Skip to content

Skip to table of contents

ਦੂਜਿਆਂ ਨੂੰ ਜ਼ਿੰਮੇਵਾਰੀਆਂ ਸੰਭਾਲਣ ਦੇ ਕਾਬਲ ਬਣਨਾ ਸਿਖਾਓ

ਦੂਜਿਆਂ ਨੂੰ ਜ਼ਿੰਮੇਵਾਰੀਆਂ ਸੰਭਾਲਣ ਦੇ ਕਾਬਲ ਬਣਨਾ ਸਿਖਾਓ

ਦੂਜਿਆਂ ਨੂੰ ਜ਼ਿੰਮੇਵਾਰੀਆਂ ਸੰਭਾਲਣ ਦੇ ਕਾਬਲ ਬਣਨਾ ਸਿਖਾਓ

“ਜਦੋਂ ਚੇਲਾ ਪੂਰੀ ਤਰ੍ਹਾਂ ਸਿੱਖ ਗਿਆ ਹੋਵੇ ਉਹ ਆਪਣੇ ਗੁਰੂ ਵਰਗਾ ਹੋਵੇਗਾ।”—ਲੂਕਾ 6:40, ERV.

1. ਧਰਤੀ ਉੱਤੇ ਪ੍ਰਚਾਰ ਕਰਨ ਦੌਰਾਨ ਯਿਸੂ ਨੇ ਕਲੀਸਿਯਾ ਦੀ ਨੀਂਹ ਕਿਵੇਂ ਰੱਖੀ?

ਯੂਹੰਨਾ ਰਸੂਲ ਨੇ ਆਪਣੀ ਇੰਜੀਲ ਦੇ ਅਖ਼ੀਰ ਵਿਚ ਲਿਖਿਆ: “ਹੋਰ ਵੀ ਢੇਰ ਸਾਰੇ ਕੰਮ ਹਨ ਜਿਹੜੇ ਯਿਸੂ ਨੇ ਕੀਤੇ। ਜੇ ਓਹ ਸੱਭੇ ਇੱਕ ਇੱਕ ਕਰਕੇ ਲਿਖੇ ਜਾਂਦੇ ਤਾਂ ਮੈਂ ਸਮਝਦਾ ਹਾਂ ਭਈ ਜਿਹੜੀਆਂ ਪੁਸਤਕਾਂ ਲਿਖੀਆਂ ਜਾਂਦੀਆਂ ਓਹ ਜਗਤ ਵਿੱਚ ਭੀ ਨਾ ਸਮਾਉਂਦੀਆਂ!” (ਯੂਹੰ. 21:25) ਧਰਤੀ ਉੱਤੇ ਯਿਸੂ ਨੇ ਥੋੜ੍ਹੇ ਚਿਰ ਵਿਚ ਬਹੁਤ ਸਾਰੇ ਕੰਮ ਕੀਤੇ ਜਿਨ੍ਹਾਂ ਵਿਚ ਜੋਸ਼ ਨਾਲ ਪ੍ਰਚਾਰ ਕਰਨਾ ਸ਼ਾਮਲ ਸੀ। ਇਸ ਸਮੇਂ ਦੌਰਾਨ ਉਸ ਨੇ ਆਦਮੀਆਂ ਨੂੰ ਲੱਭਣਾ ਸੀ, ਉਨ੍ਹਾਂ ਨੂੰ ਸਿਖਲਾਈ ਦੇਣੀ ਸੀ ਤਾਂਕਿ ਉਸ ਦੇ ਸਵਰਗ ਜਾਣ ਤੋਂ ਬਾਅਦ ਉਹ ਉਸ ਦੇ ਕੰਮ ਨੂੰ ਜਾਰੀ ਰੱਖਣ। ਜਦੋਂ ਉਹ 33 ਈਸਵੀ ਵਿਚ ਸਵਰਗ ਗਿਆ, ਤਾਂ ਉਹ ਆਪਣੇ ਪਿੱਛੇ ਧਰਤੀ ਉੱਤੇ ਇਕ ਛੋਟਾ ਜਿਹਾ ਸਮੂਹ ਛੱਡ ਗਿਆ ਜਿਸ ਦੀ ਜਲਦੀ ਹੀ ਗਿਣਤੀ ਵਧ ਕੇ ਹਜ਼ਾਰਾਂ ਹੋ ਗਈ। ਇਸ ਤਰ੍ਹਾਂ ਯਿਸੂ ਨੇ ਕਲੀਸਿਯਾ ਦੀ ਨੀਂਹ ਰੱਖੀ।—ਰਸੂ. 2:41, 42; 4:4; 6:7.

2, 3. (ੳ) ਬਪਤਿਸਮਾ-ਪ੍ਰਾਪਤ ਭਰਾਵਾਂ ਨੂੰ ਜ਼ਿੰਮੇਵਾਰੀਆਂ ਸੰਭਾਲਣ ਦੇ ਕਾਬਲ ਬਣਨ ਦੀ ਇੰਨੀ ਲੋੜ ਕਿਉਂ ਹੈ? (ਅ) ਇਸ ਲੇਖ ਵਿਚ ਅਸੀਂ ਕੀ ਦੇਖਾਂਗੇ?

2 ਅੱਜ ਦੁਨੀਆਂ ਭਰ ਵਿਚ ਇਕ ਲੱਖ ਤੋਂ ਜ਼ਿਆਦਾ ਕਲੀਸਿਯਾਵਾਂ ਵਿਚ ਸੱਤਰ ਲੱਖ ਤੋਂ ਜ਼ਿਆਦਾ ਰਾਜ ਦੇ ਜੋਸ਼ੀਲੇ ਪ੍ਰਚਾਰਕ ਹਨ। ਇਸ ਲਈ ਪਰਮੇਸ਼ੁਰ ਦੇ ਕੰਮਾਂ ਦੀ ਅਗਵਾਈ ਕਰਨ ਲਈ ਆਦਮੀਆਂ ਦੀ ਲੋੜ ਵਧਦੀ ਜਾ ਰਹੀ ਹੈ। ਮਿਸਾਲ ਲਈ, ਮਸੀਹੀ ਬਜ਼ੁਰਗਾਂ ਦੀ ਬਹੁਤ ਲੋੜ ਹੈ। ਜਿਹੜੇ ਆਦਮੀ ਸੇਵਾ ਕਰਨ ਦਾ ਇਹ ਸਨਮਾਨ ਪਾਉਣ ਦੇ ਕਾਬਲ ਬਣਨ ਦੀ ਕੋਸ਼ਿਸ਼ ਕਰਦੇ ਹਨ, ਉਹ ਤਾਰੀਫ਼ ਦੇ ਲਾਇਕ ਹਨ ਕਿਉਂਕਿ ਉਹ ‘ਚੰਗੇ ਕੰਮ ਨੂੰ ਚਾਹੁੰਦੇ’ ਹਨ।—1 ਤਿਮੋ. 3:1.

3 ਪਰ ਆਦਮੀ ਕਲੀਸਿਯਾ ਵਿਚ ਸਨਮਾਨ ਪਾਉਣ ਦੇ ਕਾਬਲ ਆਪਣੇ ਆਪ ਨਹੀਂ ਬਣ ਜਾਂਦੇ। ਕਿਸੇ ਆਦਮੀ ਨੂੰ ਸਿਰਫ਼ ਪੜ੍ਹਾਈ-ਲਿਖਾਈ ਜਾਂ ਜ਼ਿੰਦਗੀ ਦਾ ਤਜਰਬਾ ਇਸ ਕੰਮ ਲਈ ਤਿਆਰ ਨਹੀਂ ਕਰਦਾ। ਇਹ ਜ਼ਿੰਮੇਵਾਰੀ ਚੰਗੀ ਤਰ੍ਹਾਂ ਨਿਭਾਉਣ ਲਈ ਉਸ ਨੂੰ ਬਾਈਬਲ ਦੀਆਂ ਮੰਗਾਂ ਪੂਰੀਆਂ ਕਰਨ ਦੀ ਲੋੜ ਹੈ। ਆਪਣੀਆਂ ਕਾਬਲੀਅਤਾਂ ਜਾਂ ਪ੍ਰਾਪਤੀਆਂ ਨਾਲੋਂ ਜ਼ਿਆਦਾ ਜ਼ਰੂਰੀ ਹੈ ਉਸ ਵਿਚ ਪਰਮੇਸ਼ੁਰੀ ਗੁਣ ਹੋਣੇ। ਕਲੀਸਿਯਾ ਵਿਚ ਜ਼ਿੰਮੇਵਾਰੀਆਂ ਸੰਭਾਲਣ ਦੇ ਕਾਬਲ ਬਣਨ ਲਈ ਆਦਮੀਆਂ ਦੀ ਕਿਵੇਂ ਮਦਦ ਕੀਤੀ ਜਾ ਸਕਦੀ ਹੈ? ਯਿਸੂ ਨੇ ਕਿਹਾ: “ਜਦੋਂ ਚੇਲਾ ਪੂਰੀ ਤਰ੍ਹਾਂ ਸਿੱਖ ਗਿਆ ਹੋਵੇ ਉਹ ਆਪਣੇ ਗੁਰੂ ਵਰਗਾ ਹੋਵੇਗਾ।” (ਲੂਕਾ 6:40, ERV) ਇਸ ਲੇਖ ਵਿਚ ਅਸੀਂ ਕੁਝ ਤਰੀਕੇ ਦੇਖਾਂਗੇ ਜਿਨ੍ਹਾਂ ਰਾਹੀਂ ਮਹਾਨ ਸਿੱਖਿਅਕ ਯਿਸੂ ਮਸੀਹ ਨੇ ਵੱਡੀਆਂ ਜ਼ਿੰਮੇਵਾਰੀਆਂ ਦੇ ਲਾਇਕ ਬਣਨ ਵਿਚ ਆਪਣੇ ਚੇਲਿਆਂ ਦੀ ਮਦਦ ਕੀਤੀ। ਅਸੀਂ ਇਹ ਵੀ ਦੇਖਾਂਗੇ ਕਿ ਉਸ ਨੇ ਜੋ ਕੀਤਾ, ਉਸ ਤੋਂ ਅਸੀਂ ਕੀ ਸਿੱਖ ਸਕਦੇ ਹਾਂ।

‘ਮੈਂ ਤੁਹਾਨੂੰ ਮਿੱਤ੍ਰ ਆਖਿਆ ਹੈ’

4. ਯਿਸੂ ਨੇ ਕਿਵੇਂ ਦਿਖਾਇਆ ਕਿ ਉਹ ਆਪਣੇ ਚੇਲਿਆਂ ਦਾ ਪੱਕਾ ਦੋਸਤ ਸੀ?

4 ਯਿਸੂ ਆਪਣੇ ਚੇਲਿਆਂ ਨੂੰ ਦੋਸਤ ਸਮਝਦਾ ਸੀ ਤੇ ਉਨ੍ਹਾਂ ਨੂੰ ਆਪਣੇ ਤੋਂ ਨੀਵਾਂ ਨਹੀਂ ਸੀ ਸਮਝਦਾ। ਉਸ ਨੇ ਉਨ੍ਹਾਂ ਨਾਲ ਸਮਾਂ ਬਿਤਾਇਆ, ਉਨ੍ਹਾਂ ਉੱਤੇ ਭਰੋਸਾ ਰੱਖਿਆ ਅਤੇ ‘ਜੋ ਕੁਝ ਆਪਣੇ ਪਿਤਾ ਕੋਲੋਂ ਸੁਣਿਆ ਸੋ ਸਭ ਉਨ੍ਹਾਂ ਨੂੰ ਦੱਸ ਦਿੱਤਾ।’ (ਯੂਹੰਨਾ 15:15 ਪੜ੍ਹੋ।) ਕਲਪਨਾ ਕਰੋ ਕਿ ਉਹ ਕਿੰਨੇ ਖ਼ੁਸ਼ ਹੋਏ ਹੋਣੇ ਜਦੋਂ ਯਿਸੂ ਨੇ ਉਨ੍ਹਾਂ ਦੇ ਇਸ ਸਵਾਲ ਦਾ ਜਵਾਬ ਦਿੱਤਾ: “ਏਹ ਗੱਲਾਂ ਕਦ ਹੋਣਗੀਆਂ ਅਤੇ ਤੇਰੇ ਆਉਣ ਅਰ ਜੁਗ ਦੇ ਅੰਤ ਦਾ ਕੀ ਲੱਛਣ ਹੋਊ?” (ਮੱਤੀ 24:3, 4) ਉਸ ਨੇ ਉਨ੍ਹਾਂ ਨਾਲ ਆਪਣੇ ਵਿਚਾਰ ਅਤੇ ਭਾਵਨਾਵਾਂ ਵੀ ਸਾਂਝੀਆਂ ਕੀਤੀਆਂ। ਮਿਸਾਲ ਲਈ, ਜਿਸ ਰਾਤ ਯਿਸੂ ਨੂੰ ਫੜਵਾਇਆ ਜਾਣਾ ਸੀ, ਉਸ ਰਾਤ ਉਹ ਪਤਰਸ, ਯਾਕੂਬ ਅਤੇ ਯੂਹੰਨਾ ਨੂੰ ਗਥਸਮਨੀ ਦੇ ਬਾਗ਼ ਵਿਚ ਲੈ ਗਿਆ ਜਿੱਥੇ ਉਸ ਨੇ ਦੁਖੀ ਹੋਣ ਕਾਰਨ ਦਿਲੋਂ ਪ੍ਰਾਰਥਨਾ ਕੀਤੀ। ਇਨ੍ਹਾਂ ਤਿੰਨਾਂ ਰਸੂਲਾਂ ਨੇ ਸ਼ਾਇਦ ਨਾ ਸੁਣਿਆ ਹੋਵੇ ਕਿ ਯਿਸੂ ਪ੍ਰਾਰਥਨਾ ਵਿਚ ਕੀ ਕਹਿ ਰਿਹਾ ਸੀ, ਪਰ ਉਨ੍ਹਾਂ ਨੇ ਮੌਕੇ ਦੀ ਗੰਭੀਰਤਾ ਨੂੰ ਸਮਝਿਆ ਸੀ। (ਮਰ. 14:33-38) ਇਹ ਵੀ ਸੋਚੋ ਕਿ ਇਸ ਤੋਂ ਪਹਿਲਾਂ ਉਨ੍ਹਾਂ ਤਿੰਨਾਂ ਉੱਤੇ ਉਸ ਦਰਸ਼ਣ ਦਾ ਕਿੰਨਾ ਗਹਿਰਾ ਅਸਰ ਪਿਆ ਹੋਣਾ ਜਿਸ ਵਿਚ ਯਿਸੂ ਦਾ ਰੂਪ ਬਦਲ ਗਿਆ ਸੀ। (ਮਰ. 9:2-8; 2 ਪਤ. 1:16-18) ਯਿਸੂ ਨਾਲ ਪੱਕੀ ਦੋਸਤੀ ਹੋਣ ਕਰਕੇ ਉਸ ਦੇ ਚੇਲਿਆਂ ਨੂੰ ਇੰਨੀ ਤਾਕਤ ਮਿਲੀ ਕਿ ਉਹ ਬਾਅਦ ਵਿਚ ਭਾਰੀਆਂ ਜ਼ਿੰਮੇਵਾਰੀਆਂ ਨਿਭਾ ਸਕੇ।

5. ਮਸੀਹੀ ਬਜ਼ੁਰਗ ਕਿਨ੍ਹਾਂ ਤਰੀਕਿਆਂ ਨਾਲ ਹੋਰਨਾਂ ਦੀ ਮਦਦ ਕਰਦੇ ਹਨ?

5 ਯਿਸੂ ਵਾਂਗ ਅੱਜ ਮਸੀਹੀ ਬਜ਼ੁਰਗ ਹੋਰਨਾਂ ਨਾਲ ਦੋਸਤੀ ਕਰਦੇ ਹਨ ਅਤੇ ਉਨ੍ਹਾਂ ਦੀ ਮਦਦ ਵੀ ਕਰਦੇ ਹਨ। ਉਹ ਸਮਾਂ ਕੱਢ ਕੇ ਭੈਣਾਂ-ਭਰਾਵਾਂ ਵਿਚ ਦਿਲਚਸਪੀ ਲੈਣ ਦੁਆਰਾ ਉਨ੍ਹਾਂ ਨਾਲ ਪਿਆਰ ਭਰਿਆ ਰਿਸ਼ਤਾ ਕਾਇਮ ਕਰਦੇ ਹਨ। ਹਾਲਾਂਕਿ ਬਜ਼ੁਰਗ ਇਸ ਗੱਲ ਦੀ ਮਹੱਤਤਾ ਜਾਣਦੇ ਹਨ ਕਿ ਉਨ੍ਹਾਂ ਨੂੰ ਕੁਝ ਗੱਲਾਂ ਆਪਣੇ ਤਕ ਹੀ ਰੱਖਣੀਆਂ ਚਾਹੀਦੀਆਂ ਹਨ, ਪਰ ਉਹ ਉਨ੍ਹਾਂ ਗੱਲਾਂ ਨੂੰ ਨਹੀਂ ਲੁਕਾਉਂਦੇ ਜਿਨ੍ਹਾਂ ਨੂੰ ਦੱਸਣ ਵਿਚ ਕੋਈ ਹਰਜ਼ ਨਹੀਂ। ਬਜ਼ੁਰਗ ਆਪਣੇ ਭੈਣਾਂ-ਭਰਾਵਾਂ ’ਤੇ ਭਰੋਸਾ ਰੱਖਦੇ ਹਨ ਅਤੇ ਸਿੱਖੀਆਂ ਸੱਚਾਈਆਂ ਉਨ੍ਹਾਂ ਨਾਲ ਸਾਂਝੀਆਂ ਕਰਦੇ ਹਨ। ਨਾਲੇ ਉਹ ਕਿਸੇ ਵੀ ਸਹਾਇਕ ਸੇਵਕ ਨੂੰ ਆਪਣੇ ਤੋਂ ਨੀਵਾਂ ਨਹੀਂ ਸਮਝਦੇ ਜੋ ਸ਼ਾਇਦ ਉਮਰ ਵਿਚ ਛੋਟਾ ਹੋਵੇ। ਇਸ ਦੀ ਬਜਾਇ, ਉਹ ਉਸ ਨੂੰ ਆਪਣਾ ਭਰਾ ਮੰਨਦੇ ਹਨ ਜਿਸ ਵਿਚ ਚੰਗੇ ਗੁਣ ਹਨ ਅਤੇ ਕਲੀਸਿਯਾ ਦੇ ਫ਼ਾਇਦੇ ਲਈ ਕਾਫ਼ੀ ਕੁਝ ਕਰ ਰਿਹਾ ਹੈ।

“ਮੈਂ ਤੁਹਾਨੂੰ ਇੱਕ ਨਮੂਨਾ ਦੇ ਛੱਡਿਆ ਹੈ”

6, 7. ਦੱਸੋ ਕਿ ਯਿਸੂ ਨੇ ਆਪਣੇ ਚੇਲਿਆਂ ਲਈ ਕਿਹੋ ਜਿਹੀ ਮਿਸਾਲ ਕਾਇਮ ਕੀਤੀ ਅਤੇ ਇਸ ਦਾ ਉਨ੍ਹਾਂ ਉੱਤੇ ਕੀ ਪ੍ਰਭਾਵ ਪਿਆ।

6 ਭਾਵੇਂ ਕਿ ਯਿਸੂ ਦੇ ਚੇਲੇ ਪਰਮੇਸ਼ੁਰੀ ਗੱਲਾਂ ਦੀ ਕਦਰ ਕਰਦੇ ਸਨ, ਪਰ ਕਦੇ-ਕਦੇ ਉਨ੍ਹਾਂ ਦੀ ਸੋਚ ਉੱਤੇ ਉਨ੍ਹਾਂ ਦੇ ਪਿਛੋਕੜ ਅਤੇ ਸਭਿਆਚਾਰ ਦਾ ਅਸਰ ਹੁੰਦਾ ਸੀ। (ਮੱਤੀ 19:9, 10; ਲੂਕਾ 9:46-48; ਯੂਹੰ. 4:27) ਪਰ ਯਿਸੂ ਨੇ ਆਪਣੇ ਚੇਲਿਆਂ ’ਤੇ ਲੈਕਚਰ ਨਹੀਂ ਝਾੜਿਆ ਜਾਂ ਉਨ੍ਹਾਂ ਨੂੰ ਡਰਾਇਆ-ਧਮਕਾਇਆ ਨਹੀਂ। ਉਸ ਨੇ ਉਨ੍ਹਾਂ ਤੋਂ ਹੱਦੋਂ ਵਧ ਉਮੀਦਾਂ ਨਹੀਂ ਰੱਖੀਆਂ ਅਤੇ ਨਾ ਹੀ ਉਨ੍ਹਾਂ ਨੂੰ ਉਹ ਕੰਮ ਕਰਨ ਦੀ ਸਲਾਹ ਦਿੱਤੀ ਜੋ ਉਹ ਖ਼ੁਦ ਨਹੀਂ ਸੀ ਕਰਦਾ। ਇਸ ਦੇ ਉਲਟ, ਯਿਸੂ ਨੇ ਚੰਗੀ ਮਿਸਾਲ ਕਾਇਮ ਕਰ ਕੇ ਉਨ੍ਹਾਂ ਨੂੰ ਸਿਖਾਇਆ।—ਯੂਹੰਨਾ 13:15 ਪੜ੍ਹੋ।

7 ਯਿਸੂ ਨੇ ਆਪਣੇ ਚੇਲਿਆਂ ਲਈ ਕਿਹੋ ਜਿਹੀ ਮਿਸਾਲ ਕਾਇਮ ਕੀਤੀ? (1 ਪਤ. 2:21) ਉਸ ਨੇ ਆਪਣੀ ਜ਼ਿੰਦਗੀ ਸਾਦੀ ਰੱਖੀ ਤਾਂਕਿ ਉਹ ਦੂਜਿਆਂ ਦੀ ਬਿਨਾਂ ਕਿਸੇ ਰੁਕਾਵਟ ਸੇਵਾ ਕਰ ਸਕੇ। (ਲੂਕਾ 9:58) ਯਿਸੂ ਫੜ੍ਹਾਂ ਨਹੀਂ ਸੀ ਮਾਰਦਾ, ਸਗੋਂ ਹਮੇਸ਼ਾ ਸ਼ਾਸਤਰਾਂ ਤੋਂ ਸਿੱਖਿਆ ਦਿੰਦਾ ਸੀ। (ਯੂਹੰ. 5:19; 17:14, 17) ਉਹ ਚੰਗੇ ਦਿਲ ਵਾਲਾ ਸੀ ਜਿਸ ਕਰਕੇ ਕੋਈ ਵੀ ਉਸ ਕੋਲ ਆਉਣ ਤੋਂ ਡਰਦਾ ਨਹੀਂ ਸੀ। ਉਸ ਨੇ ਜੋ ਵੀ ਕੀਤਾ, ਪਿਆਰ ਦੀ ਖ਼ਾਤਰ ਕੀਤਾ। (ਮੱਤੀ 19:13-15; ਯੂਹੰ. 15:12) ਯਿਸੂ ਦਾ ਉਸ ਦੇ ਚੇਲਿਆਂ ਉੱਤੇ ਬਹੁਤ ਚੰਗਾ ਪ੍ਰਭਾਵ ਪਿਆ। ਮਿਸਾਲ ਲਈ, ਯਾਕੂਬ ਮੌਤ ਦੇ ਅੱਗੇ ਝੁਕਿਆ ਨਹੀਂ, ਸਗੋਂ ਮਰਦੇ ਦਮ ਤਕ ਪਰਮੇਸ਼ੁਰ ਦੀ ਵਫ਼ਾਦਾਰੀ ਨਾਲ ਸੇਵਾ ਕਰਦਾ ਰਿਹਾ। (ਰਸੂ. 12:1, 2) ਯੂਹੰਨਾ 60 ਤੋਂ ਜ਼ਿਆਦਾ ਸਾਲਾਂ ਤਾਈਂ ਯਿਸੂ ਦੇ ਨਕਸ਼ੇ-ਕਦਮਾਂ ’ਤੇ ਚੱਲਦਾ ਰਿਹਾ।—ਪਰ. 1:1, 2, 9.

8. ਬਜ਼ੁਰਗ ਉਮਰ ਵਿਚ ਛੋਟੇ ਭਰਾਵਾਂ ਅਤੇ ਹੋਰਨਾਂ ਲਈ ਕਿਹੜੀ ਮਿਸਾਲ ਕਾਇਮ ਕਰਦੇ ਹਨ?

8 ਨਿਮਰ ਬਜ਼ੁਰਗ ਪਿਆਰ ਦਿਖਾਉਂਦੇ ਹਨ ਅਤੇ ਦੂਜਿਆਂ ਦੀ ਮਦਦ ਕਰਨ ਲਈ ਆਪਣਾ ਸਮਾਂ ਤੇ ਤਾਕਤ ਲਾਉਂਦੇ ਹਨ, ਉਹ ਉਮਰ ਵਿਚ ਆਪਣੇ ਤੋਂ ਛੋਟੇ ਭਰਾਵਾਂ ਲਈ ਚੰਗੀ ਮਿਸਾਲ ਬਣਦੇ ਹਨ। (1 ਪਤ. 5:2, 3) ਇਸ ਤੋਂ ਇਲਾਵਾ, ਬਜ਼ੁਰਗ ਤਕੜੀ ਨਿਹਚਾ ਰੱਖ ਕੇ, ਸਿੱਖਿਆ ਦੇ ਕੇ, ਬਾਈਬਲ ਮੁਤਾਬਕ ਜ਼ਿੰਦਗੀ ਜੀ ਕੇ ਅਤੇ ਜੋਸ਼ ਨਾਲ ਪ੍ਰਚਾਰ ਕਰ ਕੇ ਖ਼ੁਸ਼ ਹੁੰਦੇ ਹਨ ਕਿ ਦੂਸਰੇ ਭੈਣ-ਭਰਾ ਉਨ੍ਹਾਂ ਦੀ ਰੀਸ ਕਰ ਸਕਦੇ ਹਨ।—ਇਬ. 13:7.

‘ਯਿਸੂ ਨੇ ਆਗਿਆ ਦੇ ਕੇ ਉਨ੍ਹਾਂ ਨੂੰ ਘੱਲਿਆ’

9. ਅਸੀਂ ਕਿਵੇਂ ਜਾਣਦੇ ਹਾਂ ਕਿ ਯਿਸੂ ਨੇ ਆਪਣੇ ਚੇਲਿਆਂ ਨੂੰ ਪ੍ਰਚਾਰ ਕਰਨ ਲਈ ਸਿਖਲਾਈ ਦਿੱਤੀ ਸੀ?

9 ਦੋ ਸਾਲਾਂ ਤਾਈਂ ਜੋਸ਼ ਨਾਲ ਪ੍ਰਚਾਰ ਕਰਨ ਤੋਂ ਬਾਅਦ, ਯਿਸੂ ਨੇ ਆਪਣੇ 12 ਰਸੂਲਾਂ ਨੂੰ ਵੀ ਪ੍ਰਚਾਰ ਕਰਨ ਲਈ ਭੇਜਿਆ। ਪਰ ਪਹਿਲਾਂ ਉਸ ਨੇ ਉਨ੍ਹਾਂ ਨੂੰ ਹਿਦਾਇਤਾਂ ਦਿੱਤੀਆਂ। (ਮੱਤੀ 10:5-14) ਜਦੋਂ ਉਹ ਹਜ਼ਾਰਾਂ ਹੀ ਲੋਕਾਂ ਨੂੰ ਚਮਤਕਾਰੀ ਢੰਗ ਨਾਲ ਖਾਣਾ ਖਿਲਾਉਣ ਵਾਲਾ ਸੀ, ਤਾਂ ਉਸ ਨੇ ਆਪਣੇ ਚੇਲਿਆਂ ਨੂੰ ਦੱਸਿਆ ਕਿ ਉਹ ਲੋਕਾਂ ਨੂੰ ਟੋਲੀਆਂ ਬਣਾ ਕੇ ਬਿਠਾਉਣ ਤਾਂਕਿ ਸਾਰਿਆਂ ਨੂੰ ਬਰਾਬਰ ਖਾਣਾ ਮਿਲੇ। (ਲੂਕਾ 9:12-17) ਇਸ ਤੋਂ ਜ਼ਾਹਰ ਹੈ ਕਿ ਯਿਸੂ ਨੇ ਆਪਣੇ ਚੇਲਿਆਂ ਨੂੰ ਸਪੱਸ਼ਟ ਹਿਦਾਇਤਾਂ ਦੇ ਕੇ ਸਿਖਲਾਈ ਦਿੱਤੀ। ਇਸ ਸਿਖਲਾਈ ਅਤੇ ਪਵਿੱਤਰ ਸ਼ਕਤੀ ਦੇ ਜ਼ਬਰਦਸਤ ਪ੍ਰਭਾਵ ਸਦਕਾ, ਰਸੂਲ ਬਾਅਦ ਵਿਚ ਵੱਡੇ ਪੈਮਾਨੇ ਤੇ ਪ੍ਰਚਾਰ ਕਰਨ ਲਈ ਤਿਆਰ ਸਨ ਜੋ 33 ਈਸਵੀ ਤੋਂ ਸ਼ੁਰੂ ਹੋ ਕੇ ਅੱਗੋਂ ਜਾਰੀ ਰਿਹਾ।

10, 11. ਨਵੇਂ ਭਰਾਵਾਂ ਨੂੰ ਕਿਨ੍ਹਾਂ ਤਰੀਕਿਆਂ ਨਾਲ ਸਿਖਲਾਈ ਦਿੱਤੀ ਜਾ ਸਕਦੀ ਹੈ?

10 ਅੱਜ ਜਦੋਂ ਕੋਈ ਆਦਮੀ ਬਾਈਬਲ ਸਟੱਡੀ ਕਰਨ ਲੱਗਦਾ ਹੈ, ਤਾਂ ਉਸ ਦੀ ਸਿਖਲਾਈ ਉਦੋਂ ਤੋਂ ਹੀ ਸ਼ੁਰੂ ਹੋ ਜਾਂਦੀ ਹੈ। ਸਾਨੂੰ ਸ਼ਾਇਦ ਉਸ ਦੀ ਚੰਗੀ ਤਰ੍ਹਾਂ ਪੜ੍ਹਨ ਵਿਚ ਮਦਦ ਕਰਨੀ ਪਵੇ। ਜਿੱਦਾਂ-ਜਿੱਦਾਂ ਅਸੀਂ ਉਸ ਨੂੰ ਬਾਈਬਲ ਸਟੱਡੀ ਕਰਾਉਂਦੇ ਜਾਂਦੇ ਹਾਂ, ਅਸੀਂ ਹੋਰਨਾਂ ਤਰੀਕਿਆਂ ਨਾਲ ਉਸ ਦੀ ਮਦਦ ਕਰਦੇ ਰਹਾਂਗੇ। ਫਿਰ ਜਦੋਂ ਉਹ ਮੀਟਿੰਗਾਂ ਵਿਚ ਲਗਾਤਾਰ ਆਉਣਾ ਸ਼ੁਰੂ ਕਰ ਦਿੰਦਾ ਹੈ, ਤਾਂ ਉਸ ਨੂੰ ਹੋਰ ਸਿਖਲਾਈ ਮਿਲੇਗੀ ਜਿਉਂ ਹੀ ਉਹ ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ ਵਿਚ ਹਿੱਸਾ ਲੈਂਦਾ ਹੈ ਅਤੇ ਪਬਲੀਸ਼ਰ ਬਣਦਾ ਹੈ ਵਗੈਰਾ-ਵਗੈਰਾ। ਬਪਤਿਸਮਾ ਲੈਣ ਤੋਂ ਬਾਅਦ ਵੀ ਉਸ ਨੂੰ ਕਿੰਗਡਮ ਹਾਲ ਦੀ ਸਾਂਭ-ਸੰਭਾਲ ਕਰਨ ਵਰਗੇ ਕੰਮਾਂ ਵਿਚ ਸਿਖਲਾਈ ਮਿਲਦੀ ਰਹੇਗੀ। ਸਮੇਂ ਦੇ ਬੀਤਣ ਨਾਲ ਇਸ ਭਰਾ ਦੀ ਇਹ ਦੇਖਣ ਵਿਚ ਮਦਦ ਕੀਤੀ ਜਾ ਸਕਦੀ ਹੈ ਕਿ ਉਸ ਨੂੰ ਸਹਾਇਕ ਸੇਵਕ ਬਣਨ ਲਈ ਕੀ ਕੁਝ ਕਰਨ ਦੀ ਲੋੜ ਹੈ।

11 ਜਦੋਂ ਇਕ ਬਜ਼ੁਰਗ ਬਪਤਿਸਮਾ-ਪ੍ਰਾਪਤ ਭਰਾ ਨੂੰ ਜ਼ਿੰਮੇਵਾਰੀ ਦਿੰਦਾ ਹੈ, ਤਾਂ ਉਹ ਸਾਫ਼-ਸਾਫ਼ ਸਮਝਾਉਂਦਾ ਹੈ ਕਿ ਕਲੀਸਿਯਾਵਾਂ ਵਿਚ ਭਰਾ ਇਹ ਜ਼ਿੰਮੇਵਾਰੀਆਂ ਕਿਸ ਤਰੀਕੇ ਨਾਲ ਨਿਭਾਉਂਦੇ ਹਨ ਅਤੇ ਉਸ ਨੂੰ ਵੀ ਕੀ ਕਰਨ ਦੀ ਲੋੜ ਹੈ। ਇਸ ਭਰਾ ਨੂੰ ਵੀ ਸਮਝਣਾ ਚਾਹੀਦਾ ਹੈ ਕਿ ਉਸ ਤੋਂ ਕੀ ਕਰਨ ਦੀ ਉਮੀਦ ਰੱਖੀ ਜਾਂਦੀ ਹੈ। ਜੇ ਉਸ ਨੂੰ ਕਿਸੇ ਜ਼ਿੰਮੇਵਾਰੀ ਨੂੰ ਨਿਭਾਉਣ ਵਿਚ ਔਖਿਆਈ ਆ ਰਹੀ ਹੈ, ਤਾਂ ਬਜ਼ੁਰਗ ਨੂੰ ਫਟਾਫਟ ਇਹ ਨਹੀਂ ਸੋਚਣਾ ਚਾਹੀਦਾ ਹੈ ਕਿ ਇਹ ਭਰਾ ਜ਼ਿੰਮੇਵਾਰੀ ਦੇ ਕਾਬਲ ਨਹੀਂ ਹੈ। ਇਸ ਦੇ ਉਲਟ, ਬਜ਼ੁਰਗ ਪਿਆਰ ਨਾਲ ਉਸ ਨੂੰ ਦੱਸੇਗਾ ਕਿ ਉਸ ਨੂੰ ਕਿਹੜੀਆਂ ਗੱਲਾਂ ਵਿਚ ਸੁਧਾਰ ਕਰਨ ਦੀ ਲੋੜ ਹੈ ਅਤੇ ਫਿਰ ਉਹ ਦੁਬਾਰਾ ਸਮਝਾਏਗਾ ਕਿ ਇਹ ਕੰਮ ਕਿਸ ਤਰ੍ਹਾਂ ਕਰਨਾ ਹੈ। ਬਜ਼ੁਰਗ ਖ਼ੁਸ਼ ਹੁੰਦੇ ਹਨ ਜਦੋਂ ਭਰਾ ਉਨ੍ਹਾਂ ਦੇ ਕਹਿਣੇ ਮੁਤਾਬਕ ਚੱਲਦੇ ਹਨ ਅਤੇ ਦੂਜਿਆਂ ਦੀ ਸੇਵਾ ਕਰ ਕੇ ਖ਼ੁਸ਼ ਹੁੰਦੇ ਹਨ।—ਰਸੂ. 20:35.

“ਬੁੱਧਵਾਨ ਸਲਾਹ ਨੂੰ ਮੰਨ ਲੈਂਦਾ ਹੈ”

12. ਯਿਸੂ ਦੀ ਸਲਾਹ ਇੰਨੀ ਫ਼ਾਇਦੇਮੰਦ ਕਿਉਂ ਸੀ?

12 ਯਿਸੂ ਨੇ ਆਪਣੇ ਚੇਲਿਆਂ ਦੀਆਂ ਲੋੜਾਂ ਮੁਤਾਬਕ ਉਨ੍ਹਾਂ ਨੂੰ ਤਾੜਿਆ। ਮਿਸਾਲ ਲਈ, ਉਸ ਨੇ ਯਾਕੂਬ ਅਤੇ ਯੂਹੰਨਾ ਨੂੰ ਝਿੜਕਿਆ ਕਿਉਂਕਿ ਉਹ ਯਿਸੂ ਦਾ ਸੁਆਗਤ ਨਾ ਕਰਨ ਵਾਲੇ ਕੁਝ ਸਾਮਰੀ ਲੋਕਾਂ ਉੱਤੇ ਅੱਗ ਵਰ੍ਹਾਉਣੀ ਚਾਹੁੰਦੇ ਸਨ। (ਲੂਕਾ 9:52-55) ਜਦੋਂ ਯਾਕੂਬ ਅਤੇ ਯੂਹੰਨਾ ਦੀ ਮਾਤਾ ਉਨ੍ਹਾਂ ਵੱਲੋਂ ਯਿਸੂ ਨੂੰ ਪੁੱਛਣ ਆਈ ਕਿ ਉਨ੍ਹਾਂ ਨੂੰ ਉਸ ਦੇ ਰਾਜ ਵਿਚ ਉੱਚੀਆਂ ਪਦਵੀਆਂ ਮਿਲਣ, ਤਾਂ ਯਿਸੂ ਨੇ ਇਨ੍ਹਾਂ ਦੋਵਾਂ ਭਰਾਵਾਂ ਨੂੰ ਸਿੱਧਾ ਕਿਹਾ: “ਸੱਜੇ ਖੱਬੇ ਬਿਠਾਲਨਾ ਮੇਰਾ ਕੰਮ ਨਹੀਂ ਪਰ ਉਨ੍ਹਾਂ ਲਈ ਹੈ ਜਿਨ੍ਹਾਂ ਲਈ ਮੇਰੇ ਪਿਤਾ ਨੇ ਉਹ ਨੂੰ ਤਿਆਰ ਕੀਤਾ ਹੈ।” (ਮੱਤੀ 20:20-23) ਯਿਸੂ ਨੇ ਹਰ ਸਮੇਂ ਸਾਫ਼-ਸਾਫ਼ ਅਤੇ ਫ਼ਾਇਦੇਮੰਦ ਸਲਾਹ ਦਿੱਤੀ ਜੋ ਪੂਰੀ ਤਰ੍ਹਾਂ ਪਰਮੇਸ਼ੁਰ ਦੇ ਅਸੂਲਾਂ ਉੱਤੇ ਆਧਾਰਿਤ ਸੀ। ਉਸ ਨੇ ਆਪਣੇ ਚੇਲਿਆਂ ਨੂੰ ਇਨ੍ਹਾਂ ਅਸੂਲਾਂ ਉੱਤੇ ਸੋਚ-ਵਿਚਾਰ ਕਰਨਾ ਸਿਖਾਇਆ। (ਮੱਤੀ 17:24-27) ਯਿਸੂ ਨੇ ਇਹ ਵੀ ਦੇਖਿਆ ਕਿ ਉਹ ਕਿੰਨਾ ਕੁਝ ਕਰ ਸਕਦੇ ਸਨ, ਇਸ ਲਈ ਉਸ ਨੇ ਇਹ ਉਮੀਦ ਨਹੀਂ ਰੱਖੀ ਕਿ ਉਹ ਹਮੇਸ਼ਾ ਸਾਰਾ ਕੁਝ ਸਹੀ ਕਰਨਗੇ। ਉਹ ਉਨ੍ਹਾਂ ਨੂੰ ਇਸ ਲਈ ਤਾੜਦਾ ਸੀ ਕਿਉਂਕਿ ਉਹ ਉਨ੍ਹਾਂ ਨਾਲ ਬਹੁਤ ਪਿਆਰ ਕਰਦਾ ਸੀ।—ਯੂਹੰ. 13:1.

13, 14. (ੳ) ਸਲਾਹ ਦੀ ਕਿਸ ਨੂੰ ਲੋੜ ਹੁੰਦੀ ਹੈ? (ਅ) ਉਦਾਹਰਣਾਂ ਦੇ ਕੇ ਦੱਸੋ ਕਿ ਬਜ਼ੁਰਗ ਉਸ ਭਰਾ ਨੂੰ ਕਿਹੜੀ ਸਲਾਹ ਦੇ ਸਕਦਾ ਹੈ ਜੋ ਅੱਗੇ ਨਹੀਂ ਵਧ ਰਿਹਾ।

13 ਜਿਹੜਾ ਵੀ ਭਰਾ ਕਲੀਸਿਯਾ ਵਿਚ ਜ਼ਿੰਮੇਵਾਰੀ ਸੰਭਾਲਣ ਦੇ ਕਾਬਲ ਬਣਨ ਦੀ ਕੋਸ਼ਿਸ਼ ਕਰ ਰਿਹਾ ਹੈ, ਉਸ ਨੂੰ ਕਿਸੇ-ਨਾ-ਕਿਸੇ ਸਮੇਂ ਤੇ ਬਾਈਬਲ ਤੋਂ ਸਲਾਹ ਦੀ ਲੋੜ ਪਵੇਗੀ। ਕਹਾਉਤਾਂ 12:15 ਕਹਿੰਦਾ ਹੈ: “ਬੁੱਧਵਾਨ ਸਲਾਹ ਨੂੰ ਮੰਨ ਲੈਂਦਾ ਹੈ।” ਇਕ ਨੌਜਵਾਨ ਭਰਾ ਕਹਿੰਦਾ ਹੈ: “ਮੇਰੇ ਲਈ ਸਭ ਤੋਂ ਵੱਡੀ ਚੁਣੌਤੀ ਆਪਣੀਆਂ ਕਮੀਆਂ-ਕਮਜ਼ੋਰੀਆਂ ਨਾਲ ਨਿਪਟਣਾ ਸੀ। ਪਰ ਇਕ ਬਜ਼ੁਰਗ ਨੇ ਮੈਨੂੰ ਆਪਣੇ ਬਾਰੇ ਸਹੀ ਨਜ਼ਰੀਆ ਰੱਖਣ ਦੀ ਸਲਾਹ ਦਿੱਤੀ।”

14 ਜੇ ਬਜ਼ੁਰਗ ਦੇਖਦੇ ਹਨ ਕਿ ਭਰਾ ਕੁਝ ਗ਼ਲਤ ਕਰ ਰਿਹਾ ਹੈ ਜਿਸ ਕਰਕੇ ਉਹ ਅੱਗੇ ਨਹੀਂ ਵਧ ਰਿਹਾ, ਤਾਂ ਉਹ ਫ਼ੌਰਨ ਨਰਮਾਈ ਨਾਲ ਉਸ ਨੂੰ ਸੁਧਾਰਨ ਦੀ ਕੋਸ਼ਿਸ਼ ਕਰਦੇ ਹਨ। (ਗਲਾ. 6:1) ਕਦੇ-ਕਦੇ ਬਜ਼ੁਰਗਾਂ ਨੂੰ ਅਜਿਹੇ ਭਰਾ ਨੂੰ ਸਲਾਹ ਦੇਣ ਦੀ ਲੋੜ ਪੈਂਦੀ ਹੈ ਜੇ ਉਸ ਦਾ ਰਵੱਈਆ ਠੀਕ ਨਾ ਹੋਵੇ। ਮਿਸਾਲ ਲਈ, ਜੇ ਇਕ ਭਰਾ ਉੱਨਾ ਨਹੀਂ ਕਰਦਾ ਜਿੰਨਾ ਉਹ ਕਰ ਸਕਦਾ ਹੈ, ਤਾਂ ਬਜ਼ੁਰਗ ਸ਼ਾਇਦ ਉਸ ਦੀ ਮਦਦ ਕਰਨ ਲਈ ਉਸ ਨੂੰ ਦੱਸੇ ਕਿ ਯਿਸੂ ਜੋਸ਼ ਨਾਲ ਪ੍ਰਚਾਰ ਕਰਦਾ ਸੀ ਜਿਸ ਨੇ ਸਾਨੂੰ ਚੇਲੇ ਬਣਾਉਣ ਦਾ ਕੰਮ ਸੌਂਪਿਆ ਹੈ। (ਮੱਤੀ 28:19, 20; ਲੂਕਾ 8:1) ਜੇ ਲੱਗਦਾ ਹੈ ਕਿ ਇਕ ਭਰਾ ਆਪਣੇ ਆਪ ਨੂੰ ਦੂਜਿਆਂ ਨਾਲੋਂ ਵੱਡਾ ਸਮਝਦਾ ਹੈ, ਤਾਂ ਬਜ਼ੁਰਗ ਸ਼ਾਇਦ ਉਸ ਨੂੰ ਸਮਝਾ ਸਕਦਾ ਹੈ ਕਿ ਯਿਸੂ ਨੇ ਕਿਵੇਂ ਆਪਣੇ ਚੇਲਿਆਂ ਦੀ ਇਹ ਦੇਖਣ ਵਿਚ ਮਦਦ ਕੀਤੀ ਸੀ ਕਿ ਖ਼ੁਦ ਨੂੰ ਵੱਡਾ ਸਮਝਣਾ ਖ਼ਤਰਨਾਕ ਹੈ। (ਲੂਕਾ 22:24-27) ਫਿਰ ਕੀ ਜੇ ਕੋਈ ਭਰਾ ਮਾਫ਼ ਕਰਨ ਨੂੰ ਤਿਆਰ ਨਾ ਹੋਵੇ? ਉਸ ਨੌਕਰ ਦੀ ਮਿਸਾਲ ਦਾ ਉਸ ਉੱਤੇ ਜ਼ਬਰਦਸਤ ਅਸਰ ਪਵੇਗਾ ਜਿਸ ਨੇ ਥੋੜ੍ਹਾ ਜਿਹਾ ਕਰਜ਼ਾ ਮਾਫ਼ ਕਰਨ ਤੋਂ ਇਨਕਾਰ ਕਰ ਦਿੱਤਾ ਸੀ ਜਦ ਕਿ ਉਸ ਦਾ ਬਹੁਤ ਸਾਰਾ ਕਰਜ਼ਾ ਮਾਫ਼ ਕਰ ਦਿੱਤਾ ਗਿਆ ਸੀ। (ਮੱਤੀ 18:21-35) ਜਦੋਂ ਸਲਾਹ ਦੇਣ ਦੀ ਲੋੜ ਹੁੰਦੀ ਹੈ, ਤਾਂ ਚੰਗਾ ਹੋਵੇਗਾ ਕਿ ਬਜ਼ੁਰਗ ਸਲਾਹ ਦੇਣ ਵਿਚ ਦੇਰ ਨਾ ਕਰਨ।—ਕਹਾਉਤਾਂ 27:9 ਪੜ੍ਹੋ।

“ਆਪ ਸਾਧਨਾ ਕਰ”

15. ਦੂਜਿਆਂ ਦੀ ਸੇਵਾ ਕਰਨ ਵਿਚ ਭਰਾ ਦਾ ਪਰਿਵਾਰ ਉਸ ਦੀ ਕਿਵੇਂ ਮਦਦ ਕਰ ਸਕਦਾ ਹੈ?

15 ਕਾਬਲ ਬਣਨ ਲਈ ਆਦਮੀਆਂ ਨੂੰ ਸਿਖਲਾਈ ਦੇਣ ਲਈ ਬਜ਼ੁਰਗ ਅਗਵਾਈ ਕਰਦੇ ਹਨ, ਪਰ ਦੂਸਰੇ ਵੀ ਇਨ੍ਹਾਂ ਆਦਮੀਆਂ ਦਾ ਸਾਥ ਦੇ ਸਕਦੇ ਹਨ। ਮਿਸਾਲ ਲਈ, ਭਰਾ ਦਾ ਪਰਿਵਾਰ ਕਾਬਲ ਬਣਨ ਵਿਚ ਉਸ ਦੀ ਮਦਦ ਕਰ ਸਕਦਾ ਹੈ ਤੇ ਕਰਨੀ ਚਾਹੀਦੀ ਵੀ ਹੈ। ਜੇ ਉਹ ਪਹਿਲਾਂ ਹੀ ਬਜ਼ੁਰਗ ਹੈ, ਤਾਂ ਉਸ ਦੀ ਪਤਨੀ ਅਤੇ ਉਸ ਦੇ ਬੱਚੇ ਉਸ ਦਾ ਸਾਥ ਦੇ ਸਕਦੇ ਹਨ ਜੋ ਉਸ ਲਈ ਫ਼ਾਇਦੇਮੰਦ ਹੋਵੇਗਾ। ਉਹ ਸਮਝਦੇ ਹਨ ਕਿ ਜੇ ਉਸ ਨੇ ਕਲੀਸਿਯਾ ਵਿਚ ਸਖ਼ਤ ਮਿਹਨਤ ਕਰਨੀ ਹੈ, ਤਾਂ ਉਸ ਨੂੰ ਆਪਣਾ ਕੁਝ ਸਮਾਂ ਅਤੇ ਤਾਕਤ ਦੂਸਰਿਆਂ ਦੀ ਸੇਵਾ ਕਰਨ ਵਿਚ ਲਾਉਣੀ ਪਵੇਗੀ। ਉਹ ਆਪਣੇ ਪਰਿਵਾਰ ਦੇ ਇਸ ਬਲੀਦਾਨ ਨੂੰ ਦੇਖ ਕੇ ਖ਼ੁਸ਼ ਹੁੰਦਾ ਹੈ ਤਾਂਕਿ ਉਹ ਆਪਣੀਆਂ ਜ਼ਿੰਮੇਵਾਰੀਆਂ ਨੂੰ ਨਿਭਾ ਸਕੇ। ਅਸੀਂ ਇਨ੍ਹਾਂ ਪਰਿਵਾਰਾਂ ਦੇ ਧੰਨਵਾਦੀ ਹਾਂ ਜੋ ਇਹ ਬਲੀਦਾਨ ਕਰਦੇ ਹਨ।—ਕਹਾ. 15:20; 31:10, 23.

16. (ੳ) ਅੱਗੇ ਵਧਣ ਦੀ ਜ਼ਿੰਮੇਵਾਰੀ ਕਿਸ ਦੀ ਹੈ? (ਅ) ਕੋਈ ਭਰਾ ਕਲੀਸਿਯਾ ਵਿਚ ਸਨਮਾਨ ਪਾਉਣ ਦੇ ਕਾਬਲ ਕਿਵੇਂ ਬਣ ਸਕਦਾ ਹੈ?

16 ਭਾਵੇਂ ਦੂਸਰੇ ਭਰਾ ਦੀ ਮਦਦ ਕਰ ਸਕਦੇ ਹਨ, ਪਰ ਅੱਗੇ ਵਧਣ ਦੀ ਜ਼ਿੰਮੇਵਾਰੀ ਉਸ ਦੀ ਆਪਣੀ ਹੁੰਦੀ ਹੈ। (ਗਲਾਤੀਆਂ 6:5 ਪੜ੍ਹੋ।) ਹਾਂ ਇਹ ਸੱਚ ਹੈ ਕਿ ਦੂਜਿਆਂ ਦੀ ਮਦਦ ਕਰਨ ਅਤੇ ਜ਼ੋਰਾਂ-ਸ਼ੋਰਾਂ ਨਾਲ ਪ੍ਰਚਾਰ ਕਰਨ ਵਾਸਤੇ ਇਕ ਭਰਾ ਲਈ ਸਹਾਇਕ ਸੇਵਕ ਜਾਂ ਬਜ਼ੁਰਗ ਹੋਣਾ ਜ਼ਰੂਰੀ ਨਹੀਂ ਹੈ। ਪਰ ਕਲੀਸਿਯਾ ਵਿਚ ਜ਼ਿੰਮੇਵਾਰੀਆਂ ਸੰਭਾਲਣ ਦੇ ਲਾਇਕ ਬਣਨ ਵਾਸਤੇ ਜ਼ਰੂਰੀ ਹੈ ਕਿ ਉਹ ਬਾਈਬਲ ਵਿਚ ਦਿੱਤੀਆਂ ਮੰਗਾਂ ਪੂਰੀਆਂ ਕਰੇ। (1 ਤਿਮੋ. 3:1-13; ਤੀਤੁ. 1:5-9; 1 ਪਤ. 5:1-3) ਇਸ ਲਈ ਜੇ ਕੋਈ ਭਰਾ ਸਹਾਇਕ ਸੇਵਕ ਜਾਂ ਬਜ਼ੁਰਗ ਵਜੋਂ ਸੇਵਾ ਕਰਨੀ ਚਾਹੁੰਦਾ ਹੈ, ਪਰ ਹਾਲੇ ਉਸ ਨੂੰ ਇਹ ਸਨਮਾਨ ਨਹੀਂ ਮਿਲਿਆ ਹੈ, ਤਾਂ ਉਸ ਨੂੰ ਦੇਖਣਾ ਚਾਹੀਦਾ ਹੈ ਕਿ ਉਸ ਨੂੰ ਕਿਹੜੀਆਂ ਗੱਲਾਂ ਵਿਚ ਅੱਗੇ ਵਧਣ ਦੀ ਲੋੜ ਹੈ। ਇਸ ਦੇ ਲਈ ਉਸ ਨੂੰ ਬਾਕਾਇਦਾ ਬਾਈਬਲ ਪੜ੍ਹਨ, ਡੂੰਘਾਈ ਨਾਲ ਅਧਿਐਨ ਤੇ ਮਨਨ ਕਰਨ, ਦਿਲੋਂ ਪ੍ਰਾਰਥਨਾ ਕਰਨ ਅਤੇ ਜੋਸ਼ ਨਾਲ ਪ੍ਰਚਾਰ ਕਰਨ ਦੀ ਲੋੜ ਹੈ। ਇਨ੍ਹਾਂ ਤਰੀਕਿਆਂ ਨਾਲ ਉਹ ਤਿਮੋਥਿਉਸ ਨੂੰ ਪੌਲੁਸ ਦੀ ਦਿੱਤੀ ਸਲਾਹ ਆਪਣੇ ’ਤੇ ਲਾਗੂ ਕਰ ਸਕਦਾ ਹੈ: “ਭਗਤੀ ਲਈ ਆਪ ਸਾਧਨਾ ਕਰ।”—1 ਤਿਮੋ. 4:7.

17, 18. ਉਹ ਭਰਾ ਕੀ ਕਰ ਸਕਦਾ ਹੈ ਜਿਸ ਨੂੰ ਚਿੰਤਾ ਹੈ ਕਿ ਉਹ ਜ਼ਿੰਮੇਵਾਰੀ ਸੰਭਾਲਣ ਦੇ ਲਾਇਕ ਨਹੀਂ ਜਾਂ ਜਿਸ ਵਿਚ ਅੱਗੇ ਵਧਣ ਦੀ ਇੱਛਾ ਨਹੀਂ ਹੈ?

17 ਫਿਰ ਕੀ ਜੇ ਕੋਈ ਆਦਮੀ ਇਸ ਚਿੰਤਾ ਕਰਕੇ ਅੱਗੇ ਨਹੀਂ ਵਧ ਰਿਹਾ ਕਿ ਉਹ ਜ਼ਿੰਮੇਵਾਰੀ ਸੰਭਾਲਣ ਦੇ ਲਾਇਕ ਨਹੀਂ? ਉਸ ਲਈ ਇਹ ਸੋਚਣਾ ਚੰਗਾ ਹੋਵੇਗਾ ਕਿ ਯਹੋਵਾਹ ਪਰਮੇਸ਼ੁਰ ਅਤੇ ਯਿਸੂ ਮਸੀਹ ਸਾਡੇ ਲਈ ਕਿੰਨਾ ਕੁਝ ਕਰਦੇ ਹਨ। ਵਾਕਈ, ਯਹੋਵਾਹ “ਰੋਜ ਦਿਹਾੜੇ ਸਾਡਾ ਭਾਰ ਚੁੱਕ ਲੈਂਦਾ ਹੈ।” (ਜ਼ਬੂ. 68:19) ਇਸ ਲਈ ਸਾਡਾ ਸਵਰਗੀ ਪਿਤਾ ਕਲੀਸਿਯਾ ਵਿਚ ਜ਼ਿੰਮੇਵਾਰੀ ਸੰਭਾਲਣ ਲਈ ਭਰਾ ਦੀ ਮਦਦ ਕਰ ਸਕਦਾ ਹੈ। ਜਿਹੜਾ ਭਰਾ ਸਹਾਇਕ ਸੇਵਕ ਜਾਂ ਬਜ਼ੁਰਗ ਨਹੀਂ ਹੈ, ਉਸ ਲਈ ਵੀ ਇਹ ਸੋਚ-ਵਿਚਾਰ ਕਰਨਾ ਫ਼ਾਇਦੇਮੰਦ ਹੋਵੇਗਾ ਕਿ ਪਰਮੇਸ਼ੁਰ ਦੇ ਸੰਗਠਨ ਵਿਚ ਜ਼ਿੰਮੇਵਾਰੀਆਂ ਸਵੀਕਾਰ ਕਰਨ ਲਈ ਸਮਝਦਾਰ ਆਦਮੀਆਂ ਦੀ ਬਹੁਤ ਲੋੜ ਹੈ। ਇਨ੍ਹਾਂ ਗੱਲਾਂ ਉੱਤੇ ਗੌਰ ਕਰਨ ਨਾਲ ਭਰਾ ਇਨ੍ਹਾਂ ਗ਼ਲਤ ਖ਼ਿਆਲਾਂ ਉੱਤੇ ਕਾਬੂ ਪਾ ਸਕੇਗਾ। ਉਹ ਪਵਿੱਤਰ ਸ਼ਕਤੀ ਲਈ ਪ੍ਰਾਰਥਨਾ ਕਰ ਸਕਦਾ ਹੈ ਕਿਉਂਕਿ ਇਸ ਦੀ ਮਦਦ ਨਾਲ ਉਹ ਸ਼ਾਂਤੀ ਅਤੇ ਸੰਜਮ ਵਰਗੇ ਗੁਣ ਪੈਦਾ ਕਰ ਸਕਦਾ ਹੈ। ਇਨ੍ਹਾਂ ਗੁਣਾਂ ਸਦਕਾ ਉਹ ਇਹ ਚਿੰਤਾ ਨਹੀਂ ਕਰੇਗਾ ਕਿ ਉਹ ਜ਼ਿੰਮੇਵਾਰੀ ਸੰਭਾਲਣ ਦੇ ਲਾਇਕ ਨਹੀਂ ਹੈ। (ਲੂਕਾ 11:13; ਗਲਾ. 5:22, 23) ਉਹ ਪੂਰਾ ਭਰੋਸਾ ਰੱਖ ਸਕਦਾ ਹੈ ਕਿ ਯਹੋਵਾਹ ਉਨ੍ਹਾਂ ਸਾਰਿਆਂ ਉੱਤੇ ਆਪਣੀ ਬਰਕਤ ਪਾਉਂਦਾ ਹੈ ਜਿਹੜੇ ਨੇਕ ਇਰਾਦੇ ਨਾਲ ਜ਼ਿੰਮੇਵਾਰੀ ਹਾਸਲ ਕਰਨੀ ਚਾਹੁੰਦੇ ਹਨ।

18 ਕੀ ਭਰਾ ਇਸ ਕਰਕੇ ਪਿੱਛੇ ਤਾਂ ਨਹੀਂ ਹਟ ਰਿਹਾ ਕਿਉਂਕਿ ਉਸ ਵਿਚ ਅੱਗੇ ਵਧਣ ਦੀ ਇੱਛਾ ਨਹੀਂ ਹੈ? ਕਿਹੜੀ ਗੱਲ ਇਸ ਭਰਾ ਦੀ ਮਦਦ ਕਰ ਸਕਦੀ ਹੈ? ਪੌਲੁਸ ਰਸੂਲ ਨੇ ਲਿਖਿਆ: ‘ਪਰਮੇਸ਼ੁਰ ਤੁਹਾਡੇ ਵਿੱਚ ਮਨਸ਼ਾ ਤੇ ਅਮਲ ਦੋਹਾਂ ਨੂੰ ਆਪਣੇ ਨੇਕ ਇਰਾਦੇ ਨੂੰ ਪੂਰਾ ਕਰਨ ਲਈ ਪੈਦਾ ਕਰਦਾ ਹੈ।’ (ਫ਼ਿਲਿ. 2:13) ਸੇਵਾ ਕਰਨ ਦੀ ਇੱਛਾ ਪਰਮੇਸ਼ੁਰ ਵੱਲੋਂ ਹੈ ਅਤੇ ਯਹੋਵਾਹ ਦੀ ਸ਼ਕਤੀ ਉਸ ਨੂੰ ਸੇਵਾ ਕਰਨ ਦੀ ਤਾਕਤ ਦੇ ਸਕਦੀ ਹੈ। (ਫ਼ਿਲਿ. 4:13) ਇਸ ਦੇ ਨਾਲ-ਨਾਲ ਇਕ ਮਸੀਹੀ ਪਰਮੇਸ਼ੁਰ ਨੂੰ ਪ੍ਰਾਰਥਨਾ ਕਰ ਸਕਦਾ ਹੈ ਕਿ ਉਹ ਸਹੀ ਕੰਮ ਕਰਨ ਵਿਚ ਉਸ ਦੀ ਮਦਦ ਕਰੇ।—ਜ਼ਬੂ. 25:4, 5.

19. ਇਸ ਗੱਲ ਤੋਂ ਸਾਨੂੰ ਕੀ ਭਰੋਸਾ ਮਿਲਦਾ ਹੈ ਕਿ ‘ਸੱਤ ਅਯਾਲੀ ਅਤੇ ਅੱਠ ਰਾਜ-ਕੁਮਾਰ’ ਖੜ੍ਹੇ ਕੀਤੇ ਜਾਣਗੇ?

19 ਯਹੋਵਾਹ ਦੂਜਿਆਂ ਨੂੰ ਸਿਖਲਾਈ ਦੇਣ ਦੇ ਬਜ਼ੁਰਗਾਂ ਦੇ ਜਤਨਾਂ ਉੱਤੇ ਬਰਕਤ ਪਾਉਂਦਾ ਹੈ। ਉਨ੍ਹਾਂ ਉੱਤੇ ਵੀ ਬਰਕਤ ਹੁੰਦੀ ਹੈ ਜਿਹੜੇ ਉਨ੍ਹਾਂ ਦੀ ਗੱਲ ਸੁਣ ਕੇ ਕਲੀਸਿਯਾ ਵਿਚ ਸਨਮਾਨ ਪਾਉਣ ਦੇ ਲਾਇਕ ਬਣਨ ਦੀ ਕੋਸ਼ਿਸ਼ ਕਰਦੇ ਹਨ। ਬਾਈਬਲ ਸਾਨੂੰ ਭਰੋਸਾ ਦਿਵਾਉਂਦੀ ਹੈ ਕਿ ਪਰਮੇਸ਼ੁਰ ਦੇ ਲੋਕਾਂ ਵਿਚ ‘ਸੱਤ ਅਯਾਲੀ ਅਤੇ ਅੱਠ ਰਾਜ-ਕੁਮਾਰ’ ਖੜ੍ਹੇ ਕੀਤੇ ਜਾਣਗੇ। ਇਸ ਦਾ ਮਤਲਬ ਹੈ ਕਿ ਯਹੋਵਾਹ ਦੇ ਸੰਗਠਨ ਵਿਚ ਅਗਵਾਈ ਲੈਣ ਵਾਲੇ ਬਹੁਤ ਸਾਰੇ ਕਾਬਲ ਆਦਮੀ ਹੋਣਗੇ। (ਮੀਕਾ. 5:5) ਇਹ ਕਿੰਨੀ ਵੱਡੀ ਬਰਕਤ ਹੈ ਕਿ ਬਹੁਤ ਸਾਰੇ ਭਰਾਵਾਂ ਨੂੰ ਸਿਖਲਾਈ ਦਿੱਤੀ ਜਾ ਰਹੀ ਹੈ ਅਤੇ ਉਹ ਨਿਮਰਤਾ ਨਾਲ ਯਹੋਵਾਹ ਦੀ ਵਡਿਆਈ ਕਰਨ ਲਈ ਜ਼ਿੰਮੇਵਾਰੀਆਂ ਸੰਭਾਲਣ ਦੇ ਕਾਬਲ ਬਣਨ ਦੀ ਕੋਸ਼ਿਸ਼ ਕਰ ਰਹੇ ਹਨ!

ਤੁਸੀਂ ਕਿਵੇਂ ਜਵਾਬ ਦਿਓਗੇ?

• ਵੱਡੀਆਂ ਜ਼ਿੰਮੇਵਾਰੀਆਂ ਦੇ ਲਾਇਕ ਬਣਨ ਲਈ ਯਿਸੂ ਨੇ ਆਪਣੇ ਚੇਲਿਆਂ ਦੀ ਕਿਵੇਂ ਮਦਦ ਕੀਤੀ ਸੀ?

• ਬਜ਼ੁਰਗ ਯਿਸੂ ਦੀ ਕਿਵੇਂ ਰੀਸ ਕਰ ਸਕਦੇ ਹਨ ਜਦੋਂ ਉਹ ਕਲੀਸਿਯਾ ਵਿਚ ਅਗਵਾਈ ਕਰਨ ਲਈ ਭਰਾਵਾਂ ਦੀ ਮਦਦ ਕਰਦੇ ਹਨ?

• ਅੱਗੇ ਵਧਣ ਵਿਚ ਭਰਾ ਦਾ ਪਰਿਵਾਰ ਉਸ ਦੀ ਕਿਵੇਂ ਮਦਦ ਕਰ ਸਕਦਾ ਹੈ?

• ਸਨਮਾਨ ਪਾਉਣ ਦੇ ਲਾਇਕ ਬਣਨ ਲਈ ਭਰਾ ਆਪ ਕੀ ਕਰ ਸਕਦਾ ਹੈ?

[ਸਵਾਲ]

[ਸਫ਼ਾ 31 ਉੱਤੇ ਤਸਵੀਰਾਂ]

ਤੁਸੀਂ ਆਪਣੇ ਬਾਈਬਲ ਵਿਦਿਆਰਥੀ ਨੂੰ ਕਿਹੜੀ ਸਿਖਲਾਈ ਦੇ ਸਕਦੇ ਹੋ ਜਿਉਂ-ਜਿਉਂ ਉਹ ਤਰੱਕੀ ਕਰਦਾ ਹੈ?

[ਸਫ਼ਾ 32 ਉੱਤੇ ਤਸਵੀਰ]

ਭਰਾ ਕਿਵੇਂ ਦਿਖਾ ਸਕਦੇ ਹਨ ਕਿ ਉਹ ਕਾਬਲ ਬਣਨ ਦੀ ਕੋਸ਼ਿਸ਼ ਕਰ ਰਹੇ ਹਨ?