Skip to content

Skip to table of contents

ਪਾਠਕਾਂ ਵੱਲੋਂ ਸਵਾਲ

ਪਾਠਕਾਂ ਵੱਲੋਂ ਸਵਾਲ

ਪਾਠਕਾਂ ਵੱਲੋਂ ਸਵਾਲ

ਕੀ ਇਸ ਗੱਲ ਦਾ ਸਹੀ-ਸਹੀ ਪਤਾ ਲਗਾਇਆ ਜਾ ਸਕਦਾ ਹੈ ਕਿ ਯਿਸੂ ਨੂੰ ਦਿਨ ਦੇ ਕਿਸ ਵੇਲੇ ਸੂਲ਼ੀ ’ਤੇ ਟੰਗਿਆ ਗਿਆ ਸੀ?

ਇਹ ਸਵਾਲ ਇਸ ਕਰਕੇ ਪੈਦਾ ਹੁੰਦਾ ਹੈ ਕਿਉਂਕਿ ਲੱਗਦਾ ਹੈ ਕਿ ਯਿਸੂ ਦੀ ਮੌਤ ਬਾਰੇ ਮਰਕੁਸ ਅਤੇ ਯੂਹੰਨਾ ਰਸੂਲ ਦੇ ਬਿਰਤਾਂਤਾਂ ਵਿਚ ਫ਼ਰਕ ਹੈ। ਮਰਕੁਸ ਦੱਸਦਾ ਹੈ: “ਦਿਨ ਦੇ ਨੌ ਵਜੇ ਉਹਨਾਂ ਨੇ ਯਿਸੂ ਨੂੰ ਸਲੀਬ ਉਤੇ ਚੜ੍ਹਾਇਆ।” (ਮਰ. 15:25, CL) ਯੂਹੰਨਾ ਮੁਤਾਬਕ ਉਹ “ਦੁਪਹਿਰ ਦਾ ਵੇਲਾ ਸੀ” ਜਦੋਂ ਪਿਲਾਤੁਸ ਨੇ ਯਿਸੂ ਨੂੰ ਸੂਲ਼ੀ ’ਤੇ ਟੰਗਣ ਲਈ ਯਹੂਦੀਆਂ ਦੇ ਹਵਾਲੇ ਕੀਤਾ। (ਯੂਹੰ. 19:14-16) ਬਾਈਬਲ ਦੇ ਟੀਕਾਕਾਰਾਂ ਨੇ ਇਨ੍ਹਾਂ ਦੋਹਾਂ ਬਿਰਤਾਂਤਾਂ ਵਿਚ ਪਾਏ ਜਾਂਦੇ ਫ਼ਰਕ ਨੂੰ ਸਮਝਾਉਣ ਲਈ ਵੱਖੋ-ਵੱਖ ਕਾਰਨ ਦਿੱਤੇ ਹਨ। ਭਾਵੇਂ ਕਿ ਇਸ ਫ਼ਰਕ ਨੂੰ ਸਮਝਾਉਣ ਲਈ ਬਾਈਬਲ ਵਿਚ ਬਹੁਤੀ ਜਾਣਕਾਰੀ ਨਹੀਂ ਦਿੱਤੀ ਗਈ, ਫਿਰ ਵੀ ਜੇ ਅਸੀਂ ਇਹ ਜਾਣਨ ਦੀ ਕੋਸ਼ਿਸ਼ ਕਰੀਏ ਕਿ ਉਨ੍ਹਾਂ ਦਿਨਾਂ ਵਿਚ ਲੋਕ ਸਮੇਂ ਦਾ ਅੰਦਾਜ਼ਾ ਕਿਵੇਂ ਲਾਉਂਦੇ ਸਨ, ਤਾਂ ਸਾਡੀ ਕਾਫ਼ੀ ਮਦਦ ਹੋ ਸਕਦੀ ਹੈ।

ਪਹਿਲੀ ਸਦੀ ਵਿਚ ਯਹੂਦੀ ਦਿਨ ਦੇ ਘੰਟੇ ਸੂਰਜ ਚੜ੍ਹਨ ਦੇ ਸਮੇਂ ਤੋਂ ਗਿਣਦੇ ਸਨ ਅਤੇ ਉਹ ਦਿਨ ਨੂੰ 12 ਘੰਟਿਆਂ ਵਿਚ ਵੰਡਦੇ ਸੀ। (ਯੂਹੰ. 11:9) ਦਿਨ ਦਾ “ਤੀਸਰਾ ਘੰਟਾ” ਸਵੇਰ ਦੇ 8 ਵਜੇ ਤੋਂ 9 ਵਜੇ ਤਕ ਸੀ ਅਤੇ “ਛੇਵਾਂ ਘੰਟਾ” ਤਕਰੀਬਨ ਦੁਪਹਿਰ ਦੇ 12 ਕੁ ਵਜੇ ਖ਼ਤਮ ਹੁੰਦਾ ਸੀ। ਇਹ ਸੱਚ ਹੈ ਕਿ ਸਾਲ ਦੌਰਾਨ ਸੂਰਜ ਵੱਖ-ਵੱਖ ਸਮਿਆਂ ’ਤੇ ਚੜ੍ਹਦਾ ਅਤੇ ਡੁੱਬਦਾ ਸੀ। ਇਸ ਕਰਕੇ ਰੁੱਤ ਦੇ ਅਨੁਸਾਰ ਦਿਨ ਛੋਟਾ ਜਾਂ ਵੱਡਾ ਹੁੰਦਾ ਸੀ। ਇਸ ਤੋਂ ਇਲਾਵਾ ਸੂਰਜ ਦੀ ਦਿਸ਼ਾ ਮੁਤਾਬਕ ਦਿਨ ਦੇ ਘੰਟੇ ਗਿਣੇ ਜਾਂਦੇ ਸਨ। ਇਸ ਲਈ ਸਮੇਂ ਦਾ ਸਿਰਫ਼ ਅੰਦਾਜ਼ਾ ਹੀ ਲਾਇਆ ਜਾ ਸਕਦਾ ਸੀ। ਯੂਨਾਨੀ ਸ਼ਾਸਤਰ ਵਿਚ ਆਮ ਕਰਕੇ ਘਟਨਾਵਾਂ ਦੇ ਸਮੇਂ ਦਾ ਜ਼ਿਕਰ ਇਸ ਤਰ੍ਹਾਂ ਕੀਤਾ ਜਾਂਦਾ ਸੀ ਜਿਵੇਂ ਤੀਜਾ, ਛੇਵਾਂ ਜਾਂ ਨੌਵਾਂ ਘੰਟਾ। (ਮੱਤੀ 20:3, 5; ਰਸੂ. 10:3, 9, 30, NW) ਸਹੀ-ਸਹੀ ਸਮਾਂ ਉਦੋਂ ਹੀ ਦੱਸਿਆ ਜਾਂਦਾ ਸੀ ਜਦੋਂ ਬਿਰਤਾਂਤ ਵਿਚ ਇਸ ਦੀ ਲੋੜ ਪੈਂਦੀ ਸੀ ਜਿਵੇਂ ਕਿ “ਸੱਤਵਾਂ ਘੰਟਾ।”—ਯੂਹੰ. 4:52, NW.

ਧਰਤੀ ’ਤੇ ਯਿਸੂ ਦੇ ਆਖ਼ਰੀ ਦਿਨ ਦੌਰਾਨ ਹੋਈਆਂ ਘਟਨਾਵਾਂ ਦੇ ਸਮਿਆਂ ਬਾਰੇ ਇੰਜੀਲਾਂ ਦੇ ਬਿਰਤਾਂਤਾਂ ਵਿਚ ਜੋ ਲਿਖਿਆ ਗਿਆ ਹੈ, ਉਹ ਮਿਲਦਾ-ਜੁਲਦਾ ਹੈ। ਚਾਰੇ ਬਿਰਤਾਂਤ ਦੱਸਦੇ ਹਨ ਕਿ ਜਾਜਕ ਅਤੇ ਬਜ਼ੁਰਗ ਸਵੇਰ ਹੁੰਦੇ ਹੀ ਆਪਸ ਵਿਚ ਮਿਲੇ ਅਤੇ ਫਿਰ ਯਿਸੂ ਨੂੰ ਰੋਮੀ ਹਾਕਮ ਪੁੰਤਿਯੁਸ ਪਿਲਾਤੁਸ ਕੋਲ ਭੇਜ ਦਿੱਤਾ। (ਮੱਤੀ 27:1; ਮਰ. 15:1; ਲੂਕਾ 22:66; ਯੂਹੰ. 18:28) ਮੱਤੀ, ਮਰਕੁਸ ਅਤੇ ਲੂਕਾ ਸਾਰਿਆਂ ਨੇ ਕਿਹਾ ਕਿ ਜਦੋਂ ਯਿਸੂ ਸੂਲ਼ੀ ’ਤੇ ਟੰਗਿਆ ਹੋਇਆ ਸੀ, ਤਾਂ ਛੇਵੇਂ ਘੰਟੇ ਤੋਂ ਲੈ ਕੇ “ਨੌਵੇਂ ਘੰਟੇ” ਤਕ ਸਾਰੇ ਪਾਸੇ ਹਨੇਰਾ ਛਾਇਆ ਰਿਹਾ।—ਮੱਤੀ 27:45, 46; ਮਰ. 15:33, 34; ਲੂਕਾ 23:44, NW.

ਯਿਸੂ ਨੂੰ ਸੂਲ਼ੀ ’ਤੇ ਟੰਗੇ ਜਾਣ ਦੇ ਸਮੇਂ ਦਾ ਅੰਦਾਜ਼ਾ ਸ਼ਾਇਦ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ: ਸੂਲ਼ੀ ’ਤੇ ਟੰਗੇ ਜਾਣ ਤੋਂ ਪਹਿਲਾਂ ਕੋਰੜੇ ਮਾਰੇ ਜਾਂਦੇ ਸਨ। ਕਈ ਵਾਰ ਤਾਂ ਕੋਰੜਿਆਂ ਦੀ ਮਾਰ ਨਾਲ ਬੰਦਾ ਤੜਫਦਾ ਮਰ ਜਾਂਦਾ ਸੀ। ਕੋਰੜਿਆਂ ਦੇ ਕਾਰਨ ਯਿਸੂ ਦੀ ਹਾਲਤ ਇੰਨੀ ਬੁਰੀ ਸੀ ਕਿ ਕੁਝ ਸਮੇਂ ਬਾਅਦ ਯਿਸੂ ਦੀ ਥਾਂ ਕਿਸੇ ਹੋਰ ਆਦਮੀ ਨੂੰ ਉਸ ਦੀ ਤਸੀਹੇ ਦੀ ਸੂਲ਼ੀ ਚੁੱਕ ਕੇ ਲਿਜਾਣੀ ਪਈ। (ਲੂਕਾ 23:26; ਯੂਹੰ. 19:17) ਜੇ ਸੂਲ਼ੀ ’ਤੇ ਟੰਗਣ ਤੋਂ ਪਹਿਲਾਂ ਕੋਰੜੇ ਮਾਰੇ ਜਾਂਦੇ ਸਨ, ਤਾਂ ਕੁਝ ਸਮਾਂ ਬੀਤਣ ਤੋਂ ਬਾਅਦ ਹੀ ਯਿਸੂ ਨੂੰ ਸੂਲ਼ੀ ’ਤੇ ਟੰਗਿਆ ਗਿਆ ਹੋਣਾ। ਹੋ ਸਕਦਾ ਹੈ ਕਿ ਵੱਖੋ-ਵੱਖਰੇ ਲੋਕਾਂ ਨੇ ਜਿਹੜੇ-ਜਿਹੜੇ ਸਮੇਂ ’ਤੇ ਯਿਸੂ ਨੂੰ ਤਸੀਹੇ ਦੇਣ ਵੇਲੇ ਦੀਆਂ ਘਟਨਾਵਾਂ ਦੇਖੀਆਂ ਸਨ, ਉਨ੍ਹਾਂ ਨੇ ਉਸੇ-ਉਸੇ ਸਮੇਂ ਦਾ ਜ਼ਿਕਰ ਕੀਤਾ।

ਯੂਹੰਨਾ ਰਸੂਲ ਨੇ ਇੰਜੀਲ ਦੇ ਦੂਸਰਿਆਂ ਲਿਖਾਰੀਆਂ ਤੋਂ ਕਈ ਦਹਾਕਿਆਂ ਬਾਅਦ ਆਪਣਾ ਬਿਰਤਾਂਤ ਲਿਖਿਆ ਸੀ। ਇਸ ਲਈ ਉਹ ਉਨ੍ਹਾਂ ਦੇ ਬਿਰਤਾਂਤਾਂ ਨੂੰ ਪੜ੍ਹ ਸਕਦਾ ਸੀ। ਇਹ ਸੱਚ ਹੈ ਕਿ ਯੂਹੰਨਾ ਨੇ ਯਿਸੂ ਨੂੰ ਸੂਲ਼ੀ ’ਤੇ ਟੰਗੇ ਜਾਣ ਦਾ ਮਰਕੁਸ ਤੋਂ ਵੱਖਰਾ ਸਮਾਂ ਦੱਸਿਆ। ਪਰ ਇਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਯੂਹੰਨਾ ਨੇ ਮਰਕੁਸ ਦੇ ਬਿਰਤਾਂਤ ਦੀ ਨਕਲ ਨਹੀਂ ਕੀਤੀ। ਯੂਹੰਨਾ ਅਤੇ ਮਰਕੁਸ ਦੋਵਾਂ ਨੇ ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਦੀ ਪ੍ਰੇਰਣਾ ਨਾਲ ਆਪਣੇ ਬਿਰਤਾਂਤ ਲਿਖੇ ਸਨ। ਭਾਵੇਂ ਕਿ ਬਿਰਤਾਂਤਾਂ ਵਿਚ ਇਸ ਸਮੇਂ ਦੇ ਫ਼ਰਕ ਬਾਰੇ ਬਾਈਬਲ ਵਿਚ ਬਹੁਤਾ ਕੁਝ ਨਹੀਂ ਦੱਸਿਆ ਗਿਆ, ਫਿਰ ਵੀ ਅਸੀਂ ਯਕੀਨ ਕਰ ਸਕਦੇ ਹਾਂ ਕਿ ਇੰਜੀਲਾਂ ਦੇ ਬਿਰਤਾਂਤ ਬਿਲਕੁਲ ਸਹੀ ਹਨ।