ਉਨ੍ਹਾਂ ਨੇ ਦਲੇਰੀ ਨਾਲ ਪਰਮੇਸ਼ੁਰ ਦੇ ਬਚਨ ਦਾ ਐਲਾਨ ਕੀਤਾ!
ਉਨ੍ਹਾਂ ਨੇ ਦਲੇਰੀ ਨਾਲ ਪਰਮੇਸ਼ੁਰ ਦੇ ਬਚਨ ਦਾ ਐਲਾਨ ਕੀਤਾ!
ਸੱਚੇ ਮਸੀਹੀ ਵਿਰੋਧ ਦਾ ਸਾਮ੍ਹਣਾ ਦਲੇਰੀ ਤੇ ਹਿੰਮਤ ਨਾਲ ਕਰਦੇ ਹਨ। ਪਹਿਲੀ ਸਦੀ ਦੇ ਮਸੀਹੀਆਂ ਵਾਂਗ ਅਸੀਂ ਵੀ ਯਹੋਵਾਹ ਨੂੰ ਪਵਿੱਤਰ ਸ਼ਕਤੀ ਲਈ ਬੇਨਤੀ ਕਰਦੇ ਹਾਂ ਤਾਂਕਿ ਅਸੀਂ ਦਲੇਰੀ ਨਾਲ ਉਸ ਦੇ ਬਚਨ ਦਾ ਐਲਾਨ ਕਰ ਸਕੀਏ।—ਰਸੂ. 4:23-31.
ਪਹਿਲੇ ਵਿਸ਼ਵ ਯੁੱਧ ਦੌਰਾਨ ਪ੍ਰਚਾਰ ਦੇ ਕੰਮ ਬਾਰੇ ਇਕ ਭਰਾ ਨੇ ਲਿਖਿਆ: “ਸ਼ਾਸਤਰਾਂ ਦਾ ਅਧਿਐਨ (ਅੰਗ੍ਰੇਜ਼ੀ) ਦੇ ਸੱਤਵੇਂ ਖੰਡ ਪ੍ਰਗਟ ਹੋਇਆ ਭੇਦ (ਅੰਗ੍ਰੇਜ਼ੀ) ਨੂੰ ਵੰਡਣ ਵਿਚ ਪਰਮੇਸ਼ੁਰ ਦੇ ਸੇਵਕਾਂ ਨੇ ਬੜਾ ਜੋਸ਼ ਦਿਖਾਇਆ। ਜਿੰਨੀ ਗਿਣਤੀ ਵਿਚ ਇਹ ਕਿਤਾਬ ਵੰਡੀ ਗਈ, ਉੱਨੀ ਗਿਣਤੀ ਵਿਚ ਸ਼ਾਇਦ ਹੀ ਕੋਈ ਹੋਰ ਕਿਤਾਬ ਵੰਡੀ ਗਈ ਸੀ। ਕਿੰਗਡਮ ਨਿਊਜ਼ ਨੰ. 1 (ਅੰਗ੍ਰੇਜ਼ੀ) ਸੰਨ 1918 ਵਿਚ ਰੀਲੀਜ਼ ਹੋਇਆ ਸੀ। ਇਸ ਤੋਂ ਬਾਅਦ ਕਿੰਗਡਮ ਨਿਊਜ਼ ਨੰ. 2 ਰੀਲੀਜ਼ ਹੋਇਆ ਜਿਸ ਵਿਚ ਸਮਝਾਇਆ ਗਿਆ ਸੀ ਕਿ ਸਰਕਾਰੀ ਅਧਿਕਾਰੀਆਂ ਨੇ ਕਿਉਂ ਪ੍ਰਗਟ ਹੋਇਆ ਭੇਦ ਕਿਤਾਬ ਨੂੰ ਵੰਡਣ ’ਤੇ ਰੋਕ ਲਾਈ ਸੀ। ਇਸ ਤੋਂ ਬਾਅਦ ਕਿੰਗਡਮ ਨਿਊਜ਼ ਨੰ. 3 ਰੀਲੀਜ਼ ਹੋਇਆ। ਸਵਰਗ ਜਾਣ ਲਈ ਚੁਣੇ ਹੋਏ ਵਫ਼ਾਦਾਰ ਮਸੀਹੀਆਂ ਨੇ ਵੱਡੀ ਗਿਣਤੀ ਵਿਚ ਇਹ ਪ੍ਰਕਾਸ਼ਨ ਵੰਡੇ। ਉਸ ਵੇਲੇ ਕਿੰਗਡਮ ਨਿਊਜ਼ ਨੂੰ ਵੰਡਣ ਲਈ ਨਿਹਚਾ ਅਤੇ ਦਲੇਰੀ ਦੀ ਲੋੜ ਪੈਂਦੀ ਸੀ।”
ਅੱਜ ਨਵੇਂ ਪ੍ਰਚਾਰਕਾਂ ਨੂੰ ਸਿਖਾਇਆ ਜਾਂਦਾ ਹੈ ਕਿ ਪ੍ਰਚਾਰ ਕਿਵੇਂ ਕਰਨਾ ਹੈ, ਪਰ ਪਹਿਲਾਂ ਇਸ ਤਰ੍ਹਾਂ ਨਹੀਂ ਹੁੰਦਾ ਸੀ। ਅਮਰੀਕਾ ਵਿਚ ਇਕ ਪੋਲਿਸ਼ ਭਰਾ ਨੇ 1922 ਵਿਚ ਪ੍ਰਚਾਰ ਕਰਨਾ ਸ਼ੁਰੂ ਕੀਤਾ। ਉਹ ਪ੍ਰਚਾਰ ਵਿਚ ਆਪਣੇ ਪਹਿਲੇ ਦਿਨ ਨੂੰ ਯਾਦ ਕਰਦਿਆਂ ਦੱਸਦਾ ਹੈ: “ਮੈਨੂੰ ਪਤਾ ਨਹੀਂ ਸੀ ਕਿ ਕਿਤਾਬਾਂ-ਰਸਾਲੇ ਕਿਵੇਂ ਪੇਸ਼ ਕਰਨੇ ਸਨ ਅਤੇ ਮੈਂ ਅੰਗ੍ਰੇਜ਼ੀ ਵੀ ਚੰਗੀ ਤਰ੍ਹਾਂ ਬੋਲ ਨਹੀਂ ਸਕਦਾ ਸੀ। ਮੈਂ ਇਕੱਲਿਆਂ ਪ੍ਰਚਾਰ ਕਰਨਾ ਸ਼ੁਰੂ ਕੀਤਾ। ਮੈਂ ਇਕ ਡਾਕਟਰ ਦੀ ਕਲੀਨਿਕ ਦਾ ਦਰਵਾਜ਼ਾ ਖੜਕਾਇਆ ਤੇ ਇਕ ਨਰਸ ਨੇ ਦਰਵਾਜ਼ਾ ਖੋਲ੍ਹਿਆ। ਮੈਂ ਉਹ ਦਿਨ ਕਦੀ ਨਹੀਂ ਭੁੱਲ ਸਕਦਾ ਕਿਉਂਕਿ ਉਸ ਵੇਲੇ ਮੇਰੇ ਅੰਦਰ ਜੋਸ਼ ਵੀ ਸੀ ਤੇ ਮੈਂ ਘਬਰਾਇਆ ਹੋਇਆ ਵੀ ਸੀ। ਜਦੋਂ ਮੈਂ ਆਪਣਾ ਬੈਗ ਖੋਲ੍ਹਿਆ, ਤਾਂ ਸਾਰੀਆਂ ਕਿਤਾਬਾਂ ਨਰਸ ਦੇ ਪੈਰਾਂ ਵਿਚ ਡਿਗ ਗਈਆਂ। ਮੈਨੂੰ ਪਤਾ ਨਹੀਂ ਕਿ ਮੈਂ ਉਸ ਨੂੰ ਕੀ ਕਿਹਾ, ਪਰ ਉਸ ਨੇ ਮੇਰੀ ਗੱਲ ਸੁਣ ਕੇ ਕਿਤਾਬ ਲੈ ਲਈ। ਜਦੋਂ ਤਕ ਮੈਂ ਗੱਲ ਖ਼ਤਮ ਕੀਤੀ, ਮੇਰੇ ਵਿਚ ਹੌਸਲਾ ਆ ਗਿਆ ਸੀ ਅਤੇ ਮੈਨੂੰ ਮਹਿਸੂਸ ਹੋਇਆ ਕਿ ਯਹੋਵਾਹ ਨੇ ਮੈਨੂੰ ਬਰਕਤ ਦਿੱਤੀ। ਉਸ ਦਿਨ ਮੈਂ ਦੁਕਾਨਾਂ ਅਤੇ ਆਫ਼ਿਸਾਂ ਵਿਚ ਜਾ ਕੇ ਬਹੁਤ ਸਾਰੀਆਂ ਕਿਤਾਬਾਂ ਵੰਡੀਆਂ।”
ਇਕ ਭੈਣ ਨੇ ਕਿਹਾ: “1933 ਵਿਚ ਬਹੁਤ ਸਾਰੇ ਭਰਾ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਲਈ ਲਾਊਡਸਪੀਕਰਾਂ ਵਾਲੀਆਂ ਕਾਰਾਂ ਇਸਤੇਮਾਲ ਕਰਦੇ ਹੁੰਦੇ ਸਨ।” ਇਕ ਵਾਰ ਉਹ ਭੈਣ ਅਤੇ ਇਕ ਪਤੀ-ਪਤਨੀ ਅਮਰੀਕਾ ਦੇ ਕੈਲੇਫ਼ੋਰਨੀਆ ਰਾਜ ਦੇ ਇਕ ਪਹਾੜੀ ਇਲਾਕੇ ਵਿਚ ਗਏ। ਉਹ ਯਾਦ ਕਰਦੀ ਹੋਈ ਦੱਸਦੀ ਹੈ: “ਭਰਾ ਲਾਊਡਸਪੀਕਰ ਵਾਲੀ ਕਾਰ ਨੂੰ ਉੱਪਰ ਪਹਾੜਾਂ ਵਿਚ ਲੈ ਗਿਆ ਅਤੇ ਅਸੀਂ ਥੱਲੇ ਸ਼ਹਿਰ ਵਿਚ ਰਹੀਆਂ। ਜਦੋਂ ਉਸ ਨੇ ਲਾਊਡਸਪੀਕਰ ਉੱਤੇ ਰਾਜ ਦੇ ਸੰਦੇਸ਼ ਦੀ ਰਿਕਾਰਡਿੰਗ ਚਲਾਉਣੀ ਸ਼ੁਰੂ ਕੀਤੀ, ਤਾਂ ਇਸ ਤਰ੍ਹਾਂ ਲੱਗ ਰਿਹਾ ਸੀ ਜਿੱਦਾਂ ਆਵਾਜ਼ ਸਵਰਗੋਂ ਆ ਰਹੀ ਹੋਵੇ। ਸ਼ਹਿਰ ਦੇ ਲੋਕਾਂ ਨੇ ਭਰਾ ਨੂੰ ਥਾਂ-ਥਾਂ ਲੱਭਿਆ, ਪਰ ਉਹ ਲੱਭ ਨਾ ਸਕੇ। ਜਦੋਂ ਰਿਕਾਰਡਿੰਗ ਖ਼ਤਮ ਹੋਈ, ਤਾਂ ਅਸੀਂ ਘਰ-ਘਰ ਜਾ ਕੇ ਲੋਕਾਂ ਨੂੰ ਗਵਾਹੀ ਦਿੱਤੀ। ਮੈਂ ਦੋ ਹੋਰ ਲਾਊਡਸਪੀਕਰਾਂ ਵਾਲੀਆਂ ਕਾਰਾਂ ਨਾਲ ਪ੍ਰਚਾਰ ਕੀਤਾ। ਪਰ ਇਕ ਗੱਲ ਪੱਕੀ ਸੀ ਕਿ ਜ਼ਿਆਦਾ ਲੋਕ ਸੰਦੇਸ਼ ਨਹੀਂ ਸੁਣਨਾ ਚਾਹੁੰਦੇ ਸਨ, ਫਿਰ ਵੀ ਉਨ੍ਹਾਂ ਕੋਲ ਸੁਣਨ ਤੋਂ ਸਿਵਾਇ ਹੋਰ ਕੋਈ ਚਾਰਾ ਨਹੀਂ ਸੀ ਕਿਉਂਕਿ ਲਾਊਡਸਪੀਕਰ ਕਰਕੇ ਉਨ੍ਹਾਂ ਨੂੰ ਆਪਣੇ ਘਰਾਂ ਵਿਚ ਵੀ ਸੰਦੇਸ਼ ਸੁਣਾਈ ਦਿੰਦਾ ਸੀ। ਸਾਨੂੰ ਹਮੇਸ਼ਾ
ਇਹ ਪਤਾ ਲੱਗ ਜਾਂਦਾ ਸੀ ਕਿ ਯਹੋਵਾਹ ਨੇ ਪ੍ਰਚਾਰ ਵਾਸਤੇ ਸਹੀ ਸਮੇਂ ਤੇ ਸਹੀ ਜ਼ਰੀਆ ਇਸਤੇਮਾਲ ਕੀਤਾ। ਉਸ ਜ਼ਰੀਏ ਨੂੰ ਇਸਤੇਮਾਲ ਕਰਨ ਲਈ ਸਾਨੂੰ ਹਿੰਮਤ ਦੀ ਲੋੜ ਪੈਂਦੀ ਸੀ, ਪਰ ਇਸ ਜ਼ਰੀਏ ਨਾਲ ਹਮੇਸ਼ਾ ਯਹੋਵਾਹ ਦਾ ਮਕਸਦ ਪੂਰਾ ਹੋਇਆ ਅਤੇ ਉਸ ਦੇ ਨਾਂ ਦੀ ਮਹਿਮਾ ਹੋਈ।”1930 ਦੇ ਦਹਾਕੇ ਦੌਰਾਨ ਤੇ 1940 ਦੇ ਦਹਾਕੇ ਦੇ ਸ਼ੁਰੂ ਵਿਚ ਪ੍ਰਚਾਰ ਕਰਦੇ ਹੋਏ ਰਿਕਾਰਡ ਕੀਤੇ ਬਾਈਬਲ ਦੇ ਭਾਸ਼ਣ ਫੋਨੋਗ੍ਰਾਫਾਂ ਉੱਤੇ ਸੁਣਾਏ ਜਾਂਦੇ ਸਨ। ਇਕ ਭੈਣ ਯਾਦ ਕਰਦੀ ਹੋਈ ਦੱਸਦੀ ਹੈ: “ਇਕ ਨੌਜਵਾਨ ਭੈਣ ਘਰ-ਘਰ ਜਾ ਕੇ ਫੋਨੋਗ੍ਰਾਫ ਉੱਤੇ ਭਾਸ਼ਣ ਸੁਣਾ ਰਹੀ ਸੀ। ਇਕ ਘਰ ਦੇ ਦਰਵਾਜ਼ੇ ’ਤੇ ਉਸ ਨੇ ਭਾਸ਼ਣ ਸੁਣਾਉਣਾ ਸ਼ੁਰੂ ਕੀਤਾ। ਘਰ ਦੇ ਮਾਲਕ ਨੂੰ ਇੰਨਾ ਗੁੱਸਾ ਚੜ੍ਹਿਆ ਕਿ ਉਸ ਨੇ ਫੋਨੋਗ੍ਰਾਫ ਨੂੰ ਜ਼ੋਰ ਨਾਲ ਠੁੱਡ ਮਾਰੀ ਅਤੇ ਫੋਨੋਗ੍ਰਾਫ ਪਰਾਂ ਜਾ ਡਿਗਿਆ। ਸ਼ੁਕਰ ਹੈ ਕਿ ਕੋਈ ਰਿਕਾਰਡ ਨਹੀਂ ਟੁੱਟਾ। ਉੱਥੇ ਲਾਗੇ ਤਿੰਨ ਬੰਦੇ ਆਪਣੇ ਟਰੱਕ ਵਿਚ ਬੈਠੇ ਦੁਪਹਿਰ ਦੀ ਰੋਟੀ ਖਾ ਰਹੇ ਸਨ ਅਤੇ ਉਨ੍ਹਾਂ ਨੇ ਇਹ ਸਾਰਾ ਕੁਝ ਦੇਖਿਆ। ਉਨ੍ਹਾਂ ਨੇ ਭੈਣ ਨੂੰ ਬੁਲਾ ਕੇ ਕਿਹਾ ਕਿ ਉਹ ਉਨ੍ਹਾਂ ਨੂੰ ਭਾਸ਼ਣ ਸੁਣਾਵੇ ਅਤੇ ਉਨ੍ਹਾਂ ਨੇ ਉਸ ਤੋਂ ਕਿਤਾਬਾਂ-ਰਸਾਲੇ ਵੀ ਲਏ। ਭਾਵੇਂ ਉਸ ਭੈਣ ਨੂੰ ਪਹਿਲਾਂ ਬੇਇੱਜ਼ਤੀ ਸਹਿਣੀ ਪਈ, ਪਰ ਉਨ੍ਹਾਂ ਤਿੰਨ ਬੰਦਿਆਂ ਨੂੰ ਭਾਸ਼ਣ ਸੁਣਾ ਕੇ ਉਸ ਨੂੰ ਖ਼ੁਸ਼ੀ ਹੋਈ।” ਅਜਿਹੀਆਂ ਮੁਸ਼ਕਲ ਪਰੀਖਿਆਵਾਂ ਦਾ ਸਾਮ੍ਹਣਾ ਕਰਨ ਲਈ ਦਲੇਰੀ ਦੀ ਲੋੜ ਪੈਂਦੀ ਸੀ।
ਇਹ ਭੈਣ ਅੱਗੇ ਦੱਸਦੀ ਹੈ: “ਮੈਨੂੰ ਯਾਦ ਹੈ ਜਦੋਂ 1940 ਵਿਚ ਸੜਕਾਂ ਉੱਤੇ ਰਸਾਲੇ ਵੰਡਣ ਦਾ ਕੰਮ ਸ਼ੁਰੂ ਹੋਇਆ ਸੀ। ਇਸ ਤਰੀਕੇ ਨਾਲ ਪ੍ਰਚਾਰ ਕਰਨ ਤੋਂ ਪਹਿਲਾਂ ਅਸੀਂ ਭੈਣ-ਭਰਾ ਲਾਈਨ ਬਣਾ ਕੇ ਸੜਕਾਂ ਉੱਤੇ ਤੁਰਦੇ ਹੁੰਦੇ ਸੀ ਅਤੇ ਸਾਡੇ ਹੱਥਾਂ ਵਿਚ ਤਖ਼ਤੀਆਂ ਹੁੰਦੀਆਂ ਸਨ ਜਿਨ੍ਹਾਂ ਉੱਤੇ ਲਿਖਿਆ ਹੁੰਦਾ ਸੀ: ‘ਧਰਮ ਇਕ ਫੰਧਾ ਅਤੇ ਧੰਦਾ ਹੈ’ ਅਤੇ ‘ਪਰਮੇਸ਼ੁਰ ਅਤੇ ਮਸੀਹਾਈ ਰਾਜੇ ਦੀ ਸੇਵਾ ਕਰੋ।’ ਨਾਲੇ ਅਸੀਂ ਲੋਕਾਂ ਨੂੰ ਮੁਫ਼ਤ ਟ੍ਰੈਕਟ ਵੰਡਦੇ ਸੀ। ਰਸਾਲੇ ਵੰਡਣ ਅਤੇ ਤਖ਼ਤੀਆਂ ਫੜ ਕੇ ਪ੍ਰਚਾਰ ਕਰਨ ਲਈ ਦਲੇਰ ਬਣਨ ਦੀ ਲੋੜ ਪੈਂਦੀ ਸੀ, ਪਰ ਇਨ੍ਹਾਂ ਰਾਹੀਂ ਯਹੋਵਾਹ ਦੇ ਨਾਂ ਅਤੇ ਉਸ ਦੇ ਲੋਕਾਂ ਦੀ ਮਸ਼ਹੂਰੀ ਹੋਈ।”
ਇਕ ਹੋਰ ਭੈਣ ਨੇ ਦੱਸਿਆ: “ਛੋਟੇ-ਛੋਟੇ ਸ਼ਹਿਰਾਂ ਵਿਚ ਸੜਕਾਂ ’ਤੇ ਰਸਾਲੇ ਵੰਡਣੇ ਬਹੁਤ ਔਖੇ ਸਨ। ਉਸ ਵੇਲੇ ਗਵਾਹਾਂ ਦਾ ਬਹੁਤ ਵਿਰੋਧ ਕੀਤਾ ਜਾਂਦਾ ਸੀ। . . . ਇਸ ਲਈ ਸੜਕ ’ਤੇ ਰਸਾਲੇ ਫੜ ਕੇ ਲੋਕਾਂ ਨੂੰ ਰਸਾਲੇ ਪੜ੍ਹਨ ਵਾਸਤੇ ਉੱਚੀ-ਉੱਚੀ ਕੁਝ ਕਹਿਣ ਲਈ ਹਿੰਮਤ ਦੀ ਲੋੜ ਹੁੰਦੀ ਸੀ। ਪਰ ਕਦੀ ਇੱਦਾਂ ਨਹੀਂ ਹੋਇਆ ਕਿ ਅਸੀਂ ਕਿਸੇ ਸ਼ਨੀਵਾਰ ਰਸਾਲੇ ਵੰਡਣ ਨਾ ਗਏ ਹੋਈਏ। ਕਈ ਵਾਰ ਲੋਕ ਖ਼ੁਸ਼ ਹੋ ਕੇ ਰਸਾਲੇ ਲੈ ਲੈਂਦੇ ਸਨ। ਪਰ ਕਈ ਵਾਰੀ ਲੋਕ ਗੁੱਸੇ ਵਿਚ ਆ ਕੇ ਇਕੱਠੇ ਹੋ ਜਾਂਦੇ ਸਨ ਤੇ ਕਦੀ-ਕਦੀ ਸਾਨੂੰ ਉਨ੍ਹਾਂ ਦੇ ਗੁੱਸੇ ਤੋਂ ਬਚਣ ਲਈ ਉੱਥੋਂ ਚੁੱਪ-ਚਾਪ ਖਿਸਕਣਾ ਪੈਂਦਾ ਸੀ।”
ਭਾਵੇਂ ਦੂਸਰੇ ਵਿਸ਼ਵ ਯੁੱਧ ਦੌਰਾਨ ਯਹੋਵਾਹ ਦੇ ਗਵਾਹਾਂ ਉੱਤੇ ਬਹੁਤ ਅਤਿਆਚਾਰ ਹੋਏ, ਫਿਰ ਵੀ ਉਹ ਦਲੇਰੀ ਨਾਲ ਪ੍ਰਚਾਰ ਕਰਨ ਵਿਚ ਲੱਗੇ ਰਹੇ। 1 ਦਸੰਬਰ 1940 ਤੋਂ 12 ਜਨਵਰੀ 1941 ਤਕ 43 ਦਿਨ ਇਕ ਖ਼ਾਸ ਮੁਹਿੰਮ ਚਲਾਈ ਗਈ। ਇਸ ਮੁਹਿੰਮ ਦੌਰਾਨ ਅਮਰੀਕਾ ਵਿਚ ਲਗਭਗ 50,000 ਪ੍ਰਚਾਰਕਾਂ ਨੇ 80 ਲੱਖ ਕਿਤਾਬਾਂ ਵੰਡੀਆਂ।
ਪਰਮੇਸ਼ੁਰ ਦੀ ਸੰਸਥਾ ਵਿਚ ਬਹੁਤ ਸਾਰੇ ਸਿਆਣੇ ਭੈਣਾਂ-ਭਰਾਵਾਂ ਨੂੰ ਚੰਗੀ ਤਰ੍ਹਾਂ ਯਾਦ ਹੈ ਕਿ ਉਨ੍ਹਾਂ ਨੂੰ ਬੀਤੇ ਸਮੇਂ ਵਿਚ ਅਜ਼ਮਾਇਸ਼ਾਂ ਦਾ ਸਾਮ੍ਹਣਾ ਕਰਨ ਲਈ ਕਿੰਨੀ ਦਲੇਰੀ ਦੀ ਲੋੜ ਪਈ ਸੀ। ਕਈ ਯਾਦ ਕਰਦੇ ਹਨ ਕਿ ਉਹ ਦਲੇਰੀ ਨਾਲ ਹਮੇਸ਼ਾ ਕਹਿੰਦੇ ਹੁੰਦੇ ਸੀ ਕਿ ਉਹ ਮੈਦਾਨ-ਏ-ਜੰਗ ਛੱਡ ਕੇ ਕਦੀ ਨਹੀਂ ਭੱਜਣਗੇ! ਸਾਨੂੰ ਪਤਾ ਨਹੀਂ ਕਿ ਇਸ ਦੁਸ਼ਟ ਦੁਨੀਆਂ ਦੇ ਅੰਤ ਤੋਂ ਪਹਿਲਾਂ ਹੋਰ ਕਿਹੜੇ ਤਰੀਕੇ ਨਾਲ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕੀਤਾ ਜਾਵੇਗਾ। ਪਰ ਯਹੋਵਾਹ ਪਰਮੇਸ਼ੁਰ ਦੀ ਮਦਦ ਨਾਲ ਅਸੀਂ ਉਸ ਦੇ ਬਚਨ ਦਾ ਪ੍ਰਚਾਰ ਨਿਹਚਾ ਅਤੇ ਦਲੇਰੀ ਨਾਲ ਕਰਦੇ ਰਹਾਂਗੇ।
[ਸਫ਼ਾ 9 ਉੱਤੇ ਸੁਰਖੀ]
ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਲਈ ਹਮੇਸ਼ਾ ਦਲੇਰੀ ਦੀ ਲੋੜ ਪਈ ਹੈ