Skip to content

Skip to table of contents

ਸੱਚਾਈ ਵਿਚ ਤਰੱਕੀ ਕਰਨ ਲਈ ਆਦਮੀਆਂ ਦੀ ਮਦਦ ਕਰੋ

ਸੱਚਾਈ ਵਿਚ ਤਰੱਕੀ ਕਰਨ ਲਈ ਆਦਮੀਆਂ ਦੀ ਮਦਦ ਕਰੋ

ਸੱਚਾਈ ਵਿਚ ਤਰੱਕੀ ਕਰਨ ਲਈ ਆਦਮੀਆਂ ਦੀ ਮਦਦ ਕਰੋ

“ਏਦੋਂ ਅੱਗੇ ਤੂੰ [ਲੋਕਾਂ] ਦਾ ਸ਼ਿਕਾਰੀ ਹੋਵੇਂਗਾ।”—ਲੂਕਾ 5:10.

1, 2. (ੳ) ਆਦਮੀਆਂ ਨੇ ਯਿਸੂ ਦੇ ਪ੍ਰਚਾਰ ਪ੍ਰਤੀ ਕਿਹੋ ਜਿਹਾ ਹੁੰਗਾਰਾ ਭਰਿਆ? (ਅ) ਅਸੀਂ ਇਸ ਲੇਖ ਵਿਚ ਕਿਨ੍ਹਾਂ ਗੱਲਾਂ ਉੱਤੇ ਗੌਰ ਕਰਾਂਗੇ?

ਸਾਰੇ ਗਲੀਲ ਵਿਚ ਪ੍ਰਚਾਰ ਕਰਨ ਦੌਰਾਨ ਯਿਸੂ ਅਤੇ ਉਸ ਦੇ ਚੇਲੇ ਕਿਸ਼ਤੀ ਵਿਚ ਏਕਾਂਤ ਜਗ੍ਹਾ ਗਏ। ਪਰ ਭੀੜ ਪੈਦਲ ਉਨ੍ਹਾਂ ਦੇ ਮਗਰ-ਮਗਰ ਚਲੇ ਗਈ। ਉਸ ਦਿਨ ਉਨ੍ਹਾਂ ਮਗਰ ਆਉਣ ਵਾਲਿਆਂ ਵਿਚ “ਜਨਾਨੀਆਂ ਅਤੇ ਬਾਲਕਾਂ ਬਿਨਾਂ ਪੰਜਕੁ ਹਜ਼ਾਰ ਮਰਦ ਸਨ।” (ਮੱਤੀ 14:21) ਇਕ ਹੋਰ ਮੌਕੇ ਤੇ ਭੀੜ ਯਿਸੂ ਕੋਲ ਆਈ ਤਾਂਕਿ ਉਹ ਉਨ੍ਹਾਂ ਨੂੰ ਠੀਕ ਕਰੇ ਅਤੇ ਉਹ ਉਸ ਦੀਆਂ ਗੱਲਾਂ ਨੂੰ ਵੀ ਸੁਣ ਸਕਣ। ਭੀੜ ਵਿਚ “ਜਨਾਨੀਆਂ ਅਤੇ ਬਾਲਕਾਂ ਬਿਨਾ ਚਾਰ ਹਜ਼ਾਰ ਮਰਦ ਸਨ।” (ਮੱਤੀ 15:38) ਸਪੱਸ਼ਟ ਹੈ ਕਿ ਯਿਸੂ ਕੋਲ ਆਈ ਭੀੜ ਵਿਚ ਬਹੁਤ ਸਾਰੇ ਆਦਮੀ ਸਨ ਜਿਨ੍ਹਾਂ ਨੇ ਉਸ ਦੀ ਸਿੱਖਿਆ ਵਿਚ ਦਿਲਚਸਪੀ ਦਿਖਾਈ। ਦਰਅਸਲ ਉਹ ਚਾਹੁੰਦਾ ਸੀ ਕਿ ਹੋਰ ਬਹੁਤ ਸਾਰੇ ਆਦਮੀ ਆਉਣ ਕਿਉਂਕਿ ਚਮਤਕਾਰੀ ਢੰਗ ਨਾਲ ਚੇਲਿਆਂ ਨੂੰ ਮੱਛੀਆਂ ਫੜਵਾਉਣ ਤੋਂ ਬਾਅਦ, ਯਿਸੂ ਨੇ ਪਤਰਸ ਨੂੰ ਕਿਹਾ ਸੀ: “ਏਦੋਂ ਅੱਗੇ ਤੂੰ ਮਨੁੱਖਾਂ [ਜਾਂ ਲੋਕਾਂ] ਦਾ ਸ਼ਿਕਾਰੀ ਹੋਵੇਂਗਾ।” (ਲੂਕਾ 5:10) ਉਸ ਦੇ ਚੇਲਿਆਂ ਨੇ ਮਨੁੱਖਜਾਤੀ ਦੇ ਸਮੁੰਦਰ ਵਿਚ ਜਾਲ਼ ਪਾਉਣੇ ਸਨ ਤਾਂਕਿ ਉਹ ਬਹੁਤ ਸਾਰੇ ਆਦਮੀਆਂ ਦਾ ਮੱਛੀਆਂ ਵਾਂਗ ‘ਸ਼ਿਕਾਰ’ ਕਰ ਸਕਣ।

2 ਉਸੇ ਤਰ੍ਹਾਂ ਅੱਜ ਆਦਮੀ ਸਾਡੇ ਵੱਲੋਂ ਪ੍ਰਚਾਰ ਕੀਤੇ ਜਾਂਦੇ ਬਾਈਬਲ ਦੇ ਸੰਦੇਸ਼ ਵਿਚ ਦਿਲਚਸਪੀ ਲੈਂਦੇ ਹਨ ਅਤੇ ਉਸ ਨੂੰ ਮੰਨਦੇ ਹਨ। (ਮੱਤੀ 5:3, NW) ਪਰ ਕਈ ਆਦਮੀ ਪਿਛਾਂਹ ਹਟ ਜਾਂਦੇ ਹਨ ਅਤੇ ਸੱਚਾਈ ਵਿਚ ਤਰੱਕੀ ਨਹੀਂ ਕਰਦੇ। ਅਸੀਂ ਉਨ੍ਹਾਂ ਦੀ ਮਦਦ ਕਿਵੇਂ ਕਰ ਸਕਦੇ ਹਾਂ? ਭਾਵੇਂ ਕਿ ਯਿਸੂ ਨੇ ਆਦਮੀਆਂ ਨੂੰ ਭਾਲਣ ਲਈ ਪ੍ਰਚਾਰ ਦਾ ਖ਼ਾਸ ਤਰੀਕਾ ਨਹੀਂ ਅਪਣਾਇਆ, ਪਰ ਉਸ ਨੇ ਕੁਝ ਗੱਲਾਂ ਦੱਸੀਆਂ ਸਨ ਜਿਨ੍ਹਾਂ ਦੀ ਉਸ ਦੇ ਜ਼ਮਾਨੇ ਦੇ ਆਦਮੀਆਂ ਨੂੰ ਚਿੰਤਾ ਹੁੰਦੀ ਸੀ। ਉਸ ਦੀ ਮਿਸਾਲ ਉੱਤੇ ਚੱਲਦਿਆਂ ਆਓ ਆਪਾਂ ਗੌਰ ਕਰੀਏ ਕਿ ਅਸੀਂ ਅੱਜ ਤਿੰਨ ਆਮ ਚਿੰਤਾਵਾਂ ਨਾਲ ਸਿੱਝਣ ਵਿਚ ਆਦਮੀਆਂ ਦੀ ਕਿਵੇਂ ਮਦਦ ਕਰ ਸਕਦੇ ਹਾਂ: (1) ਰੋਜ਼ੀ-ਰੋਟੀ ਕਮਾਉਣੀ, (2) ਲੋਕਾਂ ਦਾ ਡਰ ਅਤੇ (3) ਆਪਣੇ ਆਪ ਨੂੰ ਕਾਬਲ ਨਾ ਸਮਝਣਾ।

ਰੋਜ਼ੀ-ਰੋਟੀ ਕਮਾਉਣੀ

3, 4. (ੳ) ਜ਼ਿਆਦਾਤਰ ਆਦਮੀਆਂ ਦੀ ਸਭ ਤੋਂ ਵੱਡੀ ਚਿੰਤਾ ਕਿਹੜੀ ਹੁੰਦੀ ਹੈ? (ਅ) ਕੁਝ ਆਦਮੀ ਪਰਮੇਸ਼ੁਰੀ ਕੰਮਾਂ ਨਾਲੋਂ ਜ਼ਿਆਦਾ ਪੈਸਾ ਕਮਾਉਣ ਨੂੰ ਕਿਉਂ ਅਹਿਮੀਅਤ ਦਿੰਦੇ ਹਨ?

3 ਇਕ ਗ੍ਰੰਥੀ ਨੇ ਯਿਸੂ ਨੂੰ ਕਿਹਾ: “ਗੁਰੂ ਜੀ ਜਿੱਥੇ ਕਿਤੇ ਤੂੰ ਜਾਵੇਂ ਮੈਂ ਤੇਰੇ ਮਗਰ ਚੱਲਾਂਗਾ।” ਪਰ ਜਦੋਂ ਯਿਸੂ ਨੇ ਉਸ ਨੂੰ ਕਿਹਾ ਕਿ “ਮਨੁੱਖ ਦੇ ਪੁੱਤ੍ਰ ਦੇ ਸਿਰ ਧਰਨ ਨੂੰ ਥਾਂ ਨਹੀਂ,” ਤਾਂ ਉਸ ਗ੍ਰੰਥੀ ਨੇ ਆਪਣਾ ਮਨ ਬਦਲ ਲਿਆ। ਉਸ ਨੂੰ ਇਹ ਗੱਲ ਚੰਗੀ ਨਹੀਂ ਲੱਗੀ ਕਿ ਉਸ ਨੂੰ ਅਗਲਾ ਖਾਣਾ ਕਿੱਥੋਂ ਮਿਲੇਗਾ ਜਾਂ ਉਹ ਕਿੱਥੇ ਰਹੇਗਾ ਕਿਉਂਕਿ ਬਾਈਬਲ ਵਿਚ ਕੋਈ ਸੰਕੇਤ ਨਹੀਂ ਮਿਲਦਾ ਕਿ ਉਹ ਯਿਸੂ ਦਾ ਚੇਲਾ ਬਣ ਗਿਆ ਸੀ।—ਮੱਤੀ 8:19, 20.

4 ਆਦਮੀ ਅਕਸਰ ਪਰਮੇਸ਼ੁਰੀ ਕੰਮਾਂ ਦੀ ਬਜਾਇ ਪੈਸਾ ਕਮਾਉਣ ਨੂੰ ਅਹਿਮੀਅਤ ਦਿੰਦੇ ਹਨ। ਕਈ ਉੱਚ-ਸਿੱਖਿਆ ਹਾਸਲ ਕਰਨ ਅਤੇ ਵਧੀਆ ਤਨਖ਼ਾਹ ਵਾਲੀ ਨੌਕਰੀ ਨੂੰ ਪਹਿਲ ਦਿੰਦੇ ਹਨ। ਉਨ੍ਹਾਂ ਦਾ ਸੋਚਣਾ ਹੈ ਕਿ ਬਾਈਬਲ ਦਾ ਅਧਿਐਨ ਕਰਨ ਅਤੇ ਪਰਮੇਸ਼ੁਰ ਨਾਲ ਗੂੜ੍ਹਾ ਰਿਸ਼ਤਾ ਜੋੜਨ ਨਾਲ ਜੋ ਫ਼ਾਇਦੇ ਹੁੰਦੇ ਹਨ, ਉਨ੍ਹਾਂ ਨਾਲੋਂ ਜ਼ਿਆਦਾ ਜ਼ਰੂਰੀ ਅਤੇ ਫ਼ਾਇਦੇਮੰਦ ਹੈ ਪੈਸਾ ਕਮਾਉਣਾ। ਉਨ੍ਹਾਂ ਨੂੰ ਬਾਈਬਲ ਦੀਆਂ ਸਿੱਖਿਆਵਾਂ ਸ਼ਾਇਦ ਚੰਗੀਆਂ ਤਾਂ ਲੱਗਣ, ਪਰ “ਦੁਨੀਆ ਦੀ ਚਿੰਤਾ ਅਰ ਧਨ ਦਾ ਧੋਖਾ” ਉਨ੍ਹਾਂ ਦੀ ਥੋੜ੍ਹੀ ਜਿਹੀ ਵੀ ਦਿਲਚਸਪੀ ਨੂੰ ਦਬਾ ਲੈਂਦਾ ਹੈ। (ਮਰ. 4:18, 19) ਧਿਆਨ ਦਿਓ ਕਿ ਯਿਸੂ ਨੇ ਆਪਣੇ ਚੇਲਿਆਂ ਦੀ ਇਹ ਦੇਖਣ ਵਿਚ ਕਿਵੇਂ ਮਦਦ ਕੀਤੀ ਕਿ ਉਹ ਕਿਹੜੇ ਕੰਮ ਨੂੰ ਪਹਿਲ ਦੇਣਗੇ।

5, 6. ਪ੍ਰਚਾਰ ਕਰਨ ਅਤੇ ਰੋਜ਼ੀ-ਰੋਟੀ ਕਮਾਉਣ ਸੰਬੰਧੀ ਫੇਰ-ਬਦਲ ਕਰਨ ਵਿਚ ਕਿਹੜੀ ਗੱਲ ਨੇ ਅੰਦ੍ਰਿਯਾਸ, ਪਤਰਸ, ਯਾਕੂਬ ਅਤੇ ਯੂਹੰਨਾ ਦੀ ਮਦਦ ਕੀਤੀ?

5 ਅੰਦ੍ਰਿਯਾਸ ਅਤੇ ਉਸ ਦਾ ਭਰਾ ਸ਼ਮਊਨ ਪਤਰਸ ਮਿਲ ਕੇ ਮੱਛੀਆਂ ਦਾ ਕਾਰੋਬਾਰ ਕਰਦੇ ਸਨ। ਇਹੀ ਕਾਰੋਬਾਰ ਯੂਹੰਨਾ, ਉਸ ਦਾ ਭਰਾ ਯਾਕੂਬ ਅਤੇ ਉਨ੍ਹਾਂ ਦਾ ਪਿਤਾ ਜ਼ਬਦੀ ਕਰਦੇ ਸਨ। ਉਨ੍ਹਾਂ ਦਾ ਕਾਰੋਬਾਰ ਇੰਨਾ ਚੰਗਾ ਚੱਲ ਰਿਹਾ ਸੀ ਕਿ ਉਨ੍ਹਾਂ ਨੂੰ ਆਪਣੇ ਨਾਲ ਕੰਮ ਕਰਨ ਲਈ ਹੋਰ ਆਦਮੀ ਰੱਖਣੇ ਪਏ। (ਮਰ. 1:16-20) ਅੰਦ੍ਰਿਯਾਸ ਅਤੇ ਯੂਹੰਨਾ ਨੇ ਜਦੋਂ ਪਹਿਲੀ ਵਾਰ ਯੂਹੰਨਾ ਬਪਤਿਸਮਾ ਦੇਣ ਵਾਲੇ ਤੋਂ ਯਿਸੂ ਬਾਰੇ ਸੁਣਿਆ, ਤਾਂ ਉਨ੍ਹਾਂ ਨੂੰ ਯਕੀਨ ਹੋ ਗਿਆ ਕਿ ਉਨ੍ਹਾਂ ਨੂੰ ਮਸੀਹਾ ਲੱਭ ਗਿਆ ਸੀ। ਅੰਦ੍ਰਿਯਾਸ ਨੇ ਜਾ ਕੇ ਇਹ ਖ਼ਬਰ ਆਪਣੇ ਭਰਾ ਸ਼ਮਊਨ ਪਤਰਸ ਨੂੰ ਦਿੱਤੀ ਅਤੇ ਸ਼ਾਇਦ ਯੂਹੰਨਾ ਨੇ ਵੀ ਆਪਣੇ ਭਰਾ ਯਾਕੂਬ ਨੂੰ ਦੱਸਿਆ ਹੋਣਾ। (ਯੂਹੰ. 1:29, 35-41) ਅਗਲੇ ਕੁਝ ਮਹੀਨਿਆਂ ਦੌਰਾਨ ਇਨ੍ਹਾਂ ਚਾਰਾਂ ਨੇ ਯਿਸੂ ਨਾਲ ਸਮਾਂ ਬਿਤਾਇਆ ਜਦੋਂ ਉਹ ਗਲੀਲ, ਯਹੂਦਿਯਾ ਅਤੇ ਸਾਮਰਿਯਾ ਵਿਚ ਪ੍ਰਚਾਰ ਕਰ ਰਿਹਾ ਸੀ। ਫਿਰ ਚਾਰੇ ਜਣੇ ਦੁਬਾਰਾ ਜਾ ਕੇ ਮੱਛੀਆਂ ਦਾ ਕਾਰੋਬਾਰ ਕਰਨ ਲੱਗ ਪਏ। ਉਨ੍ਹਾਂ ਨੂੰ ਪਰਮੇਸ਼ੁਰੀ ਗੱਲਾਂ ਵਿਚ ਦਿਲਚਸਪੀ ਤਾਂ ਸੀ, ਪਰ ਉਹ ਆਪਣੀ ਜ਼ਿੰਦਗੀ ਵਿਚ ਪ੍ਰਚਾਰ ਕਰਨਾ ਇੰਨਾ ਜ਼ਰੂਰੀ ਨਹੀਂ ਸਮਝਦੇ ਸਨ।

6 ਕੁਝ ਦੇਰ ਬਾਅਦ ਯਿਸੂ ਨੇ ਪਤਰਸ ਅਤੇ ਅੰਦ੍ਰਿਯਾਸ ਨੂੰ ਆਪਣੇ ਮਗਰ ਆਉਣ ਅਤੇ “ਮਨੁੱਖਾਂ ਦੇ ਸ਼ਿਕਾਰੀ” ਬਣਨ ਲਈ ਕਿਹਾ। ਉਨ੍ਹਾਂ ਦੋਵਾਂ ਨੇ ਕੀ ਕੀਤਾ? “ਓਹ ਝੱਟ ਜਾਲਾਂ ਨੂੰ ਛੱਡ ਕੇ ਉਹ ਦੇ ਮਗਰ ਹੋ ਤੁਰੇ।” ਯੂਹੰਨਾ ਅਤੇ ਯਾਕੂਬ ਨੇ ਵੀ ਇਸੇ ਤਰ੍ਹਾਂ ਕੀਤਾ। “ਓਹ ਝੱਟ ਬੇੜੀ ਨੂੰ ਅਤੇ ਆਪਣੇ ਪਿਉ ਨੂੰ ਛੱਡ ਕੇ ਉਹ ਦੇ ਮਗਰ ਹੋ ਤੁਰੇ।” (ਮੱਤੀ 4:18-22) ਪ੍ਰਚਾਰ ਕਰਨ ਵਿਚ ਇਨ੍ਹਾਂ ਆਦਮੀਆਂ ਦੀ ਕਿਹੜੀ ਗੱਲ ਨੇ ਮਦਦ ਕੀਤੀ? ਕੀ ਉਨ੍ਹਾਂ ਨੇ ਜਜ਼ਬਾਤੀ ਹੋ ਕੇ ਜਲਦਬਾਜ਼ੀ ਵਿਚ ਇਹ ਫ਼ੈਸਲਾ ਕੀਤਾ ਸੀ? ਬਿਲਕੁਲ ਨਹੀਂ! ਪਿਛਲੇ ਕੁਝ ਮਹੀਨਿਆਂ ਦੌਰਾਨ ਇਨ੍ਹਾਂ ਆਦਮੀਆਂ ਨੇ ਯਿਸੂ ਦੀਆਂ ਗੱਲਾਂ ਸੁਣੀਆਂ, ਉਸ ਨੂੰ ਚਮਤਕਾਰ ਕਰਦੇ ਦੇਖਿਆ, ਸਹੀ ਕੰਮਾਂ ਲਈ ਉਸ ਦਾ ਜੋਸ਼ ਦੇਖਿਆ ਅਤੇ ਪ੍ਰਚਾਰ ਕਰਦੇ ਸਮੇਂ ਲੋਕਾਂ ਦਾ ਚੰਗਾ ਹੁੰਗਾਰਾ ਵੀ ਦੇਖਿਆ। ਨਤੀਜੇ ਵਜੋਂ, ਯਹੋਵਾਹ ’ਤੇ ਉਨ੍ਹਾਂ ਦੀ ਨਿਹਚਾ ਅਤੇ ਭਰੋਸਾ ਪੱਕਾ ਹੋ ਗਿਆ!

7. ਅਸੀਂ ਆਪਣੇ ਬਾਈਬਲ ਵਿਦਿਆਰਥੀਆਂ ਦੀ ਇਹ ਭਰੋਸਾ ਕਰਨ ਵਿਚ ਕਿਵੇਂ ਮਦਦ ਕਰ ਸਕਦੇ ਹਾਂ ਕਿ ਯਹੋਵਾਹ ਆਪਣੇ ਲੋਕਾਂ ਦੀਆਂ ਲੋੜਾਂ ਪੂਰੀਆਂ ਕਰ ਸਕਦਾ ਹੈ?

7 ਅਸੀਂ ਯਿਸੂ ਦੀ ਰੀਸ ਕਰਦਿਆਂ ਆਪਣੇ ਬਾਈਬਲ ਵਿਦਿਆਰਥੀਆਂ ਦੀ ਕਿਵੇਂ ਮਦਦ ਕਰ ਸਕਦੇ ਹਾਂ ਤਾਂਕਿ ਉਹ ਯਹੋਵਾਹ ਉੱਤੇ ਭਰੋਸਾ ਰੱਖ ਸਕਣ? (ਕਹਾ. 3:5, 6) ਇਹ ਗੱਲ ਸਾਡੇ ਸਿਖਾਉਣ ਦੇ ਤਰੀਕੇ ’ਤੇ ਨਿਰਭਰ ਕਰੇਗੀ। ਸਿਖਾਉਂਦੇ ਵੇਲੇ ਅਸੀਂ ਇਸ ਗੱਲ ਉੱਤੇ ਜ਼ੋਰ ਦੇ ਸਕਦੇ ਹਾਂ ਕਿ ਜੇ ਅਸੀਂ ਪਰਮੇਸ਼ੁਰ ਦੇ ਰਾਜ ਨੂੰ ਪਹਿਲ ਦੇਵਾਂਗੇ, ਤਾਂ ਹੀ ਪਰਮੇਸ਼ੁਰ ਸਾਨੂੰ ਬੇਸ਼ੁਮਾਰ ਬਰਕਤਾਂ ਦੇਵੇਗਾ। (ਮਲਾਕੀ 3:10; ਮੱਤੀ 6:33 ਪੜ੍ਹੋ।) ਭਾਵੇਂ ਅਸੀਂ ਉਨ੍ਹਾਂ ਨੂੰ ਵੱਖੋ-ਵੱਖਰੀਆਂ ਆਇਤਾਂ ਦਿਖਾ ਸਕਦੇ ਹਾਂ ਕਿ ਯਹੋਵਾਹ ਆਪਣੇ ਲੋਕਾਂ ਦੀ ਕਿਵੇਂ ਦੇਖ-ਭਾਲ ਕਰਦਾ ਹੈ, ਪਰ ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਸਾਡੀ ਚੰਗੀ ਮਿਸਾਲ ਦਾ ਵੀ ਕਿੰਨਾ ਅਸਰ ਪੈ ਸਕਦਾ ਹੈ। ਆਪਣੀ ਜ਼ਿੰਦਗੀ ਵਿਚ ਹੋਏ ਤਜਰਬਿਆਂ ਨੂੰ ਸਾਂਝੇ ਕਰ ਕੇ ਅਸੀਂ ਆਪਣੇ ਵਿਦਿਆਰਥੀਆਂ ਦੀ ਯਹੋਵਾਹ ਉੱਤੇ ਭਰੋਸਾ ਕਰਨ ਵਿਚ ਕਾਫ਼ੀ ਮਦਦ ਕਰ ਸਕਦੇ ਹਾਂ। ਅਸੀਂ ਉਨ੍ਹਾਂ ਨਾਲ ਆਪਣੇ ਪ੍ਰਕਾਸ਼ਨਾਂ ਵਿੱਚੋਂ ਹੌਸਲਾ ਵਧਾਉਣ ਵਾਲੇ ਤਜਰਬੇ ਵੀ ਸਾਂਝੇ ਕਰ ਸਕਦੇ ਹਾਂ। *

8. (ੳ) ਇਹ ਕਿਉਂ ਜ਼ਰੂਰੀ ਹੈ ਕਿ ਬਾਈਬਲ ਵਿਦਿਆਰਥੀ ‘ਚੱਖੇ ਤੇ ਵੇਖੇ ਭਈ ਯਹੋਵਾਹ ਭਲਾ ਹੈ’? (ਅ) ਅਸੀਂ ਆਪਣੇ ਵਿਦਿਆਰਥੀ ਦੀ ਕਿਵੇਂ ਮਦਦ ਕਰ ਸਕਦੇ ਹਾਂ ਕਿ ਉਹ ਆਪ ਦੇਖੇ ਕਿ ਯਹੋਵਾਹ ਭਲਾ ਹੈ?

8 ਦੂਜਿਆਂ ਨੂੰ ਯਹੋਵਾਹ ਤੋਂ ਮਿਲੀਆਂ ਬਰਕਤਾਂ ਬਾਰੇ ਪੜ੍ਹਨ ਅਤੇ ਸੁਣਨ ਨਾਲੋਂ ਜ਼ਿਆਦਾ ਜ਼ਰੂਰੀ ਹੈ ਕਿ ਵਿਦਿਆਰਥੀ ਆਪਣੀ ਨਿਹਚਾ ਤਕੜੀ ਕਰਨ ਲਈ ਕੁਝ ਹੋਰ ਵੀ ਕਰੇ। ਉਸ ਨੂੰ ਆਪ ਵੀ ਦੇਖਣ ਦੀ ਲੋੜ ਹੈ ਕਿ ਯਹੋਵਾਹ ਕਿੰਨਾ ਭਲਾ ਹੈ। ਜ਼ਬੂਰਾਂ ਦੇ ਲਿਖਾਰੀ ਨੇ ਕਿਹਾ: “ਚੱਖੋ ਤੇ ਵੇਖੋ ਭਈ ਯਹੋਵਾਹ ਭਲਾ ਹੈ, ਧੰਨ ਹੈ ਉਹ ਪੁਰਸ਼ ਜੋ ਉਸ ਵਿੱਚ ਪਨਾਹ ਲੈਂਦਾ ਹੈ।” (ਜ਼ਬੂ. 34:8) ਅਸੀਂ ਉਸ ਦੀ ਇਹ ਦੇਖਣ ਵਿਚ ਕਿਵੇਂ ਮਦਦ ਕਰ ਸਕਦੇ ਹਾਂ ਕਿ ਯਹੋਵਾਹ ਭਲਾ ਹੈ? ਮੰਨ ਲਓ ਕਿ ਕਿਸੇ ਵਿਦਿਆਰਥੀ ਨੂੰ ਪੈਸੇ ਦੀ ਤੰਗੀ ਹੈ ਅਤੇ ਉਹ ਸ਼ਾਇਦ ਕਿਸੇ ਮਾੜੀ ਆਦਤ ਤੋਂ ਵੀ ਪਿੱਛਾ ਛੁਡਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਜਿਵੇਂ ਸਿਗਰਟ ਪੀਣੀ, ਜੂਆ ਖੇਡਣਾ ਜਾਂ ਬਹੁਤ ਸ਼ਰਾਬ ਪੀਣੀ। (ਕਹਾ. 23:20, 21; 2 ਕੁਰਿੰ. 7:1; 1 ਤਿਮੋ. 6:10) ਕੀ ਇਹ ਚੰਗਾ ਨਹੀਂ ਹੋਵੇਗਾ ਕਿ ਮਾੜੀ ਆਦਤ ਉੱਤੇ ਕਾਬੂ ਪਾਉਣ ਵਿਚ ਮਦਦ ਲਈ ਅਸੀਂ ਉਸ ਨੂੰ ਪਰਮੇਸ਼ੁਰ ਨੂੰ ਪ੍ਰਾਰਥਨਾ ਕਰਨੀ ਸਿਖਾਈਏ ਤਾਂਕਿ ਉਹ ਦੇਖ ਸਕੇ ਕਿ ਯਹੋਵਾਹ ਭਲਾ ਹੈ? ਇਸ ਗੱਲ ਉੱਤੇ ਵੀ ਗੌਰ ਕਰੋ ਕਿ ਉਸ ਉੱਤੇ ਕੀ ਅਸਰ ਪੈ ਸਕਦਾ ਹੈ ਜਦੋਂ ਅਸੀਂ ਉਸ ਨੂੰ ਪਰਮੇਸ਼ੁਰੀ ਕੰਮਾਂ ਨੂੰ ਪਹਿਲ ਦੇਣ ਦਾ ਉਤਸ਼ਾਹ ਦਿੰਦੇ ਹਾਂ ਕਿ ਉਹ ਹਰ ਹਫ਼ਤੇ ਬਾਈਬਲ ਸਟੱਡੀ ਤੇ ਮੀਟਿੰਗਾਂ ਦੀ ਤਿਆਰੀ ਕਰੇ ਅਤੇ ਇਨ੍ਹਾਂ ਵਿਚ ਹਾਜ਼ਰ ਹੋਵੇ। ਜਦੋਂ ਉਹ ਆਪਣੇ ਇਨ੍ਹਾਂ ਜਤਨਾਂ ਉੱਤੇ ਯਹੋਵਾਹ ਦੀ ਬਰਕਤ ਦੇਖੇਗਾ, ਤਾਂ ਉਸ ਦੀ ਨਿਹਚਾ ਪੱਕੀ ਹੋਵੇਗੀ!

ਲੋਕਾਂ ਦਾ ਡਰ

9, 10. (ੳ) ਨਿਕੁਦੇਮੁਸ ਅਤੇ ਅਰਿਮਥੇਆ ਦੇ ਯੂਸੁਫ਼ ਨੇ ਇਹ ਗੱਲ ਕਿਉਂ ਛੁਪਾਈ ਕਿ ਉਹ ਯਿਸੂ ਵਿਚ ਦਿਲਚਸਪੀ ਰੱਖਦੇ ਸਨ? (ਅ) ਕੁਝ ਆਦਮੀ ਕਿਉਂ ਅੱਜ ਮਸੀਹ ਦੇ ਮਗਰ ਚੱਲਣ ਤੋਂ ਹਿਚਕਿਚਾਉਂਦੇ ਹਨ?

9 ਕੁਝ ਆਦਮੀ ਸ਼ਾਇਦ ਲੋਕਾਂ ਦੇ ਡਰ ਕਾਰਨ ਮਸੀਹ ਮਗਰ ਪੂਰੀ ਤਰ੍ਹਾਂ ਚੱਲਣ ਤੋਂ ਹਿਚਕਿਚਾਉਣ। ਨਿਕੁਦੇਮੁਸ ਅਤੇ ਅਰਿਮਥੇਆ ਦੇ ਯੂਸੁਫ਼ ਨੇ ਇਹ ਗੱਲ ਛੁਪਾ ਕੇ ਰੱਖੀ ਕਿ ਉਹ ਯਿਸੂ ਵਿਚ ਦਿਲਚਸਪੀ ਰੱਖਦੇ ਸਨ ਕਿਉਂਕਿ ਉਹ ਡਰਦੇ ਸਨ ਕਿ ਦੂਸਰੇ ਯਹੂਦੀ ਕੀ ਕਹਿਣਗੇ ਜਾਂ ਕਰਨਗੇ ਜੇ ਉਨ੍ਹਾਂ ਨੂੰ ਪਤਾ ਲੱਗ ਗਿਆ। (ਯੂਹੰ. 3:1, 2; 19:38) ਉਨ੍ਹਾਂ ਦਾ ਇਹ ਡਰ ਵਾਜਬ ਸੀ। ਯਿਸੂ ਲਈ ਧਾਰਮਿਕ ਆਗੂਆਂ ਦੀ ਨਫ਼ਰਤ ਇੰਨੀ ਵਧ ਗਈ ਕਿ ਜਿਹੜਾ ਵੀ ਵਿਅਕਤੀ ਯਿਸੂ ਉੱਤੇ ਨਿਹਚਾ ਰੱਖਦਾ ਸੀ, ਉਹ ਉਸ ਨੂੰ ਸਮਾਜ ਵਿੱਚੋਂ ਕੱਢ ਦਿੰਦੇ ਸੀ।—ਯੂਹੰ. 9:22.

10 ਅੱਜ ਕੁਝ ਥਾਵਾਂ ਤੇ ਜੇ ਆਦਮੀ ਪਰਮੇਸ਼ੁਰ, ਬਾਈਬਲ ਜਾਂ ਧਰਮ ਵਿਚ ਜ਼ਿਆਦਾ ਰੁਚੀ ਰੱਖਦਾ ਹੈ, ਤਾਂ ਉਸ ਦੇ ਨਾਲ ਕੰਮ ਕਰਨ ਵਾਲੇ, ਦੋਸਤ-ਮਿੱਤਰ ਜਾਂ ਰਿਸ਼ਤੇਦਾਰ ਸ਼ਾਇਦ ਉਸ ਨੂੰ ਸਤਾਉਣ। ਕਈ ਹੋਰ ਥਾਵਾਂ ਤੇ ਆਪਣੇ ਧਰਮ ਬਦਲਣ ਬਾਰੇ ਗੱਲ ਕਰਨੀ ਵੀ ਖ਼ਤਰਨਾਕ ਹੋ ਸਕਦੀ ਹੈ। ਦਬਾਅ ਦਾ ਸਾਮ੍ਹਣਾ ਕਰਨਾ ਖ਼ਾਸਕਰ ਉਸ ਆਦਮੀ ਲਈ ਔਖਾ ਹੋ ਸਕਦਾ ਹੈ ਜੋ ਮਿਲਟਰੀ ਵਿਚ ਹੈ, ਸਿਆਸਤ ਵਿਚ ਹੈ ਜਾਂ ਸਮਾਜ ਵਿਚ ਜਾਣਿਆ-ਮਾਣਿਆ ਹੈ। ਮਿਸਾਲ ਲਈ, ਜਰਮਨੀ ਵਿਚ ਰਹਿੰਦੇ ਇਕ ਆਦਮੀ ਨੇ ਮੰਨਿਆ: “ਤੁਸੀਂ ਗਵਾਹ ਬਾਈਬਲ ਬਾਰੇ ਜੋ ਪ੍ਰਚਾਰ ਕਰਦੇ ਹੋ, ਉਹ ਠੀਕ ਹੈ। ਪਰ ਜੇ ਮੈਂ ਅੱਜ ਗਵਾਹ ਬਣ ਗਿਆ, ਤਾਂ ਕੱਲ੍ਹ ਨੂੰ ਹਰ ਕਿਸੇ ਨੂੰ ਇਸ ਬਾਰੇ ਪਤਾ ਲੱਗ ਜਾਵੇਗਾ। ਨਾਲ ਦੇ ਕੰਮ ਕਰਨ ਵਾਲੇ, ਗੁਆਂਢੀ ਅਤੇ ਕਲੱਬ ਦੇ ਲੋਕ ਕੀ ਸੋਚਣਗੇ ਜਿਸ ਦੇ ਅਸੀਂ ਸਾਰਾ ਪਰਿਵਾਰ ਮੈਂਬਰ ਹਾਂ? ਮੈਂ ਉਨ੍ਹਾਂ ਦੀਆਂ ਗੱਲਾਂ ਬਰਦਾਸ਼ਤ ਨਹੀਂ ਕਰ ਪਾਵਾਂਗਾ।”

11. ਯਿਸੂ ਨੇ ਲੋਕਾਂ ਦੇ ਡਰ ਨਾਲ ਸਿੱਝਣ ਲਈ ਆਪਣੇ ਚੇਲਿਆਂ ਦੀ ਕਿਵੇਂ ਮਦਦ ਕੀਤੀ?

11 ਭਾਵੇਂ ਕਿ ਯਿਸੂ ਦਾ ਕੋਈ ਵੀ ਰਸੂਲ ਡਰਪੋਕ ਨਹੀਂ ਸੀ, ਪਰ ਉਹ ਕਦੇ-ਕਦੇ ਲੋਕਾਂ ਤੋਂ ਡਰ ਜਾਂਦੇ ਸਨ। (ਮਰ. 14:50, 66-72) ਲੋਕਾਂ ਦੇ ਦਬਾਅ ਦੇ ਬਾਵਜੂਦ ਤਰੱਕੀ ਕਰਨ ਵਿਚ ਯਿਸੂ ਨੇ ਉਨ੍ਹਾਂ ਦੀ ਕਿਵੇਂ ਮਦਦ ਕੀਤੀ? ਯਿਸੂ ਨੇ ਆਉਣ ਵਾਲੀਆਂ ਸਤਾਹਟਾਂ ਦਾ ਸਾਮ੍ਹਣਾ ਕਰਨ ਲਈ ਆਪਣੇ ਚੇਲਿਆਂ ਨੂੰ ਤਿਆਰ ਕੀਤਾ। ਉਸ ਨੇ ਕਿਹਾ: “ਧੰਨ ਹੋ ਤੁਸੀਂ ਜਦ ਮਨੁੱਖ ਦੇ ਪੁੱਤ੍ਰ ਦੇ ਕਾਰਨ ਮਨੁੱਖ ਤੁਹਾਡੇ ਨਾਲ ਵੈਰ ਰੱਖਣਗੇ ਅਤੇ ਜਦ ਓਹ ਤੁਹਾਨੂੰ ਛੇਕ ਦੇਣਗੇ ਅਤੇ ਬੋਲੀਆਂ ਮਾਰਨਗੇ ਅਤੇ ਤੁਹਾਡਾ ਨਾਉਂ ਬੁਰਾ ਜਾਣ ਕੇ ਕੱਢ ਸੁੱਟਣਗੇ।” (ਲੂਕਾ 6:22) ਯਿਸੂ ਨੇ ਆਪਣੇ ਚੇਲਿਆਂ ਨੂੰ ਚੇਤਾਵਨੀ ਦਿੱਤੀ ਕਿ ਉਨ੍ਹਾਂ ਨੂੰ ਬੇਇੱਜ਼ਤ ਕੀਤਾ ਜਾਵੇਗਾ। ਉਨ੍ਹਾਂ ਦੀ ਇਹ ਬੇਇੱਜ਼ਤੀ “ਮਨੁੱਖ ਦੇ ਪੁੱਤ੍ਰ ਦੇ ਕਾਰਨ” ਹੋਣੀ ਸੀ। ਯਿਸੂ ਨੇ ਉਨ੍ਹਾਂ ਨੂੰ ਭਰੋਸਾ ਵੀ ਦਿਵਾਇਆ ਕਿ ਉਹ ਜਦ ਤਕ ਮਦਦ ਅਤੇ ਤਾਕਤ ਲਈ ਪਰਮੇਸ਼ੁਰ ਉੱਤੇ ਭਰੋਸਾ ਰੱਖਣਗੇ, ਉਦੋਂ ਤਕ ਪਰਮੇਸ਼ੁਰ ਉਨ੍ਹਾਂ ਦਾ ਸਾਥ ਦਿੰਦਾ ਰਹੇਗਾ। (ਲੂਕਾ 12:4-12) ਇਸ ਤੋਂ ਇਲਾਵਾ, ਯਿਸੂ ਨੇ ਨਵੇਂ ਲੋਕਾਂ ਨੂੰ ਆਪਣੇ ਚੇਲਿਆਂ ਨਾਲ ਬਿਨਾਂ ਝਿਜਕ ਸੰਗਤ ਕਰਨ ਅਤੇ ਉਨ੍ਹਾਂ ਦੇ ਦੋਸਤ ਬਣਨ ਦਾ ਸੱਦਾ ਦਿੱਤਾ।—ਮਰ. 10:29, 30.

12. ਲੋਕਾਂ ਦੇ ਡਰ ਉੱਤੇ ਕਾਬੂ ਪਾਉਣ ਵਿਚ ਅਸੀਂ ਕਿਨ੍ਹਾਂ ਤਰੀਕਿਆਂ ਨਾਲ ਆਪਣੇ ਬਾਈਬਲ ਵਿਦਿਆਰਥੀਆਂ ਦੀ ਮਦਦ ਕਰ ਸਕਦੇ ਹਾਂ?

12 ਸਾਨੂੰ ਵੀ ਲੋਕਾਂ ਦੇ ਡਰ ਉੱਤੇ ਕਾਬੂ ਪਾਉਣ ਵਿਚ ਬਾਈਬਲ ਵਿਦਿਆਰਥੀਆਂ ਦੀ ਮਦਦ ਕਰਨ ਦੀ ਲੋੜ ਹੈ। ਜਦੋਂ ਸਾਨੂੰ ਪਤਾ ਹੋਵੇ ਕਿ ਸਾਨੂੰ ਕੋਈ ਚੁਣੌਤੀ ਆਉਣ ਵਾਲੀ ਹੈ, ਤਾਂ ਅਕਸਰ ਉਸ ਦਾ ਸਾਮ੍ਹਣਾ ਕਰਨਾ ਸੌਖਾ ਹੁੰਦਾ ਹੈ। (ਯੂਹੰ. 15:19) ਮਿਸਾਲ ਲਈ, ਕਿਉਂ ਨਾ ਬਾਈਬਲ ਵਿੱਚੋਂ ਸੌਖੇ ਤੇ ਢੁਕਵੇਂ ਜਵਾਬ ਤਿਆਰ ਕਰਨ ਵਿਚ ਵਿਦਿਆਰਥੀ ਦੀ ਮਦਦ ਕਰੋ ਤਾਂਕਿ ਉਹ ਉਸ ਵੇਲੇ ਜਵਾਬ ਦੇ ਸਕੇ ਜਦੋਂ ਉਸ ਨਾਲ ਕੰਮ ਕਰਨ ਵਾਲੇ ਅਤੇ ਦੂਸਰੇ ਕੋਈ ਸਵਾਲ ਪੁੱਛਣ ਜਾਂ ਕਿਸੇ ਗੱਲ ’ਤੇ ਇਤਰਾਜ਼ ਕਰਨ? ਉਸ ਦੇ ਦੋਸਤ ਬਣਨ ਤੋਂ ਇਲਾਵਾ, ਕਲੀਸਿਯਾ ਵਿਚ ਦੂਜਿਆਂ ਨਾਲ ਅਸੀਂ ਉਸ ਦੀ ਜਾਣ-ਪਛਾਣ ਕਰਾ ਸਕਦੇ ਹਾਂ, ਖ਼ਾਸਕਰ ਉਨ੍ਹਾਂ ਨਾਲ ਜਿਨ੍ਹਾਂ ਦੀ ਕੋਈ ਗੱਲ ਜਾਂ ਰੁਚੀ ਉਸ ਨਾਲ ਮਿਲਦੀ-ਜੁਲਦੀ ਹੋਵੇ। ਸਭ ਤੋਂ ਜ਼ਰੂਰੀ ਗੱਲ ਹੈ ਕਿ ਅਸੀਂ ਉਸ ਨੂੰ ਦਿਲੋਂ ਅਤੇ ਬਾਕਾਇਦਾ ਪ੍ਰਾਰਥਨਾ ਕਰਨੀ ਸਿਖਾਈਏ। ਇਸ ਮਦਦ ਸਦਕਾ ਉਹ ਪਰਮੇਸ਼ੁਰ ਦੇ ਨੇੜੇ ਆ ਸਕਦਾ ਹੈ ਅਤੇ ਯਹੋਵਾਹ ਨੂੰ ਆਪਣੀ ਪਨਾਹ ਅਤੇ ਚਟਾਨ ਬਣਾ ਸਕਦਾ ਹੈ।—ਜ਼ਬੂਰਾਂ ਦੀ ਪੋਥੀ 94:21-23; ਯਾਕੂਬ 4:8 ਪੜ੍ਹੋ।

ਆਪਣੇ ਆਪ ਨੂੰ ਕਾਬਲ ਨਾ ਸਮਝਣਾ

13. ਕੁਝ ਆਦਮੀ ਪਰਮੇਸ਼ੁਰੀ ਕੰਮ ਕਰਨ ਤੋਂ ਪਿਛਾਂਹ ਕਿਉਂ ਹਟ ਜਾਂਦੇ ਹਨ?

13 ਕੁਝ ਆਦਮੀ ਪਰਮੇਸ਼ੁਰੀ ਕੰਮ ਕਰਨ ਤੋਂ ਪਿਛਾਂਹ ਹਟ ਜਾਂਦੇ ਹਨ ਕਿਉਂਕਿ ਉਨ੍ਹਾਂ ਨੂੰ ਚੰਗੀ ਤਰ੍ਹਾਂ ਪੜ੍ਹਨਾ ਨਹੀਂ ਆਉਂਦਾ ਜਾਂ ਉਹ ਆਪਣੀ ਗੱਲ ਚੰਗੀ ਤਰ੍ਹਾਂ ਸਮਝਾ ਨਹੀਂ ਸਕਦੇ ਜਾਂ ਉਹ ਸ਼ਰਮੀਲੇ ਹਨ। ਕਈ ਆਦਮੀਆਂ ਨੂੰ ਸਾਰਿਆਂ ਦੇ ਸਾਮ੍ਹਣੇ ਆਪਣੇ ਵਿਚਾਰ ਜਾਂ ਜਜ਼ਬਾਤ ਸਾਂਝੇ ਕਰਨੇ ਔਖੇ ਲੱਗਦੇ ਹਨ। ਸਟੱਡੀ ਕਰਨ, ਮੀਟਿੰਗਾਂ ਵਿਚ ਟਿੱਪਣੀਆਂ ਦੇਣ ਜਾਂ ਦੂਜਿਆਂ ਨਾਲ ਆਪਣੇ ਵਿਸ਼ਵਾਸ ਸਾਂਝੇ ਕਰਨ ਦਾ ਵਿਚਾਰ ਉਨ੍ਹਾਂ ਨੂੰ ਪਹਾੜ ਉੱਤੇ ਚੜ੍ਹਨ ਦੇ ਬਰਾਬਰ ਲੱਗਦਾ ਹੈ। ਇਕ ਮਸੀਹੀ ਭਰਾ ਮੰਨਦਾ ਹੈ: “ਜਦੋਂ ਮੈਂ ਛੋਟਾ ਹੁੰਦਾ ਸੀ, ਤਾਂ ਮੈਂ ਫਟਾਫਟ ਦਰਵਾਜ਼ੇ ਵੱਲ ਜਾ ਕੇ ਘੰਟੀ ਵਜਾਉਣ ਦਾ ਦਿਖਾਵਾ ਕਰਦਾ ਸੀ ਤੇ ਫਿਰ ਚੁੱਪ-ਚਾਪ ਉੱਥੋਂ ਤੁਰ ਪੈਂਦਾ ਸੀ ਤਾਂਕਿ ਕੋਈ ਮੈਨੂੰ ਸੁਣੇ ਜਾਂ ਦੇਖੇ ਨਾ। . . . ਘਰ-ਘਰ ਜਾਣ ਦਾ ਖ਼ਿਆਲ ਹੀ ਮੈਨੂੰ ਬੀਮਾਰ ਕਰ ਦਿੰਦਾ ਸੀ।”

14. ਯਿਸੂ ਦੇ ਚੇਲੇ ਉਸ ਮੁੰਡੇ ਨੂੰ ਠੀਕ ਕਿਉਂ ਨਹੀਂ ਕਰ ਸਕੇ ਜਿਸ ਨੂੰ ਦੁਸ਼ਟ ਦੂਤ ਚਿੰਬੜਿਆ ਸੀ?

14 ਯਿਸੂ ਦੇ ਚੇਲਿਆਂ ਦੀ ਹੀ ਗੱਲ ਲੈ ਲਓ ਜੋ ਨਿਹਚਾ ਦੀ ਘਾਟ ਕਾਰਨ ਉਸ ਮੁੰਡੇ ਨੂੰ ਠੀਕ ਨਹੀਂ ਕਰ ਸਕੇ ਜਿਸ ਨੂੰ ਦੁਸ਼ਟ ਦੂਤ ਚਿੰਬੜਿਆ ਹੋਇਆ ਸੀ। ਮੁੰਡੇ ਦੇ ਪਿਤਾ ਨੇ ਯਿਸੂ ਕੋਲ ਆ ਕੇ ਕਿਹਾ: “[ਮੇਰਾ ਪੁੱਤਰ] ਮਿਰਗੀ ਦੇ ਮਾਰੇ ਬਹੁਤ ਦੁਖ ਪਾਉਂਦਾ ਹੈ। ਉਹ ਤਾਂ ਬਹੁਤ ਵਾਰੀ ਅੱਗ ਵਿੱਚ ਅਤੇ ਬਹੁਤ ਵਾਰੀ ਪਾਣੀ ਵਿੱਚ ਡਿੱਗ ਪੈਂਦਾ ਹੈ। ਅਤੇ ਮੈਂ ਉਸ ਨੂੰ ਤੁਹਾਡੇ ਚੇਲਿਆਂ ਕੋਲ ਲਿਆਇਆ ਸੀ ਪਰ ਓਹ ਉਸ ਨੂੰ ਚੰਗਾ ਨਾ ਕਰ ਸੱਕੇ।” ਯਿਸੂ ਨੇ ਉਸ ਵਿੱਚੋਂ ਦੁਸ਼ਟ ਦੂਤ ਨੂੰ ਕੱਢ ਕੇ ਮੁੰਡੇ ਨੂੰ ਠੀਕ ਕਰ ਦਿੱਤਾ। ਬਾਅਦ ਵਿਚ ਚੇਲੇ ਯਿਸੂ ਕੋਲ ਆਏ ਤੇ ਉਸ ਨੂੰ ਪੁੱਛਿਆ: “ਅਸੀਂ ਉਹ ਨੂੰ ਕਿਉਂ ਨਾ ਕੱਢ ਸੱਕੇ?” ਯਿਸੂ ਨੇ ਜਵਾਬ ਦਿੱਤਾ: “ਆਪਣੀ ਘੱਟ ਨਿਹਚਾ ਦੇ ਕਾਰਨ ਕਿਉਂ ਜੋ ਮੈਂ ਤੁਹਾਨੂੰ ਸਤ ਆਖਦਾ ਹਾਂ ਕਿ ਜੇ ਤੁਹਾਡੇ ਵਿੱਚ ਇੱਕ ਰਾਈ ਦੇ ਦਾਣੇ ਸਮਾਨ ਨਿਹਚਾ ਹੋਵੇ ਤਾਂ ਤੁਸੀਂ ਇਸ ਪਹਾੜ ਨੂੰ ਕਹੋਗੇ ਜੋ ਐਧਰੋਂ ਹਟ ਕੇ ਉਸ ਥਾਂ ਚੱਲਿਆ ਜਾਹ ਅਤੇ ਉਹ ਚੱਲਿਆ ਜਾਵੇਗਾ ਅਤੇ ਤੁਹਾਨੂੰ ਕੋਈ ਕੰਮ ਅਣਹੋਣਾ ਨਾ ਹੋਵੇਗਾ।” (ਮੱਤੀ 17:14-20) ਪਹਾੜ ਵਰਗੀਆਂ ਮੁਸ਼ਕਲਾਂ ਦਾ ਸਾਮ੍ਹਣਾ ਕਰਨ ਲਈ ਯਹੋਵਾਹ ਉੱਤੇ ਨਿਹਚਾ ਕਰਨੀ ਜ਼ਰੂਰੀ ਹੈ। ਕੀ ਹੁੰਦਾ ਹੈ ਜੇ ਕੋਈ ਇਸ ਗੱਲ ਨੂੰ ਨਜ਼ਰਅੰਦਾਜ਼ ਕਰ ਦਿੰਦਾ ਹੈ ਅਤੇ ਆਪਣੀਆਂ ਕਾਬਲੀਅਤਾਂ ’ਤੇ ਜ਼ਿਆਦਾ ਭਰੋਸਾ ਕਰਨ ਲੱਗ ਪੈਂਦਾ ਹੈ? ਸਫ਼ਲ ਨਾ ਹੋਣ ਕਾਰਨ ਉਸ ਦਾ ਆਪਣੇ ਆਪ ਤੋਂ ਭਰੋਸਾ ਉੱਠ ਜਾਂਦਾ ਹੈ।

15, 16. ਜਿਹੜਾ ਵਿਦਿਆਰਥੀ ਆਪਣੇ ਆਪ ਨੂੰ ਕੁਝ ਕਰਨ ਦੇ ਕਾਬਲ ਨਹੀਂ ਸਮਝਦਾ, ਉਸ ਦੀ ਅਸੀਂ ਕਿਵੇਂ ਮਦਦ ਕਰ ਸਕਦੇ ਹਾਂ?

15 ਜਿਹੜਾ ਵਿਅਕਤੀ ਆਪਣੇ ਆਪ ਨੂੰ ਕੁਝ ਕਰਨ ਦੇ ਕਾਬਲ ਨਹੀਂ ਸਮਝਦਾ, ਉਸ ਦੀ ਮਦਦ ਕਰਨ ਦਾ ਸਭ ਤੋਂ ਵਧੀਆ ਤਰੀਕਾ ਹੈ ਕਿ ਉਸ ਨੂੰ ਆਪਣੇ ਉੱਤੇ ਭਰੋਸਾ ਕਰਨ ਦੀ ਬਜਾਇ, ਯਹੋਵਾਹ ਉੱਤੇ ਭਰੋਸਾ ਕਰਨ ਦਾ ਉਤਸ਼ਾਹ ਦਿੱਤਾ ਜਾਵੇ। ਪਤਰਸ ਨੇ ਲਿਖਿਆ: “ਆਪਣੇ ਆਪ ਨੂੰ ਪਰਮੇਸ਼ੁਰ ਦੇ ਬਲਵੰਤ ਹੱਥ ਦੇ ਹੇਠ ਨੀਵਿਆਂ ਕਰੋ ਭਈ ਉਹ ਤੁਹਾਨੂੰ ਵੇਲੇ ਸਿਰ ਉੱਚਿਆ ਕਰੇ। ਅਤੇ ਆਪਣੀ ਸਾਰੀ ਚਿੰਤਾ ਓਸ ਉੱਤੇ ਸੁਟ ਛੱਡੋ।” (1 ਪਤ. 5:6, 7) ਇਸ ਦਾ ਮਤਲਬ ਹੈ ਕਿ ਅਸੀਂ ਵਿਦਿਆਰਥੀ ਨੂੰ ਯਹੋਵਾਹ ਨਾਲ ਪਿਆਰ ਕਰਨ ਅਤੇ ਉਸ ਦੀ ਸੇਧ ਅਨੁਸਾਰ ਚੱਲਣ ਵਿਚ ਉਸ ਦੀ ਮਦਦ ਕਰੀਏ। ਪਰਮੇਸ਼ੁਰ ਨੂੰ ਮੰਨਣ ਵਾਲਾ ਵਿਅਕਤੀ ਪਰਮੇਸ਼ੁਰੀ ਗੱਲਾਂ ਦੀ ਗਹਿਰੀ ਕਦਰ ਕਰਦਾ ਹੈ। ਉਹ ਪਰਮੇਸ਼ੁਰ ਦੇ ਬਚਨ ਨਾਲ ਪਿਆਰ ਕਰਦਾ ਹੈ ਅਤੇ ਆਪਣੀ ਜ਼ਿੰਦਗੀ ਵਿਚ ‘ਸ਼ਕਤੀ ਦਾ ਫਲ’ ਵੀ ਜ਼ਾਹਰ ਕਰਦਾ ਹੈ। (ਗਲਾ. 5:22, 23) ਉਹ ਹਰ ਸਮੇਂ ਪ੍ਰਾਰਥਨਾ ਕਰਦਾ ਹੈ। (ਫ਼ਿਲਿ. 4:6, 7) ਇਸ ਦੇ ਨਾਲ-ਨਾਲ ਉਹ ਕਿਸੇ ਵੀ ਹਾਲਾਤ ਦਾ ਸਾਮ੍ਹਣਾ ਕਰਨ ਜਾਂ ਕੋਈ ਵੀ ਜ਼ਿੰਮੇਵਾਰੀ ਚੰਗੀ ਤਰ੍ਹਾਂ ਨਿਭਾਉਣ ਲਈ ਪਰਮੇਸ਼ੁਰ ਤੋਂ ਹਿੰਮਤ ਅਤੇ ਤਾਕਤ ਮੰਗਦਾ ਹੈ।—2 ਤਿਮੋਥਿਉਸ 1:7, 8 ਪੜ੍ਹੋ।

16 ਕੁਝ ਵਿਦਿਆਰਥੀਆਂ ਨੂੰ ਸ਼ਾਇਦ ਪੜ੍ਹਨ ਅਤੇ ਗੱਲਬਾਤ ਕਰਨ ਦੇ ਮਾਮਲੇ ਵਿਚ ਵੀ ਮਦਦ ਦੀ ਲੋੜ ਪਵੇ। ਕੁਝ ਹੋਰ ਜਣੇ ਸ਼ਾਇਦ ਸਮਝਣ ਕਿ ਉਹ ਪਰਮੇਸ਼ੁਰ ਦੀ ਸੇਵਾ ਕਰਨ ਦੇ ਲਾਇਕ ਨਹੀਂ ਕਿਉਂਕਿ ਉਨ੍ਹਾਂ ਨੇ ਯਹੋਵਾਹ ਨੂੰ ਜਾਣਨ ਤੋਂ ਪਹਿਲਾਂ ਬੁਰੇ ਕੰਮ ਕੀਤੇ ਸਨ। ਦੋਹਾਂ ਮਾਮਲਿਆਂ ਵਿਚ ਉਨ੍ਹਾਂ ਨੂੰ ਸ਼ਾਇਦ ਸਾਡੀ ਮਦਦ ਦੀ ਲੋੜ ਹੋਵੇ ਜੋ ਅਸੀਂ ਪਿਆਰ ਅਤੇ ਧੀਰਜ ਨਾਲ ਕਰ ਸਕਦੇ ਹਾਂ। ਯਿਸੂ ਨੇ ਕਿਹਾ: “ਨਵੇਂ ਨਰੋਇਆਂ ਨੂੰ ਨਹੀਂ ਸਗੋਂ ਰੋਗੀਆਂ ਨੂੰ ਹਕੀਮ ਦੀ ਲੋੜ ਹੈ।”—ਮੱਤੀ 9:12.

ਹੋਰ ਆਦਮੀਆਂ ਦੇ “ਸ਼ਿਕਾਰੀ” ਬਣੋ

17, 18. (ੳ) ਪ੍ਰਚਾਰ ਕਰਦਿਆਂ ਅਸੀਂ ਜ਼ਿਆਦਾ ਆਦਮੀਆਂ ਤਾਈਂ ਕਿਵੇਂ ਪਹੁੰਚ ਸਕਦੇ ਹਾਂ? (ਅ) ਅਗਲੇ ਲੇਖ ਵਿਚ ਅਸੀਂ ਕਿਹੜੀ ਗੱਲ ਉੱਤੇ ਚਰਚਾ ਕਰਾਂਗੇ?

17 ਸਾਡੀ ਇਹੀ ਉਮੀਦ ਹੈ ਕਿ ਜ਼ਿਆਦਾ ਤੋਂ ਜ਼ਿਆਦਾ ਆਦਮੀ ਬਾਈਬਲ ਵਿਚ ਪਾਏ ਜਾਂਦੇ ਸੰਦੇਸ਼ ਨੂੰ ਕਬੂਲ ਕਰਨ। (2 ਤਿਮੋ. 3:16, 17) ਤਾਂ ਫਿਰ ਅਸੀਂ ਪ੍ਰਚਾਰ ਕਰਦਿਆਂ ਹੋਰ ਜ਼ਿਆਦਾ ਆਦਮੀਆਂ ਤਾਈਂ ਕਿਵੇਂ ਪਹੁੰਚ ਸਕਦੇ ਹਾਂ? ਅਸੀਂ ਉਦੋਂ ਪ੍ਰਚਾਰ ਕਰ ਸਕਦੇ ਹਾਂ ਜਦੋਂ ਜ਼ਿਆਦਾ ਆਦਮੀ ਘਰ ਹੁੰਦੇ ਹਨ ਜਿਵੇਂ ਸ਼ਾਮ ਨੂੰ, ਸ਼ਨੀਵਾਰ-ਐਤਵਾਰ ਦੁਪਹਿਰ ਨੂੰ ਜਾਂ ਛੁੱਟੀਆਂ ਦੌਰਾਨ। ਜੇ ਮੁਮਕਿਨ ਹੋਵੇ, ਤਾਂ ਭਰਾ ਘਰ ਦੇ ਮੁਖੀ ਨਾਲ ਗੱਲ ਕਰਨ ਲਈ ਪੁੱਛ ਸਕਦੇ ਹਨ। ਆਓ ਆਪਾਂ ਮੌਕਾ ਮਿਲਣ ਤੇ ਆਪਣੇ ਨਾਲ ਕੰਮ ਕਰਦੇ ਬੰਦਿਆਂ ਨੂੰ ਗਵਾਹੀ ਦੇਈਏ ਅਤੇ ਕਲੀਸਿਯਾ ਵਿਚ ਉਨ੍ਹਾਂ ਭੈਣਾਂ ਦੇ ਪਤੀਆਂ ਨੂੰ ਮਿਲ ਕੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰੀਏ ਜਿਹੜੇ ਸੱਚਾਈ ਵਿਚ ਨਹੀਂ ਹਨ।

18 ਪ੍ਰਚਾਰ ਕਰਦਿਆਂ ਅਸੀਂ ਯਕੀਨ ਰੱਖ ਸਕਦੇ ਹਾਂ ਕਿ ਨੇਕਦਿਲ ਲੋਕ ਜ਼ਰੂਰ ਸਾਡੀ ਗੱਲ ਸੁਣਨਗੇ। ਇਸ ਲਈ ਆਓ ਆਪਾਂ ਧੀਰਜ ਨਾਲ ਉਨ੍ਹਾਂ ਸਾਰਿਆਂ ਦੀ ਮਦਦ ਕਰੀਏ ਜੋ ਸੱਚੇ ਦਿਲੋਂ ਸੱਚਾਈ ਵਿਚ ਦਿਲਚਸਪੀ ਦਿਖਾਉਂਦੇ ਹਨ। ਪਰ ਅਸੀਂ ਕਲੀਸਿਯਾ ਵਿਚ ਬਪਤਿਸਮਾ-ਪ੍ਰਾਪਤ ਆਦਮੀਆਂ ਦੀ ਕਿਵੇਂ ਮਦਦ ਕਰ ਸਕਦੇ ਹਾਂ ਤਾਂਕਿ ਉਹ ਪਰਮੇਸ਼ੁਰ ਦੇ ਸੰਗਠਨ ਵਿਚ ਜ਼ਿੰਮੇਵਾਰੀਆਂ ਲੈਣ ਅਤੇ ਉਨ੍ਹਾਂ ਨੂੰ ਸੰਭਾਲਣ ਦੇ ਕਾਬਲ ਬਣਨ? ਅਗਲੇ ਲੇਖ ਵਿਚ ਇਸ ਸਵਾਲ ਉੱਤੇ ਚਰਚਾ ਕੀਤੀ ਜਾਵੇਗੀ।

[ਫੁਟਨੋਟ]

^ ਪੈਰਾ 7 ਯਹੋਵਾਹ ਦੇ ਗਵਾਹਾਂ ਦੀਆਂ ਯੀਅਰ ਬੁੱਕਾਂ, ਪਹਿਰਾਬੁਰਜ ਅਤੇ ਜਾਗਰੂਕ ਬਣੋ! ਰਸਾਲਿਆਂ ਵਿਚ ਛਾਪੀਆਂ ਜੀਵਨੀਆਂ ਦੇਖੋ।

ਤੁਸੀਂ ਕਿਵੇਂ ਜਵਾਬ ਦਿਓਗੇ?

• ਪਰਮੇਸ਼ੁਰੀ ਕੰਮਾਂ ਨੂੰ ਪਹਿਲ ਦੇਣ ਵਿਚ ਆਦਮੀਆਂ ਦੀ ਕਿਵੇਂ ਮਦਦ ਕੀਤੀ ਜਾ ਸਕਦੀ ਹੈ?

• ਲੋਕਾਂ ਦੇ ਦਬਾਅ ਨਾਲ ਸਿੱਝਣ ਲਈ ਬਾਈਬਲ ਵਿਦਿਆਰਥੀਆਂ ਦੀ ਅਸੀਂ ਕਿਵੇਂ ਮਦਦ ਕਰ ਸਕਦੇ ਹਾਂ?

• ਆਪਣੇ ਆਪ ਨੂੰ ਕੁਝ ਕਰਨ ਦੇ ਕਾਬਲ ਨਾ ਸਮਝਣ ਵਾਲੇ ਆਦਮੀਆਂ ਦੀ ਕਿਹੜੀਆਂ ਗੱਲਾਂ ਮਦਦ ਕਰ ਸਕਦੀਆਂ ਹਨ?

[ਸਵਾਲ]

[ਸਫ਼ਾ 25 ਉੱਤੇ ਤਸਵੀਰ]

ਕੀ ਤੁਸੀਂ ਆਦਮੀਆਂ ਨੂੰ ਖ਼ੁਸ਼ ਖ਼ਬਰੀ ਸੁਣਾਉਣ ਦੇ ਮੌਕੇ ਭਾਲਦੇ ਹੋ?

[ਸਫ਼ਾ 26 ਉੱਤੇ ਤਸਵੀਰ]

ਤੁਸੀਂ ਆਪਣੇ ਬਾਈਬਲ ਵਿਦਿਆਰਥੀ ਨੂੰ ਅਜ਼ਮਾਇਸ਼ਾਂ ਦਾ ਸਾਮ੍ਹਣਾ ਕਰਨ ਲਈ ਕਿਵੇਂ ਤਿਆਰ ਕਰ ਸਕਦੇ ਹੋ?