Skip to content

Skip to table of contents

ਪੁਰਾਣੇ ਸਮੇਂ ਦੇ ਵਫ਼ਾਦਾਰ ਸੇਵਕ ਪਵਿੱਤਰ ਸ਼ਕਤੀ ਦੀ ਅਗਵਾਈ ਵਿਚ ਚੱਲੇ

ਪੁਰਾਣੇ ਸਮੇਂ ਦੇ ਵਫ਼ਾਦਾਰ ਸੇਵਕ ਪਵਿੱਤਰ ਸ਼ਕਤੀ ਦੀ ਅਗਵਾਈ ਵਿਚ ਚੱਲੇ

ਪੁਰਾਣੇ ਸਮੇਂ ਦੇ ਵਫ਼ਾਦਾਰ ਸੇਵਕ ਪਵਿੱਤਰ ਸ਼ਕਤੀ ਦੀ ਅਗਵਾਈ ਵਿਚ ਚੱਲੇ

“ਹੁਣ ਪ੍ਰਭੁ ਯਹੋਵਾਹ ਨੇ ਮੈਨੂੰ ਅਤੇ ਆਪਣੇ ਆਤਮਾ [“ਆਪਣੀ ਪਵਿੱਤਰ ਸ਼ਕਤੀ,” NW] ਨੂੰ ਘੱਲਿਆ ਹੈ।”—ਯਸਾ. 48:16.

1, 2. ਨਿਹਚਾ ਅਨੁਸਾਰ ਚੱਲਣ ਲਈ ਕਿਸ ਚੀਜ਼ ਦੀ ਲੋੜ ਹੈ ਅਤੇ ਪੁਰਾਣੇ ਸਮੇਂ ਦੇ ਵਫ਼ਾਦਾਰ ਸੇਵਕਾਂ ਦੀ ਮਿਸਾਲ ਉੱਤੇ ਗੌਰ ਕਰ ਕੇ ਸਾਨੂੰ ਕੀ ਹੌਸਲਾ ਮਿਲੇਗਾ?

ਭਾਵੇਂ ਹਾਬਲ ਦੇ ਜ਼ਮਾਨੇ ਤੋਂ ਲੋਕ ਨਿਹਚਾ ਕਰਦੇ ਆਏ ਹਨ, ਪਰ ਬਾਈਬਲ ਕਹਿੰਦੀ ਹੈ ਕਿ “ਸਾਰੇ ਲੋਕ ਨਿਹਚਾ ਨਹੀਂ ਕਰਦੇ।” (2 ਥੱਸ. 3:2) ਕੋਈ ਇਨਸਾਨ ਨਿਹਚਾ ਕਿਉਂ ਕਰਦਾ ਹੈ ਅਤੇ ਕਿਹੜੀ ਗੱਲ ਵਫ਼ਾਦਾਰ ਰਹਿਣ ਵਿਚ ਉਸ ਦੀ ਮਦਦ ਕਰਦੀ ਹੈ? ਜਦੋਂ ਕੋਈ ਇਨਸਾਨ ਪਰਮੇਸ਼ੁਰ ਦੇ ਬਚਨ ਦੀਆਂ ਗੱਲਾਂ ਸੁਣਦਾ ਹੈ, ਤਾਂ ਉਸ ਵਿਚ ਨਿਹਚਾ ਪੈਦਾ ਹੁੰਦੀ ਹੈ। (ਰੋਮੀ. 10:17) ਅਤੇ ਨਿਹਚਾ ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਦਾ ਇਕ ਗੁਣ ਹੈ। (ਗਲਾ. 5:22, 23) ਇਸ ਕਰਕੇ ਨਿਹਚਾ ਅਨੁਸਾਰ ਚੱਲਣ ਲਈ ਸਾਨੂੰ ਪਵਿੱਤਰ ਸ਼ਕਤੀ ਦੀ ਲੋੜ ਹੈ।

2 ਇਹ ਸੋਚਣਾ ਗ਼ਲਤ ਹੋਵੇਗਾ ਕਿ ਵਫ਼ਾਦਾਰ ਸੇਵਕਾਂ ਵਿਚ ਜਨਮ ਤੋਂ ਹੀ ਨਿਹਚਾ ਹੁੰਦੀ ਹੈ ਜਾਂ ਨਿਹਚਾ ਹੋਣੀ ਕੁਦਰਤੀ ਗੱਲ ਹੈ। ਬਾਈਬਲ ਵਿਚ ਅਸੀਂ ਜਿਨ੍ਹਾਂ ਵਫ਼ਾਦਾਰ ਸੇਵਕਾਂ ਬਾਰੇ ਪੜ੍ਹਦੇ ਹਾਂ, ਉਹ ਵੀ ‘ਸਾਡੇ ਵਰਗੀਆਂ ਭਾਵਨਾਵਾਂ ਵਾਲੇ’ ਇਨਸਾਨ ਸਨ। (ਯਾਕੂ. 5:17) ਉਨ੍ਹਾਂ ਦੇ ਮਨਾਂ ਵਿਚ ਵੀ ਸ਼ੱਕ ਪੈਦਾ ਹੁੰਦੇ ਸਨ, ਉਨ੍ਹਾਂ ਨੂੰ ਵੀ ਕਈ ਚਿੰਤਾਵਾਂ ਸਨ ਅਤੇ ਉਨ੍ਹਾਂ ਦੀਆਂ ਵੀ ਕਈ ਕਮਜ਼ੋਰੀਆਂ ਸਨ, ਪਰ ਪਰਮੇਸ਼ੁਰ ਨੇ ਮੁਸ਼ਕਲਾਂ ਦਾ ਸਾਮ੍ਹਣਾ ਕਰਨ ਲਈ ਉਨ੍ਹਾਂ ਨੂੰ ਆਪਣੀ ਪਵਿੱਤਰ ਸ਼ਕਤੀ ਨਾਲ “ਤਾਕਤਵਰ ਬਣਾਇਆ।” (ਇਬ. 11:34) ਇਸ ਗੱਲ ’ਤੇ ਵਿਚਾਰ ਕਰਨ ਨਾਲ ਕਿ ਯਹੋਵਾਹ ਦੀ ਸ਼ਕਤੀ ਨੇ ਉਨ੍ਹਾਂ ਦੀ ਮਦਦ ਕਿਵੇਂ ਕੀਤੀ ਸੀ, ਅੱਜ ਸਾਨੂੰ ਵਫ਼ਾਦਾਰੀ ਨਾਲ ਪਰਮੇਸ਼ੁਰ ਦੀ ਸੇਵਾ ਕਰਦੇ ਰਹਿਣ ਦਾ ਹੌਸਲਾ ਮਿਲੇਗਾ ਕਿਉਂਕਿ ਅੱਜ ਸਾਡੀ ਨਿਹਚਾ ਉੱਤੇ ਹਮਲੇ ਹੋ ਰਹੇ ਹਨ।

ਪਰਮੇਸ਼ੁਰ ਦੀ ਸ਼ਕਤੀ ਨੇ ਮੂਸਾ ਨੂੰ ਤਾਕਤ ਬਖ਼ਸ਼ੀ

3-5. (ੳ) ਸਾਨੂੰ ਕਿਵੇਂ ਪਤਾ ਹੈ ਕਿ ਮੂਸਾ ਨੇ ਪਵਿੱਤਰ ਸ਼ਕਤੀ ਦੀ ਮਦਦ ਨਾਲ ਆਪਣਾ ਕੰਮ ਕੀਤਾ ਸੀ? (ਅ) ਯਹੋਵਾਹ ਸਾਨੂੰ ਕਿੰਨੀ ਕੁ ਸ਼ਕਤੀ ਦਿੰਦਾ ਹੈ, ਇਸ ਬਾਰੇ ਅਸੀਂ ਮੂਸਾ ਦੀ ਮਿਸਾਲ ਤੋਂ ਕੀ ਸਿੱਖਦੇ ਹਾਂ?

3 ਸੰਨ 1513 ਈ. ਪੂ. ਵਿਚ ਜਿੰਨੇ ਲੋਕ ਰਹਿੰਦੇ ਸਨ, ਮੂਸਾ ਉਨ੍ਹਾਂ ਸਾਰਿਆਂ ਨਾਲੋਂ “ਅਧੀਨ ਸੀ।” (ਗਿਣ. 12:3) ਪਰਮੇਸ਼ੁਰ ਦੇ ਇਸ ਨਿਮਰ ਸੇਵਕ ਨੂੰ ਇਜ਼ਰਾਈਲ ਕੌਮ ਵਿਚ ਭਾਰੀ ਜ਼ਿੰਮੇਵਾਰੀ ਦਿੱਤੀ ਗਈ ਸੀ। ਯਹੋਵਾਹ ਦੀ ਸ਼ਕਤੀ ਨੇ ਮੂਸਾ ਨੂੰ ਭਵਿੱਖਬਾਣੀਆਂ ਕਰਨ, ਨਿਆਂ ਕਰਨ, ਬਾਈਬਲ ਦੀਆਂ ਕਿਤਾਬਾਂ ਲਿਖਣ, ਕੌਮ ਦੀ ਅਗਵਾਈ ਕਰਨ ਅਤੇ ਚਮਤਕਾਰ ਕਰਨ ਦੇ ਕਾਬਲ ਬਣਾਇਆ। (ਯਸਾਯਾਹ 63:11-14 ਪੜ੍ਹੋ।) ਪਰ ਇਕ ਵਾਰ ਮੂਸਾ ਨੇ ਦੁਖੀ ਹੋ ਕੇ ਕਿਹਾ ਸੀ ਕਿ ਉਸ ਲਈ ਆਪਣੀ ਜ਼ਿੰਮੇਵਾਰੀ ਦਾ ਭਾਰ ਚੁੱਕਣਾ ਬਹੁਤ ਔਖਾ ਸੀ। (ਗਿਣ. 11:14, 15) ਇਸ ਲਈ, ਯਹੋਵਾਹ ਨੇ ਜੋ ਪਵਿੱਤਰ ਸ਼ਕਤੀ ਮੂਸਾ ਨੂੰ ਦਿੱਤੀ ਸੀ, ਉਸ ਵਿੱਚੋਂ ਸ਼ਕਤੀ ਲੈ ਕੇ ਹੋਰ 70 ਬੰਦਿਆਂ ’ਤੇ ਪਾਈ ਤਾਂਕਿ ਉਹ ਜ਼ਿੰਮੇਵਾਰੀ ਚੁੱਕਣ ਵਿਚ ਮੂਸਾ ਦੀ ਮਦਦ ਕਰਨ। (ਗਿਣ. 11:16, 17) ਭਾਵੇਂ ਮੂਸਾ ਨੂੰ ਆਪਣੀ ਜ਼ਿੰਮੇਵਾਰੀ ਚੁੱਕਣੀ ਬਹੁਤ ਔਖੀ ਲੱਗਦੀ ਸੀ, ਪਰ ਨਾ ਹੀ ਉਸ ਨੂੰ ਇਕੱਲੇ ਨੂੰ ਅਤੇ ਨਾ ਹੀ 70 ਬੰਦਿਆਂ ਨੂੰ ਇਕੱਲਿਆਂ ਇਹ ਜ਼ਿੰਮੇਵਾਰੀ ਚੁੱਕਣੀ ਪਈ ਸੀ।

4 ਮੂਸਾ ਨੂੰ ਆਪਣੀ ਜ਼ਿੰਮੇਵਾਰੀ ਨਿਭਾਉਣ ਲਈ ਜਿੰਨੀ ਸ਼ਕਤੀ ਦੀ ਲੋੜ ਸੀ, ਉੱਨੀ ਸ਼ਕਤੀ ਉਸ ਨੂੰ ਦਿੱਤੀ ਗਈ ਸੀ। ਹੋਰਾਂ ਨੂੰ ਉਸ ਦੀ ਮਦਦ ਕਰਨ ਲਈ ਚੁਣੇ ਜਾਣ ਤੋਂ ਬਾਅਦ ਵੀ ਮੂਸਾ ਕੋਲ ਲੋੜ ਅਨੁਸਾਰ ਪਰਮੇਸ਼ੁਰ ਦੀ ਸ਼ਕਤੀ ਸੀ। ਇਸ ਤਰ੍ਹਾਂ ਕਰਨ ਨਾਲ ਪਰਮੇਸ਼ੁਰ ਨੇ ਮੂਸਾ ਕੋਲ ਥੋੜ੍ਹੀ ਜਿਹੀ ਸ਼ਕਤੀ ਨਹੀਂ ਰਹਿਣ ਦਿੱਤੀ ਸੀ ਤੇ ਨਾ ਹੀ 70 ਬਜ਼ੁਰਗਾਂ ਨੂੰ ਲੋੜੋਂ ਵੱਧ ਸ਼ਕਤੀ ਦੇ ਦਿੱਤੀ ਸੀ। ਯਹੋਵਾਹ ਸਾਡੇ ਹਾਲਾਤਾਂ ਮੁਤਾਬਕ ਸਾਨੂੰ ਵੀ ਉੱਨੀ ਸ਼ਕਤੀ ਦਿੰਦਾ ਹੈ ਜਿੰਨੀ ਸਾਨੂੰ ਲੋੜ ਹੈ। ਉਹ “ਆਪਣੀ ਪਵਿੱਤਰ ਸ਼ਕਤੀ ਦੇਣ ਵਿਚ ਸਰਫ਼ਾ ਨਹੀਂ ਕਰਦਾ,” ਸਗੋਂ ਉਹ ਸ਼ਕਤੀ ਨਾਲ “ਭਰਪੂਰ” ਹੈ ਤੇ ਸਾਨੂੰ ਵੀ ਭਰਪੂਰ ਮਾਤਰਾ ਵਿਚ ਸ਼ਕਤੀ ਦਿੰਦਾ ਹੈ।—ਯੂਹੰ. 1:16; 3:34.

5 ਕੀ ਤੁਸੀਂ ਪਰੀਖਿਆਵਾਂ ਦਾ ਸਾਮ੍ਹਣਾ ਕਰ ਰਹੇ ਹੋ? ਕੀ ਤੁਹਾਡੇ ਰੁਝੇਵੇਂ ਵਧ ਰਹੇ ਹਨ? ਕੀ ਤੁਸੀਂ ਮਹਿੰਗਾਈ ਜਾਂ ਵਿਗੜਦੀ ਸਿਹਤ ਦਾ ਫ਼ਿਕਰ ਕਰਦੇ ਹੋਏ ਆਪਣੇ ਪਰਿਵਾਰ ਦੀਆਂ ਲੋੜਾਂ ਪੂਰੀਆਂ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਅਤੇ ਇਸ ਦੇ ਨਾਲ-ਨਾਲ ਪਰਮੇਸ਼ੁਰ ਦੀ ਸੇਵਾ ਵਿਚ ਲੱਗੇ ਰਹਿਣ ਵਿਚ ਉਨ੍ਹਾਂ ਦੀ ਮਦਦ ਕਰ ਰਹੇ ਹੋ? ਕੀ ਤੁਹਾਡੇ ਕੋਲ ਮੰਡਲੀ ਵਿਚ ਭਾਰੀਆਂ ਜ਼ਿੰਮੇਵਾਰੀਆਂ ਵੀ ਹਨ? ਪਰਮੇਸ਼ੁਰ ’ਤੇ ਪੂਰਾ ਭਰੋਸਾ ਰੱਖੋ ਕਿ ਉਹ ਹਰ ਤਰ੍ਹਾਂ ਦੇ ਹਾਲਾਤਾਂ ਨਾਲ ਨਜਿੱਠਣ ਲਈ ਤੁਹਾਨੂੰ ਲੋੜੀਂਦੀ ਤਾਕਤ ਦੇ ਸਕਦਾ ਹੈ।—ਰੋਮੀ. 15:13.

ਪਵਿੱਤਰ ਸ਼ਕਤੀ ਨੇ ਬਸਲਏਲ ਨੂੰ ਕਾਬਲ ਬਣਾਇਆ

6-8. (ੳ) ਪਰਮੇਸ਼ੁਰ ਦੀ ਸ਼ਕਤੀ ਨੇ ਬਸਲਏਲ ਅਤੇ ਆਹਾਲੀਆਬ ਨੂੰ ਕਿਹੜਾ ਕੰਮ ਕਰਨ ਦੇ ਕਾਬਲ ਬਣਾਇਆ? (ਅ) ਕਿੱਦਾਂ ਪਤਾ ਲੱਗਦਾ ਹੈ ਕਿ ਪਰਮੇਸ਼ੁਰ ਦੀ ਸ਼ਕਤੀ ਨੇ ਬਸਲਏਲ ਅਤੇ ਆਹਾਲੀਆਬ ਦੀ ਮਦਦ ਕੀਤੀ ਸੀ? (ੲ) ਸਾਨੂੰ ਖ਼ਾਸ ਤੌਰ ਤੇ ਬਸਲਏਲ ਦੀ ਮਿਸਾਲ ਤੋਂ ਹੌਸਲਾ ਕਿਉਂ ਮਿਲਦਾ ਹੈ?

6 ਮੂਸਾ ਦੇ ਦਿਨਾਂ ਵਿਚ ਰਹਿ ਰਹੇ ਇਕ ਹੋਰ ਸੇਵਕ ਬਸਲਏਲ ਦੀ ਮਿਸਾਲ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਪਰਮੇਸ਼ੁਰ ਆਪਣੀ ਪਵਿੱਤਰ ਸ਼ਕਤੀ ਕਿਸ ਤਰ੍ਹਾਂ ਵਰਤਦਾ ਹੈ। (ਕੂਚ 35:30-35 ਪੜ੍ਹੋ।) ਬਸਲਏਲ ਨੂੰ ਤੰਬੂ ਦਾ ਸਾਰਾ ਸਾਮਾਨ ਬਣਾਉਣ ਦੀ ਮੁੱਖ ਜ਼ਿੰਮੇਵਾਰੀ ਸੌਂਪੀ ਗਈ ਸੀ। ਕੀ ਉਸ ਨੂੰ ਇਸ ਕੰਮ ਲਈ ਕਾਰੀਗਰੀ ਦਾ ਕੋਈ ਤਜਰਬਾ ਸੀ? ਸ਼ਾਇਦ ਹੋਵੇ, ਪਰ ਇਹ ਸੰਭਵ ਹੈ ਕਿ ਇਸ ਤੋਂ ਕੁਝ ਸਮਾਂ ਪਹਿਲਾਂ ਉਹ ਮਿਸਰੀਆਂ ਲਈ ਇੱਟਾਂ ਬਣਾਉਣ ਦਾ ਕੰਮ ਕਰਦਾ ਹੁੰਦਾ ਸੀ। (ਕੂਚ 1:13, 14) ਸੋ ਬਸਲਏਲ ਤੰਬੂ ਬਣਾਉਣ ਦਾ ਇੰਨਾ ਵੱਡਾ ਕੰਮ ਕਿਵੇਂ ਕਰ ਸਕਿਆ? ਯਹੋਵਾਹ ਨੇ ਉਸ ਨੂੰ ਆਪਣੀ ਪਵਿੱਤਰ ਸ਼ਕਤੀ ਰਾਹੀਂ “ਬੁੱਧ, ਸਮਝ, ਵਿੱਦਿਆ ਅਤੇ ਸਾਰੀ ਕਾਰੀਗਰੀ ਨਾਲ ਭਰਪੂਰ ਕੀਤਾ।” ਬਸਲਏਲ ਵਿਚ ਕੁਦਰਤੀ ਤੌਰ ਤੇ ਜੋ ਵੀ ਕਾਬਲੀਅਤ ਸੀ, ਉਸ ਨੂੰ ਪਵਿੱਤਰ ਸ਼ਕਤੀ ਨੇ ਹੋਰ ਵਧਾਇਆ। ਪਵਿੱਤਰ ਸ਼ਕਤੀ ਨੇ ਆਹਾਲੀਆਬ ਦੀ ਵੀ ਇਸੇ ਤਰ੍ਹਾਂ ਮਦਦ ਕੀਤੀ ਸੀ। ਬਸਲਏਲ ਅਤੇ ਆਹਾਲੀਆਬ ਨੇ ਸਾਰੇ ਕੰਮ ਚੰਗੀ ਤਰ੍ਹਾਂ ਸਿੱਖੇ ਹੋਣੇ ਕਿਉਂਕਿ ਉਨ੍ਹਾਂ ਨੇ ਨਾ ਸਿਰਫ਼ ਆਪਣੇ ਕੰਮ ਚੰਗੀ ਤਰ੍ਹਾਂ ਕੀਤੇ ਸਨ, ਸਗੋਂ ਦੂਸਰਿਆਂ ਨੂੰ ਵੀ ਇਹ ਕੰਮ ਕਰਨੇ ਸਿਖਾਏ। ਜੀ ਹਾਂ, ਪਰਮੇਸ਼ੁਰ ਨੇ ਉਨ੍ਹਾਂ ਦੇ ਦਿਲਾਂ ਨੂੰ ਪ੍ਰੇਰਿਆ ਕਿ ਉਹ ਦੂਸਰਿਆਂ ਨੂੰ ਸਿਖਾਉਣ।

7 ਪਵਿੱਤਰ ਸ਼ਕਤੀ ਦੁਆਰਾ ਬਸਲਏਲ ਤੇ ਆਹਾਲੀਆਬ ਦੀ ਮਦਦ ਦਾ ਸਬੂਤ ਇਸ ਗੱਲ ਤੋਂ ਵੀ ਮਿਲਦਾ ਹੈ ਕਿ ਉਨ੍ਹਾਂ ਦਾ ਬਣਾਇਆ ਸਾਮਾਨ ਬਹੁਤ ਲੰਬੇ ਸਮੇਂ ਤਕ ਵਧੀਆ ਹਾਲਤ ਵਿਚ ਰਿਹਾ। ਉਨ੍ਹਾਂ ਦਾ ਬਣਾਇਆ ਸਾਮਾਨ ਤਕਰੀਬਨ 500 ਸਾਲ ਤਕ ਇਸਤੇਮਾਲ ਹੁੰਦਾ ਰਿਹਾ। (2 ਇਤ. 1:2-6) ਅੱਜ ਦੇ ਕਾਰੀਗਰਾਂ ਤੋਂ ਉਲਟ ਬਸਲਏਲ ਅਤੇ ਆਹਾਲੀਆਬ ਨੇ ਆਪਣੇ ਕੰਮ ਰਾਹੀਂ ਆਪਣੇ ਆਪ ਨੂੰ ਵਡਿਆਉਣ ਦੀ ਕੋਸ਼ਿਸ਼ ਨਹੀਂ ਕੀਤੀ, ਸਗੋਂ ਉਨ੍ਹਾਂ ਨੇ ਜੋ ਵੀ ਕੀਤਾ, ਉਸ ਨਾਲ ਯਹੋਵਾਹ ਦੀ ਵਡਿਆਈ ਹੋਈ।—ਕੂਚ 36:1, 2.

8 ਅੱਜ ਸਾਨੂੰ ਵੀ ਸ਼ਾਇਦ ਵੱਡੇ-ਵੱਡੇ ਕੰਮ ਕਰਨੇ ਪੈਣ ਜਿਨ੍ਹਾਂ ਦੇ ਲਈ ਖ਼ਾਸ ਹੁਨਰ ਦੀ ਲੋੜ ਪਵੇ, ਜਿਵੇਂ ਕਿ ਕਿੰਗਡਮ ਹਾਲ ਵਗੈਰਾ ਦੀ ਉਸਾਰੀ, ਛਪਾਈ ਦਾ ਕੰਮ, ਸੰਮੇਲਨਾਂ ਦੀ ਤਿਆਰੀ, ਕੁਦਰਤੀ ਆਫ਼ਤ ਆਉਣ ਤੋਂ ਬਾਅਦ ਰਾਹਤ ਪਹੁੰਚਾਉਣੀ ਅਤੇ ਡਾਕਟਰਾਂ ਤੇ ਹੋਰ ਮੈਡੀਕਲ ਅਧਿਕਾਰੀਆਂ ਨਾਲ ਖ਼ੂਨ ਸੰਬੰਧੀ ਆਪਣੇ ਬਾਈਬਲ-ਆਧਾਰਿਤ ਫ਼ੈਸਲੇ ਬਾਰੇ ਗੱਲ ਕਰਨੀ। ਕਈ ਵਾਰ ਇਹ ਕੰਮ ਹੁਨਰਮੰਦ ਭੈਣ-ਭਰਾ ਕਰਦੇ ਹਨ, ਪਰ ਜ਼ਿਆਦਾ ਕਰਕੇ ਇਹ ਕੰਮ ਉਨ੍ਹਾਂ ਭੈਣਾਂ-ਭਰਾਵਾਂ ਦੁਆਰਾ ਕੀਤੇ ਜਾਂਦੇ ਹਨ ਜਿਨ੍ਹਾਂ ਨੂੰ ਅਜਿਹੇ ਕੰਮਾਂ ਦਾ ਕੋਈ ਤਜਰਬਾ ਨਹੀਂ ਹੁੰਦਾ। ਪਰਮੇਸ਼ੁਰ ਦੀ ਸ਼ਕਤੀ ਉਨ੍ਹਾਂ ਦੀ ਕਾਮਯਾਬ ਹੋਣ ਵਿਚ ਮਦਦ ਕਰਦੀ ਹੈ। ਕੀ ਤੁਸੀਂ ਕਦੀ ਇਹ ਸੋਚ ਕੇ ਸੇਵਾ ਦੇ ਕਿਸੇ ਕੰਮ ਦੀ ਜ਼ਿੰਮੇਵਾਰੀ ਲੈਣ ਤੋਂ ਹਿਚਕਿਚਾਏ ਹੋ ਕਿ ਦੂਸਰੇ ਤੁਹਾਡੇ ਨਾਲੋਂ ਜ਼ਿਆਦਾ ਕਾਬਲ ਹਨ? ਯਾਦ ਰੱਖੋ ਯਹੋਵਾਹ ਤੁਹਾਨੂੰ ਜੋ ਵੀ ਕੰਮ ਦਿੰਦਾ ਹੈ, ਉਸ ਨੂੰ ਕਰਨ ਲਈ ਉਸ ਦੀ ਸ਼ਕਤੀ ਤੁਹਾਡੇ ਗਿਆਨ ਅਤੇ ਕਾਬਲੀਅਤ ਨੂੰ ਵਧਾ ਸਕਦੀ ਹੈ।

ਯਹੋਵਾਹ ਦੀ ਸ਼ਕਤੀ ਨਾਲ ਯਹੋਸ਼ੁਆ ਸਫ਼ਲ ਹੋਇਆ

9. ਮਿਸਰ ਵਿੱਚੋਂ ਨਿਕਲਣ ਤੋਂ ਬਾਅਦ ਇਜ਼ਰਾਈਲੀਆਂ ਨਾਲ ਕੀ ਹੋਇਆ ਅਤੇ ਕਿਹੜਾ ਸਵਾਲ ਖੜ੍ਹਾ ਹੋਇਆ?

9 ਮੂਸਾ ਤੇ ਬਸਲਏਲ ਦੇ ਦਿਨਾਂ ਵਿਚ ਹੀ ਪਰਮੇਸ਼ੁਰ ਦੀ ਸ਼ਕਤੀ ਨੇ ਇਕ ਹੋਰ ਸੇਵਕ ਦੀ ਮਦਦ ਕੀਤੀ ਸੀ। ਮਿਸਰ ਵਿੱਚੋਂ ਨਿਕਲਣ ਤੋਂ ਥੋੜ੍ਹੇ ਸਮੇਂ ਬਾਅਦ ਹੀ ਅਮਾਲੇਕੀਆਂ ਨੇ ਅਚਾਨਕ ਪਰਮੇਸ਼ੁਰ ਦੇ ਲੋਕਾਂ ਉੱਤੇ ਹਮਲਾ ਕਰ ਦਿੱਤਾ। ਇਜ਼ਰਾਈਲੀਆਂ ਨੂੰ ਹੁਣ ਇਸ ਹਮਲੇ ਦਾ ਜਵਾਬ ਦੇਣ ਦੀ ਲੋੜ ਸੀ। ਭਾਵੇਂ ਉਨ੍ਹਾਂ ਨੂੰ ਲੜਾਈ ਦਾ ਕੋਈ ਤਜਰਬਾ ਨਹੀਂ ਸੀ, ਫਿਰ ਵੀ ਇਜ਼ਰਾਈਲੀਆਂ ਨੂੰ ਆਜ਼ਾਦ ਲੋਕਾਂ ਦੇ ਤੌਰ ਤੇ ਆਪਣੀ ਪਹਿਲੀ ਲੜਾਈ ਲੜਨੀ ਪੈਣੀ ਸੀ। (ਕੂਚ 13:17; 17:8) ਇਸ ਲੜਾਈ ਵਿਚ ਅਗਵਾਈ ਕਰਨ ਲਈ ਕਿਸੇ ਦੀ ਲੋੜ ਸੀ। ਕੌਣ ਉਨ੍ਹਾਂ ਦਾ ਆਗੂ ਬਣ ਸਕਦਾ ਸੀ?

10. ਯਹੋਸ਼ੁਆ ਦੀ ਅਗਵਾਈ ਅਧੀਨ ਇਜ਼ਰਾਈਲੀਆਂ ਨੂੰ ਕਿਉਂ ਜਿੱਤ ਹਾਸਲ ਹੋਈ ਸੀ?

10 ਯਹੋਸ਼ੁਆ ਨੂੰ ਆਗੂ ਬਣਾਇਆ ਗਿਆ। ਪਰ ਜੇ ਆਗੂ ਬਣਨ ਲਈ ਉਸ ਕੋਲੋਂ ਉਸ ਦੇ ਪਹਿਲੇ ਕੰਮ ਦਾ ਤਜਰਬਾ ਪੁੱਛਿਆ ਜਾਂਦਾ, ਤਾਂ ਉਹ ਕਿਹੜਾ ਕੰਮ ਦੱਸਦਾ? ਗ਼ੁਲਾਮੀ? ਮਜ਼ਦੂਰੀ? ਇੱਟਾਂ ਬਣਾਉਣੀਆਂ? ਮੰਨ ਇਕੱਠਾ ਕਰਨਾ? ਇਹ ਸੱਚ ਹੈ ਕਿ ਯਹੋਸ਼ੁਆ ਦਾ ਦਾਦਾ ਅਲੀਸ਼ਾਮਾ ਅਫ਼ਰਈਮ ਗੋਤ ਦਾ ਸਰਦਾਰ ਸੀ ਅਤੇ ਉਹ ਇਜ਼ਰਾਈਲ ਦੀ ਇਕ “ਤਿੰਨ-ਗੋਤੀ” ਟੁਕੜੀ ਦੇ 1,08,100 ਆਦਮੀਆਂ ਦੀ ਅਗਵਾਈ ਕਰਦਾ ਸੀ। (ਗਿਣ. 2:18, 24; 1 ਇਤ. 7:26, 27) ਪਰ ਯਹੋਵਾਹ ਨੇ ਮੂਸਾ ਨੂੰ ਕਿਹਾ ਸੀ ਕਿ ਦੁਸ਼ਮਣਾਂ ਨੂੰ ਖ਼ਤਮ ਕਰਨ ਲਈ ਯਹੋਸ਼ੁਆ ਫ਼ੌਜ ਦੀ ਅਗਵਾਈ ਕਰੇਗਾ, ਨਾ ਕਿ ਅਲੀਸ਼ਾਮਾ ਜਾਂ ਉਸ ਦਾ ਪੁੱਤਰ ਨੂਨ। ਲਗਭਗ ਪੂਰਾ ਦਿਨ ਇਜ਼ਰਾਈਲੀਆਂ ਤੇ ਅਮਾਲੇਕੀਆਂ ਵਿਚ ਲੜਾਈ ਹੋਈ। ਯਹੋਸ਼ੁਆ ਨੇ ਪਰਮੇਸ਼ੁਰ ਵੱਲੋਂ ਮਿਲੀਆਂ ਸਾਰੀਆਂ ਹਿਦਾਇਤਾਂ ਨੂੰ ਮੰਨਿਆ ਅਤੇ ਉਸ ਨੇ ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਦੀ ਅਗਵਾਈ ਦੀ ਕਦਰ ਕੀਤੀ। ਇਸ ਕਰਕੇ ਇਜ਼ਰਾਈਲੀਆਂ ਨੂੰ ਜਿੱਤ ਹਾਸਲ ਹੋਈ।—ਕੂਚ 17:9-13.

11. ਯਹੋਸ਼ੁਆ ਵਾਂਗ ਅਸੀਂ ਵੀ ਸੇਵਾ ਦੇ ਕੰਮ ਕਰਨ ਵਿਚ ਕਿਵੇਂ ਸਫ਼ਲ ਹੋ ਸਕਦੇ ਹਾਂ?

11 ਯਹੋਸ਼ੁਆ ਮੂਸਾ ਤੋਂ ਬਾਅਦ ਇਜ਼ਰਾਈਲ ਕੌਮ ਦਾ ਆਗੂ ਬਣਿਆ ਜਿਹੜਾ ਪਵਿੱਤਰ ਸ਼ਕਤੀ ਕਰਕੇ ‘ਬੁੱਧੀ ਨਾਲ ਭਰਪੂਰ ਸੀ।’ (ਬਿਵ. 34:9) ਪਵਿੱਤਰ ਸ਼ਕਤੀ ਨੇ ਉਸ ਨੂੰ ਮੂਸਾ ਵਾਂਗ ਭਵਿੱਖਬਾਣੀਆਂ ਜਾਂ ਚਮਤਕਾਰ ਕਰਨ ਦੇ ਕਾਬਲ ਨਹੀਂ ਬਣਾਇਆ, ਸਗੋਂ ਉਸ ਨੂੰ ਕਨਾਨ ਦੇਸ਼ ਉੱਤੇ ਜਿੱਤ ਹਾਸਲ ਕਰਨ ਲਈ ਲੜਾਈ ਵਿਚ ਇਜ਼ਰਾਈਲੀਆਂ ਦੀ ਅਗਵਾਈ ਕਰਨ ਦੇ ਕਾਬਲ ਬਣਾਇਆ ਸੀ। ਅੱਜ ਅਸੀਂ ਸ਼ਾਇਦ ਆਪਣੇ ਆਪ ਨੂੰ ਸੇਵਾ ਦਾ ਕੋਈ ਕੰਮ ਕਰਨ ਲਈ ਨਾਤਜਰਬੇਕਾਰ ਜਾਂ ਨਾਕਾਬਲ ਸਮਝੀਏ। ਪਰ ਯਹੋਸ਼ੁਆ ਵਾਂਗ ਅਸੀਂ ਵੀ ਸਫ਼ਲ ਹੋ ਸਕਦੇ ਹਾਂ ਜੇ ਅਸੀਂ ਪਰਮੇਸ਼ੁਰ ਦੀਆਂ ਹਿਦਾਇਤਾਂ ਉੱਤੇ ਧਿਆਨ ਨਾਲ ਚੱਲੀਏ।—ਯਹੋ. 1:7-9.

ਯਹੋਵਾਹ ਦੀ ਸ਼ਕਤੀ ਗਿਦਾਊਨ ’ਤੇ ਆਈ

12-14. (ੳ) ਇਸ ਤੋਂ ਕੀ ਪਤਾ ਲੱਗਦਾ ਹੈ ਕਿ 300 ਫ਼ੌਜੀਆਂ ਨੇ ਮਿਦਯਾਨੀਆਂ ਦੀ ਵੱਡੀ ਫ਼ੌਜ ਨੂੰ ਬੁਰੀ ਤਰ੍ਹਾਂ ਹਰਾਇਆ ਸੀ? (ਅ) ਯਹੋਵਾਹ ਨੇ ਗਿਦਾਊਨ ਨੂੰ ਕਿਵੇਂ ਜਿੱਤ ਦਾ ਭਰੋਸਾ ਦਿਵਾਇਆ? (ੲ) ਅੱਜ ਸਾਨੂੰ ਪਰਮੇਸ਼ੁਰ ਤੋਂ ਕੀ ਭਰੋਸਾ ਮਿਲਦਾ ਹੈ?

12 ਯਹੋਸ਼ੁਆ ਦੇ ਮਰਨ ਤੋਂ ਬਾਅਦ ਵੀ ਯਹੋਵਾਹ ਇਹ ਦਿਖਾਉਂਦਾ ਰਿਹਾ ਕਿ ਉਹ ਆਪਣੇ ਵਫ਼ਾਦਾਰ ਸੇਵਕਾਂ ਨੂੰ ਆਪਣੀ ਸ਼ਕਤੀ ਨਾਲ ਕਿਵੇਂ ਤਾਕਤਵਰ ਬਣਾਉਂਦਾ ਹੈ। ਨਿਆਈਆਂ ਦੀ ਕਿਤਾਬ ਵਿਚ ਅਜਿਹੇ ਬਹੁਤ ਸਾਰੇ ਲੋਕਾਂ ਬਾਰੇ ਦੱਸਿਆ ਗਿਆ ਹੈ ਜਿਨ੍ਹਾਂ ਨੂੰ ‘ਕਮਜ਼ੋਰ ਘੜੀਆਂ ਵਿਚ ਤਾਕਤਵਰ ਬਣਾਇਆ ਗਿਆ’ ਸੀ। (ਇਬ. 11:34) ਯਹੋਵਾਹ ਨੇ ਆਪਣੀ ਪਵਿੱਤਰ ਸ਼ਕਤੀ ਨਾਲ ਗਿਦਾਊਨ ਨੂੰ ਪ੍ਰੇਰਿਆ ਕਿ ਉਹ ਉਸ ਦੇ ਲੋਕਾਂ ਵੱਲੋਂ ਲੜੇ। (ਨਿਆ. 6:34) ਪਰ ਗਿਦਾਊਨ ਨੇ ਜਿੰਨੀ ਫ਼ੌਜ ਇਕੱਠੀ ਕੀਤੀ ਸੀ ਉਹ ਮਿਦਯਾਨੀਆਂ ਦੀ ਫ਼ੌਜ ਦੇ ਮੁਕਾਬਲੇ ਬਹੁਤ ਥੋੜ੍ਹੀ ਸੀ। ਮਿਦਯਾਨੀਆਂ ਦੀ ਫ਼ੌਜ ਗਿਦਾਊਨ ਦੀ ਫ਼ੌਜ ਨਾਲੋਂ ਚਾਰ ਗੁਣਾ ਵੱਡੀ ਸੀ। ਪਰ ਯਹੋਵਾਹ ਦੀਆਂ ਨਜ਼ਰਾਂ ਵਿਚ ਇਜ਼ਰਾਈਲੀਆਂ ਦੀ ਇਹ ਛੋਟੀ ਜਿਹੀ ਫ਼ੌਜ ਅਜੇ ਵੀ ਬਹੁਤ ਵੱਡੀ ਸੀ। ਉਸ ਨੇ ਦੋ ਵਾਰ ਗਿਦਾਊਨ ਨੂੰ ਆਪਣੀ ਫ਼ੌਜ ਘਟਾਉਣ ਲਈ ਕਿਹਾ, ਜਦ ਤਕ ਕਿ ਇਜ਼ਰਾਈਲੀ ਫ਼ੌਜ ਦੇ ਮੁਕਾਬਲੇ ਦੁਸ਼ਮਣ ਫ਼ੌਜ 450 ਗੁਣਾ ਵੱਡੀ ਨਹੀਂ ਹੋ ਗਈ। (ਨਿਆ. 7:2-8; 8:10) ਹੁਣ ਯਹੋਵਾਹ ਖ਼ੁਸ਼ ਸੀ। ਜੇ ਇਜ਼ਰਾਈਲੀ ਫ਼ੌਜ ਜਿੱਤ ਹਾਸਲ ਕਰਦੀ, ਤਾਂ ਕੋਈ ਸ਼ੇਖ਼ੀ ਨਹੀਂ ਮਾਰ ਸਕਦਾ ਸੀ ਕਿ ਉਨ੍ਹਾਂ ਨੇ ਜਿੱਤ ਆਪਣੀ ਤਾਕਤ ਜਾਂ ਬੁੱਧ ਨਾਲ ਹਾਸਲ ਕੀਤੀ ਸੀ।

13 ਗਿਦਾਊਨ ਤੇ ਉਸ ਦੀ ਫ਼ੌਜ ਤਿਆਰ ਹੀ ਸੀ। ਜੇ ਤੁਸੀਂ ਉਸ ਛੋਟੀ ਜਿਹੀ ਫ਼ੌਜ ਵਿਚ ਹੁੰਦੇ, ਤਾਂ ਕੀ ਤੁਹਾਨੂੰ ਇਸ ਗੱਲ ਤੋਂ ਤਸੱਲੀ ਮਿਲਦੀ ਕਿ ਡਰਪੋਕ ਤੇ ਘੱਟ ਖ਼ਬਰਦਾਰ ਫ਼ੌਜੀਆਂ ਨੂੰ ਕੱਢ ਦਿੱਤਾ ਗਿਆ ਸੀ? ਜਾਂ ਕੀ ਤੁਸੀਂ ਡਰਦੇ ਹੋਏ ਇਹ ਸੋਚਦੇ ਕਿ ਹੁਣ ਪਤਾ ਨਹੀਂ ਕੀ ਹੋਵੇਗਾ? ਅਸੀਂ ਯਕੀਨ ਰੱਖ ਸਕਦੇ ਹਾਂ ਕਿ ਗਿਦਾਊਨ ਨੇ ਪਰਮੇਸ਼ੁਰ ਉੱਤੇ ਭਰੋਸਾ ਰੱਖਿਆ। ਉਸ ਨੇ ਉਹੀ ਕੀਤਾ ਜੋ ਉਸ ਨੂੰ ਕਰਨ ਲਈ ਕਿਹਾ ਗਿਆ ਸੀ। (ਨਿਆਈਆਂ 7:9-14 ਪੜ੍ਹੋ।) ਜਦੋਂ ਗਿਦਾਊਨ ਨੇ ਯਹੋਵਾਹ ਤੋਂ ਉਸ ਦੀ ਮਦਦ ਦਾ ਸਬੂਤ ਮੰਗਿਆ, ਤਾਂ ਪਰਮੇਸ਼ੁਰ ਨੇ ਉਸ ਨੂੰ ਫਿਟਕਾਰਿਆ ਨਹੀਂ। (ਨਿਆ. 6:36-40) ਇਸ ਦੀ ਬਜਾਇ, ਉਸ ਨੇ ਗਿਦਾਊਨ ਦੀ ਨਿਹਚਾ ਮਜ਼ਬੂਤ ਕੀਤੀ।

14 ਯਹੋਵਾਹ ਕੋਲ ਬੇਅੰਤ ਤਾਕਤ ਹੈ, ਇਸ ਕਰਕੇ ਉਹ ਆਪਣੇ ਲੋਕਾਂ ਨੂੰ ਕਿਸੇ ਵੀ ਮੁਸ਼ਕਲ ਵਿੱਚੋਂ ਕੱਢ ਸਕਦਾ ਹੈ। ਇਸ ਕੰਮ ਲਈ ਉਹ ਉਨ੍ਹਾਂ ਲੋਕਾਂ ਨੂੰ ਵੀ ਇਸਤੇਮਾਲ ਕਰ ਸਕਦਾ ਹੈ ਜਿਹੜੇ ਕਮਜ਼ੋਰ ਜਾਂ ਬੇਬੱਸ ਲੱਗਦੇ ਹਨ। ਕਈ ਵਾਰ ਸਾਨੂੰ ਵੀ ਲੱਗਦਾ ਹੈ ਕਿ ਸਾਡੇ ਦੁਸ਼ਮਣ ਜ਼ਿਆਦਾ ਹਨ ਜਾਂ ਅਸੀਂ ਮੁਸ਼ਕਲਾਂ ਨਾਲ ਘਿਰੇ ਹੋਏ ਹਾਂ। ਅਸੀਂ ਗਿਦਾਊਨ ਵਾਂਗ ਇਹ ਆਸ ਨਹੀਂ ਰੱਖਦੇ ਕਿ ਯਹੋਵਾਹ ਆਪਣੀ ਮਦਦ ਦਾ ਕੋਈ ਚਮਤਕਾਰੀ ਸਬੂਤ ਦੇਵੇ, ਪਰ ਸਾਨੂੰ ਉਸ ਦੇ ਬਚਨ ਅਤੇ ਪਵਿੱਤਰ ਸ਼ਕਤੀ ਦੀ ਅਗਵਾਈ ਵਿਚ ਚੱਲ ਰਹੀ ਮੰਡਲੀ ਤੋਂ ਸੇਧ ਅਤੇ ਭਰੋਸਾ ਮਿਲਦਾ ਹੈ। (ਰੋਮੀ. 8:31, 32) ਯਹੋਵਾਹ ਦੇ ਵਾਅਦੇ ਸਾਡੀ ਨਿਹਚਾ ਨੂੰ ਮਜ਼ਬੂਤ ਕਰਦੇ ਹਨ ਅਤੇ ਸਾਨੂੰ ਭਰੋਸਾ ਦਿੰਦੇ ਹਨ ਕਿ ਉਹੀ ਸਾਡਾ ਮਦਦਗਾਰ ਹੈ!

ਯਹੋਵਾਹ ਦੀ ਸ਼ਕਤੀ ਯਿਫ਼ਤਾਹ ’ਤੇ ਆਈ

15, 16. ਯਿਫ਼ਤਾਹ ਦੀ ਧੀ ਦਾ ਰਵੱਈਆ ਚੰਗਾ ਕਿਉਂ ਸੀ ਅਤੇ ਇਸ ਤੋਂ ਮਾਪਿਆਂ ਨੂੰ ਕੀ ਹੌਸਲਾ ਮਿਲਦਾ ਹੈ?

15 ਇਕ ਹੋਰ ਮਿਸਾਲ ’ਤੇ ਗੌਰ ਕਰੋ। ਜਦੋਂ ਇਜ਼ਰਾਈਲੀਆਂ ਨੇ ਅੰਮੋਨੀਆਂ ਨਾਲ ਲੜਨਾ ਸੀ, ਉਦੋਂ ਯਹੋਵਾਹ ਦੀ ਸ਼ਕਤੀ ਯਿਫ਼ਤਾਹ ਉੱਤੇ ਆਈ। ਯਿਫ਼ਤਾਹ ਇਸ ਲੜਾਈ ਨੂੰ ਜਿੱਤ ਕੇ ਯਹੋਵਾਹ ਦੀ ਵਡਿਆਈ ਕਰਨ ਲਈ ਉਤਾਵਲਾ ਸੀ। ਇਸ ਲਈ ਉਸ ਨੇ ਸਹੁੰ ਖਾਧੀ ਜੋ ਉਸ ਨੂੰ ਪੂਰੀ ਕਰਨੀ ਬਹੁਤ ਮਹਿੰਗੀ ਪਈ। ਉਸ ਨੇ ਸਹੁੰ ਖਾਧੀ ਕਿ ਜੇ ਪਰਮੇਸ਼ੁਰ ਅੰਮੋਨੀਆਂ ਨੂੰ ਉਸ ਦੇ ਹੱਥ ਵਿਚ ਕਰ ਦੇਵੇ, ਤਾਂ ਜਦੋਂ ਉਹ ਘਰ ਵਾਪਸ ਜਾਵੇਗਾ, ਤਾਂ ਪਹਿਲਾਂ ਜੋ ਵੀ ਉਸ ਨੂੰ ਮਿਲਣ ਘਰੋਂ ਬਾਹਰ ਆਵੇਗਾ, ਉਹ ਯਹੋਵਾਹ ਦਾ ਹੋ ਜਾਵੇਗਾ। ਜਦੋਂ ਉਹ ਅੰਮੋਨੀਆਂ ਨੂੰ ਜਿੱਤ ਕੇ ਘਰ ਵਾਪਸ ਗਿਆ, ਤਾਂ ਉਸ ਦੀ ਧੀ ਉਸ ਨੂੰ ਮਿਲਣ ਭੱਜੀ ਆਈ। (ਨਿਆ. 11:29-31, 34) ਕੀ ਯਿਫ਼ਤਾਹ ਨੂੰ ਇਹ ਦੇਖ ਕੇ ਹੈਰਾਨੀ ਹੋਈ? ਸ਼ਾਇਦ ਨਹੀਂ, ਕਿਉਂਕਿ ਉਸ ਨੂੰ ਪਤਾ ਸੀ ਕਿ ਉਸ ਦੀ ਇੱਕੋ-ਇਕ ਧੀ ਵੀ ਉਸ ਨੂੰ ਸਭ ਤੋਂ ਪਹਿਲਾਂ ਮਿਲਣ ਆ ਸਕਦੀ ਸੀ। ਆਪਣੀ ਸਹੁੰ ਪੂਰੀ ਕਰਨ ਲਈ ਉਹ ਆਪਣੀ ਧੀ ਨੂੰ ਸ਼ੀਲੋਹ ਵਿਚ ਯਹੋਵਾਹ ਦੇ ਤੰਬੂ ਵਿਚ ਸੇਵਾ ਕਰਨ ਲਈ ਲੈ ਗਿਆ। ਯਹੋਵਾਹ ਦੀ ਵਫ਼ਾਦਾਰ ਸੇਵਕ ਹੋਣ ਦੇ ਨਾਤੇ ਯਿਫ਼ਤਾਹ ਦੀ ਧੀ ਵੀ ਆਪਣੇ ਪਿਤਾ ਦੀ ਸਹੁੰ ਪੂਰੀ ਕਰਨ ਲਈ ਤਿਆਰ ਸੀ। (ਨਿਆਈਆਂ 11:36 ਪੜ੍ਹੋ।) ਪਰਮੇਸ਼ੁਰ ਨੇ ਉਨ੍ਹਾਂ ਨੂੰ ਇਸ ਤਰ੍ਹਾਂ ਕਰਨ ਲਈ ਲੋੜੀਂਦੀ ਸ਼ਕਤੀ ਦਿੱਤੀ।

16 ਯਿਫ਼ਤਾਹ ਦੀ ਧੀ ਵਿਚ ਤਿਆਗ ਦੀ ਭਾਵਨਾ ਕਿਵੇਂ ਪੈਦਾ ਹੋਈ ਸੀ? ਉਸ ਨੇ ਦੇਖਿਆ ਹੋਣਾ ਕਿ ਉਸ ਦਾ ਪਿਤਾ ਕਿੰਨੇ ਜੋਸ਼ ਨਾਲ ਪਰਮੇਸ਼ੁਰ ਦੀ ਭਗਤੀ ਕਰਦਾ ਸੀ ਅਤੇ ਇਸ ਨਾਲ ਉਸ ਦੀ ਨਿਹਚਾ ਮਜ਼ਬੂਤ ਹੋਈ ਹੋਣੀ। ਮਾਪਿਓ, ਤੁਹਾਡੇ ਬੱਚੇ ਵੀ ਤੁਹਾਡੀ ਮਿਸਾਲ ਨੂੰ ਦੇਖਦੇ ਹਨ। ਤੁਹਾਡੇ ਫ਼ੈਸਲਿਆਂ ਤੋਂ ਪਤਾ ਲੱਗਦਾ ਹੈ ਕਿ ਤੁਸੀਂ ਜੋ ਕਹਿੰਦੇ ਹੋ, ਉਸ ਉੱਤੇ ਵਿਸ਼ਵਾਸ ਵੀ ਕਰਦੇ ਹੋ। ਜਦੋਂ ਤੁਸੀਂ ਦਿਲੋਂ ਪ੍ਰਾਰਥਨਾਵਾਂ ਕਰਦੇ ਹੋ ਅਤੇ ਦੂਸਰਿਆਂ ਨੂੰ ਵਧੀਆ ਢੰਗ ਨਾਲ ਸਿੱਖਿਆ ਦਿੰਦੇ ਹੋ, ਤਾਂ ਤੁਹਾਡੀ ਮਿਸਾਲ ਨੂੰ ਦੇਖ ਕੇ ਤੁਹਾਡੇ ਬੱਚਿਆਂ ਨੂੰ ਪਤਾ ਲੱਗਦਾ ਹੈ ਕਿ ਪੂਰੇ ਦਿਲ ਨਾਲ ਯਹੋਵਾਹ ਦੀ ਭਗਤੀ ਕਰਨ ਦਾ ਕੀ ਮਤਲਬ ਹੈ। ਜਦੋਂ ਤੁਹਾਡੇ ਬੱਚੇ ਇਹ ਸਭ ਕੁਝ ਦੇਖਦੇ ਹਨ, ਤਾਂ ਉਨ੍ਹਾਂ ਦੇ ਦਿਲਾਂ ਵਿਚ ਵੀ ਯਹੋਵਾਹ ਦੇ ਕੰਮ ਕਰਨ ਦੀ ਇੱਛਾ ਪੈਦਾ ਹੋਵੇਗੀ। ਇਹ ਕਿੰਨੀ ਖ਼ੁਸ਼ੀ ਦੀ ਗੱਲ ਹੈ!

ਯਹੋਵਾਹ ਦੀ ਸ਼ਕਤੀ ਨੇ ਸਮਸੂਨ ਨੂੰ ਪ੍ਰੇਰਿਆ

17. ਪਰਮੇਸ਼ੁਰ ਦੀ ਸ਼ਕਤੀ ਦੀ ਮਦਦ ਨਾਲ ਸਮਸੂਨ ਕੀ ਕਰ ਸਕਿਆ?

17 ਇਕ ਹੋਰ ਮਿਸਾਲ ਉੱਤੇ ਗੌਰ ਕਰੋ। ਜਦੋਂ ਫਲਿਸਤੀਆਂ ਨੇ ਇਜ਼ਰਾਈਲੀਆਂ ਨੂੰ ਆਪਣੇ ਅਧੀਨ ਕਰ ਲਿਆ ਸੀ, ਤਾਂ ਉਸ ਵੇਲੇ ਯਹੋਵਾਹ ਦੀ ਪਵਿੱਤਰ ਸ਼ਕਤੀ ਨੇ ਸਮਸੂਨ ਨੂੰ ਪ੍ਰੇਰਿਆ ਕਿ ਉਹ ਇਜ਼ਰਾਈਲ ਨੂੰ ਛੁਡਾਵੇ। (ਨਿਆ. 13:24, 25) ਸਮਸੂਨ ਨੂੰ ਅਨੋਖੇ ਤੇ ਹੈਰਾਨ ਕਰ ਦੇਣ ਵਾਲੇ ਕੰਮ ਕਰਨ ਦੀ ਤਾਕਤ ਦਿੱਤੀ ਗਈ ਸੀ। ਜਦੋਂ ਫਲਿਸਤੀਆਂ ਨੇ ਕੁਝ ਇਜ਼ਰਾਈਲੀਆਂ ਨੂੰ ਇਸ ਗੱਲ ਲਈ ਰਾਜ਼ੀ ਕਰ ਲਿਆ ਕਿ ਉਹ ਸਮਸੂਨ ਨੂੰ ਫੜ ਲੈਣ, ਤਾਂ “ਉਸ ਵੇਲੇ ਯਹੋਵਾਹ ਦਾ ਆਤਮਾ [“ਪਵਿੱਤਰ ਸ਼ਕਤੀ” NW] ਡਾਢੇ ਜ਼ੋਰ ਨਾਲ ਉਹ ਦੇ ਉੱਤੇ ਆਇਆ ਅਤੇ ਓਹ ਰੱਸੇ ਜਿਨ੍ਹਾਂ ਨਾਲ ਉਹ ਦੀਆਂ ਬਾਹਾਂ ਬੰਨ੍ਹੀਆਂ ਸਨ ਅਜੇਹੇ ਹੋ ਗਏ ਜੇਹੇ ਅੱਗ ਨਾਲ ਸੜੇ ਹੋਏ ਸਨ ਅਤੇ ਉਹ ਦੇ ਹੱਥਾਂ ਦੇ ਬੰਧਨ ਖੁਲ੍ਹ ਗਏ।” (ਨਿਆ. 15:14) ਜਦੋਂ ਸਮਸੂਨ ਆਪਣੇ ਗ਼ਲਤ ਫ਼ੈਸਲੇ ਕਰ ਕੇ ਸਰੀਰਕ ਤੌਰ ਤੇ ਕਮਜ਼ੋਰ ਹੋ ਗਿਆ ਸੀ, ਤਾਂ ਉਸ ਵੇਲੇ ਉਸ ਨੂੰ ਆਪਣੀ ਨਿਹਚਾ ਕਰਕੇ ਤਾਕਤਵਰ ਬਣਾਇਆ ਗਿਆ। (ਇਬ. 11:32-34; ਨਿਆ. 16:18-21, 28-30) ਸਮਸੂਨ ਨੇ ਮੁਸ਼ਕਲ ਹਾਲਾਤਾਂ ਵਿਚ ਯਹੋਵਾਹ ਦੀ ਸੇਵਾ ਕੀਤੀ ਜਿਸ ਕਰਕੇ ਯਹੋਵਾਹ ਨੇ ਉਸ ਨੂੰ ਵੱਡੇ-ਵੱਡੇ ਕੰਮ ਕਰਨ ਦੀ ਤਾਕਤ ਦਿੱਤੀ। ਇਨ੍ਹਾਂ ਘਟਨਾਵਾਂ ਤੋਂ ਸਾਨੂੰ ਅੱਜ ਕੀ ਹੌਸਲਾ ਮਿਲਦਾ ਹੈ?

18, 19. (ੳ) ਸਮਸੂਨ ਦੀ ਮਿਸਾਲ ਤੋਂ ਸਾਨੂੰ ਕੀ ਭਰੋਸਾ ਮਿਲਦਾ ਹੈ? (ਅ) ਇਸ ਲੇਖ ਵਿਚ ਦਿੱਤੀਆਂ ਵਫ਼ਾਦਾਰ ਸੇਵਕਾਂ ਦੀਆਂ ਮਿਸਾਲਾਂ ਉੱਤੇ ਗੌਰ ਕਰ ਕੇ ਤੁਹਾਨੂੰ ਕੀ ਫ਼ਾਇਦਾ ਹੋਇਆ ਹੈ?

18 ਅਸੀਂ ਵੀ ਉਸੇ ਪਵਿੱਤਰ ਸ਼ਕਤੀ ਦਾ ਸਹਾਰਾ ਲੈਂਦੇ ਹਾਂ ਜਿਸ ਦਾ ਸਹਾਰਾ ਸਮਸੂਨ ਨੇ ਲਿਆ ਸੀ। ਅਸੀਂ ਯਿਸੂ ਵੱਲੋਂ ਦਿੱਤਾ ਕੰਮ ਕਰਨ ਵੇਲੇ ਇਸ ਸ਼ਕਤੀ ਦਾ ਸਹਾਰਾ ਲੈਂਦੇ ਹਾਂ। ਯਿਸੂ ਨੇ ਸਾਨੂੰ ਹੁਕਮ ਦਿੱਤਾ ਹੈ ਕਿ ਅਸੀਂ ‘ਲੋਕਾਂ ਨੂੰ ਪ੍ਰਚਾਰ ਕਰੀਏ ਅਤੇ ਉਨ੍ਹਾਂ ਨੂੰ ਚੰਗੀ ਤਰ੍ਹਾਂ ਸਮਝਾਈਏ।’ (ਰਸੂ. 10:42) ਇਸ ਕੰਮ ਨੂੰ ਕਰਨ ਦੀ ਕਾਬਲੀਅਤ ਸ਼ਾਇਦ ਕੁਦਰਤੀ ਤੌਰ ਤੇ ਸਾਡੇ ਵਿਚ ਨਾ ਹੋਵੇ। ਅਸੀਂ ਇਸ ਗੱਲ ਲਈ ਕਿੰਨੇ ਸ਼ੁਕਰਗੁਜ਼ਾਰ ਹਾਂ ਕਿ ਯਹੋਵਾਹ ਸਾਨੂੰ ਆਪਣੀ ਸ਼ਕਤੀ ਦਿੰਦਾ ਹੈ ਤਾਂਕਿ ਇਹ ਕੰਮ ਪੂਰਾ ਕਰਨ ਲਈ ਸਾਨੂੰ ਜੋ ਵੀ ਕਰਨਾ ਪਵੇ ਅਸੀਂ ਉਹ ਕਰ ਸਕੀਏ। ਇਸ ਲਈ ਆਪਣਾ ਕੰਮ ਕਰਦੇ ਹੋਏ ਅਸੀਂ ਵੀ ਯਸਾਯਾਹ ਵਾਂਗ ਕਹਿ ਸਕਦੇ ਹਾਂ: “ਹੁਣ ਪ੍ਰਭੁ ਯਹੋਵਾਹ ਨੇ ਮੈਨੂੰ ਅਤੇ ਆਪਣੇ ਆਤਮਾ [“ਆਪਣੀ ਪਵਿੱਤਰ ਸ਼ਕਤੀ” NW] ਨੂੰ ਘੱਲਿਆ ਹੈ।” (ਯਸਾ. 48:16) ਜੀ ਹਾਂ, ਯਹੋਵਾਹ ਸਾਨੂੰ ਘੱਲਣ ਵੇਲੇ ਆਪਣੀ ਸ਼ਕਤੀ ਦਿੰਦਾ ਹੈ। ਅਸੀਂ ਇਸ ਭਰੋਸੇ ਨਾਲ ਆਪਣਾ ਕੰਮ ਕਰਦੇ ਹਾਂ ਕਿ ਯਹੋਵਾਹ ਸਾਡੀਆਂ ਕਾਬਲੀਅਤਾਂ ਨੂੰ ਹੋਰ ਵਧਾਏਗਾ ਜਿਵੇਂ ਉਸ ਨੇ ਮੂਸਾ, ਬਸਲਏਲ ਅਤੇ ਯਹੋਸ਼ੁਆ ਦੀ ਕਾਬਲੀਅਤ ਵਧਾਈ ਸੀ। ਅਸੀਂ ‘ਪਵਿੱਤਰ ਸ਼ਕਤੀ ਦੀ ਤਲਵਾਰ ਯਾਨੀ ਪਰਮੇਸ਼ੁਰ ਦੇ ਬਚਨ’ ਦਾ ਸਹਾਰਾ ਲੈਂਦੇ ਹਾਂ ਅਤੇ ਭਰੋਸਾ ਰੱਖਦੇ ਹਾਂ ਕਿ ਉਹ ਸਾਨੂੰ ਵੀ ਤਾਕਤਵਰ ਬਣਾਵੇਗਾ ਜਿਵੇਂ ਉਸ ਨੇ ਗਿਦਾਊਨ, ਯਿਫ਼ਤਾਹ ਅਤੇ ਸਮਸੂਨ ਨੂੰ ਬਣਾਇਆ ਸੀ। (ਅਫ਼. 6:17, 18) ਜੇ ਅਸੀਂ ਮੁਸ਼ਕਲਾਂ ਦਾ ਸਾਮ੍ਹਣਾ ਕਰਨ ਲਈ ਯਹੋਵਾਹ ਤੋਂ ਮਦਦ ਲੈਂਦੇ ਹਾਂ, ਤਾਂ ਸਾਡੀ ਨਿਹਚਾ ਵੀ ਉੱਨੀ ਹੀ ਮਜ਼ਬੂਤ ਹੋਵੇਗੀ ਜਿੰਨਾ ਸਮਸੂਨ ਨੂੰ ਸਰੀਰਕ ਤੌਰ ਤੇ ਤਾਕਤਵਰ ਬਣਾਇਆ ਗਿਆ ਸੀ।

19 ਇਹ ਗੱਲ ਸਾਫ਼ ਹੈ ਕਿ ਯਹੋਵਾਹ ਉਨ੍ਹਾਂ ਲੋਕਾਂ ਨੂੰ ਬਰਕਤਾਂ ਦਿੰਦਾ ਹੈ ਜਿਹੜੇ ਦਲੇਰੀ ਨਾਲ ਉਸ ਦੀ ਭਗਤੀ ਕਰਦੇ ਹਨ। ਪਰਮੇਸ਼ੁਰ ਦੀ ਸ਼ਕਤੀ ਦੀ ਅਗਵਾਈ ਵਿਚ ਚੱਲਣ ਨਾਲ ਸਾਡੀ ਨਿਹਚਾ ਹੋਰ ਵਧੇਗੀ। ਇਸ ਲਈ ਯੂਨਾਨੀ ਲਿਖਤਾਂ ਵਿਚ ਜ਼ਿਕਰ ਕੀਤੀਆਂ ਗਈਆਂ ਕੁਝ ਦਿਲਚਸਪ ਘਟਨਾਵਾਂ ਉੱਤੇ ਗੌਰ ਕਰ ਕੇ ਸਾਨੂੰ ਖ਼ੁਸ਼ੀ ਹੋਵੇਗੀ। ਅਸੀਂ ਜਾਣਾਂਗੇ ਕਿ ਯਹੋਵਾਹ ਨੇ ਪਹਿਲੀ ਸਦੀ ਵਿਚ ਪੰਤੇਕੁਸਤ 33 ਈ. ਤੋਂ ਪਹਿਲਾਂ ਅਤੇ ਬਾਅਦ ਵਿਚ ਆਪਣੇ ਵਫ਼ਾਦਾਰ ਸੇਵਕਾਂ ਦੀ ਮਦਦ ਕਰਨ ਲਈ ਆਪਣੀ ਸ਼ਕਤੀ ਕਿਵੇਂ ਵਰਤੀ ਸੀ। ਇਨ੍ਹਾਂ ਘਟਨਾਵਾਂ ਬਾਰੇ ਅਗਲੇ ਲੇਖ ਵਿਚ ਚਰਚਾ ਕੀਤੀ ਜਾਵੇਗੀ।

ਥੱਲੇ ਦੱਸੇ ਵਫ਼ਾਦਾਰ ਆਦਮੀਆਂ ਦੀ ਜਿਸ ਤਰੀਕੇ ਨਾਲ ਪਵਿੱਤਰ ਸ਼ਕਤੀ ਨੇ ਮਦਦ ਕੀਤੀ ਸੀ, ਉਸ ਬਾਰੇ ਜਾਣ ਕੇ ਸਾਨੂੰ ਕਿਵੇਂ ਹੌਸਲਾ ਮਿਲਦਾ ਹੈ?

• ਮੂਸਾ

• ਬਸਲਏਲ

• ਯਹੋਸ਼ੁਆ

• ਗਿਦਾਊਨ

• ਯਿਫ਼ਤਾਹ

• ਸਮਸੂਨ

[ਸਵਾਲ]

[ਸਫ਼ਾ 22 ਉੱਤੇ ਸੁਰਖੀ]

ਯਹੋਵਾਹ ਦੀ ਸ਼ਕਤੀ ਨਾਲ ਸਾਡੀ ਨਿਹਚਾ ਵੀ ਉੱਨੀ ਹੀ ਮਜ਼ਬੂਤ ਹੋ ਸਕਦੀ ਹੈ ਜਿੰਨਾ ਸਮਸੂਨ ਸਰੀਰਕ ਤੌਰ ਤੇ ਤਾਕਤਵਰ ਸੀ

[ਸਫ਼ਾ 21 ਉੱਤੇ ਤਸਵੀਰ]

ਮਾਪਿਓ, ਤੁਹਾਡੇ ਜੋਸ਼ ਦਾ ਤੁਹਾਡੇ ਬੱਚਿਆਂ ਉੱਤੇ ਅਸਰ ਪੈਂਦਾ ਹੈ