Skip to content

Skip to table of contents

ਈਰਖਾ ਸਾਡੀ ਜ਼ਿੰਦਗੀ ਵਿਚ ਜ਼ਹਿਰ ਘੋਲ ਸਕਦੀ ਹੈ

ਈਰਖਾ ਸਾਡੀ ਜ਼ਿੰਦਗੀ ਵਿਚ ਜ਼ਹਿਰ ਘੋਲ ਸਕਦੀ ਹੈ

ਈਰਖਾ ਸਾਡੀ ਜ਼ਿੰਦਗੀ ਵਿਚ ਜ਼ਹਿਰ ਘੋਲ ਸਕਦੀ ਹੈ

ਇਕ ਅੰਗ੍ਰੇਜ਼ ਫ਼ਿਲਾਸਫ਼ਰ ਨੇ ਲਿਖਿਆ: “ਜ਼ਿੰਦਗੀ ਵਿਚ ਖ਼ੁਸ਼ੀ ਨਾ ਹੋਣ ਦਾ ਇਕ ਕਾਰਨ ਹੈ ਈਰਖਾ।” ਈਰਖਾ ਕਿਸੇ ਵੀ ਇਨਸਾਨ ਵਿਚ ਪੈਦਾ ਹੋ ਸਕਦੀ ਹੈ, ਭਾਵੇਂ ਉਸ ਕੋਲ ਜਿੰਨੀ ਮਰਜ਼ੀ ਧਨ-ਦੌਲਤ ਹੋਵੇ ਜਾਂ ਉਸ ਵਿਚ ਜਿਹੜੇ ਮਰਜ਼ੀ ਗੁਣ ਹੋਣ ਜਾਂ ਉਹ ਜ਼ਿੰਦਗੀ ਵਿਚ ਭਾਵੇਂ ਜਿੰਨਾ ਮਰਜ਼ੀ ਕਾਮਯਾਬ ਹੋਵੇ।

ਈਰਖਾ ਕਰਨ ਵਾਲਾ ਇਨਸਾਨ ਦੂਜਿਆਂ ਦੀਆਂ ਚੀਜ਼ਾਂ, ਖ਼ੁਸ਼ੀ ਤੇ ਹੋਰ ਗੱਲਾਂ ਕਰਕੇ ਸੜਦਾ ਰਹਿੰਦਾ ਹੈ। ਬਾਈਬਲ ਬਾਰੇ ਇਕ ਕਿਤਾਬ ਵਿਚ ਕਿਹਾ ਗਿਆ ਹੈ ਕਿ ਈਰਖਾਲੂ ਇਨਸਾਨ ਨਾ ਸਿਰਫ਼ ਦੂਜਿਆਂ ਵਾਂਗ ਅਮੀਰ ਬਣਨਾ ਚਾਹੁੰਦਾ ਹੈ, ਸਗੋਂ ਉਹ ਚਾਹੁੰਦਾ ਹੈ ਕਿ ਉਨ੍ਹਾਂ ਕੋਲ ਜੋ ਵੀ ਹੈ, ਉਹ ਖੋਹ ਲਵੇ।

ਸਾਨੂੰ ਜਾਣਨਾ ਚਾਹੀਦਾ ਹੈ ਕਿ ਸਾਡੇ ਦਿਲ ਵਿਚ ਈਰਖਾ ਕਿਵੇਂ ਪੈਦਾ ਹੋ ਸਕਦੀ ਹੈ ਅਤੇ ਇਸ ਦੇ ਨਤੀਜੇ ਕੀ ਨਿਕਲਦੇ ਹਨ। ਸਾਨੂੰ ਖ਼ਾਸ ਕਰਕੇ ਇਹ ਜਾਣਨ ਦੀ ਲੋੜ ਹੈ ਕਿ ਜੇ ਅਸੀਂ ਈਰਖਾ ਤੋਂ ਬਚਣਾ ਚਾਹੁੰਦੇ ਹਾਂ, ਤਾਂ ਸਾਨੂੰ ਕੀ ਕਰਨਾ ਪਵੇਗਾ।

ਬਲ਼ਦੀ ’ਤੇ ਤੇਲ ਪਾਉਣਾ

ਨਾਮੁਕੰਮਲ ਹੋਣ ਕਰਕੇ ਸਾਡਾ “ਈਰਖਾਲੂ ਸੁਭਾਅ” ਹੁੰਦਾ ਹੈ ਅਤੇ ਬਹੁਤ ਸਾਰੀਆਂ ਗੱਲਾਂ ਬਲ਼ਦੀ ’ਤੇ ਤੇਲ ਪਾਉਂਦੀਆਂ ਹਨ। (ਯਾਕੂ. 4:5) ਇਕ ਗੱਲ ਬਾਰੇ ਪੌਲੁਸ ਰਸੂਲ ਨੇ ਲਿਖਿਆ: “ਆਓ ਆਪਾਂ ਨਾ ਹੀ ਹੰਕਾਰ ਕਰੀਏ, ਨਾ ਹੀ ਮੁਕਾਬਲਾ ਕਰਨ ਲਈ ਇਕ-ਦੂਜੇ ਨੂੰ ਉਕਸਾਈਏ ਅਤੇ ਨਾ ਹੀ ਇਕ-ਦੂਜੇ ਨਾਲ ਈਰਖਾ ਕਰੀਏ।” (ਗਲਾ. 5:26) ਦੂਜਿਆਂ ਨਾਲ ਮੁਕਾਬਲਾ ਕਰਨ ਦੀ ਆਦਤ ਸਾਡੇ ਅੰਦਰ ਈਰਖਾ ਦੀ ਭਾਵਨਾ ਨੂੰ ਹੋਰ ਵਧਾ ਸਕਦੀ ਹੈ। ਕਿਰਨ ਅਤੇ ਜੱਸੀ * ਨਾਂ ਦੇ ਦੋ ਮਸੀਹੀਆਂ ਨੇ ਆਪਣੀਆਂ ਜ਼ਿੰਦਗੀਆਂ ਵਿਚ ਇਹ ਗੱਲ ਦੇਖੀ।

ਕਿਰਨ ਇਕ ਰੈਗੂਲਰ ਪਾਇਨੀਅਰ ਹੈ। ਉਹ ਕਹਿੰਦੀ ਹੈ: “ਮੈਂ ਦੂਜਿਆਂ ਵੱਲ ਦੇਖ-ਦੇਖ ਸੜਦੀ ਰਹਿੰਦੀ ਹਾਂ। ਮੈਨੂੰ ਬਸ ਇਹੀ ਰਹਿੰਦਾ ਕਿ ਜੋ ਉਨ੍ਹਾਂ ਕੋਲ ਹੈ ਉਹ ਮੇਰੇ ਕੋਲ ਕਿਉਂ ਨਹੀਂ।” ਇਕ ਵਾਰ ਕਿਰਨ ਇਕ ਭਰਾ ਅਤੇ ਉਸ ਦੀ ਪਤਨੀ ਨਾਲ ਰੋਟੀ ਖਾ ਰਹੀ ਸੀ। ਉਹ ਭਰਾ ਸਫ਼ਰੀ ਨਿਗਾਹਬਾਨ ਦੇ ਤੌਰ ਤੇ ਸੇਵਾ ਕਰਦਾ ਹੈ। ਕਿਰਨ ਜਾਣਦੀ ਸੀ ਕਿ ਉਸ ਦੀ ਅਤੇ ਉਸ ਦੇ ਪਤੀ ਆਕਾਸ਼ ਦੀ ਉਮਰ ਸਫ਼ਰੀ ਨਿਗਾਹਬਾਨ ਅਤੇ ਉਸ ਦੀ ਪਤਨੀ ਜਿੰਨੀ ਸੀ ਅਤੇ ਪਹਿਲਾਂ ਉਨ੍ਹਾਂ ਨੂੰ ਇੱਕੋ ਜਿਹੀਆਂ ਜ਼ਿੰਮੇਵਾਰੀਆਂ ਮਿਲੀਆਂ ਸਨ। ਕਿਰਨ ਨੇ ਉਨ੍ਹਾਂ ਨੂੰ ਕਿਹਾ: “ਮੇਰਾ ਪਤੀ ਵੀ ਬਜ਼ੁਰਗ ਹੈ! ਤਾਂ ਫਿਰ, ਇਹ ਕਿੱਦਾਂ ਹੋ ਸਕਦਾ ਕਿ ਤੁਸੀਂ ਸਫ਼ਰੀ ਨਿਗਾਹਬਾਨ ਦੇ ਤੌਰ ਤੇ ਸੇਵਾ ਕਰ ਰਹੇ ਹੋ ਅਤੇ ਅਸੀਂ ਕੁਝ ਵੀ ਨਹੀਂ ਹਾਂ?” ਮੁਕਾਬਲੇ ਦੀ ਭਾਵਨਾ ਨੇ ਬਲ਼ਦੀ ’ਤੇ ਤੇਲ ਪਾਇਆ ਜਿਸ ਕਰਕੇ ਕਿਰਨ ਇਹ ਵੀ ਭੁੱਲ ਗਈ ਕਿ ਉਹ ਤੇ ਉਸ ਦਾ ਪਤੀ ਪਹਿਲਾਂ ਹੀ ਇੰਨਾ ਵਧੀਆ ਕੰਮ ਕਰ ਰਹੇ ਸਨ। ਈਰਖਾ ਕਰਕੇ ਉਹ ਆਪਣੀ ਜ਼ਿੰਦਗੀ ਤੋਂ ਖ਼ੁਸ਼ ਨਹੀਂ ਸੀ।

ਜੱਸੀ ਮੰਡਲੀ ਵਿਚ ਸਹਾਇਕ ਸੇਵਕ ਦੇ ਤੌਰ ਤੇ ਸੇਵਾ ਕਰਨਾ ਚਾਹੁੰਦਾ ਸੀ। ਜਦੋਂ ਦੂਜੇ ਭਰਾਵਾਂ ਨੂੰ ਸਹਾਇਕ ਸੇਵਕ ਬਣਾਇਆ ਗਿਆ, ਪਰ ਉਸ ਨੂੰ ਨਹੀਂ, ਤਾਂ ਉਹ ਉਨ੍ਹਾਂ ਨਾਲ ਈਰਖਾ ਕਰਨ ਲੱਗ ਪਿਆ ਅਤੇ ਬਜ਼ੁਰਗਾਂ ਦੇ ਸਮੂਹ ਦੇ ਸਹਾਇਕ ਨਾਲ ਖਾਰ ਖਾਣ ਲੱਗ ਪਿਆ। ਜੱਸੀ ਨੇ ਕਬੂਲ ਕੀਤਾ: “ਦਿਲ ਵਿਚ ਈਰਖਾ ਹੋਣ ਕਰਕੇ ਮੈਨੂੰ ਉਸ ਭਰਾ ਨਾਲ ਨਫ਼ਰਤ ਹੋ ਗਈ ਅਤੇ ਮੈਂ ਉਸ ਵਿਚ ਗ਼ਲਤੀਆਂ ਕੱਢਣ ਲੱਗ ਪਿਆ। ਜਦੋਂ ਈਰਖਾ ਤੁਹਾਨੂੰ ਆਪਣੇ ਵੱਸ ਵਿਚ ਕਰ ਲੈਂਦੀ ਹੈ, ਤਾਂ ਤੁਸੀਂ ਸਿਰਫ਼ ਆਪਣੇ ਬਾਰੇ ਹੀ ਸੋਚਦੇ ਹੋ ਅਤੇ ਤੁਸੀਂ ਸਹੀ ਤਰੀਕੇ ਨਾਲ ਸੋਚ ਨਹੀਂ ਪਾਉਂਦੇ।”

ਬਾਈਬਲ ਦੀਆਂ ਮਿਸਾਲਾਂ ਤੋਂ ਸਿੱਖੋ

ਬਾਈਬਲ ਵਿਚ ਸਾਨੂੰ ਚੇਤਾਵਨੀ ਦੇਣ ਲਈ ਬਹੁਤ ਸਾਰੇ ਲੋਕਾਂ ਦੀਆਂ ਮਿਸਾਲਾਂ ਦਿੱਤੀਆਂ ਗਈਆਂ ਹਨ। (1 ਕੁਰਿੰ. 10:11) ਇਨ੍ਹਾਂ ਵਿੱਚੋਂ ਕੁਝ ਮਿਸਾਲਾਂ ਨਾ ਸਿਰਫ਼ ਇਹ ਦਿਖਾਉਂਦੀਆਂ ਹਨ ਕਿ ਈਰਖਾ ਕਿਵੇਂ ਪੈਦਾ ਹੋਈ, ਸਗੋਂ ਇਹ ਵੀ ਦਿਖਾਉਂਦੀਆਂ ਹਨ ਕਿ ਈਰਖਾ ਨੇ ਇਨ੍ਹਾਂ ਲੋਕਾਂ ਦੀਆਂ ਜ਼ਿੰਦਗੀਆਂ ਵਿਚ ਕਿਵੇਂ ਜ਼ਹਿਰ ਘੋਲ ਦਿੱਤਾ।

ਮਿਸਾਲ ਲਈ, ਆਦਮ ਤੇ ਹੱਵਾਹ ਦੇ ਪਹਿਲੇ ਮੁੰਡੇ ਕਾਇਨ ਨੂੰ ਉਦੋਂ ਬਹੁਤ ਗੁੱਸਾ ਆਇਆ ਜਦੋਂ ਯਹੋਵਾਹ ਨੇ ਉਸ ਦੀ ਭੇਟ ਨਹੀਂ, ਸਗੋਂ ਉਸ ਦੇ ਭਰਾ ਹਾਬਲ ਦੀ ਭੇਟ ਸਵੀਕਾਰ ਕੀਤੀ। ਕਾਇਨ ਆਪਣੇ ਗੁੱਸੇ ਨੂੰ ਕਾਬੂ ਵਿਚ ਰੱਖ ਸਕਦਾ ਸੀ, ਪਰ ਈਰਖਾ ਵਿਚ ਅੰਨ੍ਹਾ ਹੋ ਕੇ ਉਸ ਨੇ ਆਪਣੇ ਭਰਾ ਦਾ ਕਤਲ ਕਰ ਦਿੱਤਾ। (ਉਤ. 4:4-8) ਇਸੇ ਕਰਕੇ ਬਾਈਬਲ ਵਿਚ ਕਾਇਨ ਨੂੰ “ਸ਼ੈਤਾਨ ਦਾ ਬੱਚਾ” ਕਿਹਾ ਗਿਆ ਹੈ!—1 ਯੂਹੰ. 3:12.

ਯੂਸੁਫ਼ ਦੇ ਭਰਾ ਉਸ ਨਾਲ ਇਸ ਕਰਕੇ ਈਰਖਾ ਕਰਦੇ ਸਨ ਕਿਉਂਕਿ ਉਨ੍ਹਾਂ ਦਾ ਪਿਤਾ ਯਾਕੂਬ ਯੂਸੁਫ਼ ਨੂੰ ਬਹੁਤ ਪਿਆਰ ਕਰਦਾ ਸੀ। ਇਕ ਵਾਰ ਪਰਮੇਸ਼ੁਰ ਨੇ ਯੂਸੁਫ਼ ਨੂੰ ਭਵਿੱਖ ਦੱਸਣ ਵਾਲੇ ਸੁਪਨੇ ਦਿਖਾਏ। ਜਦੋਂ ਯੂਸੁਫ਼ ਨੇ ਇਨ੍ਹਾਂ ਸੁਪਨਿਆਂ ਬਾਰੇ ਆਪਣੇ ਭਰਾਵਾਂ ਨੂੰ ਦੱਸਿਆ, ਤਾਂ ਉਹ ਯੂਸੁਫ਼ ਨਾਲ ਹੋਰ ਨਫ਼ਰਤ ਕਰਨ ਲੱਗ ਪਏ। ਉਹ ਤਾਂ ਉਸ ਨੂੰ ਜਾਨੋਂ ਮਾਰ ਦੇਣਾ ਚਾਹੁੰਦੇ ਸਨ। ਪਰ ਫਿਰ ਉਨ੍ਹਾਂ ਨੇ ਉਸ ਨੂੰ ਗ਼ੁਲਾਮ ਦੇ ਤੌਰ ਤੇ ਵੇਚ ਦਿੱਤਾ ਅਤੇ ਆਪਣੇ ਪਿਤਾ ਨੂੰ ਯਕੀਨ ਦੁਆ ਦਿੱਤਾ ਕਿ ਯੂਸੁਫ਼ ਮਰ ਗਿਆ ਸੀ। (ਉਤ. 37:4-11, 23-28, 31-33) ਕਈ ਸਾਲਾਂ ਬਾਅਦ ਉਨ੍ਹਾਂ ਨੇ ਇਹ ਕਹਿ ਕੇ ਆਪਣਾ ਪਾਪ ਕਬੂਲ ਕੀਤਾ: ‘ਅਸੀਂ ਆਪਣੇ ਭਰਾ ਦੇ ਕਾਰਨ ਜਰੂਰ ਦੋਸੀ ਹਾਂ ਕਿਉਂਕਿ ਜਦ ਅਸਾਂ ਉਸ ਦੇ ਕਸ਼ਟ ਨੂੰ ਵੇਖਿਆ ਅਤੇ ਉਸ ਨੇ ਸਾਡੇ ਤਰਲੇ ਕੀਤੇ ਤਾਂ ਅਸਾਂ ਉਸ ਦੀ ਨਾ ਸੁਣੀ।’—ਉਤ. 42:21; 50:15-19.

ਕੋਰਹ, ਦਾਥਾਨ ਤੇ ਅਬੀਰਾਮ ਦੇ ਦਿਲਾਂ ਵਿਚ ਉਦੋਂ ਈਰਖਾ ਪੈਦਾ ਹੋਈ ਜਦੋਂ ਉਨ੍ਹਾਂ ਨੇ ਆਪਣੀ ਤੁਲਨਾ ਮੂਸਾ ਤੇ ਹਾਰੂਨ ਨਾਲ ਕਰਨੀ ਸ਼ੁਰੂ ਕੀਤੀ। ਉਹ ਦੇਖਣ ਲੱਗ ਪਏ ਕਿ ਉਨ੍ਹਾਂ ਨੂੰ ਕਿਹੜੇ ਸਨਮਾਨ ਮਿਲੇ ਸਨ ਅਤੇ ਮੂਸਾ ਤੇ ਹਾਰੂਨ ਨੂੰ ਕਿਹੜੇ ਸਨਮਾਨ ਮਿਲੇ ਸਨ। ਉਨ੍ਹਾਂ ਨੇ ਮੂਸਾ ਉੱਤੇ ਦੋਸ਼ ਲਾਇਆ ਕਿ ਉਹ ਆਪਣੇ ਆਪ ਨੂੰ “ਪਾਤਸ਼ਾਹ ਬਣਾਈ” ਬੈਠਾ ਸੀ ਅਤੇ ਦੂਜਿਆਂ ਉੱਤੇ ਹੁਕਮ ਚਲਾਉਂਦਾ ਸੀ। (ਗਿਣ. 16:13) ਪਰ ਇਹ ਦੋਸ਼ ਝੂਠਾ ਸੀ। (ਗਿਣ. 11:14, 15) ਮੂਸਾ ਆਪਣੇ ਆਪ ਆਗੂ ਨਹੀਂ ਬਣਿਆ ਸੀ, ਸਗੋਂ ਯਹੋਵਾਹ ਨੇ ਉਸ ਨੂੰ ਆਗੂ ਬਣਾਇਆ ਸੀ। ਪਰ ਉਹ ਤਿੰਨੇ ਬਾਗ਼ੀ ਈਰਖਾ ਕਰਦੇ ਸਨ ਕਿ ਮੂਸਾ ਆਗੂ ਸੀ, ਉਹ ਨਹੀਂ। ਇਸੇ ਈਰਖਾ ਕਰਕੇ ਉਹ ਯਹੋਵਾਹ ਦੇ ਹੱਥੋਂ ਨਾਸ਼ ਹੋਏ।—ਜ਼ਬੂ. 106:16, 17.

ਰਾਜਾ ਸੁਲੇਮਾਨ ਨੇ ਦੇਖਿਆ ਕਿ ਈਰਖਾਲੂ ਇਨਸਾਨ ਕਿਸ ਹੱਦ ਤਕ ਜਾ ਸਕਦਾ ਹੈ। ਇਕ ਵਾਰ ਦੋ ਤੀਵੀਆਂ ਦੇ ਮੁੰਡੇ ਹੋਏ, ਪਰ ਇਕ ਦਾ ਮੁੰਡਾ ਮਰ ਗਿਆ। ਉਸ ਨੇ ਧੋਖੇ ਨਾਲ ਦੂਸਰੀ ਤੀਵੀਂ ਦਾ ਮੁੰਡਾ ਲੈ ਕੇ ਉਸ ਨੂੰ ਇਹ ਯਕੀਨ ਦਿਵਾਉਣ ਦੀ ਕੋਸ਼ਿਸ਼ ਕੀਤੀ ਕਿ ਉਸ ਦਾ ਮੁੰਡਾ ਮਰ ਗਿਆ ਸੀ। ਉਹ ਦੋਵੇਂ ਆਪਣੇ ਝਗੜੇ ਦੇ ਨਿਪਟਾਰੇ ਲਈ ਰਾਜਾ ਸੁਲੇਮਾਨ ਅੱਗੇ ਪੇਸ਼ ਹੋਈਆਂ। ਸੁਣਵਾਈ ਦੌਰਾਨ ਧੋਖੇਬਾਜ਼ ਤੀਵੀਂ ਇਸ ਗੱਲ ਲਈ ਵੀ ਰਾਜ਼ੀ ਹੋ ਗਈ ਕਿ ਦੂਜੇ ਮੁੰਡੇ ਨੂੰ ਵੀ ਮਾਰ ਦਿੱਤਾ ਜਾਵੇ। ਪਰ ਸੁਲੇਮਾਨ ਨੇ ਫ਼ੈਸਲਾ ਸੁਣਾਇਆ ਕਿ ਮੁੰਡਾ ਉਸ ਦੀ ਅਸਲੀ ਮਾਂ ਨੂੰ ਦਿੱਤਾ ਜਾਵੇ।—1 ਰਾਜ. 3:16-27.

ਈਰਖਾ ਕਰਨ ਦੇ ਭਿਆਨਕ ਨਤੀਜੇ ਨਿਕਲ ਸਕਦੇ ਹਨ। ਇਹ ਸਾਰੀਆਂ ਮਿਸਾਲਾਂ ਦਿਖਾਉਂਦੀਆਂ ਹਨ ਕਿ ਈਰਖਾ ਕਰਨ ਵਾਲਾ ਇਨਸਾਨ ਨਫ਼ਰਤ, ਬੇਇਨਸਾਫ਼ੀ ਤੇ ਕਤਲ ਕਰਨ ਦੀ ਹੱਦ ਤਕ ਜਾ ਸਕਦਾ ਹੈ। ਇਸ ਤੋਂ ਇਲਾਵਾ, ਜਿਨ੍ਹਾਂ ਨਾਲ ਈਰਖਾ ਕੀਤੀ ਗਈ, ਉਨ੍ਹਾਂ ਬੇਚਾਰਿਆਂ ਦਾ ਕੋਈ ਕਸੂਰ ਨਹੀਂ ਸੀ। ਕੀ ਅਸੀਂ ਕੁਝ ਕਰ ਸਕਦੇ ਹਾਂ ਤਾਂਕਿ ਈਰਖਾ ਸਾਡੀਆਂ ਜ਼ਿੰਦਗੀਆਂ ਵਿਚ ਜ਼ਹਿਰ ਨਾ ਘੋਲੇ? ਅਸੀਂ ਈਰਖਾ ਦੇ ਜ਼ਹਿਰ ਨੂੰ ਬੇਅਸਰ ਕਰਨ ਲਈ ਕੀ ਕਰ ਸਕਦੇ ਹਾਂ?

ਈਰਖਾ ਦਾ ਅਸਰਦਾਰ ਇਲਾਜ

ਆਪਣੇ ਦਿਲਾਂ ਵਿਚ ਦੂਸਰਿਆਂ ਲਈ ਸੱਚਾ ਤੇ ਗੂੜ੍ਹਾ ਪਿਆਰ ਪੈਦਾ ਕਰੋ। ਪਤਰਸ ਰਸੂਲ ਨੇ ਮਸੀਹੀਆਂ ਨੂੰ ਸਲਾਹ ਦਿੱਤੀ: “ਹੁਣ ਤੁਸੀਂ ਸੱਚਾਈ ਉੱਤੇ ਚੱਲ ਕੇ ਆਪਣੇ ਆਪ ਨੂੰ ਸ਼ੁੱਧ ਕੀਤਾ ਹੈ ਅਤੇ ਇਸ ਨਾਲ ਤੁਹਾਡੇ ਅੰਦਰ ਭਰਾਵਾਂ ਲਈ ਸੱਚਾ ਪਿਆਰ ਪੈਦਾ ਹੋਇਆ ਹੈ, ਇਸ ਲਈ ਇਕ-ਦੂਸਰੇ ਨਾਲ ਦਿਲੋਂ ਗੂੜ੍ਹਾ ਪਿਆਰ ਕਰੋ।” (1 ਪਤ. 1:22) ਪਿਆਰ ਕੀ ਹੁੰਦਾ ਹੈ? ਪੌਲੁਸ ਰਸੂਲ ਨੇ ਲਿਖਿਆ: “ਪਿਆਰ ਧੀਰਜਵਾਨ ਅਤੇ ਦਿਆਲੂ ਹੈ। ਪਿਆਰ ਈਰਖਾ ਨਹੀਂ ਕਰਦਾ, ਸ਼ੇਖ਼ੀਆਂ ਨਹੀਂ ਮਾਰਦਾ, ਘਮੰਡ ਨਾਲ ਫੁੱਲਦਾ ਨਹੀਂ, ਬਦਤਮੀਜ਼ੀ ਨਾਲ ਪੇਸ਼ ਨਹੀਂ ਆਉਂਦਾ, ਆਪਣੇ ਬਾਰੇ ਹੀ ਨਹੀਂ ਸੋਚਦਾ।” (1 ਕੁਰਿੰ. 13:4, 5) ਦੂਜਿਆਂ ਨਾਲ ਇਸ ਤਰ੍ਹਾਂ ਦਿਲੋਂ ਪਿਆਰ ਕਰਨ ਨਾਲ ਅਸੀਂ ਆਪਣੇ ਅੰਦਰ ਪੈਦਾ ਹੋਈ ਈਰਖਾ ਨੂੰ ਦਬਾ ਸਕਦੇ ਹਾਂ। (1 ਪਤ. 2:1) ਭਾਵੇਂ ਯੋਨਾਥਾਨ ਦੀ ਜਗ੍ਹਾ ਦਾਊਦ ਨੂੰ ਰਾਜਾ ਬਣਾਇਆ ਗਿਆ, ਫਿਰ ਵੀ ਯੋਨਾਥਾਨ ਉਸ ਨਾਲ ਈਰਖਾ ਕਰਨ ਦੀ ਬਜਾਇ ਉਸ ਦਾ “ਜਾਨੀ ਮਿੱਤਰ” ਬਣ ਗਿਆ।—1 ਸਮੂ. 18:1.

ਪਰਮੇਸ਼ੁਰ ਨੂੰ ਪਿਆਰ ਕਰਨ ਵਾਲਿਆਂ ਨਾਲ ਦੋਸਤੀ ਕਰੋ। ਜ਼ਬੂਰ 73 ਦਾ ਲਿਖਾਰੀ ਬੁਰੇ ਲੋਕਾਂ ਨਾਲ ਇਸ ਕਰਕੇ ਈਰਖਾ ਕਰਦਾ ਸੀ ਕਿਉਂਕਿ ਉਹ ਐਸ਼ੋ-ਆਰਾਮ ਨਾਲ ਰਹਿੰਦੇ ਸਨ। ਪਰ ਉਸ ਨੇ “ਪਰਮੇਸ਼ੁਰ ਦੇ ਪਵਿੱਤਰ ਅਸਥਾਨ” ਵਿਚ ਜਾ ਕੇ ਆਪਣੇ ਅੰਦਰ ਈਰਖਾ ਦੀ ਭਾਵਨਾ ਨੂੰ ਦਬਾਇਆ। (ਜ਼ਬੂ. 73:3-5, 17) ਯਹੋਵਾਹ ਦੀ ਸੇਵਾ ਕਰਨ ਵਾਲੇ ਲੋਕਾਂ ਨਾਲ ਮਿਲਣ-ਗਿਲ਼ਣ ਕਰਕੇ ਉਸ ਨੂੰ ਅਹਿਸਾਸ ਹੋਇਆ ਕਿ ਉਸ ਨੂੰ ‘ਪਰਮੇਸ਼ੁਰ ਦੇ ਨੇੜੇ ਰਹਿਣ’ ਕਰਕੇ ਕਿੰਨੀਆਂ ਬਰਕਤਾਂ ਮਿਲੀਆਂ ਸਨ। (ਜ਼ਬੂ. 73:28) ਸਭਾਵਾਂ ਵਿਚ ਹੋਰ ਮਸੀਹੀਆਂ ਨਾਲ ਮਿਲਣ-ਗਿਲ਼ਣ ਨਾਲ ਅਸੀਂ ਵੀ ਈਰਖਾ ਕਰਨ ਤੋਂ ਬਚ ਸਕਦੇ ਹਾਂ ਅਤੇ ਪਰਮੇਸ਼ੁਰ ਦੇ ਨੇੜੇ ਰਹਿ ਸਕਦੇ ਹਾਂ।

ਦੂਸਰਿਆਂ ਦਾ ਭਲਾ ਕਰਨ ਦੀ ਕੋਸ਼ਿਸ਼ ਕਰੋ। ਜਦੋਂ ਪਰਮੇਸ਼ੁਰ ਨੇ ਦੇਖਿਆ ਕਿ ਕਾਇਨ ਦੇ ਦਿਲ ਵਿਚ ਈਰਖਾ ਅਤੇ ਨਫ਼ਰਤ ਪੈਦਾ ਹੋ ਗਈ ਸੀ, ਤਾਂ ਉਸ ਨੇ ਕਇਨ ਨੂੰ ਸਲਾਹ ਦਿੱਤੀ: ‘ਭਲਾ ਕਰ।’ (ਉਤ. 4:7) ਮਸੀਹੀ ਭਲਾ ਕਿਵੇਂ ਕਰ ਸਕਦੇ ਹਨ? ਯਿਸੂ ਨੇ ਕਿਹਾ ਕਿ ਅਸੀਂ ‘ਯਹੋਵਾਹ ਆਪਣੇ ਪਰਮੇਸ਼ੁਰ ਨੂੰ ਆਪਣੇ ਪੂਰੇ ਦਿਲ ਨਾਲ, ਆਪਣੀ ਪੂਰੀ ਜਾਨ ਨਾਲ ਅਤੇ ਆਪਣੀ ਪੂਰੀ ਸਮਝ ਨਾਲ ਪਿਆਰ ਕਰੀਏ ਤੇ ਆਪਣੇ ਗੁਆਂਢੀ ਨੂੰ ਉਵੇਂ ਪਿਆਰ ਕਰੀਏ ਜਿਵੇਂ ਅਸੀਂ ਆਪਣੇ ਆਪ ਨੂੰ ਕਰਦੇ ਹਾਂ।’ (ਮੱਤੀ 22:37-39) ਸੋ ਈਰਖਾ ਦਾ ਇਕ ਅਸਰਦਾਰ ਇਲਾਜ ਇਹ ਵੀ ਹੈ ਕਿ ਅਸੀਂ ਖ਼ੁਸ਼ ਹੋ ਕੇ ਯਹੋਵਾਹ ਦੀ ਸੇਵਾ ਨੂੰ ਆਪਣੀ ਜ਼ਿੰਦਗੀ ਵਿਚ ਪਹਿਲ ਦੇਈਏ ਅਤੇ ਦੂਸਰਿਆਂ ਦੀ ਮਦਦ ਕਰੀਏ। ਪ੍ਰਚਾਰ ਅਤੇ ਚੇਲੇ ਬਣਾਉਣ ਦੇ ਕੰਮ ਵਿਚ ਹਿੱਸਾ ਲੈਣਾ ਯਹੋਵਾਹ ਦੀ ਸੇਵਾ ਕਰਨ ਅਤੇ ਆਪਣੇ ਗੁਆਂਢੀਆਂ ਦੀ ਮਦਦ ਕਰਨ ਦਾ ਇਕ ਵਧੀਆ ਤਰੀਕਾ ਹੈ। ਇਸ ਕਰਕੇ ਸਾਨੂੰ ‘ਯਹੋਵਾਹ ਤੋਂ ਬਰਕਤ’ ਮਿਲਦੀ ਹੈ।—ਕਹਾ. 10:22.

“ਖ਼ੁਸ਼ੀਆਂ ਮਨਾਉਣ ਵਾਲੇ ਲੋਕਾਂ ਨਾਲ ਖ਼ੁਸ਼ੀਆਂ ਮਨਾਓ।” (ਰੋਮੀ. 12:15) ਯਿਸੂ ਨੂੰ ਉਦੋਂ ਬਹੁਤ ਖ਼ੁਸ਼ੀ ਹੋਈ ਜਦੋਂ ਉਸ ਦੇ ਚੇਲੇ ਪ੍ਰਚਾਰ ਕਰ ਕੇ ਮੁੜੇ ਸਨ ਅਤੇ ਉਸ ਨੇ ਕਿਹਾ ਸੀ ਕਿ ਉਹ ਉਸ ਨਾਲੋਂ ਵੀ ਜ਼ਿਆਦਾ ਪ੍ਰਚਾਰ ਕਰਨਗੇ। (ਲੂਕਾ 10:17, 21; ਯੂਹੰ. 14:12) ਯਹੋਵਾਹ ਦੇ ਸੇਵਕ ਹੋਣ ਕਰਕੇ ਸਾਡੇ ਵਿਚ ਏਕਤਾ ਹੈ, ਇਸ ਲਈ ਇਕ ਜਣੇ ਦੀ ਕਾਮਯਾਬੀ ਸਾਡੇ ਸਾਰਿਆਂ ਲਈ ਖ਼ੁਸ਼ੀ ਦੀ ਗੱਲ ਹੁੰਦੀ ਹੈ। (1 ਕੁਰਿੰ. 12:25, 26) ਸੋ ਜਦੋਂ ਦੂਸਰਿਆਂ ਨੂੰ ਜ਼ਿਆਦਾ ਜ਼ਿੰਮੇਵਾਰੀਆਂ ਮਿਲਦੀਆਂ ਹਨ, ਤਾਂ ਸਾਨੂੰ ਈਰਖਾ ਕਰਨ ਦੀ ਬਜਾਇ ਖ਼ੁਸ਼ ਹੋਣਾ ਚਾਹੀਦਾ ਹੈ।

ਇਸ ਜ਼ਹਿਰ ਨੂੰ ਮਾਰਨਾ ਸੌਖਾ ਨਹੀਂ!

ਈਰਖਾ ਦਾ ਇਲਾਜ ਕਰਨ ਵਿਚ ਲੰਬਾ ਸਮਾਂ ਲੱਗ ਸਕਦਾ ਹੈ। ਕਿਰਨ ਮੰਨਦੀ ਹੈ: “ਭਾਵੇਂ ਮੈਂ ਈਰਖਾ ਨਹੀਂ ਕਰਨੀ ਚਾਹੁੰਦੀ, ਪਰ ਫਿਰ ਵੀ ਮੇਰੇ ਦਿਲ ਵਿਚ ਦੂਜਿਆਂ ਲਈ ਈਰਖਾ ਪੈਦਾ ਹੋ ਜਾਂਦੀ ਹੈ ਅਤੇ ਮੈਂ ਇਸ ਨੂੰ ਦਬਾਉਣ ਦੀ ਲਗਾਤਾਰ ਕੋਸ਼ਿਸ਼ ਕਰਦੀ ਰਹਿੰਦੀ ਹਾਂ।” ਜੱਸੀ ਨੂੰ ਵੀ ਇਸੇ ਤਰ੍ਹਾਂ ਸੰਘਰਸ਼ ਕਰਨਾ ਪੈਂਦਾ ਹੈ। ਉਹ ਕਹਿੰਦਾ ਹੈ: “ਯਹੋਵਾਹ ਨੇ ਮੇਰੀ ਮਦਦ ਕੀਤੀ ਕਿ ਮੈਂ ਬਜ਼ੁਰਗਾਂ ਦੇ ਸਮੂਹ ਦੇ ਸਹਾਇਕ ਦੇ ਚੰਗੇ ਗੁਣਾਂ ਦੀ ਕਦਰ ਕਰਾਂ। ਯਹੋਵਾਹ ਨਾਲ ਚੰਗਾ ਰਿਸ਼ਤਾ ਹੋਣ ਕਰਕੇ ਮੈਂ ਇਸ ਤਰ੍ਹਾਂ ਕਰ ਸਕਿਆ ਹਾਂ।”

ਈਰਖਾ ‘ਸਰੀਰ ਦੇ ਕੰਮਾਂ’ ਵਿੱਚੋਂ ਇਕ ਹੈ ਜਿਸ ਦੇ ਅਸਰ ਤੋਂ ਹਰ ਮਸੀਹੀ ਨੂੰ ਬਚਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। (ਗਲਾ. 5:19-21) ਜੇ ਅਸੀਂ ਇਸ ਤਰ੍ਹਾਂ ਕਰਾਂਗੇ, ਤਾਂ ਸਾਨੂੰ ਜ਼ਿੰਦਗੀ ਵਿਚ ਜ਼ਿਆਦਾ ਖ਼ੁਸ਼ੀ ਮਿਲੇਗੀ ਅਤੇ ਅਸੀਂ ਆਪਣੇ ਪਿਤਾ ਯਹੋਵਾਹ ਨੂੰ ਵੀ ਖ਼ੁਸ਼ ਕਰ ਸਕਾਂਗੇ।

[ਫੁਟਨੋਟ]

^ ਪੈਰਾ 6 ਨਾਂ ਬਦਲੇ ਗਏ ਹਨ।

[ਸਫ਼ਾ 17 ਉੱਤੇ ਸੁਰਖੀ]

“ਖ਼ੁਸ਼ੀਆਂ ਮਨਾਉਣ ਵਾਲੇ ਲੋਕਾਂ ਨਾਲ ਖ਼ੁਸ਼ੀਆਂ ਮਨਾਓ”