Skip to content

Skip to table of contents

ਤਬਦੀਲੀਆਂ ਕਰਨ ਨਾਲ ਬਰਕਤਾਂ ਮਿਲੀਆਂ

ਤਬਦੀਲੀਆਂ ਕਰਨ ਨਾਲ ਬਰਕਤਾਂ ਮਿਲੀਆਂ

ਤਬਦੀਲੀਆਂ ਕਰਨ ਨਾਲ ਬਰਕਤਾਂ ਮਿਲੀਆਂ

ਜੇਮਜ਼ ਏ. ਟੌਮਸਨ ਦੀ ਜ਼ਬਾਨੀ

ਜਦੋਂ 1928 ਵਿਚ ਅਮਰੀਕਾ ਦੇ ਦੱਖਣ ਵਿਚ ਮੇਰਾ ਜਨਮ ਹੋਇਆ ਸੀ, ਉਦੋਂ ਕਾਲਿਆਂ ਤੇ ਗੋਰਿਆਂ ਨੂੰ ਕਾਨੂੰਨੀ ਤੌਰ ਤੇ ਅਲੱਗ ਰਹਿਣਾ ਪੈਂਦਾ ਸੀ। ਇਸ ਕਾਨੂੰਨ ਨੂੰ ਨਾ ਮੰਨਣ ਤੇ ਜੇਲ੍ਹ ਹੋ ਸਕਦੀ ਸੀ ਜਾਂ ਇਸ ਤੋਂ ਵੀ ਵੱਧ ਸਜ਼ਾ ਮਿਲ ਸਕਦੀ ਸੀ।

ਉਸ ਸਮੇਂ ਅਮਰੀਕਾ ਦੇ ਕਈ ਹਿੱਸਿਆਂ ਵਿਚ ਕਾਲੇ ਤੇ ਗੋਰੇ ਭੈਣਾਂ-ਭਰਾਵਾਂ ਦੀਆਂ ਅਲੱਗ-ਅਲੱਗ ਮੰਡਲੀਆਂ, ਸਰਕਟ ਅਤੇ ਜ਼ਿਲ੍ਹੇ ਸਨ। 1937 ਵਿਚ ਮੇਰੇ ਪਿਤਾ ਜੀ ਟੈਨਿਸੀ ਦੇ ਸ਼ਹਿਰ ਚੈਟਨੂਗਾ ਵਿਚ ਕਾਲੇ ਭੈਣਾਂ-ਭਰਾਵਾਂ ਦੀ ਮੰਡਲੀ ਦੇ ਕੰਪਨੀ ਸਰਵੈਂਟ ਬਣ ਗਏ। (ਹੁਣ ਕੰਪਨੀ ਸਰਵੈਂਟ ਨੂੰ ਬਜ਼ੁਰਗਾਂ ਦੇ ਸਮੂਹ ਦਾ ਸਹਾਇਕ ਕਿਹਾ ਜਾਂਦਾ ਹੈ।) ਹੈਨਰੀ ਨਿਕੱਲਜ਼ ਗੋਰੇ ਭੈਣਾਂ-ਭਰਾਵਾਂ ਦੀ ਮੰਡਲੀ ਦਾ ਕੰਪਨੀ ਸਰਵੈਂਟ ਸੀ।

ਮੈਨੂੰ ਬਚਪਨ ਦਾ ਉਹ ਵਧੀਆ ਸਮਾਂ ਯਾਦ ਹੈ ਜਦੋਂ ਮੈਂ ਰਾਤ ਨੂੰ ਘਰ ਦੇ ਪਿਛਲੇ ਵਰਾਂਡੇ ਵਿਚ ਬੈਠ ਕੇ ਆਪਣੇ ਪਿਤਾ ਤੇ ਭਰਾ ਨਿਕੱਲਜ਼ ਦੀਆਂ ਗੱਲਾਂ ਸੁਣਦਾ ਹੁੰਦਾ ਸੀ। ਭਾਵੇਂ ਕਿ ਮੈਨੂੰ ਉਨ੍ਹਾਂ ਦੀਆਂ ਸਾਰੀਆਂ ਗੱਲਾਂ ਸਮਝ ਨਹੀਂ ਆਉਂਦੀਆਂ ਸਨ, ਪਰ ਫਿਰ ਵੀ ਮੈਂ ਆਪਣੇ ਪਿਤਾ ਦੇ ਕੋਲ ਬੈਠ ਕੇ ਗੱਲਾਂ ਦਾ ਮਜ਼ਾ ਲੈਂਦਾ ਹੁੰਦਾ ਸੀ। ਉਹ ਇਹ ਚਰਚਾ ਕਰਦੇ ਹੁੰਦੇ ਸਨ ਕਿ ਇਨ੍ਹਾਂ ਮੁਸ਼ਕਲ ਹਾਲਾਤਾਂ ਅਧੀਨ ਵੀ ਕਿਵੇਂ ਵਧੀਆ ਤਰੀਕੇ ਨਾਲ ਪ੍ਰਚਾਰ ਦਾ ਕੰਮ ਕੀਤਾ ਜਾ ਸਕਦਾ ਸੀ।

ਇਸ ਤੋਂ ਕੁਝ ਸਾਲ ਪਹਿਲਾਂ ਸਾਡੇ ਪਰਿਵਾਰ ’ਤੇ ਦੁੱਖਾਂ ਦਾ ਪਹਾੜ ਟੁੱਟਿਆ ਸੀ। 1930 ਵਿਚ ਮੇਰੇ ਮੰਮੀ ਜੀ, ਜੋ ਅਜੇ ਸਿਰਫ਼ 20 ਸਾਲਾਂ ਦੇ ਸਨ, ਗੁਜ਼ਰ ਗਏ। ਇਸ ਕਰਕੇ ਮੇਰੀ ਅਤੇ ਮੇਰੀ ਭੈਣ ਡੌਰਿਸ ਦੀ ਪਰਵਰਿਸ਼ ਦੀ ਜ਼ਿੰਮੇਵਾਰੀ ਮੇਰੇ ਡੈਡੀ ਉੱਤੇ ਆ ਪਈ। ਮੇਰੀ ਭੈਣ ਉਦੋਂ ਚਾਰ ਸਾਲਾਂ ਦੀ ਤੇ ਮੈਂ ਦੋ ਸਾਲਾਂ ਦਾ ਸੀ। ਭਾਵੇਂ ਕਿ ਮੇਰੇ ਪਿਤਾ ਜੀ ਨੇ ਹਾਲ ਹੀ ਵਿਚ ਬਪਤਿਸਮਾ ਲਿਆ ਸੀ, ਪਰ ਉਨ੍ਹਾਂ ਨੇ ਸੱਚਾਈ ਵਿਚ ਚੰਗੀ ਤਰੱਕੀ ਕਰ ਲਈ ਸੀ।

ਮੇਰੀ ਮਦਦ ਕਰਨ ਵਾਲੀਆਂ ਮਿਸਾਲਾਂ

1933 ਵਿਚ ਮੇਰੇ ਪਿਤਾ ਜੀ ਇਕ ਵਧੀਆ ਮਸੀਹੀ ਭੈਣ ਨੂੰ ਮਿਲੇ ਜਿਸ ਦਾ ਨਾਂ ਲਿਲੀ ਮੇ ਗਵੈਨਡੋਲਿਨ ਟੌਮਸ ਸੀ। ਜਲਦੀ ਹੀ ਉਨ੍ਹਾਂ ਦਾ ਵਿਆਹ ਹੋ ਗਿਆ। ਮੇਰੇ ਮਾਤਾ-ਪਿਤਾ ਨੇ ਮੇਰੇ ਤੇ ਡੌਰਿਸ ਲਈ ਯਹੋਵਾਹ ਦੀ ਵਫ਼ਾਦਾਰੀ ਨਾਲ ਸੇਵਾ ਕਰਨ ਵਿਚ ਵਧੀਆ ਮਿਸਾਲ ਰੱਖੀ।

1938 ਵਿਚ ਯਹੋਵਾਹ ਦੇ ਗਵਾਹਾਂ ਦੀਆਂ ਮੰਡਲੀਆਂ ਨੂੰ ਇਸ ਮਤੇ ਦਾ ਸਮਰਥਨ ਕਰਨ ਲਈ ਕਿਹਾ ਗਿਆ ਕਿ ਹੁਣ ਤੋਂ ਸਥਾਨਕ ਮੰਡਲੀਆਂ ਬਜ਼ੁਰਗਾਂ ਨੂੰ ਨਿਯੁਕਤ ਨਹੀਂ ਕਰਨਗੀਆਂ, ਸਗੋਂ ਬਰੁਕਲਿਨ, ਨਿਊਯਾਰਕ ਵਿਚ ਸਾਡਾ ਹੈੱਡ-ਕੁਆਰਟਰ ਕਰੇਗਾ। ਚੈਟਨੂਗਾ ਦੇ ਕੁਝ ਭੈਣਾਂ-ਭਰਾਵਾਂ ਨੇ ਇਸ ਤਬਦੀਲੀ ਨੂੰ ਮੰਨਣ ਤੋਂ ਇਨਕਾਰ ਕੀਤਾ, ਪਰ ਮੇਰੇ ਪਿਤਾ ਜੀ ਨੇ ਸਾਫ਼-ਸਾਫ਼ ਦੱਸਿਆ ਕਿ ਉਹ ਇਸ ਤਬਦੀਲੀ ਦਾ ਪੂਰੀ ਤਰ੍ਹਾਂ ਸਮਰਥਨ ਕਰਨਗੇ। ਉਨ੍ਹਾਂ ਦੀ ਵਫ਼ਾਦਾਰੀ ਤੇ ਮੇਰੇ ਮਾਤਾ ਜੀ ਦੇ ਪੂਰੇ ਸਹਿਯੋਗ ਦੀ ਮਿਸਾਲ ਅੱਜ ਤਕ ਮੇਰੀ ਮਦਦ ਕਰ ਰਹੀ ਹੈ।

ਬਪਤਿਸਮਾ ਤੇ ਪਾਇਨੀਅਰਿੰਗ

1940 ਵਿਚ ਸਾਡੀ ਮੰਡਲੀ ਦੇ ਭੈਣਾਂ-ਭਰਾਵਾਂ ਨੇ ਇਕ ਬੱਸ ਕਿਰਾਏ ’ਤੇ ਲਈ ਅਤੇ ਮਿਸ਼ੀਗਨ ਦੇ ਡੈਟਰਾਇਟ ਸ਼ਹਿਰ ਵਿਚ ਜ਼ਿਲ੍ਹਾ ਸੰਮੇਲਨ ਲਈ ਗਏ। ਬੱਸ ਵਿਚ ਸਫ਼ਰ ਕਰ ਰਹੇ ਕੁਝ ਭੈਣਾਂ-ਭਰਾਵਾਂ ਨੇ ਜ਼ਿਲ੍ਹਾ ਸੰਮੇਲਨ ਵਿਚ ਬਪਤਿਸਮਾ ਲਿਆ। ਕੁਝ ਇਸ ਗੱਲ ਤੋਂ ਹੈਰਾਨ ਸਨ ਕਿ ਮੈਂ ਬਪਤਿਸਮਾ ਕਿਉਂ ਨਹੀਂ ਲਿਆ ਜਦ ਕਿ ਮੈਂ ਪੰਜ ਸਾਲ ਦੀ ਉਮਰ ਤੋਂ ਪ੍ਰਚਾਰ ਵਿਚ ਵਧ-ਚੜ੍ਹ ਕੇ ਹਿੱਸਾ ਲੈ ਰਿਹਾ ਸੀ।

ਜਦੋਂ ਉਨ੍ਹਾਂ ਨੇ ਮੈਨੂੰ ਇਸ ਬਾਰੇ ਪੁੱਛਿਆ, ਤਾਂ ਮੈਂ ਜਵਾਬ ਦਿੱਤਾ, “ਮੈਨੂੰ ਪੂਰੀ ਤਰ੍ਹਾਂ ਨਹੀਂ ਪਤਾ ਕਿ ਬਪਤਿਸਮਾ ਲੈਣਾ ਕਿਉਂ ਜ਼ਰੂਰੀ ਹੈ।” ਪਿਤਾ ਜੀ ਨੇ ਮੇਰੀ ਗੱਲ ਸੁਣ ਲਈ ਅਤੇ ਉਹ ਮੇਰੀ ਗੱਲ ਤੋਂ ਹੈਰਾਨ ਹੋ ਗਏ। ਉਸ ਤੋਂ ਬਾਅਦ ਉਨ੍ਹਾਂ ਨੇ ਮੇਰੀ ਇਹ ਸਮਝਣ ਵਿਚ ਬਹੁਤ ਮਦਦ ਕੀਤੀ ਕਿ ਬਪਤਿਸਮਾ ਲੈਣ ਦਾ ਕੀ ਮਤਲਬ ਹੈ ਅਤੇ ਇਹ ਜ਼ਰੂਰੀ ਕਿਉਂ ਹੈ। ਚਾਰ ਮਹੀਨਿਆਂ ਬਾਅਦ 1 ਅਕਤੂਬਰ 1940 ਵਿਚ ਚੈਟਨੂਗਾ ਤੋਂ ਬਾਹਰ ਇਕ ਤਲਾਅ ਵਿਚ ਮੈਂ ਬਪਤਿਸਮਾ ਲੈ ਲਿਆ। ਮੈਨੂੰ ਯਾਦ ਹੈ ਉਸ ਦਿਨ ਬਹੁਤ ਠੰਢ ਸੀ।

14 ਸਾਲ ਦੀ ਉਮਰ ਵਿਚ ਮੈਂ ਸਕੂਲੋਂ ਗਰਮੀਆਂ ਦੀਆਂ ਛੁੱਟੀਆਂ ਵਿਚ ਪਾਇਨੀਅਰਿੰਗ ਕਰਨੀ ਸ਼ੁਰੂ ਕਰ ਦਿੱਤੀ। ਮੈਂ ਟੈਨਿਸੀ ਤੇ ਗੁਆਂਢੀ ਰਾਜ ਜਾਰਜੀਆ ਦੇ ਛੋਟੇ-ਛੋਟੇ ਕਸਬਿਆਂ ਵਿਚ ਪ੍ਰਚਾਰ ਕਰਦਾ ਸੀ। ਮੈਂ ਸਵੇਰੇ ਜਲਦੀ ਉੱਠ ਖੜ੍ਹਦਾ ਸੀ ਅਤੇ ਆਪਣੇ ਨਾਲ ਦੁਪਹਿਰ ਦਾ ਖਾਣਾ ਲੈ ਕੇ ਸਵੇਰੇ ਛੇ ਵਜੇ ਬੱਸ ਜਾਂ ਗੱਡੀ ਵਿਚ ਬੈਠ ਕੇ ਪ੍ਰਚਾਰ ਦੇ ਇਲਾਕੇ ਵਿਚ ਚਲਾ ਜਾਂਦਾ ਸੀ। ਮੈਂ ਸ਼ਾਮ ਨੂੰ ਛੇ ਵਜੇ ਘਰ ਵਾਪਸ ਆਉਂਦਾ ਸੀ। ਜਿਹੜਾ ਖਾਣਾ ਮੈਂ ਦੁਪਹਿਰ ਲਈ ਨਾਲ ਲੈ ਕੇ ਜਾਂਦਾ ਸੀ ਉਹ ਮੈਂ ਪਹਿਲਾਂ ਹੀ ਖਾ ਲੈਂਦਾ ਸੀ। ਭਾਵੇਂ ਕਿ ਮੇਰੇ ਕੋਲ ਪੈਸੇ ਹੁੰਦੇ ਸਨ, ਪਰ ਕਾਲਾ ਹੋਣ ਕਰਕੇ ਮੈਨੂੰ ਦੁਕਾਨ ਵਿਚ ਜਾ ਕੇ ਖਾਣਾ ਖ਼ਰੀਦਣ ਦੀ ਇਜਾਜ਼ਤ ਨਹੀਂ ਸੀ। ਇਕ ਵਾਰ ਜਦੋਂ ਮੈਂ ਦੁਕਾਨ ਤੋਂ ਆਈਸ-ਕ੍ਰੀਮ ਕੋਨ ਖ਼ਰੀਦਣ ਗਿਆ, ਤਾਂ ਦੁਕਾਨਦਾਰ ਨੇ ਮੈਨੂੰ ਦੁਕਾਨ ਵਿੱਚੋਂ ਚਲੇ ਜਾਣ ਲਈ ਕਿਹਾ। ਇਕ ਗੋਰੀ ਔਰਤ ਨੇ ਤਰਸ ਖਾ ਕੇ ਮੈਨੂੰ ਆਈਸ-ਕ੍ਰੀਮ ਲਿਆ ਕੇ ਦੇ ਦਿੱਤੀ।

ਜਦੋਂ ਮੈਂ ਹਾਈ ਸਕੂਲ ਵਿਚ ਦਾਖ਼ਲਾ ਲਿਆ ਸੀ, ਉਦੋਂ ਅਮਰੀਕਾ ਦੇ ਦੱਖਣ ਵਿਚ ਮਨੁੱਖੀ ਅਧਿਕਾਰਾਂ ਦੀ ਲਹਿਰ ਜ਼ੋਰ ਫੜ ਰਹੀ ਸੀ। “ਕਾਲੇ ਲੋਕਾਂ ਦੀ ਤਰੱਕੀ ਲਈ ਕੌਮੀ ਸੰਸਥਾ” ਅਤੇ ਹੋਰ ਅਜਿਹੀਆਂ ਸੰਸਥਾਵਾਂ ਵਿਦਿਆਰਥੀਆਂ ਉੱਤੇ ਇਸ ਲਹਿਰ ਦਾ ਪੂਰਾ-ਪੂਰਾ ਸਮਰਥਨ ਕਰਨ ਦਾ ਜ਼ੋਰ ਪਾ ਰਹੀਆਂ ਸਨ। ਸਾਨੂੰ ਇਸ ਦੇ ਮੈਂਬਰ ਬਣਨ ਲਈ ਕਿਹਾ ਗਿਆ। ਮੇਰੇ ਸਕੂਲ ਤੇ ਕਾਲੇ ਲੋਕਾਂ ਦੇ ਹੋਰ ਬਹੁਤ ਸਾਰੇ ਸਕੂਲਾਂ ਨੇ ਟੀਚਾ ਰੱਖਿਆ ਕਿ ਉਨ੍ਹਾਂ ਦੇ ਸਾਰੇ ਵਿਦਿਆਰਥੀ ਇਨ੍ਹਾਂ ਸੰਸਥਾਵਾਂ ਦੇ ਮੈਂਬਰ ਬਣਨਗੇ। ਦੂਸਰਿਆਂ ਨੇ ਮੇਰੇ ’ਤੇ ਆਪਣੀ ਨਸਲ ਦਾ ਸਮਰਥਨ ਕਰਨ ਦਾ ਦਬਾਅ ਪਾਇਆ। ਪਰ ਮੈਂ ਇੱਦਾਂ ਕਰਨ ਤੋਂ ਇਨਕਾਰ ਕਰ ਦਿੱਤਾ ਤੇ ਉਨ੍ਹਾਂ ਨੂੰ ਸਮਝਾਇਆ ਕਿ ਰੱਬ ਨਿਰਪੱਖ ਹੋਣ ਕਰਕੇ ਕਿਸੇ ਵੀ ਨਸਲ ਦਾ ਪੱਖ ਨਹੀਂ ਕਰਦਾ। ਇਸ ਲਈ ਮੈਂ ਇਨ੍ਹਾਂ ਬੇਇਨਸਾਫ਼ੀਆਂ ਦੇ ਹੱਲ ਲਈ ਰੱਬ ’ਤੇ ਭਰੋਸਾ ਰੱਖਦਾ ਹਾਂ।—ਯੂਹੰ. 17:14; ਰਸੂ. 10:34, 35.

ਹਾਈ ਸਕੂਲ ਦੀ ਪੜ੍ਹਾਈ ਖ਼ਤਮ ਕਰਨ ਤੋਂ ਬਾਅਦ ਮੈਂ ਨਿਊਯਾਰਕ ਜਾ ਕੇ ਰਹਿਣ ਦਾ ਫ਼ੈਸਲਾ ਕੀਤਾ। ਰਸਤੇ ਵਿਚ ਮੈਂ ਪੈਨਸਿਲਵੇਨੀਆ ਦੇ ਸ਼ਹਿਰ ਫ਼ਿਲਾਡੈਲਫ਼ੀਆ ਵਿਚ ਆਪਣੇ ਦੋਸਤਾਂ ਨੂੰ ਮਿਲਣ ਲਈ ਰੁਕਿਆ ਜਿਹੜੇ ਪਹਿਲਾਂ ਮੈਨੂੰ ਜ਼ਿਲ੍ਹਾ ਸੰਮੇਲਨ ਵਿਚ ਮਿਲੇ ਸਨ। ਉੱਥੇ ਮੈਂ ਪਹਿਲੀ ਵਾਰ ਅਜਿਹੀ ਮੰਡਲੀ ਵਿਚ ਗਿਆ ਜਿੱਥੇ ਅਲੱਗ-ਅਲੱਗ ਨਸਲਾਂ ਦੇ ਭੈਣ-ਭਰਾ ਸਨ। ਉਸ ਸਮੇਂ ਮੰਡਲੀ ਵਿਚ ਸਰਕਟ ਨਿਗਾਹਬਾਨ ਆਇਆ ਹੋਇਆ ਸੀ। ਉਸ ਨੇ ਮੈਨੂੰ ਇਕ ਪਾਸੇ ਲਿਜਾ ਕੇ ਅਗਲੀ ਮੀਟਿੰਗ ਵਿਚ ਇਕ ਭਾਸ਼ਣ ਦੇਣ ਲਈ ਕਿਹਾ। ਇਸ ਨਾਲ ਮੇਰੇ ਲਈ ਉੱਥੇ ਰਹਿਣ ਦਾ ਫ਼ੈਸਲਾ ਕਰਨਾ ਆਸਾਨ ਹੋ ਗਿਆ।

ਫ਼ਿਲਾਡੈਲਫ਼ੀਆ ਵਿਚ ਮੈਂ ਇਕ ਜਵਾਨ ਭੈਣ ਜੈਰਲਡੀਨ ਵਾਈਟ ਨੂੰ ਮਿਲਿਆ ਜਿਸ ਨੂੰ ਮੈਂ ਪਿਆਰ ਨਾਲ ਜੈਰੀ ਬੁਲਾਉਣ ਲੱਗ ਪਿਆ। ਉਹ ਬਾਈਬਲ ਨੂੰ ਚੰਗੀ ਤਰ੍ਹਾਂ ਜਾਣਦੀ ਸੀ ਤੇ ਘਰ-ਘਰ ਦੀ ਸੇਵਕਾਈ ਵਿਚ ਉਹ ਲੋਕਾਂ ਨਾਲ ਗੱਲਬਾਤ ਕਰਨ ਵਿਚ ਮਾਹਰ ਸੀ। ਪਰ ਮੇਰੇ ਲਈ ਖ਼ਾਸ ਗੱਲ ਇਹ ਸੀ ਕਿ ਸਾਡਾ ਟੀਚਾ ਇੱਕੋ ਸੀ। ਉਹ ਵੀ ਪਾਇਨੀਅਰਿੰਗ ਕਰਨੀ ਚਾਹੁੰਦੀ ਸੀ। ਅਸੀਂ 23 ਅਪ੍ਰੈਲ 1949 ਨੂੰ ਵਿਆਹ ਕਰਵਾ ਲਿਆ।

ਗਿਲਿਅਡ ਜਾਣ ਦਾ ਸੱਦਾ

ਸ਼ੁਰੂ ਤੋਂ ਸਾਡਾ ਟੀਚਾ ਗਿਲਿਅਡ ਸਕੂਲ ਜਾਣਾ ਤੇ ਵਿਦੇਸ਼ ਵਿਚ ਮਿਸ਼ਨਰੀਆਂ ਦੇ ਤੌਰ ਤੇ ਸੇਵਾ ਕਰਨਾ ਸੀ। ਅਸੀਂ ਗਿਲਿਅਡ ਜਾਣ ਲਈ ਆਪਣੇ ਹਾਲਾਤਾਂ ਵਿਚ ਤਬਦੀਲੀਆਂ ਕਰਨ ਲਈ ਤਿਆਰ ਸੀ। ਵਿਆਹ ਤੋਂ ਥੋੜ੍ਹੀ ਦੇਰ ਬਾਅਦ ਸਾਨੂੰ ਪਹਿਲਾਂ ਲੌਨਸਾਈਡ, ਨਿਊ ਜਰਜ਼ੀ; ਫਿਰ ਚੈਸਟਰ, ਪੈਨਸਿਲਵੇਨੀਆ ਤੇ ਅਖ਼ੀਰ ਐਟਲਾਂਟਿਕ ਸਿਟੀ, ਨਿਊ ਜਰਜ਼ੀ ਵਿਚ ਜਾ ਕੇ ਰਹਿਣ ਲਈ ਕਿਹਾ ਗਿਆ। ਜਦੋਂ ਅਸੀਂ ਐਟਲਾਂਟਿਕ ਸਿਟੀ ਵਿਚ ਸੀ, ਉਦੋਂ ਅਸੀਂ ਗਿਲਿਅਡ ਦੇ ਫ਼ਾਰਮ ਭਰ ਸਕਦੇ ਸੀ ਕਿਉਂਕਿ ਸਾਡੇ ਵਿਆਹ ਨੂੰ ਦੋ ਸਾਲ ਹੋ ਗਏ ਸਨ। ਪਰ ਸਾਨੂੰ ਇੰਤਜ਼ਾਰ ਕਰਨਾ ਪਿਆ। ਕਿਉਂ?

1950 ਦੇ ਸ਼ੁਰੂ ਦੌਰਾਨ ਬਹੁਤ ਸਾਰੇ ਨੌਜਵਾਨਾਂ ਨੂੰ ਮਿਲਟਰੀ ਵਿਚ ਭਰਤੀ ਕਰ ਕੇ ਲੜਾਈ ਕਰਨ ਲਈ ਕੋਰੀਆ ਘੱਲਿਆ ਜਾ ਰਿਹਾ ਸੀ। ਫ਼ਿਲਾਡੈਲਫ਼ੀਆ ਦੀ ਡਰਾਫਟ ਕਮੇਟੀ ਯਹੋਵਾਹ ਦੇ ਗਵਾਹਾਂ ਦੀ ਨਿਰਪੱਖਤਾ ਕਰਕੇ ਉਨ੍ਹਾਂ ਨਾਲ ਭੇਦ-ਭਾਵ ਕਰ ਰਹੀ ਸੀ। ਅਖ਼ੀਰ ਜੱਜ ਨੇ ਮੈਨੂੰ ਦੱਸਿਆ ਕਿ ਐੱਫ਼. ਬੀ. ਆਈ. ਨੇ ਮੇਰੇ ਬਾਰੇ ਛਾਣਬੀਣ ਕਰ ਕੇ ਮੇਰੇ ਨਿਰਪੱਖ ਰਹਿਣ ਦੇ ਦਾਅਵੇ ਨੂੰ ਸਹੀ ਪਾਇਆ ਹੈ। ਇਸ ਲਈ 11 ਜਨਵਰੀ 1952 ਨੂੰ ਮੈਨੂੰ ਰਾਸ਼ਟਰਪਤੀ ਅਪੀਲ ਬੋਰਡ ਨੇ ਧਰਮ ਦਾ ਪ੍ਰਚਾਰਕ ਕਰਾਰ ਦੇ ਦਿੱਤਾ ਜਿਸ ਕਰਕੇ ਮੈਨੂੰ ਮਿਲਟਰੀ ਵਿਚ ਸੇਵਾ ਕਰਨ ਦੀ ਲੋੜ ਨਹੀਂ ਸੀ।

ਉਸੇ ਸਾਲ ਅਗਸਤ ਵਿਚ ਮੈਨੂੰ ਤੇ ਜੈਰੀ ਨੂੰ ਗਿਲਿਅਡ ਦੀ ਵੀਹਵੀਂ ਕਲਾਸ ਵਿਚ ਜਾਣ ਦਾ ਸੱਦਾ ਮਿਲਿਆ ਜੋ ਕਿ ਸਤੰਬਰ ਵਿਚ ਸ਼ੁਰੂ ਹੋਈ ਸੀ। ਟ੍ਰੇਨਿੰਗ ਦੌਰਾਨ ਸਾਨੂੰ ਆਸ ਸੀ ਕਿ ਸਾਨੂੰ ਹੋਰ ਦੇਸ਼ ਵਿਚ ਸੇਵਾ ਕਰਨ ਲਈ ਭੇਜਿਆ ਜਾਵੇਗਾ। ਮੇਰੀ ਭੈਣ ਡੌਰਿਸ ਗਿਲਿਅਡ ਦੀ ਤੇਰ੍ਹਵੀਂ ਕਲਾਸ ਤੋਂ ਗ੍ਰੈਜੂਏਟ ਹੋਈ ਸੀ ਤੇ ਉਸ ਵੇਲੇ ਬ੍ਰਾਜ਼ੀਲ ਵਿਚ ਸੇਵਾ ਕਰ ਰਹੀ ਸੀ। ਸਾਨੂੰ ਉਦੋਂ ਬਹੁਤ ਹੈਰਾਨੀ ਹੋਈ ਜਦੋਂ ਸਾਨੂੰ ਅਮਰੀਕਾ ਦੇ ਹੀ ਦੱਖਣੀ ਰਾਜ ਐਲਬਾਮਾ ਵਿਚ ਸਰਕਟ ਕੰਮ ਦੀ ਜ਼ਿੰਮੇਵਾਰੀ ਦਿੱਤੀ ਗਈ। ਇਸ ਕਰਕੇ ਸਾਨੂੰ ਥੋੜ੍ਹਾ ਜਿਹਾ ਦੁੱਖ ਹੋਇਆ ਕਿਉਂਕਿ ਅਸੀਂ ਹੋਰ ਦੇਸ਼ ਵਿਚ ਜਾ ਕੇ ਸੇਵਾ ਕਰਨੀ ਚਾਹੁੰਦੇ ਸੀ। ਸਾਡੇ ਸਰਕਟ ਵਿਚ ਕਾਲੇ ਭੈਣਾਂ-ਭਰਾਵਾਂ ਦੀਆਂ ਮੰਡਲੀਆਂ ਸਨ।

ਹੰਟਸਵਿਲ ਪਹਿਲੀ ਮੰਡਲੀ ਸੀ ਜਿੱਥੇ ਅਸੀਂ ਦੌਰਾ ਕੀਤਾ। ਉੱਥੇ ਪਹੁੰਚਣ ਤੇ ਅਸੀਂ ਉਸ ਭੈਣ ਦੇ ਘਰ ਗਏ ਜਿੱਥੇ ਅਸੀਂ ਰਹਿਣਾ ਸੀ। ਜਦੋਂ ਅਸੀਂ ਆਪਣਾ ਸਾਮਾਨ ਉਤਾਰ ਰਹੇ ਸੀ, ਤਾਂ ਅਸੀਂ ਫ਼ੋਨ ’ਤੇ ਭੈਣ ਨੂੰ ਇਹ ਕਹਿੰਦੇ ਸੁਣਿਆ: “ਬੱਚੇ ਪਹੁੰਚ ਗਏ ਹਨ।” ਅਸੀਂ 24 ਸਾਲਾਂ ਦੇ ਸੀ, ਪਰ ਲੱਗਦੇ ਇਸ ਤੋਂ ਵੀ ਛੋਟੇ ਸੀ। ਉਸ ਸਰਕਟ ਵਿਚ ਕੰਮ ਕਰਦਿਆਂ ਸਾਡਾ ਨਾਂ “ਬੱਚੇ” ਹੀ ਪੈ ਗਿਆ।

ਦੱਖਣ ਦਾ ਇਲਾਕਾ ਇਸ ਗੱਲੋਂ ਮਸ਼ਹੂਰ ਹੈ ਕਿ ਜ਼ਿਆਦਾਤਰ ਲੋਕ ਬਾਈਬਲ ਦਾ ਆਦਰ ਕਰਦੇ ਹਨ। ਇਸ ਲਈ ਅਸੀਂ ਇਨ੍ਹਾਂ ਤਿੰਨ ਨੁਕਤਿਆਂ ਨਾਲ ਆਪਣੀ ਗੱਲਬਾਤ ਸ਼ੁਰੂ ਕਰਦੇ ਸੀ:

(1) ਸੰਸਾਰ ਦੇ ਹਾਲਾਤਾਂ ਬਾਰੇ ਟਿੱਪਣੀ।

(2) ਬਾਈਬਲ ਇਨ੍ਹਾਂ ਹਾਲਾਤਾਂ ਦੇ ਠੀਕ ਹੋਣ ਬਾਰੇ ਕੀ ਕਹਿੰਦੀ ਹੈ।

(3) ਬਾਈਬਲ ਸਾਨੂੰ ਕੀ ਕਰਨ ਬਾਰੇ ਕਹਿੰਦੀ ਹੈ।

ਇਸ ਤੋਂ ਬਾਅਦ ਅਸੀਂ ਕੋਈ ਬਾਈਬਲ-ਆਧਾਰਿਤ ਪ੍ਰਕਾਸ਼ਨ ਦਿੰਦੇ ਸੀ। ਗੱਲਬਾਤ ਕਰਨ ਦਾ ਇਹ ਤਰੀਕਾ ਬਹੁਤ ਵਧੀਆ ਸਾਬਤ ਹੋਇਆ। ਇਸ ਕਰਕੇ 1953 ਵਿਚ ਮੈਨੂੰ ਨਿਊਯਾਰਕ ਵਿਚ ਹੋਏ “ਨਿਊ ਵਰਲਡ ਸੋਸਾਇਟੀ” ਨਾਂ ਦੇ ਵੱਡੇ ਸੰਮੇਲਨ ਦੇ ਇਕ ਭਾਸ਼ਣ ਵਿਚ ਪ੍ਰਦਰਸ਼ਨ ਕਰਨ ਦਾ ਸਨਮਾਨ ਦਿੱਤਾ ਗਿਆ। ਇਸ ਵਿਚ ਮੈਂ ਇਨ੍ਹਾਂ ਤਿੰਨ ਨੁਕਤਿਆਂ ਨੂੰ ਇਸਤੇਮਾਲ ਕਰ ਕੇ ਦਿਖਾਇਆ।

ਜਲਦੀ ਹੀ 1953 ਦੀਆਂ ਗਰਮੀਆਂ ਵਿਚ ਮੈਨੂੰ ਦੱਖਣ ਦੇ ਉਨ੍ਹਾਂ ਸਰਕਟਾਂ ਵਿਚ ਡਿਸਟ੍ਰਿਕਟ ਓਵਰਸੀਅਰ ਦੀ ਜ਼ਿੰਮੇਵਾਰੀ ਦਿੱਤੀ ਗਈ ਜਿੱਥੇ ਕਾਲੇ ਭੈਣ-ਭਰਾ ਸਨ। ਅਸੀਂ ਵਰਜੀਨੀਆ ਤੋਂ ਫ਼ਲੋਰਿਡਾ ਤਕ ਤੇ ਪੱਛਮ ਵਿਚ ਐਲਬਾਮਾ ਅਤੇ ਟੈਨਿਸੀ ਤਕ ਇੰਨੇ ਵੱਡੇ ਇਲਾਕੇ ਵਿਚ ਕੰਮ ਕਰਨਾ ਸੀ। ਇਸ ਲਈ ਸਫ਼ਰੀ ਨਿਗਾਹਬਾਨਾਂ ਨੂੰ ਹਾਲਾਤਾਂ ਮੁਤਾਬਕ ਢਲਣ ਦੀ ਲੋੜ ਪੈਂਦੀ ਸੀ। ਮਿਸਾਲ ਲਈ, ਅਸੀਂ ਅਕਸਰ ਉਨ੍ਹਾਂ ਘਰਾਂ ਵਿਚ ਰਹਿੰਦੇ ਸੀ ਜਿੱਥੇ ਘਰਾਂ ਅੰਦਰ ਪਾਣੀ ਦੀਆਂ ਟੂਟੀਆਂ ਨਹੀਂ ਹੁੰਦੀਆਂ ਸਨ ਤੇ ਰਸੋਈ ਵਿਚ ਚੁੱਲ੍ਹੇ ਦੇ ਪਿੱਛੇ ਟੀਨ ਦੇ ਟੱਬ ਵਿਚ ਨਹਾਉਣਾ ਪੈਂਦਾ ਸੀ। ਚੰਗੀ ਗੱਲ ਇਹ ਸੀ ਕਿ ਇਹ ਘਰ ਦਾ ਸਭ ਤੋਂ ਨਿੱਘਾ ਹਿੱਸਾ ਹੁੰਦਾ ਸੀ।

ਨਸਲੀ ਭੇਦ-ਭਾਵ ਦੀ ਚੁਣੌਤੀ

ਦੱਖਣ ਵਿਚ ਸੇਵਾ ਕਰਦਿਆਂ ਸਾਨੂੰ ਸਾਰਾ ਕੁਝ ਪਹਿਲਾਂ ਤੋਂ ਹੀ ਸੋਚ-ਸਮਝ ਕੇ ਕਰਨਾ ਪੈਂਦਾ ਸੀ ਤੇ ਦਿਮਾਗ਼ ਤੋਂ ਕੰਮ ਲੈਣਾ ਪੈਂਦਾ ਸੀ। ਕਾਲਿਆਂ ਨੂੰ ਕੱਪੜੇ ਧੋਣ ਲਈ ਲਾਂਡਰੀ ਇਸਤੇਮਾਲ ਕਰਨ ਦੀ ਇਜਾਜ਼ਤ ਨਹੀਂ ਸੀ। ਇਸ ਲਈ ਜੈਰੀ ਉੱਥੇ ਜਾ ਕੇ ਕਹਿੰਦੀ ਸੀ ਕਿ ਇਹ ਕੱਪੜੇ “ਸ਼੍ਰੀਮਤੀ ਟੌਮਸਨ” ਦੇ ਹਨ। ਬਹੁਤ ਸਾਰੇ ਸੋਚਦੇ ਸਨ ਕਿ ਜੈਰੀ ਉਸ ਦੀ ਨੌਕਰਾਣੀ ਸੀ। ਉਸ ਵੇਲੇ ਡਿਸਟ੍ਰਿਕਟ ਓਵਰਸੀਅਰ ਦ ਨਿਊ ਵਰਲਡ ਸੋਸਾਇਟੀ ਇਨ ਐਕਸ਼ਨ ਨਾਂ ਦੀ ਫ਼ਿਲਮ ਦਿਖਾਉਂਦੇ ਹੁੰਦੇ ਸਨ। ਮੈਂ ਵੀ ਇਹ ਫ਼ਿਲਮ ਦਿਖਾਉਣ ਲਈ ਦੁਕਾਨ ’ਤੇ ਫ਼ੋਨ ਕਰ ਕੇ ਇਕ ਵੱਡੀ ਸਕ੍ਰੀਨ (ਪੜਦਾ) “ਸ਼੍ਰੀਮਾਨ ਟੌਮਸਨ” ਦੇ ਨਾਂ ’ਤੇ ਬੁੱਕ ਕਰਾ ਦਿੰਦਾ ਸੀ। ਇਸ ਤੋਂ ਬਾਅਦ ਮੈਂ ਦੁਕਾਨ ਤੋਂ ਸਕ੍ਰੀਨ ਲੈ ਆਉਂਦਾ ਸੀ। ਅਸੀਂ ਹਮੇਸ਼ਾ ਨਰਮਾਈ ਨਾਲ ਸਾਰਿਆਂ ਨਾਲ ਪੇਸ਼ ਆਉਂਦੇ ਸੀ ਤੇ ਬਿਨਾਂ ਮੁਸ਼ਕਲ ਦੇ ਆਪਣੀ ਸੇਵਕਾਈ ਕਰਦੇ ਸੀ।

ਉੱਥੇ ਉੱਤਰ ਦੇ ਲੋਕਾਂ ਨਾਲ ਵੀ ਭੇਦ-ਭਾਵ ਕੀਤਾ ਜਾਂਦਾ ਸੀ। ਇਕ ਵਾਰ ਇਕ ਸਥਾਨਕ ਅਖ਼ਬਾਰ ਨੇ ਖ਼ਬਰ ਛਾਪੀ ਕਿ ਵਾਚਟਾਵਰ ਬਾਈਬਲ ਐਂਡ ਟ੍ਰੈਕਟ ਸੋਸਾਇਟੀ ਆਫ਼ ਨਿਊਯਾਰਕ ਤੋਂ ਜੇਮਜ਼ ਏ. ਟੌਮਸਨ ਅਸੈਂਬਲੀ ਵਿਚ ਭਾਸ਼ਣ ਦੇਣਗੇ। ਕੁਝ ਲੋਕਾਂ ਨੇ ਇਸ ਨੂੰ ਪੜ੍ਹ ਕੇ ਸਮਝਿਆ ਕਿ ਮੈਂ ਨਿਊਯਾਰਕ ਸ਼ਹਿਰ ਤੋਂ ਹਾਂ ਜੋ ਅਮਰੀਕਾ ਦੇ ਉੱਤਰ ਵਿਚ ਹੈ। ਇਸ ਕਰਕੇ ਸਕੂਲ ਦੇ ਹਾਲ ਦੀ ਬੁਕਿੰਗ ਕੈਂਸਲ ਕਰ ਦਿੱਤੀ ਗਈ। ਇਸ ਲਈ ਮੈਂ ਸਕੂਲ ਦੇ ਅਧਿਕਾਰੀਆਂ ਕੋਲ ਗਿਆ ਤੇ ਉਨ੍ਹਾਂ ਨੂੰ ਦੱਸਿਆ ਕਿ ਮੈਂ ਚੈਟਨੂਗਾ ਦੇ ਇਕ ਸਕੂਲ ਵਿਚ ਪੜ੍ਹਿਆ ਸੀ। ਇਸ ਤੋਂ ਬਾਅਦ ਸਾਨੂੰ ਸਰਕਟ ਅਸੈਂਬਲੀ ਕਰਨ ਦੀ ਇਜਾਜ਼ਤ ਦੇ ਦਿੱਤੀ ਗਈ।

1950 ਦੇ ਦਹਾਕੇ ਦੇ ਮੱਧ ਵਿਚ ਨਸਲੀ ਭੇਦ-ਭਾਵ ਨੇ ਹੋਰ ਜ਼ੋਰ ਫੜ ਲਿਆ ਤੇ ਕਈ ਵਾਰ ਦੰਗੇ-ਫ਼ਸਾਦ ਵੀ ਹੋਏ ਸਨ। 1954 ਦੇ ਜ਼ਿਲ੍ਹਾ ਸੰਮੇਲਨਾਂ ਵਿਚ ਕਾਲੇ ਭਰਾਵਾਂ ਨੂੰ ਕੋਈ ਭਾਸ਼ਣ ਨਹੀਂ ਦਿੱਤਾ ਗਿਆ ਸੀ ਜਿਸ ਕਰਕੇ ਕੁਝ ਕਾਲੇ ਭੈਣ-ਭਰਾ ਗੁੱਸੇ ਹੋਏ। ਅਸੀਂ ਆਪਣੇ ਕਾਲੇ ਭਰਾਵਾਂ ਨੂੰ ਧੀਰਜ ਰੱਖਣ ਲਈ ਕਿਹਾ। ਉਸ ਤੋਂ ਅਗਲੇ ਸਾਲ ਮੈਨੂੰ ਜ਼ਿਲ੍ਹਾ ਸੰਮੇਲਨ ਵਿਚ ਭਾਸ਼ਣ ਦੇਣ ਲਈ ਚੁਣਿਆ ਗਿਆ। ਇਸ ਤੋਂ ਬਾਅਦ ਦੱਖਣ ਦੇ ਹੋਰ ਵੀ ਕਾਲੇ ਭਰਾਵਾਂ ਨੂੰ ਪ੍ਰੋਗ੍ਰਾਮ ਵਿਚ ਭਾਸ਼ਣ ਦਿੱਤੇ ਜਾਣ ਲੱਗੇ।

ਸਮੇਂ ਦੇ ਬੀਤਣ ਨਾਲ ਦੱਖਣ ਵਿਚ ਨਸਲੀ ਹਿੰਸਾ ਖ਼ਤਮ ਹੋ ਗਈ ਤੇ ਹੌਲੀ-ਹੌਲੀ ਮੰਡਲੀਆਂ ਵਿਚ ਅਲੱਗ-ਅਲੱਗ ਨਸਲਾਂ ਦੇ ਭੈਣ-ਭਰਾ ਇਕੱਠੇ ਹੋ ਕੇ ਭਗਤੀ ਕਰਨ ਲੱਗੇ। ਇਸ ਲਈ ਹੁਣ ਪਬਲੀਸ਼ਰਾਂ ਨੂੰ ਅਲੱਗ-ਅਲੱਗ ਮੰਡਲੀਆਂ ਵਿਚ ਭੇਜਣ ਤੇ ਨਾਲ ਦੀ ਨਾਲ ਪ੍ਰਚਾਰ ਲਈ ਇਲਾਕਿਆਂ ਵਿਚ ਵੀ ਤਬਦੀਲੀਆਂ ਕਰਨ ਦੀ ਲੋੜ ਪਈ। ਜ਼ਿੰਮੇਵਾਰ ਭਰਾਵਾਂ ਦੇ ਕੰਮਾਂ ਵਿਚ ਵੀ ਤਬਦੀਲੀਆਂ ਕੀਤੀਆਂ ਗਈਆਂ। ਕੁਝ ਕਾਲੇ ਤੇ ਗੋਰੇ ਭੈਣਾਂ-ਭਰਾਵਾਂ ਨੇ ਇਸ ਨਵੇਂ ਪ੍ਰਬੰਧ ਨੂੰ ਪਸੰਦ ਨਹੀਂ ਕੀਤਾ। ਪਰ ਜ਼ਿਆਦਾਤਰ ਭੈਣ-ਭਰਾ ਨਿਰਪੱਖ ਰਹੇ, ਜਿਵੇਂ ਸਾਡਾ ਸਵਰਗੀ ਪਿਤਾ ਨਿਰਪੱਖ ਹੈ। ਬਹੁਤ ਸਾਰੇ ਭੈਣ-ਭਰਾ ਕਰੀਬੀ ਦੋਸਤ ਸਨ ਭਾਵੇਂ ਉਨ੍ਹਾਂ ਦਾ ਰੰਗ ਜਿਹੜਾ ਮਰਜ਼ੀ ਸੀ। ਇਸ ਤਰ੍ਹਾਂ ਦੀ ਦੋਸਤੀ ਦਾ ਆਨੰਦ ਸਾਡੇ ਪਰਿਵਾਰ ਨੇ ਵੀ 1930 ਤੇ 1940 ਦੇ ਦਹਾਕੇ ਵਿਚ ਲਿਆ ਜਦੋਂ ਮੈਂ ਜਵਾਨ ਸੀ।

ਨਵੀਂ ਜ਼ਿੰਮੇਵਾਰੀ

ਜਨਵਰੀ 1969 ਵਿਚ ਮੈਨੂੰ ਤੇ ਜੈਰੀ ਨੂੰ ਦੱਖਣੀ ਅਮਰੀਕਾ ਦੇ ਦੇਸ਼ ਗੀਆਨਾ ਵਿਚ ਜਾਣ ਦਾ ਸੱਦਾ ਮਿਲਿਆ ਜਿਸ ਨੂੰ ਅਸੀਂ ਖ਼ੁਸ਼ੀ ਨਾਲ ਸਵੀਕਾਰ ਕਰ ਲਿਆ। ਪਹਿਲਾਂ ਅਸੀਂ ਬਰੁਕਲਿਨ, ਨਿਊਯਾਰਕ ਗਏ ਜਿੱਥੇ ਗੀਆਨਾ ਵਿਚ ਪ੍ਰਚਾਰ ਦੇ ਕੰਮ ਦੀ ਨਿਗਰਾਨੀ ਕਰਨ ਲਈ ਮੈਂ ਟ੍ਰੇਨਿੰਗ ਲਈ। ਅਸੀਂ ਜੁਲਾਈ 1969 ਨੂੰ ਗੀਆਨਾ ਪਹੁੰਚੇ। 16 ਸਾਲ ਸਫ਼ਰੀ ਕੰਮ ਕਰਨ ਤੋਂ ਬਾਅਦ ਇਕ ਜਗ੍ਹਾ ਰਹਿ ਕੇ ਕੰਮ ਕਰਨਾ ਸਾਡੇ ਲਈ ਬਹੁਤ ਵੱਡੀ ਤਬਦੀਲੀ ਸੀ। ਜੈਰੀ ਆਪਣਾ ਬਹੁਤ ਸਮਾਂ ਮਿਸ਼ਨਰੀ ਦੇ ਤੌਰ ਤੇ ਪ੍ਰਚਾਰ ਵਿਚ ਲਾਉਂਦੀ ਸੀ ਅਤੇ ਮੈਂ ਬ੍ਰਾਂਚ ਆਫ਼ਿਸ ਵਿਚ ਕੰਮ ਕਰਦਾ ਸੀ।

ਮੈਨੂੰ ਹਰ ਤਰ੍ਹਾਂ ਦੇ ਕੰਮ ਕਰਨੇ ਪੈਂਦੇ ਸਨ ਜਿਵੇਂ ਕਿ ਘਾਹ ਕੱਟਣਾ, 28 ਮੰਡਲੀਆਂ ਨੂੰ ਪ੍ਰਕਾਸ਼ਨ ਘੱਲਣੇ ਤੇ ਬਰੁਕਲਿਨ ਹੈੱਡ-ਕੁਆਰਟਰ ਨੂੰ ਚਿੱਠੀਆਂ ਲਿਖਣੀਆਂ। ਮੈਂ ਹਰ ਰੋਜ਼ 14-15 ਘੰਟੇ ਕੰਮ ਕਰਦਾ ਸੀ। ਭਾਵੇਂ ਇਹ ਸਾਡੇ ਲਈ ਬਹੁਤ ਮਿਹਨਤ ਦਾ ਕੰਮ ਸੀ, ਪਰ ਅਸੀਂ ਆਪਣੇ ਕੰਮ ਤੋਂ ਖ਼ੁਸ਼ ਸੀ। ਜਦੋਂ ਅਸੀਂ ਗੀਆਨਾ ਪਹੁੰਚੇ, ਤਾਂ ਉੱਥੇ 950 ਪਬਲੀਸ਼ਰ ਸਨ ਤੇ ਅੱਜ ਉੱਥੇ 2,500 ਤੋਂ ਜ਼ਿਆਦਾ ਪਬਲੀਸ਼ਰ ਹਨ।

ਅਸੀਂ ਗੀਆਨਾ ਵਿਚ ਸੁਹਾਵਣੇ ਮੌਸਮ ਅਤੇ ਉੱਥੇ ਦੇ ਨਵੇਂ-ਨਵੇਂ ਫਲਾਂ ਤੇ ਸਬਜ਼ੀਆਂ ਦਾ ਆਨੰਦ ਲੈਂਦੇ ਸੀ। ਪਰ ਸੱਚੀ ਖ਼ੁਸ਼ੀ ਸਾਨੂੰ ਇਸ ਗੱਲ ਤੋਂ ਮਿਲਦੀ ਸੀ ਕਿ ਨਿਮਰ ਲੋਕ ਪਰਮੇਸ਼ੁਰ ਦੇ ਰਾਜ ਬਾਰੇ ਸਿੱਖ ਰਹੇ ਸਨ। ਜੈਰੀ ਹਫ਼ਤੇ ਵਿਚ 20 ਬਾਈਬਲ ਸਟੱਡੀਆਂ ਕਰਾਉਂਦੀ ਸੀ ਜਿਨ੍ਹਾਂ ਵਿੱਚੋਂ ਕਈਆਂ ਨੇ ਬਪਤਿਸਮਾ ਲਿਆ। ਸਮੇਂ ਦੇ ਬੀਤਣ ਨਾਲ ਉਨ੍ਹਾਂ ਵਿੱਚੋਂ ਕੁਝ ਪਾਇਨੀਅਰਿੰਗ ਕਰਨ ਲੱਗ ਪਏ ਤੇ ਕੁਝ ਮੰਡਲੀਆਂ ਵਿਚ ਬਜ਼ੁਰਗ ਬਣ ਗਏ ਤੇ ਇੱਥੋਂ ਤਕ ਕਿ ਕੁਝ ਮਿਸ਼ਨਰੀ ਬਣਨ ਲਈ ਗਿਲਿਅਡ ਵੀ ਗਏ।

ਮਾੜੀ ਸਿਹਤ ਤੇ ਹੋਰ ਮੁਸ਼ਕਲਾਂ

1983 ਵਿਚ ਮੇਰੇ ਮਾਤਾ-ਪਿਤਾ ਨੂੰ ਸਾਡੀ ਮਦਦ ਦੀ ਲੋੜ ਪਈ ਜੋ ਕਿ ਅਮਰੀਕਾ ਵਿਚ ਰਹਿੰਦੇ ਸਨ। ਮੈਂ, ਜੈਰੀ ਤੇ ਡੌਰਿਸ ਨੇ ਬੈਠ ਕੇ ਇਸ ਬਾਰੇ ਗੱਲ ਕੀਤੀ। ਡੌਰਿਸ, ਜਿਸ ਨੇ ਬ੍ਰਾਜ਼ੀਲ ਵਿਚ 35 ਸਾਲ ਤਕ ਮਿਸ਼ਨਰੀ ਵਜੋਂ ਸੇਵਾ ਕੀਤੀ ਸੀ, ਨੇ ਮਾਤਾ-ਪਿਤਾ ਕੋਲ ਜਾਣ ਤੇ ਉਨ੍ਹਾਂ ਦੀ ਦੇਖ-ਭਾਲ ਕਰਨ ਦਾ ਫ਼ੈਸਲਾ ਕੀਤਾ। ਉਸ ਨੇ ਕਿਹਾ ਕਿ ਜੇ ਇਹ ਕੰਮ ਇਕ ਜਣਾ ਕਰ ਸਕਦਾ ਹੈ, ਤਾਂ ਦੋ ਮਿਸ਼ਨਰੀਆਂ ਨੂੰ ਆਪਣਾ ਪ੍ਰਚਾਰ ਦਾ ਕੰਮ ਛੱਡਣ ਦੀ ਕੀ ਲੋੜ ਹੈ? ਮਾਤਾ-ਪਿਤਾ ਦੀ ਮੌਤ ਤੋਂ ਬਾਅਦ ਡੌਰਿਸ ਚੈਟਨੂਗਾ ਵਿਚ ਹੀ ਰਹਿ ਕੇ ਸਪੈਸ਼ਲ ਪਾਇਨੀਅਰਿੰਗ ਕਰ ਰਹੀ ਹੈ।

1995 ਵਿਚ ਮੈਨੂੰ ਪ੍ਰਾਸਟੇਟ ਕੈਂਸਰ ਹੋ ਗਿਆ ਜਿਸ ਕਰਕੇ ਮੈਨੂੰ ਅਮਰੀਕਾ ਵਾਪਸ ਆਉਣਾ ਪਿਆ। ਅਸੀਂ ਉੱਤਰੀ ਕੈਰੋਲਾਇਨਾ ਦੇ ਗੋਲਡਜ਼ਬੋਰੋ ਸ਼ਹਿਰ ਵਿਚ ਰਹਿਣ ਲੱਗ ਪਏ ਕਿਉਂਕਿ ਇੱਥੋਂ ਟੈਨਿਸੀ ਵਿਚ ਰਹਿੰਦੇ ਮੇਰੇ ਪਰਿਵਾਰ ਨੂੰ ਅਤੇ ਪੈਨਸਿਲਵੇਨੀਆ ਵਿਚ ਰਹਿੰਦੇ ਜੈਰੀ ਦੇ ਪਰਿਵਾਰ ਨੂੰ ਮਿਲਣਾ ਸੌਖਾ ਸੀ। ਹੁਣ ਮੇਰਾ ਕੈਂਸਰ ਘੱਟ ਗਿਆ ਹੈ ਤੇ ਅਸੀਂ ਗੋਲਡਜ਼ਬੋਰੋ ਵਿਚ ਸਪੈਸ਼ਲ ਪਾਇਨੀਅਰਾਂ ਵਜੋਂ ਸੇਵਾ ਕਰ ਰਹੇ ਹਾਂ ਭਾਵੇਂ ਸਿਹਤ ਠੀਕ ਨਾ ਹੋਣ ਕਰਕੇ ਅਸੀਂ ਪੂਰੇ ਘੰਟੇ ਨਹੀਂ ਕਰ ਪਾਉਂਦੇ।

ਜਦੋਂ ਮੈਂ ਆਪਣੀ 65 ਸਾਲਾਂ ਦੀ ਫੁੱਲ-ਟਾਈਮ ਸੇਵਾ ਉੱਤੇ ਨਜ਼ਰ ਮਾਰਦਾ ਹਾਂ, ਤਾਂ ਮੈਂ ਦੇਖਦਾ ਹਾਂ ਕਿ ਮੈਨੂੰ ਤੇ ਜੈਰੀ ਨੂੰ ਯਹੋਵਾਹ ਦੀ ਸੇਵਾ ਕਰਨ ਲਈ ਬਹੁਤ ਤਬਦੀਲੀਆਂ ਕਰਨੀਆਂ ਪਈਆਂ। ਮੈਂ ਯਹੋਵਾਹ ਦਾ ਸ਼ੁਕਰ ਕਰਦਾ ਹਾਂ ਕਿ ਇਹ ਤਬਦੀਲੀਆਂ ਕਰਨ ਕਰਕੇ ਉਸ ਨੇ ਸਾਨੂੰ ਦੋਵਾਂ ਨੂੰ ਬਰਕਤ ਦਿੱਤੀ ਹੈ। ਦਾਊਦ ਦੇ ਇਹ ਸ਼ਬਦ ਕਿੰਨੇ ਸੱਚੇ ਹਨ ਕਿ “ਦਯਾਵਾਨ [“ਵਫ਼ਾਦਾਰ,” NW] ਲਈ ਤੂੰ [ਯਹੋਵਾਹ] ਆਪਣੇ ਆਪ ਨੂੰ ਦਯਾਵਾਨ [“ਵਫ਼ਾਦਾਰ,” NW] ਵਿਖਾਵੇਂਗਾ।”—2 ਸਮੂ. 22:26.

[ਸਫ਼ਾ 3 ਉੱਤੇ ਤਸਵੀਰਾਂ]

ਮੇਰੇ ਪਿਤਾ ਜੀ ਤੇ ਭਰਾ ਨਿਕੱਲਜ਼ ਨੇ ਮੇਰੇ ਲਈ ਵਧੀਆ ਮਿਸਾਲ ਕਾਇਮ ਕੀਤੀ

[ਸਫ਼ਾ 4 ਉੱਤੇ ਤਸਵੀਰਾਂ]

1952 ਵਿਚ ਜੈਰੀ ਨਾਲ ਗਿਲਿਅਡ ਜਾਣ ਲਈ ਤਿਆਰ

[ਸਫ਼ਾ 5 ਉੱਤੇ ਤਸਵੀਰਾਂ]

ਗਿਲਿਅਡ ਤੋਂ ਬਾਅਦ ਸਾਨੂੰ ਅਮਰੀਕਾ ਦੇ ਦੱਖਣ ਵਿਚ ਸਫ਼ਰੀ ਕੰਮ ਦੀ ਜ਼ਿੰਮੇਵਾਰੀ ਦਿੱਤੀ ਗਈ

[ਸਫ਼ਾ 6 ਉੱਤੇ ਤਸਵੀਰ]

1966 ਵਿਚ ਕਾਲੇ ਤੇ ਗੋਰਿਆਂ ਦੇ ਜ਼ਿਲ੍ਹਾ ਸੰਮੇਲਨ ਤੋਂ ਪਹਿਲਾਂ ਸਫ਼ਰੀ ਨਿਗਾਹਬਾਨ ਤੇ ਉਨ੍ਹਾਂ ਦੀਆਂ ਪਤਨੀਆਂ

[ਸਫ਼ਾ 7 ਉੱਤੇ ਤਸਵੀਰ]

ਗੀਆਨਾ ਵਿਚ ਖ਼ੁਸ਼ੀ ਦੇਣ ਵਾਲੀ ਮਿਸ਼ਨਰੀ ਸੇਵਾ