Skip to content

Skip to table of contents

ਬੀਮਾਰੀ ਕਰਕੇ ਆਪਣੀ ਖ਼ੁਸ਼ੀ ਨਾ ਗੁਆਓ

ਬੀਮਾਰੀ ਕਰਕੇ ਆਪਣੀ ਖ਼ੁਸ਼ੀ ਨਾ ਗੁਆਓ

ਬੀਮਾਰੀ ਕਰਕੇ ਆਪਣੀ ਖ਼ੁਸ਼ੀ ਨਾ ਗੁਆਓ

ਅੱਯੂਬ ਨੇ ਕਿਹਾ ਸੀ: ‘ਜੀਉਣ ਨਾਲੋਂ ਮੇਰਾ ਮਰਨਾ ਚੰਗਾ ਹੈ।’ (ਅੱਯੂ. 7:15, CL) ਤੁਸੀਂ ਵੀ ਸ਼ਾਇਦ ਆਪਣੀ ਬੀਮਾਰੀ ਕਰਕੇ ਕਈ ਵਾਰ ਇਸ ਤਰ੍ਹਾਂ ਸੋਚਿਆ ਹੋਵੇ, ਖ਼ਾਸ ਕਰਕੇ ਜੇ ਤੁਸੀਂ ਕਾਫ਼ੀ ਸਾਲਾਂ ਤੋਂ ਬੀਮਾਰ ਹੋਵੋ।

ਇੱਦਾਂ ਦੇ ਹਾਲਾਤ ਮਫ਼ੀਬੋਸ਼ਥ ਦੇ ਵੀ ਸਨ ਜਿਹੜਾ ਦਾਊਦ ਦੇ ਦੋਸਤ ਯੋਨਾਥਾਨ ਦਾ ਮੁੰਡਾ ਸੀ। ਜਦੋਂ ਮਫ਼ੀਬੋਸ਼ਥ ਪੰਜ ਸਾਲਾਂ ਦਾ ਸੀ, ਤਾਂ ਉਹ “ਡਿੱਗ ਪਿਆ ਅਤੇ ਲੰਙਾ ਹੋ ਗਿਆ।” (2 ਸਮੂ. 4:4) ਇਕ ਤਾਂ ਉਹ ਲੰਗੜਾ ਸੀ ਤੇ ਦੂਜਾ ਉਸ ’ਤੇ ਰਾਜਾ ਦਾਊਦ ਨੂੰ ਦਗ਼ਾ ਦੇਣ ਦਾ ਝੂਠਾ ਦੋਸ਼ ਲਾਇਆ ਗਿਆ। ਇਸ ਦੇ ਨਾਲ-ਨਾਲ ਉਸ ਨੂੰ ਮਾਲੀ ਨੁਕਸਾਨ ਵੀ ਸਹਿਣਾ ਪਿਆ। ਇਨ੍ਹਾਂ ਸਾਰੀਆਂ ਗੱਲਾਂ ਕਰਕੇ ਉਹ ਕਿੰਨਾ ਦੁਖੀ ਹੋਇਆ ਹੋਣਾ! ਫਿਰ ਵੀ ਉਸ ਨੇ ਆਪਣੀ ਸਰੀਰਕ ਕਮਜ਼ੋਰੀ, ਬਦਨਾਮੀ ਅਤੇ ਨਿਰਾਸ਼ਾ ਦਾ ਸਾਮ੍ਹਣਾ ਕਰਦੇ ਹੋਏ ਸੱਚ-ਮੁੱਚ ਇਕ ਬਹੁਤ ਹੀ ਵਧੀਆ ਮਿਸਾਲ ਕਾਇਮ ਕੀਤੀ ਸੀ। ਉਸ ਨੇ ਇਨ੍ਹਾਂ ਮੁਸ਼ਕਲਾਂ ਕਰਕੇ ਆਪਣੀ ਖ਼ੁਸ਼ੀ ਨਹੀਂ ਗੁਆਈ।—2 ਸਮੂ. 9:6-10; 16:1-4; 19:24-30.

ਪੌਲੁਸ ਰਸੂਲ ਦੀ ਮਿਸਾਲ ’ਤੇ ਵੀ ਗੌਰ ਕਰੋ। ਉਸ ਨੇ ਇਕ ਵਾਰ ਲਿਖਿਆ ਕਿ ਉਸ ਦੇ ‘ਸਰੀਰ ਵਿਚ ਇਕ ਕੰਡਾ ਚੁਭਿਆ’ ਹੋਇਆ ਸੀ ਜਿਸ ਦਾ ਦੁੱਖ ਉਸ ਨੂੰ ਸਹਿਣਾ ਪੈ ਰਿਹਾ ਸੀ। (2 ਕੁਰਿੰ. 12:7) ਇੱਥੇ ਜਿਸ ਕੰਡੇ ਬਾਰੇ ਉਸ ਨੇ ਗੱਲ ਕੀਤੀ ਸੀ, ਹੋ ਸਕਦਾ ਹੈ ਕਿ ਇਹ ਕੋਈ ਬੀਮਾਰੀ ਸੀ ਜਾਂ ਇਹ ਉਹ ਲੋਕ ਸਨ ਜਿਨ੍ਹਾਂ ਨੇ ਉਸ ਦੇ ਰਸੂਲ ਹੋਣ ਦੇ ਰੁਤਬੇ ਨੂੰ ਚੁਣੌਤੀ ਦਿੱਤੀ ਸੀ। ਜੋ ਵੀ ਸੀ, ਉਸ ਦੀ ਸਮੱਸਿਆ ਕਾਫ਼ੀ ਸਮੇਂ ਤਕ ਰਹੀ ਜਿਸ ਕਰਕੇ ਉਸ ਨੂੰ ਸਰੀਰਕ ਜਾਂ ਮਾਨਸਿਕ ਪੀੜ ਝੱਲਣੀ ਪਈ।—2 ਕੁਰਿੰ. 12:9, 10.

ਅੱਜ ਪਰਮੇਸ਼ੁਰ ਦੇ ਕੁਝ ਸੇਵਕ ਸਰੀਰ ਤੇ ਮਨ ਦੀਆਂ ਬੀਮਾਰੀਆਂ ਦਾ ਦੁੱਖ ਝੱਲਦੇ ਹਨ। ਮਾਗਡਾਲੇਨਾ ਨੂੰ 18 ਸਾਲ ਦੀ ਉਮਰ ਤੋਂ ਲੂਪਸ ਨਾਂ ਦੀ ਬੀਮਾਰੀ ਹੈ। ਇਸ ਬੀਮਾਰੀ ਵਿਚ ਸਰੀਰ ਦੀ ਰੱਖਿਆ ਪ੍ਰਣਾਲੀ ਸਰੀਰ ਦੇ ਅੰਗਾਂ ’ਤੇ ਹਮਲਾ ਕਰਦੀ ਹੈ। ਉਹ ਕਹਿੰਦੀ ਹੈ: “ਇਸ ਬੀਮਾਰੀ ਬਾਰੇ ਸੁਣ ਕੇ ਮੈਂ ਸਹਿਮ ਗਈ। ਸਮੇਂ ਦੇ ਬੀਤਣ ਨਾਲ ਮੇਰੀ ਹਾਲਤ ਵਿਗੜਦੀ ਗਈ। ਇਸ ਬੀਮਾਰੀ ਕਰਕੇ ਮੈਨੂੰ ਖਾਣਾ ਹਜ਼ਮ ਨਹੀਂ ਹੁੰਦਾ, ਮੂੰਹ ਵਿਚ ਛਾਲੇ ਹੋਏ ਰਹਿੰਦੇ ਤੇ ਥਾਇਰਾਇਡ ਦੀ ਸਮੱਸਿਆ ਵੀ ਹੈ।” ਇਸ ਦੇ ਉਲਟ, ਈਜ਼ਾਬੇਲਾ ਦੀਆਂ ਪਰੇਸ਼ਾਨੀਆਂ ਕਿਸੇ ਨੂੰ ਨਹੀਂ ਦਿੱਖਦੀਆਂ। ਉਹ ਕਹਿੰਦੀ ਹੈ: “ਬਚਪਨ ਤੋਂ ਮੈਨੂੰ ਡਿਪਰੈਸ਼ਨ ਹੈ ਜਿਸ ਕਰਕੇ ਮੈਨੂੰ ਡਰ ਦੇ ਦੌਰੇ ਪੈਂਦੇ ਹਨ, ਸਾਹ ਲੈਣ ਵਿਚ ਮੁਸ਼ਕਲ ਆਉਂਦੀ ਹੈ ਤੇ ਢਿੱਡ-ਪੀੜ ਹੁੰਦੀ ਹੈ। ਇਸ ਕਰਕੇ ਮੈਂ ਬਹੁਤ ਥੱਕੀ-ਥੱਕੀ ਰਹਿੰਦੀ ਹਾਂ।”

ਹਕੀਕਤ ਦਾ ਸਾਮ੍ਹਣਾ ਕਰੋ

ਤੁਹਾਡੀ ਬੀਮਾਰੀ ਦਾ ਤੁਹਾਡੀ ਜ਼ਿੰਦਗੀ ਉੱਤੇ ਵੀ ਅਸਰ ਪੈ ਸਕਦਾ ਹੈ। ਜਦੋਂ ਇੱਦਾਂ ਹੁੰਦਾ ਹੈ, ਤਾਂ ਬੈਠ ਕੇ ਆਪਣੇ ਹਾਲਾਤਾਂ ਦੀ ਜਾਂਚ ਕਰੋ। ਇਸ ਗੱਲ ਨੂੰ ਸਵੀਕਾਰ ਕਰਨਾ ਸੌਖਾ ਨਹੀਂ ਹੁੰਦਾ ਕਿ ਤੁਸੀਂ ਪਹਿਲਾਂ ਜਿੰਨਾ ਨਹੀਂ ਕਰ ਸਕਦੇ। ਮਾਗਡਾਲੇਨਾ ਕਹਿੰਦੀ ਹੈ: “ਮੇਰੀ ਬੀਮਾਰੀ ਵਧ ਰਹੀ ਹੈ। ਕਈ ਵਾਰ ਤਾਂ ਮੇਰੇ ਸਰੀਰ ਵਿਚ ਜਾਨ ਹੀ ਨਹੀਂ ਹੁੰਦੀ ਜਿਸ ਕਰਕੇ ਮੈਂ ਮੰਜੇ ਤੋਂ ਉੱਠ ਨਹੀਂ ਸਕਦੀ। ਮੈਨੂੰ ਪਤਾ ਨਹੀਂ ਹੁੰਦਾ ਕਿ ਮੇਰੀ ਹਾਲਤ ਕੱਲ੍ਹ ਨੂੰ ਕਿੱਦਾਂ ਦੀ ਹੋਵੇਗੀ ਜਿਸ ਕਰਕੇ ਮੈਂ ਕੁਝ ਵੀ ਕਰਨ ਬਾਰੇ ਪਹਿਲਾਂ ਤੋਂ ਸੋਚ ਨਹੀਂ ਸਕਦੀ। ਮੈਨੂੰ ਜ਼ਿਆਦਾ ਦੁੱਖ ਇਸ ਗੱਲ ਦਾ ਹੁੰਦਾ ਹੈ ਕਿ ਮੈਂ ਯਹੋਵਾਹ ਦੀ ਸੇਵਾ ਪਹਿਲਾਂ ਜਿੰਨੀ ਨਹੀਂ ਕਰ ਸਕਦੀ।”

ਜ਼ਬੀਗਨਿਐਵ ਕਹਿੰਦਾ ਹੈ: “ਜਿੱਦਾਂ-ਜਿੱਦਾਂ ਸਾਲ ਬੀਤਦੇ ਜਾਂਦੇ ਹਨ, ਗਠੀਏ ਕਰਕੇ ਮੇਰਾ ਇਕ ਤੋਂ ਬਾਅਦ ਇਕ ਜੋੜ ਖ਼ਰਾਬ ਹੋਈ ਜਾ ਰਿਹਾ ਹੈ। ਇਸ ਕਰਕੇ ਮੇਰੇ ਵਿਚ ਬਿਲਕੁਲ ਜਾਨ ਨਹੀਂ ਰਹਿੰਦੀ। ਕਈ ਵਾਰ ਇੰਨਾ ਜ਼ਿਆਦਾ ਦਰਦ ਹੁੰਦਾ ਹੈ ਕਿ ਮੈਂ ਛੋਟੇ-ਛੋਟੇ ਕੰਮ ਵੀ ਨਹੀਂ ਕਰ ਸਕਦਾ। ਇਸ ਨਾਲ ਮੈਂ ਨਿਰਾਸ਼ ਹੋ ਜਾਂਦਾ ਹਾਂ।”

ਕੁਝ ਸਾਲ ਪਹਿਲਾਂ ਬਾਰਬਰਾ ਦੇ ਦਿਮਾਗ਼ ਵਿਚ ਟਿਊਮਰ ਹੋ ਗਿਆ। ਉਹ ਦੱਸਦੀ ਹੈ: “ਮੇਰੇ ਸਰੀਰ ਵਿਚ ਅਚਾਨਕ ਕਈ ਬਦਲਾਅ ਆਏ। ਮੇਰਾ ਕੁਝ ਵੀ ਕਰਨ ਨੂੰ ਦਿਲ ਨਹੀਂ ਕਰਦਾ, ਸਿਰ ਦੁੱਖਦਾ ਰਹਿੰਦਾ ਤੇ ਕਈ ਵਾਰ ਕਿਸੇ ਗੱਲ ਉੱਤੇ ਧਿਆਨ ਨਹੀਂ ਲੱਗਦਾ। ਇਨ੍ਹਾਂ ਸਾਰੀਆਂ ਗੱਲਾਂ ਕਰਕੇ ਮੈਨੂੰ ਆਪਣੇ ਹਾਲਾਤਾਂ ਦੀ ਜਾਂਚ ਕਰ ਕੇ ਦੇਖਣਾ ਪਿਆ ਕਿ ਮੈਂ ਕੀ ਕਰ ਸਕਦੀ ਹਾਂ ਤੇ ਕੀ ਨਹੀਂ।”

ਇਹ ਸਾਰੇ ਜਣੇ ਯਹੋਵਾਹ ਦੇ ਸੇਵਕ ਹਨ। ਇਸ ਕਰਕੇ ਇਨ੍ਹਾਂ ਲਈ ਜ਼ਿੰਦਗੀ ਵਿਚ ਪਰਮੇਸ਼ੁਰ ਦੀ ਇੱਛਾ ਪੂਰੀ ਕਰਨੀ ਸਭ ਤੋਂ ਜ਼ਰੂਰੀ ਹੈ। ਇਸ ਲਈ ਇਹ ਭੈਣ-ਭਰਾ ਪਰਮੇਸ਼ੁਰ ’ਤੇ ਪੂਰਾ ਭਰੋਸਾ ਰੱਖਦੇ ਹਨ ਤੇ ਇਨ੍ਹਾਂ ਨੂੰ ਉਸ ਦੀ ਮਦਦ ਤੋਂ ਫ਼ਾਇਦਾ ਹੁੰਦਾ ਹੈ।—ਕਹਾ. 3:5, 6.

ਯਹੋਵਾਹ ਕਿਵੇਂ ਮਦਦ ਕਰਦਾ ਹੈ?

ਸਾਨੂੰ ਇਹ ਨਹੀਂ ਸੋਚਣਾ ਚਾਹੀਦਾ ਕਿ ਸਾਡੇ ਦੁੱਖ ਇਸ ਗੱਲ ਦੀ ਨਿਸ਼ਾਨੀ ਹਨ ਕਿ ਪਰਮੇਸ਼ੁਰ ਸਾਡੇ ਨਾਲ ਨਾਰਾਜ਼ ਹੈ। (ਵਿਰ. 3:33) ਜ਼ਰਾ ਅੱਯੂਬ ਦੀ ਮਿਸਾਲ ਉੱਤੇ ਗੌਰ ਕਰੋ ਜਿਸ ਨੂੰ “ਖਰਾ ਤੇ ਨੇਕ” ਹੁੰਦੇ ਹੋਏ ਵੀ ਕਿੰਨੇ ਦੁੱਖ ਝੱਲਣੇ ਪਏ। (ਅੱਯੂ. 1:8) ਪਰਮੇਸ਼ੁਰ ਕਿਸੇ ਨੂੰ ਦੁੱਖ ਦੇ ਕੇ ਉਸ ਦੀ ਪਰੀਖਿਆ ਨਹੀਂ ਲੈਂਦਾ। (ਯਾਕੂ. 1:13) ਸਾਰੀਆਂ ਬੀਮਾਰੀਆਂ, ਚਾਹੇ ਉਹ ਸਰੀਰਕ ਹੋਣ ਜਾਂ ਮਾਨਸਿਕ, ਸਾਨੂੰ ਸਾਡੇ ਪਹਿਲੇ ਮਾਤਾ-ਪਿਤਾ ਆਦਮ ਤੇ ਹੱਵਾਹ ਤੋਂ ਮਿਲੀਆਂ ਹਨ।—ਰੋਮੀ. 5:12.

ਪਰ ਯਹੋਵਾਹ ਤੇ ਯਿਸੂ ਕਦੀ ਵੀ ਧਰਮੀਆਂ ਨੂੰ ਨਹੀਂ ਛੱਡਣਗੇ ਅਤੇ ਉਹ ਹਮੇਸ਼ਾ ਉਨ੍ਹਾਂ ਦੀ ਮਦਦ ਕਰਨਗੇ। (ਜ਼ਬੂ. 34:15) ਖ਼ਾਸ ਕਰਕੇ ਮੁਸ਼ਕਲਾਂ ਦਾ ਸਾਮ੍ਹਣਾ ਕਰਦੇ ਹੋਏ ਅਸੀਂ ਇਸ ਗੱਲ ਦੀ ਕਦਰ ਕਰਦੇ ਹਾਂ ਕਿ ਪਰਮੇਸ਼ੁਰ ‘ਸਾਡੀ ਪਨਾਹ ਅਤੇ ਸਾਡਾ ਗੜ੍ਹ’ ਹੈ। (ਜ਼ਬੂ. 91:2) ਪਰ ਜਦੋਂ ਹਾਲਾਤਾਂ ਨਾਲ ਨਿਪਟਣਾ ਆਸਾਨ ਨਹੀਂ ਹੁੰਦਾ ਉਦੋਂ ਕਿਹੜੀਆਂ ਗੱਲਾਂ ਸਾਡੀ ਖ਼ੁਸ਼ੀ ਨੂੰ ਬਣਾਈ ਰੱਖ ਸਕਦੀਆਂ ਹਨ?

ਪ੍ਰਾਰਥਨਾ: ਪਰਮੇਸ਼ੁਰ ਦੇ ਪੁਰਾਣੇ ਵਫ਼ਾਦਾਰ ਸੇਵਕਾਂ ਦੀ ਰੀਸ ਕਰਦੇ ਹੋਏ ਤੁਹਾਨੂੰ ਪ੍ਰਾਰਥਨਾ ਕਰ ਕੇ ਆਪਣਾ ਭਾਰ ਯਹੋਵਾਹ ’ਤੇ ਸੁੱਟਣਾ ਚਾਹੀਦਾ ਹੈ। (ਜ਼ਬੂ. 55:22) ਇਸ ਤਰ੍ਹਾਂ ਕਰ ਕੇ ਤੁਹਾਨੂੰ “ਪਰਮੇਸ਼ੁਰ ਦੀ ਸ਼ਾਂਤੀ” ਮਿਲੇਗੀ “ਜਿਹੜੀ ਸਾਰੀ ਇਨਸਾਨੀ ਸਮਝ ਤੋਂ ਬਾਹਰ ਹੈ।” ਇਹ ਸ਼ਾਂਤੀ “ਤੁਹਾਡੇ ਦਿਲਾਂ ਅਤੇ ਮਨਾਂ ਦੀ ਰਾਖੀ ਕਰੇਗੀ।” (ਫ਼ਿਲਿ. 4:6, 7) ਮਾਗਡਾਲੇਨਾ ਪਰਮੇਸ਼ੁਰ ’ਤੇ ਭਰੋਸਾ ਰੱਖਦੀ ਹੈ ਅਤੇ ਉਸ ਨੂੰ ਪ੍ਰਾਰਥਨਾ ਕਰਦੀ ਹੈ ਜਿਸ ਕਰਕੇ ਉਹ ਆਪਣੀ ਬੀਮਾਰੀ ਨੂੰ ਸਹਿਣ ਕਰ ਸਕਦੀ ਹੈ। ਉਹ ਕਹਿੰਦੀ ਹੈ: “ਜਦੋਂ ਮੈਂ ਦਿਲ ਖੋਲ੍ਹ ਕੇ ਯਹੋਵਾਹ ਨੂੰ ਪ੍ਰਾਰਥਨਾ ਕਰਦੀ ਹਾਂ, ਤਾਂ ਮੈਨੂੰ ਆਪਣੇ ਦੁੱਖ ਸਹਿਣ ਅਤੇ ਖ਼ੁਸ਼ ਰਹਿਣ ਵਿਚ ਮਦਦ ਮਿਲਦੀ ਹੈ। ਹੁਣ ਮੈਨੂੰ ਪਤਾ ਲੱਗ ਗਿਆ ਹੈ ਕਿ ਹਰ ਰੋਜ਼ ਪਰਮੇਸ਼ੁਰ ’ਤੇ ਭਰੋਸਾ ਰੱਖਣ ਦਾ ਕੀ ਮਤਲਬ ਹੈ।”—2 ਕੁਰਿੰ. 1:3, 4.

ਸਾਡੀਆਂ ਪ੍ਰਾਰਥਨਾਵਾਂ ਦੇ ਜਵਾਬ ਵਿਚ ਯਹੋਵਾਹ ਸਾਨੂੰ ਆਪਣੀ ਪਵਿੱਤਰ ਸ਼ਕਤੀ, ਆਪਣੇ ਬਚਨ ਤੇ ਭੈਣਾਂ-ਭਰਾਵਾਂ ਦੇ ਜ਼ਰੀਏ ਤਾਕਤ ਦਿੰਦਾ ਹੈ। ਅਸੀਂ ਇਹ ਆਸ ਨਹੀਂ ਰੱਖਦੇ ਕਿ ਪਰਮੇਸ਼ੁਰ ਚਮਤਕਾਰ ਕਰ ਕੇ ਸਾਡੀ ਬੀਮਾਰੀ ਠੀਕ ਕਰ ਦੇਵੇ। ਪਰ ਅਸੀਂ ਉਸ ਕੋਲੋਂ ਬੁੱਧ ਤੇ ਤਾਕਤ ਮੰਗ ਸਕਦੇ ਹਾਂ ਜੋ ਹਰ ਸਮੱਸਿਆ ਨਾਲ ਨਜਿੱਠਣ ਲਈ ਜ਼ਰੂਰੀ ਹਨ। (ਕਹਾ. 2:7) ਪਰਮੇਸ਼ੁਰ ਸਾਨੂੰ ਉਹ ਤਾਕਤ ਦੇ ਸਕਦਾ ਹੈ ਜੋ “ਇਨਸਾਨੀ ਤਾਕਤ ਨਾਲੋਂ ਕਿਤੇ ਵਧ ਕੇ ਹੈ।”—2 ਕੁਰਿੰ. 4:7.

ਪਰਿਵਾਰ: ਪਰਿਵਾਰ ਦੇ ਮੈਂਬਰਾਂ ਦਾ ਪਿਆਰ ਤੇ ਹਮਦਰਦੀ ਬੀਮਾਰੀ ਨਾਲ ਲੜਨ ਵਿਚ ਤੁਹਾਡੀ ਮਦਦ ਕਰ ਸਕਦੀ ਹੈ। ਇਕ ਗੱਲ ਯਾਦ ਰੱਖੋ ਕਿ ਤੁਹਾਡੀ ਬੀਮਾਰੀ ਦਾ ਦੁੱਖ ਤੁਹਾਡੇ ਘਰਦਿਆਂ ਨੂੰ ਵੀ ਹੈ। ਉਹ ਵੀ ਸ਼ਾਇਦ ਤੁਹਾਡੇ ਵਾਂਗ ਬੇਬੱਸ ਮਹਿਸੂਸ ਕਰਦੇ ਹਨ। ਫਿਰ ਵੀ ਉਹ ਤੁਹਾਡੇ ਮੁਸ਼ਕਲ ਹਾਲਾਤਾਂ ਵਿਚ ਤੁਹਾਡੇ ਨਾਲ ਹਨ। ਇਕੱਠੇ ਪ੍ਰਾਰਥਨਾ ਕਰਨ ਨਾਲ ਤੁਸੀਂ ਮਨ ਦੀ ਸ਼ਾਂਤੀ ਪਾ ਸਕਦੇ ਹੋ।—ਕਹਾ. 14:30.

ਬਾਰਬਰਾ ਆਪਣੀ ਧੀ ਅਤੇ ਮੰਡਲੀ ਦੀਆਂ ਹੋਰ ਛੋਟੀ ਉਮਰ ਦੀਆਂ ਭੈਣਾਂ ਬਾਰੇ ਕਹਿੰਦੀ ਹੈ: “ਉਹ ਪ੍ਰਚਾਰ ਦੇ ਕੰਮ ਵਿਚ ਮੇਰੀ ਮਦਦ ਕਰਦੀਆਂ ਹਨ। ਉਨ੍ਹਾਂ ਦੇ ਜੋਸ਼ ਤੋਂ ਮੈਨੂੰ ਹੌਸਲਾ ਤੇ ਖ਼ੁਸ਼ੀ ਮਿਲਦੀ ਹੈ।” ਜ਼ੈਬੀਗਨਿਐਵ ਆਪਣੀ ਪਤਨੀ ਦੀ ਮਦਦ ਦੀ ਕਦਰ ਕਰਦਾ ਹੈ। ਉਹ ਕਹਿੰਦਾ ਹੈ: “ਘਰ ਦੇ ਜ਼ਿਆਦਾ ਕੰਮ ਉਹੀ ਕਰਦੀ ਹੈ। ਉਹ ਮੇਰੀ ਤਿਆਰ ਹੋਣ ਵਿਚ ਮਦਦ ਕਰਦੀ ਹੈ ਅਤੇ ਮੀਟਿੰਗਾਂ ਵਿਚ ਜਾਂਦੇ ਹੋਏ ਤੇ ਪ੍ਰਚਾਰ ਕਰਦੇ ਵੇਲੇ ਮੇਰਾ ਬੈੱਗ ਚੁੱਕਦੀ ਹੈ।”

ਭੈਣ-ਭਰਾ: ਜਦੋਂ ਅਸੀਂ ਆਪਣੇ ਭੈਣਾਂ-ਭਰਾਵਾਂ ਨਾਲ ਹੁੰਦੇ ਹਾਂ, ਤਾਂ ਇਸ ਨਾਲ ਸਾਨੂੰ ਹੌਸਲਾ ਤੇ ਦਿਲਾਸਾ ਮਿਲਦਾ ਹੈ। ਪਰ ਉਦੋਂ ਕੀ ਜੇ ਬੀਮਾਰੀ ਕਰਕੇ ਅਸੀਂ ਮੀਟਿੰਗਾਂ ਵਿਚ ਨਾ ਜਾ ਸਕੀਏ? ਮਾਗਡਾਲੇਨਾ ਕਹਿੰਦੀ ਹੈ: “ਮੰਡਲੀ ਦੇ ਭੈਣ-ਭਰਾ ਇਸ ਗੱਲ ਦਾ ਧਿਆਨ ਰੱਖਦੇ ਹਨ ਕਿ ਮੈਂ ਮੀਟਿੰਗਾਂ ਦੀ ਰਿਕਾਰਡਿੰਗ ਨੂੰ ਸੁਣ ਕੇ ਫ਼ਾਇਦਾ ਲੈ ਸਕਾਂ। ਭੈਣ-ਭਰਾ ਅਕਸਰ ਫ਼ੋਨ ਕਰ ਕੇ ਮੈਨੂੰ ਪੁੱਛਦੇ ਹਨ ਕਿ ਮੈਨੂੰ ਕਿਸੇ ਚੀਜ਼ ਦੀ ਲੋੜ ਤਾਂ ਨਹੀਂ ਹੈ। ਉਹ ਮੈਨੂੰ ਹੌਸਲਾ ਦੇਣ ਲਈ ਚਿੱਠੀਆਂ ਵੀ ਲਿਖਦੇ ਹਨ। ਇਹ ਗੱਲ ਦੁੱਖ ਸਹਿਣ ਵਿਚ ਮੇਰੀ ਮਦਦ ਕਰਦੀ ਹੈ ਕਿ ਭੈਣ-ਭਰਾ ਮੈਨੂੰ ਯਾਦ ਕਰਦੇ ਹਨ ਤੇ ਮੇਰੀ ਪਰਵਾਹ ਕਰਦੇ ਹਨ।”

ਈਜ਼ਾਬੇਲਾ, ਜਿਸ ਨੂੰ ਡਿਪਰੈਸ਼ਨ ਹੈ, ਕਹਿੰਦੀ ਹੈ: “ਮੰਡਲੀ ਮੇਰਾ ਪਰਿਵਾਰ ਹੈ ਤੇ ਇਸ ਵਿਚ ਕਈ ਭਰਾ ਮੇਰੇ ਪਿਤਾ ਸਮਾਨ ਹਨ ਤੇ ਕਈ ਭੈਣਾਂ ਮਾਵਾਂ ਵਰਗੀਆਂ ਹਨ। ਉਹ ਸਾਰੇ ਮੇਰੀ ਗੱਲ ਸੁਣਦੇ ਤੇ ਮੇਰਾ ਦੁੱਖ ਸਮਝਣ ਦੀ ਕੋਸ਼ਿਸ਼ ਕਰਦੇ ਹਨ। ਮੰਡਲੀ ਵਿਚ ਜਾ ਕੇ ਮੈਨੂੰ ਸ਼ਾਂਤੀ ਤੇ ਖ਼ੁਸ਼ੀ ਮਿਲਦੀ ਹੈ।”

ਜਿਹੜੇ ਭੈਣ-ਭਰਾ ਅਲੱਗ-ਅਲੱਗ ਮੁਸ਼ਕਲਾਂ ਦਾ ਸਾਮ੍ਹਣਾ ਕਰਦੇ ਹਨ, ਉਨ੍ਹਾਂ ਲਈ ਜ਼ਰੂਰੀ ਹੈ ਕਿ ਉਹ ਆਪਣੇ ਆਪ ਨੂੰ ‘ਵੱਖਰਾ ਨਾ ਕਰਨ।’ ਇਸ ਦੀ ਬਜਾਇ, ਉਹ ਮੰਡਲੀ ਦੇ ਭੈਣਾਂ-ਭਰਾਵਾਂ ਨਾਲ ਮਿਲਣ-ਗਿਲਣ। (ਕਹਾ. 18:1) ਇਸ ਤਰ੍ਹਾਂ ਉਨ੍ਹਾਂ ਤੋਂ ਦੂਸਰਿਆਂ ਨੂੰ ਬਹੁਤ ਹੌਸਲਾ ਮਿਲ ਸਕਦਾ ਹੈ। ਤੁਸੀਂ ਭੈਣਾਂ-ਭਰਾਵਾਂ ਨੂੰ ਆਪਣੀਆਂ ਲੋੜਾਂ ਦੱਸੋ। ਪਹਿਲਾਂ-ਪਹਿਲ ਤੁਸੀਂ ਸ਼ਾਇਦ ਇਹ ਦੱਸਣ ਤੋਂ ਝਿਜਕੋ। ਪਰ ਭੈਣ-ਭਰਾ ਇਸ ਗੱਲ ਦੀ ਕਦਰ ਕਰਨਗੇ ਜਦੋਂ ਤੁਸੀਂ ਬਿਨਾਂ ਝਿਜਕੇ ਆਪਣੀਆਂ ਲੋੜਾਂ ਉਨ੍ਹਾਂ ਨੂੰ ਦੱਸੋਗੇ। ਇਸ ਨਾਲ ਉਨ੍ਹਾਂ ਨੂੰ ਆਪਣੇ ‘ਭਰਾਵਾਂ ਲਈ ਸੱਚੇ ਪਿਆਰ’ ਦਾ ਸਬੂਤ ਦੇਣ ਦਾ ਮੌਕਾ ਮਿਲੇਗਾ। (1 ਪਤ. 1:22) ਕਿਉਂ ਨਾ ਆਪਣੇ ਭੈਣਾਂ-ਭਰਾਵਾਂ ਨੂੰ ਦੱਸੋ ਕਿ ਤੁਹਾਨੂੰ ਮੀਟਿੰਗ ’ਤੇ ਜਾਣ ਲਈ ਮਦਦ ਦੀ ਲੋੜ ਹੈ, ਤੁਸੀਂ ਉਨ੍ਹਾਂ ਨਾਲ ਪ੍ਰਚਾਰ ਕਰਨਾ ਚਾਹੁੰਦੇ ਹੋ ਜਾਂ ਤੁਸੀਂ ਉਨ੍ਹਾਂ ਨਾਲ ਗੱਲ ਕਰਨੀ ਚਾਹੁੰਦੇ ਹੋ? ਪਰ ਯਾਦ ਰੱਖੋ ਕਿ ਜਦੋਂ ਭੈਣ-ਭਰਾ ਤੁਹਾਡੀ ਮਦਦ ਕਰਦੇ ਹਨ, ਤਾਂ ਤੁਹਾਨੂੰ ਉਨ੍ਹਾਂ ਦਾ ਨਾਜਾਇਜ਼ ਫ਼ਾਇਦਾ ਨਹੀਂ ਉਠਾਉਣਾ ਚਾਹੀਦਾ।

ਸਹੀ ਨਜ਼ਰੀਆ ਰੱਖੋ: ਬੀਮਾਰੀ ਦੇ ਬਾਵਜੂਦ ਖ਼ੁਸ਼ ਰਹਿਣਾ ਤੁਹਾਡੇ ਆਪਣੇ ਹੱਥ ਵਿਚ ਹੈ। ਜੇ ਤੁਸੀਂ ਉਦਾਸ ਰਹੋਗੇ, ਤਾਂ ਤੁਸੀਂ ਹਿੰਮਤ ਹਾਰ ਬੈਠੋਗੇ ਅਤੇ ਗ਼ਲਤ ਸੋਚਣ ਲੱਗ ਪਵੋਗੇ। ਬਾਈਬਲ ਕਹਿੰਦੀ ਹੈ: “ਬੀਮਾਰੀ ਸਮੇਂ ਮਨੁੱਖ ਦਾ ਆਤਮ-ਬਲ ਉਸ ਨੂੰ ਸਹਿ ਸਕਦਾ ਹੈ, ਪਰ ਟੁਟਾ ਮਨ ਇਹ ਸਭ ਸਹਿ ਨਹੀਂ ਸਕਦਾ ਹੈ।”—ਕਹਾ. 18:14, CL.

ਮਾਗਡਾਲੇਨਾ ਦੱਸਦੀ ਹੈ: “ਮੈਂ ਕੋਸ਼ਿਸ਼ ਕਰਦੀ ਹਾਂ ਕਿ ਆਪਣੀਆਂ ਮੁਸ਼ਕਲਾਂ ਬਾਰੇ ਜ਼ਿਆਦਾ ਨਾ ਸੋਚਾਂ। ਜਦੋਂ ਮੈਂ ਠੀਕ ਹੁੰਦੀ ਹਾਂ, ਤਾਂ ਮੈਂ ਆਪਣਾ ਦਿਨ ਖ਼ੁਸ਼ੀ ਨਾਲ ਗੁਜ਼ਾਰਨ ਦੀ ਕੋਸ਼ਿਸ਼ ਕਰਦੀ ਹਾਂ। ਮੈਨੂੰ ਉਨ੍ਹਾਂ ਭੈਣਾਂ-ਭਰਾਵਾਂ ਦੀਆਂ ਕਹਾਣੀਆਂ ਪੜ੍ਹ ਕੇ ਹੌਸਲਾ ਮਿਲਦਾ ਹੈ ਜੋ ਲੰਬੇ ਸਮੇਂ ਤੋਂ ਬੀਮਾਰ ਰਹਿਣ ਦੇ ਬਾਵਜੂਦ ਵਫ਼ਾਦਾਰ ਰਹੇ ਹਨ।” ਈਜ਼ਾਬੇਲਾ ਨੂੰ ਇਸ ਗੱਲ ਤੋਂ ਤਾਕਤ ਮਿਲਦੀ ਹੈ ਕਿ ਯਹੋਵਾਹ ਉਸ ਨੂੰ ਪਿਆਰ ਕਰਦਾ ਹੈ ਤੇ ਉਸ ਨੂੰ ਅਨਮੋਲ ਸਮਝਦਾ ਹੈ। ਉਹ ਕਹਿੰਦੀ ਹੈ: “ਮੈਨੂੰ ਅਹਿਸਾਸ ਹੁੰਦਾ ਹੈ ਕਿ ਯਹੋਵਾਹ ਮੇਰੀ ਸੇਵਾ ਦੀ ਕਦਰ ਕਰਦਾ ਹੈ ਤੇ ਮੈਂ ਉਸ ਲਈ ਕੁਝ ਕਰ ਸਕਦੀ ਹਾਂ। ਮੈਨੂੰ ਵਧੀਆ ਭਵਿੱਖ ਦੀ ਆਸ ਵੀ ਹੈ।”

ਜ਼ਬੀਗਨਿਐਵ ਕਹਿੰਦਾ ਹੈ: “ਮੈਂ ਬੀਮਾਰੀ ਕਰਕੇ ਨਿਮਰਤਾ ਤੇ ਆਗਿਆਕਾਰੀ ਸਿੱਖੀ। ਮੈਂ ਸਮਝਦਾਰੀ ਤੇ ਪਿਆਰ ਨਾਲ ਪੇਸ਼ ਆਉਣਾ ਅਤੇ ਦੂਸਰਿਆਂ ਨੂੰ ਦਿਲੋਂ ਮਾਫ਼ ਕਰਨਾ ਵੀ ਸਿੱਖਿਆ ਹੈ। ਨਿਰਾਸ਼ਾ ਵਿਚ ਡੁੱਬੇ ਰਹਿਣ ਦੀ ਬਜਾਇ ਮੈਂ ਯਹੋਵਾਹ ਦੀ ਸੇਵਾ ਖ਼ੁਸ਼ੀ ਨਾਲ ਕਰਨੀ ਸਿੱਖੀ ਹੈ। ਇਸ ਕਰਕੇ ਮੈਨੂੰ ਸੱਚਾਈ ਵਿਚ ਤਰੱਕੀ ਕਰਨ ਵਿਚ ਮਦਦ ਮਿਲੀ ਹੈ।”

ਇਹ ਗੱਲ ਯਾਦ ਰੱਖੋ ਕਿ ਯਹੋਵਾਹ ਤੁਹਾਡੇ ਧੀਰਜ ਨੂੰ ਬੜੇ ਧਿਆਨ ਨਾਲ ਦੇਖਦਾ ਹੈ। ਉਹ ਤੁਹਾਡੇ ਦੁੱਖਾਂ ਨੂੰ ਸਮਝਦਾ ਹੈ ਤੇ ਤੁਹਾਡੀ ਪਰਵਾਹ ਕਰਦਾ ਹੈ। ਉਹ ਇੱਦਾਂ ਦਾ ਨਹੀਂ ਕਿ “ਤੁਹਾਡੇ ਕੰਮ ਨੂੰ ਤੇ ਪਿਆਰ ਨੂੰ ਭੁੱਲ ਜਾਵੇ ਜੋ ਤੁਸੀਂ ਉਸ ਦੇ ਨਾਂ ਨਾਲ ਕਰਦੇ ਹੋ।” (ਇਬ. 6:10) ਉਸ ਦੇ ਇਸ ਵਾਅਦੇ ਨੂੰ ਮਨ ਵਿਚ ਰੱਖੋ ਜੋ ਉਹ ਆਪਣੇ ਡਰਨ ਵਾਲਿਆਂ ਨਾਲ ਕਰਦਾ ਹੈ: “ਮੈਂ ਕਦੀ ਵੀ ਤੈਨੂੰ ਨਹੀਂ ਛੱਡਾਂਗਾ ਅਤੇ ਨਾ ਹੀ ਕਦੀ ਤੈਨੂੰ ਤਿਆਗਾਂਗਾ।”—ਇਬ. 13:5.

ਜਦੋਂ ਕਦੀ ਤੁਸੀਂ ਨਿਰਾਸ਼ ਮਹਿਸੂਸ ਕਰੋ, ਉਦੋਂ ਤੁਸੀਂ ਨਵੀਂ ਦੁਨੀਆਂ ਵਿਚ ਰਹਿਣ ਦੇ ਵਾਅਦੇ ਨੂੰ ਯਾਦ ਕਰੋ। ਉਹ ਸਮਾਂ ਬਹੁਤ ਹੀ ਜਲਦੀ ਆਉਣ ਵਾਲਾ ਹੈ ਜਦੋਂ ਪਰਮੇਸ਼ੁਰ ਆਪਣੇ ਰਾਜ ਵਿਚ ਸਾਰਿਆਂ ਨੂੰ ਬਰਕਤਾਂ ਦੇਵੇਗਾ। ਤੁਸੀਂ ਇਹ ਸਮਾਂ ਆਪਣੀ ਅੱਖੀਂ ਦੇਖੋਗੇ!

[ਸਫ਼ੇ 28, 29 ਉੱਤੇ ਡੱਬੀ/ਤਸਵੀਰਾਂ]

ਬੀਮਾਰੀ ਦੇ ਬਾਵਜੂਦ ਇਹ ਪ੍ਰਚਾਰ ਕਰ ਰਹੇ ਹਨ

“ਮੈਂ ਹੁਣ ਬਿਨਾਂ ਸਹਾਰੇ ਦੇ ਨਹੀਂ ਤੁਰ ਸਕਦਾ। ਇਸ ਲਈ ਪ੍ਰਚਾਰ ਵਿਚ ਮੇਰੀ ਪਤਨੀ ਤੇ ਹੋਰ ਭੈਣ-ਭਰਾ ਮੈਨੂੰ ਨਾਲ ਲੈ ਕੇ ਜਾਂਦੇ ਹਨ। ਮੈਂ ਪੇਸ਼ਕਾਰੀਆਂ ਤੇ ਬਾਈਬਲ ਦੀਆਂ ਆਇਤਾਂ ਯਾਦ ਕੀਤੀਆਂ ਹੋਈਆਂ ਹਨ।”—ਯਜ਼ਹੀ, ਜਿਸ ਨੂੰ ਬਹੁਤ ਘੱਟ ਦਿੱਸਦਾ ਹੈ।

“ਟੈਲੀਫ਼ੋਨ ’ਤੇ ਗਵਾਹੀ ਦੇਣ ਦੇ ਨਾਲ-ਨਾਲ ਮੈਂ ਚਿੱਠੀਆਂ ਲਿਖ ਕੇ ਉਨ੍ਹਾਂ ਨਾਲ ਸੰਪਰਕ ਰੱਖਦੀ ਹਾਂ ਜੋ ਸੱਚਾਈ ਵਿਚ ਦਿਲਚਸਪੀ ਰੱਖਦੇ ਹਨ। ਜਦੋਂ ਮੈਂ ਹਸਪਤਾਲ ਵਿਚ ਸੀ ਉਦੋਂ ਮੈਂ ਹਮੇਸ਼ਾ ਆਪਣੇ ਬੈੱਡ ਕੋਲ ਬਾਈਬਲ ਤੇ ਹੋਰ ਕਿਤਾਬਾਂ ਵਗੈਰਾ ਰੱਖਦੀ ਸੀ। ਇਸ ਤਰ੍ਹਾਂ ਕਰ ਕੇ ਮੈਂ ਕਈ ਵਾਰ ਦੂਜਿਆਂ ਨਾਲ ਗੱਲਬਾਤ ਸ਼ੁਰੂ ਕਰ ਸਕੀ।”—ਮਾਗਡਾਲੇਨਾ, ਜਿਸ ਨੂੰ ਲੂਪਸ ਨਾਂ ਦੀ ਬੀਮਾਰੀ ਹੈ।

“ਮੈਨੂੰ ਘਰ-ਘਰ ਪ੍ਰਚਾਰ ਕਰਨਾ ਪਸੰਦ ਹੈ, ਪਰ ਜਦੋਂ ਮੇਰੀ ਸਿਹਤ ਠੀਕ ਨਹੀਂ ਹੁੰਦੀ, ਉਦੋਂ ਮੈਂ ਟੈਲੀਫ਼ੋਨ ’ਤੇ ਗਵਾਹੀ ਦਿੰਦੀ ਹਾਂ।”—ਈਜ਼ਾਬੇਲਾ, ਜੋ ਡਿਪਰੈਸ਼ਨ ਦੀ ਸ਼ਿਕਾਰ ਹੈ।

“ਮੈਨੂੰ ਰਿਟਰਨ ਵਿਜ਼ਿਟਾਂ ਕਰ ਕੇ ਤੇ ਬਾਈਬਲ ਸਟੱਡੀਆਂ ’ਤੇ ਜਾ ਕੇ ਬਹੁਤ ਮਜ਼ਾ ਆਉਂਦਾ ਹੈ। ਜਦੋਂ ਮੈਂ ਠੀਕ ਹੁੰਦੀ ਹਾਂ, ਉਦੋਂ ਮੈਂ ਘਰ-ਘਰ ਗਵਾਹੀ ਦੇਣੀ ਪਸੰਦ ਕਰਦੀ ਹਾਂ।”—ਬਾਰਬਰਾ, ਜਿਸ ਦੇ ਦਿਮਾਗ਼ ਵਿਚ ਟਿਊਮਰ ਹੈ।

“ਮੈਂ ਪ੍ਰਚਾਰ ਵਿਚ ਬਹੁਤ ਹੀ ਹਲਕਾ ਬੈੱਗ ਲੈ ਕੇ ਜਾਂਦਾ ਹਾਂ। ਮੈਂ ਉੱਨੀ ਦੇਰ ਤਕ ਪ੍ਰਚਾਰ ਕਰਦਾ ਹਾਂ ਜਿੰਨੀ ਦੇਰ ਤਕ ਮੈਥੋਂ ਹੁੰਦਾ।”—ਜ਼ਬੀਗਨਿਐਵ, ਜਿਸ ਨੂੰ ਗਠੀਆ ਹੈ।

[ਸਫ਼ਾ 30 ਉੱਤੇ ਤਸਵੀਰ]

ਬੀਮਾਰ ਭੈਣਾਂ-ਭਰਾਵਾਂ ਨੂੰ ਸਾਰੇ ਛੋਟੇ ਤੇ ਵੱਡੇ ਹੌਸਲਾ ਦੇ ਸਕਦੇ ਹਨ