ਅਵਿਸ਼ਵਾਸੀ ਪਰਿਵਾਰ ਦੇ ਮੈਂਬਰਾਂ ਨਾਲ ਖ਼ੁਸ਼ੀ ਨਾਲ ਰਹਿਣਾ ਮੁਮਕਿਨ
ਅਵਿਸ਼ਵਾਸੀ ਪਰਿਵਾਰ ਦੇ ਮੈਂਬਰਾਂ ਨਾਲ ਖ਼ੁਸ਼ੀ ਨਾਲ ਰਹਿਣਾ ਮੁਮਕਿਨ
‘ਜੇ ਤੁਸੀਂ ਆਪਣੇ ਸਾਥੀ ਦੀ ਮਸੀਹੀ ਬਣਨ ਵਿਚ ਮਦਦ ਕਰੋ, ਤਾਂ ਕੀ ਪਤਾ ਉਹ ਬਚ ਜਾਵੇ?’—1 ਕੁਰਿੰ. 7:16.
ਕੀ ਤੁਸੀਂ ਜਵਾਬ ਲੱਭ ਸਕਦੇ ਹੋ?
ਇਕ ਮਸੀਹੀ ਆਪਣੇ ਘਰ ਵਿਚ ਸ਼ਾਂਤੀ ਕਿਵੇਂ ਬਣਾਈ ਰੱਖ ਸਕਦਾ ਹੈ ਭਾਵੇਂ ਉਸ ਦਾ ਪਰਿਵਾਰ ਸੱਚਾਈ ਵਿਚ ਨਹੀਂ ਹੈ?
ਇਕ ਮਸੀਹੀ ਆਪਣੇ ਪਰਿਵਾਰ ਦੀ ਸੱਚਾਈ ਵਿਚ ਆਉਣ ਵਿਚ ਮਦਦ ਕਿਵੇਂ ਕਰ ਸਕਦਾ ਹੈ?
ਦੂਸਰੇ ਭੈਣ-ਭਰਾ ਉਨ੍ਹਾਂ ਮਸੀਹੀਆਂ ਦੀ ਕਿਵੇਂ ਮਦਦ ਕਰ ਸਕਦੇ ਹਨ ਜਿਨ੍ਹਾਂ ਦੇ ਪਰਿਵਾਰ ਸੱਚਾਈ ਵਿਚ ਨਹੀਂ ਹਨ?
1. ਸਾਡੇ ਦੁਆਰਾ ਸੱਚਾਈ ਕਬੂਲ ਕਰਨ ਦਾ ਸਾਡੇ ਪਰਿਵਾਰ ’ਤੇ ਕੀ ਅਸਰ ਪੈ ਸਕਦਾ ਹੈ?
ਇਕ ਵਾਰ ਜਦ ਯਿਸੂ ਨੇ ਆਪਣੇ ਰਸੂਲਾਂ ਨੂੰ ਪ੍ਰਚਾਰ ਕਰਨ ਲਈ ਭੇਜਿਆ ਸੀ, ਤਾਂ ਉਸ ਨੇ ਕਿਹਾ: “ਜਾਓ ਅਤੇ ਇਹ ਪ੍ਰਚਾਰ ਕਰੋ: ‘ਸਵਰਗ ਦਾ ਰਾਜ ਨੇੜੇ ਆ ਗਿਆ ਹੈ।’” (ਮੱਤੀ 10:1, 7) ਜਿਹੜੇ ਲੋਕ ਦਿਲੋਂ ਖ਼ੁਸ਼ ਖ਼ਬਰੀ ਨੂੰ ਕਬੂਲ ਕਰਦੇ ਹਨ, ਉਨ੍ਹਾਂ ਨੂੰ ਖ਼ੁਸ਼ੀ ਤੇ ਸ਼ਾਂਤੀ ਮਿਲਦੀ ਹੈ। ਪਰ ਯਿਸੂ ਨੇ ਆਪਣੇ ਰਸੂਲਾਂ ਨੂੰ ਇਹ ਵੀ ਚੇਤਾਵਨੀ ਦਿੱਤੀ ਸੀ ਕਿ ਕਈ ਲੋਕ ਪ੍ਰਚਾਰ ਦੇ ਕੰਮ ਦਾ ਵਿਰੋਧ ਕਰਨਗੇ। (ਮੱਤੀ 10:16-23) ਸਾਨੂੰ ਖ਼ਾਸ ਕਰਕੇ ਉਦੋਂ ਦੁੱਖ ਹੁੰਦਾ ਹੈ ਜਦ ਸਾਡੇ ਘਰ ਦੇ ਮੈਂਬਰ ਸੱਚਾਈ ਨੂੰ ਕਬੂਲ ਨਹੀਂ ਕਰਦੇ ਤੇ ਸਾਡਾ ਵਿਰੋਧ ਕਰਦੇ ਹਨ।—ਮੱਤੀ 10:34-36 ਪੜ੍ਹੋ।
2. ਪਰਿਵਾਰ ਦੇ ਮੈਂਬਰ ਸੱਚਾਈ ਵਿਚ ਨਾ ਹੋਣ ਦੇ ਬਾਵਜੂਦ ਵੀ ਮਸੀਹੀ ਖ਼ੁਸ਼ ਕਿਉਂ ਹੋ ਸਕਦੇ ਹਨ?
2 ਕੀ ਇਸ ਦਾ ਮਤਲਬ ਹੈ ਕਿ ਜਿਨ੍ਹਾਂ ਮਸੀਹੀਆਂ ਦੇ ਪਰਿਵਾਰ ਦੇ ਮੈਂਬਰ ਸੱਚਾਈ ਵਿਚ ਨਹੀਂ ਹਨ, ਉਨ੍ਹਾਂ ਭੈਣਾਂ-ਭਰਾਵਾਂ ਨੂੰ ਕਦੇ ਖ਼ੁਸ਼ੀ ਨਹੀਂ ਮਿਲ ਸਕਦੀ? ਬਿਲਕੁਲ ਨਹੀਂ! ਭਾਵੇਂ ਕਈ ਪਰਿਵਾਰ ਵਿਰੋਧ ਕਰਦੇ ਹਨ, ਪਰ ਸਾਰੇ ਪਰਿਵਾਰ ਨਹੀਂ ਕਰਦੇ। ਇਹ ਵੀ ਹੋ ਸਕਦਾ ਹੈ ਕਿ ਉਹ ਵਿਰੋਧ ਕਰਨੋਂ ਹਟ ਜਾਣ। ਇਹ ਇਸ ਗੱਲ ’ਤੇ ਨਿਰਭਰ ਕਰਦਾ ਹੈ ਕਿ ਕੋਈ ਮਸੀਹੀ ਆਪਣੇ ਪਰਿਵਾਰ ਦੀ ਵਿਰੋਧਤਾ ਦਾ ਸਾਮ੍ਹਣਾ ਕਿਸ ਤਰ੍ਹਾਂ ਕਰਦਾ ਹੈ ਜਾਂ ਉਦੋਂ ਕੀ ਕਰਦਾ ਹੈ ਜਦ ਉਸ ਦਾ ਪਰਿਵਾਰ ਸੱਚਾਈ ਵਿਚ ਦਿਲਚਸਪੀ ਨਹੀਂ ਲੈਂਦਾ। ਨਾਲੇ ਮੁਸ਼ਕਲ ਹਾਲਾਤਾਂ ਦੇ ਬਾਵਜੂਦ ਵੀ ਵਫ਼ਾਦਾਰੀ ਨਾਲ ਸੇਵਾ ਕਰਨ ਵਾਲਿਆਂ ਨੂੰ ਯਹੋਵਾਹ ਬਰਕਤਾਂ ਤੇ ਖ਼ੁਸ਼ੀਆਂ ਦਿੰਦਾ ਹੈ। ਜਿਹੜੇ ਯਹੋਵਾਹ ਦੀ ਭਗਤੀ ਕਰਦੇ ਹਨ ਉਹ ਆਪਣੀ ਖ਼ੁਸ਼ੀ ਦੋ ਤਰੀਕਿਆਂ ਨਾਲ ਵਧਾ ਸਕਦੇ ਹਨ। (1) ਘਰ ਵਿਚ ਸ਼ਾਂਤੀ ਕਾਇਮ ਰੱਖ ਕੇ ਅਤੇ (2) ਆਪਣੇ ਪਰਿਵਾਰ ਦੀ ਮਸੀਹੀ ਬਣਨ ਵਿਚ ਮਦਦ ਕਰ ਕੇ।
ਘਰ ਵਿਚ ਸ਼ਾਂਤੀ ਬਣਾਈ ਰੱਖੋ
3. ਇਕ ਮਸੀਹੀ ਨੂੰ ਘਰ ਵਿਚ ਸ਼ਾਂਤੀ ਕਿਉਂ ਬਣਾਈ ਰੱਖਣੀ ਚਾਹੀਦੀ ਹੈ?
3 ਧਾਰਮਿਕਤਾ ਦੇ ਫਲ ਦਾ ਬੀ ਬੀਜਣ ਲਈ ਘਰ ਵਿਚ ਸ਼ਾਂਤੀ ਹੋਣੀ ਜ਼ਰੂਰੀ ਹੈ। (ਯਾਕੂਬ 3:18 ਪੜ੍ਹੋ।) ਜੇ ਕਿਸੇ ਮਸੀਹੀ ਦਾ ਪਰਿਵਾਰ ਅਜੇ ਯਹੋਵਾਹ ਦੀ ਭਗਤੀ ਨਹੀਂ ਕਰਦਾ, ਤਾਂ ਉਸ ਨੂੰ ਘਰ ਵਿਚ ਸ਼ਾਂਤੀ ਬਣਾਈ ਰੱਖਣ ਦੀ ਪੂਰੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਉਹ ਇਹ ਕਿਸ ਤਰ੍ਹਾਂ ਕਰ ਸਕਦਾ ਹੈ?
4. ਮਸੀਹੀ ਆਪਣੇ ਮਨ ਦੀ ਸ਼ਾਂਤੀ ਕਿਵੇਂ ਕਾਇਮ ਰੱਖ ਸਕਦੇ ਹਨ?
4 ਮਸੀਹੀਆਂ ਨੂੰ ਆਪਣੇ ਮਨ ਦੀ ਸ਼ਾਂਤੀ ਕਾਇਮ ਰੱਖਣੀ ਚਾਹੀਦੀ ਹੈ। ਇਸ ਲਈ ਉਨ੍ਹਾਂ ਨੂੰ ਦਿਲੋਂ ਪ੍ਰਾਰਥਨਾ ਕਰ ਕੇ “ਪਰਮੇਸ਼ੁਰ ਦੀ ਸ਼ਾਂਤੀ” ਮੰਗਣੀ ਚਾਹੀਦੀ ਹੈ। (ਫ਼ਿਲਿ. 4:6, 7) ਯਹੋਵਾਹ ਬਾਰੇ ਗਿਆਨ ਲੈਣ ਅਤੇ ਬਾਈਬਲ ਦੇ ਅਸੂਲ ਲਾਗੂ ਕਰਨ ਨਾਲ ਖ਼ੁਸ਼ੀ ਤੇ ਸ਼ਾਂਤੀ ਮਿਲਦੀ ਹੈ। (ਯਸਾ. 54:13) ਇਸ ਦੇ ਨਾਲ-ਨਾਲ ਸਾਡੇ ਲਈ ਮੀਟਿੰਗਾਂ ਵਿਚ ਹਿੱਸਾ ਲੈਣਾ ਅਤੇ ਜੋਸ਼ ਨਾਲ ਪ੍ਰਚਾਰ ਕਰਨਾ ਜ਼ਰੂਰੀ ਹੈ। ਭਾਵੇਂ ਸਾਡਾ ਪਰਿਵਾਰ ਸੱਚਾਈ ਵਿਚ ਨਾ ਹੋਵੇ, ਫਿਰ ਵੀ ਅਜਿਹੇ ਕੰਮਾਂ ਵਿਚ ਕੁਝ ਹੱਦ ਤਕ ਹਿੱਸਾ ਲੈਣਾ ਮੁਮਕਿਨ ਹੁੰਦਾ ਹੈ। ਅੰਜੂ * ਦੀ ਮਿਸਾਲ ਉੱਤੇ ਗੌਰ ਕਰੋ ਜਿਸ ਦਾ ਪਤੀ ਬਹੁਤ ਜ਼ਿਆਦਾ ਵਿਰੋਧ ਕਰਦਾ ਹੈ। ਉਹ ਘਰ ਦੇ ਕੰਮ-ਕਾਜ ਕਰਨ ਤੋਂ ਬਾਅਦ ਪ੍ਰਚਾਰ ਵਿਚ ਜਾਂਦੀ ਹੈ। ਅੰਜੂ ਕਹਿੰਦੀ ਹੈ: “ਜਦੋਂ ਵੀ ਮੈਂ ਪ੍ਰਚਾਰ ਵਿਚ ਕਿਸੇ ਨਾਲ ਗੱਲ ਕਰਦੀ ਹਾਂ, ਤਾਂ ਯਹੋਵਾਹ ਦੀ ਬਰਕਤ ਨਾਲ ਇਸ ਦੇ ਚੰਗੇ ਨਤੀਜੇ ਨਿਕਲਦੇ ਹਨ।” ਯਹੋਵਾਹ ਦੀਆਂ ਬਰਕਤਾਂ ਨਾਲ ਸਾਨੂੰ ਸ਼ਾਂਤੀ, ਮਨ ਦੀ ਤਸੱਲੀ ਤੇ ਖ਼ੁਸ਼ੀ ਮਿਲਦੀ ਹੈ।
5. ਘਰ ਵਿਚ ਮਸੀਹੀਆਂ ਨੂੰ ਕਿਹੜੀ ਮੁਸ਼ਕਲ ਆਉਂਦੀ ਹੈ ਅਤੇ ਉਨ੍ਹਾਂ ਨੂੰ ਮਦਦ ਕਿੱਥੋਂ ਮਿਲ ਸਕਦੀ ਹੈ?
5 ਸਾਨੂੰ ਪਰਿਵਾਰ ਦੇ ਮੈਂਬਰਾਂ ਨਾਲ ਵਧੀਆ ਰਿਸ਼ਤਾ ਬਣਾਈ ਰੱਖਣ ਦੀ ਪੂਰੀ ਕੋਸ਼ਿਸ਼ ਕਰਨ ਦੀ ਲੋੜ ਹੈ ਜੋ ਸੱਚਾਈ ਵਿਚ ਨਹੀਂ ਹਨ। ਇਹ ਸ਼ਾਇਦ ਔਖਾ ਹੋਵੇ ਕਿਉਂਕਿ ਉਹ ਕਦੇ-ਕਦੇ ਚਾਹੁੰਦੇ ਹਨ ਕਿ ਅਸੀਂ ਅਜਿਹਾ ਕੁਝ ਕਰੀਏ ਜੋ ਬਾਈਬਲ ਦੇ ਖ਼ਿਲਾਫ਼ ਹੈ। ਜਦ ਅਸੀਂ ਬਾਈਬਲ ਦੀਆਂ ਗੱਲਾਂ ਮੁਤਾਬਕ ਚੱਲਦੇ ਰਹਿੰਦੇ ਹਾਂ, ਤਾਂ ਸ਼ਾਇਦ ਉਹ ਸਾਡੇ ਨਾਲ ਨਾਰਾਜ਼ ਹੋ ਜਾਣ। ਪਰ ਜੇ ਅਸੀਂ ਚੱਲਦੇ ਰਹੀਏ, ਤਾਂ ਇਕ-ਨਾ-ਇਕ ਦਿਨ ਘਰ ਵਿਚ ਸ਼ਾਂਤੀ ਹੋ ਸਕਦੀ ਹੈ। ਇਹ ਵੀ ਧਿਆਨ ਰੱਖੋ ਕਿ ਜਦ ਸਾਡਾ ਪਰਿਵਾਰ ਸਾਨੂੰ ਅਜਿਹਾ ਕੰਮ ਕਰਨ ਲਈ ਕਹਿੰਦਾ ਹੈ ਜੋ ਬਾਈਬਲ ਦੇ ਅਸੂਲਾਂ ਦੇ ਖ਼ਿਲਾਫ਼ ਨਹੀਂ ਹੈ, ਤਾਂ ਸਾਨੂੰ ਅੜਬ ਨਹੀਂ ਬਣਨਾ ਚਾਹੀਦਾ ਕਿਉਂਕਿ ਇੱਦਾਂ ਘਰ ਵਿਚ ਬਿਨਾਂ ਵਜ੍ਹਾ ਝਗੜਾ ਹੋ ਸਕਦਾ ਹੈ। (ਕਹਾਉਤਾਂ 16:7 ਪੜ੍ਹੋ।) ਕਿਸੇ ਮੁਸ਼ਕਲ ਦਾ ਸਾਮ੍ਹਣਾ ਕਰਦੇ ਹੋਏ ਬਹੁਤ ਜ਼ਰੂਰੀ ਹੈ ਕਿ ਅਸੀਂ ਵਫ਼ਾਦਾਰ ਅਤੇ ਸਮਝਦਾਰ ਨੌਕਰ ਰਾਹੀਂ ਤਿਆਰ ਕੀਤੇ ਪ੍ਰਕਾਸ਼ਨਾਂ ਵਿੱਚੋਂ ਅਤੇ ਬਜ਼ੁਰਗਾਂ ਤੋਂ ਬਾਈਬਲ ਦੀ ਸਲਾਹ ਲਈਏ।—ਕਹਾ. 11:14.
6, 7. (ੳ) ਕੁਝ ਲੋਕ ਆਪਣੇ ਪਰਿਵਾਰ ਦੇ ਮੈਂਬਰਾਂ ਦਾ ਵਿਰੋਧ ਕਿਉਂ ਕਰਦੇ ਹਨ? (ਅ) ਬਾਈਬਲ ਸਟੱਡੀ ਕਰਨ ਵਾਲੇ ਵਿਅਕਤੀ ਨੂੰ ਜਾਂ ਮਸੀਹੀ ਨੂੰ ਘਰ ਵਿਚ ਵਿਰੋਧਤਾ ਦਾ ਕਿਵੇਂ ਸਾਮ੍ਹਣਾ ਕਰਨਾ ਚਾਹੀਦਾ ਹੈ?
6 ਘਰ ਵਿਚ ਸ਼ਾਂਤੀ ਬਣਾਈ ਰੱਖਣ ਲਈ ਸਾਨੂੰ ਯਹੋਵਾਹ ’ਤੇ ਭਰੋਸਾ ਰੱਖਣ ਤੋਂ ਇਲਾਵਾ ਇਹ ਵੀ ਸਮਝਣਾ ਚਾਹੀਦਾ ਹੈ ਕਿ ਪਰਿਵਾਰ ਦੇ ਮੈਂਬਰਾਂ ਦੇ ਮਨ ਵਿਚ ਕੀ ਚੱਲ ਰਿਹਾ ਹੈ। (ਕਹਾ. 16:20) ਬਾਈਬਲ ਸਟੱਡੀ ਕਰ ਰਹੇ ਲੋਕ ਵੀ ਇਸ ਮਾਮਲੇ ਵਿਚ ਸਮਝਦਾਰੀ ਦਿਖਾ ਸਕਦੇ ਹਨ। ਹੋ ਸਕਦਾ ਹੈ ਕਿ ਜਦੋਂ ਕੋਈ ਬਾਈਬਲ ਸਟੱਡੀ ਕਰਨੀ ਸ਼ੁਰੂ ਕਰਦਾ ਹੈ, ਤਾਂ ਉਸ ਦਾ ਜੀਵਨ-ਸਾਥੀ ਇਤਰਾਜ਼ ਨਾ ਕਰੇ। ਉਹ ਸ਼ਾਇਦ ਸੋਚੇ ਕਿ ਇਸ ਨਾਲ ਪਰਿਵਾਰ ਨੂੰ ਵੀ ਫ਼ਾਇਦਾ ਹੋ ਸਕਦਾ ਹੈ। ਪਰ ਦੂਸਰੇ ਸ਼ਾਇਦ ਵਿਰੋਧ ਕਰਨ। ਅਨੀਤਾ ਹੁਣ ਗਵਾਹ ਬਣ ਗਈ ਹੈ, ਪਰ ਉਹ ਦੱਸਦੀ ਹੈ ਕਿ ਜਦ ਉਸ ਦੇ ਪਤੀ ਨੇ ਯਹੋਵਾਹ ਦੇ ਗਵਾਹਾਂ ਨਾਲ ਬਾਈਬਲ ਸਟੱਡੀ ਕਰਨੀ ਸ਼ੁਰੂ ਕੀਤੀ ਸੀ, ਤਾਂ ਉਹ ਗੁੱਸੇ ਨਾਲ ਭਰੀ ਰਹਿੰਦੀ ਸੀ। ਉਹ ਕਹਿੰਦੀ ਹੈ: “ਮੈਂ ਉਸ ਦੇ ਰਸਾਲੇ ਵਗੈਰਾ ਸੁੱਟ ਦਿੰਦੀ ਸੀ ਜਾਂ ਸਾੜ ਦਿੰਦੀ ਸੀ।” ਹਰੀਸ਼ ਨੇ ਵੀ ਪਹਿਲਾਂ-ਪਹਿਲਾਂ ਆਪਣੀ ਪਤਨੀ ਦਾ ਵਿਰੋਧ ਕੀਤਾ ਸੀ। ਉਹ ਦੱਸਦਾ ਹੈ: “ਕਈ ਪਤੀ ਡਰਦੇ ਹਨ ਕਿ ਪਤਾ ਨਹੀਂ ਉਨ੍ਹਾਂ ਦੀਆਂ ਪਤਨੀਆਂ ਕਿਨ੍ਹਾਂ ਦੇ ਮਗਰ ਲੱਗ ਕੇ ਧਰਮ ਬਦਲ ਰਹੀਆਂ ਹਨ। ਪਤੀ ਨੂੰ ਸ਼ਾਇਦ ਸਮਝ ਨਾ ਆਵੇ ਕਿ ਉਹ ਕੀ ਕਰੇ ਜਿਸ ਕਰਕੇ ਉਹ ਆਪਣੀ ਪਤਨੀ ਨਾਲ ਲੜਾਈ-ਝਗੜਾ ਕਰਨ ਲੱਗ ਪਵੇ।”
7 ਜਿਸ ਵਿਅਕਤੀ ਨਾਲ ਤੁਸੀਂ ਬਾਈਬਲ ਸਟੱਡੀ ਕਰ ਰਹੇ ਹੋ, ਉਸ ਨੂੰ ਸਮਝਾਓ ਕਿ ਉਸ ਨੂੰ ਆਪਣੇ ਸਾਥੀ ਦੇ ਵਿਰੋਧ ਕਰਕੇ ਸਟੱਡੀ ਬੰਦ ਨਹੀਂ ਕਰਨੀ ਚਾਹੀਦੀ। ਜੇ ਉਹ ਨਿਮਰ ਰਹੇ ਤੇ ਆਪਣੇ ਸਾਥੀ ਦਾ ਆਦਰ ਕਰੇ, ਤਾਂ ਘਰ ਵਿਚ ਸ਼ਾਂਤੀ ਰਹਿ ਸਕਦੀ ਹੈ। (1 ਪਤ. 3:15) ਹਰੀਸ਼ ਕਹਿੰਦਾ ਹੈ: “ਮੈਂ ਖ਼ੁਸ਼ ਹਾਂ ਕਿ ਮੇਰੀ ਪਤਨੀ ਸ਼ਾਂਤ ਰਹੀ ਤੇ ਗੁੱਸੇ ਨਹੀਂ ਹੋਈ।” ਉਸ ਦੀ ਪਤਨੀ ਸਮਝਾਉਂਦੀ ਹੈ: “ਮੇਰੇ ਪਤੀ ਨੇ ਜ਼ੋਰ ਪਾਇਆ ਕਿ ਮੈਂ ਬਾਈਬਲ ਸਟੱਡੀ ਕਰਨੀ ਛੱਡ ਦੇਵਾਂ। ਉਸ ਨੇ ਕਿਹਾ ਕਿ ਗਵਾਹ ਮੇਰੇ ਦਿਮਾਗ਼ ਵਿਚ ਜ਼ਹਿਰ ਘੋਲ ਰਹੇ ਸਨ। ਉਸ ਨਾਲ ਬਹਿਸ ਕਰਨ ਦੀ ਬਜਾਇ ਮੈਂ ਕਿਹਾ ਕਿ ਉਹ ਸ਼ਾਇਦ ਠੀਕ ਹੀ ਕਹਿ ਰਿਹਾ ਹੋਵੇ, ਪਰ ਮੈਨੂੰ ਇਸ ਤਰ੍ਹਾਂ ਨਹੀਂ ਲੱਗਦਾ। ਮੈਂ ਉਸ ਨੂੰ ਉਹ ਕਿਤਾਬ ਪੜ੍ਹਨ ਲਈ ਦਿੱਤੀ ਜਿਸ ਦੀ ਮੈਂ ਸਟੱਡੀ ਕਰ ਰਹੀ ਸੀ। ਇਸ ਨੂੰ ਪੜ੍ਹ ਕੇ ਉਸ ਨੇ ਦੇਖਿਆ ਕਿ ਇਸ ਵਿਚ ਤਾਂ ਕੋਈ ਬੁਰੀ ਗੱਲ ਨਹੀਂ ਸੀ। ਕਿਤਾਬ ਵਿਚ ਲਿਖੀਆਂ ਗੱਲਾਂ ਦਾ ਉਸ ’ਤੇ ਡੂੰਘਾ ਅਸਰ ਪਿਆ।” ਯਾਦ ਰੱਖੋ ਕਿ ਪਤੀ ਜਾਂ ਪਤਨੀ ਦੇ ਮੀਟਿੰਗਾਂ ਜਾਂ ਪ੍ਰਚਾਰ ਵਿਚ ਜਾਣ ਤੋਂ ਬਾਅਦ ਅਵਿਸ਼ਵਾਸੀ ਜੀਵਨ-ਸਾਥੀ ਸ਼ਾਇਦ ਆਪਣੇ ਆਪ ਨੂੰ ਇਕੱਲਾ ਮਹਿਸੂਸ ਕਰੇ ਜਾਂ ਸੋਚੇ ਕਿ ਉਸ ਦਾ ਘਰ ਟੁੱਟ ਸਕਦਾ ਹੈ। ਇਸ ਲਈ ਜ਼ਰੂਰੀ ਹੈ ਕਿ ਅਸੀਂ ਆਪਣੇ ਸਾਥੀ ਨਾਲ ਪਿਆਰ ਨਾਲ ਗੱਲ ਕਰ ਕੇ ਉਸ ਦਾ ਡਰ ਦੂਰ ਕਰੀਏ।
ਯਹੋਵਾਹ ਦੀ ਭਗਤੀ ਕਰਨ ਵਿਚ ਮਦਦ ਦਿਓ
8. ਪੌਲੁਸ ਨੇ ਉਨ੍ਹਾਂ ਮਸੀਹੀਆਂ ਨੂੰ ਕਿਹੜੀ ਸਲਾਹ ਦਿੱਤੀ ਸੀ ਜਿਨ੍ਹਾਂ ਦੇ ਜੀਵਨ-ਸਾਥੀ ਸੱਚਾਈ ਵਿਚ ਨਹੀਂ ਹਨ?
8 ਪੌਲੁਸ ਰਸੂਲ ਨੇ ਮਸੀਹੀਆਂ ਨੂੰ ਸਲਾਹ ਦਿੱਤੀ ਸੀ ਕਿ ਉਨ੍ਹਾਂ ਨੂੰ ਆਪਣੇ ਜੀਵਨ-ਸਾਥੀ ਨੂੰ ਅਵਿਸ਼ਵਾਸੀ ਹੋਣ ਕਰਕੇ ਨਹੀਂ ਛੱਡਣਾ ਚਾਹੀਦਾ। * (1 ਕੁਰਿੰਥੀਆਂ 7:12-16 ਪੜ੍ਹੋ।) ਉਸ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਇਕ ਦਿਨ ਉਸ ਦਾ ਸਾਥੀ ਸੱਚਾਈ ਵਿਚ ਆ ਸਕਦਾ ਹੈ। ਇਹ ਗੱਲ ਉਸ ਦੀ ਖ਼ੁਸ਼ ਰਹਿਣ ਵਿਚ ਮਦਦ ਕਰ ਸਕਦੀ ਹੈ। ਪਰ ਆਪਣੇ ਸਾਥੀ ਨੂੰ ਸੱਚਾਈ ਬਾਰੇ ਦੱਸਦੇ ਹੋਏ ਇਕ ਖ਼ਾਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਜਿਸ ਬਾਰੇ ਅਸੀਂ ਅੱਗੇ ਦੇਖਾਂਗੇ।
9. ਪਰਿਵਾਰ ਦੇ ਮੈਂਬਰਾਂ ਨੂੰ ਸੱਚਾਈ ਬਾਰੇ ਦੱਸਣ ਵੇਲੇ ਸਾਨੂੰ ਕਿਹੜੀ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ?
9 ਜੇਸਨ ਯਾਦ ਕਰਦਾ ਹੈ ਕਿ ਬਾਈਬਲ ਤੋਂ ਸੱਚਾਈ ਸਿੱਖ ਕੇ ਉਹ ਇਹੀ ਚਾਹੁੰਦਾ ਸੀ ਕਿ ਉਹ ਸਾਰਿਆਂ ਨੂੰ ਸੱਚਾਈ ਬਾਰੇ ਦੱਸੇ। ਜਦ ਕੋਈ ਬਾਈਬਲ ਦੀਆਂ ਗੱਲਾਂ ਸਿੱਖ ਕੇ ਉਨ੍ਹਾਂ ਦੀ ਕਦਰ ਕਰਨੀ ਸ਼ੁਰੂ ਕਰਦਾ ਹੈ, ਤਾਂ ਉਹ ਸ਼ਾਇਦ ਇੰਨਾ ਖ਼ੁਸ਼ ਹੋਵੇ ਕਿ ਉਹ ਹਰ ਵੇਲੇ ਇਸ ਬਾਰੇ ਗੱਲਾਂ ਕਰਦਾ ਰਹੇ। ਉਹ ਸ਼ਾਇਦ ਉਮੀਦ ਰੱਖੇ ਕਿ ਉਸ ਦੇ ਘਰ ਦੇ ਜੀਅ ਵੀ ਸੱਚਾਈ ਨੂੰ ਇਕਦਮ ਕਬੂਲ ਕਰ ਲੈਣਗੇ, ਪਰ ਸ਼ਾਇਦ ਉਹ ਉਸ ਦਾ ਵਿਰੋਧ ਕਰਨ। ਜੇਸਨ ਦੇ ਜੋਸ਼ ਦਾ ਉਸ ਦੀ ਪਤਨੀ ’ਤੇ ਕੀ ਅਸਰ ਪਿਆ? ਉਹ ਦੱਸਦੀ ਹੈ: “ਜੇਸਨ ਦੀਆਂ ਗੱਲਾਂ ਸੁਣ-ਸੁਣ ਕੇ ਮੇਰੇ ਕੰਨ ਪੱਕ ਗਏ।” ਇਕ ਭਰਾ ਦੀ ਪਤਨੀ ਨੇ ਉਸ ਤੋਂ 18 ਸਾਲ ਬਾਅਦ ਸੱਚਾਈ ਨੂੰ ਕਬੂਲ ਕੀਤਾ। ਉਹ ਕਹਿੰਦੀ ਹੈ: “ਮੇਰੇ ਲਈ ਇਕਦਮ ਸੱਚਾਈ ਦਾ ਗਿਆਨ ਲੈਣਾ ਔਖਾ ਸੀ।” ਜੇ ਤੁਸੀਂ ਕਿਸੇ ਨਾਲ ਬਾਈਬਲ ਸਟੱਡੀ ਕਰ ਰਹੇ ਹੋ ਤੇ ਉਸ ਦਾ ਸਾਥੀ ਸਟੱਡੀ ਨਹੀਂ ਕਰਨੀ ਚਾਹੁੰਦਾ, ਤਾਂ ਕਿਉਂ ਨਾ ਉਸ ਨੂੰ ਦਿਖਾਓ ਕਿ ਉਹ ਆਪਣੇ ਸਾਥੀ ਨੂੰ ਸੱਚਾਈ ਬਾਰੇ ਸਮਝਦਾਰੀ ਨਾਲ ਕਿਵੇਂ ਦੱਸ ਸਕਦਾ ਹੈ? ਮੂਸਾ ਨੇ ਕਿਹਾ ਸੀ: “ਮੇਰਾ ਉਪਦੇਸ਼ ਮੀਂਹ ਵਾਂਙੁ ਵਰਹੇਗਾ, ਮੇਰਾ ਬੋਲ ਤ੍ਰੇਲ ਵਾਂਙੁ ਪਵੇਗਾ, ਜਿਵੇਂ ਕੂਲੇ ਕੂਲੇ ਘਾਹ ਉੱਤੇ ਫੁਹਾਰ।” (ਬਿਵ. 32:2) ਜਿਵੇਂ ਪੌਦਿਆਂ ਨੂੰ ਹੌਲੀ-ਹੌਲੀ ਪੈਂਦੇ ਮੀਂਹ ਦਾ ਫ਼ਾਇਦਾ ਹੁੰਦਾ ਹੈ, ਤਿਵੇਂ ਸੱਚਾਈ ਬਾਰੇ ਥੋੜ੍ਹਾ-ਥੋੜ੍ਹਾ ਕਰ ਕੇ ਦੱਸਣ ਨਾਲ ਫ਼ਾਇਦਾ ਹੋ ਸਕਦਾ ਹੈ।
10-12. (ੳ) ਪਤਰਸ ਰਸੂਲ ਨੇ ਉਨ੍ਹਾਂ ਮਸੀਹੀਆਂ ਨੂੰ ਕਿਹੜੀ ਸਲਾਹ ਦਿੱਤੀ ਜਿਨ੍ਹਾਂ ਦੇ ਸਾਥੀ ਸੱਚਾਈ ਵਿਚ ਨਹੀਂ ਹਨ? (ਅ) ਬਾਈਬਲ ਸਟੱਡੀ ਕਰ ਰਹੀ ਇਕ ਤੀਵੀਂ ਨੇ 1 ਪਤਰਸ 3:1, 2 ਦੀ ਸਲਾਹ ਕਿਵੇਂ ਲਾਗੂ ਕੀਤੀ?
10 ਪਤਰਸ ਰਸੂਲ ਨੇ ਉਨ੍ਹਾਂ ਮਸੀਹੀ ਪਤਨੀਆਂ ਨੂੰ ਇਹ ਸਲਾਹ ਦਿੱਤੀ ਜਿਨ੍ਹਾਂ ਦੇ ਪਤੀ ਸੱਚਾਈ ਵਿਚ ਨਹੀਂ ਹਨ: “ਆਪਣੇ ਪਤੀਆਂ ਦੇ ਅਧੀਨ ਰਹੋ, ਤਾਂਕਿ ਜੇ ਤੁਹਾਡੇ ਵਿੱਚੋਂ ਕਿਸੇ ਦਾ ਪਤੀ ਪਰਮੇਸ਼ੁਰ ਦੇ ਬਚਨ ਨੂੰ ਨਾ ਮੰਨਦਾ ਹੋਵੇ, ਤਾਂ ਪਤਨੀ ਦੇ ਕੁਝ ਕਹੇ ਬਿਨਾਂ ਪਤੀ ਸ਼ਾਇਦ ਉਸ ਦੇ ਚਾਲ-ਚਲਣ ਨੂੰ ਦੇਖ ਕੇ ਨਿਹਚਾ ਕਰਨ ਲੱਗ ਪਵੇ 1 ਪਤ. 3:1, 2) ਇਕ ਪਤਨੀ ਆਪਣੇ ਪਤੀ ਨੂੰ ਸੱਚਾਈ ਵਿਚ ਲਿਆ ਸਕਦੀ ਹੈ ਜੇ ਉਹ ਆਪਣੇ ਪਤੀ ਦੇ ਅਧੀਨ ਰਹੇ ਅਤੇ ਉਸ ਦਾ ਆਦਰ ਕਰੇ, ਭਾਵੇਂ ਉਹ ਉਸ ਦਾ ਵਿਰੋਧ ਕਰਦਾ ਹੋਵੇ। ਇਸੇ ਤਰ੍ਹਾਂ ਇਕ ਮਸੀਹੀ ਪਤੀ ਨੂੰ ਆਪਣੇ ਪਰਿਵਾਰ ਨਾਲ ਪਿਆਰ ਨਾਲ ਪੇਸ਼ ਆਉਣਾ ਚਾਹੀਦਾ ਹੈ ਤੇ ਪਰਮੇਸ਼ੁਰ ਦੇ ਬਚਨ ਅਨੁਸਾਰ ਚੱਲਣਾ ਚਾਹੀਦਾ ਹੈ, ਭਾਵੇਂ ਉਸ ਦੀ ਪਤਨੀ ਉਸ ਦਾ ਵਿਰੋਧ ਕਰਦੀ ਹੋਵੇ।—1 ਪਤ. 3:7-9.
ਕਿਉਂਕਿ ਉਹ ਆਪਣੀ ਅੱਖੀਂ ਦੇਖੇਗਾ ਕਿ ਉਸ ਦੀ ਪਤਨੀ ਦਾ ਚਾਲ-ਚਲਣ ਨੇਕ ਹੈ ਅਤੇ ਉਹ ਦਿਲੋਂ ਉਸ ਦੀ ਇੱਜ਼ਤ ਕਰਦੀ ਹੈ।” (11 ਕੀ ਪਤਰਸ ਦੀ ਸਲਾਹ ਉੱਤੇ ਚੱਲਣ ਦਾ ਕੋਈ ਫ਼ਾਇਦਾ ਹੁੰਦਾ ਹੈ? ਹਾਂ, ਕਈ ਭੈਣਾਂ-ਭਰਾਵਾਂ ਦੀਆਂ ਮਿਸਾਲਾਂ ਇਸ ਗੱਲ ਦਾ ਸਬੂਤ ਹਨ। ਸਲਮਾ ਦੀ ਮਿਸਾਲ ’ਤੇ ਗੌਰ ਕਰੋ। ਜਦ ਉਸ ਨੇ ਯਹੋਵਾਹ ਦੇ ਗਵਾਹਾਂ ਨਾਲ ਬਾਈਬਲ ਸਟੱਡੀ ਸ਼ੁਰੂ ਕੀਤੀ, ਤਾਂ ਉਸ ਦਾ ਪਤੀ ਸਟੀਵ ਖ਼ੁਸ਼ ਨਹੀਂ ਸੀ। ਸਟੀਵ ਦੱਸਦਾ ਹੈ: ‘ਮੈਂ ਬਹੁਤ ਗੁੱਸੇ ਹੋਇਆ। ਮੈਨੂੰ ਜ਼ਰਾ ਵੀ ਪਸੰਦ ਨਹੀਂ ਸੀ ਕਿ ਸਲਮਾ ਸਟੱਡੀ ਕਰ ਰਹੀ ਸੀ ਤੇ ਮੈਨੂੰ ਡਰ ਸੀ ਕਿਤੇ ਉਹ ਮੈਨੂੰ ਛੱਡ ਕੇ ਨਾ ਚਲੀ ਜਾਵੇ।’ ਸਲਮਾ ਕਹਿੰਦੀ ਹੈ: “ਸੱਚਾਈ ਸਿੱਖਣ ਤੋਂ ਪਹਿਲਾਂ ਵੀ ਸਟੀਵ ਨਾਲ ਰਹਿਣਾ ਸੌਖਾ ਨਹੀਂ ਸੀ। ਉਹ ਬੜਾ ਗੁੱਸੇ ਵਾਲਾ ਸੀ ਇਸ ਕਰਕੇ ਮੈਨੂੰ ਘਰ ਵਿਚ ਡਰ-ਡਰ ਕੇ ਰਹਿਣਾ ਪੈਂਦਾ ਸੀ। ਜਦ ਮੈਂ ਬਾਈਬਲ ਸਟੱਡੀ ਕਰਨੀ ਸ਼ੁਰੂ ਕੀਤੀ, ਤਾਂ ਉਹ ਹਰ ਵੇਲੇ ਗੁੱਸੇ ਨਾਲ ਭਰਿਆ ਰਹਿੰਦਾ ਸੀ।” ਇਸ ਹਾਲਤ ਵਿਚ ਸਲਮਾ ਦੀ ਕਿਵੇਂ ਮਦਦ ਹੋਈ?
12 ਸਲਮਾ ਨੂੰ ਯਾਦ ਹੈ ਕਿ ਉਸ ਨੇ ਭੈਣ ਨਾਲ ਇਕ ਦਿਨ ਇਸ ਬਾਰੇ ਖੁੱਲ੍ਹ ਕੇ ਗੱਲਬਾਤ ਕੀਤੀ ਸੀ ਜੋ ਉਸ ਨੂੰ ਬਾਈਬਲ ਸਟੱਡੀ ਕਰਾ ਰਹੀ ਸੀ। ਉਹ ਦੱਸਦੀ ਹੈ: “ਇਕ ਦਿਨ ਮੈਂ ਬਾਈਬਲ ਸਟੱਡੀ ਨਹੀਂ ਕਰਨੀ ਚਾਹੁੰਦੀ ਸੀ। ਰਾਤ ਨੂੰ ਸਟੀਵ ਨਾਲ ਮੇਰੀ ਬਹਿਸ ਹੋਈ ਤੇ ਉਸ ਨੇ ਮੈਨੂੰ ਮਾਰਿਆ। ਮੈਂ ਬਹੁਤ ਉਦਾਸ ਸੀ ਅਤੇ ਮੈਨੂੰ ਆਪਣੇ ਆਪ ’ਤੇ ਤਰਸ ਆ ਰਿਹਾ ਸੀ। ਮੈਂ ਭੈਣ ਨੂੰ ਦੱਸਿਆ ਕਿ ਕੀ-ਕੀ ਹੋਇਆ ਸੀ ਤੇ ਮੈਂ ਕਿੰਨੀ ਉਦਾਸ ਸੀ। ਉਸ ਨੇ ਮੈਨੂੰ 1 ਕੁਰਿੰਥੀਆਂ 13:4-7 ਪੜ੍ਹਨ ਲਈ ਕਿਹਾ। ਪੜ੍ਹਦੀ-ਪੜ੍ਹਦੀ ਮੈਂ ਸੋਚਣ ਲੱਗੀ, ‘ਸਟੀਵ ਮੇਰੇ ਨਾਲ ਇਸ ਤਰ੍ਹਾਂ ਕਦੇ ਪੇਸ਼ ਨਹੀਂ ਆਉਂਦਾ।’ ਫਿਰ ਭੈਣ ਨੇ ਮੈਨੂੰ ਪੁੱਛਿਆ, ‘ਕੀ ਤੂੰ ਸਟੀਵ ਨਾਲ ਇਸ ਤਰ੍ਹਾਂ ਪੇਸ਼ ਆਉਂਦੀ ਹੈ?’ ਮੈਂ ਜਵਾਬ ਦਿੱਤਾ, ‘ਨਹੀਂ, ਕਿਉਂਕਿ ਉਹ ਇੰਨਾ ਗੁੱਸੇਖ਼ੋਰ ਹੈ।’ ਫਿਰ ਭੈਣ ਨੇ ਨਰਮਾਈ ਨਾਲ ਕਿਹਾ: ‘ਸਲਮਾ, ਕੌਣ ਮਸੀਹੀ ਬਣਨਾ ਸਿੱਖ ਰਿਹਾ ਹੈ, ਤੂੰ ਜਾਂ ਸਟੀਵ?’ ਮੈਨੂੰ ਅਹਿਸਾਸ ਹੋਇਆ ਕਿ ਮੈਨੂੰ ਆਪਣੀ ਸੋਚਣੀ ਬਦਲਣ ਦੀ ਲੋੜ ਸੀ। ਮੈਂ ਯਹੋਵਾਹ ਨੂੰ ਪ੍ਰਾਰਥਨਾ ਕੀਤੀ ਕਿ ਉਹ ਸਟੀਵ ਨਾਲ ਪਿਆਰ ਨਾਲ ਪੇਸ਼ ਆਉਣ ਵਿਚ ਮੇਰੀ ਮਦਦ ਕਰੇ। ਸਹਿਜੇ-ਸਹਿਜੇ ਸਾਡੇ ਰਿਸ਼ਤੇ ਵਿਚ ਸੁਧਾਰ ਆਉਣ ਲੱਗ ਪਿਆ।” ਇਸ ਤੋਂ 17 ਸਾਲ ਬਾਅਦ ਸਟੀਵ ਵੀ ਸੱਚਾਈ ਵਿਚ ਆ ਗਿਆ।
ਦੂਸਰੇ ਕਿਵੇਂ ਮਦਦ ਕਰ ਸਕਦੇ ਹਨ
13, 14. ਮੰਡਲੀ ਦੇ ਭੈਣ-ਭਰਾ ਉਨ੍ਹਾਂ ਮਸੀਹੀਆਂ ਦੀ ਮਦਦ ਕਿਵੇਂ ਕਰ ਸਕਦੇ ਹਨ ਜਿਨ੍ਹਾਂ ਦੇ ਘਰ ਦੇ ਮੈਂਬਰ ਸੱਚਾਈ ਵਿਚ ਨਹੀਂ ਹਨ?
13 ਜਿਵੇਂ ਮੀਂਹ ਦੀਆਂ ਬਹੁਤ ਸਾਰੀਆਂ ਛੋਟੀਆਂ-ਛੋਟੀਆਂ ਬੂੰਦਾਂ ਜ਼ਮੀਨ ਨੂੰ ਸਿੰਜਦੀਆਂ ਹਨ ਅਤੇ ਪੌਦੇ ਵਧਦੇ ਹਨ, ਤਿਵੇਂ ਮੰਡਲੀ ਦੇ ਸਾਰੇ ਭੈਣ-ਭਰਾ ਉਨ੍ਹਾਂ ਮਸੀਹੀਆਂ ਦੀ ਖ਼ੁਸ਼ੀ ਵਧਾ ਸਕਦੇ ਹਨ ਜਿਨ੍ਹਾਂ ਦੇ ਘਰ ਦੇ ਮੈਂਬਰ ਸੱਚਾਈ ਵਿਚ ਨਹੀਂ ਹਨ। ਬ੍ਰਾਜ਼ੀਲ ਵਿਚ ਐੱਲਵੀਨਾ ਕਹਿੰਦੀ ਹੈ: “ਭੈਣਾਂ-ਭਰਾਵਾਂ ਦੇ ਪਿਆਰ ਨੇ ਸੱਚਾਈ ਵਿਚ ਮਜ਼ਬੂਤ ਰਹਿਣ ਵਿਚ ਮੇਰੀ ਮਦਦ ਕੀਤੀ।”
14 ਮੰਡਲੀ ਦੇ ਭੈਣ-ਭਰਾ ਮਸੀਹੀਆਂ ਦੇ ਅਵਿਸ਼ਵਾਸੀ * ਇੰਗਲੈਂਡ ਵਿਚ ਇਕ ਹੋਰ ਪਤੀ, ਜੋ ਅਖ਼ੀਰ ਵਿਚ ਗਵਾਹ ਬਣਿਆ, ਨੇ ਕਿਹਾ: “ਭੈਣ-ਭਰਾ ਸਾਡੇ ਘਰ ਆਉਂਦੇ ਸਨ ਜਾਂ ਸਾਨੂੰ ਆਪਣੇ ਘਰ ਬੁਲਾਉਂਦੇ ਸਨ। ਮੈਂ ਦੇਖਿਆ ਕਿ ਉਹ ਦੂਸਰਿਆਂ ਦਾ ਕਿੰਨਾ ਧਿਆਨ ਰੱਖਦੇ ਹਨ। ਇਕ ਵਾਰ ਜਦ ਮੈਂ ਹਸਪਤਾਲ ਵਿਚ ਸੀ, ਤਾਂ ਕਈ ਗਵਾਹ ਮੈਨੂੰ ਮਿਲਣ ਆਏ।” ਕੀ ਤੁਸੀਂ ਵੀ ਮਸੀਹੀਆਂ ਦੇ ਅਵਿਸ਼ਵਾਸੀ ਮੈਂਬਰਾਂ ਵਿਚ ਦਿਲਚਸਪੀ ਲੈਣ ਦੇ ਤਰੀਕੇ ਲੱਭ ਸਕਦੇ ਹੋ?
ਮੈਂਬਰਾਂ ਵਿਚ ਦਿਲਚਸਪੀ ਲੈ ਕੇ ਅਤੇ ਪਿਆਰ ਦਿਖਾ ਕੇ ਉਨ੍ਹਾਂ ਦੇ ਦਿਲਾਂ ਤਕ ਪਹੁੰਚ ਸਕਦੇ ਹਨ। ਨਾਈਜੀਰੀਆ ਵਿਚ ਇਕ ਭੈਣ ਦੇ ਪਤੀ ਨੇ ਉਸ ਤੋਂ 13 ਸਾਲ ਬਾਅਦ ਸੱਚਾਈ ਕਬੂਲ ਕੀਤੀ। ਉਹ ਦੱਸਦਾ ਹੈ: “ਇਕ ਵਾਰ ਮੈਂ ਇਕ ਗਵਾਹ ਨਾਲ ਕਿਤੇ ਜਾ ਰਿਹਾ ਸੀ, ਤਾਂ ਰਾਹ ਵਿਚ ਸਾਡੀ ਗੱਡੀ ਖ਼ਰਾਬ ਹੋ ਗਈ। ਉਸ ਨੇ ਲਾਗੇ ਇਕ ਪਿੰਡ ਵਿਚ ਗਵਾਹਾਂ ਨੂੰ ਲੱਭਿਆ। ਉਨ੍ਹਾਂ ਨੇ ਰਾਤ ਸਾਨੂੰ ਆਪਣੇ ਘਰ ਰੱਖਿਆ ਅਤੇ ਸਾਡੀ ਬਹੁਤ ਸੇਵਾ ਕੀਤੀ। ਮੈਨੂੰ ਇੱਦਾਂ ਲੱਗਾ ਜਿੱਦਾਂ ਅਸੀਂ ਬਹੁਤ ਸਾਲਾਂ ਤੋਂ ਇਕ-ਦੂਜੇ ਨੂੰ ਜਾਣਦੇ ਹੋਈਏ। ਜਿਸ ਮਸੀਹੀ ਪਿਆਰ ਬਾਰੇ ਮੇਰੀ ਪਤਨੀ ਹਮੇਸ਼ਾ ਮੈਨੂੰ ਦੱਸਦੀ ਹੁੰਦੀ ਸੀ, ਮੈਂ ਉਸ ਵੇਲੇ ਉਹ ਪਿਆਰ ਮਹਿਸੂਸ ਕੀਤਾ।” ਇੰਗਲੈਂਡ ਵਿਚ ਇਕ ਪਤਨੀ ਆਪਣੇ ਪਤੀ ਤੋਂ 18 ਸਾਲ ਬਾਅਦ ਸੱਚਾਈ ਵਿਚ ਆਈ। ਉਹ ਕਹਿੰਦੀ ਹੈ: “ਗਵਾਹ ਸਾਨੂੰ ਦੋਨਾਂ ਨੂੰ ਆਪਣੇ ਘਰ ਰੋਟੀ ’ਤੇ ਬੁਲਾਉਂਦੇ ਸਨ। ਮੈਨੂੰ ਕਦੇ ਓਪਰਾ ਮਹਿਸੂਸ ਨਹੀਂ ਹੋਇਆ।”15, 16. ਅਵਿਸ਼ਵਾਸੀ ਪਰਿਵਾਰ ਨਾਲ ਰਹਿੰਦਿਆਂ ਇਕ ਮਸੀਹੀ ਆਪਣੀ ਖ਼ੁਸ਼ੀ ਕਿਵੇਂ ਬਰਕਰਾਰ ਰੱਖ ਸਕਦਾ ਹੈ?
15 ਇਹ ਸੱਚ ਹੈ ਕਿ ਸਾਰੇ ਅਵਿਸ਼ਵਾਸੀ ਜੀਵਨ-ਸਾਥੀ, ਬੱਚੇ, ਮਾਪੇ ਜਾਂ ਹੋਰ ਰਿਸ਼ਤੇਦਾਰ ਸੱਚਾਈ ਵਿਚ ਨਹੀਂ ਆਉਂਦੇ, ਭਾਵੇਂ ਮਸੀਹੀ ਕਈ-ਕਈ ਸਾਲ ਬਾਈਬਲ ਦੀ ਸਲਾਹ ’ਤੇ ਵਫ਼ਾਦਾਰੀ ਨਾਲ ਚੱਲਦੇ ਰਹਿੰਦੇ ਹਨ ਅਤੇ ਸਮਝਦਾਰੀ ਨਾਲ ਆਪਣੇ ਪਰਿਵਾਰ ਨਾਲ ਸੱਚਾਈ ਬਾਰੇ ਗੱਲਾਂ ਕਰਦੇ ਹਨ। ਕਈ ਮੈਂਬਰ ਸੱਚਾਈ ਵਿਚ ਦਿਲਚਸਪੀ ਲੈਂਦੇ ਹੀ ਨਹੀਂ ਜਾਂ ਉਹ ਵਿਰੋਧ ਕਰਦੇ ਰਹਿੰਦੇ ਹਨ। (ਮੱਤੀ 10:35-37) ਪਰ ਜਦ ਮਸੀਹੀ ਆਪਣੇ ਵਿਚ ਚੰਗੇ ਗੁਣ ਪੈਦਾ ਕਰਦੇ ਹਨ ਤੇ ਆਪਣੀ ਜ਼ਿੰਦਗੀ ਵਿਚ ਇਹ ਗੁਣ ਦਿਖਾਉਂਦੇ ਹਨ, ਤਾਂ ਇਸ ਦਾ ਦੂਜਿਆਂ ’ਤੇ ਚੰਗਾ ਅਸਰ ਪੈ ਸਕਦਾ ਹੈ। ਇਕ ਪਤੀ, ਜੋ ਪਹਿਲਾਂ ਅਵਿਸ਼ਵਾਸੀ ਹੁੰਦਾ ਸੀ, ਕਹਿੰਦਾ ਹੈ: “ਜਦ ਕੋਈ ਮਸੀਹੀ ਅਜਿਹੇ ਗੁਣ ਦਿਖਾਉਂਦਾ ਹੈ, ਤਾਂ ਪਤਾ ਨਹੀਂ ਹੁੰਦਾ ਕਿ ਉਸ ਦੇ ਜੀਵਨ-ਸਾਥੀ ਦੇ ਦਿਲ-ਦਿਮਾਗ਼ ’ਤੇ ਕੀ ਅਸਰ ਪੈ ਰਿਹਾ ਹੈ। ਇਸ ਲਈ ਕਦੇ ਹਿੰਮਤ ਨਾ ਹਾਰੋ।”
16 ਜੇ ਤੁਹਾਡੇ ਘਰ ਦਾ ਕੋਈ ਮੈਂਬਰ ਸੱਚਾਈ ਵਿਚ ਨਾ ਵੀ ਆਵੇ, ਤਾਂ ਵੀ ਮਸੀਹੀ ਹੋਣ ਦੇ ਨਾਤੇ ਤੁਸੀਂ ਖ਼ੁਸ਼ ਰਹਿ ਸਕਦੇ ਹੋ। ਭਾਵੇਂ ਇਕ ਭੈਣ ਨੂੰ ਸੱਚਾਈ ਵਿਚ 21 ਸਾਲ ਹੋ ਗਏ ਹਨ, ਪਰ ਉਸ ਦੀਆਂ ਲੱਖ ਕੋਸ਼ਿਸ਼ਾਂ ਦੇ ਬਾਵਜੂਦ ਉਸ ਦਾ ਪਤੀ ਸੱਚਾਈ ਵਿਚ ਨਹੀਂ ਆਇਆ। ਉਹ ਕਹਿੰਦੀ ਹੈ: “ਮੈਂ ਖ਼ੁਸ਼ ਹਾਂ ਕਿਉਂਕਿ ਮੈਂ ਯਹੋਵਾਹ ਦੇ ਦਿਲ ਨੂੰ ਖ਼ੁਸ਼ ਕਰ ਰਹੀ ਹਾਂ, ਉਸ ਪ੍ਰਤੀ ਵਫ਼ਾਦਾਰ ਰਹਿੰਦੀ ਹਾਂ ਤੇ ਉਸ ਨਾਲ ਆਪਣਾ ਰਿਸ਼ਤਾ ਪੱਕਾ ਰੱਖਣ ਦੀ ਕੋਸ਼ਿਸ਼ ਕਰਦੀ ਹਾਂ। ਬਾਈਬਲ ਦਾ ਅਧਿਐਨ ਕਰ ਕੇ, ਮੀਟਿੰਗਾਂ ਵਿਚ ਜਾ ਕੇ, ਪ੍ਰਚਾਰ ਕਰ ਕੇ ਅਤੇ ਮੰਡਲੀ ਵਿਚ ਦੂਸਰਿਆਂ ਦੀ ਮਦਦ ਕਰ ਕੇ ਮੈਂ ਯਹੋਵਾਹ ਦੇ ਹੋਰ ਵੀ ਨਜ਼ਦੀਕ ਹੋਈ ਹਾਂ ਤੇ ਉਸ ਪ੍ਰਤੀ ਵਫ਼ਾਦਾਰ ਰਹਿਣ ਵਿਚ ਮੈਨੂੰ ਮਦਦ ਮਿਲੀ ਹੈ।”—ਕਹਾ. 4:23.
ਹਾਰ ਨਾ ਮੰਨੋ!
17, 18. ਇਕ ਮਸੀਹੀ ਉਮੀਦ ਦਾ ਪੱਲਾ ਕਿਵੇਂ ਫੜੀ ਰੱਖ ਸਕਦਾ ਹੈ ਭਾਵੇਂ ਉਸ ਦਾ ਪਰਿਵਾਰ ਸੱਚਾਈ ਵਿਚ ਨਾ ਹੋਵੇ?
17 ਪਰਿਵਾਰ ਸੱਚਾਈ ਵਿਚ ਨਾ ਹੋਣ ਦੇ ਬਾਵਜੂਦ ਵੀ ਜੇ ਤੁਸੀਂ ਵਫ਼ਾਦਾਰੀ ਨਾਲ ਯਹੋਵਾਹ ਦੀ ਸੇਵਾ ਕਰ ਰਹੇ ਹੋ, ਤਾਂ ਹਿੰਮਤ ਨਾ ਹਾਰੋ। ਯਾਦ ਰੱਖੋ ਕਿ “ਯਹੋਵਾਹ ਆਪਣੇ ਵੱਡੇ ਨਾਮ ਦੇ ਲਈ ਆਪਣੀ ਪਰਜਾ ਦਾ ਤਿਆਗ ਨਾ ਕਰੇਗਾ।” (1 ਸਮੂ. 12:22) ਜੇ ਤੁਸੀਂ ਉਸ ਦਾ ਲੜ ਫੜੀ ਰੱਖੋਗੇ, ਤਾਂ ਉਹ ਤੁਹਾਡਾ ਸਾਥ ਨਹੀਂ ਛੱਡੇਗਾ। (2 ਇਤਹਾਸ 15:2 ਪੜ੍ਹੋ।) ਇਸ ਲਈ “ਯਹੋਵਾਹ ਦੀ ਸੇਵਾ ਕਰਦਿਆਂ ਖੁਸ਼ੀ ਅਨੁਭਵ ਕਰੋ” ਅਤੇ “ਯਹੋਵਾਹ ਤੇ ਨਿਰਭਰ ਹੋਵੋ, ਉਸ ਵਿੱਚ ਯਕੀਨ ਰੱਖੋ।” (ਜ਼ਬੂ. 37:4, 5, ERV) “ਪ੍ਰਾਰਥਨਾ ਕਰਨ ਵਿਚ ਲੱਗੇ ਰਹੋ” ਅਤੇ ਯਕੀਨ ਰੱਖੋ ਕਿ ਸਾਡਾ ਪਿਤਾ ਯਹੋਵਾਹ ਹਰ ਮੁਸ਼ਕਲ ਦਾ ਸਾਮ੍ਹਣਾ ਕਰਨ ਵਿਚ ਤੁਹਾਡੀ ਮਦਦ ਕਰੇਗਾ।—ਰੋਮੀ. 12:12.
18 ਯਹੋਵਾਹ ਕੋਲੋਂ ਉਸ ਦੀ ਪਵਿੱਤਰ ਸ਼ਕਤੀ ਮੰਗੋ ਤਾਂਕਿ ਤੁਸੀਂ ਆਪਣੇ ਘਰ ਵਿਚ ਸ਼ਾਂਤੀ ਬਣਾਈ ਰੱਖ ਸਕੋ। (ਇਬ. 12:14) ਹਾਂ, ਸ਼ਾਂਤੀ-ਭਰਿਆ ਮਾਹੌਲ ਪੈਦਾ ਕਰਨਾ ਮੁਮਕਿਨ ਹੈ ਅਤੇ ਅਜਿਹੇ ਮਾਹੌਲ ਵਿਚ ਸ਼ਾਇਦ ਘਰ ਦੇ ਅਵਿਸ਼ਵਾਸੀ ਮੈਂਬਰ ਸੱਚਾਈ ਨੂੰ ਕਬੂਲ ਕਰ ਲੈਣ। ‘ਸਾਰਾ ਕੁਝ ਪਰਮੇਸ਼ੁਰ ਦੀ ਮਹਿਮਾ ਲਈ ਕਰਨ’ ਨਾਲ ਤੁਹਾਨੂੰ ਖ਼ੁਸ਼ੀ ਅਤੇ ਮਨ ਦੀ ਸ਼ਾਂਤੀ ਮਿਲ ਸਕਦੀ ਹੈ। (1 ਕੁਰਿੰ. 10:31) ਨਾਲੇ ਇਹ ਜਾਣ ਕੇ ਕਿੰਨੀ ਖ਼ੁਸ਼ੀ ਹੁੰਦੀ ਹੈ ਕਿ ਮੰਡਲੀ ਦੇ ਭੈਣ-ਭਰਾ ਤੁਹਾਡਾ ਸਾਥ ਦੇ ਰਹੇ ਹਨ।
[ਫੁਟਨੋਟ]
^ ਪੈਰਾ 4 ਨਾਂ ਬਦਲੇ ਗਏ ਹਨ।
^ ਪੈਰਾ 8 ਪੌਲੁਸ ਦੀ ਸਲਾਹ ਦਾ ਇਹ ਮਤਲਬ ਨਹੀਂ ਕਿ ਕੁਝ ਗੰਭੀਰ ਹਾਲਾਤਾਂ ਵਿਚ ਆਪਣੇ ਜੀਵਨ-ਸਾਥੀ ਤੋਂ ਕਾਨੂੰਨੀ ਤੌਰ ਤੇ ਵੱਖ ਹੋਣ ਦੀ ਇਜਾਜ਼ਤ ਨਹੀਂ ਹੈ। ਹਰ ਮਸੀਹੀ ਨੇ ਸੋਚ-ਸਮਝ ਕੇ ਆਪ ਇਹ ਗੰਭੀਰ ਫ਼ੈਸਲਾ ਕਰਨਾ ਹੈ। ਇਸ ਬਾਰੇ ਪਰਮੇਸ਼ੁਰ ਨਾਲ ਆਪਣਾ ਪਿਆਰ ਬਰਕਰਾਰ ਰੱਖੋ ਨਾਂ ਦੀ ਕਿਤਾਬ ਦੇ ਸਫ਼ੇ 220-221 ਦੇਖੋ।
^ ਪੈਰਾ 14 ਬਾਈਬਲ ਅਵਿਸ਼ਵਾਸੀਆਂ ਨਾਲ ਰੋਟੀ ਖਾਣ ਤੋਂ ਮਨ੍ਹਾ ਨਹੀਂ ਕਰਦੀ ਹੈ।—1 ਕੁਰਿੰ. 10:27.
[ਸਵਾਲ]
[ਸਫ਼ਾ 28 ਉੱਤੇ ਤਸਵੀਰ]
ਆਪਣੇ ਵਿਸ਼ਵਾਸਾਂ ਬਾਰੇ ਗੱਲ ਕਰਨ ਲਈ ਸਹੀ ਸਮਾਂ ਚੁਣੋ
[ਸਫ਼ਾ 29 ਉੱਤੇ ਤਸਵੀਰ]
ਭੈਣਾਂ-ਭਰਾਵਾਂ ਦੇ ਅਵਿਸ਼ਵਾਸੀ ਜੀਵਨ-ਸਾਥੀਆਂ ਵਿਚ ਦਿਲਚਸਪੀ ਲਓ