Skip to content

Skip to table of contents

ਕੀ ਉਹ ਚੰਗੀ ਮਿਸਾਲ ਹੈ ਜਾਂ ਚੇਤਾਵਨੀ?

ਕੀ ਉਹ ਚੰਗੀ ਮਿਸਾਲ ਹੈ ਜਾਂ ਚੇਤਾਵਨੀ?

ਕੀ ਉਹ ਚੰਗੀ ਮਿਸਾਲ ਹੈ ਜਾਂ ਚੇਤਾਵਨੀ?

‘ਯਾਕੂਬ ਦਾ ਪਰਮੇਸ਼ੁਰ ਸਾਨੂੰ ਆਪਣੇ ਰਾਹ ਵਿਖਾਵੇ, ਅਤੇ ਅਸੀਂ ਉਹ ਦੇ ਮਾਰਗਾਂ ਵਿੱਚ ਚੱਲੀਏ।’—ਯਸਾ. 2:3.

1, 2. ਬਾਈਬਲ ਵਿਚ ਦਿੱਤੀਆਂ ਮਿਸਾਲਾਂ ਤੋਂ ਕਿਨ੍ਹਾਂ ਦੋ ਤਰੀਕਿਆਂ ਨਾਲ ਫ਼ਾਇਦਾ ਹੋ ਸਕਦਾ ਹੈ?

ਕੀ ਤੁਸੀਂ ਮੰਨਦੇ ਹੋ ਕਿ ਬਾਈਬਲ ਵਿਚ ਲਿਖੀਆਂ ਗੱਲਾਂ ਤੋਂ ਤੁਹਾਨੂੰ ਫ਼ਾਇਦਾ ਹੁੰਦਾ ਹੈ? ਇਸ ਵਿਚ ਬਹੁਤ ਸਾਰੇ ਵਫ਼ਾਦਾਰ ਆਦਮੀਆਂ ਤੇ ਔਰਤਾਂ ਦੀਆਂ ਮਿਸਾਲਾਂ ਹਨ ਜਿਨ੍ਹਾਂ ’ਤੇ ਤੁਸੀਂ ਵੀ ਚੱਲਣਾ ਚਾਹੁੰਦੇ ਹੋ। (ਇਬ. 11:32-34) ਪਰ ਤੁਸੀਂ ਸ਼ਾਇਦ ਇਹ ਵੀ ਦੇਖਿਆ ਹੋਣਾ ਕਿ ਬਾਈਬਲ ਵਿਚ ਅਜਿਹੇ ਲੋਕਾਂ ਬਾਰੇ ਵੀ ਗੱਲ ਕੀਤੀ ਗਈ ਹੈ ਜਿਨ੍ਹਾਂ ਦੇ ਕੰਮਾਂ ਤੇ ਰਵੱਈਏ ਤੋਂ ਚੇਤਾਵਨੀ ਮਿਲਦੀ ਹੈ।

2 ਅਸਲ ਵਿਚ ਬਾਈਬਲ ਅਜਿਹੇ ਲੋਕਾਂ ਬਾਰੇ ਵੀ ਦੱਸਦੀ ਹੈ ਜਿਨ੍ਹਾਂ ਦੀ ਚੰਗੀ ਮਿਸਾਲ ਦੀ ਅਸੀਂ ਰੀਸ ਕਰ ਸਕਦੇ ਹਾਂ ਤੇ ਨਾਲ ਦੀ ਨਾਲ ਉਨ੍ਹਾਂ ਦੀ ਮਿਸਾਲ ਤੋਂ ਸਾਨੂੰ ਚੇਤਾਵਨੀ ਵੀ ਮਿਲਦੀ ਹੈ। ਜ਼ਰਾ ਦਾਊਦ ਬਾਰੇ ਸੋਚੋ। ਉਹ ਪਹਿਲਾਂ ਇਕ ਮਾਮੂਲੀ ਚਰਵਾਹਾ ਹੁੰਦਾ ਸੀ ਤੇ ਬਾਅਦ ਵਿਚ ਇਕ ਸ਼ਕਤੀਸ਼ਾਲੀ ਰਾਜਾ ਬਣਿਆ। ਉਸ ਨੇ ਸੱਚਾਈ ਨਾਲ ਪਿਆਰ ਕਰਨ ਅਤੇ ਯਹੋਵਾਹ ਉੱਤੇ ਭਰੋਸਾ ਰੱਖਣ ਵਿਚ ਚੰਗੀ ਮਿਸਾਲ ਕਾਇਮ ਕੀਤੀ। ਪਰ ਦਾਊਦ ਨੇ ਵੱਡੇ-ਵੱਡੇ ਪਾਪ ਵੀ ਕੀਤੇ। ਮਿਸਾਲ ਲਈ, ਉਸ ਨੇ ਬਥ-ਸ਼ਬਾ ਨਾਲ ਗ਼ਲਤ ਕੰਮ ਕੀਤਾ, ਊਰਿੱਯਾਹ ਨੂੰ ਮਰਵਾਇਆ ਤੇ ਯਹੋਵਾਹ ਦੇ ਹੁਕਮ ਦੇ ਖ਼ਿਲਾਫ਼ ਮਰਦਮਸ਼ੁਮਾਰੀ ਕਰਾਈ। ਪਰ ਆਓ ਆਪਾਂ ਉਸ ਦੇ ਪੁੱਤਰ ਸੁਲੇਮਾਨ ਦੀ ਮਿਸਾਲ ਵੱਲ ਧਿਆਨ ਦੇਈਏ ਜੋ ਰਾਜਾ ਤੇ ਬਾਈਬਲ ਦਾ ਇਕ ਲਿਖਾਰੀ ਵੀ ਸੀ। ਪਹਿਲਾਂ ਅਸੀਂ ਦੇਖਾਂਗੇ ਕਿ ਉਸ ਨੇ ਕਿਨ੍ਹਾਂ ਦੋ ਗੱਲਾਂ ਵਿਚ ਚੰਗੀ ਮਿਸਾਲ ਕਾਇਮ ਕੀਤੀ।

‘ਸੁਲੇਮਾਨ ਦੀ ਬੁੱਧੀਮਾਨੀ’

3. ਅਸੀਂ ਕਿਉਂ ਕਹਿ ਸਕਦੇ ਹਾਂ ਕਿ ਸੁਲੇਮਾਨ ਸਾਡੇ ਲਈ ਚੰਗੀ ਮਿਸਾਲ ਬਣਿਆ?

3 ਯਿਸੂ ਮਸੀਹ ਸੁਲੇਮਾਨ ਤੋਂ ਵੀ ਮਹਾਨ ਸੀ ਤੇ ਉਸ ਨੇ ਸੁਲੇਮਾਨ ਨੂੰ ਸਾਡੇ ਲਈ ਇਕ ਚੰਗੀ ਮਿਸਾਲ ਦੇ ਤੌਰ ਤੇ ਪੇਸ਼ ਕੀਤਾ। ਜਦ ਕਈ ਯਹੂਦੀ ਯਿਸੂ ਉੱਤੇ ਸ਼ੱਕ ਕਰ ਰਹੇ ਸਨ, ਤਾਂ ਉਸ ਨੇ ਉਨ੍ਹਾਂ ਨੂੰ ਕਿਹਾ: “ਨਿਆਂ ਦੇ ਦਿਨ ਦੱਖਣ ਦੀ ਰਾਣੀ ਨੂੰ ਇਸ ਪੀੜ੍ਹੀ ਨਾਲ ਦੁਬਾਰਾ ਜੀਉਂਦਾ ਕੀਤਾ ਜਾਵੇਗਾ ਅਤੇ ਉਹ ਇਸ ਨੂੰ ਦੋਸ਼ੀ ਠਹਿਰਾਵੇਗੀ, ਕਿਉਂਕਿ ਉਹ ਧਰਤੀ ਦੇ ਦੂਜੇ ਪਾਸਿਓਂ ਸੁਲੇਮਾਨ ਤੋਂ ਬੁੱਧੀਮਾਨੀ ਦੀਆਂ ਗੱਲਾਂ ਸੁਣਨ ਆਈ, ਪਰ ਦੇਖੋ! ਇੱਥੇ ਸੁਲੇਮਾਨ ਨਾਲੋਂ ਵੀ ਕੋਈ ਮਹਾਨ ਹੈ।” (ਮੱਤੀ 12:42) ਜੀ ਹਾਂ, ਸੁਲੇਮਾਨ ਆਪਣੀ ਬੁੱਧ ਲਈ ਮਸ਼ਹੂਰ ਸੀ ਤੇ ਉਸ ਨੇ ਸਾਨੂੰ ਵੀ ਬੁੱਧ ਹਾਸਲ ਕਰਨ ਦੀ ਹੱਲਾਸ਼ੇਰੀ ਦਿੱਤੀ।

4, 5. ਸੁਲੇਮਾਨ ਨੂੰ ਬੁੱਧ ਕਿਵੇਂ ਮਿਲੀ ਸੀ, ਪਰ ਬੁੱਧ ਹਾਸਲ ਕਰਨ ਲਈ ਸਾਨੂੰ ਕੀ ਕਰਨ ਦੀ ਲੋੜ ਹੈ?

4 ਸੁਲੇਮਾਨ ਜਦ ਨਵਾਂ-ਨਵਾਂ ਰਾਜਾ ਬਣਿਆ ਸੀ, ਤਾਂ ਪਰਮੇਸ਼ੁਰ ਨੇ ਸੁਪਨੇ ਵਿਚ ਉਸ ਨੂੰ ਦਰਸ਼ਨ ਦੇ ਕੇ ਕਿਹਾ ਕਿ ਉਹ ਉਸ ਤੋਂ ਜੋ ਚਾਹੇ ਮੰਗ ਲਵੇ। ਸੁਲੇਮਾਨ ਨੂੰ ਪਤਾ ਸੀ ਕਿ ਉਸ ਨੂੰ ਜ਼ਿੰਦਗੀ ਦਾ ਬਹੁਤਾ ਤਜਰਬਾ ਨਹੀਂ ਸੀ, ਇਸ ਲਈ ਉਸ ਨੇ ਯਹੋਵਾਹ ਤੋਂ ਬੁੱਧ ਮੰਗੀ। (1 ਰਾਜਿਆਂ 3:5-9 ਪੜ੍ਹੋ।) ਪਰਮੇਸ਼ੁਰ ਇਸ ਗੱਲ ਤੋਂ ਬਹੁਤ ਖ਼ੁਸ਼ ਹੋਇਆ ਕਿ ਸੁਲੇਮਾਨ ਨੇ ਧਨ-ਦੌਲਤ ਤੇ ਸ਼ੌਹਰਤ ਮੰਗਣ ਦੀ ਬਜਾਇ ਬੁੱਧ ਮੰਗੀ। ਇਸ ਲਈ ਉਸ ਨੇ ਸੁਲੇਮਾਨ ਨੂੰ “ਇੱਕ ਬੁੱਧਵਾਨ ਅਤੇ ਸਮਝ ਵਾਲਾ ਮਨ” ਦਿੱਤਾ ਤੇ ਇਸ ਦੇ ਨਾਲ-ਨਾਲ ਧਨ-ਦੌਲਤ ਵੀ ਦਿੱਤੀ। (1 ਰਾਜ. 3:10-14) ਜਿਵੇਂ ਯਿਸੂ ਨੇ ਕਿਹਾ ਸੀ, ਸੁਲੇਮਾਨ ਦੀ ਬੁੱਧ ਇੰਨੀ ਮਸ਼ਹੂਰ ਸੀ ਕਿ ਸ਼ਬਾ ਦੀ ਰਾਣੀ ਬਹੁਤ ਦੂਰੋਂ ਆਪ ਉਸ ਦੀ ਬੁੱਧ ਦੇਖਣ ਆਈ।—1 ਰਾਜ. 10:1, 4-9.

5 ਅਸੀਂ ਇਹ ਉਮੀਦ ਨਹੀਂ ਰੱਖਦੇ ਕਿ ਪਰਮੇਸ਼ੁਰ ਚਮਤਕਾਰ ਕਰ ਕੇ ਸਾਨੂੰ ਬੁੱਧ ਦੇਵੇਗਾ। ਸੁਲੇਮਾਨ ਨੇ ਕਿਹਾ ਕਿ “ਬੁੱਧ ਯਹੋਵਾਹ ਹੀ ਦਿੰਦਾ ਹੈ।” ਪਰ ਉਸ ਨੇ ਇਹ ਵੀ ਲਿਖਿਆ ਕਿ ਸਾਨੂੰ ਪਰਮੇਸ਼ੁਰ ਤੋਂ ਬੁੱਧ ਲੈਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਉਸ ਨੇ ਕਿਹਾ: ‘ਬੁੱਧ ਵੱਲ ਕੰਨ ਲਾ, ਅਤੇ ਸਮਝ ਉੱਤੇ ਚਿੱਤ ਲਾ।’ ਇਸ ਤੋਂ ਇਲਾਵਾ ਉਸ ਨੇ ਸਾਨੂੰ ਬੁੱਧ ਲਈ ‘ਪੁਕਾਰਨ,’ ‘ਉਹ ਦੀ ਭਾਲ ਕਰਨ’ ਅਤੇ ‘ਉਹ ਦੀ ਖੋਜ ਕਰਨ’ ਲਈ ਕਿਹਾ। (ਕਹਾ. 2:1-6) ਇਸ ਤੋਂ ਪਤਾ ਲੱਗਦਾ ਹੈ ਕਿ ਅਸੀਂ ਵੀ ਬੁੱਧ ਹਾਸਲ ਕਰ ਸਕਦੇ ਹਾਂ।

6. ਅਸੀਂ ਕਿਨ੍ਹਾਂ ਤਰੀਕਿਆਂ ਨਾਲ ਦਿਖਾ ਸਕਦੇ ਹਾਂ ਕਿ ਅਸੀਂ ਵੀ ਸੁਲੇਮਾਨ ਵਾਂਗ ਬੁੱਧ ਹਾਸਲ ਕਰ ਰਹੇ ਹਾਂ?

6 ਸਾਨੂੰ ਆਪਣੇ ਆਪ ਤੋਂ ਪੁੱਛਣਾ ਚਾਹੀਦਾ ਹੈ, ‘ਕੀ ਮੈਂ ਵੀ ਸੁਲੇਮਾਨ ਵਾਂਗ ਪਰਮੇਸ਼ੁਰ ਦੀ ਬੁੱਧ ਨੂੰ ਅਨਮੋਲ ਸਮਝਦਾ ਹਾਂ?’ ਦੁਨੀਆਂ ਦੀ ਮਾਲੀ ਹਾਲਤ ਡਾਂਵਾਡੋਲ ਹੋਣ ਕਰਕੇ ਕਈਆਂ ਦਾ ਪੂਰਾ ਧਿਆਨ ਆਪਣੀ ਨੌਕਰੀ ਅਤੇ ਪੈਸਾ ਕਮਾਉਣ ’ਤੇ ਲੱਗਾ ਹੋਇਆ ਹੈ ਜਾਂ ਉਹ ਕਈ-ਕਈ ਸਾਲ ਪੜ੍ਹ ਕੇ ਡਿਗਰੀਆਂ ਵਗੈਰਾ ਲੈਣ ਦਾ ਫ਼ੈਸਲਾ ਕਰਦੇ ਹਨ। ਤੁਹਾਡਾ ਅਤੇ ਤੁਹਾਡੇ ਪਰਿਵਾਰ ਦਾ ਧਿਆਨ ਕਿੱਧਰ ਹੈ? ਕੀ ਤੁਹਾਡੇ ਫ਼ੈਸਲਿਆਂ ਤੋਂ ਪਤਾ ਲੱਗਦਾ ਹੈ ਕਿ ਤੁਸੀਂ ਪਰਮੇਸ਼ੁਰ ਦੀ ਬੁੱਧ ਨੂੰ ਅਨਮੋਲ ਸਮਝਦੇ ਹੋ ਅਤੇ ਇਸ ਨੂੰ ਹਾਸਲ ਕਰਨ ਦੀ ਕੋਸ਼ਿਸ਼ ਕਰਦੇ ਹੋ? ਹੋਰ ਬੁੱਧ ਹਾਸਲ ਕਰਨ ਲਈ ਕੀ ਤੁਹਾਨੂੰ ਆਪਣੇ ਟੀਚਿਆਂ ਵਿਚ ਕੋਈ ਤਬਦੀਲੀ ਕਰਨ ਦੀ ਲੋੜ ਹੈ? ਯਾਦ ਰੱਖੋ ਕਿ ਪਰਮੇਸ਼ੁਰ ਤੋਂ ਬੁੱਧ ਲੈਣ ਅਤੇ ਇਸ ਮੁਤਾਬਕ ਚੱਲਣ ਦਾ ਤੁਹਾਨੂੰ ਹਮੇਸ਼ਾ ਫ਼ਾਇਦਾ ਹੋਵੇਗਾ। ਸੁਲੇਮਾਨ ਨੇ ਲਿਖਿਆ: “ਤਦ ਤੂੰ ਧਰਮ ਅਤੇ ਨਿਆਉਂ ਅਤੇ ਇਨਸਾਫ਼ ਨੂੰ, ਸਗੋਂ ਹਰੇਕ ਭਲੇ ਰਾਹ ਨੂੰ ਸਮਝੇਂਗਾ।”—ਕਹਾ. 2:9.

ਯਹੋਵਾਹ ਦੀ ਭਗਤੀ ਦੀ ਸ਼ਾਨ ਵਧਾਉਣ ਦਾ ਨਤੀਜਾ ਸ਼ਾਂਤੀ

7. ਯਹੋਵਾਹ ਦੀ ਭਗਤੀ ਲਈ ਸ਼ਾਨਦਾਰ ਮੰਦਰ ਕਿਵੇਂ ਬਣਿਆ?

7 ਸੁਲੇਮਾਨ ਨੇ ਰਾਜਾ ਬਣਨ ਤੋਂ ਥੋੜ੍ਹੀ ਦੇਰ ਬਾਅਦ ਉਸ ਤੰਬੂ ਦੀ ਥਾਂ, ਜਿਸ ਵਿਚ ਮੂਸਾ ਦੇ ਜ਼ਮਾਨੇ ਤੋਂ ਯਹੋਵਾਹ ਦੀ ਭਗਤੀ ਕੀਤੀ ਜਾਂਦੀ ਸੀ, ਇਕ ਸ਼ਾਨਦਾਰ ਮੰਦਰ ਬਣਾਉਣ ਲਈ ਕਦਮ ਚੁੱਕੇ। (1 ਰਾਜ. 6:1) ਭਾਵੇਂ ਅਸੀਂ ਇਸ ਨੂੰ ਸੁਲੇਮਾਨ ਦਾ ਮੰਦਰ ਕਹਿੰਦੇ ਹਾਂ, ਪਰ ਇਸ ਨੂੰ ਬਣਾਉਣ ਦਾ ਫ਼ੈਸਲਾ ਉਸ ਦਾ ਨਹੀਂ ਸੀ ਤੇ ਨਾ ਹੀ ਇਹ ਮੰਦਰ ਬਣਾ ਕੇ ਜਾਂ ਇਸ ’ਤੇ ਧਨ-ਦੌਲਤ ਲਾ ਕੇ ਸੁਲੇਮਾਨ ਨੇ ਆਪਣਾ ਨਾਂ ਉੱਚਾ ਕਰਨ ਦੀ ਕੋਸ਼ਿਸ਼ ਕੀਤੀ। ਅਸਲ ਵਿਚ ਮੰਦਰ ਬਣਾਉਣ ਦਾ ਫ਼ੈਸਲਾ ਦਾਊਦ ਦਾ ਸੀ। ਪਰਮੇਸ਼ੁਰ ਨੇ ਦਾਊਦ ਨੂੰ ਇਸ ਦਾ ਨਕਸ਼ਾ ਦਿੱਤਾ ਤੇ ਸਜਾਵਟ ਲਈ ਹਿਦਾਇਤਾਂ ਦਿੱਤੀਆਂ ਸਨ। ਨਾਲੇ ਦਾਊਦ ਨੇ ਮੰਦਰ ਬਣਾਉਣ ਲਈ ਬਹੁਤ ਸਾਰੀ ਧਨ-ਦੌਲਤ ਤੇ ਚੀਜ਼ਾਂ ਦਾਨ ਕੀਤੀਆਂ। (2 ਸਮੂ. 7:2, 12, 13; 1 ਇਤ. 22:14-16) ਪਰ ਮੰਦਰ ਬਣਾਉਣ ਦੀ ਜ਼ਿੰਮੇਵਾਰੀ ਸੁਲੇਮਾਨ ਨੂੰ ਦਿੱਤੀ ਗਈ ਸੀ ਤੇ ਇਹ ਕੰਮ ਪੂਰਾ ਕਰਨ ਲਈ ਸਾਢੇ ਸੱਤ ਸਾਲ ਲੱਗੇ।—1 ਰਾਜ. 6:37, 38; 7:51.

8, 9. (ੳ) ਸੁਲੇਮਾਨ ਨੇ ਚੰਗੇ ਕੰਮਾਂ ਵਿਚ ਲੱਗੇ ਰਹਿਣ ਵਿਚ ਸਾਡੇ ਲਈ ਇਕ ਵਧੀਆ ਮਿਸਾਲ ਕਿਵੇਂ ਕਾਇਮ ਕੀਤੀ? (ਅ) ਸੁਲੇਮਾਨ ਵੱਲੋਂ ਯਹੋਵਾਹ ਦੀ ਭਗਤੀ ਦੀ ਸ਼ਾਨ ਵਧਾਉਣ ਦਾ ਕੀ ਨਤੀਜਾ ਨਿਕਲਿਆ?

8 ਇਸ ਤਰ੍ਹਾਂ ਸੁਲੇਮਾਨ ਨੇ ਚੰਗੇ ਕੰਮਾਂ ਵਿਚ ਲੱਗੇ ਰਹਿਣ ਤੇ ਆਪਣਾ ਧਿਆਨ ਯਹੋਵਾਹ ਦੀ ਭਗਤੀ ਕਰਨ ਉੱਤੇ ਲਾਈ ਰੱਖਣ ਵਿਚ ਸਾਡੇ ਲਈ ਇਕ ਵਧੀਆ ਮਿਸਾਲ ਕਾਇਮ ਕੀਤੀ। ਜਦ ਮੰਦਰ ਬਣ ਗਿਆ ਤੇ ਇਸ ਵਿਚ ਨੇਮ ਜਾਂ ਇਕਰਾਰ ਦਾ ਸੰਦੂਕ ਰੱਖਿਆ ਗਿਆ, ਤਾਂ ਸੁਲੇਮਾਨ ਨੇ ਸਾਰਿਆਂ ਵੱਲੋਂ ਪ੍ਰਾਰਥਨਾ ਕਰਦਿਆਂ ਕਿਹਾ: “ਤੇਰੀਆਂ ਅੱਖਾਂ ਰਾਤ ਦਿਨ ਏਸ ਭਵਨ ਵੱਲ ਖੁਲ੍ਹੀਆਂ ਰਹਿਣ ਅਰਥਾਤ ਏਸ ਅਸਥਾਨ ਵੱਲ ਜਿਹ ਦੇ ਵਿਖੇ ਤੈਂ ਆਖਿਆ ਕਿ ਮੇਰਾ ਨਾਮ ਉੱਥੇ ਰਹੇਗਾ ਆਪਣੇ ਦਾਸ ਦੀ ਬੇਨਤੀ ਨੂੰ ਜੋ ਉਹ ਏਸ ਅਸਥਾਨ ਵੱਲ ਕਰੇ ਸੁਣ ਲਈਂ।” (1 ਰਾਜ. 8:6, 29) ਇਜ਼ਰਾਈਲੀ ਤੇ ਹੋਰਨਾਂ ਕੌਮਾਂ ਦੇ ਲੋਕ ਯਹੋਵਾਹ ਪਰਮੇਸ਼ੁਰ ਦੇ ਇਸ ਮੰਦਰ ਵੱਲ ਮੂੰਹ ਕਰ ਕੇ ਪ੍ਰਾਰਥਨਾ ਕਰ ਸਕਦੇ ਸਨ।—1 ਰਾਜ. 8:30, 41-43, 60.

9 ਇਹ ਮੰਦਰ ਬਣਾ ਕੇ ਸੁਲੇਮਾਨ ਨੇ ਯਹੋਵਾਹ ਦੀ ਭਗਤੀ ਦੀ ਸ਼ਾਨ ਵਧਾਈ। ਇਸ ਦਾ ਨਤੀਜਾ ਕੀ ਨਿਕਲਿਆ? ਜਦ ਮੰਦਰ ਲੋਕਾਂ ਲਈ ਖੋਲ੍ਹਿਆ ਗਿਆ, ਤਾਂ ‘ਉਸ ਸਾਰੀ ਭਲਿਆਈ ਦੇ ਕਾਰਨ ਜਿਹੜੀ ਯਹੋਵਾਹ ਨੇ ਆਪਣੇ ਦਾਸ ਦਾਊਦ ਤੇ ਆਪਣੀ ਪਰਜਾ ਇਸਰਾਏਲ ਦੇ ਨਾਲ ਕੀਤੀ ਸੀ ਉਨ੍ਹਾਂ ਨੇ ਖੁਸ਼ੀ ਤੇ ਮਨ ਦੀ ਅਨੰਦਤਾਈ’ ਨਾਲ ਜਸ਼ਨ ਮਨਾਇਆ। (1 ਰਾਜ. 8:65, 66) ਇੰਨਾ ਹੀ ਨਹੀਂ, ਬਲਕਿ ਸੁਲੇਮਾਨ ਦੇ 40 ਸਾਲ ਦੇ ਰਾਜ ਦੌਰਾਨ ਸਾਰੇ ਪਾਸੇ ਸ਼ਾਂਤੀ ਤੇ ਖ਼ੁਸ਼ਹਾਲੀ ਛਾਈ ਰਹੀ। (1 ਰਾਜਿਆਂ 4:20, 21, 25 ਪੜ੍ਹੋ।) ਜ਼ਬੂਰ 72 ਵਿਚ ਇਸ ਦਾ ਜ਼ਿਕਰ ਕੀਤਾ ਗਿਆ ਹੈ ਤੇ ਇਸ ਤੋਂ ਸਾਨੂੰ ਸੁਲੇਮਾਨ ਨਾਲੋਂ ਮਹਾਨ ਯਿਸੂ ਮਸੀਹ ਦੇ ਰਾਜ ਦੌਰਾਨ ਮਿਲਣ ਵਾਲੀਆਂ ਬਰਕਤਾਂ ਦੀ ਵੀ ਝਲਕ ਮਿਲਦੀ ਹੈ।—ਜ਼ਬੂ. 72:6-8, 16.

ਸੁਲੇਮਾਨ ਸਾਡੇ ਲਈ ਇਕ ਚੇਤਾਵਨੀ ਵੀ ਹੈ

10. ਸੁਲੇਮਾਨ ਦੀ ਕਿਹੜੀ ਗ਼ਲਤੀ ਝੱਟ ਮਨ ਵਿਚ ਆਉਂਦੀ ਹੈ?

10 ਅਸੀਂ ਕਿਉਂ ਕਹਿ ਸਕਦੇ ਹਾਂ ਕਿ ਸੁਲੇਮਾਨ ਦੀ ਜ਼ਿੰਦਗੀ ਤੋਂ ਸਾਨੂੰ ਚੇਤਾਵਨੀ ਵੀ ਮਿਲਦੀ ਹੈ? ਪਹਿਲਾਂ ਸ਼ਾਇਦ ਤੁਹਾਡੇ ਮਨ ਵਿਚ ਉਸ ਦੀਆਂ ਗ਼ੈਰ-ਯਹੂਦੀ ਘਰਵਾਲੀਆਂ ਅਤੇ ਰਖੇਲਾਂ ਦੀ ਗੱਲ ਆਵੇ। ਅਸੀਂ ਪੜ੍ਹਦੇ ਹਾਂ: “ਐਉਂ ਹੋਇਆ ਕਿ ਸੁਲੇਮਾਨ ਦੇ ਬੁਢਾਪੇ ਵਿੱਚ ਉਹ ਦੀਆਂ ਇਸਤ੍ਰੀਆਂ ਨੇ ਉਹ ਦੇ ਮਨ ਨੂੰ ਹੋਰ ਦੇਵਤਿਆਂ ਦੇ ਪਿੱਛੇ ਫੇਰ ਦਿੱਤਾ ਸੋ ਉਹ ਦਾ ਮਨ ਯਹੋਵਾਹ ਆਪਣੇ ਪਰਮੇਸ਼ੁਰ ਨਾਲ ਸੰਪੂਰਨ ਨਾ ਰਿਹਾ।” (1 ਰਾਜ. 11:1-6) ਤੁਸੀਂ ਸੁਲੇਮਾਨ ਵਾਂਗ ਇੱਦਾਂ ਦੀ ਬੇਵਕੂਫ਼ੀ ਤਾਂ ਬਿਲਕੁਲ ਨਹੀਂ ਕਰੋਗੇ। ਪਰ ਕੀ ਸੁਲੇਮਾਨ ਦੀ ਜ਼ਿੰਦਗੀ ਤੋਂ ਸਾਨੂੰ ਸਿਰਫ਼ ਇਹੀ ਚੇਤਾਵਨੀ ਮਿਲਦੀ ਹੈ? ਆਓ ਆਪਾਂ ਸੁਲੇਮਾਨ ਦੀ ਜ਼ਿੰਦਗੀ ਦੀਆਂ ਉਨ੍ਹਾਂ ਕੁਝ ਗੱਲਾਂ ’ਤੇ ਗੌਰ ਕਰੀਏ ਜਿਨ੍ਹਾਂ ਵੱਲ ਸ਼ਾਇਦ ਸਾਡਾ ਧਿਆਨ ਨਾ ਜਾਵੇ ਅਤੇ ਦੇਖੀਏ ਕਿ ਇਨ੍ਹਾਂ ਤੋਂ ਸਾਨੂੰ ਕੀ ਚੇਤਾਵਨੀ ਮਿਲਦੀ ਹੈ।

11. ਅਸੀਂ ਸੁਲੇਮਾਨ ਦੇ ਪਹਿਲੇ ਵਿਆਹ ਬਾਰੇ ਕੀ ਸਿੱਟਾ ਕੱਢ ਸਕਦੇ ਹਾਂ?

11 ਸੁਲੇਮਾਨ ਨੇ 40 ਸਾਲ ਰਾਜ ਕੀਤਾ। (2 ਇਤ. 9:30) ਤਾਂ ਫਿਰ ਅਸੀਂ 1 ਰਾਜਿਆਂ 14:21 (ਪੜ੍ਹੋ) ਤੋਂ ਕੀ ਦੇਖ ਸਕਦੇ ਹਾਂ? ਇਸ ਆਇਤ ਮੁਤਾਬਕ ਸੁਲੇਮਾਨ ਦੀ ਮੌਤ ਤੋਂ ਬਾਅਦ ਜਦੋਂ ਉਸ ਦਾ ਪੁੱਤਰ ਰਹਬੁਆਮ ਰਾਜਾ ਬਣਿਆ, ਤਾਂ ਉਸ ਦੀ ਉਮਰ 41 ਸਾਲ ਸੀ ਅਤੇ ਉਸ ਦੀ ਮਾਂ ਦਾ ਨਾਂ “ਨਆਮਾਹ ਸੀ ਜੋ ਅੰਮੋਨਣ ਸੀ।” ਇਸ ਦਾ ਮਤਲਬ ਹੈ ਕਿ ਰਾਜਾ ਬਣਨ ਤੋਂ ਪਹਿਲਾਂ ਹੀ ਸੁਲੇਮਾਨ ਨੇ ਹੋਰ ਦੇਵੀ-ਦੇਵਤਿਆਂ ਦੀ ਪੂਜਾ ਕਰਨ ਵਾਲੀ ਦੁਸ਼ਮਣ ਕੌਮ ਦੀ ਇਕ ਤੀਵੀਂ ਨਾਲ ਵਿਆਹ ਕਰਾਇਆ। (ਨਿਆ. 10:6; 2 ਸਮੂ. 10:6) ਕੀ ਉਹ ਵੀ ਦੇਵੀ-ਦੇਵਤਿਆਂ ਦੀ ਪੂਜਾ ਕਰਦੀ ਸੀ? ਭਾਵੇਂ ਉਹ ਪਹਿਲਾਂ ਕਰਦੀ ਸੀ, ਪਰ ਹੋ ਸਕਦਾ ਹੈ ਕਿ ਬਾਅਦ ਵਿਚ ਉਹ ਉਨ੍ਹਾਂ ਦੀ ਭਗਤੀ ਕਰਨੀ ਛੱਡ ਕੇ ਰਾਹਾਬ ਅਤੇ ਰੂਥ ਵਾਂਗ ਯਹੋਵਾਹ ਦੀ ਭਗਤੀ ਕਰਨ ਲੱਗ ਪਈ ਹੋਵੇ। (ਰੂਥ 1:16; 4:13-17; ਮੱਤੀ 1:5, 6) ਫਿਰ ਵੀ ਸੁਲੇਮਾਨ ਦੇ ਸਹੁਰੇ ਅਤੇ ਰਿਸ਼ਤੇਦਾਰ ਅੰਮੋਨੀ ਸਨ ਜਿਹੜੇ ਯਹੋਵਾਹ ਦੀ ਭਗਤੀ ਨਹੀਂ ਕਰਦੇ ਸਨ।

12, 13. ਨਵਾਂ-ਨਵਾਂ ਰਾਜਾ ਬਣਨ ਤੇ ਸੁਲੇਮਾਨ ਨੇ ਕਿਹੜਾ ਗ਼ਲਤ ਫ਼ੈਸਲਾ ਕੀਤਾ ਸੀ ਅਤੇ ਉਸ ਨੇ ਸ਼ਾਇਦ ਕੀ ਸੋਚਿਆ ਹੋਣਾ?

12 ਪਰ ਰਾਜਾ ਬਣਨ ਤੋਂ ਬਾਅਦ ਵੀ ਉਹ ਇਸ ਗ਼ਲਤ ਰਾਹ ਉੱਤੇ ਚੱਲਦਾ ਰਿਹਾ। ਸੁਲੇਮਾਨ ਨੇ “ਮਿਸਰ ਦੇ ਪਾਤਸ਼ਾਹ ਫਿਰਊਨ ਨਾਲ ਸਾਕਾਦਾਰੀ ਕੀਤੀ ਅਤੇ ਫਿਰਊਨ ਦੀ ਧੀ ਨੂੰ ਲੈ ਆਇਆ ਅਤੇ ਉਸ ਨੂੰ ਦਾਊਦ ਦੇ ਸ਼ਹਿਰ ਵਿੱਚ ਰੱਖਿਆ।” (1 ਰਾਜ. 3:1) ਕੀ ਇਹ ਮਿਸਰੀ ਤੀਵੀਂ ਰੂਥ ਵਾਂਗ ਯਹੋਵਾਹ ਦੀ ਭਗਤੀ ਕਰਨ ਲੱਗ ਪਈ ਸੀ? ਬਾਈਬਲ ਤੋਂ ਤਾਂ ਇਹ ਸੰਕੇਤ ਨਹੀਂ ਮਿਲਦਾ ਕਿ ਉਹ ਇਸ ਤਰ੍ਹਾਂ ਕਰਨ ਲੱਗ ਪਈ ਸੀ। ਧਿਆਨ ਦਿਓ ਕਿ ਬਾਅਦ ਵਿਚ ਸੁਲੇਮਾਨ ਨੇ ਉਸ ਲਈ (ਤੇ ਸ਼ਾਇਦ ਉਸ ਦੀਆਂ ਮਿਸਰੀ ਨੌਕਰਾਣੀਆਂ ਲਈ) ਵੱਖਰਾ ਮਹਿਲ ਬਣਾਇਆ। ਕਿਉਂ? ਬਾਈਬਲ ਵਿਚ ਦੱਸਿਆ ਹੈ ਕਿ ਉਸ ਨੇ ਇਹ ਇਸ ਲਈ ਕੀਤਾ ਕਿਉਂਕਿ ਉਸ ਮੂਰਤੀ-ਪੂਜਾ ਕਰਨ ਵਾਲੀ ਤੀਵੀਂ ਲਈ ਦਾਊਦ ਦੇ ਮਹਿਲ ਵਿਚ ਰਹਿਣਾ ਠੀਕ ਨਹੀਂ ਸੀ ਜਿੱਥੇ ਇਕਰਾਰ ਦਾ ਸੰਦੂਕ ਰੱਖਿਆ ਹੋਇਆ ਸੀ।—2 ਇਤ. 8:11.

13 ਸੁਲੇਮਾਨ ਨੇ ਸ਼ਾਇਦ ਇਹ ਦੇਖਿਆ ਹੋਣਾ ਕਿ ਮਿਸਰ ਦੀ ਰਾਜਕੁਮਾਰੀ ਨਾਲ ਵਿਆਹ ਕਰਾਉਣ ਦੇ ਰਾਜਨੀਤਿਕ ਫ਼ਾਇਦੇ ਹੋਣਗੇ, ਪਰ ਕੀ ਉਸ ਨਾਲ ਵਿਆਹ ਕਰਾਉਣ ਦਾ ਕੋਈ ਜਾਇਜ਼ ਕਾਰਨ ਸੀ? ਸਦੀਆਂ ਪਹਿਲਾਂ ਪਰਮੇਸ਼ੁਰ ਨੇ ਇਜ਼ਰਾਈਲੀਆਂ ਨੂੰ ਮੂਰਤੀ-ਪੂਜਾ ਕਰਨ ਵਾਲੇ ਕਨਾਨੀਆਂ ਨਾਲ ਵਿਆਹ ਕਰਨ ਤੋਂ ਮਨ੍ਹਾ ਕੀਤਾ ਸੀ। ਉਸ ਨੇ ਕੁਝ ਕੌਮਾਂ ਦੇ ਨਾਂ ਵੀ ਦੱਸੇ ਸਨ ਜਿਨ੍ਹਾਂ ਕੌਮਾਂ ਦੇ ਲੋਕਾਂ ਨਾਲ ਵਿਆਹ ਨਹੀਂ ਕਰਾਇਆ ਜਾਣਾ ਚਾਹੀਦਾ ਸੀ। (ਕੂਚ 34:11-16) ਕੀ ਸੁਲੇਮਾਨ ਨੇ ਇਹ ਸੋਚਿਆ ਹੋਣਾ ਕਿ ਮਿਸਰ ਦਾ ਨਾਂ ਇਨ੍ਹਾਂ ਕੌਮਾਂ ਵਿਚ ਨਹੀਂ ਸੀ? ਜੇ ਉਸ ਨੇ ਇਸ ਤਰ੍ਹਾਂ ਸੋਚਿਆ ਵੀ, ਤਾਂ ਕੀ ਉਸ ਦੀ ਇਹ ਸੋਚਣੀ ਸਹੀ ਸੀ? ਇਹੋ ਜਿਹੇ ਕੰਮ ਕਰ ਕੇ ਉਸ ਨੇ ਸਾਫ਼ ਦਿਖਾਇਆ ਕਿ ਜਿਸ ਖ਼ਤਰੇ ਤੋਂ ਯਹੋਵਾਹ ਪਰਮੇਸ਼ੁਰ ਨੇ ਆਪਣੇ ਲੋਕਾਂ ਨੂੰ ਖ਼ਬਰਦਾਰ ਕੀਤਾ ਸੀ, ਉਸ ਖ਼ਤਰੇ ਨੂੰ ਉਸ ਨੇ ਨਜ਼ਰਅੰਦਾਜ਼ ਕੀਤਾ। ਗ਼ੈਰ-ਯਹੂਦੀ ਲੋਕਾਂ ਨਾਲ ਵਿਆਹ ਕਰਾਉਣ ਦਾ ਖ਼ਤਰਾ ਇਹ ਸੀ ਕਿ ਉਹ ਇਜ਼ਰਾਈਲੀਆਂ ਨੂੰ ਯਹੋਵਾਹ ਦੀ ਭਗਤੀ ਕਰਨ ਤੋਂ ਹਟਾ ਸਕਦੇ ਸਨ।ਬਿਵਸਥਾ ਸਾਰ 7:1-4 ਪੜ੍ਹੋ।

14. ਸੁਲੇਮਾਨ ਦੀ ਮਿਸਾਲ ’ਤੇ ਗੌਰ ਕਰ ਕੇ ਸਾਨੂੰ ਕੀ ਫ਼ਾਇਦਾ ਹੋ ਸਕਦਾ ਹੈ?

14 ਕੀ ਅਸੀਂ ਸੁਲੇਮਾਨ ਦੀ ਗ਼ਲਤੀ ਤੋਂ ਕੁਝ ਸਿੱਖਾਂਗੇ? ਬਾਈਬਲ ਵਿਚ ਮਸੀਹੀਆਂ ਨੂੰ “ਸਿਰਫ਼ ਪ੍ਰਭੂ ਦੇ ਕਿਸੇ ਚੇਲੇ ਨਾਲ” ਵਿਆਹ ਕਰਨ ਦਾ ਹੁਕਮ ਦਿੱਤਾ ਗਿਆ ਹੈ। ਪਰ ਕੋਈ ਭੈਣ ਇਸ ਹੁਕਮ ਦੀ ਉਲੰਘਣਾ ਕਰਦੀ ਹੋਈ ਕਿਸੇ ਅਵਿਸ਼ਵਾਸੀ ਨਾਲ ਵਿਆਹ ਕਰਾਉਣ ਦੇ ਇਰਾਦੇ ਨਾਲ ਮਿਲੇ-ਗਿਲੇ। ਉਹ ਸ਼ਾਇਦ ਆਪਣੇ ਇਸ ਫ਼ੈਸਲੇ ਨੂੰ ਜਾਇਜ਼ ਠਹਿਰਾਉਣ ਲਈ ਆਪਣੀਆਂ ਹੀ ਦਲੀਲਾਂ ਦੇਵੇ। (1 ਕੁਰਿੰ. 7:39) ਇਹੋ ਜਿਹੀਆਂ ਦਲੀਲਾਂ ਦੇ ਕੇ ਕਈ ਨੌਜਵਾਨ ਛੁੱਟੀ ਤੋਂ ਬਾਅਦ ਸਕੂਲ ਦੀ ਟੀਮ ਨਾਲ ਖੇਡਣ ਨੂੰ ਜ਼ਿਆਦਾ ਸਮਾਂ ਦਿੰਦੇ ਹਨ, ਕਈ ਲੋਕ ਟੈਕਸ ਨਾ ਭਰਨ ਦੇ ਇਰਾਦੇ ਨਾਲ ਤਨਖ਼ਾਹ ਘੱਟ ਲਿਖਦੇ ਹਨ ਜਾਂ ਸ਼ਰਮਿੰਦਗੀ ਤੋਂ ਬਚਣ ਲਈ ਸਾਰੀ ਗੱਲ ਸਹੀ-ਸਹੀ ਨਹੀਂ ਦੱਸਦੇ। ਸੋ ਗੱਲ ਇਹ ਹੈ ਕਿ ਸੁਲੇਮਾਨ ਨੇ ਪਰਮੇਸ਼ੁਰ ਦਾ ਹੁਕਮ ਨਾ ਮੰਨਣ ਲਈ ਬਹਾਨੇ ਬਣਾਏ ਹੋਣਗੇ ਅਤੇ ਸਾਡੇ ਨਾਲ ਵੀ ਇਸ ਤਰ੍ਹਾਂ ਹੋ ਸਕਦਾ ਹੈ।

15. ਸੁਲੇਮਾਨ ਨਾਲ ਯਹੋਵਾਹ ਦਇਆ ਨਾਲ ਕਿਵੇਂ ਪੇਸ਼ ਆਇਆ ਸੀ, ਪਰ ਸਾਨੂੰ ਇਸ ਬਾਰੇ ਕਿਹੜੀ ਗੱਲ ਯਾਦ ਰੱਖਣੀ ਚਾਹੀਦੀ ਹੈ?

15 ਦਿਲਚਸਪੀ ਦੀ ਗੱਲ ਹੈ ਕਿ ਮਿਸਰ ਦੀ ਰਾਜਕੁਮਾਰੀ ਨਾਲ ਸੁਲੇਮਾਨ ਦੇ ਵਿਆਹ ਦਾ ਜ਼ਿਕਰ ਕਰਨ ਤੋਂ ਬਾਅਦ ਬਾਈਬਲ ਦੱਸਦੀ ਹੈ ਕਿ ਪਰਮੇਸ਼ੁਰ ਨੇ ਉਸ ਦੀ ਬੇਨਤੀ ਸੁਣ ਕੇ ਉਸ ਨੂੰ ਬੁੱਧ ਅਤੇ ਧਨ-ਦੌਲਤ ਦਿੱਤੀ ਸੀ। (1 ਰਾਜ. 3:10-13) ਭਾਵੇਂ ਕਿ ਸੁਲੇਮਾਨ ਨੇ ਪਰਮੇਸ਼ੁਰ ਦਾ ਕਹਿਣਾ ਨਹੀਂ ਮੰਨਿਆ ਸੀ, ਫਿਰ ਵੀ ਇਸ ਦਾ ਕੋਈ ਸਬੂਤ ਨਹੀਂ ਮਿਲਦਾ ਕਿ ਯਹੋਵਾਹ ਨੇ ਉਸੇ ਵਕਤ ਉਸ ਨੂੰ ਰਾਜ-ਗੱਦੀ ਤੋਂ ਹਟਾ ਦਿੱਤਾ ਸੀ ਜਾਂ ਉਸ ਨੂੰ ਸਖ਼ਤ ਸਜ਼ਾ ਦਿੱਤੀ ਸੀ। ਇਸ ਤਰ੍ਹਾਂ ਕਿਉਂ? ਕਿਉਂਕਿ ਪਰਮੇਸ਼ੁਰ ਜਾਣਦਾ ਹੈ ਕਿ ਅਸੀਂ ਮਿੱਟੀ ਤੋਂ ਬਣੇ ਪਾਪੀ ਇਨਸਾਨ ਹਾਂ। (ਜ਼ਬੂ. 103:10, 13, 14) ਪਰ ਯਾਦ ਰੱਖੋ: ਸਾਨੂੰ ਆਪਣੇ ਕੰਮਾਂ ਦੇ ਨਤੀਜੇ ਅੱਜ ਨਹੀਂ, ਤਾਂ ਕੱਲ੍ਹ ਭੁਗਤਣੇ ਹੀ ਪੈਣਗੇ।

ਇੰਨੀਆਂ ਸਾਰੀਆਂ ਘਰਵਾਲੀਆਂ!

16. ਇੰਨੀਆਂ ਸਾਰੀਆਂ ਕੁੜੀਆਂ ਨਾਲ ਵਿਆਹ ਕਰਾ ਕੇ ਸੁਲੇਮਾਨ ਨੇ ਕਿਹੜੇ ਹੁਕਮ ਨੂੰ ਨਜ਼ਰਅੰਦਾਜ਼ ਕੀਤਾ?

16 ਸਰੇਸ਼ਟ ਗੀਤ ਵਿਚ ਰਾਜੇ ਨੇ ਇਕ ਕੁਆਰੀ ਦੀ ਤਾਰੀਫ਼ ਕਰਦੇ ਹੋਏ ਕਿਹਾ ਕਿ ਉਹ 60 ਰਾਣੀਆਂ ਤੇ 80 ਰਖੇਲਾਂ ਨਾਲੋਂ ਕਿਤੇ ਸੋਹਣੀ ਹੈ। (ਸਰੇ. 6:1, 8-10) ਜੇ ਇੱਥੇ ਸੁਲੇਮਾਨ ਦੀ ਗੱਲ ਹੋ ਰਹੀ ਹੈ, ਤਾਂ ਇਸ ਦਾ ਮਤਲਬ ਹੈ ਕਿ ਉਸ ਵੇਲੇ ਉਸ ਦੀਆਂ ਇੰਨੀਆਂ ਘਰਵਾਲੀਆਂ ਤੇ ਰਖੇਲਾਂ ਸਨ! ਭਾਵੇਂ ਕਿ ਇਨ੍ਹਾਂ ਵਿੱਚੋਂ ਕਈ ਜਾਂ ਸਾਰੀਆਂ ਯਹੋਵਾਹ ਦੀ ਭਗਤੀ ਕਰਦੀਆਂ ਵੀ ਹੋਣ, ਫਿਰ ਵੀ ਪਰਮੇਸ਼ੁਰ ਨੇ ਮੂਸਾ ਰਾਹੀਂ ਇਹ ਹੁਕਮ ਦਿੱਤਾ ਸੀ ਕਿ ਇਜ਼ਰਾਈਲ ਦਾ ਕੋਈ ਵੀ ਰਾਜਾ ‘ਆਪਣੇ ਲਈ ਤੀਵੀਆਂ ਨਾ ਵਧਾਵੇ ਮਤੇ ਉਸ ਦਾ ਮਨ ਫਿਰ ਜਾਵੇ।’ (ਬਿਵ. 17:17) ਫਿਰ ਵੀ ਯਹੋਵਾਹ ਨੇ ਸੁਲੇਮਾਨ ਤੋਂ ਆਪਣਾ ਮੂੰਹ ਨਹੀਂ ਮੋੜਿਆ। ਦਰਅਸਲ ਪਰਮੇਸ਼ੁਰ ਸੁਲੇਮਾਨ ਨੂੰ ਬਰਕਤਾਂ ਦਿੰਦਾ ਰਿਹਾ ਤੇ ਉਸ ਤੋਂ ਬਾਈਬਲ ਦੀ ਸਰੇਸ਼ਟ ਗੀਤ ਨਾਂ ਦੀ ਕਿਤਾਬ ਵੀ ਲਿਖਵਾਈ।

17. ਸਾਨੂੰ ਕਿਹੜੀ ਗੱਲ ਭੁੱਲਣੀ ਨਹੀਂ ਚਾਹੀਦੀ?

17 ਕੀ ਇਸ ਦਾ ਇਹ ਮਤਲਬ ਹੈ ਕਿ ਸੁਲੇਮਾਨ ਬਿਨਾਂ ਕਿਸੇ ਡਰ ਤੋਂ ਯਹੋਵਾਹ ਦੇ ਕਹਿਣੇ ਖ਼ਿਲਾਫ਼ ਜਾ ਸਕਦਾ ਸੀ ਤੇ ਅਸੀਂ ਵੀ ਇਸ ਤਰ੍ਹਾਂ ਕਰ ਸਕਦੇ ਹਾਂ? ਨਹੀਂ। ਇਸ ਦੀ ਬਜਾਇ ਇਸ ਤੋਂ ਅਸੀਂ ਇਹੀ ਸਿੱਖਦੇ ਹਾਂ ਕਿ ਯਹੋਵਾਹ ਕਿੰਨਾ ਧੀਰਜਵਾਨ ਹੈ। ਪਰ ਜੇ ਪਰਮੇਸ਼ੁਰ ਦੇ ਕਿਸੇ ਸੇਵਕ ਨੂੰ ਉਸ ਦਾ ਹੁਕਮ ਤੋੜਨ ਦੀ ਤੁਰੰਤ ਸਜ਼ਾ ਨਹੀਂ ਮਿਲਦੀ ਹੈ, ਤਾਂ ਇਸ ਦਾ ਇਹ ਮਤਲਬ ਨਹੀਂ ਕਿ ਉਸ ਨੂੰ ਉਸ ਦੇ ਬੁਰੇ ਨਤੀਜੇ ਨਹੀਂ ਭੁਗਤਣੇ ਪੈਣਗੇ। ਯਾਦ ਕਰੋ ਕਿ ਸੁਲੇਮਾਨ ਨੇ ਕੀ ਲਿਖਿਆ ਸੀ: “ਤਾਬੜਤੋੜ [ਯਾਨੀ ਤੁਰੰਤ] ਬਦੀ ਦੀ ਸਜ਼ਾ ਦਾ ਹੁਕਮ ਪੂਰਾ ਨਾ ਹੋਣ ਦੇ ਕਾਰਨ ਆਦਮ ਵੰਸੀਆਂ ਦੇ ਮਨ ਪੁੱਜ ਕੇ ਬੁਰਿਆਈ ਦੀ ਵੱਲ ਲੱਗੇ ਰਹਿੰਦੇ ਹਨ।” ਉਸ ਨੇ ਅੱਗੇ ਲਿਖਿਆ: “ਮੈਂ ਸੱਚ ਜਾਣਦਾ ਹਾਂ ਜੋ ਭਲਾ ਓਹਨਾਂ ਦਾ ਹੀ ਹੋਵੇਗਾ ਜੋ ਪਰਮੇਸ਼ੁਰ ਤੋਂ ਡਰਦੇ ਹਨ ਅਰ ਉਹ ਦਾ ਭੈ ਮੰਨਦੇ ਹਨ।”—ਉਪ. 8:11, 12.

18. ਸੁਲੇਮਾਨ ਦੀ ਮਿਸਾਲ ਗਲਾਤੀਆਂ 6:7 ਵਿਚ ਲਿਖੀ ਗੱਲ ਨੂੰ ਕਿਵੇਂ ਸੱਚ ਸਾਬਤ ਕਰਦੀ ਹੈ?

18 ਕਾਸ਼ ਸੁਲੇਮਾਨ ਪਰਮੇਸ਼ੁਰ ਦੀ ਇਸ ਸਲਾਹ ਉੱਤੇ ਚੱਲਦਾ ਰਹਿੰਦਾ! ਉਸ ਨੇ ਬਹੁਤ ਸਾਰੇ ਚੰਗੇ ਕੰਮ ਕੀਤੇ ਸਨ ਤੇ ਕਈ ਸਾਲ ਉਸ ਨੂੰ ਯਹੋਵਾਹ ਦੀਆਂ ਬਰਕਤਾਂ ਵੀ ਮਿਲੀਆਂ। ਪਰ ਸਮੇਂ ਦੇ ਬੀਤਣ ਨਾਲ ਉਸ ਨੇ ਇਕ ਤੋਂ ਬਾਅਦ ਇਕ ਗ਼ਲਤ ਕਦਮ ਚੁੱਕਿਆ। ਇਸ ਤਰ੍ਹਾਂ ਗ਼ਲਤ ਕੰਮ ਕਰਨੇ ਉਸ ਦੀ ਆਦਤ ਹੀ ਬਣ ਗਈ। ਪੌਲੁਸ ਦੀ ਗੱਲ ਕਿੰਨੀ ਸੱਚੀ ਹੈ ਜੋ ਉਸ ਨੇ ਪਰਮੇਸ਼ੁਰ ਦੀ ਪ੍ਰੇਰਣਾ ਨਾਲ ਲਿਖੀ ਸੀ: “ਧੋਖਾ ਨਾ ਖਾਓ: ਪਰਮੇਸ਼ੁਰ ਨੂੰ ਕੋਈ ਵੀ ਮੂਰਖ ਨਹੀਂ ਬਣਾ ਸਕਦਾ। ਕਿਉਂਕਿ ਇਨਸਾਨ ਜੋ ਬੀਜਦਾ ਹੈ, ਉਹੀ ਵੱਢਦਾ ਹੈ।” (ਗਲਾ. 6:7) ਅਖ਼ੀਰ ਵਿਚ ਸੁਲੇਮਾਨ ਨੂੰ ਪਰਮੇਸ਼ੁਰ ਦੇ ਖ਼ਿਲਾਫ਼ ਜਾਣ ਦੇ ਬੁਰੇ ਨਤੀਜੇ ਭੁਗਤਣੇ ਹੀ ਪਏ। ਅਸੀਂ ਪੜ੍ਹਦੇ ਹਾਂ: “ਸੁਲੇਮਾਨ ਪਾਤਸ਼ਾਹ ਨੇ ਫ਼ਿਰਊਨ ਦੀ ਧੀ ਤੋਂ ਬਿਨਾ ਬਹੁਤ ਸਾਰੀਆਂ ਓਪਰੀਆਂ ਇਸਤ੍ਰੀਆਂ ਨਾਲ ਪ੍ਰੀਤ ਲਾ ਲਈ ਅਰਥਾਤ ਮੋਆਬਣਾਂ, ਅੰਮੋਨਣਾਂ, ਅਦੋਮਣਾਂ, ਸਿਦੋਨਣਾਂ ਅਤੇ ਹਿੱਤਣਾਂ ਨਾਲ।” (1 ਰਾਜ. 11:1) ਇਹ ਤੀਵੀਆਂ ਸ਼ਾਇਦ ਆਪਣੇ ਦੇਵੀ-ਦੇਵਤਿਆਂ ਦੀ ਪੂਜਾ ਕਰਦੀਆਂ ਰਹੀਆਂ ਤੇ ਇਸ ਦਾ ਸੁਲੇਮਾਨ ’ਤੇ ਵੀ ਅਸਰ ਪਿਆ। ਉਹ ਕੁਰਾਹੇ ਪੈ ਗਿਆ ਤੇ ਸਾਡੇ ਧੀਰਜਵਾਨ ਪਰਮੇਸ਼ੁਰ ਦੀ ਮਿਹਰ ਗੁਆ ਬੈਠਾ।1 ਰਾਜਿਆਂ 11:4-8 ਪੜ੍ਹੋ।

ਉਸ ਦੀ ਮਿਸਾਲ ਤੋਂ ਸਿੱਖੋ

19. ਅਸੀਂ ਕਿਉਂ ਕਹਿ ਸਕਦੇ ਹਾਂ ਕਿ ਬਾਈਬਲ ਵਿਚ ਬਹੁਤ ਸਾਰੀਆਂ ਚੰਗੀਆਂ ਮਿਸਾਲਾਂ ਹਨ?

19 ਯਹੋਵਾਹ ਨੇ ਸਾਡੇ ਭਲੇ ਲਈ ਪੌਲੁਸ ਤੋਂ ਇਹ ਗੱਲ ਲਿਖਵਾਈ: “ਜੋ ਵੀ ਪਹਿਲਾਂ ਲਿਖਿਆ ਗਿਆ ਸੀ, ਉਹ ਸਾਨੂੰ ਸਿੱਖਿਆ ਦੇਣ ਲਈ ਹੀ ਲਿਖਿਆ ਗਿਆ ਸੀ। ਇਹ ਸਿੱਖਿਆ ਮੁਸ਼ਕਲਾਂ ਦੌਰਾਨ ਧੀਰਜ ਰੱਖਣ ਵਿਚ ਸਾਡੀ ਮਦਦ ਕਰਦੀ ਹੈ ਅਤੇ ਸਾਨੂੰ ਧਰਮ-ਗ੍ਰੰਥ ਤੋਂ ਦਿਲਾਸਾ ਮਿਲਦਾ ਹੈ ਅਤੇ ਇਸ ਧੀਰਜ ਅਤੇ ਦਿਲਾਸੇ ਕਰਕੇ ਸਾਨੂੰ ਉਮੀਦ ਮਿਲਦੀ ਹੈ।” (ਰੋਮੀ. 15:4) ਧਰਮ-ਗ੍ਰੰਥ ਵਿਚ ਉਸ ਨੇ ਉਨ੍ਹਾਂ ਆਦਮੀਆਂ ਤੇ ਔਰਤਾਂ ਦੀਆਂ ਮਿਸਾਲਾਂ ਲਿਖਵਾਈਆਂ ਹਨ ਜਿਨ੍ਹਾਂ ਦੀ ਬਹੁਤ ਨਿਹਚਾ ਸੀ। ਪੌਲੁਸ ਕਹਿ ਸਕਿਆ: “ਮੈਂ ਹੋਰ ਕਿਨ੍ਹਾਂ-ਕਿਨ੍ਹਾਂ ਬਾਰੇ ਦੱਸਾਂ? ਜੇ ਮੈਂ ਗਿਦਾਊਨ, ਬਾਰਾਕ, ਸਮਸੂਨ, ਯਿਫ਼ਤਾਹ, ਦਾਊਦ, ਸਮੂਏਲ ਤੇ ਹੋਰ ਨਬੀਆਂ ਬਾਰੇ ਗੱਲ ਕਰਾਂ, ਤਾਂ ਸਮਾਂ ਘੱਟ ਪੈ ਜਾਵੇਗਾ। ਉਨ੍ਹਾਂ ਨੇ ਨਿਹਚਾ ਨਾਲ ਰਾਜਿਆਂ ਨੂੰ ਜਿੱਤਿਆ, ਉਨ੍ਹਾਂ ਨੇ ਉਹੀ ਕੀਤਾ ਜੋ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਸਹੀ ਸੀ, ਉਨ੍ਹਾਂ ਨਾਲ ਵਾਅਦੇ ਕੀਤੇ ਗਏ, . . . ਕਮਜ਼ੋਰ ਘੜੀਆਂ ਵਿਚ ਉਨ੍ਹਾਂ ਨੂੰ ਤਾਕਤਵਰ ਬਣਾਇਆ ਗਿਆ।” (ਇਬ. 11:32-34) ਅਸੀਂ ਬਾਈਬਲ ਵਿਚ ਲਿਖੀਆਂ ਇਨ੍ਹਾਂ ਚੰਗੀਆਂ ਮਿਸਾਲਾਂ ਤੋਂ ਫ਼ਾਇਦਾ ਲੈ ਸਕਦੇ ਹਾਂ ਅਤੇ ਲੈਣਾ ਚਾਹੀਦਾ ਵੀ ਹੈ। ਸਾਨੂੰ ਇਨ੍ਹਾਂ ਲੋਕਾਂ ਬਾਰੇ ਪੜ੍ਹ ਕੇ ਇਨ੍ਹਾਂ ਦੀ ਰੀਸ ਕਰਨੀ ਚਾਹੀਦੀ ਹੈ।

20, 21. ਤੁਸੀਂ ਬਾਈਬਲ ਵਿਚ ਦਿੱਤੀਆਂ ਚੇਤਾਵਨੀ ਦੇਣ ਵਾਲੀਆਂ ਮਿਸਾਲਾਂ ਤੋਂ ਕਿਉਂ ਫ਼ਾਇਦਾ ਲੈਣਾ ਚਾਹੁੰਦੇ ਹੋ?

20 ਪਰ ਬਾਈਬਲ ਵਿਚ ਉਨ੍ਹਾਂ ਲੋਕਾਂ ਬਾਰੇ ਵੀ ਦੱਸਿਆ ਗਿਆ ਹੈ ਜਿਨ੍ਹਾਂ ਦੀ ਮਿਸਾਲ ਤੋਂ ਸਾਨੂੰ ਚੇਤਾਵਨੀ ਮਿਲਦੀ ਹੈ। ਇਨ੍ਹਾਂ ਵਿਚ ਕੁਝ ਅਜਿਹੇ ਲੋਕ ਵੀ ਸ਼ਾਮਲ ਹਨ ਜਿਨ੍ਹਾਂ ਦੀ ਭਗਤੀ ਨੂੰ ਯਹੋਵਾਹ ਨੇ ਇਕ ਸਮੇਂ ਤੇ ਸਵੀਕਾਰ ਕੀਤਾ ਤੇ ਆਪਣੇ ਸੇਵਕਾਂ ਵਜੋਂ ਉਨ੍ਹਾਂ ਨੂੰ ਇਸਤੇਮਾਲ ਕੀਤਾ। ਜਦ ਅਸੀਂ ਬਾਈਬਲ ਪੜ੍ਹਦੇ ਹਾਂ, ਤਾਂ ਅਸੀਂ ਦੇਖ ਸਕਦੇ ਹਾਂ ਕਿ ਪਰਮੇਸ਼ੁਰ ਦੇ ਕੁਝ ਸੇਵਕ ਕਦੋਂ ਤੇ ਕਿਵੇਂ ਕੁਰਾਹੇ ਪੈ ਗਏ। ਇਸ ਕਰਕੇ ਉਨ੍ਹਾਂ ਦੀਆਂ ਮਿਸਾਲਾਂ ਸਾਨੂੰ ਚੇਤਾਵਨੀ ਦਿੰਦੀਆਂ ਹਨ। ਅਸੀਂ ਇਹ ਵੀ ਦੇਖ ਸਕਦੇ ਹਾਂ ਕਿ ਕੁਝ ਲੋਕਾਂ ਦਾ ਰਵੱਈਆ ਹੌਲੀ-ਹੌਲੀ ਕਿਵੇਂ ਖ਼ਰਾਬ ਹੋਇਆ ਤੇ ਇਸ ਦੇ ਕਿਹੜੇ ਬੁਰੇ ਨਤੀਜੇ ਨਿਕਲੇ। ਅਸੀਂ ਹਰੇਕ ਦੀ ਮਿਸਾਲ ਤੋਂ ਸਬਕ ਕਿੱਦਾਂ ਸਿੱਖ ਸਕਦੇ ਹਾਂ? ਅਸੀਂ ਆਪਣੇ ਆਪ ਤੋਂ ਅਜਿਹੇ ਸਵਾਲ ਪੁੱਛ ਸਕਦੇ ਹਾਂ: ‘ਉਸ ਵਿਚ ਇਹ ਰਵੱਈਆ ਕਿਵੇਂ ਪੈਦਾ ਹੋਇਆ? ਕੀ ਮੇਰੇ ਨਾਲ ਵੀ ਇਸ ਤਰ੍ਹਾਂ ਹੋ ਸਕਦਾ ਹੈ? ਅਜਿਹੇ ਰਵੱਈਏ ਤੋਂ ਬਚਣ ਲਈ ਮੈਂ ਕੀ ਕਰ ਸਕਦਾ ਹਾਂ ਅਤੇ ਚੇਤਾਵਨੀ ਦੇਣ ਵਾਲੀ ਇਸ ਮਿਸਾਲ ਤੋਂ ਫ਼ਾਇਦਾ ਕਿਵੇਂ ਲੈ ਸਕਦਾ ਹਾਂ?’

21 ਸਾਨੂੰ ਇਨ੍ਹਾਂ ਮਿਸਾਲਾਂ ਉੱਤੇ ਗੰਭੀਰਤਾ ਨਾਲ ਗੌਰ ਕਰਨਾ ਚਾਹੀਦਾ ਹੈ ਕਿਉਂਕਿ ਪੌਲੁਸ ਨੇ ਲਿਖਿਆ: “ਸਾਰਾ ਕੁਝ ਜੋ ਉਨ੍ਹਾਂ ਨਾਲ ਹੋਇਆ, ਉਦਾਹਰਣਾਂ ਸਨ ਅਤੇ ਇਹ ਗੱਲਾਂ ਸਾਨੂੰ ਚੇਤਾਵਨੀ ਦੇਣ ਲਈ ਲਿਖੀਆਂ ਗਈਆਂ ਸਨ ਜਿਨ੍ਹਾਂ ਉੱਤੇ ਯੁਗਾਂ ਦੇ ਅੰਤ ਆ ਗਏ ਹਨ।”—1 ਕੁਰਿੰ. 10:11.

ਤੁਸੀਂ ਕੀ ਸਿੱਖਿਆ ਹੈ?

• ਬਾਈਬਲ ਵਿਚ ਚੰਗੀਆਂ ਮਿਸਾਲਾਂ ਤੋਂ ਇਲਾਵਾ ਚੇਤਾਵਨੀ ਦੇਣ ਵਾਲੀਆਂ ਮਿਸਾਲਾਂ ਕਿਉਂ ਪਾਈਆਂ ਜਾਂਦੀਆਂ ਹਨ?

• ਸੁਲੇਮਾਨ ਨੂੰ ਗ਼ਲਤ ਕੰਮ ਕਰਨ ਦੀ ਆਦਤ ਕਿਵੇਂ ਪੈ ਗਈ?

• ਸਾਨੂੰ ਸੁਲੇਮਾਨ ਦੀ ਮਿਸਾਲ ਤੋਂ ਕੀ ਚੇਤਾਵਨੀ ਮਿਲਦੀ ਹੈ?

[ਸਵਾਲ]

[ਸਫ਼ਾ 9 ਉੱਤੇ ਤਸਵੀਰ]

ਸੁਲੇਮਾਨ ਨੇ ਪਰਮੇਸ਼ੁਰ ਤੋਂ ਮਿਲੀ ਬੁੱਧ ਨੂੰ ਵਰਤਿਆ

[ਸਫ਼ਾ 12 ਉੱਤੇ ਤਸਵੀਰਾਂ]

ਕੀ ਤੁਹਾਨੂੰ ਸੁਲੇਮਾਨ ਦੀ ਮਿਸਾਲ ਤੋਂ ਚੇਤਾਵਨੀ ਮਿਲ ਰਹੀ ਹੈ?