Skip to content

Skip to table of contents

‘ਸਰਬ ਦਿਲਾਸੇ ਦੇ ਪਰਮੇਸ਼ੁਰ’ ਯਹੋਵਾਹ ’ਤੇ ਭਰੋਸਾ ਰੱਖੋ

‘ਸਰਬ ਦਿਲਾਸੇ ਦੇ ਪਰਮੇਸ਼ੁਰ’ ਯਹੋਵਾਹ ’ਤੇ ਭਰੋਸਾ ਰੱਖੋ

‘ਸਰਬ ਦਿਲਾਸੇ ਦੇ ਪਰਮੇਸ਼ੁਰ’ ਯਹੋਵਾਹ ’ਤੇ ਭਰੋਸਾ ਰੱਖੋ

“ਮੁਬਾਰਕ ਹੈ ਸਾਡੇ ਪ੍ਰਭੁ ਯਿਸੂ ਮਸੀਹ ਦਾ ਪਰਮੇਸ਼ੁਰ ਅਤੇ ਪਿਤਾ ਜਿਹੜਾ ਦਿਆਲਗੀਆਂ ਦਾ ਪਿਤਾ ਅਤੇ ਸਰਬ ਦਿਲਾਸੇ ਦਾ ਪਰਮੇਸ਼ੁਰ ਹੈ।”—2 ਕੁਰਿੰ. 1:3.

1. ਹਰ ਉਮਰ ਦੇ ਇਨਸਾਨ ਨੂੰ ਕਿਸ ਚੀਜ਼ ਦੀ ਲੋੜ ਪੈਂਦੀ ਹੈ?

ਜਨਮ ਤੋਂ ਹੀ ਸਾਨੂੰ ਦਿਲਾਸੇ ਦੀ ਲੋੜ ਪੈਂਦੀ ਹੈ। ਬੱਚਾ ਰੋ ਕੇ ਸਾਨੂੰ ਦੱਸਦਾ ਹੈ ਕਿ ਉਸ ਨੂੰ ਦਿਲਾਸੇ ਦੀ ਲੋੜ ਹੈ। ਸ਼ਾਇਦ ਉਹ ਚਾਹੁੰਦਾ ਹੈ ਕਿ ਉਸ ਨੂੰ ਕੋਈ ਚੁੱਕ ਲਵੇ ਜਾਂ ਹੋ ਸਕਦਾ ਹੈ ਕਿ ਉਹ ਭੁੱਖਾ ਹੋਵੇ। ਵੱਡੇ ਹੋ ਕੇ ਵੀ ਸਾਨੂੰ ਅਕਸਰ ਦਿਲਾਸੇ ਦੀ ਲੋੜ ਪੈਂਦੀ ਹੈ, ਖ਼ਾਸਕਰ ਜਦੋਂ ਅਸੀਂ ਔਖੇ ਹਾਲਾਤਾਂ ਵਿੱਚੋਂ ਦੀ ਗੁਜ਼ਰ ਰਹੇ ਹੁੰਦੇ ਹਾਂ।

2. ਯਹੋਵਾਹ ਆਪਣੇ ਉੱਤੇ ਭਰੋਸਾ ਰੱਖਣ ਵਾਲਿਆਂ ਨਾਲ ਕੀ ਵਾਅਦਾ ਕਰਦਾ ਹੈ?

2 ਪਰਿਵਾਰ ਦੇ ਮੈਂਬਰ ਅਤੇ ਦੋਸਤ ਸਾਨੂੰ ਕਾਫ਼ੀ ਦਿਲਾਸਾ ਦੇ ਸਕਦੇ ਹਨ। ਪਰ ਕਈ ਵਾਰੀ ਹਾਲਾਤ ਇੰਨੇ ਦੁਖਦਾਈ ਹੁੰਦੇ ਹਨ ਕਿ ਇਨਸਾਨ ਕੁਝ ਕਰ ਹੀ ਨਹੀਂ ਸਕਦਾ ਹੈ। ਸਿਰਫ਼ ਪਰਮੇਸ਼ੁਰ ਹੀ ਸਾਨੂੰ ਦਿਲਾਸਾ ਦੇ ਸਕਦਾ ਹੈ ਭਾਵੇਂ ਅਸੀਂ ਜਿੰਨੇ ਮਰਜ਼ੀ ਦੁਖਦਾਈ ਹਾਲਾਤਾਂ ਵਿਚ ਹੋਈਏ। ਉਸ ਦਾ ਬਚਨ ਸਾਨੂੰ ਭਰੋਸਾ ਦਿੰਦਾ ਹੈ: ‘ਯਹੋਵਾਹ ਉਨ੍ਹਾਂ ਸਭਨਾਂ ਦੇ ਨੇੜੇ ਹੈ ਜਿਹੜੇ ਉਹ ਨੂੰ ਪੁਕਾਰਦੇ ਹਨ, ਅਤੇ ਉਹ ਉਨ੍ਹਾਂ ਦੀ ਦੁਹਾਈ ਨੂੰ ਸੁਣੇਗਾ।’ (ਜ਼ਬੂ. 145:18, 19) ਹਾਂ, “ਯਹੋਵਾਹ ਦੀਆਂ ਅੱਖੀਆਂ ਧਰਮੀਆਂ ਉੱਤੇ, ਅਤੇ ਉਹ ਦੇ ਕੰਨ ਉਨ੍ਹਾਂ ਦੀ ਦੁਹਾਈ ਵੱਲ ਹਨ।” (ਜ਼ਬੂ. 34:15) ਪਰ ਜੇ ਅਸੀਂ ਪਰਮੇਸ਼ੁਰ ਤੋਂ ਮਦਦ ਅਤੇ ਦਿਲਾਸਾ ਲੈਣਾ ਹੈ, ਤਾਂ ਸਾਨੂੰ ਉਸ ਉੱਤੇ ਭਰੋਸਾ ਕਰਨਾ ਚਾਹੀਦਾ ਹੈ। ਇਹ ਗੱਲ ਜ਼ਬੂਰਾਂ ਦੇ ਲਿਖਾਰੀ ਦਾਊਦ ਨੇ ਸਾਫ਼ ਦੱਸੀ ਜਦੋਂ ਉਸ ਨੇ ਗਾਇਆ: “ਯਹੋਵਾਹ ਸਤਾਏ ਹੋਏ ਦੇ ਲਈ ਇੱਕ ਉੱਚਾ ਗੜ੍ਹ ਹੋਵੇਗਾ, ਹਾਂ, ਬਿਪਤਾ ਦੇ ਸਮੇ ਦੇ ਲਈ ਇੱਕ ਉੱਚਾ ਗੜ੍ਹ। ਤੇਰੇ ਨਾਮ ਦੇ ਜਾਣਨ ਵਾਲੇ ਤੇਰੇ ਉੱਤੇ ਭਰੋਸਾ ਰੱਖਦੇ ਹਨ, ਕਿਉਂ ਜੋ ਹੇ ਯਹੋਵਾਹ, ਤੈਂ ਆਪਣਿਆਂ ਤਾਲਿਬਾਂ ਨੂੰ ਤਿਆਗ ਨਹੀਂ ਦਿੱਤਾ।”—ਜ਼ਬੂ. 9:9, 10.

3. ਯਿਸੂ ਨੇ ਮਿਸਾਲ ਦੇ ਕੇ ਕਿਵੇਂ ਸਮਝਾਇਆ ਕਿ ਯਹੋਵਾਹ ਆਪਣੇ ਲੋਕਾਂ ਨੂੰ ਕਿੰਨਾ ਪਿਆਰ ਕਰਦਾ ਹੈ?

3 ਯਹੋਵਾਹ ਆਪਣੇ ਭਗਤਾਂ ਨੂੰ ਬਹੁਤ ਅਨਮੋਲ ਸਮਝਦਾ ਹੈ। ਯਿਸੂ ਨੇ ਕਿਹਾ: “ਭਲਾ, ਦੋ ਪੈਸਿਆਂ ਨੂੰ ਪੰਜ ਚਿੜੀਆਂ ਨਹੀਂ ਵਿਕਦੀਆਂ? ਪਰ ਇਨ੍ਹਾਂ ਵਿੱਚੋਂ ਇੱਕ ਵੀ ਪਰਮੇਸ਼ੁਰ ਦੇ ਅੱਗੇ ਵਿਸਰੀ ਹੋਈ ਨਹੀਂ। ਤੁਹਾਡੇ ਸਿਰ ਦੇ ਵਾਲ ਵੀ ਸਭ ਗਿਣੇ ਹੋਏ ਹਨ। ਨਾ ਡਰੋ, ਤੁਸੀਂ ਬਹੁਤੀਆਂ ਚਿੜੀਆਂ ਨਾਲੋਂ ਉੱਤਮ ਹੋ।” (ਲੂਕਾ 12:6, 7) ਯਿਰਮਿਯਾਹ ਨਬੀ ਦੇ ਰਾਹੀਂ ਯਹੋਵਾਹ ਨੇ ਇਸਰਾਏਲੀਆਂ ਨੂੰ ਕਿਹਾ: “ਮੈਂ ਤੇਰੇ ਨਾਲ ਸਦਾ ਦੇ ਪ੍ਰੇਮ ਨਾਲ ਪ੍ਰੇਮ ਕੀਤਾ, ਏਸ ਲਈ ਮੈਂ ਦਯਾ ਨਾਲ ਤੈਨੂੰ ਖਿੱਚਿਆ ਹੈ।”—ਯਿਰ. 31:3.

4. ਅਸੀਂ ਯਹੋਵਾਹ ਦੇ ਵਾਅਦਿਆਂ ਉੱਤੇ ਭਰੋਸਾ ਕਿਉਂ ਕਰ ਸਕਦੇ ਹਾਂ?

4 ਜੇ ਅਸੀਂ ਯਹੋਵਾਹ ਅਤੇ ਉਸ ਦੇ ਵਾਅਦਿਆਂ ’ਤੇ ਭਰੋਸਾ ਰੱਖਦੇ ਹਾਂ, ਤਾਂ ਸਾਨੂੰ ਦੁੱਖਾਂ ਦੀਆਂ ਘੜੀਆਂ ਵਿਚ ਦਿਲਾਸਾ ਮਿਲ ਸਕਦਾ ਹੈ। ਇਸ ਲਈ ਸਾਨੂੰ ਯਹੋਸ਼ੁਆ ਵਾਂਗ ਪਰਮੇਸ਼ੁਰ ਉੱਤੇ ਭਰੋਸਾ ਰੱਖਣਾ ਚਾਹੀਦਾ ਹੈ ਜਿਸ ਨੇ ਕਿਹਾ: “ਏਹਨਾਂ ਸਾਰਿਆਂ ਚੰਗਿਆਂ ਬਚਨਾਂ ਵਿੱਚ ਇੱਕ ਬਚਨ ਵੀ ਨਾ ਰਹਿ ਗਿਆ ਜਿਹੜਾ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਡੇ ਵਿਖੇ ਬੋਲਿਆ। ਓਹ ਸਾਰੇ ਤੁਹਾਡੇ ਲਈ ਪੂਰੇ ਹੋਏ। ਓਹਨਾਂ ਵਿੱਚੋਂ ਇੱਕ ਬਚਨ ਵੀ ਨਾ ਰਿਹਾ।” (ਯਹੋ. 23:14) ਇਸ ਤੋਂ ਇਲਾਵਾ, ਅਸੀਂ ਯਕੀਨੀ ਹੋ ਸਕਦੇ ਹਾਂ ਕਿ ਦੁੱਖਾਂ ਦਾ ਪਹਾੜ ਟੁੱਟਣ ਕਾਰਨ ਅਸੀਂ ਥੋੜ੍ਹੇ ਚਿਰ ਲਈ ਵੀ ਕਿਉਂ ਨਾ ਚਕਨਾਚੂਰ ਹੋ ਜਾਈਏ, “ਪਰਮੇਸ਼ੁਰ ਵਫ਼ਾਦਾਰ ਹੈ” ਅਤੇ ਆਪਣੇ ਵਫ਼ਾਦਾਰ ਸੇਵਕਾਂ ਨੂੰ ਕਦੇ ਨਹੀਂ ਤਿਆਗੇਗਾ।—1 ਕੁਰਿੰਥੀਆਂ 10:13 ਪੜ੍ਹੋ।

5. ਅਸੀਂ ਹੋਰਨਾਂ ਨੂੰ ਦਿਲਾਸਾ ਕਿਵੇਂ ਦੇ ਸਕਦੇ ਹਾਂ?

5 ਪੌਲੁਸ ਰਸੂਲ ਨੇ ਯਹੋਵਾਹ ਨੂੰ “ਸਰਬ ਦਿਲਾਸੇ ਦਾ ਪਰਮੇਸ਼ੁਰ” ਕਿਹਾ। “ਦਿਲਾਸਾ ਦੇਣ” ਦਾ ਮਤਲਬ ਹੈ ਕਿਸੇ ਦੁਖੀ ਜਾਂ ਉਦਾਸ ਵਿਅਕਤੀ ਦੇ ਮਨ ਨੂੰ ਹੌਲਾ ਕਰਨਾ। ਇਸ ਤਰ੍ਹਾਂ ਕਿਸੇ ਦਾ ਦੁੱਖ ਘਟਾਉਣ ਅਤੇ ਉਸ ਨੂੰ ਤਸੱਲੀ ਦੇਣ ਦੁਆਰਾ ਕੀਤਾ ਜਾਂਦਾ ਹੈ। ਯਕੀਨਨ ਯਹੋਵਾਹ ਇਸੇ ਤਰ੍ਹਾਂ ਕਰਦਾ ਹੈ। (2 ਕੁਰਿੰਥੀਆਂ 1:3, 4 ਪੜ੍ਹੋ।) ਜਿੰਨਾ ਦਿਲਾਸਾ ਸਾਡਾ ਸਵਰਗੀ ਪਿਤਾ ਦੇ ਸਕਦਾ ਹੈ, ਉੱਨਾ ਦਿਲਾਸਾ ਸਾਨੂੰ ਕਿਸੇ ਚੀਜ਼ ਜਾਂ ਕਿਸੇ ਇਨਸਾਨ ਤੋਂ ਨਹੀਂ ਮਿਲ ਸਕਦਾ। ਉਹ ਕਿਸੇ ਦੇ ਵੀ ਜ਼ਰੀਏ ਆਪਣੇ ਪਿਆਰ ਕਰਨ ਵਾਲਿਆਂ ਨੂੰ ਦਿਲਾਸਾ ਦੇ ਸਕਦਾ ਹੈ। ਇਸ ਦੇ ਬਦਲੇ ਵਿਚ ਅਸੀਂ ਵੀ ਆਪਣੇ ਭੈਣਾਂ-ਭਰਾਵਾਂ ਨੂੰ “ਹਰ ਬਿਪਤਾ ਵਿੱਚ” ਦਿਲਾਸਾ ਦੇ ਸਕਦੇ ਹਾਂ। ਇਸ ਤੋਂ ਅਸੀਂ ਦੇਖ ਸਕਦੇ ਹਾਂ ਕਿ ਨਿਰਾਸ਼ ਲੋਕਾਂ ਨੂੰ ਯਹੋਵਾਹ ਨਾਲੋਂ ਜ਼ਿਆਦਾ ਦਿਲਾਸਾ ਹੋਰ ਕੋਈ ਨਹੀਂ ਦੇ ਸਕਦਾ!

ਦੁੱਖਾਂ ਦੇ ਕਾਰਨ

6. ਕੁਝ ਮਿਸਾਲਾਂ ਦਿਓ ਜਿਨ੍ਹਾਂ ਕਾਰਨ ਸਾਨੂੰ ਦੁੱਖਾਂ ਦਾ ਸਾਮ੍ਹਣਾ ਕਰਨਾ ਪੈ ਸਕਦਾ ਹੈ।

6 ਸਾਨੂੰ ਜ਼ਿੰਦਗੀ ਦੇ ਕਈ ਹਾਲਾਤਾਂ ਵਿਚ ਦਿਲਾਸੇ ਦੀ ਲੋੜ ਪੈਂਦੀ ਹੈ। ਦੁੱਖ ਦਾ ਸਭ ਤੋਂ ਵੱਡਾ ਇਕ ਕਾਰਨ ਹੈ ਕਿਸੇ ਅਜ਼ੀਜ਼ ਦੀ ਮੌਤ ਹੋ ਜਾਣੀ, ਖ਼ਾਸਕਰ ਜੀਵਨ-ਸਾਥੀ ਜਾਂ ਬੱਚੇ ਦੀ। ਸ਼ਾਇਦ ਉਸ ਇਨਸਾਨ ਨੂੰ ਵੀ ਦਿਲਾਸੇ ਦੀ ਲੋੜ ਹੈ ਜਿਸ ਨਾਲ ਭੇਦ-ਭਾਵ ਜਾਂ ਪੱਖਪਾਤ ਕੀਤਾ ਗਿਆ ਹੋਵੇ। ਮਾੜੀ ਸਿਹਤ, ਬੁਢਾਪੇ, ਗ਼ਰੀਬੀ, ਵਿਆਹੁਤਾ ਜ਼ਿੰਦਗੀ ਵਿਚ ਸਮੱਸਿਆਵਾਂ ਜਾਂ ਦੁਨੀਆਂ ਦੇ ਮਾੜੇ ਹਾਲਾਤਾਂ ਕਾਰਨ ਵੀ ਸਾਨੂੰ ਦਿਲਾਸੇ ਦੀ ਲੋੜ ਪੈ ਸਕਦੀ ਹੈ।

7. (ੳ) ਦੁੱਖ ਦੀਆਂ ਘੜੀਆਂ ਵਿਚ ਸਾਨੂੰ ਕਿਸ ਤਰ੍ਹਾਂ ਦੇ ਦਿਲਾਸੇ ਦੀ ਲੋੜ ਪੈਂਦੀ ਹੈ? (ਅ) ਯਹੋਵਾਹ “ਟੁੱਟੇ” ਅਤੇ ਦੁਖੀ ਦਿਲ ਨੂੰ ਚੰਗਾ ਕਰਨ ਲਈ ਕੀ ਕਰ ਸਕਦਾ ਹੈ?

7 ਦੁੱਖਾਂ ਦੀਆਂ ਘੜੀਆਂ ਵਿਚ ਸਾਨੂੰ ਅਜਿਹੇ ਦਿਲਾਸੇ ਦੀ ਲੋੜ ਹੈ ਜਿਸ ਨਾਲ ਸਾਡੇ ਦਿਲ-ਦਿਮਾਗ਼ ਨੂੰ ਸਕੂਨ ਮਿਲਦਾ ਹੈ, ਸਾਡੀ ਸਿਹਤ ਤੇ ਨਿਹਚਾ ਤਕੜੀ ਹੁੰਦੀ ਹੈ। ਮਿਸਾਲ ਲਈ ਜ਼ਰਾ ਦਿਲ ਬਾਰੇ ਸੋਚੋ। ਬਾਈਬਲ ਕਹਿੰਦੀ ਹੈ ਕਿ ਸਾਡਾ ਦਿਲ ‘ਟੁੱਟ’ ਸਕਦਾ ਤੇ ਦੁਖੀ ਹੋ ਸਕਦਾ ਹੈ। (ਜ਼ਬੂ. 51:17) ਯਹੋਵਾਹ ਇਹੋ ਜਿਹੀ ਹਾਲਤ ਵਿਚ ਵੀ ‘ਟੁੱਟੇ ਦਿਲਾਂ ਨੂੰ ਚੰਗਾ ਕਰਦਾ ਹੈ, ਅਤੇ ਸੋਗਾਂ ਉੱਤੇ ਪੱਟੀ ਬੰਨ੍ਹਦਾ ਹੈ।’ (ਜ਼ਬੂ. 147:3) ਜੇ ਅਸੀਂ ਪੂਰੀ ਨਿਹਚਾ ਨਾਲ ਉਸ ਨੂੰ ਪ੍ਰਾਰਥਨਾ ਕਰੀਏ ਅਤੇ ਉਸ ਦੇ ਹੁਕਮਾਂ ਨੂੰ ਮੰਨੀਏ, ਤਾਂ ਪਰਮੇਸ਼ੁਰ ਔਖੇ ਤੋਂ ਔਖੇ ਹਾਲਾਤਾਂ ਵਿਚ ਵੀ ਸਾਡੇ ਦੁਖੀ ਦਿਲਾਂ ਨੂੰ ਰਾਹਤ ਪਹੁੰਚਾ ਸਕਦਾ ਹੈ।—1 ਯੂਹੰਨਾ 3:19-22; 5:14, 15 ਪੜ੍ਹੋ।

8. ਜਦੋਂ ਅਸੀਂ ਤਣਾਅ ਵਿਚ ਹੁੰਦੇ ਹਾਂ, ਤਾਂ ਯਹੋਵਾਹ ਸਾਡੀ ਕਿਵੇਂ ਮਦਦ ਕਰ ਸਕਦਾ ਹੈ?

8 ਸਾਡੇ ਮਨ ਨੂੰ ਅਕਸਰ ਦਿਲਾਸੇ ਦੀ ਲੋੜ ਪੈਂਦੀ ਹੈ ਕਿਉਂਕਿ ਵੱਖੋ-ਵੱਖਰੀਆਂ ਅਜ਼ਮਾਇਸ਼ਾਂ ਕਾਰਨ ਅਸੀਂ ਬਹੁਤ ਜ਼ਿਆਦਾ ਤਣਾਅ ਦੇ ਸ਼ਿਕਾਰ ਹੋ ਸਕਦੇ ਹਾਂ। ਜਦੋਂ ਸਾਡੀ ਨਿਹਚਾ ਪਰਖੀ ਜਾਂਦੀ ਹੈ, ਤਾਂ ਅਸੀਂ ਅਜ਼ਮਾਇਸ਼ਾਂ ਦਾ ਸਾਮ੍ਹਣਾ ਆਪਣੀ ਤਾਕਤ ਨਾਲ ਨਹੀਂ ਕਰ ਸਕਦੇ। ਜ਼ਬੂਰਾਂ ਦੇ ਲਿਖਾਰੀ ਨੇ ਗਾਇਆ: “ਜਾਂ ਮੇਰੇ ਅੰਦਰ ਬਹੁਤ ਚਿੰਤਾ ਹੁੰਦੀ ਹੈ, ਤਾਂ ਤੇਰੀਆਂ ਤਸੱਲੀਆਂ ਮੇਰੇ ਜੀ ਨੂੰ ਖੁਸ਼ ਕਰਦੀਆਂ ਹਨ।” (ਜ਼ਬੂ. 94:19) ਇਸ ਤੋਂ ਇਲਾਵਾ ਪੌਲੁਸ ਨੇ ਲਿਖਿਆ: “ਕਿਸੇ ਗੱਲ ਦੀ ਚਿੰਤਾ ਨਾ ਕਰੋ ਸਗੋਂ ਹਰ ਗੱਲ ਵਿੱਚ ਤੁਹਾਡੀਆਂ ਅਰਦਾਸਾਂ ਪ੍ਰਾਰਥਨਾ ਅਤੇ ਬੇਨਤੀ ਨਾਲ ਧੰਨਵਾਦ ਸਣੇ ਪਰਮੇਸ਼ੁਰ ਦੇ ਅੱਗੇ ਕੀਤੀਆਂ ਜਾਣ। ਅਤੇ ਪਰਮੇਸ਼ੁਰ ਦੀ ਸ਼ਾਂਤੀ ਜੋ ਸਾਰੀ ਸਮਝ ਤੋਂ ਪਰੇ ਹੈ ਮਸੀਹ ਯਿਸੂ ਵਿੱਚ ਤੁਹਾਡਿਆਂ ਮਨਾਂ ਅਤੇ ਸੋਚਾਂ ਦੀ ਰਾਖੀ ਕਰੇਗੀ।” (ਫ਼ਿਲਿ. 4:6, 7) ਬਾਈਬਲ ਪੜ੍ਹਨ ਅਤੇ ਇਸ ’ਤੇ ਮਨਨ ਕਰਨ ਨਾਲ ਸਾਨੂੰ ਤਣਾਅ ਨਾਲ ਸਿੱਝਣ ਵਿਚ ਕਾਫ਼ੀ ਮਦਦ ਮਿਲ ਸਕਦੀ ਹੈ।—2 ਤਿਮੋ. 3:15-17.

9. ਅਸੀਂ ਤਣਾਅ ਨਾਲ ਕਿੱਦਾਂ ਸਿੱਝ ਸਕਦੇ ਹਾਂ?

9 ਕਈ ਵਾਰ ਸਾਡਾ ਹੌਸਲਾ ਇੰਨਾ ਢਹਿ ਸਕਦਾ ਹੈ ਕਿ ਸਾਡੇ ਦਿਲ ਵਿਚ ਸ਼ਾਇਦ ਉਹ ਭਾਵਨਾਵਾਂ ਆਉਣ ਜੋ ਸਾਨੂੰ ਨਿਰਾਸ਼ ਕਰਨ। ਸ਼ਾਇਦ ਅਸੀਂ ਸੋਚੀਏ ਕਿ ਸਾਡੇ ਤੋਂ ਯਹੋਵਾਹ ਵੱਲੋਂ ਮਿਲੀ ਕੋਈ ਜ਼ਿੰਮੇਵਾਰੀ ਪੂਰੀ ਨਹੀਂ ਹੋਣੀ ਜਾਂ ਮੈਂ ਕਲੀਸਿਯਾ ਵਿਚ ਸੇਵਾ ਦੇ ਮਿਲੇ ਕਿਸੇ ਸਨਮਾਨ ਦੇ ਲਾਇਕ ਨਹੀਂ ਹਾਂ। ਇਸ ਮਾਮਲੇ ਵਿਚ ਵੀ ਯਹੋਵਾਹ ਸਾਨੂੰ ਦਿਲਾਸਾ ਤੇ ਮਦਦ ਦੇ ਸਕਦਾ ਹੈ। ਮਿਸਾਲ ਲਈ, ਜਦੋਂ ਯਹੋਸ਼ੁਆ ਨੂੰ ਸ਼ਕਤੀਸ਼ਾਲੀ ਦੁਸ਼ਮਣ ਫ਼ੌਜਾਂ ਖ਼ਿਲਾਫ਼ ਇਸਰਾਏਲੀਆਂ ਦੀ ਅਗਵਾਈ ਕਰਨ ਦਾ ਕੰਮ ਦਿੱਤਾ ਗਿਆ ਸੀ, ਤਾਂ ਮੂਸਾ ਨੇ ਲੋਕਾਂ ਨੂੰ ਕਿਹਾ: “ਤਕੜੇ ਹੋਵੋ, ਹੌਸਲਾ ਰੱਖੋ, ਡਰੋ ਨਾ ਅਤੇ ਨਾ ਹੀ ਓਹਨਾਂ ਤੋਂ ਕੰਬੋ ਕਿਉਂ ਜੋ ਯਹੋਵਾਹ ਤੁਹਾਡਾ ਪਰਮੇਸ਼ੁਰ ਹੀ ਤੁਹਾਡੇ ਨਾਲ ਨਾਲ ਜਾਂਦਾ ਹੈ! ਉਹ ਨਾ ਤਾਂ ਤੁਹਾਨੂੰ ਛੱਡੇਗਾ ਨਾ ਤੁਹਾਨੂੰ ਤਿਆਗੇਗਾ।” (ਬਿਵ. 31:6) ਯਹੋਵਾਹ ਦੀ ਮਦਦ ਨਾਲ ਯਹੋਸ਼ੁਆ ਨੇ ਵਾਅਦਾ ਕੀਤੇ ਹੋਏ ਦੇਸ਼ ਵਿਚ ਜਾਣ ਅਤੇ ਆਪਣੇ ਸਾਰੇ ਦੁਸ਼ਮਣਾਂ ਉੱਤੇ ਜਿੱਤ ਹਾਸਲ ਕਰਨ ਲਈ ਪਰਮੇਸ਼ੁਰ ਦੇ ਲੋਕਾਂ ਦੀ ਅਗਵਾਈ ਕੀਤੀ। ਇਸ ਤੋਂ ਪਹਿਲਾਂ ਵੀ ਲਾਲ ਸਮੁੰਦਰ ’ਤੇ ਪਰਮੇਸ਼ੁਰ ਨੇ ਇਸੇ ਤਰ੍ਹਾਂ ਮੂਸਾ ਦੀ ਮਦਦ ਕੀਤੀ ਸੀ।—ਕੂਚ 14:13, 14, 29-31.

10. ਜੇ ਦੁੱਖਾਂ ਦਾ ਸਾਡੀ ਸਿਹਤ ਉੱਤੇ ਮਾੜਾ ਅਸਰ ਪੈਂਦਾ ਹੈ, ਤਾਂ ਕਿਹੜੀ ਗੱਲ ਸਾਡੀ ਮਦਦ ਕਰ ਸਕਦੀ ਹੈ?

10 ਦੁਖੀ ਰਹਿਣ ਨਾਲ ਸਾਡੀ ਸਿਹਤ ’ਤੇ ਮਾੜਾ ਅਸਰ ਪੈ ਸਕਦਾ ਹੈ, ਪਰ ਸਹੀ ਭੋਜਨ ਖਾਣ, ਕਾਫ਼ੀ ਆਰਾਮ ਕਰਨ, ਕਸਰਤ ਕਰਨ ਅਤੇ ਸਫ਼ਾਈ ਰੱਖਣ ਨਾਲ ਸਾਡੀ ਸਿਹਤ ਉੱਤੇ ਚੰਗਾ ਅਸਰ ਪੈ ਸਕਦਾ ਹੈ। ਇਸੇ ਤਰ੍ਹਾਂ ਜੇ ਅਸੀਂ ਸੋਚ-ਵਿਚਾਰ ਕਰੀਏ ਕਿ ਬਾਈਬਲ ਭਵਿੱਖ ਬਾਰੇ ਕੀ ਕਹਿੰਦੀ ਹੈ, ਤਾਂ ਸਿਹਤ ’ਤੇ ਹੋਰ ਵੀ ਵਧੀਆ ਅਸਰ ਪੈ ਸਕਦਾ ਹੈ। ਇਸ ਲਈ ਜਦੋਂ ਅਸੀਂ ਕਿਸੇ ਮੁਸ਼ਕਲ ਘੜੀ ਵਿੱਚੋਂ ਲੰਘਦੇ ਹਾਂ, ਤਾਂ ਸਾਨੂੰ ਪੌਲੁਸ ਦੇ ਤਜਰਬੇ ਅਤੇ ਉਸ ਦੇ ਹੌਸਲਾ ਦੇਣ ਵਾਲੇ ਇਨ੍ਹਾਂ ਸ਼ਬਦਾਂ ਨੂੰ ਯਾਦ ਰੱਖਣਾ ਚਾਹੀਦਾ ਹੈ: “ਅਸੀਂ ਸਭ ਪਾਸਿਓਂ ਕਸ਼ਟ ਵਿੱਚ ਹਾਂ ਪਰ ਮਿੱਧੇ ਨਹੀਂ ਗਏ, ਦੁਬਧਾ ਵਿੱਚ ਹਾਂ ਪਰ ਹੱਦੋਂ ਵਧ ਨਹੀਂ। ਸਤਾਏ ਜਾਂਦੇ ਹਾਂ ਪਰ ਇਕੱਲੇ ਨਹੀਂ ਛੱਡੇ ਜਾਂਦੇ, ਡੇਗੇ ਜਾਂਦੇ ਹਾਂ ਪਰ ਨਾਸ ਨਹੀਂ ਹੁੰਦੇ।”—2 ਕੁਰਿੰ. 4:8, 9.

11. ਨਿਹਚਾ ਕਮਜ਼ੋਰ ਹੋਣ ਤੇ ਅਸੀਂ ਕੀ ਕਰ ਸਕਦੇ ਹਾਂ?

11 ਕੁਝ ਅਜ਼ਮਾਇਸ਼ਾਂ ਸਾਡੀ ਨਿਹਚਾ ਨੂੰ ਕਮਜ਼ੋਰ ਕਰ ਸਕਦੀਆਂ ਹਨ। ਇਸ ਮਾਮਲੇ ਵਿਚ ਵੀ ਯਹੋਵਾਹ ਸਾਡੀ ਮਦਦ ਕਰ ਸਕਦਾ ਹੈ। ਉਸ ਦਾ ਬਚਨ ਸਾਨੂੰ ਯਕੀਨ ਦਿਵਾਉਂਦਾ ਹੈ: “ਯਹੋਵਾਹ ਸਾਰਿਆਂ ਡਿੱਗਣ ਵਾਲਿਆਂ ਨੂੰ ਸੰਭਾਲਦਾ ਹੈ, ਅਤੇ ਸਾਰਿਆਂ ਝੁਕਿਆਂ ਹੋਇਆਂ ਨੂੰ ਸਿੱਧਾ ਕਰ ਦਿੰਦਾ ਹੈ।” (ਜ਼ਬੂ. 145:14) ਜੇ ਸਾਨੂੰ ਲੱਗਦਾ ਹੈ ਕਿ ਸਾਡੀ ਨਿਹਚਾ ਕਮਜ਼ੋਰ ਹੋ ਰਹੀ ਹੈ, ਤਾਂ ਸਾਨੂੰ ਬਜ਼ੁਰਗਾਂ ਦੀ ਮਦਦ ਲੈਣੀ ਚਾਹੀਦੀ ਹੈ। (ਯਾਕੂ. 5:14, 15) ਜੇ ਅਜ਼ਮਾਇਸ਼ਾਂ ਦੌਰਾਨ ਸਾਡੀ ਨਿਹਚਾ ਪਰਖੀ ਜਾਂਦੀ ਹੈ, ਤਾਂ ਉਸ ਵੇਲੇ ਸਾਨੂੰ ਹਮੇਸ਼ਾ ਦੀ ਜ਼ਿੰਦਗੀ ਦੀ ਉਮੀਦ ਬਾਰੇ ਸੋਚਦੇ ਰਹਿਣਾ ਚਾਹੀਦਾ ਹੈ ਕਿਉਂਕਿ ਇਸ ਨਾਲ ਅਸੀਂ ਉਨ੍ਹਾਂ ਦਾ ਸਾਮ੍ਹਣਾ ਤਕੜਾਈ ਨਾਲ ਕਰ ਸਕਾਂਗੇ।—ਯੂਹੰ. 17:3.

ਪਰਮੇਸ਼ੁਰ ਤੋਂ ਦਿਲਾਸਾ ਪਾਉਣ ਵਾਲਿਆਂ ਦੀਆਂ ਮਿਸਾਲਾਂ

12. ਸਮਝਾਓ ਕਿ ਯਹੋਵਾਹ ਨੇ ਅਬਰਾਹਾਮ ਨੂੰ ਕਿਵੇਂ ਦਿਲਾਸਾ ਦਿੱਤਾ।

12 ਜ਼ਬੂਰਾਂ ਦੇ ਲਿਖਾਰੀ ਨੇ ਕਿਹਾ: “ਆਪਣੇ ਸੇਵਕ ਲਈ ਉਹ ਬਚਨ ਚੇਤੇ ਕਰ, ਜਿਹ ਦੇ ਉੱਤੇ ਤੈਂ [ਯਹੋਵਾਹ] ਮੈਨੂੰ ਆਸ ਦੁਆਈ ਹੈ! ਏਹੀ ਮੇਰੇ ਦੁਖ ਵਿੱਚ ਮੇਰੀ ਤਸੱਲੀ ਹੈ, ਭਈ ਤੇਰੇ ਬਚਨ ਨੇ ਮੈਨੂੰ ਜਿਵਾਲਿਆ ਹੈ।” (ਜ਼ਬੂ. 119:49, 50) ਅੱਜ ਸਾਡੇ ਕੋਲ ਯਹੋਵਾਹ ਦਾ ਬਚਨ ਹੈ ਜਿਸ ਵਿਚ ਪਰਮੇਸ਼ੁਰ ਤੋਂ ਦਿਲਾਸਾ ਪਾਉਣ ਵਾਲਿਆਂ ਦੀਆਂ ਕਈ ਮਿਸਾਲਾਂ ਦਰਜ ਹਨ। ਮਿਸਾਲ ਲਈ, ਅਬਰਾਹਾਮ ਉਦੋਂ ਫ਼ਿਕਰਾਂ ਵਿਚ ਪੈ ਗਿਆ ਜਦੋਂ ਉਸ ਨੂੰ ਪਤਾ ਲੱਗਾ ਕਿ ਯਹੋਵਾਹ ਸਦੂਮ ਸ਼ਹਿਰ ਨੂੰ ਨਾਸ਼ ਕਰਨ ਵਾਲਾ ਸੀ। ਉਸ ਨੇ ਪਰਮੇਸ਼ੁਰ ਤੋਂ ਪੁੱਛਿਆ: “ਕੀ ਤੂੰ ਧਰਮੀ ਨੂੰ ਕੁਧਰਮੀ ਨਾਲ ਨਾਸ ਕਰੇਂਗਾ?” ਯਹੋਵਾਹ ਨੇ ਅਬਰਾਹਾਮ ਨੂੰ ਭਰੋਸਾ ਦਿੰਦੇ ਹੋਏ ਦਿਲਾਸਾ ਦਿੱਤਾ ਕਿ ਜੇ ਸਿਰਫ਼ 50 ਧਰਮੀ ਹੋਏ, ਤਾਂ ਉਹ ਸ਼ਹਿਰ ਨੂੰ ਨਾਸ਼ ਨਹੀਂ ਕਰੇਗਾ। ਪਰ ਅਬਰਾਹਾਮ ਨੇ ਹੋਰ ਪੰਜ ਵਾਰ ਯਹੋਵਾਹ ਨੂੰ ਪੁੱਛਿਆ: ਫੇਰ ਕੀ ਜੇ ਉੱਥੇ ਸਿਰਫ਼ 45 ਧਰਮੀ ਹੋਏ? 40? 30? 20? 10? ਹਰ ਵਾਰ ਯਹੋਵਾਹ ਨੇ ਬੜੇ ਧੀਰਜ ਅਤੇ ਪਿਆਰ ਨਾਲ ਅਬਰਾਹਾਮ ਨੂੰ ਯਕੀਨ ਦਿਵਾਇਆ ਕਿ ਉਹ ਸ਼ਹਿਰ ਨੂੰ ਨਾਸ਼ ਨਹੀਂ ਕਰੇਗਾ। ਭਾਵੇਂ ਕਿ ਉਸ ਇਲਾਕੇ ਵਿਚ 10 ਧਰਮੀ ਵੀ ਨਹੀਂ ਸਨ, ਤਾਂ ਵੀ ਯਹੋਵਾਹ ਨੇ ਲੂਤ ਅਤੇ ਉਸ ਦੀਆਂ ਧੀਆਂ ਨੂੰ ਬਚਾ ਲਿਆ।—ਉਤ. 18:22-32; 19:15, 16, 26.

13. ਹੰਨਾਹ ਨੇ ਕਿਵੇਂ ਦਿਖਾਇਆ ਕਿ ਉਸ ਨੂੰ ਯਹੋਵਾਹ ’ਤੇ ਭਰੋਸਾ ਸੀ?

13 ਅਲਕਾਨਾਹ ਦੀ ਪਤਨੀ ਹੰਨਾਹ ਤਰਸਦੀ ਸੀ ਕਿ ਉਸ ਦੀ ਵੀ ਕੋਈ ਔਲਾਦ ਹੋਵੇ। ਉਹ ਬਾਂਝ ਹੋਣ ਕਾਰਨ ਦੁਖੀ ਸੀ। ਇਸ ਬਾਰੇ ਉਸ ਨੇ ਯਹੋਵਾਹ ਨੂੰ ਪ੍ਰਾਰਥਨਾ ਕੀਤੀ ਅਤੇ ਪ੍ਰਧਾਨ ਜਾਜਕ ਏਲੀ ਨੇ ਉਸ ਨੂੰ ਕਿਹਾ: “ਇਸਰਾਏਲ ਦਾ ਪਰਮੇਸ਼ੁਰ ਤੇਰੀ ਅਰਜੋਈ ਪੂਰੀ ਕਰੇ।” ਇਸ ਤੋਂ ਹੰਨਾਹ ਨੂੰ ਦਿਲਾਸਾ ਮਿਲਿਆ ਅਤੇ “ਉਹ ਦਾ ਮੂੰਹ ਉਦਾਸ ਨਾ ਰਿਹਾ।” (1 ਸਮੂ. 1:8, 17, 18) ਹੰਨਾਹ ਨੇ ਯਹੋਵਾਹ ’ਤੇ ਭਰੋਸਾ ਰੱਖਿਆ ਅਤੇ ਸਾਰਾ ਕੁਝ ਯਹੋਵਾਹ ਦੇ ਹੱਥਾਂ ਵਿਚ ਛੱਡ ਦਿੱਤਾ। ਭਾਵੇਂ ਕਿ ਉਸ ਨੂੰ ਪਤਾ ਨਹੀਂ ਸੀ ਕਿ ਕੀ ਹੋਵੇਗਾ, ਪਰ ਉਸ ਨੂੰ ਮਨ ਦੀ ਸ਼ਾਂਤੀ ਮਿਲੀ। ਸਮਾਂ ਆਉਣ ਤੇ ਯਹੋਵਾਹ ਨੇ ਉਸ ਦੀ ਪ੍ਰਾਰਥਨਾ ਦਾ ਜਵਾਬ ਦਿੱਤਾ। ਉਹ ਗਰਭਵਤੀ ਹੋਈ ਤੇ ਉਸ ਨੇ ਇਕ ਪੁੱਤਰ ਨੂੰ ਜਨਮ ਦਿੱਤਾ ਜਿਸ ਦਾ ਨਾਂ ਸਮੂਏਲ ਰੱਖਿਆ ਗਿਆ।—1 ਸਮੂ. 1:20.

14. ਦਾਊਦ ਨੂੰ ਦਿਲਾਸੇ ਦੀ ਕਿਉਂ ਲੋੜ ਸੀ ਅਤੇ ਉਸ ਨੇ ਕਿਸ ਤੋਂ ਦਿਲਾਸਾ ਪਾਇਆ?

14 ਪ੍ਰਾਚੀਨ ਇਸਰਾਏਲ ਦਾ ਰਾਜਾ ਦਾਊਦ ਇਕ ਹੋਰ ਮਿਸਾਲ ਹੈ ਜਿਸ ਨੂੰ ਯਹੋਵਾਹ ਤੋਂ ਦਿਲਾਸਾ ਮਿਲਿਆ ਸੀ। ਯਹੋਵਾਹ “ਰਿਦੇ ਨੂੰ ਵੇਖਦਾ ਹੈ,” ਇਸ ਲਈ ਜਦੋਂ ਯਹੋਵਾਹ ਨੇ ਦਾਊਦ ਨੂੰ ਇਸਰਾਏਲ ਦਾ ਰਾਜਾ ਚੁਣਿਆ, ਤਾਂ ਉਹ ਜਾਣਦਾ ਸੀ ਕਿ ਉਹ ਦਿਲ ਦਾ ਚੰਗਾ ਹੈ ਅਤੇ ਤਨ-ਮਨ ਨਾਲ ਸੱਚੀ ਭਗਤੀ ਕਰਦਾ ਹੈ। (1 ਸਮੂ. 16:7; 2 ਸਮੂ. 5:10) ਪਰ ਬਾਅਦ ਵਿਚ ਦਾਊਦ ਨੇ ਬਥ-ਸ਼ਬਾ ਨਾਲ ਵਿਭਚਾਰ ਕੀਤਾ ਅਤੇ ਉਸ ਦੇ ਪਤੀ ਨੂੰ ਮਾਰ ਕੇ ਆਪਣਾ ਪਾਪ ਲੁਕਾਉਣ ਦੀ ਕੋਸ਼ਿਸ਼ ਕੀਤੀ। ਜਦੋਂ ਦਾਊਦ ਨੂੰ ਅਹਿਸਾਸ ਹੋਇਆ ਕਿ ਉਸ ਨੇ ਕਿੰਨਾ ਗੰਭੀਰ ਪਾਪ ਕੀਤਾ ਸੀ, ਤਾਂ ਉਸ ਨੇ ਯਹੋਵਾਹ ਨੂੰ ਪ੍ਰਾਰਥਨਾ ਕੀਤੀ: “ਆਪਣੀ ਕਿਰਪਾ ਦੇ ਅਨੁਸਾਰ ਮੇਰੇ ਉੱਤੇ ਦਯਾ ਕਰ, ਆਪਣੀਆਂ ਰਹਮਤਾਂ ਦੀ ਰੇਲ ਪੇਲ ਅਨੁਸਾਰ ਮੇਰੇ ਅਪਰਾਧ ਮਿਟਾ ਦੇਹ! ਮੇਰੀ ਬਦੀ ਤੋਂ ਮੈਨੂੰ ਚੰਗੀ ਤਰਾਂ ਧੋ, ਅਤੇ ਮੇਰੇ ਪਾਪ ਤੋਂ ਮੈਨੂੰ ਸ਼ੁੱਧ ਕਰ, ਕਿਉਂ ਜੋ ਮੈਂ ਆਪਣੇ ਅਪਰਾਧ ਜਾਣਦਾ ਹਾਂ, ਅਤੇ ਮੇਰਾ ਪਾਪ ਸਦਾ ਮੇਰੇ ਸਾਹਮਣੇ ਹੈ।” (ਜ਼ਬੂ. 51:1-3) ਦਾਊਦ ਨੇ ਦਿਲੋਂ ਤੋਬਾ ਕੀਤੀ ਤੇ ਯਹੋਵਾਹ ਨੇ ਉਸ ਨੂੰ ਮਾਫ਼ ਕਰ ਦਿੱਤਾ, ਪਰ ਦਾਊਦ ਨੂੰ ਆਪਣੀ ਗ਼ਲਤੀ ਦੇ ਅੰਜਾਮ ਭੁਗਤਣੇ ਪਏ। (2 ਸਮੂ. 12:9-12) ਫਿਰ ਵੀ ਯਹੋਵਾਹ ਦੀ ਦਇਆ ਕਾਰਨ ਉਸ ਦੇ ਇਸ ਨਿਮਰ ਸੇਵਕ ਨੂੰ ਦਿਲਾਸਾ ਮਿਲਿਆ।

15. ਯਿਸੂ ਦੀ ਮੌਤ ਤੋਂ ਕੁਝ ਚਿਰ ਪਹਿਲਾਂ ਯਹੋਵਾਹ ਨੇ ਉਸ ਨੂੰ ਕਿਹੜੀ ਮਦਦ ਦਿੱਤੀ?

15 ਧਰਤੀ ’ਤੇ ਯਿਸੂ ਨੂੰ ਕਈ ਅਜ਼ਮਾਇਸ਼ਾਂ ਸਹਿਣੀਆਂ ਪਈਆਂ। ਪਰਮੇਸ਼ੁਰ ਨੇ ਉਨ੍ਹਾਂ ਅਜ਼ਮਾਇਸ਼ਾਂ ਨੂੰ ਯਿਸੂ ਉੱਤੇ ਆਉਣ ਦਿੱਤਾ ਅਤੇ ਯਿਸੂ ਨੇ ਆਪਣੀ ਵਫ਼ਾਦਾਰੀ ਬਣਾਈ ਰੱਖੀ ਕਿਉਂਕਿ ਉਸ ਨੂੰ ਹਮੇਸ਼ਾ ਯਹੋਵਾਹ ਉੱਤੇ ਭਰੋਸਾ ਸੀ ਅਤੇ ਉਹ ਉਸ ਦੀ ਹਕੂਮਤ ਦਾ ਪੱਖ ਲੈਂਦਾ ਸੀ। ਇੱਥੋਂ ਤਕ ਕਿ ਆਪਣੇ ਫੜਵਾਏ ਜਾਣ ਅਤੇ ਸੂਲੀ ’ਤੇ ਟੰਗੇ ਜਾਣ ਤੋਂ ਕੁਝ ਚਿਰ ਪਹਿਲਾਂ ਯਿਸੂ ਨੇ ਯਹੋਵਾਹ ਨੂੰ ਪ੍ਰਾਰਥਨਾ ਵਿਚ ਕਿਹਾ: “ਮੇਰੀ ਮਰਜ਼ੀ ਨਹੀਂ ਪਰ ਤੇਰੀ ਹੋਵੇ।” ਫਿਰ ਇਕ ਦੂਤ ਨੇ ਆ ਕੇ ਉਸ ਨੂੰ ਹੌਸਲਾ ਦਿੱਤਾ। (ਲੂਕਾ 22:42, 43) ਪਰਮੇਸ਼ੁਰ ਨੇ ਐਨ ਸਹੀ ਸਮੇਂ ਤੇ ਯਿਸੂ ਨੂੰ ਦਿਲਾਸਾ, ਤਾਕਤ ਅਤੇ ਸਹਾਰਾ ਦਿੱਤਾ ਜਿਸ ਦੀ ਉਸ ਨੂੰ ਲੋੜ ਸੀ।

16. ਵਫ਼ਾਦਾਰੀ ਰੱਖਣ ਕਰਕੇ ਜੇ ਸਾਨੂੰ ਮੌਤ ਦਾ ਵੀ ਸਾਮ੍ਹਣਾ ਕਰਨਾ ਪਿਆ, ਤਾਂ ਪਰਮੇਸ਼ੁਰ ਸਾਡੀ ਕਿਵੇਂ ਮਦਦ ਕਰ ਸਕਦਾ ਹੈ?

16 ਜੇ ਸਾਨੂੰ ਆਪਣੀ ਨਿਹਚਾ ਕਰਕੇ ਮੌਤ ਦਾ ਸਾਮ੍ਹਣਾ ਕਰਨਾ ਪਿਆ, ਉਦੋਂ ਵੀ ਵਫ਼ਾਦਾਰੀ ਬਣਾਈ ਰੱਖਣ ਵਿਚ ਯਹੋਵਾਹ ਸਾਡੀ ਮਦਦ ਕਰ ਸਕਦਾ ਹੈ ਤੇ ਉਹ ਕਰੇਗਾ ਵੀ। ਇਸ ਤੋਂ ਇਲਾਵਾ ਸਾਨੂੰ ਦੁਬਾਰਾ ਜੀ ਉੱਠਣ ਦੀ ਉਮੀਦ ਤੋਂ ਵੀ ਦਿਲਾਸਾ ਮਿਲਦਾ ਹੈ। ਅਸੀਂ ਉਸ ਦਿਨ ਦੀ ਬੇਸਬਰੀ ਨਾਲ ਉਡੀਕ ਕਰਦੇ ਹਾਂ ਜਦੋਂ ਆਖ਼ਰੀ ਦੁਸ਼ਮਣ ਮੌਤ ਦਾ “ਨਾਸ” ਕੀਤਾ ਜਾਵੇਗਾ। (1 ਕੁਰਿੰ. 15:26) ਪਰਮੇਸ਼ੁਰ ਦੇ ਜਿਨ੍ਹਾਂ ਵਫ਼ਾਦਾਰ ਸੇਵਕਾਂ ਅਤੇ ਹੋਰਨਾਂ ਲੋਕਾਂ ਦੀ ਮੌਤ ਹੋ ਚੁੱਕੀ ਹੈ, ਯਹੋਵਾਹ ਉਨ੍ਹਾਂ ਨੂੰ ਕਦੇ ਨਹੀਂ ਭੁੱਲਦਾ ਤੇ ਉਨ੍ਹਾਂ ਨੂੰ ਜ਼ਰੂਰ ਜੀਉਂਦੇ ਕਰੇਗਾ। (ਯੂਹੰ. 5:28, 29; ਰਸੂ. 24:15) ਇਸ ਵਾਅਦੇ ਉੱਤੇ ਵਿਸ਼ਵਾਸ ਕਰਨ ਨਾਲ ਸਾਨੂੰ ਦਿਲਾਸਾ ਮਿਲੇਗਾ ਅਤੇ ਸਤਾਹਟਾਂ ਸਹਿੰਦੇ ਸਮੇਂ ਸਾਡੀ ਉਮੀਦ ਹੋਰ ਵੀ ਪੱਕੀ ਹੋਵੇਗੀ।

17. ਕਿਸੇ ਅਜ਼ੀਜ਼ ਦੀ ਮੌਤ ਹੋਣ ਤੇ ਯਹੋਵਾਹ ਸਾਨੂੰ ਕਿਵੇਂ ਦਿਲਾਸਾ ਦੇ ਸਕਦਾ ਹੈ?

17 ਇਹ ਜਾਣ ਕੇ ਸਾਨੂੰ ਕਿੰਨਾ ਦਿਲਾਸਾ ਮਿਲਦਾ ਹੈ ਕਿ ਮੌਤ ਦੀ ਨੀਂਦ ਸੁੱਤੇ ਸਾਡੇ ਅਜ਼ੀਜ਼ਾਂ ਨੂੰ ਨਵੀਂ ਸ਼ਾਨਦਾਰ ਦੁਨੀਆਂ ਵਿਚ ਦੁਬਾਰਾ ਜੀਉਂਦਾ ਕੀਤਾ ਜਾਵੇਗਾ। ਫਿਰ ਉਨ੍ਹਾਂ ਨੂੰ ਕਦੇ ਕੋਈ ਦੁੱਖ ਨਹੀਂ ਸਹਿਣਾ ਪਵੇਗਾ! ਦੁਸ਼ਟ ਦੁਨੀਆਂ ਦੇ ਅੰਤ ਵਿੱਚੋਂ ਬਚੇ ਯਹੋਵਾਹ ਦੇ ਸੇਵਕਾਂ ਦੀ “ਵੱਡੀ ਭੀੜ” ਲਈ ਕਿੰਨਾ ਵੱਡਾ ਸਨਮਾਨ ਹੋਵੇਗਾ ਕਿ ਉਹ ਧਰਤੀ ਉੱਤੇ ਜੀ ਉੱਠੇ ਲੋਕਾਂ ਦਾ ਸੁਆਗਤ ਕਰਨਗੇ ਅਤੇ ਉਨ੍ਹਾਂ ਨੂੰ ਸਿੱਖਿਆ ਦੇਣਗੇ!—ਪਰ. 7:9, 10.

ਪਰਮੇਸ਼ੁਰ ਦੀਆਂ ਬਾਹਾਂ ਦਾ ਸਹਾਰਾ ਲਓ

18, 19. ਸਤਾਹਟਾਂ ਸਹਿੰਦੇ ਸਮੇਂ ਪਰਮੇਸ਼ੁਰ ਦੇ ਸੇਵਕਾਂ ਨੂੰ ਕਿਵੇਂ ਦਿਲਾਸਾ ਮਿਲਿਆ?

18 ਮੂਸਾ ਨੇ ਹੌਸਲਾ ਅਤੇ ਦਿਲਾਸਾ ਦੇਣ ਵਾਲੇ ਗੀਤ ਵਿਚ ਇਸਰਾਏਲ ਦੇ ਲੋਕਾਂ ਨੂੰ ਭਰੋਸਾ ਦਿਵਾਇਆ: “ਤੇਰੀ ਸ਼ਰਨ ਅਨਾਦੀ ਪਰਮੇਸ਼ੁਰ ਹੈ, ਤੇਰਾ ਸਹਾਰਾ ਉਸ ਦੀਆਂ ਅਨੰਤ ਕਾਲ ਤਕ ਰਹਿਣ ਵਾਲੀਆਂ ਬਾਹਾਂ ਹਨ।” (ਵਿਵ. 33:27, CL) ਬਾਅਦ ਵਿਚ ਸਮੂਏਲ ਨਬੀ ਨੇ ਇਸਰਾਏਲੀਆਂ ਨੂੰ ਕਿਹਾ: “ਯਹੋਵਾਹ ਦੇ ਮਗਰੋਂ ਲਾਂਭੇ ਨਾ ਹਟੋ ਸਗੋਂ ਆਪਣੇ ਸਾਰੇ ਮਨਾਂ ਨਾਲ ਯਹੋਵਾਹ ਦੀ ਉਪਾਸਨਾ ਕਰੋ। . . . ਕਿਉਂ ਜੋ ਯਹੋਵਾਹ ਆਪਣੇ ਵੱਡੇ ਨਾਮ ਦੇ ਲਈ ਆਪਣੀ ਪਰਜਾ ਦਾ ਤਿਆਗ ਨਾ ਕਰੇਗਾ।” (1 ਸਮੂ. 12:20-22) ਜਿੰਨਾ ਚਿਰ ਅਸੀਂ ਯਹੋਵਾਹ ਦੀ ਵਫ਼ਾਦਾਰੀ ਨਾਲ ਸੇਵਾ ਕਰਦੇ ਰਹਾਂਗੇ, ਯਹੋਵਾਹ ਸਾਨੂੰ ਕਦੇ ਵੀ ਤਿਆਗੇਗਾ ਨਹੀਂ। ਉਹ ਸਾਨੂੰ ਹਮੇਸ਼ਾ ਲੋੜੀਂਦੀ ਮਦਦ ਦਿੰਦਾ ਰਹੇਗਾ।

19 ਇਨ੍ਹਾਂ ਆਖ਼ਰੀ ਦਿਨਾਂ ਵਿਚ ਪਰਮੇਸ਼ੁਰ ਆਪਣੇ ਲੋਕਾਂ ਨੂੰ ਮਦਦ ਅਤੇ ਦਿਲਾਸਾ ਦੇ ਰਿਹਾ ਹੈ। ਪਿਛਲੇ 100 ਸਾਲਾਂ ਤੋਂ ਵੀ ਜ਼ਿਆਦਾ ਦੁਨੀਆਂ ਭਰ ਵਿਚ ਹਜ਼ਾਰਾਂ ਹੀ ਭੈਣਾਂ-ਭਰਾਵਾਂ ਨੂੰ ਯਹੋਵਾਹ ਦੀ ਸੇਵਾ ਕਰਨ ਕਰਕੇ ਸਤਾਇਆ ਗਿਆ ਹੈ ਅਤੇ ਜੇਲ੍ਹਾਂ ਵਿਚ ਸੁੱਟਿਆ ਗਿਆ ਹੈ। ਉਨ੍ਹਾਂ ਦੇ ਤਜਰਬਿਆਂ ਤੋਂ ਸਾਬਤ ਹੁੰਦਾ ਹੈ ਕਿ ਅਜ਼ਮਾਇਸ਼ਾਂ ਦੀਆਂ ਘੜੀਆਂ ਵਿਚ ਯਹੋਵਾਹ ਆਪਣੇ ਸੇਵਕਾਂ ਨੂੰ ਵਾਕਈ ਦਿਲਾਸਾ ਦਿੰਦਾ ਹੈ। ਮਿਸਾਲ ਲਈ, ਸਾਬਕਾ ਸੋਵੀਅਤ ਸੰਘ ਵਿਚ ਇਕ ਭਰਾ ਨੂੰ ਉਸ ਦੀ ਨਿਹਚਾ ਕਰਕੇ 23 ਸਾਲਾਂ ਤਕ ਜੇਲ੍ਹ ਵਿਚ ਰਹਿਣਾ ਪਿਆ। ਫਿਰ ਵੀ ਕਿਸੇ ਨਾ ਕਿਸੇ ਤਰੀਕੇ ਰਾਹੀਂ ਉਸ ਤਕ ਬਾਈਬਲ-ਆਧਾਰਿਤ ਸਾਹਿੱਤ ਪਹੁੰਚਾਇਆ ਗਿਆ, ਤਾਂਕਿ ਉਸ ਨੂੰ ਹੌਸਲਾ ਤੇ ਦਿਲਾਸਾ ਮਿਲ ਸਕੇ। ਉਸ ਨੇ ਕਿਹਾ: “ਉਨ੍ਹਾਂ ਸਾਰੇ ਸਾਲਾਂ ਦੌਰਾਨ ਮੈਂ ਯਹੋਵਾਹ ਉੱਤੇ ਭਰੋਸਾ ਕਰਨਾ ਸਿੱਖਿਆ ਅਤੇ ਉਸ ਤੋਂ ਮੈਨੂੰ ਤਾਕਤ ਮਿਲੀ।”—1 ਪਤਰਸ 5:6, 7 ਪੜ੍ਹੋ।

20. ਅਸੀਂ ਕਿਉਂ ਭਰੋਸਾ ਰੱਖ ਸਕਦੇ ਹਾਂ ਕਿ ਯਹੋਵਾਹ ਸਾਨੂੰ ਕਦੇ ਤਿਆਗੇਗਾ ਨਹੀਂ?

20 ਸਾਡੇ ਉੱਤੇ ਭਾਵੇਂ ਜਿਹੜੀ ਮਰਜ਼ੀ ਅਜ਼ਮਾਇਸ਼ ਆ ਜਾਵੇ, ਸਾਡੇ ਲਈ ਜ਼ਬੂਰਾਂ ਦੇ ਲਿਖਾਰੀ ਦੇ ਇਹ ਹੌਸਲਾ ਵਧਾਉਣ ਵਾਲੇ ਸ਼ਬਦਾਂ ਨੂੰ ਚੇਤੇ ਰੱਖਣਾ ਚੰਗਾ ਹੋਵੇਗਾ: “ਯਹੋਵਾਹ ਤਾਂ ਆਪਣੀ ਪਰਜਾ ਨੂੰ ਨਾ ਛੱਡੇਗਾ।” (ਜ਼ਬੂ. 94:14) ਇਹ ਠੀਕ ਹੈ ਕਿ ਸਾਨੂੰ ਖ਼ੁਦ ਨੂੰ ਦਿਲਾਸੇ ਦੀ ਲੋੜ ਪੈਂਦੀ ਹੈ, ਫਿਰ ਵੀ ਸਾਨੂੰ ਦੂਸਰਿਆਂ ਨੂੰ ਦਿਲਾਸਾ ਦੇਣ ਦਾ ਵੱਡਾ ਸਨਮਾਨ ਮਿਲਿਆ ਹੈ। ਅਗਲੇ ਲੇਖ ਵਿਚ ਅਸੀਂ ਦੇਖਾਂਗੇ ਕਿ ਅਸੀਂ ਇਸ ਦੁੱਖਾਂ ਭਰੀ ਦੁਨੀਆਂ ਵਿਚ ਲੋਕਾਂ ਨੂੰ ਕਿਵੇਂ ਹੌਸਲਾ ਦੇ ਸਕਦੇ ਹਾਂ।

ਤੁਸੀਂ ਕਿਵੇਂ ਜਵਾਬ ਦਿਓਗੇ?

• ਕਿਹੜੀਆਂ ਕੁਝ ਗੱਲਾਂ ਸਾਨੂੰ ਦੁਖੀ ਕਰ ਸਕਦੀਆਂ ਹਨ?

• ਯਹੋਵਾਹ ਆਪਣੇ ਸੇਵਕਾਂ ਨੂੰ ਕਿਵੇਂ ਦਿਲਾਸਾ ਦਿੰਦਾ ਹੈ?

• ਜੇ ਸਾਨੂੰ ਮੌਤ ਦਾ ਸਾਮ੍ਹਣਾ ਕਰਨਾ ਪਿਆ, ਤਾਂ ਕਿਹੜੀ ਗੱਲ ਸਾਨੂੰ ਦਿਲਾਸਾ ਦੇ ਸਕਦੀ ਹੈ?

[ਸਵਾਲ]

[ਸਫ਼ਾ 25 ਉੱਤੇ ਡੱਬੀ/ਤਸਵੀਰਾਂ]

ਹੇਠਾਂ ਦੱਸੀਆਂ ਚੀਜ਼ਾਂ ਉੱਤੇ ਅਸਰ ਕਰਨ ਵਾਲੀਆਂ ਗੱਲਾਂ ਨਾਲ ਕਿਵੇਂ ਸਿੱਝੀਏ

ਦਿਲ ਜ਼ਬੂ. 147:3; 1 ਯੂਹੰ. 3:19-22; 5:14, 15

ਮਨ ਜ਼ਬੂ. 94:19; ਫ਼ਿਲਿ. 4:6, 7

ਭਾਵਨਾਵਾਂ ਕੂਚ 14:13, 14; ਬਿਵ. 31:6

ਸਿਹਤ 2 ਕੁਰਿੰ. 4:8, 9

ਨਿਹਚਾ ਜ਼ਬੂ. 145:14; ਯਾਕੂ. 5:14, 15