Skip to content

Skip to table of contents

ਪਹਿਲੀ ਸਦੀ ਵਿਚ ਅਤੇ ਅੱਜ ਪਵਿੱਤਰ ਸ਼ਕਤੀ ਦੀ ਅਗਵਾਈ

ਪਹਿਲੀ ਸਦੀ ਵਿਚ ਅਤੇ ਅੱਜ ਪਵਿੱਤਰ ਸ਼ਕਤੀ ਦੀ ਅਗਵਾਈ

ਪਹਿਲੀ ਸਦੀ ਵਿਚ ਅਤੇ ਅੱਜ ਪਵਿੱਤਰ ਸ਼ਕਤੀ ਦੀ ਅਗਵਾਈ

“ਇਹੀ ਸ਼ਕਤੀ ਇਹ ਸਾਰੇ ਕੰਮ ਕਰਦੀ ਹੈ।”—1 ਕੁਰਿੰ. 12:11.

1. ਅਸੀਂ ਇਸ ਲੇਖ ਵਿਚ ਕਿਨ੍ਹਾਂ ਗੱਲਾਂ ’ਤੇ ਵਿਚਾਰ ਕਰਾਂਗੇ?

ਜਦੋਂ ਅਸੀਂ ਪੰਤੇਕੁਸਤ ਦਾ ਨਾਂ ਸੁਣਦੇ ਹਾਂ, ਤਾਂ ਸਾਡੇ ਮਨ ਵਿਚ ਉਸ ਦਿਨ ਵਾਪਰੀਆਂ ਕਈ ਦਿਲਚਸਪ ਘਟਨਾਵਾਂ ਆ ਜਾਂਦੀਆਂ ਹਨ। (ਰਸੂ. 2:1-4) ਉਸ ਦਿਨ ਪਰਮੇਸ਼ੁਰ ਨੇ ਆਪਣੇ ਸੇਵਕਾਂ ਨੂੰ ਪਵਿੱਤਰ ਸ਼ਕਤੀ ਦੇ ਕੇ ਦਿਖਾਇਆ ਕਿ ਉਹ ਉਨ੍ਹਾਂ ਦੀ ਅਗਵਾਈ ਕਰਨ ਲਈ ਆਪਣੀ ਸ਼ਕਤੀ ਨੂੰ ਨਵੇਂ ਤਰੀਕੇ ਨਾਲ ਇਸਤੇਮਾਲ ਕਰ ਰਿਹਾ ਸੀ। ਪਿਛਲੇ ਲੇਖ ਵਿਚ ਅਸੀਂ ਚਰਚਾ ਕੀਤੀ ਸੀ ਕਿ ਪਰਮੇਸ਼ੁਰ ਨੇ ਆਪਣੀ ਪਵਿੱਤਰ ਸ਼ਕਤੀ ਨਾਲ ਆਪਣੇ ਲੋਕਾਂ ਦੀ ਔਖੇ-ਔਖੇ ਤੇ ਵੱਡੇ-ਵੱਡੇ ਕੰਮ ਕਰਨ ਵਿਚ ਕਿਵੇਂ ਮਦਦ ਕੀਤੀ ਸੀ। ਪਰ ਮਸੀਹੀ ਮੰਡਲੀ ਬਣਨ ਤੋਂ ਪਹਿਲਾਂ ਅਤੇ ਬਾਅਦ ਵਿਚ ਪਰਮੇਸ਼ੁਰ ਨੇ ਆਪਣੇ ਲੋਕਾਂ ਦੀ ਅਗਵਾਈ ਕਰਨ ਲਈ ਆਪਣੀ ਪਵਿੱਤਰ ਸ਼ਕਤੀ ਨੂੰ ਜਿਸ ਤਰੀਕੇ ਨਾਲ ਵਰਤਿਆ ਸੀ, ਉਸ ਵਿਚ ਕੀ ਫ਼ਰਕ ਸੀ? ਅੱਜ ਮਸੀਹੀਆਂ ਨੂੰ ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਤੋਂ ਕੀ ਫ਼ਾਇਦਾ ਹੁੰਦਾ ਹੈ? ਆਓ ਆਪਾਂ ਦੇਖੀਏ।

“ਦੇਖ, ਮੈਂ ਯਹੋਵਾਹ ਦੀ ਦਾਸੀ ਹਾਂ”

2. ਮਰੀਅਮ ਨੇ ਆਪਣੀ ਜ਼ਿੰਦਗੀ ਉੱਤੇ ਪਵਿੱਤਰ ਸ਼ਕਤੀ ਦਾ ਕੀ ਪ੍ਰਭਾਵ ਦੇਖਿਆ ਸੀ?

2 ਜਦੋਂ ਪਵਿੱਤਰ ਸ਼ਕਤੀ ਚੇਲਿਆਂ ਉੱਤੇ ਆਈ ਸੀ, ਤਾਂ ਉਸ ਵੇਲੇ ਮਰੀਅਮ ਯਰੂਸ਼ਲਮ ਵਿਚ ਉਨ੍ਹਾਂ ਨਾਲ ਚੁਬਾਰੇ ਵਿਚ ਸੀ। (ਰਸੂ. 1:13, 14) ਪਰ ਇਸ ਘਟਨਾ ਤੋਂ 30 ਤੋਂ ਜ਼ਿਆਦਾ ਸਾਲ ਪਹਿਲਾਂ ਵੀ ਉਸ ਨੇ ਦੇਖਿਆ ਸੀ ਕਿ ਯਹੋਵਾਹ ਦੀ ਸ਼ਕਤੀ ਨੇ ਉਸ ਦੀ ਜ਼ਿੰਦਗੀ ਉੱਤੇ ਕਿੰਨਾ ਪ੍ਰਭਾਵ ਪਾਇਆ ਸੀ। ਉਦੋਂ ਯਹੋਵਾਹ ਨੇ ਸਵਰਗ ਤੋਂ ਆਪਣੇ ਪੁੱਤਰ ਦੀ ਜਾਨ ਨੂੰ ਧਰਤੀ ਉੱਤੇ ਮਰੀਅਮ ਦੀ ਕੁੱਖ ਵਿਚ ਪਾਇਆ। ਮਰੀਅਮ ਉਸ ਵੇਲੇ ਕੁਆਰੀ ਸੀ ਜਦੋਂ ਉਹ “ਪਵਿੱਤਰ ਸ਼ਕਤੀ ਨਾਲ” ਗਰਭਵਤੀ ਹੋਈ ਸੀ।—ਮੱਤੀ 1:20.

3, 4. ਮਰੀਅਮ ਦਾ ਰਵੱਈਆ ਕੀ ਸੀ ਅਤੇ ਅਸੀਂ ਉਸ ਦੀ ਮਿਸਾਲ ਉੱਤੇ ਕਿਵੇਂ ਚੱਲ ਸਕਦੇ ਹਾਂ?

3 ਮਰੀਅਮ ਨੂੰ ਇੰਨਾ ਵੱਡਾ ਸਨਮਾਨ ਕਿਉਂ ਬਖ਼ਸ਼ਿਆ ਗਿਆ ਸੀ? ਜਦੋਂ ਦੂਤ ਨੇ ਉਸ ਨੂੰ ਦੱਸਿਆ ਕਿ ਯਹੋਵਾਹ ਉਸ ਤੋਂ ਕੀ ਚਾਹੁੰਦਾ ਸੀ, ਤਾਂ ਉਸ ਨੇ ਕਿਹਾ: “ਦੇਖ, ਮੈਂ ਯਹੋਵਾਹ ਦੀ ਦਾਸੀ ਹਾਂ। ਜਿਵੇਂ ਤੂੰ ਕਿਹਾ ਹੈ, ਮੇਰੇ ਨਾਲ ਉਸੇ ਤਰ੍ਹਾਂ ਹੋਵੇ।” (ਲੂਕਾ 1:38) ਇਹ ਗੱਲ ਕਹਿ ਕੇ ਮਰੀਅਮ ਨੇ ਦਿਖਾਇਆ ਕਿ ਉਸ ਦਾ ਰਵੱਈਆ ਚੰਗਾ ਸੀ ਤੇ ਇਹ ਗੱਲ ਪਰਮੇਸ਼ੁਰ ਪਹਿਲਾਂ ਹੀ ਜਾਣਦਾ ਸੀ। ਮਰੀਅਮ ਦੇ ਫ਼ੌਰਨ ਦਿੱਤੇ ਜਵਾਬ ਤੋਂ ਪਤਾ ਲੱਗਦਾ ਹੈ ਕਿ ਉਹ ਇਸ ਮਾਮਲੇ ਵਿਚ ਪਰਮੇਸ਼ੁਰ ਦੀ ਇੱਛਾ ਨੂੰ ਸਵੀਕਾਰ ਕਰਨ ਲਈ ਤਿਆਰ ਸੀ। ਉਸ ਨੇ ਇਹ ਨਹੀਂ ਸੋਚਿਆ ਕਿ ਲੋਕ ਉਸ ਦੇ ਗਰਭਵਤੀ ਹੋਣ ਬਾਰੇ ਕੀ ਕਹਿਣਗੇ ਜਾਂ ਉਸ ਦਾ ਮੰਗੇਤਰ ਉਸ ਬਾਰੇ ਕੀ ਸੋਚੇਗਾ। ਆਪਣੇ ਆਪ ਨੂੰ ਦਾਸੀ ਕਹਿ ਕੇ ਮਰੀਅਮ ਨੇ ਦਿਖਾਇਆ ਕਿ ਉਸ ਨੂੰ ਆਪਣੇ ਮਾਲਕ ਯਹੋਵਾਹ ਉੱਤੇ ਪੂਰਾ ਭਰੋਸਾ ਸੀ।

4 ਕੀ ਤੁਸੀਂ ਵੀ ਕਦੀ ਮਹਿਸੂਸ ਕੀਤਾ ਹੈ ਕਿ ਤੁਸੀਂ ਪਰਮੇਸ਼ੁਰ ਦੀ ਸੇਵਾ ਵਿਚ ਆਉਂਦੀਆਂ ਮੁਸ਼ਕਲਾਂ ਦਾ ਸਾਮ੍ਹਣਾ ਨਹੀਂ ਕਰ ਸਕਦੇ ਜਾਂ ਆਪਣੀਆਂ ਜ਼ਿੰਮੇਵਾਰੀਆਂ ਪੂਰੀਆਂ ਨਹੀਂ ਕਰ ਸਕਦੇ? ਸਾਨੂੰ ਸਾਰਿਆਂ ਨੂੰ ਆਪਣੇ ਤੋਂ ਪੁੱਛਣਾ ਚਾਹੀਦਾ ਹੈ, ‘ਕੀ ਮੈਂ ਯਹੋਵਾਹ ਉੱਤੇ ਪੂਰਾ ਭਰੋਸਾ ਰੱਖਦਾ ਹਾਂ ਕਿ ਉਹ ਸਾਰਾ ਕੁਝ ਆਪਣੀ ਇੱਛਾ ਮੁਤਾਬਕ ਹੀ ਕਰੇਗਾ? ਕੀ ਮੈਂ ਦਿਖਾਉਂਦਾ ਹਾਂ ਕਿ ਮੈਂ ਯਹੋਵਾਹ ਦੀ ਇੱਛਾ ਮੁਤਾਬਕ ਕੰਮ ਕਰਨ ਲਈ ਤਿਆਰ ਹਾਂ?’ ਇਹ ਯਕੀਨ ਰੱਖੋ ਕਿ ਪਰਮੇਸ਼ੁਰ ਉਨ੍ਹਾਂ ਲੋਕਾਂ ਨੂੰ ਆਪਣੀ ਸ਼ਕਤੀ ਦਿੰਦਾ ਹੈ ਜਿਹੜੇ ਉਸ ਉੱਤੇ ਪੂਰੇ ਦਿਲ ਨਾਲ ਭਰੋਸਾ ਰੱਖਦੇ ਹਨ ਅਤੇ ਉਸ ਨੂੰ ਆਪਣਾ ਰਾਜਾ ਸਵੀਕਾਰ ਕਰ ਕੇ ਉਸ ਦੀ ਇੱਛਾ ਮੁਤਾਬਕ ਚੱਲਦੇ ਹਨ।—ਰਸੂ. 5:32.

ਪਵਿੱਤਰ ਸ਼ਕਤੀ ਨੇ ਪਤਰਸ ਦੀ ਮਦਦ ਕੀਤੀ

5. ਪੰਤੇਕੁਸਤ 33 ਈ. ਤੋਂ ਪਹਿਲਾਂ ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਨੇ ਪਤਰਸ ਰਸੂਲ ਦੀ ਕੀ-ਕੀ ਕਰਨ ਵਿਚ ਮਦਦ ਕੀਤੀ ਸੀ?

5 ਮਰੀਅਮ ਵਾਂਗ ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਨੇ ਪਤਰਸ ਰਸੂਲ ਦੀ ਵੀ ਪੰਤੇਕੁਸਤ 33 ਈ. ਤੋਂ ਪਹਿਲਾਂ ਮਦਦ ਕੀਤੀ ਸੀ। ਯਿਸੂ ਨੇ ਉਸ ਨੂੰ ਅਤੇ ਦੂਸਰੇ ਰਸੂਲਾਂ ਨੂੰ ਦੁਸ਼ਟ ਦੂਤ ਕੱਢਣ ਦਾ ਅਧਿਕਾਰ ਦਿੱਤਾ ਸੀ। (ਮਰ. 3:14-16) ਭਾਵੇਂ ਬਾਈਬਲ ਵਿਚ ਇਸ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਦਿੱਤੀ ਗਈ ਹੈ, ਪਰ ਪਤਰਸ ਨੇ ਆਪਣੇ ਇਸ ਅਧਿਕਾਰ ਨੂੰ ਜ਼ਰੂਰ ਵਰਤ ਕੇ ਦੁਸ਼ਟ ਦੂਤ ਕੱਢੇ ਹੋਣੇ। ਪਰਮੇਸ਼ੁਰ ਦੀ ਸ਼ਕਤੀ ਨਾਲ ਪਤਰਸ ਪਾਣੀ ਉੱਤੇ ਵੀ ਤੁਰਿਆ ਸੀ ਜਦੋਂ ਯਿਸੂ ਨੇ ਉਸ ਨੂੰ ਗਲੀਲ ਦੀ ਝੀਲ ਵਿਚ ਪਾਣੀ ਉੱਤੇ ਤੁਰ ਕੇ ਆਪਣੇ ਵੱਲ ਆਉਣ ਲਈ ਕਿਹਾ ਸੀ। (ਮੱਤੀ 14:25-29 ਪੜ੍ਹੋ।) ਇਹ ਗੱਲ ਤਾਂ ਸਾਫ਼ ਹੈ ਕਿ ਪਤਰਸ ਨੇ ਪਵਿੱਤਰ ਸ਼ਕਤੀ ਦੀ ਮਦਦ ਨਾਲ ਵੱਡੇ-ਵੱਡੇ ਕੰਮ ਕੀਤੇ ਸਨ। ਕੁਝ ਸਮੇਂ ਬਾਅਦ ਇਸ ਸ਼ਕਤੀ ਨੇ ਪਤਰਸ ਅਤੇ ਹੋਰ ਚੇਲਿਆਂ ਦੀ ਨਵੇਂ ਤਰੀਕਿਆਂ ਨਾਲ ਮਦਦ ਕੀਤੀ।

6. ਪਵਿੱਤਰ ਸ਼ਕਤੀ ਦੀ ਮਦਦ ਨਾਲ ਪਤਰਸ ਨੇ ਪੰਤੇਕੁਸਤ 33 ਦੌਰਾਨ ਅਤੇ ਬਾਅਦ ਵਿਚ ਕਿਹੜੇ ਕੰਮ ਕੀਤੇ ਸਨ?

6 ਪੰਤੇਕੁਸਤ 33 ਈ. ਨੂੰ ਪਤਰਸ ਅਤੇ ਹੋਰ ਚੇਲਿਆਂ ਨੂੰ ਹੋਰ ਬੋਲੀਆਂ ਬੋਲਣ ਦੀ ਚਮਤਕਾਰੀ ਸ਼ਕਤੀ ਦਿੱਤੀ ਗਈ ਸੀ ਤਾਂਕਿ ਉਹ ਯਰੂਸ਼ਲਮ ਵਿਚ ਤਿਉਹਾਰ ਮਨਾਉਣ ਆਏ ਪਰਦੇਸੀਆਂ ਨਾਲ ਉਨ੍ਹਾਂ ਦੀਆਂ ਬੋਲੀਆਂ ਵਿਚ ਗੱਲ ਕਰ ਸਕਣ। ਇਸ ਤੋਂ ਬਾਅਦ ਪਤਰਸ ਨੇ ਭੀੜ ਨਾਲ ਗੱਲ ਕਰਨ ਵਿਚ ਪਹਿਲ ਕੀਤੀ। (ਰਸੂ. 2:14-36) ਨਾਲੇ ਬਾਅਦ ਵਿਚ ਪਤਰਸ ਨੇ, ਜਿਹੜਾ ਕਈ ਵਾਰ ਬਿਨਾਂ ਸੋਚੇ-ਸਮਝੇ ਗੱਲ ਕਹਿ ਦਿੰਦਾ ਸੀ ਜਾਂ ਫਿਰ ਡਰ ਜਾਂਦਾ ਸੀ, ਇਸ ਸ਼ਕਤੀ ਦੀ ਮਦਦ ਨਾਲ ਦਲੇਰ ਹੋ ਕੇ ਧਮਕੀਆਂ ਅਤੇ ਅਤਿਆਚਾਰ ਦੇ ਬਾਵਜੂਦ ਗਵਾਹੀ ਦਿੱਤੀ। (ਰਸੂ. 4:18-20, 31) ਇਸ ਤੋਂ ਇਲਾਵਾ ਪਵਿੱਤਰ ਸ਼ਕਤੀ ਨੇ ਉਸ ਨੂੰ ਕਈ ਗੱਲਾਂ ਜ਼ਾਹਰ ਕੀਤੀਆਂ ਸਨ। (ਰਸੂ. 5:8, 9) ਅਤੇ ਉਸ ਨੂੰ ਇਕ ਮਰੇ ਇਨਸਾਨ ਨੂੰ ਜੀਉਂਦਾ ਕਰਨ ਦੀ ਸ਼ਕਤੀ ਵੀ ਦਿੱਤੀ ਗਈ ਸੀ।—ਰਸੂ. 9:40.

7. ਯਿਸੂ ਦੀਆਂ ਕਿਹੜੀਆਂ ਸਿੱਖਿਆਵਾਂ ਪਤਰਸ ਨੂੰ ਪਵਿੱਤਰ ਸ਼ਕਤੀ ਦੁਆਰਾ ਚੁਣੇ ਜਾਣ ਤੋਂ ਬਾਅਦ ਹੀ ਸਮਝ ਆਈਆਂ?

7 ਪੰਤੇਕੁਸਤ ਤੋਂ ਪਹਿਲਾਂ ਵੀ ਪਤਰਸ ਯਿਸੂ ਦੁਆਰਾ ਦੱਸੀਆਂ ਕੁਝ ਸੱਚਾਈਆਂ ਨੂੰ ਸਮਝ ਗਿਆ ਸੀ। (ਮੱਤੀ 16:16, 17; ਯੂਹੰ. 6:68) ਪਰ ਯਿਸੂ ਦੀਆਂ ਸਿੱਖਿਆਵਾਂ ਦੀਆਂ ਕਈ ਅਜਿਹੀਆਂ ਗੱਲਾਂ ਵੀ ਸਨ ਜਿਨ੍ਹਾਂ ਨੂੰ ਉਹ ਪੰਤੇਕੁਸਤ ਤੋਂ ਪਹਿਲਾਂ ਪੂਰੀ ਤਰ੍ਹਾਂ ਨਹੀਂ ਸਮਝਿਆ ਸੀ। ਉਦਾਹਰਣ ਲਈ, ਪਤਰਸ ਇਹ ਨਹੀਂ ਸਮਝਿਆ ਸੀ ਕਿ ਮਸੀਹ ਨੂੰ ਮਰਨ ਤੋਂ ਬਾਅਦ ਤੀਜੇ ਦਿਨ ਸਵਰਗੀ ਸਰੀਰ ਵਿਚ ਜੀਉਂਦਾ ਕੀਤਾ ਜਾਵੇਗਾ ਜਾਂ ਉਸ ਦਾ ਰਾਜ ਸਵਰਗ ਵਿਚ ਹੋਵੇਗਾ। (ਯੂਹੰ. 20:6-10; ਰਸੂ. 1:6) ਪਤਰਸ ਲਈ ਇਹ ਗੱਲ ਨਵੀਂ ਸੀ ਕਿ ਇਨਸਾਨ ਸਵਰਗ ਜਾ ਸਕਦੇ ਹਨ ਅਤੇ ਉੱਥੋਂ ਰਾਜ ਕਰ ਸਕਦੇ ਹਨ। ਪਰ ਜਦੋਂ ਪਵਿੱਤਰ ਸ਼ਕਤੀ ਨਾਲ ਉਸ ਦਾ ਬਪਤਿਸਮਾ ਹੋ ਗਿਆ ਅਤੇ ਉਸ ਨੂੰ ਸਵਰਗ ਜਾਣ ਦੀ ਉਮੀਦ ਦਿੱਤੀ ਗਈ, ਤਾਂ ਉਹ ਇਨ੍ਹਾਂ ਗੱਲਾਂ ਬਾਰੇ ਯਿਸੂ ਦੀਆਂ ਸਿੱਖਿਆਵਾਂ ਨੂੰ ਸਮਝ ਗਿਆ।

8. ਪਵਿੱਤਰ ਸ਼ਕਤੀ ਨਾਲ ਚੁਣੇ ਗਏ ਮਸੀਹੀਆਂ ਨੂੰ ਅਤੇ “ਹੋਰ ਭੇਡਾਂ” ਦੇ ਝੁੰਡ ਵਿਚ ਸ਼ਾਮਲ ਮਸੀਹੀਆਂ ਨੂੰ ਕਿਹੜਾ ਗਿਆਨ ਮਿਲ ਰਿਹਾ ਹੈ?

8 ਪਵਿੱਤਰ ਸ਼ਕਤੀ ਮਿਲਣ ਤੋਂ ਬਾਅਦ ਯਿਸੂ ਦੇ ਚੇਲੇ ਉਨ੍ਹਾਂ ਸਿੱਖਿਆਵਾਂ ਨੂੰ ਸਮਝ ਗਏ ਜਿਨ੍ਹਾਂ ਨੂੰ ਉਹ ਪਹਿਲਾਂ ਨਹੀਂ ਸਮਝ ਸਕਦੇ ਸਨ। ਪਵਿੱਤਰ ਸ਼ਕਤੀ ਦੀ ਪ੍ਰੇਰਣਾ ਨਾਲ ਯੂਨਾਨੀ ਲਿਖਤਾਂ ਦੇ ਲਿਖਾਰੀਆਂ ਨੇ ਸਾਡੇ ਫ਼ਾਇਦੇ ਲਈ ਯਹੋਵਾਹ ਦੇ ਮਕਸਦ ਦੇ ਕਈ ਦਿਲਚਸਪ ਪਹਿਲੂਆਂ ਬਾਰੇ ਲਿਖਿਆ। (ਅਫ਼. 3:8-11, 18) ਅੱਜ ਪਵਿੱਤਰ ਸ਼ਕਤੀ ਨਾਲ ਚੁਣੇ ਗਏ ਮਸੀਹੀ ਅਤੇ “ਹੋਰ ਭੇਡਾਂ” ਦੇ ਝੁੰਡ ਵਿਚ ਸ਼ਾਮਲ ਮਸੀਹੀ ਇੱਕੋ ਜਿਹਾ ਗਿਆਨ ਲੈਂਦੇ ਹਨ। (ਯੂਹੰ. 10:16) ਕੀ ਤੁਸੀਂ ਪਵਿੱਤਰ ਸ਼ਕਤੀ ਦੁਆਰਾ ਦਿੱਤੇ ਜਾ ਰਹੇ ਪਰਮੇਸ਼ੁਰ ਦੇ ਬਚਨ ਦੇ ਗਿਆਨ ਅਤੇ ਸਮਝ ਦੀ ਕਦਰ ਕਰਦੇ ਹੋ?

ਪੌਲੁਸ “ਪਵਿੱਤਰ ਸ਼ਕਤੀ ਨਾਲ ਭਰ ਗਿਆ”

9. ਪਵਿੱਤਰ ਸ਼ਕਤੀ ਦੀ ਮਦਦ ਨਾਲ ਪੌਲੁਸ ਨੇ ਕਿਹੜੇ ਕੰਮ ਕੀਤੇ ਸਨ?

9 ਪੰਤੇਕੁਸਤ 33 ਈ. ਤੋਂ ਤਕਰੀਬਨ ਇਕ ਸਾਲ ਬਾਅਦ ਕਿਸੇ ਹੋਰ ਨੂੰ ਵੀ ਪਰਮੇਸ਼ੁਰ ਦੀ ਸ਼ਕਤੀ ਮਿਲੀ। ਉਹ ਇਨਸਾਨ ਸੌਲੁਸ ਸੀ ਜਿਹੜਾ ਪੌਲੁਸ ਦੇ ਨਾਂ ਨਾਲ ਜਾਣਿਆ ਗਿਆ। ਪਵਿੱਤਰ ਸ਼ਕਤੀ ਨੇ ਉਸ ਤੋਂ ਕਈ ਕੰਮ ਕਰਾਏ ਜਿਨ੍ਹਾਂ ਤੋਂ ਅੱਜ ਸਾਨੂੰ ਫ਼ਾਇਦਾ ਹੁੰਦਾ ਹੈ। ਪਵਿੱਤਰ ਸ਼ਕਤੀ ਨੇ ਪੌਲੁਸ ਰਸੂਲ ਨੂੰ ਬਾਈਬਲ ਦੀਆਂ 14 ਕਿਤਾਬਾਂ ਲਿਖਣ ਲਈ ਪ੍ਰੇਰਿਆ। ਇਸ ਸ਼ਕਤੀ ਦੀ ਮਦਦ ਨਾਲ ਪਤਰਸ ਵਾਂਗ ਪੌਲੁਸ ਵੀ ਸਵਰਗ ਵਿਚ ਅਮਰ ਤੇ ਅਵਿਨਾਸ਼ੀ ਜੀਵਨ ਦੀ ਉਮੀਦ ਨੂੰ ਸਮਝ ਸਕਿਆ ਅਤੇ ਇਸ ਬਾਰੇ ਸਾਫ਼-ਸਾਫ਼ ਲਿਖ ਸਕਿਆ। ਇਸ ਸ਼ਕਤੀ ਦੀ ਮਦਦ ਨਾਲ ਪੌਲੁਸ ਨੇ ਬੀਮਾਰਾਂ ਨੂੰ ਚੰਗਾ ਕੀਤਾ, ਦੁਸ਼ਟ ਦੂਤ ਕੱਢੇ ਅਤੇ ਕਿਸੇ ਨੂੰ ਜੀਉਂਦਾ ਕੀਤਾ। ਪਰ ਪੌਲੁਸ ਨੂੰ ਇਨ੍ਹਾਂ ਤੋਂ ਵੀ ਮਹੱਤਵਪੂਰਣ ਕੰਮ ਕਰਨ ਦੀ ਸ਼ਕਤੀ ਦਿੱਤੀ ਗਈ ਸੀ। ਅੱਜ ਪਰਮੇਸ਼ੁਰ ਦੇ ਸੇਵਕਾਂ ਨੂੰ ਵੀ ਇਹੀ ਕੰਮ ਕਰਨ ਲਈ ਪਵਿੱਤਰ ਸ਼ਕਤੀ ਮਿਲਦੀ ਹੈ, ਭਾਵੇਂ ਉਨ੍ਹਾਂ ਨੂੰ ਇਹ ਚਮਤਕਾਰੀ ਤਰੀਕੇ ਨਾਲ ਨਹੀਂ ਮਿਲਦੀ।

10. ਪਵਿੱਤਰ ਸ਼ਕਤੀ ਨੇ ਪੌਲੁਸ ਦੀ ਗੱਲ ਕਰਨ ਵਿਚ ਕਿਵੇਂ ਮਦਦ ਕੀਤੀ?

10 ਸਾਈਪ੍ਰਸ ਵਿਚ ਇਕ ਜਾਦੂਗਰ ਨਾਲ ਗੱਲ ਕਰਦੇ ਹੋਏ ਪੌਲੁਸ “ਪਵਿੱਤਰ ਸ਼ਕਤੀ ਨਾਲ ਭਰ ਗਿਆ” ਜਿਸ ਕਰਕੇ ਉਸ ਨੇ ਉਸ ਜਾਦੂਗਰ ਦੇ ਖ਼ਿਲਾਫ਼ ਦਲੇਰੀ ਨਾਲ ਗੱਲ ਕੀਤੀ। ਇਸ ਦਾ ਸਾਈਪ੍ਰਸ ਦੇ ਰਾਜਪਾਲ ਉੱਤੇ ਬਹੁਤ ਪ੍ਰਭਾਵ ਪਿਆ ਜਿਹੜਾ ਉਨ੍ਹਾਂ ਦੋਵਾਂ ਦੀ ਗੱਲ ਸੁਣ ਰਿਹਾ ਸੀ। ਰਾਜਪਾਲ ਨੇ ਸੱਚਾਈ ਨੂੰ ਸਵੀਕਾਰ ਕਰ ਲਿਆ ਕਿਉਂਕਿ “ਉਸ ਨੂੰ ਯਹੋਵਾਹ ਬਾਰੇ ਸਿੱਖ ਕੇ ਬਹੁਤ ਹੈਰਾਨੀ ਹੋਈ।” (ਰਸੂ. 13:8-12) ਪੌਲੁਸ ਜਾਣਦਾ ਸੀ ਕਿ ਸੱਚਾਈ ਬਾਰੇ ਗੱਲ ਕਰਨ ਲਈ ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਦੀ ਮਦਦ ਕਿੰਨੀ ਜ਼ਰੂਰੀ ਹੈ। (ਮੱਤੀ 10:20) ਬਾਅਦ ਵਿਚ ਉਸ ਨੇ ਅਫ਼ਸੁਸ ਦੀ ਮੰਡਲੀ ਨੂੰ ਬੇਨਤੀ ਕੀਤੀ ਕਿ ਉਹ ਉਸ ਲਈ ਫ਼ਰਿਆਦ ਕਰਨ ਕਿ ਉਹ ‘ਬੇਝਿਜਕ ਹੋ ਕੇ ਗੱਲ ਕਰ ਸਕੇ।’—ਅਫ਼. 6:18-20.

11. ਪਵਿੱਤਰ ਸ਼ਕਤੀ ਨੇ ਪੌਲੁਸ ਦੀ ਅਗਵਾਈ ਕਿਵੇਂ ਕੀਤੀ ਸੀ?

11 ਪਵਿੱਤਰ ਸ਼ਕਤੀ ਨੇ ਨਾ ਸਿਰਫ਼ ਪੌਲੁਸ ਨੂੰ ਗੱਲ ਕਰਨ ਦੀ ਦਲੇਰੀ ਬਖ਼ਸ਼ੀ, ਸਗੋਂ ਕਈ ਥਾਵਾਂ ’ਤੇ ਉਸ ਨੂੰ ਪ੍ਰਚਾਰ ਕਰਨ ਤੋਂ ਰੋਕਿਆ ਵੀ। ਪਵਿੱਤਰ ਸ਼ਕਤੀ ਨੇ ਉਸ ਦੇ ਮਿਸ਼ਨਰੀ ਦੌਰਿਆਂ ਦੌਰਾਨ ਵੀ ਉਸ ਦੀ ਅਗਵਾਈ ਕੀਤੀ ਸੀ। (ਰਸੂ. 13:2; ਰਸੂਲਾਂ ਦੇ ਕੰਮ 16:6-10 ਪੜ੍ਹੋ।) ਯਹੋਵਾਹ ਅੱਜ ਵੀ ਪ੍ਰਚਾਰ ਦੇ ਕੰਮ ਵਿਚ ਅਗਵਾਈ ਕਰਨ ਲਈ ਆਪਣੀ ਸ਼ਕਤੀ ਇਸਤੇਮਾਲ ਕਰਦਾ ਹੈ। ਪੌਲੁਸ ਵਾਂਗ ਯਹੋਵਾਹ ਦੇ ਸਾਰੇ ਆਗਿਆਕਾਰ ਸੇਵਕ ਦਲੇਰੀ ਅਤੇ ਜੋਸ਼ ਨਾਲ ਸੱਚਾਈ ਦਾ ਪ੍ਰਚਾਰ ਕਰਨ ਦੀ ਕੋਸ਼ਿਸ਼ ਕਰਦੇ ਹਨ। ਭਾਵੇਂ ਅੱਜ ਪਰਮੇਸ਼ੁਰ ਪੌਲੁਸ ਦੇ ਦਿਨਾਂ ਤੋਂ ਵੱਖਰੇ ਤਰੀਕੇ ਨਾਲ ਸਾਡੀ ਅਗਵਾਈ ਕਰਦਾ ਹੈ, ਪਰ ਅਸੀਂ ਭਰੋਸਾ ਰੱਖ ਸਕਦੇ ਹਾਂ ਕਿ ਯਹੋਵਾਹ ਨੇਕਦਿਲ ਲੋਕਾਂ ਤਕ ਸੱਚਾਈ ਦਾ ਸੰਦੇਸ਼ ਪਹੁੰਚਾਉਣ ਲਈ ਆਪਣੀ ਪਵਿੱਤਰ ਸ਼ਕਤੀ ਵਰਤ ਰਿਹਾ ਹੈ।—ਯੂਹੰ. 6:44.

“ਵੱਖੋ-ਵੱਖਰੇ ਕੰਮ”

12-14. ਕੀ ਪਰਮੇਸ਼ੁਰ ਦੀ ਸ਼ਕਤੀ ਉਸ ਦੇ ਸਾਰੇ ਸੇਵਕਾਂ ਉੱਤੇ ਇੱਕੋ ਜਿਹਾ ਪ੍ਰਭਾਵ ਪਾਉਂਦੀ ਹੈ? ਸਮਝਾਓ।

12 ਯਹੋਵਾਹ ਨੇ ਪਹਿਲੀ ਸਦੀ ਵਿਚ ਜਿਸ ਤਰੀਕੇ ਨਾਲ ਚੁਣੇ ਹੋਏ ਮਸੀਹੀਆਂ ਦੀ ਮੰਡਲੀ ਦੀ ਮਦਦ ਕੀਤੀ ਸੀ, ਉਸ ਬਾਰੇ ਪੜ੍ਹ ਕੇ ਅੱਜ ਸਾਨੂੰ ਬਹੁਤ ਹੌਸਲਾ ਮਿਲਦਾ ਹੈ। ਪਵਿੱਤਰ ਸ਼ਕਤੀ ਦੀਆਂ ਚਮਤਕਾਰੀ ਦਾਤਾਂ ਬਾਰੇ ਪੌਲੁਸ ਨੇ ਕੁਰਿੰਥੁਸ ਦੀ ਮੰਡਲੀ ਨੂੰ ਜੋ ਲਿਖਿਆ ਸੀ, ਉਸ ਨੂੰ ਯਾਦ ਰੱਖੋ: “ਦਾਤਾਂ ਤਾਂ ਵੱਖੋ-ਵੱਖਰੀਆਂ ਹਨ, ਪਰ ਇੱਕੋ ਸ਼ਕਤੀ ਇਹ ਦਾਤਾਂ ਦਿੰਦੀ ਹੈ; ਅਤੇ ਵੱਖੋ-ਵੱਖਰੇ ਸੇਵਾ ਦੇ ਕੰਮ ਹਨ, ਪਰ ਇਹ ਸਾਰੇ ਕੰਮ ਇੱਕੋ ਪ੍ਰਭੂ ਲਈ ਕੀਤੇ ਜਾਂਦੇ ਹਨ; ਪਵਿੱਤਰ ਸ਼ਕਤੀ ਦੇ ਜ਼ਰੀਏ ਵੱਖੋ-ਵੱਖਰੇ ਕੰਮ ਹੁੰਦੇ ਹਨ, ਪਰ ਇੱਕੋ ਪਰਮੇਸ਼ੁਰ ਹੈ ਜਿਹੜਾ ਇਹ ਕੰਮ ਕਰਨ ਵਿਚ ਸਾਰਿਆਂ ਦੀ ਮਦਦ ਕਰਦਾ ਹੈ।” (1 ਕੁਰਿੰ. 12:4-6, 11) ਜੀ ਹਾਂ, ਪਵਿੱਤਰ ਸ਼ਕਤੀ ਖ਼ਾਸ ਮਕਸਦ ਲਈ ਪਰਮੇਸ਼ੁਰ ਦੇ ਵੱਖੋ-ਵੱਖਰੇ ਸੇਵਕਾਂ ਤੋਂ ਵੱਖੋ-ਵੱਖਰੇ ਕੰਮ ਕਰਾ ਸਕਦੀ ਹੈ। ਅਸਲ ਵਿਚ, ਪਵਿੱਤਰ ਸ਼ਕਤੀ ਮਸੀਹ ਦੇ “ਛੋਟੇ ਝੁੰਡ” ਅਤੇ “ਹੋਰ ਭੇਡਾਂ” ਦੋਵਾਂ ਨੂੰ ਮਿਲ ਸਕਦੀ ਹੈ। (ਲੂਕਾ 12:32; ਯੂਹੰ. 10:16) ਪਰ ਇਹ ਮੰਡਲੀ ਦੇ ਹਰ ਮੈਂਬਰ ’ਤੇ ਇੱਕੋ ਜਿਹਾ ਪ੍ਰਭਾਵ ਨਹੀਂ ਪਾਉਂਦੀ।

13 ਮਿਸਾਲ ਲਈ, ਸਾਰੇ ਬਜ਼ੁਰਗਾਂ ਨੂੰ ਪਵਿੱਤਰ ਸ਼ਕਤੀ ਰਾਹੀਂ ਨਿਯੁਕਤ ਕੀਤਾ ਜਾਂਦਾ ਹੈ। (ਰਸੂ. 20:28) ਪਰ ਸਵਰਗ ਜਾਣ ਲਈ ਪਵਿੱਤਰ ਸ਼ਕਤੀ ਦੁਆਰਾ ਚੁਣੇ ਗਏ ਸਾਰੇ ਮਸੀਹੀਆਂ ਨੂੰ ਮੰਡਲੀ ਵਿਚ ਨਿਗਾਹਬਾਨ ਨਹੀਂ ਬਣਾਇਆ ਜਾਂਦਾ। ਇਸ ਤੋਂ ਸਾਨੂੰ ਕੀ ਪਤਾ ਲੱਗਦਾ ਹੈ? ਇਹੀ ਕਿ ਪਰਮੇਸ਼ੁਰ ਦੀ ਸ਼ਕਤੀ ਮੰਡਲੀ ਦੇ ਸਾਰੇ ਮੈਂਬਰਾਂ ਉੱਤੇ ਵੱਖੋ-ਵੱਖਰਾ ਪ੍ਰਭਾਵ ਪਾਉਂਦੀ ਹੈ।

14 ਜਿਹੜੀ ਪਵਿੱਤਰ ਸ਼ਕਤੀ ਚੁਣੇ ਹੋਏ ਮਸੀਹੀਆਂ ਨੂੰ ਇਹ ਅਹਿਸਾਸ ਕਰਾਉਂਦੀ ਹੈ ਕਿ ਉਨ੍ਹਾਂ ਨੂੰ “ਪੁੱਤਰਾਂ ਵਜੋਂ ਅਪਣਾਇਆ” ਗਿਆ ਹੈ, ਉਸੇ ਸ਼ਕਤੀ ਨੂੰ ਵਰਤ ਕੇ ਪਰਮੇਸ਼ੁਰ ਨੇ ਆਪਣੇ ਇਕਲੌਤੇ ਪੁੱਤਰ ਨੂੰ ਜੀਉਂਦਾ ਕੀਤਾ ਅਤੇ ਸਵਰਗ ਵਿਚ ਅਮਰ ਜ਼ਿੰਦਗੀ ਦਿੱਤੀ। (ਰੋਮੀਆਂ 8:11, 15 ਪੜ੍ਹੋ।) ਇਸੇ ਸ਼ਕਤੀ ਨੂੰ ਵਰਤ ਕੇ ਪਰਮੇਸ਼ੁਰ ਨੇ ਪੂਰੇ ਆਕਾਸ਼ ਤੇ ਧਰਤੀ ਦੀ ਰਚਨਾ ਕੀਤੀ ਸੀ। (ਉਤ. 1:1-3) ਇਸੇ ਸ਼ਕਤੀ ਨਾਲ ਯਹੋਵਾਹ ਨੇ ਤੰਬੂ ਦਾ ਖ਼ਾਸ ਕੰਮ ਕਰਨ ਲਈ ਬਸਲਏਲ ਨੂੰ ਕਾਬਲ ਬਣਾਇਆ ਸੀ, ਸਮਸੂਨ ਨੂੰ ਵੱਡੇ-ਵੱਡੇ ਕੰਮ ਕਰਨ ਲਈ ਤਾਕਤਵਰ ਬਣਾਇਆ ਸੀ ਅਤੇ ਪਤਰਸ ਨੂੰ ਪਾਣੀ ਉੱਤੇ ਤੁਰਨ ਦੇ ਯੋਗ ਬਣਾਇਆ ਸੀ। ਇਸ ਲਈ ਇਹ ਨਾ ਸੋਚੋ ਕਿ ਪਰਮੇਸ਼ੁਰ ਦੁਆਰਾ ਸਾਨੂੰ ਸ਼ਕਤੀ ਦਿੱਤੇ ਜਾਣ ਦਾ ਮਤਲਬ ਹੈ ਕਿ ਸਾਨੂੰ ਸਵਰਗ ਜਾਣ ਲਈ ਚੁਣਿਆ ਗਿਆ ਹੈ। ਸਵਰਗ ਵਾਸਤੇ ਮਸੀਹੀਆਂ ਨੂੰ ਚੁਣਨਾ ਤਾਂ ਪਵਿੱਤਰ ਸ਼ਕਤੀ ਦਾ ਇਕ ਕੰਮ ਹੈ ਅਤੇ ਪਰਮੇਸ਼ੁਰ ਹੀ ਇਸ ਗੱਲ ਦਾ ਫ਼ੈਸਲਾ ਕਰਦਾ ਹੈ ਕਿ ਕਿਸ ਨੂੰ ਪਵਿੱਤਰ ਸ਼ਕਤੀ ਰਾਹੀਂ ਚੁਣਨਾ ਹੈ।

15. ਕੀ ਪਰਮੇਸ਼ੁਰ ਹਮੇਸ਼ਾ ਪਵਿੱਤਰ ਸ਼ਕਤੀ ਨਾਲ ਬਪਤਿਸਮਾ ਦਿੰਦਾ ਰਹੇਗਾ? ਸਮਝਾਓ।

15 ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਸ਼ੁਰੂ ਤੋਂ ਉਸ ਦੇ ਵਫ਼ਾਦਾਰ ਸੇਵਕਾਂ ਤੋਂ ਵੱਖੋ-ਵੱਖਰੇ ਕੰਮ ਕਰਾਉਂਦੀ ਆਈ ਹੈ। ਪੰਤੇਕੁਸਤ ਤੋਂ ਹਜ਼ਾਰਾਂ ਸਾਲ ਪਹਿਲਾਂ ਤੋਂ ਹੀ ਇਹ ਸ਼ਕਤੀ ਇਸ ਤਰ੍ਹਾਂ ਕਰ ਰਹੀ ਹੈ। ਪੰਤੇਕੁਸਤ 33 ਈ. ਵਿਚ ਪਵਿੱਤਰ ਸ਼ਕਤੀ ਦੁਆਰਾ ਸਵਰਗ ਲਈ ਮਸੀਹੀਆਂ ਨੂੰ ਚੁਣੇ ਜਾਣ ਦਾ ਨਵਾਂ ਕੰਮ ਸ਼ੁਰੂ ਹੋਇਆ, ਪਰ ਇਹ ਹਮੇਸ਼ਾ ਵਾਸਤੇ ਨਹੀਂ ਚੱਲਦਾ ਰਹੇਗਾ। ਪਵਿੱਤਰ ਸ਼ਕਤੀ ਨਾਲ ਬਪਤਿਸਮਾ ਦਿੱਤਾ ਜਾਣਾ ਬੰਦ ਹੋ ਜਾਵੇਗਾ, ਪਰ ਇਹ ਸ਼ਕਤੀ ਹਮੇਸ਼ਾ-ਹਮੇਸ਼ਾ ਲਈ ਪਰਮੇਸ਼ੁਰ ਦੇ ਲੋਕਾਂ ਦੀ ਮਦਦ ਕਰਦੀ ਰਹੇਗੀ ਕਿ ਉਹ ਉਸ ਦੀ ਇੱਛਾ ਪੂਰੀ ਕਰਦੇ ਰਹਿਣ।

16. ਪਰਮੇਸ਼ੁਰ ਦੇ ਸੇਵਕ ਉਸ ਦੀ ਸ਼ਕਤੀ ਦੀ ਮਦਦ ਨਾਲ ਕੀ-ਕੀ ਕਰ ਰਹੇ ਹਨ?

16 ਯਹੋਵਾਹ ਅੱਜ ਆਪਣੀ ਪਵਿੱਤਰ ਸ਼ਕਤੀ ਨਾਲ ਮੁੱਖ ਤੌਰ ਤੇ ਕਿਹੜਾ ਕੰਮ ਕਰਾ ਰਿਹਾ ਹੈ? ਪ੍ਰਕਾਸ਼ ਦੀ ਕਿਤਾਬ 22:17 ਇਸ ਦਾ ਜਵਾਬ ਦਿੰਦੀ ਹੈ: “ਪਵਿੱਤਰ ਸ਼ਕਤੀ ਅਤੇ ਲਾੜੀ ਲਗਾਤਾਰ ਕਹਿ ਰਹੀਆਂ ਹਨ: ‘ਆਓ!’ ਜਿਹੜਾ ਸੁਣਦਾ ਹੈ, ਉਹ ਕਹੇ: ‘ਆਓ!’ ਅਤੇ ਜਿਹੜਾ ਵੀ ਪਿਆਸਾ ਹੈ, ਉਹ ਆਵੇ; ਅਤੇ ਜਿਹੜਾ ਚਾਹੁੰਦਾ ਹੈ, ਉਹ ਆ ਕੇ ਅੰਮ੍ਰਿਤ ਜਲ ਮੁਫ਼ਤ ਪੀਵੇ।” ਪਰਮੇਸ਼ੁਰ ਦੀ ਸ਼ਕਤੀ ਦੀ ਪ੍ਰੇਰਣਾ ਨਾਲ ਅੱਜ ਮਸੀਹੀ ਉਨ੍ਹਾਂ ਸਾਰੇ ਲੋਕਾਂ ਨੂੰ ਯਹੋਵਾਹ ਵੱਲੋਂ ਜੀਵਨ ਪਾਉਣ ਦਾ ਸੱਦਾ ਦੇ ਰਹੇ ਹਨ ਜਿਹੜੇ ਅੰਮ੍ਰਿਤ ਜਲ ਪੀਣਾ ‘ਚਾਹੁੰਦੇ ਹਨ।’ ਚੁਣੇ ਹੋਏ ਮਸੀਹੀ ਇਸ ਕੰਮ ਵਿਚ ਅਗਵਾਈ ਕਰ ਰਹੇ ਹਨ। ਪਰ “ਹੋਰ ਭੇਡਾਂ” ਦੇ ਝੁੰਡ ਵਿਚ ਸ਼ਾਮਲ ਮਸੀਹੀ ਵੀ ਇਹ ਸੱਦਾ ਦੇਣ ਦਾ ਕੰਮ ਕਰਦੇ ਹਨ। ਇਸ ਕੰਮ ਨੂੰ ਕਰਨ ਲਈ ਚੁਣੇ ਹੋਏ ਮਸੀਹੀ ਅਤੇ ਦੂਸਰੇ ਮਸੀਹੀ ਪਵਿੱਤਰ ਸ਼ਕਤੀ ਦੀ ਅਗਵਾਈ ਵਿਚ ਚੱਲ ਰਹੇ ਹਨ। ਇਨ੍ਹਾਂ ਸਾਰੇ ਮਸੀਹੀਆਂ ਨੇ ਯਹੋਵਾਹ ਨੂੰ ਆਪਣੀ ਜ਼ਿੰਦਗੀ ਸਮਰਪਿਤ ਕਰ ਕੇ “ਪਿਤਾ ਦੇ ਨਾਂ ’ਤੇ, ਪੁੱਤਰ ਦੇ ਨਾਂ ’ਤੇ ਅਤੇ ਪਵਿੱਤਰ ਸ਼ਕਤੀ ਦੇ ਨਾਂ ’ਤੇ” ਬਪਤਿਸਮਾ ਲਿਆ ਹੈ। (ਮੱਤੀ 28:19) ਅਤੇ ਸਾਰੇ ਮਸੀਹੀ ਪਵਿੱਤਰ ਸ਼ਕਤੀ ਨੂੰ ਆਪਣੀ ਜ਼ਿੰਦਗੀ ਉੱਤੇ ਪ੍ਰਭਾਵ ਪਾਉਣ ਦਿੰਦੇ ਹਨ ਅਤੇ ਇਸ ਦੇ ਗੁਣ ਪੈਦਾ ਕਰਦੇ ਹਨ। (ਗਲਾ. 5:22, 23) ਚੁਣੇ ਹੋਏ ਮਸੀਹੀਆਂ ਵਾਂਗ “ਹੋਰ ਭੇਡਾਂ” ਵੀ ਪਰਮੇਸ਼ੁਰ ਦੀ ਸ਼ਕਤੀ ਦੀ ਮਦਦ ਸਵੀਕਾਰ ਕਰਦੀਆਂ ਹਨ। ਇਸ ਦੀ ਮਦਦ ਨਾਲ ਉਹ ਯਹੋਵਾਹ ਦੀਆਂ ਮੰਗਾਂ ਅਨੁਸਾਰ ਆਪਣੇ ਆਪ ਨੂੰ ਪਵਿੱਤਰ ਰੱਖਣ ਦੀ ਪੂਰੀ ਕੋਸ਼ਿਸ਼ ਕਰਦੀਆਂ ਹਨ।—2 ਕੁਰਿੰ. 7:1; ਪ੍ਰਕਾ. 7:9, 14.

ਪਵਿੱਤਰ ਸ਼ਕਤੀ ਮੰਗਦੇ ਰਹੋ

17. ਅਸੀਂ ਇਸ ਗੱਲ ਦਾ ਸਬੂਤ ਕਿਵੇਂ ਦੇ ਸਕਦੇ ਹਾਂ ਕਿ ਪਰਮੇਸ਼ੁਰ ਦੀ ਸ਼ਕਤੀ ਸਾਡੇ ਉੱਤੇ ਹੈ?

17 ਸੋ ਭਾਵੇਂ ਤੁਹਾਡੀ ਉਮੀਦ ਸਵਰਗ ਜਾਣ ਦੀ ਹੈ ਜਾਂ ਫਿਰ ਧਰਤੀ ਉੱਤੇ ਹਮੇਸ਼ਾ ਰਹਿਣ ਦੀ, ਯਹੋਵਾਹ ਤੁਹਾਨੂੰ ਉਹ ਤਾਕਤ ਦੇ ਸਕਦਾ ਹੈ ਜਿਹੜੀ “ਇਨਸਾਨੀ ਤਾਕਤ ਨਾਲੋਂ ਕਿਤੇ ਵਧ ਕੇ ਹੈ” ਤਾਂਕਿ ਤੁਸੀਂ ਵਫ਼ਾਦਾਰੀ ਨਾਲ ਉਸ ਦੀ ਸੇਵਾ ਕਰਦੇ ਰਹੋ ਅਤੇ ਆਪਣਾ ਇਨਾਮ ਹਾਸਲ ਕਰ ਸਕੋ। (2 ਕੁਰਿੰ. 4:7) ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਦੇ ਰਹਿਣ ਕਰਕੇ ਸ਼ਾਇਦ ਤੁਹਾਨੂੰ ਦੂਸਰਿਆਂ ਦਾ ਮਜ਼ਾਕ ਸਹਿਣਾ ਪਵੇ। ਪਰ ਯਾਦ ਰੱਖੋ ਕਿ “ਜੇ ਤੁਹਾਨੂੰ ਮਸੀਹ ਦੇ ਨਾਂ ਕਰਕੇ ਬੇਇੱਜ਼ਤ ਕੀਤਾ ਜਾਂਦਾ ਹੈ, ਤਾਂ ਤੁਸੀਂ ਖ਼ੁਸ਼ ਹੋ ਕਿਉਂਕਿ ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਅਤੇ ਇਸ ਸ਼ਕਤੀ ਦੀ ਮਹਿਮਾ ਤੁਹਾਡੇ ਉੱਤੇ ਰਹਿੰਦੀ ਹੈ।”—1 ਪਤ. 4:14.

18, 19. ਯਹੋਵਾਹ ਆਪਣੀ ਪਵਿੱਤਰ ਸ਼ਕਤੀ ਨਾਲ ਤੁਹਾਡੀ ਕਿਵੇਂ ਮਦਦ ਕਰੇਗਾ ਅਤੇ ਤੁਹਾਡਾ ਇਰਾਦਾ ਕੀ ਹੋਣਾ ਚਾਹੀਦਾ ਹੈ?

18 ਪਰਮੇਸ਼ੁਰ ਉਨ੍ਹਾਂ ਲੋਕਾਂ ਨੂੰ ਮੁਫ਼ਤ ਵਿਚ ਪਵਿੱਤਰ ਸ਼ਕਤੀ ਦੀ ਦਾਤ ਦਿੰਦਾ ਹੈ ਜਿਹੜੇ ਇਸ ਨੂੰ ਦਿਲੋਂ ਹਾਸਲ ਕਰਨ ਦੀ ਕੋਸ਼ਿਸ਼ ਕਰਦੇ ਹਨ। ਪਵਿੱਤਰ ਸ਼ਕਤੀ ਨਾ ਸਿਰਫ਼ ਤੁਹਾਡੀ ਕਾਬਲੀਅਤ ਨੂੰ ਵਧਾ ਸਕਦੀ ਹੈ, ਸਗੋਂ ਉਸ ਦੀ ਸੇਵਾ ਪੂਰੇ ਦਿਲ ਨਾਲ ਕਰਨ ਦੀ ਤੁਹਾਡੀ ਇੱਛਾ ਨੂੰ ਵੀ ਵਧਾ ਸਕਦੀ ਹੈ। “ਪਰਮੇਸ਼ੁਰ ਹੀ ਹੈ ਜਿਹੜਾ ਆਪਣੀ ਖ਼ੁਸ਼ੀ ਲਈ ਤੁਹਾਨੂੰ ਤਕੜਾ ਕਰਦਾ ਹੈ ਅਤੇ ਤੁਹਾਡੇ ਵਿਚ ਕੰਮ ਕਰਨ ਦੀ ਇੱਛਾ ਪੈਦਾ ਕਰਦਾ ਹੈ ਅਤੇ ਤੁਹਾਨੂੰ ਕੰਮ ਕਰਨ ਦੀ ਤਾਕਤ ਬਖ਼ਸ਼ਦਾ ਹੈ।” ਜੇ ਸਾਡੇ ਕੋਲ ਪਵਿੱਤਰ ਸ਼ਕਤੀ ਦੀ ਅਨਮੋਲ ਦਾਤ ਹੈ ਅਤੇ ਇਸ ਦੇ ਨਾਲ-ਨਾਲ ਅਸੀਂ ‘ਜ਼ਿੰਦਗੀ ਦੇ ਬਚਨ ਨੂੰ ਘੁੱਟ ਕੇ ਫੜੀ ਰੱਖਣ’ ਦੀ ਪੂਰੀ ਕੋਸ਼ਿਸ਼ ਕਰਦੇ ਹਾਂ, ਤਾਂ ਅਸੀਂ “ਡਰਦੇ ਅਤੇ ਕੰਬਦੇ ਹੋਏ ਮੁਕਤੀ ਪਾਉਣ ਦਾ ਜਤਨ ਕਰਦੇ” ਰਹਾਂਗੇ।—ਫ਼ਿਲਿ. 2:12, 13, 16.

19 ਇਸ ਲਈ ਪਰਮੇਸ਼ੁਰ ਦੀ ਸ਼ਕਤੀ ਉੱਤੇ ਪੂਰਾ ਭਰੋਸਾ ਰੱਖ ਕੇ ਆਪਣਾ ਹਰ ਕੰਮ ਜੀ-ਜਾਨ ਨਾਲ ਕਰੋ ਅਤੇ ਤੁਹਾਨੂੰ ਜੋ ਵੀ ਕੰਮ ਦਿੱਤਾ ਜਾਂਦਾ ਹੈ, ਉਸ ਵਿਚ ਮਾਹਰ ਬਣੋ ਅਤੇ ਮਦਦ ਲਈ ਯਹੋਵਾਹ ਉੱਤੇ ਭਰੋਸਾ ਰੱਖੋ। (ਯਾਕੂ. 1:5) ਉਹ ਆਪਣੇ ਬਚਨ ਨੂੰ ਸਮਝਣ, ਜ਼ਿੰਦਗੀ ਦੀਆਂ ਸਮੱਸਿਆਵਾਂ ਨਾਲ ਨਜਿੱਠਣ ਅਤੇ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਵਿਚ ਤੁਹਾਡੀ ਪੂਰੀ-ਪੂਰੀ ਮਦਦ ਕਰੇਗਾ। ਸੋ ਪਵਿੱਤਰ ਸ਼ਕਤੀ ਮੰਗਦੇ ਰਹੋ, ਇਹ ਤੁਹਾਨੂੰ ਜ਼ਰੂਰ ਮਿਲੇਗੀ। ਬਾਈਬਲ ਕਹਿੰਦੀ ਹੈ: “ਮੰਗਦੇ ਰਹੋ, ਤਾਂ ਤੁਹਾਨੂੰ ਦਿੱਤਾ ਜਾਵੇਗਾ; ਲੱਭਦੇ ਰਹੋ, ਤਾਂ ਤੁਹਾਨੂੰ ਲੱਭ ਜਾਵੇਗਾ; ਦਰਵਾਜ਼ਾ ਖੜਕਾਉਂਦੇ ਰਹੋ, ਤਾਂ ਤੁਹਾਡੇ ਲਈ ਖੋਲ੍ਹਿਆ ਜਾਵੇਗਾ।” (ਲੂਕਾ 11:9, 13) ਯਹੋਵਾਹ ਨੂੰ ਬੇਨਤੀ ਕਰਦੇ ਰਹੋ ਕਿ ਉਹ ਤੁਹਾਡੀ ਪੁਰਾਣੇ ਅਤੇ ਅੱਜ ਦੇ ਵਫ਼ਾਦਾਰ ਸੇਵਕਾਂ ਵਰਗੇ ਬਣਨ ਵਿਚ ਮਦਦ ਕਰੇ ਜਿਹੜੇ ਪਵਿੱਤਰ ਸ਼ਕਤੀ ਦੀ ਅਗਵਾਈ ਵਿਚ ਚੱਲੇ ਸਨ।

ਕੀ ਤੁਸੀਂ ਸਮਝਾ ਸਕਦੇ ਹੋ?

• ਮਰੀਅਮ ਵਾਂਗ ਅਸੀਂ ਕਿਹੋ ਜਿਹਾ ਰਵੱਈਆ ਪੈਦਾ ਕਰ ਸਕਦੇ ਹਾਂ ਜਿਸ ਕਰਕੇ ਸਾਨੂੰ ਪਰਮੇਸ਼ੁਰ ਤੋਂ ਬਰਕਤਾਂ ਮਿਲਣਗੀਆਂ?

• ਪਰਮੇਸ਼ੁਰ ਦੀ ਸ਼ਕਤੀ ਨੇ ਪੌਲੁਸ ਦੀ ਅਗਵਾਈ ਕਿਵੇਂ ਕੀਤੀ ਸੀ?

• ਅੱਜ ਪਰਮੇਸ਼ੁਰ ਦੀ ਸ਼ਕਤੀ ਉਸ ਦੇ ਸੇਵਕਾਂ ਦੀ ਅਗਵਾਈ ਕਿਵੇਂ ਕਰਦੀ ਹੈ?

[ਸਵਾਲ]

[ਸਫ਼ਾ 24 ਉੱਤੇ ਤਸਵੀਰ]

ਪਵਿੱਤਰ ਸ਼ਕਤੀ ਨੇ ਪੌਲੁਸ ਦੀ ਜਾਦੂਗਰ ਨਾਲ ਦਲੇਰੀ ਨਾਲ ਗੱਲ ਕਰਨ ਵਿਚ ਮਦਦ ਕੀਤੀ

[ਸਫ਼ਾ 26 ਉੱਤੇ ਤਸਵੀਰ]

ਅੱਜ ਪਵਿੱਤਰ ਸ਼ਕਤੀ ਚੁਣੇ ਹੋਏ ਮਸੀਹੀਆਂ ਅਤੇ “ਹੋਰ ਭੇਡਾਂ” ਦੀ ਮਦਦ ਕਰਦੀ ਹੈ