨੇ ਬਾਈਬਲ ਦੀ ਸੱਚਾਈ ਸਿੱਖਣ ਵਿਚ ਮੇਰੀ ਮਦਦ ਕੀਤੀ ਅਤੇ ਮੈਂ ਉਨ੍ਹਾਂ ਵਾਂਗ ਯਹੋਵਾਹ ਦਾ ਸੇਵਕ ਬਣ ਸਕਿਆ। ਮੇਰੇ ਭੂਆ ਜੀ ਨੂੰ ਉਨ੍ਹਾਂ ਦੇ ਪਤੀ ਦੀ ਕਬਰ ਕੋਲ ਦਫ਼ਨਾਇਆ ਗਿਆ ਜੋ ਕਦੀ ਇਸਰਾਈਲ ਵਿਚ ਮਿਸ਼ਨਰੀ ਵਜੋਂ ਸੇਵਾ ਕਰਦੇ ਸਨ। ਮੈਨੂੰ ਪੂਰਾ ਯਕੀਨ ਹੈ ਕਿ ਉਹ ਦੋਵੇਂ ਯਹੋਵਾਹ ਦੀ ਯਾਦਾਸ਼ਤ ਵਿਚ ਹਨ ਅਤੇ ਉਹ ਮੁੜ ਕੇ ਜੀ ਉਠਾਏ ਜਾਣਗੇ।

ਜਦੋਂ ਮੈਂ ਯਹੋਵਾਹ ਦੀ ਸੇਵਾ ਵਿਚ ਬਿਤਾਏ 67 ਤੋਂ ਜ਼ਿਆਦਾ ਸਾਲਾਂ ਬਾਰੇ ਸੋਚਦਾ ਹਾਂ, ਤਾਂ ਮੈਂ ਯਹੋਵਾਹ ਵੱਲੋਂ ਮਿਲੀਆਂ ਬਰਕਤਾਂ ਦਾ ਦਿਲੋਂ ਸ਼ੁਕਰ ਕਰਦਾ ਹਾਂ। ਯਹੋਵਾਹ ਦੀ ਸੇਵਾ ਕਰਦਿਆਂ ਮੈਨੂੰ ਬਹੁਤ ਖ਼ੁਸ਼ੀਆਂ ਮਿਲੀਆਂ! ਮੈਂ ਯਹੋਵਾਹ ਦੀ ਅਪਾਰ ਕਿਰਪਾ ’ਤੇ ਭਰੋਸਾ ਕੀਤਾ ਹੈ ਅਤੇ ਉਸ ਦੇ ਪੁੱਤਰ ਵੱਲੋਂ ਕੀਤੇ ਗਏ ਇਸ ਵਾਅਦੇ ਦੇ ਪੂਰਾ ਹੋਣ ਦੀ ਉਮੀਦ ਰੱਖਦਾ ਹਾਂ: ‘ਹਰ ਕੋਈ ਜਿਹ ਨੇ ਘਰਾਂ ਯਾ ਭਾਈਆਂ ਯਾ ਭੈਣਾਂ ਯਾ ਪਿਉ ਯਾ ਮਾਂ ਯਾ ਬਾਲ ਬੱਚਿਆਂ ਯਾ ਜਮੀਨ ਨੂੰ ਮੇਰੇ ਨਾਮ ਦੇ ਕਾਰਨ ਛੱਡਿਆ ਹੈ ਉਹ ਸੌ ਗੁਣਾ ਪਾਵੇਗਾ ਅਤੇ ਸਦੀਪਕ ਜੀਉਣ ਦਾ ਵਾਰਸ ਹੋਵੇਗਾ।’ਮੱਤੀ 19:29.

[ਫੁਟਨੋਟ]

^ ਪੈਰਾ 11 ਇਹ ਕਿਤਾਬ 1942 ਵਿਚ ਛਾਪੀ ਜਾਂਦੀ ਸੀ, ਪਰ ਹੁਣ ਨਹੀਂ ਛਾਪੀ ਜਾਂਦੀ।

[ਸਫ਼ਾ 19 ਉੱਤੇ ਤਸਵੀਰ]

ਜਾਰਜੀਆ, ਅਮਰੀਕਾ 1928 ਵਿਚ ਆਪਣੇ ਦਾਦਾ ਜੀ ਦੇ ਕਪਾਹ ਦੇ ਫਾਰਮ ’ਤੇ

[ਸਫ਼ਾ 19 ਉੱਤੇ ਤਸਵੀਰ]

ਮੇਰੀ ਛੋਟੀ ਭੂਆ ਅਤੇ ਮੇਰੇ ਦਾਦਾ ਜੀ ਦਾ ਭਰਾ ਟਾਲਮਾਜ

[ਸਫ਼ਾ 20 ਉੱਤੇ ਤਸਵੀਰ]

ਮੈਰੀ, ਗਲੈਡਿਸ ਅਤੇ ਗ੍ਰੇਸ

[ਸਫ਼ਾ 20 ਉੱਤੇ ਤਸਵੀਰ]

14 ਜੂਨ 1944 ਨੂੰ ਮੇਰਾ ਬਪਤਿਸਮਾ

[ਸਫ਼ਾ 20 ਉੱਤੇ ਤਸਵੀਰ]

ਬੈਥਲ ਦੇ ਸੇਵਾ ਵਿਭਾਗ ਵਿਚ

[ਸਫ਼ਾ 21 ਉੱਤੇ ਤਸਵੀਰ]

ਆਪਣੀ ਭੂਆ ਨਾਲ 1958 ਨੂੰ ਅੰਤਰਰਾਸ਼ਟਰੀ ਸੰਮੇਲਨ ਦੌਰਾਨ ਯੈਂਕੀ ਸਟੇਡੀਅਮ ਵਿਚ

[ਸਫ਼ਾ 21 ਉੱਤੇ ਤਸਵੀਰ]

ਮਾਰਜਰੀ ਨਾਲ ਵਿਆਹ ਦੇ ਦਿਨ

[ਸਫ਼ਾ 21 ਉੱਤੇ ਤਸਵੀਰ]

2008 ਵਿਚ ਅਸੀਂ ਦੋਵੇਂ