Skip to content

Skip to table of contents

ਮੰਡਲੀ ਦਾ ਸਹੀ ਰਵੱਈਆ ਕਾਇਮ ਰੱਖੋ

ਮੰਡਲੀ ਦਾ ਸਹੀ ਰਵੱਈਆ ਕਾਇਮ ਰੱਖੋ

ਮੰਡਲੀ ਦਾ ਸਹੀ ਰਵੱਈਆ ਕਾਇਮ ਰੱਖੋ

“ਤੁਹਾਡੇ ਸਹੀ ਰਵੱਈਏ ਕਰਕੇ ਪ੍ਰਭੂ ਯਿਸੂ ਮਸੀਹ ਦੀ ਅਪਾਰ ਕਿਰਪਾ ਤੁਹਾਡੇ ਉੱਤੇ ਹੋਵੇ।”—ਫ਼ਿਲਿ. 4:23.

ਅਸੀਂ ਮੰਡਲੀ ਦਾ ਸਹੀ ਰਵੱਈਆ ਕਿਵੇਂ ਕਾਇਮ ਰੱਖ ਸਕਦੇ ਹਾਂ . . .

ਜਦੋਂ ਅਸੀਂ ਆਪਣੇ ਭੈਣਾਂ-ਭਰਾਵਾਂ ਨਾਲ ਮਿਲਦੇ-ਗਿਲ਼ਦੇ ਹਾਂ?

ਜਦੋਂ ਅਸੀਂ ਜੋਸ਼ ਨਾਲ ਪ੍ਰਚਾਰ ਕਰਦੇ ਹਾਂ?

ਜਦੋਂ ਅਸੀਂ ਕਿਸੇ ਪਾਪ ਬਾਰੇ ਬਜ਼ੁਰਗਾਂ ਨੂੰ ਦੱਸਦੇ ਹਾਂ?

1. ਫ਼ਿਲਿੱਪੈ ਅਤੇ ਥੂਆਤੀਰਾ ਦੀਆਂ ਮੰਡਲੀਆਂ ਦੀ ਤਾਰੀਫ਼ ਕਿਉਂ ਕੀਤੀ ਗਈ ਸੀ?

ਪਹਿਲੀ ਸਦੀ ਵਿਚ ਫ਼ਿਲਿੱਪੈ ਦੇ ਮਸੀਹੀ ਗ਼ਰੀਬ ਸਨ। ਫਿਰ ਵੀ ਉਹ ਖੁੱਲ੍ਹੇ ਦਿਲ ਵਾਲੇ ਸਨ ਤੇ ਉਨ੍ਹਾਂ ਨੇ ਆਪਣੇ ਭੈਣਾਂ-ਭਰਾਵਾਂ ਦੀ ਮਦਦ ਕਰ ਕੇ ਆਪਣੇ ਪਿਆਰ ਦਾ ਸਬੂਤ ਦਿੱਤਾ। (ਫ਼ਿਲਿ. 1:3-5, 9; 4:15, 16) ਇਸ ਲਈ ਆਪਣੀ ਚਿੱਠੀ ਦੇ ਅਖ਼ੀਰ ਵਿਚ ਪੌਲੁਸ ਰਸੂਲ ਉਨ੍ਹਾਂ ਨੂੰ ਲਿਖ ਸਕਿਆ: “ਤੁਹਾਡੇ ਸਹੀ ਰਵੱਈਏ ਕਰਕੇ ਪ੍ਰਭੂ ਯਿਸੂ ਮਸੀਹ ਦੀ ਅਪਾਰ ਕਿਰਪਾ ਤੁਹਾਡੇ ਉੱਤੇ ਹੋਵੇ।” (ਫ਼ਿਲਿ. 4:23) ਥੂਆਤੀਰਾ ਦੀ ਮੰਡਲੀ ਦਾ ਰਵੱਈਆ ਸਹੀ ਸੀ ਜਿਸ ਕਰਕੇ ਮਹਿਮਾਵਾਨ ਯਿਸੂ ਮਸੀਹ ਨੇ ਉਸ ਨੂੰ ਕਿਹਾ: “ਮੈਂ ਤੇਰੇ ਕੰਮਾਂ ਨੂੰ ਜਾਣਦਾ ਹਾਂ ਅਤੇ ਇਹ ਵੀ ਜਾਣਦਾ ਹਾਂ ਕਿ ਤੂੰ ਕਿੰਨਾ ਪਿਆਰ ਕਰਦਾ ਹੈਂ ਅਤੇ ਕਿੰਨੀ ਨਿਹਚਾ ਤੇ ਸੇਵਾ ਕਰਦਾ ਹੈਂ ਅਤੇ ਕਿੰਨਾ ਧੀਰਜ ਰੱਖਦਾ ਹੈਂ। ਮੈਨੂੰ ਇਹ ਵੀ ਪਤਾ ਹੈ ਕਿ ਤੇਰੇ ਕੰਮ ਪਹਿਲਾਂ ਨਾਲੋਂ ਹੁਣ ਜ਼ਿਆਦਾ ਵਧੀਆ ਹਨ।”—ਪ੍ਰਕਾ. 2:19.

2. ਸਾਡੇ ਰਵੱਈਏ ਦਾ ਸਾਡੀ ਮੰਡਲੀ ਦੇ ਰਵੱਈਏ ’ਤੇ ਕੀ ਅਸਰ ਪੈਂਦਾ ਹੈ?

2 ਅੱਜ ਵੀ ਯਹੋਵਾਹ ਦੇ ਗਵਾਹਾਂ ਦੀ ਹਰ ਮੰਡਲੀ ਦਾ ਆਪੋ-ਆਪਣਾ ਰਵੱਈਆ ਹੁੰਦਾ ਹੈ। ਕੁਝ ਮੰਡਲੀਆਂ ਵਿਚ ਬਹੁਤ ਪਿਆਰ ਦੇਖਿਆ ਜਾਂਦਾ ਹੈ। ਦੂਸਰੀਆਂ ਵਿਚ ਭੈਣ-ਭਰਾ ਜੋਸ਼ ਨਾਲ ਪ੍ਰਚਾਰ ਕਰਨ ਲਈ ਜਾਣੇ ਜਾਂਦੇ ਹਨ ਅਤੇ ਉਹ ਪਾਇਨੀਅਰਾਂ ਦਾ ਵੀ ਸਾਥ ਦਿੰਦੇ ਹਨ। ਜਦ ਅਸੀਂ ਸਾਰੇ ਆਪਣਾ ਰਵੱਈਆ ਸਹੀ ਰੱਖਣ ਦੀ ਕੋਸ਼ਿਸ਼ ਕਰਦੇ ਹਾਂ, ਤਾਂ ਮੰਡਲੀ ਦੀ ਏਕਤਾ ਬਣੀ ਰਹਿੰਦੀ ਹੈ ਅਤੇ ਸਾਰੇ ਸੱਚਾਈ ਵਿਚ ਤਰੱਕੀ ਕਰਦੇ ਹਨ। (1 ਕੁਰਿੰ. 1:10) ਦੂਜੇ ਪਾਸੇ, ਜੇ ਸਾਡਾ ਰਵੱਈਆ ਗ਼ਲਤ ਹੋਵੇ, ਤਾਂ ਸਾਡੇ ਬੁਰੇ ਪ੍ਰਭਾਵ ਕਰਕੇ ਭੈਣ-ਭਰਾ ਸ਼ਾਇਦ ਪਰਮੇਸ਼ੁਰ ਦੀ ਸੇਵਾ ਵਿਚ ਢਿੱਲੇ ਪੈ ਜਾਣ, ਪ੍ਰਚਾਰ ਲਈ ਉਨ੍ਹਾਂ ਦਾ ਜੋਸ਼ ਠੰਢਾ ਪੈ ਜਾਵੇ ਤੇ ਉਹ ਮੰਡਲੀ ਵਿਚ ਬੁਰੇ ਕੰਮ ਬਰਦਾਸ਼ਤ ਕਰਨ ਲੱਗ ਪੈਣ। (1 ਕੁਰਿੰ. 5:1; ਪ੍ਰਕਾ. 3:15, 16) ਤੁਹਾਡੀ ਮੰਡਲੀ ਦਾ ਰਵੱਈਆ ਕਿਹੋ ਜਿਹਾ ਹੈ? ਤੁਸੀਂ ਕੀ ਕਰ ਸਕਦੇ ਹੋ ਜਿਸ ਕਰਕੇ ਮੰਡਲੀ ਦਾ ਸਹੀ ਰਵੱਈਆ ਕਾਇਮ ਰਹੇ?

ਸਹੀ ਰਵੱਈਆ ਪੈਦਾ ਕਰੋ

3, 4. ਅਸੀਂ ‘ਮਹਾ ਸਭਾ ਵਿੱਚ ਯਹੋਵਾਹ ਦਾ ਧੰਨਵਾਦ’ ਕਿਵੇਂ ਕਰ ਸਕਦੇ ਹਾਂ?

3 ਜ਼ਬੂਰਾਂ ਦੇ ਲਿਖਾਰੀ ਨੇ ਇਕ ਗੀਤ ਵਿਚ ਯਹੋਵਾਹ ਨੂੰ ਕਿਹਾ: “ਮੈਂ ਮਹਾ ਸਭਾ ਵਿੱਚ ਤੇਰਾ ਧੰਨਵਾਦ ਕਰਾਂਗਾ, ਬਹੁਤਿਆਂ ਲੋਕਾਂ ਵਿੱਚ ਮੈਂ ਤੇਰੀ ਉਸਤਤ ਕਰਾਂਗਾ।” (ਜ਼ਬੂ. 35:18) ਜ਼ਬੂਰਾਂ ਦੇ ਲਿਖਾਰੀ ਨੇ ਯਹੋਵਾਹ ਦੇ ਹੋਰਨਾਂ ਸੇਵਕਾਂ ਨਾਲ ਹੁੰਦੇ ਹੋਏ ਉਸ ਦੀ ਵਡਿਆਈ ਕੀਤੀ। ਸਾਨੂੰ ਵੀ ਹਰ ਹਫ਼ਤੇ ਸਭਾਵਾਂ ਵਿਚ ਜੋਸ਼ ਨਾਲ ਯਹੋਵਾਹ ਦੀ ਵਡਿਆਈ ਕਰਨ ਦੇ ਮੌਕੇ ਮਿਲਦੇ ਹਨ। ਮਿਸਾਲ ਲਈ, ਪਹਿਰਾਬੁਰਜ ਅਧਿਐਨ ਦੌਰਾਨ ਅਸੀਂ ਜਵਾਬ ਦੇ ਕੇ ਆਪਣੀ ਨਿਹਚਾ ਦਾ ਐਲਾਨ ਕਰ ਸਕਦੇ ਹਾਂ। ਅਸੀਂ ਆਪਣੇ ਆਪ ਤੋਂ ਪੁੱਛ ਸਕਦੇ ਹਾਂ: ‘ਕੀ ਮੈਂ ਮੀਟਿੰਗਾਂ ਵਿਚ ਜਵਾਬ ਦੇਣ ਦੇ ਮੌਕਿਆਂ ਦਾ ਫ਼ਾਇਦਾ ਲੈਂਦਾ ਹਾਂ? ਕੀ ਮੈਂ ਪੂਰੀ ਤਿਆਰੀ ਕਰ ਕੇ ਚੰਗੇ ਜਵਾਬ ਦਿੰਦਾ ਹਾਂ? ਪਰਿਵਾਰ ਦੇ ਮੁਖੀ ਵਜੋਂ ਕੀ ਮੈਂ ਆਪਣੇ ਬੱਚਿਆਂ ਦੀ ਮਦਦ ਕਰਦਾ ਹਾਂ ਤਾਂਕਿ ਉਹ ਵੀ ਆਪਣੇ ਸ਼ਬਦਾਂ ਵਿਚ ਜਵਾਬ ਦੇ ਸਕਣ?’

4 ਯਹੋਵਾਹ ਦੀ ਮਹਿਮਾ ਦੇ ਗੀਤ ਗਾਉਣ ਸੰਬੰਧੀ ਜ਼ਬੂਰਾਂ ਦੇ ਲਿਖਾਰੀ ਦਾਊਦ ਨੇ ਕਿਹਾ: “ਮੇਰਾ ਮਨ ਕਾਇਮ ਹੈ, ਹੇ ਪਰਮੇਸ਼ੁਰ, ਮੇਰਾ ਮਨ ਕਾਇਮ ਹੈ, ਮੈਂ ਗਾਵਾਂਗਾ, ਮੈਂ ਭਜਨ ਕੀਰਤਨ ਕਰਾਂਗਾ!” (ਜ਼ਬੂ. 57:7) ਇਸ ਤੋਂ ਪਤਾ ਲੱਗਦਾ ਹੈ ਕਿ ਸਭਾਵਾਂ ਵਿਚ ਦਿਲੋਂ ਪਰਮੇਸ਼ੁਰ ਦੀ ਮਹਿਮਾ ਦੇ ਗੀਤ ਗਾ ਕੇ ਅਸੀਂ ਦਿਖਾਉਂਦੇ ਹਾਂ ਕਿ ਸਾਡਾ ਮਨ ਕਾਇਮ ਹੈ ਯਾਨੀ ਸਹੀ ਕੰਮ ਕਰਨ ਦਾ ਸਾਡਾ ਇਰਾਦਾ ਪੱਕਾ ਹੈ। ਜੇ ਅਸੀਂ ਕੁਝ ਗੀਤ ਚੰਗੀ ਤਰ੍ਹਾਂ ਨਹੀਂ ਜਾਣਦੇ, ਤਾਂ ਕਿਉਂ ਨਾ ਪਰਿਵਾਰਕ ਸਟੱਡੀ ਦੌਰਾਨ ਇਨ੍ਹਾਂ ਨੂੰ ਗਾਉਣਾ ਸਿੱਖੀਏ? ਸਾਡਾ ਇਰਾਦਾ ਇਹੀ ਹੋਣਾ ਚਾਹੀਦਾ ਹੈ: “ਮੈਂ ਜੀਵਨ ਭਰ ਯਹੋਵਾਹ ਨੂੰ ਗਾਵਾਂਗਾ, ਜਿੰਨਾ ਚਿਰ ਮੈਂ ਰਹਾਂਗਾ ਮੈਂ ਆਪਣੇ ਪਰਮੇਸ਼ੁਰ ਲਈ ਭਜਨ ਗਾਵਾਂਗਾ!”—ਜ਼ਬੂ. 104:33.

5, 6. ਅਸੀਂ ਕਿਵੇਂ ਪਰਾਹੁਣਚਾਰੀ ਅਤੇ ਖੁੱਲ੍ਹ-ਦਿਲੀ ਦਿਖਾ ਸਕਦੇ ਹਾਂ ਤੇ ਇਸ ਦਾ ਮੰਡਲੀ ’ਤੇ ਕੀ ਅਸਰ ਪੈਂਦਾ ਹੈ?

5 ਮੰਡਲੀ ਵਿਚ ਪਿਆਰ ਵਧਾਉਣ ਦਾ ਇਕ ਹੋਰ ਤਰੀਕਾ ਹੈ ਭੈਣਾਂ-ਭਰਾਵਾਂ ਦੀ ਪਰਾਹੁਣਚਾਰੀ ਕਰਨੀ। ਇਬਰਾਨੀਆਂ ਨੂੰ ਲਿਖੀ ਚਿੱਠੀ ਦੇ ਅਖ਼ੀਰਲੇ ਅਧਿਆਇ ਵਿਚ ਪੌਲੁਸ ਨੇ ਕਿਹਾ: “ਇਕ-ਦੂਜੇ ਨਾਲ ਭਰਾਵਾਂ ਵਾਂਗ ਪਿਆਰ ਕਰਦੇ ਰਹੋ। ਪਰਾਹੁਣਚਾਰੀ ਕਰਨੀ ਨਾ ਭੁੱਲੋ।” (ਇਬ. 13:1, 2) ਸਫ਼ਰੀ ਨਿਗਾਹਬਾਨਾਂ ਤੇ ਉਨ੍ਹਾਂ ਦੀਆਂ ਪਤਨੀਆਂ ਜਾਂ ਮੰਡਲੀ ਦੇ ਪਾਇਨੀਅਰਾਂ ਨੂੰ ਰੋਟੀ ਲਈ ਘਰ ਬੁਲਾਉਣਾ ਪਰਾਹੁਣਚਾਰੀ ਕਰਨ ਦਾ ਇਕ ਵਧੀਆ ਤਰੀਕਾ ਹੈ। ਹੋਰਨਾਂ ਬਾਰੇ ਵੀ ਸੋਚੋ ਜਿਵੇਂ ਵਿਧਵਾਵਾਂ ਜਾਂ ਉਹ ਭੈਣ-ਭਰਾ ਜਿਹੜੇ ਇਕੱਲੇ ਆਪਣੇ ਪਰਿਵਾਰਾਂ ਦੀ ਪਰਵਰਿਸ਼ ਕਰ ਰਹੇ ਹਨ। ਅਸੀਂ ਕਦੇ-ਕਦੇ ਇਨ੍ਹਾਂ ਨੂੰ ਰੋਟੀ ਲਈ ਜਾਂ ਪਰਿਵਾਰਕ ਸਟੱਡੀ ਲਈ ਆਪਣੇ ਘਰ ਬੁਲਾ ਸਕਦੇ ਹਾਂ।

6 ਪੌਲੁਸ ਨੇ ਤਿਮੋਥਿਉਸ ਨੂੰ ਦੂਸਰਿਆਂ ਨੂੰ ਇਹ ਸਲਾਹ ਦੇਣ ਲਈ ਕਿਹਾ ਕਿ “ਉਹ ਦੂਸਰਿਆਂ ਨਾਲ ਭਲਾਈ ਕਰਨ, ਚੰਗੇ ਕੰਮ ਕਰਨ ਵਿਚ ਲੱਗੇ ਰਹਿਣ, ਖੁੱਲ੍ਹੇ ਦਿਲ ਵਾਲੇ ਬਣਨ ਅਤੇ ਜੋ ਉਨ੍ਹਾਂ ਕੋਲ ਹੈ, ਉਹ ਦੂਸਰਿਆਂ ਨਾਲ ਵੰਡਣ ਲਈ ਤਿਆਰ ਰਹਿਣ। ਇਸ ਤਰ੍ਹਾਂ ਕਰ ਕੇ ਉਹ ਆਪਣੇ ਲਈ ਪਰਮੇਸ਼ੁਰ ਵੱਲੋਂ ਮਿਲਿਆ ਖ਼ਜ਼ਾਨਾ ਇਕੱਠਾ ਕਰਦੇ ਹਨ ਯਾਨੀ ਭਵਿੱਖ ਲਈ ਇਕ ਚੰਗੀ ਨੀਂਹ ਧਰਦੇ ਹਨ, ਤਾਂਕਿ ਉਹ ਅਸਲੀ ਜ਼ਿੰਦਗੀ ਨੂੰ ਘੁੱਟ ਕੇ ਫੜ ਸਕਣ।” (1 ਤਿਮੋ. 6:17-19) ਪੌਲੁਸ ਭੈਣਾਂ-ਭਰਾਵਾਂ ਨੂੰ ਖੁੱਲ੍ਹੇ ਦਿਲ ਵਾਲੇ ਬਣਨ ਦੀ ਸਲਾਹ ਦੇ ਰਿਹਾ ਸੀ। ਮਹਿੰਗਾਈ ਦੇ ਜ਼ਮਾਨੇ ਵਿਚ ਵੀ ਅਸੀਂ ਖੁੱਲ੍ਹ-ਦਿਲੇ ਬਣ ਸਕਦੇ ਹਾਂ। ਸ਼ਾਇਦ ਅਸੀਂ ਲੋੜਵੰਦਾਂ ਨੂੰ ਪ੍ਰਚਾਰ ਜਾਂ ਮੀਟਿੰਗਾਂ ਵਿਚ ਆਪਣੀ ਕਾਰ ਜਾਂ ਸਕੂਟਰ ’ਤੇ ਲਿਜਾ ਸਕਦੇ ਹਾਂ। ਜਿਨ੍ਹਾਂ ਭੈਣਾਂ-ਭਰਾਵਾਂ ਨੂੰ ਇਸ ਤਰ੍ਹਾਂ ਦੀ ਮਦਦ ਮਿਲਦੀ ਹੈ, ਉਹ ਕੀ ਕਰ ਸਕਦੇ ਹਨ? ਚੰਗਾ ਹੋਵੇਗਾ ਜੇ ਉਹ ਇਸ ਮਹਿੰਗਾਈ ਦੇ ਜ਼ਮਾਨੇ ਵਿਚ ਪੈਟਰੋਲ ਵਗੈਰਾ ਦਾ ਖ਼ਰਚਾ ਦੇਣ ਵਿਚ ਮਦਦ ਕਰਨ। ਇਸ ਤਰ੍ਹਾਂ ਉਹ ਮੰਡਲੀ ਵਿਚ ਚੰਗਾ ਰਵੱਈਆ ਪੈਦਾ ਕਰ ਸਕਦੇ ਹਨ। ਜਦ ਅਸੀਂ ਮੰਡਲੀ ਦੇ ਭੈਣਾਂ-ਭਰਾਵਾਂ ਨਾਲ ਸਮਾਂ ਬਿਤਾਉਂਦੇ ਹਾਂ, ਤਾਂ ਇਸ ਤੋਂ ਉਨ੍ਹਾਂ ਨੂੰ ਪਤਾ ਲੱਗਦਾ ਹੈ ਕਿ ਅਸੀਂ ਉਨ੍ਹਾਂ ਨੂੰ ਕਿੰਨਾ ਚਾਹੁੰਦੇ ਹਾਂ ਤੇ ਪਿਆਰ ਕਰਦੇ ਹਾਂ। ਜਦ ਅਸੀਂ ‘ਆਪਣੇ ਮਸੀਹੀ ਭੈਣਾਂ-ਭਰਾਵਾਂ’ ਲਈ ਚੰਗੇ ਕੰਮ ਕਰਦੇ ਹਾਂ ਅਤੇ ਆਪਣਾ ਸਮਾਂ ਤੇ ਹੋਰ ਚੀਜ਼ਾਂ ਉਨ੍ਹਾਂ ਨਾਲ ਸਾਂਝੀਆਂ ਕਰਨ ਲਈ ਤਿਆਰ ਹੁੰਦੇ ਹਾਂ, ਤਾਂ ਸਾਡਾ ਆਪਸੀ ਪਿਆਰ ਵਧਦਾ ਹੈ ਤੇ ਮੰਡਲੀ ਵਿਚ ਚੰਗਾ ਰਵੱਈਆ ਬਣਿਆ ਰਹਿੰਦਾ ਹੈ।—ਗਲਾ. 6:10.

7. ਜਦ ਅਸੀਂ ਦੂਸਰਿਆਂ ਦਾ ਭੇਤ ਕਿਸੇ ਨੂੰ ਨਹੀਂ ਦੱਸਦੇ, ਤਾਂ ਮੰਡਲੀ ਵਿਚ ਚੰਗਾ ਰਵੱਈਆ ਕਿਵੇਂ ਪੈਦਾ ਹੁੰਦਾ ਹੈ?

7 ਹੋਰ ਵੀ ਕਈ ਗੱਲਾਂ ਹਨ ਜਿਨ੍ਹਾਂ ਰਾਹੀਂ ਅਸੀਂ ਆਪਣੇ ਭੈਣਾਂ-ਭਰਾਵਾਂ ਨਾਲ ਪਿਆਰ ਦੇ ਬੰਧਨ ਨੂੰ ਮਜ਼ਬੂਤ ਕਰ ਸਕਦੇ ਹਾਂ। ਇਹ ਹਨ ਦੋਸਤੀ ਕਰਨੀ ਤੇ ਕਿਸੇ ਦਾ ਭੇਤ ਨਾ ਦੱਸਣਾ। (ਕਹਾਉਤਾਂ 18:24 ਪੜ੍ਹੋ।) ਸੱਚੇ ਦੋਸਤ ਇਕ-ਦੂਜੇ ਦੇ ਭੇਤ ਹੋਰਾਂ ਨੂੰ ਨਹੀਂ ਦੱਸਦੇ। ਜਦ ਭੈਣ-ਭਰਾ ਸਾਨੂੰ ਆਪਣੇ ਦਿਲ ਦੀ ਗੱਲ ਦੱਸਦੇ ਹਨ ਤੇ ਉਨ੍ਹਾਂ ਨੂੰ ਭਰੋਸਾ ਹੁੰਦਾ ਹੈ ਕਿ ਅਸੀਂ ਇਹ ਗੱਲ ਦੂਸਰਿਆਂ ਨੂੰ ਨਹੀਂ ਦੱਸਾਂਗੇ, ਤਾਂ ਸਾਡਾ ਆਪਸੀ ਪਿਆਰ ਹੋਰ ਗੂੜ੍ਹਾ ਹੁੰਦਾ ਹੈ। ਆਓ ਆਪਾਂ ਮੰਡਲੀ ਵਿਚ ਪਰਿਵਾਰ ਵਰਗਾ ਮਾਹੌਲ ਬਣਾਈਏ ਅਤੇ ਭਰੋਸੇਮੰਦ ਦੋਸਤ ਬਣ ਕੇ ਦੂਸਰਿਆਂ ਦੇ ਭੇਤ ਹੋਰਾਂ ਅੱਗੇ ਨਾ ਖੋਲ੍ਹੀਏ।—ਕਹਾ. 20:19.

ਜੋਸ਼ ਨਾਲ ਪ੍ਰਚਾਰ ਕਰੋ

8. ਯਿਸੂ ਨੇ ਲਾਉਦਿਕੀਆ ਦੀ ਮੰਡਲੀ ਨੂੰ ਕਿਹੜੀ ਸਲਾਹ ਦਿੱਤੀ ਸੀ ਤੇ ਕਿਉਂ?

8 ਲਾਉਦਿਕੀਆ ਦੀ ਮੰਡਲੀ ਨਾਲ ਗੱਲ ਕਰਦੇ ਹੋਏ ਯਿਸੂ ਨੇ ਕਿਹਾ: “ਮੈਂ ਤੇਰੇ ਕੰਮਾਂ ਨੂੰ ਜਾਣਦਾ ਹਾਂ ਕਿ ਤੂੰ ਨਾ ਤਾਂ ਠੰਢਾ ਹੈਂ ਅਤੇ ਨਾ ਹੀ ਗਰਮ। ਕਾਸ਼ ਤੂੰ ਠੰਢਾ ਹੁੰਦਾ ਜਾਂ ਫਿਰ ਗਰਮ ਹੁੰਦਾ! ਤੂੰ ਗਰਮ ਜਾਂ ਠੰਢਾ ਹੋਣ ਦੀ ਬਜਾਇ ਕੋਸਾ ਹੈਂ, ਇਸ ਕਰਕੇ ਮੈਂ ਤੈਨੂੰ ਆਪਣੇ ਮੂੰਹ ਵਿੱਚੋਂ ਉਗਲ ਦਿਆਂਗਾ।” (ਪ੍ਰਕਾ. 3:15, 16) ਇਸ ਮੰਡਲੀ ਦੇ ਭੈਣਾਂ-ਭਰਾਵਾਂ ਵਿਚ ਪ੍ਰਚਾਰ ਲਈ ਜੋਸ਼ ਨਹੀਂ ਸੀ। ਇਸ ਦਾ ਅਸਰ ਸਿਰਫ਼ ਪ੍ਰਚਾਰ ’ਤੇ ਹੀ ਨਹੀਂ, ਸਗੋਂ ਇਕ-ਦੂਜੇ ਨਾਲ ਉਨ੍ਹਾਂ ਦੇ ਰਿਸ਼ਤੇ ’ਤੇ ਵੀ ਪਿਆ। ਇਸ ਲਈ ਯਿਸੂ ਨੇ ਪਿਆਰ ਨਾਲ ਉਨ੍ਹਾਂ ਨੂੰ ਸਲਾਹ ਦਿੱਤੀ: “ਜਿਨ੍ਹਾਂ ਨੂੰ ਮੈਂ ਪਿਆਰ ਕਰਦਾ ਹਾਂ, ਉਨ੍ਹਾਂ ਸਾਰਿਆਂ ਨੂੰ ਮੈਂ ਝਿੜਕਦਾ ਅਤੇ ਤਾੜਨਾ ਦਿੰਦਾ ਹਾਂ। ਇਸ ਲਈ ਜੋਸ਼ੀਲਾ ਬਣ ਅਤੇ ਤੋਬਾ ਕਰ।”—ਪ੍ਰਕਾ. 3:19.

9. ਪ੍ਰਚਾਰ ਪ੍ਰਤੀ ਸਾਡਾ ਰਵੱਈਆ ਮੰਡਲੀ ਉੱਤੇ ਕਿਹੋ ਜਿਹਾ ਅਸਰ ਪਾਉਂਦਾ ਹੈ?

9 ਮੰਡਲੀ ਵਿਚ ਸਹੀ ਰਵੱਈਆ ਪੈਦਾ ਕਰਨ ਲਈ ਸਾਨੂੰ ਧਿਆਨ ਰੱਖਣਾ ਚਾਹੀਦਾ ਹੈ ਕਿ ਅਸੀਂ ਜੋਸ਼ ਨਾਲ ਪ੍ਰਚਾਰ ਕਰੀਏ। ਮੰਡਲੀ ਬਣਾਉਣ ਦਾ ਇਹੀ ਮਕਸਦ ਹੈ ਕਿ ਨੇਕਦਿਲ ਲੋਕਾਂ ਨੂੰ ਲੱਭਿਆ ਜਾਵੇ ਤੇ ਉਨ੍ਹਾਂ ਨੂੰ ਸੱਚਾਈ ਸਿਖਾਈ ਜਾਵੇ। ਇਸ ਲਈ ਸਾਨੂੰ ਯਿਸੂ ਵਾਂਗ ਪ੍ਰਚਾਰ ਤੇ ਚੇਲੇ ਬਣਾਉਣ ਦਾ ਕੰਮ ਪੂਰੇ ਜੋਸ਼ ਨਾਲ ਕਰਨਾ ਚਾਹੀਦਾ ਹੈ। (ਮੱਤੀ 28:19, 20; ਲੂਕਾ 4:43) ਜਿੰਨਾ ਜ਼ਿਆਦਾ ਸਾਡਾ ਜੋਸ਼ ਹੋਵੇਗਾ, ਉੱਨਾ ਹੀ ਅਸੀਂ ਭੈਣਾਂ-ਭਰਾਵਾਂ ਅਤੇ “ਪਰਮੇਸ਼ੁਰ ਨਾਲ ਮਿਲ ਕੇ ਕੰਮ” ਕਰ ਸਕਾਂਗੇ। (1 ਕੁਰਿੰ. 3:9) ਜਦ ਅਸੀਂ ਪ੍ਰਚਾਰ ਵਿਚ ਭੈਣਾਂ-ਭਰਾਵਾਂ ਨੂੰ ਬਾਈਬਲ ਬਾਰੇ ਲੋਕਾਂ ਦੇ ਸਵਾਲਾਂ ਦੇ ਜਵਾਬ ਦਿੰਦੇ ਹੋਏ ਅਤੇ ਸੱਚਾਈ ਲਈ ਕਦਰ ਦਿਖਾਉਂਦੇ ਹੋਏ ਦੇਖਦੇ ਹਾਂ, ਤਾਂ ਸਾਡੇ ਦਿਲ ਵਿਚ ਉਨ੍ਹਾਂ ਲਈ ਪਿਆਰ ਤੇ ਕਦਰ ਹੋਰ ਵਧਦੀ ਹੈ। ਨਾਲੇ ਮੋਢੇ ਨਾਲ ਮੋਢਾ ਜੋੜ ਕੇ ਪ੍ਰਚਾਰ ਕਰਨ ਨਾਲ ਅਸੀਂ ਸਾਰੇ “ਇੱਕ ਮਨ” ਹੋਵਾਂਗੇ।—ਸਫ਼ਨਯਾਹ 3:9 ਪੜ੍ਹੋ।

10. ਜਦ ਅਸੀਂ ਹੋਰ ਵਧੀਆ ਤਰੀਕੇ ਨਾਲ ਪ੍ਰਚਾਰ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਤਾਂ ਇਸ ਦਾ ਦੂਜਿਆਂ ’ਤੇ ਕੀ ਅਸਰ ਪੈਂਦਾ ਹੈ?

10 ਜਦ ਅਸੀਂ ਹੋਰ ਵਧੀਆ ਤਰੀਕੇ ਨਾਲ ਪ੍ਰਚਾਰ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਤਾਂ ਇਸ ਦਾ ਵੀ ਦੂਜਿਆਂ ’ਤੇ ਚੰਗਾ ਅਸਰ ਪੈਂਦਾ ਹੈ। ਜੇ ਅਸੀਂ ਲੋਕਾਂ ਵਿਚ ਦਿਲਚਸਪੀ ਲੈਂਦੇ ਹਾਂ ਅਤੇ ਉਨ੍ਹਾਂ ਦੇ ਦਿਲਾਂ ਤਕ ਪਹੁੰਚਣ ਦੀ ਕੋਸ਼ਿਸ਼ ਕਰਦੇ ਹਾਂ, ਤਾਂ ਪ੍ਰਚਾਰ ਵਿਚ ਸਾਡਾ ਜੋਸ਼ ਵਧਦਾ ਹੈ। (ਮੱਤੀ 9:36, 37) ਸਾਡੇ ਜੋਸ਼ ਦਾ ਸਾਡੇ ਸਾਥੀਆਂ ’ਤੇ ਵੀ ਅਸਰ ਪੈਂਦਾ ਹੈ। ਯਿਸੂ ਵੀ ਇਹ ਗੱਲ ਜਾਣਦਾ ਸੀ ਜਿਸ ਕਰਕੇ ਉਸ ਨੇ ਆਪਣੇ ਚੇਲਿਆਂ ਨੂੰ ਇਕ-ਇਕ ਕਰ ਕੇ ਨਹੀਂ, ਸਗੋਂ ਦੋ-ਦੋ ਕਰ ਕੇ ਪ੍ਰਚਾਰ ਕਰਨ ਲਈ ਭੇਜਿਆ। (ਲੂਕਾ 10:1) ਇਕੱਠੇ ਪ੍ਰਚਾਰ ਕਰਨ ਨਾਲ ਉਹ ਇਕ-ਦੂਜੇ ਤੋਂ ਸਿੱਖ ਸਕੇ ਤੇ ਇਕ-ਦੂਜੇ ਦਾ ਹੌਸਲਾ ਵੀ ਵਧਾ ਸਕੇ। ਇਸ ਦੇ ਨਾਲ-ਨਾਲ ਉਨ੍ਹਾਂ ਦਾ ਜੋਸ਼ ਵੀ ਵਧਿਆ। ਕੀ ਅਸੀਂ ਜੋਸ਼ੀਲੇ ਭੈਣਾਂ-ਭਰਾਵਾਂ ਨਾਲ ਪ੍ਰਚਾਰ ਕਰਨ ਦੀ ਅਹਿਮੀਅਤ ਸਮਝਦੇ ਹਾਂ? ਉਨ੍ਹਾਂ ਦੇ ਜੋਸ਼ ਨੂੰ ਦੇਖ ਕੇ ਸਾਨੂੰ ਵੀ ਪ੍ਰਚਾਰ ਦੇ ਕੰਮ ਵਿਚ ਲੱਗੇ ਰਹਿਣ ਦੀ ਹਿੰਮਤ ਮਿਲਦੀ ਹੈ।—ਰੋਮੀ. 1:12.

ਬੁੜਬੁੜਾਉਣ ਤੇ ਗ਼ਲਤ ਕੰਮ ਕਰਨ ਤੋਂ ਬਚੋ

11. ਮੂਸਾ ਦੇ ਜ਼ਮਾਨੇ ਵਿਚ ਕੁਝ ਇਜ਼ਰਾਈਲੀਆਂ ਦਾ ਕਿਹੋ ਜਿਹਾ ਰਵੱਈਆ ਸੀ ਤੇ ਇਸ ਦਾ ਉਨ੍ਹਾਂ ’ਤੇ ਕੀ ਪ੍ਰਭਾਵ ਪਿਆ?

11 ਇਜ਼ਰਾਈਲ ਕੌਮ ਬਣੀ ਨੂੰ ਅਜੇ ਕੁਝ ਹੀ ਹਫ਼ਤੇ ਹੋਏ ਸਨ ਜਦ ਇਜ਼ਰਾਈਲੀਆਂ ਨੇ ਬੁੜਬੁੜਾਉਣਾ ਸ਼ੁਰੂ ਕਰ ਦਿੱਤਾ। ਨਤੀਜੇ ਵਜੋਂ ਉਨ੍ਹਾਂ ਨੇ ਯਹੋਵਾਹ ਅਤੇ ਉਸ ਦੇ ਚੁਣੇ ਹੋਏ ਆਗੂਆਂ ਦੇ ਖ਼ਿਲਾਫ਼ ਬਗਾਵਤ ਕੀਤੀ। (ਕੂਚ 16:1, 2) ਮਿਸਰ ਛੱਡਣ ਵਾਲੇ ਇਜ਼ਰਾਈਲੀਆਂ ਵਿੱਚੋਂ ਥੋੜ੍ਹੇ ਹੀ ਵਾਅਦਾ ਕੀਤੇ ਹੋਏ ਦੇਸ਼ ਵਿਚ ਜਾ ਸਕੇ। ਮੂਸਾ ਨੂੰ ਵੀ ਇਸ ਦੇਸ਼ ਵਿਚ ਨਹੀਂ ਜਾਣ ਦਿੱਤਾ ਗਿਆ ਕਿਉਂਕਿ ਇਜ਼ਰਾਈਲੀਆਂ ਦੇ ਬੁਰੇ ਰਵੱਈਏ ਕਰਕੇ ਉਹ ਵੀ ਗ਼ਲਤੀ ਕਰ ਬੈਠਾ! (ਬਿਵ. 32:48-52) ਅੱਜ ਅਸੀਂ ਅਜਿਹਾ ਗ਼ਲਤ ਰਵੱਈਆ ਪੈਦਾ ਕਰਨ ਤੋਂ ਕਿਵੇਂ ਬਚ ਸਕਦੇ ਹਾਂ?

12. ਅਸੀਂ ਬੁੜਬੁੜਾਉਣ ਤੋਂ ਕਿਵੇਂ ਬਚ ਸਕਦੇ ਹਾਂ?

12 ਸਾਨੂੰ ਵੀ ਬੁੜਬੁੜਾਉਣ ਤੋਂ ਬਚਣਾ ਚਾਹੀਦਾ ਹੈ। ਇਹ ਜ਼ਰੂਰੀ ਹੈ ਕਿ ਅਸੀਂ ਨਿਮਰ ਬਣੀਏ ਤੇ ਅਧਿਕਾਰ ਰੱਖਣ ਵਾਲਿਆਂ ਦਾ ਆਦਰ ਕਰੀਏ। ਇਸ ਤੋਂ ਇਲਾਵਾ ਸਾਨੂੰ ਇਹ ਵੀ ਧਿਆਨ ਰੱਖਣ ਦੀ ਲੋੜ ਹੈ ਕਿ ਅਸੀਂ ਕਿਨ੍ਹਾਂ ਨਾਲ ਮਿਲਦੇ-ਜੁਲਦੇ ਹਾਂ। ਸਾਡੇ ਨਾਲ ਕੰਮ ਕਰਨ ਵਾਲੇ ਲੋਕ ਜਾਂ ਸਾਡੇ ਸਕੂਲ ਦੇ ਸਾਥੀ ਸ਼ਾਇਦ ਪਰਮੇਸ਼ੁਰ ਦੇ ਧਰਮੀ ਅਸੂਲਾਂ ਦੀ ਕੋਈ ਕਦਰ ਨਹੀਂ ਕਰਦੇ। ਜੇ ਅਸੀਂ ਉਨ੍ਹਾਂ ਨਾਲ ਜ਼ਿਆਦਾ ਸਮਾਂ ਬਿਤਾਉਂਦੇ ਹਾਂ ਜਾਂ ਮਨੋਰੰਜਨ ਦੇ ਮਾਮਲੇ ਵਿਚ ਗ਼ਲਤ ਫ਼ੈਸਲੇ ਕਰਦੇ ਹਾਂ, ਤਾਂ ਸਾਨੂੰ ਇਸ ਦੇ ਬੁਰੇ ਨਤੀਜੇ ਭੁਗਤਣੇ ਪੈਣਗੇ। ਸਾਨੂੰ ਉਨ੍ਹਾਂ ਲੋਕਾਂ ਨਾਲ ਘੱਟ ਤੋਂ ਘੱਟ ਮੇਲ-ਜੋਲ ਰੱਖਣਾ ਚਾਹੀਦਾ ਹੈ ਜੋ ਬੁੜਬੁੜਾਉਂਦੇ ਹਨ ਜਾਂ ਯਹੋਵਾਹ ਦੇ ਚੁਣੇ ਹੋਏ ਲੋਕਾਂ ਦਾ ਆਦਰ ਨਹੀਂ ਕਰਦੇ।—ਕਹਾ. 13:20.

13. ਮੰਡਲੀ ਵਿਚ ਬੁੜਬੁੜਾਉਣ ਦੇ ਮਾੜੇ ਅਸਰ ਕਰਕੇ ਹੋਰ ਕਿਹੜੇ ਗ਼ਲਤ ਕੰਮਾਂ ਨੂੰ ਹੱਲਾਸ਼ੇਰੀ ਮਿਲਦੀ ਹੈ?

13 ਮੰਡਲੀ ਵਿਚ ਬੁੜਬੁੜਾਉਣ ਦੇ ਮਾੜੇ ਅਸਰ ਕਰਕੇ ਹੋਰ ਵੀ ਗ਼ਲਤ ਕੰਮਾਂ ਨੂੰ ਹੱਲਾਸ਼ੇਰੀ ਮਿਲਦੀ ਹੈ। ਉਦਾਹਰਣ ਲਈ, ਜੇ ਮੰਡਲੀ ਵਿਚ ਕਿਸੇ ਨੂੰ ਬੁੜਬੁੜਾਉਣ ਦੀ ਆਦਤ ਹੈ, ਤਾਂ ਇਸ ਨਾਲ ਮੰਡਲੀ ਦੀ ਸ਼ਾਂਤੀ ਅਤੇ ਏਕਤਾ ਭੰਗ ਹੋ ਸਕਦੀ ਹੈ। ਇਸ ਤੋਂ ਇਲਾਵਾ, ਆਪਣੇ ਭੈਣਾਂ-ਭਰਾਵਾਂ ਉੱਤੇ ਦੋਸ਼ ਲਾਉਣ ਨਾਲ ਨਾ ਸਿਰਫ਼ ਉਨ੍ਹਾਂ ਨੂੰ ਦੁੱਖ ਹੋਵੇਗਾ, ਸਗੋਂ ਗੱਲ ਵਧਦੀ-ਵਧਦੀ ਇਕ-ਦੂਜੇ ਨੂੰ ਬੁਰਾ-ਭਲਾ ਕਹਿਣ ਅਤੇ ਬਦਨਾਮ ਕਰਨ ਤਕ ਪਹੁੰਚ ਸਕਦੀ ਹੈ ਜੋ ਕਿ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਪਾਪ ਹੈ। (ਲੇਵੀ. 19:16; 1 ਕੁਰਿੰ. 5:11) ਪਹਿਲੀ ਸਦੀ ਵਿਚ ਮੰਡਲੀਆਂ ਵਿਚ ਕੁਝ ਲੋਕ ‘ਅਧਿਕਾਰ ਰੱਖਣ ਵਾਲਿਆਂ ਦਾ ਨਿਰਾਦਰ ਕਰਦੇ ਸਨ ਅਤੇ ਮੰਡਲੀ ਦੇ ਮਹਿਮਾਵਾਨ ਭਰਾਵਾਂ ਬਾਰੇ ਬੁਰਾ-ਭਲਾ ਕਹਿੰਦੇ ਸਨ।’ (ਯਹੂ. 8, 16) ਮੰਡਲੀ ਦੇ ਜ਼ਿੰਮੇਵਾਰ ਭਰਾਵਾਂ ਵਿਰੁੱਧ ਬੋਲਣ ਵਾਲੇ ਲੋਕਾਂ ਉੱਤੇ ਪਰਮੇਸ਼ੁਰ ਦੀ ਮਿਹਰ ਨਹੀਂ ਸੀ।

14, 15. (ੳ) ਜੇ ਕਿਸੇ ਪਾਪ ਨੂੰ ਨਜ਼ਰਅੰਦਾਜ਼ ਕੀਤਾ ਜਾਂਦਾ ਹੈ, ਤਾਂ ਇਸ ਦਾ ਮੰਡਲੀ ’ਤੇ ਕੀ ਅਸਰ ਪੈ ਸਕਦਾ ਹੈ? (ਅ) ਸਾਨੂੰ ਉਦੋਂ ਕੀ ਕਰਨਾ ਚਾਹੀਦਾ ਹੈ ਜਦੋਂ ਸਾਨੂੰ ਪਤਾ ਲੱਗਦਾ ਹੈ ਕਿ ਕਿਸੇ ਨੇ ਚੋਰੀ-ਛਿਪੇ ਪਾਪ ਕੀਤਾ ਹੈ?

14 ਸਾਨੂੰ ਉਦੋਂ ਕੀ ਕਰਨਾ ਚਾਹੀਦਾ ਹੈ ਜਦੋਂ ਸਾਨੂੰ ਪਤਾ ਲੱਗਦਾ ਹੈ ਕਿ ਕੋਈ ਮਸੀਹੀ ਚੋਰੀ-ਛਿਪੇ ਪਾਪ ਕਰ ਰਿਹਾ ਹੈ? ਉਹ ਸ਼ਾਇਦ ਹੱਦੋਂ ਵੱਧ ਸ਼ਰਾਬ ਪੀਂਦਾ ਹੋਵੇ, ਅਸ਼ਲੀਲ ਤਸਵੀਰਾਂ ਤੇ ਪ੍ਰੋਗ੍ਰਾਮ ਦੇਖਦਾ ਹੋਵੇ ਜਾਂ ਬਦਚਲਣ ਜ਼ਿੰਦਗੀ ਜੀਉਂਦਾ ਹੋਵੇ। (ਅਫ਼. 5:11, 12) ਜੇ ਅਸੀਂ ਅਜਿਹੇ ਬੁਰੇ ਕੰਮਾਂ ਨੂੰ ਦੇਖ ਕੇ ਆਪਣੀਆਂ ਅੱਖਾਂ ਮੀਟ ਲਈਏ, ਤਾਂ ਯਹੋਵਾਹ ਆਪਣੀ ਪਵਿੱਤਰ ਸ਼ਕਤੀ ਮੰਡਲੀ ’ਤੇ ਨਹੀਂ ਪਾਵੇਗਾ ਤੇ ਸਾਰੀ ਮੰਡਲੀ ਦੀ ਸ਼ਾਂਤੀ ਭੰਗ ਹੋ ਸਕਦੀ ਹੈ। (ਗਲਾ. 5:19-23) ਜਿਵੇਂ ਕੁਰਿੰਥੁਸ ਦੇ ਭੈਣਾਂ-ਭਰਾਵਾਂ ਨੂੰ ਬੁਰੇ ਕੰਮ ਕਰਨ ਵਾਲੇ ਆਦਮੀ ਨੂੰ ਕੱਢਣਾ ਪਿਆ, ਉਸੇ ਤਰ੍ਹਾਂ ਅੱਜ ਵੀ ਕਿਸੇ ਵੀ ਬੁਰੇ ਪ੍ਰਭਾਵ ਨੂੰ ਮੰਡਲੀ ਵਿੱਚੋਂ ਬਾਹਰ ਕੱਢ ਦਿੱਤਾ ਜਾਣਾ ਚਾਹੀਦਾ ਹੈ ਤਾਂਕਿ ਮੰਡਲੀ ਦਾ ਰਵੱਈਆ ਸਹੀ ਰਹਿ ਸਕੇ। ਤੁਸੀਂ ਮੰਡਲੀ ਵਿਚ ਸ਼ਾਂਤੀ ਕਾਇਮ ਰੱਖਣ ਲਈ ਕੀ ਕਰ ਸਕਦੇ ਹੋ?

15 ਜਿਸ ਤਰ੍ਹਾਂ ਅਸੀਂ ਪਹਿਲਾਂ ਵੀ ਕਿਹਾ ਸੀ, ਇਹ ਜ਼ਰੂਰੀ ਹੈ ਕਿ ਅਸੀਂ ਕਿਸੇ ਦਾ ਭੇਤ ਦੂਸਰਿਆਂ ਨੂੰ ਨਾ ਦੱਸੀਏ ਜਿਸ ਨੇ ਆਪਣੇ ਦਿਲ ਦੀਆਂ ਗੱਲਾਂ ਸਾਨੂੰ ਭਰੋਸੇ ਨਾਲ ਦੱਸੀਆਂ ਹੋਣ। ਕਿੰਨਾ ਗ਼ਲਤ ਹੈ ਕਿਸੇ ਦਾ ਭੇਤ ਹੋਰਨਾਂ ਨੂੰ ਦੱਸਣਾ ਤੇ ਇਸ ਨਾਲ ਉਸ ਨੂੰ ਕਿੰਨਾ ਦੁੱਖ ਪਹੁੰਚਦਾ ਹੈ! ਫਿਰ ਵੀ ਜੇ ਕਿਸੇ ਨੇ ਗੰਭੀਰ ਪਾਪ ਕੀਤਾ ਹੈ, ਤਾਂ ਇਸ ਬਾਰੇ ਮੰਡਲੀ ਦੇ ਬਜ਼ੁਰਗਾਂ ਨੂੰ ਦੱਸਿਆ ਜਾਣਾ ਚਾਹੀਦਾ ਹੈ ਕਿਉਂਕਿ ਯਹੋਵਾਹ ਨੇ ਉਨ੍ਹਾਂ ਨੂੰ ਅਜਿਹੇ ਮਾਮਲਿਆਂ ਨਾਲ ਨਜਿੱਠਣ ਦੀ ਜ਼ਿੰਮੇਵਾਰੀ ਦਿੱਤੀ ਹੈ। (ਲੇਵੀਆਂ 5:1 ਪੜ੍ਹੋ।) ਇਸ ਲਈ ਜੇ ਸਾਨੂੰ ਪਤਾ ਲੱਗਦਾ ਹੈ ਕਿ ਕਿਸੇ ਭੈਣ ਜਾਂ ਭਰਾ ਨੇ ਕੋਈ ਪਾਪ ਕੀਤਾ ਹੈ, ਤਾਂ ਸਾਨੂੰ ਉਸ ਨੂੰ ਬਜ਼ੁਰਗਾਂ ਨਾਲ ਗੱਲ ਕਰ ਕੇ ਉਨ੍ਹਾਂ ਦੀ ਮਦਦ ਲੈਣ ਦੀ ਹੱਲਾਸ਼ੇਰੀ ਦੇਣੀ ਚਾਹੀਦੀ ਹੈ। (ਯਾਕੂ. 5:13-15) ਜੇ ਉਹ ਬਜ਼ੁਰਗਾਂ ਨਾਲ ਗੱਲ ਕਰਨ ਵਿਚ ਦੇਰ ਕਰਦਾ ਹੈ, ਤਾਂ ਸਾਡਾ ਫ਼ਰਜ਼ ਬਣਦਾ ਹੈ ਕਿ ਅਸੀਂ ਬਜ਼ੁਰਗਾਂ ਨਾਲ ਗੱਲ ਕਰੀਏ।

16. ਜਦ ਅਸੀਂ ਬਜ਼ੁਰਗਾਂ ਨੂੰ ਕਿਸੇ ਪਾਪ ਬਾਰੇ ਦੱਸਦੇ ਹਾਂ, ਤਾਂ ਇਸ ਦਾ ਮੰਡਲੀ ਨੂੰ ਕੀ ਫ਼ਾਇਦਾ ਹੁੰਦਾ ਹੈ?

16 ਮੰਡਲੀ ਵਿਚ ਸਾਰਿਆਂ ਨੂੰ ਮਹਿਸੂਸ ਹੋਣਾ ਚਾਹੀਦਾ ਹੈ ਕਿ ਉਹ ਬੁਰੇ ਪ੍ਰਭਾਵਾਂ ਤੋਂ ਸੁਰੱਖਿਅਤ ਹਨ। ਇਸ ਲਈ ਜੇ ਸਾਨੂੰ ਪਤਾ ਲੱਗਦਾ ਹੈ ਕਿ ਕਿਸੇ ਨੇ ਪਾਪ ਕੀਤਾ ਹੈ, ਤਾਂ ਸਾਨੂੰ ਬਜ਼ੁਰਗਾਂ ਨੂੰ ਜ਼ਰੂਰ ਦੱਸਣਾ ਚਾਹੀਦਾ ਹੈ। ਜੇ ਬਜ਼ੁਰਗਾਂ ਨਾਲ ਗੱਲਬਾਤ ਕਰਨ ਤੋਂ ਬਾਅਦ ਉਸ ਨੂੰ ਆਪਣੀ ਗ਼ਲਤੀ ਦਾ ਅਹਿਸਾਸ ਹੋ ਜਾਵੇ ਤੇ ਉਹ ਉਨ੍ਹਾਂ ਦੀ ਤਾੜਨਾ ਕਬੂਲ ਕਰ ਕੇ ਤੋਬਾ ਕਰੇ, ਤਾਂ ਮੰਡਲੀ ਨੂੰ ਖ਼ਤਰੇ ਤੋਂ ਬਚਾਇਆ ਜਾ ਸਕਦਾ ਹੈ। ਪਰ ਉਦੋਂ ਕੀ ਜੇ ਗ਼ਲਤੀ ਕਰਨ ਵਾਲਾ ਬਜ਼ੁਰਗਾਂ ਦੀ ਸਲਾਹ ਨਾ ਮੰਨੇ ਤੇ ਤੋਬਾ ਨਾ ਕਰੇ? “ਉਸ ਦਾ ਬੁਰਾ ਅਸਰ ਖ਼ਤਮ” ਕਰਨ ਲਈ ਉਸ ਨੂੰ ਮੰਡਲੀ ਵਿੱਚੋਂ ਕੱਢ ਦਿੱਤਾ ਜਾਣਾ ਚਾਹੀਦਾ ਹੈ ਤਾਂਕਿ ਮੰਡਲੀ ਦਾ ਸਹੀ ਰਵੱਈਆ ਕਾਇਮ ਰਹੇ। (1 ਕੁਰਿੰਥੀਆਂ 5:5 ਪੜ੍ਹੋ।) ਮੰਡਲੀ ਨੂੰ ਸੁਰੱਖਿਅਤ ਰੱਖਣ ਲਈ ਸਾਨੂੰ ਸਾਰਿਆਂ ਨੂੰ ਆਪਣਾ ਫ਼ਰਜ਼ ਨਿਭਾਉਣਾ ਚਾਹੀਦਾ ਹੈ, ਬਜ਼ੁਰਗਾਂ ਦੇ ਕਹੇ ਅਨੁਸਾਰ ਚੱਲਣਾ ਚਾਹੀਦਾ ਹੈ ਅਤੇ ਭੈਣਾਂ-ਭਰਾਵਾਂ ਦੇ ਭਲੇ ਲਈ ਕੰਮ ਕਰਨਾ ਚਾਹੀਦਾ ਹੈ।

“ਏਕਤਾ ਦੇ ਬੰਧਨ ਨੂੰ ਪੱਕਾ” ਰੱਖੋ

17, 18. “ਪਵਿੱਤਰ ਸ਼ਕਤੀ ਦੁਆਰਾ ਕਾਇਮ ਹੋਏ ਏਕਤਾ ਦੇ ਬੰਧਨ ਨੂੰ ਪੱਕਾ ਰੱਖਣ” ਲਈ ਅਸੀਂ ਕੀ ਕਰ ਸਕਦੇ ਹਾਂ?

17 ਪਹਿਲੀ ਸਦੀ ਵਿਚ ਜਦ ਯਿਸੂ ਦੇ ਚੇਲੇ “ਰਸੂਲਾਂ ਤੋਂ ਸਿੱਖਿਆ ਲੈਣ ਵਿਚ” ਲੱਗੇ ਰਹੇ, ਤਾਂ ਮੰਡਲੀ ਵਿਚ ਏਕਤਾ ਕਾਇਮ ਹੋਈ। (ਰਸੂ. 2:42) ਉਨ੍ਹਾਂ ਨੇ ਬਜ਼ੁਰਗਾਂ ਦੁਆਰਾ ਪਰਮੇਸ਼ੁਰ ਦੇ ਬਚਨ ਵਿੱਚੋਂ ਦਿੱਤੀ ਸਲਾਹ ਅਤੇ ਹਿਦਾਇਤਾਂ ਦੀ ਕਦਰ ਕੀਤੀ। ਅੱਜ ਵੀ ਬਜ਼ੁਰਗ ਵਫ਼ਾਦਾਰ ਅਤੇ ਸਮਝਦਾਰ ਨੌਕਰ ਨਾਲ ਮਿਲ ਕੇ ਕੰਮ ਕਰਦੇ ਹਨ ਜਿਸ ਕਰਕੇ ਸਾਰੇ ਭੈਣਾਂ-ਭਰਾਵਾਂ ਨੂੰ ਹੌਸਲਾ ਮਿਲਦਾ ਹੈ ਤੇ ਉਹ ਏਕਤਾ ਦੇ ਬੰਧਨ ਵਿਚ ਬੱਝੇ ਰਹਿੰਦੇ ਹਨ। (1 ਕੁਰਿੰ. 1:10) ਜਦ ਅਸੀਂ ਯਹੋਵਾਹ ਦੇ ਸੰਗਠਨ ਰਾਹੀਂ ਮਿਲੀ ਬਾਈਬਲ ਦੀ ਸਲਾਹ ਅਤੇ ਬਜ਼ੁਰਗਾਂ ਦੇ ਕਹਿਣੇ ਅਨੁਸਾਰ ਚੱਲਦੇ ਹਾਂ, ਤਾਂ ਅਸੀਂ ਦਿਖਾਉਂਦੇ ਹਾਂ ਕਿ ਅਸੀਂ ‘ਪਵਿੱਤਰ ਸ਼ਕਤੀ ਦੁਆਰਾ ਕਾਇਮ ਹੋਏ ਏਕਤਾ ਦੇ ਬੰਧਨ ਨੂੰ ਪੱਕਾ ਰੱਖਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ।’—ਅਫ਼. 4:3.

18 ਤਾਂ ਫਿਰ, ਆਓ ਆਪਾਂ ਮੰਡਲੀ ਵਿਚ ਸਹੀ ਰਵੱਈਆ ਕਾਇਮ ਰੱਖਣ ਦੀ ਪੂਰੀ ਕੋਸ਼ਿਸ਼ ਕਰੀਏ। ਜੇ ਅਸੀਂ ਇਸ ਤਰ੍ਹਾਂ ਕਰਾਂਗੇ, ਤਾਂ ਅਸੀਂ ਭਰੋਸਾ ਰੱਖ ਸਕਦੇ ਹਾਂ ਕਿ ‘ਸਾਡੇ ਸਹੀ ਰਵੱਈਏ ਕਰਕੇ ਪ੍ਰਭੂ ਯਿਸੂ ਮਸੀਹ ਦੀ ਅਪਾਰ ਕਿਰਪਾ ਸਾਡੇ ਉੱਤੇ ਹੋਵੇਗੀ।’—ਫ਼ਿਲਿ. 4:23.

[ਸਵਾਲ]

[ਸਫ਼ਾ 19 ਉੱਤੇ ਤਸਵੀਰ]

ਕੀ ਤੁਸੀਂ ਪੂਰੀ ਤਿਆਰੀ ਕਰ ਕੇ ਟਿੱਪਣੀਆਂ ਦੇਣ ਰਾਹੀਂ ਮੰਡਲੀ ਦਾ ਸਹੀ ਰਵੱਈਆ ਕਾਇਮ ਰੱਖਣ ਵਿਚ ਮਦਦ ਕਰਦੇ ਹੋ?

[ਸਫ਼ਾ 20 ਉੱਤੇ ਤਸਵੀਰ]

ਅਸੀਂ ਗੀਤ ਗਾਉਣੇ ਸਿੱਖ ਕੇ ਮੰਡਲੀ ਦਾ ਸਹੀ ਰਵੱਈਆ ਕਾਇਮ ਰੱਖਣ ਵਿਚ ਮਦਦ ਕਰਦੇ ਹਾਂ